.

“ਨਾਂਗਾ ਆਇਆ ਨਾਂਗੋ ਜਾਸੀ” (ਪੰ: 380)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫ਼ਾਊਂਡਰ ਸਿੱਖ ਮਿਸ਼ਨਰੀ ਲਹਿਰ ਸੰਨ 1956

‘ਇਨਸਾਨ ਸੰਸਾਰ `ਚ ਨੰਗਾ ਆਉਂਦਾ ਹੈ ਤੇ ਸੰਸਾਰ ਤੋਂ ਜਾਂਦਾ ਵੀ ਨੰਗਾ ਹੈ’, ਇਹ ਪੁਰਾਣਾ ਅਖਾਣ ਹੈ। ਜਦਕਿ ਇਸ ਪ੍ਰਚਲਣ ਅਥਵਾ ਮੂੰਹਚੜ੍ਹੀ `ਚ ਉਸ ਤਰ੍ਹਾਂ ਦੀ ਸਚਾਈ ਹੈ ਹੀ ਨਹੀਂ ਜਿਵੇਂ ਮੰਨੀ ਜਾ ਰਹੀ ਹੈ। ਨਿੱਤ ਤੱਕਦੇ ਹਾਂ ਕਿ ਸਰੀਰ ਦੇ ਨੰਗਾ ਆਉਣ ਵਾਲਾ ਜੋ ਪ੍ਰਭਾਵ ਲੈ ਰਹੇ ਹਾਂ, ਸਾਡਾ ਸਰੀਰ ਤਾਂ “ਰਕਤੁ ਬਿੰਦੁ ਕਰਿ ਨਿੰਮਿਆ, ਅਗਨਿ ਉਦਰ ਮਝਾਰਿ” (ਪੰ: ੭੦੬) ਅਨੁਸਾਰ ਆਉਂਦਾ ਕਿਧਰੋਂ ਵੀ ਨਹੀਂ ਤੇ ਬਣਦਾ ਵੀ ਇਥੇ ਹੀ ਹੈ। ਉਪ੍ਰੰਤ ਇਸ ਦਾ ਸਸਕਾਰ ਵੀ ਆਪਣੀ ਹੱਥੀਂ ਕਰ ਦੇਂਦੇ ਹਾਂ। ਇਸ ਲਈ ਇਸਦਾ ਨੰਗਾ ਆਉਣਾ ਜਾਂ ਜਾਣਾ ਤਾਂ ਦੂਰ ਦੀ ਗੱਲ, ਇਹ ਸਰੀਰ ਤਾਂ ਸਾਡੇ ਨਾਲ ਨਾ ਆਉਂਦਾ ਹੈ ਤੇ ਨਾ ਸਾਡੇ ਨਾਲ ਜਾਂਦਾ ਹੈ। ਫ਼ਿਰ, ਇਸ ਅਖਾਣ ਦਾ ਕਈ ਲੋਗ ਇਹ ਮਤਲਬ ਲੈਂਦੇ ਹਨ ‘ਖਾਲੀ ਹੱਥ ਆਉਣਾ ਤੇ ਖਾਲੀ ਹੱਥ ਜਾਣਾ’। ਇਸ ਸਾਰੇ ਦੇ ਬਾਵਜੂਦ ਗੁਰਬਾਣੀ `ਚ ਵੀ ਮਨੁੱਖ ਲਈ ਇਸ ਸ਼ਬਦਾਵਲੀ ਨੂੰ ਬਹੁਤ ਵਾਰੀ ਲਿਆ ਹੈ, ਮਿਸਾਲ ਵਜੋਂ “ਨਾਗੇ ਆਵਣ ਜਾਵਣਿਆ” (ਪੰ: ੪੫੦) ਜਾਂ “ਬਾਬਾ ਨਾਂਗੜਾ ਆਇਆ ਜਗ ਮਹਿ… ਨਾਂਗੋ ਬੰਧਿ ਚਲਾਇਆ” (ਪੰ: ੫੮੨) ਪਰ ਬਿਲਕੁਲ ਨਿਵੇਕਲੇ ਅਰਥਾਂ `ਚ। ਦਰਅਸਲ ਇਹੀ ਵਿਸ਼ਾ ਹੈ ਹੱਥਲੇ ਗੁਰਮਤਿ ਪਾਠ ਦਾ ਕਿ ਉਹ ਕਿਹੜੇ ਨਿਵੇਕਲੇ ਅਰਥ ਹਨ ਜੋ ਗੁਰਬਾਣੀ ਰਾਹੀਂ ਇਸ ਸ਼ਬਦਾਵਲੀ ਰਾਹੀਂ ਸਮਝਾਏ ਗਏ ਹਨ।

ਹੈਨਿ ਵਿਰਲੇ ਨਾਹੀ ਘਣੇ-ਸ਼ੱਕ ਨਹੀਂ, ਗੁਰਬਾਣੀ ਨੇ ਮਨਮੁਖਤਾ ਵਾਲਾ ਜੀਵਨ ਬਿਤਾਅ ਰਹੇ ਮਨੁੱਖ ਨੂੰ ਗੁਰਮੁੱਖ ਬਨਾਉਣ ਦਾ ਬੀੜਾ ਚੁਕਿਆ ਹੈ। ਹੋਰ ਤਾਂ ਹੋਰ “ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ॥ ਬਾਝਹੁ ਗੁਰੂ ਗੁਬਾਰ ਹੈ ਹੈਹੈ ਕਰਦੀ ਸੁਣੀ ਲੁਕਾਈ॥ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ॥ ਚੜ੍ਹਿਆ ਸੋਧਨ ਧਰਤ ਲੁਕਾਈ” (ਭਾ: ਗੁ: ੧/੨੪) ਅਨੁਸਾਰ ਪਹਿਲੇ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੀਕ ਤੇ ਉਹਨਾਂ ਵਲੋਂ ਵਰੋਸਾਏ ਜੀਉੜਿਆਂ ਦੇ ਪ੍ਰਚਾਰ ਦੌਰੇ ਅਤੇ ਉੱਦਮ ਇਸੇ ਰੱਬੀ ਸਚਾਈ ਨੂੰ ਪ੍ਰਗਟ ਕਰਨ ਲਈ ਸਨ। ਗੁਰਬਾਣੀ ਰਾਹੀਂ ਇਹੀ ਤਾਂ ਦ੍ਰਿੜ ਕਰਵਾਇਆ ਜਾ ਰਿਹਾ ਸੀ “ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ॥ ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀਂ” (ਪੰ: ੬੩੧) ਭਾਵ ਮਨੁੱਖਾ ਜਨਮ ਪ੍ਰਭੂ ਦੀਆਂ ਬੇਅੰਤ ਜੂਨੀਆਂ `ਚੋਂ ਵਿਸ਼ੇਸ਼ ਤੇ ਦੁਰਲਭ ਹੈ। ਮਨੁੱਖਾ ਜਨਮ ਅਕਾਲਪੁਰਖ ਵਲੋਂ ਮਿਲਦਾ ਹੀ ਇਸ ਲਈ ਹੈ ਕਿ ਮਨੁੱਖ ਬਾਰ ਬਾਰ ਦੇ ਜਨਮ-ਮਰਣ ਦੇ ਦੁਖਾਂ ਤੋਂ ਬੱਚ ਜਾਵੇ ਤੇ “ਗੁਰਮੁਖ ਜਨਮ ਸਵਾਰ ਦਰਗਹ ਚਲਿਆ॥ ਸਚੀ ਦਰਗਹ ਜਾਇ ਸਚਾ ਪਿੜ ਮਲਿਆ” (ਭਾ: ਗੁ: ੧੯/੧੪) ਅਨੁਸਾਰ ਪ੍ਰਭੂ `ਚ ਸਦਾ ਲਈ ਅਭੇਦ ਹੋ ਜਾਵੇ। ਫ਼ੁਰਮਾਨ ਹੈ “ਲਖ ਚਉਰਾਸੀਹ ਆਪਿ ਉਪਾਏ॥ ਮਾਨਸ ਜਨਮਿ ਗੁਰ ਭਗਤਿ ਦ੍ਰਿੜਾਏ॥ ਬਿਨੁ ਭਗਤੀ ਬਿਸਟਾ ਵਿਚਿ ਵਾਸਾ, ਬਿਸਟਾ ਵਿਚਿ ਫਿਰਿ ਪਾਇਦਾ” (ਪੰ: ੧੦੬੧) ਭਾਵ ਜੀਵਨ ਦੀ ਸਚਾਈ ਨਾਲ ਜੁੜੇ ਬਿਨਾ ਮਨੁੱਖ ਆਪਣਾ ਸਾਰਾ ਜੀਵਨ ਵੀ ਬਿਸਟਾ ਭਾਵ ਗੰਦਗੀ `ਚ ਬਿਤਾਉਂਦਾ ਹੈ ਤੇ ਜਨਮ ਬਿਤਾਉਣ ਬਾਅਦ ਵੀ ਉਸ ਨੂੰ ਉਸੇ ਹੀ ਬਿਸਟਾ `ਚ “ਫਿਰਿ ਪਾਇਦਾ” ਪਾ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ “ਮਾਨਸ ਦੇਹ ਬਹੁਰਿ ਨਹ ਪਾਵੈ ਕਛੂ ਉਪਾਉ ਮੁਕਤਿ ਕਾ ਕਰੁ ਰੇ॥ ਨਾਨਕ ਕਹਤ ਗਾਇ ਕਰੁਨਾ ਮੈ ਭਵਸਾਗਰ ਕੈ ਪਾਰਿ ਉਤਰੁ ਰੇ” (ਪੰ: ੨੨੦) ਭਾਵ ਸੰਸਾਰ, ਮੋਹ ਮਾਇਆ, ਵਿਕਾਰਾਂ ਦਾ ਸਮੁੰਦ੍ਰ ਹੈ ਤੇ ਇਸ `ਚੋਂ ਨਿਕਲਣ ਦਾ ਅਵਸਰ ਕੇਵਲ ਮਨੁੱਖਾ ਜੂਨ ਹੀ ਹੈ, ਜੋ ਕਿ ਬੜੀ ਮੁਸ਼ਕਲ ਨਾਲ ਮਿਲਦੀ ਹੈ, ਇਸ ਲਈ ਐ ਭਾਈ! ਤੂੰ ਇਸ ਜਨਮ ਦੀ ਸੰਭਾਲ ਕਰ।

