.

‘ਕੇਸਨ ਵਾਲਾ ਛਡੋ ਨ ਕੋਈ’

ਅਠਾਰਵੀਂ ਸਦੀ ਦਾ ਸਮਾਂ, ਦਸਮੇਸ਼ ਪਾਤਸ਼ਾਹ ਦੇ ਦੂਲੇ ਪੰਥ ਲਈ ਇੱਕ ਤਰ੍ਹਾਂ ਨਾਲ ਇਮਤਿਹਾਨ ਦਾ ਦੌਰ ਸੀ। ਸਿਰਦਾਰਾਂ ਦੀ ਚੜ੍ਹਦੀ ਕਲਾ ਤੇ ਭਾਣੇ ਵਾਲੀ ਜ਼ਿੰਦਗੀ ਤੋਂ ਸਾਰੇ ਵਾਕਿਫ਼ ਸਨ। ਸਵਾਸ-ਸਵਾਸ ਸ਼ੁਕਰਾਨਾ ਕਰਨ ਤੇ ਪਰਉਪਕਾਰ ਦੀਆਂ ਸਾਖਸ਼ਾਤ ਮੂਰਤਾਂ ਸਨ ਕੇਸਾਂ ਦਾਹੜ੍ਹੀਆਂ ਵਾਲੇ ਅੰਮ੍ਰਿਤਧਾਰੀ ਸਿੰਘ। ਇਨਸਾਫ-ਪਸੰਦ ਤੇ ਮਨੁੱਖਤਾ ਦੇ ਰਾਖੇ ਐਸੇ ਸਿੰਘਾਂ ਦੀ ਪਹਿਚਾਣ ਕਰਨਾ ਕੋਈ ਔਖਾ ਕੰਮ ਨਹੀਂ ਸੀ। ਸਿਰ `ਤੇ ਦਸਤਾਰ, ਸਾਬਤ-ਸੂਰਤਿ ਤੇ ਗਾਤਰੇ ਕ੍ਰਿਪਾਨ ਪ੍ਰਤੱਖ ਪਹਿਚਾਣ ਸੀ ਮੁਗਲੀਆ ਸਲਤਨਤ ਦੇ ਨੱਕ `ਚ ਦਮ ਕਰਨ ਵਾਲਿਆਂ ਦੀ।
1739ਈ. ਵਿੱਚ ਨਾਦਰ ਸ਼ਾਹ ਕੰਧਾਰ ਗਿਆ ਤੇ ਨਵਾਬ ਜ਼ਕਰੀਆ ਖ਼ਾਨ ਨੂੰ ਸਿੱਖਾਂ ਦੀ ਗੁਰਮਤਿ-ਗਾਡੀ ਰਾਹ `ਤੇ ਚੱਲਣ ਦੀ ਦ੍ਰਿੜ੍ਹਤਾ ਬਾਰੇ ਦੱਸਿਆ। ਖ਼ਾਨ ਬਹਾਦਰ ਨੇ ਖਿੱਝ ਕੇ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਲਈ ਫਿਰ ਮਾਰ-ਧਾੜ ਸ਼ੁਰੂ ਕਰ ਦਿੱਤੀ। ਆਪਣੇ ਰਾਜ ਖੇਤਰ ਵਿੱਚ ਸਿੰਘਾਂ ਨੂੰ ਨਾ ਰਹਿਣ ਦੇਣ ਦੀ ਠਾਣ ਲਈ। ਇਸ ਬਿਪਤਾ ਭਰੇ ਸਮੇਂ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ, ਆਪਣੀ ਵੱਖਰੀ ਹੋਂਦ ਤੇ ਪਛਾਣ (ਸਾਬਤ ਸੂਰਤਿ ਦਸਤਾਰ ਸਿਰਾ) ਦੀ ਸਲਾਮਤੀ ਲਈ ਸਿੱਖਾਂ ਨੂੰ ਕਈ-2 ਦਿਨ ਭੁੱਖਣ ਭਾਣੇ ਰਹਿ ਕੇ ਝਾੜਾਂ, ਜੰਗਲਾਂ ਅਤੇ ਪ੍ਰਦੇਸ਼ਾਂ ਵਿੱਚ ਗੁਜ਼ਾਰਨੇ ਪਏ। ਜੇਕਰ ਦੂਜੇ-ਚੌਥੇ ਦਿਨ ਵੀ ਕੁੱਝ ਖਾਣ ਨੂੰ ਪ੍ਰਾਪਤ ਹੁੰਦਾ ਤਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਨਾ ਭੁੱਲਦੇ।
“ਸਿੰਘ ਕੜਾਕੇ ਸਯੋਂ ਰਹੈਂ, ਦੂਏ ਚੌਥੇ ਦਿਨ ਖਾਹਿਂ॥
ਬਿਨਾ ਨੂਨ ਭਾਜੀ ਲਭੈ, ਤੌ ਖਾਵੈਂ ਬਹੁਤ ਸਲਾਹਿ॥”

ਅੱਤ ਸੰਕਟ ਦੇ ਸਮੇਂ ਜਦੋਂ ਕੱਚਾ-ਪੱਕਾ ਸਾਗ ਤੇ ਦਰੱਖਤਾਂ ਦੇ ਫਲ, ਫੁੱਲ ਤੇ ਸੱਕ ਖਾ ਕੇ ਵੀ ਗੁਜ਼ਾਰਾ ਕਰਨਾ ਪਿਆ, ਪਰ ਸਿੱਖਾਂ ਨੇ ਹਿੰਮਤ ਨਹੀਂ ਹਾਰੀ। ਨਵਾਬ ਦੀਆਂ ਫੌਜਾਂ ਨੇ ਪਿੰਡ-2 ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ, ਜਿਸ ਵੀ ਪਿੰਡ ਵਿੱਚੋਂ ਕੋਈ ਸਿੰਘ ਪਕੜਿਆ ਜਾਂਦਾ ਤਾਂ ਉਸਦੇ ਸਾਕ-ਸੰਬੰਧੀਆਂ ਨੂੰ ਵੀ ਕੈਦ ਕਰ ਲਿਆ ਜਾਂਦਾ। ਸਿੰਘਾਂ ਦੇ ਘਰ-ਘਾਟ ਲੁੱਟਣ ਲਈ ਨਵਾਬ ਨੇ ਲਿਖਤੀ ਖੁੱਲ੍ਹ ਦੇ ਰੱਖੀ ਸੀ ਕਿ ਜੋ ਵੀ ਸਿੰਘਾਂ ਦੇ ਘਰ ਲੁੱਟੇਗਾ, ਉਸਨੂੰ ਇਸ ‘ਨੇਕ ਕੰਮ’ ਲਈ ਮੁਆਫ ਕੀਤਾ ਜਾਵੇਗਾ। ਸਿੱਖਾਂ ਦੇ ਦ੍ਰਿੜ੍ਹਤਾ ਵਾਲੇ ਜੀਵਨ ਤੇ ਵੱਖਰੀ ਪਹਿਚਾਣ ਤੋਂ ਖਾਰ ਖਾਂਦਿਆਂ ਨਵਾਬ ਨੇ ਇਹ ਡੌਂਡੀ ਪਿਟਵਾ ਦਿੱਤੀ ਕਿ ਜੋ ਵੀ ਸਿੱਖਾਂ ਦੇ ਕੇਸ ਉਤਾਰ ਕੇ ਲਿਆਏਗਾ ਉਸਨੂੰ ਦੁਸ਼ਾਲੇ ਤੇ ਵੱਡੇ ਖੇਸਾਂ ਨਾਲ ਨਿਵਾਜ਼ਿਆ ਜਾਏਗਾ।
“ਸਿਰ ਪਰ ਹੋਵੈਂ ਜਿਸ ਕੇ ਕੇਸ। ਰਹਿਣ ਨ ਦੇਨੋਂ ਅਪਨੇ ਦੇਸ਼।
ਜੋ ਸਿੰਘ ਕੋ ਕੋਊ ਉਤਾਰੇ ਕੇਸ। ਦੇਊਂ ਦੁਸ਼ਾਲੇ ਔ ਵਡ ਖੇਸ।

