.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਧਰਮ ਓਥੇ, ਜਿੱਥੇ ਗਿਆਨ ਹੈ

ਜਿੰਨੀ ਰਾਤ ਹਨੇਰੀ ਹੋਏਗੀ, ਤਾਰੇ ਰਾਤ ਨੂੰ ੳਨ੍ਹੇ ਹੀ ਜ਼ਿਆਦਾ ਚਮਕਦੇ ਹਨ। ਹਨ੍ਹੇਰੀ ਰਾਤ ਵਿੱਚ ਤਾਰੇ ਚਮਕਦੇ ਤਾਂ ਜ਼ਰੂਰ ਹਨ ਪਰ ਉਹਨਾਂ ਦੀ ਆਪਣੀ ਕੋਈ ਲੋਅ ਨਹੀਂ ਹੁੰਦੀ। ਹਨ੍ਹੇਰੀਆਂ ਰਾਤਾਂ ਤੇ ਚਮਕਦਿਆਂ ਤਾਰਿਆਂ ਵਿੱਚ ਅਕਸਰ ਚੋਰੀਆਂ ਨੂੰ ਜਨਮ ਮਿਲਦਾ ਹੈ। ਲੋਕ ਚੋਰੀਆਂ ਦੇ ਡਰੋਂ ਚਾਨਣ ਦਾ ਪ੍ਰਬੰਧ ਕਰਦੇ ਹਨ ਤਾਂ ਕਿ ਸਾਡੇ ਮਾਲ ਅਸਬਾਬ ਦੀ ਰਾਖੀ ਹੋ ਸਕੇ। ਜਿਉਂ ਹੀ ਸੂਰਜ ਚੜ੍ਹਦਾ ਹੈ, ਹਨ੍ਹੇਰੀ ਰਾਤ ਵਿੱਚ ਚਮਕਣ ਵਾਲੇ ਤਾਰੇ ਫਿਰ ਅਲੋਪ ਹੋਣ ਵਿੱਚ ਹੀ ਆਪਣਾ ਭਲਾ ਸਮਝਦੇ ਹਨ। ਗਿਆਨ ਦਾ ਦੀਵਾ ਮਧਮ ਪੈਣ `ਤੇ ਭੇਖਧਾਰੀ ਤੇ ਪਾਖੰਡੀ-ਢੌਂਕੀ ਸਾਧੜੇ ਰੂਪੀ ਤਾਰੇ ਜ਼ਿਆਦਾ ਚਮਕਣ ਲੱਗ ਪੈਂਦੇ ਹਨ। ਤਾਰਿਆਂ ਦੀ ਆਪਣੀ ਕੋਈ ਰੋਸ਼ਨੀ ਨਹੀਂ ਹੈ ਪਰ ਚਮਕ ਜ਼ਰੂਰ ਜ਼ਿਆਦਾ ਹੁੰਦੀ ਹੈ। ਡੇਰਾ ਵਾਦ ਜਾਂ ਬਾਬਾਵਾਦ ਦੀ ਆਪਣੀ ਕੋਈ ਰੋਸ਼ਨੀ ਨਹੀਂ ਹੈ ਪਰ ਜਨ ਸਧਾਰਨ ਆਦਮੀ ਨੂੰ ਦੂਰੋਂ ਦੇਖਿਆਂ ਇਹਨਾਂ ਦੀ ਚਮਕ-ਦਮਕ ਮਨ ਨੂੰ ਭਰਮਾਉਂਦੀ ਹੈ। ਜੇ ਗੁਰਬਾਣੀ ਦੇ ਸੂਰਜ ਦਾ ਚਾਨਣਾ ਲੈ ਲਿਆ ਜਾਏ ਤਾਂ ਇਹ ਆਪੇ ਹੀ ਅਲੋਪ ਹੋ ਜਾਣਗੇ।

ਸਿੱਖੀ ਵਿੱਚ ਇੱਕ ਆਮ ਧਾਰਨਾ ਨੇ ਜਨਮ ਲੈ ਲਿਆ ਹੈ ਕਿ ਫਲਾਣੇ ਬਾਬਾ ਜੀ ਦੀ ਕਮਾਈ ਬਹੁਤ ਹੈ। ਉਹ ਚੌਵੀ ਘੰਟੇ ਨਾਮ ਹੀ ਜੱਪਦਾ ਰਹਿੰਦਾ ਹੈ। ਜਦੋਂ ਦੇਖੋ ਉਸ ਦੇ ਬੁੱਲ ਨਾਮ ਜਾਪ ਨਾਲ ਹਿਲਦੇ ਹੀ ਰਹਿੰਦੇ ਹਨ। ਜੀ ਇਹ ਕਮਾਈ ਵਾਲੇ ਬਾਬਾ ਜੀ ਹਨ। ਜਿਹੜਾ ਅਧਿਆਪਕ ਬੱਚਿਆਂ ਨੂੰ ਮਨ ਮਾਰ ਕੇ ਛੇ ਘੰਟੇ ਮਗ਼ਜ਼ ਖਪਾਈ ਕਰਕੇ ਪੜ੍ਹਾ ਰਿਹਾ ਹੈ ਕੀ ਉਸ ਦੀ ਕਮਾਈ ਕੋਈ ਘੱਟ ਹੈ? ਜਿਹੜਾ ਕਿਰਸਾਨ ਦਸ ਦਸ ਘੰਟੇ ਕੱਦੂ ਵਿੱਚ ਹੀ ਕੰਮ ਕਰ ਰਿਹਾ ਹੈ ਕੀ ਉਸ ਦੀ ਇਹ ਕਮਾਈ ਨਹੀਂ ਹੈ? ਜਿਹੜਾ ਵਿਗਿਆਨੀ ਦਸ ਦਸ ਘੰਟੇ ਸਮਾਜ ਦੀ ਬੇਹਤਰੀ ਲਈ ਚੰਗੀਆਂ ਚੰਗੀਆਂ ਖੋਜਾਂ ਵਿੱਚ ਲੱਗਾ ਹੋਇਆ ਹੈ ਕੀ ਉਹ ਕਮਾਈ ਨਹੀਂ ਕਰ ਰਿਹਾ? ਜਿਹੜਾ ਡਾਕਟਰ ਭਿਆਨਕ ਬਿਮਾਰੀਆਂ ਦੀ ਰੋਕਥਾਮ ਲਈ ਸਾਰੀ ਜ਼ਿੰਦਗੀ ਲਗਾ ਦੇਂਦਾ ਹੈ ਕੀ ਉਸ ਦੀ ਇਹ ਕਮਾਈ ਨਹੀਂ ਹੈ? ਮੰਨ ਲਓ ਇਹਨਾਂ ਲੋਕਾਂ ਦੀ ਕਮਾਈ ਪੈਸੇ ਕਮਾਉਣ ਲਈ ਹੈ ਤਾਂ ਫਿਰ ਇਹਨਾਂ ਵਿਹਲੜਾਂ ਦੀ ਕਮਾਈ ਕਿਰਤੀ ਦੇ ਖੂਨ ਪਸੀਨੇ ਨੂੰ ਲੁੱਟਣ ਵਾਲੀ ਹੈ। ਅਖੌਤੀ ਧਰਮ ਦੀ ਕਮਾਈ ਕਰਨ ਵਾਲਿਆਂ ਨੇ ਕੌਮ ਦਾ ਕੀ ਸਵਾਰਿਆ ਹੈ? ਇਹਨਾਂ ਤੇ ਅੰਧਵਿਸਵਾਸ਼ ਦਾ ਹੀ ਪਰਚਾਰ ਕੀਤਾ ਹੈ ਤੇ ਅੰਧ-ਵਿਸਵਾਸ਼ ਕਦੇ ਵੀ ਧਰਮ ਨਹੀਂ ਹੁੰਦਾ।