ਇਹ ਵੀ ਠੀਕ ਹੈ ਕਿ ਉੱਤਮ ਤੇ ਸਫ਼ਲ ਜੀਵਨ ਪਾਉਣ ਵਾਲਾ, ਗੁਰਬਾਣੀ ਦਾ “ਭਵਸਾਗਰ ਕੈ ਪਾਰਿ ਉਤਰੁ ਰੇ” ਵਾਲਾ ਇਹ ਸੱਦਾ ਕੇਵਲ ਕੁੱਝ ਲੋਕਾਂ ਜਾਂ ਕਿਸੇ ਖਾਸ ਫ਼ਿਰਕੇ ਲਈ ਨਹੀਂ, ਸਮਸਤ ਮਨੁੱਖ ਮਾਤ੍ਰ ਲਈ ਹੈ। ਇਸਦੇ ਬਾਵਜੂਦ ਗੁਰਬਾਣੀ ਵਿਚਲੇ ਅਨੇਕਾਂ ਸ਼ਬਦ ਅਤੇ ਫ਼ੁਰਮਾਣ ਇਹ ਗਵਾਹੀ ਵੀ ਭਰ ਰਹੇ ਹਨ ਕਿ “ਹੈਨਿ ਵਿਰਲੇ ਨਾਹੀ ਘਣੇ, ਫੈਲ ਫਕੜੁ ਸੰਸਾਰੁ” (ਪੰ: ੧੪੧੧) ਪੁਨਾ “ਹਉਮੈ ਕਰਤ ਭੇਖੀ ਨਹੀਂ ਜਾਨਿਆ॥ ਗੁਰਮੁਖਿ ਭਗਤਿ ਵਿਰਲੇ ਮਨੁ ਮਾਨਿਆ” (ਪੰ: ੨੨੬) ਹੋਰ ਲਵੋ! ਗੁਰਦੇਵ ਤਾਂ ਇਥੋਂ ਤੀਕ ਪੱਕਾ ਕਰ ਰਹੇ ਹਨ ਕਿ “ਜਿਨੑ ਇੱਕ ਮਨਿ ਧਿਆਇਆ, ਤਿਨੑ ਸੁਖੁ ਪਾਇਆ, ਤੇ ਵਿਰਲੇ ਸੰਸਾਰਿ ਜੀਉ॥ ਤਿਨ ਜਮੁ ਨੇੜਿ ਨ ਆਵੈ, ਗੁਰ ਸਬਦੁ ਕਮਾਵੈ, ਕਬਹੁ ਨ ਆਵਹਿ ਹਾਰਿ ਜੀਉ” (ਪੰ: ੪੩੮) ਭਾਵ ਅਜਿਹੇ ਵਡਭਾਗੀ ਜੀਵਨ ਨੂੰ ਹਾਰਦੇ ਤੇ ‘ਜਮ’ (ਜਨਮ-ਮਰਣ) ਦੇ ਗੇੜ `ਚ ਨਹੀਂ ਪੈਂਦੇ। ਨਾਲ ਇਹ ਵੀ ਫ਼ੁਰਮਾਅ ਰਹੇ ਹਨ ਕਿ ਅਜਿਹਾ ਸਫ਼ਲ ਤੇ ਉੱਤਮ ਜੀਵਨ ਵਿਰਲਿਆਂ ਨੂੰ ਹੀ ਪ੍ਰਾਪਤ ਹੁੰਦਾ ਹੈ।

“ਤਿਨ ਜਮੁ ਨੇੜਿ ਨ ਆਵੈ” -ਧਿਆਣ ਦੇਣਾ ਹੈ ਕਿ ਗੁਰਬਾਣੀ ਦੀ ਸ਼ਬਦਾਵਲੀ ਦੇ ਅਰਥ ਵੀ ਗੁਰਬਾਣੀ `ਚੋਂ ਹੀ ਲੈਣੇ ਹੁੰਦੇ ਹਨ ਨਾ ਕਿ ਬਾਹਰੋਂ। ਗੁਰਬਾਣੀ ਸ਼ਬਦਾਵਲੀ ਦੇ ਅਰਥ-ਭਾਵਾਂ ਨੂੰ ਸਮਝਣ ਲਈ ਕਿਸੇ ਲਫ਼ਜ਼ ਦੇ ਹਜ਼ਾਰਾਂ ਸਾਲਾਂ ਤੋਂ ਚਲਦੇ ਆ ਰਹੇ ਅਰਥ ਇਥੇ ਉੱਕਾ ਲਾਗੂ ਨਹੀਂ ਹੋਣਗੇ। ਜਿਵੇਂ ਕਿ ਹੱਥਲੇ ਗੁਰਬਾਣੀ ਪ੍ਰਮਾਣ `ਚ ਲਫ਼ਜ਼ ‘ਜਮ’ ਆਇਆ ਹੈ। ਗੁਰਬਾਣੀ ਅਨੁਸਾਰ ਜਦੋਂ ਕਦੇ ਵੀ ‘ਜਮ’ ਲਫ਼ਜ਼ ਬ੍ਰਾਹਮਣੀ ਅਰਥਾਂ `ਚ ਆਵੇਗਾ ਤਾਂ ਉਥੇ ਉਸਦਾ ਖੰਡਣ ਕੀਤਾ ਹੋਵੇਗਾ ਜਦਕਿ ਗੁਰਬਾਣੀ `ਚ ਹੀ ਇਹੀ ਲਫ਼ਜ਼ ਜਦੋਂ ਪ੍ਰੋੜਤਾ `ਚ ਅਵੇਗਾ ਤਾਂ ਇਸਦੇ ਅਰਥ ਹੋਣਗੇ ‘ਜਨਮ-ਮਰਣ ਦਾ ਗੇੜ’ (ਜਨਮ-ਮਰਣ ਦਾ ਸੰਖੇਪ)। ਇਸਦੇ ਨਾਲ ਨਾਲ ਅਸਾਂ ਇਹ ਵੀ ਚੇਤੇ ਰਖਣਾ ਹੈ ਕਿ ਗੁਰਦੇਵ ਨੇ ਗੁਰਬਾਣੀ `ਚ ‘ਜਨਮ-ਮਰਣ ਦੇ ਵਿਸ਼ੇ `ਤੇ ਹਜ਼ਾਰਾਂ ਸਾਲਾਂ ਤੋਂ ਦਿੱਤੇ ਜਾ ਰਹੇ ਵੈਦਿਕ ਮਤ, ਗਰੁੜ ਪੁਰਾਣ, ਬ੍ਰਾਹਮਣੀ ਮੱਤ ਜਾਂ ਕਿਸੇ ਵੀ ਹੋਰ ਅਨਮੱਤ ਦੇ ਸਿਧਾਂਤਾਂ-ਅਰਥਾਂ ਨੂੰ ਪ੍ਰਵਾਣ ਨਹੀਂ ਕੀਤਾ। ਗੁਰਮਤਿ ਨੇ ਕਿਸੇ ਵੀ ਬ੍ਰਾਹਮਣੀ ਸੁਰਗ ਨਰਕ, ਪਿਤ੍ਰਲੋਕ, ਜਮਲੋਕ, ਦੇਵਲੋਕ, ਇੰਦਰਲੋਕ, ਸ਼ਿਵਲੋਕ, ਬਿਸ਼ਨਪੁਰੀ, ਬ੍ਰਹਮਲੋਕ, ਰੂਹਾਂ-ਬਦਰੂਹਾਂ, ਭੂਤਾਂ-ਪ੍ਰੇਤਾਂ ਆਦਿ ਵਾਲੇ ਸੰਪੂਰਣ ਵਿਸ਼ਵਾਸਾਂ ਨੂੰ ਨਕਾਰਿਆ ਹੈ। ਇਹੀ ਕਾਰਨ ਹੈ ਕਿ ਉਹਨਾਂ ਹੀ ਵਿਸ਼ਵਾਸਾਂ `ਤੇ ਆਧਾਰਤ ਹਜ਼ਾਰਾਂ ਕਰਮਕਾਂਡ-ਵਿਸ਼ਵਾਸ ਤੇ ਪਰੰਪ੍ਰਾਵਾਂ ਜਿਵੇਂ ਦੇਵੀ-ਦੇਵਤਾ ਜਾਂ ਭਗਵਾਨ ਵਾਦ, ਸੁੱਚ-ਭਿੱਟ, ਸਗਨ-ਅਪਸਗਨ, ਪਿਤ੍ਰੀ ਕਰਮ, ਥਿਤ-ਵਾਰ (ਸੂਰਜ-ਚੰਦ ਗ੍ਰਿਹਣ, ਗ੍ਰਿਹ-ਨਖਤ੍ਰ-ਸੰਗ੍ਰਾਂਦਾਂ-ਪੂਰਨਮਾਸ਼ੀਆਂ-ਮਸਿਆਵਾਂ, ਸਰਾਧ-ਨੌਰਾਤੇ, ਮੰਗਲ-ਸਨਿਚਰ ਆਦਿ) ਟੇਵੇ-ਮਹੂਰਤ, ਰਾਸ਼ੀਫ਼ਲ, ਵਰਣ-ਵੰਡ, ਛੂਤ-ਛਾਤ, ਮੂਰਤੀ-ਤਸਵੀਰ-ਪੱਥਰ-ਮੜੀ ਪੂਜਾ, ਤੀਰਥ ਰਟਣ, ਦਾਨ-ਪੁੰਨ ਭਾਵ ਕਿਸੇ ਵੀ ਬ੍ਰਾਹਮਣੀ ਕਰਮ ਨੂੰ ਇਥੇ ਕੋਈ ਥਾਂ ਨਹੀਂ।

ਫ਼ਿਰ ਇਸ ਤੋਂ ਵੱਡਾ ਗੁਣਾਹ ਜੇ ਕਰ ਅੱਜ ਕੋਈ ਸਾਡੇ ਵੀ ਸੱਜਨ ਕਰ ਰਹੇ ਹਨ ਤੇ ਉਹ ਹੈ ‘ਗੁਰੜ ਪੁਰਾਣ’ ਦੇ ਚਸ਼ਮੇ ਨਾਲ ਹੀ ਗੁਰਮਤਿ ਦੇ ਅਮੁਲੇ ਤੇ ਨਿਵੇਕਲੇ, ਸਪਸ਼ਟ, ਸਾਫ਼-ਸੁਥਰੇ ਤੇ ਦਲੀਲ ਭਰਪੂਰ ‘ਜਨਮ ਮਰਣ’ ਦੇ ਸਿਧਾਂਤ ਨੂੰ ਦੇਖਣਾ। ਗੁਰਮਤਿ ਦੇ ਜਨਮ-ਮਰਣ ਵਾਲੇ ਮਹਾਨ ਉੱਤਮ ਸਿਧਾਂਤ ਨੂੰ ਸਮਝਣ ਲਈ ਜ਼ਰੂਰੀ ਹੈ, ਗੁਰਬਾਣੀ ਵਿਚਲੇ ਵਿਸ਼ੇਸ਼ਕਰ ‘ਮਨ’ ਵਾਲੇ ਵਿਸ਼ੇ ਨੂੰ ਹਰ ਪੱਖੋਂ ਘੋਖਿਆ ਜਾਵੇ। ਉਪ੍ਰੰਤ ਆਤਮਾ, ਮਨਮੁਖ-ਗੁਰਮੁਖ, ਬਿਰਥਾ ਜੀਵਨ, ਉਰਵਾਰ-ਪਾਰ, ਲੋਕ-ਪ੍ਰਲੋਕ, ਦਰਗਾਹ ਆਦਿ ਪੱਖਾਂ `ਤੇ ਨਿਰੋਲ ਗੁਰਬਾਣੀ ਆਧਾਰਿਤ ਨਿਰਪਖ ਤੇ ਗਹਿਰਾਈ ਤੋਂ ਘੋਖ ਕੀਤੀ ਜਾਵੇ। ਇਸ ਤਰ੍ਹਾਂ ਇਹ ਵੀ ਸਮਝ ਆ ਜਾਵੇਗਾ ਕਿ ਗੁਰਬਾਣੀ `ਚ ਹੀ ਸੁਰਗ-ਨਰਕ, ਧਰਮਰਾਜ, ਜਮਰਾਜ ਆਦਿ ਜੋ ਬ੍ਰਾਹਮਣੀ ਸ਼ਬਦਾਵਲੀ ਆਈ ਹੈ ਉਹ ਕਿਥੇ-ਕਿਥੇ ਤੇ ਕਿਸ-ਕਿਸ ਪ੍ਰਕਰਣ ਅਨੁਸਾਰ ਕਿਨ੍ਹਾਂ ਕਿਨ੍ਹਾਂ ਅਰਥਾਂ `ਚ ਆਈ ਹੈ। ਫ਼ਿਰ ਵੀ ਇਹਨਾ ਸਾਰਿਆਂ ਵਿਸ਼ਿਆਂ `ਚੋਂ ਸਰਵੋਪਰੀ ਹੈ ਗੁਰਬਾਣੀ ਵਿਚਲੇ ‘ਮਨ’ ਵਾਲੇ ਵਿਸ਼ੇ ਨੂੰ ਪੜਚੋਲਣਾ।

