.

ਆਵਾ ਗਵਨੁ ਮਿਟੈ ਪ੍ਰਭ ਸੇਵ॥ ਆਪੁ ਤਿਆਗਿ ਸਰਨਿ ਗੁਰਦੇਵ

(ਜਨਮ ਮਰਨ, ਆਵਾ ਗਵਨੁ, ਆਵਾ ਗਵਣ)

Coming and going in reincarnation is ended by serving Akal Purkh. Give up your selfishness and pride, and seek the Sanctuary of the Divine Guru

ਗੁਰੂ ਨਾਨਕ ਸਾਹਿਬ ਦਾ ਨਿਵੇਕਲਾਂ ਧਰਮ ਚਲਾਉਣ ਦਾ ਮੰਤਵ ਇਹ ਸੀ ਕਿ ਮਨੁੱਖਤਾ ਨੂੰ ਭਰਮਾਂ, ਭੁਲੇਖਿਆਂ ਤੇ ਵਹਿਮਾਂ ਵਿਚੋਂ ਬਾਹਰ ਕਢਿਆ ਜਾਵੇ, ਪਰ ਲਗਦਾ ਇਹ ਹੈ, ਅੱਜਕਲ ਦੇ ਕਈ ਸਿੱਖ ਖੁਦ ਹੀ ਇਨ੍ਹਾਂ ਭਰਮਾਂ ਵਿੱਚ ਫਸੇ ਪਏ ਹਨ ਤੇ ਆਪਣਾ ਕੀਮਤੀ ਮਨੁੱਖਾ ਜਨਮ ਗਵਾ ਰਹੇ ਹਨ। ਜਿਹੜੇ ਆਪ ਹੀ ਭਰਮਾਂ ਭੁਲੇਖਿਆਂ ਵਿੱਚ ਫਸੇ ਪਏ ਹੋਣ, ਉਹ ਦੂਸਰਿਆਂ ਨੂੰ ਕੀ ਬਾਹਰ ਕੱਢ ਸਕਣਗੇ।

ਐਸੇ ਭਰਮਿ ਭੁਲੇ ਸੰਸਾਰਾ॥ ਜਨਮੁ ਪਦਾਰਥੁ ਖੋਇ ਗਵਾਰਾ॥ ਰਹਾਉ॥ (੬੭੬)

ਗੁਰੂ ਨਾਨਕ ਸਾਹਿਬ ਨੇ ਤਾਂ ਵਰਤਮਾਨ ਸੁਧਾਰਨ ਤੇ ਜਿਆਦਾ ਜੋਰ ਦਿੱਤਾ। ਭੂਤਕਾਲ ਤੇ ਭਵਿੱਖ ਕਰਕੇ ਭਰਮਾਂ ਤੇ ਵਹਿਮਾਂ ਵਿੱਚ ਨਹੀਂ ਪੈਣਾਂ ਚਾਹੀਦਾ। ਇਹ ਆਮ ਕਹਾਵਤ ਹੈ ਕਿ ਬੰਦੂਕ ਵਿਚੋਂ ਨਿਕਲੀ ਗੋਲੀ, ਕਮਾਂਨ ਵਿਚੋਂ ਨਿਕਲਿਆ ਤੀਰ, ਤੇ ਮੂੰਹ ਵਿਚੋਂ ਨਿਕਲੇ ਬੋਲ ਵਾਪਿਸ ਨਹੀਂ ਆ ਸਕਦੇ ਹਨ। ਕਹਿਣ ਦਾ ਮੰਤਵ ਇਹੀ ਹੈ, ਕਿ ਅਸੀਂ ਭੂਤਕਾਲ ਨੂੰ ਬਦਲ ਨਹੀਂ ਸਕਦੇ ਹਾਂ। ਪਰੰਤੂ, ਵਰਤਮਾਨ ਵਿੱਚ ਜਰੂਰ ਸੁਚੇਤ ਹੋ ਸਕਦੇ ਹਾਂ। ਭਵਿੱਖ ਵਿੱਚ ਕੀ ਹੋਣਾਂ ਹੈ, ਉਹ ਸਾਡੇ ਕੀਤੇ ਕਰਮਾਂ ਤੇ ਅਕਾਲ ਪੁਰਖੁ ਦੇ ਹੁਕਮੁ ਤੇ ਨਿਰਭਰ ਕਰਦਾ ਹੈ। ਜੇ ਕਰ ਚੰਗੇ ਕਰਮ ਕਰਾਂਗੇ, ਤਾਂ ਇੱਕ ਦਿਨ ਫਲ ਜਰੂਰ ਮਿਲੇਗਾ। ਜਿਸ ਮਾਲਕ ਦੀ ਸੇਵਾ ਤੇ ਸਿਫਤ ਸਾਲਾਹ ਕਰਨ ਨਾਲ ਸੁਖ ਮਿਲਦਾ ਹੈ, ਉਸ ਮਾਲਕ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ। ਜੇ ਕਰ ਮਨੁੱਖ ਨੇ ਆਪਣੇ ਕੀਤੇ ਦਾ ਫਲ ਆਪ ਭੋਗਣਾ ਹੈ, ਤਾਂ ਫੇਰ ਕੋਈ ਮਾੜਾ ਕੰਮ ਨਹੀਂ ਕਰਨਾ ਚਾਹੀਦਾ, ਜਿਸ ਕਰਕੇ ਮਾੜਾ ਫਲ ਭੋਗਣਾ ਪਏ। ਡੂੰਘੀ ਵਿਚਾਰ ਵਾਲੀ ਨਜ਼ਰ ਮਾਰ ਕੇ ਵੇਖ ਲੈਣਾਂ ਚਾਹੀਦਾ ਹੈ, ਕਿ ਇਸ ਮਾੜੇ ਕੰਮ ਦਾ ਸਿੱਟਾ ਕੀ ਨਿਕਲੇਗਾ, ਇਸ ਲਈ ਮਾੜਾ ਕੰਮ ਭੁੱਲ ਕੇ ਵੀ ਨਹੀਂ ਕਰਨਾਂ। ਹਮੇਸ਼ਾਂ ਅਜੇਹਾ ਉੱਦਮ ਕਰਨਾ ਚਾਹੀਦਾ ਹੈ, ਜਿਸ ਨਾਲ ਅਕਾਲ ਪੁਰਖੁ ਨਾਲ ਪ੍ਰੀਤ ਕਾਇਮ ਰਹੇ, ਤੇ ਮਨੁੱਖਾ ਜਨਮ ਵਿੱਚ ਕੋਈ ਨਫ਼ੇ ਵਾਲੀ ਘਾਲ ਕਮਾਈ ਕਰਨੀ ਚਾਹੀਦੀ ਹੈ।

ਪਉੜੀ॥ ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮਾੑਲੀਐ॥ ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ॥ ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ॥ ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ॥ ਕਿਛੁ ਲਾਹੇ ਉਪਰਿ ਘਾਲੀਐ॥ ੨੧॥ (੪੭੪)

ਅਕਾਲ ਪੁਰਖੁ ਨੇ ਧਰਤੀ ਨੂੰ ਧਰਮ ਕਮਾਣ ਦਾ ਅਸਥਾਨ ਬਣਾ ਕੇ ਟਿਕਾ ਦਿੱਤਾ ਹੈ। ਇਸ ਧਰਤੀ ਉੱਤੇ ਕਈ ਜੁਗਤੀਆਂ ਅਤੇ ਰੰਗਾਂ ਦੇ ਜੀਵ ਵੱਸਦੇ ਹਨ, ਜਿਨ੍ਹਾਂ ਦੇ ਅਨੇਕਾਂ ਤੇ ਅਨਗਿਣਤ ਨਾਮ ਹਨ। ਇਨ੍ਹਾਂ ਅਨੇਕਾਂ ਨਾਵਾਂ ਤੇ ਰੰਗਾਂ ਵਾਲੇ ਜੀਵਾਂ ਦੇ ਆਪੋ ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਅਕਾਲ ਪੁਰਖ ਦੇ ਦਰ ਤੇ ਨਿਬੇੜਾ ਹੁੰਦਾ ਹੈ। ਜਿਸ ਵਿੱਚ ਕੋਈ ਉਕਾਈ ਨਹੀਂ ਹੁੰਦੀ, ਕਿਉਂਕਿ ਨਿਆਂ ਕਰਨ ਵਾਲਾ ਅਕਾਲ ਪੁਰਖ ਆਪ ਸੱਚਾ ਹੈ, ਉਸਦਾ ਦਰਬਾਰ ਵੀ ਸੱਚਾ ਹੈ।

ਕਰਮੀ ਕਰਮੀ ਹੋਇ ਵੀਚਾਰੁ॥ ਸਚਾ ਆਪਿ ਸਚਾ ਦਰਬਾਰੁ॥ (੭)

ਗੁਰੂ ਗਰੰਥ ਸਾਹਿਬ ਵਿੱਚ ਆਵਾ ਗਵਨ ਦੇ ਵਿਸ਼ੇ ਸਬੰਧੀ ਜਨਮ ਮਰਨ, ਆਵਾ ਗਵਨੁ ਜਾਂ ਆਵਾ ਗਵਣ ਸਬਦਾਂ ਨਾਲ ਵੀਚਾਰ ਬਿਆਨ ਕੀਤੀ ਗਈ ਹੈ। ਕਿਸੇ ਵੀ ਜੀਵ ਦਾ ਜਨਮ ਕਿਸ ਤਰ੍ਹਾਂ ਹੋਇਆ ਤੇ ਉਹ ਕਿਸ ਤਰ੍ਹਾਂ ਮਰਿਆ ਇਸ ਦਾ ਭੇਦ ਮਨੁੱਖ ਦੀ ਪਹੁੰਚ ਤੋਂ ਬਾਹਰ ਹੈ। ਭੂਤਕਾਲ ਵਿੱਚ (ਜਨਮ ਤੋਂ ਪਹਿਲਾਂ) ਅਸੀਂ ਕੀ ਸੀ, ਤੇ ਭਵਿੱਖ ਵਿੱਚ (ਮਰਨ ਤੋਂ ਬਾਅਦ) ਕੀ ਹੋਣਾਂ ਹੈ, ਇਸ ਬਾਰੇ ਮਨੁੱਖ ਕੁੱਝ ਨਹੀਂ ਕਹਿ ਸਕਦਾ ਹੈ। ਜੇ ਕੋਈ ਸਾਨੂੰ ਇਸ ਬਾਰੇ ਦੱਸ ਵੀ ਦੇਵੇ, ਤਾਂ ਕੀ ਅਸੀਂ ਉਸ ਤੇ ਇਤਬਾਰ ਕਰਾਂਗੇ? ਕੀ ਉਹ ਸਾਨੂੰ ਇਸ ਦਾ ਸਬੂਤ ਦੇ ਸਕਦਾ ਹੈ? ਜੇ ਉਹ ਕੋਈ ਸਬੂਤ ਦਿੰਦਾਂ ਵੀ ਹੈ, ਤਾਂ ਕੀ ਅਸੀਂ ਉਸ ਸਬੂਤ ਨੂੰ ਸਮਝ ਜਾਂ ਪਰਖ ਸਕਦੇ ਹਾਂ? ਜੇ ਇਹ ਸੱਭ ਕੁੱਝ ਸਾਡੀ ਪਹੁੰਚ ਤੋਂ ਬਾਹਰ ਹੈ, ਤਾਂ ਅਸੀਂ ਅਜੇਹੇ ਝਮੇਲਿਆਂ ਵਿੱਚ ਕਿਉਂ ਪੈਂਦੇ ਹਾਂ? ਅਕਸਰ ਵੇਖਣ ਵਿੱਚ ਆਂਉਂਦਾ ਹੈ, ਕਿ ਜੇ ਕੋਈ ਕਹੇ ਮੈਨੂੰ ਹੱਥ ਵੇਖਣਾ ਆਂਉਂਦਾ ਹੈ, ਤਾਂ ਸਾਰੇ ਉਸ ਦੇ ਪਿਛੇ ਲਾਈਨ ਲਾ ਲੈਂਦੇ ਹਨ। ਹੱਥ ਵਿਖਾ ਕੇ, ਜਾਂ ਭਵਿੱਖ ਜਾਣ ਕੇ ਕੁੱਝ ਨਹੀਂ ਹੋਣਾ ਹੈ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਇੱਕ ਦਿਨ ਇਸ ਦੁਨੀਆਂ ਤੋਂ ਚਲੇ ਜਾਣਾ ਹੈ, ਪਰ ਕੀ ਅਸੀਂ ਕਦੇ ਆਪਣੇ ਆਪ ਨੂੰ ਸੁਧਾਰਨ ਦਾ ਯਤਨ ਕਰਦੇ ਹਾਂ। ਧਨ ਇਕੱਠਾ ਕਰਨ ਲਈ ਤਾਂ ਸਭ ਉਪਰਾਲੇ ਕਰਦੇ ਹਾਂ, ਪਰ ਨੇਕ ਗੁਣ ਇਕੱਠਾ ਕਰਨ ਲਈ ਕੋਈ ਵਿਰਲਾ ਹੀ ਉਪਰਾਲਾ ਕਰਦਾ ਹੈ।

ਜਿਹੜਾ ਮਨੁੱਖ ਹਿਰਦੇ ਵਿੱਚ ਖੋਟ ਰੱਖੇ, ਪਰ ਆਪਣੇ ਆਪ ਨੂੰ ਸੱਚਾ ਭਗਤ ਅਖਵਾਏ, ਉਸ ਨੂੰ ਅਜੇਹਾ ਪਖੰਡ ਕਰਨ ਨਾਲ ਅਕਾਲ ਪੁਰਖੁ ਨਹੀਂ ਮਿਲ ਸਕਦਾ। ਪਰਾਈ ਨਿੰਦਾ ਕਰ ਕੇ ਹਿਰਦੇ ਵਿੱਚ ਮੈਲ ਲਾਈ ਜਾਵੇ, ਤੇ ਬਾਹਰੋਂ ਸਰੀਰ ਦੀ ਮੈਲ ਇਸ਼ਨਾਨ ਆਦਿਕ ਨਾਲ ਧੋਂਦਾ ਰਹੇ, ਇਸ ਤਰ੍ਹਾਂ ਮਨ ਦੀ ਜੂਠ ਦੂਰ ਨਹੀਂ ਹੁੰਦੀ। ਜੋ ਮਨੁੱਖ ਸਤਿ ਸੰਗਤਿ ਨਾਲ ਝਗੜਾ ਪਾਈ ਰੱਖਦਾ ਹੈ, ਭਾਵ, ਜਿਸ ਨੂੰ ਗੁਰਬਾਣੀ ਦੀ ਸੰਗਤ ਚੰਗੀ ਨਹੀਂ ਲਗਦੀ, ਗੁਰੂ ਘਰ ਵਿੱਚ ਸਿਰਫ ਚੌਧਰ ਜਾਂ ਸਵਾਰਥ ਲਈ ਹੀ ਆਉਂਦਾ ਹੈ, ਅਜੇਹਾ ਮਨੁੱਖ ਮਾਇਆ ਦੇ ਪਿਆਰ ਵਿੱਚ ਰੱਤਿਆ ਹੋਣ ਕਰਕੇ ਸਦਾ ਦੁਖੀ ਰਹਿੰਦਾ ਹੈ। ਮਨੁੱਖ ਅਕਾਲ ਪੁਰਖੁ ਦਾ ਨਾਮੁ ਚੇਤੇ ਨਾ ਕਰੇ ਤੇ ਹੋਰ ਬਥੇਰੇ ਕਰਮ ਕਾਂਡ ਕਰਦਾ ਰਹੇ, ਇਸ ਤਰ੍ਹਾਂ ਕਰਨ ਨਾਲ ਪਹਿਲਾਂ ਕੀਤੇ ਕਰਮਾਂ ਦੇ ਚੰਗੇ ਮੰਦੇ ਸੰਸਕਾਰ, ਜੋ ਮਨ ਤੇ ਲਿਖੇ ਜਾ ਚੁਕੇ ਹਨ, ਮਿਟ ਨਹੀਂ ਸਕਦੇ ਤੇ ਅਜੇਹੇ ਜੀਵ ਜਨਮ ਮਰਨ ਦੇ ਗੇੜ ਵਿੱਚ ਭਵਾਉਂਦੇ ਫਿਰਦੇ ਹਨ। ਗੁਰੂ ਸਾਹਿਬ ਸਮਝਾਉਂਦੇ ਹਨ, ਕਿ ਸੱਚ ਤਾਂ ਇਹ ਹੈ, ਕਿ ਸਤਿਗੁਰੂ ਦੀ ਦੱਸੀ ਕਾਰ ਕਰਨ ਤੋਂ ਬਿਨਾ, ਮਾਇਆ ਦੇ ਮੋਹ ਤੋਂ ਛੁਟਕਾਰਾ ਹੋ ਹੀ ਨਹੀਂ ਸਕਦਾ।

ਹਰਿ ਨਾਮੁ ਨ ਚੇਤੈ ਬਹੁ ਕਰਮ ਕਮਾਏ॥ ਪੂਰਬ ਲਿਖਿਆ ਸੁ ਮੇਟਣਾ ਨ ਜਾਏ॥ ਨਾਨਕ ਬਿਨੁ ਸਤਿਗੁਰ ਸੇਵੇ ਮੋਖੁ ਨ ਪਾਏ॥ ੩॥ (੮੮)

ਜੇ ਕਰ ਸੁਧਾਰ ਹੋਣਾ ਹੈ ਤਾਂ ਆਪਣੇ ਕਰਮ ਠੀਕ ਕਰਨ ਨਾਲ ਹੋਣਾ ਹੈ। ਮਨ ਦੀ ਸੋਚ ਠੀਕ ਕਰਾਂਗੇ, ਤਾਂ ਕਰਮ ਆਪਣੇ ਆਪ ਠੀਕ ਹੋ ਜਾਣਗੇ, ਜਿਸ ਸਦਕਾ ਸਾਡਾ ਭਵਿੱਖ ਸੁਧਰ ਜਾਵੇਗਾ। ਇਸ ਲਈ ਆਪਣੇ ਮਨ ਨੂੰ ਸਮਝਾਉਂਣਾਂ ਹੈ ਕਿ ਉਸ ਅਕਾਲ ਪੁਰਖੁ ਨੂੰ ਸਦਾ ਆਪਣੇ ਅੰਗ-ਸੰਗ ਵੇਖ। ਅਕਾਲ ਪੁਰਖੁ ਜੀਵਾਂ ਦੇ ਜਨਮ ਮਰਨ ਦਾ ਦੁਖ ਦੂਰ ਕਰ ਦੇਂਦਾ ਹੈ, ਉਹ ਗੁਰੂ ਦੇ ਸਬਦ ਵਿੱਚ ਭਰਪੂਰ ਵੱਸ ਰਿਹਾ ਹੈ। ਇਸ ਲਈ ਜੇ ਕਰ ਅਸੀਂ ਆਪਣਾ ਜਨਮ ਮਰਨ ਦਾ ਬੰਧਨ ਦੂਰ ਕਰਨਾ ਚਾਹੁੰਦੇ ਹਾਂ, ਤਾਂ ਗੁਰੂ ਦਾ ਸਬਦ ਭਾਵ ਗੁਰਬਾਣੀ ਨੂੰ ਆਪਣੇ ਮਨ ਦੇ ਅੰਦਰ ਵਸਾਉਂਣਾਂ ਪਵੇਗਾ।

ਮਨ ਮੇਰੇ ਸਦਾ ਹਰਿ ਵੇਖੁ ਹਦੂਰਿ॥ ਜਨਮ ਮਰਨ ਦੁਖੁ ਪਰਹਰੈ ਸਬਦਿ ਰਹਿਆ ਭਰਪੂਰਿ॥ ੧॥ ਰਹਾਉ॥ (੩੪)

ਆਪਣੇ ਮਨ ਵਿਚੋਂ ਕਾਮ, ਕ੍ਰੋਧ, ਲੋਭ ਤੇ ਮੋਹ ਦੂਰ ਕਰਨਾ ਹੈ। ਜਿਹੜਾ ਮਨੁੱਖ ਗੁਰੂ ਦੇ ਬਖ਼ਸ਼ੇ ਗਿਆਨ ਦੀ ਬਰਕਤਿ ਨਾਲ ਆਪਣੇ ਅੰਦਰੋਂ ਇਨ੍ਹਾਂ ਵਿਕਾਰਾਂ ਨੂੰ ਮਿਟਾਂਦਾ ਹੈ, ਉਹ ਜਨਮ ਤੇ ਮਰਨ ਦੋਹਾਂ ਦੇ ਗੇੜ ਤੋਂ ਬਚ ਜਾਂਦਾ ਹੈ। ਇਸ ਲਈ ਗੁਰਬਾਣੀ ਦੁਆਰਾ ਆਪਣੇ ਅੰਦਰੋਂ ਹਉਮੈ ਦੂਰ ਕਰਨਾ ਹੈ, ਤੇ ਅਕਾਲ ਪੁਰਖੁ ਦਾ ਨਾਮੁ ਆਪਣੇ ਹਿਰਦੇ ਵਿੱਚ ਵਸਾਉਂਣਾ ਹੈ।

ਕਾਮ ਕ੍ਰੋਧ ਲੋਭੁ ਮੋਹੁ ਤਜੋ॥ ਜਨਮ ਮਰਨ ਦੁਹੁ ਤੇ ਰਹਿਓ॥ ੬ (੨੪੧)

ਜਿਸ ਮਨੁੱਖ ਦੇ ਮਨ ਵਿੱਚ ਅਕਾਲ ਪੁਰਖੁ ਦਾ ਨਾਮੁ ਵੱਸਦਾ ਹੈ, ਜੋ ਪ੍ਰੀਤ ਲਾ ਕੇ ਗੁਰਬਾਣੀ ਸੁਣਦਾ ਹੈ, ਉਸ ਨੂੰ ਅਕਾਲ ਪੁਰਖੁ ਚੇਤੇ ਆਂਉਂਦਾ ਹੈ, ਉਸ ਮਨੁੱਖ ਦਾ ਜੰਮਣ ਮਰਨ ਦਾ ਕਸ਼ਟ ਕੱਟਿਆ ਜਾਂਦਾ ਹੈ। ਅਕਾਲ ਪੁਰਖੁ ਇਸ ਦੁਰਲੱਭ ਮਨੁੱਖਾ-ਸਰੀਰ ਦਾ ਉਧਾਰ ਕਰ ਦਿੰਦਾਂ ਹੈ, ਭਾਵ ਮਨੁੱਖ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ।

ਜਿਸੁ ਮਨਿ ਬਸੈ ਸੁਨੈ ਲਾਇ ਪ੍ਰੀਤਿ॥ ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ॥ ਜਨਮ ਮਰਨ ਤਾ ਕਾ ਦੂਖੁ ਨਿਵਾਰੈ॥ ਦੁਲਭ ਦੇਹ ਤਤਕਾਲ ਉਧਾਰੈ॥ (੨੯੬)

ਆਪਣੇ ਮਨ ਨੂੰ ਸਮਝਾਉਂਣਾਂ ਹੈ ਕਿ ਇਹ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਹੀ ਜੀਵ ਵਾਸਤੇ ਜਨਮ ਮਰਨ ਦਾ ਗੇੜ ਲਿਆਉਂਦੇ ਹਨ। ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖੁ ਵਿੱਚ ਅਭੇਦ ਹੋਣ ਨਾਲ, ਜਨਮ ਮਰਨ ਦਾ ਗੇੜ ਖ਼ਤਮ ਹੋ ਜਾਂਦਾ ਹੈ। ਜਿਸ ਮਨੁੱਖ ਨੂੰ ਸਦਾ-ਥਿਰ ਰਹਿਣ ਵਾਲਾ ਅਕਾਲ ਪੁਰਖੁ ਆਪ ਬਖ਼ਸ਼ਦਾ ਹੈ, ਉਸ ਨੂੰ ਜਗਤ ਵਿੱਚ ਮੁੜ ਮੁੜ ਫੇਰਾ ਨਹੀਂ ਪਾਉਂਣਾ ਪੈਂਦਾ। ਉਸ ਨੂੰ ਮੁੜ ਮੁੜ ਜਨਮ ਮਰਨ ਦਾ ਗੇੜ ਨਹੀਂ ਮਿਲਦਾ, ਸਦਾ-ਥਿਰ ਹਰਿ-ਨਾਮ ਵਿੱਚ ਲੀਨ ਹੋਣ ਕਰ ਕੇ ਉਸ ਦੇ ਜਨਮ ਮਰਨ ਦਾ ਖ਼ਾਤਮਾ ਹੋ ਜਾਂਦਾ ਹੈ, ਗੁਰੂ ਦੀ ਸਰਨ ਪੈ ਕੇ ਉਸ ਨੂੰ ਲੋਕ ਪਰਲੋਕ ਵਿੱਚ ਇੱਜ਼ਤ ਮਿਲਦੀ ਹੈ। ਜਿਹੜੇ ਮਨੁੱਖ ਸਦਾ-ਥਿਰ ਅਕਾਲ ਪੁਰਖੁ ਦੇ ਪ੍ਰੇਮ-ਰੰਗ ਵਿੱਚ ਰੰਗੇ ਜਾਂਦੇ ਹਨ, ਉਹ ਆਤਮਕ ਅਡੋਲਤਾ ਵਿੱਚ ਮਸਤ ਰਹਿੰਦੇ ਹਨ, ਤੇ ਆਤਮਕ ਅਡੋਲਤਾ ਦੇ ਰਾਹੀਂ ਅਕਾਲ ਪੁਰਖੁ ਵਿੱਚ ਲੀਨ ਹੋ ਜਾਂਦੇ ਹਨ। ਜਿਨ੍ਹਾਂ ਮਨੁੱਖਾਂ ਨੂੰ ਸਦਾ-ਥਿਰ ਰਹਿਣ ਵਾਲਾ ਅਕਾਲ ਪੁਰਖੁ ਮਨ ਵਿੱਚ ਪਿਆਰਾ ਲੱਗਣ ਲੱਗ ਪੈਂਦਾ ਹੈ, ਜਿਹੜੇ ਮਨੁੱਖ ਸਦਾ-ਥਿਰ ਅਕਾਲ ਪੁਰਖੁ ਨੂੰ ਆਪਣੇ ਮਨ ਵਿੱਚ ਵਸਾ ਲੈਂਦੇ ਹਨ, ਜਿਹੜੇ ਮਨੁੱਖ ਗੁਰੂ ਦੇ ਸਬਦ ਵਿੱਚ ਰੰਗੇ ਜਾਂਦੇ ਹਨ, ਉਨ੍ਹਾਂ ਦੇ ਜਨਮ ਮਰਨ ਦਾ ਖ਼ਾਤਮਾ ਹੋ ਜਾਂਦਾ ਹੈ। ਗੁਰੂ ਸਾਹਿਬ ਤਾਂ ਵਾਰ ਵਾਰ ਇਹੀ ਸਮਝਾਂਉਂਦੇ ਹਨ, ਕਿ ਸਦਾ-ਥਿਰ ਅਕਾਲ ਪੁਰਖੁ ਦੇ ਨਾਮ-ਰੰਗ ਵਿੱਚ ਰੰਗੇ ਹੋਏ ਮਨੁੱਖ, ਉਸ ਵਿੱਚ ਲੀਨ ਹੋ ਜਾਂਦੇ ਹਨ, ਉਨ੍ਹਾਂ ਨੂੰ ਸੰਸਾਰ-ਸਮੁੰਦਰ ਵਿੱਚ ਮੁੜ ਮੁੜ ਫੇਰਾ ਨਹੀਂ ਪਾਣਾ ਪੈਂਦਾ।

ਵਡਹੰਸੁ ਮਹਲਾ ੩॥ ਏ ਮਨ ਮੇਰਿਆ ਆਵਾ ਗਉਣੁ ਸੰਸਾਰੁ ਹੈ ਅੰਤਿ ਸਚਿ ਨਿਬੇੜਾ ਰਾਮ॥ ਆਪੇ ਸਚਾ ਬਖਸਿ ਲਏ ਫਿਰਿ ਹੋਇ ਨ ਫੇਰਾ ਰਾਮ॥ ਫਿਰਿ ਹੋਇ ਨ ਫੇਰਾ ਅੰਤਿ ਸਚਿ ਨਿਬੇੜਾ ਗੁਰਮੁਖਿ ਮਿਲੈ ਵਡਿਆਈ॥ ਸਾਚੈ ਰੰਗਿ ਰਾਤੇ ਸਹਜੇ ਮਾਤੇ ਸਹਜੇ ਰਹੇ ਸਮਾਈ॥ ਸਚਾ ਮਨਿ ਭਾਇਆ ਸਚੁ ਵਸਾਇਆ ਸਬਦਿ ਰਤੇ ਅੰਤਿ ਨਿਬੇਰਾ॥ ਨਾਨਕ ਨਾਮਿ ਰਤੇ ਸੇ ਸਚਿ ਸਮਾਣੇ ਬਹੁਰਿ ਨ ਭਵਜਲਿ ਫੇਰਾ॥ ੧॥ (੫੭੧)

ਮਨੁੱਖ ਅਕਸਰ ਆਪਣੇ ਦੋਸਤ ਦੀ ਗੱਲ ਧਿਆਨ ਨਾਲ ਸੁਣਦਾ ਹੈ ਤੇ ਮੰਨਦਾ ਵੀ ਹੈ, ਇਸੇ ਲਈ ਗੁਰੂ ਸਾਹਿਬ ਵੀ ਮਨੁੱਖ ਨੂੰ ਮਿੱਤਰ ਬਣਾ ਕੇ ਸਮਝਾਂਉਂਦੇ ਹਨ, ਕਿ ਹਮੇਸ਼ਾਂ ਗੁਰਬਾਣੀ ਦੁਆਰਾ, ਉਸ ਅਕਾਲ ਪੁਰਖੁ ਦੇ ਗੁਣਾਂ ਦੇ ਗੀਤ ਗਾਉਂਦੇ ਰਹੋ। ਅਕਾਲ ਪੁਰਖੁ ਦਾ ਨਾਮੁ ਜਪਣ ਨਾਲ ਸਭ ਤੋਂ ਸ੍ਰੇਸ਼ਟ ਸੁਖ, ਭਾਵ ਆਨੰਦ ਦੀ ਅਵਸਥਾ ਹਾਸਲ ਕਰ ਲਈਦੀ ਹੈ ਅਤੇ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਅਕਾਲ ਪੁਰਖੁ ਦੇ ਗੁਣ ਗਾਉਂਣ ਨਾਲ ਮਨ ਵਿੱਚ ਸਹੀ ਆਤਮਕ ਜੀਵਨ ਦਾ ਚਾਨਣ ਹੋ ਜਾਂਦਾ ਹੈ, ਅਤੇ ਉਸ ਦੇ ਸੋਹਣੇ ਚਰਨਾਂ ਵਿੱਚ ਮਨ ਟਿਕਿਆ ਰਹਿੰਦਾ ਹੈ। ਗੁਰੂ ਦੀ ਸੰਗਤਿ ਵਿੱਚ ਰਹਿਣ ਨਾਲ ਵਿਕਾਰ ਦੂਰ ਰਹਿੰਦੇ ਹਨ, ਤੇ ਮਨੁੱਖ ਦਾ ਸੰਸਾਰ-ਸਮੁੰਦਰ ਤੋਂ ਪਾਰ-ਉਤਾਰਾ ਹੋ ਜਾਂਦਾ ਹੈ।

ਗਾਵਹੁ ਰਾਮ ਕੇ ਗੁਣ ਗੀਤ॥ ਨਾਮੁ ਜਪਤ ਪਰਮ ਸੁਖੁ ਪਾਈਐ ਆਵਾ ਗਉਣੁ ਮਿਟੈ ਮੇਰੇ ਮੀਤ॥ ੧॥ ਰਹਾਉ॥ (੯੦੧)

ਗੁਰੂ ਸਾਹਿਬ ਜੀਵ ਨੂੰ ਸਮਝਾਉਂਦੇ ਹਨ, ਕਿ ਅਕਾਲ ਪੁਰਖੁ ਦਾ ਨਾਮ ਜਪਿਆ ਕਰ, ਇਹੀ ਸ੍ਰੇਸ਼ਟ ਸੁਖ ਹੈ, ਤੇ ਇਸ ਸੁਖ ਵਿੱਚ ਕੋਈ ਘਾਟ ਜਾਂ ਕਮੀ ਨਹੀਂ ਰਹਿ ਜਾਂਦੀ। ਗੁਰੂ ਸਾਹਿਬ ਤਾਂ ਉਸ ਮਨੁੱਖ ਦੇ ਚਰਨਾਂ ਦੀ ਧੂੜ ਮੰਗਦੇ ਹਨ, ਜਿਹੜਾ ਮਨੁੱਖ ਸਾਧ ਸੰਗਤਿ ਵਿੱਚ ਆ ਕੇ ਆਪਣਾ ਜਨਮ ਮਰਨ ਦਾ ਗੇੜ ਮੁਕਾ ਲੈਂਦਾ ਹੈ।

ਹਰਿ ਕਾ ਨਾਮੁ ਜਪਹੁ ਮੇਰੇ ਮੀਤਾ ਇਹੈ ਸਾਰ ਸੁਖੁ ਪੂਰਾ॥ ਸਾਧਸੰਗਤਿ ਜਨਮ ਮਰਣੁ ਨਿਵਾਰੈ ਨਾਨਕ ਜਨ ਕੀ ਧੂਰਾ॥ (੨੧੫)

ਆਵਾ ਗਵਣ ਜਾਂ ਜਨਮ ਮਰਨ ਦੇ ਗੇੜ ਤੋ ਮੁਕਤ, ਸਿਰਫ ਭਗਤ ਜਨ ਤੇ ਸੇਵਕ ਹੀ ਹੋ ਸਕਦੇ ਹਨ। ਉਹ ਭਗਤ ਜਨ ਬੜੇ ਭਾਗਾਂ ਵਾਲੇ ਹਨ, ਕਿਉਂਕਿ ਉਨ੍ਹਾਂ ਦੇ ਹਿਰਦੇ-ਘਰ ਵਿੱਚ ਨਾਮ-ਧਨ ਵੱਸਦਾ ਹੈ, ਜਿਸ ਸਦਕਾ ਉਨ੍ਹਾਂ ਦੇ ਸਾਰੇ ਸੰਸਾਰਕ ਕੰਮ ਸਿਰੇ ਚੜ੍ਹ ਜਾਂਦੇ ਹਨ ਤੇ ਉਨ੍ਹਾਂ ਦਾ ਜਗਤ ਵਿੱਚ ਆਉਣਾ ਅਕਾਲ ਪੁਰਖੁ ਦੀਆਂ ਨਜ਼ਰਾਂ ਵਿੱਚ ਕਬੂਲ ਹੋ ਜਾਂਦਾ ਹੈ। ਗੁਰਮੁਖਿ ਜਨ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦੇ, ਉਹ ਤਾਂ ਜਗਤ ਵਿੱਚ ਦੂਜਿਆਂ ਦੀ ਭਲਾਈ ਕਰਨ ਵਾਸਤੇ ਆਉਂਦੇ ਹਨ, ਹੋਰਨਾਂ ਨੂੰ ਆਤਮਕ ਜੀਵਨ ਦੀ ਦਾਤ ਦੇ ਕੇ ਅਕਾਲ ਪੁਰਖੁ ਦੀ ਭਗਤੀ ਵਿੱਚ ਜੋੜਦੇ ਹਨ, ਅਤੇ ਉਨ੍ਹਾਂ ਨੂੰ ਅਕਾਲ ਪੁਰਖੁ ਨਾਲ ਮਿਲਾ ਦੇਂਦੇ ਹਨ।

ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ॥ ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ॥ ੨॥ (੭੪੯)

ਇਸ ਲਈ ਜੇ ਕਰ ਅਸੀਂ ਵੀ ਜਨਮ ਮਰਨ ਦੇ ਗੇੜ ਤੋ ਮੁਕਤ ਹੋਣਾਂ ਚਾਹੁੰਦੇ ਹਾਂ ਤਾਂ ਸਾਨੂੰ ਵੀ ਗੁਰਮੁਖਿ, ਭਗਤ ਜਨ, ਸੇਵਕ ਬਣਨਾ ਪਵੇਗਾ ਤੇ ਆਪਣੇ ਅੰਦਰ ਗੁਰਬਾਣੀ ਦੁਆਰਾ ਨਾਮੁ ਵਸਾਉਂਣਾ ਪਵੇਗਾ। ਗੁਰਬਾਣੀ ਦੁਆਰਾ ਮਨੁੱਖਤਾ ਦੀ ਭਲਾਈ ਲਈ ਪਰਉਪਕਾਰ ਕਰਨ ਦਾ ਮਾਰਗ ਅਪਨਾਉਂਣਾਂ ਪਵੇਗਾ। ਗੁਰਮੁਖਿ ਭੇਖੀ ਨਹੀਂ ਹੁੰਦੇ, ਉਨ੍ਹਾਂ ਦੀ ਲਿਵ ਹਮੇਸ਼ਾਂ ਅਕਾਲ ਪੁਰਖੁ ਨਾਲ ਲੱਗੀ ਰਹਿੰਦੀ ਹੈ। ਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਇਸ ਸਮੁੰਦਰ ਵਿਚੋਂ ਲੰਘਦੇ ਹਨ, ਉਹ ਸਦਾ-ਥਿਰ ਅਕਾਲ ਪੁਰਖੁ ਦੇ ਚਰਨਾਂ ਵਿੱਚ ਸੁਰਤਿ ਜੋੜ ਕੇ ਪਰਲੇ ਕੰਢੇ ਜਾ ਪਹੁੰਚਦੇ ਹਨ। ਗੁਰੂ ਉਨ੍ਹਾਂ ਦੀ ਜੋਤਿ, ਅਕਾਲ ਪੁਰਖੁ ਦੀ ਜੋਤਿ ਵਿੱਚ ਮਿਲਾ ਕੇ, ਉਨ੍ਹਾਂ ਦਾ ਜਨਮ ਮਰਨ ਦਾ ਗੇੜ ਮੁਕਾ ਦੇਂਦਾ ਹੈ। ਗੁਰੂ ਦੀ ਸਿੱਖਿਆ ਲੈ ਕੇ ਜਿਸ ਮਨੁੱਖ ਦੇ ਅੰਦਰ ਅਡੋਲ ਆਤਮਕ ਅਵਸਥਾ ਪੈਦਾ ਹੁੰਦੀ ਹੈ, ਉਹ ਸਦਾ-ਥਿਰ ਅਕਾਲ ਪੁਰਖੁ ਵਿੱਚ ਲੀਨ ਰਹਿੰਦਾ ਹੈ।

ਗੁਰਮੁਖਿ ਲੰਘੇ ਸੇ ਪਾਰਿ ਪਏ ਸਚੇ ਸਿਉ ਲਿਵ ਲਾਇ॥ ਆਵਾ ਗਉਣੁ ਨਿਵਾਰਿਆ ਜੋਤੀ ਜੋਤਿ ਮਿਲਾਇ॥ ਗੁਰਮਤੀ ਸਹਜੁ ਊਪਜੈ ਸਚੇ ਰਹੈ ਸਮਾਇ॥ ੨॥ (੧੦੦੯)

ਗੁਰਮੁਖਿ ਬਣਨ ਲਈ ਗੁਰਬਾਣੀ ਦੀ ਸੰਗਤਿ ਬਹੁਤ ਜਰੂਰੀ ਹੈ। ਜੇਹੜੇ ਮਨੁੱਖ ਗੁਰੂ ਦੀ ਸੰਗਤਿ ਵਿੱਚ ਬੈਠ ਕੇ ਅਕਾਲ ਪੁਰਖੁ ਦੇ ਗੁਣ ਗਾਉਂਦੇ ਰਹਿੰਦੇ ਹਨ, ਉਹ ਮਨੁੱਖ ਆਤਮਕ ਅਡੋਲਤਾ, ਆਤਮਕ ਸੁਖ-ਆਨੰਦ ਦੀ ਅਵਸਥਾ ਹਾਸਲ ਕਰ ਲੈਂਦੇ ਹਨ। ਉਸ ਆਤਮਕ ਅਵਸਥਾ ਵਿੱਚ ਕੋਈ ਰੋਗ, ਕੋਈ ਗ਼ਮ, ਕੋਈ ਜਨਮ-ਮਰਨ ਦਾ ਗੇੜ ਨਹੀਂ ਵਿਆਪਦਾ।

ਸੂਖ ਸਹਜ ਆਨੰਦ ਭਵਨ॥ ਸਾਧਸੰਗਿ ਬੈਸਿ ਗੁਣ ਗਾਵਹਿ ਤਹ ਰੋਗ ਸੋਗ ਨਹੀ ਜਨਮ ਮਰਨ॥ ੧॥ ਰਹਾਉ(੮੮੮-੮੮੯)

ਅਸੀਂ ਆਪਣੇ ਆਪ ਨੂੰ ਵਰਤਮਾਨ ਵਿੱਚ ਸੁਧਾਰ ਕੇ ਅਨੰਦ ਦੀ ਅਵਸਥਾ ਪ੍ਰਾਪਤ ਕਰ ਸਕਦੇ ਹਾਂ, ਪਰ ਆਪਣੇ ਆਪ ਨੂੰ ਸੁਧਾਰੇ ਬਿਨਾਂ, ਭਵਿੱਖ ਦੇ ਸੁਪਨੇ ਲੈਂਣ ਨਾਲ ਕੁੱਝ ਨਹੀਂ ਹੋਣਾਂ ਹੈ। ਗੁਰਬਾਣੀ ਦੀ ਸੰਗਤ ਅਸੀਂ ਆਪਣੇ ਵਰਤਮਾਨ ਵਿੱਚ ਹੀ ਕਰ ਸਕਦੇ ਹਾਂ, ਭਵਿੱਖ ਵਿੱਚ ਕੀ ਪਤਾ ਕਿ ਕਿਨੇ ਕੁ ਸਵਾਸ ਬਾਕੀ ਹਨ, ਮਰਨ ਦੇ ਬਾਅਦ ਪਤਾ ਨਹੀਂ ਕੀ ਸਥਿਤੀ ਹੋਵੇਗੀ, ਇਹ ਮਨੁੱਖਾ ਜੀਵਨ ਫਿਰ ਦੁਬਾਰਾ ਮਿਲਦਾ ਹੈ ਕਿ ਨਹੀਂ। ਇਸ ਲਈ ਇਸ ਮਨੁੱਖਾ ਜਨਮ ਵਿੱਚ ਸਿਰਫ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਨੇ ਚਾਹੀਦੇ ਹਨ।

ਆਸਾ ਮਹਲਾ ੫॥ ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥ ਅਵਰਿ ਕਾਜ ਤੇਰੈ ਕਿਤੈ ਨ ਕਾਮ॥ ਮਿਲੁ ਸਾਧਸੰਗਤਿ ਭਜੁ ਕੇਵਲ ਨਾਮ॥ ੧॥ (੧੨)

ਇਹ ਧਿਆਨ ਰੱਖਣਾਂ ਹੈ ਕਿ ਸੰਗਤ ਪੂਰੇ ਗੁਰੂ ਦੀ ਕਰਨੀ ਹੈ ਅਧੂਰੇ ਦੀ ਨਹੀਂ, ਕਿਉਂਕਿ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣਾ ਬਹੁਤ ਔਖਾ ਹੈ। ਜਿਸ ਮਨੁੱਖ ਨੇ ਬੇਅੰਤ ਅਕਾਲ ਪੁਰਖੁ ਦਾ ਨਾਮੁ ਆਪਣੇ ਚਿਤ ਵਿੱਚ ਵਸਾਉਂਣਾਂ ਸ਼ੁਰੂ ਕਰ ਦਿੱਤਾ, ਸਤਿਗੁਰੂ ਨੇ ਉਸ ਨੂੰ ਪਾਰ ਲੰਘਾ ਦਿੱਤਾ, ਗੁਰੂ ਨੇ ਉਸ ਨੂੰ ਪੂਰਨ ਅਕਾਲ ਪੁਰਖੁ ਨਾਲ ਜੋੜ ਦਿੱਤਾ, ਤੇ ਜਦੋਂ ਉਸ ਨੇ ਪੂਰਨ ਅਕਾਲ ਪੁਰਖੁ ਦਾ ਮਿਲਾਪ ਹਾਸਲ ਕਰ ਲਿਆ, ਉਸ ਦਾ ਜਨਮ ਮਰਨ ਦਾ ਗੇੜ ਵੀ ਮੁੱਕ ਗਿਆ। ਇਸ ਲਈ ਝੂਠੇ ਦਿਲਾਸੇ ਦੇਣ ਵਾਲੇ ਪਾਖੰਡੀਆਂ ਤੋਂ ਸੁਚੇਤ ਰਹਿੰਣਾਂ ਹੈ ਤੇ ਹਮੇਸ਼ਾਂ ਯਾਦ ਰੱਖਣਾਂ ਹੈ ਕਿ ਅਕਾਲ ਪੁਰਖੁ ਦਾ ਆਤਮਕ ਜੀਵਨ ਦੇਣ ਵਾਲਾ ਨਾਮੁ ਸਿਰਫ ਸਤਿਗੁਰੂ ਤੋਂ ਹੀ ਮਿਲ ਸਕਦਾ ਹੈ।

ਕਹੁ ਨਾਨਕ ਬੇਅੰਤੁ ਬੇਅੰਤੁ ਧਿਆਇਆ॥ ਦੁਤਰੁ ਇਹੁ ਸੰਸਾਰੁ ਸਤਿਗੁਰੂ ਤਰਾਇਆ॥ ਮਿਟਿਆ ਆਵਾ ਗਉਣੁ ਜਾਂ ਪੂਰਾ ਪਾਇਆ॥ ਹਰਿਹਾਂ ਅੰਮ੍ਰਿਤੁ ਹਰਿ ਕਾ ਨਾਮੁ ਸਤਿਗੁਰ ਤੇ ਪਾਇਆ॥ ੬॥ (੧੩੬੨)

ਜੇਹੜਾ ਮਨੁੱਖ ਪੂਰੇ ਗੁਰੂ ਦੀ ਸੰਗਤਿ ਵਿੱਚ ਮਿਲ ਬੈਠਦਾ ਹੈ, ਉਸ ਦੇ ਅੰਦਰੋਂ ਕਾਮ, ਕ੍ਰੋਧ, ਮਾਇਆ ਦਾ ਮੋਹ, ਅਹੰਕਾਰ, ਈਰਖਾ ਆਦਿ ਸਾਰੇ ਵਿਕਾਰ ਨਿਕਲ ਜਾਂਦੇ ਹਨ, ਅਤੇ ਉਹ ਸਤ, ਸੰਤੋਖ, ਦਇਆ, ਧਰਮ ਤੇ ਸੱਚ ਦੇ ਗੁਣਾਂ ਨੂੰ ਆਪਣੇ ਹਿਰਦੇ-ਘਰ ਵਿੱਚ ਵਸਾ ਲੈਂਦਾ ਹੈ। ਉਸ ਦਾ ਮਨ ਸਭਨਾਂ ਦੀ ਚਰਨ-ਧੂੜ ਬਣ ਜਾਂਦਾ ਹੈ, ਉਸ ਨੂੰ ਸ੍ਰਿਸ਼ਟੀ ਦੇ ਸਾਰੇ ਜੀਵ ਪਿਆਰੇ ਮਿੱਤਰ ਦਿੱਸਦੇ ਹਨ, ਸਾਧ ਸੰਗਤਿ ਵਿੱਚ ਮਿਲ ਬੈਠਿਆਂ, ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਅਕਾਲ ਪੁਰਖੁ ਦਾ ਨਾਮੁ ਚੇਤੇ ਕਰਕੇ, ਉਹ ਮਨੁੱਖ ਗੁਰਮੁਖਿ ਬਣ ਜਾਂਦਾ ਹੈ। ਉਸ ਦੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ, ਉਸ ਦੀਆਂ ਜ਼ਿੰਮੇਵਾਰੀਆਂ ਮੁੱਕ ਜਾਂਦੀਆਂ ਹਨ। ਪੂਰਾ ਗੁਰੂ ਉਸ ਨੂੰ ਇੱਕ ਖਿਨ ਵਿੱਚ ਵਿਕਾਰਾਂ ਦੇ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ।

ਜਨਮ ਮਰਨ ਚੂਕੇ ਸਭਿ ਭਾਰੇ॥ ਮਿਲਤ ਸੰਗਿ ਭਇਓ ਮਨੁ ਨਿਰਮਲੁ ਗੁਰਿ ਪੂਰੈ ਲੈ ਖਿਨ ਮਹਿ ਤਾਰੇ॥ ੧॥ ਰਹਾਉ॥ (੩੭੯)

ਪੂਰੇ ਗੁਰੂ ਦੀ ਬਾਣੀ ਧੰਨ ਹੈ, ਕਿਉਂਕਿ ਇਹ ਬਾਣੀ ਪੂਰੇ ਗੁਰੂ ਦੇ ਹਿਰਦੇ ਵਿਚੋਂ ਪੈਦਾ ਹੁੰਦੀ ਹੈ। ਜੇਹੜਾ ਮਨੁੱਖ ਇਸ ਨੂੰ ਆਪਣੇ ਹਿਰਦੇ ਵਿੱਚ ਵਸਾਂਦਾ ਹੈ, ਉਸ ਨੂੰ ਇਹ ਬਾਣੀ ਸਦਾ-ਥਿਰ ਰਹਿਣ ਵਾਲੇ ਅਕਾਲ ਪੁਰਖੁ ਵਿੱਚ ਲੀਨ ਕਰ ਦੇਂਦੀ ਹੈ। ਇਸ ਸਰੀਰ ਵਿੱਚ ਉਹ ਅਕਾਲ ਪੁਰਖੁ ਆਪ ਵੱਸ ਰਿਹਾ ਹੈ, ਜਿਸ ਤੋਂ ਬ੍ਰਹਮਾ, ਬਿਸ਼ਨ, ਸ਼ਿਵ ਅਤੇ ਹੋਰ ਸਾਰੀ ਸ੍ਰਿਸ਼ਟੀ ਦੀ ਉਤਪਤੀ ਹੋਈ ਹੈ। ਸਦਾ-ਥਿਰ ਅਕਾਲ ਪੁਰਖੁ ਨੇ ਇਹ ਜਗਤ ਤਮਾਸ਼ਾ ਰਚਿਆ ਹੋਇਆ ਹੈ, ਜਿਸ ਵਿੱਚ ਇਹ ਜੰਮਣ ਮਰਨ ਇੱਕ ਖਿਲਾਰਾ ਖਿਲਾਰ ਦਿੱਤਾ ਹੈ। ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਇਹ ਅਸਲੀਅਤ ਵਿਖਾ ਦਿੱਤੀ, ਉਸ ਦਾ ਸਦਾ-ਥਿਰ ਅਕਾਲ ਪੁਰਖੁ ਦੇ ਨਾਮੁ ਵਿੱਚ ਜੁੜ ਕੇ ਪਾਰ-ਉਤਾਰਾ ਹੋ ਜਾਂਦਾ ਹੈ। ਇਸ ਲਈ ਹਮੇਸ਼ਾਂ ਯਾਦ ਰੱਖਣਾਂ ਹੈ, ਕਿ ਜੀਵਨ ਦਾ ਸਹੀ ਰਸਤਾ, ਸਿਰਫ ਪੂਰਾ ਗੁਰੂ ਹੀ ਦਿਖਾ ਸਕਦਾ ਹੈ।

ਕਾਇਆ ਅੰਦਰਿ ਬ੍ਰਹਮਾ ਬਿਸਨੁ ਮਹੇਸਾ ਸਭ ਓਪਤਿ ਜਿਤੁ ਸੰਸਾਰਾ॥ ਸਚੈ ਆਪਣਾ ਖੇਲੁ ਰਚਾਇਆ ਆਵਾ ਗਉਣੁ ਪਾਸਾਰਾ॥ ਪੂਰੈ ਸਤਿਗੁਰਿ ਆਪਿ ਦਿਖਾਇਆ ਸਚਿ ਨਾਮਿ ਨਿਸਤਾਰਾ॥ ੭॥ (੭੫੪)

