.

ਆਗੂ

ਸੁਖਵਿੰਦਰ ਸਿੰਘ ਦਦੇਹਰ
੯੮੫੫੫. ੯੮੮੫੫

ਸਲੋਕੁ ਮਃ ੧॥ ਕੂੜੁ ਬੋਲਿ ਮੁਰਦਾਰੁ ਖਾਇ॥ ਅਵਰੀ ਨੋ ਸਮਝਾਵਣਿ ਜਾਇ॥ ਮੁਠਾ ਆਪਿ ਮੁਹਾਏ ਸਾਥੈ॥ ਨਾਨਕ ਐਸਾ ਆਗੂ ਜਾਪੈ॥ ੧॥ (ਪੰਨਾ-੧੩੯)
ਹਿੰਦੋਸਤਾਨ ਦੀ ਧਰਤੀ ਤੇ ਨਜ਼ਰ ਮਾਰਿਆਂ ਇੱਕ ਗੱਲ ਪਰਤੱਖ ਹੋ ਨਿਬੜਦੀ ਹੈ ਕਿ ਕੋਈ ਸਰਬ ਪੱਖੀ ਆਗੂ ਨਹੀਂ ਹੋਇਆ। ਜਿਹੜਾ ਧਾਰਮਿਕ, ਰਾਜਨੀਤਿਕ, ਸਮਾਜਿਕ, ਆਰਥਿਕ ਸਾਂਝੀ ਅਗਵਾਈ ਦੇ ਸਕੇ। ਦੂਜਾ ਉੱਚੇ ਤੇ ਪਹਿਲਾਂ ਹੀ ਭਾਰੂ ਲੋਕਾਂ ਦਾ ਸਾਥ ਲੈ ਕੇ, ਉਹਨਾਂ ਨੂੰ ਹੀ ਹੋਰ ਤਾਕਤ ਦੇ ਕੇ, ਗਰੀਬ ਲੋਕ ਹੋਰ ਨੱਪ ਦਿਤੇ ਗਏ। ਜੇ ਕੋਈ ਹੋਇਆ ਵੀ ਹੋਵੇ ਤਾਂ ਆਪਣੇ ਹਿਤ ਹੀ ਸਾਹਮਣੇ ਰੱਖੇ ਗਏ ਦਿੱਸਦੇ ਹਨ। ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਨਾਲ ਇਸ ਧਰਤੀ ਦਾ ਇਤਿਹਾਸ ਬਦਲਣਾ ਸ਼ੁਰੂ ਹੋਇਆ। ਇਹਨਾਂ ਤੋਂ ਪਹਿਲਾਂ ਬਾਬਾ ਨਾਮਦੇਵ ਜੀ, ਬਾਬਾ ਕਬੀਰ ਜੀ, ਬਾਬਾ ਰਵਿਦਾਸ ਜੀ, ਵੀ ਸਰਬ ਸਾਂਝੇ ਸਮਾਜ ਦੇ ਅਤੇ ਗਰੀਬ ਦੱਬੇ ਜਾ ਚੁੱਕੇ ਲੋਕਾਂ ਦੇ ਹੱਕ ਵਿੱਚ ਇਕੱਲੇ ਇਕੱਲੇ ਅਵਾਜ਼ ਉਠਾਉਂਦੇ ਅਨੇਕਾਂ ਮੁਸ਼ਕਲਾਂ ਵਿੱਚ ਪੈਂਦੇ ਦਿੱਸਦੇ ਹਨ। ਕਿਸੇ ਆਪਣੇ ਹਿਤ ਲਈ ਨਹੀਂ ਸਗੋਂ ਲੋਕ ਹਿਤਾਂ ਲਈ। ਇਸੇ ਲਈ ਗੁਰੂ ਨਾਨਕ ਸਾਹਿਬ ਜੀ ਜਦੋਂ ਇਬਕਲਾਬੀ ਸਿੱਖ ਲਹਿਰ ਦੀ ਸ਼ੁਰੂਆਤ ਕਰਦੇ ਹਨ ਤਾਂ ਇਹਨਾਂ ਭਗਤ ਸਾਹਿਬਾਨ ਨੂੰ ਆਪਣੀ ਵਿਚਾਰਧਾਰਕ ਸਾਂਝ ਅਤੇ ਸਿੱਖ ਲਹਿਰ ਦੀ ਹੋਰ ਪ੍ਰੋੜਤਾ ਲਈ ਨਾਲ ਰਖਦੇ ਹਨ। ਗੁਰੂ ਨਾਨਕ ਸਾਹਿਬ ਜੀ ਨੇ ਲੰਬੀ ਵਿਉਂਤ ਬਣਾ ਕੇ ਲਗਾਤਾਰ ਦਸ ਸਰੀਰ, ਭਾਵ 239 ਸਾਲ ਲਾ ਕੇ ਇਨੀਂ ਜਿਆਦਾ ਮਿਹਨਤ ਕੀਤੀ ਕਿ ਇਹ ਸਮਾਜ ਅਖੌਤੀ ਸਮਾਜਿਕ ਤੇ ਧਾਰਮਿਕ ਆਗੂਆਂ ਦੇ ਜੂਲੇ ਹੇਠੋਂ ਨਿਕਲਿਆ, ਅਤੇ ਰਾਜ ਭਾਗ ਦਾ ਮਾਲਿਕ ਜਾ ਬਣਿਆਂ। ਗੁਰੂ ਨਾਨਕ ਸਾਹਿਬ ਜੀ ਵਰਗੇ ਸੁਚੱਜੇ ਆਗੂ ਨੇ ਸਮਾਜ ਨੂੰ ਉਪਰੋਕਤ ਚਾਰਾਂ ਹੀ ਪੱਖਾਂ ਤੋ ਇੰਨਾਂ ਉੱਚਾ ਚੁੱਕਿਆ ਜਿਸ ਦਾ ਇਤਿਹਾਸ ਗਵਾਹ ਹੈ। ਜਿਸ ਦਿਨ ਸਤਿਗਰੂ ਜੀ ਨੇ ਸਮਾਜੀ ਇਨਕਲਾਬ ਦੀ ਸ਼ੁਰੂਆਤ ਕੀਤੀ ਸੀ ਪਹਿਲਾਂ ਸਿਰ ਤੇ ਕੱਫਣ ਬੰਨ ਲਿਆ ਸੀ ਬਾਕੀ ਗੁਰੂ ਸਾਹਿਬ ਨੂੰ ਵੀ ਇਹ ਜ਼ਿੰਮੇਵਾਰੀ ਦੇਣ ਤੋਂ ਪਹਿਲਾਂ ਚੰਗੀ ਤਰਾਂ ਤਿਆਰ ਕਰ ਦਿੱਤਾ ਗਿਆ, ਤਾਂ ਹੀ ਉਹ ਤੱਤੀ ਤੱਵੀ ਤੇ ਬੈਠ, ਦੇਗ ਵਿੱਚ ਉਬਾਲਾ ਖਾ ਕੇ, ਚਾਂਦਨੀ ਚੌਂਕ ਵਿੱਚ ਮਨੁੱਖਤਾ ਦੀ ਖਾਤਿਰ ਸੀਸ ਕੱਟਵਾ, ਦਸਵੇਂ ਜਾਮੇ ਵਿੱਚ ਇੱਕ ਲੰਬਾ ਸ਼ੰਘਰਸ਼ ਲੜੇ ਜਿਸ ਦੀ ਭਾਰੀ ਕੀਮਤ ਤਾਰਦਿਆਂ ਆਪਣੇ ਪੁੱਤਰ, ਮਾਂ, ਇੰਝ ਕਹਿ ਲਉ ਕਿ ਸਾਰਾ ਸਰਬੰਸ, ਹਜ਼ਾਰਾਂ ਪਿਆਰੇ ਸਿੱਖ ਤੇ ਅਖੀਰ ਆਪਣਾ ਆਪ ਵੀ ਕੁਰਬਾਨ ਕਰ ਦਿਤਾ। ਬਾਅਦ ਵਿੱਚ ਮਹਾਨ ਸਿੱਖ ਜਰਨੈਲਾਂ ਨੇ ਸਤਿਗੁਰੂ ਜੀ ਦੇ ਦੱਸੇ ਰਾਹ ਤੇ ਚਲਦਿਆਂ ਸਮਾਜ ਦੀ ਸੁਚੱਜੀ ਅਗਵਾਈ ਕਰਦਿਆਂ ਹੱਕਾਂ ਦੀ ਰਾਖੀ ਲਈ ਜਾਨਾਂ ਕੁਰਬਾਨ ਕਰ ਦਿਤੀਆਂ ਤੇ ਜ਼ੁਲਮ ਦੀਆਂ ਜੜਾਂ ਪੁਟਦੇ ਰਹੇ।
