.

ਗੁਰੂ ਗੋਬਿੰਦ ਸਿੰਘ ਜੀ

(ਹਰਜਿੰਦਰ ਸਿੰਘ ਸਭਰਾ ਮੋ: 98555-98833)

ਪ੍ਰਚਲਤ ਅਤੇ ਗਲਤ ਧਾਰਨਾਵਾਂ ਦੇ ਵਹਿਣ ਵਿੱਚ ਵਹਿ ਕੇ ਆਪਣਾ ਜੀਵਨ ਜਿਊ ਜਾਣਾ ਸੰਸਾਰ ਦੇ ਹਰ ਵਿਅਕਤੀ ਦੀ ਫਿਤਰਤ ਬਣੀ ਹੋਈ ਹੈ। ਪਰ ਕੁੱਝ ਜੀਵਨ ਅਜਿਹੇ ਵੀ ਹੁੰਦੇ ਹਨ ਜੋ ਪ੍ਰਚਲਤ ਰੂੜੀਵਾਦੀ ਧਾਰਨਾਵਾ ਵਿਚੋਂ ਆਪ ਹੀ ਨਹੀਂ ਉਭਰਦੇ ਬਲਕਿ ਅਜਿਹੀ ਬੋਝਮਈ ਅਵਸਥਾ ਤੋਂ ਸੰਸਾਰ ਦੇ ਬਾਕੀ ਜੀਵਾਂ ਨੂੰ ਵੀ ਮੁਕਤ ਕਰ ਜਾਂਦੇ ਹਨ। ਇਤਿਹਾਸ ਦੀ ਸਿਰਜਣਾਂ ਕਰਨ ਦੀ ਸਮਰੱਥਾ ਵਾਲੇ ਅਜਿਹੇ ਯੁਗਪੁਰਸ਼ਾਂ ਦਾ ਦਰਸ਼ਨ ਇਹ ਮਾਨਵਜਾਤੀ ਬੜੀਆਂ ਮੁੱਦਤਾਂ ਬਾਅਦ ਕਰਦੀ ਹੈ। ਅਜਿਹੇ ਹੀ ਇਤਿਹਾਸ ਦੇ ਮਹਾਂਨਾਇਕ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਉਨ੍ਹਾਂ ਦਾ ਜੀਵਨ ਤਾਂ ਭਾਵੇ ਕੁੱਝ ਸਾਲਾਂ, ਮਹੀਨਿਆ ਅਤੇ ਦਿਨ੍ਹਾਂ ਤੱਕ ਸੀਮਤ ਕਰਕੇ ਵੇਖਿਆ ਜਾ ਸਕਦਾ ਹੈ ਅਤੇ ਉਨ੍ਹਾਂ ਦੀ ਕਾਰਜਸ਼ੈਲੀ ਉਪਰ ਵੀ ਮੋਟੇ ਤੌਰ ਤੇ ਨਜ਼ਰ ਮਾਰੀ ਜਾ ਸਕਦੀ ਹੈ ਪਰ ਉਨ੍ਹਾਂ ਦੀ ਆਮਦ ਅਤੇ ਜੀਵਨ ਰਹਿਣੀ ਨੇ ਜਿਨ੍ਹਾਂ ਆਦਰਸ਼ਾਂ ਦੀ ਪਾਲਣਾ ਕੀਤੀ ਅਤੇ ਆਪਣੇ ਮਹਾਨ ਗੁਣਾਂ ਸਦਕਾ ਮਨੁੱਖੀ ਸੱਭਿਅਤਾ ਵਿੱਚ ਬਹਾਰ ਪੈਦਾ ਕੀਤੀ ਉਹ ਆਪਣੀ ਮਿਸਾਲ ਆਪ ਹੈ ਜਿਸ ਦਾ ਕੋਈ ਪਾਰਾਵਾਰ ਵੀ ਨਹੀਂ ਅਤੇ ਸਾਨੀ ਵੀ ਨਹੀਂ। ਉਹ ਗੁਰੂ ਨਾਨਕ ਸਾਹਿਬ ਜੀ ਦੀ ਵੀਚਾਰਧਾਰਾ ਅਤੇ ਉਨ੍ਹਾਂ ਵਲੋਂ ਸੰਗਠਿਤ ਕੀਤੇ ਇਨਕਲਾਬੀ ਮਹਾਂਪੁਰਖਾਂ ਦੀ ਵਿਰਾਸਤ ਦੇ ਮਾਲਕ ਅਤੇ ਮਾਨਵਤਾ ਦੇ ਰਾਹ ਦਸੇਰੇ ਸਨ। ਉਨ੍ਹਾਂ ਕੋਲ ਗੁਰਮਤਿ ਵੀਚਾਰਧਾਰਾ ਦਾ ਵੱਡਾ ਜ਼ਖੀਰਾ ਸੀ ਜਿਸਦੀ ਸਾਂਝ ਉਨ੍ਹਾਂ ਦੇ ਪਹਿਲੇ ਰਾਹਬਰ ਦੁਨੀਆਂ ਨੂੰ ਪਵਾਉਂਦੇ ਆਏ ਸਨ। ਇਸੇ ਨੂੰ ਸੰਭਾਲ ਅਤੇ ਨੀਤੀਗਤ ਤਰੀਕੇ ਨਾਲ ਉਨ੍ਹਾਂ ਨੇ ਆਪਣੇ ਜੀਵਨ ਵਿੱਚ ਵਰਤਿਆ ਅਤੇ ਇਤਿਹਾਸ ਵਿੱਚ ਮਾਣਯੋਗ ਪ੍ਰਾਪਤੀਆਂ ਕਰਕੇ ਇੱਕ ਵੱਖਰੀ ਮਿਸਾਲ ਪੈਦਾ ਕੀਤੀ ਜਿਸ ਨਾਲ ਮਾਨਵਤਾ ਦੇ ਚਿਹਰੇ ਦੀ ਸੱਚਿਆਰੀ ਨੁਹਾਰ ਨੂੰ ਨਿਖਾਰਨ ਦੇ ਵੱਡੇ ਚਿੰਨ ਦਿਖਾਈ ਦਿੰਦੇ ਹਨ। ਪਰ ਇਸ ਦੇ ਨਾਲ ਇਹ ਵੀ ਵੱਡੀ ਅਤੇ ਨਾ ਝੁਠਲਾਈ ਜਾਣ ਵਾਲੀ ਸੱਚਾਈ ਹੈ ਕਿ ਅਜਿਹੇ ਮਹਾਨ ਨੇਤਾ, ਧਾਰਮਿਕ ਪੁਰਸ਼ ਅਤੇ ਇਨਕਲਾਬ ਦੀ ਪੈਦਾਵਾਰ ਕਰਨ ਵਾਲੀ ਪਵੱਤਰ ਰੂਹ ਦੀ ਵੀਚਾਰਧਾਰਾ ਅਤੇ ਆਸ਼ਿਆਂ ਦਾ ਦਾਇਰਾ ਅਸੀਮ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੇ ਰਾਹ ਤੇ ਚਲਣ ਦਾ ਦਮ ਭਰਨ ਵਾਲਿਆਂ ਵਿੱਚ ਉਹ ਝਲਕ ਕਿਉਂ ਨਹੀਂ ਪਰਤੀਤ ਹੁੰਦੀ ਜਿਸਦੀ ਪੈਦਾਇਸ਼ ਮਰਦ ਅਗੰਮੜੇ ਰਹਿਬਰ ਨੇ ਪੈਦਾ ਕੀਤੀ ਅਤੇ ਮਨੁੱਖੀ ਸਮਾਜ ਵਿੱਚ ਬੇਦਿਲੀ, ਬੇਗ਼ੈਰਤੀ, ਅਵੇਸਲੇਪਨ, ਅਤੇ ਭਟਕਣਾ ਦਾ ਇਹ ਆਲਮ ਕਿਉਂ ਹੈ? ਨਿਸ਼ਚੈ ਹੀ ਕਿਹਾ ਜਾ ਸਕਦਾ ਹੈ ਕਿ ਇਸ ਪਾਏ ਦਾ ਮਹਾਨ ਨਾਇਕ ਕਿਸੇ ਹੋਰ ਦੇਸ਼ ਜਾਂ ਕੌਮ ਵਿੱਚ ਪੈਦਾ ਹੁੰਦਾ ਤਾ ਇਤਿਹਾਸ ਦੀ ਰੁਮਕ ਕੁੱਝ ਹੋਰ ਹੀ ਹੁੰਦੀ। ਇਸ ਸਵਾਲ ਦਾ ਜਵਾਬ ਜੇਕਰ ਅਸੀਂ ਲੱਭੀਏ ਤਾ ਮੂਲ ਰੂਪ ਵਿੱਚ ਕਈ ਕਾਰਣ ਸਾਡੇ ਸਾਹਮਣੇ ਆ ਜਾਂਦੇ ਹਨ। ਗੁਰੂ ਨਾਨਕ ਸਾਹਿਬ ਜੀ ਨੇ ਮਹਾਨ ਘਾਲਨਾਵਾ ਘਾਲ ਕੇ ਇੱਕ ਨਰੋਈ ਵੀਚਾਰਧਾਰਾ ਮਾਨਵਤਾ ਦੇ ਸਨਮੁੱਖ ਰੱਖੀ। ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਵੀਚਾਰਧਾਰਾ ਦੀ ਪੈਰਵੀ ਹੀ ਕੀਤੀ ਅਤੇ ਭਾਰਤੀ ਸਮਾਜ ਦੀ ਦਸ਼ਾ ਅਤੇ ਭਾਵਨਾ ਵਿੱਚ ਵੱਡਾ ਪ੍ਰੀਵਰਤਨ ਲੈ ਆਂਦਾ। ਪਰ ਇਸ ਪ੍ਰੀਵਰਤਨ ਨੂੰ ਨਾ ਸਮਝਣ ਕਰਕੇ ਹੀ ਇਸ ਦੇ ਫੈਲਾੳ ਵਿੱਚ ਵੱਡੀ ਰੁਕਾਵਟ ਪਈ ਹੈ। ਗੁਰੂ ਘਰ ਵਲੋਂ ਸਿਰਜੇ ਮਹਾਨ ਸੱਭਿਆਚਾਰ ਨੂੰ ਪੁਰਾਤਨਤਾ ਅਤੇ ਰੂੜੀਵਾਦੀ ਸੋਚ ਨੇ ਪ੍ਰਵਾਨ ਨਹੀਂ ਕੀਤਾ ਜਿਸਦੀਆਂ ਕਾਰਵਾਈਆਂ ਦੇ ਨਿਸ਼ਾਨ ਇਤਿਹਾਸ ਵਿੱਚ ਲੱਗੇ ਦਿਖਾਈ ਦਿੰਦੇ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨੂੰ ਵੀਚਾਰਨ ਤੋਂ ਇਹ ਸ਼ਪੱਸ਼ਟ ਹੈ ਕਿ ਉਨ੍ਹਾਂ ਦੇ ਪੁਰਖਿਆਂ ਅਤੇ ਉਨ੍ਹਾਂ ਦੇ ਪਿਤਾ ਜੀ ਦੀ ਸ਼ਹਾਦਤ ਨੇ ਭਾਰਤ ਦੇ ਲੋਕਾਂ ਨੂੰ ਇੱਕ ਵੱਡੀ ਰਾਹਤ ਪ੍ਰਦਾਨ ਕੀਤੀ ਪਰ ਇਸ ਪਰਉਪਕਾਰ ਨੂੰ ਨਜ਼ਰਅੰਦਾਜ਼ ਕਰਕੇ ਉਨ੍ਹਾਂ ਨਾਲ ਲੰਬਾ ਸਮਾਂ ਜੰਗਾਂ ਛੇੜ ਕੇ ਭਾਰਤੀ ਦੇ ਮੂਲ ਨਿਵਾਸੀ ਪਹਾੜੀ ਰਾਜਿਆਂ ਨੇ ਜਿਥੇ ਗੁਰੂ ਸਾਹਿਬਾਨ ਨਾਲ ਵੈਰ ਤਾਂ ਕਮਾਇਆ ਹੀ ਹੈ ਉਥੇ ਇਹ ਵੀ ਸਾਬਤ ਕੀਤਾ ਹੈ ਕਿ ਉਨਾਂ ਨੂੰ ਗੁਰੂ ਆਸ਼ਿਆ ਦੀ ਉੱਕੀ ਹੀ ਸਮਝ ਨਹੀਂ ਆਈ। ਗੁਰੂ ਜੀ ਵਲੋਂ ਕੀਤੇ ਉਪਕਾਰਾਂ ਨੂੰ ਗ਼ਲਤ ਨਜ਼ਰ ਨਾਲ ਵੇਖ ਕੇ ਜਾ ਗ਼ਲਤ ਰੰਗਤ ਵਿੱਚ ਪ੍ਰਚਾਰ ਕੇ ਉਨ੍ਹਾਂ ਦੀ ਵੀਚਾਰਧਾਰਾ ਨਾਲ ਧ੍ਰੋਹ ਕਰਨ ਦਾ ਯਤਨ ਕੀਤਾ ਗਿਆ। ਭਾਵੇਂ ਇਸ ਵਿੱਚ ਕੁੱਝ ਵੀ ਸ਼ੱਕ ਨਹੀਂ ਹੈ ਕਿ ਗੁਰੂ ਨੂੰ ਪਿਆਰ ਕਰਨ ਵਾਲੇ ਗੁਰਸਿਖਾਂ ਨੇ ਆਪਣਾ ਆਪਾ ਤੱਕ ਗੁਰੂ ਆਸਿਆਂ ਤੋਂ ਘੋਲ ਘੁਮਾਇਆ ਪਰ ਕਿਤੇ ਨਾ ਕਿਤੇ ਸਿਖ ਧਰਮ ਵਿੱਚ ਅਜਿਹੇ ਤੱਤ ਵੀ ਸ਼ਾਮਲ ਹੁੰਦੇ ਰਹੇ ਜਿਨ੍ਹਾਂ ਗੁਰੂ ਵੀਚਾਰਧਾਰਾ ਨੂੰ ਨਾ ਸਮਝ ਕੇ ਆਪਣੇ ਪੁਰਾਣੇ ਸੰਸਕਾਰਾਂ ਅਤੇ ਹੂੜਮੱਤ ਅਧੀਨ ਇਸ ਦੇ ਨਾਂ ਤੇ ਕੁੱਝ ਹੋਰ ਹੀ ਕਰਮ ਕੀਤੇ ਅਤੇ ਇਸਦੀ ਦਿੱਖ ਨੂੰ ਖ਼ਰਾਬ ਕਰਨ ਦਾ ਕੋਝਾ ਯਤਨ ਕੀਤਾ। ਮਸੰਦਾਂ ਵਾਂਗ ਗੁਰੂ ਬਖਸ਼ੇ ਪਹਿਰਾਵੇ ਹੇਠ ਵੀ ਦੁਨੀਆ ਦੀ ਸੋਚ ਹੀ ਵਿਚਰਦੀ ਰਹੀ ਜਿਸ ਦੀ ਝਲਕ ਮਿਸਲਾਂ ਦੀ ਦਿਸ਼ਾਹੀਣ ਸਥਿਤੀ ਤੋਂ ਮਿਲ ਜਾਂਦੀ ਹੈ। ਵਿਚਾਰ ਕਰਨ `ਤੇ ਸ਼ੱਕ ਨਹੀਂ ਰਹੇਗਾ ਕਿ ਮਿਸਲਾਂ ਵਕਤ ਥੋੜੀਆਂ ਅਤੇ ਹੋਛੀਆਂ ਪਰਾਪਤੀਆਂ ਦੇ ਰਸ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਨਕਲਾਬੀ ਅਤੇ ਮਾਨਵਵਾਦੀ ਸੋਚ ਤੋਂ ਹੱਟ ਕੇ ਹੀ ਚੱਲੇ। ਖਾਲਸੇ ਦੇ ਨਿਆਰੇਪਨ ਦਾ ਜਿਤਨਾ ਜ਼ਿਆਦਾ ਜ਼ਿਕਰ ਕੀਤਾ ਜਾਂਦਾ ਹੈ ਨਿਆਰੇਪਨ ਦੀ ਝਲਕ ਜੀਵਨ ਵਿਚੋਂ ਉਨੀਂ ਹੀ ਮਨਫੀ ਹੋਈ ਪ੍ਰਤੀਤ ਹੁੰਦੀ ਹੈ। ਇਸ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਗੁਰੂ ਗੋਬਿੰਦ ਸਿੰਘ ਦੇ ਰਾਹ ਰਸਤੇ ਤੇ ਤੁਰਨ ਵਾਲਾ ਕੋਈ ਨਹੀਂ ਸੀ। ਇਤਿਹਾਸ ਵਿੱਚ ਅਜਿਹੇ ਅਨੇਕਾਂ ਨਾਮ ਹਨ ਜਿਨ੍ਹਾਂ ਦੇ ਜੀਵਨ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਆਸ਼ੇ ਕੁੱਟ ਕੁੱਟ ਕੇ ਭਰੇ ਹੋਏ ਸਨ। ਸਾਡਾ ਕਹਿਣ ਦਾਂ ਮੰਤਵ ਇਸ ਮਹਾਨ ਭਾਵਨਾ ਦੇ ਫੈਲਾਅ ਤੋਂ ਹੈ। ਇਸ ਦਾ ਵੱਡਾ ਕਾਰਣ ਇਹ ਵੀ ਹੈ ਕਿ ਸਿੱਖ ਧਰਮ ਦੇ ਆਰੰਭ ਤੋਂ ਹੀ ਇਸ ਨੂੰ ਅਣਸੁਖਾਵੇਂ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ। ਇਸ ਦੇ ਅਣਸੁਖਾਵੇਂ ਹਲਾਤਾ ਦਾ ਕਾਰਣ ਵੀ ਇਸ ਦੇ ਵਖਰੇ ਨਿਵੇਕਲੇ, ਅਗਾਂਹ ਵਧੂ ਅਤੇ ਸੰਘਰਸ਼ਸ਼ੀਲ ਸਿਧਾਂਤ ਹਨ। ਜਿਨ੍ਹਾਂ ਨੂੰ ਸਮੇਂ ਸਮੇਂ ਤੇ ਹਰ ਵਿਰੋਧੀ ਨੇ ਮੁਕੰਮਲ ਤੌਰ ਤੇ ਦਬਾਉਣਾ ਚਾਹਿਆ। ਦਸਵੇਂ ਗੁਰੂ ਵੇਲੇ ਇਹ ਟਕਰਾਅ ਬਾਹਰੀ ਰੂਪ ਵਿੱਚ ਵੱਡਾ ਰੂਪ ਧਾਰਣ ਕਰ ਗਿਆ। ਪਰ ਇਸ ਵਿੱਚ ਵਿਚਾਰਣਯੋਗ ਗੱਲ ਇਸ ਵੀ ਹੈ ਕਿ ਭਾਰਤੀ ਖਿੱਤੇ ਦੀ ਸਭ ਤੋਂ ਵੱਡੀ ਮਜ਼ਲੂਮ ਧਿਰ ਦੇ ਅਖੌਤੀ ਆਗੂਆਂ ਵਲੋਂ ਇਸ ਵਿਰੋਧ ਵਿੱਚ ਹੱਦੋਂ ਵੱਧ ਯੋਗਦਾਨ ਪਾਇਆ ਗਿਆ। ਹਾਲਾਂਕਿ ਗੁਰੂ ਘਰ ਉਹਨਾਂ ਲਈ ਸਭ ਤੋਂ ਵੱਡੀ ਫਾਇਦੇਮੰਦ ਥਾਂ ਸੀ। ਦੂਜੇ ਧਰਮਾਂ ਦੀ ਕਟੱੜਵਾਦੀ ਲਾਬੀ ਆਪਣੇ ਏਕਾਧਿਕਾਰ ਅਤੇ ਪਕੜ ਨੂੰ ਬਣਾਈ ਰੱਖਣ ਲਈ ਧਾਰਮਿਕ ਤਾਕਤ ਦੀ ਵਰਤੋਂ ਰੱਬੀ ਰਾਹ ਦੇ ਪਾਂਧੀ ਗੁਰੂ ਸਾਹਿਬਾਂ ਵਿਰੱਧ ਵਰਤਦੀ ਰਹੀ। ਅੰਦਰ ਦੇ ਇਸ ਉਬਾਲ ਨੂੰ ਰਾਜਸੀ ਤਾਕਤ ਨੇ ਅੰਜਾਮ ਦੇਣ ਤੋਂ ਕੱਦੀ ਕੰਨੀ ਨਹੀਂ ਕਤਰਾਈ। ਅਸਲ ਵਿੱਚ ਇਹ ਇਨਕਲਾਬ ਅਤੇ ਰੂੜੀਵਾਦ ਦਾ ਵੱਡਾ ਟਕਰਾਅ ਸੀ। ਜੋ ਕਿਸੇ ਨਾ ਕਿਸੇ ਰੂਪ ਵਿੱਚ ਚੱਲਿਆ ਹੀ ਆ ਰਿਹਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੀਤੇ ਕਾਰਜਾਂ ਵਿੱਚ ਮਹਾਨ ਗੱਲ ਇਹ ਸੀ ਉਹਨਾਂ ਨੇ ਖਾਲਸਾ ਸਾਜ ਕੇ ਧਾਰਮਿਕ ਰਾਜਸੀ, ਆਰਥਕ ਅਤੇ ਸਮਾਜਿਕ ਬਰਾਬਰਤਾ ਅਤੇ ਵੱਡਾ ਪਰਿਵਰਤਨ ਪੈਦਾ ਕੀਤਾ ਜਿਸ ਦੀ ਸਮੇਂ ਦੇ ਵੇਗ ਨਾਲ ਸਹੀ ਤਸਵੀਰ ਧੁੰਦਲੀ ਕਰਨ ਦਾ ਵੱਡਾ ਯਤਨ ਹੋਇਆ ਹੈ। ਅਤੇ ਚੰਦ ਕਥਾ ਕਹਾਣੀਆਂ ਤੋਂ ਬਿਨਾਂ ਇਸ ਨੂੰ ਸਮਝਣ ਦਾ ਯਤਨ ਹੀ ਨਹੀਂ ਹੋ ਸਕਿਆ। ਅਤੇ ਮਨੁੱਖਤਾ ਦਾ ਆਮ ਹਿੱਸਾ ਜਿਸ ਨੂੰ ਆਪਣੀ ਪਕੜ ਰੱਖਣ ਦੇ ਚਾਹਵਾਨ ਲੋਕਾਂ ਨੇ ਸਦਾ ਹੀ ਇਸ ਤੋਂ ਦੂਰ ਰਖਿਆ। ਜਿਸ ਦੀ ਵਜਹ ਕਰਕੇ ‘ਇਨ ਗਰੀਬ ਸਿਖਨ ਕੋ ਦਿਉਂ ਪਾਤਸ਼ਾਹੀ। ਯਹ ਯਾਦ ਕਰੈਂ ਹਮਰੀ ਗੁਰਆਈ। ਦਾ ਸੰਕਲਪ ਕਹਿਣ ਮਾਤਰ ਹੀ ਰਹਿ ਰਿਹਾ ਹੈ ਅਤੇ ਇਸ ਆਸ਼ੇ ਦੀ ਪ੍ਰਾਪਤੀ ਦਾ ਮਾਮੂਲੀ ਯਤਨ ਵੀ ਨਹੀਂ ਹੋ ਰਿਹਾ। ਅਜੋਕੇ ਸਮੇ ਵਿੱਚ ਖਾਸ ਤੌਰ ਤੇ ਨਾਨਕ ਪ੍ਰਸਤਾਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਵਿਰਾਸਤ ਤੇ ਵਾਰਸਾਂ ਨੂੰ ਇਹ ਸੋਚਣਾ ਪਵੇਗਾ ਕਿ ਅਜਿਹੀ ਅਜ਼ੀਮ ਇਨਕਲਾਬੀ ਸੋਚ ਤੇ ਪਰਦਾ ਪਾਇਆ ਜਾਣਾ ਚਾਹੀਦਾ ਹੈ ਜਾਂ ਇਸ ਨੂੰ ਜੱਗ ਜ਼ਾਹਿਰ ਕਰਨਾ ਚਾਹੀਦਾ ਹੈ?