ਗੁਰੂ ਸਾਹਿਬ ਸਾਨੂੰ ਸਮਝਾਂਉਂਦੇ ਵੀ ਹਨ ਤੇ ਰਸਤਾ ਵੀ ਦਿਖਾਉਂਦੇ ਹਨ। ਗੁਰਮਤਿ ਅਨੁਸਾਰ ਸਾਨੂੰ ਆਪਣੇ ਕਰਮ ਠੀਕ ਕਰਨੇ ਹਨ, ਪਰ ਜੇ ਕਰ ਅਸੀਂ ਸੁਣਨ, ਸਮਝਣ ਤੇ ਅਮਲ ਕਰਨ ਲਈ ਤਿਆਰ ਨਹੀਂ ਹੁੰਦੇ ਤਾਂ ਨਤੀਜੇ ਭੁਗਤਣੇ ਪੈਣਗੇ। ਬਿਹਤਰ ਇਹੀ ਹੈ ਕਿ ਅਸੀਂ ਸੁਧਰ ਜਾਈਏ, ਨਹੀਂ ਤਾਂ ਸਜਾ ਲਈ ਤਿਆਰ ਰਹੀਏ। ਮਨੁੱਖ ਨੂੰ ਜਨਮ ਵੇਲੇ ਬਹੁਤ ਪੀੜ ਹੁੰਦੀ ਹੈ ਅਤੇ ਕਈਆਂ ਨੂੰ ਮਰਨ ਤੋਂ ਪਹਿਲਾਂ ਵੀ ਤੇ ਮਰਨ ਵੇਲੇ ਬਹੁਤ ਕਸ਼ਟ ਸਹਾਰਨੇ ਪੈਂਦੇ ਹਨ। ਇਨ੍ਹਾਂ ਦੋਹਾਂ ਸਮਿਆਂ ਵੇਲੇ ਬਹੁਤ ਪੀੜ ਹੁੰਦੀ ਹੈ, ਪਰ ਮਨੁੱਖ ਕੁੱਝ ਬੋਲ ਨਹੀਂ ਸਕਦਾ ਤੇ ਦੂਸਰਿਆਂ ਨੂੰ ਦੱਸ ਵੀ ਨਹੀਂ ਸਕਦਾ। ਗੁਰਬਾਣੀ ਦੁਆਰਾ ਸਾਨੂੰ ਫਰੀਦ ਸਾਹਿਬ ਵਿਕਾਰਾਂ ਦੀਆਂ ਲਹਿਰਾਂ ਦੇ ਖ਼ਤਰਿਆਂ ਤੋਂ ਬਚਣ ਲਈ ਵਾਜਾਂ ਮਾਰ ਰਹੇ ਹਨ। ਅਕਾਲ ਪੁਰਖੁ ਦਾ ਹੁਕਮੁ ਟਾਲਿਆ ਨਹੀਂ ਜਾ ਸਕਦਾ, ਉਸ ਨੇ ਸਾਡੇ ਕਰਮਾਂ ਅਨੁਸਾਰ ਫੈਸਲਾ ਕਰਨਾ ਹੈ। ਦੁਨੀਆਂ ਦੇ ਵਿਕਾਰਾਂ ਤੋਂ ਬਚਣ ਲਈ ਰਸਤਾ ਸਿਰਫ਼ ਇਹੀ ਹੈ, ਕਿ ਗੁਰਬਾਣੀ ਨੂੰ ਧਿਆਨ ਨਾਲ ਸੁਣਨਾ ਹੈ, ਸਮਝਣਾਂ ਹੈ ਤੇ ਆਪਣਾ ਮਨੁੱਖਾ ਜੀਵਨ ਸਫਲ ਕਰਨਾ ਹੈ।

ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ॥ ਸਾਹੇ ਲਿਖੇ ਨ ਚਲਨੀ ਜਿੰਦੂ ਕੂੰ ਸਮਝਾਇ॥ ਜਿੰਦੁ ਵਹੁਟੀ ਮਰਣੁ ਵਰੁ ਲੈ ਜਾਸੀ ਪਰਣਾਇ॥ (੧੩੭੭)

ਜੇ ਕਰ ਸਾਨੂੰ ਭਲੀ ਪ੍ਰਕਾਰ ਪਤਾ ਹੈ ਕਿ ਜਨਮ ਅਤੇ ਮਰਨ ਵੇਲੇ ਬਹੁਤ ਪੀੜਾ ਹੁੰਦੀ ਹੈ, ਤਾਂ ਅਸੀਂ ਕਿਉਂ ਨਹੀਂ ਸੁਧਰਦੇ। ਜਿੱਥੇ ਮਾਂ ਦੇ ਪੇਟ ਵਿੱਚ ਪੇਟ ਦੀ ਅੱਗ ਬੜੀ ਭਖਦੀ ਹੈ, ਉਸ ਭਿਆਨਕ ਹਨੇਰੇ ਵਿੱਚ ਜੀਵ ਉਲਟੇ-ਮੂੰਹ ਪਿਆ ਰਹਿੰਦਾ ਹੈ। ਜੀਵ ਉਥੇ ਆਪਣੇ ਹਰੇਕ ਸਾਹ ਦੇ ਨਾਲ ਅਕਾਲ ਪੁਰਖੁ ਨੂੰ ਯਾਦ ਕਰਦਾ ਰਹਿੰਦਾ ਹੈ, ਉਸ ਥਾਂ ਅਕਾਲ ਪੁਰਖੁ ਨੇ ਹੀ ਜੀਵ ਨੂੰ ਬਚਾਇਆ ਹੁੰਦਾ ਹੈ। ਪਰ ਜਦੋਂ ਜੀਵ ਮਾਂ ਦੇ ਪੇਟ ਵਿਚੋਂ ਬਾਹਰ ਆ ਜਾਂਦਾ ਹੈ, ਅਕਾਲ ਪੁਰਖੁ ਨੂੰ ਭੁਲਾ ਕੇ ਦੁਨੀਆਂ ਦੇ ਪਦਾਰਥਾਂ ਵਿੱਚ ਚਿੱਤ ਜੋੜ ਲੈਂਦਾ ਹੈ। ਅਕਾਲ ਪੁਰਖੁ ਨੂੰ ਵਿਸਾਰਨ ਕਰਕੇ ਜੰਮਣ ਮਰਨ ਦੇ ਗੇੜ ਵਿੱਚ ਜੀਵ ਪੈ ਜਾਂਦਾ ਹੈ, ਜੂਨਾਂ ਵਿੱਚ ਪਾਇਆ ਜਾਂਦਾ ਹੈ, ਕਿਸੇ ਇੱਕ ਥਾਂ ਇਸ ਨੂੰ ਟਿਕਾਣਾ ਨਹੀਂ ਮਿਲਦਾ।

ਵਿਚਹੁ ਗਰਭੈ ਨਿਕਲਿ ਆਇਆ॥ ਖਸਮੁ ਵਿਸਾਰਿ ਦੁਨੀ ਚਿਤੁ ਲਾਇਆ॥ ਆਵੈ ਜਾਇ ਭਵਾਈਐ ਜੋਨੀ ਰਹਣੁ ਨ ਕਿਤਹੀ ਥਾਇ ਭਇਆ॥ ੩॥ (੧੦੦੭)

ਅਸੀਂ ਜੀਵ ਅਜਿਹੇ ਵਿਕਾਰੀ ਹਾਂ, ਕਿ ਜਿਸ ਅਕਾਲ ਪੁਰਖੁ ਨੇ ਇਹ ਜਿੰਦ ਤੇ ਸਰੀਰ ਦਿੱਤਾ ਹੈ, ਉਸ ਦੀ ਬੰਦਗੀ ਨਹੀਂ ਕਰਦੇ, ਉਸ ਨਾਲ ਪਿਆਰ ਨਹੀਂ ਕਰਦੇ। ਅਸੀਂ ਕਿਹੜੇ ਕੰਮ ਜਾਂ ਮੰਤਵ ਲਈ ਇਸ ਜਗਤ ਵਿੱਚ ਪੈਦਾ ਹੋਏ ਹਾਂ? ਅਸੀਂ ਇਹ ਮਨੁੱਖਾ ਜਨਮ ਲੈ ਕੇ ਕੀ ਖੱਟਿਆ ਹੈ? ਇੱਕ ਪਲ ਭਰ ਵੀ ਉਸ ਅਕਾਲ ਪੁਰਖੁ ਦੇ ਚਰਨਾਂ ਵਿੱਚ ਆਪਣਾ ਚਿੱਤ ਨਹੀਂ ਜੋੜਿਆ। ਅਸੀਂ ਕਿਉਂ ਵਿਕਾਰਾਂ ਵਿੱਚ ਲਗੇ ਰਹਿੰਦੇ ਹਾਂ? ਪਰਾਏ ਧਨ ਦੀ ਲਾਲਸਾ, ਪਰਾਈ ਇਸਤ੍ਰੀ ਦੀ ਕਾਮਨਾ, ਪਰਾਈ ਚੁਗ਼ਲੀ, ਦੂਜਿਆਂ ਨਾਲ ਵਿਰੋਧ, ਇਹ ਵਿਕਾਰ ਦੂਰ ਨਹੀਂ ਹੁੰਦੇ, ਜਿਸ ਕਰਕੇ ਸਾਨੂੰ ਮੁੜ ਮੁੜ ਜਨਮ ਮਰਨ ਦਾ ਗੇੜ ਮਿਲ ਰਿਹਾ ਹੈ।

ਗੋਬਿੰਦ ਹਮ ਐਸੇ ਅਪਰਾਧੀ॥ ਜਿਨਿ ਪ੍ਰਭਿ ਜੀਉ ਪਿੰਡੁ ਥਾ ਦੀਆ ਤਿਸ ਕੀ ਭਾਉ ਭਗਤਿ ਨਹੀ ਸਾਧੀ॥ ੧॥ ਰਹਾਉ॥ ਪਰ ਧਨ ਪਰ ਤਨ ਪਰ ਤੀ ਨਿੰਦਾ ਪਰ ਅਪਬਾਦੁ ਨ ਛੂਟੈ॥ ਆਵਾ ਗਵਨੁ ਹੋਤੁ ਹੈ ਫੁਨਿ ਫੁਨਿ ਇਹੁ ਪਰਸੰਗੁ ਨ ਤੂਟੈ॥ ੨॥ (੯੭੦, ੯੭੧)

ਆਪਣੇ ਮਨ ਵਿਚ, ਆਪਣੇ ਹਿਰਦੇ ਵਿਚ, ਅਕਾਲ ਪੁਰਖੁ ਦੇ ਸੇਵਕਾਂ ਦੀ ਚਰਨ-ਧੂੜ ਦੀ ਪ੍ਰਾਪਤੀ ਦੀ ਇਛਾ ਕਰਨੀ ਚਾਹੀਦੀ ਹੈ, ਅਕਾਲ ਪੁਰਖੁ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ ਹੈ, ਕਿ ਹੇ ਅਕਾਲ ਪੁਰਖੁ! ਮੇਰੀ ਇਹ ਇਛਾ ਪੂਰੀ ਕਰੋ, ਕਿਉਂਕਿ ਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਨਾਲ ਕ੍ਰੋੜਾਂ ਜਨਮਾਂ ਦੇ ਪਾਪ ਲਹਿ ਜਾਂਦੇ ਹਨ। ਜੇਹੜੇ ਮਨੁੱਖ ਕਾਮ ਕ੍ਰੋਧ ਲੋਭ ਮੋਹ ਆਦਿਕ ਚੋਰਾਂ ਪਾਸੋਂ ਆਪਣਾ ਆਤਮਕ ਜੀਵਨ ਲੁਟਾਂਦੇ ਰਹਿੰਦੇ ਹਨ, ਉਨ੍ਹਾਂ ਵਾਸਤੇ ਜਨਮ ਮਰਨ ਦਾ ਗੇੜ ਸਦਾ ਬਣਿਆ ਰਹਿੰਦਾ ਹੈ। ਅਕਾਲ ਪੁਰਖੁ ਨਾਲ ਪਿਆਰ ਪਾਇਆਂ, ਉਸ ਦੀ ਭਗਤੀ ਕੀਤਿਆਂ, ਉਸ ਨੂੰ ਚੇਤੇ ਕੀਤਿਆਂ, ਅਨੇਕਾਂ ਜੂਨਾਂ ਦੀ ਭਟਕਣਾ ਮੁੱਕ ਜਾਂਦੀ ਹੈ। ਆਤਮਕ ਮੌਤ ਦਾ ਇਹ ਜਾਲ ਗੁਰੂ ਦੇ ਦਿੱਤੇ ਗਿਆਨ, ਆਤਮਕ ਜੀਵਨ ਦੀ ਸੂਝ, ਤੇ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਉਂਣ ਨਾਲ ਕੱਟਿਆ ਜਾਂਦਾ ਹੈ।

ਕਾਮ ਕ੍ਰੋਧ ਲੋਭ ਮੋਹ ਮੂਠੇ ਸਦਾ ਆਵਾ ਗਵਣ॥ ਪ੍ਰਭ ਪ੍ਰੇਮ ਭਗਤਿ ਗੁਪਾਲ ਸਿਮਰਣ ਮਿਟਤ ਜੋਨੀ ਭਵਣ॥ ੩॥ (੫੦੨)

‘ਰਹਾਉ’ ਦੀਆਂ ਤੁਕਾਂ ਵਿੱਚ ਭਗਤ ਰਵਿਦਾਸ ਜੀ ਆਖਦੇ ਹਨ, ਕਿ ਕੋਈ ਮਨੁੱਖ ਮੈਨੂੰ ਇਹ ਗੱਲ ਸਮਝਾ ਕੇ ਨਹੀਂ ਦੱਸਦਾ ਕਿ ਜਨਮ ਮਰਨ ਦਾ ਗੇੜ ਕਿਵੇਂ ਮੁੱਕੇਗਾ, ਤੇ ਜਗਤ ਦੇ ਝਮੇਲਿਆਂ ਵਿਚੋਂ ਖ਼ਲਾਸੀ ਕਿਵੇਂ ਹੋਵੇਗੀ? ਅਸੀਂ ਕਰਮ ਕਾਂਡਾਂ ਨਾਲ ਪਾਰ ਨਹੀਂ ਲੰਘ ਸਕਦੇ ਹਾਂ, ਅਜੇਹੇ ਸਾਰੇ ਜਤਨ ਵਿਅਰਥ ਹਨ। ਗੁਰੂ-ਪਾਰਸ ਨੂੰ ਮਿਲਿਆਂ ਵਿਕਾਰਾਂ ਵਿੱਚ ਮਨੂਰ ਹੋਇਆ ਮਨ, ਸੋਨਾ ਬਣ ਜਾਂਦਾ ਹੈ। ਇਸ ਲਈ ਜੀਵਨ ਸਫਲ ਕਰਨ ਲਈ ਸਬਦ ਗੁਰੂ ਅੱਗੇ ਆਪਣਾ ਆਪ ਅਰਪਨ ਕਰਨ ਦਾ ਤਰੀਕਾ ਸਿਖਣਾ ਹੈ।

ਪਾਰੁ ਕੈਸੇ ਪਾਇਬੋ ਰੇ॥ ਮੋ ਸਉ ਕੋਊ ਨ ਕਹੈ ਸਮਝਾਇ॥ ਜਾ ਤੇ ਆਵਾ ਗਵਨੁ ਬਿਲਾਇ॥ ੧॥ ਰਹਾਉ॥ (੩੪੬)

ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਤਰੀਕਾ ਸਮਝਾਇਆ ਹੈ। ਜਿਸ ਤਰ੍ਹਾਂ ਮਲਾਹ ਤੋਂ ਬਿਨਾ ਬੇੜੀ ਨਹੀਂ ਪਾਰ ਹੋ ਸਕਦੀ, ਪਾਰਸ ਤੋਂ ਬਿਨਾ ਧਾਤ ਸੋਨਾਂ ਨਹੀਂ ਬਣ ਸਕਦੀ, ਗੰਗਾ ਬਿਨਾ ਪਾਣੀ ਨਹੀਂ ਆ ਸਕਦਾ, ਨਾਰੀ ਦੇ ਬਿਨਾ ਪੁਤਰ ਪੈਦਾ ਨਹੀਂ ਪੈਦਾ ਹੋ ਸਕਦਾ, ਬੀਜ ਬੀਜਣ ਦੇ ਬਿਨਾ ਫਸਲ ਨਹੀਂ ਹੋ ਸਕਦੀ, ਪਾਣੀ ਦੀ ਬੂੰਦ ਬਿਨਾ ਸਿਪੀ ਚੋ ਮੋਤੀ ਪੈਦਾ ਨਹੀਂ ਹੋ ਸਕਦਾ। ਇਸੇ ਤਰ੍ਹਾਂ ਗੁਰੂ ਦੀ ਸਰਨ ਵਿੱਚ ਆਉਂਣ ਬਿਨਾ ਜਨਮ ਮਰਨ ਦਾ ਗੇੜ ਮਿਟ ਨਹੀਂ ਸਕਦਾ ਹੈ।

ਜੈਸੇ ਮਾਂਝ ਬੈਠੇ ਬਿਨੁ ਬੋਹਿਥਾ ਨ ਪਾਰ ਪਰੈ। ਪਾਰਸ ਪਰਸੈ ਬਿਨੁ ਧਾਤ ਨ ਕਨਿਕ ਹੈ। ਜੈਸੇ ਬਿਨੁ ਗੰਗਾ ਨ ਪਾਵਨ ਆਨ ਜਲੁ ਹੈ। ਨਾਰ ਨ ਭਤਾਰਿ ਬਿਨੁ ਸੁਤ ਨ ਅਨਿਕ ਹੈ। ਜੈਸੇ ਬਿਨੁ ਬੀਜ ਬੋਏ ਨਿਪਜੈ ਨ ਧਾਨ ਧਾਰਾ। ਸੀਪ ਸਵਾਂਤਬੂੰਦ ਬਿਨੁ ਮੁਕਤਾ ਨ ਮਾਨਕ ਹੈ। ਤੈਸੇ ਗੁਰ ਚਰਨ ਸਰਨਿ ਗੁਰ ਭੇਟੇ ਬਿਨੁ। ਜਨਮ ਮਰਨ ਮੇਟਿ ਜਨ ਨ ਜਨ ਕਹੈ॥ ੫੩੮॥ (੫੩੮-੮)

ਜਿਸ ਮਨੁੱਖ ਨੇ ਗੁਰੂ ਦੀ ਸਿੱਖਿਆ ਤੇ ਤੁਰ ਕੇ, ਮਨ ਨੂੰ ਆਪਣੇ ਵੱਸ ਵਿੱਚ ਕੀਤਾ, ਅਤੇ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਕੀਤੀ, ਗੁਰੂ ਦੀ ਕਿਰਪਾ ਨਾਲ ਉਸ ਦੇ ਸਾਰੇ ਡਰ ਦੂਰ ਹੋ ਗਏ, ਤੇ ਹਰੇਕ ਕਿਸਮ ਦੀ ਚਿੰਤਾ ਦੂਰ ਹੋ ਗਈ। ਜਿਸ ਮਨੁੱਖ ਨੇ ਅਕਾਲ ਪੁਰਖੁ ਦਾ ਆਸਰਾ ਲਿਆ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਗਿਆ। ਅਕਾਲ ਪੁਰਖੁ ਦੇ ਗੁਣ ਗਾਉਣ ਦੀ ਬਰਕਤਿ ਨਾਲ ਉਹ ਮਨੁੱਖ ਆਪਣੇ ਪਰਵਾਰ ਸਮੇਤ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਇਸ ਲਈ ਅਕਾਲ ਪੁਰਖੁ ਦੀ ਸੇਵਾ ਭਗਤੀ ਕਰਨੀ ਚਾਹੀਦੀ ਹੈ, ਉਸ ਦਾ ਨਾਮੁ ਚੇਤੇ ਕਰਨਾ ਚਾਹੀਦਾ ਹੈ। ਫਿਰ ਸਾਰੇ ਸੁਖਾਂ ਦਾ ਮੂਲ, ਉਹ ਅਕਾਲ ਪੁਰਖੁ, ਪੂਰੇ ਗੁਰੂ ਰਾਹੀਂ, ਮਿਲ ਪੈਂਦਾ ਹੈ।

ਸਰਨਿ ਗਹੀ ਪਾਰਬ੍ਰਹਮ ਕੀ ਮਿਟਿਆ ਆਵਾ ਗਵਨ॥ ਆਪਿ ਤਰਿਆ ਕੁਟੰਬ ਸਿਉ ਗੁਣ ਗੁਬਿੰਦ ਪ੍ਰਭ ਰਵਨ॥ (੨੯੯, ੩੦੦)

ਇਹ ਹਮੇਸ਼ਾਂ ਧਿਆਨ ਵਿੱਚ ਰੱਖਣਾਂ ਹੈ, ਕਿ ਗੁਰੂ ਦੀ ਸਰਨ ਵਿੱਚ ਆਉਂਣਾਂ, ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣ ਗਾਉਣੇ, ਗੁਰੂ ਦੀ ਸੇਵਾ ਕਰਨੀ, ਸਬਦ ਗੁਰੂ ਨਾਲ ਮਿਲਾਪ, ਗੁਰੂ ਦੀ ਸਿੱਖਿਆ ਅਨੁਸਾਰ ਚਲਣਾਂ, ਅਕਾਲ ਪੁਰਖੁ ਦੀ ਵਡਿਆਈ, ਅਕਾਲ ਪੁਰਖੁ ਦਾ ਮਿਲਾਪ, ਇਹ ਸਭ ਇਸੇ ਮਨੁੱਖਾ ਜਨਮ ਵਿਚ, ਭਾਵ ਵਰਤਮਾਨ ਵਿੱਚ ਹੀ ਹੋ ਸਕਦੇ ਹਨ।

ਅਕਾਲ ਪੁਰਖੁ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ; ਉਸ ਨੇ ਜਨਮ ਮਰਨ ਦੀ ਮਰਯਾਦਾ ਬਣਾ ਕੇ ਸ੍ਰਿਸ਼ਟੀ ਪੈਦਾ ਕੀਤੀ ਹੈ। ਜਿਹੜਾ ਮਨੁੱਖ ਆਪਣੇ ਗੁਰੂ ਦੀ ਸੇਵਾ ਕਰਦਾ ਹੈ, ਭਾਵ ਗੁਰੂ ਦੇ ਕਹੇ ਅਨੁਸਾਰ ਚਲਦਾ ਹੈ, ਉਸ ਦਾ ਜਗਤ ਵਿੱਚ ਆਉਣਾ ਸਫਲ ਹੋ ਜਾਂਦਾ ਹੈ। ਜੇ ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਏ, ਤਾਂ ਫਿਰ ਚਿੰਤਾ ਕਰਨ ਦੀ ਲੋੜ ਨਹੀਂ ਰਹਿ ਜਾਂਦੀ।

ਆਵਾ ਗਉਣੁ ਰਚਾਇ ਉਪਾਈ ਮੇਦਨੀ॥ ਸਤਿਗੁਰੁ ਸੇਵੇ ਆਪਣਾ ਆਇਆ ਤਿਸੁ ਗਣੀ॥ ਜੇ ਹਉਮੈ ਵਿਚਹੁ ਜਾਇ ਤ ਕੇਹੀ ਗਣਤ ਗਣੀ॥ (੧੨੮੩)

ਆਪਣਾ ਮਨੁੱਖਾ ਜਨਮ ਸਫਲ ਕਰਨ ਲਈ ਤੇ ਅਕਾਲ ਪੁਰਖੁ ਦੇ ਗੁਣ ਆਪਣੇ ਅੰਦਰ ਪੈਦਾ ਕਰਨ ਲਈ, ਸਿਰਫ ਗੁਰੂ ਹੀ ਸਹਾਇਤਾ ਕਰ ਸਕਦਾ ਹੈ, ਇਸ ਲਈ ਗੁਰੁ ਦੀ ਸੇਵਾ ਵਿੱਚ ਜੁਟ ਜਾਉ। ਸੇਵਾ ਬਾਰੇ ਗੁਰਬਾਣੀ ਵਿੱਚ ਕਈ ਥਾਂਵਾਂ ਤੇ ਸਪੱਸ਼ਟ ਕਰਕੇ ਸਮਝਾਇਆ ਗਿਆ ਹੈ, ਕਿ ਅਸਲੀ ਸੇਵਾ ਗੁਰੂ ਦੇ ਸਬਦ ਦੀ ਵੀਚਾਰ ਦੀ ਹੀ ਹੈ। ਜੋ ਮਨੁੱਖ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਬਾਰੇ ਸੋਚਦਾ ਰਹਿੰਦਾ ਹੈ, ਉਸ ਦੇ ਅੰਦਰ ਆਪਣੇ ਆਪ ਅਕਾਲ ਪੁਰਖੁ ਦੇ ਗੁਣ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ, ਸੁਭਾਉ ਵਿੱਚ ਤਬਦੀਲੀ ਆ ਜਾਂਦੀ ਹੈ, ਸੋਝੀ ਤੇ ਲਿਆਕਤ ਵਿੱਚ ਵਾਧਾ ਹੁੰਦਾਂ ਹੈ, ਅਤੇ ਉਹ ਸਚ-ਮੁਚ ਦਾ ਮਨੁੱਖ ਬਣ ਜਾਂਦਾ ਹੈ। ਪਰ ਜੋ ਬੰਦਗੀ ਨਹੀਂ ਕਰਦਾ, ਉਹ ਨਿਰੋਲ ਕੱਚਾ ਹੈ, ਉਹ ਆਤਮਿਕ ਤੌਰ ਮਰ ਜਾਂਦਾ ਹੈ। ਆਪਾ ਭਾਵ ਛੱਡ ਕੇ, ਸਤਿਗੁਰੂ ਦੀ ਸਰਨੀ ਪੈਣ ਨਾਲ, ਅਕਾਲ ਪੁਰਖੁ ਨੂੰ ਚੇਤੇ ਕਰਨ ਨਾਲ, ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਇਸ ਤਰ੍ਹਾਂ ਇਹ ਕੀਮਤੀ ਮਨੁੱਖਾ ਜਨਮ ਸਫਲ ਹੋ ਜਾਂਦਾ ਹੈ।

ਆਵਾ ਗਵਨੁ ਮਿਟੈ ਪ੍ਰਭ ਸੇਵ॥ ਆਪੁ ਤਿਆਗਿ ਸਰਨਿ ਗੁਰਦੇਵ॥ (੨੮੮)

ਇਹ ਹਮੇਸ਼ਾਂ ਧਿਆਨ ਵਿੱਚ ਰੱਖਣਾ ਹੈ, ਕਿ ਜਿਸ ਗੁਰੂ ਨੇ ਆਪਣੇ ਅੰਦਰੋਂ ਆਪਾ ਭਾਵ ਦੂਰ ਕੀਤਾ ਹੋਇਆ ਹੈ, ਸਿਰਫ ਉਸ ਗੁਰੂ ਦੀ ਸਰਨ ਪੈ ਕੇ ਹੀ, ਅਸੀਂ ਸਦਾ ਆਤਮਕ ਆਨੰਦ ਮਾਣ ਸਕਦੇ ਹਾਂ। ਜਿਨ੍ਹਾਂ ਮਨੁੱਖਾਂ ਨੂੰ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਵਾਲਾ ਗੁਰ-ਸਬਦ ਮਨ ਵਿੱਚ ਪਿਆਰਾ ਲਗਦਾ ਹੈ, ਉਹ ਗੁਰ-ਸਬਦ ਦੀ ਬਰਕਤਿ ਨਾਲ ਜਨਮ ਮਰਨ ਦਾ ਗੇੜ ਮਿਟਾ ਕੇ ਸਦਾ-ਥਿਰ ਅਕਾਲ ਪੁਰਖੁ ਦੇ ਨਾਮੁ ਵਿੱਚ ਰੰਗੇ ਰਹਿੰਦੇ ਹਨ। ਜਿਸ ਮਨੁੱਖ ਉਤੇ ਅਕਾਲ ਪੁਰਖੁ, ਮਿਹਰ ਦੀ ਨਿਗਾਹ ਕਰਦਾ ਹੈ, ਉਹੀ ਜੀਵਨ ਦਾ ਸਹੀ ਰਸਤਾ ਸਮਝਦਾ ਹੈ। ਅਜੇਹੇ ਗੁਰਮੁਖਾਂ ਦੀ ਲਿਵ, ਉਸ ਅਕਾਲ ਪੁਰਖੁ ਨਾਲ ਲੱਗੀ ਰਹਿੰਦੀ ਹੈ, ਜਿਸ ਸਦਕਾ ਉਨ੍ਹਾਂ ਦੇ ਅੰਦਰ ਆਤਮਕ ਅਡੋਲਤਾ ਰਹਿੰਦੀ ਹੈ।

ਆਵਾ ਗਉਣੁ ਨਿਵਾਰਿ ਸਚਿ ਰਾਤੇ ਸਾਚ ਸਬਦੁ ਮਨਿ ਭਾਇਆ॥ ਸਤਿਗੁਰੁ ਸੇਵਿ ਸਦਾ ਸੁਖੁ ਪਾਈਐ ਜਿਨਿ ਵਿਚਹੁ ਆਪੁ ਗਵਾਇਆ॥ ੫॥ (੧੨੩੩, ੧੨੩੪)

ਰਵਾਇਤਾਂ ਪੂਰੀਆਂ ਕਰਨ ਵਾਲੇ ਜਾਂ ਮਿਥੇ ਹੋਏ ਧਾਰਮਿਕ ਕਰਮ ਕਰਨ ਵਾਲੇ ਮਨੁੱਖਾਂ ਨੂੰ ਸੋਝੀ ਪ੍ਰਾਪਤ ਨਹੀਂ ਹੁੰਦੀ ਤੇ ਉਹ ਗੁਰੂ ਦੇ ਸਬਦ ਤੋਂ ਬਿਨਾ ਝੱਲੇ ਹੀ ਰਹਿੰਦੇ ਹਨ। ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਸਾਰਾ ਜਗਤ ਪਾਪਾਂ ਦੀ ਮੈਲ ਨਾਲ ਲਿਬੜਿਆ ਰਹਿੰਦਾ ਹੈ, ਹੋਰ ਹੋਰ ਭਟਕਣਾ ਵਿੱਚ ਪੈ ਕੇ ਆਪਣੀ ਇੱਜ਼ਤ ਗੰਵਾ ਲੈਂਦਾ ਹੈ। ਅਕਾਲ ਪੁਰਖੁ ਸਦਾ ਹੀ ਕਾਇਮ ਰਹਿਣ ਵਾਲਾ ਹੈ, ਤੇ ਸਭ ਦਾਤਾਂ ਦੇਣ ਵਾਲਾ ਹੈ, ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਜੀਵਾਂ ਨੂੰ ਜਨਮ ਦੇਣ ਵਾਲਾ ਹੈ। ਉਸ ਨੂੰ ਜਿਹੜਾ ਜੀਵ ਪਿਆਰਾ ਲੱਗਦਾ ਹੈ, ਉਸ ਨੂੰ ਆਪਣੇ ਨਾਮੁ ਵਿੱਚ ਜੋੜਦਾ ਹੈ। ਪਰ ਗੁਰੂ ਦੇ ਸਬਦ ਦੁਆਰਾ ਹੀ ਪਛਾਣ ਹੁੰਦੀ ਹੈ, ਕਿ ਅਕਾਲ ਪੁਰਖੁ ਬੜੇ ਹੀ ਡੂੰਘੇ ਜਿਗਰੇ ਵਾਲਾ ਹੈ ਤੇ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ। ਗੁਰੂ ਦੇ ਦਰ ਤੇ ਆ ਕੇ ਉਹੀ ਮਨੁੱਖ ਜੀਵਨ ਦਾ ਸਹੀ ਰਸਤਾ ਸਮਝਦਾ ਹੈ, ਜਿਸ ਨੂੰ ਅਕਾਲ ਪੁਰਖੁ ਆਪ ਸਮਝ ਬਖ਼ਸ਼ਦਾ ਹੈ। ਜਿਸ ਮਨੁੱਖ ਦਾ ਮਨ, ਇਹ ਹੈਰਾਨ ਕਰਨ ਵਾਲਾ ਜਗਤ-ਤਮਾਸ਼ਾ ਵੇਖ ਕੇ, ਅਕਾਲ ਪੁਰਖੁ ਨੂੰ ਯਾਦ ਨਹੀਂ ਕਰਦਾ, ਉਸ ਦੇ ਵਾਸਤੇ ਜਨਮ ਮਰਨ ਦਾ ਗੇੜ, ਸੰਸਾਰ ਦਾ ਇਹ ਚੱਕਰ ਬਣਿਆ ਰਹਿੰਦਾ ਹੈ। ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹੀ ਜੀਵਨ ਦਾ ਸਹੀ ਰਸਤਾ ਸਮਝਦਾ ਹੈ, ਉਹੀ ਵਿਕਾਰਾਂ ਤੋਂ ਖ਼ਲਾਸੀ ਦਾ ਰਸਤਾ ਲੱਭਦਾ ਹੈ। ਜਿਸ ਮਨੁੱਖ ਉੱਤੇ ਅਕਾਲ ਪੁਰਖੁ ਮਿਹਰ ਕਰਦਾ ਹੈ, ਉਹੀ ਮਨੁੱਖ ਅਕਾਲ ਪੁਰਖੁ ਦੀ ਕਦੇ ਨਾ ਮੁੱਕ ਸਕਣ ਵਾਲੀ ਸਿਫ਼ਤਿ-ਸਾਲਾਹ ਦੀ ਦਾਤ ਹਾਸਲ ਕਰਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲੇ ਕਿਸੇ ਵਿਰਲੇ ਮਨੁੱਖ ਨੇ ਉਸ ਦੀ ਕਦਰ ਸਮਝੀ ਹੈ। ਅਜੇਹੇ ਮਨੁੱਖ ਉਸ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ ਤੇ ਵਿਕਾਰਾਂ ਤੋਂ ਬਚੇ ਰਹਿਣ ਦਾ ਜਤਨ ਕਰਦੇ ਰਹਿੰਦੇ ਹਨ, ਇਸ ਤਰ੍ਹਾਂ ਉਨ੍ਹਾਂ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।

ਸਚਾ ਸਚੁ ਦਾਤਾ ਕਰਮ ਬਿਧਾਤਾ ਜਿਸੁ ਭਾਵੈ ਤਿਸੁ ਨਾਇ ਲਾਏ॥ ਗੁਰੂ ਦੁਆਰੈ ਸੋਈ ਬੂਝੈ ਜਿਸ ਨੋ ਆਪਿ ਬੁਝਾਏ॥ ੪॥ ਦੇਖਿ ਬਿਸਮਾਦੁ ਇਹੁ ਮਨੁ ਨਹੀ ਚੇਤੇ ਆਵਾ ਗਉਣੁ ਸੰਸਾਰਾ॥ ਸਤਿਗੁਰੁ ਸੇਵੇ ਸੋਈ ਬੂਝੈ ਪਾਏ ਮੋਖ ਦੁਆਰਾ॥ ੫॥ (੧੨੩੪, ੧੨੩੫)

ਫੋਕੀਆਂ ਗੱਲਾਂ ਛੱਡ ਕੇ ਆਪਣੇ ਹਿਰਦੇ ਵਿੱਚ ਸਦਾ ਇੱਕ ਅਕਾਲ ਪੁਰਖੁ ਦਾ ਨਾਮੁ ਜਪਣਾ ਚਾਹੀਦਾ ਹੈ, ਜਿਸ ਸਦਕਾ ਅੰਦਰ ਆਤਮਿਕ ਰਸ ਪੈਦਾ ਹੋਵੇ। ਸਭ ਪਦਾਰਥਾਂ ਦਾ ਦਾਤਾ ਅਕਾਲ ਪੁਰਖੁ ਆਪ ਹੈ, ਇਸ ਲਈ ਉਸ ਨੂੰ ਹਮੇਸ਼ਾਂ ਚੇਤੇ ਰੱਖੋ, ਫਿਰ ਕੋਈ ਦੁਨਿਆਵੀ ਭੁੱਖ ਨਹੀਂ ਰਹਿ ਜਾਇਗੀ। ਵੱਡੇ ਭਾਗਾਂ ਨਾਲ, ਜਿਸ ਮਨੁੱਖ ਦੀ ਸੁਰਤਿ ਅਕਾਲ ਪੁਰਖੁ ਦੇ ਚਰਨਾਂ ਵਿੱਚ ਜੁੜਦੀ ਹੈ, ਉਸ ਦਾ ਮਨ ਆਤਮਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ, ਉਸ ਵਿੱਚ ਕੋਈ ਵਿਕਾਰ ਨਹੀਂ ਪੈਦਾ ਹੁੰਦਾਂ, ਉਸ ਸੇਵਕ ਦੀ ਮੱਤ ਮਾਇਆ ਵਲੋਂ ਨਿਰਮੋਹ ਰਹਿੰਦੀ ਹੈ, ਤੇ, ਉਸ ਦੇ ਜਨਮ ਮਰਨ ਦੇ ਡਰ ਦੂਰ ਹੋ ਜਾਂਦੇ ਹਨ।

ਸਹਜ ਸਮਾਧਿ ਉਪਾਧਿ ਰਹਤ ਹੋਏ ਬਡੇ ਭਾਗਿ ਲਿਵ ਲਾਗੀ॥ ਕਹਿ ਰਵਿਦਾਸ ਉਦਾਸ ਦਾਸ ਮਤਿ ਜਨਮ ਮਰਨ ਭੈ ਭਾਗੀ॥ ੩॥ ੨॥ ੧੫॥ (੧੧੦੬)

ਕੋਈ ਚੀਜ਼ ਮਨੁੱਖ ਦੇ ਨਾਲ ਨਹੀਂ ਜਾ ਸਕਦੀ; ਹੋਰ ਤਾਂ ਹੋਰ, ਇਹ ਸਰੀਰ ਵੀ ਇੱਥੇ ਹੀ ਨਾਸ ਹੋ ਜਾਂਦਾ ਹੈ। ਇਸ ਲਈ ਧਨ-ਪਦਾਰਥ ਨੂੰ ਆਪਣਾ ਆਖ ਆਖ ਕੇ, ਮੋਹ ਵਿੱਚ ਫਸਣਾ ਨਹੀਂ ਚਾਹੀਦਾ। ਅਨੇਕਾਂ ਜਤਨ ਕਰ ਕੇ ਇਹ ਸਰੀਰ ਪਾਲੀਦਾ ਹੈ; ਪਰ ਜਦੋਂ ਮੌਤ ਆਉਂਦੀ ਹੈ, ਇਸ ਨੂੰ ਅੱਗ ਨਾਲ ਸਾੜ ਦੇਈਦਾ ਹੈ। ਕਬੀਰ ਸਾਹਿਬ ਤਾਂ ਸਪੱਸ਼ਟ ਕਰਕੇ ਸਮਝਾਉਂਦੇ ਹਨ ਕਿ ਐ ਜੀਵ ! ਤੂੰ ਸ਼ਰਮ ਨਾਲ ਕਿਉਂ ਨਹੀਂ ਡੁੱਬ ਮਰਦਾ, ਭਾਵ, ਤੂੰ ਝੱਕਦਾ ਕਿਉਂ ਨਹੀਂ, ਜਦੋਂ ਤੂੰ ਇਹ ਆਖਦਾ ਹੈਂ, ਕਿ ਇਹ ਘਰ ਮੇਰਾ ਹੈ? ਚੇਤੇ ਰੱਖ, ਜਿਸ ਵੇਲੇ ਮੌਤ ਆਵੇਗੀ, ਉਸ ਵੇਲੇ ਕੋਈ ਵੀ ਚੀਜ਼ ਤੇਰੀ ਨਹੀਂ ਰਹੇਗੀ। ਇਸ ਲਈ ਸੁਚੇਤ ਹੋ ਜਾਉ ਕਿਉਂਕਿ ਇਹ ਦੁਨੀਆਂ ਸਦੀਵੀ ਕਾਲ ਲਈ ਨਹੀਂ ਹੈ।

ਲਾਜ ਨ ਮਰਹੁ ਕਹਹੁ ਘਰੁ ਮੇਰਾ॥ ਅੰਤ ਕੀ ਬਾਰ ਨਹੀ ਕਛੁ ਤੇਰਾ॥ ੧॥ ਰਹਾਉ॥ ੪॥ ੧੧॥ (੩੨੫)

ਜਿਵੇਂ ਰੁੱਖਾਂ ਉੱਤੇ ਪੰਛੀਆਂ ਦਾ ਸਿਰਫ਼ ਰਾਤ ਲਈ ਡੇਰਾ ਹੁੰਦਾ ਹੈ, ਤਿਵੇਂ ਜੀਵਾਂ ਦੀ ਵੱਸੋਂ ਇਸ ਜਗਤ ਵਿੱਚ ਹੈ। ਮਨੁੱਖ ਨੇ ਇਸ ਜਗਤ ਵਿੱਚ ਸਦੀਵੀ ਕਾਲ ਨਹੀਂ ਰਹਿੰਣਾਂ ਹੈ, ਇੱਕ ਦਿਨ ਸੱਭ ਕੁੱਝ ਇਥੇ ਛੱਡ ਕੇ ਖਾਲੀ ਹੱਥ ਤੁਰ ਜਾਣਾ ਹੈ। ਪਰ ਕਈ ਲੋਕ ਇਸ ਦੁਨਂੀਆਂ ਨੂੰ ਆਪਣਾ ਪੱਕਾ ਸਥਾਨ ਸਮਝ ਲੈਂਦੇ ਹਨ। ਵੱਡੇ ਵੱਡੇ ਕਿੱਲੇ ਤੇ ਮਹਿਲ ਮਾੜੀਆਂ ਬਣਾ ਕੇ ਮਾਣ ਕਰਦੇ ਹਨ, ਦਾਤੇ ਨੂੰ ਭੁਲਾ ਕੇ ਆਪਣਾ ਜੀਵਨ ਕਮੀਨਾ ਬਣਾ ਰਹੇ ਹਨ, ਤੇ ਇਹ ਵਡਮੁੱਲਾ ਮਨੁੱਖਾ ਜਨਮ ਅਜਾਈਂ ਗਵਾ ਰਹੇ ਹਨ।

ਪ੍ਰਾਨੀ ਕਿਆ ਮੇਰਾ ਕਿਆ ਤੇਰਾ॥ ਜੈਸੇ ਤਰਵਰ ਪੰਖਿ ਬਸੇਰਾ॥ ੧॥ ਰਹਾਉ॥॥ ੫॥ ੬॥ (੬੫੯)

ਫਰੀਦ ਸਾਹਿਬ ਸਪੱਸ਼ਟ ਤੌਰ ਤੇ ਸਮਝਾ ਰਹੇ ਹਨ, ਕਿ ਜਿਹੜੇ ਮਨੁੱਖ ਸਾਰੀ ਉਮਰ ਘਰ ਮਹਲ ਮਾੜੀਆਂ ਉਸਾਰਦੇ ਰਹੇ, ਉਹ ਵੀ ਇੱਕ ਦਿਨ ਇਨ੍ਹਾਂ ਨੂੰ ਛੱਡ ਕੇ ਚਲੇ ਗਏ। ਅਜੇਹੇ ਵਪਾਰੀਆਂ ਨੇ ਉਹੋ ਸਉਦਾ ਕੀਤਾ, ਜੋ ਨਾਲ ਨਾ ਨਿਭਿਆ ਤੇ ਅੰਤ ਖ਼ਾਲੀ ਹੱਥ ਕਬਰਾਂ ਵਿੱਚ ਜਾ ਪਏ, ਭਾਵ ਇਹ ਕੀਮਤੀ ਮਨੁੱਖਾ ਜੀਵਨ ਅਜਾਈ ਗਵਾ ਕੇ, ਇਸ ਦੁਨੀਆਂ ਤੋਂ ਚਲੇ ਗਏ।

ਫਰੀਦਾ ਕੋਠੇ ਮੰਡਪ ਮਾੜੀਆ ਉਸਾਰੇਦੇ ਭੀ ਗਏ॥ ਕੂੜਾ ਸਉਦਾ ਕਰਿ ਗਏ ਗੋਰੀ ਆਇ ਪਏ॥ ੪੬॥ (੧੩੮੦)

ਜੇ ਆਪਣੇ ਮਨ ਨੂੰ ਜਿੱਤ ਲਈਏ, ਆਪਣੇ ਵੱਸ ਵਿੱਚ ਕਰ ਲਈਏ ਤਾਂ ਵਿਕਾਰਾਂ ਉਤੇ ਜਿੱਤ ਪ੍ਰਾਪਤ ਹੋ ਜਾਂਦੀ ਹੈ, ਮਾਇਆ ਦੇ ਮੋਹ ਦੇ ਬੰਧਨ ਕੱਟੇ ਜਾਂਦੇ ਹਨ, ਤੇ ਮਾਇਆ ਪਿਛੇ ਭਟਕਣਾ ਮੁੱਕ ਜਾਂਦੀ ਹੈ। ਜਿਸ ਮਨੁੱਖ ਨੂੰ ਗੁਰੂ ਪਾਸੋਂ ਮਨ ਦੀ ਅਡੋਲਤਾ ਮਿਲ ਜਾਂਦੀ ਹੈ, ਉਸ ਦੇ ਜਨਮ ਮਰਨ ਦੇ ਗੇੜ ਸਦਾ ਲਈ ਮੁੱਕ ਜਾਂਦੇ ਹਨ। ਜੀਵ ਅਨੇਕਾਂ ਜੂਨਾਂ ਵਿੱਚ ਭਟਕਦਾ ਆਇਆ ਹੈ, ਤੇ ਹੁਣ ਇਸ ਸੰਸਾਰ ਵਿੱਚ ਇਹ ਮਨੁੱਖਾ ਜਨਮ ਮਿਲਿਆ ਹੈ, ਜੋ ਬੜੀ ਮੁਸ਼ਕਲ ਨਾਲ ਮਿਲਦਾ ਹੈ। ਜੇ ਜੀਵ ਹੁਣ ਵੀ ਵਿਕਾਰਾਂ ਦੇ ਬੰਧਨਾਂ ਵਿੱਚ ਹੀ ਫਸਿਆ ਰਿਹਾ, ਤਾਂ ਅਜੇਹਾ ਸੋਹਣਾ ਮੌਕਾ ਫਿਰ ਨਹੀਂ ਮਿਲੇਗਾ। ਜੇ ਕਰ ਸਬਦ ਗੁਰੂ ਦੀ ਮਿਹਰ ਸਦਕਾ ਅਕਾਲ ਪੁਰਖੁ ਨੂੰ ਹਿਰਦੇ ਵਿੱਚ ਵਸਾ ਲਈਏ, ਤਾਂ ਮਾਇਆ ਦੇ ਸਾਰੇ ਬੰਧਨ ਕੱਟੇ ਜਾਂਦੇ ਹਨ, ਭਟਕਣਾ ਮੁਕ ਜਾਂਦੀ ਹੈ।

ਸਲੋਕੁ॥ ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨਿ ਜੀਤ॥ ਨਾਨਕ ਗੁਰ ਤੇ ਥਿਤਿ ਪਾਈ ਫਿਰਨ ਮਿਟੇ ਨਿਤ ਨੀਤ॥ (੨੫੮)

ਜੇ ਅਕਾਲ ਪੁਰਖੁ ਜੀਵ ਉੱਤੇ ਮਿਹਰ ਦੀ ਨਜ਼ਰ ਕਰੇਂ, ਤਾਂ ਉਸ ਦੀ ਕਿਰਪਾ-ਦ੍ਰਿਸ਼ਟੀ ਨਾਲ ਸਤਿਗੁਰੂ ਮਿਲ ਪੈਂਦਾ ਹੈ। ਇਹ ਵਿਚਾਰਾ ਜੀਵ, ਜਦੋਂ ਬਹੁਤੇ ਜਨਮਾਂ ਵਿੱਚ ਭਟਕ ਚੁਕਿਆ ਤੇ ਉਸ ਦੀ ਮਿਹਰ ਦੀ ਨਜ਼ਰ ਹੋਈ, ਤਾਂ ਇਸ ਨੂੰ ਸਤਿਗੁਰੂ ਨੇ ਆਪਣਾ ਸਬਦ ਸੁਣਾਇਆ। ਗੁਰੂ ਸਾਹਿਬ ਤਾਂ ਵਾਰ ਵਾਰ ਹੋਕਾ ਦੇ ਕੇ ਕਹਿੰਦੇ ਹਨ, ਕਿ ਸਾਰੇ ਧਿਆਨ ਨਾਲ ਸੁਣੋ! ਸਤਿਗੁਰੂ ਦੇ ਬਰਾਬਰ ਦਾ ਹੋਰ ਕੋਈ ਦਾਤਾ ਨਹੀਂ ਹੈ। ਜਿਨ੍ਹਾਂ ਮਨੁੱਖਾਂ ਨੇ ਆਪਣੇ ਅੰਦਰੋਂ ਆਪਾ-ਭਾਵ ਗਵਾ ਲਿਆ ਹੈ, ਆਪਣਾ ਹਉਮੈਂ ਦੂਰ ਕਰ ਲਿਆ, ਉਨ੍ਹਾਂ ਨੂੰ ਸਤਿਗੁਰੂ ਦੇ ਮਿਲਣ ਨਾਲ, ਸੱਚੇ ਅਕਾਲ ਪੁਰਖੁ ਦੀ ਪ੍ਰਾਪਤੀ ਹੋ ਗਈ। ਇਹ ਸਤਿਗੁਰੂ ਦੀ ਸੱਚੀ ਬਾਣੀ ਹੀ ਹੈ, ਜੋ ਸਦਾ-ਥਿਰ ਰਹਿਣ ਵਾਲੇ ਅਕਾਲ ਪੁਰਖੁ ਬਾਰੇ ਸੂਝ ਦੇਂਦੀ ਹੈ। ਅਸੀਂ ਗੁਰਬਾਣੀ ਦੁਆਰਾ ਸੂਝ ਪ੍ਰਾਪਤ ਕਰਕੇ ਆਪਾ-ਭਾਵ ਗਵਾਉਂਣ ਦੀ ਜਾਚ ਸਿੱਖ ਸਕਦੇ ਹਾਂ, ਜਿਸ ਸਦਕਾ ਉਸ ਸੱਚੇ ਅਕਾਲ ਪੁਰਖੁ ਨੂੰ ਪ੍ਰਾਪਤ ਕਰ ਸਕਦੇ ਹਾਂ।

ਪਉੜੀ॥ ਨਦਰਿ ਕਰਹਿ ਜੇ ਆਪਣੀ ਤਾ ਨਦਰੀ ਸਤਿਗੁਰੁ ਪਾਇਆ॥ ਏਹੁ ਜੀਉ ਬਹੁਤੇ ਜਨਮ ਭਰੰਮਿਆ ਤਾ ਸਤਿਗੁਰਿ ਸਬਦੁ ਸੁਣਾਇਆ॥ ਸਤਿਗੁਰ ਜੇਵਡੁ ਦਾਤਾ ਕੋ ਨਹੀ ਸਭਿ ਸੁਣਿਅਹੁ ਲੋਕ ਸਬਾਇਆ॥ ਸਤਿਗੁਰਿ ਮਿਲਿਐ ਸਚੁ ਪਾਇਆ ਜਿਨੀੑ ਵਿਚਹੁ ਆਪੁ ਗਵਾਇਆ॥ ਜਿਨਿ ਸਚੋ ਸਚੁ ਬੁਝਾਇਆ॥ ੪॥ (੪੬੫)

ਅਕਾਲ ਪੁਰਖੁ ਸਭ ਜੀਵਾਂ ਵਿੱਚ ਮੌਜੂਦ ਹੈ, ਉਹ ਆਪ ਹੀ ਮਾਲਕ ਹੈ, ਆਪ ਹੀ ਸੇਵਕ ਹੈ, ਤੇ ਆਪ ਹੀ ਆਪਣੀ ਪੂਜਾ ਕਰ ਰਿਹਾ ਹੈ। ਅਕਾਲ ਪੁਰਖੁ ਹਰੇਕ ਜੀਵ ਦੇ ਅੰਦਰ ਵਿਆਪਕ ਹੋਣ ਕਰਕੇ, ਆਪ ਹੀ ਜੀਵਾਂ ਦੇ ਕੰਮਾਂ ਨੂੰ ਜਾਣਦਾ ਹੈ, ਵੇਖਦਾ ਹੈਂ, ਤੇ ਆਪ ਹੀ ਚੰਗੇ ਆਚਰਨ ਵਾਲਾ ਹੈ। ਆਪ ਹੀ ਜਤੀ ਹੈ, ਆਪ ਹੀ ਪਵਿਤ੍ਰ ਆਚਰਨ ਵਾਲਾ ਹੈ। ਇਹ ਸਾਰਾ ਜਗਤ-ਖਿਲਾਰਾ ਆਪ ਹੀ ਖਿਲਾਰਿਆ ਹੋਇਆ ਹੈ, ਆਪ ਹੀ ਇਹ ਜਗਤ ਵਿੱਚ ਖੇਡ, ਖੇਡ ਰਿਹਾ ਹੈ। ਜੀਵਾਂ ਦੇ ਜੰਮਣ ਮਰਨ ਦਾ ਤਮਾਸ਼ਾ ਆਪ ਹੀ ਰਚਾਇਆ ਹੋਇਆ ਹੈ, ਇਹ ਤਮਾਸ਼ੇ ਰਚ ਕੇ ਆਪ ਹੀ ਵੇਖ ਰਿਹਾ ਹੈ। ਜਿਸ ਮਨੁੱਖ ਨੂੰ ਅਕਾਲ ਪੁਰਖੁ, ਗੁਰੂ ਉਪਦੇਸ਼ ਦੀ ਦਾਤ ਦੇਂਦਾ ਹੈਂ, ਉਸ ਨੂੰ ਮੁੜ ਜੂਨਾਂ ਦੇ ਗੇੜ ਵਿੱਚ ਨਹੀਂ ਪਾਉਂਦਾ ਹੈ। ਅਕਾਲ ਪੁਰਖੁ ਦੇ ਪੈਦਾ ਕੀਤੇ ਹੋਏ, ਇਨ੍ਹਾਂ ਜੀਵਾਂ ਦੇ ਇਖ਼ਤਿਆਰ ਵਿੱਚ ਕੁੱਝ ਨਹੀਂ ਹੈ, ਜਿਵੇਂ ਉਹ ਆਪ ਜੀਵਾਂ ਨੂੰ ਤੋਰ ਰਿਹਾ ਹੈਂ, ਤਿਵੇਂ ਤੁਰ ਰਹੇ ਹਨ।

