.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਗੁਰੂ ਨਾਨਕ ਚੱਲੇ ਤਾਂ ਰਾਹ ਬਣੇ

ਗੁਰੂ ਨਾਨਕ ਸਾਹਿਬ ਉਹਨਾਂ ਰਾਹਾਂ `ਤੇ ਨਹੀਂ ਤੁਰੇ ਜਿੰਨ੍ਹਾਂ ਰਾਹਾਂ `ਤੇ ਬਾਕੀ ਲੋਕ ਤੁਰ ਰਹੇ ਸਨ, ਜੋ ਕਿ ਬ੍ਰਾਹਮਣ ਨੇ ਨਿਧਾਰਤ ਕੀਤੇ ਹੋਏ ਸਨ। ਗੁਰੂ ਨਾਨਕ ਤੁਰੇ ਹਨ ਤਾਂ ਸਮਾਜ ਦੀ ਨਵੀਂ ਸਿਰਜਣਾ, ਪਰਮਾਤਮਾ ਦੀ ਸਰਬ-ਵਿਆਪਕਤਾ ਦੇ ਸਦੀਵ-ਕਾਲ ਗੁਣ, ਇਸਤ੍ਰੀ ਜਾਤੀ ਨੂੰ ਬਰਾਬਰਤਾ, ਮਨੁੱਖਤਾ ਦੀ ਸੇਵਾ, ਹੱਕ ਇਨਸਾਫ਼ ਲਈ ਡੱਟ ਖਲੋਣਾ, ਇਨਸਾਨੀ ਕੱਦਰਾਂ ਕੀਮਤਾਂ ਲਈ ਆਪਣੀ ਕੁਰਬਾਨੀ ਦੇ ਦੇਣੀ ਆਦਿ ਦੀਆਂ ਨਿਵੇਕਲੀਆਂ ਪੈੜਾਂ ਪਾਉਂਦਾ ਹੋਇਆ, ਸਿੱਖ ਧਰਮ ਦੇ ਰੂਪ ਵਿੱਚ ਇੱਕ ਨਵਾਂ ਰਾਹ ਬਣਿਆ, ਜੋ ਸਾਰੀ ਦੁਨੀਆਂ ਲਈ ਇੱਕ ਚਾਨਣ ਮੁਨਾਰਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਫਲਸਫ਼ਾ ਇੱਕ ਅਮਲੀ ਜੀਵਨ ਹੈ, ਜੋ ਇਸ ਜੀਵਨ ਵਿੱਚ ਰਹਿੰਦਿਆਂ ਹੋਇਆਂ ਏਸੇ ਧਰਤੀ `ਤੇ ‘ਸਚਿਆਰ’ ਦੀਆਂ ਮੰਜ਼ਿਲਾਂ ਨੂੰ ਛੋਂਹਦਾ ਹੈ। ਗੁਰੂ ਨਾਨਕ ਦੇ ਰਾਹ ਨੇ ਰੂੜੀਵਾਦੀ ਸਭ ਮਿੱਥਾਂ ਨੂੰ ਇਕਵੱਢਿਓਂ ਰੱਦ ਕੀਤਾ। ਨਵੀਂ ਕ੍ਰਾਂਤੀ ਦਾ ਸੂਰਜ ਚਮਕਿਆ, ਜੋ ਅਣਖ਼, ਗ਼ੈਰਤ ਨਾਲ ਜਿਉਣਾ ਦੱਸਦਾ ਹੈ। ਇਸ ਮਹਾਨ ਫਲਸਫ਼ੇ ਨੇ ਬ੍ਰਹਾਮਣੀ ਕਰਮ-ਕਾਂਡ ਦੀਆਂ ਚੂਲ਼ਾਂ ਹਿਲਾ ਦਿੱਤੀਆਂ। ਦੱਸ ਦਿੱਤਾ ਕਿ ਏਸੇ ਜੀਵਨ ਦੇ ਵਿੱਚ ਹੀ ਸੱਚੇ ਗਿਆਨ ਨਾਲ ਸਾਂਝ ਪਾਇਆਂ ਹੀ ਜਗ ਜੀਵਨ ਦੀ ਪ੍ਰਾਪਤੀ ਹੈ—

ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ॥

ਜਗ ਜੀਵਨੁ ਦਾਤਾ ਪਾਇਆ॥

ਪੰਨਾ ੪੬੬

ਗੁਰੂ ਨਾਨਕ ਸਾਹਿਬ ਜੀ ਦਾ ਰਾਹ ਰੱਬੀ ਗੁਣਾਂ ਦੇ ਗਿਆਨ ਦਾ ਹੈ ਜਿਸ ਦੀ ਵਿਚਾਰ ਵਿਚੋਂ ਆਤਮਕ ਸੂਝ ਦਾ ਮਾਰਗ ਨਿਕਲਦਾ ਹੈ ਜੋ ਕੇਵਲ ਸਾਡੇ ਲਈ ਹੀ ਨਹੀਂ ਸਗੋਂ ਸਾਰੀ ਦੁਨੀਆਂ ਲਈ ਜੀਵਨ ਜਾਚ ਦਾ ਖ਼ਜ਼ਾਨਾ ਹੈ—ਜਿਵੇਂ---

ਗੁਣ ਵੀਚਾਰੇ ਗਿਆਨੀ ਸੋਇ॥

ਗੁਣ ਮਹਿ ਗਿਆਨੁ ਪਰਾਪਤਿ ਹੋਇ॥

ਗੁਣਦਾਤਾ ਵਿਰਲਾ ਸੰਸਾਰਿ॥ ਸਾਚੀ ਕਰਣੀ ਗੁਰ ਵੀਚਾਰਿ॥

--ਗੁਣਵੰਤੀ ਗੁਣ ਸਾਰੇ ਨੀਤ॥ ਨਾਨਕ ਗੁਰਮਤਿ ਮਿਲੀਐ ਮੀਤ॥

ਪੰਨਾ ੯੩੧

ਅੱਜ ਸਿੱਖ ਧਰਮ ਦੀਆਂ ਰਹੁ-ਰੀਤਾਂ, ਪੰਥਕ ਮਰਯਾਦਾ, ਸਿੱਖ ਕੌਮ ਦੀ ਅਜ਼ਾਦ ਹਸਤੀ, ਖਾਲਸਾ ਪੰਥ ਦੇ ਨਿਆਰਾਪਨ ਦੇ ਵਿਚਾਰ ਮੁੜ ਬ੍ਰਾਹਮਣੀ ਫਿਲਾਸਫ਼ੀ ਦੀ ਅਮਰ ਵੇਲ ਦੇ ਹੇਠ, ਹਿੰਦੂਤਵ ਪ੍ਰਭਾਵੀ ਸਾਮਰਾਜ ਦੇ ਰਾਜਸੀ ਦਬਾ ਕਾਰਨ ਕੰਮਜ਼ੋਰ ਪੈਂਦੇ ਦਿਸ ਰਹੇ ਹਨ। ਇਹ ਅੱਤ ਜ਼ਰੂਰੀ ਹੈ ਖਾਲਸਾ ਪੰਥ ਲਈ, ਕਿ ਉਹ ਆਪਣੇ ਅਮੀਰ ਵਿਰਸੇ ਨਾਲ ਮੁੜ ਕੇ ਫਿਰ ਜੁੜੇ। ਨਾਨਕਾਈ ਫਲਸਫ਼ੇ ਦੀਆਂ ਨੂਰੀ ਕਿਰਨਾਂ ਵਿੱਚ ਨਵੇਂ ਸਿਰੇ ਤੋਂ ਤੁਰਨ ਦਾ ਪਾਂਧੀ ਬਣੇ। ਇਹ ਸਰਬੱਤ ਦਾ ਭਲਾ ਮੰਗਣ ਵਾਲਾ ਆਪਸੀ ਈਰਖਾ ਦੇ ਭਾਂਬੜਾਂ ਵਿੱਚ ਲੂਸਦਾ ਦਿਸ ਰਿਹਾ ਹੈ। ਕਦੀ ਲੋਕਾਂ ਬਾਰੇ ਇਹ ਸੁਣਿਆਂ ਜਾਂਦਾ ਸੀ ਬਾਰ੍ਹਾਂ ਪੂਰਬੀਏ ਤੇਰ੍ਹਾਂ ਚੁੱਲੇ ਭਾਵ ਵੱਖਰੀ ਵੱਖਰੀ ਆਪਣੀ ਆਪਣੀ ਡਫਲੀ ਵਜਾਉਣੀ। ਸੁੱਚ ਭਿੱਟ ਏਨੀ ਵੱਡੀ ਪੱਧਰ ਤੇ ਆ ਗਈ ਸੀ ਕਿ ਹਰ ਪੂਰਬੀਏ ਦਾ ਵੱਖੋ-ਵੱਖਰਾ ਚੁੱਲ੍ਹਾ ਹੁੰਦਾ ਸੀ, ਕਿਸੇ ਪੁੱਛਿਆ, “ਬਾਰ੍ਹਾਂ ਜਣੇ ਤੁਸੀਂ ਖ਼ੁਦ ਹੋ ਤੇ ਆਹ ਤੇਰ੍ਹਵਾਂ ਚੁੱਲਾ ਕੀਹਦੇ ਲਈ ਜੇ”। ਅੱਗੋਂ ਪੂਰਬੀਏ ਉੱਤਰ ਦੇਂਦੇ ਹਨ, ਕਿ, “ਤੇਰ੍ਹਵਾਂ ਚੁੱਲਾ ਆਏ-ਗਏ ਮਹਿਮਾਨ ਲਈ ਰਾਖਵਾਂ ਹੁੰਦਾ ਹੈ ਕਿਉਂਕਿ ਉਹ ਵੀ ਸਾਡਾ ਬਾਪ ਹੀ ਆਉਣਾ ਹੈ”। ਏਥੋਂ ਤਕ ਕੇ ਪਾਣੀਪਤ ਵਰਗੀਆਂ ਲੜਾਈਆਂ ਵਿੱਚ ਵੀ ਹਰ ਫ਼ੌਜੀ ਦਾ ਆਪਣਾ ਆਪਣਾ ਚੁੱਲਾ ਸੀ ਤੇ ਇਹ ਵੱਖੋ ਵੱਖਰੇ ਚੁੱਲ੍ਹੇ ਦੇਖ ਕੇ ਹੀ ਬਾਹਰਲੇ ਹਮਲਾਵਰਾਂ ਨੇ ਅੰਦਾਜ਼ਾ ਲਾ ਲਿਆ ਕਿ ਜਿਸ ਕੌਮ ਦਾ ਖਾਣ ਇੱਕ ਨਹੀਂ, ਪਹਿਣਾ ਇੱਕ ਨਹੀਂ ਤੇ ਜਿਹਨਾਂ ਦਾ ਇਸ਼ਟ ਇੱਕ ਨਹੀਂ ਉਹ ਕੌਮਾਂ ਗ਼ੁਲਾਮੀ ਦੀਆਂ ਬਰੂਹਾਂ ਤੇ ਜਾ ਖਲੋਦੀਆਂ ਹਨ ਤੇ ਉਹਨਾਂ ਨੂੰ ਜਿੱਤਣਾ ਵੀ ਬਹੁਤਾ ਔਖਾ ਕੰਮ ਨਹੀਂ ਹੁੰਦਾ।

