.

ਪ੍ਰਿਥਮ ਭਗੌਤੀ : ਜਿਹੜੀ ਗੱਲ ਸਿੱਖ ਵਿਦਵਾਨਾਂ ਤੇ ਪ੍ਰਚਾਰਕਾਂ ਨੂੰ ਸਮਝ ਨਹੀਂ ਆਈ, ਉਹ ਇਕ ਪੰਜਾਬੀ ਗਾਇਕ ਵੀ ਸਮਝਦਾ ਹੈ

‘ਪ੍ਰਿਥਮ ਭਗੌਤੀ’ ਸਿੱਖ ਸਮਾਜ ਦੀ ਕੌਮੀ ਅਰਦਾਸ ਦੀ ਸ਼ੁਰੂਆਤੀ ਸ਼ਬਦਾਵਲੀ ਹੈ। ਇਸ ਸ਼ਬਦਾਵਲੀ ਨੂੰ ਲਗਭਗ ਸਾਰੇ ਸਿੱਖ (ਵਿਰਲੇ ਤੱਤ ਗੁਰਮਤਿ ਦੀ ਸੋਚ ਵਾਲਿਆਂ ਨੂੰ ਛੱਡ ਕੇ) ਗੁਰਮਤਿ ਅਨੁਸਾਰੀ ਸਮਝਦੇ ਅਤੇ ਪ੍ਰਚਾਰਦੇ ਹਨ। ਇਨ੍ਹਾਂ ਸਾਰਿਆਂ ਵਿੱਚ ਪੂਰੇ ਦਸਮ ਗ੍ਰੰਥ (ਅਸਲ ਨਾਂ ‘ਬਚਿੱਤਰ ਨਾਟਕ’) ਨੂੰ ਦਸ਼ਮੇਸ਼ ਕ੍ਰਿਤ ਮੰਨਣ ਵਾਲੇ ਸੰਪਰਦਾਈ ਅਤੇ ਦਸਮ ਗ੍ਰੰਥ ਦੀ ਵਿਰੋਧਤਾ ਕਰਨ ਵਾਲੇ ਦੋਵੇਂ ਆ ਜਾਂਦੇ ਹਨ। ਸੰਪਰਦਾਈਆਂ ਦਾ ਤਾਂ ਇਸ ਨੂੰ ‘ਗੁਰਮਤਿ ਅਨੁਸਾਰੀ’ ਮੰਨਣਾ ਸਮਝ ਆਉਂਦਾ ਹੈ ਕਿਉਂਕਿ ਉਹ ਤਾਂ ਬ੍ਰਾਹਮਣਵਾਦੀ ਸੋਚ ਦੇ ਗੁਲਾਮ ਤੇ ਪ੍ਰਚਾਰਕ ਹਨ। ਗੁਰੂ ਨਾਨਕ ਸਾਹਿਬ ਵੱਲੋਂ ਪੇਸ਼ ਕੀਤੇ ਨਿਰੋਲ ਮਨੁੱਖਤਾਵਾਦੀ ਫਲਸਫੇ ਉੱਤੇ ਬ੍ਰਾਹਮਣਵਾਦੀ ਵਿਚਾਰਧਾਰਾ ਦੀ ਪੁੱਠ ਚੜ੍ਹਾਉਣ ਵਿੱਚ ਇਨ੍ਹਾਂ ਦਾ ਵੱਡਾ ਯੋਗਦਾਨ ਹੈ। ਅਜਿਹੇ ਲੋਕਾਂ ਨੂੰ ਤਾਂ ਹਰ ਬ੍ਰਾਹਮਣਵਾਦੀ ਵਿਚਾਰ ‘ਗੁਰਮਤਿ’ ਲਗਦੀ ਹੈ। ਇਸ ਸੋਚ ਦੇ ਕਈਂ ਵਿਦਵਾਨ ਤੇ ਪ੍ਰਚਾਰਕ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੇਦਾਂ ਦਾ ਸਾਰ ਜਾਂ ਪੰਜਵਾਂ ਵੇਦ ਕਹਿਣ ਤੋਂ ਵੀ ਸ਼ਰਮ ਜਾਂ ਸੰਕੋਚ ਨਹੀਂ ਕਰਦੇ। ਕਿਉਂਕਿ ਪਿਛਲੇ 250-300 ਸਾਲਾਂ ਤੋਂ ਇਨ੍ਹਾਂ ਦਾ ਮਕਸਦ ਹੀ ਨਾਨਕ ਫਲਸਫੇ ਦੀ ਨਿਰਮਲ ਵਿਚਾਰਧਾਰਾ ਨੂੰ ਬ੍ਰਾਹਮਣਵਾਦ ਦੇ ਖਾਰੇ ਸਮੁੰਦਰ ਵਿੱਚ ਡੋਬਣਾ ਹੈ।

ਪਰ ਆਪਣੇ ਆਪ ਨੂੰ ‘ਜਾਗ੍ਰਿਤ’ ਕਹਿਣ ਵਾਲੇ ਵਿਦਵਾਨ ਤੇ ਪ੍ਰਚਾਰਕ, ਮਿਸ਼ਨਰੀ ਕਾਲਜ ਆਦਿ ਵੀ ਜਦ ‘ਪ੍ਰਿਥਮ ਭਗੌਤੀ’ ਜਿਹੀਆਂ ਕੱਚੀਆਂ ਰਚਨਾਵਾਂ ਦੇ ਗੁਰਮਤਿ ਅਨੁਸਾਰ ਹੋਣ ਦਾ ਬੇਸੁਰਾ ਰਾਗ ਅਲਾਪਣ ਲੱਗ ਜਾਂਦੇ ਹਨ ਤਾਂ ਬੇਹੱਦ ਹੈਰਾਨੀ ਤੇ ਅਫਸੋਸ ਹੁੰਦਾ ਹੈ। ਅਜਿਹੇ ਵਿਦਵਾਨ ਤੇ ਪ੍ਰਚਾਰਕ ‘ਭਗੌਤੀ’ ਦੇ ਅਰਥ ਧੱਕੇ ਨਾਲ ਹੀ ‘ਵਾਹਿਗੁਰੂ’ ਜਾਂ ‘ਅਕਾਲ ਪੁਰਖ’ ਕਰਨ ਦੀ ਨਾਪਾਕ ਕੋਸ਼ਿਸ਼ ਕਰਦੇ ਹਨ। ਅਜਿਹਾ ਵਤੀਰਾ ਵੇਖ ਕੇ ਸੋਚਣਾ ਪੈਂਦਾ ਹੈ ਕਿ ਕੀ ਇਹ ਸੱਚ (ਗੁਰਮਤਿ) ਨੂੰ ਸਮਝਦੇ ਨਹੀਂ ਜਾਂ ਜਾਣਬੁੱਝ ਕੇ (ਭਾਵੇਂ ਕਿਸੇ ਵੀ ਮਜਬੂਰੀ ਹੇਠ) ਦੋਗਲੇ ਬਣਦੇ ਹਨ? ਇਹ ਵਿਚਾਰ (ਤੱਤ) ਗੁਰਮਤਿ ਦੀ ਸੋਚ ਵਾਲੇ ਸਿੱਖਾਂ ਨੂੰ ਪਰੇਸ਼ਾਨ ਕਰਦਾ ਰਹਿੰਦਾ ਹੈ।

ਗੁਰਦਾਸ ਮਾਨ, ਉਨ੍ਹਾਂ ਚੰਦ ਕੁ ਪੰਜਾਬੀ ਗਾਇਕਾਂ ਵਿੱਚੋਂ ਇਕ ਹੈ, ਜਿਸਦੇ ਗੀਤ ਸਮਾਜ ਨੂੰ ਕੁਝ ਸੇਧ ਦੇਣ ਵਾਲੇ ਹੁੰਦੇ ਹਨ। ਬੇਸ਼ੱਕ ਗੁਰਦਾਸ ਮਾਨ ਦੇ ਕੁਝ ਗੀਤ ਜਿਵੇਂ ‘ਘਰ ਦੀ ਸ਼ਰਾਬ ਹੋਵੇ’ ਆਦਿ ਨੈਤਿਕ ਪੱਖੋਂ ਗਲਤ ਵੀ ਹਨ, ਪਰ ਫਿਰ ਵੀ ਉਸਦੇ ਗੀਤ ਆਮ ਤੌਰ ’ਤੇ ਨੈਤਿਕ ਪੱਖੋਂ ਚੰਗੇ ਹੀ ਹੁੰਦੇ ਹਨ। ਵਰਨਾ ਅੱਜਕਲ ਦੇ ਜ਼ਿਆਦਾਤਰ ਪੰਜਾਬੀ ਗਾਇਕ ਸਭਿਆਚਾਰ ਦੇ ਨਾਂ ’ਤੇ ਬੇਹੂਦਾਪਨ ਤੇ ਲੱਚਰਤਾ ਦਾ ਜਿਹੜਾ ਨੰਗਾ ਨਾਚ ਨੱਚ ਰਹੇ ਹਨ, ਉਸਨੂੰ ਹਰ ਜਾਗਰੁਕ ਪੰਜਾਬੀ ਚੰਗੀ ਤਰ੍ਹਾਂ ਸਮਝਦਾ ਹੈ। ਗੁਰਦਾਸ ਮਾਨ ਦੀ ਐਲਬਮ ‘ਬੂਟ ਪਾਲਿਸ਼ਾਂ’ ਦੇ ਇਕ ਗੀਤ ‘ਮਾਪੇ’ ਦੇ ਹੇਠ ਲਿਖੇ ਬੋਲ ਸੁਣ ਕੇ ਬੜੀ ਹੈਰਾਨੀ ਹੋਈ:

ਪ੍ਰਿਥਮ ਭਗੌਤੀ ਪਹਿਲੀ ਪੂਜਾ ਮਾਂ ਦੀ ਹੁੰਦੀ ਹੈ। ਦੂਜੀ ਪੂਜਾ ਗੁਰੂ ਜਨਾਂ ਦੇ ਨਾਂ ਦੀ ਹੁੰਦੀ ਹੈ। ਫਿਰ ਮਰ ਜਾਣੇ ਮਾਨਾ ਰੱਬ ਦੇ ਨਾਂ ਦੀ ਹੁੰਦੀ ਹੈ। ਰੱਬ ਦਾ ਮਜ਼ਾਕ ਨਾ ਉਡਾਇਓ ਸੋਹਣਿਉ, ਲੱਭੀ ਹੋਈ ਚੀਜ਼ ਨਾ ਗਵਾਇਓ ਸੋਹਣਿਉ।

ਇਸ ਬੰਦ ਦੀਆਂ ਪਹਿਲੀਆਂ ਦੋ ਤੁਕਾਂ ਤੋਂ ਸਪਸ਼ਟ ਹੈ ਕਿ ਇਕ ਪੰਜਾਬੀ ਗਾਇਕ (ਗੁਰਦਾਸ ਮਾਨ) ਵੀ ਸਮਝਦਾ ਹੈ ਕਿ ‘ਪ੍ਰਿਥਮ ਭਗੌਤੀ’ ਵਿੱਚ ਭਗੌਤੀ ਪਦ ਮਾਂ (ਦੇਵੀ ਮਾਂ) ਵਾਸਤੇ ਵਰਤਿਆ ਗਿਆ ਹੈ। ਬੇਸ਼ੱਕ ਇਸ ਗਾਇਕ ਨੇ ਇਸਨੂੰ ਹਾਂ-ਪੱਖੀ ਲਿਆ ਹੈ ਕਿਉਂਕਿ ਉਹ ਵੀ ਆਮ ਸਿੱਖਾਂ ਵਾਂਗ ਸਿੱਖੀ ਸਿਧਾਂਤਾਂ ਤੋਂ ਅਨਜਾਣ ਹੈ। ਸਿਧਾਂਤਕ ਪੱਖੋਂ ਨਾਸਮਝ ਹੋਣ ਕਾਰਨ ਹੀ ਉਸਦੇ ਗੀਤਾਂ ਵਿੱਚ ਦੇਵੀ-ਦੇਵਤਿਆਂ ਦੀ ਉਸਤਤਿ ਕੀਤੀ ਮਿਲਦੀ ਹੈ, ਜਿਸਦੀ ਗੁਰਮਤਿ ਖੰਡਨਾ ਕਰਦੀ ਹੈ; ਪਰ ਉਸਨੂੰ ‘ਭਗੌਤੀ’ ਦੇ ਅਰਥ ਬਾਰੇ ਪੂਰੀ ਸਮਝ ਹੈ। ਦੂਜੀ ਤਰਫ਼ ਸਾਡੇ ਇਹ ਅਖੌਤੀ ਪ੍ਰਚਾਰਕ ਤੇ ਗੁਰਦੁਆਰਾ ਕਮੇਟੀਆਂ ਦੇ ਆਗੂ ਇਸ ਦੇ ਅਰਥ ਧੱਕੇ ਨਾਲ ਹੀ ‘ਅਕਾਲ ਪੁਰਖ’ ਜਾਂ ‘ਰੱਬ’ ਕਰੀ ਜਾ ਰਹੇ ਹਨ। ਵਿਚਾਰ ਤੁਰੀ ਹੈ ਤਾਂ ‘ਪ੍ਰਿਥਮ ਭਗੌਤੀ’ ਵਾਲੇ ਇਸ ਬੰਦ ਬਾਰੇ ਥੋੜੀ ਖੁਲ੍ਹ ਕੇ ਵਿਚਾਰ ਕਰ ਲੈਂਦੇ ਹਾਂ ਤਾਂ ਕਿ ਭੁਲੇਖੇ ਦੁਰ ਹੋ ਸਕਣ (ਜੇ ਅਸੀਂ ਕਰਨਾ ਚਾਹੀਏ ਤਾਂ)।

‘ਪ੍ਰਿਥਮ ਭਗੌਤੀ’ ਵਾਲਾ ਇਹ ਬੰਦ ਦਸਮ ਗ੍ਰੰਥ ਦੇ ਪੰਨਾ 119 ਤੇ ਦਰਜ ‘ਵਾਰ ਸ੍ਰੀ ਭਗਉਤੀ ਜੀ ਕੀ’ ਦੀ ਸ਼ੁਰੂਆਤ ਹੈ। ਦਸਮ ਗ੍ਰੰਥ ਸਾਕਤ-ਮਤੀ ਕਵੀਆਂ ਦੀਆਂ ਰਚਨਾਵਾਂ ਦਾ ਪੋਥਾ ਹੈ, ਜੋ ਮਹਾਂਕਾਲ ਤੇ ਦੇਵੀ ਭਗੌਤੀ (ਸ਼ਿਵਾ, ਦੁਰਗਾ, ਚੰਡੀ ਆਦਿ ਵੀ ਇਸਦੇ ਨਾਂ ਹਨ) ਦੇ ਪੁਜਾਰੀ ਸਨ। ਕੌਮ ਵਿੱਚ ਭੁਲੇਖੇ ਖੜ੍ਹੇ ਕਰਨ ਖਾਤਿਰ ਇਨ੍ਹਾਂ ਸ਼ਾਤਰ ਬ੍ਰਾਹਮਣੀ ਲੇਖਕਾਂ ਨੇ ਜ਼ਿਆਦਾਤਰ ਰਚਨਾਵਾਂ ਉੱਪਰ ‘ਪਾਤਸ਼ਾਹੀ 10’, ‘ਸ੍ਰੀ ਮੁਖਵਾਕ ਪਾਤਸ਼ਾਹੀ 10’ ਆਦਿ ਸਿਰਲੇਖ ਦਰਜ ਕਰ ਦਿੱਤੇ। ਅਫਸੋਸ ਇਸ ਨਾਲ ਕੌਮ ਬੜੀ ਅਸਾਨੀ ਨਾਲ ਭੁਲੇਖਾ ਖਾ ਵੀ ਗਈ। ਆਉ, ਪਹਿਲਾਂ ਇਹ ਪੂਰਾ ਬੰਦ ਪੜ੍ਹ ਲਈਏ :

ਵਾਰ ਸ੍ਰੀ ਭਗਉਤੀ ਜੀ ਕੀ । ੴ ਵਾਹਿਗੁਰੂ ਜੀ ਕੀ ਫਤਹਿ। ਸ੍ਰੀ ਭਗਉਤੀ ਜੀ ਸਹਾਇ। ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰਿਗੋਬਿੰਦ ਨੋ ਸਿਮਰੋ ਸ੍ਰੀ ਹਰਿਰਾਇ। ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸੁ ਡਿਠੈ ਸਭ ਦੁਖਿ ਜਾਇ। ਤੇਗ ਬਹਾਦੁਰ ਸਿਮਰੀਐ ਘਰ ਨਉ ਨਿਧਿ ਆਵੈ ਧਾਇ। ਸਭ ਥਾਈਂ ਹੋਇ ਸਹਾਇ।

ਇਸ ਪਉੜੀ ਵਿੱਚ ‘ਭਗੌਤੀ’ ਦੇ ਅਰਥ ‘ਵਾਹਿਗੁਰੂ’ ਕਰਨ ਵਾਲੇ ਵਿਦਵਾਨ ਤੇ ਪ੍ਰਚਾਰਕ ਆਪਣਾ ਪੱਖ ਸਹੀ ਸਾਬਿਤ ਕਰਨ ਵਾਸਤੇ ਭਾਈ ਕਾਨ੍ਹ ਸਿੰਘ ਨਾਭਾ ਤੇ ਸਿੱਖ ਰਹਿਤ ਮਰਿਆਦਾ ਦਾ ਹਵਾਲਾ ਦਿੰਦੇ ਹਨ। ਆਉ ਇਸ ਸਬੰਧੀ ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਵਿਚਾਰ ‘ਗੁਰਮਤਿ ਮਾਰਤੰਡ’ ਵਿੱਚੋਂ ਪੜ੍ਹ ਲੈਂਦੇ ਹਾਂ। ਭਾਈ ਸਾਹਿਬ ‘ਗੁਰਮਤਿ ਮਾਰਤੰਡ ਭਾਗ-2’ ਦੇ ਪੰਨਾ 726 ’ਤੇ ਲਿਖਦੇ ਹਨ:

‘‘ਪ੍ਰਿਥਮ ਭਗੌਤੀ ਸਿਮਰ ਕੈ

ਚੰਡੀ ਕੀ ਵਾਰ (1)

ਅਰਥਾਤ : ਸਰਵ ਸੰਸਾਰ ਕਰਤਾ ਮਹਾਂਕਾਲ ਸਿਰਮਨ ਕਰ ਕੇ। ਇਸ ਥਾਂ ਭਗੌਤੀ ਸ਼ਬਦ ਦਾ ਅਰਥ ‘ਪਾਰਬ੍ਰਹਮ’ ਹੈ। ਜੇ ਕੋਈ ਇਹ ਪ੍ਰਸ਼ਨ ਕਰੇ ਕਿ ਜਦ ‘ਵਾਰ ਭਗਉਤੀ’ ਸਿਰਲੇਖ ਵਿੱਚ ਭਗੌਤੀ ਸ਼ਬਦ ‘ਦੁਰਗਾ’ ਅਰਥ ਰਖਦਾ ਹੈ, ਤਦ ਪ੍ਰਿਥਮ ਭਗੌਤੀ ਇਸ ਥਾਂ ਦੇਵੀ ਅਰਥ ਕਿਉਂ ਨਹੀਂ? ਇਸਦਾ ਉੱਤਰ ਹੈ ਕਿ ਸ਼ਬਦ ਅਤੇ ਪਦਾਂ ਦੇ ਅਰਥ ਪ੍ਰਕਰਨ ਅਨੁਸਾਰ ਹੋਇਆ ਕਰਦੇ ਹਨ। ਜਿਵੇਂ ਅਕਾਲ ਉਸਤਤ ਦੇ 244 ਨੰ: ਛੰਦ ਵਿੱਚ ‘ਪਦਮਾਪਤਿ’ ਦਾ ਅਰਥ ਵਿਸ਼ਨੂੰ ਹੈ ਅਤੇ ਛੰਦ 245 ਵਿੱਚ ਅਕਾਲ ਪੁਰਖ ਹੈ। ‘ਬਚਿਤ੍ਰ ਨਾਟਕ’ ਦੇ ਛੇਵੇਂ ਅਧਿਆਏ ਦੇ 14 ਅੰਕ ਵਿੱਚ ਉੱਤਮ ਪੁਰਖ ਹੈ। ਇਸੇ ਤਰ੍ਹਾਂ ‘ਕਾਲ ਗਯੋ ਇਲ ਕਾਮਨ ਸਿਉਂ ਜਤ੍ਰ।। ਕਾਲ ਕ੍ਰਿਪਾਲ ਹੀਐ ਨ ਚਿਤਰਯੋ।।... 25।। (33 ਸਵੈਯੇ) ਇਸ ਤੁੱਕ ਵਿੱਚ ਕਾਲ ਦੇ ਅਰਥ ਸਮਾਂ ਅਤੇ ਅਕਾਲ ਹੈ।

ਬਚਿਤ੍ਰ ਨਾਟਕ ਦੇ ਮੁੱਢ ਵੀ ਅਕਾਲ ਨੂੰ ਖੜਗ ਅਤੇ ਤੇਗ ਸ਼ਬਦ ਨਾਲ ਯਾਦ ਕੀਤਾ ਹੈ : ‘‘ਨਮਸਕਾਰ ਸ੍ਰੀ ਖੜਕ ਕੋ’’ ਅਤੇ ‘‘ਜੈ ਤੇਗੰ ਸ੍ਰੀ ਜੈ ਤੇਗੰ’’। ਭਾਈ ਸੁੱਖਾ ਸਿੰਘ ਨੇ ‘ਗੁਰ ਬਿਲਾਸ’ ਵਿੱਚ ਭੀ ਅਕਾਲ ਦਾ ਨਾਉਂ ਖੜਗ ਲਿਖਿਆ ਹੈ। ਦਸ਼ਮੇਸ਼ ਖ਼ਾਲਸੇ ਨੂੰ ਫੁਰਮਾਉਂਦੇ ਹਨ : ਖੜਗ ਗੋਦ ਮੈ ਤੁਮ ਕੋ ਪਾਯੋ।। (ਅਧਯਾਯ 12)