ਇਸ ਘਿਨਾਉਣੀ ਹਰਕਤ ਤੋਂ ਬਾਅਦ ਵੀ ਨਵਾਬ ਨੂੰ ਸਬਰ ਨਾ ਆਇਆ ਤੇ ਉਸਨੇ ਲਿਖਤੀ ਹੁਕਮ ਲਾਹੌਰ ਤੇ ਆਸੇ-ਪਾਸੇ ਦੇ ਇਲਾਕਿਆਂ `ਚ ਭਿਜਵਾ ਦਿੱਤੇ ਕਿ ਕਿਸੇ ਵੀ ਸਿੱਖ ਨੂੰ, ਚਾਹੇ ਉਹ ਖੇਤੀਬਾੜੀ ਜਾਂ ਵਣਜ-ਵਾਪਾਰ ਕਰਦਾ ਹੋਵੇ, ਨਾ ਛੱਡੋ। ਕੇਸਾਂ ਵਾਲਿਆਂ ਦਾ ਕਤਲ ਕਰਨਾ ਸਵਾਬ ਦਾ ਕਰਮ ਹੈ, ਇਸ ਲਈ ਮੈਂ ਕਤਲ ਦਾ ਦੋਸ਼ ਮਾਫ ਕਰ ਦਿਆਂਗਾ। ਤੁਸੀਂ ਲੱਭ-ਲੱਭ ਕੇ, ਪਛਾਣ-2 ਕੇ ਕੇਸਾਂ ਵਾਲਿਆਂ ਨੂੰ ਮਾਰੋ। ਸਿੱਖਾਂ ਨੂੰ ਲੁੱਟਣਾ ਤੇ ਕੁੱਟਣਾ ਸਭ ਕੁੱਝ ਮਾਫ ਹੈ। ਭਾਈ ਰਤਨ ਸਿੰਘ ਭੰਗੂ ਨੇ ਇਸ ਤਵਾਰੀਖ਼ ਨੂੰ ‘ਸ਼੍ਰੀ ਗੁਰੂ ਪੰਥ ਪ੍ਰਕਾਸ਼’ ਵਿੱਚ ਇਸ ਤਰ੍ਹਾਂ ਅੰਕਿਤ ਕੀਤਾ ਹੈ-

‘ਐਸੋ ਹੁਕਮ ਨਵਾਬ ਲਿਖਾਯਾ। ਚਾਰੋਂ ਔਰ ਲਹੌਰ ਪਠਾਯਾ।
ਖੇਤੀ ਵਣਜ ਕਰੇ ਜੇ ਕੋਈ। ਕੇਸਨ ਵਾਲਾ ਛਡੋ ਨ ਕੋਈ।
ਸਿੰਘਨ ਖੂਨ ਮਾਫ ਹਮ ਕੀਨੇ। ਜਿਤ ਲਭੇ ਤਿਤ ਮਾਰਹੁ ਚੀਨੇ।
ਲੂਟ ਕੂਟ ਉਸ ਮਾਫ ਹਮ ਕਰੀ। ਹਮਰੀ ਲਿਖਤ ਏ ਜਾਨਹੁ ਖਰੀ। *

ਇਹ ਤਾਂ ਸੀ 18ਵੀਂ ਸਦੀ ਦੇ ਦੌਰਾਨ ਗੈਰ-ਮੁਲਕ ਦੇ ਹਮਲਾਵਰਾਂ ਵੱਲੋਂ ਕੇਸਾਂ ਵਾਲਿਆਂ ਉੱਪਰ ਕੀਤੇ ਅਤਿੱਆਚਾਰ। ਪਰ ਅੱਜ ਦੇ ਦੌਰ ਵਿੱਚ ਵੀ ਆਪਣੇ ਹੀ ਮੁਲਕ ਦੇ ਹਾਕਮਾਂ ਨੇ ਸਿੱਖਾਂ ਨੂੰ ਜਿਵੇਂ ਆਪਣੀ ਭੈੜੀ ਸੋਚ ਦਾ ਨਿਸ਼ਾਨਾ ਬਣਾਇਆ ਹੋਇਆ ਹੈ, ਇਸਦਾ ਜ਼ਿਕਰ ਕਰਨਾ ਵੀ ਲਾਜ਼ਮੀ ਹੋਵੇਗਾ। ਭ੍ਰਿਸ਼ਟ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਮਗਰੋਂ ਜਿਵੇਂ ਹੀ ਰਾਜੀਵ ਗਾਂਧੀ, ਪਾਲਮ ਹਵਾਈ ਅੱਡੇ `ਤੇ ਉਤਰਿਆ ਤਾਂ ਆਪਣੇ ਹਮਦਰਦੀਆਂ ਨੂੰ ਇਹ ਫੂਰਮਾਨ ਜਾਰੀ ਕੀਤਾ ਕਿ “ਕੇਸ ਕੰਘਾ ਕੜਾ ਕ੍ਰਿਪਾਨ, ਭੇਜੋ ਇਹਨਾਂ ਨੂੰ ਪਾਕਿਸਤਾਨ। ‘ਦੁੱਕੀ ਤਿੱਕੀ ਖਹਿਣ ਨਹੀਂ ਦੇਣੀ, ਸਿਰ `ਤੇ ਪਗੜੀ ਰਹਿਣ ਨਹੀਂ ਦੇਣੀ। ‘ਦਿੱਲੀ ਸਿੱਖ-ਕਤਲੇਆਮ ਦੇ ਮੁੱਖ ਦੋਸ਼ੀਆਂ ਸੱਜਣ ਕੁਮਾਰ,
