.

ੴ ਵਾਹਿਗੁਰੂ ਜੀ ਕੀ ਫ਼ਤਹਿ॥

7 ਜੂਨ 2009 ਨੂੰ ਭਗਤ ਕਬੀਰ ਜੀ ਦੇ ਜਨਮ ਦਿਵਸ `ਤੇ ਵਿਸ਼ੇਸ਼
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ…

-ਇਕਵਾਕ ਸਿੰਘ ਪੱਟੀ

ਸਤਿਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ ਬ੍ਰਾਹਮਣੀ ਸਮਾਜ ਨੇ ਮਨੁੱਖਤਾ ਨੂੰ ਚਾਰ ਹਿੱਸਿਆਂ ਵਿੱਚ ਵੰਡ ਕੇ (ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ) ਵਰਣ ਵੰਡ ਕੀਤੀ ਹੋਈ ਸੀ। ਜਿਸ ਵਿੱਚ ਸ਼ੂਦਰਾਂ (ਦਲਿਤਾਂ) ਦੀ ਹਾਲਤ ਸੱਭ ਤੋਂ ਪਤਲੀ ਹੋਈ ਸੀ, ਉਹ ਉਪਰਲੀਆਂ ਤਿੰਨਾਂ ਵਰਣਾਂ ਦੀ ਨਿਸ਼ਕਾਮ ਸੇਵਾ ਕਰਦਿਆਂ ਹੋਇਆਂ ਵੀ ਸਨਮਾਨ ਜਾਂ ਇੱਜ਼ਤ ਦੇ ਹੱਕਦਾਰ ਨਹੀਂ ਸਨ, ਪ੍ਰਭੂ-ਭਗਤੀ ਦਾ ਹੱਕ ਸ਼ੂਦਰਾਂ ਨੂੰ ਨਹੀਂ ਸੀ, ਧਰਮ ਕਰਮ ਤੋਂ ਦੂਰ ਰੱਖਿਆ ਜਾਂਦਾ ਸੀ, ਵਿੱਦਿਆ ਲੈਣ ਦੀ ਮਨਾਹੀ ਸੀ। ਹੋਰ ਵੀ ਅਨੇਕਾਂ ਤਰ੍ਹਾਂ ਦੇ ਜ਼ੁਲਮ ਮਨੁੱਖਤਾ ਉੱਤੇ ਕੀਤੇ ਜਾ ਰਹੇ ਸਨ। ਐਸੇ ਸਮੇਂ ਵਿੱਚ ਕੁੱਝ ਧਰਮੀ ਪੁਰਸ਼ਾਂ ਨੇ ਦਲੇਰੀ ਨਾਲ ਨਿਡਰਤਾ ਦਾ ਸਬੂਤ ਦਿੰਦਿਆਂ ਉਸ ਸਮੇਂ ਦੇ ਪ੍ਰਚੱਲਿਤ ਰੀਤੀ-ਰਿਵਾਜ਼ਾਂ, ਕਰਮਕਾਂਢਾਂ, ਹੋ ਰਹੇ ਮਨੁੱਖਤਾ ਉੱਪਰ ਅਤਿਆਚਾਰਾਂ ਅਤੇ ਅੰਧਵਿਸ਼ਵਾਸਾਂ ਦੇ ਖਿਲਾਫ ਇੱਕ ਮੁਹਿੰਮ ਛੇੜ ਕੇ ਇਸ ਨੂੰ ਨਕਾਰਦਿਆਂ ਇੱਕ ਪ੍ਰਮਾਤਮਾ ਦੇ ਨਾਮ ਸਿਮਰਨ ਨੂੰ ਪਹਿਲ ਦੇਂਦਿਆ ਲੋਕਾਈ ਨੂੰ ਵਿਕਾਰ-ਰਹਿਤ ਜੀਵਣ ਜਿਊਣ ਦੀ ਪ੍ਰੇਰਣਾ ਦਿੱਤੀ। ਜਿਸ ਨਾਲ ਭਗਤੀ ਲਹਿਰ ਹੋਂਦ ਵਿੱਚ ਆਈ। ਇਸ ਭਗਤੀ ਲਹਿਰ ਵਿੱਚ ਭਗਤ ਕਬੀਰ ਜੀ ਇੱਕ ਵੱਡੇ ਸਮਾਜ ਸੁਧਾਰਕ, ਪ੍ਰਬੁੱਧ ਪ੍ਰਕਾਸ਼ ਵਾਲੇ, ਪ੍ਰਸਿੱਧ, ਪ੍ਰਤਿਭਾਸ਼ਾਲੀ, ਗੁਣਵਾਨ, ਇੱਕ ਸੰਪੂਰਨ ਇਨਸਾਨ, ਸਮਾਜ ਵਿਚਲੇ ਊਚ ਨੀਚ ਦੇ ਵਿਤਕਰੇ ਤੋਂ ਰਹਿਤ, ਸਮੇਂ ਦੇ ਬ੍ਰਾਹਮਣੀ ਕਰਮਕਾਂਢਾਂ ਵਿੱਚ ਬਗਾਵਤ ਪੈਦਾ ਕਰਨ ਵਾਲੇ ਅਤੇ ਭਗਤੀ ਲਹਿਰ ਨੂੰ ਸਿਖਰ ਤੇ ਸਮਰੱਥਾ ਦੇਣ ਵਾਲੇ ਇੱਕ ਮਹੱਤਵਪੂਰਨ ਅਤੇ ਉਜਾਗਰ ਭਗਤ ਸਨ।
ਭਗਤ ਕਬੀਰ ਜੀ ਦੇ ਜਨਮ ਬਾਰੇ ਵਿਦਵਾਨਾਂ ਵਿੱਚ ਮੱਤਭੇਦ ਪਾਏ ਜਾਂਦੇ ਹਨ, ਪਰ ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਕ੍ਹਾਨ ਸਿੰਘ ਜੀ ਨਾਭਾ ਦੁਆਰਾ ਰਚਿਤ ਮਹਾਨ ਕੋਸ਼ ਮੁਤਾਬਿਕ ਉਹਨਾਂ ਦਾ ਜਨਮ 1398 ਈਸਵੀ (ਜੇਠ ਸੁਦੀ 15, ਸੰਮਤ 1455) ਵਿੱਚ ਵਿਧਵਾ ਬ੍ਰਾਹਮਣੀ ਦੇ ਉੱਦਰ ਤੋਂ ਹੋਇਆ। ਕੁੱਝ ਵਿਦਵਾਨ ਇਸ ਕਹਾਣੀ ਨੂੰ ਵੀ ਬ੍ਰਾਹਮਣ ਮੱਤ ਵਲੋਂ ਪ੍ਰਚਾਰੀ ਦੱਸਦੇ ਹਨ, ਇਹ ਦੱਸਣ ਲਈ ਕਿ ਸ਼ੂਦਰਾਂ ਘਰ ਕੋਈ ਭਗਤ ਜਾਂ ਵਿਦਵਾਨ ਪੈਦਾ ਨਹੀਂ ਹੋ ਸਕਦਾ ਅਤੇ ਇਹ ਅਧਿਕਾਰ ਬ੍ਰਾਹਮਣ ਦੀ ਔਲਾਦ ਨੂੰ ਹੀ ਪ੍ਰਾਪਤ ਹੈ।
ਭਗਤ ਕਬੀਰ ਜੀ ਨੇ ਹਮੇਸ਼ਾ ਸੱਚ ਨੂੰ ਅਧਾਰ ਬਣਾ ਕੇ ਸੱਚ ਦਾ ਹੀ ਪ੍ਰਚਾਰ ਕੀਤਾ ਸੀ। ਆਪ ਜੀ ਦੇ ਇੱਕ ਅਕਾਲ ਪੁਰਖ ਵਿਚਲੇ ਸੱਚੇ ਵਿਸ਼ਵਾਸ ਨੇ ਹੀ ਆਪ ਜੀ ਨੂੰ “ਰਾਮ ਕਬੀਰਾ ਏਕ ਭਏ ਹੈ, ਕੋੲ ਨ ਸਕੈ ਪਛਾਨੀ” ਵਾਲੀ ਅਵਸਥਾ ਵਿੱਚ ਲੈ ਆਂਦਾ ਸੀ।