ਸਿੱਖ ਧਰਮ ਵਿੱਚ ਪੂਜਨ ਸਿਮਰਨ ਕੇਵਲ ਜਗਨਨਾਥ ਕਰਤਾਰ ਦਾ ਹੈ, ਜੋ ਦੁਰਗਾ ਦਾ ਭੀ ਕਰਤਾ ਹੈ। ਦੇਖੋ ਚੰਡੀ ਦੀ ਵਾਰ ਦੀ ਦੂਜੀ ਪਉੜੀ : ਤੈਂ ਹੀ ਦੁਰਗਾ ਸਾਜਿ ਕੈ ਦੈਂਤਾਂ ਦਾ ਨਾਸੁ ਕਰਾਇਆ।।’’

ਵਿਚਾਰ : ਭਾਈ ਕਾਨ੍ਹ ਸਿੰਘ ਜੀ ਨਾਭਾ ਬੇਸ਼ੱਕ ਮਹਾਨ ਵਿਦਵਾਨ ਸਨ। ਉਨ੍ਹਾਂ ਦੀ ਸਿੱਖ ਸਾਹਿਤ ਤੇ ਕੌਮ ਨੂੰ ਦੇਣ ਅਮੁੱਲ ਹੈ। ਪਰ ਇਹ ਵੀ ਸੱਚ ਹੈ ਕਿ ਉਨ੍ਹਾਂ ਨੇ ਕਈ ਥਾਂ (ਖਾਸਕਰ ਦਸਮ ਗ੍ਰੰਥ ਦੇ ਮਾਮਲੇ ਵਿੱਚ) ਭੁਲੇਖਾ ਖਾਧਾ ਹੈ। ਇਸਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਉਹ ਇਸਦੇ ਅਰਥ ਪਹਿਲਾਂ ਇਹ ਗੱਲ ਮਨ ਵਿੱਚ ਧਾਰ ਕੇ ਕਰ ਰਹੇ ਸਨ ਕਿ ਇਹ ਦਸ਼ਮੇਸ਼ ਜੀ ਦੀਆਂ ਰਚਨਾਵਾਂ ਹਨ। ਇਸ ਗਲਤ ਧਾਰਨਾ ਕਾਰਨ ਹੀ ਉਨ੍ਹਾਂ ਨੇ ਮਹਾਂਕਾਲ, ਭਗੌਤੀ ਆਦਿ ਦੇ ਅਰਥ ਅਕਾਲ ਪੁਰਖ ਜਾਂ ਪਾਰਬ੍ਰਹਮ ਕਰ ਦਿੱਤੇ। ਜੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਤੇ ਦਸਮ ਗ੍ਰੰਥ ਦੀ ਪਰਖ ਕਰਦੇ ਤਾਂ ਅਜਿਹਾ ਭੁਲੇਖਾ ਨਾ ਲਗਦਾ। ਹੋ ਸਕਦਾ ਹੈ ਉਨ੍ਹਾਂ ਨੂੰ ਹੋਰ ਰੁਝੇਵਿਆਂ ਦੇ ਕਾਰਨ ‘ਦਸਮ ਗ੍ਰੰਥ’ ਦੀਆਂ ਰਚਨਾਵਾਂ ਨੂੰ ਗੁਰਬਾਣੀ ਦੀ ਕਸਵੱਟੀ ’ਤੇ ਪਰਖਣ ਦਾ ਸਮਾਂ ਹੀ ਨਾ ਮਿਲਿਆ ਹੋਵੇ। ਆਉ ਅਸੀਂ ਭਗੌਤੀ ਸਬੰਧੀ ‘ਗੁਰਮਤਿ ਮਾਰਤੰਡ’ ਵਿੱਚ ਦਿੱਤੀ ਉਪਰੋਕਤ ਵਿਚਾਰ ਦੀ ਗੁਰਮਤਿ ਅਤੇ ਦਲੀਲ ਅਧਾਰਿਤ ਪੜਚੋਲ ਕਰਦੇ ਹਾਂ।

1) ਨਾਭਾ ਜੀ ਦਾ ਕਹਿਣਾ ਹੈ ਕਿ ਸ਼ਬਦ ਅਤੇ ਪਦਾਂ ਦੇ ਅਰਥ ਪ੍ਰਸੰਗ ਅਨੁਸਾਰ ਹੀ ਹੁੰਦੇ ਹਨ। ਬਿਲਕੁਲ ਠੀਕ। ਪਰ ਇਥੇ ‘ਭਗਉਤੀ ਦੀ ਵਾਰ’ ਵਿੱਚ ਕੀ ਪ੍ਰਸੰਗ ਚੱਲ ਰਿਹਾ ਹੈ? ਦੇਵੀ ਦੁਰਗਾ ਦੀ ਉਸਤਤ ਹੀ ਹੈ ਨਾ? ਇਸ ਵਾਰ ਵਿੱਚ ਦੁਰਗਾ ਦੇ ਦੈਂਤਾਂ ਨਾਲ ਯੁੱਧ ਦੇ ਬਿਆਨ ਰਾਹੀਂ ਉਸ ਦੀ ਉਸਤਤ ਹੀ ਕੀਤੀ ਗਈ ਹੈ। ਇਸ ਵਾਰ ਦਾ ਪ੍ਰਯੋਜਨ ਦੇਵੀ ਦੁਰਗਾ (ਭਗੌਤੀ) ਦੀ ਉਸਤਤ ਹੀ ਹੈ। ਇਸਦਾ ਸਬੂਤ ਵਾਰ ਦੇ ਅੰਤ ਵਿੱਚ ਆਇਆ ਬੰਦ ਹੈ ਕਿ :

ਦੁਰਗਾ ਪਾਠ ਬਣਾਇਆ ਸਭੇ ਪਉੜੀਆਂ। ਫੇਰ ਨਾ ਜੂਨੀ ਆਇਆ ਜਿਨ ਇਹ ਗਾਵਿਆ।।

ਹੁਣ ਜੇ ਸਾਰੀ ਵਾਰ ਹੀ ਦੁਰਗਾ ਦੀ ਉਸਤਤ ਹੈ ਤਾਂ ਫਿਰ ਪ੍ਰਸੰਗ ਅਨੁਸਾਰ ‘ਭਗੌਤੀ’ ਦੇ ਅਰਥ ਦੁਰਗਾ ਦੇਵੀ ਹੀ ਹੋਏ ਨਾ? ਇਸਦੇ ਅਰਥ ‘ਅਕਾਲ ਪੁਰਖ’ ਕਿਵੇਂ ਹੋ ਗਏ? ਕੀ ਦਸ਼ਮੇਸ਼ ਜੀ ਸਾਨੂੰ ਉਸ ਦੇਵੀ ਦੁਰਗਾ ਦੀ ਕਹਾਣੀ ਨਾਲ ਜੋੜਨਾ ਚਾਹੁੰਦੇ ਸਨ ਜਿਸ ਬਾਰੇ ਗੁਰਬਾਣੀ ਸਮਝਾਉਂਦੀ ਹੈ :

ਮਹਾਮਈ ਕੀ ਪੂਜਾ ਕਰੈ।। ਨਰ ਸੈ ਨਾਰਿ ਹੋਇ ਅਉਤਰੈ।। ਤੂ ਕਹੀਅਤ ਹੋ ਆਦਿ ਭਵਾਨੀ।। ਮੁਕਤਿ ਕੀ ਬਰੀਆ ਕਹਾ ਛਪਾਨੀ।। (ਪੰਨਾ 874, ਗੁਰੂ ਗ੍ਰੰਥ ਸਾਹਿਬ ਜੀ)

ਗੁਰਬਾਣੀ ਵਿੱਚ ਕਿਧਰੇ ਵੀ ਦੇਵੀ (ਦੁਰਗਾ, ਭਗੌਤੀ, ਚੰਡੀ, ਸ਼ਿਵਾ ਆਦਿ) ਦੀ ਉਸਤਤ ਕੀਤੀ ਨਹੀਂ ਮਿਲਦੀ ਬਲਕਿ ਦੇਵੀ ਪੂਜਾ ਦਾ ਖੰਡਨ ਕੀਤਾ ਬਾਰ-ਬਾਰ ਮਿਲਦਾ ਹੈ। ਫਿਰ ਅਜਿਹੀ ਦੇਵੀ ਦੀ ਕਹਾਣੀ ਲਿਖਣ ਦੀ ਦਸ਼ਮੇਸ਼ ਜੀ ਨੂੰ ਕਿਉਂ ਜ਼ਰੂਰਤ ਪਈ?