H.K.L. ਭਗਤ, ਜਗਦੀਸ਼ ਟਾਈਟਲਰ, ਧਰਮ ਦਾਸ ਸ਼ਾਸਤਰੀ, ਅਰਜਨ ਦਾਸ, ਅਸ਼ੋਕ ਕੁਮਾਰ, ਦੀਪ ਚੰਦ, ਸੁਖਨ ਲਾਲ ਸੂਦ, ਰਾਮ ਨਰਾਇਣ ਵਰਮਾ, ਡੀ. ਆਰ. ਛਾਬੜਾ, ਭਾਰਤ ਵਾਸੂਦੇਵ, ਧਰਮ ਸਿੰਘ ਤੇ ਮੇਲਾ ਰਾਮ ਨੇ ਜ਼ਕਰੀਆ ਖ਼ਾਨ ਵਾਂਗ ਹੁਕਮ ਦੇ ਕੇ ਦਿੱਲੀ, ਬੋਕਾਰੋ ਤੇ ਹੋਰ ਥਾਵਾਂ `ਤੇ ਲੱਭ-2 ਕੇ ਕੇਸਾਂ ਵਾਲਿਆਂ ਨੂੰ ਮਾਰਨ ਲੁੱਟਣ ਦੀ ਖੁੱਲ੍ਹ ਦਿੱਤੀ ਹੋਈ ਸੀ। ਜ਼ਕਰੀਆ ਖ਼ਾਨ ਵਕਤ ਸਿੱਖ ਨੂੰ ਮਾਰਨ ਦਾ ਇਨਾਮ ਦੁਸ਼ਾਲਾ, ਮੋਹਰਾਂ ਤੇ ਵੱਡੇ ਖੇਸ ਸੀ, ਪਰ ਅੱਜ ਦੇ ਜ਼ਕਰੀਏ ਵੇਲੇ ਸਿੱਖਾਂ ਦਾ ਨਾਸ਼ ਕਰਨ ਵਾਲਿਆਂ ਲਈ ਵਜ਼ੀਰੀਆਂ, ਤਰੱਕੀਆਂ ਤੇ ਸੋਨੇ ਦੇ ਮੈਡਲ। ਉਪਰੇਸ਼ਨ ਵੁੱਡ ਰੋਜ਼ ਰਾਹੀਂ ਨੌਜਵਾਨ ਕੇਸਾਧਾਰੀ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ। ਘਰੋਂ ਚੁੱਕ-2 ਕੇ ਮਾਵਾਂ ਦੇ ਪੁੱਤ, ਭੈਣਾਂ ਦੇ ਵੀਰ, ਕਈਆਂ ਦੇ ਸੁਹਾਗ ਮਾਰ-ਖਪਾ ਦਿੱਤੇ ਗਏ। ਜੇਕਰ ਤਾਜ਼ਾ ਸਮੇਂ ਨੂੰ ਵੀ ਪੜਚੋਲ ਲਈਏ ਤਾਂ ਗੱਲ ਸਾਫ ਹੋ ਜਾਵੇਗੀ ਕਿ ਕੇਸਾਂ ਵਾਲਿਆਂ ਦੇ ਇਸ ਦੇਸ਼ ਵਿੱਚ ਕੀ ਅਧਿਕਾਰ ਹਨ ਤੇ ਉਹਨਾਂ ਨੂੰ ਕਿਸ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ। ਸਾਬਤ ਸੂਰਤ ਸਿੱਖਾਂ ਲਈ ਫਾਂਸੀ ਦੇ ਤਖ਼ਤੇ ਤੇ ਸਿੱਖਾਂ ਦੇ ਖੁਨ ਨਾਲ ਆਪਣੇ ਹੱਥ ਰੰਗਣ ਵਾਲਿਆਂ ਲਈ ਕੁਰਸੀਆਂ। ਇਸੇ ਸੋਚ ਦੇ ਤਹਿਤ ਹੀ ਸ਼ਹੀਦ ਭਗਤ ਸਿੰਘ, ਜਿਸਨੇ ਆਪਣੇ ਆਖਰੀ ਸਮੇਂ ਆਪਣੀ ਸਿੱਖੀ ਸਰੂਪ ਤੋਂ ਭਗੌੜਾ ਹੋਣ ਵਾਲੀ ਗਲਤੀ ਨੂੰ ਮਹਿਸੂਸ ਕੀਤਾ ਤਾਂ, ਭਗਤ ਸਿੰਘ ਨੇ ਭਾਈ ਰਣਧੀਰ ਸਿੰਘ ਜੀ ਨਾਲ ਲਾਹੌਰ ਜੇਲ੍ਹ ਵਿੱਚ ਇਹ ਵੀਚਾਰ ਸਾਂਝੇ ਕੀਤੇ ਕਿ ਜੇਕਰ ਮੈਂ ਕੇਸਾਧਾਰੀ ਹੋ ਕੇ ਸੰਘਰਸ਼ ਕਰਦਾ ਤਾਂ ਮੈਨੂੰ ਆਪਣੇ ਸਾਥੀ ਭੱਟ ਕੇਸਵਰ ਦੱਤ ਦੀ ਹਮਦਰਦੀ ਤੇ ਏਨੀ ਸ਼ੁਹਰਤ ਪ੍ਰਾਪਤ ਨਾ ਹੁੰਦੀ। ਉਸਨੇ ਇਹ ਵੀ ਕਿਹਾ ਕਿ ਮੇਰੀ ਕੁਰਬਾਨੀ 1914-15 ਵੇਲੇ ਕਰੁਬਾਨੀ ਕਰਨ ਵਾਲੇ ਦੇਸ਼ ਭਗਤਾਂ ਸਾਹਮਣੇ ਕੁੱਝ ਵੀ ਨਹੀਂ, ਪਰ ਇਹਨਾਂ ਸੂਰਮਿਆਂ ਨੂੰ ਸ਼ੁਹਰਤ ਨਾ ਮਿਲਣ ਦਾ ਕਾਰਨ ਉਹਨਾਂ ਦਾ ਸਿੱਖੀ ਸਰੂਪ ਸੀ, ਜੋ ਕਿ ਅਨਮਤੀ ਅਖਬਾਰਾਂ ਨੂੰ ਪਸੰਦ ਨਹੀਂ ਸੀ। ਪਰ ਅੱਜ ਮੈਂ ਮਹਿਸੂਸ ਕਰਦਾ ਹਾਂ ਤੇ ਆਪ ਜੀ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅੱਜ ਤੋਂ ਬਾਅਦ ਕਦੇ ਵੀ ਕੇਸ-ਦਾੜ੍ਹਾ ਨਹੀਂ ਕਟਵਾਵਾਂਗਾ ਤੇ ਸਿੱਖ ਨਿਸ਼ਚੇ ਵਿੱਚ ਹੀ ਚੜ੍ਹਾਈ ਕਰਾਂਗਾ। ਇਤਿਹਾਸ ਦੀਆਂ ਇਹਨਾਂ ਪਰਤਾਂ ਨੂੰ ਫਰੋਲਿਆਂ ਤੇ ਮੁਲਾਂਕਣ ਕੀਤਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਅੱਜ ਵੀ ਸਿੱਖੀ ਸਰੂਪ ਤੋਂ ਖੁਣਸ ਖਾਣ ਵਾਲਿਆਂ ਅੰਦਰ ਜ਼ਕਰੀਆ ਖ਼ਾਨ ਦੀ ਰੂਹ ਕੰਮ ਕਰ ਰਹੀ ਹੈ, ਜਿਸ ਕਰਕੇ ਬੇਅੰਤ ਢੰਗਾਂ ਕਦੇ ਉਪਰੇਸ਼ਨ ਬਲਿਊ ਸਟਾਰ, ਬਲੈਕ ਥੰਡਰ ਤੇ ਕਦੇ ਉਪਰੇਸ਼ਨ ਵੁੱਡ ਰੋਜ਼ ਰਾਹੀਂ ਇਹਨਾਂ ਨੇ ਇਹ ਬਦਨੀਤੀ ਅਪਣਾਈ ਹੋਈ ਹੈ- ਕੇਸਨ ਵਾਲਾ ਛਡੋ ਨ ਕੋਈ।
ਕੁਲਬੀਰ ਸਿੰਘ ‘ਅਕਾਲ ਗੜ੍ਹ’
.