“ਬਿਰਥਾ ਜਨਮੁ ਗਵਾਇਆ” -ਗੁਰਬਾਣੀ ਅਨੁਸਾਰ “ਨਾਨਕ ਸਚੁ ਧਿਆਇਨਿ ਸਚੁ॥ ਜੋ ਮਰਿ ਜੰਮੇ ਸੁ ਕਚੁ ਨਿਕਚੁ” (ਪੰ: ੪੬੩) ਭਾਵ ਜਿਹੜੇ ਜੀਊੜੇ, ਮਨੁੱਖਾ ਜਨਮ ਦੀ ਗੁਰੂ- ਗੁਰਬਾਣੀ ਦੀ ਆਗਿਆ-ਸਿਖਿਆ `ਚ ਜੀਵਨ ਦੀ ਕਮਾਈ ਕਰਕੇ ਜਨਮ ਸਫ਼ਲ ਕਰ ਲੈਂਦੇ ਹਨ ਉਹ ਜੀਊਂਦੇ ਜੀਅ ਪ੍ਰਭੂ `ਚ ਅਭੇਦ ਹੋ ਜਾਂਦੇ ਹਨ ਤੇ ਸਰੀਰ ਤਿਆਗਣ ਬਾਅਦ ਵੀ “ਜਨਮ ਮਰਣ ਦੁਹਹੂ ਮਹਿ ਨਾਹੀ” (ਪੰ: ੭੪੯) ਅਨੁਸਾਰ ਫ਼ਿਰ ਤੋਂ ਜਨਮ ਮਰਣ ਦੇ ਗੇੜ `ਚ ਨਹੀਂ ਪੈਂਦੇ। ਇਸਦੇ ਉਲਟ ਜਿਹੜੇ ਮਨਮੁਖ ਇਸ ਅਮੁਲੇ ਮਨੁੱਖਾ ਜਨਮ ਨੂੰ ਅਜ਼ਾਈ ਗੁਆ ਕੇ ਜਾਂਦੇ ਹਨ ਉਹ ਫ਼ਿਰ ਤੋਂ “ਮਨਮੁਖਿ ਸਬਦੁ ਨ ਭਾਵੈ ਬੰਧਨਿ ਬੰਧਿ ਭਵਾਇਆ॥ ਲਖ ਚਉਰਾਸੀਹ ਫਿਰਿ ਫਿਰਿ ਆਵੈ, ਬਿਰਥਾ ਜਨਮੁ ਗਵਾਇਆ” (ਪੰ: ੬੯) ਜੂਨਾਂ ਦੇ ਗੇੜ `ਚ ਪਾ ਦਿੱਤੇ ਜਾਂਦੇ ਹਨ। ਧਿਆਨ ਰਹੇ! ਸੰਬੰਧਤ ਪ੍ਰਮਾਣ `ਚ ਵੀ ‘ਮਿਲ ਚੁੱਕੇ ਮਨੁੱਖਾ ਜਨਮ’ ਨੂੰ ਗੁਆ ਲੈਣ ਤੋਂ ਬਾਅਦ ਦੀਆਂ ਜੂਨਾਂ ਦੀ ਗੱਲ ਕੀਤੀ ਗਈ ਹੈ, ਨਾ ਕਿ ਉਹਨਾਂ ਜੂਨਾਂ ਦੀ ਜਿਹੜੀਆਂ “ਕਰਤੂਤਿ ਪਸੂ ਕੀ ਮਾਨਸ ਜਾਤਿ” (ਪੰ: ੨੬੭) ਜਾਂ “ਫੀਲੁ ਰਬਾਬੀ ਬਲਦੁ ਪਖਾਵਜ, ਕਊਆ ਤਾਲ ਬਜਾਵੈ॥ ਪਹਿਰਿ ਚੋਲਨਾ ਗਦਹਾ ਨਾਚੈ, ਭੈਸਾ ਭਗਤਿ ਕਰਾਵੈ” (ਪੰ: ੪੭੭) ਅਨੁਸਾਰ ਮਨੁੱਖ ਇਸੇ ਮਨੁੱਖਾ ਜਨਮ `ਚ ਹੀ ਭੁਗਤਾਉਂਦਾ ਰਹਿੰਦਾ ਹੈ। ਇਥੇ ਤਾਂ ਵਿਸ਼ਾ ਹੈ “ਸਤਿਗੁਰੁ ਜਿਨੀ ਨ ਸੇਵਿਓ ਸੇ ਕਿਤੁ ਆਏ ਸੰਸਾਰਿ॥ ਜਮ ਦਰਿ ਬਧੇ ਮਾਰੀਅਹਿ ਕੂਕ ਨ ਸੁਣੈ ਪੂਕਾਰ॥ ਬਿਰਥਾ ਜਨਮੁ ਗਵਾਇਆ, ਮਰਿ ਜੰਮਹਿ ਵਾਰੋ ਵਾਰ” (ਪੰ: ੬੯) ਇਸ ਤਰ੍ਹਾਂ ਇਥੇ ਵੀ ਗੱਲ ਜਨਮ ਨੂੰ ਬਿਰਥਾ ਗੁਆ ਲੈਣ ਤੋਂ ਬਾਅਦ ਦੀ ਹੈ ਨਾ ਕਿ ਚਲ ਰਹੇ ਜਨਮ ਦੀ।

ਸਪਸ਼ਟ ਹੈ, ਗੁਰਬਾਣੀ ਵਲੋਂ ਸਮਸਤ ਮਨੁੱਖ ਮਾਤ੍ਰ ਨੂੰ ਜਨਮ ਦੇ ਸੰਭਾਲ ਲਈ ਸਦਾ ਦੇਣ ਦੇ ਬਾਵਜੂਦ, ਉਹਨਾਂ ਲੋਕਾਂ ਦੀ ਗਿਣਤੀ ਵੀ ਕਦੇ ਥੋੜੀ ਨਹੀਂ ਰਹੀ ਜੋ ਮਨੁੱਖਾ ਜਨਮ ਲੈਣ ਤੋਂ ਬਾਅਦ ਵੀ ਜਨਮ ਨੂੰ ਜ਼ਾਇਆ ਕਰਕੇ, ਮੁੜ ਜੂਨਾਂ ਦੇ ਗੇੜ `ਚ ਪਾ ਦਿੱਤੇ ਜਾਂਦੇ ਹਨ। ਕਿਉਂਕਿ “ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ” (ਪੰ: ੪੬੮) ਅਥਵਾ “ਤਨੁ ਜਲਿ ਬਲਿ ਮਾਟੀ ਭਇਆ, ਮਨੁ ਮਾਇਆ ਮੋਹਿ ਮਨੂਰੁ॥ ਅਉਗਣ ਫਿਰਿ ਲਾਗੂ ਭਏ ਕੂਰਿ ਵਜਾਵੈ ਤੂਰੁ॥ ਬਿਨੁ ਸਬਦੈ ਭਰਮਾਈਐ ਦੁਬਿਧਾ ਡੋਬੇ ਪੂਰੁ” (ਪੰ: ੧੯) ਭਾਵ ਡੁੱਬਣ ਵਾਲੇ ਹੀ ਬੇਅੰਤ ਹੁੰਦੇ ਹਨ।

“ਜਿਨਿ ਤੁਮ ਭੇਜੇ ਤਿਨਹਿ ਬੁਲਾਏ” - ਇਹ ਨਹੀਂ ਭੁਲਣਾ ਚਾਹੀਦਾ ਕਿ ਸਾਨੂੰ ਪ੍ਰਭੂ ਨੇ ਆਪ ਹੀ, ਆਪਣੀ ਬਖ਼ਸ਼ਿਸ਼ ਨਾਲ, ਅਨੇਕਾਂ ਜੂਨਾਂ `ਚੋਂ ਕੱਢ ਕੇ ਮਨੁੱਖਾ ਜੂਨ ਬਖਸ਼ੀ ਹੈ ਤੇ ਵਾਪਸ ਵੀ ਪ੍ਰਭੂ ਨੇ ਹੀ ਬੁਲਾਉਣਾ ਹੈ। ਅਕਾਲਪੁਰਖ ਸਾਡੇ ਤੋਂ ਕਦੇ ਵੀ ਵੱਖ ਨਹੀਂ ਤੇ ਨਾ ਹੀ ਉਹ ਕੋਈ ਆਪਣੀ ਵੱਖਰੀ ਪੁਰੀ ਜਾਂ ਸਚਖੰਡ ਵਸਾ ਕੇ ਸਾਡੇ ਤੋਂ ਵੱਖ ਬੈਠਾ ਹੋਇਆ ਹੈ। ਪ੍ਰਭੂ ਦੀ ਹੋਂਦ ਤਾਂ ਰਚਨਾ ਦੇ ਜ਼ਰੇ-ਜ਼ਰੇ `ਚ ਹੈ ਤੇ ਉਸ ਤਰ੍ਹਾਂ ਸਾਡੇ ਅੰਦਰ ਵੀ ਉਸੇ ਦਾ ਹੀ ਅੰਸ਼ ਹੈ। ਸਾਡਾ ਜੀਵਨ ਦਾਤਾ ਪ੍ਰਭੂ ਹੀ ਹੈ ਤੇ ਉਸਦੀ ਹੋਂਦ ਤੋਂ ਬਿਨਾ ਸਾਡਾ ਇਹ ਸਰੀਰ ਕੇਵਲ ਮਿੱਟੀ ਦੀ ਇੱਕ ਢੇਰੀ ਹੀ ਰਹਿ ਜਾਂਦਾ ਹੈ, ਵੱਧ ਨਹੀਂ। ਇਸ ਤਰ੍ਹਾਂ ਸੰਸਾਰਕ ਤੱਲ `ਤੇ ਭਾਵੇਂ ਕੋਈ ਮਨੁੱਖ ਚੰਗੇ ਕੰਮ ਕਰੇ ਜਾਂ ਮਾੜੇ “ਪੁੰਨੀ ਪਾਪੀ, ਆਖਣੁ ਨਾਹਿ॥ ਕਰਿ ਕਰਿ ਕਰਣਾ, ਲਿਖਿ ਲੈ ਜਾਹੁ॥ ਆਪੇ ਬੀਜਿ, ਆਪੇ ਹੀ ਖਾਹੁ॥ ਨਾਨਕ, ਹੁਕਮੀ ਆਵਹੁ ਜਾਹੁ” (ਬਾਣੀ ਜਪੁ) ਭਾਵ ਜੋ ਵੀ ਕਰਮ ਮਨੁੱਖ ਸਰੀਰ ਦੇ ਭੁਲੇਖੇ `ਚ, ਮੈ ਮੇਰਾ ਤੇ ਹਉਮੈ ਦੀ ਛੱਤ ਹੇਠ ਬੈਠ ਪ੍ਰਭੂ ਤੋਂ ਆਪਣੀ ਵੱਖਰੀ ਹੋਂਦ ਬਣਾ ਕੇ ਕਰਦਾ ਹੈ। ਉਹ ਸਾਰੇ ਕਰਮ ਮਨੁੱਖ ਲਈ ਮੁੜ ਮੁੜ “ਨਾਨਕ, ਹੁਕਮੀ ਆਵਹੁ ਜਾਹੁ” ਅਨੁਸਾਰ ਬਾਰ ਬਾਰ ਦੇ ਜਨਮਾ ਦਾ ਕਾਰਨ ਹੀ ਬਣਦੇ ਹਨ।

“ਘਟ ਹੀ ਭੀਤਰਿ ਸੋ ਸਹੁ ਤੋਲੀ” -ਚੂੰਕਿ ਪ੍ਰਭੂ ਤਾਂ ਸਾਡੇ ਅੰਦਰ ਹੀ ਵਸ ਰਿਹਾ ਇਸ ਲਈ ਮਨੁੱਖ ਦੀ ਕਰਣੀ ਦਾ ਨਿਆਂ ਵੀ “ਮਨੁ ਤਾਰਾਜੀ ਚਿਤੁ ਤੁਲਾ ਤੇਰੀ ਸੇਵ ਸਰਾਫੁ ਕਮਾਵਾ॥ ਘਟ ਹੀ ਭੀਤਰਿ ਸੋ ਸਹੁ ਤੋਲੀ ਇਨ ਬਿਧਿ ਚਿਤੁ ਰਹਾਵਾ॥ ੨ ॥ ਆਪੇ ਕੰਡਾ ਤੋਲੁ ਤਰਾਜੀ ਆਪੇ ਤੋਲਣਹਾਰਾ॥ ਆਪੇ ਦੇਖੈ ਆਪੇ ਬੂਝੈ ਆਪੇ ਹੈ ਵਣਜਾਰਾ” (ਪੰ: 731) ਹੋਰ “ਲੈ ਕੈ ਤਕੜੀ ਤੋਲਣਿ ਲਾਗਾ ਘਟ ਹੀ ਮਹਿ ਵਣਜਾਰਾ” (ਪੰ: ੧੫੬) ਪ੍ਰਭੂ ਕਰਦਾ ਹੈ ਦੂਜਾ ਨਹੀਂ। ਇਸ ਤਰ੍ਹਾਂ ਕੌਣ ਕੱਚੇ ਰਹਿ ਗਏ ਤੇ ਕੌਣ ਪੱਕੇ ਭਾਵ ਕਿਹੜੇ ਮੁੜ ਜੂਨੀਆਂ ਦੇ ਗੇੜ੍ਹ `ਚ ਪਾ ਦਿੱਤੇ ਗਏ ਤੇ ਕਿਹੜੇ ਮਨੁੱਖਾ ਜਨਮ ਨੂੰ ਸਫ਼ਲ ਕਰਕੇ ਅਕਾਲਪੁਰਖ `ਚ ਅਭੇਦ ਹੋ ਗਏ, ਇਸਦਾ ਫ਼ੈਸਲਾ ਵੀ ਅੰਦਰ ਵੱਸ ਰਹੇ ਪ੍ਰਭੂ ਦੇ ਨਿਆਂ `ਚ ਆਪਣੇ ਆਪ ਨਾਲੋ-ਨਾਲ ਤੇ ਪਲ-ਪਲ ਹੋ ਰਿਹਾ ਹੁੰਦਾ ਹੈ, ਫ਼ੁਰਮਾਣ ਹੈ “ਆਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰੀਐ॥ ਦੇਖਹਿ ਕੀਤਾ ਆਪਣਾ ਧਰਿ ਕਚੀ ਪਕੀ ਸਾਰੀਐ” (ਪੰ: ੪੭੪) ਇਸ ਲਈ “ਕਚ ਪਕਾਈ ਓਥੈ ਪਾਇ॥ ਨਾਨਕ ਗਇਆ ਜਾਪੈ ਜਾਇ” (ਬਾਣੀ ਜਪੁ) ਇਥੇ ਇਹ ਵੀ ਦੇਖਣਾ ਹੈ ਕਿ ਲਫ਼ਜ਼ ਹਨ “ਨਾਨਕ ਗਇਆ ਜਾਪੈ ਜਾਇ” ਭਾਵ ਇਸ ਨਿਆਂ ਦੇ ਲਾਗੂ ਹੋਣ ਦਾ ਸੰਬੰਧ ਵੀ ਸਰੀਰ ਦੇ ਬਿਨਸਨ ਤੋਂ ਬਾਅਦ ਨਾਲ ਹੈ, ਸਰੀਰ ਦੇ ਕਾਇਮ ਹੁੰਦਿਆਂ ਨਹੀਂ। ਤਾਂ ਤੇ ਲੋੜ ਹੈ ਕਿ ਮਨੁੱਖ ਪਲ ਭਰ ਲਈ ਵੀ ਨਾ ਭੁੱਲੇ ਕਿ “ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰਿ ਆਉ” (ਪੰ: 678) ਜਾਂ “ਜਾ ਆਏ ਤਾ ਤਿਨਹਿ ਪਠਾਏ, ਚਾਲੇ ਤਿਨੈ ਬੁਲਾਇ ਲਇਆ” (ਪੰ: 907)

“ਸਭ ਮੁਕਦੀ ਚਲੀ ਰੈਣਿ” -ਫ਼ਿਰ ਇਹ ਵੀ ਦੇਖਣਾ ਹੈ ਕਿ ਪ੍ਰਭੂ ਨੇ ਸਾਨੂੰ ਭੇਜਿਆ ਕਿੱਥੇ ਹੈ ਤੇ ਕਿਤਨੀ ਦੇਰ ਲਈ, ਫ਼ੁਰਮਾਨ ਹੈ “ਤਿਸੁ ਵਿਚਿ ਧਰਤੀ, ਥਾਪਿ ਰਖੀ ਧਰਮ ਸਾਲ” (ਬਾਣੀ ਜਪੁ) ਜਾਂ “ਹੁਕਮੇ ਧਰਤੀ ਸਾਜੀਅਨੁ ਸਚੀ ਧਰਮ ਸਾਲਾ॥ ਆਪਿ ਉਪਾਇ ਖਪਾਇਦਾ ਸਚੇ ਦੀਨ ਦਇਆਲਾ” (ਪੰ: ੭੮੫) ਸਪਸ਼ਟ ਹੈ ਧਰਮਸਾਲ ਕੇਵਲ ਸਫ਼ਰ ਦੌਰਾਨ ਰਾਤ ਕੱਟੀ ਲਈ ਹੀ ਕੇਵਲ ਟਿਕਾਣਾ ਹੁੰਦਾ ਹੈ, ਨਾ ਕਿ ਉਥੇ ਰਹਿਣ ਲਈ। ਇਥੇ ਵੀ ‘ਧਰਮਸਾਲ’ ਜੀਵਨ ਸਫ਼ਰ ਦੀ ਰਾਤ ਕੱਟਣ ਲਈ ਹੀ ਆਇਆ ਹੈ। ਫ਼ੁਰਮਾਣ ਹਨ “ਪ੍ਰਾਣੀ, ਤੂੰ ਆਇਆ ਲਾਹਾ ਲੈਣਿ॥ ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ” (ਪੰ: 43) ਰੈਣ ਦੇ ਵੀ ਅਰਥ ਹਨ ਜੀਵਨ ਰੂਪੀ ਰਾਤ। ਹੋਰ “ਭਿੰਨੀ ਰੈਣਿ ਜਿਨਾੑ ਮਨਿ ਚਾਉ” (ਪੰ: ੪੬੫) ਭਾਵ ਜੀਵਨ ਰੂਪੀ ਰਾਤ ਉਹਨਾਂ ਦੀ ਹੀ ਸੁਆਦਲੀ ਹੁੰਦੀ ਹੈ ਜਿਹੜੇ ਇਸ ਦੇ ਮਕਸਦ ਨੂੰ ਪਹਿਚਾਣ ਕੇ ਪ੍ਰਭੂ ਨਾਲ ਜੁੜਦੇ ਹਨ। ਇਤਨਾ ਹੀ ਨਹੀਂ ਗੁਰਦੇਵ ਤਾਂ ਇਸ ਸੱਚਾਈ ਨੂੰ ਸਮਝਾਉਣ ਲਈ ਇਸ ਜਗਤ ਨੂੰ ਜੀਵ ਇਸਤ੍ਰੀ ਦਾ ਪੇਕਾ ਘਰ ਕਹਿਕੇ ਵੀ ਬਿਆਨਦੇ ਹਨ ਜਿਵੇਂ “ਸਭਨਾ ਸਾਹੁਰੈ ਵੰਞਣਾ, ਸਭਿ ਮੁਕਲਾਵਣਹਾਰ॥ ਨਾਨਕ ਧੰਨੁ ਸੋਹਾਗਣੀ, ਜਿਨ ਸਹ ਨਾਲਿ ਪਿਆਰੁ” (ਪੰ: ੫੦)। ਗੁਰਬਾਣੀ `ਚ ਇਸ ਬਾਰੇ ਸਪਸ਼ਟ ਫ਼ੈਸਲੇ ਮੌਜੂਦ ਹਨ ਜਿਵੇਂ ‘ਮਾਣਸ ਜਨਮੁ ਦੁਲੰਭੁ ਹੈ, ਨਾਮ ਬਿਨਾ ਬਿਰਥਾ ਸਭੁ ਜਾਏ॥ ਹੁਣਿ ਵਤੈ ਹਰਿ ਨਾਮੁ ਨ ਬੀਜਿਓ, ਅਗੈ ਭੁਖਾ ਕਿਆ ਖਾਏ॥ ਮਨਮੁਖਾ ਨੋ ਫਿਰਿ ਜਨਮੁ ਹੈ, ਨਾਨਕ ਹਰਿ ਭਾਏ(ਪੰ: 450) ਧਿਆਨ ਰਹੇ “ਅਗੈ ਭੁਖਾ ਕਿਆ ਖਾਏ” `ਚ ਅੱਗੈ ਦਾ ਮਤਲਬ ਹੀ ਸਰੀਰ ਤਿਆਗਣ ਤੋਂ ਬਾਅਦ ਹੈ, ਸਰੀਰ `ਚ ਹੁੰਦਿਆਂ ਨਹੀਂ। ਇਸ ਦੇ ਨਾਲ ਹੀ ਇਥੇ ਇਹ ਵੀ ਸਪਸ਼ਟ ਕੀਤਾ ਹੈ ਕਿ “ਮਨਮੁਖਾ ਨੋ ਫਿਰਿ ਜਨਮੁ ਹੈ, ਨਾਨਕ ਹਰਿ ਭਾਏ” ਭਾਵ ਮਨਮੁਖਾਂ ਨੂੰ ਹੋਰ-ਹੋਰ ਜਨਮ ਤਾਂ ਮਿਲਣੇ ਹੀ ਹਨ ਪਰ ਉਹ ਜਨਮ ਹੋਣਗੇ ਕਿਹੜੇ? ਉਹ ਜੂਨਾਂ ਵੀ ਉਹੀ “ਨਾਨਕ ਹਰਿ ਭਾਏ” ਜੋ ਕਰਤੇ ਦੇ ਨਿਆਂ `ਚ ਹੋਣਗੀਆਂ, ਦੂਜੀਆਂ ਨਹੀਂ।

“ਬਗੁਲਾ ਕਾਗੁ ਨ ਰਹਈ ਸਰਵਰਿ” - ਇਸੇ ਤਰ੍ਹਾਂ ਪਾਤਸ਼ਾਹ ਦਾ ਉਪ੍ਰੋਕਤ ਫ਼ੁਰਮਾਣ ਮਨਮੁਖਾ ਨੋ ਫਿਰਿ ਜਨਮੁ ਹੈ, ਨਾਨਕ ਹਰਿ ਭਾਏਸਾਡੇ ਲਈ ਖਾਸ ਧਿਆਨ ਮੰਗਦਾ ਹੈ। ਕਿਉਂਕਿ ਸਰੀਰ ਮਨੁੱਖ ਦਾ ਹੋਵੇ ਜਾਂ ਕਿਸੇ ਵੀ ਜੂਨੀ ਦਾ ਗੁਰਬਾਣੀ ਦਾ ਫ਼ੈਸਲਾ ਹੈ “ਏਕਲ ਮਾਟੀ ਕੁੰਜਰ ਚੀਟੀ, ਭਾਜਨ ਹੈਂ ਬਹੁ ਨਾਨਾ ਰੇ॥ ਅਸਥਾਵਰ ਜੰਗਮ, ਕੀਟ ਪਤੰਗਮ ਘਟਿ ਘਟਿ ਰਾਮੁ ਸਮਾਨਾ ਰੇ” (ਪੰ: ੯੮੮) ਫ਼ਿਰ ਇੰਨਾ ਹੀ ਨਹੀਂ ਹਰੇਕ ਦੇ ਕਰਮਾ-ਸੰਸਕਾਰਾਂ ਮੁਤਾਬਕ ਹਰੇਕ ਜੂਨੀ `ਚ ਵੀ ਅਉਖੇ-ਸਉਖੇ, ਚੰਗੇ-ਮਾੜੇ ਤੇ ਦੁਖਾਂ-ਸੁਖਾਂ ਵਾਲੇ ਜੀਵਨ ਵੀ ਪ੍ਰਭੂ ਵਲੋਂ ਹੀ ਥਾਪੇ ਹੁੰਦੇ ਹਨ ਫ਼ੁਰਮਾਣ ਹੈ “ਕੁਮਾੑਰੈ ਏਕ ਜੁ ਮਾਟੀ ਗੂੰਧੀ ਬਹੁ ਬਿਧਿ ਬਾਨੀ ਲਾਈ॥ ਕਾਹੂ ਮਹਿ ਮੋਤੀ ਮੁਕਤਾਹਲ, ਕਾਹੂ ਬਿਆਧਿ ਲਗਾਈ” (ਪੰ: ੪੭੯) ਉਪ੍ਰੰਤ ਮਨੁੱਖਾ ਜੂਨ ਲਈ ਇਥੇ ਵੀ “ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ॥ ਇਕਨੀੑ ਦੁਧੁ ਸਮਾਈਐ ਇਕਿ ਚੁਲੈੑ ਰਹਨਿੑ ਚੜੇ॥ ਇਕਿ ਨਿਹਾਲੀ ਪੈ ਸਵਨਿੑ ਇਕਿ ਉਪਰਿ ਰਹਨਿ ਖੜੇ॥ ਤਿਨਾੑ ਸਵਾਰੇ ਨਾਨਕਾ ਜਿਨੑ ਕਉ ਨਦਰਿ ਕਰੇ” (ਪੰ: ੪੭੫) ਵਾਲੇ ਫ਼ੁਰਮਾਨ `ਚ “ਤਿਨਾੑ ਸਵਾਰੇ ਨਾਨਕਾ ਜਿਨੑ ਕਉ ਨਦਰਿ ਕਰੇ” ਇਹ ਵਿਸ਼ਾ ਬਾਕੀ ਜੂਨੀਆਂ `ਤੇ ਲਾਗੂ ਨਹੀਂ ਹੁੰਦਾ, ਕੇਵਲ ਮਨੁੱਖਾ ਜੂਨ `ਤੇ ਹੀ ਲਾਗੂ ਹੁੰਦਾ ਹੈ, ਕਿਉਂਕਿ ਗੁਰਬਾਣੀ ਅਨੁਸਾਰ ਜੀਵਨ ਦੀ ਸੰਭਾਲ ਤੇ ਇਸ ਨੂੰ ਸੁਆਰਣ ਦਾ ਸਮਾਂ ਮਨੁੱਖਾ ਜਨਮ ਹੀ ਹੈ, ਹੋਰ ਜੂਨੀਆਂ ਨਹੀਂ। ਇਥੇ ਇਹ ਵੀ ਸਮਝਣਾ ਹੈ ਕਿ “ਇਸੁ ਮਨ ਕਉ ਨਹੀਂ ਆਵਨ ਜਾਨਾ॥ ਜਿਸ ਕਾ ਭਰਮੁ ਗਇਆ ਤਿਨਿ ਸਾਚੁ ਪਛਾਨਾ” (ਪੰ: ੩੩੦) ਮਨ ਨੇ ਨਹੀਂ ਬਲਕਿ ਸਰੀਰ ਨੇ ਹੀ ਪੈਦਾ ਹੋਣਾ ਤੇ ਮੁੱਕਣਾ ਹੁੰਦਾ ਹੈ। ਸਾਡਾ ‘ਮਨ’ ਜੋ ਸੰਸਕਾਰਾਂ ਦਾ ਸਮੂਹ ਹੁੰਦਾ ਹੈ ਜਦੋਂ ਤੀਕ ਸਾਧ ਸੰਗਤ ਰਸਤੇ, ਗੁਰੂ-ਗਿਆਨ (ਗੁਰਬਾਣੀ) -ਜੀਵਨ ਜਾਚ ਤੇ ਰਹਿਣੀ ਰਾਹੀਂ ਪ੍ਰਭੂ `ਚ ਹੀ ਅਭੇਦ ਹੋ ਕੇ ਖਤਮ ਨਹੀਂ ਹੋ ਜਾਂਦਾ, ਇਸਦੀ ਪ੍ਰਭੂ ਤੋਂ ਆਪਣੀ ਵੱਖਰੀ (ਅੱਡਰੀ) ਹੱਸਤੀ ਬਣੀ ਰਹਿੰਦੀ ਹੈ। ਸਾਡਾ ਇਹੀ ਮਨ ਫ਼ਿਰ ਸਾਡੀਆਂ ਮੁੜ ਮੁੜ ਜੂਨੀਆਂ ਦਾ ਕਾਰਨ ਬਣਦਾ ਹੈ। ਇਸਦੇ ਨਾਲ ਨਾਲ ਇਥੇ ਇਹ ਵੀ ਧਿਆਨ ਰਖਣਾ ਹੈ ਕਿ ‘ਮਨ’ ਬ੍ਰਾਹਮਣ ਮੱਤ ਰਾਹੀਂ ਸਥਾਪਿਤ ‘ਸੂਖਮ ਸਰੀਰ’ ਨਹੀਂ। ਅਜਿਹੇ ਕਿਸੇ ‘ਸੂਖਮ ਸਰੀਰ’ ਦੀ ਹੋਂਦ ਨੂੰ ਹੀ ਗੁਰਮਤਿ ਨੇ ਪ੍ਰਵਾਣ ਨਹੀਂ ਕੀਤਾ। ਇਸਲਈ ਮਨ ਜੋ ਸਾਡੇ ਸੰਸਕਾਰਾਂ ਦਾ ਸਮੂਹ ਹੁੰਦਾ ਹੈ ਇਸਦੀ ਵੇਰਵੇ ਸਹਿਤ ਸਮਝ ਕੇਵਲ ਗੁਰਬਾਣੀ ਦੀਆਂ ਗਹਿਰਾਈਆਂ `ਚੋ ਹੀ ਆ ਸਕੇਗੀ, ਬਾਹਰੋਂ ਨਹੀਂ।