2) ਗੁਰਮਤਿ ਮਾਰਤੰਡ ਵਿੱਚ ਦਿੱਤੇ ਉਪਰੋਕਤ ਵਿਚਾਰ ਵਿੱਚ ਨਾਭਾ ਜੀ ਨੇ ਆਪਣੀ ਗੱਲ ਦੇ ਹੱਕ ਵਿੱਚ ਕੁਝ ਉਦਾਹਰਨ ਦਿੱਤੇ ਹਨ ਪਰ ਉਨ੍ਹਾਂ ਨੇ ਕੋਈ ਵੀ ਉਦਾਹਰਨ ‘ਗੁਰੂ ਗ੍ਰੰਥ ਸਾਹਿਬ ਜੀ’ ਵਿੱਚੋਂ ਨਹੀਂ ਦਿੱਤਾ। ਜਾਂ ਤਾਂ ਉਦਾਹਰਨ ‘ਦਸਮ ਗ੍ਰੰਥ’ ਵਿੱਚੋਂ ਦਿੱਤਾ ਹੈ ਜਾਂ ਫਿਰ ਗੁਰ ਬਿਲਾਸ (ਸੁੱਖਾ ਸਿੰਘ) ਵਿੱਚੋਂ। ਪਹਿਲਾਂ ਗੱਲ ਕਰਦੇ ਹਾਂ ਦਸਮ ਗ੍ਰੰਥ ਵਾਲੀ ਉਦਾਹਰਨ ਬਾਰੇ। ਬਚਿੱਤ੍ਰ ਨਾਟਕ ਦੇ ਮੁੱਖ ‘ਨਮਸਕਾਰ ਸ੍ਰੀ ਖੜਗ ਕੋ’ ਵਿੱਚ 'ਖੜਗ` ਦੇ ਅਰਥ ਉਨ੍ਹਾਂ ‘ਅਕਾਲ’ ਇਸ 'ਗਲਤ' ਧਾਰਨਾ ਕਰਕੇ ਕਰ ਦਿੱਤੇ ਕਿ ਇਹ ਰਚਨਾ ਦਸ਼ਮੇਸ਼ ਕ੍ਰਿਤ ਹੈ। ਪਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘ਪਰਮਾਤਮਾ’ ਵਾਸਤੇ ਖੜਗ, ਖੰਡਾ ਜਾਂ ਤੇਗ ਲਫ਼ਜ਼ ਵਰਤੇ ਕਿਧਰੇ ਨਹੀਂ ਮਿਲਦੇ। ਇਹ ਵੀ ਵਿਚਾਰਨਯੋਗ ਹੈ ਕਿ ‘ਗੁਰਮਤਿ ਮਾਰਤੰਡ’ ਵਿੱਚ ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਥਾਂ-ਥਾਂ ’ਤੇ ਬਚਿੱਤ੍ਰ ਨਾਟਕ ਰਚਨਾ ਨੂੰ ਦਸ਼ਮੇਸ਼ ਕ੍ਰਿਤ ਮੰਨਿਆ ਹੈ। ਪਰ ਸੱਚਾਈ ਇਹੀ ਹੈ ਕਿ ਦਸਮ ਗ੍ਰੰਥ ਦੀ ਇਸ ਰਚਨਾ ਵਿੱਚ ਹੀ ਨਾਨਕ ਜਾਮਿਆਂ ਨੂੰ ਲਵ-ਕੁਸ਼ ਦੇ ਵੰਸ਼ਜ ਦੱਸਿਆ ਗਿਆ ਹੈ। ਰੱਬ ਨੂੰ ਮਜਬੂਰ ਤੇ ਲਾਚਾਰ ਦਰਸਾਇਆ ਗਿਆ ਹੈ ਜੋ ਆਪਣੀ ਭਗਤੀ ਕਰਵਾਉਣ ਲਈ ਕਵੀ ਸਾਹਮਣੇ ਲਿਲਕੜੀਆਂ ਕੱਢਦਾ ਹੈ। ਇਸੇ ਰਚਨਾ ਦੇ ਕਾਰਨ ਸਿੱਖਾਂ ਨੇ ਇਕ ਗੁਰਮਤਿ ਵਿਰੋਧੀ ਤੀਰਥ ‘ਹੇਮਕੁੰਟ’ ਸਿਰਜ ਲਿਆ ਹੈ। ਕਿਉਂਕਿ ਇਸ ਰਚਨਾ ਵਿੱਚ ਦਸ਼ਮੇਸ਼ ਜੀ ਨੂੰ ਆਪਣੇ ਅਖੌਤੀ ਪਿਛਲੇ ਜਨਮ ਵਿੱਚ ਬਰਫਾਨੀ ਪਹਾੜੀਆਂ ਉੱਪਰ ਤਪੱਸਿਆ (ਗੁਰਮਤਿ ਵਿਰੋਧੀ ਕਰਮ) ਕਰਦੇ ਦਰਸਾਇਆ ਗਿਆ ਹੈ। ਇਸੇ ਰਚਨਾ ਵਿੱਚੋਂ ਨੌਵੇਂ ਨਾਨਕ ਜਾਮੇ ਤੇਗ ਬਹਾਦਰ ਪਾਤਸ਼ਾਹ ਜੀ ਨੂੰ (ਹਿੰਦੂ) ਤੀਰਥਾਂ ’ਤੇ ਜਾ ਕੇ ਇਸ਼ਨਾਨ ਕਰਨ ਅਤੇ ਸੁੱਖਣਾ ਸੁੱਖਣ ਜਿਹੇ ਗੁਰਮਤਿ ਵਿਰੋਧੀ ਕਰਮ ਕਰਦੇ ਦਰਸਾਇਆ ਗਿਆ ਹੈ। ਹੋਰ ਵੀ ਇਤਿਹਾਸ ਤੇ ਸੱਚ ਵਿਰੋਧੀ ਕੂੜ-ਕਬਾੜ ਇਸ ਰਚਨਾ ਵਿੱਚ ਭਰਿਆ ਪਿਆ ਹੈ। ਕੀ ਅਜਿਹੀ ਰਚਨਾ ਦਸ਼ਮੇਸ਼ ਕ੍ਰਿਤ ਹੋ ਸਕਦੀ ਹੈ? ਕੀ ਇੱਥੇ ਨਾਭਾ ਜੀ ਨੇ ਸਪਸ਼ਟ ਭੁਲੇਖਾ ਨਹੀਂ ਖਾਧਾ?

ਨਾਭਾ ਜੀ ਨੇ ਆਪਣੀ ਦਲੀਲ ਦੇ ਹੱਕ ਵਿੱਚ ਦੂਜੀ ਉਦਾਹਰਨ ਸੁੱਖਾ ਸਿੰਘ ਦੇ ਲਿਖੇ ਗੁਰ ਵਿਲਾਸ ਦੀ ਦਿੱਤੀ ਹੈ। ਇਹ ਉਹੀ ਸੁੱਖਾ ਸਿੰਘ ਹੈ, ਜਿਸਨੇ ਆਪਣੀ ਇਸ ਰਚਨਾ ‘ਗੁਰ ਵਿਲਾਸ’ ਵਿੱਚ ਦਸ਼ਮੇਸ਼ ਜੀ ਨੂੰ ‘ਦੇਵੀ ਪੂਜਕ’ ਲਿਖਿਆ ਹੈ। ਇਸੇ ਸੁੱਖਾ ਸਿੰਘ ਬਾਰੇ ਕਾਨ੍ਹ ਸਿੰਘ ਜੀ ਨਾਭਾ ਗੁਰਮਤਿ ਮਾਰਤੰਡ ਭਾਗ-1 ਦੇ ਪੰਨਾ (ਸ) ਤੇ ਦੇਵੀ ਪੂਜਾ ਸਿਰਲੇਖ ਹੇਠ ਲਿਖਦੇ ਹਨ :

‘‘1) ਭਵਾਨੀ ਕਾਲੀ ਦੁਰਗਾ : ਭਾਈ ਸੁੱਖਾ ਸਿੰਘ ਨੇ ਗੁਰ ਵਿਲਾਸ ਦੇ ਦਸਵੇਂ ਅਧਿਯਾਯ ਵਿੱਚ ਦੱਤਾ ਨੰਦਾ ਉੱਜੈਨ ਨਿਵਾਸੀ ਬ੍ਰਾਹਮਣ ਰਾਹੀਂ ਦੁਰਗਾ ਦਾ ਪੂਜਨ ਦਸ਼ਮੇਸ਼ ਤੋਂ ਕਰਾਯਾ ਲਿਖਿਆ ਹੈ।’’

ਕੀ ਅਜਿਹੇ ਬ੍ਰਾਹਮਣਵਾਦੀ ਲੇਖਕ ਦੀ ਰਚਨਾ ਦਾ ਹਵਾਲਾ ਠੀਕ ਹੋ ਸਕਦਾ ਹੈ? ਪਰ ਗਲਤੀ ਸਿਰਫ਼ ਸੁੱਖਾ ਸਿੰਘ ਜਾਂ ਗੁਰਦਾਸ ਮਾਨ ਹੀ ਨਹੀਂ ਖਾ ਰਿਹਾ ਬਲਕਿ ਅਜਿਹੇ ਸਾਰੇ ਸਿੱਖ ਖਾ ਰਹੇ ਹਨ ਜੋ ਪ੍ਰਿਥਮ ਭਗੌਤੀ (ਭਗਉਤੀ ਕੀ ਵਾਰ) ਨੂੰ ਦਸ਼ਮੇਸ਼ ਕ੍ਰਿਤ ਮੰਨ ਕੇ ‘ਭਗੌਤੀ’ ਦੇ ਅਰਥ ਪਰਮਾਤਮਾ ਕਰ ਰਹੇ ਹਨ। ਕਿਉਂਕਿ ਇਹ ਰਚਨਾ ਦਸ਼ਮੇਸ਼ ਜੀ ਨੂੰ ਦੇਵੀ ਪੂਜਕ ਹੀ ਸਾਬਿਤ ਕਰਦੀ ਹੈ ਤੇ ਇਸੇ ਮਕਸਦ ਨਾਲ ਲਿਖੀ ਗਈ ਸੀ।

ਸੋ ਸਪਸ਼ਟ ਹੈ ਕਿ ਨਾਭਾ ਜੀ ਇਸ ਨੁਕਤੇ (ਦਸਮ ਗ੍ਰੰਥ, ਭਗੌਤੀ) ਤੇ ਭੁਲੇਖਾ ਖਾ ਗਏ। ‘ਭਗੌਤੀ’ ਬਾਰ ਕੁਝ ਹੋਰ ਦਲੀਲਾਂ ਵੀ ਵਿਚਾਰ ਲੈਂਦੇ ਹਾਂ।

3) ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸਲਾਮ ਵੱਲੋਂ ਰੱਬ ਲਈ ਵਰਤੇ ਜਾਂਦੇ ਲਗਭਗ ਸਾਰੇ ਨਾਂ ਜਿਵੇਂ ਮਉਲਾ, ਅੱਲਾਹ, ਪਰਵਦਗਾਰ, ਖ਼ੁਦਾ ਆਦਿ ਵਰਤੇ ਮਿਲਦੇ ਹਨ। ਇਵੇਂ ਹੀ ਹਿੰਦੂ ਧਰਮ ਗ੍ਰੰਥਾਂ ਵਿੱਚ ਵਰਤੇ ਲਫ਼ਜ਼ ਜਿਵੇਂ ਰਾਮ, ਹਰੀ, ਮੁਰਾਰੀ, ਗੋਵਰਧਨ, ਮਧੂਸੂਦਨ, ਭਗਵੰਤ ਆਦਿ ਵੀ ਰੱਬ ਲਈ ਵਰਤੇ ਮਿਲਦੇ ਹਨ। ਪਰ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਕਾਲ ਪੁਰਖ ਲਈ ‘ਮਹਾਂਕਾਲ’, ‘ਕਾਲ’ ਜਾਂ ‘ਭਗੌਤੀ’ ਲਫ਼ਜ਼ ਵਰਤਿਆ ਕਿਧਰੇ ਨਹੀਂ ਮਿਲਦਾ। ਜਦਕਿ ਨਾਭਾ ਜੀ ‘ਭਗੌਤੀ’ ਦੇ ਅਰਥ ‘ਮਹਾਂਕਾਲ’ ਕਰ ਰਹੇ ਹਨ। ‘ਮਹਾਂਕਾਲ’ ਦੀ ਸ਼ਖ਼ਸੀਅਤ ‘ਤ੍ਰਿਆ ਚਰਿੱਤਰ’ ਰਚਨਾ ਦੇ ਅੰਤਮ ਚਰਿੱਤਰ ਵਿੱਚ ਦਰਸਾਈ ਗਈ ਹੈ, ਜਿਥੇ ਇਸਨੂੰ ਇਕ ਮਨੁੱਖ ਖਾਣੇ, ਲੰਬੇ ਦੰਦਾਂ ਵਾਲੇ, ਕ੍ਰੋਧੀ ਦੇ ਰੂਪ ਵਿੱਚ ਦਰਸਾਇਆ ਗਿਆ ਹੈ। ‘ਭਗਉਤੀ’ ਲਫ਼ਜ਼ ਗੁਰੂ ਗ੍ਰੰਥ ਸਾਹਿਬ ਜੀ ਵਿੱਚ 8 ਵਾਰ ਵਰਤਿਆ ਮਿਲਦਾ ਹੈ ਪਰ ਹਰ ਵਾਰੀ ਉਸਦੇ ਅਰਥ ‘ਖਾਸ ਧਾਰਮਕ ਵੇਸ ਵਾਲੇ ਕਰਮ-ਕਾਂਡੀ’ ਜਾਂ ‘ਭਗਤ’ ਹੀ ਕੀਤੇ ਮਿਲਦੇ ਹਨ। ਇਹ ਲਫ਼ਜ਼ ਅਕਾਲ ਪੁਰਖ ਲਈ ਕਿਧਰੇ ਵਰਤਿਆ ਨਹੀਂ ਮਿਲਦਾ।