ਆਪ ਜੀ ਨੇ ਦੇਵੀ ਦੇਵਤਿਆਂ ਨੂੰ ਰੱਦ ਕੀਤਾ ਸੀ, ਮੂਰਤੀ ਪੂਜਾ/ਪੱਥਰ ਪੂਜਾ ਦਾ ਸਖਤੀ ਨਾਲ ਵਿਰੋਧ ਕੀਤਾ ਅਤੇ ਇੱਕ ਅਕਾਲ ਪੁਰਖ ਦੀ ਗੱਲ ਕੀਤੀ ਸੀ:
ਜਉ ਜਾਚਉ ਤਉ ਕੇਵਲ ਰਾਮ॥ ਆਨ ਦੇਵ ਸਿਉ ਨਾਹੀ ਕਾਮ॥
(ਭੈਰਉ, ਪੰਨਾ 1162)
ਕਬੀਰ ਠਾਕੁਰੁ ਪੂਜਿਹ ਮੋਲਿ ਲੇ, ਮਨਹਠਿ ਤੀਰਥ ਜਾਹਿ॥
ਦੇਖਾ ਦੇਖੀ ਸੜਾਂਗੁ ਧਰਿ, ਭੂਲੇ ਭਟਕਾ ਖਾਹਿ॥
ਕਬੀਰ ਪਾਹਨੁ ਪਰਮੇਸਰੁ ਕੀਆ, ਪੂਜੈ ਸਭੁ ਸੰਸਾਰੁ॥
ਇਸ ਬਰਵਾਸੇ ਜੋ ਰਹੇ, ਬੂਡੇ ਕਾਲੀ ਧਾਰ॥
(ਪੰਨਾ 1371)
ਆਪ ਜੀ ਨੇ ਫਾਲਤੂ ਦੇ ਅੰਧਵਿਸ਼ਵਾਸ਼ਾਂ, ਕਰਮਕਾਂਢਾਂ ਤੇ ਕਰਾਰੀ ਚੋਟ ਕਰਦਿਆਂ ਵਰਤਾਂ ਬਾਰੇ:
ਛੋਡਹਿ ਅੰਨੁ, ਕਰਹਿ ਪਾਖੰਡ॥ ਨਾ ਸੋਹਾਗਨਿ ਨਾ ਓਹਿ ਰੰਡ॥
(ਗੋਂਡ, ਕਬੀਰ ਜੀ, ਪੰਨਾ 873)
ਵਿਅਰਥ ਦੇ ਤੀਰਥ ਇਸ਼ਨਾਨਾਂ ਬਾਰੇ:
ਅੰਤਰਿ ਮੈਲੁ ਨ ਤੀਰਥ ਨਾਵੈ, ਤਿਸੁ ਬੈਕੁੰਠ ਨ ਜਾਨਾਂ॥
ਲ਼ੋਕ ਪਤੀਣੇ ਕਛੂ ਨ ਹੋਵੈ, ਨਾਹੀ ਰਾਮੁ ਆਯਾਨਾ॥ 1॥
ਪੂਜਹੁ ਰਾਮੁ ਏਕ ਹੀ ਦੇਵਾ॥ ਸਾਚਾ ਨਾਵਣੁ ਗੁਰ ਕੀ ਸੇਵਾ॥ ਰਹਾਉ॥
(ਆਸਾ, ਭਗਤ ਕਬੀਰ ਜੀ, ਪੰਨਾ 484)
ਮਾਇਆ ਨਾਲ ਪੈਦਾ ਹੋਏ ਮੋਹ ਬਾਰੇ ਵੀਚਾਰ ਪ੍ਰਗਟ ਕਰਦਿਆਂ ਦੱਸਿਆ ਕਿ ਇਹ ਇੱਕ ਐਸੀ ਵਸਤੂ ਹੈ, ਜੋ ਪ੍ਰਮਾਤਮਾ ਨਾਲੋਂ ਮਨੁੱਖ ਦਾ ਰਿਸ਼ਤਾ ਤੋੜ ਦਿੰਦੀ ਹੈ ਅਤੇ ਮਾਇਆ ਇੱਕ ਮੋਹਣੀ ਹੈ ਜੋ ਹਰ ਇੱਕ ਆਮ ਇਨਸਾਨ ਨੂੰ ਆਪਣੇ ਮੋਹ ਵਿੱਚ ਫਸਾ ਲੈਂਦੀ ਹੈ। ਇਸ ਬਾਰੇ ਰਾਮਕਲੀ ਰਾਗ ਵਿੱਚ ਸਤਿਗੁਰੂ ਅਮਰਦਾਸ ਜੀ ਵੀ ਬਿਆਨ ਕਰਦੇ ਹਨ:
ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ॥
