.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਗੁਰਬਾਣੀ ਦਾ ਅਦਰਸ਼

ਬਹੁਤ ਥੋੜੇ ਸ਼ਬਦਾਂ ਵਿੱਚ ਗੁਰਬਾਣੀ ਦੇ ਅਦਰਸ਼ ਦੀ ਗੱਲ ਕਰਨੀ ਹੋਵੇ ਤਾਂ ਏਹੀ ਕਹਾਂਗੇ ਕਿ ਗੁਰਬਾਣੀ ਨੇ ‘ਸਚਿਆਰ’ ਮਨੁੱਖ ਦੀ ਘਾੜਤ ਘੜੀ ਹੈ ਜੋ ਇਹਨਾਂ ਤੁਕਾਂ “ਉਸਤਤਿ ਮਨ ਮਹਿ ਕਰਿ ਨਿਰੰਕਾਰ॥ ਕਰਿ ਮਨ ਮੇਰੇ ਸਤਿ ਬਿਉਹਾਰ”॥ ਵਿੱਚ ਪ੍ਰਗਟ ਹੁੰਦੀ ਹੈ। ਗੁਰਬਾਣੀ ਏਸੇ ਹੀ ਜੀਵਨ ਵਿੱਚ ਕੂੜ ਦੀ ਕੰਧ ਨੂੰ ਤੋੜਦਿਆਂ, ਆਪੇ ਦੀ ਪਹਿਛਾਣ ਕਰਾਉਂਦੀ ਹੋਈ ਜੀਵਨ ਮੁਕਤ ਦਾ ਅਦਰਸ਼ ਨਿਰਧਾਰਤ ਕਰਦੀ ਹੈ--- “ਆਪੁ ਪਛਾਣੈ ਮਨੁ ਨਿਰਮਲੁ ਹੋਇ॥ ਜੀਵਨ ਮੁਕਤਿ ਹਰਿ ਪਾਵੈ ਸੋਇ”॥ ਪੰਨਾ ੧੬੧

ਗੁਰਬਾਣੀ ਸਾਰੇ ਸੰਸਾਰ ਦਾ ਸਾਂਝਾ ਵਿਰਸਾ ਹੈ ਜੋ ਸਰਬ-ਕਾਲੀ, ਸਰਬ-ਦੇਸੀ ਤੇ ਸੂਰਜ ਦੀ ਰੋਸ਼ਨੀ ਵਾਂਗ ਸਰਬ ਸਾਂਝਾ ਹੈ। ਗੁਰੂ ਰੂਪ ਵਿੱਚ ਇਸ ਮਹਾਨ ਫਲਸਫ਼ੇ ਨੂੰ ਕੇਵਲ ਸਿੱਖ ਕੌਮ ਹੀ ਪਿਆਰਦੀ ਅਤੇ ਸਤਿਕਾਰਦੀ ਹੈ। ਅੱਜ ਜ਼ਰਾ ਕੁ ਗਹੁ ਕਰਕੇ ਦੇਖੀਏ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਕੌਮ ਦੀਆਂ ਜੱਥੇਬੰਦੀਆਂ ਨੇ ਹੁਣ ਤੀਕ ਕੋਈ ਅਜੇਹਾ ਮਿਆਰ ਨਹੀਂ ਬਣਾਇਆ, ਜਿਸ ਨਾਲ ਪਰਚਾਰ ਖੇਤਰ ਵਿੱਚ ਜੁੜੇ ਗੁਰਮੁਖ ਪਿਆਰਿਆਂ ਦੀ ਯੋਗਤਾ ਨੂੰ ਪਰਖਿਆ ਜਾ ਸਕੇ, ਪਰ ਅੱਜ ਇਹ ਸਮੇਂ ਦੀ ਬਹੁਤ ਜ਼ਿਆਦਾ ਜ਼ਰੂਰਤ ਤੇ ਮੰਗ ਹੈ। ਗੁਰਦੁਆਰਿਆਂ ਵਿੱਚ ਰੋਜ਼ਮਰਾ ਦੀ ਜ਼ਿੰਦਗੀ ਨੂੰ ਦੇਖਿਆ ਜਾਏ ਤਾਂ ਗ੍ਰੰਥੀ ਸਿੰਘ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਲੈਣਾ, ਅਰਦਾਸ ਕਰਨੀ, ਹੁਕਮ ਨਾਮਾ ਸੁਣਾਉਣਾ ਤੇ ਸੁਖ-ਆਸਨ ਕਰਨ ਤੀਕ ਹੀ ਸੀਮਤ ਹੋ ਕੇ ਰਹਿ ਗਏ ਹਨ। ਇਹਨਾਂ ਨੇ ਤੇ ਸਗੋਂ ਗੁਰਬਾਣੀ ਦੇ ਉੱਚੇ ਸੁੱਚੇ ਅਦਰਸ਼ ਨੂੰ ਸਿੱਖ ਸੰਗਤਾਂ ਅਤੇ ਸਮੁੱਚੀ ਮਾਨਵਤਾ ਤਾਂਈ ਪਾਠ ਦਰਸ਼ਨ ਅਤੇ ਦੀਦਾਰ ਦਾ ਸੁਨੇਹਾਂ ਵੀ ਪਹੁੰਚਣਾ ਸੀ। ਖ਼ਾਸ ਤੌਰ `ਤੇ ਗੁਰਦੁਆਰੇ ਦਾ ਕੰਮ ਸੀ, ਗੁਰਬਾਣੀ ਦਾ ਅਦਰਸ਼ ਅਥਵਾ ਗੁਰਮਤ ਸਿਧਾਂਤ ਤੇ ਏਸੇ ਅਨੁਸਾਰ ਸਿੱਖ ਇਤਿਹਾਸ ਦੀ ਪਰਪੱਕਤਾ ਵਿੱਚ ਠੋਸ ਕਦਮ ਚੁੱਕਣੇ। ਸਾਰੇ ਨਹੀਂ, ਬਹੁਤੀ ਥਾਂਈ ਤੇਜ਼-ਤਰਾਰ ਬਿਰਤੀ ਵਾਲੇ ਲੋਕਾਂ ਨੇ ਗੁਰਦੁਆਰਿਆਂ ਨੂੰ ਵਪਾਰਕ ਅਦਾਰੇ ਬਣਾਉਂਦਿਆਂ, ਕੇਵਲ ਪੇਟ ਪੂਰਤੀ ਤੇ ਆਮਦਨ ਦਾ ਸਾਧਨ ਹੀ ਬਣਾਇਆ ਹੋਇਆ ਹੈ।

ਸ਼ਬਦ ਗਿਆਨ ਦੀ ਘਾਟ ਕਰਕੇ ਗੁਰੂ ਗ੍ਰੰਥ ਸਹਿਬ ਦੀ ਬਾਣੀ ਨੂੰ ਕੇਵਲ ਧਾਰਮਿਕ ਰਸਮਾਂ ਪੂਰੀਆਂ ਕਰਨ ਤੀਕ ਸੀਮਤ ਕਰ ਦਿੱਤਾ ਹੈ। ਗੁਰਬਾਣੀ ਸ਼ਬਦਾਂ ਦੇ ਮਨਘੜਤ ਅਰਥਾਂ ਦੇ ਨਾਲ ਕਰਾਮਾਤੀ ਸਾਖੀਆਂ ਜੋੜ ਕੇ ਦਿਨ ਦੀਵੀਂ ਸਿੱਖ ਸਿਧਾਂਤ ਦਾ ਘਾਣ ਕੀਤਾ ਜਾ ਰਿਹਾ ਹੈ। ਜੇ ਸਾਡੇ ਜ਼ਿੰਮੇਵਾਰ ਜੱਥੇਦਾਰ ਹੀ “ਮੋਹਨ ਤੇਰੇ ਉੱਚੇ ਮੰਦਰ” ਵਾਲੇ ਸ਼ਬਦ `ਤੇ ਗੁਰੂ ਅਮਰਦਾਸ ਜੀ ਦੇ ਬੇਟੇ ਮੋਹਣ ਨਾਲ ਜੋੜਦੇ ਹੋਣ ਤਾਂ ਦੁਸ਼ਮਣਾਂ ਤੇ ਕੀ ਗਿਲਾ ਕੀਤਾ ਜਾ ਸਕਦਾ ਹੈ। ਮਨੁੱਖ ਦੀ ਮੁੱਢਲ਼ੀ ਮਾਨਸਕ ਕੰਮਜ਼ੋਰੀ ਹੈ ਕਿ ਇਹ ਕਹਾਣੀਆਂ ਸੁਣਨ ਨੂੰ ਤਰਜੀਹ ਦੇਂਦਾ ਹੈ। ਇਸ ਦਾ ਲਾਭ ਸਾਡੇ ਗੁਰਦੁਆਰਿਆਂ ਵਿੱਚ ਬੈਠੇ ਲੋਕਾਂ ਨੇ ਉਠਾਇਆ। ਗੁਰ-ਬਿਲਾਸ ਤੇ ਭਗਤ ਮਾਲਾ ਵਰਗੀਆਂ ਪੁਸਤਕਾਂ ਵਿਚੋਂ ਸਾਖੀਆਂ ਸੁਣੀਆਂ ਜਾਂ ਸੁਣਾਈਆਂ ਜਾਂਦੀਆਂ ਰਹੀਆਂ ਹਨ, ਜੋ ਗੁਰਮਤ ਸਿਧਾਂਤ ਦੇ ਨੇੜੇ ਵੀ ਨਹੀਂ ਢੁੱਕਦੀਆਂ। ਇੰਜ ਗੁਰਬਾਣੀ ਦੇ ਮਨ ਘੜਤ ਅਰਥ ਕਰਕੇ ਆਮ ਲੁਕਾਈ ਨੂੰ ਕੁਰਾਹੇ ਹੀ ਪਾਇਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਕਾਵਕ ਰੂਪ ਵਿੱਚ ਪਿੰਗਲਬਧ ਹੈ। ਇਹ ਅਨੇਕ ਪਰਕਾਰ ਦੇ ਛੰਦਾਂ ਨਾਲ ਗੁੰਦੀ ਹੋਈ ਹੈ। ਕਾਵਿ ਵਿੱਚ ਛੰਦ-ਬੰਦੀ, ਤੋਲ-ਤੁਕਾਂਤ, ਵਜ਼ਨ-ਲੈਅ, ਰਵਾਨਗੀ ਅਤੇ ਮਾਤਰਾ ਇਤ ਆਦਕ ਨੂੰ ਮੁੱਖ ਰੱਖਿਆ ਗਿਆ ਹੈ। ਗੁਰਬਾਣੀ ਦੀ ਸ਼ਬਦਾਵਲੀ ਦਾ ਰੂਪ ਅਤੇ ਪਰਵਾਹ ਅੱਜ ਦੀ ਕਵਿਤਾ ਨਾਲੋਂ ਨਿਵੇਕਲਾ ਅਤੇ ਅਨੋਖਾ ਹੈ। ਗੁਰਬਾਣੀ ਵਿਚਲੀ ਬੋਲੀ ਅਤੇ ਲਿਖਣ-ਸ਼ੈਲੀ ਦੀ ਗੌਰਵਤਾ ਇੱਕ ਵਿਲੱਖਣ ਥਾਂ ਰੱਖਦੀ ਹੈ। ਫਿਰ ਇਸ ਦਾ ਸਿਧਾਂਤ ਵੀ ਦੁਨੀਆਂ ਨਾਲੋਂ ਨਿਆਰਾ ਤੇ ਵਿਲੱਖਣ ਹੈ।

ਅੱਜ ਦੇ ਵਿਗਿਆਨਕ ਯੁੱਗ ਵਿੱਚ ਮਨੁੱਖ ਦੀ ਬੁੱਧੀ ਐਨੀ ਤੀਖਣ ਹੋ ਗਈ ਹੈ ਕਿ ਉਹ ਹਰ ਗੱਲ ਨੂੰ ਸਮਝਣ ਲਈ ਦਲੀਲ ਦੀ ਮੰਗ ਕਰਦਾ ਹੈ ਤੇ ਉਹ ਕਿਸੇ ਕੀਮਤ `ਤੇ ਵੀ ਅੰਧ-ਵਿਸ਼ਵਾਸੀ ਬਣਨ ਲਈ ਤਿਆਰ ਨਹੀਂ ਐਂ। ਇਸੇ ਪਰਕਾਰ ਦੁਨੀਆਂ ਦੇ ਹਰ ਖੇਤਰ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਆਈਆਂ ਨੇ। ਜਿਨ੍ਹਾਂ ਲੋਕਾਂ ਨੇ ਧਰਤੀ ਚੱਪਟੀ ਹੋਣ ਦਾ ਧਾਰਮਕ ਪੁਸਤਕ ਦਾ ਹਵਾਲਾ ਦੇ ਕੇ ਗਲੇਲੀਓ ਵਰਗੇ ਮਹਾਨ ਸਾਇੰਸਦਾਨ ਨੂੰ ਅੰਦਰ ਬੰਦ ਕਰਕੇ ਤਸ਼ਦੱਦਦ ਦਾ ਰਾਹ ਦਿਖਾਇਆ ਸੀ, ਅੱਜ ਦੇ ਯੁੱਗ ਵਿੱਚ ਉਹਨਾਂ ਲੋਕਾਂ ਨੇ ਵੀ ਆਪਣੀ ਇਸ ਵੱਡੀ ਗਲਤੀ ਦਾ ਅਹਿਸਾਸ ਕੀਤਾ ਹੈ। ਪਰ ਸਾਡੇ ਹੀ ਸੰਪਰਦਾਈ ਪਰਚਾਰਕਾਂ ਵਲੋਂ ਗੁਰਬਾਣੀ ਸਿਧਾਂਤ ਨੂੰ ਪੌਰਾਣਕ ਕਥਾਵਾਂ ਤੇ ਅਧਾਰ ਬਣਾ ਕੇ ਹੀ ਪੇਸ਼ ਕਰਦੇ ਹਨ। ਏੱਥੇ ਬਸ ਨਹੀਂ ਸਗੋਂ ਬ੍ਰਹਾਮਣੀ ਗਲੇਫ਼ ਵਿੱਚ ਭਿੱਜੀਆਂ ਰਚਨਾਵਾਂ ਨੂੰ ਸਿੱਖੀ ਸਿਧਾਂਤ ਦਾ ਅੰਗ ਬਣਾ ਬਣਾ ਕੇ ਪੇਸ਼ ਕਰ ਰਹੇ ਹਨ।