“ਜਿਨਾ ਗੁਰੁ ਗੋਪਿਆ ਆਪਣਾ ਤੇ ਨਰ ਬੁਰਿਆਰੀ॥
ਹਰਿ ਜੀਉ ਤਿਨ ਕਾ ਦਰਸਨੁ ਨਾ ਕਰਹੁ ਪਾਪਿਸਟ ਹਤਿਆਰੀ॥” (645)

ਸਿੱਖ ਪੰਥ ਦਾ ਨਿਸ਼ਾਨਾ ਗੁਰੂ ਸਾਹਿਬ ਦੀ ਸੋਚ ਨੂੰ ਸਾਕਾਰ ਰੂਪ ਵਿੱਚ ਪ੍ਰਵਾਣ ਚੜਾਉਣਾ ਹੈ। ਜੋ ਉSਨਾਂ ਚਿਰ ਸੰਭਵ ਨਹੀਂ ਹੋ ਸਕੇਗਾ ਜਿਨਾਂ ਚਿਰ ਇਸ ਦੀ ਸਹੀ ਘੋਖ ਕਰਕੇ ਸਹੀ ਅਰਥਾਂ ਵਿੱਚ ਇਸ ਨੂੰ ਲਾਗੂ ਨਹੀਂ ਕੀਤਾ ਜਾਦਾ ਅਤੇ ਮਾਨਵ ਸਮਾਜ ਦੇ ਵੱਡੇ ਹਿੱਸੇ ਨੂੰ ਇਸ ਦੇ ਲਾਭਕਾਰੀ ਪ੍ਰਭਾਵਾਂ ਤੋਂ ਜਾਣੂ ਨਹੀਂ ਕਰਵਾਇਆ ਜਾਂਦਾ। ਅਜਿਹਾ ਕਰਕੇ ਹੀ ਅਸੀਂ ਸੱਚੇ ਸ਼ਨਿਸ਼ਾਹ ਦੇ ਰੂ- ਬ- ਰੂ ਸੁਰਖਰੂ ਹੋ ਸਕਦੇ ਹਾਂ। ਆਓ, ਖਾਲਸੇ ਬਣੀਏ। ਗੁਰੂ ਗ੍ਰੰਥ ਸਾਹਿਬ ਜੀ ਦੇ ਅਧਾਂਰ ਤੇ ਖਾਲਸਾਈ ਜੀਵਨ ਦੀ ਸਿਰਜਨਾ ਕਰਕੇ ਖਾਲਸਾਈ ਰਿਵਾਇਤਾਂ ਧਾਰਨ ਕਰਕੇ ਗੁਰੂ ਬਖਸ਼ੇ ਚਾਨਣ ਨੂੰ ਦੁਨੀਆ ਦੇ ਅੰਧਕਾਰ ਦੇ ਵਿਨਾਸ਼ ਲਈ ਪ੍ਰਗਟ ਕਰੀਏ।
.