ਅੱਜ ਸਿੱਖੀ ਪਰਚਾਰ ਦੇ ਨਾਂ `ਤੇ ਚੱਲ ਰਹੇ ਡੇਰੇ ਤੇ ਕੁੱਝ ਪੰਥਕ ਜੱਥੇਬੰਦੀਆਂ ਵੀ ਆਪੋ-ਆਪਣੇ ਭਾਂਡੇ ਨਾਲ ਹੀ ਚੁੱਕੀ ਫਿਰਦੀਆਂ ਦਿਸ ਪੈਂਦੀਆਂ ਹਨ। ਵੱਖਰੀ ਵੱਖਰੀ ਤਾਣੀ ਵਿੱਚ ਉਲਝੇ ਪਏ ਹਾਂ। ਸਿੱਖ ਫਲਸਫ਼ੇ ਨੂੰ ਨਾ ਸਮਝਦਿਆਂ ਹੋਇਆਂ ਵੱਖ ਵੱਖ ਕੌਮਾਂ ਦੀ ਰਹੁ ਰੀਤ ਨੂੰ ਸਿੱਖ ਕੌਮ ਦੀ ਮਰਯਾਦਾ ਬਣਾਉਣ ਦੇ ਯਤਨ ਵਿੱਚ ਲੱਗੇ ਹੋਏ ਹਾਂ। ੨੯ ਮਾਰਚ ੧੭੪੮ ਨੂੰ ਸਾਡੇ ਇੱਕ ਪੁਰਖੇ ਨਵਾਬ ਕਪੂਰ ਸਿੰਘ ਨੇ ਸਰਬੱਤ ਖਾਲਸੇ ਨੂੰ ਆ ਰਹੇ ਖ਼ਤਰੇ ਤੋਂ ਜਾਣੂੰ ਕਰਾਇਆ। ਪ੍ਰੋਫੇਸਰ ਪੂਰਨ ਸਿੰਘ ਦੇ ਕਥਨ ਅਨੁਸਾਰ “ਪੰਜਾਬ ਨਾ ਹਿੰਦੂ, ਨਾ ਮੁਸਲਮਾਨ, ਪੰਜਾਬ ਜੀਉਂਦਾ ਗੁਰਾਂ ਦੇ ਨਾਮ ਤੇ” ਖਾਲਸਾ ਇਸ ਦੀ ਜਾਨ ਵਾਰ ਕੇ ਵੀ ਰੱਖਿਆ ਕਰਦਾ ਰਿਹਾ ਹੈ। ਸਾਡੇ ਇਸ ਪੁਰਖੇ ਨਵਾਬ ਕਪੂਰ ਸਿੰਘ ਨੇ ਇਕੋ ਆਗੂ, ਇਕੋ ਆਰਦਸ਼ ਤੇ ਇਕੋ ਜੱਥੇਬੰਦੀ ਦਾ ਨਾਅਰਾ ਦਿੱਤਾ। ਖਾਲਸਾ ਤ੍ਰਿਆਸੀ ਨਿੱਕੇ ਨਿੱਕੇ ਜੱਥਿਆਂ ਵਿੱਚ ਵੰਡਿਆ ਜਾ ਚੁੱਕਾ ਸੀ। ਸਾਰਿਆਂ ਜੱਥਿਆਂ ਨੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਦੀ ਜੱਥੇਦਾਰੀ ਕਬੂਲ ਕਰਦਿਆਂ ਇੱਕ ‘ਦਲ ਖਾਲਸਾ’ ਦੀ ਬੁਨਿਆਦ ਰੱਖਦਿਆਂ ਹਲੇਮੀ ਰਾਜ ਦੀ ਸਿਰਜਣਾ ਵਲ ਨੂੰ ਵੱਧਣਾ ਸ਼ੁਰੂ ਕਰ ਦਿੱਤਾ-----

ਹੁਣਿ ਹੁਕਮੁ ਹੋਆ ਮਿਹਰਵਾਣ ਦਾ॥

ਪੈ ਕੋਇ ਨ ਕਿਸੈ ਰਞਾਣਦਾ॥

ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ॥

ਸਿਰੀ ਰਾਗ ਮਹਲਾ ੧ ਪੰਨਾ ੭੪

ਸਿੱਖ ਧਰਮ ਸਰਬੱਤ ਦਾ ਭਲਾ ਮੰਗਦਾ ਹੈ ਤੇ ਕਦੇ ਵੀ ਕਿਸੇ ਦਾ ਬੁਰਾ ਨਹੀਂ ਚਿਤਵਦਾ---

ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥

ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ॥

ਧਨਾਸਰੀ ਮਹਲਾ ੫ ਪੰਨਾ ੬੭੧

ਗੁਰੂ ਨਾਨਕ ਦਾ ਰਾਹ ਆਪਣਿਆਂ ਪਰਾਇਆਂ ਦੀਆਂ ਹੱਦਾਂ ਬੰਨਿਆਂ ਨੂੰ ਨਹੀਂ ਮੰਨਦਾ। ਇਸ ਰਸਤੇ `ਤੇ ਚੱਲਣ ਵਾਲਾ ਸਾਰੀ ਰਚਨਾ ਨੂੰ ਕਰਤਾਰ ਦੀ ਕੁਦਰਤ ਕਹਿ ਕੇ ਸਦੀਵ ਕਾਲ ਫੈਸਲਾ ਸਣਾਉਂਦਾ ਹੈ ----

ਬਿਸਰਿ ਗਈ ਸਭ ਤਾਤਿ ਪਰਾਈ॥

ਜਬ ਤੇ ਸਾਧਸੰਗਤਿ ਮੋਹਿ ਪਾਈ॥ 1॥ ਰਹਾਉ॥

ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥

ਕਾਨੜਾ ਮਹਲਾ ਮਹਲਾ ੫ ਪੰਨਾ ੧੨੯੯

ਇੱਕ ਪਾਸੇ ਗੁਰੂ ਨਾਨਕ ਸਾਹਿਬ ਦਾ ਸਰਲਤਾ ਭਰਪੂਰ. ਸਰਬ-ਗੁਣਕਾਰੀ, ਸਰਬ-ਸਾਂਝਾ ਤੇ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲਿਆਂ ਦਾ ਮਾਰਗ ਹੈ ਜਿਸ ਨੂੰ ਅਸਾਂ ਸਮਝਿਆ ਨਹੀਂ ਤੇ ਨਾ ਹੀ ਇਸ ਰਸਤੇ ਤੁਰਨ ਦਾ ਯਤਨ ਕੀਤਾ ਹੈ। ਜਿਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਸਿੱਖ ਧਰਮ ਸਿਧਾਂਤਕ ਹੁੰਦਾ ਹੋਇਆ ਵੀ ਧਾਰਮਕ-ਪਾਖੰਡ ਦੀ ਕਾਲੀ ਬੋਲੀ ਹਨੇਰੀ ਰਾਤ ਵਿੱਚ ਟੱਕਰਾਂ ਮਾਰਨੀਆਂ, ਕਰਮ-ਕਾਂਡ ਦੇ ਚਿੱਕੜ ਵਿੱਚ ਖੁੱਭ ਜਾਣਾ, ਚਿੱਟੇ ਬਗਲਿਆਂ ਵਾਂਗ ਡੇਰਾਵਾਦੀ ਬਾਬਿਆਂ ਦੇ ਪਿੱਛੇ ਪਿੱਛੇ ਹਰਲ ਹਰਲ ਕਰਦੇ ਫਿਰਨਾ, ਜੋਗ ਮਤ ਦੀਆਂ ਉਲ਼ਝਣਾਂ ਵਾਲੀ ਸਮਾਧੀ ਨੂੰ ਨਵੇਂ ਸਿਰਿਉਂ ਜੀ ਆਇਆਂ ਆਖਣਾ, ਬੱਤੀਆਂ ਬੰਦ ਕਰਕੇ ਸਿਰ ਹਿਲਾਉਣ ਦੀ ਮਗ਼ਜ਼ ਖਪਾਈ ਕਰਨੀ, ਅਖੌਤੀ ਸੁੱਚ-ਭਿੱਟ ਦੇ ਨਾਂ `ਤੇ ਭਰਾ ਨਾਲ ਭਰਾ ਦੀ ਚਿੜ, ਕੀਤੇ ਪਾਠਾਂ ਦੇ ਫਲਾਂ ਦੀ ਫੋਕੀ ਪਰਾਪਤੀ, ਨਰਕ ਦਾ ਭਿਆਨਕ ਡਰ, ਸਵਰਗ ਦੀ ਮਿੱਠੀ ਲਾਲਸਾ, ਮੱਥਿਆਂ `ਤੇ ਲਮਕਦਾ ਤਿਲਕ, ਹੱਥ ਦੇ ਗੁੱਟਾਂ ਤੇ ਲਾਲ ਧਾਗਾ ਬੰਨ ਕੇ ਤੇ ਸ਼ਖ਼ਸ਼ੀ ਪੂਜਾ ਤੇ ਅਟਕ ਗਿਆ ਲੱਗਦਾ ਹੈ।

