.

ਬ੍ਰਾਹਮਣਵਾਦ ਮਨੁਖੀ ਮਾਨਸਿਕਤਾ ਨੂੰ ਰੋਗ

ਬ੍ਰਾਹਮਣਵਾਦ ਮਨੁਖੀ ਮਾਨਸਿਕਤਾ ਨੂੰ ਰੋਗ, ਨਿਤੀਜਾ ਮਨੁੱਖਾਂ ਦੀ ਜਾਤਾਂ ਵਿੱਚ ਵੰਡ, ਦੇਸ਼ ਦਾ ਬਟਵਾਰਾ, ਇਨਸਾਨਾਂ ਦਾ ਕਤਲੇਆਮ, ੧੫੦੦ ਸਾਲ ਦੀ ਗੁਲਾਮੀ, ਲੋਕਾਂ ਨੂੰ ਗਲਤ ਕੰਮ ਕਰਨ ਦੀ ਤਰਫ ਪ੍ਰੇਰਨਾ, ਸਵਰਗ ਦਾ ਲਾਲਚ, ਨਰਕ ਦਾ ਡਰਾਵਾ, ਮਾਂ ਨਾਲ ਧੋਖਾ ਤੇ ਧੀਆਂ ਭੈਣਾਂ ਦਾ ਸੌਦਾ, ਅਨਪੜ੍ਹਤਾ ਵਿੱਚ ਵਾਧਾ, ਪਥਰਾਂ ਨੂੰ ਖੁਸ਼ ਕਰਨ ਲਈ ਮਨੁੱਖਾਂ ਦੀ ਤੇ ਜਾਨਵਰਾਂ ਦੀ ਬਲੀ। ਹੁਣ ਤੁਸੀਂ ਆਪ ਹੀ ਦਸੋ ਕਿ ਉਪਰ ਵਰਨਤ ਕੰਮ ਕਿਸੇ ਇਨਸਾਨ ਦੇ ਹੋ ਸਕਦੇ ਹਨ ਕਿਆ ਇਨਾਂ ਲੋਕਾਂ ਨੂੰ ਅਸੀਂ ਮਾਨਸਿਕ ਰੋਗੀ ਨਹੀਂ ਕਹਾਗੇ, ਅਸੀਂ ਇਹ ਸਾਰਾ ਵਰਤਾਰਾ ਆਪਣੇ ਆਲੇ ਦਵਾਲੇ ਹੁੰਦੇ ਹੋਏ ਵੇਖ ਸਕਦੇ ਹਾਂ।

ਗੁਰਬਾਣੀ ਫਰਮਾਨ ਪੜੀਏ:

ਜੇ ਜਾਣਸਿ ਬ੍ਰਹਮੰ ਕਰਮੰ।। ਸਭਿ ਫੋਕਟ ਨਿਸਚਉ ਕਰਮੰ।। ੪੭੦

ਪਰ ਦੇਖਣ ਵਾਲੀ ਗੱਲ ਇਹ ਹੈ ਕਿ ਗੁਰੂ ਸਾਹਿਬ ਦੇ ਕਹਿਲਾਂਦੇ ਸਿੱਖ ਅੱਜ ਇਹ ਸਾਰੇ ਮਾੜੇ ਕੰਮ ਕਰ ਰਹੇ ਹਨ, ਚਲੋ ਮਨ ਵੀ ਲਈਏ ਕਿ ਕੋਈ ਸਮਾ ਸੀ ਜਦੋਂ ਅਸੀਂ ਬ੍ਰਾਹਮਣਵਾਦ ਦੇ ਕਾਰਣ ਅਨਪੜਤਾ ਦੇ ਸ਼ਿਕਾਰ ਹੋਏ ਤੇ ਅੱਖਾਂ ਮੂੰਦ ਕੇ ਬ੍ਰਾਹਮਣੀ ਕਰਮ ਕਾਂਡਾ ਪਿਛੇ ਲਗ ਪਏ। ਉਦੋਂ ਅਸੀਂ ਸੁੱਤੇ ਹੋਏ ਸਾਂ ਪਰ ਕਿਆ ਆਗੇ ਵੀ ਅਸੀਂ ਸੁੱਤੇ ਹੀ ਰਹਾਂਗੇ। ਕਿਆ ਕਦੀ ਕਿਸੇ ਸਿੱਖ ਨੇ ਸੋਚਿਆ ਹੈ ਕਿ ਇਸ ਬ੍ਰਾਹਮਣਵਾਦ ਨੇ ਸਾਡੇ ਤੋਂ ਕੀ ਕੀ ਲਿਆ ਹੈ? ਮਾਹਾਰਾਜਾ ਰਣਜੀਤ ਸਿੰਘ ਦਾ ਸਮਾ ਯਾਦ ਕਰ ਕੇ ਬੜਾ ਫਕਰ ਮਹਿਸੂਸ ਕਰਦੇ ਹਾਂ ਪਰ ਏਹ ਰਾਜ ਵੀ ਬ੍ਰਾਹਮਣਵਾਦ ਦੀ ਭੇਂਟ ਚੜ੍ਹ ਗਿਆ। ਇਹ ਉਹੀ ਸਮਾ ਸੀ ਜਦੋਂ ਡੇਰਾਵਾਦ / ਬ੍ਰਾਹਮਣਵਾਦ ਨੇ ਅਪਣਾ ਜਾਲ ਵਿਛਾਣਾ ਸ਼ੁਰੂ ਕੀਤਾ। ਇਥੋਂ ਤਕ ਕਿ ਮਾਹਾਰਾਜਾ ਰਣਜੀਤ ਸਿੰਘ ਦੇ ਦੋ ਪੁੱਤਰ ਤੇ ਹਰੀ ਸਿੰਘ ਨਲਵੇ ਦਾ ਇੱਕ ਪੁਤਰ ਵੀ ਡੇਰੇ ਦਾ ਸ਼ਿਕਾਰ ਹੋ ਗਏ ਤੇ ਸ਼ਾਜਿਸ਼ ਅਧੀਨ ਕਤਲ ਕਰ ਦਿਤੇ ਗਏ। ਇਸੇ ਵਿੱਚ ੧੪੦੦੦ ਸਿਖ ਸਿਪਾਹੀ ਵੀ ਮਾਰ ਦਿਤੇ ਗਏ। ਕਿਉਂ ਕਿ ਇਸ ਡੇਰੇ ਦੇ ਮੁਖੀ ਵੀਰ ਸਿੰਘ ਨੇ ਸਿੱਖਾਂ ਨੂੰ ਹਥਿਆਰ ਚੁੱਕਣ ਦੀ ਇਜ਼ਾਜਤ ਨ ਦਿਤੀ। ਮਾਹਾਰਾਜਾ ਰਣਜੀਤ ਸਿੰਘ ਤੋਂ ਬਾਦ ਤਾਂ ਸਿਖਾਂ ਦੇ ਸਾਰੇ ਗੁਰਦਵਾਰਿਆਂ ਤੇ ਹੀ ਕਬਜਾ ਕਰ ਲਿਆ ਗਿਆ ਤੇ ਇੱਕ ਨੀਤੀ ਅਧੀਨ ਕੁੱਝ ਬ੍ਰਾਹਮਣਾਂ ਨੂੰ ਸਿਖੀ ਵੇਸ ਧਾਰਨ ਕਰਵਾ ਕੇ ਗੁਰਦਵਾਰਿਆਂ ਵਿੱਚ ਬਿਠਾ ਦਿਤਾ ਗਿਆ। ਇਥੇ ਧਿਆਨ ਦੇਣ ਦੀ ਲੋੜ ਹੈ ਕਿ ਬਹੁਤ ਸਾਰੇ ਬ੍ਰਾਹਮਣ ਹੀ ਕਿਉਂ ਇਸ ਸਮੇ ਦੋਰਾਨ ਸਿੱਖ ਬਣੇ। ਕਿਉਂਕਿ ਬ੍ਰਾਹਮਣ ਇਥੇ ਵੀ ਪੁਜਾਰੀ ਹੀ ਬਨਣਾ ਚਾਹੁੰਦਾ ਸੀ। ਤੇ ਆਸਤਾ ਆਸਤਾ ਇਸ ਬ੍ਰਾਹਮਣਵਾਦ ਸੋਚ ਤੇ ਰੀਤੀ ਰਿਵਾਜਾਂ ਨੇ ਗੁਰਦਵਾਰਿਆ ਨੂੰ ਇੱਕ ਡੇਰੇ ਦਾ ਰੂਪ ਦੇ ਦਿਤਾ ਤੇ ਫੇਰ ਜਿਸ ਨੂੰ ਵੀ ਗੁਰਦਵਾਰੇ ਤੋਂ ਛੇਕਿਆ ਜਾਂਦਾ ਉਸ ਨੇ ਆਪਣਾ ਵਖਰਾ ਹੀ ਡੇਰਾ ਖੋਲ ਲਿਆ ਨਿਤੀਜਾ ਇਹ ਹੋਇਆ ਕਿ ਅੱਜ ਪੰਜਾਬ ਵਿੱਚ ਹੀ ੮੦੦੦ ਤੋਂ ੯੦੦੦ ਡੇਰੇ ਚਲ ਰਹੇ ਹਨ ਜੋ ਸਰਕਾਰਾਂ ਨਾਲ ਮਿਲ ਕੇ ਗੁਰੁ ਨਾਨਕ ਦੇ ਫਲਸਫੇ ਨੂੰ ਮਿਟਾਨ ਦੀ ਢੁਕਵੀਂ ਕੋਸ਼ਿਸ ਵਿੱਚ ਲਗੇ ਹੋਏ ਹਨ। ਖੈਰ ਅਗਰ ਅਸੀਂ ਗੱਲ ਅੱਜ ਦੀ ਕਰੀਏ ਤੇ ਸਾਡੇ ਕੋਲੋਂ ਸਾਡੇ ਧਰਮ ਅਸਥਾਨ ਵੀ ਖੋ ਲਏ ਗਏ ਨੇ, ਕਿਸੇ ਵੀ ਗੁਰਦਵਾਰੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਲਾਗੂ ਨਹੀਂ ਹੁੰਦੇ। ਕਾਰ ਸੇਵਾ ਦੇ ਨਾਮ ਤੇ ਸਾਰੀਆਂ ਇਤਿਹਾਸਿਕ ਨਿਸ਼ਾਨੀਆਂ ਵੀ ਮਿਟਾ ਦਿਤੀਆਂ ਗਈਆਂ ਹਨ। ਬਸ ਕੁੱਝ ਚੋਣਵੇ ਬਚੇ ਖੁਚੇ ਜਾਗਰਕ ਸਿੱਖਾਂ ਨੂੰ ਮਿਟਾਣ ਦੀ ਲੋੜ ਹੈ ਇਹ ਗੁਰੂ ਸਾਹਿਬ ਦਾ ਨਿਰਾਲਾ ਪੰਥ ਖਤਮ ਹੋਣ ਦੇ ਰਾਹ ਤੇ ਪੈ ਜਾਏਗਾ ਐਸਾ ਇਹਨਾ ਨੰ ਜਾਪਦਾ ਹੈ।

ਜੋ ਰੀਤੀ ਰਿਵਾਜ, ਕਰਮ ਕਾਂਡ ਅੱਜ ਸਿਖ ਧਰਮ ਨੂੰ ਖਾ ਰਹੇ ਨੇ ਉਹ ਸਭ ਬ੍ਰਾਹਮਣਵਾਦ ਦੀ ਹੀ ਦੇਣ ਹੈ। ਇਹਨਾਂ ਕਰਮ ਕਾਡਾਂ ਨੇ ਮਨੁੱਖ ਨੂੰ ਮਨੁੱਖ ਹੀ ਨਹੀ ਰਹਿਣ ਦਿਤਾ ਮਾਨਸਿਕ ਰੋਗੀ ਬਣਾ ਦਿਤਾ ਹੈ। ਹੁਣ ਇਨਹਾਂ ਲੋਕਾਂ ਨੂੰ ਪੜ੍ਹਨ ਵਾਸਤੇ ਐਸੇ ਹੀ ਗ੍ਰੰਥ ਦਿਤੇ ਜਾਂਦੇ ਨੇ ਜੋ ਕਿ ਬ੍ਰਾਹਮਣਵਾਦੀ ਸੋਚ ਦੀ ੳਪਜ ਨੇ। ਜਿਵੇਂ ਰਿਗ ਵੇਦ, ਦਸਮ ਗ੍ਰੰਥ, ਸੂਰਯ ਪਰਕਾਸ਼, ਗੁਰ ਬਿਲਾਸ ਪਾਤਸ਼ਾਹੀ ੬ ਆਦਿ, ਤਾ ਕਿ ਇਹ ਲੋਕ ਕਦੇ ਵੀ ਠੀਕ ਨ ਹੋ ਸਕਣ ਤੇ ਐਸੇ ਹੀ ਮਾਸੂਮ ਲੋਕਾਂ ਦਾ ਸ਼ੋਸ਼ਨ ਕਰਦਾ ਹੈ ਪੁਜਾਰੀ ਜੋ ਆਪਣੇ ਆਪ ਨੂੰ ਕਦੀ ਗੁਰੂ, ਮੁਸ਼ਨਦ, ਬ੍ਰਾਹਮਣ, ਡੇਰੇਦਾਰ ਕਹਿਲਾਂਦਾ ਹੈ। ਗਲਤ ਪਰਚਾਰ ਅਧੀਨ ਸਮੁੱਚੀ ਮਾਨਵਤਾ ਅੱਜ ਝੂਠ ਦੇ ਜਾਲ ਵਿੱਚ ਕੈਦ ਪਈ ਹੈ। ਅਸੀਂ ਅੱਜ ਵੀ ੧੫੦੦ ਸਾਲ ਦੀ ਗੁਲਾਮੀ ਨੂੰ ਰਬ ਦੀ ਰਜਾ ਸਮਝੀ ਬੈਠੇ ਹਾਂ ਇਸ ਦਾ ਦੋਸ਼ੀ ਬ੍ਰਾਹਮਣਵਾਦੀ ਰਹੁ ਰੀਤੀਆਂ ਨੂੰ ਨਹੀਂ ਮੰਨਦੇ। ਇਹੀ ਕਾਰਨ ਹੈ ਅੱਜ ਅਸੀਂ ਆਪਣੇ ਗੁਰੂ (ਗੁਰੂ ਗ੍ਰੰਥ ਸਾਹਿਬ) ਤੋਂ ਵਿਸਰ ਗਏ ਹਾਂ ਤੇ ਸਾਨੂੰ ਹਾਲੀ ਤਕ ਪਤਾ ਹੀ ਨਹੀ ਲੱਗਾ ਕਿ ਸਾਡਾ ਨਿਆਰਾ ਪਨ ਸਾਡੇ ਤੋਂ ਕਿਵੇ ਖੋ ਲਿਆ ਗਿਆ। ਸਾਨੂੰ ਇਸ ਗਲ ਦਾ ਅਹਿਸਾਸ ਹੀ ਨਹੀਂ ਹੋਇਆ ਤੇ ਅਸੀਂ ਗੁਰੂ ਦੇ ਸਿਧਾਂਤਾਂ ਤੋਂ ਇਵੇਂ ਵਿਛੜੇ ਤੇ ਸਿੱਧਾ ਜਾ ਕੇ ਦੇਹ ਧਾਰੀ ਗੁਰੂ ਦੀ ਸ਼ਰਣ ਵਿੱਚ ਸੀਸ ਨਿਵਾਇਆ।

੧੯੪੭ ਤੋਂ ਬਾਦ ਬੇਸ਼ੱਕ ਸਿੱਖਾਂ ਨੂੰ ੳਹਨਾਂ ਦੇ ਰਹਿਣ ਵਾਸਤੇ ਵਖ ਜਗਾਹ ਨ ਦਿਤੀ ਗਈ ਪਰ ਐਸੀ ਸੋਚ ਜਰੂਰ ਦੇ ਦਿਤੀ ਗਈ ਕਿ ਸਿੱਖ ਆਪਣਾ ਸਭ ਕੁੱਝ ਤਿਆਗ ਕੇ ਸਿਰਫ ਕੇਸਾਧਾਰੀ ਹੀ ਰਹਿ ਗਏ। ਕਹਿਣ ਦਾ ਭਾਵ ਹੈ ਕਿ ਕੇਸਾਧਾਰੀ ਹਿੰਦੂ ਜਾਂ ਜੋਗੀ ਜੋ ਅੱਜ ਆਪਣੇ ਆਪ ਨੂੰ ਗੁਰੂ ਦਾ ਸਿੱਖ ਕਹਿਲਾਨ ਵਿੱਚ ਏਨਾ ਮਾਣ ਨਹੀਂ ਕਰਦੇ ਜਿਨਾ ਕਿਸੇ ਡੇਰੇ ਦਾ ਸਿਖ ਅਖਵਾਣ ਵਿੱਚ ਕਰਦੇ ਹਨ। ਅੱਜ ਜਿਆਦਾ ਤਰ ਸਿੱਖਾਂ ਵਿੱਚ ਵੀ ਓਹੀ ਬ੍ਰਾਹਮਣਵਾਦ ਸੋਚ ਵੇਖਣ ਨੂੰ ਮਿਲਦੀ ਹੈ ਜਿਸ ਦਾ ਗੁਰੂ ਸਾਹਿਬ ਨੇ ਵਿਰੋਧ ਕੀਤਾ ਸੀ। ਤੇ ਮੈਂ ਨਾਲ ਹੀ ਇਹ ਗੱਲ ਕਹਿਣ ਵਿੱਚ ਵੀ ਕੋਈ ਪਰਹੇਜ਼ ਨਹੀ ਕਰਦਾ ਕਿ ਅੱਜ ਜਿਆਦਾ ਤਰ ਸਿੱਖ ਵੀ ਮਾਨਸਕ ਰੋਗੀ ਨੇ ਉਹ ਆਪਸ ਵਿੱਚ ਵੀ ਇੱਕ ਦੂਜੇ ਦੇ ਖੂਨ ਦੇ ਪਿਆਸੇ ਨੇ। ਪਸ਼ੂਆਂ ਦੀ ਪੂਜਾ ਕਰਦੇ ਨੇ, ਪੱਥਰ ਦੀਆਂ ਮੂਰਤੀਆਂ, ਮੜੀਆਂ ਤੇ ਦੇਹ ਧਾਰੀ ਗੁਰੂ ਅੱਜ ਇਹਨਾਂ ਦਾ ਰੱਬ ਹੈ। ਅੱਜ ਸਿੱਖਾਂ ਦਾ ਕੋਈ ਆਗੂ ਨਹੀਂ ਹੈ, ਇਹਨਾਂ ਦੀ ਆਪਸ ਵਿੱਚ ਵੀ ਸੋਚ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੀ ਜਦ ਕਿ ਇਹਨਾਂ ਦਾ ਗੁਰੂ ਇੱਕ ਹੈ ਨ ਕਿ ਹਿੰਦੂਆਂ ਵਾਂਗ ੩੩ ਕਰੋੜ ਦੇਵੀ ਦੇਵਤੇ। ਪਰ ਐਸਾ ਜਾਪਦਾ ਹੈ ਕਿ ਇਨਹਾਂ ਨੇ ਆਪਨੇ ਗੁਰੂ ਨੂੰ ਵੀ ਦੇਵਤਾ ਹੀ ਮਿਥ ਲਿਆ ਹੈ ਤੇ ਸਿੱਖਾਂ ਦੇ ਦੇਵੀ ਦੇਵਤੇ ਹਿੰਦੂਆਂ ਤੋਂ ਵੀ ਜਿਆਦਾ ਹੋ ਗਏ ਨੇ (੩੩ ਕਰੋੜ ਇਕ)। ਜਦੋਂ ਤੋਂ ਸਿੱਖ ਇਸ ਮਾਨਸਕ ਰੋਗ ਦਾ ਸ਼ਿਕਾਰ ਹੋਏ ਨੇ ਉਦੋਂ ਤੋਂ ਸਿੱਖ ਰਾਜ ਜੋ ਏਸ਼ੀਆ ਦਾ ਸਭ ਤੋਂ ਵੱਡਾ ਰਾਜ ਕਿਹਾ ਜਾਂਦਾ ਸੀ, ਵੀ ਬ੍ਰਾਹਮਣ ਦੇ ਧੋਖੇ ਦਾ ਸ਼ਿਕਾਰ ਹੋ ਗਿਆ। ਕਾਰਣ, ਆਪਾ ਕੁਰਬਾਨ ਕਰਨ ਦੀ ਸਿੱਖਾਂ ਦੀ ਆਦਤ, ਸਰਬਤ ਦੇ ਭਲੇ ਵਾਸਤੇ ਆਪਣਾ ਬੇੜਾ ਗਰਕ, ਇਸ ਸਿਧਾਂਤ ਦਾ ਚੰਗਾ ਫਾਇਦਾ ਬ੍ਰਾਹਮਣ ਨੇ ਚੁੱਕਿਆ ਤੇ ਬੜੇ ਸਾਰੇ ਸਿੱਖਾਂ ਦਾ ਕਤਲੇਆਮ ਕਰਵਾ ਦਿਤਾ। ਬ੍ਰਾਹਮਣਵਾਦ ਸੋਚ ਨੇ ਕਦੇ ਵੀ independent ਰਾਜ ਹਾਸਿਲ ਨਹੀਂ ਕਰਨਾ ਚਾਹਿਆ, ਇਹ ਤਾਂ ਸਿਰਫ ਕਿਸੇ ਦੇ ਆਧੀਨ ਰਹਿ ਕੇ ਹੀ ਆਪਣੀ ਸੱਤਾ ਕਾਇਮ ਕਰਨਾ ਚਾਹੁੰਦੇ ਸਨ ਪਰ ਰਾਜ ਇਹਨਾਂ ਨੇ ਵੀ ਕੀਤਾ ਇਹਨਾ ਦੇ ਮਿਥੇ ਦੇਵੀ ਦੇਵਤੇ ਵੀ ਰਾਜੇ ਸਨ ਆਉ ਥੋੜਾ ਧਿਆਨ ਮਾਰੀਏ ਕਿ ਉਹ ਰਾਜ ਕੈਸਾ ਸੀ:

ਰਾਜਾ ਰਾਮ: ਰਾਮ ਰਾਜ ਇੱਕ ਐਸਾ ਰਾਜ ਸੀ ਜਿਸ ਦੇ ਵਿੱਚ ਰਾਮ ਆਪਣੀ ਵਿਆਹੁਤਾ ਨੂੰ ਘਰੋਂ ਕੱਢ ਦਿੰਦਾ ਹੈ, ਚਾਲਬਾਜੀਆਂ ਨਾਲ ਰਾਜ ਖੋਹ ਲਏ ਗਏ। ਔਰਤ ਗਰੀਨਾ ਦੀ ਸ਼ਿਕਾਰ ਹੋਏ, ਸ਼ੂਦਰ ਕਹਿਲਾਂਦੇ ਲੋਕਾਂ ਨਾਲ ਅੱਤਿਆਚਾਰ ਹੋਇਆ ਤੇ ਅੰਤ ਭਗਵਾਨ ਰਾਮ ਪਰੀਵਾਰ ਸਮੇਤ ਸਰਜੂ ਨਦੀ ਵਿੱਚ ਛਾਲ ਮਾਰ ਕੇ ਆਤਮ ਹਤਿਆ ਕਰ ਗਏ।