ਸਿੱਖੀ ਵਿੱਚ ਬਾਬਿਆ ਦਿਆਂ ਡੇਰਿਆਂ ਦੀ ਕਾਰ ਸੇਵਾ, ਵਿਹਲੜਾਂ ਨੂੰ ਧਰਮ ਦੇ ਨਾਂ `ਤੇ ਰੋਟੀਆਂ ਖੁਆਣੀਆਂ, ਮੱਸਿਆ, ਸੰਗਰਾਂਦ ਤੇ ਪੂਰਮਾਸ਼ੀਆਂ ਨੂੰ ਸਰੋਵਰਾਂ ਵਿੱਚ ਇਸ਼ਨਾਨ ਕਰਨ ਨੂੰ ਅਸੀਂ ਉੱਚ ਕੋਟੀ ਦਾ ਧਰਮ--ਕਰਮ ਸਮਝ ਲਿਆ ਹੈ। ਧਰਮ ਦੇ ਕਰਮ ਵਿਚੋਂ ਜਦੋਂ ਤੱਤ ਖਤਮ ਹੋ ਜਾਂਦਾ ਹੈ ਓਦੋਂ ਉਹ ਧਰਮ ਤੱਤ ਹੁੰਦਾ ਹੋਇਆ ਕਰਮ ਕਾਂਡ ਵਲ ਨੂੰ ਸਰਕ ਜਾਂਦਾ ਹੈ। ਧਰਮ, ਰਾਜਨੀਤੀ ਤੇ ਸਮਾਜ ਵਿਚੋਂ ਸਚਾਈ ਰੂਪੀ ਚੇਨਤਤਾ ਉੱਡ ਜਾਦੀ ਹੈ ਤਾਂ ਓਦੋਂ ਕੂੜ ਦੀ ਭਲਵਾਨੀ ਹੋ ਜਾਂਦੀ ਹੈ ਜੇਹਾ ਗੁਰੂ ਨਾਨਕ ਸਾਹਿਬ ਜੀ ਦਾ ਵਾਕ ਹੈ। “ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ”॥

ਕਬੀਰ ਸਾਹਿਬ ਜੀ ਨੇ ਆਪਣਿਆਂ ਸਲੋਕਾਂ ਵਿੱਚ ਬਹੁਤ ਹੀ ਖੂਬਸੂਰਤ ਇੱਕ ਖ਼ਿਆਲ ਦਿੱਤਾ ਹੈ ਕਿ ਧਰਮ ਦੀ ਅਵਸਥਾ ਓੱਥੇ ਹੀ ਹੋ ਸਕਦੀ ਹੈ ਜਿੱਥੇ ਗਿਆਨ ਦਾ ਦੀਵਾ ਜਗਦਾ ਹੈ। ਬਾਕੀ ਤਾਂ ਭੁਲੇਖੇ ਦਾ ਸ਼ਿਕਾਰ ਹੋ ਕੇ ਧੂੰਏਂ ਦਾ ਪਹਾੜ ਬਣਾਈ ਜਾ ਰਹੇ ਹਾਂ ---

ਕਬੀਰਾ ਜਹਾ ਗਿਆਨੁ ਤਹ ਧਰਮੁ ਹੈ, ਜਹਾ ਝੂਠੁ ਤਹ ਪਾਪੁ॥

ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥

ਪੰਨਾ ੧੩੭੨

ਅਖ਼ਰੀਂ ਅਰਥ---- ਹੇ ਕਬੀਰ! ਜਨਮ-ਮਨੋਰਥ ਦੇ ਪੂਰਾ ਕਰਨ ਦੀ ਫ਼ਰਜ਼-ਸ਼ਿਨਾਸੀ ਸਿਰਫ਼ ਉਥੇ ਹੋ ਸਕਦੀ ਹੈ ਜਿਥੇ ਇਹ ਸਮਝ ਹੋਵੇ ਕਿ ਹੀਰਾ-ਜਨਮ ਕਾਹਦੇ ਲਈ ਮਿਲਿਆ ਹੈ। ਪਰ ਜਿਸ ਮਨੁੱਖ ਦੇ ਅੰਦਰ ਝੂਠ ਅਤੇ ਲੋਭ (ਦਾ ਜ਼ੋਰ) ਹੋਵੇ, ਉਥੇ (ਧਰਮ ਦੇ ਥਾਂ) ਪਾਪ ਅਤੇ ਆਤਮਕ ਮੌਤ ਹੀ ਹੋ ਸਕਦੇ ਹਨ (ਉਹ ਜੀਵਨ ‘ਕਉਡੀ ਬਦਲੈ’ ਹੀ ਜਾਣਾ ਹੋਇਆ)। ਪਰਮਾਤਮਾ ਦਾ ਨਿਵਾਸ ਸਿਰਫ਼ ਉਸ ਹਿਰਦੇ ਵਿੱਚ ਹੁੰਦਾ ਹੈ ਜਿਥੇ ਸ਼ਾਂਤੀ ਹੈ।