ਮਨੁੱਖਾ ਜਨਮ ਸਮੇਂ ਪ੍ਰਭੂ ਤੋਂ ਅੱਡ ਰਹਿਕੇ ਸਾਡੇ ਕੀਤੇ ਕਰਮਾਂ ਸੰਸਕਾਰਾਂ ਅਨੁਸਾਰ ਹੀ ਸਾਨੂੰ ਭਿੰਨ ਭਿੰਨ ਜੂਨੀਆਂ ਮਿਲਦੀਆਂ ਹਨ। ਫ਼ੁਰਮਾਨ ਹੈ “ਸਰਵਰ ਅੰਦਰਿ ਹੀਰਾ ਮੋਤੀ ਸੋ ਹੰਸਾ ਕਾ ਖਾਣਾ॥ ਬਗੁਲਾ ਕਾਗੁ ਨ ਰਹਈ ਸਰਵਰਿ ਜੇ ਹੋਵੈ ਅਤਿ ਸਿਆਣਾ॥ ਓਨਾ ਰਿਜਕੁ ਨ ਪਇਓ ਓਥੈ ਓਨਾੑ ਹੋਰੋ ਖਾਣਾ” (ਪੰ: ੯੫੬)। ਕਊਏ ਦੇ ਜਨਮ ਸਮੇਂ ਤਾਂ ਜੀਵ ਨੂੰ ਵਿਸ਼ਟਾ `ਤੇ ਜਾ ਕੇ ਹੀ ਬੈਠਣਾ ਪਵੇਗਾ, ਬਗੁਲਾ ਛਪੜੀ-ਦਰਿਆ ਕੰਢੇ ਤੇ ਹੰਸ ਮਾਨਸਰੋਵਰ `ਤੇ ਹੀ ਰਵੇਗਾ। ਸ਼ੇਰ ਦਾ ਜ਼ਾਲਮਾਨਾ ਸੁਭਾਅ ਤੇ ਗਿਦੜ ਦਾ ਡਰਪੋਕ ਸੁਭਾਅ ਅਦਲ-ਬਦਲ ਨਹੀਂ ਹੋ ਸਕਦਾ। ਗੰਦਗੀ ਦੇ ਕੀੜੇ ਨੂੰ ਖੁੱਲੀ ਹਵਾ `ਚ ਰਹਿਣਾ ਵੀ ਨਸੀਬ ਨਹੀਂ ਤੇ ਖੁੱਲੀ ਹਵਾ `ਚ ਪਲਣ ਵਾਲਾ ਗੰਦਗੀ `ਚ ਨਹੀਂ ਪਲੇਗਾ। ਬਾਜ਼ ਨੇ ਜੀਵ ਨੂੰ ਤੜਫ਼ਾ ਤੜਫ਼ਾ ਕੇ ਹੀ ਮਾਰਨਾ ਹੈ ਸਿਧੇ ਨਹੀਂ ਤੇ ਇਸੇ ਤਰ੍ਹਾਂ ਪੌਦੇ-ਫਲਾਂ ਸਮੇਤ ਹਰੇਕ ਜੂਨੀ। ਇਥੋਂ ਤੀਕ ਕਿ ਕਈ ਵਾਰੀ ਤਾਂ ਮਨੁੱਖਾ ਜਨਮ ਮਿਲਦਾ ਹੈ ਤਾਂ ਉਥੇ ਵੀ “ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ॥ ਇਕਨਾੑ ਹੁਕਮਿ ਸਮਾਇ ਲਏ ਇਕਨਾੑ ਹੁਕਮੇ ਕਰੇ ਵਿਣਾਸੁ॥ ਇਕਨਾੑ ਭਾਣੈ ਕਢਿ ਲਏ ਇਕਨਾੑ ਮਾਇਆ ਵਿਚਿ ਨਿਵਾਸੁ॥ ਏਵ ਭਿ ਆਖਿ ਨ ਜਾਪਈ ਜਿ ਕਿਸੈ ਆਣੇ ਰਾਸਿ॥ ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ” (ਪੰ: ੪੬੩)। ਇਹੀ ਕਾਰਨ ਹੈ, ਮਨੁੱਖ ਜਨਮ ਲੈਂਦਾ ਹੀ ਹੈ ਤੇ ਪਿਛਲੀਆਂ ਜੂਨੀਆਂ ਤੇ ਸੰਸਕਾਰਾਂ ਅਨੁਸਾਰ ਵੱਖ ਵੱਖ ਸੁਭਾਅ ਵੀ ਨਾਲ ਹੀ ਆਏ ਹੁੰਦੇ ਹਨ। ਕਈ ਵਾਰੀ ਤਾਂ ਉਸਦੇ ਰਹਿ ਚੁੱਕੇ ਸੁਭਾਅ ਹੀ ਉਸ ਰਾਹੀਂ ਬਿਤਾਏ ਜਾ ਰਹੇ ਮਨੁੱਖਾ ਜਨਮ `ਚ ਵੀ ਉਛਾਲੇ ਮਾਰ ਰਹੇ ਹੁੰਦੇ ਹਨ। ਅੰਤ ਇਹ ਸੰਸਕਾਰ-ਕਰਮ ਉਦੋਂ ਹੀ ਮੁੱਕਦੇ ਹਨ ਜਦੋਂ ਪ੍ਰਭੂ ਦੀ ਬਖਸ਼ਿਸ਼ ਮਨੁੱਖਾ ਜਨਮ ਦੀ ਸਾਧਸੰਗਤ ਤੇ ਗੁਰੂ-ਗੁਰਬਾਣੀ ਤੋਂ ਜੀਵਨ ਰਾਹੀਂ ਆਪਣੀ ਸੰਭਾਲ ਕਰਕੇ “ਜਿਸ ਕਾ ਭਰਮੁ ਗਇਆ ਤਿਨਿ ਸਾਚੁ ਪਛਾਨਾ” (ਪੰ: ੩੩੦) “ਭਰਮੁ’ ਭਾਵ ‘ਪ੍ਰਭੂ ਤੋਂ ਅੱਡਰੀ ਬਣੀ ਹੋਈ ਇਸਦੀ ਮਨ ਵਾਲੀ ਹੋਂਦ’ ਅਥਵਾ “ਨਾਨਕ ਗੁਰਮੁਖਿ ਜਾਣੀਐ, ਜਾ ਕਉ ਆਪਿ ਕਰੇ ਪਰਗਾਸੁ” (ਪੰ: ੪੬੩) ਦਰਅਸਲ ਇਸ ਸਾਰੀ ਸਫ਼ਲਤਾ ਲਈ ਕੇਵਲ ਤੇ ਕੇਵਲ ਮਨੁੱਖਾ ਜਨਮ ਹੀ ਹੈ, ਹੋਰ ਕੋਈ ਜੂਨੀ ਨਹੀਂ।

“ਬਾਬਾ ਨਾਂਗੜਾ ਆਇਆ ਜਗ ਮਹਿ… ਨਾਂਗੋ ਬੰਧਿ ਚਲਾਇਆ- ਰਿਵਾਜ ਬਣ ਗਿਆ ਹੈ ਕਿ ਜਦੋਂ ਪ੍ਰਣੀ ਦਾ ਸਸਕਾਰ ਕਰਕੇ ਆਉਂਦੇ ਹਨ ਤਾਂ ਬਾਣੀ ‘ਅਲਾਹਣੀਆ’ (ਮ: ੧ ਪੰ: ੫੭੩) ਦਾ ਗੁਰਦੁਆਰੇ `ਚ ਸੰਗਤੀ ਪਾਠ ਵੀ ਕੀਤਾ ਜਾਂਦਾ ਹੈ, ਕਾਸ਼ ਅਸੀਂ ਇਸਦੇ ਅਰਥਾਂ ਵੱਲ ਵੀ ਧਿਆਨ ਕਰਦੇ “ਬਾਬਾ ਨਾਂਗੜਾ ਆਇਆ ਜਗ ਮਹਿ ਦੁਖੁ ਸੁਖੁ ਲੇਖੁ ਲਿਖਾਇਆ॥ ਲਿਖਿਅੜਾ ਸਾਹਾ ਨਾ ਟਲੈ ਜੇਹੜਾ ਪੁਰਬਿ ਕਮਾਇਆ॥ ਬਹਿ ਸਾਚੈ ਲਿਖਿਆ ਅੰਮ੍ਰਿਤੁ ਬਿਖਿਆ ਜਿਤੁ ਲਾਇਆ ਤਿਤੁ ਲਾਗਾ॥ ਕਾਮਣਿਆਰੀ ਕਾਮਣ ਪਾਏ ਬਹੁ ਰੰਗੀ ਗਲਿ ਤਾਗਾ॥ ਹੋਛੀ ਮਤਿ ਭਇਆ ਮਨੁ ਹੋਛਾ ਗੁੜੁ ਸਾ ਮਖੀ ਖਾਇਆ॥ ਨਾ ਮਰਜਾਦੁ ਆਇਆ ਕਲਿ ਭੀਤਰਿ ਨਾਂਗੋ ਬੰਧਿ ਚਲਾਇਆ॥ ੩ ॥ ਬਾਬਾ ਰੋਵਹੁ ਜੇ ਕਿਸੈ ਰੋਵਣਾ ਜਾਨੀਅੜਾ ਬੰਧਿ ਪਠਾਇਆ ਹੈ॥ ਲਿਖਿਅੜਾ ਲੇਖੁ ਨ ਮੇਟੀਐ ਦਰਿ ਹਾਕਾਰੜਾ ਆਇਆ ਹੈ ….” (ਪੰ: 582) ਸੰਖੇਪ ਅਰਥ ਹਨ: ਜੀਵ ਪਹਿਲਾਂ ਤੋ ਕੀਤੇ ਕਰਮਾਂ ਅਨੁਸਾਰ, ਪ੍ਰਮਾਤਮਾ ਦੀ ਦਰਗਾਹ `ਚੋਂ ਹੀ ਇਸ ਨਵੇਂ ਜੀਵਨ ਲਈ ਮੱਥੇ `ਤੇ ਦੁਖ-ਸੁਖ ਦੇ ਲੇਖ ਲਿਖਾ ਕੇ ਜਗਤ ਚ ਨੰਗਾ (ਖਾਲੀ ਹੱਥ ਹੋਣ ਕਰਕੇ) ਹੀ ਆਉਂਦਾ ਹੈ। ਜਨਮ ਦੇ ਨਾਲ, ਸਮਾਂ ਭੀ ਨੀਯਤ ਹੁੰਦਾ ਹੈ, ਜਦੋਂ ਇਸਨੇ ਸੰਸਾਰ ਤੋਂ ਵਾਪਸ ਜਾਣਾ ਹੁੰਦਾ ਹੈ। ਜਾਣ ਵਾਲਾ ਨੀਯਤ ਸਮਾਂ ਤੇ ਜੀਵਨ `ਚ ਉਹੀ ਦੁਖ ਸੁਖ ਵਾਪਰਦੇ ਹਨ ਜੋ ਪਿਛਲੇ ਜਨਮਾਂ `ਚ ਉਸ ਨੇ ਕਮਾਈ ਕੀਤੀ ਹੁੰਦੀ ਹੈ। ਜੀਵ ਦੇ ਕੀਤੇ ਕਰਮਾਂ ਅਨੁਸਾਰ, ਸਦਾ-ਥਿਰ ਪ੍ਰਮਾਤਮਾ ਨੇ ਸੋਚ-ਵਿਚਾਰ ਕੇ ਲਿਖ ਦਿੱਤਾ ਹੁੰਦਾ ਹੈ ਕਿ ਜੀਵ ਨੇ ਨਵੇਂ ਜੀਵਨ-ਸਫ਼ਰ `ਚ ਨਾਮ-ਅੰਮ੍ਰਿਤ ਦਾ ਵਪਾਰੀ ਬਨਣਾ ਹੈ ਜਾਂ ਮਾਇਆ -ਜ਼ਹਿਰ `ਚ ਡੁੱਬੇ ਰਹਿਣਾ ਹੈ। ਤਾਂ ਤੇ ਕੀਤੇ ਕਰਮਾਂ ਅਨੁਸਾਰ ਹੀ ਪ੍ਰਭੂ ਦੀ ਰਜ਼ਾ `ਚ ਇਸਨੂੰ ਜਿਧਰ ਲਾਇਆ ਜਾਂਦਾ ਹੈ, ਜੀਵ ਓਧਰ ਹੀ ਲਗਦਾ ਹੈ। ਉਸ ਜੀਵ ਦੇ ਕੀਤੇ ਕਰਮਾਂ ਅਨੁਸਾਰ ਹੀ, ਆਪਣੇ ਮਾਇਆ ਜਾਲ `ਚ ਫ਼ਸਾਉਣ ਵਾਲੀ (ਜਾਦੂ ਟੂਣੇ ਕਰਣ ਵਾਲੀ) ਮਾਇਆ, ਜੀਵ `ਤੇ ਆਪਣਾ ਜਾਦੂ ਪਾ ਦੇਂਦੀ ਹੈ, ਜੀਵ ਦੇ ਗਲ `ਚ ਕਈ ਰੰਗਾਂ ਵਾਲਾ ਧਾਗਾ ਭਾਵ ਕਈ ਢੰਗਾਂ ਨਾਲ ਮਾਇਆ ਇਸ ਨੂੰ ਮੋਹ ਲੈਂਦੀ ਹੈ। ਇਸ ਮਨਮੋਹਣੀ ਮਾਇਆ ਦੇ ਪ੍ਰਭਾਵ `ਚ ਫ਼ਸਿਆ ਜੀਵ ਆਪਣੀ ਹੋਛੀ ਮੱਤ ਕਾਰਣ ਥੋੜ੍ਹ-ਵਿਤਾ ਹੋ ਜਾਂਦਾ ਹੈ ਭਾਵ, ਇਸ `ਚ ਵਿਤਕਰੇ-ਮੇਰ-ਤੇਰ-ਸੁਆਰਥ ਆਦਿ ਅਉਗੁਣ ਆ ਜਾਂਦੇ ਹਨ। ਨਿੱਕੇ ਨਿੱਕੇ ਸੁਅਰਥਾਂ `ਚ ਫਸਿਆ ਮਨੁੱਖ ਠੀਕ ਉਸੇ ਤਰ੍ਹਾਂ ਜਿਵੇਂ ਗੁੜ ਖਾਂਦੀ-ਖਾਂਦੀ ਮੱਖੀ ਗੁੜ ਨਾਲ ਚੰਬੜ ਕੇ ਮਰ ਜਾਂਦੀ ਹੈ, ਤਿਵੇਂ ਇਹ ਜੀਵ ਮਾਇਕ ਸੁਆਦਾਂ ਦੀ ਪਕੜ `ਚ ਹੀ ਆਤਮਕ ਮੌਤੇ ਮਰਿਆ ਸਰੀਰ ਤਿਆਗ ਦੇਂਦਾ ਹੈ। ਉਸੇ ਦਾ ਨਤੀਜਾ-ਜੀਵ ਜੋ ਜਗਤ ਆਇਆ ਵੀ ਇਸ ਲਈ ਸੀ ਕਿਉਂਕਿ ਨੰਗਾ (ਖਾਲੀ ਹੱਥ) ਸੀ (ਇਸਨੇ ਆਪਣੇ ਪਿਛਲੇ ਮਨੁੱਖਾ ਜਨਮ ਸਮੇਂ ਕਮਾਈ ਨਹੀਂ ਸੀ ਕੀਤੀ ਤੇ ਜੂਨਾ ਭੁਗਤਾ ਰਿਹਾ ਸੀ। ਇਸੇ ਤਰ੍ਹਾਂ ਇਸ ਵਾਰੀ ਵੀ ਇਸਨੂੰ ਨੰਗਾ (ਖਾਲੀ ਹੱਥ) ਹੋਣ ਕਰਕੇ, ਬੰਨ੍ਹ ਕੇ ਅੱਗੇ ਲਾ ਲਿਆ ਜਾਂਦਾ ਹੈ ਭਾਵ ਇਸਨੂੰ ਫ਼ਿਰ ਤੋਂ ਜਨਮ-ਮਰਣ ਦੇ ਗੇੜ `ਚ ਪਾ ਦਿੱਤਾ ਗਿਆ” …