ਕ੍ਰਿਸ਼ਨ: ਕ੍ਰਿਸ਼ਨ ਜੀ ਦਾ ਯੁਗ ਆਇਆ ਇੱਕ ਔਰਤ ੫-੫ ਮਰਦਾਂ ਨਾਲ ਰਹਿੰਦੀ ਸੀ। ਆਪ ਰਬ ਜੀ ੧੮੦੦ ਔਰਤਾਂ ਨਾਲ ਰਹਿੰਦੇ ਸਨ ਉਸ ਵਿਚੋਂ ਕੋਈ ਮਾਮੇ ਦੀ ਤੇ ਕੋਈ ਗਵਾਂਢੀ ਦੀ, ਅੱਗੇ ਤੁਸੀਂ ਆਪ ਹੀ ਜਾਣਦੇ ਹੋ ਇਸ ਰਾਜ ਵਿੱਚ ਸ਼ਰਾਬ ਤੇ ਜੂਏ ਦੇ ਚੰਗੇ ਦੌਰ ਚਲੇ। ਔਰਤ ਨੂੰ ਸ਼ਤਰੰਜ ਦੀਆਂ ਚਾਲਾਂ ਤੇ ਖੇਲਿਆ ਗਿਆ, ਭਰਾ ਭਰਾ ਨੂੰ ਇੱਕ ਦੂਜੇ ਦੇ ਖਿਲਾਫ ਲੜਵਾ ਕੇ ਧਰਮ ਯੁੱਧ ਐਲਾਨਿਆਂ ਗਿਆ। ਨਿਜ਼ਾਇਜ਼ ਔਲਾਦਾਂ ਨਾਲ ਭਰਿਆ ਇਹ ਰਾਜ ਤੇ ਇਸ ਦੇ ਧਰਮ ਗ੍ਰੰਥ ਜਿਨਾ ਨੇ prostitution ਨੂੰ ਇੰਨਾ ਬੜਾਵਾ ਦਿੱਤਾ ਕਿ ਧਰਮ ਅਸਥਾਨ ਵੇਸਵਾਂ ਦੇ ਅੱਡੇ ਬਣ ਗਏ। ਅੰਤ ਨੂੰ ਕ੍ਰਿਸ਼ਨ ਆਪ ਇੱਕ ਆਦੀਮਾਨਵ ਦੇ ਹੱਥੋ ਮਾਰਿਆ ਗਿਆ।

ਫੇਰ ਕੱਝ ਹਿੰਦੂ ਰਾਜੇ ਇਸ ਧਰਤੀ ਤੇ ਵੇਆਪੇ ਜੋ ਆਪਣੇ ਦੇਵਤਿਆਂ ਦੇ ਨਕਸ਼ੇ ਕਦਮਾਂ ਤੇ ਚਲੇ ਤੇ ਲੋਕਾਈ ਦੇ ਭਲੇ ਵਾਸਤੇ ਕੋਈ ਮੁੱਢ ਨ ਬਨਿਆਂ ਤੇ ਇਹਨਾ ਦੀ ਦੇਣ ਸਾਮਾਜ ਨੂੰ ੧੫੦੦ ਸਾਲ ਦੀ ਗੁਲਾਮੀ ਤੇ ਮਿਨਾ ਬਾਜਾਰਾਂ ਦੀ ਪ੍ਰਥਾ ਖੈਰ ਮੈ ਇਸ ਗੱਲ ਦੀ ਗਹਰਾਈ ਵਿੱਚ ਨਾ ਜਾਵਾਂ।

ਲੋਕਾਂ ਨੂੰ ਬ੍ਰਾਹਮਣਵਾਦ ਦੇ ਚਕ੍ਰਵੀਊ ਤੋਂ ਕੱਢਣ ਵਾਸਤੇ ਸਭ ਤੋਂ ਸਖਤ ਆਵਾਜ ਗੁਰੂ ਨਾਨਕ ਪਾਤਸ਼ਾਹ ਨੇ ਚੁੱਕੀ ਇਸ ਆਵਾਜ ਪਿਛੇ ਉਹ ਨਿਵੇਕਲੀ ਸੋਚ ਤੇ ਗਿਆਨ ਸੀ ਜਿਸ ਨੇ ਹਿੰਦੋਸਥਾਨ ਦੇ ਲੋਕਾਂ ਦੀਆਂ ਗੁਲਾਮੀ ਦੀਆਂ ਜੰਜ਼ੀਰਾਂ ਨੂੰ ਕੱਟ ਕੇ ਪਰਾਂ ਸੁੱਟ ਦਿੱਤਾ ਤੇ ਇੱਕ ਐਸਾ ਰਾਜ ਪਾਠ ਕਾਇਮ ਕੀਤਾ ਜਿਸ ਵਿੱਚ ਕੋਈ ਫਿਰਕਾ ਪਰਸਤੀ ਨਹੀਂ ਸਾਰਿਆਂ ਦੇ ਹੱਕਾਂ ਦੀ ਰਾਖੀ ਕੀਤੀ ਗਈ। ਅਨਪੜ੍ਹਤਾ ਨੂੰ ਖਤਮ ਕਰਨ ਵਾਸਤੇ ਲੋਕਾਂ ਦਾ ਸਾਂਝਾ ਧਰਮ ਗ੍ਰੰਥ (ਗੁਰੁ ਗ੍ਰੰਥ ਸਾਹਿਬ) ਦੀ ਰਚਨਾ ਹੋਈ ਜੋ ਸਾਰੇ ਧਰਮਾਂ ਦੇ ਲੋਕਾਂ ਨੂੰ ਸਾਂਝੀ ਵਾਲਤਾ ਦਾ ਉਪਦੇਸ਼ ਦਿੰਦਾ ਹੈ, ਜਾਤ ਪਾਤ ਨੂੰ ਖਤਮ ਕਰਦਾ ਹੈ ਤੇ ਸਾਨੂੰ ਰਬ ਦੇ ਨਿਯਮਾਂ ਨਾਲ ਜਾਣੂੰ ਕਰਵਾਉਂਦਾ ਹੈ। ਅੱਜ ਅਸੀਂ ਜਿਸ ਸਵਤੰਤਰ ਭਾਰਤ ਵਿੱਚ ਸਾਹ ਲ਼ੈ ਰਹੇ ਹਾਂ ਇਹ ਸਵਤੰਤਰਤਾ ਇਸੇ ਰਾਜ ਦੀ ਦੇਣ ਹੈ। ਪਰ ਜਿਵੇਂ ਉਪਰ ਕਹਿ ਆਇਆ ਹਾਂ ਇਹ ਰਾਜ ਕੁੱਝ ਖੁਦਗਰਜ਼ਾਂ ਨੂੰ ਤੇ ਗੁਲਾਮੀ ਪਸੰਦ ਲੋਕਾਂ ਨੂੰ ਰਾਸ ਨ ਆਇਆ ਤੇ ਇਸ ਰਾਜ ਨੂੰ ਖਤਮ ਕਰਨ ਵਾਸਤੇ ਅੱਡੀ ਚੋਟੀ ਦਾ ਜੋਰ ਲਾ ਕੇ ਚਾਲਾਂ ਖੇਡੀਆਂ ਗਈਆਂ ਤੇ ਖੇਲੀਆਂ ਜਾ ਰਹੀਆਂ ਨੇ। ਇਹਨਾਂ ਚਾਲਾਂ ਦੇ ਸ਼ਿਕਾਰ ਸਭ ਤੋਂ ਜਿਆਦਾ ਅਪਣੇ ਸਿੱਖ ਵੀਰ ਤੇ ਭੈਣਾ ਨੇ, ਜਿਸ ਸੋਚ ਦਾ ਖੰਡਨ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਜਿਆਦਾ ਕੀਤਾ ਗਿਆ ਹੈ ਅੱਜ ਉਹਨਾਂ ਗੱਲਾ ਵਿੱਚ ਪੰਥ ਨੂੰ ਸਭ ਤੋਂ ਜਿਆਦਾ ਉਲਝਾਇਆ ਜਾ ਰਿਹਾ ਹੈ। ਉਹ ਹਨ ਦੇਹਧਾਰੀ ਗੁਰੂਆਂ ਦੀ ਪੂਜਾ। ਇੱਕ ਸਿੱਖ ਵਾਸਤੇ ਅਕਾਲ ਪੁਰਖ ਦੀ ਬੰਦਨਾ ਦੇ ਇਲਾਵਾ ਕਿਸੇ ਵੀ ਤਰਹ ਦੀ ਸ਼ਖਸੀ ਪੂਜਾ ਨੂੰ ਗੁਰਬਾਣੀ ਤੁਛ ਸਮਝਦੀ ਹੈ।

“ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ।।

ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ।। ੬੫੪”

ਪਰ ਅਸੀਂ ਵੀ ਗੁਰੂ ਦੀ ਗੱਲ ਕੋਈ ਨਹੀਂ ਸੁਣਦੇ ਤੇ ਜਾ ਮੱਥਾ ਟੇਕਦੇ ਹਾਂ ਇਹਨਾਂ ਦੇਹ ਧਾਰੀ ਗੁਰੂਆਂ ਦੇ ਅੱਗੇ ਤੇ ਇਹ ਲੋਕਾਂ ਨੂੰ ਐਸੇ ਮਾਨਸਿਕ ਰੋਗੀ ਬਣਾ ਦਿੰਦੇ ਨੇ ਕਿ ਲੋਕਾਂ ਨੂੰ ਜਾਪਦਾ ਹੈ ਕਿ ਜੋ ਗੱਲਾਂ ਇਹ ਦੇਹ ਧਾਰੀ ਕਰ ਰਿਹਾ ਹੈ ਬਸ ਉਹੀ ਸੱਚ ਹੈ। ਇਹੀ ਡੇਰੇ ਦਾਰ ਗੁਰੂ ਗ੍ਰੰਥ ਸਾਹਿਬ ਦੀ ਆੜ ਵਿੱਚ ਆਪਣੀ ਮਨਮਤ ਦਾ ਪਸਾਰਾ ਕਰ ਰਹੇ ਨੇ, ਕਹਿਣ ਨੂੰ ਤੇ ਇਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਪਰ ਇਹਨਾਂ ਦੀ ਰਗ ਰਗ ਵਿੱਚ ਦਸਮ ਗ੍ਰੰਥ ਦਾ ਗੰਦ ਹੀ ਦੌੜਦਾ ਹੈ ਤੇ ਮਨੁਖਤਾ ਦੀ ਭਲਾਈ ਵਾਸਤੇ ਕੰਮ ਕਰ ਰਹੇ ਹਰ ਮਨੁੱਖ ਨੂੰ ਇਹ ਆਪਨਾ ਦੁਸ਼ਮਣ ਸਮਝਦੇ ਨੇ।

ਐਸੇ ਅਖੌਤੀ ਸਾਧ ਚਿੱਕੜ ਦੀ ਨਿਆਈ ਨੇ ਜਿਵੇਂ ਚਿੱਕੜ ਵਿੱਚ ਚੁਭੀ ਮਾਰ ਕੁੱਝ ਹਾਸਿਲ ਨਹੀਂ ਹੁੰਦਾ ਇਸੇ ਤਰਾਂ ਇਹਨਾਂ ਅਖੌਤੀ ਸਾਧਾਂ ਕੋਲ ਮਨੁੱਖਤਾ ਨੂੰ ਦੇਣ ਵਾਸਤੇ ਕੁੱਝ ਨਹੀਂ ਹੁੰਦਾ। ਜਿਸ ਤਰਾਂ ਬਾਂਝ ਧਰਤੀ ਨੂੰ ਜਿਨਾ ਮਰਜੀ ਪਾਣੀ ਲਾਓ ਖਾਦ ਪਾਓ ਉਸ ਵਿਚੋਂ ਕੁੱਝ ਵੀ ਪੈਦਾ ਨਹੀਂ ਹੁੰਦਾ ਇਸੇ ਤਰਾਂ ਇਹ ਅਖੌਤੀ ਗੁਰੂ ਇੱਕ ਬਾਂਝ ਧਰਤੀ ਦੇ ਨਿਆਈ ਹੀ ਹਨ। ਇਹਨਾਂ ਨੂੰ ਜਿਨੇ ਮਰਜੀ ਮੱਥੇ ਟੇਕੋ ਆਪਣਾ ਸਭ ਕੁੱਝ ਵੀ ਨਿਸ਼ਾਵਰ ਕਰ ਦੇਓ ਇਹ ਮਨੁੱਖਤਾ ਨੂੰ ਕੁੱਝ ਨਹੀਂ ਦੇ ਸਕਦੇ ਇਹਨਾਂ ਕੋਲ ਸਿਰਫ ਅਗਿਆਨਤਾ ਦਾ ਹਨੇਰਾ ਹੀ ਹੈ ਇਹਨਾ ਅਖੌਤੀ ਸਾਧਾਂ ਨੂੰ ਗੁਰੂ ਸਾਹਿਬ ਨੇ ਵਿਸ਼ਟਾ ਦੇ ਕੀੜੇ ਕਹਿ ਕੇ ਸੰਬੋਧਨ ਕੀਤਾ ਹੈ। ਗੁਰਬਾਣੀ ਫਰਮਾਨ ਪੜੋ:

“ਬਾਝੁ ਗੁਰੂ ਹੈ ਅੰਧ ਗੁਬਾਰਾ।। ਅਗਿਆਨੀ ਅੰਧਾ ਅੰਧੁ ਅੰਧਾਰਾ।।

ਬਿਸਟਾ ਕੇ ਕੀੜੇ ਬਿਸਟਾ ਕਮਾਵਹਿ ਫਿਰਿ ਬਿਸਟਾ ਮਾਹਿ ਪਚਾਵਣਿਆ।। ੧੧੬”

ਇਹ ਅਖੌਤੀ ਗੁਰੂ ਤਾਂ ਗੁਰੂ ਗ੍ਰੰਥ ਸਾਹਿਬ ਦੀ ਵਿਦਿਆ ਵੇਚ ਵੇਚ ਕੇ ਆਪਣੇ ਮਹਿਲ ਉਸਾਰ ਰਹੇ ਨੇ ਪਰ ਇਹਨਾਂ ਦਾ ਨਿਰਨੇ ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਪਹਿਲਾਂ ਹੀ ਕੀਤਾ ਹੋਇਆ ਹੈ ਕਿ ਇਹਨਾਂ ਨੂੰ ਰੱਬ ਦੀ ਦਰਗਾਹ ਵਿੱਚ ਪਰਵਾਣ ਨਹੀ ਕੀਤਾ ਜਾਣਾ ਕਿਉਂਕਿ ਇਹਨਾ ਆਪਣਾ ਜੀਵਨ ਬੇਅਰਥ ਹੀ ਗਵਾ ਲਿਆ। ਫੇਰ ਅਸੀਂ ਇਹਨਾਂ ਦੇ ਮਾੜੇ ਕੰਮਾਂ ਵਿੱਚ ਭਾਗੀਦਾਰ ਕਿਉਂ ਬਣੀਏ। ਗੁਰਬਾਣੀ ਫੁਰਮਾਣ ਪੜ੍ਹੋ:

“ਮਾਇਆ ਕਾਰਨ ਬਿਦਿਆ ਬੇਚਹੁ ਜਨਮੁ ਅਬਿਰਥਾ ਜਾਈ”।।

ਪਰ ਸਾਡਾ ਗੁਰੂ ਤੇ ਸਮੁੰਦਰ ਦੀ ਨਿਆਈਂ ਹੈ ਜਿੰਨਾ ਗਹਿਰਾਈ ਵਿੱਚ ਜਾਓਗੇ ਓਨੇ ਭਰਪੂਰ ਖਜਾਨੇ (ਆਤਮਕ ਅਨੰਦ) ਦੀ ਭਾਲ ਕਰੋਂਗੇ। ਗੁਰਬਾਣੀ ਫੁਰਮਾਨ ਹੈ:

“ਮਤਿ ਵਿਚਿ ਰਤਨ ਜਵੳਹਰ ਮਾਣਿਕ ਜੇ। ਇੱਕ ਗੁਰ ਕੀ ਸਿਖ ਸੁਣੀ”।। ੨

ਸਿੱਖ ਨੂੰ ਗੁਰੂ ਸਾਹਿਬ ਨੇ ਸਖਤ ਤਾੜਨਾ ਕੀਤੀ ਹੈ ਕਿ ਕਿਸ ਤਰਹ ਦੇ ਗੁਰੂ ਦੇ ਲੜ ਲਗਨਾ ਹੈ। ਗੁਰਬਾਣੀ ਫੁਰਮਾਨ ਪੜ੍ਹੋ:

“ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ।।

ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ”।। ੯੮੨

“ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ”।। ੬੪੬

ਗੁਰੂ ਸਾਹਿਬ ਨੇ ਆਪਣੀ ਬਾਣੀ ਵਿੱਚ ਰਬ ਨਾਲ ਜੁੜੇ ਤੇ ਰਬ ਨਾਲੋਂ ਟੁਟੇ ਹੋਏ ਲੋਕਾਂ ਦੀ ਅੰਤਰ ਦਿਸ਼ਾ ਦਾ ਵਰਨਨ ਇਸ ਪਰਕਾਰ ਕੀਤਾ ਹੈ:

