.

ਪ੍ਰਸ਼ਨ: ਕੀ ਪੰਜਾਂ ਪਿਆਰਿਆਂ ਵਿੱਚ ਬੀਬੀਆਂ ਵੀ ਸ਼ਾਮਲ ਹੋ ਸਕਦੀਆਂ ਹਨ? ਜੇਕਰ ਸ਼ਾਮਲ ਹੋ ਸਕਦੀਆਂ ਹਨ ਤਾਂ ਕੀ ਕਦੇ ਕਿਧਰੇ ਕੋਈ ਬੀਬੀ ਸ਼ਾਮਲ ਹੋਈ ਹੈ? ਜੇਕਰ ਨਹੀਂ ਤਾਂ ਨਾ ਸ਼ਾਮਲ ਹੋਣ ਦੇ ਕੀ ਕਾਰਨ ਹਨ?
ਉੱਤਰ: ਪੰਜਾਂ ਪਿਆਰਿਆਂ ਵਿੱਚ ਬੀਬੀ/ਬੀਬੀਆਂ ਵੀ ਸ਼ਾਮਲ ਹੋ ਸਕਦੀ/ ਸਕਦੀਆਂ ਹਨ। ਸਿੱਖ ਰਹਿਤ ਮਰਯਾਦਾ ਵਿੱਚ ਇਸ ਸਬੰਧ ਵਿੱਚ ਲਿਖਿਆ ਹੋਇਆ ਹੈ: “ਘੱਟ ਤੋਂ ਘੱਟ ਛੇ ਤਿਆਰ-ਬਰ-ਤਿਆਰ ਸਿੰਘ ਹਾਜ਼ਰ ਹੋਣ, ਜਿਨ੍ਹਾਂ `ਚੋ' ਇੱਕ ਤਾਬਿਆ ਬੈਠੇ ਤੇ ਬਾਕੀ ਪੰਜ ਅੰਮ੍ਰਿਤ ਛਕਾਣ ਲਈ ਹੋਣ। ਇਨ੍ਹਾਂ ਵਿੱਚ ਸਿੰਘਣੀਆਂ ਭੀ ਹੋ ਸਕਦੀਆਂ ਹਨ। ਇਨ੍ਹਾਂ ਸਾਰਿਆਂ ਨੇ ਕੇਸੀਂ ਇਸ਼ਨਾਨ ਕੀਤਾ ਹੋਵੇ।”
ਭਾਂਵੇ ਇਹ ਜ਼ੁੰਮੇਵਾਰੀ ਸਮੂਹ ਖ਼ਾਲਸਾ ਪੰਥ ਦੀ ਹੀ ਬਣਦੀ ਹੈ ਕਿ ਰਹਿਤ ਮਰਯਾਦਾ ਵਿੱਚ ਬੀਬੀਆਂ ਬਾਰੇ ਲਏ ਗਏ ਇਸ ਫ਼ੈਸਲੇ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਲਈ ਯਤਨ ਸ਼ੀਲ ਹੁੰਦਾ ਪਰੰਤੂ ਆਮ ਜਥੇਬੰਦੀਆਂ ਨੇ ਤਾਂ ਇਸ ਨੂੰ ਕੀ ਪ੍ਰਚਾਰਨਾ ਸੀ ਸਾਡੀ ਸ਼੍ਰੋਮਣੀ ਜਥੇਬੰਦੀ ਵੀ ਇਸ ਨੂੰ ਪ੍ਰਚਾਰਨ ਵਿੱਚ ਬੁਰੀ ਤਰ੍ਹਾਂ ਅਸਫਲ ਰਹੀ ਹੈ। ਸਿੱਟੇ ਵਜੋਂ ਥੋਹੜੇ ਚਿਰ ਪਿੱਛੋਂ ਇਹ ਮਸਲਾ ਫਿਰ ਉੱਠ ਖੜਾ ਹੁੰਦਾ ਹੈ। ਜੇਕਰ ਅਮਲੀ ਰੂਪ ਵਿੱਚ ਇਸ ਨੂੰ ਲਾਗੂ ਕੀਤਾ ਗਿਆ ਹੁੰਦਾ ਤਾਂ ਇਹ ਮਸਲਾ ਫਿਰ ਉਠਣ ਦਾ ਸਵਾਲ ਹੀ ਨਹੀਂ ਸੀ ਹੁੰਦਾ। ਅੱਜ ਤੋਂ ਕੋਈ ਪੰਦਰਾਂ ਕੁ ਸਾਲ ਪਹਿਲਾਂ ਇੱਕ ਡਾਕੂਮੈਂਟਰੀ ਮੂਵੀ ਬਣੀ ਸੀ ਜਿਸ ਵਿੱਚ ਪੰਜਾਂ ਪਿਆਰਿਆਂ ਵਿੱਚ ਇੱਕ ਬੀਬੀ ਵੀ ਸ਼ਾਮਲ ਹੋਈ ਦਿਖਾਈ ਗਈ ਸੀ। ਬੀਬੀ ਨੂੰ ਪੰਜਾਂ ਪਿਆਰਿਆਂ `ਚ ਸ਼ਾਮਲ ਹੋਇਆ ਦੇਖ ਕੇ ਜ਼ਿਆਦਾਤਰ ਉਹਨਾਂ ਸੱਜਣਾਂ ਨੇ ਇਤਰਾਜ਼ ਕੀਤਾ ਸੀ ਜੇਹੜੇ ਸਿੱਖ ਰਹਿਤ ਮਰਯਾਦਾ ਨੂੰ ਆਪ ਛਪਵਾ ਕੇ ਸਿੱਖ ਸੰਗਤਾਂ ਵਿੱਚ ਵੰਡਨ ਦੀ ਸੇਵਾ ਨਿਭਾਉਂਦੇ ਸਨ। ਅਜੇਹੇ ਹੀ ਪੰਥਕ ਹਿਤੈਸ਼ੀਆਂ ਵਿੱਚ ਕੁੱਝ ਅਜੇਹੇ ਵੀਰ ਵੀ ਸਨ ਜਿਨ੍ਹਾਂ ਨੇ ਇਹ ਸ਼ੋਸ਼ਾ ਛੱਡ ਕੇ ਆਪਣੀ ਰਹਿਤ ਮਰਯਾਦਾ ਪ੍ਰਤੀ ਅਗਿਆਨਤਾ ਦਾ ਪ੍ਰਗਟਾਵਾ ਕੀਤਾ ਕਿ ਇਹ ਸਭ ਕੁੱਝ ਪੰਥ ਵਿਰੋਧੀ ਤਾਕਤਾਂ ਦੇ ਇਸ਼ਾਰਿਆਂ `ਤੇ ਹੋਇਆ ਹੈ। ਇਹੋ ਜੇਹੀ ਸੋਚ ਰੱਖਣ ਵਾਲੇ ਪੰਥ ਦਰਦੀ ਵੀਰਾਂ ਅਨੁਸਾਰ ਪੰਜਾ ਪਿਆਰਿਆਂ ਵਿੱਚ ਇੱਕ ਬੀਬੀ ਦਾ ਸ਼ਮੂਲੀਅਤ, ਖ਼ਾਲਸਾ ਪੰਥ ਦੇ ਨਿਆਰੇਪਣ ਨੂੰ ਬਰਦਾਸ਼ਤ ਨਾ ਕਰਨ ਵਾਲੀਆਂ ਸ਼ਕਤੀਆਂ ਦੀ ਇੱਕ ਬਹੁਤ ਵਡੀ ਸ਼ਾਜ਼ਸ ਦਾ ਹਿੱਸਾ ਸੀ। (ਨੋਟ: ਇਹ ਹਾਸੋਹੀਣੀ ਗੱਲ ਹੀ ਹੈ ਕਿ ਅਜੇਹੇ ਸੱਜਣਾਂ ਨੂੰ ਪੰਥ ਵਿਰੋਧੀਆਂ ਸ਼ਕਤੀਆਂ ਵਲੋਂ ਸੱਚ - ਮੁੱਚ ਹੀ ਖ਼ਾਲਸਾ ਪੰਥ ਦੇ ਨਿਆਰਾਪਣ ਨੂੰ ਨੇਸਤੋ - ਨਬੂਦ ਕਰਨ ਵਾਲੀਆਂ ਸਰਗਰਮੀਆਂ ਤਾਂ ਦਿਖਾਈ ਨਹੀਂ ਦੇਂਦੀਆਂ ਕੇਵਲ ਖ਼ਾਲਸੇ ਦੇ ਨਿਆਰੇਪਣ ਨੂੰ ਦਰਸਾਉਣ ਵਾਲੀਆਂ ਗੱਲਾਂ `ਚ ਅਜੇਹੀਆਂ ਸ਼ਕਤੀਆਂ ਦਾ ਹੱਥ ਦਿਖਾਈ ਦੇਣ ਲੱਗ ਪੈਂਦਾ ਹੈ।) ਦਾਸ ਨੂੰ ਵੀ ਇੱਕ ਅਜੇਹੇ ਪੰਥ ਦਰਦੀ ਦਾ ਫੋਨ ਆਇਆ ਅਤੇ ਉਹਨਾਂ ਨੇ ਇਸ ਕਥਿੱਤ ਸਾਜ਼ਸ ਦਾ ਵਰਣਨ ਕਰਦਿਆਂ ਹੋਇਆਂ ਚਿੰਤਾ ਜ਼ਾਹਿਰ ਕੀਤੀ ਕਿ ਇਸ ਨਾਲ ਪੰਥ ਦਾ ਬਹੁਤ ਨੁਕਸਾਨ ਹੋਵੇਗਾ। ਜਦ ਦਾਸ ਨੇ ਉਨ੍ਹਾਂ ਦੀ ਇਸ ਗੱਲ ਦੇ ਉੱਤਰ `ਚ ਇਹ ਆਖਿਆ ਕਿ ਇਸ ਸਾਜ਼ਸ ਵਿੱਚ ਤਾਂ ਖ਼ਾਲਸਾ ਪੰਥ ਦੀ ਹੀ ਸ਼ਮੂਲੀਅਤ ਹੈ, ਚੂੰਕਿ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਅਨੁਸਾਰ ਹੀ ਪੰਜਾਂ ਪਿਆਰਿਆਂ ਵਿੱਚ ਬੀਬੀ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਸੁਣ ਕੇ ਉਹਨਾਂ ਨੂੰ ਬਹੁਤ ਹੀ ਹੈਰਾਨਗੀ ਹੋਈ, ਅਤੇ ਫਿਰ ਹੈਰਾਨਗੀ ਪ੍ਰਗਟਾਉਂਦਿਆਂ ਕਹਿਣ ਲੱਗੇ ਕਿ ਹੈਂ!, ਇਹ ਰਹਿਤ ਵਿੱਚ ਲਿਖਿਆ ਹੋਇਆ ਹੈ? ਪਰ ਫਿਰ ਇੱਕ ਦਮ ਆਪਣੇ ਆਪ ਨੂੰ ਸੰਭਾਲਦਿਆਂ ਹੋਇਆਂ ਕਹਿਣ ਲੱਗੇ ਕਿ ਭਾਂਵੇ ਰਹਿਤ ਮਰਯਾਦਾ ਵਿੱਚ ਲਿਖਿਆ ਹੋਇਆ ਹੈ ਪਰ ਇਸ ਤਰ੍ਹਾਂ ਹੋਇਆ ਤਾਂ ਕਦੀ ਨਹੀਂ ਹੈ ਨਾ! ਅਜੇਹੇ ਪੰਥਕ ਦਰਦੀਆਂ ਬਾਰੇ ਕੀ ਆਖਿਆ ਜਾਵੇ।
ਖ਼ੈਰ, ਇਸ ਘਟਨਾ ਦਾ ਵਰਣਨ ਕਰਨ ਦਾ ਇਤਨਾ ਕੁ ਹੀ ਭਾਵ ਹੈ ਕਿ ਅਸੀਂ ਇਸ ਪੱਖੋਂ ਕਿੰਨੇ ਅਵੇਸਲੇ ਹਾਂ। ਸਿੱਖ ਰਹਿਤ ਮਰਯਾਦਾ ਨੂੰ ਪੰਥਕ ਰਹਿਤ ਮਰਯਾਦਾ ਮੰਨ ਕੇ ਇਸ ਦਾ ਪ੍ਰਚਾਰ ਕਰਨ ਵਾਲਿਆਂ ਵਿਚੋਂ ਵੀ ਕਈਆਂ ਨੇ ਆਪ ਕਦੀ ਧਿਆਨ ਨਾਲ ਇਸ ਨੂੰ ਪੜ੍ਹਣ ਦੀ ਖੇਚਲ ਨਹੀਂ ਕੀਤੀ।
ਜਿੱਥੋਂ ਤੱਕ ਇਸ ਗੱਲ ਦਾ ਸਵਾਲ ਹੈ ਕਿ ਜੇਕਰ ਰਹਿਤ ਮਰਯਾਦਾ ਵਿੱਚ ਲਿਖਿਆ ਹੈ ਤਾਂ ਅੱਜ ਤੱਕ ਕੋਈ ਬੀਬੀ ਪੰਜਾਂ ਪਿਆਰਿਆਂ ਵਿੱਚ ਸ਼ਾਮਲ ਕਿਉਂ ਨਹੀਂ ਹੋਈ ਹੈ, ਇਸ ਸਬੰਧ ਵਿੱਚ ਜਿਵੇਂ ਪਹਿਲਾਂ ਜ਼ਿਕਰ ਕੀਤਾ ਗਿਆ ਹੈ ਕਿ ਇਹ ਜ਼ੁੰਮੇਵਾਰ ਸੱਜਣਾਂ ਦੀ ਅਣਗਹਿਲੀ ਦਾ ਹੀ ਸਿੱਟਾ ਆਖਿਆ ਜਾ ਸਕਦਾ ਹੈ; ਜੇਹੜੇ ਸਿੱਖ ਸੰਗਤਾਂ ਵਿੱਚ ਇਸ ਦਾ ਪ੍ਰਚਾਰ ਨਹੀਂ ਕਰ ਸਕੇ। ਸਿੱਟੇ ਵਜੋਂ ਆਮ ਸਿੱਖ ਇਸ ਗੱਲ ਤੋਂ ਬਿਲਕੁਲ ਹੀ ਅਣਜਾਣ ਹੈ ਕਿ ਪੰਜਾਂ ਪਿਆਰਿਆਂ ਵਿੱਚ ਬੀਬੀ/ਬੀਬੀਆਂ ਵੀ ਸ਼ਾਮਲ ਹੋ ਸਕਦੀ/ਸਕਦੀਆਂ ਹਨ। ਅੱਜ ਤੋਂ ਕੋਈ 25 ਕੁ ਸਾਲ ਪਹਿਲਾਂ ਗੁਰਦੁਆਰਾ ਬੜਾ ਸਿੱਖ ਸੰਗਤ ਕਲਕੱਤੇ ਵਿਖੇ ਅੰਮ੍ਰਿੰਤ ਸੰਸਕਾਰ ਸਮੇਂ, ਪੰਜਾਂ ਪਿਆਰਿਆਂ ਵਿੱਚ ਇੱਕ ਬੀਬੀ ਵੀ ਸ਼ਾਮਲ ਹੋਈ ਸੀ। ਦਾਸ ਉਸ ਸਮੇਂ ਉੱਥੇ ਮੌਜੂਦ ਸੀ। ਕਿਸੇ ਤਰ੍ਹਾਂ ਦਾ ਕਿਸੇ ਵਲੋਂ ਵੀ ਕੋਈ ਕਿੰਤੂ - ਪਰੰਤੂ ਨਹੀਂ ਸੀ ਹੋਇਆ। ਅਵੱਸ਼ ਕੁੱਝ ਹੋਰ ਥਾਂਵਾ ਤੇ ਵੀ ਪੰਜਾਂ ਪਿਆਰਿਆਂ ਵਿੱਚ ਬੀਬੀ/ਬੀਬੀਆਂ ਸ਼ਾਮਲ ਹੋਈਆਂ ਹੋਣ ਗੀਆਂ। ਪਰ ਜੇਕਰ ਪਹਿਲਾਂ ਕਿਧਰੇ ਬੀਬੀਆਂ ਨਾ ਵੀ ਸ਼ਾਮਲ ਹੋਈਆਂ ਹੁੰਦੀਆਂ/ਹੋਣ ਤਾਂ ਵੀ ਇਹ ਇਸ ਗੱਲ ਦਾ ਪ੍ਰਤੀਕ ਨਹੀਂ ਹੈ ਕਿ ਹੁਣ ਬੀਬੀਆਂ ਸ਼ਾਮਲ ਨਹੀਂ ਹੋ ਸਕਦੀਆਂ। ਆਖ਼ਰ ਕਿਤੋਂ ਤਾਂ ਸ਼ੁਰੂਆਤ ਕਰਨੀ ਹੀ ਹੁੰਦੀ ਹੈ। ਅਸੀਂ ਅੱਜ ਬਹੁਤ ਕੁੱਝ ਅਜੇਹਾ ਮੰਨਦੇ/ਕਰਦੇ ਹਾਂ ਜੇਹੜਾ ਗੁਰੂ ਸਾਹਿਬਾਨ ਦੇ ਸਮੇਂ ਨਹੀਂ ਸੀ ਹੁੰਦਾ ਜਾਂ ਜਿਸ ਦੀ ਹਿਦਾਇਤ ਗੁਰੂ ਸਾਹਿਬ ਨੇ ਨਹੀਂ ਸੀ ਕੀਤੀ; ਪਰੰਤੂ ਸਮੇਂ ਨਾਲ ਇਸ ਦੀ ਜ਼ਰੂਰਤ ਨੂੰ ਮੁੱਖ ਰੱਖਦਿਆਂ ਇਹਨਾਂ ਨੂੰ ਸਿੱਖ ਰਹਿਣੀ ਦਾ ਇੱਕ ਜ਼ਰੂਰੀ ਅੰਗ ਮੰਨ ਲਿਆ ਗਿਆ ਹੈ। ਇਹਨਾਂ ਵਿਚੋਂ ਕੁੱਝ ਗੱਲਾਂ ਦਾ ਤਾਂ ਗੁਰਮਤਿ ਦੇ ਸਿਧਾਂਤਾਂ ਨਾਲ ਦੂਰ ਦਾ ਵੀ ਸਬੰਧ ਨਹੀਂ ਹੈ, ਪਰ ਅਸੀਂ ਫਿਰ ਵੀ ਉਹਨਾਂ ਨੂੰ ਕਰਦੇ ਹਾਂ। ਪੰਥ ਦੇ ਸੱਚੇ ਸੁਹਿਰਦ, ਹਿਤੈਸ਼ੀਆਂ ਵਲੋਂ ਗੁਰਮਤਿ ਵਿਰੋਧੀ ਇਹਨਾਂ ਰਸਮਾਂ ਵਲ ਧਿਆਨ ਦਿਵਾਉਂਦਿਆਂ ਵੀ ਅਸੀਂ ਇਹਨਾਂ ਦਾ ਤਿਆਗ ਨਹੀਂ ਕਰ ਰਹੇ। ਪਰ ਬੀਬੀਆਂ ਨਾਲ ਜੁੜੇ ਤਕਰੀਬਨ ਹਰੇਕ ਮਸਲੇ, ਭਾਂਵੇ ਇਹ ਬੀਬੀਆਂ ਦਾ ਦਰਬਾਰ ਸਾਹਿਬ ਵਿਖੇ ਸੇਵਾ/ਕੀਰਤਨ ਕਰਨ ਦਾ ਹੈ ਚਾਹੇ ਪੰਜਾਂ ਪਿਆਰਿਆਂ `ਚ ਇਹਨਾਂ ਦੀ ਸ਼ਮੂਲੀਅਤ ਬਾਰੇ ਗੱਲ ਚੱਲਦੀ ਹੈ, ਤਾਂ ਇਸ ਦਾ ਹਮੇਸ਼ਾਂ ਹੀ ਬਹੁਤ ਹੀ ਜ਼ਿਆਦਾ ਵਿਰੋਧ ਕੀਤਾ ਜਾਂਦਾ ਹੈ; ਵਿਰੋਧ ਵੀ ਉਹਨਾਂ ਸੱਜਣਾਂ ਵਲੋਂ ਜੇਹੜੇ ਪੰਥਕ ਰਹਿਤ ਮਰਯਾਦਾ ਨੂੰ ਮੰਨਦੇ ਹੀ ਨਹੀਂ ਹਨ। ਅਜੇਹੀ ਸੋਚ ਰੱਖਣ ਵਾਲੇ ਵੀਰ ਹੀ ਇਹ ਸਵਾਲ ਉਠਾਉਂਦੇ ਹਨ ਕਿ ਜੇਕਰ ਇਹ ਗੁਰੂ ਸਾਹਿਬ ਨੂੰ ਪ੍ਰਵਾਨ ਹੁੰਦਾ ਤਾਂ ਕੀ ਉਹ ਆਪਣੇ ਸਮੇਂ ਇਸ ਨੂੰ ਖ਼ੁਦ ਹੀ ਸ਼ੁਰੂ ਨਾ ਕਰ ਦੇਂਦੇ? ਕਈ ਸੱਜਣ ਇੰਝ ਵੀ ਕਹਿੰਦੇ ਹਨ ਕਿ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਸੀਸ ਦੀ ਮੰਗ ਕੀਤੀ ਸੀ ਉਸ ਸਮੇਂ ਕੋਈ ਬੀਬੀ ਸੀਸ ਦੇਣ ਲਈ ਨਹੀਂ ਸੀ ਖੜੀ ਹੋਈ। ਅਜੇ ਸ਼ੁਕਰ ਹੈ ਅਜੇਹੇ ਵਿਅਕਤੀਆਂ ਨੇ ਇਹ ਕਹਾਣੀ ਨਹੀਂ ਘੜ ਲਈ ਕਿ ਗੁਰੂ ਸਾਹਿਬ ਨੇ ਆਖਿਆ ਹੈ ਕਿ ਚੂੰਕਿ ਕੋਈ ਬੀਬੀ ਸੀਸ ਦੇਣ ਲਈ ਨਹੀਂ ਖੜੀ ਹੋਈ ਇਸ ਲਈ ਇਹਨਾਂ ਨੂੰ ਇਹ ਹੱਕ ਨਹੀਂ ਕਿ ਇਹ ਵੀ ਪੰਜ ਪਿਆਰਿਆਂ ਵਿੱਚ ਸ਼ਾਮਲ ਹੋਕੇ ਖੰਡੇ ਦੀ ਪਾਹੁਲ ਛਕਾ ਛੱਕਣ। ਅਜੇਹੇ ਵੀਰਾਂ ਨੇ ਸੱਚ - ਮੁੱਚ ਈਮਾਨਦਾਰੀ ਦਾ ਸਬੂਤ ਦੇਂਦਿਆਂ ਹੋਇਆਂ ਕੇਵਲ ਆਪਣੀ ਹੀ ਬੁੱਧੀ ਦਾ ਚਮਤਕਾਰ ਦਸਦਿਆਂ ਹੋਇਆਂ ਇਹ ਸਵਾਲ ਉਠਾਇਆ ਹੈ, ਇਸ ਨੂੰ ਸਤਿਗੁਰੂ ਜੀ ਦੇ ਪਵਿੱਤਰ ਮੁਖ਼ਾਰਬਿੰਦ `ਚੋਂ ਨਹੀਂ ਕਢਵਾਇਆ।
ਸਾਨੂੰ ਗੁਰਮਤਿ ਦਾ ਇਹ ਅਸੂਲ ਚੇਤੇ ਰੱਖਣ ਦੀ ਲੋੜ ਹੈ ਕਿ ਜੇਹੜਾ ਵੀ ਕੋਈ ਮਾਈ ਭਾਈ ਖੰਡੇ ਦੀ ਪਾਹੁਲ ਛੱਕ ਸਕਦਾ ਹੈ, ਉਹ ਪਾਹੁਲ ਛਕਾਉਣ ਵਿੱਚ ਵੀ ਸ਼ਾਮਲ ਹੋ ਸਕਦਾ/ ਸਕਦੀ ਹੈ। ਹਾਂ, ਸਿੱਖ ਰਹਿਤ ਮਰਯਾਦਾ ਵਿੱਚ ਜੇਕਰ ਕੁੱਝ ਵਿਅਕਤੀਆਂ ਦੇ ਸ਼ਾਮਲ ਹੋਣ ਦੀ ਮਨਾਹੀ ਕੀਤੀ ਹੋਈ ਹੈ, ਜਿਵੇਂ “ਅੰਗ - ਹੀਣ (ਅੰਨਾ, ਕਾਣਾ, ਲੰਙਾ, ਲੂਲ੍ਹਾ) ਜਾਂ ਦੀਰਘ ਰੋਗ ਵਾਲਾ ਨਾ ਹੋਵੇ”। ਇਸ ਦਾ ਆਧਾਰ ਲਿੰਗ ਭੇਦ ਨਹੀਂ ਹੈ।
ਕੁੱਝ ਸਾਲ ਪਹਿਲਾਂ ਬਿਦੇਸ਼ ਵਿੱਚ ਹੀ ਨਿਸ਼ਾਨ (ਸਾਹਿਬ) ਦਾ ਚੋਲਾ ਚੜ੍ਹਾਉਣ ਸਮੇਂ ਪੰਜਾਂ ਪਿਆਰਿਆਂ ਵਿੱਚ ਬੀਬੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਬਸ! ਫਿਰ ਕੀ, ਜੇਹੜੇ ਖ਼ਾਲਸਾ ਪੰਥ ਦੇ ਦੂਲੇ ਸ਼ੇਰ ਗੁਰਮਤਿ ਦੇ ਸੁਨਹਿਰੀ ਸਿਧਾਂਤਾਂ ਨਾਲ ਸ਼ਰੇਆਮ ਖਲਵਾਰ ਹੁੰਦਾ ਦੇਖ ਕੇ ਵੀ ਟੱਸ ਤੋਂ ਮੱਸ ਨਹੀਂ ਹੁੰਦੇ, (ਕਈ ਵਾਰ ਤਾਂ ਇਹ ਆਪ ਹੀ ਸ਼ਰੇਆਮ ਸਿੱਖ ਸਿਧਾਂਤਾਂ ਦੀਆਂ ਧੱਜੀਆਂ ਉਡਾ ਰਹੇ ਹੁੰਦੇ ਹਨ) ਇੱਕ ਦਮ ਹਰਕਤ ਵਿੱਚ ਆ ਗਏ ਸੀ, ਕਈ ਪੰਥਕ ਹਿਤੈਸ਼ੀਆਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਉਹ ਕਿਸੇ ਵੀ ਕੀਮਤ `ਤੇ ਇਸ ਤਰ੍ਹਾਂ ਦੀ ਮਨਮਤ ਨਹੀਂ ਹੋਣ ਦੇਣ ਗੇ। ਜਦ ਪ੍ਰਬੰਧਕ ਸੱਜਣਾਂ ਨੇ ਇਹ ਸਪਸ਼ਟੀ ਕਰਨ ਦਿੱਤਾ ਕਿ ਬੀਬੀਆਂ ਖੰਡੇ ਦੀ ਪਾਹੁਲ ਛਕਾਉਣ ਵਿੱਚ ਨਹੀਂ ਸਨ ਸ਼ਾਮਲ ਹੋਈਆਂ, ਉਹ ਤਾਂ ਕੇਵਲ ਨਿਸ਼ਾਨ (ਸਾਹਿਬ) ਦਾ ਚੋਲਾ ਬਦਲੀ ਕਰਨ ਸਮੇਂ ਹੀ ਸ਼ਾਮਲ ਹੋਈਆਂ ਸਨ, ਤਦ ਕਿਤੇ ਅਜੇਹੇ ਸੱਜਣ ਸ਼ਾਂਤ ਹੋਏ ਸਨ ਪਰ ਕਈਆਂ ਨੇ ਪ੍ਰਬੰਧਕ ਸੱਜਣਾਂ ਵਲੋਂ ਉਠਾਏ ਇਸ ਕਦਮ ਨੂੰ ਵੀ ਮਨਮਤ ਕਰਾਰ ਦੇਂਦਿਆਂ ਇਸ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਸੀ।
ਇਸ ਨੂੰ ਅਣਗਹਿਲੀ ਹੀ ਆਖਿਆ ਜਾ ਸਕਦਾ ਹੈ ਕਿ ਪੰਥ ਨੇ ਜੇਹੜੇ ਮਸਲੇ ਅਜੇ ਵਿਚਾਰਾਧੀਨ ਸਨ (ਰਾਗ ਮਾਲਾ ਆਦਿ ਦਾ) ਉਹਨਾਂ ਨੂੰ ਗੁਰਮਤਿ ਦੇ ਦ੍ਰਿਸ਼ਟੀਕੋਣ ਤੋਂ ਵਿਚਾਰ ਕੇ ਉਹਨਾਂ ਬਾਰੇ ਦ੍ਰਿੜਤਾ ਨਾਲ ਫ਼ੈਸਲਾ ਲਿਆ ਜਾਂਦਾ। ਪਰ ਅਜੇਹਾ ਸ਼ਤਾਬਦੀਆਂ ਦੇ ਮੌਕੇ ਵੀ ਸੰਭਵ ਨਾ ਹੋ ਸਕਿਆ ਕਿਉਂਕਿ ਸਾਡੇ ਜ਼ੁੰਮੇਵਾਰ ਆਗੂਆਂ ਦੀਆਂ ਨਜ਼ਰਾਂ `ਚ ਆਪੋ ਆਪਣੇ ਧੜਿਆਂ ਨੂੰ ਮਜ਼ਬੂਤ ਕਰਕੇ ਆਪਣੇ ਵਿਰੋਧੀਆਂ ਨੂੰ ਨੀਵਾਂ ਦਿਖਾ ਕੇ, ਸਿੱਖ ਜਗਤ ਵਿੱਚ ਆਪਣੀ ਧੌਂਸ ਜਮਾਉਣ ਆਦਿ ਦੇ ਜ਼ਰੂਰੀ ਮਸਲੇ ਜੁ ਸਨ! ਆਖਰ ਇਹ ਸ਼ਤਾਬਦੀਆਂ ਰੋਜ਼ ਰੋਜ਼ ਥੋਹੜਾ ਹੀ ਆਉਂਦੀਆਂ ਹਨ! ਆਪਣਾ ਆਪ ਦਿਖਾਉਣ ਦਾ ਸੁਨਹਿਰੀ ਮੌਕਾ ਜਾਣ ਕੇ ਸਾਡੇ ਕਥਿੱਤ ਆਗੂਆਂ ਨੇ ਇਹਨਾਂ ਸ਼ਤਾਬਦੀਆਂ `ਤੇ ਜੋ ਕੁੱਝ ਕੀਤਾ ਹੈ ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈ। ਕੁੱਝ ਇਹੋ ਜੇਹੇ ਕਾਰਨਾਂ ਕਰਕੇ ਹੀ ਇਹਨਾਂ ਮਸਲਿਆਂ ਵਲ ਧਿਆਨ ਦੇਕੇ ਇਹਨਾਂ ਦਾ ਠੋਸ ਹੱਲ ਸੰਭਵ ਨਹੀਂ ਸੀ ਹੋ ਸਕਿਆ। ਇਹਨਾਂ ਮਸਲਿਆਂ ਨੂੰ ਹੱਲ ਕਰਨ ਦੀ ਬਜਾਇ ਜੇਹੜੇ ਮਸਲੇ ਵਿਚਾਰੇ ਜਾ ਚੁਕੇ ਹਨ ਉਹਨਾਂ ਨੂੰ ਹੀ ਆਮ ਸਿੱਖਾਂ ਨੇ ਨਹੀਂ ਸਗੋਂ ਖ਼ਾਲਸਾ ਪੰਥ ਦੀਆਂ ਸਿਰਮੌਰ ਹਸਤੀਆਂ ਨੇ ਹੀ ਚੈਂਲਜ ਕਰਦਿਆਂ ਹੋਇਆਂ ਉਹਨਾਂ ਨੂੰ ਫਿਰ ਪ੍ਰਚਲਤ ਕਰ ਦਿੱਤਾ। (ਕਥਿੱਤ ਦਸਮ ਗ੍ਰੰਥ ਦਾ ਅਖੰਡ ਪਾਠ, ਬੀਬੀਆਂ ਨੂੰ ਪੰਜ ਪਿਆਰਿਆਂ ਵਿੱਚ ਸ਼ਾਮਲ ਹੋਣ ਦੀ ਮਨਾਹੀ ਦਾ ਅਦੇਸ਼ ਆਦਿ।) ਹੁਣ ਇਹ ਫੈਸਲਾ ਤਾਂ ਖ਼ਾਲਸਾ ਪੰਥ ਦੇ ਸੱਚੇ ਹਿਤੈਸ਼ੀਆਂ ਨੇ ਕਰਨਾ ਹੈ ਕਿ ਇਹਨਾਂ ਜ਼ੁੰਮੇਵਾਰ ਧਾਰਮਿਕ ਆਗੂਆਂ ਨੂੰ ਪੰਥ ਨੂੰ ਚੜ੍ਹਦੀ ਕਲਾ ਵਿੱਚ ਲਿਜਾਣ ਦੇ ਸੁਹਿਰਦ ਆਖਿਆ ਜਾਵੇ ਜਾਂ ਕੁੱਝ ਹੋਰ। ਆਮ ਸਿੱਖ ਸੰਗਤਾਂ ਨੂੰ ਪਤਾ ਨਹੀਂ ਕਦੋਂ ਇਸ ਗੱਲ ਦਾ ਅਹਿਸਾਸ ਹੋਵੇਗਾ ਕਿ ਜਿਨ੍ਹਾਂ ਧਾਰਮਿਕ ਸੰਸਥਾਵਾਂ/ਆਗੂਆਂ ਤੇ ਅਸੀਂ ਆਸ ਲਗਾਈ ਬੈਠੇ ਹਾਂ ਉਹ ਤਾਂ ਨਿਤ ਬਿਆਨ ਬਦਲਦੇ ਰਹਿੰਦੇ ਹਨ; ਜਦ ਉਹਨਾਂ ਪਾਸ ਕੋਈ ਅਹੁਦਾ ਹੁੰਦਾ ਹੈ ਤਦ ਉਹ ਗੁਰਮਤਿ ਦੇ ਸਿਧਾਂਤਾ ਦੀ ਵਿਆਖਿਆ ਕੁੱਝ ਕਰਦੇ ਹਨ ਜਦ ਪਦਵੀ ਖੁਸ ਜਾਂਦੀ ਹੈ ਤਦ ਉਸੇ ਗੱਲ ਦੀ ਵਿਆਖਿਆ ਕੁੱਝ ਹੋਰ ਹੋ ਜਾਂਦੀ ਹੈ। ਇਹਨਾਂ ਲੋਕਾਂ ਤੋਂ ਕੀ ਆਸ ਲਗਾਈ ਬੈਠੇ ਹਾਂ ਕਿ ਇਹ ਇਹਨਾਂ ਪੰਥਕ ਮਸਲਿਆਂ ਨੂੰ ਇਹ ਹੱਲ ਕਰਨਗੇ? ਹਰਗ਼ਿਜ਼ ਨਹੀਂ। ਇਹ ਮਸਲੇ ਉਤਨਾ ਚਿਰ ਹੱਲ ਨਹੀਂ ਹੋ ਸਕਦੇ ਜਿਤਨਾ ਚਿਰ ਹਰੇਕ ਸਿੱਖ ਆਪਣੀ ਜ਼ੁੰਮੇਵਾਰੀ ਨੂੰ ਸਮਝ ਕੇ ਇਸ ਵਿੱਚ ਆਪਣਾ ਯੋਗਦਾਨ ਨਹੀਂ ਪਾਉਂਦਾ। ਇਹ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਜਿਨ੍ਹਾਂ ਗੱਲਾਂ ਬਾਰੇ ਪੰਥਕ ਤੌਰ ਤੇ ਫੈਸਲਾ ਹੋ ਚੁਕਾ ਹੈ ਅਤੇ ਇਹ ਫੈਸਲਾ ਗੁਰਮਤਿ ਦੇ ਸਿਧਾਂਤਾਂ ਦੀ ਰੌਸ਼ਨੀ ਵਿੱਚ ਕੀਤਾ ਗਿਆ ਹੈ ਅਥਵਾ ਗੁਰਮਤਿ ਦੀ ਵਿਚਾਰਧਾਰਾ ਦੇ ਅਨੁਕੂਲ ਹੈ, ਉਸ ਨੂੰ ਅਮਲੀ ਰੂਪ `ਚ ਸਵੀਕਾਰ ਕਰਦਿਆਂ ਹੋਇਆਂ ਇਸ ਨੂੰ ਲਾਗੂ ਕੀਤਾ ਜਾਵੇ। ਚੂੰਕਿ ਪੰਥ ਦੇ ਫ਼ੈਸਲੇ ਨੂੰ ਬਦਲਣ ਦਾ ਅਧਿਕਾਰ ਕਿਸੇ ਵੀ ਸਿੰਘ ਸਾਹਿਬ ਜਾਂ ਇੱਕਲੀ ਸਭਾ ਸੋਸਾਇਟੀ ਆਦਿ ਨੂੰ ਨਹੀਂ ਹੈ।
ਸੋ, ਪੰਜਾਂ ਪਿਆਰਿਆਂ ਵਿੱਚ ਬੀਬੀਆਂ ਵੀ ਸ਼ਾਮਲ ਹੋ ਸਕਦੀਆਂ ਹਨ, ਕਈ ਥਾਂਈ ਬੀਬੀਆਂ ਪੰਜਾਂ ਪਿਆਰਿਆਂ ਵਿੱਚ ਸ਼ਾਮਲ ਹੋਈਆਂ ਹਨ। ਇਸ ਦਾ ਆਮ ਪ੍ਰਚਾਰ ਜ਼ੁੰਮੇਵਾਰ ਸੰਸਥਾਵਾਂ/ਸੱਜਣਾਂ ਵਲੋਂ ਨਾ ਹੋਣ ਕਾਰਨ ਆਮ ਸੰਗਤਾਂ ਇਸ ਪੰਥਕ ਫ਼ੈਸਲੇ ਤੋਂ ਜਾਣੂੰ ਨਹੀਂ ਹੋ ਸਕੀਆਂ। ਸਿੱਖ ਰਹਿਤ ਮਰਯਾਦਾ ਨੂੰ ਪੰਥ ਪ੍ਰਵਾਨਿਤ ਰਹਿਤ ਮਰਯਾਦਾ ਮੰਨਣ ਵਾਲਿਆਂ ਵਲੋਂ ਵੀ ਇਸ ਨੂੰ ਅਮਲੀ ਜਾਮਾ ਨਾ ਪਹਿਨਾਉਣ ਕਾਰਨ ਇਸ ਦਾ ਆਮ ਪ੍ਰਚਾਰ ਨਹੀਂ ਹੋ ਸਕਿਆ। ਇਹ ਸਾਰੀਆਂ ਹੀ ਸਭਾ ਸੋਸਾਇਟੀਆਂ ਆਦਿ ਦਾ ਫ਼ਰਜ਼ ਬਣਦਾ ਹੈ ਕਿ ਪੰਥ ਦੇ ਇਸ ਫ਼ੈਸਲੇ ਨੂੰ ਸਵੀਕਾਰ ਕਰਦਿਆਂ ਹੋਇਆਂ ਅੰਮ੍ਰਿਤ ਸੰਸਕਾਰ ਸਮੇਂ ਬੀਬੀ/ਬੀਬੀਆਂ ਨੂੰ ਸ਼ਾਮਲ ਕੀਤਾ ਜਾਵੇ।
ਜਸਬੀਰ ਸਿੰਘ ਵੈਨਕੂਵਰ
.