ਸਭੁ ਬ੍ਰਹਮ ਪਸਾਰੁ ਪਸਾਰਿਓ ਆਪੇ ਖੇਲੰਤਾ॥ ਇਹੁ ਆਵਾ ਗਵਣੁ ਰਚਾਇਓ ਕਰਿ ਚੋਜ ਦੇਖੰਤਾ॥ ਤਿਸੁ ਬਾਹੁੜਿ ਗਰਭਿ ਨ ਪਾਵਹੀ ਜਿਸੁ ਦੇਵਹਿ ਗੁਰ ਮੰਤਾ॥ ਜਿਉ ਆਪਿ ਚਲਾਵਹਿ ਤਿਉ ਚਲਦੇ ਕਿਛੁ ਵਸਿ ਨ ਜੰਤਾ॥ ੪॥ (੧੦੯੫)

ਜੀਵਨ ਦੇ ਸਫ਼ਰ ਲਈ ਅਕਾਲ ਪੁਰਖੁ ਦੇ ਨਾਮੁ ਦਾ ਸੋਹਣਾ ਜੇਹਾ ਬੇੜਾ ਤਿਆਰ ਕਰ, ਇਸ ਬੇੜੇ ਵਿੱਚ ਬੈਠ ਕੇ ਤੂੰ ਇਸ ਸੰਸਾਰ-ਸਮੁੰਦਰ ਵਿਚੋਂ ਛੇਤੀ ਪਾਰ ਲੰਘ ਜਾਵੇਂਗਾ, ਜੀਵਨ ਦਾ ਰਸਤਾ ਸੌਖਾ ਹੋ ਜਾਵੇਗਾ। ਅਕਾਲ ਪੁਰਖੁ ਦਾ ਨਾਮੁ ਹੀ ਸੋਹਣੀ ਮਜੀਠ ਹੈ, ਜਿਸ ਦੇ ਪੱਕੇ ਰੰਗ ਨਾਲ ਆਤਮਕ ਜੀਵਨ ਦਾ ਚੋਲਾ ਰੰਗਿਆ ਜਾ ਸਕਦਾ ਹੈ। ਜੇ ਪੱਲੇ ਗੁਣ ਹੋਣ ਤਾਂ ਅਕਾਲ ਪੁਰਖੁ ਆਪ ਹੀ, ਆਪਣੇ ਨਾਲ ਮਿਲਾ ਲੈਂਦਾ ਹੈ। ਜੇਹੜਾ ਜੀਵ ਅਕਾਲ ਪੁਰਖੁ ਦੇ ਚਰਨਾਂ ਵਿੱਚ ਜੁੜ ਜਾਏ, ਅਤੇ ਹਿਰਦੇ ਵਿੱਚ ਉਸ ਨੂੰ ਵਸਾ ਲਏ, ਤਾਂ ਫਿਰ ਉਹ ਕਦੇ ਵੀ ਅਕਾਲ ਪੁਰਖੁ ਦੇ ਮਿਲਾਪ ਤੋਂ ਵਿਛੁੜਦਾ ਨਹੀਂ। ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ, ਤੇ ਉਸ ਨੂੰ ਹਰ ਥਾਂ ਉਹ ਸਦਾ-ਥਿਰ ਅਕਾਲ ਪੁਰਖੁ ਦਿਖਾਈ ਦਿੰਦਾ ਹੈ।

ਮਿਲਿਆ ਹੋਇ ਨ ਵੀਛੁੜੈ ਜੇ ਮਿਲਿਆ ਹੋਈ॥ ਆਵਾ ਗਉਣੁ ਨਿਵਾਰਿਆ ਹੈ ਸਾਚਾ ਸੋਈ॥ (੭੨੯)

ਗੁਰਮੁਖਿ ਸੱਚੇ ਅਕਾਲ ਪੁਰਖੁ ਤੋਂ ਪੈਦਾ ਹੁੰਦਾ ਹੈ, ਤੇ ਸੱਚੇ ਵਿੱਚ ਹੀ ਲੀਨ ਰਹਿੰਦਾ ਹੈ; ਅਕਾਲ ਪੁਰਖੁ ਤੇ ਗੁਰਮੁਖਿ ਇੱਕ-ਰੂਪ ਹੋ ਜਾਂਦੇ ਹਨ। ਪਰ ਝੂਠੇ, ਭਾਵ, ਨਾਸਵੰਤ ਮਾਇਆ ਵਿੱਚ ਲੱਗੇ ਹੋਏ ਬੰਦੇ, ਜਗਤ ਵਿੱਚ ਆਉਂਦੇ ਹਨ, ਪਰ ਉਨ੍ਹਾਂ ਦਾ ਮਨ ਟਿਕਦਾ ਨਹੀਂ, ਦਵੈਤ ਭਾਵ ਕਰਕੇ ਉਨ੍ਹਾਂ ਦਾ ਜਨਮ ਮਰਨ ਦਾ ਚੱਕਰ ਬਣਿਆ ਰਹਿੰਦਾ ਹੈ। ਇਹ ਜਨਮ ਮਰਨ ਦਾ ਚੱਕਰ ਸਤਿਗੁਰੂ ਦੇ ਸਬਦ, ਭਾਵ ਗੁਰੁ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਨੂੰ ਆਪਣੇ ਜੀਵਨ ਦਾ ਹਿਸਾ ਬਣਾਉਂਣ ਨਾਲ ਮਿਟਦਾ ਹੈ। ਗੁਰ-ਸਬਦ ਵਿੱਚ ਜੁੜੇ ਮਨੁੱਖ ਨੂੰ ਅਕਾਲ ਪੁਰਖੁ ਆਪ ਪਛਾਣ ਲੈਂਦਾ ਹੈ, ਤੇ ਉਸ ਉਤੇ ਮੇਹਰ ਕਰਦਾ ਹੈ।

ਸਾਚੌ ਉਪਜੈ ਸਾਚਿ ਸਮਾਵੈ ਸਾਚੇ ਸੂਚੇ ਏਕ ਮਇਆ॥ ਝੂਠੇ ਆਵਹਿ ਠਵਰ ਨ ਪਾਵਹਿ ਦੂਜੈ ਆਵਾ ਗਉਣੁ ਭਇਆ॥ ਆਵਾ ਗਉਣੁ ਮਿਟੈ ਗੁਰ ਸਬਦੀ ਆਪੇ ਪਰਖੈ ਬਖਸਿ ਲਇਆ॥ (੯੪੦, ੯੪੧)

ਜਿਸ ਮਨੁੱਖ ਨੇ ਗੁਰੂ ਦੇ ਸਬਦ ਨਾਲ ਸਾਂਝ ਪਾ ਲਈ, ਉਹ ਸਮਝ ਜਾਂਦਾ ਹੈ, ਕਿ ਇਹ ਜਗਤ ਜਨਮ ਮਰਨ ਦਾ ਚੱਕਰ ਹੀ ਹੈ, ਇਥੇ ਮਾਇਆ ਦਾ ਮੋਹ ਪ੍ਰਬਲ ਹੈ, ਜਿਸ ਦੇ ਕਾਰਨ ਜੀਵ ਵਿਕਾਰ ਚਿਤਵਦਾ ਰਹਿੰਦਾ ਹੈ। ਜਿਨ੍ਹਾਂ ਨੇ ਗੁਰੂ ਦੇ ਸਬਦ ਨੂੰ ਪਛਾਣ ਲਿਆ, ਉਹ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖੁ ਦੀ ਸਿਫਤ ਸਾਲਾਹ ਕਰਦੇ ਰਹਿੰਦੇ ਹਨ, ਤੇ ਆਪਣਾ ਮਨੁੱਖਾ ਜੀਵਨ ਸਫਲ ਕਰ ਲੈਂਦੇ ਹਨ।

ਆਵਾ ਗਉਣੁ ਹੈ ਸੰਸਾਰਾ॥ ਮਾਇਆ ਮੋਹੁ ਬਹੁ ਚਿਤੈ ਬਿਕਾਰਾ॥ ਥਿਰੁ ਸਾਚਾ ਸਾਲਾਹੀ ਸਦ ਹੀ ਜਿਨਿ ਗੁਰ ਕਾ ਸਬਦੁ ਪਛਾਤਾ ਹੇ॥ ੩॥ (੧੦੫੧)

ਗੁਣਾਂ ਦੇ ਖ਼ਜ਼ਾਨੇ, ਅਕਾਲ ਪੁਰਖੁ ਦੀ ਕੁਦਰਤ ਦਾ ਕਿਸੇ ਨੇ ਅੰਤ ਨਹੀਂ ਪਾਇਆ ਹੈ। ਜੇਹੜਾ ਮਨੁੱਖ ਅਕਾਲ ਪੁਰਖੁ ਦੀ ਸਦਾ-ਥਿਰ ਰਹਿਣ ਵਾਲੀ ਸਿਫ਼ਤਿ-ਸਾਲਾਹ ਦੇ ਸਬਦ ਵਿੱਚ ਜੁੜਦਾ ਹੈ, ਉਹ ਉਸ ਦੇ ਵਿੱਚ ਲੀਨ ਰਹਿੰਦਾ ਹੈ। ਗੁਰਬਾਣੀ ਦੁਆਰਾ ਮਨੁੱਖ ਨੂੰ ਸਮਝ ਆ ਜਾਂਦੀ ਹੈ, ਕਿ ਅਕਾਲ ਪੁਰਖੁ ਕੋਈ ਪਰਾਇਆ ਨਹੀਂ, ਉਹ ਤਾਂ ਸਭ ਵਿੱਚ ਸਮਾਇਆ ਹੋਇਆ ਹੈ। ਜਨਮ ਮਰਨ ਦਾ ਗੇੜ, ਅਕਾਲ ਪੁਰਖੁ ਨੇ ਆਪ ਹੀ ਬਣਾਇਆ ਹੈ। ਜਿਨ੍ਹਾਂ ਨੇ ਉਸ ਦੇ ਸਦਾ-ਥਿਰ ਨਾਮੁ ਵਿੱਚ ਚਿੱਤ ਜੋੜਿਆ ਹੈ, ਉਹ ਇਸ ਗੇੜ ਵਿੱਚ ਨਹੀਂ ਪੈਂਦੇ, ਤੇ ਉਹੀ ਅਸਲ ਭਗਤ ਹਨ। ਇਸ ਲਈ ਅਜੇਹੇ ਤਰੀਕੇ ਨਾਲ ਅਕਾਲ ਪੁਰਖੁ ਦੇ ਗੁਣਾਂ ਦਾ ਜਾਪ ਕਰਨਾ ਹੈ, ਕਿ ਦੁਖਾਂ ਦੀ ਘਬਰਾਹਟ ਨਹੀਂ ਤੇ ਸੁਖਾਂ ਦੀ ਲਾਲਸਾ ਨਹੀਂ, ਸਿਰਫ ਅਕਾਲ ਪੁਰਖੁ ਦੀ ਪ੍ਰੇਮ-ਭਰੀ ਭਗਤੀ ਵਿੱਚ ਲੀਨ ਰਹਿਣਾ ਹੈ।

ਗੁਣ ਨਿਧਾਨ ਤੇਰਾ ਅੰਤੁ ਨ ਪਾਇਆ॥ ਸਾਚ ਸਬਦਿ ਤੁਝ ਮਾਹਿ ਸਮਾਇਆ॥ ਆਵਾ ਗਉਣੁ ਤੁਧੁ ਆਪਿ ਰਚਾਇਆ॥ ਸੇਈ ਭਗਤ ਜਿਨ ਸਚਿ ਚਿਤੁ ਲਾਇਆ॥ ੨॥ (੧੩੪੨, ੧੩੪੩)

ਜੇਹੜਾ ਮਨੁੱਖ ਗੁਰੂ ਦੇ ਬਚਨਾਂ ਦੀ ਸੰਗਤਿ ਵਿੱਚ ਟਿਕ ਕੇ ਅਕਾਲ ਪੁਰਖੁ ਨੂੰ ਯਾਦ ਕਰਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ। ਆਤਮਕ ਅਡੋਲਤਾ ਦੇ ਕਾਰਨ ਉਸ ਦੇ ਅੰਦਰ, ਦਿਨ ਰਾਤ, ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ। ਸਾਧ ਸੰਗਤਿ ਦੀ ਬਰਕਤਿ ਨਾਲ ਪਿਛਲੇ ਕੀਤੇ ਕਰਮਾਂ ਦਾ ਭਲਾ ਅੰਕੁਰ ਫੁੱਟ ਪੈਂਦਾ ਹੈ। ਗੁਰੂ ਦੇ ਬਚਨਾਂ ਉਤੇ ਤੁਰਿਆਂ ਜਨਮ ਮਰਨ ਵਿੱਚ ਪਾਉਣ ਵਾਲੀਆਂ ਫਾਹੀਆਂ ਕੱਟੀਆਂ ਜਾਂਦੀਆਂ ਹਨ, ਕਸ਼ਟਾਂ-ਭਰੇ ਕਈ ਜਨਮਾਂ ਦੇ ਗੇੜ ਮੁੜ ਮੁੜ ਵੇਖਣੇ ਨਹੀਂ ਪੈਂਦੇ। ਗੁਰੂ ਸਾਹਿਬ ਸਮਝਾਂਉਂਦੇ ਹਨ ਕਿ ਮੈਂ ਵੀ ਗੁਰਬਾਣੀ ਦੀ ਸੰਗਤਿ ਦੁਆਰਾ ਉਸ ਮਾਲਕ ਦਾ ਆਸਰਾ ਲਿਆ ਹੈ, ਤੇ ਉਸ ਦੇ ਦਰ ਤੇ ਵਾਰ ਵਾਰ ਸਿਰ ਨਿਵਾਉਂਦਾ ਹਾਂ।

ਜਨਮ ਮਰਨ ਕਾਟੇ ਗੁਰ ਬਚਨੀ ਬਹੁੜਿ ਨ ਸੰਕਟ ਦੁਆਰਾ॥ ਨਾਨਕ ਸਰਨਿ ਗਹੀ ਸੁਆਮੀ ਕੀ ਪੁਨਹ ਪੁਨਹ ਨਮਸਕਾਰਾ॥ (੭੧੭)

ਜੋ ਮਨੁੱਖ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਦਾ ਸਬਦ ਵਿਚਾਰਦੇ ਹਨ, ਉਹ ਉਸ ਵਿੱਚ ਹੀ ਲੀਨ ਹੋ ਜਾਂਦੇ ਹਨ। ਕਈ ਮਨੁੱਖ ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡ ਕਰਦੇ ਹਨ ਤੇ ਭੇਖ ਬਣਾ ਕੇ ਭਟਕਦੇ ਰਹਿੰਦੇ ਹਨ, ਪਰ ਗੁਰੂ ਦੀ ਸਰਨ ਆਉਣ ਤੋਂ ਬਿਨਾ ਅਕਾਲ ਪੁਰਖੁ ਨੂੰ ਕਿਸੇ ਨਹੀਂ ਲੱਭਿਆ। ਸਤਿਗੁਰੂ ਦਾ ਸਬਦੁ, ਇੱਕ ਚਮਕਦਾ ਮੋਤੀ ਦੀ ਤਰ੍ਹਾਂ ਹੈ, ਜੋ ਕਿ ਮਨੁੱਖ ਦੇ ਹਿਰਦੇ ਅੰਦਰ ਗਿਆਨ ਦਾ ਚਾਨਣ ਪੈਦਾ ਕਰ ਸਕਦਾ ਹੈ। ਜਿਸ ਨੂੰ ਅਕਾਲ ਪੁਰਖੁ ਨੇ ਇਹ ਮੋਤੀ ਬਖ਼ਸ਼ਿਆ ਹੈ, ਉਸ ਦੇ ਹਿਰਦੇ ਵਿੱਚ ਅਕਾਲ ਪੁਰਖੁ ਨੇ ਆਪ ਚਾਨਣ ਕਰ ਕੇ, ਉਸ ਨੂੰ ਆਪਣਾ ਆਪ ਵਿਖਾਇਆ ਹੈ। ਉਹ ਵਡ-ਭਾਗੀ ਮਨੁੱਖ ਆਪਣਾ ਅਸਲਾ ਪਛਾਣ ਲੈਂਦਾ ਹੈ ਤੇ ਗੁਰੂ ਦੀ ਸਿੱਖਿਆ ਦੁਆਰਾ ਸੱਚੇ ਅਕਾਲ ਪੁਰਖੁ ਵਿੱਚ ਲੀਨ ਹੋ ਜਾਂਦਾ ਹੈ। ਪਰ ਜਿਨ੍ਹਾਂ ਭੇਖੀਆਂ ਨੇ ਵਿਖਾਵੇ ਦਾ ਢੌਂਗ ਰਚਾਇਆ ਹੋਇਆ ਹੈ, ਉਨ੍ਹਾਂ ਪਖੰਡੀਆਂ ਨੂੰ ਜਨਮ ਮਰਨ ਦਾ ਗੇੜ ਮਿਲਦਾ ਹੈ। ਜਿਨ੍ਹਾਂ ਨੂੰ ਮਨ ਵਿੱਚ ਸੱਚਾ ਅਕਾਲ ਪੁਰਖੁ ਪਿਆਰਾ ਲੱਗਦਾ ਹੈ, ਉਹ ਸਦਾ-ਥਿਰ ਰਹਿਣ ਵਾਲੇ ਇੱਕ ਅਕਾਲ ਪੁਰਖੁ ਦੇ ਗੁਣ ਗਾਂਉਂਦੇ ਰਹਿੰਦੇ ਹਨ।

ਗੁਰ ਕਾ ਸਬਦੁ ਰਤੰਨੁ ਹੈ ਕਰਿ ਚਾਨਣੁ ਆਪਿ ਦਿਖਾਇਆ॥ ਆਪਣਾ ਆਪੁ ਪਛਾਣਿਆ ਗੁਰਮਤੀ ਸਚਿ ਸਮਾਇਆ॥ ਆਵਾ ਗਉਣੁ ਬਜਾਰੀਆ ਬਾਜਾਰੁ ਜਿਨੀ ਰਚਾਇਆ॥ ਇਕੁ ਥਿਰੁ ਸਚਾ ਸਾਲਾਹਣਾ ਜਿਨ ਮਨਿ ਸਚਾ ਭਾਇਆ॥ ੨੫॥ (੧੨੯੦)

ਜਿਵੇਂ ਪੰਦ੍ਰਾਂ ਥਿੱਤਾਂ ਅਤੇ ਸੱਤ ਵਾਰ, ਮਹੀਨੇ, ਰੁੱਤਾਂ, ਰਾਤ ਤੇ ਦਿਨ ਮੁੜ ਮੁੜ ਆਉਂਦੇ ਰਹਿੰਦੇ ਹਨ, ਤਿਵੇਂ ਹੀ ਇਹ ਜਗਤ ਹੈ, ਭਾਵ, ਜਗਤ ਦੇ ਜੀਵ ਜੰਮਦੇ ਮਰਦੇ ਰਹਿੰਦੇ ਹਨ। ਕਰਤਾਰ ਨੇ ਆਪ ਹੀ ਜੀਵਾਂ ਵਾਸਤੇ ਜਨਮ ਮਰਨ ਦਾ ਗੇੜ ਬਣਾ ਦਿੱਤਾ ਹੈ। ਅਟੱਲ ਰਹਿਣ ਵਾਲਾ ਸਦਾ-ਥਿਰ ਸਿਰਫ ਅਕਾਲ ਪੁਰਖੁ ਹੀ ਹੈ, ਜਿਸ ਨੇ ਸਾਰੀ ਸ੍ਰਿਸ਼ਟੀ ਵਿੱਚ ਆਪਣੀ ਸੱਤਾ ਟਿਕਾ ਰੱਖੀ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ, ਗੁਰੂ ਦੇ ਸਬਦ ਨੂੰ ਆਪਣੇ ਮਨ ਵਿੱਚ ਵਿਚਾਰ ਕੇ ਇਸ ਭੇਦ ਨੂੰ ਸਮਝ ਲੈਂਦਾ ਹੈ। ਜੇ ਕਰ ਅਸੀਂ ਇਸ ਸਚਾਈ ਨੂੰ ਸਮਝਣਾਂ ਚਾਹੁੰਦੇ ਹਾਂ, ਤਾਂ ਸਾਨੂੰ ਗੁਰਮੁਖਿ ਬਣਨ ਲਈ ਸਬਦ ਗੁਰੂ ਦਾ ਓਟ ਆਸਰਾ ਲੈਣਾਂ ਪਵੇਗਾ।

ਆਵਾ ਗਉਣੁ ਕੀਆ ਕਰਤਾਰਿ॥ ਨਿਹਚਲੁ ਸਾਚੁ ਰਹਿਆ ਕਲ ਧਾਰਿ॥ ਨਾਨਕ ਗੁਰਮੁਖਿ ਬੂਝੈ ਕੋ ਸਬਦੁ ਵੀਚਾਰਿ॥ ੧੦॥ ੧॥ (੮੪੨)

ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਦੁਆਰਾ ਬਹੁਤ ਉੱਤਮ ਤੇ ਉੱਚੇ ਬਚਨ ਸਮਝਾਂਏ, ਤੇ ਲੋਕਾਂ ਨੂੰ ਕਰਮ ਕਾਂਡਾਂ ਵਿਚੋਂ ਕੱਡ ਕੇ ਸਹੀ ਦਿਸ਼ਾ ਵੱਲ ਤੋਰਿਆ। ਇਸ ਲਈ ਕਹਿ ਸਕਦੇ ਹਾਂ ਕਿ ਉਨ੍ਹਾਂ ਨੇ ਗੰਗਾ ਨੂੰ ਹੋਰ ਪਾਸੇ ਵੱਲ ਤੋਰ ਦਿੱਤਾ ਹੈ। ਗੁਰੂ ਨਾਨਕ ਸਾਹਿਬ ਨੇ ਉੱਚੀ ਸੁਰਤਿ ਨੂੰ ਮਧਾਣੀ ਬਣਾ ਕੇ, ਮਨ-ਰੂਪੀ ਨਾਗ ਨੂੰ ਕਾਬੂ ਕਰ ਕੇ ‘ਸਬਦ’ ਵਿੱਚ ਰਿੜਕਿਆ, ਭਾਵ, ‘ਸਬਦ’ ਨੂੰ ਵੀਚਾਰਿਆ। ਕਲਪਿਤ ਕਹਾਣੀ ਹੈ ਕਿ ਸਮੁੰਦਰ ਵਿਚੋਂ ਦੇਵਤਿਆਂ ਨੇ ਚੌਦਾਂ ਰਤਨ ਕੱਢੇ ਸਨ, ਪਰ ਉਸ ਦੇ ਵਿਪਰੀਤ, ਇਹ ਅਸਲੀਅਤ ਹੈ ਕਿ ਗੁਰੂ ਨਾਨਕ ਸਾਹਿਬ ਨੇ ਇਸ ‘ਸਬਦ’ ਵਿਚੋਂ ‘ਰੱਬੀ ਗੁਣ’ ਰੂਪੀ ਚੌਦਾਂ ਰਤਨ ਕੱਢੇ, ਤੇ, ਇਸ ਉੱਦਮ ਸਦਕਾ ਸੰਸਾਰ ਨੂੰ ਸੋਹਣਾ ਬਣਾ ਦਿੱਤਾ। ਇਸ ਲਈ ਜੇ ਕਰ ਅਸੀਂ ਆਪਣਾ ਮਨ ਸੁੰਦਰ ਬਣਾਉਣਾਂ ਚਾਹੁੰਦੇ ਹਾਂ, ਆਪਣਾ ਆਵਾ ਗਉਣੁ ਸਵਾਰਨਾ ਚਾਹੁੰਦੇ ਹਾਂ, ਤਾਂ ਸਬਦ ਗੁਰੂ ਦਾ ਆਸਰਾ ਲੈ ਕੇ ਇਹ ਸਭ ਕੁੱਝ ਪ੍ਰਾਪਤ ਕਰ ਸਕਦੇ ਹਾਂ।

ਚਉਦਹ ਰਤਨ ਨਿਕਾਲਿਅਨੁ ਕਰਿ ਆਵਾ ਗਉਣੁ ਚਿਲਕਿਓਨੁ॥ (੯੬੭)