ਗੁਰੂ ਸਾਹਿਬ ਫਰਮਾਂਦੇ ਨੇ ਰੱਬੀ ਗੁਣਾ ਦੇ ਵਿਚਾਰ ਤੋਂ ਬਿਨਾ ਇਹ ਸਾਰੇ ਲੋਗ ਭਟਕਦੇ ਫਿਰ ਰਹੇ ਨੇ ਤੇ ਆਪਣੇ ਆਤਮਿਕ ਜੀਵਨ ਦੇ ਸਫਰ ਵਿੱਚ ਘਾਟਾ ਖਾ ਰਹੇ ਹਨ। ਰੱਬੀ ਨਿਜਮਾਂ ਤੋ ਜਾਨੂੰ ਨਾ ਹੋਣ ਕਾਰਨ ਇਹ ਆਪਣੀ ਮਨ ਮਰਜੀ ਕਰਨ ਲੱਗ ਪੈਂਦੇ ਨੇ ਜਿਸ ਕਾਰਣ ਇਹਨਾ ਅੰਦਰ ਹਉਮੇ ਇਨੀ ਪਰਬਲ ਹੋ ਜਾਂਦੀ ਹੈ ਤੇ ਇਹਨਾ ਦਾ ਜੀਵਨ ਇੱਕ ਬੁਝਿਆ ਹੋਇਆ ਦੀਪਕ ਬਣ ਜਾਂਦਾ ਹੈ। ਜੋ ਸਿਰਫ ਅੰਧਕਾਰ ਹੀ ਫੈਲਾਅ ਸਕਦਾ ਹੈ ਹੋਰ ਕੱਝ ਨਹੀਂ। ਪਰ ਸ਼ਬਦ ਨੂੰ ਬਿਚਾਰ ਕੇ ੳਸ ਤੇ ਅਮਲ ਨਾਲ ਤੁਰਨ ਵਾਲੇ ਲੋਗ, ਮਨੁੱਖ ਕਹਿਲਾਨ ਦਾ ਹੱਕ ਰੱਖਦੇ ਨੇ ਤੇ ਅਤਮਿਕ ਮੰਡਲ ਵਿੱਚ ਉਚਾਈਆਂ ਨੂੰ ਛੂੰਹਦੇ ਹਨ। ਜੋ ਮਨੁੱਖ ਸਤਿਗੁਰੂ ਦੇ ਸਨਮੁੱਖ ਹੁੰਦਾ ਹੈ ਉਹ ਆਤਮਿਕ ਅਡੋਲਤਾ ਵਿੱਚ ਹੀ ਜਾਗਦਾ ਹੈ ਤੇ ਆਤਮਿਕ ਅਡੋਲਤਾ ਵਿੱਚ ਹੀ ਸੌਂਦਾ ਹੈ। ਉਸ ਨੂੰ ਹਰ ਰੋਜ਼ (ਭਾਵ, ਹਰ ਵੇਲੇ) ਹਰੀ ਦੀ ਉਸਤਤਿ (ਦਾ ਹੀ ਆਹਰ ਹੁੰਦਾ) ਹੈ। ਮਨਮੁੱਖ ਭਟਕਦਾ ਹੈ, ਕਿਉਂਕਿ ਉਸ ਨੂੰ ਸਦਾ ਤੌਖ਼ਲਾ ਰਹਿੰਦਾ ਹੈ; ਮਨ ਵਿੱਚ ਚਿੰਤਾ ਹੋਣ ਕਰ ਕੇ ਉਹ ਸੁੱਖ ਦੀ ਨੀਂਦਰ ਨਹੀਂ ਸੌਂਦਾ। ਪ੍ਰਭੂ ਨਾਲ ਡੂੰਘੀ ਸਾਂਝ ਰੱਖਣ ਵਾਲੇ ਬੰਦੇ ਪ੍ਰਭੂ ਦੇ ਪਿਆਰ ਵਿੱਚ ਹੀ ਜਾਗਦੇ ਸੌਂਦੇ ਹਨ (ਭਾਵ, ਜਾਗਦੇ ਤੇ ਸੁੱਤੇ ਹੋਏ ਇਕ-ਰਸ ਰਹਿੰਦੇ ਹਨ)। ਹੇ ਨਾਨਕ! ਮੈਂ ਨਾਮ ਵਿੱਚ ਰੰਗੇ ਹੋਇਆਂ ਤੋਂ ਸਦਕੇ ਹਾਂ। ਗੁਰਬਾਣੀ ਫਰਮਾਨ ਪੜੋ:

“ਵਿਣੁ ਨਾਵੈ ਸਭਿ ਭਰਮਦੇ ਨਿਤ ਜਗਿ ਤੋਟਾ ਸੈਸਾਰਿ।। ਮਨਮੁਖਿ ਕਰਮ ਕਮਾਵਣੇ ਹਉਮੈ ਅੰਧੁ ਗੁਬਾਰੁ।। ਗੁਰਮੁਖਿ ਅੰਮ੍ਰਿਤੁ ਪੀਵਣਾ ਨਾਨਕ ਸਬਦੁ ਵੀਚਾਰਿ।। ੧।। ਮਃ ੩।। ਸਹਜੇ ਜਾਗੈ ਸਹਜੇ ਸੋਵੈ।। ਗੁਰਮੁਖਿ ਅਨਦਿਨੁ ਉਸਤਤਿ ਹੋਵੈ।। ਮਨਮੁਖ ਭਰਮੈ ਸਹਸਾ ਹੋਵੈ।। ਅੰਤਰਿ ਚਿੰਤਾ ਨੀਦ ਨ ਸੋਵੈ।। ਗਿਆਨੀ ਜਾਗਹਿ ਸਵਹਿ ਸੁਭਾਇ।। ਨਾਨਕ ਨਾਮਿ ਰਤਿਆ ਬਲਿ ਜਾਉ।। ੬੪੬”

ਸਮੇ ਦੀ ਲੋੜ: ਅਗਿਆਨਤਾ ਤੋਂ ਬਚਣ ਵਾਸਤੇ, ਭਰਮਾ ਵਹਿਮਾ ਤੋਂ ਬਾਹਰ ਨਿਕਲਨ ਵਾਸਤੇ ਇੱਕ ਸਾਰ ਹੋ ਕੇ ਉਪਰਾਲੇ ਕਰੀਏ ਤੇ ਆਪ ਪੜ ਕੇ ਗੁਰਬਾਣੀ ਦਾ ਅਮੋਲਕ ਗਿਆਨ ਹਾਸਿਲ ਕਰੀਏ ਜਿੰਨੀ ਦੇਰ ਆਪ ਪੜਾਂਗੇ ਤੇ ਵਿਚਾਰਾਂਗੇ ਨਹੀਂ ਆਪਣੀ ਗੁਲਾਮੀ ਦੀਆਂ ਜੰਜੀਰਾਂ ਨੂੰ ਕੱਟ ਨਹੀਂ ਸਕਾਂਗੇ ਤੇ ਆਉਣ ਵਾਲੀਆਂ ਨਸਲਾਂ ਦੀ ਗੁਲਾਮੀ ਦਾ ਕਾਰਣ ਵੀ ਅਸੀਂ ਆਪ ਹੀ ਹੋਵਾਂਗੇ। ਗੁਰੂ ਸਾਹਿਬ ਫਰਮਾਂਦੇ ਨੇ ਜਿਸ ਤਰਹ ਪਾਣੀ ਨੂੰ ਘੜਾ ਬੰਨ ਕੇ ਰੱਖਦਾ ਹੈ ਤੇ ਬਿਨਾ ਪਾਣੀ ਤੋ ਘੜਾ ਨਹੀਂ ਬਣਦਾ ਇਸੇ ਤਰਹ ਮਨ ਨੂੰ ਬੰਨਣ ਵਾਸਤੇ ਗਿਆਨ ਦੀ ਲੋੜ ਹੁੰਦੀ ਹੈ ਤੇ ਗਿਆਨ ਗੁਰੂ ਦੀ ਦਿਤੀ ਸਿਖਿਆ ਨੂੰ ਵਿਚਾਰਣ ਤੋਂ ਬਿਨਾ ਨਹੀਂ ਹੁੰਦਾ।

“ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ।।

ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ।। ੪੬੯”

ਆਪ ਜੀ ਦਾ ਸੇਵਕ,

ਅਭਿਨਵ
.