ਧਰਮ ਦਾ ਅਰਥ ਹੈ ਆਪਣੇ ਫ਼ਰਜ਼ ਦੀ ਪਹਿਛਾਣ ਕਰਨੀ। ਗਿਆਨ ਦਾ ਅਰਥ ਹੈ ਆਤਮਿਕ ਸੂਝ ਦਾ ਪੈਦਾ ਹੋਣਾ। ਇੱਕ ਅੱਗ ਦਾ ਧਰਮ ਹੈ ਗਰਮੀ ਦੇਣੀ ਤੇ ਬਰਫ ਦਾ ਧਰਮ ਹੈ ਠੰਡ ਦੇਣੀ। ਜੇ ਕਰ ਅੱਗ ਗਰਮੀ ਦੀ ਜਗ੍ਹਾ `ਤੇ ਬਰਫ ਦੇ ਗੋਲ਼ੇ ਵਰਸਾਉਣ ਲੱਗ ਪਏ ਤੇ ਬਰਫ ਠੰਡ ਦੀ ਥਾਂ `ਤੇ ਅੱਗ ਦਾ ਭਾਂਬੜ ਬਣ ਜਾਏ ਤਾਂ ਇਹ ਕਹਿਣਾ ਪਏਗਾ ਕਿ ਇਹਨਾਂ ਨੇ ਆਪੋ ਆਪਣਾ ਸੁਭਾਅ ਤਿਆਗ ਦਿੱਤਾ ਹੈ ਭਾਵ ਇਹਨਾਂ ਨੇ ਆਪਣਾ ਆਪਣਾ ਧਰਮ ਤਿਆਗ ਦਿੱਤਾ ਹੈ। ਇਹ ਦੋਨੋਂ ਵਸਤੂਆਂ ਆਪਣਾ ਧਰਮ ਤਿਆਗ ਗਈਆਂ ਹਨ। ਏਸੇ ਤਰ੍ਹਾਂ ਮਨੁੱਖ ਦਾ ਸੁਭਾਅ ਹੈ ਸੱਚ ਦੇ ਅਧਾਰਤ ਜ਼ਿੰਦਗੀ ਜਿਉਣ ਨੂੰ ਤਰਜੀਹ ਦੇਣੀ। ਸਚਾਈ ਦੀਆਂ ਗਹਿਰਾਈਆਂ ਤੋਂ ਵਾਂਝਾ ਮਨੁੱਖ ਧਰਮੀ ਨਹੀਂ ਕੂੜਿਆਰ ਹੋਏਗਾ।

ਗਿਆਨ ਦੀ ਥਾਂ `ਤੇ ਮਨੁੱਖੀ ਸੁਭਾਅ ਵਿੱਚ ਝੂਠ ਤੇ ਪਾਪ ਨੇ ਲੈ ਲਈ ਹੈ। ਮਨ ਦੀ ਮਲੀਨ ਸੋਚ ਦਾ ਨਾਂ ਪਾਪ ਹੈ ਤੇ ਪਾਪ ਦਿਸਦਾ ਨਹੀਂ ਹੈ। ਜਦੋਂ ਮਲੀਨ ਸੋਚ ਜਨਮ ਲਏਗੀ ਤਾਂ ਕੁਦਰਤੀ ਝੂਠ ਦੀ ਛਾਂ ਵੱਧੇਗੀ। ਧਰਮ ਦੇ ਨਾਂ `ਤੇ ਰਾਜਨੀਤਿਕ ਲੋਕਾਂ ਨੇ ਭੋਲ਼ੇ ਭਾਲੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਅ ਕੇ ਬਹੁਤ ਲਾਭ ਉਠਾਇਆ ਹੈ। ਧਰਮ ਦੇ ਨਾਂ `ਤੇ ਦਿਖਾਵੇ ਦੇ ਕਰਮ-ਕਾਂਡ ਨੂੰ ਅਸੀਂ ਧਰਮ ਸਮਝ ਲਿਆ ਹੈ। ਕਬੀਰ ਸਹਿਬ ਦੇ ਸਾਹਮਣੇ ਬ੍ਰਹਾਮਣ ਪੁਜਾਰੀ ਧਰਮ ਦੇ ਨਾਂ `ਤੇ ਪੂਰੀ ਲੁੱਟ ਕਰ ਰਿਹਾ ਸੀ। ਗਿਆਨ ਤਾਂ ਇਸ ਬ੍ਰਹਾਮਣ ਦੇ ਪਾਸ ਵੀ ਬਹੁਤ ਸੀ ਪਰ ਇਹ ਗਿਆਨ ਸਿਰਫ ਲੋਕਾਂ ਨੂੰ ਲੁੱਟਣ ਵਾਸਤੇ ਹੀ ਸੀ। ਆਤਮਕ ਸੂਝ ਦਾ ਨਾਂ ਗਿਆਨ ਹੈ ਤੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਨਾ ਹੀ ਧਰਮ ਹੈ।

