.

ਸ਼ਾਤਰ ਪਾਤਰ. . !

ਅਗਰ ਭਾਰਤ ਦੀਪ ਦੀ ਪਿੱਠ ਭੂਮੀਂ ਉਪਰ ਨਿਗ੍ਹਾ ਮਾਰੀਏ ਤਾਂ ਇਥੋਂ ਦਾ ਸਮਾਜ ਵਹਿਮਾਂ ਭਰਮਾਂ ਦੇ ਐਸੇ ਮਕੜ –ਜਾਲ ਵਿੱਚ ਫਸਿਆ ਹੋਇਆ ਸੀ ਕਿ ਇਸ ਦੇ ਜਾਬਰ ਜਬਾੜੇ ਅੱਜ ਵੀ ਅੱਡੇ ਹੋਏ ਹਨ। ਲੰਬੇ ਸਮੇਂ ਤੋਂ ਇਹ ਕਰੋੜਾਂ ਦੇਵੀ-ਦੇਵਤਿਆਂ ਦੀਆ ਮਨੌਂਤਾਂ ਅਤੇ ਉਹਨਾਂ ਨੂੰ ਖੁਸ਼ ਕਰਨ ਦੀਆ ਘੁੰਮਣ ਘੇਰੀਆਂ ਵਿੱਚ ਫਸਿਆ ਆ ਰਿਹਾ ਹੈ। ਇੱਕ ਵੀ ਪੁਰਾਤਨ ਧਾਰਮਿਕ ਸ਼ਾਸਤਰ ਇਹਨਾਂ ਦੇ ਸ਼ਿਕੰਜੇ ਵਿਚੋ ਨਿਕਲਣ ਦੇ ਵਿਧੀ-ਵਿਧਾਨ ਨੂੰ ਨਹੀ ਸਮਝਾਂਓਦਾ, ਸਗੋਂ ਇਹ ਧਾਰਮਿਕ ਸ਼ਾਸਤਰ ਹਰ ਆਮ –ਜਨ ਸਧਾਰਣ ਨੂੰ ਹੋਰ ਫਸਾਉਂਦੇ ਗਏ। ਇਸ ਕਰਤੇ-ਧਰਤੇ ਦਾ ਜਿੰਮੇਵਾਰ ਕੌਣ. . ਸੀ? , ਜਿਸ ਨੇ ਸਮਾਜ ਦੀ ਮਾਨਸਿਕਤਾ ਉਪਰ ਆਪਣਾ ਤਾਣਾ-ਪੇਟਾ ਕਸਿਆ ਹੋਇਆ ਸੀ। ਹੋਰ ਕੋਈ ਨਹੀ ਇਕੋ-ਇਕ ਪਾਤਰ ਜੋ ਸਾਰੀ ਤੰਦੀਦਾਰ ਪ੍ਰਨਾਲੀ ਦਾ ਸਰਗਨਾਂ ਸੀ, ਉਹ ਸੀ ਅਡੰਬਰੀ ਧਾਰਮਿਕ ਆਗ, ਹੁਣ ਤੱਕ ਸਚਾਈ ਦੀ ਘੰਡੀ ਨੱਪਣ ਵਾਲਾ ਇਹ ਚਲਾਕ ਬ੍ਰਹਾਮਣਵਾਦ ਜਿਸ ਨੇ ਸਮਾਜਿਕ ਜੀਵਨ ਦੀ ਚਾਲ ਵਿੱਚ ਆਪਣੀ ਵਿਊਂਤ ਇਸ ਤਰਾਂ ਫਿੱਟ ਕੀਤੀ ਹੋਈ ਹੈ, ਕਿ ਜਨਮ ਤੋਂ ਲੈ ਕੇ ਮਰਨ ਤੱਕ ਅਤੇ ਉਸ ਤੋਂ ਅੱਗੇ ਨਰਕ-ਸੁਰਗ ਤੱਕ ਬੱਸ ਇਹ ਹੀ ਮਾਰਗ ਦਰਸ਼ਕ ਬਣਿਆ ਰਿਹਾ। ਜਾਤ-ਪਾਤ ਅਤੇ ਵਰਨ ਵੰਡ ਵੀ ਇਸੇ ਪ੍ਰਨਾਲੀ ਦਾ ਮਹੱਤਵ-ਪੂਰਨ ਹਿੱਸਾ ਹੈ ਜਿਸਦੇ ਨਤੀਜੇ ਵਜੋਂ ਰਾਜੇ ਮਹਾਂਰਾਜੇ ਵੀ ਇਸ ਦੇ ਨੌਕਰ ਬਣ ਗਏ। ਰਾਜਿਆ ਦੀ ਦੁਨਿਆਵੀ ਪੜ੍ਹਈ ਦਾ ਪ੍ਰਬੰਧ ਵੀ ਬ੍ਰਹਾਮਣ ਹੀ ਕਰਦਾ ਸੀ। ਇਸ ਤਰਾਂ ਸਮਾਜਿਕ ਤੇ ਰਾਜਨੀਤਕ ਖੇਤਰਾਂ ਵਿੱਚ ਇਸ ਦਾ ਪ੍ਰੋਹਤ ਅਤੇ ਧਾਰਮਿਕ ਗੁਰੂ ਜਾਂ ਰਾਜ ਗੁਰੂ ਕਰਕੇ ਲੋਕਾਈ ਦੀ ਮਾਨਸਿਕ ਸੋਚ ਉਪਰ ਕਾਫੀ ਭਾਰੂ ਰੁਤਬਾ ਤੇ ਅਸਰ ਸੀ ਜੋ ਕਿ ਅੱਜ ਤੱਕ ਪ੍ਰਚੱਲਤ ਹੈ। ਅਸੀ ਭਲੀ-ਭਾਂਤ ਇਸ ਨਤੀਜੇ ਉੱਪਰ ਪਹੁੰਚ ਸਕਦੇਂ ਹਾਂ ਕਿ ਜੇਕਰ ਕੋਈ ਜੀਵਨ ਜਾਚ ਦੀਆਂ ਵਿਧੀਆਂ ਪੜ੍ਹਾਉਂਣ ਵਾਲਾ ਖ਼ਚਰਾ ਮਿਲ ਜਾਵੇ ਤਾਂ ਉਹ ਸਮਾਜ ਦੀ ਕੀ ਦਸ਼ਾ ਕਰ ਸਕਦਾ ਹੈ, ਜੋ ਕਿ ਓਸੇ ਦੀ ਹੀ ਸਵਾਰਥ-ਪ੍ਰਧਾਨ ਹੋਵੇਗੀ। ਜਾਤ-ਪਾਤ ਦੇ ਪਿਛਾਹ ਖਿਚੂ ਸਿਸਟਮ ਨੂੰ ਲਾਗੂ ਕਰਨ ਵਿੱਚ ਬੜੀ ਚਲਾਕੀ ਵਰਤੀ ਗਈ, ਮਿਸਾਲ ਦੇ ਤੌਰ ਤੇ ਇੱਕ ਤੇਲ ਕੱਢਣ ਵਾਲੇ ਨੂੰ ਤੇਲੀ {ਕਾਮੇ, ਮਜਦੁਰ} ਨੂੰ ਪਛਾੜ ਕੇ ਨੀਵੀ ਜਾਤ ਵਾਲਾ ਘਟੀਆ ਬਣਾ ਦਿੱਤਾ ਗਿਆ ਅਤੇ ਅੱਖਾਂ ਤੇ ਧਰਮ ਦੀ ਪੱਟੀ ਬੰਨ ਕੇ ਸ਼ੂਦਰ ਵਰਗਾ ਨਾਂਮ ਦੇ ਦਿੱਤਾ ਗਿਆ, ਪਰ ਤੇਲ ਵੇਚਣ ਵਾਲੇ ਨੂੰ ਰਾਜਿਆ ਦੀ ਬਰਾਬਰੀ ਵਰਗਾ {ਠਾਕਰ ਅਦਿਕ} ਦਰਜਾ ਦੇ ਦਿੱਤਾ, ਕਿਓਕਿ ਅਜਿਹੇ ਲੋਕ ਵਪਾਰੀ ਵਰਗ ਵਿੱਚ ਸ਼ਾਮਲ ਹੋ ਚੁੱਕੇ ਸਨ। ਦਰ ਅਸਲ ਤੇਲ ਕੱਢਣ ਵਾਲੇ ਤੇਲੀ ਦੇ ਰਹਿਣ-ਸਹਿਣ ਕਿੱਤਾ ਕਰਕੇ ਐਸਾ ਸੀ ਕਿ ਉਹ ਹਮੇਸ਼ਾਂ ਲਿਬੜਿਆ ਰਹਿੰਦਾਂ, ਤੇਲ -ਪਸੀਨੇ ਦੀ ਰਲਮੀ-ਮਿਲਮੀ ਬਦਬੂ ਹਮੇਸ਼ਾ ਇਸ ਵਿਹਲੜ-ਖਚਰੇ ਬ੍ਰਹਾਮਣ ਨੂੰ ਚੜ੍ਹਦੀ ਰਹੀ ਤੇ ਉਹ ਸ਼ੂਦਰ ਕਹਿ ਕੇ ਦੁਰਕਾਰਦਾ ਰਿਹਾ। ਦੂਸਰੇ ਪਾਸੇ ਤੇਲ ਵੀ ਸੋਨੇ ਦੇ ਭਾਅ ਵਿਕਦਾ ਸੀ, ਤੇਲ ਵੇਚਣ ਵਾਲਾ ਵਪਾਰੀ ਹੋ ਨਿਬੜਿਆ ਤੇ ਉਹ ਖੁਦ ਹੀ ਨੀਤੀ ਘੜ੍ਹਨ ਵਾਲੇ ਦਾ ਹਾਣੀ ਬਣ ਗਿਆ ਕਿਉਂਕਿ ਮਜਦੂਰ ਦੀ ਮਾਨਸਿਕਤਾ ਦਾ ਸ਼ੋਸ਼ਨ ਕਰਕੇ ਉਸ ਨੂੰ ਗੁਲਾਮ ਰੱਖਣਾ ਉਸਦੇ ਵਿਪਾਰ ਦਾ ਅਟੁੱਟ ਹਿੱਸਾ ਸੀ। ਏਸੇ ਲਈ ਮਜਦੂਰ ਦੇ ਦਿਮਾਂਗ ਵਿੱਚ ਕਰਮਾਂ ਦਾ ਫਲ ਠੁੱਸ ਦਿੱਤਾ, ਅੱਜ ਵੀ ਵੱਡੇ ਠਾਕਰ ਘਰਾਣਿਆ ਦੇ ਪੀੜ੍ਹੀ ਦਰ ਪੀੜ੍ਹੀ ਗੁਲਾਮ ਜਾਂ ਨੌਕਰ ਚਲੇ ਆਉਂਦੇ ਹਨ ਜੋ ਕਿ ਠਾਕਰਾਂ ਦੇ ਨੌਕਰ ਅਖਵਾ ਕੇ ਬੜਾ. ਫਖਰ ਮਹਿਸੂਸ ਕਰਦੇ ਹਨ ਸਭ ਇਸੇ ਤਾਰ-ਪੀਡੋ ਦਾ ਕਮਾਲ ਹੈ। ਇਸ ਤੋਂ ਵੱਢੀ ਜਹਿਨੀ ਗੁਲਾਂਮੀ ਦੀ ਮਿਸਾਲ ਹੋਰ ਕੀ ਹੋ ਸਕਦੀ ਹੈ। ਸਮਾਜਿਕ ਪ੍ਰਬੰਧਾਂ ਵਿੱਚ ਇੱਕ ਸਾਰਤਾ ਨਾ ਰਹਿਣ ਦਿੱਤੀ ਅਤੇ ਧਾਰਮਿਕ ਆਡੰਬਰ ਕਰਨ ਵਾਲਾ ਦੇਵਤਾ ਬਣ ਗਿਆ। ਮਨੂੰ ਨੇ ਇਥੋ ਤੱਕ ਕਹਿ ਦਿੱਤਾ ਕਿ ਬ੍ਰਹਾਮਣ ਪੜਿਆ ਹੋਵੇ ਜਾਂ ਅਨਪੜ੍ਹ ਭਾਂਵੇ ਉਹ ਮਾੜੇ ਕਰਮ ਹੀ ਕਿਓ ਨਾ ਕਰਦਾ ਹੋਵੇ ਫਿਰ ਵੀ ਉਹ ਵੱਡਾ ਦੇਵਤਾ ਹੈ। ਮਨੂੰ ਨੇ ਇੱਕ ਹੋਰ ਵੱਡਾ ਦਾਅਵਾ ਕੀਤਾ ਕਿ ਕਨੂੰਨਾਂ ਦੀ ਪ੍ਰਨਾਲੀ ਘੜ੍ਹਨ ਵਾਲਾ ਬ੍ਰਹਮਾਂ ਸੀ। ਇਸੇ ਲਈ ਬ੍ਰਹਮਾਂ ਦੇ ਕਨੂੰਨਾਂ ਨੂੰ ਲਾਗੂ ਕਰਨ ਲਈ ਬ੍ਰਹਿਮੰਡ ਦੀ ਉਤਪਦੀ ਦੇ ਸਮੇਂ ਦੀਆਂ ਕਲਪਣਾਂ-ਕਪੋਲ ਕਹਾਣੀਆਂ ਜੋੜ ਦਿੱਤੀਆਂ। ਪ੍ਰੋਫੈਸਰ ਵਿਲਸਨ ਇੱਕ ਤੱਥ ਸਪੱਸ਼ਟ ਕਰਦੇ ਹਨ ਕਿ ਪੁਰਣੇ ਤੋਂ ਪੁਰਾਣਾ ਗ੍ਰੰਥ ਅੱਠਵੀ ਜਾਂ ਨੌਵੀ ਸਦੀ ਤੋਂ ਪਹਿਲਾਂ ਦਾ ਨਹੀ ਅਤੇ ਨੇੜੇ ਤੋਂ ਨੇੜੇ ਸਮੇਂ ਦਾ ਚਾਰ ਸਦੀਆਂ ਪਹਿਲਾਂ ਦਾ ਹੋਵੇਗਾ। ਏਸੇ ਤਰਾਂ ਰੁਦਰ ਸੰਪਦਾ ਦੇ ਬਾਨੀ ਵਿਸ਼ਨੂੰ ਸਵਾਮੀ ਨੂੰ ਉਸਦੇ ਉਪਾਸ਼ਕਾਂ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਕਿ ਉਸ ਦੇ ਮਤ ਨੂੰ ਅਧਿਕਾਰ ਦੇਣ ਹਿੱਤ 4500ਸਾਲ ਪਹਿਲਾਂ ਨਾਲ ਜੋੜਦੇ ਹਨ ਜਦ ਕਿ ਉਸ ਦੀਆਂ ਸਰਗਰਮੀਆਂ 15ਵੀ ਸਦੀ ਦੀਆਂ ਸਾਬਤ ਹੁੰਦੀਆਂ ਹਨ। ਸਰਦਾਰ ਜਗਜੀਤ ਸਿੰਘ ਜੀ ਕਮੈਸਟਰੀ ਦੇ ਅਧਿਐਨ ਕਰਤਾ ਮਹਾਨ ਖੋਜੀ ਸਿੱਖ ਇਨਕਲਾਬ ਦਾ ਵਿਖਿਆਨ ਕਰਦੇ ਹੋਏ ਇੱਕ ਤੱਥ ਲਿਖਦੇ ਹਨ “ਜਂਨਾਡਗਾਨਜ ਗੋਤਰ ਲੋਕ ਬਲੀ ਵਾਲੇ ਪ੍ਰਸ਼ਾਦ ਨੂੰ ਪੰਜ ਹਿੱਸਿਆਂ ਵਿੱਚ ਕਟਦੇ ਸਨ, ਜਦ ਕਿ ਦੂਜੇ ਗੋਤਰਾਂ ਵਾਲੇ ਚਾਰ ਹਿੱਸਿਆਂ ਵਿੱਚ. . , ਇਹੋ ਫਰਕ ਗੀਤਾ ਦੇ ਰਸਮੋਂ ਰਿਵਾਜਾਂ ਵਿੱਚ ਮਿਲਦਾ ਹੈ। ਵਿਆਹ ਦੀ ਰਸਮ ਸਮੇਂ ਜਨਾਡਗਾਨਜ ਗੋਤਰ ਵਾਲੇ ਤਿੰਨ ਹਿੱਸੇ ਅਨਾਜ ਹੋਮਦੇ ਸਨ ਬਾਕੀ ਦੇ ਗੋਤਰਾਂ ਵਾਲੇ ਦੋ ਹਿੱਸੇ।” ਅੱਗੇ ਲਿਖਦੇ ਹੋਏ ਸਰਦਾਰ ਸਾਹਿਬ ਇਹ ਸਿੱਧ ਕਰਦੇ ਹਨ ਕਿ ਕਬੀਲਿਆਂ, ਜਾਤਾਂ ਵਿੱਚ ਊਚ-ਨੀਚ, ਭੇਦ ਭਾਵ ਬ੍ਰਹਾਮਣ ਨੇ ਹਜਾਰਾਂ ਸਾਲਾਂ ਦਾ ਪਾਇਆ ਹੋਇਆ ਹੈ ਜੋ ਕਿ ਕਿਸੇ ਨਾ ਕਿਸੇ ਰੂਪ ਵਿੱਚ ਅੱਜ ਵੀ ਪ੍ਰਚੱਲਤ ਹੈ। ਜੇਕਰ ਦੁਨੀਆਂ ਦੀਆਂ ਗਵਾਚ ਜਾਂ ਤਬਾਹ ਹੋ ਚੁੱਕੀਆਂ ਸੱਭਿਆਤਾਵਾਂ ਦੇ ਖੰਡਰਾਂ ਵਿਚੋ ਭਵਨ ਨਿਰਮਾਣ ਕਲਾ ਸਬੰਧੀ ਵਿਸ਼ੇ ਨੂੰ ਨੀਝ ਲਗਾਅ ਕੇ ਸਮਝੀਏ ਤਾਂ ਸਿੰਧੂ ਸੱਭਿਆਤਾ, ਬੈਬਲੋਨੀਅਨ, ਮਾਈਨ, ਮਿਸਰੀ ਜਾਂ ਫਿਰ ਏਸ਼ੀਆ, ਦੱਖਣੀ ਭਾਰਤ ਦੇ ਪੁਰਾਤਨ ਥੇਹ, ਅੰਕੌਰਵਾਟ ਦੀ ਸੱਭਿਆਤਾ ਆਦਿਕ ਸੱਭਿਅਤਾਵਾਂ ਵਿੱਚ ਪਾਣੀ ਦੀ ਨਿਕਾਸੀ, ਤੋਂ ਇਲਾਵਾ ਰਹਿਸ਼ਗਾਹਾਂ ਅਤੇ ਰਾਜਸੀ ਮਹਿਲ ਮਾੜੀਆਂ ਦੀ ਸਫਾਈ ਸਬੰਧੀ ਅਨੇਕਾਂ ਤੱਥ ਉਭਰਕੇ ਸਾਹਮਣੇ ਆਉਂਦੇ ਹਨ। ਨਾਲ-ਨਾਲ ਜਦੋਂ ਸਾਨੂੰ ਇਹਨਾਂ ਪੁਰਾਤਨ ਥੇਹਾਂ ਦੇ ਰਹਿਣ-ਸਹਿਣ ਵਿਚੋ ਧਾਰਮਿਕ ਰੂਚੀਆ ਸਬੰਧੀ ਵਿਸ਼ਲੇਸ਼ਣ ਕਰਨ ਦਾ ਸਬੱਬ ਪ੍ਰਾਪਤ ਹੁੰਦਾਂ ਹੈ ਤਾਂ ਸਾਬਤ ਹੁੰਦਾਂ ਹੈ ਕਿ ਜਿਥੇ ਵੀ ਕਿੱਤੇ ਵਜੋਂ ਸਫਾਈ ਦਾ ਸਬੰਧ ਰਿਹਾ ਹੈ ਉਥੇ ਹੀ ਕਿਸੇ ਨਾ ਕਿਸੇ ਰੂਪ ਵਿੱਚ ਬ੍ਰਹਾਮਣ ਵੱਲੋਂ ਨੀਚ ਪੈਦਾ ਕੀਤਾ ਗਿਆ ਸੋ ਜਾਹਰ ਹੈ ਕਿ ਜਿਤਨੀ ਮਨੁੱਖੀ ਸੱਭਿਅਤਾ ਪੁਰਾਣੀ ਹੈ, ਉਤਨੀ ਹੀ ਬ੍ਰਹਾਮਣ ਦੀ ਚਾਲ ਪੁਰਾਣੀ ਹੈ। ਇਹ ਸਮਾਜ ਦੀ ਜੜ੍ਹਤਾ ਵਿੱਚ ਪੱਕੇ ਪੈਰ ਬਣਾ ਚੁੱਕੀ ਹੈ। ਭਾਰਤ ਮਹਾਂਦੀਪ ਵਿੱਚ ਪ੍ਰਮਾਤਮਾਂ ਸਿਰਫ ਆਰੀਅਨ ਲੋਕਾਂ ਦਾ ਰੱਬ ਸੀ, ਸ਼ੂਦਰ ਉੱਪਰ ਨਜਲਾ ਝਾੜਦੇ ਹੋਏ ਉਸ ਨੂੰ ਇਸ ਸਚਾਈ ਤੋਂ ਦੂਰ ਰੱਖਿਆ ਗਿਆ ਸੀ। ਕਿਓਕਿ ਸ਼ੂਦਰ ਬਣਾਏ ਹੋਏ ਉਹ ਲੋਕ ਸਨ ਜੋ ਇਥੋਂ ਦੇ ਮੂਲ ਵਾਸੀ ਸਨ। ਜਿੰਨ੍ਹਾਂ ਬਾਰੇ ਮੁਹੰਮਦ ਲਤੀਫ ਇਸ ਤਰਾਂ ਲਿਖਦਾ ਹੈ, “ਵੇਦਾਂ ਦੀ ਗਵਾਹੀ:-ਪੁਰਾਤਨ ਹਿੰਦੂਆਂ ਦੀ ਵੀਰ ਗਾਥਾ ਦੇ ਵਿੱਚ ਦੱਸਿਆ ਗਿਆ ਹੈ ਕਿ ਸਿੰਧੂ ਦੇ ਸੋਮੇ ਤੋਂ ਪਰੇ ਕਾਲੇ ਸ਼ੂਦਰ ਵਸਦੇ ਸਨ। ਗੰਗਾਂ ਦੀ ਵਾਦੀ ਵਿੱਚ ਆਰੀਆ ਲੋਕਾਂ ਨੇ ਪਿਛੋਂ ਜਿਸ ਵਸੋਂ ਉੱਤੇ ਵਿਜੇ ਪਾਈ, ਉਹਨਾਂ ਦਾ ਨਾਮ ਵੀ ਉਹਨਾਂ ਸ਼ੂਦਰ ਰੱਖ ਦਿੱਤਾ ਅਤੇ ਜਦੋਂ ਉਹ ਸਿੰਧ ਅਤੇ ਗੰਗਾਂ ਦੀ ਵਾਦੀ ਤੋਂ ਹੋਰ ਅੱਗੇ ਗਏ, ਤਦ ਉਹਨਾਂ ਨੂੰ ਉਥੇ ਵੀ ਉਹੋ ਜਿਹੀ ਵਸੋਂ ਦਾ ਸਾਹਮਣਾ ਕਰਨਾ ਪਿਆ।” ਮੂਲ ਵਾਸੀਆਂ ਸਬੰਧੀ ਸ੍ਰੋਤਾਂ ਦੀ ਜਾਣਕਾਰੀ ਦਸਦੀ ਹੈ ਕਿ ਇਥੋਂ ਦੇ ਵਸਨੀਕ ਕਾਲੀ ਨਸਲ ਦੇ ਸਨ, ਇਹਨਾਂ ਦੇ ਵਾਲ ਕਰਖਤ ਤੇ ਖੜੇ, ਨਕ ਚਪਟੇ ਅਤੇ ਬੁੱਲ ਮੋਟੇ ਹੁੰਦੇਂ ਸਨ। ਜੋ ਦੜਾਵਰ ਕਰਕੇ ਵੀ ਜਾਣੇ ਜਾਂਦੇ ਸਨ। ਪੰਜਾਬ ਦੀਆਂ ਨੀਚ ਤੇ ਖਾਨਾ-ਬਦੋਸ਼ ਬਾਰੇ ਇੱਕ ਮਤ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਇਹ ਓੁਹੀ ਲੋਕ ਸਨ ਜੋ ਪੁਰਾਤਨ ਨਸਲਾਂ ਵਿਚੋਂ ਨਿਕਲ ਕੇ ਅੱਗੇ ਵੰਡੇਂ ਗਏ ਜਿਵੇ, ਚੂਹੜੇ, ਚਮਾਰ, ਪਹਾੜ ਦੇ ਲੁਹਾਰ ਜੋ ਉਥੇ ਨੀਚ ਕੰਮ ਕਰਦੇ ਸਨ, ਮਹਾਤਮ, ਬਾਵਰੀਏ, ਅਹੀਰ, ਥੋਰੀ, ਲਬਾਣੇ, ਕਰਾਲ ਇਸ ਤੋ ਇਲਾਵਾ ਦਰਿਆਈ ਕੌਮਾਂ ਵਿਚੋ ਸਾਂਸੀ, , ਪੇਰਨੇ, ਮੱਟ, ਬਾਜੀਗਰ, ਪੱਖੀ ਵਾੜਾ, ਹਾਰਨੀ, ਘਮਦਲੀ, ਓਡ, ਹੈਸੀ ਕੌਮਾਂ ਅਤੇ ਜਾਤਾਂ ਦਾ ਵਰਨਣ ਆਉਂਦਾਂ ਹੈ।
ਰੀਤੀ ਰਿਵਾਜ ਵਿੱਚ ਵੀ ਇਸੇ ਚਲਾਕ ਪਾਤਰ ਦਾ ਹੀ ਫਾਇਦਾ ਸੀ। ਸਮਾਜ ਵਿੱਚ ਪਛਾਹ ਖਿਚੂ ਪ੍ਰਬੰਧਾਂ ਨੂੰ ਆਮ ਅ੍ਰਥ ਚਾਰੇ ਤੇ ਥੋਪਣ ਲਈ ਧਾਰਮਿਕ ਗ੍ਰੰਥਾਂ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ। ਆਪਣੇ ਭਰਮ ਜਾਲ ਦੇ ਜਰੀਏ ਲੋਕਾਈ ਦਾ ਕੋਈ ਵੀ ਹਿੱਸਾ ਇਸਦੇ ਸ਼ਿਕੰਜੇ ਤੋਂ ਅਜਾਦ ਨਹੀ ਸੀ। ਵੇਦ ਅਤੇ ਬ੍ਰਹਾਮਣ-ਗ੍ਰੰਥ ਬਲੀ ਦੀਆ ਰੀਤਾਂ ਉਪਰ ਜੋਰ ਦਿੰਦੇ ਹਨ, ਅਜਿਹਾ ਸਭ ਕੁੱਝ ਪੁਰਾਣੇ ਸ੍ਰੋਤਾਂ ਤੋ ਸਾਫ-ਸਾਫ ਸਿੱਧ ਹੋ ਜਾਂਦਾ ਹੈ। ਇਥੇ ਹੀ ਬੱਸ ਨਹੀ ਕਿਸੇ ਵਿਸ਼ੇਸ਼ ਦੇਵਤੇ ਨੂੰ ਖੁਸ਼ ਕਰਨ ਲਈ ਸ਼ਰਾਬ ਪੀ-ਕੇ ਨੱਚਣ ਦੀ ਰੀਤ ਅਤੇ ਫਿਰ ਲਿੰਗ, ਜੋਨ ਦੀ ਪੂਜਾ ਵੀ ਇਸੇ ਪਾਤਰ ਨਾਲ ਜੁੜੀਆਂ ਹੋਈਆਂ ਹਨ। {**ਨ ਕੇਵਲ ਵੇਦਕ ਸਮੇਂ ਦੇ ਭਗਤ ਸ਼ਰਾਬ ਦੀ ਵਰਤੋਂ ਕਰਦੇ, ਸਗੋਂ ਉਹਨਾਂ ਦੇ ਦੇਵਤੇ ਵੀ ਇਸੇ ਦਾ ਖੁੱਲਾ ਡੁੱਲਾ ਭੋਗ ਲਗਾਂਉਦੇ ਸਨ। ਇੱਕ ਆਰੀਆ ਭਗਤ ਦੇਵਤੇ ਇੰਦਰ ਦੇਵਤੇ ਦੀ ਪੂਜਾ ਕਰਦਾ ਹੋਇਆ ਅਖਦਾ ਹੈ, “ਹੇ ਇੰਦਰ ਦੇਵ! ਪਵਿਤ੍ਰ ਕੁਸ਼ਾ ਆਸਨ ਉੱਤੇ ਬਰਾਜ ਜਾਓ ਅਤੇ ਸੋਮ ਰਸ ਪੀ ਕੇ ਘਰ ਨੂੰ ਜਾਓ।” } ਸੂਰਜ ਦੇ ਉਦੇ ਹੋਣ ਤੋਂ ਲੈ ਕੇ ਅਸਤ ਹੋਣ ਤੱਕ, ਸਿਤਾਰਿਆ ਦਾ ਅਕਾਸ਼ ਵਿੱਚ ਛਾਅ ਜਾਣ ਤੱਕ, ਚੰਦਰਮਾਂ ਦੀ ਰੌਸ਼ਨੀ ਪੂਰੀ-ਅਧੂਰੀ ਜਾਂ ਅੰਧੇਰੀ ਰਾਤ ਦੇ ਅੰਧਕਾਰ ਨਾਲ ਮਨੁੱਖੀ ਮਾਨਸਿਕਤਾ ਦਾ (ਭਰਮ-ਜਾਲ ਦੇ ਡਰ ਰੂਪ ਵਿਚ) ਬੱਝਾ ਹੋਣਾ, ਮੰਤਰ ਜਾਪ ਕਰਨੇ ਉਹ ਵੀ ਮੰਤਵ ਪੂਰਤੀ ਦੀ ਭਾਵਨਾਂ ਨਾਲ, ਦੁਸ਼ਮਨ ਉੱਪਰ ਸੰਕਟ ਪੈਦਾ ਕਰਨਾਂ ਉਹ ਵੀ ਮੰਤਰ ਜਾਪ ਰਾਹੀ ਕਿਸੇ ਸੈਨਾਪਤੀ ਵਿੱਚ ਇਸ ਤੋ ਵੱਢੀ ਹੀਨ ਭਾਵਨਾਂ ਹੋਰ ਕੀ ਹੋ ਸਕਦੀ ਹੈ…. ? ਸਭ ਇਸ ਤੇਜ –ਤਰਾਰ ਮੱਕੜੇ ਦੀਆਂ ਘੜੀਆਂ ਜੋਈਆਂ ਪ੍ਰਨਾਲੀਆ ਹਨ ਜੋ ਸਮਾਜ ਦੇ ਰਾਜਨੀਤਕ, ਇਕਲਾਖੀ ਅਤੇ ਭਾਈਚਾਰਕ ਖੇਤਰਾਂ ਉੱਪਰ ਹਮੇਸ਼ਾਂ ਹਾਵੀ ਰਹੀਆਂ ਹਨ। ਸਮਾਜ ਦਾ ਕੋਈ ਵੀ ਖੇਤਰ ਦੇਖ ਪਰਖ ਕੇ ਦੇਖ ਲਵੋ ਪੁਜਾਰੀ ਤੋਂ ਅੱਗੇ ਨਿਕਾਸ ਹੀ ਨਹੀ ਕਰਦਾ ਭਾਵ ਹਰੇਕ ਸਮਾਜਿਕ ਸ਼ਾਫ਼ਾ ਆਡੰਬਰੀ ਬ੍ਰਹਾਮਣ ਤੋ ਹੀ ਸੇਧ ਲ਼ੈ-ਕੇ ਅੱਗੇ ਤੁਰਨ ਦਾ ਹੀਆ ਕਰਦੀ ਆ ਰਹੀ ਹੈ, ਜਿਵੇ ਕਿ ਕਹਾਵਤ ਹੈ ਕਿ ਸਾਰੇ ਰਸਤੇ ਰੋਮ ਸ਼ਹਿਰ ਨੂੰ ਹੀ ਨਿਕਲਦੇ ਹਨ। ਪੁਰਾਤਨ ਸਹਿਤ ਵਿੱਚ ਇੱਕ ਸਾਰਤਾ ਉੱਪਰ ਲੱਗੀ ਪਾਬੰਦੀ ਵੀ ਆਪਣੇ ਨਿਸ਼ਾਨ ਛੱਡਦੀ ਹੋਈ ਜਾਤ ਪਾਤ ਦੇ ਪ੍ਰਬੰਧ ਵਿੱਚ ਵਾਧਾ ਕਰਦੀ ਪ੍ਰਤੀਤ ਹੁੰਦੀ ਹੈ, ਜਿਵੇਂ ਕਿ ਮਹਾਂਭਾਰਤ ਦੇ ਬਹੁਤੇ ਵਿਖਿਆਂਨ ਇੱਕ ਦੂਸਰੇ ਦੇ ਵਿਰੋਧੀ ਭਾਵਾਂ ਵਾਲੇ ਹਨ, ਕੁੱਝ ਕੁ ਭਾਗਾਂ ਸਬੰਧੀ ਇਹ ਵੀ ਕਿਹਾ ਜਾਦਾਂ ਹੈ ਜਿਨ੍ਹਾਂ ਦੇ ਸ੍ਰੋਤ ਗੈਰ-ਸਨਾਤਨੀ ਤੇ ਗੈਰ –ਬ੍ਰਾਹਮਣੀ ਹਨ। ਕ੍ਰਾਂਤੀ-ਕਾਰੀ ਫਾਹੀ ਵਿਚੋ ਨਿਕਲਣ ਦੀ ਧੁਨ ਵਿੱਚ ਹੈ ਜਦੋਂ ਕਿ ਬ੍ਰਾਹਮਣਵਾਦ ਫਸਾਉਣ ਦੀ ਚਾਲ ਵਿਚ। ਸ਼ੂਦਰ ਅਸ਼ੁੱਧ ਘਰਾਨੇ ਵਿੱਚ ਜਨਮ ਲੈਂਦੇ ਦੱਸੇ ਗਏ ਹਨ ਜੋ ਇਸਦੇ ਬਣਾਏ ਕਨੂੰਨ ਮੁਤਾਬਕ ਆਪਣੇ ਆਪ ਵਿੱਚ ਅਪਵਿੱਤਰ ਹੁੰਦਾਂ ਸੀ। ਹੈਰਾਨੀ ਤਾਂ ਉਸ ਸਮੇਂ ਹੱਦਾਂ ਪਾਰ ਕਰ ਜਾਂਦੀ ਹੈ ਜਦੋਂ ਆਡੰਬਰੀ ਆਪਣੇ ਬਣਾਏ ਰੱਬ ਦੇ ਮੂੰਹੋਂ ਹੀ ਫੈਸਲੇ ਸਣਾਉਂਦਾ ਹੈ। ਜਿਵੇ ਕਿ ਇੰਦਰ ਦੇਵਤੇ ਦੇ ਮੂੰਹੋ ਕਢਵਾ ਦਿੱਤਾ ਕਿ ਨੀਵੀ ਜਾਤ ਵਾਲੇ ਨੁੰ ਉਚੀ ਜਾਤ ਵਿੱਚ ਦਾਖਲਾ ਲ਼ੈਣ ਲਈ ਹਜਾਰਾਂ ਲੱਖਾਂ ਜਨਮ-ਜਨਮੰਤਰਾਂ ਵਿਚੋ ਦੀ ਲੰਘਣਾਂ ਪਵੇਗਾ। ਮੋਟੇ ਰੂਪ ਵਿੱਚ ਕਿੱਤਿਆ ਦੇ ਹਿਸਾਬ ਨਾਲ ਜਾਤ-ਪਾਤ ਦੀ ਵੰਡ ਸੀ, ਹਲ ਚਲਾਉਣ ਵਾਲੇ ਕ੍ਰਿਸਾਨ ਨੂੰ ਨੀਚ –ਘਟੀਆ ਸਮਝਿਆ ਗਿਆ ਕਿਉਂਕਿ ਉਹ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾਂ ਸੀ ਸਾਨੂੰ ਇਹ ਬਾਰ ਬਾਰ ਲਿਖਣਾ ਪੈ ਰਿਹਾ ਹੈ ਕਿ ਅਸਲ ਵਿੱਚ ਮਿਹਨਤ ਕਸੀ ਦੇ ਉਹਨਾਂ ਸਾਰੇ ਕਿੱਤਿਆ ਨਾਲ ਨਫਰਤ ਕੀਤੀ ਗਈ ਜਿਨਾਂ ਰਾਹੀ ਮਨੁੱਖੀ ਪਸੀਨਾਂ ਕਸ਼ੀਦ ਕੇ ਕਮਾਈ ਕੀਤੀ ਜਾਂਦੀ ਸੀ ਖਾਸ ਕਰ ਸਫਾਈ ਸਬੰਧਤ ਕਿੱਤਿਆ ਨੂੰ ਜਿਆਦਾ ਨਫਰਤ ਨਾਲ ਦੇਖਿਆ ਗਿਆ। ਗੰਦਗੀ ਚੁੱਕਣ ਵਾਲਿਆਂ ਨੂੰ ਸ਼ੂਦਰ, ਕਪੜੇ ਸਾਫ ਕਰਨ ਵਾਲਿਆਂ ਅਤੇ ਨਾਈਆਂ ਨੂੰ ਕੰਮੀਨ ਕਹਿ ਕੇ ਦੁਰਕਾਰਿਆ ਗਿਆ। ਬ੍ਰਹਾਮਣ ਵੱਲੋਂ ਧਾਰਮਿਕ ਸ਼ਰਤਾਂ ਲਗਾ ਕੇ ਸਮਾਜਿਕ ਵਿਕਾਸ ਉਪਰ ਰੋਕਾਂ ਲਗਾਈਆਂ ਗਈਆਂ। ਰਾਜੇ, ਰਾਣੀਆਂ ਨੂੰ ਗੋਲੇ, ਨੌਕਰਾਂ {ਅੱਜ ਦੇ ਹਿਸਾਬ ਨਾਲ ਡਿਜਾਂਇਨਰ} ਦਾ ਨਾਮ ਦੇ ਕੇ ਮਾਨਸਿਕ ਸ਼ੋਸਨ ਕਰ ਦਿੱਤਾ ਗਿਆ। ਕਾਰੀਗਰਾਂ ਤੇ ਤੇਲ ਦਾ ਕੰਮ ਕਰਨ ਦੀ ਜਾਤ ਨੂੰ ਨੱਕ ਚੜ੍ਹਾਅ ਕੇ ਤਿਰਛੀਆਂ ਨਜਰਾਂ ਨਾਲ ਤੱਕਿਆ ਜਾਦਾਂ ਸੀ। ਚੱਮ ਵੇਚਣ ਵਾਲੇ ਜਾਂ ਪਛੂ ਢੋਣ ਵਾਲੇ ਨੂੰ ਘਿਰਨਾਂ ਇਥੋਂ ਤੱਕ ਕੀਤੀ ਜਾਂਦੀ ਸੀ ਕਿ ਛੂਹਣਾਂ ਵੀ ਮਨ੍ਹਾਂ ਸੀ, ਬਰਾਬਰ ਰੋਟੀ ਖਾਣਾ ਤਾਂ ਇੱਕ ਪਾਸੇ ਰਿਹਾ ਬਹੁੱਤੇ ਕਿੱਤਾ ਧਾਰੀਆ ਨੂੰ ਤਾਂ ਮੱਥੇ ਲ਼ਗਾਉਣਾ ਜਾਂ ਲੱਗਣਾਂ ਮਹਾਂ ਪਾਪ ਸਮਝਿਆ ਜਾਂਦਾ ਸੀ। ਕੋਈ ਨੀਵੀ ਜਾਤ ਵਾਲਾ ਜਿੰਨ੍ਹਾਂ ਨੂੰ ਸ਼ੂਦਰ, ਕੰਮੀ ਕਮੀਨ ਦਾ ਨਾਮ ਦਿੱਤਾ ਗਿਆ ਸੀ ਰੱਬ ਦਾ ਨਾਮ ਨਹੀ ਲੈ ਸਕਦਾ ਸੀ, ਰੱਬ ਦਾ ਨਾਮ ਲੈਣ ਵਾਲੇ ਦੀ ਜੁਬਾਨ ਕੱਟ ਦਿੱਤੀ ਜਾਂਦੀ ਸੀ, ਜਾਂ ਫਿਰ ਗਲਤੀ ਨਾਲ ਰੱਬ ਦਾ ਨਾਮ ਸੁਣਨ ਬਦਲੇ ਦੇ ਕੰਨ ਵਿੱਚ ਸਿੱਕਾ ਢਾਲ ਕੇ ਪਾਅ ਦਿੱਤਾ ਜਾਂਦਾ ਸੀ। ਏਥੇ ਹੀ ਬੱਸ ਨਹੀ ਜਾਨਵਰਾਂ, ਬਿਰਛਾਂ ਦੀ ਪੂਜਾ, ਪੱਥਰ ਦੀ ਪੂਜਾ ਤੇ ਭੂਤਾਂ ਪ੍ਰੇਤਾਂ ਦੇ ਵਹਿਮ ਭਰਮ ਤੋਂ ਇਲਾਵਾ ਵਿਸ਼ੇਸ਼ ਦਰੱਫ਼ਤਾਂ ਹੇਠਾਂ ਮਰਨ ਦੀ ਇਛਾ ਨੇ ਤਾਂ ਜਰਵਾਣੇ ਨੂੰ ਵੀ ਪੈਰ ਦੀ ਜੁੱਤੀ ਬਣਾ ਕੇ ਰੱਖ ਦਿੱਤਾ, ਇੱਕ ਰਾਜਾ ਰਾਜ. ਗੁਰੂ ਦੇ ਅੱਗੇ-ਪਿੱਛੇ ਇੱਕ ਰਖੇਲ ਦੀ ਤਰਾਂ ਨਚਦਾ ਪ੍ਰਤੀਤ ਹੁੰਦਾ, ਜਿਸ ਨੂੰ ਚਾਹੇ ਰਾਜ ਗੱਦੀ ਤੇ ਬਠਾਅ ਦੇਵੋ, ਚਾਹੇ ਦੇਸ਼ੋਂ ਬਾਹਰ ਕੱਢ ਦੇਵੋ, ਭਾਵੇਂ ਕਿਸੇ ਰਾਜੇ ਦਾ ਰਾਜ ਗੱਦੀ ਉੱਪਰ ਜੁੱਤੀ, ਜਾਂਗੀਆ, ਤੀਰ ਕਮਾਨ ਕੁੱਝ ਵੀ ਰੱਖ ਦੇਵੋ, ਇਸ ਆਡੰਬਰੀ ਦੀ ਮਨਜੂਰੀ ਥੱਲੇ ਸਭੈ ਰਾਜ ਕਰ ਸਕਦੇ ਹਨ। ਵੱਡੇ-ਵੱਢੇ ਰਾਜਿਆ, ਧਨਾਢਾਂ ਉਪਰ ਬ੍ਰਾਹਮਣਵਾਦ ਨੇ ਆਪਣੀ ਚਾਲ ਦਾ ਹਮਲਾ ਹੋਰ ਅਨੋਖੇ ਤਰੀਕੇ ਨਾਲ ਕੀਤਾ। ਹਰਦੁਆਰ ਇੱਕ ਆਰਾ ਪਿਆ ਹੋਇਆ ਹੈ, ਜੋ ਮਨੁੱਖ ਬ੍ਰਹਾਮਣ ਦੇ ਹੱਥੋਂ ਸਿਰ ਉਪਰ ਆਰਾ ਚਲਵਾ ਕੇ ਕਤਲ ਹੋਵੇਗਾ, ਮਰਨ ਤੋਂ ਪਹਿਲਾਂ ਆਪਣੀ ਸਾਰੀ ਜਮੀਨ ਜਾਇਦਾਦ ਬ੍ਰਾਹਮਣ ਨੂੰ ਦਾਨ ਦੇਵੇਗਾ, ਉਸ ਨੂੰ ਸਵਰਗ ਵਿੱਚ ਵਿਸ਼ੇਸ਼ ਜਗ੍ਹਾ ਪ੍ਰਾਪਤ ਹੋਵੇਗੀ। ਜਿਸ ਨੇ ਵੀ ਬ੍ਰਾਹਮਣਵਾਦੀ ਵਿਚਾਰਧਾਰਾ ਤੋਂ ਲਾਂਭੇ ਜਾਣ ਦੀ ਕੋਸ਼ਿਸ਼ ਕੀਤੀ, ਉਸਨੂੰ ਕਾਫਰ ਕਹਿ ਕੇ ਪਛਾੜ ਦਿੱਤਾ। ਮਨੂੰ ਐਲਾਨੀਆਂ ਇਹ ਕਹਿੰਦਾ ਹੈ, “ਬ੍ਰਾਹਮਣ ਦੀ ਸਿੱਖਿਆ ਮਨੁੱਖ ਵਾਸਤੇ ਸਿੱਕੇ ਬੰਦ ਹੈ।” ਜਦੋਂ ਵੀ ਕਿਸੇ ਨੇ ਬ੍ਰਾਹਮਣਵਾਦ ਨੂੰ ਚੈਲਿੰਜ ਕੀਤਾ ਉਸਦਾ ਨਿਸਤੋਅ-ਏ-ਨਾਬੂਦ ਕਰ ਦਿੱਤਾ ਗਿਆ। ਕੀ ਅਸੀ ਰਾਜੇ ਅਸ਼ੋਕ ਨੂੰ ਭੁੱਲ ਗਏ. . ? ਕੀ ਬੁੱਧ ਧਰਮ ਦੇ ਬਣਾਏ ਹੋਏ ਮੱਠ ਅਤੇ ਅਸੂਲ ਜਿੰਦਾਂ ਹਨ. . ? ਸ਼ਾਤਰਦਿਮਾਗ ਨੇ ਰਾਜੇ ਅਸ਼ੋਕ ਦੇ ਹੱਥੋਂ ਉਸਦੀ ਰਾਜਨੀਤਕ ਸ਼ਕਤੀ ਅਨੋਖੇ ਤਰੀਕੇ ਨਾਲ ਖੋਹੀ। ਸ਼ਾਤੀ ਦੇ ਪੁਜਾਰੀ ਬਣਾਂ ਕੇ ਤਲਵਾਰ ਦੀ ਸ਼ਕਤੀ ਨੂੰ ਰਾਜੇ ਅਸ਼ੋਕ ਦੇ ਹੱਥੋਂ ਸੁਟਵਾਕੇ, ਮਗਧ ਦੇਸ਼ ਦੀ ਸਾਰੀ ਸ਼ਕਤੀ ਨੂੰ ਆਪਣੇ ਵੇਦ-ਸ਼ਾਸਤਰਾਂ ਦੇ ਪੱਤਰਿਆ ਵਿੱਚ ਕੈਦ ਕਰ ਲਿਆ। ਲਤੀਫ ਆਪਣੀ ਇੱਕ ਖੋਜ ਇਸ ਤਰਾਂ ਬਿਆਨ ਕਰਦਾ ਹੈ ਜਿਸ ਤੋਂ ਇਸ ਦੀ ਸ਼ਾਤਰਤਾ ਹੋਰ ਵੀ ਸਪੱਸ਼ਟ ਹੁੰਦੀਂ ਹੈ:- *ਸੁਧਾਨਾ (ਸ਼ਾਹਬਾਜਗੜੀ) ਉਹ ਜਗ੍ਹਾ ਹੈ ਜਿਥੇ ਅਸ਼ੋਕ ਨੇ ਆਪਣੇ ਪੁਤਰ ਅਤੇ ਪੁਤਰੀ ਬ੍ਰਾਹਮਣ ਨੂੰ ਦਾਨ ਕਰ ਦਿੱਤੇ ਸਨ ਅਤੇ ਬਾਅਦ ਵਿੱਚ ਬ੍ਰਾਹਮਣ ਨੇ ਦਾਸ ਬਣਾ ਕੇ ਵੇਚ ਦਿੱਤੇ*। ਇੱਕ ਪੁਰਾਤਨ ਕਹਾਣੀ ਰਾਜੇ ਬਲ ਦੀ ਹੈ, ਜਿਸ ਵਿੱਚ ਮਿੱਥ ਜਿਆਦਾ ਦਿਖਾਈ ਦਿੰਦਾਂ ਹੈ। ਪ੍ਰੰਤੂ ਸਮੁੱਚੀ ਕਹਾਣੀ ਵਿੱਚ ਰਾਜਾ ਬਲ ਬ੍ਰਾਹਮਣ ਦੀ ਚਾਲ ਵਿੱਚ ਆ ਕੇ ਬਲ ਹੀਣ ਹੋ ਜਾਂਦਾ ਹੈ ਤੇ ਆਪਣਾ ਰਾਜ ਭਾਗ ਵੀ ਇਸੇ ਨੂੰ ਲੁਟਾ ਦਿਂਦਾਂ ਹੈ। ਔਰਤ ਦੀ ਹਾਲਤ ਅਧਿਕਾਰ ਰਹਿਤ ਤੇ ਬਹੁਤੇ ਉਲੇਖਾਂ ਵਿੱਚ ਸਿਰਫ ਕਾਮ ਪੂਰਤੀ ਦਾ ਸਾਧਨ ਔਲਾਦ ਪੈਦਾ ਕਰਨ ਤੱਕ ਸੀਮਤ, ਘਰ ਦੇ ਪਾਲਤੂ ਜਾਨਵਰ ਤੋਂ ਵੀ ਭੈੜੀ ਤਸਵੀਰ ਉਭਰ ਕੇ ਸਾਹਮਣੇ ਆਉਂਦੀ ਹੈ। ਔਰਤ ਦੇ ਸ਼ੋਸ਼ਨ ਦੀ ਹੱਦ ਹੋ ਗਈ, ਲੰਬੇ ਸਮੇਂ ਤੋਂ ਇਹ ਹੈਵਾਨ ਗਰੀਬ ਦੀ ਧੀ, ਭੈਣ ਤੇ ਪਤਂਨੀ ਉੱਤੇ ਆਪਣੀ ਦੁਸ਼ਟ ਬਿਰਤੀ ਛੱਡਦਾ ਹੋਇਆ ਇਹਨਾਂ ਨੂੰ ਦੇਵ ਦਾਸੀਆਂ ਦਾ ਨਾਮ ਦੇ ਕੇ ਸਰੀਰਕ ਪੱਧਰ ਤੇ ਦੁਸ਼-ਕਰਮ ਕਰਦਾ ਆ ਰਿਹਾ ਹੈ। ਇਸੇ ਖੋਟੇ ਕਰਮ ਨੂੰ ਧੁੰਦਲਾਂ ਕਰਨ ਲਈ ਆਪਣੇ ਤਾਣੈ ਦਾ ਹੋਰ ਮੱਛੀ ਜਾਲ ਸੁੱਟਦਾ ਹੈ। ਇਸ ਇਸਾਨੀਅਤ ਤੋਂ ਡਿੱਗੇ ਕਰਮ ਤੋਂ ਪੈਦਾ ਹੋਣ ਵਾਲੀ ਔਲਾਦ ਨੂੰ ਹਰੀ ਦੇ ਜਨ ਦਾ ਨਾਮ ਦੇ ਕੇ ਗਰੀਬ ਦੀ ਗੈਰਤ ਤੋ ਉਠਣ ਵਾਲੇ ਵਿਰੋਧੀ-ਭਾਵ ਨੂੰ ਝੱਟ ਦਬਾਅ ਦਿਂਦਾਂ ਹੈ, ਟੀਵੀ ਚੈਨਲਾਂ ਵੱਲੋਂ ਪਿਛਲੇ ਸਾਂਲ਼ਾ ਵਿੱਚ ਨਸ਼ਰ ਕੀਤੇ ਬਹੁ-ਚਰਚਿਤ ਸੈਕਸ ਸਕੈਡਲ਼ ਇਸੇ ਲ਼ੜੀ ਦਾ ਇੱਕ ਹਿੱਸਾ ਹਨ। ਸ਼ਾਸਤਰਾਂ ਵਿੱਚ ਕਦੇ ਕਿਸੇ ਗਰੀਬ ਦੀ ਧੀ ਨਾਲ ਦੁਸ਼ ਕਰਮ ਕਰਨ ਦੀ ਕਹਾਣੀ ਨਾਲ ਹੀ ਕੁੱਕੜ ਬਣ ਕੇ ਬਾਂਗ ਦੇਣ ਦੀ ਕਲਪਣਾਂ –ਕਪੋਲ ਕਹਾਣੀ ਚੰਦਰਮਾਂ ਨਾਲ ਜੋੜਨੀ, ਕਦੇ ਕਿਸੇ ਦੇਵਤੇ ਦਾ ਆਪਣੀ ਪੁਤਰੀ ਨੂੰ ਨਹਾਂਉਦੀਂ ਦੇਖ-ਕੇ ਵੀਰਜ ਖਲਾਸ ਹੋਣਾਂ, ਕਿਸੇ ਔਰਤ (ਮਹਾਂ-ਭਾਰਤ ਦੀ ਕੁੰਤੀ) ਦਾ ਭਗਤੀ-ਭਵਨਾਂ ਵਿੱਚ ਆ-ਕੇ ਸੂਰਜ ਦੇਵਤੇ ਨੂੰ ਯਾਦ ਕਰਨਾਂ ਤੇ ਦੇਵਤੇ ਦਾ ਆ ਕੇ ਰਾਣੀ ਨਾਲ ਸੰਭੋਗ ਕਰ ਜਾਣਾ ਬਾਅਦ ਵਿੱਚ ਪੈਦਾ ਹੋਏ ਯੋਧੇ ਪੁੱਤਰ (ਕਰਨ) ਨੂੰ ਸ਼ੂਦਰ ਪੁਤਰ ਕਹਿ ਕੇ ਦੁਰਕਾਰਨਾਂ, ਦਰੋਪਤੀ ਦੇ ਕੱਪੜੇ ਉਤਾਰਨ ਦੀ ਵਿਧੀ ਪ੍ਰਗਟਾਉਣਾ, ਕਿਸੇ ਦੇਵਤੇ ਦਾ ਆਪਣੀ ਪਤਨੀ ਦੀ ਦਿੱਤੀ ਸਲਾਹ ਤੇ ਗੁੱਸੇ ਵਿੱਚ ਆ ਕੇ ਨੰਗਾ ਹੋ ਕੇ ਨੱਚਣਾਂ, ਕਿਸੇ ਦੇਵਤੇ ਦਾ ਪਿੰਡ ਦੀਆਂ ਕੁੜੀਆਂ ਨੂੰ ਛੱਪੜ ਵਿੱਚ ਸਾਰਾ-ਸਾਰਾ ਦਿਨ ਲੈਕੇ ਬੈਠੇ ਰਹਿਣਾਂ ਜੇ ਕੋਈ ਨਿਕਲਣ ਦਾ ਨਾਮ ਲਵੇ ਤਾਂ ਕੱਪੜੇ ਚੁੱਕ ਲੈਣੇ ਤੇ ਪ੍ਰਭੂ ਦੀ ਲੀਲਾ ਕਹਿ ਕੇ ਸਭ ਮੁਆਫ, ਰਾਜੇ ਦਾ ਆਪਣੀ ਪਤਨੀ ਨੂੰ ਦੋਸ਼ੀ ਬਣਾ ਕੇ ਘਰੋਂ ਕੱਢ ਦੇਣਾ, ਔਰਤ ਨੂੰ ਸ਼ੱਕ ਦੀ ਨਿਗ੍ਹਾਅ ਨਾਲ ਦੇਖਣ ਕਰਕੇ ਅਗਨੀ ਪ੍ਰੀਖਿਆ ਵਿਚੋ ਲੰਘਾਉਣਾ, ਪੁਰਾਤਨ ਦੇਵਤਿਆਂ ਦੇ ਸੌ ਤੋਂ ਹਜਾਰਾਂ ਅਪਸ਼੍ਰਾਂ ਨਾਲ ਸਬੰਧ ਹੋਣੇ, ਜੇਕਰ ਕੋਈ ਰਿਸ਼ੀ ਭਗਤੀ-ਬਿਰਤੀ ਵਿੱਚ ਜਿਆਦਾ ਮਦ-ਮਸਤ ਹੋ ਗਿਆ ਹੋਵੇ ਤਾਂ ਰ੍ਹੰਭਾਂ ਵਰਗੀ ਨੱਚਣ ਗਾਉਂਣ ਵਾਲੀ ਨੂੰ ਧਿਆਨ ਤੋੜਨ ਲਈ ਭੇਜਣਾਂ ਤਾ ਕਿ ਉਹ ਦੇਵਤੇ ਦੀ ਸੀਟ ਨ ਲੈ ਜਾਵੇ। ਜਿਵੇਂ ਕਿ ਰਸ਼ੀਅਨ ਖੁਫੀਆ ਸੰਸਥਾ ਕੇ. ਜੀ. ਬੀ ਵਿੱਚ ਸੈਕਸ-ਸਵੈਲੌਯਜ ਡਿਪਾਰਟ-ਮੈਂਟ ਦੀ ਵਰਤੋਂ ਕੀਤੀ ਜਾਂਦੀ ਹੈ। {ਕਾਮੁਕ-ਸੰਤੁਸ਼ਟੀ ਦੇ ਕੇ ਭੇਦ ਲੈਣ ਵਾਲੀਆ ਕੁੜੀਆਂ} ਪੁਰਾਤਨ ਲਿਖਤਾਂ ਦੇ ਇਸ ਸਾਰੇ ਭੰਡਾਰ ਨੇ ਔਰਤ ਦੀ ਮਾਨਸਿਕਤਾ ਦੁਆਲੇ ਹੀਣ ਭਾਵਨਾਂ ਵਾਲਾ ਮਹੌਲ ਖੇਤਰ ਤਿਆਰ ਕਰ ਦਿੱਤਾ। ਮਰਦ ਨੂੰ ਖੁਸ਼ ਰੱਖਣਾ ਤੇ ਮਰਦ ਦੇ ਮਰਨ ਤੋਂ ਬਾਅਦ ਸਤੀ ਹੋਣਾ ਏਸੇ ਸ਼ਾਤਰ ਦਿਮਾਗ ਦੀ ਕਾਢ ਹੈ। “ਪਿਛਲੇ ਪੰਜ-ਹਜਾਰ ਸਾਲ ਤੋਂ ਬ੍ਰਾਹਮਣ ਨੇ ਦੋ ਪੱਕੇ ਧੜੇ ਤਿਆਰ ਕੀਤੇ ਹਨ, ਇੱਕ ਲੁੱਟਣ ਵਾਲਾ ਤੇ ਦੂਸਰਾ ਲੁੱਟ ਹੋਣ ਵਾਲਾ। ਲੁੱਟਣ ਵਾਲਾ ਧੜਾ ਤੇ ਬ੍ਰਹਾਮਣ ਦੋਵੇ ਘਿਓ-ਖਿਚੜੀ ਹਨ, ਲ਼ੁੱਟਣ ਵਾਲਾ ਧੜਾ, ਲੁੱਟਣ ਨੂੰ ਆਪਣਾਂ ਹੱਕ ਸਮਝਦਾ ਹੈ ਤੇ ਲੁੱਟ ਹੋਣ ਵਾਲਾ ਆਪਣਾ ਨਸੀਬ। ਫਿਰ ਕੋਈ ਕ੍ਰਾਂਤੀ ਕਿਵੇਂ ਹੋ ਸਕਦੀ ਹੈ।” —ਕੁਲਬੀਰ ਸਿੰਘ ਕੌੜਾ ਨੇ ਅਜਿਹੇ ਖਿਆਲ. . …ਤੇ ਸਿੱਖ ਵੀ ਨਿੱਗਲਿਆ ਗਿਆ ਦੇ ਪੰਨਾਂ90 ਉਪਰ ਦਿੱਤੇ ਹਨ। ਸਮਾਜ ਤੇ ਮਾਨਸਿਕ ਪੱਧਰ ਉੱਤੇ ਇਹ ਹਾਲਾਤ, ਆਦਤਾਂ, ਹੱਕੀ-ਠੋਕਾਂ, ਦਾਅਵੇ, ਫਰਮਾਨ ਅਚੇਤ ਅਵਸਥਾ ਵਿੱਚ ਘਰ ਕਰ ਜਾਣੇ ਸੁਭਾਵਿਕ ਹਨ। ਅਸੀ ਦੇਖ ਰਹੇ ਹਾਂ ਕਿ ਹਿੰਦੋਸਤਾਨ ਵਿੱਚ ਦੰਗੇਂ, ਹਿੰਸਾਂ ਦੀਆਂ ਘਟਨਾਵਾਂ ਦਿਨੋਂ ਦਿਨ ਵੱਧ ਰਹੀਆਂ ਹਨ। ਭਾਵੇਂ ਸੰਸਾਰ ਦੇ ਹੋਰ ਵੀੇ ਦੇਸ਼ ਹਨ ਜੋ ਇਸ ਚੰਡਾਲ-ਹਾਲਾਤਾਂ ਦੇ ਹਮਲੇਂ ਹੇਠਾਂ ਆਉਂਦੇ ਹਨ, ਉਹਨਾਂ ਵਿਚੋ ਭਾਰਤ ਵੀ ਇੱਕ ਹੈ ਜਿਥੇ ਹਿੰਸਾ ਦਾ ਮਾਹੌਲ ਇਕ-ਦਮ ਬਣ ਜਾਂਦਾ ਹੈ। ਇਸ ਦਾ ਮੁੱਖ ਕਾਰਨ ਸਮਾਜਿਕ ਅਸਥਿਰਤਾ ਹੈ ਜਿਸ ਦੀ ਪਿੱਠ ਭੂਮੀ ਤੇ ਜਾਤ-ਪਾਤ ਦਾ ਪਾੜਾ ਆਪਣੇ ਅਸਰ ਛੱਡ ਰਿਹਾ ਹੈ। ਇਸ ਦੇਸ਼ ਦੇ ਦੁਆਲੇ ਪ੍ਰਮੁੱਖ ਰੂਪ ਵਿੱਚ ਪਾਕਿਸਤਾਨ, ਚੀਨ, ਬਰਮਾਂ, ਨੀਪਾਲ, ਬੰਗਲਾ ਦੇਸ਼ ਅਤੇ ਸ੍ਰੀ ਲੰਕਾਂ ਮੁਲਕਾਂ ਦੀਆ ਹੱਦਾਂ ਲੱਗਦੀਆਂ ਹਨ। ਹਰ ਸਫਲ ਮੁਲਕ ਆਪਣੇ ਗਵਾਢੀ ਰਾਸ਼ਟਰਾਂ ਨੂੰ ਦਬਾਅ ਕੇ ਰੱਖਣ ਦੀ ਨੀਤੀ ਹਮੇਸ਼ਾਂ ਵਰਤੋਂ ਵਿੱਚ ਰੱਖਦਾ ਹੈ। ਕਿਸੇ ਵਿਸ਼ੇਸ਼ ਜਾਤੀ, ਕੌਮ, ਸੰਗਠਨ ਜਾਂ ਬਹੁ-ਚਰਚਿੱਤ ਕ੍ਰਾਂਤੀ ਕਾਰੀ ਦਲ ਨੂੰ ਦਬਾਉਂਣ ਦੀ ਕੂਟ ਨੀਤੀ ਤੇ ਕਾਫੀ ਹੱਦ ਤੱਕ ਜੋਰ ਦਿੱਤਾ ਜਾਂਦਾ ਹੈ। ਹੁਣ ਅਸੀ ਫਿਰ ਜਾਤ –ਪਾਤ ਦੇ ਪਾੜੇ ਵੱਲ ਆਉਂਦੇ ਹਾਂ, ਕਿ ਨਸਲੀ ਵਿਤਕਰੇ ਅਤੇ ਜਾਤੀ ਅਭਿਮਾਨ ਵਿੱਚ ਰਹਿ ਕੇ ਨਫਰਤ ਰੱਖਣ ਵਾਲੀਆਂ ਢਾਣੀਆਂ ਆਪਣੀ ਖੇਡ ਖੇਡਦੀਆਂ ਅਜਿਹੀ ਨੀਤੀ ਵਿੱਚ ਆਪਣੇ ਪੱਕੇ ਪੈਰ ਜਮ੍ਹਾਂ ਜਾਂਦੀਆਂ ਹਨ। ਜਿਹਨਾਂ ਦੀ ਕਾਰਜ ਪ੍ਰਨਾਲੀ ਆਪਣੇਂ ਵਿਰੋਧੀ ਧੜਿਆਂ ਦੇ ਸਿਰ ਉਠਾਓਣ ਤੋਂ ਪਹਿਲਾਂ ਹੀ ਉਹਨਾਂ ਦਾ ਹਰ ਕਦਮ ਵਿਰੋਧੀ ਦੇਸ਼ ਵੱਲੋਂ ਪੈਦਾ ਕੀਤੀ ਕੂਟ ਨੀਤੀ ਨਾਲ ਜੋੜ ਕੇ ਬਾਗੀ ਸਿੱਧ ਕਰਨਾਂ ਹੁੰਦਾ ਹੈ। ਬਾਰ-ਬਾਰ ਐਸੇ ਹਮਲੇ ਕਰਕੇ ਉਸ ਦੇ ਮੌਲਿਕ ਢਾਂਚੇ ਨੂੰ ਸੁਸਤ ਕਰਨਾਂ ਅਤੇ ਬਾਅਦ ਵਿੱਚ ਉਸ ਦੇ ਸਿਧਾਤਾਂ ਉਪਰ ਆਪਣੇ ਅਸੂਲ ਲਾਗੂ ਕਰਨੇ ਤੇ ਹੌਲੀ-ਹੌਲੀ ਆਪਣੇ ਵਿੱਚ ਹੀ ਜੱਜਬ ਕਰਨਾਂ ਇਸਦਾ ਮੁੱਖ ਮੰਤਵ ਹੁੰਦਾਂ ਹੈ। ਕੂਟ ਨੀਤੀ ਦੇ ਸਬੰਧ ਵਿੱਚ ਇੱਕ ਭਾਰਤੀ ਜਸੂਸ ਆਪਣੀ ਕਲਮ ਤੋਂ ਇੱਕ ਮਿਸ਼ਨ ਤੇ ਕਾਰਜ ਕਰਦੇ ਹੋਏ ਬਿਆਨ ਕਰਦਾ ਹੈ “ਕੂਟਨੀਤੀ ਸਰਕਾਰੀ ਨੀਤੀ ਦਾ ਅਟੁੱਟ ਅੰਗ ਹੈ, ਪ੍ਰੰਤੂ ਕਈ ਮੌਕਿਆ ਤੇ ਇਸ ਦੀ ਵਰਤੋਂ ਰਾਸ਼ਟਰ ਚਿਹਰੇ ਦੇ ਰੋਗ ਦਾ ਇਲਾਜ ਕਰਨ ਲਈ ਕੀਤੀ ਜਾਣੀ ਚਾਹੀਦੀ ਹੈ। ਇਸ ਦੀ ਵਰਤੋਂ ਬਹੁਤੀ ਵਾਰ ਸੱਚ ਨੂੰ ਲਕੌਣ ਤੇ ਸਰਕਾਰ ਦੀ ਯੁੱਧ ਨੀਤਕ ਕਾਰਜ ਨੀਤੀ ਨੂੰ ਸੁਰੱਖਿਅਤਾ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ।” ਇਸ ਤੋਂ ਅੱਗੇ ਇੱਕ ਐਸੀ ਰਾਜਨੀਤਕ ਪਾਰਟੀ ਜੋ ਕਿ ਕਾਫੀ ਹੱਦ ਤੱਕ ਬ੍ਰਾਹਮਣਵਾਦ ਦੇ ਅਸਰ ਹੇਠ ਹੈ, ਦੀ ਨੀਤੀ ਦਾ ਭਾਂਡਾ ਤੋੜਦੇ ਹੋਏ ਸਪੱਸ਼ਟ ਕਰਦਾ ਹੈ, “ਇਸ ਦਾ ਮਨੋਰਥ ਜਿਆਦਾ ਕਰਕੇ ਭਾਰਤੀਆਂ ਨੂੰ ਬੇਵਕੂਫ ਬਣਾਉਣਾ ਤੇ ਅੰਤਰ ਰਾਸ਼ਟਰੀ ਭਾਈਚਾਰੇ ਦਾ –-ਬਘਿਆੜ ਆ ਗਿਆ—-ਬਘਿਆੜ ਆ ਗਿਆ ਕਹਿ ਕੇ ਧਿਆਨ ਖਿੱਚਣਾ ਸੀ।” …ਮਲੋਇ ਕ੍ਰਿਸ਼ਨਾ ਧਰ –ਸਾਬਕਾ ਜਾਇੰਟ ਡਾਇਰੈਕਟਰ, ਗੁਪਤਚਰ ਵਿਭਾਗ, ਭਾਰਤ। ਕਿਸੇ ਵਿਸ਼ੇਸ਼ ਜਾਤੀ, ਗਰੁੱਪ ਦੀਆਂ ਗਤੀ ਵਿਧੀਆਂ ਨੁੰ ਨਕਾਰਾ ਕਰਨ ਲਈ ਸਮਾਜਿਕ ਸਤਾਅ ਤੇ ਦੇਸ਼ ਦੀਆਂ ਸਰਹੱਦਾਂ ਅੰਦਰ ੂਆਪਣੇ ਸ੍ਰੋਤਾਂ ਰਾਹੀ ਗਲਤ ਰੂਪ ਰੇਖਾ ਤਿਆਰ ਕਰਵਾਉਣੀ ਜਿਸ ਵਿਚੋ ਸਮਾਜਿਕ ਬੇ-ਵਫਾ ਦੀ ਝਲਕ ਦਿਸਣੀ ਸ਼ੁਰੂ ਹੋ ਜਾਵੇ, ਇਸ ਤੋਂ ਅੱਗੇ ਦੇ ਕਦਮਾਂ ਵਿੱਚ ਅੰਤਰ ਰਾਸ਼ਟਰੀ ਭਾਈਚਾਰੇ ਨੂੰ ਹਰਕਤ-ਜਾਣਕਾਰੀ ਦੇ ਕੇ ਬਦਨਾਮ ਕਰਨਾ ਜਾਂ ਮਨੋਵਿਗਿਆਨਕ ਬਿਰਤੀਆ ਜਰੀਏ ਕੋਝੀ ਹਰਕਤ ਕਰਵਾਅ ਕੇ ਬਦਨਾਮ ਕਰਵਾਉਣਾਂ ਅਤੇ ਬਾਅਦ ਵਿੱਚ ਸੰਸਾਰ ਪੱਧਰ ਤੇ ਇੱਕ ਤਰਫੀ ਰਾਇ ਮੰਨਵਾ ਕੇ ਕਿਸੇ ਜਾਤੀ, ਕੌਮ, ਸੰਗਠਨ ਜਾਂ ਬਹੁ-ਚਰਚਿੱਤ ਕ੍ਰਾਂਤੀ ਕਾਰੀ ਦਲ ਨੂੰ ਨੱਥ ਪਾਉਣੀ ਐਸੀਆ ਕੋਝੀਆਂ ਨੀਤੀਆਂ, ਜਿਥੇ ਜਾਤੀ ਵਾਦ ਦੇ ਆਪਸੀ ਸਾੜੇ ਦੀ ਉਪਜ ਹਨ ਉਥੇ ਜਾਤਪਾਤ ਦਾ ਮੱਕੜ ਜਾਲ ਬ੍ਰਾਹਮਣਵਾਦ ਦੀ ਦੇਣ ਹੈ। 