.

ਅਸਥੀਆਂ/ਫੁੱਲਾਂ ਸਬੰਧੀ ਵਹਿਮ ਭਰਮ ਅਤੇ ਗੁਰਮਤਿ

ਇਸ ਵਿੱਚ ਕੋਈ ਸੰਦੇਹ ਨਹੀਂ ਹੈ ਕਿ ਗੁਰਮਤਿ ਵਿੱਚ ਅਸਥੀਆਂ ਸਬੰਧੀ ਹੀ ਨਹੀਂ ਬਲਕਿ ਕਿਸੇ ਤਰ੍ਹਾਂ ਦੇ ਵੀ ਵਹਿਮ ਭਰਮ ਨੂੰ ਕੋਈ ਥਾਂ ਨਹੀਂ ਹੈ। ਪਰ ਫਿਰ ਵੀ ਸਾਡੇ ਵਿੱਚ ਕਈ ਤਰ੍ਹਾਂ ਦੇ ਵਹਿਮ ਭਰਮ ਪ੍ਰਚਲਤ ਹਨ। ਇਹ ਵਹਿਮ ਭਰਮ ਜਿਨ੍ਹਾਂ ਦਾ ਗੁਰਮਤਿ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਸਬੰਧ ਨਹੀਂ ਹੈ ਘਟਣ ਦੀ ਬਜਾਏ ਦਿਨੋ ਦਿਨ ਇਨ੍ਹਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਇੱਥੇ ਅਸੀਂ ਕੇਵਲ ਅਸਥੀਆਂ/ਫੁੱਲਾਂ ਸਬੰਧਤ ਵਹਿਮਾਂ ਭਰਮਾਂ ਦੀ ਹੀ ਸੰਖੇਪ `ਚ ਚਰਚਾ ਕਰ ਰਹੇ ਹਾਂ। ਇੰਡੀਆ ਵਿਚ, ਖ਼ਾਸ ਤੌਰ `ਤੇ ਪੰਜਾਬ ਵਿਚ, ਕਈ ਇਲਾਕਿਆਂ ਵਿੱਚ ਫੁੱਲ ਚੁੱਕ ਕੇ, ਪਿੱਤਲ ਦੀ ਪਰਾਤ ਵਿੱਚ ਰੱਖ ਕੇ ਕੱਚੀ ਲੱਸੀ ਨਾਲ ਧੋਤੇ ਜਾਂਦੇ ਹਨ। ਜਿਸ ਥਾਂ `ਤੇ ਸਸਕਾਰ ਕੀਤਾ ਗਿਆ ਹੁੰਦਾ ਹੈ ਉੱਥੋਂ ਰਾਖ ਵੱਖਰੀ ਥੈਲੇ/ਥੈਲੀ ਆਦਿ ਵਿੱਚ ਪਾ ਕੇ ਫਿਰ ਉਸ ਥਾਂ `ਤੇ ਗੋਬਰ ਦਾ ਪੋਚਾ ਫੇਰਿਆ ਜਾਂਦਾ ਹੈ। ਚਾਰ ਲੱਕੜ ਦੀਆਂ ਕਿੱਲੀਆਂ ਠੋਕ ਕੇ ਫਿਰ ਚਿੱਟੀ ਚਾਦਰ ਤਾਣੀ ਜਾਂਦੀ ਹੈ, ਉਸ ਦੇ ਹੇਠਾਂ ਪੰਜ ਪ੍ਰਸ਼ਾਦੇ ਰੱਖ ਕੇ ਘਿਓ ਦਾ ਦੀਵਾ ਬਾਲਿਆ ਜਾਂਦਾ ਹੈ। ਕਈ ਪਰਵਾਰ ਤਾਂ ਵਿਛੁੱੜੇ ਪ੍ਰਾਣੀ ਨਮਿਤ ਪਾਠ ਪ੍ਰਰੰਭ ਕਰਾਉਣ ਤੋਂ ਪਹਿਲਾਂ ਹੀ ਫੁੱਲਾਂ ਨੂੰ ਜਲ ਪ੍ਰਵਾਹ ਕਰਨਾ ਜ਼ਰੂਰੀ ਸਮਝਦੇ ਹਨ। ਕਈ ਥਾਵਾਂ `ਚ ਜਿਸ ਵਿਅਕਤੀ ਨੇ ਅਰਥੀ ਨੂੰ ਮੋਢਾ ਦਿੱਤਾ ਹੋਵੇ, ਉਸ ਨੂੰ ਹੀ ਫੁੱਲ ਚੁਗਣ ਲਈ ਭੇਜਿਆ ਜਾਂਦਾ ਹੈ। ਉਹ ਅਸਥੀਆਂ ਸਮਸ਼ਾਨ ਘਾਟ ਤੋਂ ਲੈ ਕੇ ਘਰ ਨਹੀਂ ਆਉਂਦਾ, ਬਾਹਰੋਂ ਬਾਹਰ ਹੀ ਕੀਰਤਪੁਰ ਆਦਿ ਚਲਾ ਜਾਂਦਾ ਹੈ। ਫੁੱਲਾਂ ਨੂੰ ਤਾਂ ਗੋਇੰਦਵਾਲ ਜਾਂ ਕੀਰਤਪੁਰ ਪ੍ਰਵਾਹ ਕੀਤਾ ਜਾਂਦਾ ਹੈ ਪਰੰਤੂ ਰਾਖ/ਭਸਮ ਨੂੰ ਨਹਿਰ ਆਦਿ ਵਿੱਚ ਸੁੱਟਿਆ ਜਾਂਦਾ ਹੈ। ਭਸਮ ਪ੍ਰਵਾਹ ਕਰਨ ਵਾਲੇ ਨੂੰ ਇਹ ਹਿਦਾਇਤ ਕੀਤੀ ਜਾਂਦੀ ਹੈ ਕਿ ਜੇਕਰ ਕੋਈ ਆਵਾਜ਼ ਮਾਰੇ ਤਾਂ ਪਿੱਛੇ ਮੁੜ ਕੇ ਨਹੀਂ ਦੇਖਣਾ। ਕਈ ਥਾਈਂ ਭਸਮ ਨੂੰ ਉੱਥੇ ਹੀ ਪਿਆ ਰਹਿਣ ਦੇਂਦੇ ਹਨ। ਕਈ ਪਰਵਾਰ ਇਹ ਸੋਚ ਕੇ ਅਸਥੀਆਂ/ਫੁੱਲਾਂ ਨੂੰ ਘਰ ਲੈਕੇ ਨਹੀਂ ਆਉਂਦੇ ਕਿ ਇਹਨਾਂ ਅਸਥੀਆਂ ਨਾਲ ਜਿਸ ਪ੍ਰਾਣੀ ਦੀਆਂ ਇਹ ਅਸਥੀਆਂ ਹਨ ਉਹ ਵੀ ਨਾਲ ਹੀ ਆ ਜਾਵੇਗਾ। ਕਈ ਪਰਵਾਰ ਅਸਥੀਆਂ ਨੂੰ ਘਰ ਤਾਂ ਲੈ ਆਉਂਦੇ ਹਨ ਪਰ ਲਿਆਉਂਦੇ ਇਸ ਖ਼ਿਆਲ ਨਾਲ ਹਨ ਕਿ ਫੁੱਲਾਂ ਨੂੰ ਅਖੰਡ/ਸਹਿਜ ਪਾਠ ਸੁਣਾਇਆ ਜਾ ਸਕੇ। ਕਈ ਇਲਾਕਿਆਂ ਵਿੱਚ ਪ੍ਰਾਣੀ ਦਾ ਸਸਕਾਰ ਕਰਨ ਮਗਰੋਂ ਅਸਥੀਆਂ ਦੀ ਰਾਖੀ ਵੀ ਕੀਤੀ ਜਾਂਦੀ ਹੈ (ਖ਼ਾਸ ਤੌਰ `ਤੇ ਜਦੋਂ ਕਿਸੇ ਕੁਆਰੇ ਵਿਅਕਤੀ ਦੀ ਮੌਤ ਹੋਈ ਹੋਵੇ) ਤਾਂ ਕਿ ਕੋਈ ਮਿਰਤਕ ਪ੍ਰਾਣੀ ਦੀ ਹੱਡੀ ਉਠਾ ਕੇ ਨਾ ਲੈ ਜਾਏ। ਕਈ ਇਸ ਸਮਸਿਆ ਦਾ ਹੱਲ ਇੱਕ ਅਸਥੀ ਉਠਾ ਕੇ ਉਸ ਨੂੰ ਕਿਧਰੇ ਬਾਹਰ ਹੀ ਲੁਕਾ ਕੇ ਕੱਢ ਲੈਂਦੇ ਹਨ। ਇਸ ਤਰ੍ਹਾਂ ਕਰਕੇ ਉਹ ਸਮਝਦੇ ਹਨ ਕਿ ਹੁਣ ਸਿਵਾ ਜੂਠਾ ਕਰ ਦਿੱਤਾ ਹੈ, ਹੁਣ ਜੇਕਰ ਕੋਈ ਇੱਕ ਅੱਧ ਅਸਥੀ ਉਠਾ ਕੇ ਲੈ ਵੀ ਗਿਆਂ ਤਾਂ ਉਹ ਵਿਛੁੱੜੇ ਪ੍ਰਾਣੀ ਦੀ ਰੂਹ ਨੂੰ ਆਪਣੇ ਕਾਬੂ ਵਿੱਚ ਨਹੀਂ ਕਰ ਸਕੇਗਾ। ਇਸ ਤਰ੍ਹਾਂ ਵੱਖ ਵੱਖ ਇਲਾਕਿਆਂ ਵਿੱਚ ਇਸ ਸਬੰਧੀ ਕਈ ਤਰ੍ਹਾਂ ਦੇ ਵਹਿਮ ਭਰਮ ਪ੍ਰਚਲਤ ਹਨ। ਬਾਹਰਲੇ ਦੇਸ਼ਾਂ `ਚ ਰਹਿਣ ਵਾਲੇ ਕਈ ਪਰਵਾਰ ਆਪਣੇ ਅਕਾਲ ਚਲਾਣਾ ਕਰ ਚੁਕੇ ਸਬੰਧੀ ਦੇ ਫੁਲ ਉਚੇਤੇ ਤੌਰ `ਤੇ ਭਾਰਤ ਲੈਕੇ ਜਾਂਦੇ ਹਨ। ਘਰੋਂ ਤੁਰਨ ਸਮੇਂ ਪੈੱਨੀ ਆਦਿ ਜ਼ਮੀਨ `ਤੇ ਸੁਟ ਕੇ ਫਿਰ ਅਕਾਲ ਚਲਾਣਾ ਕਰ ਚੁਕੇ ਸਬੰਧੀ ਦਾ ਨਾਮ ਲੈ ਕੇ ਕਹਿੰਦੇ ਹਨ ਕਿ ਇਹ ਤੁਹਾਡਾ ਕਿਰਾਇਆ ਹੈ ਆਓ ਹੁਣ ਚਲੀਏ। (ਹਵਾਈ ਜਹਾਜ਼ ਦੀ ਟਿਕਟ ਮਹਿੰਗੀ ਹੋਣ ਕਾਰਨ ਨਹੀਂ ਖ਼ਰੀਦੀ ਜਾਂਦੀ; ਪਰ, ਬਸ ਦੀ ਟਿਕਟ ਜ਼ਰੂਰ ਖ਼ਰੀਦੀ ਜਾਂਦੀ ਹੈ। ਟਿਕਟ ਦੇ ਪੈਸੇ ਦੇਕੇ ਫਿਰ ਅਕਾਲ ਚਲਾਣਾ ਕਰ ਚੁਕੇ ਪ੍ਰਾਣੀ ਨੂੰ ਦੱਸਿਆ ਜਾਂਦਾ ਹੈ ਕਿ ਉਸ ਦੀ ਟਿਕਟ ਲੈ ਲਈ ਹੈ।) ਭਾਰਤ ਪਹੁੰਚ ਕੇ ਸਿੱਧਾ ਕੀਰਤਪੁਰ ਆਦਿ ਥਾਵਾਂ `ਤੇ ਜਾਕੇ ਹੀ ਫਿਰ ਆਪਣੇ ਘਰ ਜਾਂ ਰਿਸ਼ਤੇਦਾਰ/ਰਿਸ਼ਤੇਦਾਰਾਂ ਦੇ ਜਾਂਦੇ ਹਨ। ਜੇਹੜੇ ਪਰਵਾਰ ਭਾਵੇਂ ਉਚੇਚੇ ਤੌਰ `ਤੇ ਫੁੱਲ ਜਲ ਪ੍ਰਵਾਹ ਕਰਨ ਲਈ ਇੰਡੀਆ ਤਾਂ ਨਹੀਂ ਜਾਂਦੇ ਪਰ ਅਸਥੀਆਂ ਨੂੰ ਘਰ ਲਿਆਉਣ ਤੋਂ ਉਹ ਵੀ ਸੰਕੋਚ ਕਰਦੇ ਹਨ। ਭਾਰਤ `ਚ ਰਹਿਣ ਵਾਲੇ ਵੀ ਉਚੇਚੇ ਤੌਰ `ਤੇ ਕੀਰਤਪੁਰ ਜਾਂ ਗੋਇੰਦਵਾਲ ਆਦਿ ਥਾਵਾਂ `ਤੇ ਜਾ ਕੇ ਹੀ ਫੁੱਲ ਤਾਰਦੇ ਹਨ। ਜਿਸ ਵਿਅਕਤੀ ਨੂੰ ਫੁੱਲ ਤਾਰਨ ਲਈ ਭੇਜਿਆ ਜਾਂਦਾ ਹੈ, ਘਰੋਂ ਤੁਰਨ ਲਗਿਆਂ ਪਰਵਾਰ ਦੇ ਸਾਰੇ ਮੈਂਬਰ ਉਸ ਨੂੰ ਕੁੱਝ ਰੁਪਈਏ ਦੇਕੇ ਫਿਰ ਅਕਾਲ ਚਲਾਣਾ ਕਰ ਚੁਕੇ ਪ੍ਰਾਣੀ ਦਾ ਨਾਮ ਲੈਕੇ ਕਹਿੰਦੇ ਹਨ ਕਿ ਤੇਰਾ/ਤੁਹਾਡਾ ਕਿਰਾਇਆ ਇਸ/ਇਹਨਾਂ ਨੂੰ ਦੇ ਦਿੱਤਾ ਹੈ ਇਸ ਕੋਲੋਂ ਲੈ ਲੈਣਾ। ਬੱਸ `ਤੇ ਚੜ੍ਹਣ ਅਤੇ ਉਤਰਨ ਲਗਿਆਂ ਵਿਛੁੱੜੇ ਸਬੰਧੀ ਨੂੰ ਬਕਾਇਦਾ ਆਵਾਜ਼ ਮਾਰ ਕੇ ਕਹਿੰਦੇ ਹਨ ਆਓ ਚੜ੍ਹੀਏ ਆਓ ਉਤਰੀਏ। ਕਈ ਤਾਂ ਬੱਸ ਦੀ ਟਿਕਟ ਲੈਣ ਦੇ ਨਾਲ ਰਸਤੇ ਵਿੱਚ ਜੇਕਰ ਚਾਹ/ਪ੍ਰਸ਼ਾਦਾ ਆਦਿ ਪੀਂਦੇ/ਛੱਕਦੇ ਹਨ ਤਾਂ ਚਾਹ ਦਾ ਇੱਕ ਕੱਪ ਜਾਂ ਪ੍ਰਸ਼ਾਦਾ ਦਾ ਥਾਲ ਅਕਾਲ ਚਲਾਣਾ ਕਰ ਚੁਕੇ ਪ੍ਰਾਣੀ ਦੇ ਨਾਮ ਦਾ ਵੀ ਲੈਂਦੇ ਹਨ। ਇੱਥੋ ਤਕ ਜੇਕਰ ਕੋਈ ਵਿਅਕਤੀ ਨਸ਼ੇ ਆਦਿ ਦੀ ਵਰਤੋਂ ਕਰਦਾ ਸੀ ਤਾਂ ਉਹ ਨਸ਼ਾ ਵੀ ਦੇ ਕੇ ਤੋਰਿਆ ਜਾਂਦਾ ਹੈ। ਦਾਸ ਦੇ ਇੱਕ ਗੁਰਭਾਈ ਨੇ ਇਹ ਦੱਸਿਆ ਸੀ ਕਿ ਜਦ ਉਹ ਆਪਣੇ ਭਰਾਤਾ ਦੇ ਫੁੱਲ ਪਾਉਣ ਲਈ ਕੀਰਤਪੁਰ ਗਏ ਤਾਂ ਉਹਨਾਂ ਨੂੰ ਅਫ਼ੀਮ ਵੀ ਪਰਵਾਰ ਦੇ ਬਾਕੀ ਮੈਂਬਰਾਂ ਨੇ ਦਿੱਤੀ, ਚੂੰਕਿ ਉਹਨਾਂ ਦੇ ਭਰਾਤਾ ਅਫ਼ੀਮ ਦੀ ਵਰਤੋਂ ਕਰਦੇ ਸਨ। ਦਾਸ ਦੇ ਇਹ ਪੁੱਛਣ `ਤੇ ਕਿ ਉਸ ਅਫ਼ੀਮ ਦਾ ਫਿਰ ਕੀ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਦੇ ਹਵਾਲੇ ਕਰ ਦਿੱਤੀ ਸੀ। ਉਹਨਾਂ ਤੋਂ ਹੀ ਇਹ ਪਤਾ ਲਗਿਆ ਕਿ ਸੇਵਾਦਾਰ ਇਹਨਾਂ ਸਾਰੀਆਂ ਗੱਲਾਂ ਤੋਂ ਚੰਗੀ ਤਰ੍ਹਾਂ ਜਾਣੂੰ ਹੋਣ ਕਾਰਨ ਆਪ ਹੀ ਪੁੱਛ ਲੈਂਦੇ ਹਨ ਕਿ ਵਿੱਛੁੜੇ ਪ੍ਰਾਣੀ ਦੀ ਕੋਈ ਹੋਰ ਵਸਤੂ ਤਾਂ ਨਹੀਂ ਹੈ। ਜ਼ੁੰਮੇਵਾਰ ਸੰਸਥਾਵਾਂ ਨੂੰ ਇਹਨਾਂ ਗੱਲਾਂ ਨੂੰ ਖ਼ਤਰੇ ਦੀ ਘੰਟੀ ਸਮਝਕੇ ਫੌਰੀ ਤੌਰ `ਤੇ ਕਦਮ ਉਠਾਉਣ ਦੀ ਲੋੜ ਹੈ। ਜੇਕਰ ਇਹ ਸਭ ਕੁਛ ਦੇਖ/ਸੁਣ ਕੇ ਵੀ ਅਸੀਂ ਖ਼ਾਮੋਸ਼ੀ ਧਾਰਨ ਕਰੀ ਰੱਖੀ, ਤਾਂ ਸਾਡੇ ਇਹ ਗੁਰਧਾਮਾਂ ਦਾ ਉਹੀ ਹਾਲ ਹੋ ਜਾਵੇਗਾ ਜਿਵੇਂ ਗੁਰਦੁਆਰਾ ਸੁਧਾਰ ਲਹਿਰ ਤੋਂ ਪਹਿਲਾਂ ਸਾਡੇ ਇਤਿਹਾਸਕ ਗੁਰਦੁਆਰਿਆਂ ਦਾ ਸੀ। ਉਸ ਸਮੇਂ ਸਾਡੇ ਇਹ ਗੁਰਧਾਮ ਕੇਵਲ ਕਹਿਣ ਨੂੰ ਹੀ ਗੁਰਦੁਆਰੇ ਸਨ, ਇਹਨਾਂ `ਚੋਂ ਗੁਰਮਤਿ ਦੀ ਵਿਚਾਰਧਾਰਾ ਅਲੋਪ ਸੀ।

ਸਾਡੀ ਇਹ ਬਦਕਿਸਮਤੀ ਹੈ ਕਿ ਜਿਹਨਾਂ ਪ੍ਰਾਣੀਆਂ ਤੋਂ ਸਿੱਖ ਪੰਥ ਨੇ ਅਗਵਾਈ ਲੈਣੀ ਸੀ ਉਹ ਹੀ ਸਿੱਖ ਸੰਗਤਾਂ ਨੂੰ ਇਹਨਾਂ ਵਹਿਮਾਂ ਭਰਮਾਂ ਦੀ ਦਲਦਲ ਵਿੱਚ ਫਸਾਉਣ ਦੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਕਈ ਉੱਘੀਆਂ ਹਸਤੀਆਂ ਦੇ ਅਕਾਲ ਚਲਾਣੇ ਉਪਰੰਤ ਜਲੂਸ ਦੀ ਸ਼ਕਲ ਵਿੱਚ ਕਈ ਕਈ ਮੀਲਾਂ ਬੱਧੀ ਪੈਂਡਾ ਤਹਿ ਕਰਕੇ ਉਹਨਾਂ ਦੀਆਂ ਅਸਥੀਆਂ ਨੂੰ ਕੀਰਤਪੁਰ ਆਦਿ ਥਾਵਾਂ `ਤੇ ਆਕੇ ਜਲ ਪ੍ਰਵਾਹ ਕਰਨਾ ਜਾਂ ਜ਼ੁੰਮੇਵਾਰ ਵਿਅਕਤੀਆਂ ਵਲੋਂ ਹੀ ਇਹਨਾਂ ਥਾਵਾਂ ਦੇ ਉਦਘਾਟਨ ਸਮਾਰੋਹਾਂ `ਤੇ ਸ਼ਾਮਲ ਹੋ ਕੇ ਉਦਘਾਟਨ ਕਰਨਾ ਇਸ ਦੀਆਂ ਕੁੱਝ ਉਦਾਹਰਣਾਂ ਹਨ। ਜ਼ੁੰਮੇਵਾਰ ਵਿਅਕਤੀਆਂ ਦੀ ਸ਼ਮੂਲੀਅਤ ਨਾਲ ਆਮ ਸਿੱਖ ਇਹ ਪ੍ਰਭਾਵ ਕਬੂਲਦਾ ਹੈ ਕਿ ਸ਼ਾਇਦ ਇਹ ਗੁਰਮਤਿ ਦਾ ਇੱਕ ਅਤੁੱਟ ਅੰਗ ਹੈ। ਸਿੱਖ ਦੀ ਹੈਸੀਅਤ ਵਿੱਚ ਗੁਰਮਤਿ ਦੇ ਇਸ ਅੰਗ ਦੀ ਪਾਲਣਾ ਕਰਨਾ ਸਿੱਖ ਆਪਣਾ ਫ਼ਰਜ਼ ਸਮਝਦਾ ਹੈ। ਸ਼ਾਇਦ ਇਸ ਕਾਰਨ ਹੀ ਕਈ ਵਾਰ ਕਈ ਪ੍ਰਾਣੀ ਆਪਣੇ ਪਰਵਾਰਾਂ ਜਾਂ ਸੱਜਣਾਂ ਨੂੰ ਆਪਣੀਆਂ ਅਸਥੀਆਂ ਕਿਸੇ ਵਿਸ਼ੇਸ਼ ਸਥਾਨ `ਤੇ ਪਾਉਣ ਦੀ ਹਿਦਾਇਤ ਕਰ ਜਾਂਦੇ ਹਨ। ਆਮ ਸਿੱਖ ਦੀ ਸਮਝ `ਚ ਇਹ ਗੱਲ ਪਤਾ ਨਹੀਂ ਕਦੋਂ ਆਵੇਗੀ ਕਿ ਮਨਮਤ ਦਾ ਪ੍ਰਚਾਰ ਅਤੇ ਪ੍ਰਸਾਰ ਵਧੇਰੇ ਸਾਡੇ ਇਹਨਾਂ ਜ਼ੁੰਮੇਵਾਰ ਵਿਅਕਤੀਆਂ ਦੀ ਬਦੌਲਤ ਹੀ ਸੰਭਵ ਹੋਇਆ/ਹੋ ਰਿਹਾ ਹੈ। ਜਦ ਸਿੱਖ ਸੰਗਤਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਤਾਂ ਫਿਰ ਸੰਗਤਾਂ ਪ੍ਰੇਰਨਾ/ਅਗਵਾਈ ਕੇਵਲ `ਤੇ ਕੇਵਲ ਗੁਰੂ ਗਰੰਥ ਸਾਹਿਬ ਪਾਸੋਂ ਹੀ ਲਿਆ ਕਰਨ ਗੀਆਂ। ਅਰਦਾਸ ਹੈ ਕਿ ਵਾਹਿਗੁਰੂ ਇਹ ਸਮਾਂ ਛੇਤੀ ਆਵੇ।

ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਨਮਤ ਨੂੰ ਰੋਕਣ ਦੀ ਬਜਾਏ ਸਗੋਂ ਹੋਰ ਉਤਸ਼ਾਹਤ ਕਰ ਰਹੀ ਹੈ। ਪੰਥ ਦੀ ਸਿਰਮੌਰ ਜਥੇਬੰਦੀ ਵਲੋਂ ਇਤਨਾ ਵੀ ਸੰਭਵ ਨਹੀਂ ਹੋ ਸਕਿਆ ਕਿ ਘੱਟੋ ਘੱਟ ਇਹਨਾਂ ਥਾਵਾਂ `ਤੇ ਬੋਰਡ ਲਗਾ ਕੇ ਇਤਨਾ ਕੁ ਹੀ ਲਿੱਖ ਦਿੱਤਾ ਜਾਵੇ ਕੇ ਇਸ ਥਾਂ ਉਚੇਚੇ ਤੌਰ `ਤੇ ਫੁੱਲ ਪਾਉਣੇ ਮਨਮਤ ਹੈ। ਪਰ ਸ਼੍ਰੋਮਣੀ ਜਥੇਬੰਦੀ ਨੇ ਸੰਗਤਾਂ ਨੂੰ ਭਰਮ ਤੋਂ ਮੁਕਤ ਕਰਨ ਦੀ ਥਾਂ ਹਰਿਦੁਆਰ ਵਾਂਗ ਪੂਰਾ ਰਿਕਾਰਡ ਰੱਖਣ ਲਈ ਕੀਰਤਪੁਰ ਸਾਹਿਬ ਵਿਖੇ ਬਕਾਇਦਾ ਅਸਥੀਆਂ ਪਾਉਣ ਵਾਲੇ ਦਾ ਨਾਮ, ਜਿਸ ਦੀ ਅਸਥੀਆਂ ਹਨ ਉਸ ਦਾ ਨਾਮ, ਘਰ ਦਾ ਐਡਰੈਸ ਆਦਿ ਦਾ ਪੂਰਾ ਵੇਰਵਾ ਰਜਿਸਟਰ `ਤੇ ਦਰਜ ਕਰਕੇ ਉਲਟਾ ਇਸ ਮਨਮਤ ਨੂੰ ਬੜਾਵਾ ਦੇਣਾ ਸ਼ੁਰੂ ਕਰ ਦਿੱਤਾ ਹੋਇਆ ਹੈ।