ਆਗੂ ਗੁਰੂ ਸਹਿਬ ਜੀ ਤੋਂ ਪਹਿਲਾਂ ਵੀ ਹੋਏ ਤੇ ਅੱਜ ਵੀ ਬਥੇਰੇ ਹਨ, ਪਰ ਸਾਰੇ ਪੇਟੂ (ਢਿਡ ਅੱਗੇ ਰੱਖਕੇ ਚੱਲਣ ਵਾਲੇ) ਹੀ ਸਾਬਤ ਹੋ ਰਹੇ ਹਨ। ਸਮਾਜ ਭਲਾਈ ਤਾਂ ਕਿਸੇ ਦੇ ਨੇੜੇ ਤੇੜੇ ਵੀ ਨਹੀਂ। ਬਹੁਤਿਆਂ ਨੂੰ ਆਪਣੇ ਹੀ ਹਿਤਾਂ ਦੀ ਚਿੰਤਾ ਹੈ ਆਪਣੇ ਹੀ ਭਵਿਖ ਦੀ ਚਿੰਤਾ ਹੈ। ਗਰੀਬ ਜਨਤਾ ਦੀ ਕੋਈ ਸੁਣਵਾਈ ਨਹੀਂ, ਜ਼ੁਲਮ ਕਰਨ ਵਾਲਿਆਂ ਦੀ, ਜਨਤਾ ਦਾ ਖੂਨ ਚੂਸਣ ਵਾਲਿਆਂ ਦੀ ਹੀ ਰਖਵਾਲੀ ਕੀਤੀ ਜਾਂਦੀ ਹੈ। ਇਹੋ ਜਿਹੇ ਪਾਪੀ ਲੋਕ ਅੱਜ ਦੇਸ਼ ਭਗਤ ਬਣ ਬਣ ਉੱਭਰ ਰਹੇ ਹਨ। ਇਥੇ ਇਸ ਗੱਲ ਦਾ ਧਿਆਨ ਰੱਖ ਲਈਏ ਕਿ ਜੇ ਸਮਾਜਿਕ, ਧਾਰਮਿਕ ਆਗੂ, ਪਾਪੀ, ਜ਼ੁਲਮੀ, ਤੇ ਬੇਈਮਾਨ, ਭਰਿਸ਼ਟ, ਗਦਾਰ ਹੋ ਜਾਣ ਤਾਂ ਇੱਕ ਪਰਿਵਾਰ ਦੀ ਅਗਵਾਈ ਕਰਨ ਵਾਲਾ ਘਰੇਲੂ ਪੱਧਰ ਦਾ ਛੋਟਾ ਜਿਹਾ ਆਗੂ ਵੀ ਪਰਿਵਾਰਿਕ ਹਿਤਾਂ, ਜ਼ਿੰਮੇਵਾਰੀਆਂ ਤੇ ਖਰਾ ਨਹੀਂ ਉਤਰਦਾ। ਜਦੋਂ ਗੁਰੂ ਸਵਾਰੀ ਜੁਗਤਿ ਨੂੰ ਆਪਣੇ ਜੀਵਨ ਵਿੱਚ ਢਾਲ ਲਿਆ ਸੀ ਤਾਂ ਆਪਣਿਆਂ ਨਾਲੋਂ ਦੂਜਿਆਂ ਦੇ ਭਲੇ ਦੀ ਖਾਤਿਰ ਵੱਡੇ ਤੋਂ ਵੱਡਾ ਖਤਰਾ ਵੀ ਮੁੱਲ ਲੈ ਲਿਆ। ਅੱਜ ਜਦੋਂ ਸਰਵ ਸਰੇਸ਼ਟ ਬਣੇ ਆਗੂ ਆਪ ਹੀ ਬੇਈਮਾਨੀ ਜ਼ੁਲਮੀ ਨੀਤੀ ਬਣਾ ਕੇ, ਆਪਣੇ ਢਿੱਡਾਂ ਨੂੰ ਭਰਨ ਤੇ ਲੱਗੇ ਹਨ, ਤਾਂ ਇੱਕ ਆਮ ਘਰੇਲੂ ਪਰਿਵਾਰਿਕ ਆਗੂ ਖੁਦਕੁਸ਼ੀਆਂ ਵਰਗੇ ਕਈ ਹੋਰ ਡੂੰਘੇ ਟੋਇਆਂ ਵਿੱਚ ਡਿਗਦਾ ਪਿਆ ਹੈ।
ਇਥੇ ਇੱਕ ਗੱਲ ਹੋਰ ਵੀ ਸਾਂਝੀ ਕਰਨੀ ਬਣਦੀ ਹੈ ਕਿ ਜੇ ਸਮਾਜ ਦੀ ਅਗਵਾਈ ਕਰਨ ਵਾਲੇ ਹਰ ਤਰਾਂ ਦੇ ਆਗੂ, ਮਨੁੱਖੀ ਕਦਰਾਂ ਕੀਮਤਾਂ ਪੈਰਾਂ ਵਿੱਚ ਰੋਲਣ ਵਾਲੇ ਬਣ ਜਾਣ, ਪਰ ਧਾਰਮਿਕ ਆਗੂ ਆਪਣੀ ਜ਼ਿੰਮੇਵਾਰੀ ਤੇ ਪਹਿਰਾ ਦੇਵੇ, ਤਾਂ ਹਰ ਕੁਰਬਾਨੀ ਕਰਦਿਆਂ ਗੁਰੂ ਸਾਹਿਬ ਜੀ ਦੇ ਜੀਵਨ ਤੋਂ ਸੇਧ ਲੈਂਦਿਆਂ, ਬਾਕੀਆਂ ਨੂੰ ਵੀ ਸਿਧੇ ਰਾਹ ਤੇ ਆਉਣ ਲਈ ਮਜਬੂਰ ਕਰ ਦੇਵੇਗਾ।
ਹਿੰਦੋਸਤਾਨ ਨੂੰ ਕਦੀ ਚੰਗਾ ਆਗੂ ਨਹੀਂ ਸੀ ਮਿਲਿਆ। ਗੁਰੂ ਸਾਹਿਬ ਜੀ ਆਮਦ ਨਾਲ ਇਸ ਸਮਾਜ ਦੇ ਸੁਧਾਰ ਦੀ ਇੱਕ ਕਿਰਨ ਜਾਗੀ ਸੀ। ਸਿੱਖਾਂ ਵੀ ਇਹਨਾਂ ਹੀ ਪੂਰਨਿਆਂ ਤੇ ਇਸੇ ਤਰਾਂ ਚਲਦਿਆਂ ਇਤਿਹਾਸ ਦਾ ਮੂੰ ਮੁਹਾਂਦਰਾ ਬਦਲ ਦੇਣ ਦਾ ਬੀੜਾ ਚੁੱਕੀ ਰੱਖਿਆ ਸੀ। ਹੁਣ ਇਹ ਵੀ ਸਪਸ਼ਟ ਹੈ ਕਿ ਜਿੰਨਾਂ ਸਾਡੇ ਗੁਰੂ ਸਾਹਿਬਾਨ ਅਗਾਂਹ ਵਧੂ ਤੇ ਬਹੁਤ ਮਹਾਨ ਆਗੂ ਹੋਏ ਸਨ, ਅੱਜ ਉਨਾਂ ਹੀ ਸਾਡੇ ਸਿੱਖ ਆਗੂ ਸੱਭ ਤੋਂ ਗਰਕੇ ਤੇ ਪਿਛਾਂਹ ਖਿਚੂ ਸਾਬਤ ਹੋ ਰਹੇ ਹਨ। ਹਰ ਮੁਹਾਜ ਤੇ ਫੇਲ ਹੋਏ ਹਨ। ਅਫਸੋਸ ਬੇ ਹੱਦ ਅਫਸੋਸ ਹੈ।