ਨਾਭਾ ਜੀ ਨੇ ‘ਭਗੌਤੀ’ ਦੇ ਅਰਥ ਮਹਾਂਕਾਲ (ਅਕਾਲ ਪੁਰਖ ਸਮਝ ਕੇ) ਕੀਤੇ ਹਨ। ਪਰ ਗੁਰਬਾਣੀ ਵਿੱਚ ‘ਮਹਾਂਕਾਲ’ ਜਿਸ ਪ੍ਰਥਾਇ ਵਰਤਿਆ ਗਿਆ ਹੈ, ਉਹ ਇਸ ਗੁਰਵਾਕ ਤੋਂ ਸਪਸ਼ਟ ਹੋ ਜਾਂਦਾ ਹੈ :

ਜਪਿ ਗੋਬਿੰਦ ਗੋਪਾਲ ਲਾਲੁ।। ਰਾਮ ਨਾਮ ਸਿਮਰਿ ਤੂੰ ਜੀਵਹਿ ਫਿਰਿ ਨ ਖਾਈ ਮਹਾਕਾਲੁ।। (ਪੰਨਾ 884)

ਭਾਵ ‘ਮਹਾਂਕਾਲ’ ਰੱਬ ਦੇ ਪ੍ਰਥਾਇ ਨਹੀਂ ਬਲਕਿ ਨਾਂਹ-ਪੱਖੀ ਅਰਥਾਂ ਵਿੱਚ ਵਰਤਿਆ ਗਿਆ ਹੈ। ਇਸੇ ਮਹਾਂਕਾਲ ਪ੍ਰਥਾਇ ਨਾਭਾ ਜੀ ਗੁਰਮਤਿ ਮਾਰਤੰਡ ਭਾਗ-1 ਦੇ ਪੰਨਾ (ਠ) ’ਤੇ ਨੁਕਤਾ ਨੰ: 8 ਵਿੱਚ ਟਿੱਪਣੀ ਕਰਦੇ ਲਿਖਦੇ ਹਨ : ‘‘ਚਰਿੱਤ੍ਰ 266 ਤੋਂ ਸਿੱਧ ਹੈ ਕਿ ਮਹਾਂਕਾਲ ਦੇ ਉਪਾਸਕਾ ਨੂੰ ਸ਼ਰਾਬ ਅਤੇ ਭੰਗ ਦਾ ਵਰਤਣਾ ਜ਼ਰੂਰੀ ਹੈ।’’

ਖ਼ੁਦ ਹੀ ਏਨੀ ਸਪਸ਼ਟ ਜਾਣਕਾਰੀ ਦੇਣ ਦੇ ਬਾਵਜੂਦ ਕੀ ਉਨ੍ਹਾਂ ਵੱਲੋਂ ‘ਮਹਾਂਕਾਲ’ ਦੇ ਅਰਥ ‘ਪਰਮਾਤਮਾ’ ਕਰਨਾ ਗਲਤ ਨਹੀਂ ਹੈ?

4) ਇਕ ਹੋਰ ਵਿਚਾਰਨਯੋਗ ਨੁਕਤਾ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘ਮੰਗਲ’ (ਪ੍ਰਚਲਿਤ ਨਾਂ ‘ਮੂਲ ਮੰਤਰ’) ੴ ਤੋਂ ਪ੍ਰਸਾਦਿ ਤੱਕ ਹੈ। ਇਹ ਮੰਗਲ ਸੰਖੇਪ ਰੂਪ ਵਿੱਚ ‘ੴ ਸਤਿਗੁਰ ਪ੍ਰਸਾਦਿ’ ਗੁਰਬਾਣੀ ਵਿੱਚ 523 ਵਾਰ ਲਿਖਿਆ ਮਿਲਦਾ ਹੈ। ਇਹ ‘ਮੰਗਲ’ ਸੰਖੇਪ ਰੂਪ ਵਿੱਚ ਕੁਝ ਹੋਰ ਰੂਪਾਂ ਵਿੱਚ ਵੀ ਮਿਲਦਾ ਹੈ। ਪਰ ‘ੴ ਵਾਹਿਗੁਰੂ ਜੀ ਕੀ ਫਤਹਿ’’ ਮੰਗਲ ਕਿਧਰੇ ਲਿਖਿਆ ਨਹੀਂ ਮਿਲਦਾ। ਪਰ ਦਸਮ ਗ੍ਰੰਥ ਦੀਆਂ ਰਚਨਾਵਾਂ ਦੇ ਅਰੰਭ ਵਿੱਚ ਇਹੀ ਮੰਗਲ (ੴ ਵਾਹਿਗੁਰੂ ਜੀ ਕੀ ਫਤਹਿ) ਹੀ ਜਿਆਦਾਤਰ ਲਿਖਿਆ ਮਿਲਦਾ ਹੈ। ਦਸ਼ਮੇਸ਼ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਵਾਲੇ ਮੰਗਲਾਂ ਦਾ ਤਿਆਗ ਕਰਕੇ ਇਹ ਨਵਾਂ ਮੰਗਲ ਕਿਉਂ ਵਰਤਣਾ ਸੀ? ਕੀ ਇਹ ਮੰਗਲ ਪ੍ਰਮਾਣਿਕ ਹੈ? ਕੀ ਇਹ ਇਸ ਗੱਲ ਵੱਲ ਇਸ਼ਾਰਾ ਨਹੀਂ ਕਿ ਦਸਮ ਗ੍ਰੰਥ ਦੀ ਰਚਨਾ ਹੀ ਦਸ਼ਮੇਸ਼ ਜੀ ਨੂੰ ਪਹਿਲੇ ਨਾਨਕ ਜਾਮਿਆਂ ਤੋਂ ਵੱਖ (ਵਿਚਾਰਧਾਰਕ) ਜੋਤ ਵਾਲਾ ਵਿਖਾਉਣ ਦੇ ਮਕਸਦ ਨਾਲ ਕੀਤੀ ਗਈ?

5) ਕਈ ਸਿੱਖ ਵਿਦਵਾਨ ਤੇ ਪ੍ਰਚਾਰਕ ਇਥੇ ‘ਭਗੌਤੀ’ ਦੇ ਅਰਥ ‘ਤਲਵਾਰ’ ਕਰਦੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਗਈ ‘ਅਰਦਾਸ’ ਨਾਮਕ ਸਚਿੱਤਰ ਪੁਸਤਿਕਾ ਵਿੱਚ ਵੀ ‘ਭਗੌਤੀ’ ਲਫ਼ਜ਼ ਨਾਲ ‘ਤਲਵਾਰ’ ਦੀ ਫੋਟੋ ਦਿੱਤੀ ਹੋਈ ਹੈ। ਭਗੌਤੀ ਦੇ ਅਰਥ ਤਲਵਾਰ ਕਰਨ ਵਾਲੇ ਸਿੱਖ ‘‘ਜੈ ਤੇਗੰ, ਜੈ ਤੇਗੰ’’ ਦੀ ਉਦਾਹਰਨ ਵੀ ਦਿੰਦੇ ਹਨ। ‘‘ਜੈ ਤੇਗੰ’’ ਵਾਲਾ ਬੰਦ ‘ਬਚਿੱਤਰ ਨਾਟਕ’ ਰਚਨਾ ਦਾ ਹਿੱਸਾ ਹੈ, ਜੋ ਪ੍ਰਮਾਣਿਕ ਨਹੀਂ ਹੈ, ਬਲਕਿ ਗੁਰਮਤਿ ਵਿਰੋਧੀ ਰਚਨਾ ਹੈ, ਅਸੀਂ ਪਹਿਲਾਂ ਵਿਚਾਰ ਚੁੱਕੇ ਹਾਂ। ਇਸੇ ਪ੍ਰਭਾਵ ਕਾਰਨ ਕਈ ਮਨਮਤੀ ਅਤੇ ਕਰਮਕਾਂਡੀ ‘ਸਿੱਖ’ (?) ਸ਼ਸਤਰਾਂ ਨੂੰ ਤਿਲਕ ਲਗਾ ਕੇ ਸ਼ਸਤਰ ਪੂਜਾ ਕਰਦੇ ਵੀ ਵੇਖੇ ਜਾ ਸਕਦੇ ਹਨ। ਪਰ ਕੀ ਗੁਰਬਾਣੀ ਸ਼ਸਤਰ ਪੂਜਾ ਨੂੰ ਠੀਕ ਮੰਨਦੀ ਹੈ? ਬਿਲਕੁਲ ਨਹੀਂ, ਬਲਕਿ ਇਸਦਾ ਵਿਰੋਧ ਗੁਰਬਾਣੀ ਵਿੱਚ ਹੀ ਮਿਲਦਾ ਹੈ। ਗੁਰਬਾਣੀ ਸਮਝਾਉਂਦੀ ਹੈ :

ਖਸਮ ਛੋਡਿ ਦੂਜੇ ਲਗੇ ਡੂਬੇ ਸੇ ਵਣਜਾਰਿਆ।।

ਅਤੇ

ਬਿਨ ਕਰਤਾਰ ਨਾ ਕਿਰਤਮ ਜਾਨੋ।।

ਕੀ ਤਲਵਾਰ (ਸ਼ਸਤਰ) ਦਾ ਕੋਈ ਦਿਮਾਗ ਹੁੰਦਾ ਹੈ? ਕੀ ਇਹੀ ਤਲਵਾਰ ਜਦ ‘ਫਰੁਖ਼ਸੀਅਰ’ ਵਰਗੇ ਜ਼ਾਲਮਾਂ ਦੇ ਹੱਥ ਵਿੱਚ ਹੁੰਦੀ ਹੈ ਤਾਂ ਮਜ਼ਲੂਮਾ ਦਾ ਘਾਣ ਅਤੇ ਜ਼ੁਲਮ ਨਹੀਂ ਕਰਦੀ? ਕੀ ਉਸ ਵੇਲੇ ਉਹ ‘ਰੱਬ’ ਦਾ ਰੂਪ ਹੀ ਹੁੰਦੀ ਹੈ? ਕੀ ਉਸ ਰੂਪ ਵਿੱਚ ਵਰਤੀ ‘ਸ਼ਕਤੀ’ ਵੀ ਪੂਜਨਯੋਗ ਹੈ? ਅਜਿਹੇ ਹੀ ਕਈ ਸਿੱਖ ‘ਸ਼ਸਤਰ ਪੂਜਾ’ ਨੂੰ ਗੁਰਮਤਿ ਅਨੁਸਾਰੀ ਠੀਕ ਸਮਝਦੇ ਹੋਏ ਦਸਮ ਗ੍ਰੰਥ ਦਾ ਇਹ ਬੰਦ ਵੀ ਕੀਰਤਨ ਰੂਪ ਵਿੱਚ ਗਾਈ ਜਾਂਦੇ ਹਨ :