24ਮਈ 2009 ਵਿਆਨਾ ਵਿੱਚ ਘਟੀ ਗੋਲੀ ਚੱਲਣ ਦੀ ਵਾਰਦਾਤ ਨਾਲ ਕਤਲ ਦੀ ਕਹਾਣੀ ਜਿਸ ਵਿੱਚ ਅਖਬਾਰਾਂ ਤੋ ਪ੍ਰਾਪਤ ਜਾਣਕਾਰੀ ਅਨੁਸਾਰ ਉਥੋਂ ਦੀ ਪੁਲੀਸ ਨੇ –ਸਕੀਮ ਬਣਾਂ ਕੇ ਵਾਰਦਾਤ ਕਰਨ ਦੀ ਪੁਸ਼ਟੀ ਕੀਤੀ ਹੈ। ਵਾਰਦਾਤ ਵਾਲੀ ਜਗ੍ਹਾ ਦੇ ਜਿੰਮੇਵਾਰਾਂ ਵੱਲੋਂ ਆਸਟਰੀਆ ਦੇ ਅਖਬਾਰਾਂ ਵਿੱਚ ਸਿੱਖਾਂ ਨੂੰ ਤਾਲੀਬਾਨਾਂ ਵਰਗੇ ਦੱਸਣਾਂ, ਇਸ ਤਰਾਂ ਦੇ ਬਿਆਨ ਦੇਣ ਨਾਲ ਕੀ ਅਸਰ ਪੈ ਸਕਦੇ ਹਨ…. . ? ਅੱਜ ਵਰਤਮਾਨ ਸਮੇਂ ਵਿਦੇਸ਼ਾਂ ਵਿੱਚ ਸਿੱਖਾਂ ਦੀ ਗਿਣਤੀ ਕਾਫੀ ਹੈ, ਇਹ ਕੌਮ ਆਪਣੇ ਅਸਲੀ ਸਿੱਖੀ ਸਰੂਪ ਵਿੱਚ ਵੀ ਆਉਣੀ ਸ਼ੁਰੂ ਹੋ ਗਈ ਹੈ। ਸਮੁੱਚੀ ਸਿੱਖ ਕੌਮ ਕੋਲ਼ ਅਜਿਹੇ ਮਸਲੇ ਹਨ ਜ੍ਹਿਨਾਂ ਵਿੱਚ ਸਿੱਖ ਕੌਮ ਦਸਤਾਰ ਦੇ ਮਸਲੇ, ਕ੍ਰਿਪਾਨ ਦਾ ਮਸਲਾ, ਗੁਰਦੁਆਰੇ, ਪੰਜਾਬੀ ਸਕੂਲਾਂ ਨੂੰ ਮਨਜੂਰ ਕਰਵਾਉਣਾ ਅਤੇ ਸਕੂਲਾਂ ਵਿੱਚ ਸਿੱਖ ਬੱਚਿਆਂ ਨਾਲ ਹੋ ਰਹੀਆਂ ਵਧੀਕੀਆਂ ਤੋਂ ਇਲਾਵਾ ਹੋਰ ਬਹੁਤ ਸਾਰੇ ਹੱਕੀ ਮਸਲਿਆਂ ਸਬੰਧੀ ਪਹਿਲਾਂ ਤੋਂ ਹੀ ਸੰਘਰਸ਼ ਕਰ ਰਹੀ ਹੈ । ਅਜੇ ਫਰਾਂਸ ਵਿੱਚ ਦਸਤਾਰ ਦਾ ਮਸਲਾ ਅਣਸੁੱਲਝਿਆ ਵਿਚੇ ਲਮਕ ਰਿਹਾ ਹੈ। ਕੀ ਕਤਲ ਦੀਆਂ ਵਾਰਦਾਤਾਂ ਨਾਲ ਸਿੱਖ ਕੌਮ ਵਿਦੇਸ਼ਾਂ ਵਿੱਚ ਦੂਸਰੇ ਰਾਸ਼ਟਰਾਂ ਦੇ ਲੋਕਾਂ ਪ੍ਰਤੀ ਬੇ-ਵਫਾ ਤਾਂ ਸਾਬਤ ਨਹੀ ਹੋ ਰਹੀ…. . ? ਸੋ ਜਾਹਰ ਹੈ ਅਜਿਹਾ ਕੰਮ ਸਿੱਖ ਦਾ ਨਹੀ ਹੋ ਸਕਦਾ। ਦੂਸਰਾ ਨੁਕਤਾ ਕਿ ਬੁਨਿਆਦੀ ਤੌਰ ਤੇ ਸਿੱਖ ਭਾਈਚਾਰਾ ਪੰਜਾਬ ਨਾਲ ਹੀ ਜੁੜਿਆ ਹੋਇਆ ਹੈ , ਇੱਕ ਫਿਰਕੇ, ਜਾਤੀ ਦੇ ਲੋਕਾਂ ਵੱਲੋਂ ਦੰਗੇਂ ਕਰਵਾਉਣੇ ਤੇ ਫਿਰ ਆਪਣੇ ਹੀ ਘਰ ਪੰਜਾਬ ਵਿੱਚ 7000ਕਰੋੜ ਰੁਪਏ ਦੀ ਸੰਪਤੀ ਸਿਰਫ 24 ਘੰਟਿਆ ਵਿੱਚ ਫੂਕ ਸੁਟਣੀ ਅਜਿਹਾ ਹਮਲਾਂ ਤਾਂ ਕਿਸੇ ਦੁਸ਼ਮਨ ਦੇਸ਼ ਨੂੰ ਕਰਨ ਲਈ ਵੀ ਸਮਾਂ ਲੱਗੇਗਾ। ਕੀ ਪੰਜਾਬ ਦੀ ਅਰਥਿੱਕਤਾ ਤਰੱਕੀ ਦੇ ਰਾਹ ਤੁਰੇਗੀ…. . ? , 7000 ਕਰੋੜ ਰਪਏ ਦੇ ਆਦਾਨ-ਪ੍ਰਦਾਨ ਨਾਲ ਕਿੰਨੇਂ ਲੋਕਾਂ ਦਾ ਗੁਜਾਰਾ ਹੋ ਕੇ ਜਿਊਣ ਦੇ ਵਸੇਬੇ ਬਣਨੇ ਸਨ। ਅਗਰ ਕਿਸੇ ਮਨੋਵਿਗਿਆਨੀ ਨੂੰ ਪੁੱਛੀਏ ਸਾਬਤ ਕਰ ਦੇਵੇਗਾ ਕਿ ਧਾਰਮਿਕ ਜੱਜਬਾਤਾਂ ਨੂੰ ਭੜਕਾਅ ਕੇ ਪੰਜਾਬ ਦੀ ਆਰਥਿਕਤਾ ਨੂੰ ਭੰਗ ਕਰਨ ਲਈ, ਲੁੱਕਵੇ ਰੂਪ ਵਿੱਚ ਹਮਲਾਂ ਕਰਵਾਇਆ ਗਿਆ ਹੈ। ਤੀਸਰਾ ਨੁੱਕਤਾ ਕਿਸੇ ਪੁਲਿਟੀਕਲ ਲੀਡਰ ਦਾ ਦੰਗਾਂ ਕਾਰੀਆਂ ਨਾਲ ਰਲ ਕੇ ਬੈਠਣਾਂ, ਦੋਹੀ ਪਾਸੀ ਅੱਗ ਲਗਾਉਣ ਦੀ ਵਿਧੀ ਸਾਬਤ ਹੋ ਰਹੀ ਹੈ। ਭਲਾ ਪੁੱਛੇ ਤੇਰੇ ਵਿਹਲਾ ਬੈਠਣ ਨਾਲ ਕੀ ਦੇਸ਼ ਵਿੱਚ ਗਰੀਬ ਦੇ ਮੂੰਹ ਵਿੱਚ ਰੋਟੀ ਪੈ ਜਾਣੀ ਹੈ ਜਾਂ ਸਾੜ ਫੂਕ ਦੀਆ ਘਟਨਾਵਾਂ ਬੰਦ ਹੋ ਜਾਣੀਆ ਹਨ। ਕੀ ਤੂੰ ਸ਼ਾਂਤੀ ਕਰਵਾ ਰਿਹਾ ਹੈ ਜਾਂ ਦੰਗਾਂ ਕਾਰੀਆਂ ਨੂੰ ਉਕਸਾਅ ਰਿਹਾ ਹੈ। ਹੁਣ ਅਸੀ ਆਪਣੇ ਵਿਸ਼ੇ ਵੱਲ ਆਉਦੇਂ ਹਾਂ ਕਿ ਆਰ. ਐਸ. ਐਸ ਜੋ ਬ੍ਰਾਹਮਣਇਜਮ ਦੀ ਵਿਚਾਰਧਾਰਾ ਨੂੰ ਸਿੱਖਾਂ ਉੱਤੇ ਲਾਗੂ ਕਰਨ ਲਈ ਬਜਿੱਦ ਹੈ। ਆਰ. ਐਸ. ਐਸ ਵੱਲੋਂ ਸਿੱਖਇਜਮ ਦੇ ਅਧਿਆਤਮਕ ਅਤੇ ਬੌਧਿਕ ਪੱਧਰ ਤੇ ਕੀਤੇ ਜਾਅ ਰਹੇ ਹਮਲਿਆਂ ਨੂੰ ਡਾ: ਸੁੱਖਪ੍ਰੀਤ ਸਿੰਘ ਓਦੋਕੇ ਆਪਣੀ ਕਿਤਾਬ …ਤਬੈ ਰੋਸ ਜਾਗਓ! ਵਿੱਚ ਸਬੂਤਾਂ ਸਹਿਤ ਸਾਬਤ ਕਰ ਚੁੱਕੇ ਹਨ। ਅੱਜ ਰਾਸ਼ਟਰੀਯ ਸੁਵੈਮ ਸੇਵਕ ਸੰਘ ਬ੍ਰਾਹਮਣਵਾਦ ਦੇ ਚਿੱਲੇ ਉੱਪਰ ਜਾਤ-ਪਾਤ, ਭੇਦ-ਭਾਵ, ਸਮਾਜਿਕ ਕੁਰੀਤੀਆਂ ਤੋਂ ਇਲਾਵਾ ਨੀਤੀ ਤੇ ਕੋਝੀਆਂ ਚਾਲਾਂ ਦੇ ਤੀਰਾਂ ਨੂੰ ਚਾੜ ਕੇ ਸਿੱਖ ਕੌਮ ਤੇ ਨਿਸ਼ਾਨਾ ਸਾਧ ਚੁੱਕਾ ਹੈ, 24 ਘੰਟੇਂ ਵਿੱਚ ਛੱਡੇ ਸ਼ਾਤਰ ਦਿਮਾਗ ਦੇ ਤੀਰਾ ਨੇ ਕਈ ਨਿਸ਼ਾਨੇ ਫੁੱਡ ਦਿੱਤੇ ਅਤੇ ਪੈਂਦੀ ਸੱਟੇ ਸਿੱਖਾਂ ਨੂੰ ਤਾਲੀਬਾਨਾ ਦੇ ਸਾਥੀ ਬਣਾਅ ਦਿੱਤਾ. . ਉਹ ਵੀ ਅੰਤਰ ਰਾਸ਼ਟਰੀ ਪੱਧਰ ਉੱਤੇ, ਦੂਸਰੇ ਪਾਸੇ ਗੁਰੂ ਨਾਨਕ ਦੇਵ ਜੀ ਦੇ ਪਿਆਰਿਆਂ ਵਿੱਚ ਫੁੱਟ ਪਾਅ …ਪੰਜਾਬ ਦੀ ਚੀਰ ਪਾੜ ਕੀਤੀ ਉਹ. . ਵੱਖਰੀ…. !