ਸਲੋਕ ਦੀ ਦੂਸਰੀ ਤੁਕ ਵਿੱਚ ਲਾਲਚ ਵਾਲੀ ਬਿਰਤੀ ਨੂੰ ਆਤਮਕ ਮੌਤ ਦੱਸਿਆ ਹੈ। ਗੁਰਬਾਣੀ ਸਾਡੀ ਰੋਜ਼ ਮਰਾ ਦੀ ਜ਼ਿੰਦਗੀ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਤੋਂ ਜਾਣੂੰ ਕਰਵਾ ਰਹੀ ਹੈ। ਲੋਭ ਦੀ ਕਹਾਣੀ ਤਾਂ ਲਗ-ਪਗ ਚੌਥੀ ਜਮਾਤ ਤੋਂ ਹੀ ਲਾਲਚੀ ਕੁੱਤੇ ਦੇ ਰੂਪ ਵਿੱਚ ਸ਼ੁਰੂ ਹੋ ਜਾਦੀ ਹੈ। ਪਰ ਜਿਵੇਂ ਜਿਵੇਂ ਕਹਾਣੀ ਪੜ੍ਹੀ ਜਾਂਦੀ ਹੈ ਤਿਵੇਂ ਹੀ ਲੋਭ ਕੁੱਝ ਜ਼ਿਆਦਾ ਹੀ ਭਾਰੀ ਹੁੰਦਾ ਜਾਂਦਾ ਹੈ। ਗਿਆਨ ਦਾ ਸੂਰਜ ਅਲੋਪ ਹੁੰਦਿਆਂ ਹੀ ਤਾਂ ਝੂਠ ਤੇ ਲੋਭ ਦੇ ਦੋ ਤਾਰੇ ਬਹੁਤ ਚਮਕਣ ਲੱਗ ਪੈਂਦੇ ਹਨ। ਇਖ਼ਲਾਕ ਰੂਪੀ ਗੁਣ ਚੋਰੀ ਹੋ ਜਾਂਦੇ ਹਨ ਤੇ ਧਰਮ ਦੀਆਂ ਕਦਰਾਂ ਕੀਮਤਾਂ ਗਵਾਚ ਜਾਂਦੀਆਂ ਹਨ।

ਏਸੇ ਸਲੋਕ ਵਿੱਚ ਇੱਕ ਹੱਲ ਵੀ ਦੱਸਿਆ ਗਿਆ ਹੈ ਕਿ ਜੇ ਖ਼ਿਮਾ ਵਰਗੇ ਦੈਵੀ ਗੁਣ ਨੂੰ ਜੀਵਨ ਦਾ ਸਾਥੀ ਬਣਾ ਲਈਏ ਤਾਂ ਪਰਮਾਤਮਾ ਖ਼ੁਦ ਸਾਡੇ ਹਿਰਦੇ ਵਿੱਚ ਬੈਠ ਸਕਦਾ ਹੈ। ਖਿਮਾ ਦੇ ਅਰਥ ਸਬੰਧੀ ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਜੀ ਨਾਭਾ ਲਿਖਦੇ ਹਨ--- “ਦੁੱਖ ਸੁੱਖ ਸਹਾਰਨ ਵਾਲੀ ਚਿੱਤ ਦੀ ਵ੍ਰਿੱਤੀ ਦੂਸਰਾ ਜ਼ਮੀਨ, ਭੂਮਿ, ਪ੍ਰਿਥਿਵੀ”। ਸਹਿਨਸ਼ੀਲਤਾ ਤੇ ਕਿਸੇ ਨੂੰ ਮੁਆਫ਼ ਕਰਨ ਵਾਲੀ ਬਿਰਤੀ ਵਿੱਚ ਹੀ ਪਰਮਾਤਮਾ ਦਾ ਟਿਕਾ ਹੈ।