ਇਸਤੋਂ ਪਹਿਲੇ ਬੰਦ ਨੰ: ੨ `ਚ ਗੁਰਦੇਵ ਇਸੇ ਮਨੁੱਖਾ ਜੀਵਨ ਦਾ ਸਫ਼ਲ ਪੱਖ ਇਸ ਤਰ੍ਹਾਂ ਬਿਆਨ ਕਰਦੇ ਹਨ: “ਬਾਬਾ ਆਵਹੁ ਭਾਈਹੋ ਗਲਿ ਮਿਲਹ ਮਿਲਿ ਮਿਲਿ ਦੇਹ ਆਸੀਸਾ ਹੇ॥ ਬਾਬਾ ਸਚੜਾ ਮੇਲੁ ਨ ਚੁਕਈ ਪ੍ਰੀਤਮ ਕੀਆ ਦੇਹ ਅਸੀਸਾ ਹੇ॥ ਆਸੀਸਾ ਦੇਵਹੋ ਭਗਤਿ ਕਰੇਵਹੋ ਮਿਲਿਆ ਕਾ ਕਿਆ ਮੇਲੋ॥ ਇਕਿ ਭੂਲੇ ਨਾਵਹੁ ਥੇਹਹੁ ਥਾਵਹੁ ਗੁਰ ਸਬਦੀ ਸਚੁ ਖੇਲੋ॥ ਜਮ ਮਾਰਗਿ ਨਹੀਂ ਜਾਣਾ, ਸਬਦਿ ਸਮਾਣਾ ਜੁਗਿ ਜੁਗਿ ਸਾਚੈ ਵੇਸੇ॥ ਸਾਜਨ ਸੈਣ ਮਿਲਹੁ ਸੰਜੋਗੀ ਗੁਰ ਮਿਲਿ ਖੋਲੇ ਫਾਸੇ॥ ੨ ॥” ਸੰਖੇਪ ਅਰਥ ਇਸ ਤਰ੍ਹਾਂ ਹਨ ਕਿ “ਗੁਰੂ ਦੇ ਸ਼ਬਦ `ਚ ਜੁੜ ਕੇ ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਨਾਲ ਸਾਂਝ ਪੈ ਸਕਦੀ ਹੈ। ਪ੍ਰਭੂ ਆਪ ਹੀ (ਜੀਵ ਨੂੰ) ਆਪਣੇ ਨਾਲ ਮਿਲਾ ਲੈਂਦਾ ਹੈ। ਜਿਹੜੀ ਜੀਵ-ਇਸਤ੍ਰੀ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦੀ ਹੈ ਉਹ ਪ੍ਰਭੂ-ਪਤੀ ਦੇ ਪ੍ਰੇਮ-ਰੰਗ `ਚ ਰੰਗੀ ਜਾਂਦੀ ਹੈ। ਅਜਿਹੀ ਜੀਵ-ਇਸਤ੍ਰੀ ਆਪਣੇ ਅੰਦਰੋਂ ਆਪਾ-ਭਾਵ ਗੁਆ ਲੈਂਦੀ ਹੈ, ਉਸ ਨੂੰ ਕਦੇ ਆਤਮਕ ਮੌਤ ਨਹੀਂ ਵਾਪਰਦੀ, ਗੁਰੂ ਦੀ ਸ਼ਰਨ `ਚ ਪੈ ਕੇ ਉਹ ਪ੍ਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦੀ ਹੈ। ਉਸ ਦੀ ਚਿਰਾਂ ਤੋਂ ਪ੍ਰਭੂ-ਮਿਲਾਪ ਵਾਲੀ ਇੱਛਾ ਪੂਰੀ ਹੋ ਜਾਂਦੀ ਹੈ ਤੇ ਅੰਦਰੋਂ (ਨਾਮ-ਰਸ ਨਾਲ) ਭਿੱਜ ਜਾਂਦੀ ਹੈ। ਉਸ ਨੂੰ ਜਗਜੀਵਨ ਦਾਤਾ, ਪ੍ਰਭੂ ਮਿਲ ਪੈਂਦਾ ਹੈ। ਤਾਂ ਤੇ ਜਿਹੜੀ ਜੀਵ-ਇਸਤ੍ਰੀ ਗੁਰ-ਸ਼ਬਦ ਦੇ ਰੰਗ `ਚ ਰੰਗੀ ਜਾਂਦੀ ਹੈ, ਉਹ ਗੁਰੂ ਦੇ ਸ਼ਬਦ ਰਾਹੀਂ, ਸਦਾ-ਥਿਰ ਮਾਲਕ-ਪ੍ਰਭੂ ਨਾਲ ਜਾਣ-ਪਛਾਣ ਬਣਾ ਲੈਂਦੀ ਹੈ। ਉਸ ਨੂੰ ਜਨਮ-ਮਰਣ ਦੇ ਗੇੜ `ਚ (ਜਮ ਮਾਰਗਿ ਨਹੀਂ ਜਾਣਾ ਸਬਦਿ ਸਮਾਣਾ) ਨਹੀਂ ਪੈਣਾ ਪੈਂਦਾ। ਉਹ ਸਦਾ ਲਈ ਸ਼ਬਦ ਗੁਰੂ ਨਾਲ ਜੁੜ ਕੇ ਤੇ ਸਤਸੰਗੀਆਂ ਨਾਲ ਮਿਲ ਕੇ ਪ੍ਰਭੂ `ਚ ਸਮਾ ਜਾਂਦੀ ਹੈ, (ਗੁਰ ਮਿਲਿ ਖੋਲੇ ਫਾਸੇ) ਗੁਰੂ ਉਸ ਦੇ ਜਨਮ-ਮਰਣ ਦੇ ਬੰਧਨ ਕੱਟ ਦੇਂਦਾ ਹੈ। ੨।

“ਨਾਗੇ ਆਵਣ ਜਾਵਣਿਆ” -ਪੰਨਾ ੪੫੫ `ਤੇ ਪੰਜਵੇਂ ਪਾਤਸ਼ਾਹ ਦੀ ਰਚਨਾ ਛੰਤ ਹਨ ਜਿੱਥੇ ਗੁਰਦੇਵ ਮਨੁੱਖਾ ਜੀਵਨ ਲਈ ਫ਼ੁਰਮਾਉਂਦੇ ਹਨ “ਚਕਵੀ ਸੂਰ ਸਨੇਹੁ ਚਿਤਵੈ ਆਸ ਘਣੀ ਕਦਿ ਦਿਨੀਅਰੁ ਦੇਖੀਐ॥ ਕੋਕਿਲ ਅੰਬ ਪਰੀਤਿ ਚਵੈ ਸੁਹਾਵੀਆ ਮਨ ਹਰਿ ਰੰਗੁ ਕੀਜੀਐ॥ ਹਰਿ ਪ੍ਰੀਤਿ ਕਰੀਜੈ ਮਾਨੁ ਨ ਕੀਜੈ ਇੱਕ ਰਾਤੀ ਕੇ ਹਭਿ ਪਾਹੁਣਿਆ॥ ਅਬ ਕਿਆ ਰੰਗੁ ਲਾਇਓ ਮੋਹੁ ਰਚਾਇਓ ਨਾਗੇ ਆਵਣ ਜਾਵਣਿਆ॥ ਥਿਰੁ ਸਾਧੂ ਸਰਣੀ ਪੜੀਐ ਚਰਣੀ ਅਬ ਟੂਟਸਿ ਮੋਹੁ ਜੁ ਕਿਤੀਐ॥ ਕਹੁ ਨਾਨਕ ਛੰਤ ਦਇਆਲ ਪੁਰਖ ਕੇ ਮਨ ਹਰਿ ਲਾਇ ਪਰੀਤਿ ਕਬ ਦਿਨੀਅਰੁ ਦੇਖੀਐ” ਅਰਥ ਹਨ-ਹੇ (ਮੇਰੇ) ਮਨ! (ਤੈਨੂੰ) ਪ੍ਰਮਾਤਮਾ ਨਾਲ ਪਿਆਰ ਕਰਨਾ ਚਾਹੀਦਾ ਹੈ (ਉਹੋ ਜਿਹਾ ਪਿਆਰ ਜਿਹੋ ਜਿਹਾ ਚਕਵੀ ਸੂਰਜ ਨਾਲ ਕਰਦੀ ਹੈ ਤੇ ਕੋਇਲ ਅੰਬ ਨਾਲ ਕਰਦੀ ਹੈ)। ਚਕਵੀ ਦਾ ਸੂਰਜ ਨਾਲ ਪਿਆਰ ਹੈ, ਉਹ (ਸਾਰੀ ਰਾਤ ਸੂਰਜ ਦਾ ਹੀ) ਚੇਤਾ ਕਰਦੀ ਰਹਿੰਦੀ ਹੈ, ਬੜੀ ਤਾਂਘ ਕਰਦੀ ਹੈ ਕਿ ਕਦੋਂ ਸੂਰਜ ਦਾ ਦੀਦਾਰ ਹੋਵੇਗਾ। ਕੋਇਲ ਦਾ ਅੰਬ ਨਾਲ ਪਿਆਰ ਹੈ (ਉਹ ਅੰਬ ਦੇ ਰੁੱਖ `ਤੇ ਬੈਠ ਕੇ) ਸੋਹਣਾ ਬੋਲਦੀ ਹੈ। ਹੇ ਭਾਈ! ਪ੍ਰਮਾਤਮਾ ਨਾਲ ਪਿਆਰ ਪਾਣਾ ਚਾਹੀਦਾ ਹੈ (ਆਪਣੇ ਕਿਸੇ ਧਨ-ਪਦਾਰਥ ਆਦਿਕ ਦਾ) ਅਹੰਕਾਰ ਨਹੀਂ ਕਰਨਾ ਚਾਹੀਦਾ (ਇਥੇ ਅਸੀਂ) ਸਾਰੇ ਇੱਕ ਰਾਤ ਦੇ ਪ੍ਰਾਹੁਣੇ (ਹੀ) ਹਾਂ। ਫਿਰ ਭੀ ਤੂੰ ਕਿਉਂ (ਜਗਤ ਨਾਲ) ਪਿਆਰ ਪਾਇਆ ਹੈ, ਮਾਇਆ ਨਾਲ ਮੋਹ ਬਣਾਇਆ ਹੋਇਆ ਹੈ, (ਇਥੇ ਸਭ) ਨੰਗੇ (ਖ਼ਾਲੀ-ਹੱਥ) ਆਉਂਦੇ ਹਨ ਤੇ (ਇਥੋਂ) ਨੰਗੇ (ਖ਼ਾਲੀ-ਹੱਥ) ਹੀ ਚਲੇ ਜਾਂਦੇ ਹਨ। ਹੇ ਭਾਈ! ਗੁਰੂ ਦਾ ਆਸਰਾ ਲੈਣਾ ਤੇ ਗੁਰੂ ਦੇ ਚਰਨੀਂ ਪੈਣਾ ਚਾਹੀਦਾ ਹੈ (ਗੁਰੂ ਦੀ ਸ਼ਰਨ ਪਿਆਂ ਹੀ ਮਨ) ਅਡੋਲ ਹੋ ਸਕਦਾ ਹੈ, ਤਦੋਂ ਹੀ ਇਹ ਮੋਹ ਟੁੱਟੇਗਾ ਜੇਹੜਾ ਤੂੰ (ਮਾਇਆ ਨਾਲ) ਬਣਾਇਆ ਹੋਇਆ ਹੈ। ਹੇ ਨਾਨਕ! ਦਇਆ ਦੇ ਘਰ ਸਰਬ-ਵਿਆਪਕ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰ, ਆਪਣੇ ਮਨ `ਚ ਪ੍ਰਮਾਤਮਾ ਨਾਲ ਪਿਆਰ ਬਣਾ (ਉਸੇ ਤਰ੍ਹਾਂ ਜਿਵੇਂ ਚਕਵੀ ਸਾਰੀ ਰਾਤ ਤਾਂਘ ਕਰਦੀ ਰਹਿੰਦੀ ਹੈ ਕਿ) ਕਦੋਂ ਸੂਰਜ ਦਾ ਦਰਸਨ ਹੋਵੇਗਾ। ੩। (ਪ੍ਰੋ: ਸਾਹਿਬ ਸਿੰਘ ਜੀ)