ਅਜੋਕੇ ਸਮੇਂ ਦੇ ਸਾਧ ਭੋਲ਼ੀ-ਭਾਲ਼ੀ ਜਨਤਾ ਨੂੰ ਕਹਿੰਦੇ ਹਨ ਕਿ ਜੀ ਗੁਰਬਾਣੀ ਪੜ੍ਹਨ ਵਿਚਾਰਨ ਦੀ ਕੋਈ ਬਹੁਤੀ ਲੋੜ ਨਹੀਂ ਹੈ, ਕਿਉਂ? ਬਸ ਮਨ ਵਿੱਚ ਇੱਕ ਅੱਖਰ ਹੀ ਵਸ ਜਾਏ ਤਾਂ ਬਹੁਤ ਹੈ ਤੇ ਉਹ ਪਰਮਾਣ ਦੇਂਦੇ ਹਨ— “ਏਕ ਅਖਰੁ ਹਰਿ ਮਨਿ ਬਸਤ ਨਾਨਕ ਹੋਤ ਨਿਹਾਲ”॥ ਤੇ ਉਹ ਅੱਖਰ ਵੀ ਬਿਨਾ ਸਿਰ ਪੈਰ ਦੇ ਅਪਣਾ ਨਿਜੀ ਅਨੁਭਵ ਹੀ ਦੱਸਦੇ ਹਨ। ਦੇਖਣ ਨੂੰ ਬਹੁਤ ਹੀ ਦਾਨਾ ਪੁਰਸ਼ ਲੱਗਦਾ ਸੀ ਜੋ ਕਹਿ ਰਿਹਾ ਸੀ ਭਾਈ ਸਾਹਿਬ ਜੀ ਸਿਰਫ ਸਿਮਰਨ ਹੀ ਕਰਨ ਦੀ ਲੋੜ ਹੈ, ਗੁਰਬਾਣੀ ਪੜ੍ਹਨ ਸੁਣਨ ਦੀ ਕੋਈ ਬੁਹਤੀ ਜ਼ਰੂਰਤ ਨਹੀਂ ਹੈ ਕਿਉਂ ਕਿ ਗੁਰਬਾਣੀ ਵਿੱਚ ਸਿਰਫ ਨਾਮ ਸਿਮਰਨ ਬਾਰੇ ਹੀ ਕਿਹਾ ਹੈ। ਗੁਰੂ ਨਾਨਕ ਸਾਹਿਬ ਜੀ ਜੋਗੀਆਂ, ਸਿੱਧਾਂ-ਪੀਰਾਂ, ਸੰਨਿਆਸੀਆਂ, ਜੈਨੀਆਂ, ਹਾਜੀਆਂ, ਕਾਜ਼ੀਆਂ, ਸ਼ੇਖ਼ਾਂ, ਸੂਫ਼ੀ-ਫ਼ਕੀਰਾਂ, ਪੰਡਿਤਾਂ. ਬ੍ਰਾਹਮਣਾਂ, ਰਾਜਨੀਤਿਕਾਂ ਆਦਿ ਜਨੀ ਕਿ ਹਰ ਵਰਗ ਦੇ ਮਨੁੱਖ ਨੂੰ ਮਿਲੇ ਪਰ ਕਿਸੇ ਦੀ ਵੀ ਪੈੜ ਨੂੰ ਗੁਰੂ ਜੀ ਨੇ ਨੱਪਿਆ ਨਹੀਂ ਭਾਵ ਪਰਵਾਨ ਨਹੀਂ ਕੀਤਾ, ਸਗੋਂ ਆਪਣੇ ਸਿੱਧੇ ਸਾਧੇ-ਸਰਲ ਢੰਗ ਨਾਲ ਰੱਬੀ ਨਿਯਮ, ਰੱਬੀ ਭਾਣਾ ਤੇ ਰੱਬੀ ਗੁਣ ਆਮ ਜਨਤਾ ਨੂੰ ਸਮਝਾਏ ਜੋ ਆਮ ਲੋਕਾਂ ਦੀ ਸਮਝ ਵਿੱਚ ਆ ਸਕਦੇ ਸਨ।

ਗੁਰਬਾਣੀ ਦਾ ਅਦਰਸ਼ ਇੱਕ ਪਰਮਾਤਮਾ ਦੀ ਹੋਂਦ ਤੇ ਉਸ ਦੇ ਸਦੀਵ-ਕਾਲ ਗੁਣਾਂ ਤੋਂ ਅਰੰਭ ਹੁੰਦਾ ਹੈ। ਇਹਨਾਂ ਗੁਣਾਂ ਨੂੰ ਜ਼ਿੰਦਗੀ ਦਾ ਅੰਗ ਬਣਾ ਕੇ ਪ੍ਰਭੂ ਦੀ ਰਜ਼ਾ ਵਿੱਚ ਤੁਰਨ ਦੀ ਜਾਚ ਸਿਖਾਈ ਹੈ। ਤੀਰਥਾਂ ਦੇ ਇਸ਼ਨਾਨ, ਸਮਾਧੀਆਂ, ਪਦਾਰਥਾਂ ਦੇ ਢੇਰ ਤੇ ਚਲਾਕੀਆਂ ਨਾਲ ਜੀਵਨ ਵਿੱਚ ਕਦੇ ਵੀ ਟਿਕਾ ਨਹੀਂ ਆ ਸਕਦਾ ਜੋ ਗੁਰੂ ਗ੍ਰੰਥ ਦੀਆਂ ਪਹਿਲੀਆਂ ਤੁਕਾਂ ਵਿੱਚ ਹੀ ਸਮਝਾ ਦਿੱਤਾ ਹੈ। ਗੁਰਬਾਣੀ ਦੇ ਸਿਰਮੋਰ ਸਿਧਾਂਤ ਦੀ ਇਹ ਵਿਲੱਖਣਤਾ ਹੈ ਜੋ ਏਸੇ ਜੀਵਨ ਵਿੱਚ ਹੀ ਵਿਕਾਰਾਂ ਵਲੋਂ ਮੁਕਤ ਕਰਾਉਂਦਿਆਂ ਹੋਇਆਂ ਕੂੜ ਦੀ ਕੰਧ ਨੂੰ ਢਾਹ ਕੇ ‘ਸਚਿਆਰ’ ਤੀਕ ਅਪੜਾਉਂਦਾ ਹੈ।