ਇਹ ਮਨੁੱਖਾ ਸਰੀਰ ਮਾਨੋ ਇੱਕ ਨਗਰ ਹੈ, ਜੀਵ ਆਤਮਾ ਇਸ ਨਗਰ ਦਾ ਚੌਧਰੀ ਹੈ, ਇਸ ਸਰੀਰ ਵਿੱਚ ਪੰਜ ਕਿਸਾਨ ਵੱਸਦੇ ਹਨ। ਅੱਖ, ਨੱਕ, ਕੰਨ, ਜੀਭ ਤੇ ਕਾਮ-ਵਾਸ਼ਨਾ ਵਾਲੀ ਇੰਦ੍ਰੀ। ਇਹ ਪੰਜੇ ਹੀ ਜੀਵ-ਚੌਧਰੀ ਦਾ ਕਹਿਣਾਂ ਨਹੀਂ ਮੰਨਦੇ ਹਨ। ਜੋ ਜੀਵ ਇਹਨਾਂ ਪੰਜਾਂ ਦੇ ਅਧੀਨ ਹੋ ਕੇ ਰਹਿੰਦਾ ਹੈ, ਤੇ ਜਦੋਂ ਧਰਮਰਾਜ ਇਸ ਜੀਵਨ ਵਿੱਚ ਕੀਤੇ ਕੰਮਾਂ ਦਾ ਹਿਸਾਬ ਮੰਗਦਾ ਹੈ, ਤਾਂ ਉਸ ਦੇ ਜ਼ਿੰਮੇ ਬਹੁਤ ਕੁੱਝ ਦੇਣਾ ਨਿਕਲਦਾ ਹੈ। ਸਰੀਰ ਢਹਿ ਜਾਣ ਤੇ ਉਹ ਪੰਜ ਕਿਸਾਨ ਤਾਂ ਭੱਜ ਜਾਂਦੇ ਹਨ, ਪਰ ਜੀਵ ਨੂੰ ਲੇਖਾ ਮੰਗਣ ਵਾਲੇ ਦਰਬਾਰੀ ਬੰਨ੍ਹ ਲੈਂਦੇ ਹਨ। ਕਬੀਰ ਸਾਹਿਬ ਆਖਦੇ ਹਨ, ਕਿ ਹੁਣ ਮੈਂ ਇਸ ਪਿੰਡ ਵਿੱਚ ਨਹੀਂ ਰਹਿਣਾਂ ਚਾਹੁੰਦਾ ਹਾਂ, ਜਿੱਥੇ ਰਿਹਾਂ ਉਹ ਪਟਵਾਰੀ, ਜਿਸ ਦਾ ਨਾਮ ਚਿਤ੍ਰਗੁਪਤ ਹੈ, ਹਰੇਕ ਘੜੀ ਦਾ ਲੇਖਾ ਮੰਗਦਾ ਹੈ। ਅੱਖ, ਨੱਕ, ਕੰਨ, ਜੀਭ ਤੇ ਕਾਮ-ਵਾਸ਼ਨਾ ਵਾਲੀਆਂ ਇੰਦ੍ਰੀਆਂ ਮਨੁੱਖ ਨੂੰ ਮੁੜ ਮੁੜ ਵਿਕਾਰਾਂ ਵਲ ਪ੍ਰੇਰਦੀਆਂ ਹਨ। ਇਨ੍ਹਾਂ ਦੀ ਮੰਦੀ ਪ੍ਰੇਰਨਾ ਤੋਂ ਬਚਣ ਲਈ ਇੱਕੋ ਹੀ ਤਰੀਕਾ ਹੈ, ਕਿ ਅਕਾਲ ਪੁਰਖੁ ਦੇ ਦਰ ਤੇ ਨਿੱਤ ਅਰਦਾਸ ਕਰੀਏ ਤੇ ਸਬਦ ਗੁਰੂ ਦਾ ਓਟ ਆਸਰਾ ਲਈਏ।

ਬਾਬਾ ਅਬ ਨ ਬਸਉ ਇਹ ਗਾਉ॥ ਘਰੀ ਘਰੀ ਕਾ ਲੇਖਾ ਮਾਗੈ ਕਾਇਥੁ ਚੇਤੂ ਨਾਉ॥ ੧॥ ਰਹਾਉਧਰਮ ਰਾਇ ਜਬ ਲੇਖਾ ਮਾਗੈ ਬਾਕੀ ਨਿਕਸੀ ਭਾਰੀ॥ ਪੰਚ ਕ੍ਰਿਸਾਨਵਾ ਭਾਗਿ ਗਏ ਲੈ ਬਾਧਿਓ ਜੀਉ ਦਰਬਾਰੀ॥ ੨॥ ਕਹੈ ਕਬੀਰੁ ਸੁਨਹੁ ਰੇ ਸੰਤਹੁ ਖੇਤ ਹੀ ਕਰਹੁ ਨਿਬੇਰਾ॥ ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨ ਭਉਜਲਿ ਫੇਰਾ॥ ੩॥ ੭॥ (੧੧੦੪)

ਰਾਇ ਬਲਵੰਡਿ ਅਤੇ ਸਤੈ ਡੂਮਿ ਜੀ ਨੇ ਆਪਣੀ ਵਾਰ ਵਿੱਚ ਗੁਰੂ ਅਮਰਦਾਸ ਸਾਹਿਬ ਦੇ ਗੁਣ ਬਿਆਨ ਕਰਦੇ ਹੋਏ ਲਿਖਿਆ ਹੈ ਕਿ ਲੰਗਰ ਵਿੱਚ ਵੀ ਨਿੱਤ ਘਿਉ, ਮੈਦਾ ਤੇ ਖੰਡ ਆਦਿਕ ਉੱਤਮ ਪਦਾਰਥ ਵਰਤੇ ਜਾਂਦੇ ਸਨ; ਪਰ ਜਿਸ ਮਨੁੱਖ ਨੇ ਆਪਣੇ ਮਨ ਵਿੱਚ ਤੇਰਾ ਸਬਦ ਦਾ ਲੰਗਰ ਟਿਕਾ ਲਿਆ ਹੈ, ਉਸ ਨੂੰ ਚਹੁ ਕੁੰਡਾਂ ਵਿੱਚ ਵੱਸਦੇ ਅਕਾਲ ਪੁਰਖੁ ਦੀ ਸੂਝ ਆ ਗਈ। ਜਿਸ ਨੂੰ ਗੁਰੂ ਨੇ ਮੇਹਰ ਦੀ ਨਜ਼ਰ ਕਰ ਕੇ, ਸਬਦ-ਰੂਪ ਰਾਹ-ਦਾਰੀ ਬਖ਼ਸ਼ੀ ਹੈ, ਉਸ ਦਾ ਜੰਮਣ-ਮਰਨ ਦਾ ਗੇੜ ਮੁਕਾ ਦਿੱਤਾ। ਇਸ ਲਈ ਰੋਜਾਨਾਂ ਅਰਦਾਸ ਵਿੱਚ ਪਦਾਰਥ ਮੰਗਣ ਦੀ ਥਾਂ, ਮਿਹਰ ਦੀ ਨਦਰਿ ਲਈ ਬੇਨਤੀ ਕਰਨੀ ਹੈ। ਗੁਰੂ ਸਾਹਿਬ ਨੇ ਤਾਂ ਸਬਦ ਦੇ ਲੰਗਰ ਦਾ ਗੁਰਬਾਣੀ ਵਿੱਚ ਜਿਕਰ ਕੀਤਾ ਹੈ, ਜੋ ਕਿ ਸਾਡੇ ਸੁਧਾਰ ਲਈ ਅਤੀ ਜਰੂਰੀ ਹੈ। ਪਰ ਅਫਸੋਸ ਕਿ ਕੋਈ ਵਿਰਲਾ ਹੀ ਇਸ ਲੰਗਰ ਲਈ ਗੁਰੂ ਘਰ ਵਿੱਚ ਜਾਂਦਾ ਹੈ, ਜਿਅਦਾ ਤਰ ਭੀੜ ਸਰੀਰਕ ਖਾਣਾਂ ਖਾਣ ਵਾਲੀ ਹੀ ਹੁੰਦੀ ਹੈ। ਫਿਰ ਸਾਡਾ ਭਲਾ ਕਿਦਾਂ ਹੋਵੇ? ਸਾਡਾ ਆਵਾ ਗਵਨ ਕਿਸ ਤਰ੍ਹਾ ਸੁਧਰੇ?

ਨਿਤ ਰਸੋਈ ਤੇਰੀਐ ਘਿਉ ਮੈਦਾ ਖਾਣੁ॥ ਚਾਰੇ ਕੁੰਡਾਂ ਸੁਝੀਓਸੁ ਮਨ ਮਹਿ ਸਬਦੁ ਪਰਵਾਣੁ॥ ਆਵਾ ਗਉਣੁ ਨਿਵਾਰਿਓ ਕਰਿ ਨਦਰਿ ਨੀਸਾਣੁ॥ (੯੬੮)

ਗੁਰੂ ਸਾਹਿਬਾਂ ਨੇ ਮਨੁੱਖ ਦੇ ਜੀਵਨ ਕਾਲ ਵਿੱਚ ਚਲ ਰਹੀਆਂ ਰਸਮਾਂ-ਰਵਾਇਤਾਂ ਨੂੰ ਵੀ ਸਹੀ ਦਿਸ਼ਾ ਦਿਤੀ, ਤੇ ਉਨ੍ਹਾਂ ਰਵਾਇਤਾਂ ਦੁਆਰਾ ਸਾਨੂੰ ਜੀਵਨ ਦਾ ਸਹੀ ਮਾਰਗ ਦਰਸ਼ਨ ਕਰਦੇ ਹਨ। ਜਦੋਂ ਕਿਸੇ ਦੀ ਮੌਤ ਹੁੰਦੀ ਹੈ ਤਾਂ ਉਸ ਸਮੇਂ ਅਲਾਹਣੀਆ ਦੇ ਰੂਪ ਵਿੱਚ ਸ਼ੋਕ ਦੇ ਗੀਤ ਗਾਏ ਜਾਂਦੇ ਹਨ। ਗੁਰੂ ਸਾਹਿਬ ਸਾਨੂੰ ਅਸਲੀ ਅਲਾਹਣੀਆ ਦੁਆਰਾ ਸੁਚੇਤ ਕਰਦੇ ਹਨ, ਕਿ ਜਦੋਂ ਜੀਵ ਨੂੰ ਮਿਲਿਆ ਸਮਾਂ ਮੁੱਕ ਜਾਂਦਾ ਹੈ, ਇਸ ਦੀ ਉਮਰ ਦੀ ਪਿਆਲੀ ਭਰ ਜਾਂਦੀ ਹੈ, ਤਾਂ ਅਕਾਲ ਪੁਰਖੁ ਦਾ ਲਿਖਿਆ ਹੁਕਮੁ ਅਉਂਦਾ ਹੈ, ਮਨੁੱਖਾ ਸਰੀਰ ਦੇ ਪਿਆਰੇ ਸਾਥੀ ਜੀਵ-ਆਤਮਾ ਨੂੰ ਫੜ ਕੇ ਅੱਗੇ ਲਾ ਲਿਆ ਜਾਂਦਾ ਹੈ, ਤੇ ਸਾਰੇ ਸੱਜਣ ਸੰਬੰਧੀ ਰੋਂਦੇ ਹਨ। ਉਸ ਅੰਤ ਸਮੇ ਤੋਂ ਪਹਿਲਾਂ ਜੀਵ ਨੇ ਜੋ ਜੋ ਕਰਮ ਕਮਾਇਆ ਹੁੰਦਾ ਹੈ, ਉਸ ਦੇ ਅਨੁਸਾਰ ਸੰਸਕਾਰਾਂ ਦਾ ਲੇਖਾ ਉਸ ਦੇ ਮੱਥੇ ਤੇ ਲਿਖਿਆ ਜਾਂਦਾ ਹੈ, ਫਿਰ ਉਹੋ ਜਿਹੇ ਫਲ ਜੀਵ ਪ੍ਰਾਪਤ ਕਰਦਾ ਹੈ। ਅਕਾਲ ਪੁਰਖੁ ਨੇ ਜਗਤ ਨੂੰ ਮਾਇਆ ਦੇ ਆਹਰ ਵਿੱਚ ਲਾ ਰੱਖਿਆ ਹੈ, ਉਹੀ ਸਿਰਜਣਹਾਰ ਪਾਤਿਸ਼ਾਹ ਵਡਿਆਉਣ-ਜੋਗ ਹੈ, ਉਹੀ ਸਦਾ ਕਾਇਮ ਰਹਿਣ ਵਾਲਾ ਹੈ। ਇਸ ਲਈ ਉਸ ਕਰਤੇ ਦੇ ਗੁਣ ਗੁਰਬਾਣੀ ਦੀ ਸਿਖਿਆ ਅਨੁਸਾਰ ਅਪਨਾਉਂਣੇ ਹਨ, ਤੇ ਆਪਣੇ ਕਰਮ ਠੀਕ ਕਰਨੇ ਹਨ।

ਜੇਹਾ ਲਿਖਿਆ ਤੇਹਾ ਪਾਇਆ ਜੇਹਾ ਪੁਰਬਿ ਕਮਾਇਆ॥ ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ॥ ੧॥ (੫੭੮, ੫੭੯)

ਗੁਰੂ ਸਾਹਿਬ ਦਾ ਲਿਖਿਆ ਇਹ ਸਬਦ ਸਪੱਸ਼ਟ ਤੌਰ ਤੇ ਸਮਝਾਂ ਰਿਹਾ ਹੈ, ਕਿ ਕਰਮਾਂ ਅਨੁਸਾਰ ਫੈਸਲਾ ਹੋਣਾ ਹੈ, ਜੀਵ ਨੇ ਜਿਸ ਤਰ੍ਹਾਂ ਦੇ ਕਰਮ ਕਮਾਏ ਹਨ, ਉਸ ਦੇ ਅਨੁਸਾਰ ਸੰਸਕਾਰਾਂ ਦਾ ਲੇਖਾ ਉਸ ਦੇ ਮੱਥੇ ਤੇ ਲਿਖਿਆ ਜਾਂਦਾ ਹੈ, ਫਿਰ ਉਹੋ ਜਿਹੇ ਫਲ ਜੀਵ ਪਾਉਂਦਾ ਹੈ। ਅੱਜਕਲ ਜਦੋਂ ਕਿਸੇ ਵਿਅਕਤੀ ਦਾ ਅਕਾਲ ਚਲਾਣਾ ਹੋ ਜਾਂਦਾ ਹੈ, ਤਾਂ ਅਕਸਰ ਅਰਦਾਸ ਵਿੱਚ ਉਸ ਮਰੇ ਹੋਏ ਮਨੁੱਖ ਦੇ ਆਵਾ ਗਵਨ ਦਾ ਚੱਕਰ ਕੱਟਣ ਦਾ ਜਿਕਰ ਕੀਤਾ ਜਾਂਦਾ ਹੈ। ਪਰ ਕੀ ਅਜੇਹੀ ਅਰਦਾਸ ਗੁਰਬਾਣੀ ਅਨੁਸਾਰ ਪ੍ਰਵਾਨ ਹੈ? ਕੀ ਗੁਰੂ ਗਰੰਥ ਸਾਹਿਬ ਵਿੱਚ ਦੂਸਰੇ ਦਾ ਆਵਾ ਗਵਨ ਕੱਟਣ ਸਬੰਧੀ ਅਰਦਾਸ ਕਰਨ ਦਾ ਕੋਈ ਜਿਕਰ ਮਿਲਦਾ ਹੈ? ਗੁਰੂ ਸਾਹਿਬ ਤਾਂ ਸਾਫ ਤੌਰ ਤੇ ਸਮਝਾਂ ਰਹੇ ਹਨ ਕਿ ਕਰਮਾਂ ਅਨੁਸਾਰ ਫੈਸਲਾ ਹੋਣਾ ਹੈ, ਹੁਣ ਸਾਡੀ ਕੀਤੀ ਅਰਦਾਸ, ਉਸ ਮਰੇ ਹੋਏ ਮਨੁੱਖ ਦੇ ਕੀਤੇ ਹੋਏ ਕਰਮ, ਕਿਸ ਤਰ੍ਹਾਂ ਬਦਲ ਸਕਦੀ ਹੈ? ਜਾਪਦਾ ਹੈ ਕਿ ਅਜੇਹੀ ਰਿਵਾਇਤ ਸਿੱਖਾਂ ਨੇ ਹੋਰਨਾ ਧਰਮਾਂ ਤੋਂ ਅਪਨਾ ਲਈ ਹੈ, ਜੋ ਕਿ ਗੁਰਬਾਣੀ ਅਨੁਸਾਰ ਪ੍ਰਵਾਨ ਨਹੀਂ। ਜੇ ਕਰ ਅਸੀਂ ਆਪਣਾ ਜਾਂ ਕਿਸੇ ਦੂਸਰੇ ਦਾ ਆਵਾ ਗਵਨ ਸਵਾਰਨਾਂ ਚਾਹੁੰਦੇ ਹਾਂ, ਤਾਂ ਸਾਨੂੰ ਆਪਣੇ ਕਰਮ ਠੀਕ ਕਰਨੇ ਪੈਣਗੇ, ਦੂਸਰਿਆਂ ਨੂੰ ਆਪਣੇ ਕਰਮ ਸੁਧਾਰਨ ਲਈ ਪ੍ਰੇਰਤ ਕਰਨ ਪਵੇਗਾ। ਗੁਰਬਾਣੀ ਅਨੁਸਾਰ ਜੀਵਨ ਦਾ ਸਹੀ ਰਸਤਾ ਅਪਨਾਉਂਣਾ ਪਵੇਗਾ।

ਹਮੇਸ਼ਾਂ ਚੇਤੇ ਰੱਖੋ ਕਿ ਇਹ ਜਗਤ-ਤਮਾਸ਼ਾ ਅਕਾਲ ਪੁਰਖੁ ਦਾ ਬਣਾਇਆ ਹੋਇਆ ਹੈ, ਤੇ ਗੁਰੂ ਦੇ ਗਿਆਨ ਤੋਂ ਬਿਨਾ ਇਹ ਸਾਰਾ ਜਗਤ ਮਾਇਆ ਦੇ ਮੋਹ ਦੇ ਘੁੱਪ ਹਨੇਰੇ ਵਿੱਚ ਫਸਿਆ ਪਿਆ ਹੈ। ਜੀਵਾਂ ਵਾਸਤੇ ਜਨਮ ਮਰਨ ਦਾ ਗੇੜ, ਉਸ ਕਰਤਾਰ ਨੇ ਹੀ ਪੈਦਾ ਕੀਤਾ ਹੈ, ਪਰੰਤੂ, ਉਹ ਆਪ ਸਦਾ ਕਾਇਮ ਰਹਿਣ ਵਾਲਾ ਹੈ। ਮਾਇਆ ਦੇ ਮੋਹ ਕਰਕੇ, ਵਿਕਾਰਾਂ ਵਿੱਚ ਬੱਝਾ ਹੋਇਆ ਜੀਵ, ਨਿੱਤ ਜੰਮਦਾ ਤੇ ਮਰਦਾ ਹੈ, ਇਸ ਨੂੰ ਜਨਮ ਮਰਨ ਦਾ ਚੱਕਰ ਪਿਆ ਰਹਿੰਦਾ ਹੈ। ਮਾਇਆ ਦੇ ਮੋਹ ਵਿੱਚ ਫਸੇ ਜੀਵ ਨੇ ਤੇਰਾ ਨਾਮੁ ਭੁਲਾ ਦਿੱਤਾ ਹੈ, ਮੋਹ ਵਿੱਚ ਡੁੱਬੇ ਹੋਏ ਦੀ ਕੋਈ ਪੇਸ਼ ਨਹੀਂ ਜਾਂਦੀ। ਗੁਣਾਂ ਨੂੰ ਛੱਡ ਕੇ, ਵਿਕਾਰਾਂ ਦਾ ਜ਼ਹਿਰ, ਇਸ ਜੀਵ ਨੇ ਇਕੱਠਾ ਕਰ ਲਿਆ ਹੈ, ਜਗਤ ਵਿੱਚ ਆ ਕੇ ਸਾਰੀ ਉਮਰ ਔਗੁਣਾਂ ਦਾ ਹੀ ਵਾਪਾਰ ਕਰਦਾ ਰਹਿੰਦਾ ਹੈ।

ਆਵਾ ਗਵਣੁ ਸਿਰਜਿਆ ਤੂ ਥਿਰੁ ਕਰਣੈਹਾਰੋ॥ ਜੰਮਣੁ ਮਰਣਾ ਆਇ ਗਇਆ ਬਧਿਕੁ ਜੀਉ ਬਿਕਾਰੋ॥ (੫੮੦)

ਜੇ ਕਰ ਮਨੁੱਖ ਨੇ ਸਾਰੀ ਉਮਰ ਔਗੁਣ ਕੀਤੇ ਹੋਣ, ਤਾਂ ਉਸ ਦੇ ਮਰਨ ਤੋਂ ਬਾਅਦ ਸਾਡੀ ਕੀਤੀ ਹੋਈ ਅਰਦਾਸ, ਉਸ ਦਾ ਸੁਧਾਰ ਕਿਸ ਤਰ੍ਹਾਂ ਕਰ ਸਕਦੀ ਹੈ? ਇਸ ਲਈ ਸਾਨੂੰ ਆਪਣੀ ਸੋਚ ਤੇ ਰਵਾਇਤਾਂ ਨੂੰ ਗੁਰਮਤਿ ਅਨੁਸਾਰ ਬਦਲਣਾ ਪਵੇਗਾ। ਹੋਰਨਾਂ ਧਰਮਾਂ ਵਿੱਚ ਚਲ ਰਹੀਆਂ ਰਵਾਇਤਾਂ ਨੂੰ ਅਪਨਾਉਂਣ ਤੋਂ ਪਹਿਲਾਂ, ਸਾਨੂੰ ਗੁਰਮਤਿ ਦੀ ਕਸਵੱਟੀ ਤੇ ਪਰਖਣਾਂ ਚਾਹੀਦਾ ਹੈ। ਅਜੇਹੀਆਂ ਮਨਘੜਤ ਰਵਾਇਤਾਂ ਅਪਨਾ ਕੇ ਅਸੀਂ ਆਪ ਵੀ ਗੁਮਰਾਹ ਹੋ ਰਹੇ ਹਾਂ, ਤੇ ਦੂਸਰਿਆਂ ਨੂੰ ਵੀ ਗਲਤ ਰਸਤੇ ਤੇ ਪਾ ਰਹੇ ਹਾਂ। ਅੱਜਕਲ ਦੇ ਸਿੱਖਾਂ ਵਿੱਚ ਚਲ ਰਹੇ ਭੁਲੇਖਿਆਂ ਦਾ ਕਾਰਨ ਇਹੀ ਹੈ, ਕਿ ਬਿਨਾ ਸੋਚੇ ਸਮਝੇ, ਅਸੀਂ ਦੂਸਰੇ ਲੋਕਾਂ ਦੀਆਂ ਰਵਾਇਤਾ ਅਪਨਾ ਲੈਂਦੇ ਹਾਂ ਤੇ ਅੱਖਾਂ ਮੀਟ ਕੇ ਉਨ੍ਹਾਂ ਰਵਾਇਤਾ ਨੂੰ ਪੂਰਾ ਕਰੀ ਜਾ ਰਹੇ ਹਾਂ। ਇਨ੍ਹਾਂ ਭੁਲੇਖਿਆਂ ਦਾ ਅੰਦਰੂਨੀ ਕਾਰਨ ਇਹ ਹੈ, ਕਿ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਸਿੱਖ ਤਾਂ ਪੂਰਾ ਸਮਝਦੇ ਹਨ, ਪਰ ਸ਼ਾਇਦ ਕਿਸੇ ਵਿਰਲੇ ਨੇ ਹੀ ਗੁਰੂ ਗਰੰਥ ਸਾਹਿਬ ਨੂੰ ਇੱਕ ਵਾਰੀ ਵੀ ਧਿਆਨ ਨਾਲ ਪੜ੍ਹਿਆ ਜਾਂ ਸੁਣਿਆ ਹੋਵੇ। ਆਪਣੇ ਆਪ ਨੂੰ ਭਰਮਾਂ ਤੇ ਭੁਲੇਖਿਆਂ ਵਿਚੋਂ ਬਾਹਰ ਕੱਡਣ ਲਈ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਨੂੰ ਧਿਆਨ ਨਾਲ ਪੜ੍ਹਨਾਂ ਹੈ, ਤੇ ਸੋਚ ਸਮਝ ਕੇ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਨਾ ਹੈ।

ਆਮ ਤੌਰ ਤੇ ਰਵਾਇਤ ਬਣ ਗਈ ਹੈ, ਕਿ ਕਿਸੇ ਮਨੁੱਖ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ, ਉਸ ਦੇ ਨਮਿਤ ਅਖੰਡ ਪਾਠ ਕਰਵਾਇਆ ਜਾਂਦਾ ਹੈ, ਤਾਂ ਜੋ ਉਸ ਦੇ ਆਵਾ ਗਵਨ ਦਾ ਚੱਕਰ ਕੱਟਿਆ ਜਾ ਸਕੇ। ਜਿਸ ਇਨਸਾਨ ਨੇ ਸਾਰੀ ਉਮਰ ਬਾਣੀ ਸੁਣੀ ਨਹੀਂ, ਉਹ ਮਰਨ ਤੋਂ ਬਾਅਦ ਕਿਸ ਤਰਾਂ ਸੁਣ ਸਕਦਾ ਹੈ। ਬਾਣੀ ਸਿਰਫ ਇਸ ਵਰਤਮਾਨ ਵਿਚ, ਇਸ ਮਨੁੱਖਾ ਜਨਮ ਵਿੱਚ ਸੁਣੀ ਜਾ ਸਕਦੀ ਹੈ। ਸੁਧਾਰ ਤਾਂ ਹੋਣਾ ਹੈ ਜੇ ਕਰ ਗੁਰਬਾਣੀ ਨੂੰ ਸੁਣਿਆ ਸਮਝਿਆ ਤੇ ਜੀਵਨ ਵਿੱਚ ਅਪਨਾਇਆ ਜਾਵੇ। ਮਰਨ ਤੋਂ ਬਾਅਦ ਗੁਰਬਾਣੀ, ਉਸ ਮਰੇ ਵਿਅਕਤੀ ਲਈ ਨਹੀਂ ਪੜ੍ਹੀ ਜਾਂਦੀ ਹੈ, ਬਲਕਿ ਸਾਡੇ ਲਈ ਪੜ੍ਹੀ ਜਾਂਦੀ ਹੈ, ਤਾਂ ਜੋ ਅਸੀਂ ਇਹ ਸਦਮਾਂ ਸਹਿਣ ਕਰ ਸਕੀਏ, ਉਸ ਅਕਾਲ ਪੁਰਖੁ ਦੇ ਹੁਕਮੁ ਅਨੁਸਾਰ ਵਾਪਰੀ ਘਟਨਾਂ ਨੂੰ ਪ੍ਰਵਾਨ ਕਰਨ ਲਈ, ਆਪਣੇ ਅੰਦਰ ਬਲ ਪੈਦਾ ਕਰ ਸਕੀਏ। ਇਹੀ ਸਿਖਿਆ ਗੁਰੁ ਸਾਹਿਬਾਂ ਨੇ ਸਦ ਬਾਣੀ ਵਿੱਚ ਦਿੱਤੀ ਹੈ।