(ਰਾਗ ਰਾਮਕਲੀ ਮਹਲਾ 3, ਪੰਨਾ 921)
ਅਤੇ ਭਗਤ ਕਬੀਰ ਜੀ ਨੇ ਵੀ ਆਪਣੀ ਬਾਣੀ ਵਿੱਚ ਇਸਨੂੰ ਨਕਾਰਦਿਆਂ ਕਿਹਾ:
ਨਾਕਹੁ ਕਾਟੀ ਕਾਨਹੁ ਕਾਟੀ ਕਾਟਿ ਕੂਟਿ ਕੈ ਡਾਰੀ॥
ਕਹੁ ਕਬੀਰ ਸੰਤਨ ਕੀ ਬੈਰਨਿ ਤੀਨਿ ਲੋਕ ਕੀ ਪਿਆਰੀ॥
(ਰਾਗ ਆਸਾ, ਭਗਤ ਕਬੀਰ ਜੀ, ਪੰਨਾ 476)
ਭਗਤ ਕਬੀਰ ਜੀ ਨੇ ਆਪਣੇ ਜਵਿਣ ਵਿੱਚ ਸੰਸਾਰ ਦੇ ਲੋਕਾਂ ਨੂੰ ਸੁਨਿਹਰੀ ਉਪਦੇਸ਼ ਦਿੱਤੇ, ਜਿਸ ਵਿੱਚ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ, ਛੂਤ-ਛਾਤ, ਰੰਗ ਨਸਲ ਆਦਿ ਦੇ ਵਿਤਕਰਿਆਂ ਤੋਂ ਦੂਰ ਕਰਕੇ ਸਾਰੀ ਮਨੁੱਖਤਾ ਨੂੰ ਇੱਕ ਅਕਾਲ ਪੁਰਖ, ਪ੍ਰਮਾਤਮਾ ਦੀ ਸੰਤਾਨ ਹੋਣ ਦਾ ਅਹਿਸਾਸ ਕਰਵਾਇਆ ਅਤੇ ਐਲਾਨ ਕੀਤਾ ਕਿ:
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ, ਕਊਨ ਭਲੇ ਕੋ ਮੰਦੇ॥
(ਰਾਗ ਪ੍ਰਭਾਤੀ, ਭਗਤ ਕਬੀਰ ਜੀ, ਪੰਨਾ1349)
ਇਹੀ ਕਾਰਣ ਸੀ ਕਿ ਸਤਿਗੁਰੂ ਸੱਚੇ ਪਾਤਸਾਹ ਨੇ ਭਗਤ ਕਬੀਰ ਜੀ ਦੀ ਬਾਣੀ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਾਣ ਦਿੱਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਕਬੀਰ ਜੀ ਦੀ ਬਾਣੀ 17 ਰਾਗਾਂ ਵਿੱਚ ਦਰਜ ਹੈ ਆਪ ਜੀ ਨੇ 224 ਸ਼ਬਦ ਉਚਾਰੇ ਹਨ। ਇਸ ਤੋਂ ਇਲਾਵਾ ਬਾਵਨ ਅਖਰੀ, ਥਿੰਤੀ, ਵਾਰ 7 ਅਤੇ ਸਲੋਕ ਭਗਤ ਕਬੀਰ ਜੀਉ ਕੇ ਸਿਰਲੇਖ ਹੇਠ ਆਪ ਹੀ ਦੇ 243 ਸਲੋਕ ਹਨ ਜਿਹਨਾਂ ਵਿੱਚੋਂ ਕੁੱਝ ਸਲੋਕ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਦੇ ਵੀ ਹਨ। ਅੱਜ ਸਾਰਾ ਸੰਸਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਮਲ ਪਵਿੱਤਰ ਵੀਚਾਰਧਾਰਾ ਅੱਗੇ ਸੀਸ ਝੁਕਾਉਂਦਾ ਹੋਇਆ ਭਗਤ ਕਬੀਰ ਜੀ ਦੀ ਵੀਚਾਰਧਾਰਾ ਨੂੰ ਵੀ ਪ੍ਰਣਾਮ ਕਰਦਾ ਹੈ, ਉਹ ਗੱਲ ਵੱਖਰੀ ਹੈ ਕਿ ਅੱਜ ਮੇਰੇ ਕੁੱਝ ਨਾਸਮਝ ਵੀਰਾਂ ਭਾਈਆਂ ਨੇ ਭਗਤ ਕਬੀਰ ਜਾ ਦਾ ਵੱਖਰਾ ਮੰਦਰ ਬਣਾ ਕੇ ਆਪਣੇ ਆਪ ਨੂੰ ਵੱਖਰੇ ਰੂਪ ਵਿੱਚ ਇੱਕ ਵੱਖਰਾ ਮੱਤ ਬਣਾ ਲਿਆ ਅਤੇ ਆਪਣੇ ਆਪ ਨੂੰ ਕਬੀਰ ਪੰਥੀ ਕਹਾਉਣਾ ਸ਼ੁਰੂ ਕਰ ਦਿੱਤਾ, ਪਰ ਭਗਤ ਕਬੀਰ ਜੀ ਨੇ ਆਪਣਾ ਕੋਈ ਵੀ ਵੱਖਰਾ ਮੱਤ ਨਹੀਂ ਚਲਾਇਆ ਸੀ, ਸਗੋਂ ਸਾਰੀ ਮਨੁੱਖਤਾ ਨੂੰ ਏਕ ਪ੍ਰਮਾਤਮਾ ਦੀ ਅੰਸ਼ ਮੰਨਿਆ ਸੀ।
ਅਫਸੋਸ ਤਾਂ ਇਸ ਗੱਲ ਦਾ ਵੀ ਹੈ ਕਿ ਅੱਜ ਸਿੱਖਾਂ ਦੀ ਬਹੁ ਗਿਣਤੀ ਵੀ ਗੁਰਬਾਣੀ ਦੀ ਸਿੱਖਿਆ ਦੀ ਤਿਆਗੀ ਬਣ ਚੁੱਕੀ ਹੈ ਅਤੇ ਕੇਵਲ ਮੱਥਾ ਟੇਕਣ, ਮਾਇਆ ਅਰਪਣ ਕਰਨ, ਪੁੰਨ ਦਾਨ, ਤੀਰਥ ਇਸਨਾਨ, ਵਰਤ, ਜਪ ਤਪ, ਜਾਤ-ਪਾਤ, ਊਚ ਨੀਚ ਦੇ ਵਿਤਕਰਿਆਂ ਵਿੱਚ ਫਸੀ ਪਈ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਵੀਚਾਰਧਾਰਾ ਤੋਂ ਕੋਹਾਂ ਮੀਲ ਦੂਰ ਜਾ ਚੁੱਕੀ ਹੈ। ਸ਼ਬਦ ਗੁਰੂ ਦੇ ਲੜ ਤੋਂ ਟੁੱਟ ਕੇ ਅਖੌਤੀ ਸਾਧ ਲਾਣੇ, ਨਕਲੀ ਸਾਧਾਂ ਸੰਤਾਂ ਆਦਿ ਨੂੰ ਹੀ ਮੁਕਤੀ ਦਾ ਮਾਰਗ ਸਮਝਿਆਂ ਜਾ ਰਿਹਾ ਹੈ। ਇੱਕ ਖਾਸ ਕਿਸਮ ਦੇ ਭੇਖ ਧਾਰਨ ਕਰਨ ਵਾਲੇ ਨੂੰ ਬੜਾ ਕਰਣੀ ਵਾਲਾ, ਸੱਚਾ ਸੁੱਚਾ, ਰੱਬ ਕੋਲ ਪੁਜਿਆ ਹੋਇਆ, ਸੰਤ, ਬ੍ਰਹਮਗਿਆਨੀ, ਮਹਾਂਪੁਰਸ਼ ਕਿਹਾ ਜਾ ਰਿਹਾ ਹੈ, ਜਦਕਿ ਗੁਰਬਾਣੀ ਵਿੱਚ ਭਗਤ ਕਬੀਰ ਜੀ ਧਾਰਮਿਕ ਭੇਖ ਬਾਰੇ ਗੱਲ ਕਰਦਿਆਂ ਜ਼ਿਕਰ ਕਰਦੇ ਹਨ:
ਗਜ ਸਾਢੇ ਤੈ ਤੈ ਧੋਤੀਆ, ਤਿਹਰੇ ਪਾਇਨਿ ਤਗ॥
ਗਲੀ ਜਿਨ੍ਹਾਂ ਜਪਮਾਲੀਆ ਲੋਟੇ ਹਥਿ ਨਿਬਗ॥
ਉਇ ਹਰਿ ਕੇ ਸਮਤ ਨ ਆਖੀਅਹਿ, ਬਾਨਾਰਸਿ ਕੇ ਠਗ॥ 1॥
ਐਸੇ ਸੰਤ ਨ ਮੋ ਕਉ ਭਾਵਹਿ॥ ਡਾਲਾ ਸਿਉ ਪੇਡਾ ਗਟਕਾਵਹਿ॥ ਰਹਾਉ॥
(ਰਾਗ ਆਸਾ, ਪੰਨਾ 476)
ਆਉ ਅਸੀਂ ਆਪਣੇ ਸਾਰੇ ਵਖਰੇਵੇਂ ਦੂਰ ਕਰਕੇ ਇੱਕ ਪ੍ਰਮਾਤਮਾ ਦੇ ਪੁੱਤਰ ਹੋਣ ਵਿੱਚ ਮਾਣ ਮਹਿਸੂਸ ਕਰੀਏ ਅਤੇ “ਏਕ ਪਿਤਾ ਏਕਸ ਕੇ ਹਮ ਬਾਰਕ” ਦਾ ਸਿਧਾਂਤ ਪੂਰੀ ਦੁਨੀਆ ਵਿੱਚ ਲਾਗੂ ਕਰੀਏ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਦੇ ਸੱਚੇ ਸਿਧਾਂਤ ਦਾ ਝੰਡਾ ਵਿਸ਼ਵ ਪੱਧਰ ਤੇ ਝੁੱਲ ਸਕੇ।
ਅੱਜ ਲੋੜ ਹੈ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਮਨਾਉਂਦਿਆਂ ਹੋਇਆ ਉਹਨਾਂ ਦੀ ਸਿੱਖਿਆ:
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ, ਕਊਨ ਭਲੇ ਕੋ ਮੰਦੇ॥
ਨੂੰ ਹਿਰਦੇ ਵਿੱਚ ਵਸਾ ਕੇ ਸਮਾਜ ਲਈ ਕੁੱਝ ਚੰਗਾ ਕਰ ਸਕੀਏ ਅਤੇ ਸਿੱਖੀ ਸਿਧਾਂਤਾਂ ਲਈ ਕੁੱਝ ਕੀਤਾ ਜਾ ਸਕੇ।
************
-ਇਕਵਾਕ ਸਿੰਘ ਪੱਟੀ
ਇਕਵਾਕ ਇੰਟਰਪ੍ਰਾਇਜ਼ਜ਼
ਜੋਧ ਨਗਰ, ਸੁਲਤਾਨਵਿੰਡ ਰੋਡ,
ਅੰਮ੍ਰਿਤਸਰ। ਮੋ. 98150-24920
.