.

ਜੇ ਇੱਕ ਵੀ ਹੋਵੇ

ਪਿਛਲੇ ਕਈ ਦਿਨਾ ਤੋਂ ਮਾਨ ਸਿੰਘ ਪਿਹੋਵੇ ਵਾਲਾ ਸਾਧ ਮੀਡੀਏ ਦੀਆਂ ਸੁਰਖੀਆਂ ਬਣਿਆਂ ਹੋਇਆ ਹੈ। ਕਈ ਗੁਰਦੁਆਰਿਆਂ ਵਿੱਚ ਇਸ ਨੂੰ ਬੋਲਣ ਨਹੀਂ ਦਿੱਤਾ ਗਿਆ ਅਤੇ ਐਬਟਸਫੋਰਡ ਬੀ. ਸੀ. ਕਨੇਡਾ ਦੇ ਇੱਕ ਗੁਰਦੁਆਰੇ ਵਿੱਚ ਤਾਂ ਪੁਲੀਸ ਵੀ ਨੰਗੇ ਸਿਰ ਅਤੇ ਜੁੱਤੀਆਂ ਸਮੇਤ ਗੁਰਦੁਆਰੇ ਵਿੱਚ ਇਸ ਦੇ ਕਾਰਣ ਦਾਖਲ ਹੋਈ ਸੁਣੀਦੀ ਹੈ। ਇਸ ਤੋਂ ਕੁੱਝ ਹਫਤੇ ਪਹਿਲਾਂ ਹਰੀ ਸਿੰਘ ਰੰਧਾਵੇ ਵਾਲਾ ਦਸਮ ਗ੍ਰੰਥ ਬਾਰੇ ਚੈਲਿੰਜ ਕਰਕੇ ਮੁੱਕਰਿਆ ਅਤੇ ਫਿਰ ਕਈ ਹਫਤੇ ਬਿਆਨ ਬਦਲੀਆਂ ਕਰਨ ਕਰਕੇ ਮੀਡੀਏ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਿਹਾ। ਐਸਾ ਕਿਉਂ ਹੋ ਰਿਹਾ ਹੈ? ਇਸ ਦੇ ਕਾਰਣ ਤਾਂ ਹੋਰ ਵੀ ਬਥੇਰੇ ਹਨ ਪਰ ਮੁੱਖ ਤੌਰ ਤੇ ਦੋ ਹੀ ਹਨ।
1. ਸਿੱਖ ਧਰਮ ਨਾਲ ਸੰਬੰਧਿਤ ਲੋਕਾਈ ਨੂੰ ਇਹਨਾ ਦੀ ਅਸਲੀਅਤ ਦਾ ਪਤਾ ਲੱਗ ਰਿਹਾ ਹੈ।
2. ਇਹ ਸਾਧ ਹਜ਼ਾਰਾਂ ਦੀ ਗਿਣਤੀ ਵਿੱਚ ਹਨ। ਬਹੁਤੇ ਮਸ਼ਹੂਰ ਕੁੱਝ ਕੁ ਸੌ ਹੀ ਹਨ ਪਰ ਇਹਨਾ ਦੇ ਸ਼ਰਧਾਲੂਆਂ ਦੀ ਗਿਣਤੀ ਲੱਖਾਂ ਵਿੱਚ ਹੈ।
ਰਾਜਨੀਤਕ ਲੋਕਾਂ ਦਾ ਇਹ ਇੱਕ ਵੋਟ ਬੈਂਕ ਹੈ। ਇਤਨੇ ਲੋਕਾਂ ਦਾ ਇਹਨਾ ਸਾਧਾਂ ਤੋਂ ਇੱਕ ਦਮ ਖਹਿੜਾ ਛੁਡਾਉਣਾਂ ਮੁਸ਼ਕਲ ਕੰਮ ਹੈ। ਇਸੇ ਲਈ ਉਹ ਵਿਰੋਧਤਾ ਵੀ ਕਰਦੇ ਹਨ ਅਤੇ ਇਹ ਹੁੰਦੀ ਵੀ ਰਹਿਣੀ ਹੈ। ਪਰ ਸਭ ਤੋਂ ਖੁਸ਼ੀ ਵਾਲੀ ਗੱਲ ਇਹ ਹੈ ਕਿ ਹੁਣ ਮੀਡੀਏ ਵਿੱਚ ਕਈ ਅਦਾਰੇ ਖੁੱਲ ਕੇ ਸਾਹਮਣੇ ਆ ਰਹੇ ਹਨ ਅਤੇ ਲੋਕਾਂ ਨੂੰ ਜਾਗਰਤ ਕਰ ਰਹੇ ਹਨ। ਸੂਝਵਾਨ ਸਿੱਖ/ਸਿੱਖਣੀਆਂ ਆਪਣਾ ਫਰਜ਼ ਸਮਝ ਕੇ ਇਹਨਾ ਦਾ ਸਾਥ ਹੁਣ ਖੁੱਲ ਕੇ ਦੇ ਰਹੇ ਹਨ। ਉਂਜ ਤਾਂ ਇਹ ਜਾਗਰਤ ਕਰਨ ਵਾਲਾ ਸਿਹਰਾ ਹਰ ਕੋਈ ਆਪਣੇ ਸਿਰ ਤੇ ਹੀ ਬੰਨਣਾ ਚਾਹੁੰਦਾ ਹੈ ਪਰ ਜੋ ਅਦਾਰੇ ਇਸ ਬਾਰੇ ਕਾਫੀ ਦੇਰ ਤੋਂ ਲੱਗੇ ਹੋਏ ਹਨ ਉਹਨਾ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਜਿਹਨਾ ਵਿਚੋਂ ਮੁੱਖ ਇਹ ਹਨ:
ਸਪੋਕਸਮੈਨ, ਇੰਡੀਆ ਅਵੇਅਰਨਿੱਸ, ਗੁਰਬਾਣੀ ਵਿਚਾਰ (ਜੋ ਵੀਜ਼ਨ ਟੀ. ਵੀ. ਤੇ ਸ਼ਨਿੱਚਰਵਾਰ ਸਵੇਰੇ ਸਾਰੇ ਕਨੇਡਾ ਵਿੱਚ ਆਉਂਦਾ ਹੈ), ਸ਼ੇਰੇ-ਪੰਜਾਬ ਰੈਡੀਓ, ਸਿੱਖ ਵਿਰਸਾ, ਸਿੰਘ ਸਭਾ ਇੰਟਰਨੈਸ਼ਨਲ ਅਤੇ ਸਿੱਖ ਮਾਰਗ ਸਾਈਟ ਜੋ ਕਿ ਪਿਛਲੇ 12-13 ਸਾਲਾਂ ਤੋਂ ਇਸ ਬਾਰੇ ਆਪਣਾ ਹਿੱਸਾ ਪਾ ਰਹੀ ਹੈ। ਇਸ ਤੋਂ ਬਿਨਾ ਹੋਰ ਵੀ ਕਈ ਹਨ ਜੋ ਕਿ ਆਪਣੇ ਤੌਰ ਤੇ ਲੋਕਾਂ ਨੂੰ ਜਾਗਰਤ ਕਰ ਰਹੇ ਹਨ। ਜਿਵੇਂ ਕਿ ਫਰੀਦਾਬਾਦ ਵਾਲੇ ਸਭ ਤੋਂ ਵੱਧ ਦਸਮ ਗ੍ਰੰਥ ਬਾਰੇ ਜਾਗਰਤ ਕਰ ਰਹੇ ਹਨ। ਬਹੁਤੇ ਵਿਦਵਾਨ ਇਹਨਾ ਅਦਾਰਿਆਂ ਨਾਲ ਜੁੜ ਕੇ ਕੰਮ ਕਰ ਰਹੇ ਹਨ ਅਤੇ ਕਈ ਇਕੱਲਿਆਂ ਵੀ ਕਰ ਰਹੇ ਹਨ।