ਗੁਰਮਤਿ ਵਿੱਚ ਅਸਥੀਆਂ ਨੂੰ ਜਲ ਆਦਿ ਵਿੱਚ ਪ੍ਰਵਾਹ ਕਰਨ ਜਾਂ ਉਸ ਜਗ੍ਹਾ ਹੀ ਦੱਬਾ ਕੇ ਜ਼ਮੀਨ ਬਰਾਬਰ ਕਰਨ ਦੀ ਹਿਦਾਇਤ ਹੈ। ਜੇਕਰ ਮਿਰਤਕ ਸਰੀਰ ਨੂੰ ਕਿਸੇ ਹੋਰ ਢੰਗ ਨਾਲ (ਜਲ ਪ੍ਰਵਾਹ ਆਦਿ) ਸੰਭਾਲਿਆ ਗਿਆ ਹੋਵੇ ਫਿਰ ਤਾਂ ਅਜਿਹੇ ਕਿਸੇ ਪ੍ਰਕ੍ਰਿਆ ਦੀ ਲੋੜ ਪੈਂਦੀ ਹੀ ਨਹੀਂ ਹੈ। ਸਿੱਖੀ ਵਿੱਚ ਇਸ ਤਰ੍ਹਾਂ ਦੇ ਕਿਸੇ ਵੀ ਵਿਸਵਾਸ਼ ਨੂੰ ਸਵੀਕਾਰ ਨਹੀਂ ਕੀਤਾ ਗਿਆ ਜਿਸ ਮੁਤਾਬਿਕ ਅਸਥੀਆਂ ਦੀ ਅਜਿਹੀ ਸੰਭਾਲ ਆਦਿ ਪਿੱਛੇ ਕਿਸੇ ਤਰ੍ਹਾਂ ਦੀ ਅਜਿਹੀ ਵਿਚਾਰਧਾਰਾ ਦੀ ਸ਼ਮੂਲੀਅਤ ਹੋਵੇ ਕਿ ਇਸ ਨਾਲ ਅਕਾਲ ਚਲਾਣਾ ਕਰ ਚੁਕੇ ਪ੍ਰਾਣੀ ਨੂੰ ਲਾਭ ਜਾਂ ਹਾਨੀ ਆਦਿ ਦੀ ਭਾਵਨਾ ਸਬੰਧਤ ਹੈ। ਸਿੱਖ ਰਹਿਤ ਮਰਯਾਦਾ ਵਿੱਚ ਇਸ ਤਰ੍ਹਾਂ ਹਿਦਾਇਤ ਕੀਤੀ ਗਈ ਹੈ, “ਮਿਰਤਕ ਪ੍ਰਾਣੀ ਦਾ ਅੰਗੀਠਾ ਠੰਡਾ ਹੋਣ ਤੇ ਸਾਰੀ ਦੇਹ ਦੀ ਭਸਮ ਅਸਥੀਆ ਸਮੇਤ ਉਠਾ ਕੇ ਜਲ ਵਿੱਚ ਪ੍ਰਵਾਹ ਕਰ ਦਿੱਤੀ ਜਾਵੇ, ਜਾਂ ਉਥੇ ਹੀ ਦੱਬ ਕੇ ਜ਼ਿਮੀ ਬਰਾਬਰ ਕਰ ਦਿੱਤੀ ਜਾਵੇ।”

ਇਹਨਾਂ ਪੱਛਮੀ ਮੁਲਕਾਂ ਵਿੱਚ ਕਈ ਥਾਈਂ ਜਲ ਪ੍ਰਵਾਹ ਜਾਂ ਉਸੇ ਜਗ੍ਹਾ ਅਸਥੀਆਂ ਨੂੰ ਦੱਬਾ ਸੱਕਣਾ ਸੰਭਵ ਨਹੀਂ ਹੈ। ਆਮ ਤੌਰ `ਤੇ ਲੋਕੀਂ ਚੋਰੀ ਛੁਪੇ ਹੀ ਅਸਥੀਆਂ ਜਲ ਪ੍ਰਵਾਹ ਕਰਦੇ ਹਨ। ਚੂੰਕਿ ਵਾਤਾਵਰਨ ਵਿਭਾਗ ਇਸ ਤਰ੍ਹਾਂ ਵਗਦੇ ਪਾਣੀ ਵਿੱਚ ਅਸਥੀਆਂ ਨੂੰ ਰੋੜਨ/ਸੁੱਟਣ ਦੀ ਇਜਾਜ਼ਤ ਨਹੀਂ ਦੇਂਦਾ। ਇਸ ਲਈ ਕਈ ਪਰਵਾਰ ਬੋਟ ਆਦਿ ਕਿਰਾਏ `ਤੇ ਲੈ ਕੇ ਕਾਫ਼ੀ ਦੂਰ ਜਾ ਕੇ ਜਲ ਪ੍ਰਵਾਹ ਕਰਦੇ ਹਨ। (ਨੋਟ: ਇਹਨਾਂ ਦੇਸਾਂ ਵਿੱਚ ਸਸਕਾਰ ਮਗਰੋਂ ਜੇਹੜੀਆਂ ਅਸਥੀਆਂ ਬਚਦੀਆਂ ਹਨ ਉਹਨਾਂ ਨੂੰ ਬਲੈਂਡਰ ਕੀਤਾ ਜਾਂਦਾ ਹੈ, ਪਰਵਾਰ ਜੋ ਫਿਊਨਰਲ ਹੋਮ ਤੋਂ ਫੁੱਲ ਲੈਕੇ ਆਉਂਦਾ ਹੈ ਉਸ ਵਿੱਚ ਪ੍ਰਾਣੀ ਦੀ ਕੇਵਲ ਭਸਮ ਆਦਿ ਹੀ ਹੁੰਦੀ ਹੈ।) ਜਲ ਪ੍ਰਵਾਹ ਜਾਂ ਜ਼ਿਮੀ ਵਿੱਚ ਦਬਾਉਣਾ ਤਾਂ ਇਸ ਲਈ ਸੀ ਕਿਉਂਕਿ ਜਿਸ ਸਥਾਨ `ਤੇ ਸਸਕਾਰ ਕੀਤਾ ਗਿਆ ਹੈ ਜੇਕਰ ਉੱਥੋਂ ਅਸਥੀਆਂ ਨਾ ਚੁਕੀਆਂ ਜਾਣ ਤਾਂ ਅਸਥੀਆਂ ਇਧਰ – ਉਧਰ ਖਿਲਰਨ ਗੀਆਂ ਜਾਂ ਉਸ ਥਾ `ਤੇ ਅਸਥੀਆਂ ਦਾ ਢੇਰ ਲੱਗ ਜਾਣ ਕਾਰਨ ਫਿਰ ਹੋਰ ਸਸਕਾਰ ਕਰਨਾ ਸੰਭਵ ਨਹੀਂ ਹੋਵੇਗਾ। ਇਸ ਲਈ ਜੇਕਰ ਸਾਡੇ ਵਿੱਚ ਭਸਮ ਸਮੇਤ ਅਸਥੀਆਂ/ਫੁਲ ਸਮੇਟਣ ਦਾ ਰਿਵਾਜ ਹੈ ਤਾਂ ਉਹ ਕੇਵਲ ਇਸ ਕਰਕੇ ਕਿ ਉਸ ਜਗ੍ਹਾ ਨੂੰ ਸਾਫ ਸੁਥਰਾ ਰੱਖਣ ਅਤੇ ਫੁੱਲਾਂ (ਅਸਥੀਆਂ) ਦੀ ਸੰਭਾਲ ਆਦਿ ਦੀ ਭਾਵਨਾ ਕਾਰਨ ਹੈ, ਕੋਈ ਹੋਰ ਕਾਰਨ ਨਹੀਂ ਹੈ। ਗੁਰਮਤਿ ਵਿੱਚ ਫੁਲ ਪ੍ਰਵਾਹ ਕਰਨ ਬਾਰੇ ਦਿਨਾਂ ਦੀ ਕੋਈ ਬੰਦਸ਼ ਨਹੀਂ ਹੈ ਕਿ ਇਨ੍ਹੇ ਦਿਨਾਂ ਦੇ ਅੰਦਰ ਹੀ ਇਹਨਾਂ ਨੂੰ ਜਲ ਪ੍ਰਵਾਹ ਕਰਨਾ ਹੈ। ਇਹਨਾਂ ਨੂੰ ਜਦ ਵੀ ਪਰਵਾਰ ਨੂੰ ਸੁਵਿਧਾ ਹੈ, ਉਹ ਜਲ ਪ੍ਰਵਾਹ ਜਾਂ ਕਿਸੇ ਹੋਰ ਢੰਗ ਨਾਲ ਇਹਨਾਂ ਦੀ ਸੰਭਾਲ ਕਰ ਸਕਦਾ ਹੈ। ਇਸ ਗੱਲ ਦਾ ਕੋਈ ਭਰਮ ਆਦਿ ਨਹੀਂ ਹੈ ਕਿ ਜਿਸ ਨੇ ਅਰਥੀ ਨੂੰ ਮੋਢਾ ਦਿੱਤਾ ਹੈ ਕੇਵਲ ਉਹ ਹੀ ਇਹਨਾਂ ਨੂੰ ਜਲ ਪ੍ਰਵਾਹ ਕਰੇ; ਅਤੇ ਨਾਹੀ ਇਸ ਗੱਲ ਦਾ ਕੋਈ ਵਹਿਮ ਆਦਿ ਹੈ ਕਿ ਇਹਨਾਂ ਨੂੰ ਲੈਕੇ ਘਰ ਨਹੀਂ ਆਉਣਾ ਜਾਂ ਘਰ ਵਿੱਚ ਨਹੀਂ ਰੱਖਣੀਆਂ। ਇਸ ਗੱਲ ਦੀ ਵੀ ਕੋਈ ਵੀਚਾਰ ਨਹੀਂ ਹੈ ਕਿ ਪਿੱਛੇ ਮੁੜ ਕੇ ਨਹੀਂ ਦੇਖਣਾ। ਪੰਥ ਪ੍ਰਕਾਸ਼ ਦੇ ਕਰਤੇ ਨੇ ਨਾਦਿਰ ਸ਼ਾਹ ਵਲੋਂ ਖ਼ਾਲਸੇ ਦੇ ਸਬੰਧ ਵਿੱਚ ਪੁੱਛੇ ਗਏ ਸਵਾਲ ਦੇ ਉੱਤਰ `ਚ ਲਾਹੌਰ ਦੇ ਸੂਬੇ ਨੇ ਜੋ ਉੱਤਰ ਦਿੱਤਾ ਸੀ ਉਸ ਦਾ ਜ਼ਿਕਰ ਕਰਦਿਆਂ ਫਿਰ ਖ਼ਾਲਸਾ ਪੰਥ ਵਿੱਚ ਅਕਾਲ ਚਲਾਣਾ ਕਰ ਚੁਕੇ ਪ੍ਰਾਣੀ ਦੇ ਸਬੰਧ ਵਿੱਚ ਇਉਂ ਕਹਿੰਦਿਆਂ ਦਰਸਾਇਆ ਹੈ, “ਕਿਰਿਆ ਕਰਮ ਕਰਾਵਤ ਨਾਹਿ। ਹੱਡੀ ਪਾਇ ਨ ਗੰਗਾ ਮਾਹਿ।”

ਇਸ ਲਿਖਤ ਤੋਂ ਜਿੱਥੇ ਇਹ ਸਪਸ਼ਟ ਹੁੰਦਾ ਹੈ ਕਿ ਸਿੱਖ ਸੰਗਤਾਂ ਅਕਾਲ ਚਲਾਣਾ ਕਰ ਚੁਕੇ ਪ੍ਰਾਣੀ ਦੇ ਪਿੱਛੇ ਕੋਈ ਕਿਰਿਆ ਕਰਮ ਨਹੀਂ ਸਨ ਕਰਾਉਂਦੀਆਂ ਉੱਥੇ ਇਹ ਵੀ ਸਪਸ਼ਟ ਹੁੰਦਾ ਹੈ ਕਿ ਪੰਥ ਵਿੱਚ ਉਸ ਸਮੇਂ ਤਕ ਪਤਾਲਪੁਰੀ ਵਿਖੇ ਉਚੇਤੇ ਤੌਰ `ਤੇ ਅਸਥੀਆਂ ਪਾਉਣ ਵਾਲੀ ਮਨਮਤੀ ਰੀਤ ਅਜੇ ਪ੍ਰਚਲਤ ਨਹੀਂ ਸੀ ਹੋਈ। ਜੇਕਰ ਇਹ ਪ੍ਰਚਲਤ ਹੁੰਦੀ ਤਾਂ ਖ਼ਾਲਸੇ ਦੇ ਨਿਆਰੇਪਣ ਦਾ ਜ਼ਿਕਰ ਕਰਦਿਆਂ ਹੋਇਆ ਇਸ ਗੱਲ ਵਲ ਵੀ ਜ਼ਰੂਰ ਸੰਕੇਤ ਕਰਦਾ ਕਿ ਗੁਰੂ ਕੇ ਸਿੱਖ ਹਰਿਦੁਆਰ ਦੀ ਥਾਂ ਪਾਤਾਲਪੁਰੀ (ਕੀਰਤਪੁਰ) ਵਿਖੇ ਅਸਥੀਆਂ ਪਾਉਂਦੇ ਹਨ। ਇਸ ਲਈ ਇਹ ਹੁਣ ਹਰਿਦੁਆਰ ਜਾਣ ਦੀ ਬਜਾਏ ਪਤਾਲਪੁਰੀ ਜਾ ਕੇ ਫੁੱਲ ਤਾਰਦੇ ਹਨ। ਪਰੰਤੂ ਇਸ ਦਾ ਜ਼ਿਕਰ ਤਕ ਨਾ ਹੋਣਾ ਇਸ ਗੱਲ ਦਾ ਹੀ ਲਖਾਇਕ ਹੈ ਕਿ ਉਸ ਸਮੇਂ ਤਕ ਸਿੱਖ ਸੰਗਤਾਂ ਵਿੱਚ ਅਜਿਹਾ ਕੋਈ ਵਹਿਮ ਭਰਮ ਨਹੀਂ ਸੀ। ਇਸ ਲਈ ਗੁਰੂ ਕੇ ਸਿੱਖਾਂ ਦਾ ਉਚੇਚੇ ਤੌਰ `ਤੇ ਕਿਸੇ ਸਥਾਨ `ਤੇ ਜਾਕੇ ਫੁੱਲ ਤਾਰਨ ਦਾ ਸਵਾਲ ਹੀ ਨਹੀਂ ਉੱਠਦਾ। ਸਿੱਖ ਕਿਸੇ ਵਹਿਮ ਭਰਮ ਅਧੀਨ ਕਿਧਰੇ ਜਾ ਵੀ ਕਿਵੇਂ ਸਕਦਾ ਹੈ? ਚੂੰਕਿ ਜਿਸ ਅੱਗੇ ਇਹ ਆਪਣਾ ਸੀਸ ਝੁਕਾਉਂਦਾ ਹੈ ਉਹ ਇਸ ਦੀ ਅਗਵਾਈ ਕਰਦਿਆਂ ਹੋਇਆਂ ਤੱਤ ਵਿਚਾਰ ਦੀ ਗੱਲ ਇਉਂ ਸਮਝਾਉਂਦੇ ਹਨ:

ਜੇ ਮਿਰਤਕ ਕਉ ਚੰਦਨੁ ਚੜਾਵੈ॥ ਉਸ ਤੇ ਕਹਹੁ ਕਵਨ ਫਲ ਪਾਵੈ॥ ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ॥ ਤਾਂ ਮਿਰਤਕ ਕਾ ਕਿਆ ਘਟਿ ਜਾਈ॥ (ਪੰਨਾ 1160) ਅਰਥ: ਜੇ ਕੋਈ ਮਨੁੱਖ ਮੁਰਦੇ ਨੂੰ ਚੰਦਨ (ਰਗੜ ਕੇ) ਲਾ ਦੇਵੇ, ਉਸ ਮੁਰਦੇ ਨੂੰ ਕੋਈ (ਇਸ ਸੇਵਾ ਦਾ) ਫਲ ਨਹੀਂ ਮਿਲ ਸਕਦਾ। ਤੇ, ਜੇ ਕੋਈ ਮੁਰਦੇ ਨੂੰ ਗੰਦ ਵਿੱਚ ਰੋਲ ਦੇਵੇ, ਤਾਂ ਭੀ ਉਸ ਮੁਰਦੇ ਦਾ ਕੋਈ ਵਿਗਾੜ ਨਹੀਂ ਹੋ ਸਕਦਾ।

ਸਤਿਗੁਰੂ ਜੀ ਅਕਾਲ ਚਲਾਣਾ ਕਰ ਚੁਕੇ ਪ੍ਰਾਣੀ ਦੇ ਮਿਰਤਕ ਸਰੀਰ ਦੇ ਸਬੰਧ ਵਿੱਚ ਪ੍ਰਚਲਤ ਧਾਰਨਾਵਾਂ ਨੂੰ ਮੁੰਢੋਂ ਹੀ ਰੱਦ ਕਰਦਿਆਂ ਹੋਇਆਂ ਮਨੁੱਖ ਨੂੰ ਰੱਬੀ ਨਿਯਮਾਵਲੀ ਦੀ ਸੋਝੀ ਕਰਾਉਂਦਿਆਂ ਕਹਿੰਦੇ ਹਨ ਕਿ ਮਿਰਤਕ ਪ੍ਰਾਣੀ ਸਾਡੇ ਕਿਸੇ ਕਰਮ ਧਰਮ ਨਾਲ ਪ੍ਰਭਾਵਤ ਨਹੀਂ ਹੁੰਦਾ। ਜੇਹੜੇ ਸੱਜਣ ਸਿੱਖ ਸੰਗਤਾਂ ਨੂੰ ਉਚੇਚੇ ਤੌਰ `ਤੇ ਗੋਇੰਦਵਾਲ ਜਾਂ ਕੀਰਤਪੁਰ ਆਦਿ ਫੁੱਲ ਪਾਉਣ ਦੀ ਪ੍ਰੇਰਨਾ ਦੇਂਦੇ ਹਨ ਉਹਨਾਂ ਬਾਰੇ ਭਾਈ ਕਾਨ੍ਹ ਸਿੰਘ ਜੀ ਲਿਖਦੇ ਹਨ, “ਗੰਗਾ ਦੀ ਥਾਂ ਜੋ ਲੋਕ ਕੀਰਤਪੁਰ (ਪਾਤਾਲਪੁਰੀ) ਅਥਵਾ ਹੋਰ ਥਾਂ ਅਸਥੀਆਂ ਪਾਉਂਦੇ ਹਨ, ਉਹ ਪਾਖੰਡ ਅਤੇ ਵਹਿਮ ਨੂੰ ਬੇਗਾਨੇ ਘਰੋਂ ਸੱਦਾ ਦੇ ਕੇ ਆਪਣੇ ਘਰ ਨਿਵਾਸ ਦਿੰਦੇ ਹਨ।”

ਸਿੱਖ ਰਹਿਤ ਮਰਯਾਦਾ ਵਿੱਚ ਸਪਸ਼ਟ ਲਿਖਿਆ ਹੈ ਕਿ ਸਸਕਾਰ ਮਗਰੋਂ ਸਾਰੀ ਰਾਖ ਇੱਕਠੀ ਕਰ ਕੇ ਉਸ ਨੂੰ ਵਗਦੇ ਪਾਣੀ ਵਿੱਚ ਪ੍ਰਵਾਹ ਕਰ ਦਿੱਤਾ ਜਾਵੇ। ਫੁੱਲ ਚੁਗਣ ਦੀ ਮਨਾਹੀ ਹੈ।

