.

ਪ੍ਰਸ਼ਨ: ਗੁਰੂ ਗਰੰਥ ਸਾਹਿਬ ਵਿੱਚ ਇੱਕ ਥਾਂ ਆਇਆ ਹੈ: ਭਗਤਿ ਨਵੈ ਪਰਕਾਰਾ॥ ਇਹ ਨੌਂ ਪ੍ਰਕਾਰ ਦੀ ਭਗਤੀ ਕੇਹੜੀ ਹੈ?

ਉੱਤਰ: ਭਾਈ ਕਾਨ੍ਹ ਸਿੰਘ ਜੀ ਨਾਭਾ ਮਹਾਨ ਕੋਸ਼ ਵਿੱਚ ਲਿੱਖਦੇ ਹਨ, “ਭਗਤੀ ਦਾ ਪ੍ਰਤਿਪਾਦਨ (ਅੱਛੀ ਤਰ੍ਹਾਂ ਸਮਝਾਉਣਾ) ਕਰਨ ਵਾਲਿਆਂ ਗ੍ਰੰਥਾਂ ਵਿੱਚ ਨੌਂ ਪ੍ਰਕਾਰ ਦੀ ਭਗਤੀ ਇਹ ਲਿਖੀ ਹੈ: (1) ਸ਼੍ਰਵਣ: ਆਪਣੇ ਇਸ਼ਟਦੇਵ ਦਾ ਯਸ਼ ਸੁਣਨਾ (2) ਕੀਰਤਨ ਗੁਣਾਂ ਦਾ ਕਥਨ; ਗੁਣਾਂ ਦਾ ਗਾਉਣਾ। (3) ਸਿਮਰਣ; ਯਾਦ ਕਰਨਾ, ਚਿਤ ਦੁਆਰਾ ਚਿੰਤਨ ਕਰਨਾ। (4) ਪਾਦ ਸੇਵਨ; ਚਰਣ ਸੇਵਾ। (5) ਅਰਚਨ; ਚੰਦਨ ਫੁੱਲ ਆਦਿ ਦੀ ਸਾਮ੍ਰਗੀ ਨਾਲ ਪੂਜਨ। (6) ਵੰਦਨ; ਪ੍ਰਣਾਮ; ਨਮਸਕਾਰ। (7) ਸਖਯ: ਇਸ਼ਟ ਨਾਲ ਮਿਤ੍ਰਭਾਵ। (8) ਦਾਸਯ; ਸੇਵਕ ਭਾਵ। (9) ਆਤਮ ਨਿਵੇਦਨ; ਆਪਣਾ ਆਪ ਅਰਪਨ।”

ਗੁਰੂ ਗਰੰਥ ਸਾਹਿਬ ਵਿੱਚ ਕਈ ਥਾਂਈ ਗੁਰੂ ਸਾਹਿਬਾਨ ਨੇ ਅਨਮਤਾਂ ਦਾ ਵਰਣਨ ਕਰਕੇ ਫਿਰ ਆਪਣੇ ਮੱਤ ਦਾ ਵਰਣਨ ਕੀਤਾ ਹੈ। ਉਦਾਹਰਣ ਦੇ ਤੌਰ ਤੇ ਜਪੁਜੀ ਦੀ 22ਵੀਂ ਪਉੜੀ ਵਿੱਚ ਗੁਰੂ ਨਾਨਕ ਸਾਹਿਬ ਪਹਿਲਾਂ ਵੈਦਕ ਮੱਤ ਦਾ ਜ਼ਿਕਰ ਕਰਦਿਆਂ ਆਖਦੇ ਹਨ: ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇੱਕ ਵਾਤ॥ ਅਰਥ: (ਸਾਰੇ) ਵੇਦ ਇੱਕ-ਜ਼ਬਾਨ ਹੋ ਕੇ ਆਖਦੇ ਹਨ, “ਪਾਤਾਲਾਂ ਦੇ ਹੇਠ ਹੋਰ ਲੱਖਾਂ ਪਾਤਾਲ ਹਨ ਅਤੇ ਆਕਾਸ਼ਾਂ ਦੇ ਉੱਤੇ ਹੋਰ ਲੱਖਾਂ ਆਕਾਸ਼ ਹਨ, (ਬੇਅੰਤ ਰਿਸ਼ੀ ਮੁਨੀ ਇਹਨਾਂ ਦੇ) ਅਖ਼ੀਰਲੇ ਬੰਨਿਆਂ ਦੀ ਭਾਲ ਕਰਕੇ ਥੱਕ ਗਏ ਹਨ, (ਪਰ ਲੱਭ ਨਹੀਂ ਸਕੇ)”।) ਫਿਰ ਆਪ ਕਤੇਬੀ ਮੱਤ ਦਾ ਦ੍ਰਿਸ਼ਟੀਕੋਣ ਦਰਸਾਉਂਦੇ ਹਨ: ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ॥ ਅਰਥ: ਮੁਸਲਮਾਨ ਤੇ ਈਸਾਈ ਆਦਿਕ ਦੀਆਂ ਚਾਰੇ) ਕਤੇਬਾਂ ਆਖਦੀਆਂ ਹਨ, “ਕੁੱਲ ਅਠਾਰਹ ਹਜ਼ਾਰ ਆਲਮ ਹਨ, ਜਿਨ੍ਹਾਂ ਦਾ ਮੁੱਢ ਇੱਕ ਅਕਾਲ ਪੁਰਖ ਹੈ”। ਅੰਤ ਵਿੱਚ ਮਹਾਰਾਜ ਆਪਣਾ ਮੱਤ ਪ੍ਰਗਟ ਕਰਦਿਆਂ ਕਹਿੰਦੇ ਹਨ: ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ॥ ਨਾਨਕ ਵਡਾ ਆਖੀਐ ਆਪੇ ਜਾਣੈ ਆਪੁ॥ ਅਰਥ: (ਪਰ ਸੱਚੀ ਗੱਲ ਤਾਂ ਇਹ ਹੈ ਕਿ) ‘ਹਜ਼ਾਰਾਂ’ ਤੇ ‘ਲੱਖਾਂ’ ਸ਼ਬਦ ਭੀ ਕੁਦਰਤ ਦੀ ਗਿਣਤੀ ਵਿੱਚ ਵਰਤੇ ਨਹੀਂ ਜਾ ਸਕਦੇ, ਅਕਾਲ ਪੁਰਖ ਦੀ ਕੁਦਰਤ ਦਾ) ਲੇਖਾ ਤਦੋਂ ਹੀ ਲਿੱਖ ਸਕੀਦਾ ਹੈ, ਜੇ ਲੇਖਾ ਹੋ ਸਕੇ, (ਇਹ ਲੇਖਾ ਤਾਂ ਹੋ ਹੀ ਨਹੀਂ ਸਕਦਾ, ਲੇਖਾ ਕਰਦਿਆਂ ਕਰਦਿਆਂ) ਲੇਖੇ ਦਾ ਹੀ ਖ਼ਾਤਮਾ ਹੋ ਜਾਂਦਾ ਹੈ (ਗਿਣਤੀ ਦੇ ਹਿੰਦਸੇ ਹੀ ਮੁੱਕ ਜਾਂਦੇ ਹਨ)। ਹੇ ਨਾਨਕ! ਜਿਸ ਅਕਾਲ ਪੁਰਖ ਨੂੰ (ਸਾਰੇ ਜਗਤ ਵਿਚ) ਵੱਡਾ ਆਖਿਆ ਜਾ ਰਿਹਾ ਹੈ, ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ (ਉਹ ਆਪਣੀ ਵਡਿਆਈ ਆਪ ਹੀ ਜਾਣਦਾ ਹੈ।) ਗੁਰੂ ਨਾਨਕ ਸਾਹਿਬ ਇਸ ਪਉੜੀ ਵਿੱਚ ਵਾਹਿਗੁਰੂ ਦੀ ਕੁਦਰਤ ਦਾ ਵਰਣਨ ਕਰਦਿਆਂ ਕਹਿੰਦੇ ਹਨ ਕਿ ਕੁਦਰਤ ਇਤਨੀ ਬੇਅੰਤ ਹੈ ਕਿ ਇਸ ਦਾ ਲੇਖਾ ਸੰਭਵ ਨਹੀਂ ਹੈ ਕਿਉਂਕਿ ਲੇਖਾ ਕਰਨ ਲਗਿਆਂ ਗਿਣਤੀ ਦੇ ਹਿੰਦਸੇ ਹੀ ਮੁੱਕ ਜਾਂਦੇ ਹਨ। ਹਜ਼ੂਰ ਸਪਸ਼ਟ ਕਰਦੇ ਹਨ ਕਿ ਪ੍ਰਭੂ ਦੀ ਕੁਦਰਤ ਦੇ ਵਰਣਨ ਕਰਨ ਲਈ ਹਜ਼ਾਰਾਂ ਜਾਂ ਲੱਖਾਂ ਦੇ ਹਿੰਦਸੇ ਵੀ ਨਹੀਂ ਵਰਤੇ ਜਾ ਸਕਦੇ।

ਇਸੇ ਤਰ੍ਹਾਂ ਜਿਸ ਸ਼ਬਦ `ਚੋਂ ਇਹ ਪੰਗਤੀ ਲਈ ਗਈ ਹੈ ਇਸ ਵਿੱਚ ਵੀ ਗੁਰਦੇਵ ਅਨਮਤਾਂ ਵਿੱਚ ਅਕਾਲ ਪੁਰਖ ਦੀ ਆਰਾਧਨਾਂ ਦੇ ਪ੍ਰਚਲਤ ਰੂਪਾਂ ਦਾ ਵਰਣਨ ਕਰਦਿਆਂ ਹੋਇਆਂ ਫਿਰ ਆਪਣਾ ਇਸ ਸਬੰਧ ਵਿੱਚ ਮੱਤ ਪ੍ਰਗਟ ਕੀਤਾ ਹੈ। ਭਾਂਵੇ ਸੂਰਜ ਪ੍ਰਕਾਸ਼ ਆਦਿ ਪੁਸਤਕਾਂ `ਚ ਗੁਰੂ ਅਮਰਦਾਸ ਜੀ ਦੇ ਪਾਵਨ ਮੁਖ਼ਾਰਬਿੰਦ ਚੋਂ ਗੁਰਸਿੱਖਾਂ ਨੂੰ ਭਗਤੀ ਦੇ ਪ੍ਰਕਾਰ (ਪ੍ਰਮਾ ਭਗਤੀ, ਪਰਾ ਭਗਤੀ) ਦਸਦਿਆਂ ਹੋਇਆਂ ਨਵਧਾ ਭਗਤੀ ਦਾ ਵੀ ਜ਼ਿਕਰ ਕੀਤਾ ਹੋਇਆ ਹੈ, ਅਤੇ ਇੱਥੋਂ ਤਕ ਗੁਰਦੇਵ ਦੇ ਮੂੰਹੌਂ ਅਖਵਾਇਆ ਹੈ ਕਿ, “ਨਵਧਾ ਭਗਤਿ ਕਹੀ ਇਹੁ ਜੋਇ। ਜੇਕਰਿ ਇੱਕ ਭੀ ਪ੍ਰਾਪਤਿ ਹੋਇ। ਤੌ ਉਧਾਰ ਜਨ ਕੋ ਕਰਿ ਦੇਤਿ। ਕਯਾ ਸੰਸੈ ਹੁਇ ਸਰਬ ਸਮੇਤ।” (ਭਾਈ ਸੰਤੋਖ ਸਿੰਘ)। ਪਰੰਤੂ ਜਦ ਅਸੀਂ ਇਸ ਸ਼ਬਦ ਨੂੰ ਧਿਆਨ ਨਾਲ ਪੜ੍ਹਦੇ ਹਾਂ ਤਾਂ ਪਤਾ ਚਲਦਾ ਹੈ ਕਿ ਸਤਿਗੁਰੂ ਇਸ ਸ਼ਬਦ ਵਿੱਚ ਸਹੀ ਅਰਥਾਂ ਵਿੱਚ ਕਹਿ ਕੀ ਰਹੇ ਹਨ। ਸਤਿਗੁਰੂ ਦੇ ਆਸ਼ੇ ਨੂੰ ਠੀਕ ਤਰ੍ਹਾਂ ਸਮਝਣ ਲਈ ਜਿਸ ਸ਼ਬਦ `ਚੋਂ ਇਹ ਤੁਕ ਲਈ ਗਈ ਹੈ, ਉਸ ਸਾਰੇ ਹੀ ਸ਼ਬਦ ਨੂੰ ਧਿਆਨ ਨਾਲ ਵਿਚਾਰਦੇ ਹਾਂ।