ਕਾਲ ਤੂਹੀ ਕਾਲੀ ਤੂਹੀ ਤੂਹੀ ਤੇਗ ਅਰ ਤੀਰ।। ਤੂਹੀ ਨਿਸ਼ਾਨੀ ਜੀਤ ਕੀ ਆਜ ਤੂਹੀ ਜਗ ਬੀਰ।। (ਸ਼ਸਤਰ-ਨਾਮਮਾਲਾ, ਪੰਨਾ 717)

ਅੱਜ ਦੇ ਜ਼ਮਾਨੇ ਵਿੱਚ ਅਜਿਹੇ ਵੀਰਾਂ ਦੀ ਇਸ ਰੱਬ ਰੂਪੀ ਭਗੌਤੀ (ਤੀਰ ਆਦਿ) ਦੀ ਕੋਈ ‘ਵੁੱਕਤ’ ਨਹੀਂ ਹੈ। ਕਿਉਂਕਿ ਹੁਣ ਉਸ ਤੋਂ ਬਹੁਤ ਵੱਡੇ-ਵੱਡੇ ਤੇ ਖਤਰਨਾਕ ਹਥਿਆਰ ਆ ਗਏ ਹਨ। ਹੁਣ ਤੀਰ, ਖੰਡੇ, ਕਿਰਪਾਨ ਆਦਿ ਸ਼ਸਤਰਾਂ ਨੂੰ ਕੋਈ ਨਹੀਂ ਪੁੱਛਦਾ। ਇਹ ਸਭ ਖੇਡਾਂ ਵਿੱਚ ਹੀ ਰਹਿ ਗਏ ਹਨ। ਮੇਰੇ ਅਜਿਹੇ ਵੀਰਾਂ ਨੂੰ ਹੁਣ ਸ਼ਾਇਦ ਗਾਉਣਾ ਚਾਹੀਦਾ ਹੈ:

‘‘ਤੋਪ ਤੂਹੀ, ਐਟਮ ਬੰਬ ਤੂਹੀ ਤੂਹੀ ਏ.ਕੇ. 47 ਔਰ ਮਿਜ਼ਾਇਲ।’’

ਕੀ ਅੱਜ ਦੇ ਇਹ ਮਾਰੂ ਹਥਿਆਰ (ਐਟਮ ਬੰਬ ਆਦਿ) ਬਿਨਾਂ ਦੋਸਤ-ਦੁਸ਼ਮਣ ਦੀ ਪਛਾਣ ਕੀਤੇ, ਹਰ ਇਨਸਾਨ ਬਲਕਿ ਹਰ ਜੀਅ-ਜੰਤੂ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ? ਸੱਚ ਤਾਂ ਇਹੀ ਹੈ ਕਿ ਕਿਸੇ ਵੀ ਹਥਿਆਰ ਦਾ ਆਪਣਾ ਕੋਈ ਦਿਮਾਗ ਜਾਂ ਸਮਝ ਨਹੀਂ ਹੁੰਦੀ। ਉਸ ਦਾ ਚੰਗਾ ਜਾਂ ਮਾੜਾ ਹੋਣਾ ਉਸਦੇ ਵਰਤਣ ਵਾਲੇ ’ਤੇ ਨਿਰਭਰ ਕਰਦਾ ਹੈ। ਐਟਮ ਬੰਬ ਜਿਹੇ ਮਾਰੂ ਹਥਿਆਰਾਂ ਦੇ ਸਮੇਂ ਵਿੱਚ ਅਜਿਹੇ ਸ਼ਸਤਰਾਂ ਦੇ ਪੁਜਾਰੀ ਵੀਰਾਂ ਦੀ ‘ਬਾਣੀ’ ਵੀ ਪੁਰਾਣੀ ਹੋ ਗਈ ਲਗਦੀ ਹੈ।

6) ਕਈ ਸਿੱਖ ਲਿਖਾਰੀ ਤੇ ਪ੍ਰਚਾਰਕ ਇਹ ਦਲੀਲ ਵੀ ਦਿੰਦੇ ਹਨ ਕਿ ਦਸ਼ਮੇਸ਼ ਜੀ ਨੇ ਦਸਮ ਗ੍ਰੰਥ ਵਿੱਚ ਬ੍ਰਾਹਮਣੀ ਗ੍ਰੰਥਾਂ ਦੀਆਂ ਰਚਨਾਵਾਂ ਦਾ ਉਲਥਾ ਕੀਤਾ ਹੈ ਤਾਂ ਕਿ ਸਿੱਖਾਂ ਨੂੰ ਸੌਖੀ ਭਾਸ਼ਾ ਵਿੱਚ ਜਾਣਕਾਰੀ ਹੋ ਸਕੇ। ਕੀ ਵੇਦਾਂ, ਸਿੰਮ੍ਰਤੀਆਂ ਦੀ ਇਸ ਜਾਣਕਾਰੀ (ਸਿੱਖਿਆ) ਦਾ ਮਹੱਤਵ ਪਹਿਲੇ ਨਾਨਕ ਜਾਮਿਆਂ ਨੂੰ ਨਹੀਂ ਸੀ? ਪਰ ਉਹ ਤਾਂ ਇਨ੍ਹਾਂ ਗ੍ਰੰਥਾਂ ਨੂੰ ਰੱਦ ਕਰਦੇ ਹਨ। ਗੁਰਬਾਣੀ ਵਿੱਚ ਬਹੁਤ ਸਾਰੇ ਗੁਰਵਾਕ ਮਿਲਦੇ ਹਨ ਜਿਹੜੇ ਬ੍ਰਾਹਮਣੀ ਗ੍ਰੰਥਾਂ ਦੀ ਸਿੱਖਿਆ ਨੂੰ ਰੱਦ ਕਰਦੇ ਹਨ। ਜਿਵੇਂ:

1) ਬੇਦ ਕੀ ਪੁਤ੍ਰੀ ਸਿੰਮ੍ਰਤੀ ਭਾਈ।। ਸਾਂਕਲ ਜੇਵਰੀ ਲੈ ਹੈ ਆਈ।। (ਪੰਨਾ 329)

2) ਅਸਟ ਦਸੀ ਚਹੁ ਭੇਦ ਨ ਪਾਇਆ।। ਨਾਨਕ ਸਤਿਗੁਰਿ ਬ੍ਰਹਮੁ ਦਿਖਾਇਆ।। (ਪੰਨਾ 355)

3) ਬੇਦ ਕਤੇਬੀ ਭੇਦ ਨ ਜਾਤਾ।। ਨਾ ਤਿਸ ਮਾਤ ਪਿਤਾ ਸੁਤ ਭ੍ਰਾਤਾ।। (ਪੰਨਾ 1021)

7) ਕੁਝ ਸਿੱਖ ਲਿਖਾਰੀ ਦੇ ਪ੍ਰਚਾਰਕ ਇਹ ਦਲੀਲ ਵੀ ਦਿੰਦੇ ਹਨ ਕਿ ‘ਭਗਉਤੀ ਦੀ ਵਾਰ’ ਦਾ ਉਲਥਾ ਦਸ਼ਮੇਸ਼ ਜੀ ਨੇ ਦੇਵੀ ਉਸਤਤ ਲਈ ਨਹੀਂ ਕੀਤਾ ਬਲਕਿ ਸਿੱਖਾਂ ਵਿੱਚ ਵੀਰਤਾ ਭਰਨ ਲਈ ਕੀਤਾ ਕਿਉਂਕਿ ਇਹ ਇਕ ਬੀਰ ਰਸ ਦੀ ਰਚਨਾ ਹੈ। ਅਜਿਹੇ ਸਿੱਖਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਕੀ ਪਹਿਲੇ ਨਾਨਕ ਜਾਮਿਆਂ ਵੇਲੇ ਸਿੱਖਾਂ ਵਿੱਚ ਬੀਰਤਾ ਦੀ ਕਮੀ ਸੀ? ਕੀ ਸਿੱਖ ਛੇਵੇਂ ਨਾਨਕ ਜਾਮੇ ਦੇ ਵੇਲੇ ਤੋਂ ਹੀ (ਜ਼ਬਰਦਸਤੀ ਥੋਪੇ) ਜੰਗਾਂ-ਜੁੱਧਾਂ ਵਿੱਚ ਵੀਰਤਾ ਦੇ ਜੌਹਰ ਨਹੀਂ ਵਿਖਾ ਰਹੇ ਸਨ? ਕੀ ਇਸ ਵਾਰ ਨੂੰ ਪੜ੍ਹ ਕੇ ਦੇਵੀ ਦੀ ਪੂਜਾ ਕਰਨ ਵਾਲੇ ਬ੍ਰਾਹਮਣ ਮਤੀਏ ਲੋਕਾਂ ਵਿੱਚ ਵੀਰਤਾ ਪੈਦਾ ਹੋ ਗਈ ਸੀ? ਬਿਲਕੁਲ ਨਹੀਂ, ਬਲਕਿ ਕਈ ਸਦੀਆਂ ਤੋਂ ਉਨ੍ਹਾਂ ਦੀ ਡਰਪੋਕ ਜ਼ਹਿਨੀਅਤ ਕਾਰਨ ਭਾਰਤ ਗੁਲਾਮ ਚਲਿਆ ਆ ਰਿਹਾ ਸੀ। ਜੇ ਇਹ ‘ਵਾਰ’ ਉਨ੍ਹਾਂ ਦਾ ਕੁਝ ਨਹੀਂ ਸਵਾਰ ਸਕੀ ਤਾਂ ਸਿੱਖ ਵਿੱਚ ਕਿਸ ਤਰ੍ਹਾਂ ਬੀਰਤਾ ਭਰ ਸਕਦੀ ਸੀ? ਕੀ ਸਚਮੁੱਚ ਇਸ ਵਾਰ ਵਿੱਚ ‘ਬੀਰਤਾ’ ਭਰਨ ਲਾਇਕ ਕੋਈ ਸਿੱਖਿਆ ਹੈ? ਬਿਲਕੁਲ ਨਹੀਂ। ਬਲਕਿ ਇਹ ਤਾਂ ਬੇਸਿਰ-ਪੈਰ ਦੀਆਂ ਗੈਰ-ਕੁਦਰਤੀ ਗੱਲਾਂ ਨਾਲ ਭਰੀ ਗਈ ਹੈ।