ਪਰ ਹੁਣ ਸਵਾਲਾਂ ਵਿਚੋਂ ਮੁੱਖ ਸਵਾਲ ਤਾਂ ਇਹ ਹੈ ਕਿ ਇਹਨਾ ਸਾਧਾਂ ਦੇ ਮਗਰ ਕੌਣ ਹੈ? ਕਿਉਂ ਇਹਨਾ ਦੇ ਡੇਰੇ ਆਏ ਦਿਨ ਵਧ ਰਹੇ ਹਨ? ਕੀ ਇਕੱਲੀ ਸਰਕਾਰ ਜਾਂ ਰਾਜਨੀਤਕ ਲੋਕ ਹੀ ਇਹਨਾ ਨੂੰ ਉਚੇ ਚੁੱਕਣ ਵਿੱਚ ਸਹਾਇਤਾ ਕਰ ਰਹੇ ਹਨ? ਕੀ ਸਾਡਾ ਸਭ ਦਾ ਕੋਈ ਕਸੂਰ ਨਹੀਂ ਹੈ? ਕੀ ਅਸੀਂ ਤਨੋਂ ਮਨੋਂ ਸ਼ਬਦ ਗੁਰੂ ਗਿਆਨ ਨੂੰ ਆਪਣਾ ਗੁਰੂ ਮੰਨ ਰਹੇ ਹਾਂ? ਕੀ ਅਸੀਂ ਆਪਣੇ ਸ਼ਬਦ ਗੁਰੂ ਗਿਆਨ ਦੀ ਗੱਲ ਨੂੰ ਸਭ ਤੋਂ ਉਚਾ ਮੰਨ ਰਹੇ ਹਾਂ ਜਾਂ ਇਹਨਾ ਸਾਧਾਂ ਦੀਆਂ ਗੱਲਾਂ ਨੂੰ? ਇਹਨਾ ਸਵਾਲਾਂ ਨੂੰ ਤੁਸੀਂ ਸਾਰਿਆਂ ਨੇ ਆਪਣੇ ਮਨ ਵਿੱਚ ਵਿਚਾਰ ਲੈਣਾਂ ਅਤੇ ਫਿਰ ਆਪਣੇ ਹਿਰਦੇ ਦੀ ਅਵਾਜ਼ ਨੂੰ ਸੁਣਨ ਦੀ ਕੋਸ਼ਿਸ਼ ਕਰਨੀ ਕਿ ਮੈਂ ਇਸ ਵਿੱਚ ਕਿਤਨਾ ਕੁ ਦੋਸ਼ੀ ਹਾਂ।
ਆਹ ਜਿਹੜੇ ਮਾਨ ਸਿੰਘ ਪਿਹੋਵੇ ਵਾਲੇ ਸਾਧ ਦੀ ਇਤਨੀ ਚਰਚਾ ਇਸ ਵੇਲੇ ਮੀਡੀਏ ਵਿੱਚ ਹੋ ਰਹੀ ਹੈ ਇਹੀ ਸਾਧ ਕੋਈ ਦਸ ਕੁ ਸਾਲ ਪਹਿਲਾਂ ਕਨੇਡਾ ਦੇ ਬਹੁਤ ਸਾਰੇ ਗੁਰਦੁਰਿਆਂ ਵਿੱਚ ਪਰਚਾਰ ਫੇਰੀ ਲਉਂਦਾ ਹੁੰਦਾ ਸੀ ਅਤੇ ਇਹ ਬੱਕਰੀਆਂ ਵਾਲਾ ਸਾਧ ਕਰ ਕੇ ਮਸ਼ਹੂਰ ਸੀ। ਹੁਣ ਕਈ ਪਾਠਕ ਜਿਹਨਾ ਨੂੰ ਨਹੀਂ ਪਤਾ ਉਹ ਸੋਚਣਗੇ ਕਿ ਬੱਕਰੀਆਂ ਵਾਲਾ ਸਾਧ ਕਿਉਂ? ਉਹਨਾ ਦੇ ਗਿਆਤ ਲਈ ਇਹ ਦੱਸਣਾਂ ਜਰੂਰੀ ਹੈ ਕਿ ਇਹ ਆਮ ਸੁਣਿਆਂ ਹੈ ਕਿ ਇਹ ਸਾਧ ਕਥਾ ਕਰਦਾ ਕਿਹਾ ਕਰਦਾ ਹੁੰਦਾ ਸੀ ਕਿ ਫਲਾਨਾ ਸਿੰਘ ਕਹਿੰਦਾ ਹੈ ਕਿ ਮੈਂ ਤਾਂ ਅੰਮ੍ਰਿਤ ਛਕਣ ਲਈ ਤਿਆਰ ਹਾਂ ਪਰ ਮੇਰੇ ਘਰ ਵਾਲੀ ਨਹੀਂ ਮੰਨਦੀ, ਮੈਂ ਉਹਨਾ ਨੂੰ ਕਹਿੰਨਾ ਕਿ ਇੱਕ ਬੱਕਰਾ ਸੌ ਬੱਕਰੀਆਂ ਨੂੰ ਸੰਭਾਲ ਲੈਂਦਾ ਹੈ ਤੁਹਾਡੇ ਕੋਲੋਂ ਇੱਕ ਘਰ ਵਾਲੀ ਨਹੀਂ ਸੰਭਾਲ ਹੁੰਦੀ। ਇਹ ਸੀ ਇਸ ਸਾਧ ਦੀ ਉਸ ਵੇਲੇ ਦੀ ਮਾਨਸਿਕ ਦਿਸ਼ਾ। ਹੁਣ ਪਾਠਕ ਆਪ ਹੀ ਅੰਦਾਜ਼ਾ ਲਾ ਲੈਣ ਕਿ ਇਹ ਕਿਹੋ ਜਿਹਾ ਹੋਵੇਗਾ। ਇਹੀ ਸਾਧ ਸ਼ਤਾਬਦੀਆਂ ਮੌਕੇ ਤੇ ਸ਼੍ਰੋਮਣੀ ਕਮੇਟੀ ਦੀ ਸਟੇਜ਼ ਤੇ ਮੁੱਖ ਬੁਲਾਰਾ ਹੁੰਦਾ ਸੀ।
ਐਬਟਸਫੋਰਡ ਦੇ ਗੁਰਦੁਆਰੇ ਵਿੱਚ ਪੁਲੀਸ ਦਾ ਜਾਣਾ ਕੋਈ ਚੰਗੀ ਗੱਲ ਨਹੀਂ ਹੋਈ। ਇਸ ਤਰ੍ਹਾਂ ਦੀਆਂ ਗੱਲਾਂ ਤੋਂ ਜਿਤਨਾ ਵੀ ਬਚਿਆ ਜਾਵੇ ਚੰਗੀ ਗੱਲ ਹੈ ਤਾਂ ਕਿ ਮੁੱਖ ਮੀਡੀਏ ਵਿੱਚ ਸਿੱਖਾਂ ਦਾ ਅਕਸ ਹੋਰ ਘੱਟ ਖਰਾਬ਼ ਹੋਵੇ। ਸਭਿਅਕ ਦੇਸ਼ਾਂ ਵਿੱਚ ਰਹਿੰਦੇ ਹੋਏ ਅਸਭਿਅਕ ਕੰਮ ਘੱਟ ਕਰਨ ਦੀ ਖੇਚਲ ਕਰਨੀ ਚਾਹੀਦੀ ਹੈ। ਕਿਸੇ ਦੇ ਵਿਰੋਧ ਵਿੱਚ ਪ੍ਰੋਟੈਸਟ ਕਰਨਾ ਸਭ ਦਾ ਹੱਕ ਹੈ ਪਰ ਇੱਕ ਹੱਦ ਤੋਂ ਅਗਾਂਹ ਜਾ ਕੇ ਦਖਲ ਦੇਣਾ ਮਾੜੀ ਗੱਲ ਹੈ। ਗੁਰਦੁਆਰੇ ਦੇ ਅੰਦਰ ਜਾ ਕੇ ਦਖਲ ਦੇਣ ਦੀ ਬਿਜਾਏ ਬਾਹਰ ਪ੍ਰੋਟੈਸਟ ਕਰਕੇ ਕਮੇਟੀ ਦੇ ਮੈਂਬਰਾਂ ਨੂੰ ਪੰਜਾਬੀ ਮੀਡੀਏ ਦੇ ਕਿਸੇ ਟਾਕ ਸ਼ੋਅ ਤੇ ਬੁਲਾ ਕੇ ਉਹਨਾ ਦਾ ਪੱਖ ਜਾਣ ਕੇ ਸਭ ਦੇ ਸਾਹਮਣੇ ਸਵਾਲ ਜਵਾਬ ਕਰਕੇ ਉਹਨਾ ਤੋਂ ਇਸ ਦੀ ਗਲਤੀ ਮਨਵਾਈ ਜਾਂਦੀ ਤਾਂ ਚੰਗੀ ਗੱਲ ਹੋਣੀ ਸੀ। ਇਹ ਗੁਰਦੁਆਰਾ ਪਹਿਲਾਂ ਵੀ ਕਈ ਵਾਰੀ ਮੁੱਖ ਮੀਡੀਏ ਦੀਆਂ ਸੁਰਖੀਆਂ ਵਿੱਚ ਆ ਚੁੱਕਾ ਹੈ। ਇੱਕ ਅਪਾਹਜ ਵਿਆਕਤੀ ਦੀ ਵੈਨ ਨੂੰ ਏਅਰਪੋਰਟ ਤੇ ਜਾਂਦੇ ਸਮੇਂ ਜਦੋਂ ਕੁੱਝ ਹੁੱਲੜਵਾਦੀ ਸਿੱਖਾਂ ਨੇ ਰੋਕ ਕੇ ਆਮ ਲੋਕਾਂ ਨੂੰ ਪਰੇਸ਼ਾਨ ਕੀਤਾ ਤਾਂ ਕਨੇਡੀਅਨ ਲੋਕਾਂ ਵਲੋਂ ਮੁੱਖ ਮੀਡੀਏ ਵਿੱਚ ਸਿੱਖਾਂ ਨੂੰ ਆਪਣੇ ਗੁੱਸੇ ਦਾ ਸ਼ਿਕਾਰ ਬਣਾਇਆ ਗਿਆ। ਇਹ ਅਪਾਹਜ਼ ਵਿਆਕਤੀ ਐਬਟਸਫੋਰਡ ਦੇ ਗੁਰਦਵਾਰੇ ਵਿੱਚ ਕਾਫੀ ਚਿਰ ਰਿਹਾ ਸੀ।
ਅਖੀਰ ਤੇ ਮੇਰਾ ਇੱਕ ਸਵਾਲ ਤੁਹਾਨੂੰ ਸਾਰਿਆਂ ਨੂੰ ਹੈ ਜਿਹੜੇ ਕਿ ਇਸ ਲੇਖ ਨੂੰ ‘ਸਿੱਖ ਮਾਰਗ’ ਤੇ ਪੜ੍ਹ ਰਹੇ ਹਨ। ਕੀ ਤੁਸੀਂ ਕਿਸੇ ਕਥਿਤ ਮਹਾਂਪੁਰਸ਼ ਸਾਧ ਸੰਤ ਬ੍ਰਹਮਗਿਆਨੀ ਬਾਬੇ ਨੂੰ ਮੰਨਦੇ ਹੋ ਜਾਂ ਕਿ ਤੁਸੀਂ ਸਿਰਫ ਤੇ ਸਿਰਫ ਸ਼ਬਦ ਗੁਰੂ ਗਿਆਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੰਨਦੇ ਹੋ। ਜੇ ਕਰ ਕਿਸੇ ਸਾਧ ਸੰਤ ਨੂੰ ਮੰਨਦੇ ਹੋ ਤਾਂ ਵੀ ਅਤੇ ਜੇ ਕਰ ਕਿਸੇ ਨੂੰ ਵੀ ਨਹੀਂ ਮੰਨਦੇ ਤਾਂ ਵੀ ਇਹ ਤਾਂ ਦੱਸੋ ਕਿ ਕੁੱਝ ਹੀ ਸਾਧਾਂ ਦਾ ਵਿਰੋਧ ਕਿਉਂ? ਬਾਕੀ ਸਾਰਿਆਂ ਦਾ ਕਿਉਂ ਨਹੀਂ? ਕੀ ਕੁੱਝ ਕੁ ਹੀ ਮਾੜੇ ਹਨ ਬਾਕੀ ਸਾਰੇ ਚੰਗੇ ਹਨ? ਕੁੱਝ ਕੁ ਤਾਂ ਬਲਾਤਕਾਰੀਏ ਅਤੇ ਲੌਂਡੇ ਜ਼ਾਹਰ ਹੋ ਚੁੱਕੇ ਹਨ। ਜਿਹੜੇ ਅਜੇ ਢਕੇ ਹੋਏ ਹਨ ਕੀ ਉਹ ਸਾਰੇ ਚੰਗੇ ਹਨ? ਕੀ ਜਿਹੜੇ ਵਿਆਹੇ ਹੋਏ ਹਨ/ਸਨ ਉਹ ਸਾਰੇ ਹੀ ਚੰਗੇ ਹਨ/ਸਨ? ਕੀ ਉਹ ਜੋ ਕੁੱਝ ਵੀ ਪ੍ਰਚਾਰਦੇ ਹਨ/ਸਨ ਉਹ ਗੁਰਮਤਿ ਦੇ ਅਨੁਕੂਲ ਹੀ ਹੁੰਦਾ ਹੈ/ਸੀ? ਕੀ ਇਹ ਸਾਰੇ ਰਾਗ ਮਾਲਾ ਨਹੀਂ ਪੜ੍ਹਦੇ? ਕੀ ਇਹ ਸਾਰੇ ਦਸਮ ਗ੍ਰੰਥੀਏ ਨਹੀਂ ਹਨ/ਸਨ? ਕੀ ਇਹ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇੱਕ ਹੋਰ ਨਕਲੀ ਗੰਦਾ ਗੁਰੂ (ਦਸਮ ਗ੍ਰੰਥ) ਨਹੀਂ ਖੜ੍ਹਾ ਕਰਦੇ? ਕੀ ਇਹ ਸਾਰੇ ਨਰਕਧਾਰੀਆਂ ਨਾਲੋਂ ਘੱਟ ਹਨ? ਉਹ ਨਕਲੀ ਨਿਰੰਕਾਰੀਏ ਵੀ ਗੁਰੂ ਕੇ ਨਿੰਦਕ ਸਨ/ਹਨ ਇਹ ਸਾਧ ਵੀ ਸਾਰੇ ਹੀ ਗੁਰੂ ਕੇ ਨਿੰਦਕ ਨਹੀਂ ਹਨ/ਸਨ ਜੋ ਕਿ ਘਟੀਆ ਰਚਨਾ ਗੁਰੂ ਦੇ ਨਾਮ ਨਾਲ ਜੋੜ ਕੇ ਗੁਰੂ ਨੂੰ ਬਦਨਾਮ ਕਰਦੇ ਹਨ/ਸਨ? ਇੱਕ ਵੀ ਹੋਵੇ, ਇੱਕ ਵੀ ਹੋਵੇ, ਇੱਕ ਵੀ ਹੋਵੇ---- ਜੇ ਕਰ ਇੱਕ ਵੀ ਸਾਧ ਅਜਿਹਾ ਹੋਵੇ ਤਾਂ ਦੱਸੋ ਜਿਹੜਾ ਕਿ ਦਸਮ ਗ੍ਰੰਥੀਆ ਜਾਂ ਰਾਗਮਾਲਾ ਦਾ ਹਮਾਇਤੀ ਨਾ ਹੋਵੇ ਭਾਵ ਕਿ ਉਹ ਗੁਰ ਨਿੰਦਕ ਨਾ ਹੋਵੇ, ਭਾਵੇਂ ਉਹ ਇਸ ਸਮੇਂ ਮੌਜੂਦ ਹੈ ਜਾਂ ਇਸ ਸੰਸਾਰ ਤੋਂ ਜਾ ਚੁੱਕਾ ਹੈ ਤਾਂ ਅਜਿਹੇ ਸਾਧ, ਸੰਤ ਨੂੰ ਮੇਰਾ ਕੋਟਿ-ਕੋਟਿ ਪ੍ਰਣਾਮ। ਜੇ ਕਰ ਅਜਿਹਾ ਨਹੀਂ ਦੱਸ ਸਕਦੇ ਤਾਂ ਫਿਰ ਸਾਰਿਆਂ ਦਾ ਹੀ ਵਿਰੋਧ ਕਰੋ ਨਹੀਂ ਤਾਂ ਤੁਸੀਂ ਦੋਗਲੇ ਅਤੇ ਪਖੰਡੀ ਹੋ ਅਤੇ ਕੁੱਝ ਕੁ ਸਾਧਾਂ ਦੀ ਹੀ ਵਿਰੋਧਤਾ ਤੁਹਾਡੀ ਨਿੱਜੀ ਮਤਲਬਦਾਰੀ ਹੋਵੇਗੀ ਜਾਂ ਫਿਰ ਫੋਕੀ ਸ਼ੁਹਰਤ।
ਮੱਖਣ ਸਿੰਘ ਪੁਰੇਵਾਲ,
ਜੂਨ 21, 2009.
.