ਸਰਦਾਰ ਕਿਰਪਾਲ ਸਿੰਘ ਜੀ `ਚੰਦਨ’ ਨੇ ਸੰਸਾਰ ਦੇ ਹੋਰਨਾਂ ਧਰਮਾਂ ਸਬੰਧੀ ਆਪਣਾ ਨਜ਼ਰੀਆ ਦਿੱਤਾ ਹੈ ਜੋ ਬਹੁਤ ਹੀ ਭਾਵਪੂਰਤ ਹੈ—ਉਹ ਲਿਖਦੇ ਹਨ, “ਸੰਸਾਰ ਦੇ ਹੋਰ ਧਰਮਾਂ—ਈਸਾਈ, ਯਹੂਦੀ, ਪਾਰਸੀ, ਇਸਲਾਮ, ਬੁੱਧ ਮਤ ਤੇ ਸਿੱਖ ਧਰਮ ਦੀ ਤਰ੍ਹਾਂ ਹਿੰਦੂ ਧਰਮ ਦੀ ਕੋਈ ਇੱਕ ਪ੍ਰੀਭਾਸ਼ਾ ਲੱਭਣੀ ਜਾਂ ਨਿਸਚਿਤ ਕਰਨੀ ਇੱਕ ਮੁਸ਼ਕਲ ਗੱਲ ਹੈ, ਕਿਉਂਕਿ ਹਿੰਦੂ ਧਰਮ ਦੀ ਨਾ ਤਾਂ ਕੋਈ ਧਾਰਮਿਕ ਪੁਸਤਕ ਇੱਕ ਹੈ, ਨਾ ਹੀ ਇਸ ਦਾ ਕੋਈ ਅਰੰਭ ਕਰਨ ਵਾਲਾ ਇੱਕ ਵਿਆਕਤੀ ਹੈ, ਨਾ ਹੀ ਇਸ ਦੀ ਕੋਈ ਇੱਕ ਮਰਯਾਦਾ ਹੈ ਤੇ ਨਾ ਹੀ ਇਸ ਦੀ ਕੋਈ ਇੱਕ ਵਿਚਾਰਧਾਰਾ ਹੈ, ਸਗੋਂ ਇਹ ਤਾਂ ਵੱਖੋ-ਵੱਖਰੇ ਸਵੈ-ਵਿਰੋਧੀ ਵਿਚਾਰਧਾਰਾਂਵਾਂ ਦੀ ਖਿਚੜੀ ਹੈ”। `ਚੰਦਨ’ ਜੀ ਨੇ ਕੁੱਝ ਵਿਦਵਾਨਾਂ ਦੇ ਹਵਾਲੇ ਵੀ ਦਿੱਤੇ ਹਨ। ਪਹਿਲਾ ਹਵਾਲਾ ‘ਮੈਕਨਿਕਲ’ ਦਾ ਦੇਂਦਿਆਂ ਲਿਖਦੇ ਹਨ, “ਇਸ ਪ੍ਰਸ਼ਨ ਦਾ ਉੱਤਰ ਕਿ ਹਿੰਦੂ ਧਰਮ ਦੇ ਕੀ ਅਰਥ ਹਨ? ਠੀਕ ਤੇ ਸਾਦੇ ਲਫ਼ਜ਼ਾਂ ਵਿੱਚ ਕਦੀ ਵੀ ਕੋਈ ਆਦਮੀ ਨਹੀਂ ਦੇ ਸਕੇਗਾ। ਇਸ ਨਾਉਂ ਦਾ ਕੋਈ ਅਜੇਹਾ ਇੱਕ ਮਤ ਨਹੀਂ, ਜਿਸ ਦੇ ਨਿਯਮ ਸਦਾ ਲਈ ਪੱਕੇ ਤੌਰ `ਤੇ ਇੱਕ ਥਾਂ ਲਿਖੇ ਗਏ ਹੋਣ। ਇਸ ਧਰਮ ਦਾ ਕੋਈ ਦੇਹ ਧਾਰੀ ਬਾਨੀ ਨਹੀਂ ਹੈ, ਜਿਸ ਦੇ ਜਨਮ ਤੋਂ ਇਸ ਧਰਮ ਦਾ ਅਰੰਭ ਤੇ ਅੱਗੋਂ ਇਸ ਦਾ ਇਤਿਹਾਸ ਸਮਝ ਸਕੀਏ”। ਸਰ ਰਾਧਾ ਕ੍ਰਿਸ਼ਨਨ ਆਪਣੀ ਪੁਸਤਕ ਇੰਡੀਅਨ ਫਿਲਾਸਫ਼ੀ ਵਿੱਚ ਲਿਖਦੇ ਹਨ ਕਿ— “ਹਿੰਦੂ ਪਦ ਤਾਂ ਭਾਂਤ ਭਾਂਤ ਦੀਆਂ ਫਿਲਾਸਫ਼ੀਆਂ, ਭਿੰਨ ਭਿੰਨ ਧਰਮਾਂ, ਪੁਰਾਣਾਂ ਤੇ ਕਈ ਤਰ੍ਹਾਂ ਦੇ ਜਾਦੂ ਟੂਣਿਆਂ ਦੇ ਅਰਥ ਦੇਣ ਲੱਗ ਪਿਆ ਹੈ”।

ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਜਿੱਥੇ ਬ੍ਰਾਹਮਣ ਦਾ ਜਲੇਬੀ ਵਰਗਾ ਰਸਤਾ ਸੀ, ਓੱਥੇ ਵੱਖ ਵੱਖ ਧਰਮਾਂ ਦੇ ਰਸਤਿਆਂ ਦਾ ਪੁਲੰਦਾ ਵੀ ਪਿਆ ਹੋਇਆ ਸੀ। ਖ਼ਾਸ ਤੌਰ `ਤੇ ਹਿੰਦੂ ਧਰਮ ਦੇ ਬ੍ਰਹਾਮਣ ਪੁਜਾਰੀ ਦਾ ਉਹ ਫਲਸਫ਼ਾ ਜੋ ਚਿੱਟੇ ਦਿਨ ਵਿੱਚ ਕਿਰਤੀ ਦੀ ਕਿਰਤ ਨੂੰ ਧਰਮ ਦੇ ਨਾਂ `ਤੇ ਬੇ-ਕਿਰਕੀ ਨਾਲ ਲੁੱਟ ਰਿਹਾ ਸੀ। ਜਿੱਥੇ ਸ਼ੈਤਾਨ ਪੁਜਾਰੀ ਨੂੰ ਚੁਰਾਹੇ ਵਿੱਚ ਖੜਾ ਕੀਤਾ ਹੈ ਓੱਥੇ ਹਿੰਦੂ ਵੀਰ ਨੂੰ ਵੀ ਖਰੀਆਂ ਖਰੀਆਂ ਸੁਣਾਈਆਂ ਹਨ ਕਿ ਐ ਹਿੰਦੂ ਵੀਰ! “ਤੂੰ ਧਰਮ ਦੇ ਨਾਂ `ਤੇ ਲਾਈਲੱਗ ਏਂ, ਜਿਵੇਂ ਤੇਰੇ ਕੋਲੋਂ ਕਿਸੇ ਨੇ ਪੂਜਾ ਕਰਾਈ ਤੂੰ ਓਸੇ ਤਰ੍ਹਾਂ ਹੀ ਕਰ ਰਿਹਾਂ ਏਂ”। ਸਭ ਤੋਂ ਪਹਿਲਾਂ ਹਿੰਦੂ ਭਾਈ ਨੂੰ ਜਗਾਉਂਦਿਆ ਹੋਇਆ ਸਮਝਾਇਆ---

ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ॥

ਨਾਰਦਿ ਕਹਿਆ ਸਿ ਪੂਜ ਕਰਾਂਹੀ॥

ਅੰਧੇ ਗੁੰਗੇ ਅੰਧ ਅੰਧਾਰੁ॥

ਪਾਥਰੁ ਲੇ ਪੂਜਹਿ ਮੁਗਧ ਗਵਾਰ॥

ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ॥

ਸਲੋਕ ਮ: ੧ ਪੰਨਾ ੫੫੬

--ਅਰਥ : —ਹਿੰਦੂ ਉੱਕਾ ਹੀ ਭੁੱਲੇ ਹੋਏ ਖੁੰਝੇ ਜਾ ਰਹੇ ਹਨ, ਜੋ ਨਾਰਦ ਨੇ ਆਖਿਆ ਉਹੀ ਪੂਜਾ ਕਰਦੇ ਹਨ, ਇਹਨਾਂ ਅੰਨ੍ਹਿਆਂ ਗੁੰਗਿਆਂ ਵਾਸਤੇ ਹਨੇਰਾ ਘੁਪ ਬਣਿਆ ਪਿਆ ਹੈ (ਭਾਵ, ਨਾਹ ਇਹ ਸਹੀ ਰਸਤਾ ਵੇਖ ਰਹੇ ਹਨ ਤੇ ਨਾਹ ਮੂੰਹੋਂ ਪ੍ਰਭੂ ਦੇ ਗੁਣ ਗਾਉਂਦੇ ਹਨ), ਇਹ ਮੂਰਖ ਗਵਾਰ ਪੱਥਰ ਲੈ ਕੇ ਪੂਜ ਰਹੇ ਹਨ। (ਹੇ ਭਾਈ ! ਜਿਨ੍ਹਾਂ ਪੱਥਰਾਂ ਨੂੰ ਪੂਜਦੇ ਹਉ) ਜਦੋਂ ਉਹ ਆਪ (ਪਾਣੀ ਵਿਚ) ਡੁੱਬ ਜਾਂਦੇ ਹਨ (ਤਾਂ ਉਹਨਾਂ ਨੂੰ ਪੂਜ ਕੇ) ਤੁਸੀ (ਸੰਸਾਰ-ਸਮੁੰਦਰ ਤੋਂ) ਕਿਵੇਂ ਤਰ ਸਕਦੇ ਹਉ 

ਜਿਵੇਂ ਸੜਕ ਬਣਾਉਣ ਲਈ ਪੱਥਰ, ਬੱਜਰੀ, ਸੀਮੈਂਟ ਤੇ ਲੁੱਕ ਦਾ ਇਸਤੇਮਾਲ ਕੀਤਾ ਜਾਂਦਾ ਹੈ ਏਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਜੀ ਨੇ ਜੋ ਰਸਤਾ ਨਿਰਧਾਰਤ ਕੀਤਾ ਹੈ ਓੱਥੇ ਹਮ ਖ਼ਿਆਲਾਂ ਨੂੰ ਵੀ ਨਾਲ ਲੈ ਕੇ ਇਸ ਰਸਤੇ ਨੂੰ ਹੋਰ ਮਜ਼ਬੂਤ ਕੀਤਾ ਹੈ। ਗੁਰੂ ਨਾਨਕ ਤੁਰੇ ਹਨ ਤਾਂ ਰਾਹ ਬਣਿਆ ਹੈ ਤੇ ਏਸੇ ਰਸਤੇ ਤੇ ਤੁਰਨ ਵਾਲੇ ਪਾਂਧੀ ਕਬੀਰ ਸਾਹਿਬ ਜੀ ਦਾ ਵਾਕ ਵੀ ਬਹੁਤ ਭਾਵਪੂਰਤ ਹੈ ਜੋ ਸਦੀਆਂ ਦੀ ਬਣੀ ਹੋਈ ਬ੍ਰਹਾਮਣੀ ਫਿਲਾਸਫ਼ੀ ਦਾ ਘਾਣ ਕਰਦਾ ਪ੍ਰਤੱਖ ਦਿਸਦਾ ਹੈ---- ਐ ਬ੍ਰਹਾਮਣ ਭਾਈ! ਹਰੇਕ ਦੇਵਤੇ ਦੀਆਂ ਮਲੀਨਤਾ ਨਾਲ ਲਬਾਲਬ ਭਰੀਆਂ ਕਹਾਣੀਆਂ ਤੂੰ ਆਪ ਹੀ ਤਾਂ ਲੋਕਾਂ ਨੂੰ ਸੁਣਾ ਰਿਹਾ ਏਂ। ਫਿਰ ਤੂੰ ਹੀ ਦੱਸ ਕੇ ਮੈਂ ਇਹਨਾਂ ਦੀ ਪੂਜਾ ਕਿਉਂ ਕਰਾਂ। ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਮੈਂ ਦੋ ਟੁੱਕ ਫੈਸਲਾ ਕਰਦਾ ਹਾਂ ਕਿ ਸਿਰਫ ਇੱਕ ਪਰਮਾਤਮਾ ਵਾਲੇ ਰਸਤੇ `ਤੇ ਚੱਲਿਆਂ ਹੀ ਜੀਵਨ ਵਿੱਚ ਨਿਖਾਰ ਆ ਸਕਦਾ ਹੈ—

ਮੈਲਾ ਬ੍ਰਹਮਾ, ਮੈਲਾ ਇੰਦੁ॥ ਰਵਿ ਮੈਲਾ, ਮੈਲਾ ਹੈ ਚੰਦੁ॥ 1॥

ਮੈਲਾ ਮਲਤਾ, ਇਹੁ ਸੰਸਾਰੁ॥ ਇਕੁ ਹਰਿ ਨਿਰਮਲੁ, ਜਾ ਕਾ ਅੰਤੁ ਨ ਪਾਰੁ॥ 1॥ ਰਹਾਉ॥

ਮੈਲੇ ਬ੍ਰਹਮੰਡਾਇ ਕੈ ਈਸ॥ ਮੈਲੇ ਨਿਸਿ ਬਾਸੁਰ ਦਿਨ ਤੀਸ॥ 2॥

ਮੈਲਾ ਮੋਤੀ, ਮੈਲਾ ਹੀਰੁ॥ ਮੈਲਾ ਪਉਨੁ ਪਾਵਕੁ ਅਰੁ ਨੀਰੁ॥ 3॥

ਮੈਲੇ ਸਿਵ ਸੰਕਰਾ ਮਹੇਸ॥ ਮੈਲੇ ਸਿਧ ਸਾਧਿਕ ਅਰੁ ਭੇਖ॥ 4॥

ਮੈਲੇ ਜੋਗੀ ਜੰਗਮ ਜਟਾ ਸਹੇਤਿ॥ ਮੈਲੀ ਕਾਇਆ ਹੰਸ ਸਮੇਤਿ॥ 5॥

ਕਹਿ ਕਬੀਰ ਤੇ ਜਨ ਪਰਵਾਨ॥ ਨਿਰਮਲ ਤੇ, ਜੋ ਰਾਮਹਿ ਜਾਨ॥

ਰਾਗ ਭੈਰਉ ਬਾਣੀ ਕਬੀਰ ਜੀ ਕੀ ਪੰਨਾ ੧੧੫੮

ਨਿਰਾ ਇਹ ਹੀ ਨਹੀਂ ਇਸਲਾਮਕ ਫਿਲਾਸਫ਼ੀ ਦੇ ਪੁਜਾਰੀ ਨੂੰ ਵੀ ਏਹੀ ਕਹਿ ਦਿੱਤਾ ਹੈ ਕਿ ਮਿਤੱਰਾ! ਮੇਰਾ ਤੁਹਾਡੇ ਨਾਲ ਕੋਈ ਝਗੜਾ ਨਹੀਂ ਹੈ ਪਰ ਮੈਂ ਤੁਹਾਡੇ ਵਲੋਂ ਨਿਰਧਾਰਤ ਕੀਤੇ ਹੋਏ ਰਸਤੇ ਤੇ ਵੀ ਤੁਰਨ ਨੂੰ ਤਿਆਰ ਨਹੀਂ ਹਾਂ—

ਹਮਰਾ ਝਗਰਾ ਰਹਾ ਨ ਕੋਊ॥ ਪੰਡਿਤ ਮੁਲਾਂ ਛਾਡੇ ਦੋਊ॥ 1

ਪੰਡਿਤ ਮੁਲਾਂ ਜੋ ਲਿਖਿ ਦੀਆ॥ ਛਾਡਿ ਚਲੇ ਹਮ ਕਛੂ ਨ ਲੀਆ

ਪੰਨਾ ੧੧੫੯

ਕਹਿੰਦੇ ਨੇ ਕਿਸੇ ਬੰਦੇ ਨੇ ਕਿਸੇ ਨਾਮ ਧਰੀਕ ਫਿਲਾਸਫਰ ਨੂੰ ਪੁੱਛਿਆ, “ਭਈ ਬਗਲਾ ਫੜਨਾ ਹੋਵੇ ਤਾਂ ਕੀ ਕਰਨਾ ਚਾਹੀਦਾ ਹੈ” ? ਅੱਗੋਂ ਫਿਲਾਸਫਰ ਆਪਣੀ ਸਾਰੀ ਜੁਗਤੀ ਦੇ ਗਣਿਤ ਅਨੁਸਾਰ ਕਹਿੰਦਾ ਹੈ, “ਭਈ ਜਦੋਂ ਬਗਲਾ ਹਾੜਾਂ ਦਿਆਂ ਦਿਨਾਂ ਵਿੱਚ ਸਿੱਖਰ ਦੁਪਹਿਰੇ ਪਾਣੀ ਵਿੱਚ ਇੱਕ ਲੱਤ `ਤੇ ਖਲੋਤਾ ਹੋਵੇ, ਤਾਂ ਓਦੋਂ ਉਸ ਦੇ ਮਗਰ ਦੀ ਜਾ ਕੇ ਉਸ ਦੇ ਸਿਰ ਉੱਤੇ ਮੋਮ ਰੱਖ ਦਿਓ, ਜਦੋਂ ਗਰਮੀ ਨਾਲ ਮੋਮ ਪਿਘਲ਼ ਕੇ ਬਗਲੇ ਦੀਆਂ ਅੱਖਾਂ ਵਿੱਚ ਪੈ ਜਾਏ ਤੇ ਉਹ ਉੱਡ ਨਾ ਸਕਦਾ ਹੋਵੇ, ਓਦੋਂ ਬਗਲੇ ਨੂੰ ਬੜੇ ਅਰਾਮ ਨਾਲ ਫੜ ਲਓ”। ਅੱਗੋਂ ਜਨ ਸਧਾਰਨ ਆਦਮੀ ਕਹਿੰਦਾ, ਕਿ, “ਜਦੋਂ ਬਗਲੇ ਦੇ ਸਿਰ `ਤੇ ਮੋਮ ਰੱਖਣ ਲਈ ਜਾਣਾ ਹੈ ਤਾਂ ਬਗਲਾ ਓਦੋਂ ਪਕੜ ਲੈਣ ਵਿੱਚ ਕੋਈ ਇਤਰਾਜ਼ ਹੈ” ਤਾਂ ਅੱਗੋਂ ਘੜੁੱਤੀ ਫਿਲਾਸਫ਼ਰ ਕਹਿੰਦਾ, “ਭਈ ਫਿਰ ਜੁਗਤੀ ਕੀ ਹੋਈ” ? ਜਨੀ ਕੇ ਧਰਮ ਵਿੱਚ ਏਸੇ ਤਰ੍ਹਾਂ ਦੀਆਂ ਬਹੁਤ ਸਾਰੀਆਂ ਜੁਗਤੀਆਂ ਹਨ ਜੋ ਅਸੀਂ ਬਗਲਾ ਫੜਨ ਵਾਂਗ ਅਪਨਾਈ ਬੈਠੇ ਹਾਂ, ਪਰ ਇਹ ਸਾਰੀਆਂ ਹੀ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਵੱਢਿਓਂ ਰੱਦ ਕੀਤੀਆਂ ਹਨ। ਅੱਖਾਂ ਮੀਚ ਕੇ ਪਾਖੰਡ ਕਰਨ ਵਾਲਿਆਂ ਦੀ ਛੋਈ ਲਾਹੁੰਦਿਆਂ ਗੁਰੂ ਜੀ ਦਾ ਵਾਕ ਹੈ---

“ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ”

ਧਨਾਸਰੀ ਮਹਲਾ ੧ ਪੰਨਾ ੬੬੨

ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਕਾਜ਼ੀ, ਬ੍ਰਹਾਮਣ ਤੇ ਜੋਗੀ ਦੀਆਂ ਤਿੰਨ ਪ੍ਰਮੁੱਖ ਵਿਚਾਰ-ਧਾਰਾਵਾਂ ਦਿਸ ਦੀਆਂ ਸਨ। ਇਹਨਾਂ ਤਿੰਨਾਂ ਦੇ ਰਸਤਿਆਂ `ਤੇ ਚੱਲਣ ਵਾਲਿਆਂ ਨੂੰ ਕਹਿ ਦਿੱਤਾ ਕਿ ਤੁਸੀਂ ਅਸਲੀ ਮੰਜ਼ਿਲ ਤੋਂ ਖੁੰਝ੍ਹੇ ਹੋਏ ਹੋ ਤੇ ਭਟਕੇ ਹੋਏ ਰਾਹੀ ਵਾਂਗ ਕੁਵੇਲੇ ਦੀਆਂ ਟੱਕਰਾਂ ਮਾਰ ਰਹੇ ਹੋ। ---

ਕਾਦੀ ਕੂੜੁ ਬੋਲਿ ਮਲੁ ਖਾਇ॥

ਬ੍ਰਾਹਮਣੁ ਨਾਵੈ ਜੀਆ ਘਾਇ॥

ਜੋਗੀ ਜੁਗਤਿ ਨ ਜਾਣੈ ਅੰਧੁ॥

ਤੀਨੇ ਓਜਾੜੇ ਕਾ ਬੰਧੁ॥

ਧਨਾਸਰੀ ਮਹਲਾ ੧ ਪੰਨਾ ੬੬੨

ਅੱਜ ਜਦੋਂ ਸਿੱਖ ਕੌਮ ਵਲ ਨੂੰ ਨਦਰ ਮਾਰਦੇ ਹਾਂ ਤਾਂ ਇਹ ਉੱਖੜੀ ਹੋਈ ਪਈ ਫਿਰਦੀ ਦਿਸ ਰਹੀ ਹੈ। ਹਜ਼ਾਰਾਂ ਹੀ ਸਿੱਖੀ ਸਰੂਪ ਵਿੱਚ ਸਾਧ-ਸੰਤ ਪੈਦਾ ਹੋ ਗਏ ਹਨ ਜੋ ਆਪਣਾ ਆਪਣਾ ਰਾਗ ਅਲਾਪ ਰਹੇ ਹਨ। ਇਸ ਤੋਂ ਇਲਾਵਾ ਬਹੁਤ ਸਾਰੇ ਡੇਰੇ ਸਿੱਖੀ ਦੇ ਪਰਚਾਰ ਦੇ ਨਾਂ `ਤੇ ਪੱਕੇ ਤੌਰ `ਤੇ ਕਾਇਮ ਹੋ ਗਏ ਹਨ ਜੋ ਕਦੇ ਕਦੇ ਵੱਡਿਆਂ ਲੀਡਰਾਂ ਜਾਂ ਜੱਥੇਦਾਰਾਂ ਨੂੰ ਸੱਦ ਕੇ ਆਪਣੀ ਹੋਂਦ ਤੇ ਪੱਕੀ ਮੋਹਰ ਲਗਾ ਲੈਂਦੇ ਹਨ। ਇਹ ਤਮਾਮ ਡੇਰੇ ਸਿੱਖੀ ਸਰੂਪ ਵਿੱਚ ਬੈਠੇ ਤਾਂ ਹਨ ਪਰ ਵਿਚਾਰਧਾਰਾ ਇਹਨਾਂ ਦੇ ਮਰ ਚੁੱਕਿਆਂ ਆਪਣਿਆਂ ਵੱਡੇਰਿਆਂ ਦੀ ਹੁੰਦੀ ਹੈ। ਗਏ-ਗੁਜ਼ਰੇ ਮਰ ਚੁੱਕੇ ਸਾਧਾਂ ਦੀਆਂ ਬਰਸੀਆਂ ਪਹਿਲ ਦੇ ਅਧਾਰ `ਤੇ ਮਨਾ ਰਹੇ ਹਨ। ਬੱਸ ਏਨਾ ਕੁ ਕਹਿ ਕੇ ਸਾਰ ਦੇਂਦੇ ਹਨ ਕਿ ਵੱਡੇ ਬਾਬਾ ਜੀ ਦੀ ਕਮਾਈ ਬਹੁਤ ਸੀ।

ਗੁਰੂ ਨਾਨਕ ਸਾਹਿਬ ਜੀ ਦਾ ਰਸਤਾ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਤੱਖ ਦਿੱਸਦਾ ਹੈ ਤੇ ਬਾਕੀ ਪੰਥ ਪਰਵਾਨਤ ਸਿੱਖ ਰਹਿਤ ਮਰਯਾਦਾ ਵਿੱਚ ਨਿਜੀ ਤੇ ਪੰਥਕ ਰਹਿਣੀਆਂ ਸਬੰਧੀ ਵਿਸਥਾਰ ਸਾਹਿਤ ਦਿੱਤਾ ਹੋਇਆ ਮਿਲਦਾ ਹੈ। ਸਿੱਖੀ ਸਰੂਪ ਵਿੱਚ ਇਹ ਡੇਰੇ ਕਦੇ ਵੀ ਪੰਥਕ ਰਹਿਤ ਮਰਯਾਦਾ ਨੂੰ ਨਹੀਂ ਮੰਨਦੇ ਸਗੋਂ ਬੜੀ ਲਾਪ੍ਰਵਾਹੀ ਨਾਲ ਕਹਿਣਗੇ ਜੀ ਸਾਡੀ ਮਰਯਾਦਾ ਤਾਂ ਸਾਡੇ ਡੇਰੇ ਦੀ ਆਪਣੀ ਹੈ।

ਗੁਰਬਾਣੀ ਦੇ ਰਸਤੇ `ਤੇ ਤੁਰਨ ਦੀ ਬਜਾਏ, ਸਿੱਖੀ ਸਰੂਪ ਵਿੱਚ ਇਹ ਡੇਰੇ ਗੁਰ-ਬਿਲਾਸ ਜਾਂ ਚ੍ਰਿਤ੍ਰਿਓ ਪਖਿਆਨ ਵਰਗੀਆਂ ਰਚਨਾਵਾਂ ਦੇ ਨਵੇਂ ਰਸਤੇ ਘੜਨ ਦੇ ਆਹਰ ਵਿੱਚ ਦਿਨੇ ਰਾਤ ਲੱਗੇ ਹੋਏ ਹਨ। ਇੰਜ ਕਹਿ ਲਿਆ ਜਾਏ ਕਿ ਅੱਜ ਹਰ ਚੌਥੇ ਦਿਨ ਕੋਈ ਨਾ-ਕੋਈ ਨਵੀਂ ਜੱਥੇਬੰਦੀ ਕਾਇਮ ਹੁੰਦੀ ਹੈ ਤੇ ਉਹ ਗੁਰਬਾਣੀ ਦਾ ਨਾਂ ਲੈ ਕੇ ਆਪਣੀਆਂ ਆਪਣੀਆਂ ਨੀਤੀਆਂ ਦਾ ਪਰਚਾਰ ਕਰਨ ਵਿੱਚ ਲੱਗੀ ਹੋਈ ਹੈ। ਆਨੇ ਬਹਾਨੇ ਕੌਮ ਦੇ ਜੱਥੇਦਾਰਾਂ ਪਾਸੋਂ ਆਪਣੀ ਹੋਂਦ ਦੀ ਮੋਹਰ ਲਵਾਉਣਾ ਨਹੀਂ ਭੁੱਲਦੇ ਤੇ ਆਮ ਸਿੱਖ ਏਹੀ ਸਮਝਦਾ ਹੈ ਕਿ ਇਹ ਤਾਂ ਬਹੁਤ ਹੀ ਸਿੱਖੀ ਦਾ ਪਰਚਾਰ ਕਰ ਰਹੇ ਹਨ ਜੀ।

ਗੁਰੂ ਨਾਨਕ ਪਾਤਸ਼ਾਹ ਦੇ ਰਾਹ ਦੇ ਪਾਂਧੀ ਦਾ ਨਾਂ ‘ਸਚਿਆਰ’ ਹੈ ਤੇ ਏਸੇ ਜੀਵਨ ਵਿੱਚ ਹੀ ਇਸ ਪਉੜੀ `ਤੇ ਚੜ੍ਹਨਾ ਹੈ। ਜਨੀ ਕੇ ਮਨੁੱਖ ਨੇ ਆਪਣੇ ਜੀਵਨ ਵਿੱਚ ‘ਸਚਿਆਰ’ ਦੀ ਮੰਜ਼ਿਲ ਤਹਿ ਕਰਨੀ ਹੈ। ਸਿੱਖ ਇਸ ਰਾਹ `ਤੇ ਤੁਰਨ ਦੀ ਬਜਾਏ, ਚਉਰਾਸੀ ਲੱਖ ਜੂਨਾਂ ਦੇ ਬਚਾ ਲਈ ਵਰ੍ਹੀਣਿਆਂ ਵਰਗੀਆਂ ਬਿਮਾਰੀਆਂ ਵਿੱਚ ਫਸ ਕੇ ਗਰੁੜ ਪੁਰਾਣ ਦਾ ਪੁਜਾਰੀ ਹੁੰਦਾ ਜਾ ਰਿਹਾ ਹੈ। ਗੁਰੂ ਨਾਨਕ ਪਾਤਸ਼ਾਹ ਦਾ ਰਾਹ ਨਰਕ ਦਾ ਡਰ ਤੇ ਸਵਰਗ ਦੀ ਲਾਲਸ ਨੂੰ ਮੁੱਢੋਂ ਰਦ ਕਰਦਾ ਹੈ।

ਭਾਗ ਦੂਜਾ

ਗੁਰੂ ਨਾਨਕ ਦੇ ਰਾਹ ਨੂੰ ਛੱਡ ਕੇ ਅਸਾਂ ਕਿਹੜੇ ਕਿਹੜੇ ਨਵੇਂ ਰਾਹ ਬਣਾ ਲਏ ਹਨ ਜਾਂ ਬਣਾ ਰਹੇ ਹਾਂ—

ਸੁਰਜੀਤ ਸਿੰਘ ‘ਪਾਤਰ’ ਦੀਆਂ ਤਿੰਨ ਕੁ ਸਤਰਾਂ ਹੇਠਾਂ ਅੰਕਤ ਹਨ---

ਜਦ ਤੀਕ ਸ਼ਬਦ ਜੀਂਦੇ ਨੇ, ਸੁਖ਼ਨਵਰ ਜੀਣ ਮਰ ਕੇ ਵੀ।

ਉਹ ਕੇਵਲ ਜਿਸਮ ਹੁੰਦੇ ਨੇ, ਜੋ ਸਿਵਿਆਂ ਵਿੱਚ ਸਵਾਹ ਬਣਦੇ।

ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤੇ ਰਾਹ ਬਣਦੇ।

ਗੁਰੂ ਨਾਨਕ ਸਾਹਿਬ ਨੇ ਤਮਾਮ ਦੇਵੀ ਦੇਵਤਿਆਂ ਦੀ ਖਿੰਡੀ-ਪੁੰਡੀ ਹੋਈ ਅਵਸਥਾ ਨੂੰ ਪਾਖੰਡਵਾਦ ਵਿੱਚ ਢੱਕੀ ਹੋਈ ਕਹਿ ਕੇ ਸਦਾ ਲਈ ਨਿਕਾਰ ਦਿੱਤਾ। ਉਹਨਾਂ ਨੇ ਆਪਣਾ ਨਵਾਂ ਫਲਸਫ਼ਾ ਜੋ ਇੱਕ ਪਰਮਾਤਮਾ ਦੇ ਅਧਾਰਤ ਹੁੰਦਾ ਹੋਇਆ ਦੋ ਦੂਣੀ ਚਾਰ ਵਾਂਗ ਸਦਾ ਸੱਚਾ ਤੇ ਨਵਾਂ ਨਕੋਰ ਹੈ --- “ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ” ਉਹ ਮਨੁੱਖਤਾ ਦੀ ਝੋਲ਼ੀ ਵਿੱਚ ਪਾਇਆ।

੧ ਅਖੰਡ-ਪਾਠਾਂ ਦਾ ਰਾਹ ਜੋ ਪੰਥ ਪਰਵਾਨਤ ਹੈ—

ਪੰਥ ਪਰਵਾਨਤ ਰਹਿਤ ਮਰਯਾਦਾ ਵਿੱਚ ਲਿਖਿਆ ਹੋਇਆ ਹੈ ਕਿ ਅਖੰਡ-ਪਾਠ ਜਿਸ ਪਰਵਾਰ ਜਾਂ ਸੰਗਤ ਨੇ ਕਰਨਾ ਹੈ, ਉਹ ਆਪ ਕਰੇ, ਟੱਬਰ ਦੇ ਕਿਸੇ ਆਦਮੀ, ਸਾਕ ਸੰਬੰਧੀ, ਮਿੱਤਰ ਆਦਿ ਮਿਲ ਕੇ ਕਰਨ। ਪਾਠੀਆਂ ਦੀ ਗਿਣਤੀ ਮੁਕੱਰਰ ਨਹੀਂ।

ਅਖੰਡ-ਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਵੇਲੇ ਕੁੰਭ, ਜੋਤ, ਨਲੀਏਰ ਆਦਿ ਰੱਖਣਾ ਜਾਂ ਨਾਲ ਨਾਲ ਜਾਂ ਵਿੱਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਮਨਮਤ ਹੈ।