8) ਇਸ ਵਾਰ ਦਾ ਸਿਰਲੇਖ ਹੈ ‘ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ 10’। ਭਾਈ ਗੁਰਦਾਸ ਸਿੰਘ ਦੀ ਇਕ ਵਾਰ ਮਿਲਦੀ ਹੈ ‘ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ’ ਵਾਲੀ। ਇਹ ਵਾਰ ਗੁਰਮਤਿ ਤੇ ਸੱਚ-ਵਿਰੋਧ ਅੰਸ਼ਾਂ ਨਾਲ ਭਰਪੂਰ ਹੈ। ਇਸ ਵਾਰ ਨੂੰ ਸਾਜਿਸ਼ ਜਾਂ ਭੁਲੇਖੇ ਅਧੀਨ ਭਾਈ ਗੁਰਦਾਸ ਜੀ ਦੀਆਂ ਵਾਰਾਂ ਨਾਲ ਜੋੜ ਕੇ ਛਾਪਿਆ ਜਾ ਰਿਹਾ ਹੈ। ਇਸ ਵਾਰ ਨੂੰ ਮਿਸ਼ਨਰੀ ਕਾਲਜਾਂ ਤੇ ਹੋਰ ਕਈ ਜਾਗਰੁਕ ਸਮਝੇ ਜਾਂਦੇ ਸਿੱਖਾਂ ਵੱਲੋਂ ਗੁਰਮਤਿ ਅਨੁਸਾਰੀ ਪ੍ਰਚਾਰਿਆ ਜਾਂਦਾ ਹੈ। ਇਸਦਾ ਕੀਰਤਨ ਵੀ ਗੁਰਦੁਆਰਿਆਂ ਵਿੱਚ ਹੁੰਦਾ ਹੈ। ਇਸ ਵਾਰ ਦਾ ਸਿਰਲੇਖ ਹੈ ‘‘ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ 10’’। ਦੋਵੇਂ ਸਿਰਲੇਖ ਹੂ-ਬ-ਹੂ ਮਿਲਦੇ ਹਨ। ਕੀ ਇਹ ਸਪਸ਼ਟ ਨਹੀਂ ਕਰਦਾ ਕਿ ਦਸਮ ਗ੍ਰੰਥ ਦੀਆਂ ਰਚਨਾਵਾਂ ਵੀ ਉਸੇ ਕਵੀ ਸਮੂਹ (ਰਾਮ, ਸਿਆਮ, ਗੁਰਦਾਸ ਸਿੰਘ ਆਦਿ) ਦੀ ਰਚਨਾ ਹੈ, ਜਿਸਦੇ ਇਕ ਕਵੀ ਨੇ ‘ਆਪੇ ਗੁਰ ਚੇਲਾ’ ਵਾਲੀ ਵਾਰ ਲਿਖੀ ਹੈ?

ਉਪਰੋਕਤ ਖੁੱਲੀ ਵਿਚਾਰ ਉਪਰੰਤ ਸਪਸ਼ਟ ਹੈ ਕਿ ਇਥੇ ‘ਭਗੌਤੀ’ ਦੇ ਅਰਥ ਕਿਸੇ ਤਰ੍ਹਾਂ ਵੀ ‘ਪਰਮਾਤਮਾ’ ਜਾਂ ‘ਅਕਾਲ ਪੁਰਖ’ ਨਹੀਂ ਬਣਦੇ। ਨਾ ਹੀ ‘ਤਲਵਾਰ’ ਬਣਦੇ ਹਨ, ਬਲਕਿ ਸਿਰਫ਼ ਦੇਵੀ (ਦੁਰਗਾ ਆਦਿ) ਹੀ ਬਣਦੇ ਹਨ। ਭਾਈ ਕਾਨ੍ਹ ਸਿੰਘ ਜੀ ਨਾਭਾ ਨੂੰ ਪਏ ਭੁਲੇਖੇ ਬਾਰੇ ਡਾ: ਗੁਰਮੁਖ ਸਿੰਘ ਜੀ ਦਿੱਲੀ ਵੱਲੋਂ ਆਪਣੀ ਪੁਸਤਕ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਧਾਰ ’ਤੇ ਦਸਮ ਗ੍ਰੰਥ ਦੀ ਵਿਚਾਰ’ ਦੇ ਪੰਨਾ ਨੰ: 15 ਉੱਤੇ ਦਿੱਤੀ ਗਈ ਟਿੱਪਣੀ ਬਹੁਤ ਹੀ ਢੁਕਵੀਂ ਹੈ :

‘‘ਮਹਾਨ ਕੋਸ਼ ਵਿੱਚ, ਜੋ ਕਿ ਪੰਜਾਬੀ ਦੀ ਮੰਨੀ ਹੋਈ ਡਿਕਸ਼ਨਰੀ ਹੈ, ਭਾਈ ਕਾਨ੍ਹ ਸਿੰਘ ਨੇ ਬਹੁਤ ਸਾਰੇ ਅਰਥ ਇਸ ਭੁੱਲ ਵਿੱਚ ਕੀਤੇ ਹਨ ਕਿ ਦਸਮ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਹਨ।’’

ਕੁਝ ਇਹੀ ਟਿੱਪਣੀ ਉਨ੍ਹਾਂ ਲਿਖਾਰੀਆਂ ’ਤੇ ਵੀ ਪੂਰੀ ਢੁਕਦੀ ਹੈ, ਜਿਨ੍ਹਾਂ ਨੇ ਰਹਿਤ ਮਰਿਆਦਾ ਬਣਾਉਣ ਵੇਲੇ ਦਸਮ ਗ੍ਰੰਥ ਦੀਆਂ ਕਈ ਰਚਨਾਵਾਂ ਨੂੰ ਗਲਤੀ ਨਾਲ ਦਸ਼ਮੇਸ਼ ਕ੍ਰਿਤ ਮੰਨ ਕੇ ਨਿੱਤਨੇਮ ਤੇ ਅੰਮ੍ਰਿਤ ਸੰਚਾਰ ਦਾ ਹਿੱਸਾ ਰਹਿਣ ਦਿੱਤਾ।

ਕੁਝ ਜ਼ਰੂਰੀ ਵਿਚਾਰ ਪੁਰਾਣੇ ਹੋ ਚੁੱਕੇ ਲਿਖਾਰੀਆਂ ਪ੍ਰਤੀ ਨਜ਼ਰੀਏ ਬਾਰੇ ਵੀ ਕਰ ਲੈਂਦੇ ਹਾਂ। ਗੁਰਬਾਣੀ ਸਪਸ਼ਟ ਕਹਿੰਦੀ ਹੈ :

ਭੁਲਣਿ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ।।

ਭਾਵ, ਸਤਿਗੁਰੂ ਅਕਾਲ ਪੁਰਖ ਤੋਂ ਸਿਵਾ ਹਰ ਕੋਈ ਭੁੱਲਣਹਾਰ ਹੈ, ਗਲਤੀਆਂ ਕਰ ਸਕਦਾ ਹੈ। ਪਰ ਸਾਡੀ ਮਾਨਸਿਕਤਾ ਇਹ ਬਣ ਚੁੱਕੀ ਹੈ ਕਿ ਅਸੀਂ ਆਪਣੀ ਪਸੰਦ ਦੇ ਲਿਖਾਰੀਆਂ, ਮਹਾਤਮਾਵਾਂ ਆਦਿ ਨਾਲ ਅਜਿਹੀ ਅੰਨ੍ਹੀ ਸ਼ਰਧਾ ਨਾਲ ਜੁੜ ਜਾਂਦੇ ਹਾਂ ਕਿ ਜੇ ਕੋਈ ਗੁਰਬਾਣੀ ਦੀ ਕਸਵੱਟੀ ’ਤੇ ਵੀ ਉਨ੍ਹਾਂ ਦੀਆਂ ਗਲਤੀਆਂ ਬਾਰੇ ਦੱਸਦਾ ਹੈ ਤਾਂ ਉਸਦੀ ਦਲੀਲ ਨੂੰ ਵਿਚਾਰਨ ਦੀ ਥਾਂ ਉਸਦੇ ਖਿਲਾਫ਼ ਡਾਂਗਾਂ ਚੁੱਕ ਲੈਂਦੇ ਹਾਂ। ਸਾਡੀ ਹਾਲਤ ਭਾਈ ਗੁਰਦਾਸ ਜੀ ਦੀ ਇਸ ਸੇਧ ਵਾਂਗੂ ਹੋ ਗਈ ਹੈ :

ਸਤਿਗੁਰ ਸਾਹਿਬ ਛਾਡਿ ਕੈ ਮਨਮੁਖ ਹੋਇ ਬੰਦੇ ਕਾ ਬੰਦਾ।।

ਸੰਪਰਦਾਈ ਅਜਿਹਾ ਕਰਮ ਕਰਦੇ ਹਨ ਤਾਂ ਹੈਰਤ ਨਹੀਂ ਹੁੰਦੀ ਕਿਉਂਕਿ ਉਨ੍ਹਾਂ ਦਾ ਤਾਂ ਗੁਰਮਤਿ ਅਤੇ ਦਲੀਲ ਨਾਲ ਤੋੜ-ਵਿਛੋੜਾ ਹੋ ਚੁੱਕਾ ਹੈ। ਉਹ ਤਾਂ ਹੈਨ ਹੀ ਬ੍ਰਾਹਮਣਵਾਦੀ ਸੋਚ ਦੇ ਗੁਲਾਮ। ਪਰ ਜਦ ਆਪਣੇ ਆਪ ਨੂੰ ਜਾਗਰੁਕ ਕਹਿਣ ਵਾਲੇ (ਮਿਸ਼ਨਰੀ ਤੇ ਹੋਰ) ਸਿੱਖ ਵੀ ਭਾਈ ਕਾਨ੍ਹ ਸਿੰਘ ਨਾਭਾ, ਪ੍ਰੋ: ਸਾਹਿਬ ਸਿੰਘ ਜੀ ਆਦਿ ਬਾਰੇ ਉਠੇ ਅਜਿਹੇ ਨੁਕਤਿਆਂ ਦਾ ਵਿਰੋਧ ਕਰਨ ਲਗ ਪੈਂਦੇ ਹਨ ਤਾਂ ਅਫਸੋਸ ਹੋਣਾ ਕੁਦਰਤੀ ਹੈ।

‘ਪ੍ਰਿਥਮ ਭਗੌਤੀ’ ਦੇ ਪ੍ਰਸੰਗ ਵਿੱਚ ਨਾਭਾ ਜੀ ਦਾ ਹਵਾਲਾ ਦੇਣ ਵਾਲੇ ਸਿੱਖਾਂ ਦੇ ਗਿਆਨ ਹਿੱਤ ਇਕ ਹੋਰ ਨੁਕਤਾ ਵੀ ਸਾਂਝਾ ਕਰ ਲੈਂਦੇ ਹਾਂ। ਨਾਭਾ ਜੀ ‘ਗੁਰਮਤਿ ਮਾਰਤੰਡ ਭਾਗ-1’ ਦੇ ਪੰਨਾ 414 ਦੇ ਪਹਿਲੇ ਪੈਰੇ ਵਿੱਚ ਲਿਖਦੇ ਹਨ, ‘‘ਇਸ ਵਿੱਚ ‘ਸੋ ਪੁਰਖੁ’ ਸਿਰਲੇਖ ਹੇਠ ਚਾਰ ਸ਼ਬਦ ਹਨ, ਅਰ 115 ਸ਼ਬਦ ਸਲੋਕ ਗੁਰੂ ਤੇਗ ਬਹਾਦਰ ਸਾਹਿਬ ਦੇ ਅਤੇ ਇਕ ਸਲੋਕ ‘ਬਲੁ ਹੋਆ ਬੰਧਨ ਛੁਟੇ’ ਦਸ਼ਮੇਸ਼ ਜੀ ਦਾ ਹੈ।’’