ਨਾਂਗਾ ਆਇਆ ਨਾਂਗੋ ਜਾਸੀ- ਚੇਤੇ ਰਹੇ! ਗੁਰਬਾਣੀ ਖਜ਼ਾਨੇ `ਚ ਸਿਵਾਇ ਇਸਦੇ ਕਿ ਜਦੋਂ ਅਜਿਹੀ ਸ਼ਬਦਾਵਲੀ ਭੇਖਾਂ ਲਈ ਆਈ ਹੈ ਜਿਵੇਂ ਕਿ “ਨਗਨ ਫਿਰਤ ਰੰਗਿ ਏਕ ਕੈ ਓਹੁ ਸੋਭਾ ਪਾਏ॥ ਪਾਟ ਪਟੰਬਰ ਬਿਰਥਿਆ ਜਿਹ ਰਚਿ ਲੋਭਾਏ” (ਪੰ: ੭੪੫) ਜਾਂ “ਕਿਆ ਨਾਗੇ ਕਿਆ ਬਾਧੇ ਚਾਮ॥ ਜਬ ਨਹੀਂ ਚੀਨਸਿ ਆਤਮ ਰਾਮ” (ਪੰ: ੩੨੪) ਵਰਨਾ ਗੁਰਬਾਣੀ `ਚ ਜਿੱਥੇ ਵੀ ਅਜਿਹੀ ਸ਼ਬਦਾਵਲੀ ਆਈ ਹੈ ਉਸਦਾ ਇਕੋ ਹੀ ਮਤਲਬ ਹੈ ਕਿ ਜੀਵ ਨੂੰ ਜਦੋਂ ਇਸ ਤੋਂ ਪਹਿਲਾਂ ਮਨੁੱਖਾ ਜਨਮ ਮਿਲਿਆ ਸੀ ਤਾਂ ਵੀ ਜੀਵਨ ਦੀ ਕਮਾਈ ਨਾ ਕਰਣ ਕੇ ਹੀ ਇਹ ਨੰਗਾ ਭਾਵ ਖਾਲੀ ਹੱਥ ਰਹਿ ਗਿਆ ਸੀ ਤੇ ਹੁਣ ਵੀ ਇਸਨੂੰ ਜਨਮ ਮਰਣ ਦੇ ਗੇੜ `ਚ ਉਦੋਂ ਹੀ ਪਾਇਆ ਗਿਆ ਕਿਉਂਕਿ ਇਸ ਕੋਲ ਇਸ ਜਨਮ ਦੀ ਕਮਾਈ ਵੀ ਨਹੀਂ ਸੀ। ਇਸ ਦੇ ਉਲਟ ਜਿਨ੍ਹਾਂ ਵਡਭਾਗੀਆਂ ਨੇ ਮਨੁੱਖਾ ਜਨਮ ਪਾ ਕੇ ਉਸ ਦੀ ਕਮਾਈ ਕੀਤੀ ਉਹ ਜੀਵਨ ਨੂੰ ਸਫ਼ਲ ਕਰਕੇ ਗਏ ਤੇ ਮੁੜ ਜਨਮ-ਮਰਣ ਦੇ ਗੇੜ `ਚ ਨਾ ਪੈ ਕੇ ਪ੍ਰਭੂ `ਚ ਹੀ ਅਭੇਦ ਹੋ ਗਏ। ਇਸ ਵਿਸ਼ੇ `ਤੇ ਕੁੱਝ ਹੋਰ ਪ੍ਰਮਾਣ “ਕਰਮ ਧਰਮ ਜੁਗਤਿ ਬਹੁ ਕਰਤਾ ਕਰਣੈਹਾਰੁ ਨ ਜਾਨੈ॥ ਉਪਦੇਸੁ ਕਰੈ ਆਪਿ ਨ ਕਮਾਵੈ ਤਤੁ ਸਬਦੁ ਨ ਪਛਾਨੈ॥ ਨਾਂਗਾ ਆਇਆ, ਨਾਂਗੋ ਜਾਸੀ ਜਿਉ ਹਸਤੀ ਖਾਕੁ ਛਾਨੈ” (ਪੰ: ੩੮੦) ਜਾਂ “ਜੋ ਜਾਨਹਿ ਤੂੰ ਅਪੁਨੇ ਕਾਜੈ ਸੋ ਸੰਗਿ ਨ ਚਾਲੈ ਤੇਰੈ ਤਸੂਆ॥ ਨਾਗੋ ਆਇਓ, ਨਾਗ ਸਿਧਾਸੀ ਫੇਰਿ ਫਿਰਿਓ ਅਰੁ ਕਾਲਿ ਗਰਸੂਆ” (ਪੰ: ੨੦੬) ਪੁਨਾ “ਨਾ ਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ” (ਪੰ: ੭੪) ਇਸੇ ਤਰ੍ਹਾਂ “ਨਾਮ ਹੀਣ ਗਏ ਮੂੜ ਨੰਗਾ॥ ਪਚਿ ਪਚਿ ਮੁਏ ਬਿਖੁ ਦੇਖਿ ਪਤੰਗਾ” (ਪੰ: ੩੬੭) ਹੋਰ “ਹਸਤਿ ਰਥ ਅਸ੍ਵ ਪਵਨ ਤੇਜ ਧਣੀ ਭੂਮਨ ਚਤੁਰਾਂਗਾ॥ ਸੰਗਿ ਨ ਚਾਲਿਓ ਇਨ ਮਹਿ ਕਛੂਐ, ਊਠਿ ਸਿਧਾਇਓ ਨਾਂਗਾ” (ਪੰ: ੭੦੦) “ਇਸੇ ਤਰ੍ਹਾਂ “ਕਰਿ ਕਰਿ ਪਾਪ ਦਰਬੁ ਕੀਆ ਵਰਤਣ ਕੈ ਤਾਈ॥ ਮਾਟੀ ਸਿਉ ਮਾਟੀ ਰਲੀ, ਨਾਗਾ ਉਠਿ ਜਾਈ” (ਪੰ: ੮੦੯) ਇਸ ਤਰ੍ਹਾਂ ਗੁਰਬਾਣੀ ਅਨੁਸਾਰ ਸੰਸਾਰ ਤੋਂ ਨੰਗਾ ਜਾਣ ਦਾ ਇਕੋ ਹੀ ਮਤਲਬ ਹੈ ਕਿ ਮਨੁੱਖਾ ਜਨਮ ਪਾ ਕੇ ਵੀ ਕਮਾਈ ਨਹੀਂ ਕੀਤੀ ਤੇ ਖਾਲੀ ਹੱਥ ਹੋਣ ਕਰਕੇ ਇਸਨੂੰ ਮੁੜ ਜਨਮ-ਮਰਣ ਦੇ ਗੇੜ `ਚ ਪੈਣਾ ਪਿਆ। ਇਸੇ ਤਰ੍ਹਾਂ ਜਿੱਥੇ ਵੀ ਪਹਿਲਾਂ ਤੋਂ ਨੰਗਾ ਆਇਆ ਦੀ ਗੱਲ਼ ਹੈ ਉਸਦੇ ਵੀ ਅਰਥ ਇਹੀ ਹਨ ਕਿ ਜਦੋਂ ਇਸ ਨੂੰ ਪਹਿਲਾਂ ਮਨੁੱਖਾ ਜੂਨ ਮਿਲੀ ਸੀ ਤਾਂ ਵੀ ਇਸ ਨੇ ਕਮਾਈ ਨਹੀਂ ਸੀ ਕੀਤੀ ਜਿਸਤੋਂ ਇਹ ਪਹਿਲਾਂ ਵੀ ਜੂਨਾਂ `ਚ ਹੀ ਪਇਆ ਹੋਇਆ ਸੀ। ਇਸੇ ਲਈ ਗੁਰਬਾਣੀ `ਚ ਬਾਰ ਬਾਰ ਤਾਕੀਦ ਹੈ “ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ॥ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ” (ਪੰ: ੧੩) #170s09.2s09#

Including this Self Learning Gurmat Lesson No 170

“ਨਾਂਗਾ ਆਇਆ ਨਾਂਗੋ ਜਾਸੀ” (ਪੰ: 380)

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org




.