ਅਖੰਡ-ਪਾਠਾਂ ਦੇ ਵੱਖੋ ਵੱਖਰੇ ਰਾਹ—

ਜਿੰਨੇ ਵੀ ਸਿੱਖੀ ਸਰੂਪ ਵਿੱਚ ਸਾਧਾਂ ਦੇ ਡੇਰੇ ਨੇ, ਉਹਨਾਂ ਸਾਰਿਆਂ ਨੇ ਆਪਣੀਆਂ ਆਪਣੀਆਂ ਮਰਯਾਦਾਵਾਂ ਬਣਾਈਆਂ ਹੋਈਆਂ ਹਨ। ੧. ਨਾਨਕਸਰ ਵਾਲੇ ਪਾਠੀ ਮੂੰਹ ਸਿਰ ਚੰਗੀ ਤਰ੍ਹਾਂ ਘੁੱਟ ਕੇ ਬੰਨ੍ਹ ਲੈਂਦੇ ਹਨ ਤਾਂ ਕਿ ਕਿਸੇ ਨੂੰ ਪਾਠ ਨਾ ਹੀ ਸੁਣਾਈ ਦੇਵੇ। ੨. ੧੦੧ ਜਾਂ ਇਸ ਤੋਂ ਵੀ ਵੱਧ ਪਾਠਾਂ ਦਾ ਪਰਵਾਹ ਚੱਲਦਾ ਰੱਖਣਾ ਜਾਂ ਕਮਾਈ ਦੀ ਖ਼ਾਤਰ ਚੱਲਦਾ ਰਹਿਣ ਦੇਣਾ। ੩. ਸੰਪਟ-ਪਾਠ ਦੀ ਨਵੀਂ ਪ੍ਰੰਪਰਾ ਦੇਖਣ ਨੂੰ ਮਿਲ ਰਹੀ ਹੈ। ਕੋਈ ਸ਼ਬਦ ਲੈ ਕੇ ਜਿੱਥੇ ਵੀ ਨਾਨਕ ਸ਼ਬਦ ਆ ਜਾਏ ਓੱਥੇ ਹੀ ਉਸ ਸ਼ਬਦ ਦਾ ਪਾਠ ਕਰਨਾ। ਇੰਜ ਕਰਨ ਨਾਲ ਲੱਗ ਪੱਗ ਇੱਕ ਹਫਤੇ ਦਾ ਸਮਾਂ ਲੱਗ ਜਾਂਦਾ ਹੈ। ਨਵੇਂ ਬਣੇ ਸਾਧ ਨਵੀਂ ਗੱਲ ਕਰਦੇ ਹਨ ਹੁਣ ਹਰ ਤੁਕ `ਤੇ ਸੰਪਟ ਲਗਾ ਕੇ ਪਾਠ ਕੀਤਾ ਜਾਂਦਾ ਹੈ। ਇਸ ਨੂੰ ਤਿੰਨ ਵੀਕ ਵੀ ਲੱਗ ਜਾਂਦੇ ਹਨ। ਇਹ ਤੇ ਹੁਣ ਸੰਗਤ ਨੂੰ ਸੋਚਣਾ ਚਾਹੀਦਾ ਹੈ ਅਜੇਹੇ ਬਾਬਿਆਂ ਬਾਰੇ ਜੋ ਬਾਣੀ ਦੇ ਗੁਟਕਿਆਂ ਵਿੱਚ ਵੀ ਆਪਣੇ ਵਲੋਂ ਸੰਪਟ ਲਗਾ ਲਗਾ ਕੇ ਗੁਟਕੇ ਛਾਪ ਰਹੇ ਹਨ। ਗੁਰੂ ਦੀ ਬਾਣੀ ਵਿੱਚ ਕਿਸੇ ਵਲੋਂ ਵੀ ਕਿਸੇ ਸ਼ਬਦ ਵਿੱਚ ਵੀ ਅੱਖਰ ਲਾ ਕੰਨੇ ਦਾ ਵਾਧਾ ਘਾਟਾ ਨਹੀਂ ਹੋ ਸਕਦਾ। ਇਹਨਾਂ ਸਾਧਾਂ ਨੂੰ ਕੀ ਹੱਕ ਹੈ ਕਿ ਉਹ ਆਪਣੀ ਮਰਜ਼ੀ ਨਾਲ ਇੰਜ ਤੁਕਾਂ ਵਿੱਚ ਸ਼ਬਦ ਲਗਾ ਕੇ ਪਾਠ ਕਰਨ ਜਾਂ ਸੰਪਟ ਲਗਾ ਕੇ ਪਾਠ ਕਰਨ। ੪. ਅਖੰਡ-ਪਾਠ ਦੇ ਨਾਲ ਨਾਲ ਜਪੁ ਬਾਣੀ ਦਾ ਪਾਠ ਕਰਦੇ ਰਹਿਣਾ। ੫. ਜੋਤ ਜੱਗਦੀ ਰੱਖਣੀ, ਨਲੀਏਰ ਭੇਟਾ ਕਰਨਾ ਤੇ ਕੁੰਭ ਆਦ ਰੱਖਣਾ। ਇਹ ਸਾਰੇ ਸਾਡੇ ਵੱਖੋ ਵੱਖਰੇ ਰਸਤੇ ਹਨ। ਕੀ ਗੁਰੂ ਸਾਹਿਬ ਜੀ ਨੇ ਸਾਨੂੰ ਏਦਾਂ ਦਾ ਰਾਹ ਦਿੱਤਾ ਸੀ? ਹਾਂ ਜੀ ਹਨੇਰ ਸਾਂਈ ਦਾ ਇਹਨਾਂ ਸਾਰਿਆਂ ਡੇਰਿਆਂ `ਤੇ ਜਾ ਰਹੇ ਹਨ ਸਾਡੇ ਵੱਡੇ ਲੀਡਰ ਤੇ ਤੱਖਤਾਂ ਦੇ ਜੱਥੇਦਾਰ, ਇਹਨਾਂ ਦੇ ਵੱਖਰੇ ਰਾਹ `ਤੇ ਪੰਥ ਦੀ ਮੋਹਰ ਲਗਾਉਣ ਲਈ।

ਸਿੱਖ ਰਹਿਤ ਮਰਯਾਦਾ ਵਿੱਚ ਲਿਖਿਆ ਹੋਇਆ ਹੈ ਕਿ ਅਖੰਡ-ਪਾਠ ਕਿਸੇ ਭੀੜ ਜਾਂ ਉਤਸ਼ਾਹ ਵੇਲੇ ਕੀਤਾ ਜਾਂਦਾ ਹੈ। ਇਹ ਤਕਰੀਬਨ ਅੱਠਤਾਲ਼ੀ ਘੰਟਿਆਂ ਵਿੱਚ ਸੰਪੂਰਨ ਕੀਤਾ ਜਾਂਦਾ ਹੈ।

ਹੁਣ ਵਿਚਾਰਨ ਵਾਲੀ ਗੱਲ ਹੈ ਭੀੜ ਅੱਜ ਪਈ ਹੈ ਤੇ ਵਾਰੀ ਦਰਬਾਰ ਸਾਹਿਬ ਆ ਰਹੀ ਹੈ ਲੱਗ ਪੱਗ ਦਸਾਂ ਸਾਲਾਂ ਨੂੰ ਜਦ ਕਿ ਪਾਠ ਆਪ ਕਰਨ ਨੂੰ ਤਰਜੀਹ ਦਿੱਤੀ ਹੈ। ਆਮ ਡੇਰਿਆਂ ਦੀ ਵੀ ਏਹੀ ਹਾਲਤ ਹੋ ਗਈ ਹੈ। ਜੀ ਸਾਡੇ ਡੇਰੇ ਦੀ ਤਾਂ ਮਾਨਤਾ ਹੀ ਬਹੁਤ ਜ਼ਿਆਦਾ ਹੈ ਕਿਉਂਕਿ ਏੱਥੇ ਅਖੰਡ ਪਾਠ ਦੀ ਵਾਰੀ ਹੀ ਨਹੀਂ ਆਉਂਦੀ। ਇਹ ਤੇ ਹੁਣ ਪੰਥ ਨੇ ਸੋਚਣਾ ਹੈ ਕਿ ਸਾਧਾਂ ਦੇ ਨਿਰਧਾਰਤ ਕੀਤੇ ਹੋਏ ਰਸਤੇ `ਤੇ ਚੱਲਣਾ ਹੈ ਜਾਂ ਪੰਥ ਪਰਵਾਨਤ ਰਹਿਤ ਮਰਯਾਦਾ `ਤੇ।

੨. ਗੁਰਬਾਣੀ ਕੀਰਤਨ ਰਾਹ---

ਗੁਰਬਾਣੀ ਦੀ ਲੋਅ ਅੰਦਰ ਪੰਥ ਪਰਵਾਨਤ ਰਹਿਤ ਮਰਯਾਦਾ ਵਿੱਚ ਕੀਰਤਨ ਦਾ ਪੂਰਾ ਮਿਆਰ ਲਿਖਿਆ ਹੋਇਆ ਹੈ –

ੳ ਸੰਗਤ ਵਿੱਚ ਕੀਰਤਨ ਕੇਵਲ ਸਿੱਖ ਹੀ ਕਰ ਸਕਦਾ ਹੈ।

ਅ ਕੀਰਤਨ ਗੁਰਬਾਣੀ ਨੂੰ ਰਾਗਾਂ ਵਿੱਚ ਉਚਾਰਨ ਕਰਨ ਨੂੰ ਕਹਿੰਦੇ ਹਨ।

ੲ ਸੰਗਤ ਵਿੱਚ ਕੀਰਤਨ ਕੇਵਲ ਗੁਰਬਾਣੀ ਜਾਂ ਇਸ ਦੀ ਵਿਆਖਿਆ ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੋ ਸਕਦਾ ਹੈ।

ਸ ਸ਼ਬਦਾਂ ਨੂੰ ਜੋਟੀਆਂ ਦੀ ਧਾਰਨਾ ਜਾਂ ਰਾਗ ਨਾਲ ਪੜ੍ਹਦਿਆਂ ਬਾਹਰ ਦੀਆਂ ਮਨ-ਘੜਤ ਤੇ ਵਾਧੂ ਤੁਕਾਂ ਲਾ ਕੇ ਧਾਰਨਾ ਲਾਉਣੀ ਜਾਂ ਗਾਉਣਾ ਅਣੋਗ ਹੈ। ਸ਼ਬਦ ਦੀ ਤੁਕ ਦੀ ਹੀ ਧਾਰਨਾ ਬਣਾਈ ਜਾਏ।

ਮਨ ਮਰਜ਼ੀ ਨਾਲ ਕੀਰਤਨ ਵੱਖਰੇ ਰਾਹ `ਤੇ—

ਜਦੋਂ ਰਹਿਤ ਮਰਯਾਦਾ ਵਿੱਚ ਸਪੱਸ਼ਟ ਤੌਰ `ਤੇ ਲਿਖਿਆ ਹੋਇਆ ਹੈ ਕਿ ਕੋਈ ਬਾਹਰਲੀ ਧਾਰਨਾ ਨਾ ਲਗਾਈ ਜਾਏ ਪਰ ਸ਼ਬਦ ਵਿੱਚ ਜਿੱਥੇ ਵੀ ਨਾਮ ਸ਼ਬਦ ਆ ਜਾਂਦਾ ਹੈ ਕਈ ਵੀਰ ਆਪਣੀ ਮਰਜ਼ੀ ਨਾਲ ਆਪਣੇ ਵਲੋਂ ਵਾਹਿਗੁਰੂ ਸ਼ਬਦ ਲਗਾ ਕੇ ਕੀਰਤਨ ਸ਼ੁਰੂ ਕਰ ਦੇਂਦੇ ਹਨ। ਕੀ ਗੁਰਬਾਣੀ ਦੇ ਸ਼ਬਦਾਂ ਵਿੱਚ ਅਸੀਂ ਇੰਜ ਆਪਣੇ ਕੋਲੋਂ ਵਾਹਿਗੁਰੂ ਸ਼ਬਦ ਲਗਾ ਸਕਦੇ ਹਾਂ? ਇਹ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇ।

ਸਾਧਾਂ ਦੇ ਚਿੱਮਟਾ ਸਭਿਆਚਾਰ ਨੇ ਗੁਰਬਾਣੀ ਛੱਡ ਕੇ ਆਪਣੀਆਂ ਧਾਰਨਾ ਬਣਾ ਬਣਾ ਕੇ ਕੀਰਤਨ ਕਰਨਾ ਸ਼ੁਰੂ ਕੀਤਾ ਹੋਇਆ ਹੈ। ਭੋਲੇ ਲੋਕ ਸਾਧੜਿਆਂ ਦੀ ਆਪਣੀ ਬਣਾਈ ਹੋਈ ਕਵਿਤਾ ਨੂੰ ਹੀ ਬਾਣੀ ਸਮਝ ਕੇ ਸੁਣੀ ਜਾ ਰਹੇ ਹਨ।

ਰਹਿਤ ਮਰਯਾਦਾ ਵਿੱਚ ਲਿਖਿਆ ਹੋਇਆ ਹੈ ਕਿ ਕੀਰਤਨ ਕੇਵਲ ਗੁਰਬਾਣੀ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦਾ ਹੀ ਹੋ ਸਕਦਾ ਹੈ ਫਿਰ ਸਿਮਰ ਮਨਾਈ ਕਾਲਕਾ ਦਾ ਕਿਉਂ ਕੀਰਤਨ ਹੋ ਰਿਹਾ ਹੈ। ਬਚਿੱਤਰ ਨਾਟਕ ਦੀ ਰਚਨਾ ਵਿਚੋਂ ਵੀ ਕੀਰਤਨ ਹੋ ਰਿਹਾ ਹੈ। ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਨਾਲ ਹੀ ਅਸੀਂ ਚ੍ਰਤਿਰੋ-ਪਖਿਆਨ ਵਰਗੀ ਲਿਖਤ ਨੂੰ ਵੀ ਬੈਠਾ ਦਿੱਤਾ ਹੈ। ਕੀਰਤਨ ਦੀ ਰੂਪ ਰੇਖਾ ਵਿੱਚ ਵਿਗਾੜ ਪਾਉਣ ਵਾਲਿਆਂ ਸਬੰਧੀ ਕੋਣ ਪੁਛੇਗਾ? ਕੀ ਇਹ ਵੱਖਰਾ ਰਸਤਾ ਨਹੀਂ ਹੈ?