ਮਨੁੱਖੀ ਜ਼ਿੰਦਗੀ ਦਾ ਅਦਰਸ਼ ਕਾਇਮ ਕਰਨ ਲਈ ਤੇ ਰੱਬੀ ਸਿਧਾਂਤ ਨੂੰ ਸਮਝਾਉਣ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਆਮ ਲੋਕਾਂ ਵਲੋਂ ਬੋਲੀ ਜਾਣ ਵਾਲੀ ਪ੍ਰਚੱਲਤ ਸ਼ਬਦਾਵਲੀ, ਮਿੱਥਾਂ, ਪੁਰਾਤਨ ਪ੍ਰਚੱਲਤ ਹਵਾਲਿਆਂ ਦੀ ਵਰਤੋਂ ਕੀਤੀ ਗਈ ਹੈ। ਪਰ ਇਸ ਸਾਰੀ ਮਹਾਨ ਬਾਣੀ ਵਿੱਚ ਸਿਧਾਂਤ ਗੁਰੂ ਸਾਹਿਬ ਜੀ ਦਾ ਆਪਣਾ ਹੈ ਜੋ ਰੱਬ ਦੇ ਹੁਕਮ ਵਿੱਚ ਤੁਰਨ ਦੀ ਜਾਚ ਸਿਖਾਉਂਦਾ ਹੈ। ਇੱਕ ਲੋਕ ਕਹਾਣੀ ਰਾਂਹੀ ਇਸ ਗੁੰਝਲ਼ ਨੂੰ ਹੋਰ ਸੌਖਿਆਂ ਸਮਝਿਆ ਜਾ ਸਕਦਾ ਹੈ।