ਇਸ ਸਲੋਕ ਵਿੱਚ ਕਬੀਰ ਜੀ ਨੇ ਚਾਰ ਨੁਕਾਤੀ ਪ੍ਰੋਗਰਾਮ ਦਿੱਤਾ ਹੈ ਜੋ ਦੋ ਦੋ ਦੇ ਰੁਪ ਵਿੱਚ ਪ੍ਰਗਟ ਹੁੰਦਾ ਹੈ। ਅਤਮਕ ਸੂਝ ਦਾ ਦੂਸਰਾ ਨਾਮ ਧਰਮ ਹੈ। ਜਿੱਥੇ ਝੂਠ ਨੂੰ ਤਰਜੀਹ ਦਿੱਤੀ ਜਾਂਦੀ ਹੈ ਓੱਥੇ ਪਾਪ ਰੂਪ ਦਾ ਮਲੀਨ ਸੋਚ ਵਿੱਚ ਜਨਮ ਹੁੰਦਾ ਰਹੇਗਾ। ਲਾਲਚੀ ਬਿਰਤੀ ਹਮੇਸ਼ਾਂ ਆਤਮਕ ਮੌਤ ਵਿੱਚ ਮਰੀ ਰਹਿੰਦੀ ਹੈ। ਚੌਥਾ ਨੁਕਤਾ ਜਿਸ ਵਿੱਚ ਦੁਖ ਸੁੱਖ ਸਹਾਰਨ ਦੀ ਬਿਰਤੀ ਆ ਜਾਂਦੀ ਹੈ ਉਸ ਹਿਰਦੇ ਵਿੱਚ ਹੀ ਪਰਮਾਤਮਾ ਦਾ ਟਿਕਾਅ ਹੈ।

ਅਸੀਂ ਪਰਮਾਤਮਾ ਨੂੰ ਸਰੀਰਕ ਤਲ਼ `ਤੇ ਦੇਖਣ ਦਾ ਯਤਨ ਕਰ ਰਹੇ ਹਾਂ। ਜਿਸ ਦਾ ਕੋਈ ਸਰੂਪ ਜਾਂ ਰੰਗ ਹੀ ਨਹੀਂ ਹੈ ਉਸ ਨੂੰ ਸਾਕਾਰ ਰੂਪ ਵਿੱਚ ਕਿਵੇਂ ਵੀ ਨਹੀਂ ਦੇਖਿਆ ਜਾ ਸਕਦਾ। ਇਸ ਦਾ ਅਰਥ ਹੈ ਕਿ ਜੇ ਅਸੀਂ ਗੁਰਬਾਣੀ ਦੇ ਸਿਧਾਂਤਕ ਪੱਖ ਨੂੰ ਸਮਝ ਲਈਏ ਤਾਂ ਫਿਰ ਪਤਾ ਲੱਗਦਾ ਹੈ ਕਿ ਸਿੱਖੀ ਵਿੱਚ ਅੰਧ-ਵਿਸਵਾਸ਼ ਵਰਗੀ ਬਿਾਮਰੀ ਦਾ ਨਾਂ ਧਰਮ ਨਹੀਂ ਹੈ, ਇਹ ਤੇ ਸਗੋਂ ਆਤਮਕ ਗਿਆਨ ਦੇ ਚਾਨਣੇ ਵਿੱਚ ਤੁਰਨ ਦਾ ਨਾਂ ਧਰਮ ਹੈ।

ਅਸੀਂ ਧਰਮ ਕਿਹਨੂੰ ਸਮਝ ਲਿਆ ਹੈ, ਪਿੰਡਾਂ ਵਿੱਚ ਜਠੇਰਿਆਂ ਦੀਆਂ ਕਬਰਾਂ ਦੀ ਪੂਜਾ। ਵੀਰਵਾਰ ਨੂੰ ਮਿੱਠਿਆਂ ਚੌਲ਼ਾਂ ਦੀ ਦੇਗ ਦੇਣੀ। ਸੁੱਖਣਾ ਦਾ ਪਾਠ ਕਰਾਉਣਾ, ਬਰਸੀਆਂ ਮਨਾਉਣੀਆਂ, ਚਲੀਹੇ ਕੱਟਣੇ ਆਦਿ ਨੂੰ ਧਰਮ ਦਾ ਬਹੁਤ ਵੱਡਾ ਕਰਮ ਸਮਝ ਲਿਆ ਹੈ। ਸਾਡਿਆਂ ਪਿੰਡਾਂ ਵਿੱਚ ਕਬਰਾਂ `ਤੇ ਸ਼ਰਾਬ ਦੇ ਚੜ੍ਹਾਵੇ ਨੂੰ ਧਰਮ ਦਾ ਕਰਮ ਸਮਝਿਆ ਜਾ ਰਿਹਾ ਹੈ। ਜ਼ਿਲ੍ਹਾ ਅੰਮ੍ਰਿਤਸਰ ਵਿੱਚ ਭੋਮਾ ਵਡਾਲਾ ਦੋ ਪਿੰਡਾਂ ਦੇ ਨਾਂ ਹਨ। ਚੇਤ ਦੇ ਪਹਿਲੇ ਹਫਤੇ ਵਿੱਚ ਲੋਕ ਦੂਰ ਦੂਰ ਤੋਂ ਘਰ ਦੀ ਕੱਢੀ ਹੋਈ ਸ਼ਰਾਬ ਸ਼ਰੇਆਮ ਹੱਥਾਂ ਵਿੱਚ ਫੜੀ ਰੋਡੇ ਦੀ ਸਮਾਧ `ਤੇ ਚੜਾ ਰਹੇ ਪੁਲੀਸ ਦੀ ਹਜ਼ੂਰੀ ਵਿੱਚ ਦਿੱਸਦੇ ਹਨ। ਕੁਦਰਤੀ ਅਸੀਂ ਅੰਮ੍ਰਿਤਸਰ ਆਉਣਾ ਸੀ, ਸੋਚਿਆ ਚਲੋ ਪਿੰਡੋਂ ਵੀ ਹੋ ਆਉਂਦੇ ਹਾਂ। ਅੰਮ੍ਰਿਤਸਰ ਤੋਂ ਮਜੀਠੇ ਵਾਲੀ ਸੜਕ ਤੇ ਭੋਮਾ ਆਉਂਦਾ ਹੈ। ਹਰ ਬੰਦਾ ਸ਼ਰਾਬ ਦੇ ਲੋਰ ਵਿੱਚ ਅਜੀਬ ਕਿਸਮ ਦਾ ਭੰਗੜਾ ਪਾ ਰਿਹਾ ਸੀ ਤੇ ਇਸ ਨੂੰ ਉਹ ਬਾਬੇ ਰੋਡੇ ਦੀਆਂ ਖੁਸ਼ੀਆਂ ਸਮਝ ਰਹੇ ਸਨ। ਬੜੀ ਮੁਸ਼ਕਲ ਨਾਲ ਸਾਡੇ ਪਾਸੋਂ ਉਸ ਸੜਕ ਦੀ ਲੰਘ ਹੋਇਆ। ਅਗਾਂਹ ਸੜਕ ਦਿਆਂ ਕਿਨਾਰਿਆਂ ਤੇ ਆਮ ਲੋਕ ਰਾਹ ਰੋਕ ਰੋਕ ਕੇ ਜਿਵੇਂ ਲੰਗਰ ਛਕਾਇਆ ਜਾਂਦਾ ਹੈ ਏਵੇਂ ਹੀ ਉਹ ਸ਼ਰਾਬ ਵਰਤਾ ਰਹੇ ਸਨ ਤੇ ਜਿਸ ਨੂੰ ਉਹ ਧਰਮ ਦਾ ਬਹੁਤ ਵੱਡਾ ਕਰਮ ਸਮਝ ਰਹੇ ਸਨ। ਦਰਬਾਰ ਸਾਹਿਬ ਤੋਂ ਵੱਧ ਤੋਂ ਵੱਧ ਪੱਚੀ ਕੁ ਕਿਲੋਮੀਟਰ ਦੀ ਵਿੱਥ ਇਹ ਪਿੰਡ ਪੈਂਦੇ ਹਨ। ਜਨੀ ਗੁਰਬਾਣੀ ਨੂੰ ਨਹੀਂ ਸਮਝਿਆ ਸਗੋਂ ਆਗਿਆਨਤਾ ਨੂੰ ਆਪਣਾ ਧਰਮ ਸਮਝ ਕੇ ਨਸ਼ਿਆਂ ਦੀ ਦਲਦਲ ਵਿੱਚ ਫਸ ਰਹੇ ਹਨ। ਫਿਰ ਧਰਮ ਦੀ ਅਵਸਥਾ ਓੱਥੇ ਹੀ ਮੰਨੀ ਗਈ ਹੈ ਜਿੱਥੇ ਗਿਆਨ ਹੈ।




.