ਜੇਕਰ ਕੋਈ ਪਰਵਾਰ ਕੀਰਤਪੁਰ, ਗੋਇੰਦਵਾਲ ਜਾਂ ਹੋਰ ਅਜਿਹੀ ਕਿਸੇ ਜਗ੍ਹਾ ਵਿਖੇ ਜਾਂ ਆਸ ਪਾਸ ਰਹਿੰਦਾ ਹੈ ਤਾਂ ਉਹ ਕੀਰਤਪੁਰ ਜਾਂ ਗੋਇੰਦਵਾਲ ਅਸਥੀਆਂ ਪਾਉਂਦੇ ਹਨ ਤਾਂ ਇਹ ਮਨਮਤ ਨਹੀਂ ਹੈ; ਮਨਮਤ ਤਾਂ ਭਰਮ ਅਧੀਨ ਉਚੇਚੇ ਤੌਰ `ਤੇ ਇਹਨਾਂ ਸਥਾਨਾਂ ਤੇ ਅਸਥੀਆਂ ਪਾਉਣ `ਚ ਹੈ। ਸਾਡਾ ਇਹ ਕਰਮ ਉਸ ਸਮੇਂ ਮਨਮਤਿ ਦੇ ਘੇਰੇ ਵਿੱਚ ਆਉਂਦਾ ਹੈ ਜਦ ਅਸੀਂ ਉਚੇਚੇ ਤੌਰ `ਤੇ ਕਈ ਕਈ ਮੀਲ ਪੈਂਡਾ ਤਹਿ ਕਰਕੇ ਇਸ ਅੰਧ ਵਿਸਵਾਸ਼ ਅਧੀਨ ਅਜਿਹਾ ਕਦਮ ੳਠਾਉਂਦੇ ਹਾਂ ਕਿ ਇਸ ਨਾਲ ਅਕਾਲ ਚਲਾਣਾ ਕਰ ਚੁਕੇ ਪ੍ਰਾਣੀ ਦੀ ਗਤੀ ਹੋਵੇਗੀ। ਜੇਕਰ ਅਸੀਂ ਅਜਿਹਾ ਨਹੀਂ ਕਰਾਂਗੇ ਤਾਂ ਉਸ ਦੀ ਗਤੀ ਨਹੀਂ ਹੋਣ ਲੱਗੀ। ਇਸ ਤਰ੍ਹਾਂ ਸੋਚਦਿਆਂ ਸਾਨੂੰ ਗੁਰੂ ਗਰੰਥ ਸਾਹਿਬ ਦੇ ਇਹ ਬਚਨ ਚੇਤੇ ਨਹੀਂ ਰਹਿੰਦੇ: ਆਪਣ ਹਥੀ ਅਪਣਾ ਆਪੇ ਹੀ ਕਾਜੁ ਸਵਾਰੀਐ। (ਪੰਨਾ 474) ਜਦੋਂ ਅਸੀਂ ਇਸ ਕ੍ਰਿਆ ਨੂੰ ਅਕਾਲ ਚਲਾਣਾ ਕਰ ਚੁਕੇ ਵਿਅਕਤੀ ਦੀ ਗਤੀ ਆਦਿ ਨਾਲ ਇਸ ਨੂੰ ਜੋੜ ਕੇ ਦੇਖਦੇ ਹਾਂ। ਗੁਰਮਤਿ ਵਿੱਚ ਇਸ ਕਰਮ ਨੂੰ ਧਰਮ ਨਾਲ ਜੋੜ ਕੇ ਨਹੀਂ ਦੇਖਿਆ ਗਿਆ ਹੈ। ਸਬੰਧਤ ਪਰਵਾਰ ਨੂੰ ਜੇਹੜਾ ਵੀ ਢੰਗ ਸੁਵਿਧਾ ਪੂਰਵਕ ਲਗਦਾ ਹੈ ਉਹ ਉਸ ਨੂੰ ਅਪਣਾ ਸਕਦਾ ਹੈ।

ਸੋ, ਗੁਰਮਤਿ ਅਨੁਸਾਰ ਅਸਥੀਆਂ/ਫੁੱਲਾਂ ਸਬੰਧੀ ਕਿਸੇ ਤਰ੍ਹਾਂ ਦੇ ਵਹਿਮ ਭਰਮ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ। ਫੁੱਲ ਚੁਗਣ ਦੀ ਮਨਾਹੀ ਹੈ। ਅੰਗੀਠਾ ਠੰਡਾ ਹੋਣ `ਤੇ ਰਾਖ ਸਮੇਤ ਸਭ ਕੁਛ ਸਮੇਟ ਕੇ ਉਸ ਨੂੰ ਚਲਦੇ ਪਾਣੀ ਵਿੱਚ ਪ੍ਰਵਾਹ ਕਰਨ ਜਾਂ ਉਸ ਜਗ੍ਹਾ ਹੀ ਦੱਬ ਦੇਣ ਦੀ ਤਾਕੀਦ ਹੈ। ਜੇਕਰ ਅਜਿਹਾ ਕਿਸੇ ਸਥਾਨ ਤੇ ਸੰਭਵ ਨਹੀਂ ਤਾਂ ਕਿਸੇ ਵੀ ਹੋਰ ਢੰਗ ਨਾਲ ਇਹਨਾਂ ਦੀ ਸੰਭਾਲ ਕੀਤੀ ਜਾ ਸਕਦੀ ਹੈ। ਅਸਥੀਆਂ ਦੀ ਅਜਿਹੀ ਸੰਭਾਲ ਨੂੰ ਪ੍ਰਾਣੀ ਦੀ ਗਤੀ ਆਦਿ ਨਾਲ ਇਸ ਦੇ ਕਿਸੇ ਵੀ ਤਰ੍ਹਾਂ ਦੇ ਸਬੰਧ ਤੋਂ ਇਨਕਾਰ ਕੀਤਾ ਹੈ। ਇਸ ਲਈ ਕੀਰਤਪੁਰ ਜਾਂ ਗੋਇੰਦਵਾਲ ਆਦਿ ਸਥਾਨਾਂ `ਤੇ ਉਚੇਚੇ ਤੌਰ ਤੇ ਜਾ ਕੇ ਫੁੱਲ ਤਾਰਨੇ ਸਿੱਖ ਦੀ ਆਪਣੀ ਮੱਤ ਹੀ ਸਮਝਣੀ ਚਾਹੀਦੀ ਹੈ ਇਸ ਵਿੱਚ ਗੁਰੂ ਦੀ ਮੱਤ ਦੀ ਸ਼ਮੂਲੀਅਤ ਨਹੀਂ ਹੈ। ਗੁਰਮਤਿ ਵਿੱਚ ਕਿਸੇ ਵੀ ਕਰਮਕਾਂਡ ਨੂੰ ਧਰਮ/ਗੁਰਮਤਿ ਦਾ ਅੰਗ ਨਹੀਂ ਸਮਝਿਆ/ਆਖਿਆ ਗਿਆ। ਸਾਨੂੰ ਖ਼ਾਲਸੇ ਦੇ ਨਿਆਰੇਪਣ ਨੂੰ ਬਰਕਰਾਰ ਰੱਖਣ ਲਈ ਗੁਰਮਤਿ ਦੀ ਰੌਸ਼ਨੀ ਵਿੱਚ ਹੀ ਵਿਚਰਨ ਦੀ ਲੋੜ ਹੈ।

ਜਸਬੀਰ ਸਿੰਘ ਵੈਨਕੂਵਰ




.