ਕਹਿੰਦੇ ਨੇ ਇੱਕ ਪਿੰਡ ਦੇ ਕੁੱਝ ਲੋਕ ਕਮਾਈ ਕਰਨ ਲਈ ਮੁਸਾਰਫ਼ ਬਣ ਕੇ ਤੁਰੇ ਜਾ ਰਹੇ ਸਨ। ਉਹਨਾਂ ਨੂੰ ਰਸਤੇ ਵਿੱਚ ਰਾਤ ਪੈ ਗਈ ਕਿਉਂਕਿ ਪੈਂਡਾ ਦੂਰ ਦਾ ਸੀ। ਥੋੜ੍ਹੀ ਦੂਰ ਉਹਨਾਂ ਨੇ ਇੱਕ ਪਿੰਡ ਦੇ ਬਾਹਰ ਕੁੱਝ ਬੱਚੇ ਖੇਡਦੇ ਦੇਖੇ। ਮੁਸਾਫ਼ਰਾਂ ਵਿਚੋਂ ਇੱਕ ਸਿਆਣੇ ਆਦਮੀ ਨੇ ਆਪਣੇ ਕੁੱਝ ਸਾਥੀਆਂ ਨੂੰ ਕਿਹਾ, ਕਿ “ਜਾਉ ਉਹਨਾਂ ਬੱਚਿਆਂ ਨੂੰ ਕਹੋ ਕੇ ਅਸਾਂ ਰਾਤ ਤੁਹਡੇ ਪਿੰਡ ਵਿੱਚ ਰਹਿਣਾ ਹੈ ਤੇ ਰੋਟੀ ਆਦ ਵੀ ਖਾਣੀ ਹੈ ਇਸ ਲਈ ਕਿਰਪਾ ਕਰਕੇ ਸਾਡਾ ਅੱਜ ਦੀ ਰਾਤ ਦਾ ਪ੍ਰਬੰਧ ਕਰਾ ਦਿਓ”। ਮੁੱਖੀ ਮੁਸਾਫ਼ਰ ਦਾ ਹੁਕਮ ਮੰਨ ਕੇ ਦੋ ਮੁਸਫ਼ਰ ਜਾ ਕੇ ਬੱਚਿਆਂ ਕਹਿਣ ਲੱਗੇ, “ਓਏ ਮੁੰਡਿਓ! ਕੀ ਰੌਲ਼ਾ ਜਾਂਦੇ ਜੇ ਸਾਡੀ ਵੀ ਗੱਲ ਸੁਣ ਲਓ, ਅਸੀਂ ਤੁਹਾਡੇ ਪਿੰਡ ਰਾਤ ਰਹਿਣਾ ਹੈ, ਰੋਟੀ ਵੀ ਖਾਣੀ ਹੈ, ਸਾਨੂੰ ਆਪਣਿਆਂ ਘਰਾਂ ਵਿੱਚ ਲੈ ਚਲੋ”। ਬੱਚੇ ਆਪਣੀ ਖੇਢ ਵਿੱਚ ਮਸਤ ਰਹੇ ਤੇ ਉਹਨਾਂ ਨੇ ਮੁਸਾਫਰਾਂ ਦੀ ਗੱਲ ਨੂੰ ਬਹੁਤਾ ਗੌਲ਼ਿਆ ਹੀ ਨਾ, ਤੇ ਨਾਲ ਹੀ ਲਾਪਰਵਾਹੀ ਨਾਲ ਕਹਿ ਦਿੱਤਾ ਕਿ “ਸਾਡੇ ਪਿੰਡ ਕੋਈ ਰਹਿਣ ਲਈ ਜਗ੍ਹਾ ਜੁਗ੍ਹਾ ਨਹੀਂ ਐਂ। ਅਸੀਂ ਨਹੀਂ ਤੁਹਾਨੂੰ ਜਾਣਦੇ, ਕੀ ਪਤਾ ਤੁਸੀਂ ਕੌਣ ਹੋ। ਭਲਾ ਏਸੇ ਵਿੱਚ ਹੀ ਹੈ ਕਿ ਤੁਸੀਂ ਅਗਾਂਹ ਆਪਣਾ ਰਸਤਾ ਨਾਪੋ ਤੇ ਤੁਰਦੇ ਬਣੋ”, ਨਾਲ ਹੀ ਸਾਰੇ ਬੱਚੇ ਹੱਥ ਤੇ ਹੱਥ ਮਾਰ ਕੇ ਤੇ ਉਹਨਾਂ ਮੁਸਾਫ਼ਰਾਂ ਵਲ ਦੇਖ ਦੇਖ ਕੇ ਉੱਚੀ ਉੱਚੀ ਊਈ ਊਈ ਕਰਕੇ ਹੱਸਣ ਲੱਗ ਪਏ। ਮੁਸਾਫ਼ਰ ਆਪਣੀ ਲਾਹ-ਪਤ ਕਰਵਾ ਕੇ ਆਪਣੇ ਮੁੱਖੀ ਕੋਲ ਆ ਗਏ। ਉਹਨਾਂ ਆਣ ਕੇ ਗਿਲਾ ਕੀਤਾ, ਕਿ “ਛੱੋਟੇ ਛੋਟੇ ਬੱਚਿਆਂ ਨੇ ਸਾਡੀ ਪਾਣ-ਪਤ ਲਾਹ ਕੇ ਹੱਥ ਫੜਾ ਦਿੱਤੀ ਊ ਹੁਣ ਅਸਾਂ ਦੁਬਾਰਾ ਨਹੀਂ ਜਾਣਾ ਤੇ ਚਲੋ ਅਗਲੇ ਪਿੰਡ ਜਾ ਕੇ ਰਾਤ ਰਹਿ ਲਵਾਂਗੇ”। ਮੁੱਖੀ ਮੁਸਾਫ਼ਰ ਨੇ ਪੁਛਿਆ, ਕਿ, “ਤੁਸਾਂ ਕੀ ਕਿਹਾ ਸੀ” ? ਕਹਿੰਦੇ, “ਅਸਾਂ ਕਿਹਾ ਸੀ ਕਿ ਅਸਾਂ ਤੁਹਾਡੇ ਪਿੰਡ ਵਿੱਚ ਰਾਤ ਰਹਿਣਾ ਹੈ ਸਾਨੂੰ ਘਰਾਂ ਵਿੱਚ ਲੈ ਚਲੋ, ਭਈ ਤੋਬਾ! ਬੱਚਿਆਂ ਬਹੁਤ ਮਜ਼ਾਕ ਕੀਤਾ ਈ”। ਮੁੱਖੀ ਮੁਸਾਫ਼ਰ ਕਹਿੰਦਾ, “ਮੈਂ ਹੁਣ ਆਪ ਜਾਂਦਾ ਹਾਂ”। ਮੁੱਖੀ ਮੁਸਾਫ਼ਰ ਬੱਚਿਆਂ ਦੇ ਕੋਲ ਜਾ ਕੇ ਬਹੁਤ ਮਿੱਠੇ ਜੇਹੇ ਲਹਿਜੇ ਵਿੱਚ ਇੱਕ ਮਿੱਠਾ ਜੇਹਾ ਗੀਤ ਗਉਣ ਲੱਗ ਪਿਆ। ਬਹੁਤ ਹੀ ਪਿਆਰਾ ਗੀਤ ਸੁਣ ਕੇ ਸਾਰੇ ਬੱਚੇ ਹੀ ਛੇਤੀ ਨਾਲ ਦੌੜ ਕੇ ਮੁੱਖੀ ਮੁਸਾਫ਼ਰ ਦੇ ਪਾਸ ਆ ਗਏ। ਮੁੱਖੀ ਮੁਸਾਫ਼ਰ ਨੇ ਗੀਤ ਗਾਉਣਾ ਬੰਦ ਕਰ ਦਿੱਤਾ। ਸਾਰੇ ਬੱਚੇ ਹੀ ਇੱਕ ਅਵਾਜ਼ ਵਿੱਚ ਕਹਿਣ ਲੱਗੇ, “ਕਿ ਬਾਬਾ ਜੀ ਇੱਕ ਗੀਤ ਹੋਰ ਸੁਣਾਓ ਸਾਨੂੰ ਬਹੁਤ ਮਜ਼ਾ ਆਇਆ”। ਮੁੱਖੀ ਮੁਸਾਫ਼ਰ ਕਹਿਣ ਲੱਗਾ ਕਿ ਭਈ ਗੀਤ ਤਾਂ ਮੈਨੂੰ ਬਹੁਤ ਆਉਂਦੇ ਨੇ ਭਾਵੇਂ ਸਾਰੀ ਰਾਤ ਸੁਣਦੇ ਰਹੋ ਪਰ ਮੈਨੂੰ ਭੁੱਖ ਲੱਗੀ ਏ ਤੇ ਨਾਲੇ ਮੈਂ ਰਾਤ ਵੀ ਰਹਿਣਾ ਏਂ”। ਸਾਰੇ ਹੀ ਬੱਚੇ ਕਹਿਣ “ਲੱਗੇ ਕਿ ਬਾਬਾ ਜੀ ਸਾਡੇ ਘਰ ਚੱਲੋ ਸਾਡੇ ਘਰ ਚੱਲੋ”। ਮੁੱਖੀ ਮੁਸਾਫ਼ਰ ਨੇ ਕਿਹਾ, ਕਿ, “ਭਈ ਬੱਚਿਓ! ਮੈਂ ਇਕੱਲਾ ਨਹੀਂ ਹਾਂ ਮੇਰੇ ਸਾਥੀ ਵੀ ਹੈਣ ਉਹਨਾਂ ਵੀ ਮੇਰੇ ਨਾਲ ਈ ਰਹਿਣਾ ਹੈ”। ਬੱਚੇ ਕਹਿਣ ਲੱਗੇ, “ਕੋਈ ਗੱਲ ਨਹੀਂ ਬਾਬਾ ਜੀ ਸਾਡੇ ਪਿੰਡ ਦੇ ਵਿੱਚ ਧਰਮਸਾਲ ਹੈ ਤੁਸੀਂ ਉੱਥੇ ਚੱਲ ਕੇ ਰਹੋ ਅਸੀਂ ਤੁਹਾਡਾ ਰੋਟੀ ਖਾਣ ਦਾ ਪ੍ਰਬੰਧ ਕਰਦੇ ਹਾਂ ਤੁਸੀਂ ਗੀਤ ਜ਼ਰੂਰ ਸੁਣਾਇਆ ਜੇ”। ਗੱਲ ਕਰਨ ਦੇ ਅੰਦਾਜ਼ ਨੇ ਉਹਨਾਂ ਮੁਸਾਫ਼ਰਾਂ ਨੂੰ ਜਿੱਥੇ ਰੋਟੀ ਮਿਲੀ ਓੱਥੇ ਰਾਤ ਦਾ ਟਿਕਾਣਾ ਵੀ ਮਿਲ ਗਿਆ। ਗੁਰੂ ਨਾਨਕ ਪਾਤਸ਼ਾਹ ਨੇ ਆਮ ਲੋਕਾਂ ਦੀ ਬੋਲੀ ਵਿੱਚ ਉਹਨਾਂ ਦੇ ਦਰਦ ਦੀ ਗੱਲ ਕੀਤੀ ਤੇ ਦਰਦ ਦਾ ਇਲਾਜ ਦੱਸਿਆ, ਲੋਕਾਂ ਨੇ ਉਹਨਾਂ ਦੀ ਗੱਲ ਨੂੰ ਨੇੜੇ ਆ ਕੇ ਸੁਣਿਆ। ਗੁਰਬਾਣੀ ਦਾ ਸਿਰਮੋਰ ਅਦਰਸ਼ ਹੈ ਕਿ ਜੋ ਇਸ ਲੋਕ ਵਿੱਚ ਰਹਿੰਦਿਆਂ ਹੀ ਲੋਕਾਂ ਦੇ ਆਤਮਕ ਦਰਦਾਂ ਦਾ ਦਵਾ ਦਾਰੂ ਕਰਦੀ ਹੈ। ਇਹ ਅਦਰਸ਼ ਆਪੇ ਦੀ ਸੋਝੀ ਕਰਾ ਕੇ ਸੰਸਾਰ ਵਿੱਚ ਵਿਚਰਨ ਦੀ ਜਾਚ ਦੱਸਦਾ ਹੈ— “ਬੰਦੇ ਖੋਜੁ ਦਿਲ ਹਰ ਰੋਜ, ਨਾ ਫਿਰੁ ਪਰੇਸਾਨੀ ਮਾਹਿ”॥ ਅਤੇ— “ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ”॥ ਇੰਜ ਆਖੀਏ ਗੁਰਬਾਣੀ ਸਾਰੀ ਮਨੱਖਤਾ ਦੇ ਜੀਵਨ ਜਾਚ ਦਾ ਖ਼ਜ਼ਾਨਾ ਹੈ।

ਗੁਰਬਾਣੀ ਦੇ ਅਦਰਸ਼ ਆਮ ਲੋਕਾਂ ਦੀ ਬੋਲੀ ਵਿੱਚ ਸਮਝ ਆ ਸਕਣ ਵਾਲੇ ਹਨ। ਪਰ ਇਹਨਾਂ ਅਦਰਸ਼ਾਂ ਨੂੰ ਸਮਝਿਆ ਨਹੀਂ ਤੇ ਨਾ ਹੀ ਅਸਾਂ ਆਪਣੇ ਸੁਭਾਅ ਦਾ ਅੰਗ ਬਾਣਇਆ ਹੈ। ਅਣਖ਼ ਵਾਲੀ ਜ਼ਿੰਦਗੀ ਜੀਉਣ ਦੀ ਗੱਲ ਕਰਦਿਆਂ ਗੁਰੂ ਨਾਨਕ ਸਾਹਿਬ ਜੀ ਦਾ ਸਪੱਸ਼ਟ ਫਰਮਾਣ ਹੈ—

ਸੋ ਜੀਵਿਆ, ਜਿਸੁ ਮਨਿ ਵਸਿਆ ਸੋਇ॥

ਨਾਨਕ ਅਵਰੁ ਨ ਜੀਵੈ ਕੋਇ॥

ਜੇ ਜੀਵੈ, ਪਤਿ ਲਥੀ ਜਾਇ॥

ਸਭੁ ਹਰਾਮੁ ਜੇਤਾ ਕਿਛੁ ਖਾਇ॥

ਸਲੋਕ ਮ: ੧ ਪੰਨਾ ੧੪੨

ਜਿਉਂਦਾ ਉਹ ਹੈ ਜਿਸ ਦੇ ਮਨ ਵਿੱਚ ਭੈ-ਭਾਵਨੀ ਵਾਲੇ ਗੁਣ ਹਨ। ਇੱਜ਼ਤ ਗਵਾ ਕੇ ਜਿਉਣ ਵਾਲਾ ਜੋ ਕੁੱਝ ਖਾਂਦਾ ਹੈ ਉਹ ਸਭ ਹਰਾਮ ਹੀ ਹੈ। ਅਣਖ਼ ਤੋਂ ਰਹਿਤ ਵਾਲਾ ਆਦਮੀ ਜਿਉਂਦੀ ਲਾਸ਼ ਹੈ।

ਲਗ-ਪਗ ਸਾਰੇ ਸੰਸਾਰ ਵਿੱਚ ਪਹਿਲੀ ਮਈ ਨੂੰ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਇਹ ਅਹਿਸਾਸ ਕੀਤਾ ਜਾਂਦਾ ਹੈ ਕਿ ਕਿਸੇ ਵੀ ਮਜ਼ਦੂਰ ਦੀ ਮਜ਼ਦੂਰੀ ਉਸ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਪਹਿਲਾਂ ਉਸ ਨੂੰ ਦਿੱਤੀ ਜਾਣੀ ਚਾਹੀਦੀ ਹੈ। ਗੁਰੂ ਨਾਨਕ ਸਾਹਿਬ ਦਾ ਤਾਂ ਸੁਨੇਹਾ ਹੀ ਇੱਥੋਂ ਸ਼ੁਰੂ ਹੁੰਦਾ ਹੈ ਐ ਬੰਦੇ! ਜ਼ਰਾ ਕੁ ਆਪਣੇ ਹਿਰਦੇ ਵਿੱਚ ਝਾਤੀ ਮਾਰ ਕੇ ਦੇਖ ਕਿ ਕੀ ਤੂੰ ਕਿਸੇ ਦਾ ਹੱਕ ਤਾਂ ਨਹੀਂ ਰੱਖ ਰਿਹਾ? ਝੇ ਅਜੇਹਾ ਕਰ ਰਿਹਾ ਏਂ ਤਾਂ ਜਿਉਂਦੇ ਮਨੁੱਖ ਦਾ ਖੂਨ ਪੀ ਰਿਹਾ ਏਂ।

ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ॥

ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ॥

ਸਲੋਕ ਮ: ੧ ਪੰਨਾ ੧੪੦

ਆਪਣੇ ਬੈੱਡ-ਰੂਮ, ਰਸੋਈ, ਡਰਾਇੰਗ-ਰੂਮ ਜਾਂ ਆਪਣੀ ਹਵੇਲੀ ਵਿੱਚ ਤਾਂ ਸਾਰੇ ਸੱਚ ਦਾ ਬੋਲ ਸਕਦੇ ਹਨ? ਜਦੋਂ ਪਰੇਅ-ਪੰਚਾਇਤ ਵਿੱਚ ਗੱਲ ਕਰਨ ਦਾ ਸਮਾਂ ਬਣਦਾ ਹੈ ਤਾਂ ਮਨੁੱਖ ਮੂੰਹ ਵਿੱਚ ਘੂੰਙਣੀਆਂ ਪਾ ਲੈਂਦਾ ਹੈ। ਜਾਣਦਾ ਹੋਇਆ ਵੀ ਸੱਚ ਬਿਆਨ ਨਾ ਕਰਨ ਵਾਲੇ ਨੂੰ ਗੁਰਬਾਣੀ ਕਾਇਰ ਆਖਦੀ ਹੈ--- “ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ”॥ ਪੰਨਾ 723

ਕਦੇ ਕਿਸੇ ਨੂੰ ਡਰਾਉਣਾ ਨਹੀਂ ਚਾਹੀਦਾ ਅਤੇ ਨਾ ਹੀ ਕਿਸੇ ਦਾ ਨਜ਼ਾਇਜ ਡਰ ਰੱਖਣਾ ਚਾਹੀਦਾ ਹੈ --- “ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ॥ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ”॥ 1427 –

ਜੰਮਣ-ਮਰਣ ਤੋਂ ਸਦਾ ਲਈ ਮੁਕਤ ਕਰਦਿਆਂ ਗੁਰਬਾਣੀ ਦਾ ਇਹ ਅਟੱਲ ਫੈਸਲਾ ਹੈ ਕਿ ਪੰਜਾਂ ਤੱਤਾਂ ਤੋਂ ਅਸੀਂ ਬਣੇ ਹਾਂ ਤੇ ਫਿਰ ਮਰਣ ਤੋਂ ਉਪਰੰਤ ਅਸੀਂ ਪੰਜਾਂ ਤੱਤਾਂ ਵਿੱਚ ਹੀ ਮਿਲ ਜਾਣਾ ਹੈ।

ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ॥

ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ॥ 11॥

ਪੰਨਾ 1427

ਅਰਥ: — ਹੇ ਨਾਨਕ! (ਆਖ—) ਹੇ ਚਤੁਰ ਮਨੁੱਖ! ਹੇ ਸਿਆਣੇ ਮਨੁੱਖ! ਤੂੰ ਜਾਣਦਾ ਹੈਂ ਕਿ (ਤੇਰਾ ਇਹ) ਸਰੀਰ (ਪਰਮਾਤਮਾ ਨੇ) ਪੰਜ ਤੱਤਾਂ ਤੋਂ ਬਣਾਇਆ ਹੈ। (ਇਹ ਭੀ) ਯਕੀਨ ਜਾਣ ਕਿ ਜਿਨ੍ਹਾਂ ਤੱਤਾਂ ਤੋਂ (ਇਹ ਸਰੀਰ) ਬਣਿਆ ਹੈ (ਮੁੜ) ਉਹਨਾਂ ਵਿੱਚ ਹੀ ਲੀਨ ਹੋ ਜਾਇਗਾ (ਫਿਰ ਇਸ ਸਰੀਰ ਦੇ ਝੂਠੇ ਮੋਹ ਵਿੱਚ ਫਸ ਕੇ ਪਰਮਾਤਮਾ ਦਾ ਸਿਮਰਨ ਕਿਉਂ ਭੁਲਾ ਰਿਹਾ ਹੈਂ?

ਜੰਮਣ ਮਰਨ ਵਿੱਚ ਉਲ਼ਝੇ ਮਨੁੱਖ ਨੂੰ ਗੁਰਬਾਣੀ ਅਦਰਸ਼ ਨੇ ਕੋਲ ਬਿਠਾ ਕੇ ਕਿਹਾ ਹੈ, ਕਿਉਂ ਫ਼ਜੂਲ ਦੀਆਂ ਬਹਿਸਾਂ ਕਰ ਰਿਹਾ ਏਂ? ਜਦੋਂ ਇਹ ਪਤਾ ਨਹੀਂ ਸਰੀਰ ਵਿਚੋਂ ਨਿਕਲੀ ਹਵਾ ਗਈ ਕਿਹੜੇ ਪਾਸੇ, ਫਿਰ ਕਿਉਂ ਝੰਜਟ ਵਿੱਚ ਪਿਆ ਹੋਇਆ ਏਂ – ਤੂੰ ਹੁਣ ਸਚਿਆਰ ਬਣਨ ਦਾ ਯਤਨ ਕਿਉਂ ਨਹੀਂ ਕਰਦਾ।

ਇਕ ਦਝਹਿ ਇੱਕ ਦਬੀਅਹਿ ਇਕਨਾ ਕੁਤੇ ਖਾਹਿ॥

ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ॥

ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ॥

ਸਲੋਕ ਮ: ੧ ਪੰਨਾ ੬੪੮

ਗੁਰਬਾਣੀ ਤੇ ਮਨੁੱਖ ਨੂੰ ਹਰ ਪ੍ਰਕਾਰ ਦਾ ਗਿਆਨ ਦੇ ਕੇ ਸਚਿਆਰ ਬਣਾ ਰਹੀ ਹੈ। ਅਸੀਂ ਸਮੁੱਚੇ ਤੌਰ `ਤੇ ਭਾਵ ਅਰਥ ਨੂੰ ਨਹੀਂ ਸਮਝਿਆ। ਇਸ ਲਈ ਕਈ ਸ਼ਬਦਾਂ ਦੇ ਅੱਖਰੀ ਅਰਥ ਹੀ ਕਰਦੇ ਹਾਂ। ਪਰ ਅਗਲੇ ਪਿਛੱਲੇ ਸ਼ਬਦਾਂ ਨੂੰ ਧਿਆਨ ਨਾਲ ਦੇਖਦੇ ਹੀ ਨਹੀਂ ਹਾਂ। ਆਪਣੇ ਮਤ ਨੂੰ ਸਿੱਧ ਕਰਨ ਲਈ ਹੀ ਕੁੱਝ ਤੁਕਾਂ ਦੀ ਵਰਤੋਂ ਕਰਦੇ ਹਾਂ ਜੇਹਾ ਕਿ ਸੂਹੀ ਰਾਗ ਦੇ ਪਹਿਲੇ ਸ਼ਬਦ ਵਿੱਚ ਇਹ ਅਵਸਥਾ ਰੱਖੀ ਮਿਲਦੀ ਹੈ ਕਿ ਹੇ ਰਸਨਾ ਤੂੰ ਪਰਮਾਤਮਾ ਦਾ ਨਾਮ ਜਪ---

ਜਪਹੁ ਤ ਏਕੋ ਨਾਮਾ॥ ਅਵਰਿ ਨਿਰਾਫਲ ਕਾਮਾ॥ 1॥ ਰਹਾਉ॥

ਇਹੁ ਮਨੁ ਈਟੀ ਹਾਥਿ ਕਰਹੁ ਫੁਨਿ ਨੇਤ੍ਰਉ ਨੀਦ ਨ ਆਵੈ॥

ਰਸਨਾ ਨਾਮੁ ਜਪਹੁ ਤਬ ਮਥੀਐ ਇਨ ਬਿਧਿ ਅੰਮ੍ਰਿਤੁ ਪਾਵਹੁ॥

ਸੂਹੀ ਮਹਲਾ ੧ ਪੰਨਾ ੭੨੮

ਕੇਵਲ ਨਾਮ ਜੱਪਣ ਵਾਲੇ ਵੀਰ ਇਹਨਾਂ ਤੁਕਾਂ ਦੀ ਹੀ ਉਦਾਹਰਣ ਦੇਂਦੇ ਹਨ ਪਰ ਇਸੇ ਸ਼ਬਦ ਦੇ ਅੱਗਲੇ ਸ਼ਬਦ ਵਿੱਚ ਗਿਆਨ ਜੱਪਣ ਦੀ ਅਵਸਥਾ ਰੱਖੀ ਹੈ---

ਐਸਾ ਗਿਆਨੁ ਜਪਹੁ ਮਨ ਮੇਰੇ॥ ਹੋਵਹੁ ਚਾਕਰ ਸਾਚੇ ਕੇਰੇ॥ 1॥

ਸੂਹੀ ਮਹਲਾ ੧ ਪੰਨਾ ੭੨੮

ਕੀ ਨਾਮ ਜਪਿਆ ਜਾਏ? ਜਾਂ ਗਿਆਨ ਜਪਿਆ ਜਾਏ? ਇਹ ਦੋਨੋਂ ਵਿਚਾਰ ਦੇਖਣ ਨੂੰ ਅੱਡੋ-ਅੱਡਰੇ ਲੱਗਦੇ ਹਨ ਪਰ ਅਸਲ ਵਿੱਚ ਇਹਨਾਂ ਦਾ ਭਾਵ ਅਰਥ ਹੈ ਕਿ ਰੱਬ ਜੀ ਦੇ ਗੁਣਾਂ ਰੂਪੀ ਗਿਆਨ ਨੂੰ ਸਦਾ ਹੀ ਆਪਣੇ ਮਨ ਵਿੱਚ ਵਸਾ ਕੇ ਰੱਖ ਜੋ ਸਚਿਆਰ ਬਣਾਉਣ ਵਿੱਚ ਸਹਾਇਤਾ ਕਰਦੇ ਹਨ। ਹਰ ਵੇਲੇ ਇਹਨਾਂ ਦਾ ਅਭਿਆਸ ਕਰਦੇ ਰਹਿਣਾ ਨਾਮ ਸਿਮਰਨ ਹੈ।