ਬਰਸੀਮ ਦਾ ਬੀਜ ਤਿਆਰ ਕਰ ਰਹੇ ਸੀ, ਜਿਵੇਂ ਹੀ ਬੀਜ ਤਿਆਰ ਹੋਇਆ ਅਸੀ ਫਸਲ ਦੀਆਂ ਭਰੀਆਂ ਬਣਾਂਅ ਕੇ ਰੱਖ ਦਿੱਤੀਆਂ। ਤਕਰੀਬਨ ਡੇਢ ਕੁ ਹਫਤੇ ਬਾਅਦ ਚੁੱਕਣ ਲੱਗੇ ਤਾਂ ਹਰੇਕ ਭਰੀ ਨੂੰ ਚੁੱਕਣਾ ਮੌਤ ਦੇ ਤੁੱਲ ਹੋ ਗਿਆ। ਦੋ ਕਨਾਲਾਂ ਦੇ ਵੱਖਵੇ ਵਿਚੋ ਹਰੇਕ ਭਰੀ ਹੇਠੋਂ ਅੱਧੇ ਕੁ ਫੁੱਟ ਦੇ ਹਰੇ ਰੰਗ ਦੇ ਸਪੋਲੀਏ ਨਿੱਕਲਣੇਂ ਸ਼ੁਰੂ ਹੋ ਗਏ। ਇਹ ਸੱਪ ਦੇ ਬੱਚੇ ਆਏ ਕਿੱਥੋਂ…? ਉਹ ਵੀ ਹਰੇਂ ਰੰਗ ਦੇ …… ਕਾਂਮੇ ਵੀ ਛਿੱਸ਼ੌ-ਪੰਜ ਵਿੱਚ ਪਏ ਫਿਰਨ। ਖੇਤ ਨਹਿਰ ਨੇੜੇ ਹੋਣ ਕਰਕੇ ਕਾਲੇ ਨਾਗ ਤਾਂ ਬਹੁਤ ਮਾਰੇ ਸਨ ਕਈ ਵਾਰ ਐਵੇ ਖੁੱਡ ਵਿੱਚ ਕਹੀ ਦੇ ਟੱਕ ਨਾਲ ਪਾਣੀ ਦਾ ਰਸਤਾ ਬਣਾਅ ਦੇਣਾ, ਸ਼ਪੰਜ ਦੀ ਗੇਂਦ ਵਾਗੂੰ ਵਿਚੋ ਚੂਹੇ ਬੁੱੜਕ–ਕੇ ਬਾਹਰ ਆਂਉਣੇ ਸ਼ੁਰੂ ਹੋ ਜਾਂਦੇ, ਵਿਚੋਂ ਹੀ ਭਾਰਤੀ ਅਗਨੀ ਮਜਾਇਲ ਵਰਗਾ ਕਾਲਾ ਨਾਗ ਸ਼ੁਰਲ-ਸ਼ੁਰਲ ਕਰਦਾ ਸਾਡੇ ਪੈਰਾਂ ਵਿੱਚ ਆ ਵੱਜਣਾ। ਇੱਕ ਦਿਨ ਦੀ ਘਟਨਾਂ ਯਾਦ ਹੈ ਬੱਸ ਚੂਹਿਆ ਸਣੇ ਕਾਲਾ ਨਾਗ ਜਦੋਂ ਬਾਹਰ ਆਇਆ ਸਾਡਾ ਸੀਰੀ ਜਿਸ ਨੂੰ ਅਸੀ ਪੂਰਨ ਭਗਤ ਕਹਿ ਕੇ ਬਲਾਉਦੇ ਜਦੋਂ ਵੀ ਕਦੇ ਗੱਲ ਕਰਦਾ, ਗੱਲ ਦੇ ਭੋਲੇ ਭਾਅ ਵਿਚੋਂ ਸਚਾਈ ਜਿਆਦਾ ਜਾਹਰ ਹੁੰਦੀ। ਅੱਜ ਜਦੋਂ ਸੱਪ ਨਿਕਲਿਆ ਤਾਂ ਪੂਰਨ ਸੋਟੀ ਲੈ ਕੇ ਮਗਰ ਭੱਜਿਆਂ ਜਾਵੇ …ਨਾਲੇ ਗਾਲਾਂ ਕੱਢਦਾ ਜਾਵੇ ਆਖੇ, “…ਚੂਹੇ ਵੀ ਸਾਲੇ ਕਿੱਡੇ ਗਦਾਰ ਆ. . ਨਾਲੇ ਪਤੰਦਰ, … ਪਤਾ ਸਬੂਤਿਆਂ ਨੂੰ ਨਿਗਲ ਜਾਂਦਾਂ ਫਿਰ ਵੀ ਆਪਣੇ ਲਗਦੇ ਨਾਲ ਯਾਰੀ ਪਾਕੇ ਰੱਖਦੇ ਆ…ਪਤਾ ਲੱਗੂ ਜਿਂਦਣ ਖੁੱਡ ਖਾਲੀ ਕਰਕੇ ਇਕੱਲਾ ਈ ਗੁੰਝਲ਼ੀ ਮਾਰ ਕੇ ਬੈਠ ਗਿਆ”। ਇਹੀ ਹਾਲ ਸਿੱਖਾ ਦਾ, ਇਹਨਾਂ ਵਿੱਚ ਚੂਹੇ ਗਦਾਰ ਬਹੁਤ ਹਨ ਜਿੰਨ੍ਹਾਂ ਦੀ ਯਾਰੀ ਨਾਗ ਵਰਗੇ ਬ੍ਰਾਹਮਣਵਾਦ ਨਾਲ ਹੈ, ਜਿਸਨੇ ਉਹਨਾਂ ਦੀ ਹੋਂਦ ਤੇ ਗੁੰਝਲੀ ਮਾਲ ਕੇ ਬੈਠ ਜਾਣਾ ਹੈ ……ਉਸ ਦਿਨ ਵੀ ਹਰੇ ਸੱਪ ਦੇ ਬੱਚਿਆਂ ਨੂੰ ਮਾਰਨ ਵਿੱਚ ਅੱਧਾਂ ਦਿਨ ਲ਼ੰਘ ਗਿਆ ਮਸਾਂ ਗਿਣਤੀ ਦੀਆਂ ਭਰੀਆਂ ਚੱਕੀਆਂ ਸਨ ਕਿ ਪੂਰਨ ਬੋਲ ਪਿਆ, “ਬਾਬੇ ਦੇ ਮਸੰਦਾਂ ਵਾਗੂੰ ਅੱਗ ਲਾਅ ਕੇ ਮਚਾਉਣੇ ਪੈਣੇ ਨਹੀ ਤਾਂ ਆਪ ਮਰ. . ਜਾ. . ਗੇ, ਲਗਦਾ ਵਈ ਜਿਹੜੇ ਮਾਰੇ ਆ ਉਹਨਾਂ ਦੇ ਪੁੱਤ ਭੇਸ ਵਟਾਅ ਕੇ ਫੌਜੀਆਂ ਵਾਗੂੰ ਹਰੇ –ਹਰੇ ਬਣ ਕੇ ਆਏ ਆ” ਅਖੀਰ ਬੀਜ ਤਾਂ ਕਿਹੜਾ ਪੱਲੇ ਪੈਣਾ ਸੀ ਸਾਰੇ ਹਿੱਸੇ ਨੂੰ ਅੱਗ ਲਗਾ ਕੇ ਖਹਿੜਾ ਛੁੱਟਿਆ, ਸਾਡੀ ਹਰੇ ਰੰਗ ਵਾਲੀ ਬੁਝਾਰਤ ਜਿਂਓ ਦੀ ਤਿਂਓ ਪਈ ਸੀ, ਇੱਕ ਭਲੇ ਗੁਣਵਾਨ ਪੁਰਸ਼ ਨੂੰ ਪੁਛਣ ਤੇ ਪਤਾ ਲੱਗਾ ਸੱਪ ਦੀ ਇੱਕ ਵਿਸ਼ੇਸ਼ ਜਾਤੀ ਹੈ ਜਿਸ ਤਰਾਂ ਦਾ ਆਲਾ ਦੁਆਲਾ ਹੋਵੇ ਉਹੋ ਜਿਹੀ ਪਰਤ ਆਪਣੇ ਉਪਰ ਬਣਾਅ ਲੈਂਦਾ ਹੈ, ਉਸ ਦੇ ਕਹਿਣ ਦਾ ਭਾਵ ਸੀ ਕਿ ਨੇੜੈ ਇੱਕ ਖਾਸ ਜਾਤੀ ਦੀ ਸੱਪਣੀ ਸੂਈ ਹੋਵੇਗੀ, ਪੱਠਿਆਂ ਦੀ ਹਰੇ-ਵਾਹੀ ਮੁਤਾਬਕ ਸਪੋਲੀਆਂ ਨੇ ਵੀ ਹਰਾ ਰੰਗ ਅੱਖਤਿਆਰ ਕਰ ਲਿਆ, ਬ੍ਰਾਹਮਣਵਾਦ ਦਾ ਵੀ ਇਹੀ ਹਾਲ ਹੈ ਜਿਹੋ ਜਿਹਾ ਮਹੌਲ ਹੋਵੇ ਉਹੋ ਜਿਹੀ ਸ਼ਕਲ ਅੱਖਤਿਆਰ ਕਰਕੇ ਆਪਣੇ ਵਿਰੋਧੀਆਂ ਨੂੰ ਉਹਨਾਂ ਦੀ ਬਿੱਲ ਵਿੱਚ ਲੁਕ ਕੇ ਨਿਗਲ ਜਾਂਦਾ ਹੈ। “ਬੁੱਧ, ਜੈਨ ਤੇ ਸਿੱਖ ਤਿਨਾਂ ਧਰਮਾਂ ਵਿੱਚ ਹੀ ਬ੍ਰਾਹਮਣ ਦੀ ਘੁਸਣ ਦੀ ਮਨਾਹੀ ਸੀ। ਕੋਈ ਵੀ ਬ੍ਰਾਹਮਣ ਸੌਖਾ ਇਹਨਾਂ ਵਿੱਚ ਭੇਸ ਵਿਟਾ ਕੇ ਆ ਸਕਦਾ ਸੀ। ਬ੍ਰਾਹਮਣ ਆਇਆ ਤੇ ਇਹਨਾਂ ਤਿੰਨਾਂ ਦਾ ਬੇੜਾ ਗਰਕ ਕਰ ਦਿੱਤਾ।” -ਕੁਲਬੀਰ ਸਿੰਘ ਕੌੜਾ-. . ਤੇ ਸਿੱਖ ਵੀ ਨਿਗਲਿਆ ਗਿਆ। ਬ੍ਰਾਹਮਣ ਵੱਲੋਂ ਲਾਗੂ ਕੀਤੇ ਜਾਤੀ ਪ੍ਰਥਾਂ ਦੇ ਸਿਸਟਮ ਦਾ ਸੇਕ ਅਜੇ ਸੱਜਰਾ ਹੀ ਲੱਗ ਕੇ ਹਟਿਆ ਹੈ ਜੇ ਭਾਰਤੀ ਲੋਕਾਂ ਨੇ ਰਾਸ਼ਟਰ ਨੂੰ ਮਜਬੂਤ ਕਰਨਾਂ ਹੈ ਬ੍ਰਾਹਮਣੀ ਮਤ ਦੇ ਕੰਲੀਂਡਰ ਨੂੰ ਗਲੇ ਤੋਂ ਤੋੜਕੇ ਪਰ੍ਹੇ ਸੁਟਣਾ ਪਵੇਗਾ ਅਤੇ ਸਰਬਸਾਂਝੀ-ਵਾਲਤਾ ਵਾਲੇ ਸਿਧਾਂਤ ਅਪਨਾਉਂਣੇ ਪੈਣਗੇ। ਕਬੀਰ ਸਾਹਿਬ ਤਾਂ ਇਥੋਂ ਤੱਕ ਕਹਿੰਦੇ ਹਨ ਕਿ ਪੰਡਤ ਜੀ ਆਪ ਤਾਂ ਡੁੱਬੇ-ਈ-ਡੁੱਬੇ ਜੋ ਤੁਹਾਡੇ ਮਗਰ ਲੱਗੇ ਉਹ ਵੀ ਡੁੱਬਣਗੇਂ ਐਵੇ ਧਰਮ ਦੇ ਨਾਮ ਤੇ ਸ਼ੈਤਾਨੀਆ ਕਰਕੇ ਆਪਣੇ ਆਪ ਨੂੰ ਵੱਢੇ ਸਿਆਣੇ ਥਾਪੀ ਜਾਂਦੇ ਹੋ ਫਿਰ ਕਸਾਈ ਕੌਣ ਹੋਇਆ………. ?
ਪਡੀਆ ਕਵਨ ਕੁਮਤਿ ਤੁਮ ਲਾਗੇ॥
ਬੂਡਹਗੇ ਪਰਵਾਰ ਸਕਲ ਸਿਉ ਰਾਮੁ ਨ ਜਪਹੁ ਅਭਾਗੇ॥ 1॥ ਰਹਾਉ॥
ਬੇਦ ਪੁਰਾਨ ਪੜੇ ਕਾ ਕਿਆ ਗੁਨੁ ਖਰ ਚੰਦਨ ਜਸ ਭਾਰਾ॥
ਰਾਮ ਨਾਮ ਕੀ ਗਤਿ ਨਹੀ ਜਾਨੀ ਕੈਸੇ ਉਤਰਸਿ ਪਾਰਾ॥
ਜੀਅ ਬਧਹੁ ਸੁ ਧਰਮ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ॥
ਆਪਸ ਕਉ ਮੁਨਿਵਰ ਕਰਿ ਥਾਪਹੁ ਕਾ ਕਉ ਕਹਹੁ ਕਸਾਈ॥
ਮਨ ਕੇ ਅੰਧੇ ਆਪਿ ਨ ਬੂਝਹੁ ਕਾਹਿ ਬੁਝਾਵਹੁ ਭਾਈ॥ {ਪੰਨਾਂ 1102 ਗੁ: ਗ੍ਰੰਥ ਸ: }

ਹਰਿੰਦਰ ਪਾਲ ਸਿੰਘ ਬੀੜ-ਚੜਿੱਕ, ਨੌਰਵੇ
.