ਮਤਲਬ ਨਾਭਾ ਜੀ ਦਾ ਮੰਨਣਾ ਹੈ ਕਿ ਦਮਦਮੀ ਬੀੜ ਵਿੱਚ ਦਸ਼ਮੇਸ਼ ਜੀ ਦੀ ਰਚਨਾ (ਇਕ ਸਲੋਕ) ਵੀ ਹੈ। ਪਰ ਜਾਗਰੁਕ ਸਿੱਖ ਵਿਦਵਾਨ ਇਸ ਧਾਰਨਾ ਨੂੰ ਬਿਲਕੁਲ ਗਲਤ ਮੰਨਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਲੋਕ ਨਾਲ ਜੁੜੀ ਉਥਾਨਕਾ (ਕਹਾਣੀ) ਮੁਤਾਬਿਕ ਜੇਕਰ ਇਹ ਸਲੋਕ ਉਸ ਸਮੇਂ ਉਚਾਰਿਆ ਗਿਆ, ਜਦ ਗੁਰੂ ਨਾਨਕ ਜੋਤਿ ਦੇ ਗੱਦੀਨਸ਼ੀਨ ਨੌਵੇਂ ਪਾਤਸ਼ਾਹ (ਤੇਗ ਬਹਾਦਰ ਜੀ) ਸਨ। ਕਿਉਂਕਿ ਗੋਬਿੰਦ ਰਾਏ ਜੀ ਉਸ ਸਮੇਂ ਗੁਰੂ ਨਾਨਕ ਜੋਤਿ ਦੀ ਗੱਦੀ ’ਤੇ ਬਿਰਾਜਮਾਨ ਨਹੀਂ ਹੋਏ ਸਨ, ਇਸਲਈ ਉਨ੍ਹਾਂ ਵੱਲੋਂ ‘ਨਾਨਕ’ ਪਦ ਵਰਤ ਕੇ ਕੋਈ ਸਲੋਕ ਉਚਾਰਨ ਦੀ ਗੁਸਤਾਖ਼ੀ ਨਹੀਂ ਕੀਤੀ ਜਾ ਸਕਦੀ ਸੀ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਉਕਤ ਸਲੋਕ ਵੀ ਗੁਰੂ ਤੇਗ ਬਹਾਦਰ ਜੀ ਦਾ ਉਚਾਰਿਆ ਹੋਇਆ ਹੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਸ਼ਮੇਸ਼ ਜੀ ਦੀ ਕੋਈ ਬਾਣੀ ਨਹੀਂ ਹੈ।

ਫਿਰ ਵੀ, ਨਾਭਾ ਜੀ ਦੇ ਉਕਤ ਦਾਅਵੇ ਨੂੰ ਕਿਸੇ ਨਜ਼ਰੀਏ ਤੋਂ ਸਹੀ ਮੰਨ ਲਈਏ ਤਾਂ ਵੀ ਇਕ ਵੱਡਾ ਸਵਾਲ ਉਠਦਾ ਹੈ ਕਿ ਜੇ ਦਸ਼ਮੇਸ਼ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪਣਾ ਇਕ ਸਲੋਕ ਸ਼ਾਮਲ ਕਰ ਲਿਆ ਸੀ ਤਾਂ (ਨਾਭਾ ਜੀ ਵੱਲੋਂ ਮੰਨੀ ਜਾਂਦੀ) ਦਸਮ ਗ੍ਰੰਥ ਵਿਚਲੀਆਂ ਆਪਣੀਆਂ ਰਚਨਾਵਾਂ (ਬਚਿੱਤ੍ਰ ਨਾਟਕ, ਅਕਾਲ ਉਸਤਤਿ ਆਦਿ) ਇਸ ਵਿੱਚ ਸ਼ਾਮਲ ਕਿਉਂ ਨਹੀਂ ਕੀਤੀਆਂ? ਭਾਵ, ਇੱਥੇ ਵੀ ਨਾਭਾ ਜੀ ਭੁਲੇਖੇ ਵਿੱਚ ਹੀ ਸਨ।

ਇਹ ਸਭ ਵਿਚਾਰ ਕਰਨ ਦਾ ਮਕਸਦ ਇਹ ਹੈ ਕਿ ਪੰਥ-ਦਰਦੀ ਸਿੱਖਾਂ ਨੂੰ ਹਰ ਗੱਲ ਦਲੀਲ ਅਤੇ ਗੁਰਮਤਿ ਦੀ ਕਸਵੱਟੀ ’ਤੇ ਹੀ ਵਿਚਾਰਨੀ ਚਾਹੀਦੀ ਹੈ। ਇਹ ਵੀ ਧਿਆਨ ਰੱਖਣਾ ਜ਼ਰੂਰੀ ਹੈ ਕਿ ਪੁਰਾਣੇ ਵਿਦਵਾਨਾਂ ਵੱਲੋਂ ਕੀਤੀਆਂ ਗਈਆਂ ਗਲਤੀਆਂ ਨੂੰ ‘ਆਲੋਚਨਾ’ ਦੇ ਨਜ਼ਰੀਏ ਤੋਂ ਨਾ ਲੈ ਕੇ ‘ਸੁਧਾਰ’ ਦੇ ਨਜ਼ਰੀਏ ਤੋਂ ਲਿਆ ਜਾਏ।

`ਪ੍ਰਿਥਮ ਭਗੌਤੀ` ਸੰਬੰਧੀ ਇਸ ਲੰਬੀ ਵਿਚਾਰ ਦੇ ਅੰਤ ਵਿੱਚ (ਤੱਤ) ਗੁਰਮਤਿ ਦੇ ਬਜ਼ੁਰਗ ਵਿਦਵਾਨ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ ਦੀ ਇਸ ਬਾਰੇ ਬੇਹਦ ਡੁਕਵੀਂ ਟਿਪਣੀ ਦੇਣੀ ਗੈਰ ਵਾਜ਼ਿਬ ਨਹੀਂ ਹੋਵੇਗੀ। ਉਹ ਲਿਖਦੇ ਹਨ “ਉਸ ਦਇਆਲੂ ਪ੍ਰਭੂ ਨੂੰ ਵੱਡਣ-ਟੁਕਣ ਵਾਲੀ ਤਲਵਾਰ ਕਹਿਣ ਵਾਲੇ ਵੀਰੋ! ਚੇਤਾ ਰੱਖੋ ਕਿ-`ਆਪੇ ਸ੍ਰਿਸਟਿ ਸਭ ਸਾਜੀਅਨੁ ਆਪੇ ਨਦਰਿ ਕਰੇ।। ` (ਪੰਨਾ ੯੪੪) -` ਨਾਨਕ ਜਿਨਿ ਕਰ ਦੇਖਿਆ ਦੇਵੈ ਮਤਿ ਸਾਈ।। (ਪੰਨਾ ੭੬੭)।” ਉਸ ਨੂੰ ਖੜਗ ਕਹਿਨ ਵਾਲੇ ਪਿਆਰਿਉ! ਇਹ ਨਾ ਭੁਲੋ ਕਿ ਗੁਰੂ ਨਾਨਕ ਜੀ ਨੇ ਸਾਨੂੰ ਉਸ ਪ੍ਰਭੂ ਖਸਮ ਦੀ ਚਰਨੀ ਲਾਇਆ ਹੈ ਜਿਹੜਾ-” ਪ੍ਰਭ ਆਪਿ ਸੁਆਮੀ ਆਪੇ ਰਾਖਾ ਆਪਿ ਪਿਤਾ ਆਪਿ ਮਾਇਆ।। (ਪੰਨਾ੭੮੩) ਮਾਤ ਪਿਤਾ ਸੁਤ ਬੰਧਪੋ ਤੂੰ ਮੇਰੇ ਪ੍ਰਾਣ ਆਧਾਰ।। (ਪੰਨਾ ੨੦੩) ਫਿਰ-ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ।। ੧।। (ਪੰਨਾ ੬੭੪)। ਦਸਮੇ ਜਾਮੇ ਵਿੱਚ ਆ ਕੇ ਅਕਾਲ ਪੁਰਖ ਲਈ ਵਰਤੀ ਜਾਣ ਵਾਲੀ ਸਾਰੀ ਭਾਸ਼ਾ ਬਦਲ ਜਾਣ ਦਾ ਕੀ ਕਾਰਨ ਸੀ? ਇਸ ਵਿੱਚ ਕੋਈ ਸੰਦੇਹ ਨਹੀਂ ਰਹਿ ਜਾਂਦਾ ਕਿ ਖਾਲਸਾ ਜੀ ਪੂਰੀ ਤਰਾਂ ਵੈਰੀਆਂ ਦੀ ਚਾਲ ਦਾ ਸ਼ਿਕਾਰ ਹੋ ਚੁਕੇ ਹੋਏ ਵੀ ਅਪਣੇ ਅੰਦਰ ਝਾਤੀ ਮਾਰਣ ਦੀ ਲੋੜ ਮੁਕਾਈ ਬੈਠੇ ਹਨ। ਇਹ ਸਥਿਤੀ ਸਾਬਿਤ ਕਰਦੀ ਹੈ ਕਿ ਅਸੀਂ ਅਪਣੇ ਗੁਰੂ ਪ੍ਰਮੇਸ਼ਰ ਤੋਂ ਟੁਟ ਚੁਕੇ ਹਾਂ।” (ਬਿਪਰਨ ਦੀ ਰੀਤ ਤੋਂ ਸੱਚ ਦਾ ਮਾਰਗ ਭਾਗ ੧੦E-ਪੰਨਾ ੧੨੭)

ਬੜੀ ਦਿਲਚਸਪ ਗੱਲ ਹੈ ਕਿ ਕਈ ਜਾਗਰੁਕ ਸਿੱਖ ਸੰਸਥਾਵਾਂ (ਜਿਵੇਂ ਮਿਸ਼ਨਰੀ ਕਾਲਜ ਤੇ ਕੁਝ ਚੋਣਵੇਂ ਪ੍ਰਚਾਰਕ) ‘ਚੰਡੀ ਚਰਿੱਤਰ’ ਨੂੰ ਰੱਦ ਕਰਦੇ ਹੋਏ ਵੀ ‘ਪ੍ਰਿਥਮ ਭਗੌਤੀ’ ਵਾਲਾ ਬੰਦ ‘ਬਾਂਦਰੀ ਦੇ ਮਰੇ ਹੋਏ ਬੱਚੇ’ ਵਾਂਗ ਗਲ ਵਿੱਚ ਪਾਈ ਰੱਖਣਾ ਚਾਹੁੰਦੇ ਹਨ। ਆਸ ਹੈ ਕਿ ਅਸੀਂ ਸਾਰੇ ਸਭ (ਨਾਨਕ ਫਲਸਫੇ ਨੂੰ ਸਮਰਪਿਤ) ਲੋਕ ਆਪਣੇ ਜ਼ਮੀਰ ਦੀ ਅਵਾਜ਼ ਨੂੰ ਸੁਣਦੇ ਹੋਏ ਸੱਚ ਨੂੰ ਸਮਝਣ ਤੇ ਪ੍ਰਚਾਰਨ ਦੀ ਹਿੰਮਤ ਕਰਾਂਗੇ ਤੇ ਇਹ ਗੁਰਵਾਕ ਹਮੇਸ਼ਾ ਚੇਤੇ ਰੱਖਾਂਗੇ :

ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗੁਨੁ ਕਰੈ।। ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ।। (ਪੰਨਾ 1376)

ਰਵਿੰਦਰ ਸਿੰਘ ਪੰਜੌਰ
.