ਇਸ ਤਰਾਂ ਦੀ ਅਗਵਾਈ ਕਰਦੇ ਬ੍ਰਾਹਮਣ ਨੂੰ ਤੱਕਿਆ ਤਾਂ ਆਖਿਆ:-
ਹਮ ਗੋਰੂ ਤੁਮ ਗੁਆਰ ਗੁਸਾਈ ਜਨਮ ਜਨਮ ਰਖਵਾਰੇ॥
ਕਬਹੂੰ ਨ ਪਾਰਿ ਉਤਾਰਿ ਚਰਾਇਹੁ ਕੈਸੇ ਖਸਮ ਹਮਾਰੇ॥ (ਪੰਨਾ-੪੮੧)

ਧਾਰਮਿਕ ਆਗੂਆਂ ਦੀ ਭੈੜੀ ਹਾਲਤ ਦਾ ਇੱਕ ਦ੍ਰਿਸ਼ ਇਹ ਵੀ ਬਾਣੀ ਵਿੱਚ ਹੈ:-
ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥ (ਪੰਨਾ- ੬੬੧)
ਰਾਜਨੀਤਿਕ ਨੂੰ ਵੇਖਿਆ ਤਾਂ ਆਖਿਆ:- ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿੑ ਬੈਠੇ ਸੁਤੇ॥
ਚਾਕਰ ਨਹਦਾ ਪਾਇਨਿੑ ਘਾਉ॥ ਰਤੁ ਪਿਤੁ ਕੁਤਿਹੋ ਚਟਿ ਜਾਹੁ॥ ਜਿਥੈ ਜੀਆਂ ਹੋਸੀ ਸਾਰ॥ ਨਕੀਂ ਵਢੀਂ ਲਾਇਤਬਾਰ॥

ਕਾਸ਼ ਕਿਤੇ ਸਾਡੇ ਆਗੂ ਵੀ ਸਮਾਜ ਤੇ ਪੰਜਾਬ ਪ੍ਰਤੀ ਜਾਗਣ ਸੋਚਣ ਲਗ ਜਾਣ ਤੇ ਆਪਣੇ ਢਿਡਾਂ ਨਾਲੌਂ ਵੱਧ ਜਨਤਾ ਦਾ ਭਲਾ ਸੋਚਣ ਲੱਗ ਜਾਣ। ਲੋਕਾਂ ਨੂੰ ਆਪਸ ਵਿੱਚ ਲੜਾਉਣਾ ਛੱਡ ਦੇਣ ਤੇ ਹਰ ਪੱਖ ਤੋ ਸਮਾਜ ਦੀ ਤਰੱਕੀ ਕਿਵੇਂ ਹੋਵੇ ਇਸ ਬਾਰੇ ਸੋਚਣਾ ਤੇ ਕੰਮ ਕਰਨਾ ਸ਼ੁਰੂ ਕਰ ਦੇਣ ਤਾਂ ਹੀ ਚੰਗੇ ਆਗੂ ਅਖਵਾ ਸਕਣਗੇ ਨਹੀਂ ਤਾਂ ਉਪਰਲਾ ਸਲੋਕ ਇਹਨਾਂ ਹੀ ਆਗੂਆਂ ਨੂੰ ਫਿਟਕਾਰਾਂ ਪਾਉਦਾ ਹੈ। ਕਿਉਂਕਿ ਝੂਠਾ, ਬੇਈਮਾਨ, ਗਦਾਰ ਆਗੂ ਆਪ ਵੀ ਡੁੱਬਦਾ ਹੈ, ਤੇ ਪਿਛੇ ਲੱਗਣ ਵਾਲਿਆਂ ਨੂੰ ਵੀ ਡੋਬ ਦਿੰਦਾ ਹੈ।
.