੩ ਕੀ ਗੁਰੂ ਗ੍ਰੰਥ ਦੁਆਲੇ ਪੜਦੇ ਕਰਕੇ ਭੋਗ ਲਗਾਉਣਾ ਗੁਰਮਤ ਹੈ?

ਡੇਰਾਵਾਦੀ ਬਿਰਤੀ ਨੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਦਿਨ ਵਿੱਚ ਕਈ ਵਾਰ ਥਾਲ ਰੱਖ ਕੇ ਫਿਰ ਪੜਦਾ ਕਰਕੇ ਕਹਿ ਰਹੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਭੋਜਨ ਛੱਕਿਆ ਹੈ। ਅਜੇਹੇ ਵੱਖਰੇ ਰਾਹ `ਤੇ ਚੱਲਣ ਵਾਲੇ ਦੀ ਕਉਣ ਪੁੱਛ ਪ੍ਰਤੀਤ ਕਰਦਾ ਹੈ?

੩ ਮਨਾਏ ਜਾ ਰਹੇ ਅਨਮਤੀ ਤਿਉਹਾਰ—

ਗੁਰਦੁਆਰੇ ਦੇ ਪ੍ਰਸੰਗ ਹੇਠ ਸਾਫ਼ ਲਿਖਿਆ ਹੈ ਕਿ ਗੁਰਮਤ ਦੇ ਵਿਰੁੱਧ ਕੋਈ ਰੀਤੀ ਜਾਂ ਸੰਸਕਾਰ ਨਾ ਹੋਵੇ, ਨਾ ਹੀ ਕੋਈ ਅਨਮਤ ਦਾ ਤਿਉਹਾਰ ਮਨਾਇਆ ਜਾਵੇ।

ਸੰਗਰਾਂਦ ਨੂੰ ਸੂਰਜ ਦੀ ਪੂਜਾ, ਪੂਰਮਾਸ਼ੀ ਦਾ ਇਕੱਠ, ਮੱਸਿਆ ਦਾ ਜੋੜ ਮੇਲਾ ਤੇ ਇਸਾਈ ਮਤ ਦਾ ਨਵਾਂ ਸਾਲ ਤੇ ਗੁਰਪੁਰਬਾਂ ਨੂੰ ਇਸਾਈ ਮਤ ਦੀ ਨਕਲ `ਤੇ ਵੱਡੇ ਵੱਡੇ ਕੇਕ ਕੱਟਣੇ ਬੜੀ ਧੂਮਧਾਮ ਨਾਲ ਅਨਮਤੀ ਤਿਉਹਾਰ ਮਨਾਏ ਜਾ ਰਹੇ ਹਨ। ਕੌਣ ਰੋਕੇਗਾ?

੪ ਵਰ੍ਹੀਣੇ ਬਰਸੀਆਂ ਦੇ ਰਸਤੇ ਪਿਆ ਪੰਥ---

ਗਰੜ-ਪੁਰਾਣ ਨੂੰ ਪੜ੍ਹਿਆਂ ਪਤਾ ਲੱਗਦਾ ਹੈ ਕਿ ਗੁਰਬਾਣੀ ਗਿਆਨ ਦੀ ਚਿੰਣਗ ਤਾਂ ਸਾਡੇ ਪਾਸ ਦੀ ਵੀ ਨਹੀਂ ਲੰਘੀ, ਇਸ ਕਰਕੇ ਮਰਨ ਦੀਆਂ ਸਾਰੀਆਂ ਰੀਤੀਆਂ ਅਸੀਂ ਗਰੁੜ ਪੁਰਾਣ ਦੇ ਅਨੁਸਾਰ ਕਰ ਰਹੇ ਹਾਂ। ਜੰਮਣ ਮਰਣ ਦੇ ਗੇੜ ਵਿੱਚ ਪਿਆ ਹੋਇਆ ਇਹ ਸਾਊ ਰੱਬ ਦਾ ਜਾਇਆ ਬੜੀ ਖੂਬੀ ਨਾਲ ਨਿਭਾਅ ਰਿਹਾ ਹੈ। ਗਰੜ ਪੁਰਾਣ ਦੇ ਅਨੁਸਾਰ ਕਿਸੇ ਦੂਸਰੀ ਜੂਨ ਦੇ ਡਰੋਂ ਔਖਾ ਹੋ ਕੇ ਬ੍ਰਹਾਮਣ ਦੀ ਦੇਣ ਲੈਣ ਦੀ ਪ੍ਰਕਿਰਿਆ ਵਿੱਚ ਸਿੱਖ ਪੂਰੀ ਤਰ੍ਹਾਂ ਫਸਿਆ ਪਿਆ ਹੈ।

ਮੱਥਿਆਂ `ਤੇ ਤਿਲਕ ਲੱਗੇ ਹੋਏ, ਹੱਥਾਂ `ਤੇ ਲਾਲ ਧਾਗੇ ਬੰਨ੍ਹੇ ਹੋਏ ਗੁਰੂ ਦੇ ਅੰਮ੍ਰਿਤਧਾਰੀ ਲਾਲਾਂ ਨੇ ਇੱਕ ਹੋਰ ਵੱਖਰਾ ਰਸਤਾ ਖੋਹਲ ਦਿੱਤਾ ਹੈ। ਸਾਡੀ ਹਾਲਤ ਅੱਜ ਬਿਲਕੁਲ ਐਸੀ ਹੋ ਗਈ ਹੈ ਜੈਸੀ ਗੁਰੂ ਅਰਜਨ ਪਾਤਸ਼ਾਹ ਨੇ ਸੁਖਮਨੀ ਸਾਹਿਬ ਵਿੱਚ ਦਰਸਾਈ ਹੈ ਕਿ ਰਹਿਤ ਹੋਰ ਹੈ, ਅਸੀਂ ਹੋਰ ਹੀ ਅਪਨਾਈ ਤੁਰੇ ਜਾ ਰਹੇ ਹਾਂ--- “ਰਹਤ ਅਵਰ ਕਛੁ ਅਵਰ ਕਮਾਵਤ॥ ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ” ਗਲੀਂ ਤਾਂ ਬਹੁਤ ਕੁੱਝ ਹੈ ਪਰ ਅਚਾਰ ਤੇ ਪ੍ਰੀਤ ਵਾਲੀ ਗੱਲ ਕਿਧੱਰੇ ਦਿਖਾਈ ਨਹੀਂ ਦੇਂਦੀ। ਸਭ ਤੋਂ ਮਾੜੀ ਗੱਲ ਇਹ ਹੋਈ ਹੈ ਕਿ ਸਾਨੂੰ ਗਿਆਨ ਵੀ ਨਹੀਂ ਰਿਹਾ ਕਿ ਸਾਡੀਆਂ ਰਹਿਤਾਂ ਕਿਹੜੀਆਂ ਹਨ ਤੇ ਸਾਡੀ ਗੁਰਮਤ ਦੀ ਸਦਾਚਾਰਕ ਨਿਯਮਾਵਲੀ ਕੀ ਹੈ।

ਅੰਨ੍ਹੇ ਮਨੁੱਖ ਦੇ ਰਸਤੇ ਉਹ ਹੀ ਚੱਲਦਾ ਹੈ ਜੋ ਆਪ ਅੰਨ੍ਹਾ ਹੈ। ਜਿਸ ਪਾਸ ਗਿਆਨ ਦੀਆਂ ਦੋ ਅੱਖਾਂ ਹਨ ਉਹ ਕੁਰਾਹੇ ਨਹੀਂ ਪੈਂਦਾ –

ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ॥

ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ॥

ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ॥

ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ॥

ਸਲੋਕ ਮ: ੨ ਪੰਨਾ ੯੫੪

--ਅਰਥ : —ਜੇ ਕੋਈ ਅੰਨ੍ਹਾ ਮਨੁੱਖ (ਕਿਸੇ ਹੋਰ ਨੂੰ) ਰਾਹ ਦੱਸੇ ਤਾਂ (ਉਸ ਰਾਹ ਉਤੇ) ਉਹੀ ਤੁਰਦਾ ਹੈ ਜੋ ਆਪ ਅੰਨ੍ਹਾ ਹੋਵੇ; ਹੇ ਨਾਨਕ ! ਸੁਜਾਖਾ ਮਨੁੱਖ (ਅੰਨ੍ਹੇ ਦੇ ਆਖੇ) ਕੁਰਾਹੇ ਨਹੀਂ ਪੈਂਦਾ। (ਪਰ ਆਤਮਕ ਜੀਵਨ ਵਿਚ) ਇਹੋ ਜਿਹੇ ਬੰਦਿਆਂ ਨੂੰ ਅੰਨ੍ਹੇ ਨਹੀਂ ਕਹੀਦਾ ਜਿਨ੍ਹਾਂ ਦੇ ਮੂੰਹ ਉਤੇ ਅੱਖਾਂ ਨਹੀਂ ਹਨ, ਹੇ ਨਾਨਕ ! ਅੰਨ੍ਹੇ ਉਹੀ ਹਨ ਜੋ ਮਾਲਕ-ਪ੍ਰਭੂ ਤੋਂ ਖੁੰਝੇ ਜਾ ਰਹੇ ਹਨ।

ਗੁਰੂ ਨਾਨਕ ਸਾਹਿਬ ਜੀ ਦੇ ਰਾਹ `ਤੇ ਤੁਰਨ ਵਾਲੇ ਗੁਰਸਿੱਖ ਦੀ ਨਿਜੀ ਜ਼ਿੰਦਗੀ ਕਿਹੋ ਜੇਹੀ ਹੋਣੀ ਚਾਹੀਦੀ ਹੈ ਭਾਈ ਗੁਰਦਾਸ ਜੀ ਨੇ ਬਹੁਤ ਸੁੰਦਰ ਸ਼ਬਦਾਂ ਵਿੱਚ ਬਿਆਨ ਕੀਤੀ ਹੈ--