ਕਿਰਤੀ ਦੀ ਕਿਰਤ ਨੂੰ ਸਲਾਹੁੰਦਿਆਂ ਹੋਇਆਂ ਮਾਣ ਦਿੱਤਾ ਹੈ। ਪਰ ਵਿਹਲੜ ਮਨੁੱਖ ਨੂੰ ਗੁਰਬਾਣੀ ਅਰਦਸ਼ ਪਰਵਾਨ ਨਹੀਂ ਕਰਦਾ। ਵਿਹਲਾ ਰਹਿ ਕੇ ਪੇਟ ਦੀ ਪੂਰਤੀ ਲਈ ਕਿਰਤੀਆਂ ਦੇ ਘਰ ਜਾਣ ਵਾਲੇ ਨੂੰ ਸਪੱਸ਼ਟ ਐਲਾਨ ਹੈ---

ਮਖਟੂ ਹੋਇ ਕੈ ਕੰਨ ਪੜਾਏ॥ ਫਕਰੁ ਕਰੇ ਹੋਰੁ ਜਾਤਿ ਗਵਾਏ॥

ਗੁਰੁ ਪੀਰੁ ਸਦਾਏ ਮੰਗਣ ਜਾਇ॥ ਤਾ ਕੈ ਮੂਲਿ ਨ ਲਗੀਐ ਪਾਇ॥

ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ 1

ਸਲੋਕ ਮ: ੧ ਪੰਨਾ ੧੨੪੫

ਮਨੁੱਖ ਨਾ ਸਮਝੇ ਤਾਂ ਇਸ ਦੀ ਮਰਜ਼ੀ ਹੈ ਪਰ ਗੁਰਬਾਣੀ ਦਾ ਅਦਰਸ਼ ਹੈ ਕਿ ਜਦੋਂ ਵੀ ਕੋਈ ਕੰਮ ਕਰਨ ਲੱਗਾ ਏਂ ਤਾਂ ਪਹਿਲਾਂ ਉਸ ਦੀ ਪਰਖ ਕਰ ਐਸਾ ਨਾ ਹੋਵੇ ਕਿ ਮੁੜ ਕੇ ਤੈਨੂੰ ਪਛਤਾਉਣਾ ਪਵੇ—

ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ ਅਪਾਰੁ॥

ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ॥

ਸਲੋਕ ਮ: ੧ ਪੰਨਾ ੧੪੧੦

ਗੁਰਬਾਣੀ ਵਾਧੂ ਦੇ ਵਹਿਮ-ਭਰਮ, ਜੰਮਣਾ-ਮਰਨਾ, ਨਰਕ-ਸਵਰਗ, ਫੋਕਟ ਦੀਆਂ ਸਮਾਧੀਆਂ, ਬੇ-ਲੋੜੀ-ਤੀਰਥ ਯਾਤਰਾ, ਦਾਨ-ਪੁੰਨ ਦੇ ਫ਼ਰਜ਼ੀ ਫ਼ਲ਼, ਨੂੰ ਇਕਵੱਢਿਓਂ ਰੱਦ ਕਰਦੀ ਹੋਈ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਸਮਝਾਉਂਦੀ ਹੈ। ਇਸ ਰਸਤੇ `ਤੇ ਚੱਲਣ ਲਈ ਆਪਣੀ ਹਉਮੇ ਦੀ ਕੁਰਬਾਨੀ ਦੇਣੀ ਪੈਂਦੀ ਹੈ ਭਾਵ ਸੀਸ ਤਲ਼ੀ `ਤੇ ਰੱਖ ਕੇ ਤੁਰਨ ਵਾਲੀ ਗੱਲ ਹੈ ਤੇ ਇਹ ਅਦਰਸ਼ਕ ਮਨੁੱਖ ਹੀ ਕਰ ਸਕਦਾ ਹੈ। --

ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥

ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ 20॥

ਸਲੋਕ ਮ: ੧ ਪੰਨਾ ੧੪੧੨

ਸਿਖ ਧਰਮ ਵੱਖ ਵੱਖ ਧਰਮਾਂ ਦਾ ਮਿਲ-ਗੋਭਾ ਜਾਂ ਖਿਚੜੀ ਧਰਮ ਨਹੀਂ ਹੈ। ਇਸ ਦੀਆਂ ਆਪਣੀਆਂ ਰਵਾਇਤਾਂ, ਪ੍ਰੰਪਰਾਵਾਂ ਤੇ ਆਪਣੀ ਨਿਵੇਕਲੀ ਦਿਖ ਹੈ। ਅਸਮਾਨ ਵਿਚਲੇ ਸੱਚ ਖੰਡ ਦੀ ਮਾਨਤਾ ਨੂੰ ਰੱਦ ਕਰਦਾ ਹੋਇਆ ਏਸੇ ਧਰਤੀ `ਤੇ ਰਹਿੰਦਿਆਂ ਹੀ ਆਪਣੇ ਜੀਵਨ ਨੂੰ ਸੱਚ ਖੰਡ ਬਣਾਉਣ ਦਾ ਸੱਦਾ ਦੇਂਦਾ ਹੈ। ਚਉਰਾਸੀ ਦੇ ਗਧੀ-ਗੇੜ ਵਰਗੇ ਵਹਿਮ ਨੂੰ ਨਿਕਾਰਦਾ ਹੋਇਆ ਵਰਤਮਾਨ ਜੀਵਨ ਦੀ ਮਹਾਨਤਾ ਨੂੰ ਸਮਝਾਉਂਦਾ ਹੈ।

ਗੁਰਬਾਣੀ ਦੀਆਂ ਸਦੀਵ-ਕਾਲ ਪ੍ਰੰਪਰਾਵਾਂ ਨੂੰ ਨਾ ਸਮਝਦਿਆਂ ਹੋਇਆਂ, ਅੱਜ ਗੁਰਬਾਣੀ ਦੇ ਚਿੱਟੇ ਚਾਨਣ ਹੇਠ ਅਸੀਂ ਕਿਤੇ ਜੋਗ ਮਤ ਦੀਆਂ ਲੀਹਾਂ ਨੂੰ ਕਾਇਮ ਕਰ ਰਹੇ ਹਾਂ। ਕਿਤੇ ਬ੍ਰਹਾਮਣੀ ਤਰਜ਼ ਦੇ ਕਰਮ-ਫ਼ਲ਼ ਦੀ ਪ੍ਰਾਪਤੀ ਲਈ ਚਲੀਹੇ ਕੱਟੇ ਜਾ ਰਹੇ ਹਨ। ਜਨੀ ਕਿ ਵੱਖ ਵੱਖ ਧਰਮਾਂ ਦੇ ਨਿਯਮਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਸਵੀਕਾਰ ਕਰਦੇ ਜਾ ਰਹੇ ਹਾਂ। ਹਾਂ ਕਿਸੇ ਜੱਥੇਬੰਦੀ ਜਾਂ ਕਿਸੇ ਮਨੁੱਖ ਦੀ ਜੀਵਨ ਸੈਲੀ ਆਪਣੀ ਆਪਣੀ ਹੋ ਸਕਦੀ ਹੈ ਪਰ ਉਹ ਪੰਥ `ਤੇ ਠੋਸੀ ਨਹੀਂ ਜਾ ਸਕਦੀ।




.