ਇਹ ਪੰਗਤੀ ਗੁਰੂ ਨਾਨਕ ਜੋਤ ਦੇ ਪੰਜਵੇਂ ਪ੍ਰਕਾਸ਼ ਗੁਰੂ ਅਰਜਨ ਸਾਹਿਬ ਦੇ ਸਿਰੀਰਾਗੁ ਵਿੱਚ ਉਚਾਰਣ ਕੀਤੇ ਸ਼ਬਦ `ਚੋਂ ਹੈ। ਪੂਰਾ ਸ਼ਬਦ ਇਸ ਤਰ੍ਹਾਂ ਹੈ: ਜਾਨਉ ਨਹੀ ਭਾਵੈ ਕਵਨ ਬਾਤਾ॥ ਮਨ ਖੋਜਿ ਮਾਰਗੁ॥ 1॥ ਰਹਾਉ॥ ਧਿਆਨੀ ਧਿਆਨੁ ਲਾਵਹਿ॥ ਗਿਆਨੀ ਗਿਆਨੁ ਕਮਾਵਹਿ॥ ਪ੍ਰਭੁ ਕਿਨ ਹੀ ਜਾਤਾ॥ 1॥ ਭਗਉਤੀ ਰਹਤ ਜੁਗਤਾ॥ ਜੋਗੀ ਕਹਤ ਮੁਕਤਾ॥ ਤਪਸੀ ਤਪਹਿ ਰਾਤਾ॥ 2॥ ਮੋਨੀ ਮੋਨਿਧਾਰੀ॥ ਸਨਿਆਸੀ ਬ੍ਰਹਮਚਾਰੀ॥ ਉਦਾਸੀ ਉਦਾਸਿ ਰਾਤਾ॥ 3॥ ਭਗਤਿ ਨਵੈ ਪਰਕਾਰਾ॥ ਪੰਡਿਤੁ ਵੇਦੁ ਪੁਕਾਰਾ॥ ਗਿਰਸਤੀ ਗਿਰਸਤਿ ਧਰਮਾਤਾ॥ 4॥ ਇੱਕ ਸਬਦੀ ਬਹੁ ਰੂਪਿ ਅਵਧੂਤਾ॥ ਕਾਪੜੀ ਕਉਤੇ ਜਾਗੂਤਾ॥ ਇਕਿ ਤੀਰਥਿ ਨਾਤਾ॥ 5॥ ਨਿਰਹਾਰ ਵਰਤੀ ਆਪਰਸਾ॥ ਇਕਿ ਲੂਕਿ ਨ ਦੇਵਹਿ ਦਰਸਾ॥ ਇਕਿ ਮਨ ਹੀ ਗਿਆਤਾ॥ 6॥ ਘਾਟਿ ਨ ਕਿਨ ਹੀ ਕਹਾਇਆ॥ ਸਭ ਕਹਤੇ ਹੈ ਪਾਇਆ॥ ਜਿਸੁ ਮੇਲੇ ਸੋ ਭਗਤਾ॥ 7॥ ਸਗਲ ਉਕਤਿ ਉਪਾਵਾ॥ ਤਿਆਗੀ ਸਰਨਿ ਪਾਵਾ॥ ਨਾਨਕੁ ਗੁਰ ਚਰਣਿ ਪਰਾਤਾ॥ 8॥ (ਪੰਨਾ 71)

ਸਤਿਗੁਰੂ ਸ਼ਬਦ ਦੀਆਂ ਰਹਾਉ ਦੀਆਂ ਪੰਗਤੀਆਂ ਵਿੱਚ ਫ਼ਰਮਾਉਂਦੇ ਹਨ: ਜਾਨਉ ਨਹੀ ਭਾਵੈ ਕਵਨ ਬਾਤਾ॥ ਮਨ ਖੋਜਿ ਮਾਰਗੁ॥ 1॥ ਰਹਾਉ॥

ਅਰਥ: ਮੈਨੂੰ ਸਮਝ ਨਹੀਂ ਕਿ ਪਰਮਾਤਮਾ ਨੂੰ ਕੇਹੜੀ ਗੱਲ ਚੰਗੀ ਲੱਗਦੀ ਹੈ। ਹੇ ਮੇਰੇ ਮਨ! ਤੂੰ (ਉਹ) ਰਸਤਾ ਲੱਭ (ਜਿਸ ਉਤੇ ਤੁਰਿਆਂ ਪ੍ਰਭੂ ਪ੍ਰਸੰਨ ਹੋ ਜਾਏ)। 1. ਰਹਾਉ।

ਇਹ ਇਸ ਸ਼ਬਦ ਦਾ ਕੇਂਦਰੀ ਭਾਵ ਹੈ। ਮਹਾਰਾਜ ਸ਼ਬਦ ਦੇ ਪਹਿਲੇ ਛੇ ਪਦਿਆਂ ਵਿੱਚ ਅਨਮੱਤ ਦਾ ਜ਼ਿਕਰ ਕਰਦੇ ਹੋਏ ਫ਼ਰਮਾਉਂਦੇ ਹਨ: ਧਿਆਨੀ ਧਿਆਨੁ ਲਾਵਹਿ॥ ਗਿਆਨੀ ਗਿਆਨੁ ਕਮਾਵਹਿ॥ ਪ੍ਰਭੁ ਕਿਨ ਹੀ ਜਾਤਾ॥ 1॥ ਭਗਉਤੀ ਰਹਤ ਜੁਗਤਾ॥ ਜੋਗੀ ਕਹਤ ਮੁਕਤਾ॥ ਤਪਸੀ ਤਪਹਿ ਰਾਤਾ॥ 2॥ ਮੋਨੀ ਮੋਨਿਧਾਰੀ॥ ਸਨਿਆਸੀ ਬ੍ਰਹਮਚਾਰੀ॥ ਉਦਾਸੀ ਉਦਾਸਿ ਰਾਤਾ॥ 3॥ ਭਗਤਿ ਨਵੈ ਪਰਕਾਰਾ॥ ਪੰਡਿਤੁ ਵੇਦੁ ਪੁਕਾਰਾ॥ ਗਿਰਸਤੀ ਗਿਰਸਤਿ ਧਰਮਾਤਾ॥ 4॥ ਇੱਕ ਸਬਦੀ ਬਹੁ ਰੂਪਿ ਅਵਧੂਤਾ॥ ਕਾਪੜੀ ਕਉਤੇ ਜਾਗੂਤਾ॥ ਇਕਿ ਤੀਰਥਿ ਨਾਤਾ॥ 5॥ ਨਿਰਹਾਰ ਵਰਤੀ ਆਪਰਸਾ॥ ਇਕਿ ਲੂਕਿ ਨ ਦੇਵਹਿ ਦਰਸਾ॥ ਇਕਿ ਮਨ ਹੀ ਗਿਆਤਾ॥ 6॥

ਅਰਥ: ਸਮਾਧੀਆਂ ਲਾਣ ਵਾਲੇ ਲੋਕ ਸਮਾਧੀਆਂ ਲਾਂਦੇ ਹਨ, ਵਿਦਵਾਨ ਲੋਕ ਧਰਮ-ਚਰਚਾ ਕਰਦੇ ਹਨ, ਪਰ ਪਰਮਾਤਮਾ ਨੂੰ ਕਿਸੇ ਵਿਰਲੇ ਨੇ ਹੀ ਸਮਝਿਆ ਹੈ (ਭਾਵ, ਇਹਨਾਂ ਤਰੀਕਿਆਂ ਨਾਲ ਪਰਮਾਤਮਾ ਨਹੀਂ ਮਿਲਦਾ)। 1.

ਵੈਸ਼ਨਵ ਭਗਤ (ਵਰਤ, ਤੁਲਸੀ ਮਾਲਾ, ਤੀਰਥ ਇਸ਼ਨਾਨ ਆਦਿਕ) ਸੰਜਮਾਂ ਵਿੱਚ ਰਹਿੰਦੇ ਹਨ। ਜੋਗੀ ਆਖਦੇ ਹਨ ਅਸੀ ਮੁਕਤ ਹੋ ਗਏ ਹਾਂ। ਤਪ ਕਰਨ ਵਾਲੇ ਸਾਧੂ ਤਪ (ਕਰਨ) ਵਿੱਚ ਹੀ ਮਸਤ ਰਹਿੰਦੇ ਹਨ। 2.