ਅੰਤੇ ਸਤਿਗੁਰੁ ਬੋਲਿਆ ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣੁ ਜੀਉ॥ ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ॥ ਹਰਿ ਕਥਾ ਪੜੀਐ ਹਰਿ ਨਾਮੁ ਸੁਣੀਐ ਬੇਬਾਣੁ ਹਰਿ ਰੰਗੁ ਗੁਰ ਭਾਵਏ॥ ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ॥ ਹਰਿ ਭਾਇਆ ਸਤਿਗੁਰੁ ਬੋਲਿਆ ਹਰਿ ਮਿਲਿਆ ਪੁਰਖੁ ਸੁਜਾਣੁ ਜੀਉ॥ ਰਾਮਦਾਸ ਸੋਢੀ ਤਿਲਕੁ

ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ॥ ੫॥ (੯੨੩, ੯੨੪)

ਪੁਰਾਤਨ ਸਮਿਆਂ ਵਿੱਚ ਸਾਰੇ ਜਾਣੇ ਆਪ ਰਲ ਕੇ ਸਹਿਜ ਪਾਠ ਕਰਿਆ ਕਰਦੇ ਸਨ। ਆਪ ਤਾਂ ਪਾਠ ਕੀ ਕਰਨਾਂ, ਹੁਣ ਤਾਂ ਸਿਰਫ ਕਰਵਾਇਆ ਜਾਂਦਾ ਹੈ। ਰਵਾਇਤ ਨੂੰ ਜਲਦੀ ਪੂਰਾ ਕਰਨ ਲਈ ਹੁਣ ਤਾਂ ਅਖੰਡ ਪਾਠ ਕਰਵਾ ਦਿੱਤਾ ਜਾਂਦਾ ਹੈ। ਕਿਸੇ ਵਿਰਲੇ ਘਰ ਵਿੱਚ ਹੀ ਕੋਈ ਪਾਠ ਸੁਣਨ ਵਾਲਾ ਹੁੰਦਾ ਹੈ। ਰਾਤ ਨੂੰ ਜੇ ਕਰ ਡਿਊਟੀਆਂ ਲਗਾਈਆਂ ਜਾਂਦੀਆਂ ਹਨ, ਉਹ ਵੀ ਇਸ ਲਈ ਕਿ ਪਾਠੀ ਕਿਤੇ ਸੌ ਤਾਂ ਨਹੀਂ ਜਾਂਦਾ। ਆਮ ਤੌਰ ਤੇ ਪਾਠੀ ਪਾਠ ਕਰ ਰਿਹਾ ਹੁੰਦਾ ਹੈ ਤੇ ਕੰਧਾਂ ਸੁਣ ਰਹੀਆਂ ਹੁੰਦੀਆਂ ਹਨ। ਪਾਠ ਦਾ ਲਾਭ ਸੁਣਨ ਵਾਲੇ ਨੂੰ ਹੋਣਾਂ ਹੈ ਨਾ ਕਿ ਕਰਵਾਉਂਣ ਵਾਲੇ ਨੂੰ। ਇਹ ਕੋਈ ਪਦਾਰਥ ਨਹੀਂ ਕਿ ਅਰਦਾਸ ਕਰਕੇ ਕਿਸੇ ਨੂੰ ਵੀ ਫੜਾ ਦਿੱਤਾ ਜਾਵੇ। ਸੋਝੀ ਉਸ ਨੂੰ ਹੋਣੀ ਹੈ, ਜਿਸ ਦੇ ਅੰਦਰ ਗੁਰਬਾਣੀ ਨੇ ਪ੍ਰਵੇਸ਼ ਕਰਨਾਂ ਹੈ, ਕਿਉਂਕਿ ਗੁਰਬਾਣੀ ਨੇ ਉਸ ਦੀ ਵਿਕਾਰੀ ਸੋਚ ਦੂਰ ਕਰਕੇ ਅੰਦਰ ਅਕਾਲ ਪੁਰਖੁ ਦੇ ਗੁਣ ਪੈਦਾ ਕਰਨੇ ਹਨ।

ਹੋਰਨਾਂ ਮਤਾਂ ਦੇ ਲੋਕਾਂ ਦੀ ਵੇਖਾ ਵੇਖੀ, ਅਸੀਂ ਰਵਾਇਤਾਂ ਵਿੱਚ ਇਤਨੇ ਫਸ ਗਏ ਹਾਂ, ਕਿ ਗੁਰਮਤਿ ਦੇ ਸਿਧਾਤ ਬਿਲਕੁਲ ਹੀ ਭੁੱਲ਼ ਗਏ ਹਾਂ। ਅਕਸਰ ਵੇਖਣ ਵਿੱਚ ਆਂਉਂਦਾ ਹੈ ਕਿ ਜਦੋਂ ਪੁਤਰ ਹੁੰਦਾ ਹੈ ਤਾਂ ਸ਼ੁਕਰਾਨੇ ਲਈ ਅਖੰਡ ਪਾਠ ਰੱਖਿਆ ਜਾਂਦਾ ਹੈ ਤੇ ਅਰਦਾਸ ਕਰਵਾਈ ਜਾਂਦੀ ਹੈ, ਪਰ ਬਹੁਤ ਘੱਟ ਵੇਖਣ ਵਿੱਚ ਆਂਉਂਦਾ ਹੈ ਕਿ ਲੜਕੀ ਦਾ ਜਨਮ ਹੋਇਆ ਹੋਵੇ ਤਾਂ ਪਾਠ ਰਖਵਾਇਆ ਜਾਵੇ। ਜਦ ਕਿ ਮਨੁੱਖੀ ਵਿਕਾਸ ਲਈ ਦੋਹਾਂ ਦਾ ਜਰੂਰੀ ਹੈ। ਜੇ ਕਰ ਡੂੰਗੀ ਵਿਚਾਰ ਕੀਤੀ ਜਾਵੇ ਤਾਂ ਇਸਤਰੀ ਦਾ ਰੋਲ ਮਰਦ ਨਾਲੋ ਜਿਆਦਾ ਹੈ। ਕਿਉਂਕਿ ਜਨਮ ਦੇਣਾਂ, ਪਾਲਣਾਂ ਤੇ ਬੱਚੇ ਦਾ ਵਿਕਾਸ, ਇਸਤਰੀ ਤੇ ਜਿਆਦਾ ਨਿਰਭਰ ਕਰਦਾ ਹੈ।

ਮਃ ੧॥ ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (੪੭੩)

ਬੱਚੇ ਦਾ ਨਾਮ ਕਰਨ ਸਮੇਂ ਸ਼ੁਕਰਾਨੇ ਦੀ ਅਰਦਾਸ ਕਰਵਾਈ ਜਾਂਦੀ ਹੈ, ਅਨੰਦ ਕਾਰਜ ਸਮੇਂ ਸ਼ੁਕਰਾਨੇ ਦੀ ਅਰਦਾਸ ਕਰਵਾਈ ਜਾਂਦੀ ਹੈ, ਪਰ ਕੋਈ ਵਿਰਲਾ ਹੀ ਹੈ ਜੋ ਕਿ ਅਕਾਲ ਚਲਾਣੇ ਸਮੇਂ ਸ਼ੁਕਰਾਨੇ ਦੀ ਅਰਦਾਸ ਕਰਵਾਉਂਦਾ ਹੈ। ਜਦ ਕਿ:

ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ॥ (੪੭੨, ੪੭੩)

ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜ੍ਹੀ ਵਿੱਚ ਸ਼ਹੀਦੀ ਪਾ ਗਏ, ਤਾਂ ਗੁਰੂ ਸਾਹਿਬ ਨੇ ਜੈਕਾਰਾ ਛੱਡਿਆ ਸੀ ਤੇ ਅਕਾਲ ਪੁਰਖੁ ਦਾ ਧੰਨਵਾਦ ਕੀਤਾ ਸੀ, ਕਿ ਉਹ ਦੋਵੇਂ ਧਰਮ ਵਿੱਚ ਪੂਰੇ ਉਤਰੇ। ਕੀ ਅਸਾਂ ਇਸ ਇਤਿਹਾਸਕ ਘਟਨਾਂ ਨੂੰ ਸਮਝਿਆ ਹੈ ਜਾਂ ਅਪਨਾਇਆ ਹੈ। ਜੇ ਕੁੱਝ ਮਿਲ ਗਿਆ ਤਾਂ ਖੁਸ਼ ਤੇ ਧੰਨਵਾਦ, ਜੇ ਕਰ ਕੁੱਝ ਚਲਾ ਗਿਆ ਤਾਂ ਅਫਸੋਸ ਤੇ ਗਿਲਾ। ਇਹ ਕਿਸ ਤਰ੍ਹਾਂ ਦਾ “ਹੁਕਮਿ ਰਜਾਈ ਚਲਣਾ” ਹੋਇਆ। ਅਸੀਂ ਰਵਾਇਤੀ ਤੌਰ ਤੇ ਗੁਰਬਾਣੀ ਪੜ੍ਹਦੇ ਤਾਂ ਹਾਂ, ਪਰ ਬਾਣੀ ਨੂੰ ਸਮਝਦੇ ਜਾਂ ਵਿਚਾਰਦੇ ਨਹੀਂ।

ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ॥ ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ॥ ੧॥ (੨੧੯)

ਜੇ ਕਰ ਆਪਣਾ ਵਰਤਮਾਨ ਸੁਧਾਰਨਾਂ ਚਾਹੁੰਦੇ ਹਾਂ ਤਾਂ ਗੁਰਬਾਣੀ ਦੀ ਸਿਖਿਆ ਨੂੰ ਅਮਲੀ ਰੂਪ ਦੇਣਾਂ ਪਵੇਗਾ। ਇਸ ਲਈ ਹਮੇਸ਼ਾਂ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਵਾਲੀ ਗੁਰਬਾਣੀ ਚੇਤੇ ਰੱਖਣ ਦੀ ਆਦਤ ਬਣਾਓ, ਇਹ ਸਾਰੀ ਉਮਰ ਦਾ ਆਸਰਾ ਬਣਦੀ ਹੈ। ਗੁਰਬਾਣੀ ਦੁਆਰਾ, ਇੱਕ ਅਕਾਲ ਪੁਰਖੁ ਨੂੰ ਚੇਤੇ ਰੱਖਣ ਨਾਲ ਸਦਾ ਸੁਖੀ ਰਹੀਦਾ ਹੈ ਤੇ ਮੱਥਾ ਖਿੜਿਆ ਰਹਿੰਦਾ ਹੈ। ਸਭ ਜੀਵਾਂ ਨੂੰ ਸੁਖੀ ਕਰਨ ਵਾਲਾ ਨਾਮੁ ਰੂਪੀ ਅੰਮ੍ਰਿਤ, ਗੁਰਬਾਣੀ ਦੀ ਸੰਗਤ ਵਿੱਚ ਮਿਲਦਾ ਹੈ। ਜਿਹੜੇ ਮਨੁੱਖ ਉਸ ਅੰਮ੍ਰਿਤ ਨੂੰ ਪ੍ਰਾਪਤ ਕਰਦੇ ਹਨ, ਉਨ੍ਹਾਂ ਦਾ ਜੀਵਨ ਸੁਧਰ ਜਾਂਦਾ ਹੈ, ਉਹ ਜਮ ਦੇ ਰਾਹ ਤੇ ਨਹੀਂ ਪਾਏ ਜਾਂਦੇ, ਉਨ੍ਹਾਂ ਨੂੰ ਮੁੜ ਮੌਤ ਦਾ ਡਰ ਵਿਆਪਦਾ ਨਹੀਂ।

ਮਃ ੫॥ ਸਿਖਹੁ ਸਬਦੁ ਪਿਆਰਿਹੋ ਜਨਮ ਮਰਨ ਕੀ ਟੇਕ॥ ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ॥ ੨॥ (੩੨੦)

ਜਿਵੇਂ ਕੈਂਹ ਦੇ ਭਾਂਡੇ ਨੂੰ ਠਣਕਾਇਆਂ, ਉਸ ਵਿਚੋਂ ਅਵਾਜ਼ ਨਿਕਲਦੀ ਹੈ, ਪਰ ਜੇ ਠਣਕਾਣਾ ਛੱਡ ਦੇਈਏ, ਤਾਂ ਉਹ ਅਵਾਜ਼ ਕੈਂਹ ਵਿੱਚ ਹੀ ਮੁੱਕ ਜਾਂਦੀ ਹੈ, ਤਿਵੇਂ ਇਸ ਸਰੀਰਕ ਮੋਹ ਦਾ ਹਾਲ ਹੈ। ਜਦੋਂ ਸਤਿਗੁਰੂ ਦੀ ਸਿੱਖਿਆ ਨਾਲ ਮਨੁੱਖ ਦੀ ਬੁੱਧ ਜਾਗਦੀ ਹੈ ਤਾਂ ਅੰਦਰਲੀ ਖਿੱਝ ਦੂਰ ਹੋ ਜਾਂਦੀ ਹੈ, ਹਰੇਕ ਹਿਰਦੇ ਵਿੱਚ ਅਕਾਲ ਪੁਰਖੁ ਦੀ ਜੋਤ ਜਗਦੀ ਦਿੱਸਦੀ ਹੈ, ਸਰੀਰ ਨਾਲੋਂ ਮੋਹ ਮਿਟ ਜਾਂਦਾ ਹੈ, ਮਾਇਕ ਪਦਾਰਥਾਂ ਨਾਲ ਠਟਕਣ ਵਾਲਾ ਭਾਂਡਾ ਭੱਜ ਜਾਂਦਾ ਹੈ, ਤ੍ਰਿਸ਼ਨਾ ਦੀ ਅਵਾਜ਼ ਗੁੰਮ ਹੋ ਜਾਂਦੀ ਹੈ। ਜਿਤਨਾ ਚਿਰ ਸਰੀਰ ਨਾਲ ਮੋਹ ਹੈ, ਉਤਨਾ ਚਿਰ ਮਨ ਵਿੱਚ ਖਿੱਝ ਪੈਦਾ ਹੋਣ ਦੇ ਕਾਰਨ ਬਣਦੇ ਹੀ ਰਹਿੰਦੇ ਹਨ, ਮੱਥੇ ਵੱਟ ਪੈਂਦੇ ਰਹਿੰਦੇ ਹਨ। ਕਬੀਰ ਸਾਹਿਬ ਸਮਝਾਂਉਂਦੇ ਹਨ, ਕਿ ਮੇਰੇ ਅੰਦਰ ਸਤਿਗੁਰੂ ਦੀ ਸਿੱਖਿਆ ਨਾਲ ਐਸੀ ਬੁੱਧ ਜਾਗ ਪਈ ਹੈ, ਕਿ ਮੇਰੀ ਜਨਮ-ਮਰਨ ਦੀ ਭਟਕਣਾ ਮੁੱਕ ਗਈ ਹੈ, ਪ੍ਰਭੂ-ਚਰਨਾਂ ਵਿੱਚ ਮੇਰੀ ਸੁਰਤ ਜੁੜ ਗਈ ਹੈ, ਤੇ ਮੈਂ ਜਗਤ ਵਿੱਚ ਵਿਚਰਦਾ ਹੋਇਆ, ਉਸ ਹਾਲਤ ਵਿੱਚ ਟਿਕਿਆ ਰਹਿੰਦਾ ਹਾਂ, ਜਿੱਥੇ ਮਾਇਆ ਦੇ ਫੁਰਨੇ ਨਹੀਂ ਉਠਦੇ।

ਬਿਲਾਵਲੁ॥ ਜਨਮ ਮਰਨ ਕਾ ਭ੍ਰਮੁ ਗਇਆ ਗੋਬਿਦ ਲਿਵ ਲਾਗੀ॥ ਜੀਵਤ ਸੁੰਨਿ ਸਮਾਨਿਆ ਗੁਰ ਸਾਖੀ ਜਾਗੀ॥ ੧॥ ਰਹਾਉ॥ (੮੫੭)

ਸੇਵਕ ਭਗਤੀ ਕਰ ਕੇ ਨਾਮ ਵਿੱਚ ਟਿਕਿਆ ਰਹਿੰਦਾ ਹੈ ਤੇ ਅਕਾਲ ਪੁਰਖੁ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਇਸ ਲਈ ਗੁਰੂ ਦੇ ਸੇਵਕ ਬਣਨਾ ਹੈ, ਆਪਣੇ ਅੰਦਰ ਸਤਿਗੁਰੂ ਦੀ ਸਿੱਖਿਆ ਦੀ ਜੋਤ ਜਗਾਉਂਣੀ ਹੈ। ਜਦੋਂ ਸੇਵਕ ਆਪਣੇ ਗੁਰੂ ਤੋਂ ਉੱਤਮ ਸਿੱਖਿਆ ਲੈਂਦਾ ਹੈ, ਤਾਂ ਸੇਵਕ ਦੇ ਮਨ ਦੀ ਇੱਛਾ ਪੂਰੀ ਹੋ ਜਾਂਦੀ ਹੈ, ਉਸ ਦੀ ਮਾਇਆ ਲਈ ਦੌੜ ਮੁੱਕ ਜਾਂਦੀ ਹੈ; ਅਕਾਲ ਪੁਰਖੁ ਆਪਣੇ ਸੇਵਕ ਉਤੇ ਮੇਹਰ ਕਰਦਾ ਹੈ, ਸੇਵਕ ਨੂੰ ਸਦਾ ਖੁਸ਼ ਰੱਖਦਾ ਹੈ; ਸੇਵਕ ਮਾਇਆ ਦੇ ਬੰਧਨ ਤੋੜ ਕੇ ਆਜਾਦ ਹੋ ਜਾਂਦਾ ਹੈ, ਉਸ ਦਾ ਜਨਮ ਮਰਨ ਦਾ ਗੇੜ, ਦੁਖ ਤੇ ਭਰਮ ਦੂਰ ਹੋ ਜਾਂਦੇ ਹਨ।

ਸੇਵਕ ਕੀ ਮਨਸਾ ਪੂਰੀ ਭਈ॥ ਸਤਿਗੁਰ ਤੇ ਨਿਰਮਲ ਮਤਿ ਲਈ॥ ਜਨ ਕਉ ਪ੍ਰਭੁ ਹੋਇਓ ਦਇਆਲੁ॥ ਸੇਵਕੁ ਕੀਨੋ ਸਦਾ ਨਿਹਾਲੁ॥ ਬੰਧਨ ਕਾਟਿ ਮੁਕਤਿ ਜਨੁ ਭਇਆ॥ ਜਨਮ ਮਰਨ ਦੂਖੁ ਭ੍ਰਮੁ ਗਇਆ॥ (੨੮੯)

ਜਿਸ ਜੀਵ ਤੇ ਅਕਾਲ ਪੁਰਖੁ ਮਿਹਰ ਕਰਦਾ ਹੈ, ਉਸ ਨੂੰ ਆਪਣੀ ਭਗਤੀ ਵਿੱਚ ਜੋੜਦਾ ਹੈ, ਜਿਸ ਦੀ ਬਰਕਤਿ ਨਾਲ ਉਸ ਦੇ ਅੰਦਰੋਂ ਮਾਇਆ ਲਈ ਤ੍ਰਿਸ਼ਨਾਂ ਮਿਟ ਜਾਂਦੀ ਹੈ, ਉਸ ਨੂੰ ਹਰ ਥਾਂ ਅਕਾਲ ਪੁਰਖੁ ਹੀ ਨਜ਼ਰ ਆਉਂਦਾ ਹੈ। ਜੀਵ ਨੂੰ ਆਪਣੇ ਆਪ ਅਨੁਭਵ ਹੋਣ ਲਗ ਪੈਂਦਾ ਹੈ, ਕਿ ਹਰ ਥਾਂ ਚਾਨਣ ਕਰਨ ਵਾਲਾ ਅਕਾਲ ਪੁਰਖੁ, ਹੁਣ ਮੇਰਾ ਮਦਦਗਾਰ ਬਣ ਗਿਆ ਹੈ, ਮੈਂ ਜਨਮ ਮਰਨ ਦੀ ਬੇੜੀ ਕੱਟ ਕੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਹੈ।

ਅਬ ਮੋ ਕਉ ਭਏ ਰਾਜਾ ਰਾਮ ਸਹਾਈ॥ ਜਨਮ ਮਰਨ ਕਟਿ ਪਰਮ ਗਤਿ ਪਾਈ॥ ੧॥ ਰਹਾਉ॥ (੩੩੧)

ਇਸ ਲਈ ਲੋੜ ਹੈ, ਆਪਣਾ ਵਰਤਮਾਨ ਸਵਾਰਨ ਦੀ, ਜੋ ਕਿ ਸਾਡੇ ਹੱਥ ਵਿੱਚ ਹੈ। ਮਨ ਉਸ ਅਕਾਲ ਪੁਰਖੁ ਦਾ ਅੰਸ ਹੈ, ਜੋ ਕਿ ਨਿਰਾ ਨੂਰ ਹੀ ਨੂਰ ਹੈ। ਆਪਣੇ ਮਨ ਨੂੰ, ਉਸ ਅਸਲੇ ਨਾਲ ਸਾਂਝ ਬਣਾਉਂਣ ਲਈ ਪ੍ਰਰੇਣਾ ਹੈ। ਆਪਣੇ ਮਨ ਨੂੰ ਸਮਝਾਉਂਣਾ ਹੈ, ਕਿ ਅਕਾਲ ਪੁਰਖੁ ਸਦਾ ਤੇਰੇ ਅੰਗ-ਸੰਗ ਵੱਸਦਾ ਹੈ, ਗੁਰੂ ਦੀ ਮਤਿ ਲੈ ਕੇ, ਉਸ ਦੇ ਮਿਲਾਪ ਦਾ ਸੁਆਦ ਲੈ। ਆਪਣੇ ਅੰਦਰ ਸਤਿਗੁਰੂ ਦੀ ਸਿੱਖਿਆ ਦੀ ਜੋਤ ਜਗਾਉਂਣੀ ਹੈ ਤਾਂ ਜੋ ਮਨ ਦੇ ਅੰਦਰ ਪੂਰਨ ਜੋਤਿ ਜਗ ਜਾਏ। ਜੇ ਕਰ ਮਨ ਆਪਣਾ ਅਸਲਾ ਸਮਝ ਲਏਗਾ, ਤਾਂ ਉਸ ਅਕਾਲ ਪੁਰਖੁ ਨਾਲ ਡੂੰਘੀ ਜਾਣ-ਪਛਾਣ ਬਣ ਜਾਏਗੀ, ਤੇ ਮਨੁੱਖ ਨੂੰ ਇਹ ਸਮਝ ਵੀ ਆ ਜਾਇਗੀ ਕਿ ਆਤਮਕ ਮੌਤ ਕੀ ਚੀਜ਼ ਹੈ ਤੇ ਆਤਮਕ ਜ਼ਿੰਦਗੀ ਕੀ ਹੈ।

ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥ (੪੪੧)

ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਸੰਖੇਪ ਵਿੱਚ ਕਹਿ ਸਕਦੇ ਹਾਂ ਕਿ

· ਗੁਰੂ ਨਾਨਕ ਸਾਹਿਬ ਦਾ ਨਿਵੇਕਲਾਂ ਧਰਮ ਚਲਾਉਂਣ ਦਾ ਮੰਤਵ ਇਹ ਸੀ ਕਿ ਮਨੁੱਖਤਾ ਨੂੰ ਭਰਮਾਂ, ਭੁਲੇਖਿਆਂ ਤੇ ਵਹਿਮਾਂ ਵਿਚੋਂ ਬਾਹਰ ਕਢਿਆ ਜਾਵੇ। ਗੁਰੂ ਸਾਹਿਬ ਨੇ ਤਾਂ ਵਰਤਮਾਨ ਸੁਧਾਰਨ ਤੇ ਜਿਆਦਾ ਜੋਰ ਦਿੱਤਾ ਹੈ। ਭੂਤਕਾਲ ਤੇ ਭਵਿੱਖ ਕਰਕੇ ਭਰਮਾਂ ਤੇ ਵਹਿਮਾਂ ਵਿੱਚ ਨਹੀਂ ਪੈਣਾਂ ਹੈ।

· ਜੇ ਕਰ ਮਨੁੱਖ ਨੇ ਆਪਣੇ ਕੀਤੇ ਦਾ ਫਲ ਆਪ ਭੋਗਣਾ ਹੈ, ਤਾਂ ਫੇਰ ਕੋਈ ਮਾੜਾ ਕੰਮ ਨਹੀਂ ਕਰਨਾ ਚਾਹੀਦਾ, ਜਿਸ ਕਰਕੇ ਮਾੜਾ ਫਲ ਭੋਗਣਾ ਪਏ।

· ਮਨੁੱਖ ਹਰੀ ਦਾ ਨਾਮ ਚੇਤੇ ਨਾ ਕਰੇ ਤੇ ਹੋਰ ਬਥੇਰੇ ਕਰਮ ਕਾਂਡ ਕਰਦਾ ਰਹੇ, ਇਸ ਤਰ੍ਹਾਂ ਕਰਨ ਨਾਲ ਪਹਿਲਾਂ ਕੀਤੇ ਕਰਮਾਂ ਦੇ ਚੰਗੇ ਮੰਦੇ ਸੰਸਕਾਰ ਜੋ ਮਨ ਤੇ ਲਿਖੇ ਗਏ ਹਨ, ਮਿਟ ਨਹੀਂ ਸਕਦੇ ਤੇ ਅਜੇਹੇ ਜੀਵ ਜਨਮ ਮਰਨ ਦੇ ਗੇੜ ਵਿੱਚ ਭਉਂਦੇ ਰਹਿੰਦੇ ਹਨ।

· ਜੇ ਕਰ ਅਸੀਂ ਆਪਣਾ ਜਨਮ ਮਰਨ ਦਾ ਬੰਧਨ ਦੂਰ ਕਰਨਾ ਚਾਹੁੰਦੇ ਹਾਂ, ਤਾਂ ਗੁਰੂ ਦਾ ਸਬਦ ਆਪਣੇ ਮਨ ਦੇ ਅੰਦਰ ਵਸਾਉਂਣਾਂ ਪਵੇਗਾ।

· ਜਿਸ ਮਨੁੱਖ ਦੇ ਮਨ ਵਿੱਚ ਅਕਾਲ ਪੁਰਖੁ ਦਾ ਨਾਮੁ ਵੱਸਦਾ ਹੈ, ਜੋ ਪ੍ਰੀਤ ਲਾ ਕੇ ਗੁਰਬਾਣੀ ਸੁਣਦਾ ਹੈ, ਉਸ ਨੂੰ ਅਕਾਲ ਪੁਰਖੁ ਚੇਤੇ ਆਂਉਂਦਾ ਹੈ, ਤੇ ਉਸ ਮਨੁੱਖ ਦਾ ਜੰਮਣ ਮਰਨ ਦਾ ਕਸ਼ਟ ਕੱਟਿਆ ਜਾਂਦਾ ਹੈ।