ਗੁਰਸਿੱਖ ਭਲਕੇ ਉੱਠ ਕਰਿ ਅੰਮ੍ਰਿਤ ਵੇਲੇ ਸਰ ਨਵੰਦਾ॥

ਗੁਰ ਕੈ ਬਚਨ ਉਚਾਰਿ ਕੈ ਧਰਮਸਾਲ ਦੀ ਸੁਰਤਿ ਕਰੰਦਾ॥

ਸਾਧ ਸੰਗਤ ਵਿੱਚ ਜਾਇ ਕੈ ਗੁਰਬਾਣੀ ਦੇ ਪ੍ਰੀਤ ਸੁਣੰਦਾ॥

ਸੰਕਾ ਮਨਹੁ ਮਿਟਾਇ ਕੈ ਗੁਰਸਿੱਖਾਂ ਦੀ ਸੇਵ ਕਰੰਦਾ॥

ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸਾਦ ਆਣ ਵਰਤੰਦਾ॥

ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਵੰਦਾ॥

ਕਲੀ ਕਾਲ ਪ੍ਰਗਾਸ ਕਰ ਗੁਰ ਚੇਲਾ ਚੇਲਾ ਗੁਰ ਸੰਦਾ॥

ਗੁਰਮੁਖ ਗਾਡੀ ਰਾਹ ਚਲੰਦਾ॥ ੧੧॥ ੪੦॥

ਨਾਨਕਾਈ ਰਾਹ ਦੀ ਆਪਣੀ ਵਿਲੱਖਣਤਾ ਹੈ ਜੋ ਕਦੇ ਕਿਸੇ ਦੀ ਪਿਛਲੱਗ ਨਹੀਂ ਹੋਈ। ਇਸ ਦਾ ਅਪਣਾ ਵੱਖਰਾ ਨਿਆਰਾ ਅਤੇ ਸੁਤੰਤਰ ਮਜ਼ਹਬ ਹੈ, ਜਿਸ ਦੀ ਬੁਨਿਆਦ ਰਾਵੀ ਦੇ ਬੇਲਿਆਂ ਵਿਚ, ਅਰਬ ਮਲੁਕਾਂ ਦੇ ਮਾਰੂਥਲਾਂ ਵਿੱਚ ਅਤੇ ਮਧ_ਭਾਰਤ ਦੇ ਜੰਗਲਾਂ ਵਿੱਚ ਰੱਖੀ ਗਈ ਹੈ। ਇਸ ਰਸਤੇ ਨੂੰ ਮਜ਼ਬੂਤੀ ਦੇ ਲਿਆਉਣ ਲਈ ਦੋ ਸੌ ਤੀਹ ਸਾਲ ਦਾ ਸਮਾਂ ਲੱਗ ਗਿਆ ਸੀ। ਗੁਰੂ ਨਾਨਕ ਸਾਹਿਬ ਦਾ ਰਾਹ ਸ਼ੁਰੂ ਤੋਂ ਹੀ ਵਰਨ-ਧਰਮ, ਕਰਮ-ਕਾਂਡ, ਉਚ-ਨੀਚ, ਦੇਵੀ ਪੂਜਾ, ਨਰਕ ਸਵਰਗ, ਜਾਤ-ਪਾਤ ਅਤੇ ਹੋਰ ਹਿੰਦੂ ਰੀਤੀ ਰਿਵਾਜ਼ਾਂ ਨੂੰ ਨਹੀਂ ਮੰਨਦਾ। ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਲਿਖਦੇ ਹਨ ਦੁਨੀਆਂ ਭਾਵੇ ਚਉਰਾਸੀ ਲੱਖ ਜੂਨਾਂ ਮੰਨਦੀ ਹੋਵੇਗੀ ਪਰ ਖਾਲਸਾ ਆਪਣੇ ਆਪ ਨੂੰ ਅਬਿਨਾਸੀ ਸਮਝਦਾ ਹੈ—

ਮੁਰਸ਼ਦ ਇਨਕਾ ਵਲੀ ਭਯੋ ਹੈ, ਇਨ ਕੋ ਆਬੇ ਹਯਾਤ ਦਯੋ ਹੈ।

ਗ਼ਜ਼ਬ ਅਸਰ ਹਮ ਦੇਖਾ ਬੁਜ਼ਦਿਲ ਹੋਵਤ ਸ਼ੇਰ ਬਿਸੇਖਾ।

ਕਾਣ ਨਾ ਕਾਹੂੰ ਕੀ ਇਹ ਰਾਖਤ, ਸ਼ਹਿਨਸ਼ਾਹ ਖ਼ੁਦ ਹੀ ਕੁ ਭਾਖਤ।

ਔਰ ਸਭਨ ਕੋ ਜੀਵ ਚਉਰਾਸੀ, ਮਾਨਤ ਆਪਨ ਤਾਹਿ ਅਬਿਨਾਸੀ।

ਗੁਰੂ ਨਾਨਕ ਸਾਹਿਬ ਜੀ ਦਾ ਫਲਸਫ਼ਾ ਕਰਾਮਾਤੀ ਸਾਖੀਆਂ, ਬ੍ਰਹਾਮਣ ਵਲੋਂ ਦਰਸਾਈ ਗਈ ਚਉਰਾਸੀ ਲੱਖ ਜੂਨਾਂ ਦੀ ਘੁੰਮਣ ਘੇਰੀ, ਨਰਕ ਵਿੱਚ ਉਬਲ਼ਦੇ ਤੇਲ ਦੇ ਕੜਾਹੇ, ਸਵਰਗ ਵਿੱਚ ਵੱਗਦੀਆਂ ਸ਼ਹਿਦ ਦੀਆਂ ਨਦੀਆਂ, ਜੋਗੀਆਂ ਵਾਲੇ ਅਨਹਦ ਸ਼ਬਦ ਦਾ ਵੱਜਣਾ, ਜਾਤ-ਪਾਤ ਦੀ ਸੜਹਾਂਦ, ਵਿਹਲੜ ਸਾਧਾਂ ਦੇ ਟੋਲਿਆਂ ਦੀ ਬੇ-ਲੋੜੀ ਸੇਵਾ, ਲੁੱਟ-ਘਸੁੱਟ ਵਾਲੀ ਰਾਜਨੀਤੀ, ਪਰਜਾ ਦਾ ਅਗਿਆਨਤਾ ਵਿੱਚ ਚੱਲੇ ਜਾਣਾ, ਹਰ ਧਰਮ ਦੇ ਪੁਜਾਰੀ ਦੀ ਧਰਮ ਦੇ ਨਾਂ `ਤੇ ਦਿਨ-ਦੀਵੀਂ ਚਿੱਟੀ ਲੁੱਟ, ਅੱਖਾਂ ਮੀਚ ਕੇ ਸਮਾਧੀਆਂ ਲਾਉਣੀਆਂ, ਜੋਤਸ਼ੀਆਂ ਨੂੰ ਹੱਥ ਦਿਖਾਲਣੇ, ਹਰ ਪਰਕਾਰ ਦੇ ਨਸ਼ਿਆਂ ਦੀ ਵਰਤੋਂ ਤੇ ਸਮਜਾਕ ਕੁਰਤੀਆਂ ਨੂੰ ਮੁੱਢੋਂ ਨਿਕਾਰਦਾ ਹੈ।

ਗੁਰੂ ਨਾਨਕ ਸਾਹਿਬ ਦਾ ਰਾਹ ਆਤਮਕ ਗਿਆਨ ਦੇ ਦਰਵਾਜ਼ੇ ਖੋਹਲਦਾ ਹੋਇਆ ਵਿਚਾਰਵਾਨ ਬਣਾਉਂਦਾ ਹੈ। ਸਮਾਜਕ ਬਰਾਬਰੀ ਦਾ ਅਲੰਬਰਦਾਰ, ਪਰਜਾ ਨੂੰ ਗਿਆਨਵਾਨ ਬਣਾਉਂਦਿਆਂ--ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥ ਅਕਲੀ ਪੜਿੑ ਕੈ ਬੁਝੀਐ ਅਕਲੀ ਕੀਚੈ ਦਾਨੁ॥ ਮਾਰਗ ਦਰਸ਼ਨ ਕਰਦਾ ਹੈ ਕੂਕ ਕੂਕ ਕੇ ਕਹਿ ਰਿਹਾ ਹੈ---ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ॥ ਤੇ ਫਿਰ ਸਮੇਂ ਸਿਰ ਸੱਚ ਬੋਲਣ ਦੀ ਜਾਚ ਸਿਖਾਉਂਦਾ ਹੈ ਹੋਇਆ ਕਹਿੰਦਾ ਈ--ਬੋਲਿ ਸੁਧਰਮੀੜਿਆ ਮੋਨਿ ਕਤ ਧਾਰੀ ਰਾਮ॥ ਪਰਜਾ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਸੁਚੇਤ ਕਰਦਾ ਹੈ। ਇਸਤ੍ਰੀ ਨੂੰ ਉਸ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦਾ ਹੋਇਆ ਉਸ ਨੂੰ ਧਰਮ ਵਿੱਚ ਅਜ਼ਾਦੀ ਦੇਂਦਾ ਹੈ। ਏਸੇ ਧਰਤੀ ਤੇ ਏਸੇ ਜੀਵਨ ਦੇ ਵਿੱਚ ਹੀ ਸਚਿਆਰ ਬਣਕੇ ਜੀਵਨ ਜੁਗਤੀ ਸਮਝਦਾ ਹੈ। ਕਿਰਤ ਵਿਹਾਰ ਵਿੱਚ ਹੀ ਕੀਰਤੀ ਕਰਦਾ ਹੋਇਆ ਨਿਰੰਕਾਰ ਦਾ ਰੂਪ ਬਣਾਉਂਦਾ ਹੈ। ਕਿਸੇ ਦਾ ਸੁੱਖ ਖੋਹਣਾ ਨਹੀਂ ਸਗੋਂ ਆਪਣਾ ਸੁੱਖ ਛੱਡ ਕੇ ਕਿਸੇ ਦਾ ਦਰਦ ਵੰਡਾਉਣ ਦੀ ਵਿਧੀ ਦੱਸਦਾ ਹੈ। ਇਹ ਸਾਰੇ ਸੰਸਾਰ ਨੂੰ ਆਪਣੀ ਪਿਆਰ ਗਲਵੱੜੀ ਵਿੱਚ ਲੈਂਦਾ ਹੈ। ਇਹ ਦੂਜੇ ਤੀਜੇ ਦੀਆਂ ਹੱਦਾਂ ਨੂੰ ਤੋੜਦਾ ਹੋਇਆ --ਤੁਮਰੀ ਕ੍ਰਿਪਾ ਤੇ ਸਭੁ ਕੋ ਅਪਨਾ ਮਨ ਮਹਿ ਇਹੈ ਬੀਚਾਰਿਓ॥ ਦਾ ਰਾਹ ਸਿੱਧ-ਪੱਧਰਾ ਦਸਦਾ ਹੈ।




.