ਚੁੱਪ ਸਾਧੀ ਰੱਖਣ ਵਾਲੇ ਸਾਧੂ ਚੁੱਪ ਵੱਟੀ ਰੱਖਦੇ ਹਨ। ਸੰਨਿਆਸੀ (ਸੰਨਿਆਸ ਵਿਚ) ਬ੍ਰਹਮਚਾਰੀ (ਬ੍ਰਹਮਚਰਜ ਵਿਚ) ਤੇ ਉਦਾਸੀ ਉਦਾਸ-ਭੇਖ ਵਿੱਚ ਮਸਤ ਰਹਿੰਦੇ ਹਨ। 3.

(ਕੋਈ ਆਖਦਾ ਹੈ ਕਿ) ਭਗਤੀ ਨੌਂ ਕਿਸਮਾਂ ਦੀ ਹੈ। ਪੰਡਿਤ ਵੇਦ ਉੱਚੀ ਉੱਚੀ ਪੜ੍ਹਦਾ ਹੈ। ਗ੍ਰਿਹਸਤੀ ਗ੍ਰਿਹਸਤ-ਧਰਮ ਵਿੱਚ ਮਸਤ ਰਹਿੰਦਾ ਹੈ। 4.

ਅਨੇਕਾਂ ਐਸੇ ਹਨ ਜੋ ‘ਅਲੱਖ ਅਲੱਖ’ ਪੁਕਾਰਦੇ ਹਨ, ਕੋਈ ਬਹੂ-ਰੂਪੀਏ ਹਨ, ਕੋਈ ਨਾਂਗੇ ਹਨ। ਕੋਈ ਖ਼ਾਸ ਕਿਸਮ ਦਾ ਚੋਲਾ ਆਦਿਕ ਪਹਿਨਣ ਵਾਲੇ ਹਨ। ਕੋਈ ਨਾਟਕ ਚੇਟਕ ਸਾਂਗ ਆਦਿਕ ਬਣਾ ਕੇ ਲੋਕਾਂ ਨੂੰ ਪ੍ਰਸੰਨ ਕਰਦੇ ਹਨ, ਕਈ ਐਸੇ ਹਨ ਜੋ ਰਾਤਾਂ ਜਾਗ ਕੇ ਗੁਜ਼ਾਰਦੇ ਹਨ। ਇੱਕ ਐਸੇ ਹਨ ਜੋ (ਹਰੇਕ) ਤੀਰਥ ਉੱਤੇ ਇਸ਼ਨਾਨ ਕਰਦੇ ਹਨ। 5.

ਅਨੇਕਾਂ ਐਸੇ ਹਨ ਜੋ ਭੁੱਖੇ ਹੀ ਰਹਿੰਦੇ ਹਨ, ਕਈ ਐਸੇ ਹਨ ਜੋ ਦੂਜਿਆਂ ਨਾਲ ਛੁੰਹਦੇ ਨਹੀਂ ਹਨ (ਤਾ ਕਿ ਕਿਸੇ ਦੀ ਭਿੱਟ ਨਾਹ ਲੱਗ ਜਾਏ)। ਅਨੇਕਾਂ ਐਸੇ ਹਨ ਜੋ (ਗੁਫ਼ਾ ਆਦਿ ਵਿਚ) ਲੁਕ ਕੇ (ਰਹਿੰਦੇ ਹਨ ਤੇ ਕਿਸੇ ਨੂੰ) ਦਰਸ਼ਨ ਨਹੀਂ ਦੇਂਦੇ। ਕਈ ਐਸੇ ਹਨ ਜੋ ਆਪਣੇ ਮਨ ਵਿੱਚ ਹੀ ਗਿਆਨਵਾਨ ਬਣੇ ਹੋਏ ਹਨ। 6.