· ਜਿਹੜੇ ਮਨੁੱਖ ਗੁਰੂ ਦੇ ਸਬਦ ਵਿੱਚ ਰੰਗੇ ਜਾਂਦੇ ਹਨ, ਉਨ੍ਹਾਂ ਦੇ ਜਨਮ ਮਰਨ ਦਾ ਖ਼ਾਤਮਾ ਹੋ ਜਾਂਦਾ ਹੈ।

· ਗੁਰਬਾਣੀ ਦੁਆਰਾ, ਉਸ ਅਕਾਲ ਪੁਰਖੁ ਦੇ ਗੁਣ ਗਾਉਂਣ ਨਾਲ ਸਭ ਤੋਂ ਸ੍ਰੇਸ਼ਟ ਸੁਖ, ਭਾਵ ਆਨੰਦ ਦੀ ਅਵਸਥਾ ਹਾਸਲ ਕਰ ਲਈਦੀ ਹੈ ਅਤੇ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।

· ਗੁਰੂ ਸਾਹਿਬ ਤਾਂ ਉਸ ਮਨੁੱਖ ਦੇ ਚਰਨਾਂ ਦੀ ਧੂੜ ਮੰਗਦੇ ਹਨ, ਜਿਹੜਾ ਮਨੁੱਖ ਸਾਧ ਸੰਗਤਿ ਵਿੱਚ ਆ ਕੇ ਆਪਣਾ ਜਨਮ ਮਰਨ ਦਾ ਗੇੜ ਮੁਕਾ ਲੈਂਦਾ ਹੈ।

· ਗੁਰਮੁਖਿ ਜਨ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦੇ, ਉਹ ਤਾਂ ਜਗਤ ਵਿੱਚ ਦੂਜਿਆਂ ਦੀ ਭਲਾਈ ਕਰਨ ਵਾਸਤੇ ਆਉਂਦੇ ਹਨ, ਹੋਰਨਾਂ ਨੂੰ ਆਤਮਕ ਜੀਵਨ ਦੀ ਦਾਤ ਦੇ ਕੇ ਅਕਾਲ ਪੁਰਖੁ ਦੀ ਭਗਤੀ ਵਿੱਚ ਜੋੜਦੇ ਹਨ।

· ਜੇਹੜੇ ਮਨੁੱਖ ਗੁਰੂ ਦੀ ਸੰਗਤਿ ਵਿੱਚ ਬੈਠ ਕੇ ਅਕਾਲ ਪੁਰਖੁ ਦੇ ਗੁਣ ਗਾਉਂਦੇ ਰਹਿੰਦੇ ਹਨ, ਉਹ ਮਨੁੱਖ ਆਤਮਕ ਅਡੋਲਤਾ ਦੀ ਅਵਸਥਾ ਹਾਸਲ ਕਰ ਲੈਂਦੇ ਹਨ।

· ਸਾਧ ਸੰਗਤਿ ਵਿੱਚ ਮਿਲ ਬੈਠਿਆਂ, ਮਨੁੱਖ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ, ਪੂਰਾ ਗੁਰੂ ਉਸ ਨੂੰ ਇੱਕ ਖਿਨ ਵਿੱਚ ਵਿਕਾਰਾਂ ਦੇ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ।

· ਗੁਰਬਾਣੀ ਦੀ ਸੰਗਤ ਅਸੀਂ ਆਪਣੇ ਵਰਤਮਾਨ ਵਿੱਚ ਹੀ ਕਰ ਸਕਦੇ ਹਾਂ, ਭਵਿੱਖ ਵਿੱਚ ਕੀ ਪਤਾ ਕਿ ਕਿਨੇ ਕੁ ਸਵਾਸ ਬਾਕੀ ਹਨ, ਇਹ ਮਨੁੱਖਾ ਜੀਵਨ ਫਿਰ ਦੁਬਾਰਾ ਮਿਲਦਾ ਹੈ ਕਿ ਨਹੀਂ।

· ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਜੀਵਨ ਦੀ ਅਸਲੀਅਤ ਵਿਖਾ ਦਿੱਤੀ, ਸਦਾ-ਥਿਰ ਅਕਾਲ ਪੁਰਖੁ ਦੇ ਨਾਮੁ ਵਿੱਚ ਜੁੜ ਕੇ ਉਸ ਮਨੁੱਖ ਦਾ ਪਾਰ-ਉਤਾਰਾ ਹੋ ਜਾਂਦਾ ਹੈ।

· ਅਕਾਲ ਪੁਰਖੁ ਦਾ ਹੁਕਮੁ ਟਾਲਿਆ ਨਹੀਂ ਜਾ ਸਕਦਾ ਹੈ, ਉਸ ਨੇ ਸਾਡੇ ਕਰਮਾਂ ਅਨੁਸਾਰ ਫੈਸਲਾ ਕਰਨਾ ਹੈ। ਦੁਨੀਆਂ ਦੇ ਵਿਕਾਰਾਂ ਤੋਂ ਬਚਣ ਲਈ ਰਸਤਾ ਸਿਰਫ਼ ਇਹੀ ਹੈ, ਕਿ ਗੁਰਬਾਣੀ ਨੂੰ ਧਿਆਨ ਨਾਲ ਸੁਣਨਾ ਹੈ, ਸਮਝਣਾਂ ਹੈ ਤੇ ਅਪਣਾ ਕੇ ਆਪਣਾ ਮਨੁੱਖਾ ਜੀਵਨ ਸਫਲ ਕਰਨਾ ਹੈ।

· ਅਕਾਲ ਪੁਰਖੁ ਨੂੰ ਵਿਸਾਰਨ ਕਰਕੇ ਜੀਵ, ਜੰਮਣ ਮਰਨ ਦੇ ਗੇੜ ਵਿੱਚ ਪੈ ਜਾਂਦਾ ਹੈ, ਤੇ ਇਸ ਨੂੰ ਟਿਕਾਣਾ ਨਹੀਂ ਮਿਲਦਾ।

· ਜਿਹੜਾ ਮਨੁੱਖ ਆਪਣੇ ਗੁਰੂ ਦੀ ਸੇਵਾ ਕਰਦਾ ਹੈ, ਗੁਰੂ ਦੇ ਕਹੇ ਅਨੁਸਾਰ ਚਲਦਾ ਹੈ, ਉਸ ਦਾ ਜਗਤ ਵਿੱਚ ਆਉਣਾ ਸਫਲ ਹੋ ਜਾਂਦਾ ਹੈ।

· ਮਨੁੱਖਾ ਜਨਮ ਸਫਲ ਕਰਨ ਲਈ, ਸਿਰਫ ਗੁਰੂ ਹੀ ਸਹਾਇਤਾ ਕਰ ਸਕਦਾ ਹੈ, ਇਸ ਲਈ ਗੁਰੁ ਦੀ ਸੇਵਾ ਵਿੱਚ ਜੁਟ ਜਾਓ।

· ਵੱਡੇ ਭਾਗਾਂ ਨਾਲ, ਜਿਸ ਮਨੁੱਖ ਦੀ ਸੁਰਤਿ ਅਕਾਲ ਪੁਰਖੁ ਦੇ ਚਰਨਾਂ ਵਿੱਚ ਜੁੜਦੀ ਹੈ, ਉਸ ਦਾ ਮਨ ਆਤਮਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ।

· ਚੇਤੇ ਰੱਖੋ, ਜਿਸ ਵੇਲੇ ਮੌਤ ਆਵੇਗੀ, ਉਸ ਵੇਲੇ ਕੋਈ ਵੀ ਚੀਜ਼ ਸਾਡੀ ਨਹੀਂ ਰਹੇਗੀ। ਜਿਵੇਂ ਰੁੱਖਾਂ ਉੱਤੇ ਪੰਛੀਆਂ ਦਾ ਸਿਰਫ਼ ਰਾਤ ਲਈ ਡੇਰਾ ਹੁੰਦਾ ਹੈ, ਤਿਵੇਂ ਜੀਵਾਂ ਦੀ ਵੱਸੋਂ ਇਸ ਜਗਤ ਵਿੱਚ ਹੈ।

· ਜੇ ਕਰ ਸਬਦ ਗੁਰੂ ਦੀ ਮਿਹਰ ਸਦਕਾ ਅਕਾਲ ਪੁਰਖੁ ਨੂੰ ਹਿਰਦੇ ਵਿੱਚ ਵਸਾ ਲਈਏ, ਤਾਂ ਮਾਇਆ ਦੇ ਸਾਰੇ ਬੰਧਨ ਕੱਟੇ ਜਾਂਦੇ ਹਨ, ਤੇ ਭਟਕਣਾ ਮੁਕ ਜਾਂਦੀ ਹੈ।

· ਜਿਨ੍ਹਾਂ ਮਨੁੱਖਾਂ ਨੇ ਆਪਣੇ ਅੰਦਰੋਂ ਗੁਰਬਾਣੀ ਦੁਆਰਾ ਆਪਾ-ਭਾਵ ਗਵਾ ਲਿਆ ਹੈ, ਆਪਣਾ ਹਉਮੈਂ ਦੂਰ ਕਰ ਲਿਆ, ਉਨ੍ਹਾਂ ਨੂੰ ਸਤਿਗੁਰੂ ਦੇ ਮਿਲਣ ਨਾਲ, ਸੱਚੇ ਅਕਾਲ ਪੁਰਖੁ ਦੀ ਪ੍ਰਾਪਤੀ ਹੋ ਜਾਂਦੀ ਹੈ।

· ਗੁਰਮੁਖਿ ਸੱਚੇ ਅਕਾਲ ਪੁਰਖੁ ਤੋਂ ਪੈਦਾ ਹੁੰਦਾ ਹੈ, ਤੇ ਸੱਚੇ ਵਿੱਚ ਹੀ ਲੀਨ ਰਹਿੰਦਾ ਹੈ; ਅਕਾਲ ਪੁਰਖੁ ਤੇ ਗੁਰਮੁਖਿ ਇੱਕ-ਰੂਪ ਹੋ ਜਾਂਦੇ ਹਨ।

· ਜਿਨ੍ਹਾਂ ਨੇ ਗੁਰੂ ਦੇ ਸਬਦ ਨੂੰ ਪਛਾਣ ਲਿਆ, ਉਹ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖੁ ਦੀ ਸਿਫਤ ਸਾਲਾਹ ਕਰਦੇ ਰਹਿੰਦੇ ਹਨ, ਤੇ ਆਪਣਾ ਮਨੁੱਖਾ ਜੀਵਨ ਸਫਲ ਕਰ ਲੈਂਦੇ ਹਨ।

· ਗੁਰਬਾਣੀ ਦੁਆਰਾ ਸਮਝ ਆ ਜਾਂਦੀ ਹੈ, ਕਿ ਅਕਾਲ ਪੁਰਖੁ ਕੋਈ ਪਰਾਇਆ ਨਹੀਂ ਹੈ, ਉਹ ਤਾਂ ਸਭ ਵਿੱਚ ਸਮਾਇਆ ਹੋਇਆ ਹੈ। ਜਿਨ੍ਹਾਂ ਨੇ ਉਸ ਨੂੰ ਆਪਣੇ ਚਿੱਤ ਵਿੱਚ ਵਸਾ ਲਿਆ, ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦੇ, ਤੇ ਅਸਲੀ ਭਗਤ ਹਨ।

· ਸਤਿਗੁਰੂ ਦਾ ਸਬਦੁ, ਇੱਕ ਚਮਕਦੇ ਮੋਤੀ ਦੀ ਤਰ੍ਹਾਂ ਹੈ, ਜੋ ਕਿ ਮਨੁੱਖ ਦੇ ਹਿਰਦੇ ਅੰਦਰ ਚਾਨਣ ਪੈਦਾ ਕਰ ਸਕਦਾ ਹੈ। ਮਨੁੱਖ ਜੀਵਨ ਦੀ ਅਸਲੀਅਤ ਪਛਾਣ ਲੈਂਦਾ ਹੈ ਤੇ ਗੁਰੂ ਦੀ ਸਿੱਖਿਆ ਦੁਆਰਾ ਅਕਾਲ ਪੁਰਖੁ ਵਿੱਚ ਲੀਨ ਹੋ ਜਾਂਦਾ ਹੈ।

· ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ, ਗੁਰੂ ਦੇ ਸਬਦ ਨੂੰ ਆਪਣੇ ਮਨ ਵਿੱਚ ਵਿਚਾਰ ਕੇ ਜਨਮ ਮਰਨ ਦੇ ਗੇੜ ਦਾ ਭੇਦ ਸਮਝ ਲੈਂਦਾ ਹੈ।

· ਅੱਖ, ਨੱਕ, ਕੰਨ, ਜੀਭ ਤੇ ਕਾਮ-ਵਾਸ਼ਨਾ ਵਾਲੀ ਇੰਦ੍ਰੀ ਮਨੁੱਖ ਨੂੰ ਮੁੜ ਮੁੜ ਵਿਕਾਰਾਂ ਵਲ ਪ੍ਰੇਰਦੇ ਹਨ। ਇਨ੍ਹਾਂ ਦੀ ਮੰਦੀ ਪ੍ਰੇਰਨਾ ਤੋਂ ਬਚਣ ਲਈ ਇੱਕੋ ਤਰੀਕਾ ਹੈ, ਅਕਾਲ ਪੁਰਖੁ ਦੇ ਦਰ ਤੇ ਨਿੱਤ ਅਰਦਾਸ ਕਰੀਏ ਤੇ ਸਬਦ ਗੁਰੂ ਦਾ ਓਟ ਆਸਰਾ ਲਈਏ।

· ਗੁਰੂ ਸਾਹਿਬ ਨੇ ਤਾਂ ਸਬਦ ਦੇ ਲੰਗਰ ਦਾ ਗੁਰਬਾਣੀ ਵਿੱਚ ਜਿਕਰ ਕੀਤਾ ਹੈ, ਜੋ ਕਿ ਸਾਡੇ ਸੁਧਾਰ ਲਈ ਅਤੀ ਜਰੂਰੀ ਹੈ। ਪਰ ਅਫਸੋਸ ਕਿ ਕੋਈ ਵਿਰਲਾ ਹੀ ਇਸ ਲੰਗਰ ਲਈ ਗੁਰੂ ਘਰ ਵਿੱਚ ਜਾਂਦਾ ਹੈ।

· ਅੰਤ ਸਮੇ ਤੋਂ ਪਹਿਲਾਂ ਪਹਿਲਾਂ, ਜੋ ਜੋ ਕਰਮ ਜੀਵ ਨੇ ਕਮਾਇਆ ਹੁੰਦਾ ਹੈ, ਉਸ ਦੇ ਅਨੁਸਾਰ ਸੰਸਕਾਰਾਂ ਦਾ ਲੇਖ ਉਸ ਦੇ ਮੱਥੇ ਤੇ ਲਿਖਿਆ ਜਾਂਦਾ ਹੈ, ਤੇ ਉਹੋ ਜਿਹੇ ਫਲ ਜੀਵ ਪ੍ਰਾਪਤ ਕਰਦਾ ਹੈ।

· ਜੇ ਕਰ ਅਸੀਂ ਆਪਣਾ ਜਾਂ ਕਿਸੇ ਦੂਸਰੇ ਦਾ ਆਵਾ ਗਵਨ ਸਵਾਰਨਾਂ ਚਾਹੁੰਦੇ ਹਾਂ, ਤਾਂ ਸਾਨੂੰ ਆਪਣੇ ਕਰਮ ਠੀਕ ਕਰਨੇ ਪੈਣਗੇ, ਦੂਸਰਿਆਂ ਨੂੰ ਆਪਣੇ ਕਰਮ ਸੁਧਾਰਨ ਲਈ ਪ੍ਰੇਰਤ ਕਰਨ ਪਵੇਗਾ। ਗੁਰਬਾਣੀ ਅਨੁਸਾਰ ਜੀਵਨ ਦਾ ਸਹੀ ਰਸਤਾ ਅਪਨਾਉਂਣਾ ਪਵੇਗਾ।

· ਜੇ ਕਰ ਮਨੁੱਖ ਨੇ ਸਾਰੀ ਉਮਰ ਔਗੁਣ ਕੀਤੇ ਹੋਣ, ਤਾਂ ਉਸ ਦੇ ਮਰਨ ਤੋਂ ਬਾਅਦ ਸਾਡੀ ਕੀਤੀ ਹੋਈ ਅਰਦਾਸ, ਉਸ ਦਾ ਸੁਧਾਰ ਕਿਸ ਤਰ੍ਹਾਂ ਕਰ ਸਕਦੀ ਹੈ? ਇਸ ਲਈ ਸਾਨੂੰ ਆਪਣੀ ਸੋਚ ਤੇ ਰਵਾਇਤਾਂ ਨੂੰ ਗੁਰਮਤਿ ਅਨੁਸਾਰ ਬਦਲਣਾ ਪਵੇਗਾ। ਹੋਰਨਾਂ ਧਰਮਾਂ ਵਿੱਚ ਚਲ ਰਹੀਆਂ ਰਵਾਇਤਾਂ ਨੂੰ ਅਪਨਾਉਂਣ ਤੋਂ ਪਹਿਲਾਂ, ਸਾਨੂੰ ਗੁਰਮਤਿ ਦੀ ਕਸਵੱਟੀ ਤੇ ਪਰਖਣਾਂ ਚਾਹੀਦਾ ਹੈ।

· ਮਰਨ ਤੋਂ ਬਾਅਦ ਗੁਰਬਾਣੀ, ਉਸ ਮਰੇ ਵਿਅਕਤੀ ਲਈ ਨਹੀਂ ਪੜ੍ਹੀ ਜਾਂਦੀ ਹੈ, ਬਲਕਿ ਸਾਡੇ ਲਈ ਪੜ੍ਹੀ ਜਾਂਦੀ ਹੈ, ਤਾਂ ਜੋ ਅਸੀਂ ਅਕਾਲ ਪੁਰਖੁ ਦੇ ਹੁਕਮੁ ਅਨੁਸਾਰ ਵਾਪਰੀ ਘਟਨਾਂ ਨੂੰ ਪ੍ਰਵਾਨ ਕਰ ਸਕੀਏ।

· ਬੱਚੇ ਦਾ ਨਾਮ ਕਰਨ ਸਮੇਂ ਸ਼ੁਕਰਾਨੇ ਦੀ ਅਰਦਾਸ ਕਰਵਾਈ ਜਾਂਦੀ ਹੈ, ਅਨੰਦ ਕਾਰਜ ਸਮੇਂ ਸ਼ੁਕਰਾਨੇ ਦੀ ਅਰਦਾਸ ਕਰਵਾਈ ਜਾਂਦੀ ਹੈ, ਪਰ ਕੋਈ ਵਿਰਲਾ ਹੀ ਹੈ, ਜੋ ਕਿ ਅਕਾਲ ਚਲਾਣੇ ਸਮੇਂ ਸ਼ੁਕਰਾਨੇ ਦੀ ਅਰਦਾਸ ਕਰਵਾਉਂਦਾ ਹੈ।

· ਸਭ ਜੀਵਾਂ ਨੂੰ ਸੁਖੀ ਕਰਨ ਵਾਲਾ ਨਾਮੁ ਰੂਪੀ ਅੰਮ੍ਰਿਤ, ਗੁਰਬਾਣੀ ਦੀ ਸੰਗਤ ਵਿੱਚ ਮਿਲਦਾ ਹੈ।

· ਆਪਣੇ ਅੰਦਰ ਸਤਿਗੁਰੂ ਦੀ ਸਿੱਖਿਆ ਦੀ ਜੋਤ ਜਗਾਉਂਣੀ ਹੈ ਤਾਂ ਜੋ ਮਨ ਦੇ ਅੰਦਰ ਪੂਰਨ ਜੋਤਿ ਜਗ ਜਾਏ। ਇਹ ਸਿਰਫ ਇਸ ਮਨੁੱਖਾ ਜੀਵਨ ਵਿੱਚ ਹੀ ਸੰਭਵ ਹੈ ਜੋ ਕਿ ਸਾਡੇ ਹੱਥ ਵਿੱਚ ਹੈ।

· ਇਸ ਲਈ ਆਪਣਾ ਵਰਤਮਾਨ ਸਵਾਰਨਾ ਹੈ, ਮਨ ਨੂੰ ਗੁਰੂ ਦੀ ਮਤਿ ਅਨੁਸਾਰ ਸਮਝਾਉਂਣਾ ਹੈ, ਅਕਾਲ ਪੁਰਖੁ ਨਾਲ ਡੂੰਘੀ ਜਾਣ-ਪਛਾਣ ਬਣਾਉਂਣੀ ਹੈ, ਤਾਂ ਜੋ ਸਾਡਾ ਮਨੁੱਖਾ ਜਨਮ ਸਫਲ ਹੋ ਸਕੇ।

ਭਾਈ ਗੁਰਦਾਸ ਜੀ ਨੇ ਵੀ ਆਪਣੀ ਵਾਰ ਵਿੱਚ ਬੜੇ ਸੁੰਦਰ ਤੇ ਸਪੱਸ਼ਟ ਤਰੀਕੇ ਨਾਲ ਸਮਝਾਇਆ ਹੈ ਕਿ ਅਕਾਲ ਪੁਰਖੁ ਨੇ ਪੰਜ ਤੱਤਾਂ ਨਾਲ, ਚਾਰੇ ਖਾਣੀਆਂ ਵਿੱਚ ਅਨੇਕਾਂ ਹੀ ਜੂਨਾਂ (ਚਉਰਾਸੀ ਲੱਖ) ਪੈਦਾ ਕੀਤੀਆਂ ਹਨ। ਹਰੇਕ ਜੂਨ ਵਿੱਚ ਅਨੇਕਾਂ ਹੀ ਜੀਵ ਹਨ, ਤੇ ਹਰੇਕ ਜੀਵ ਅਕਾਲ ਪੁਰਖੁ ਦੇ ਹੁਕਮੁ ਵਿੱਚ ਹੈ। ਹਰੇਕ ਜੀਵ ਦੇ ਕਰਮਾਂ ਅਨੁਸਾਰ, ਆਪਣੇ ਆਪ ਉਸ ਦੇ ਮਸਤਕ ਤੇ ਲੇਖ ਲਿਖੇ ਜਾਂਦੇ ਹਨ। ਇਹ ਹਿਸਾਬ ਕਿਤਾਬ ਇਤਨਾਂ ਸੂਖਮ ਹੈ, ਕਿ ਇੱਕ ਇੱਕ ਸਵਾਸ ਦਾ ਪੂਰਨ ਲੇਖਾ ਲਿਖਿਆ ਜਾਂਦਾ ਹੈ, ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਹੈ। ਸਿਰਫ ਉਹ ਅਕਾਲ ਪੁਰਖੁ ਹੀ ਹੈ, ਜੋ ਕਿ ਲੇਖੇ ਵਿੱਚ ਨਹੀਂ ਆਂਉਂਦਾ ਹੈ।

ਪੰਜ ਤਤ ਪਰਵਾਣ ਕਰ ਖਾਣੀਂ ਚਾਰ ਜਗਤ ੳਪਾਯਾ॥ ਲਖ ਚਉਰਾਸੀ ਜੂਨਿ ਵਿੱਚ ਆਵਾ ਗਵਣ ਚਲਿਤ ਵਰਤਾਯਾ॥ ਇਕਸ ਇਕਸ ਜੂਨਿ ਵਿੱਚ ਜੀਅਜੰਤ ਅਣਗਣਤ ਵਧਾਇਆ॥ ਲੇਖੇ ਅੰਦਰ ਸਭ ਕੋ ਸਭਨਾਂ ਮਸਤਕ ਲੇਖ ਲਿਖਾਯਾ॥ ਲੇਖੈ ਸਾਸ ਗਿਰਾਸ ਦੇ ਲੇਖ ਲਿਖਾਰੀ ਅੰਤ ਨ ਪਾਯਾ॥ ਆਪ ਅਲਖ ਨ ਅਲਖ ਲਖਾਯਾ॥ ੪॥ (੧੮-੪-੬)

ਜੇ ਕਰ ਅਸੀਂ ਸੱਭ ਲੇਖੇ ਦੇ ਅਧੀਨ ਹਾਂ, ਸਾਡੇ ਇੱਕ ਇੱਕ ਸਵਾਸ ਦਾ ਪੂਰਨ ਲੇਖਾ ਲਿਆ ਜਾਣਾ ਹੈ ਤਾਂ ਫਿਰ ਅਸੀਂ ਆਪਣੇ ਸੋਚ ਤੇ ਕਰਮ ਕਿਉਂ ਨਹੀਂ ਠੀਕ ਕਰਦੇ ਹਾਂ। ਗੁਰਮਤਿ ਅਨੁਸਾਰ ਸੱਚ ਦਾ ਮਾਰਗ ਕਿਉਂ ਨਹੀਂ ਅਪਨਾਉਂਦੇ ਹਾਂ, ਆਪਣੇ ਜੀਵਨ ਨੂੰ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਅਨੁਸਾਰ ਕਿਉਂ ਨਹੀਂ ਢਾਲਦੇ ਹਾਂ। ਇਸ ਲਈ ਆਓ ਸਾਰੇ ਜਾਣੇ ਸੁਚੇਤ ਹੋ ਜਾਈਏ, ਤਾਂ ਜੋ ਭਵਿੱਖ ਵਿੱਚ ਪਛਤਾਉਂਣਾਂ ਨਾ ਪਵੇ, ਆਪਣੇ ਮਨੁੱਖਾ ਜੀਵਨ ਦਾ ਮੰਤਵ ਸਮਝੀਏ, ਜੀਵਨ ਦੀ ਅਸਲੀਅਤ ਨੂੰ ਜਾਣੀਏ, ਅਕਾਲ ਪੁਰਖੁ ਨੂੰ ਗੁਰਬਾਣੀ ਦੁਆਰਾ ਸਮਝੀਏ ਤੇ ਆਪਣਾ ਆਵਾ ਗਵਨ ਸਵਾਰ ਕੇ ਇਹ ਮਨੁੱਖਾ ਜੀਵਨ ਸਫਲ ਕਰੀਏ।

“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”

(ਡਾ: ਸਰਬਜੀਤ ਸਿੰਘ) ------(Dr. Sarbjit Singh)

ਆਰ ਐਚ ੧/ਈ - ੮, ਸੈਕਟਰ - ੮, -RH1 / E-8, Sector-8,

ਵਾਸ਼ੀ, ਨਵੀਂ ਮੁੰਬਈ - ੪੦੦੭੦੩. --Vashi, Navi Mumbai - 400703.

http://www.geocities.com/sarbjitsingh/, http://www.gurbani.us
.