ਸਤਵੇਂ ਪਦੇ ਵਿੱਚ ਪਾਤਸ਼ਾਹ ਕਹਿੰਦੇ ਹਨ: ਘਾਟਿ ਨ ਕਿਨ ਹੀ ਕਹਾਇਆ॥ ਸਭ ਕਹਤੇ ਹੈ ਪਾਇਆ॥ ਜਿਸੁ ਮੇਲੇ ਸੋ ਭਗਤਾ॥ ਅਰਥ: (ਇਹਨਾਂ ਵਿਚੋਂ: ਜਿਹਨਾਂ ਦਾ ਛੇ ਪਦਿਆਂ ਵਿੱਚ ਜ਼ਿਕਰ ਕੀਤਾ ਗਿਆ ਹੈ) ਕਿਸੇ ਨੇ ਭੀ ਆਪਣੇ ਆਪ ਨੂੰ (ਕਿਸੇ ਹੋਰ ਨਾਲੋਂ) ਘੱਟ ਨਹੀਂ ਅਖਵਾਇਆ। ਸਭ ਇਹੀ ਆਖਦੇ ਹਨ ਕਿ ਅਸਾਂ ਪਰਮਾਤਮਾ ਨੂੰ ਲੱਭ ਲਿਆ ਹੈ। ਪਰ (ਪਰਮਾਤਮਾ ਦਾ) ਭਗਤ ਉਹੀ ਹੈ ਜਿਸ ਨੂੰ (ਪਰਮਾਤਮਾ ਨੇ ਆਪ ਆਪਣੇ ਨਾਲ) ਮਿਲਾ ਲਿਆ ਹੈ। 7.

ਗੁਰਦੇਵ ਅਖ਼ੀਰਲੇ ਪਦੇ `ਚ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਆਖਦੇ ਹਨ: ਸਗਲ ਉਕਤਿ ਉਪਾਵਾ॥ ਤਿਆਗੀ ਸਰਨਿ ਪਾਵਾ॥ ਨਾਨਕੁ ਗੁਰ ਚਰਣਿ ਪਰਾਤਾ॥ 8॥

ਅਰਥ: ਪਰ ਮੈਂ ਤਾਂ ਇਹ ਸਾਰੀਆਂ ਦਲੀਲਾਂ ਤੇ ਸਾਰੇ ਹੀ ਉਪਾਉ ਛੱਡ ਦਿਤੇ ਹਨ ਤੇ ਪ੍ਰਭੂ ਦੀ ਹੀ ਸਰਨ ਪਿਆ ਹਾਂ। ਨਾਨਕ ਤਾਂ ਗੁਰੂ ਦੀ ਚਰਨੀਂ ਆ ਡਿੱਗਾ ਹੈ। 8.

ਸੋ, ਇਸ ਪੰਗਤੀ ਵਿੱਚ ਗੁਰੂ ਅਰਜਨ ਸਾਹਿਬ ਗੁਰਮਤਿ ਦੇ ਤੱਤ ਗਿਆਨ ਦਾ ਵਰਣਨ ਕਰਦਿਆਂ ਹੋਇਆਂ ਨਹੀਂ ਬਲਕਿ ਅਨਮੱਤ (ਵੈਸ਼ਨਵ) ਦਾ ਜ਼ਿਕਰ ਕਰਦਿਆਂ ਹੋਇਆਂ ਕਹਿ ਰਹੇ ਹਨ ਕਿ ਭਗਤੀ ਨੌਂ ਪ੍ਰਕਾਰ ਦੀ ਹੈ। ਸਤਿਗੁਰੂ ਜੀ ਗੁਰਮਤਿ ਮਾਰਗ ਦੇ ਦ੍ਰਿਸ਼ਟੀਕੋਣ ਦਾ ਵਰਣਨ ਕਰਦਿਆਂ ਹੋਇਆਂ ਫ਼ਰਮਾਉਂਦੇ ਹਨ: ਸਗਲ ਉਕਤਿ ਉਪਾਵਾ॥ ਤਿਆਗੀ ਸਰਨਿ ਪਾਵਾ॥ ਨਾਨਕੁ ਗੁਰ ਚਰਣਿ ਪਰਾਤਾ॥

ਜਸਬੀਰ ਸਿੰਘ ਵੈਨਕੂਵਰ
.