.

ਵੱਧ ਰਹੇ ਬਿਰਧ ਆਸ਼ਰਮ ਪੰਜਾਬ ਦੇ ਮੱਥੇ ਤੇ ਕਲੰਕ

ਪ੍ਰੋ ਸਰਬਜੀਤ ਸਿੰਘ “ਧੂੰਦਾ”

98555-98851

ਸੰਸਾਰ ਦਾ ਹਰੇਕ ਇਨਸਾਨ ਸੁਖ ਦੀ ਤਲਾਸ਼ ਵਿੱਚ ਭਟਕ ਰਿਹਾ ਹੈ। ਪਰ ਇਸ ਨੂੰ ਪਤਾ ਨਹੀ ਕੇ ਸੁਖ ਹੈ ਕਿਥੇ? ਸਰੀਰਕ ਸੁਖ ਸਹੂਲਤਾਂ ਤਾਂ ਹਰੇਕ ਮਨੁਖ ਪ੍ਰਾਪਤ ਕਰ ਸਕਦਾ ਹੈ ਪਰ ਅੰਦਰ ਦਾ ਸੁਖ ਗੁਰੂ ਤੋਂ ਬਿਨਾਂ ਨਹੀ ਮਿਲਦਾ ਪੰਜਾਬ ਗੁਰੂ ਦਾ ਘਰ ਹੈ ਤੇ ਗੁਰੂ ਘਰ ਦੇ ਅਸੂਲਾਂ ਮੁਤਾਬਕ ਕੁਦਰਤ ਦੀ ਦਿੱਤੀ ਹਰ ਚੀਜ਼ ਮਨੁਖ ਦੇ ਭਲੇ ਹਿਤ ਵਿੱਚ ਹੈ ਹਰ ਮਨੁਖੀ ਰਿਸਤੇ ਦਾ ਆਪਣਾ ਆਪਣਾ ਖਾਸ ਮਹੱਤਵ ਹੈ ਔਲਾਦ ਦਾ ਆਪਣੇ ਮਾਤਾ ਪਿਤਾ ਨਾਲ ਵੀ ਰਿਸਤਾ ਅਸੀਮ ਸੁਖ ਦੇਣ ਵਾਲਾ ਹੈ। ਦੁਨੀਆਂ ਦੀ ਬਹੁ ਗਿਣਤੀ ਵਿਖਾਵੇ ਵਿੱਚ ਫਸੀ ਹੋਣ ਦੇ ਕਾਰਣ ਮਨੁਖੀ ਫਰਜ਼ਾਂ ਨੂੰ ਭੁਲਾਈ ਬੈਠੀ ਹੈ ਅੱਜ ਤੋਂ ਕੁੱਝ ਚਿਰ ਪਹਿਲਾਂ ਪੰਜਾਬ ਅੰਦਰ ਬਿਰਧ ਆਸ਼ਰਮ ਨਾਂ ਦੀ ਕੋਈ ਵੀ ਸੰਸਥਾ ਵੇਖਣ ਨੂੰ ਨਹੀ ਸੀ ਮਿਲਦੀ ਪਰ ਅੱਜ ਪੰਜਾਬ ਵਿੱਚ ਵੱਧ ਰਹੀਆਂ ਬਿਰਧ ਆਸ਼ਰਮ ਨਾਂ ਦੀਆਂ ਸੰਸਥਾਂਵਾਂ ਪੰਜਾਬ ਦੇ ਮੱਥੇ ਤੇ ਕਲੰਕ ਹਨ। ਇਹਨਾਂ ਬਿਰਧ ਆਸ਼ਰਮਾਂ ਵਿੱਚ ਉਹ ਬਜ਼ੁਰਗ ਜਾਣ ਜਿੰਨਾਂ ਦਾ ਕੋਈ ਧੀ ਪੁੱਤਰ ਨਹੀ ਜਾਂ ਕੋਈ ਰਿਸਤੇਦਾਰ ਨਹੀ ਤਾਂ ਕੋਈ ਹਰਜ਼ ਨਹੀ ਪਰ ਜਿਆਦਾ ਤਰ ਇਹਨਾਂ ਆਸ਼ਰਮਾਂ ਅੰਦਰ ਉਹ ਬਜ਼ੁਰਗ ਹਨ ਜਿਹੜੇ ਖੁਦ ਔਲਾਦ ਵਾਲੇ ਹੁੰਦੇ ਹਨ ਪਰ ਕੀ ਕਾਰਣ ਹਨ ਕਿ ਇਹਨਾਂ ਦੇ ਬੱਚੇ ਇਹਨਾਂ ਨੂੰ ਘਰ ਰਖਣ ਲਈ ਤਿਆਰ ਨਹੀ? ਉਹ ਮਾਤਾ ਪਿਤਾ ਜਿਹੜੇ ਆਪ ਭੁਖੇ ਰਹਿਕੇ ਆਪਣਿਆਂ ਬੱਚਿਆਂ ਨੂੰ ਪਾਲਦੇ ਹਨ ਉਹ ਬਜ਼ੁਰਗੀ ਵੇਲੇ ਆਪਣਿਆਂ ਹੀ ਬੱਚਿਆਂ ਤੇ ਬੋਝ ਕਿਉ ਬਣ ਜਾਦੇ ਹਨ? ਜਿਹੜੀ ਮਾਂ ਇਸ ਇਨਸਾਨ ਨੂੰ ਨੌ ਮਹੀਨੇ ਆਪਣੀ ਕੁੱਖ ਵਿੱਚ ਰੱਖਦੀ ਹੈ ਬਹੁਤਾਤ ਗਿਣਤੀ ਵਿੱਚ ਮਾਤਾ ਪਿਤਾ ਇਸ ਲਾਲਸਾ ਨਾਲ ਆਪਣੀ ਔਲਾਦ {ਭਾਵ ਪੁੱਤਰ} ਨੂੰ ਪਾਲਦੇ ਪੋਸਦੇ ਹਨ ਕਿ ਬਜ਼ੁਰਗੀ ਵੇਲੇ ਸਾਡੀ ਸੇਵਾ ਕਰੇਗਾ ਗੁਰਬਾਣੀ ਦੇ ਮਹਾਵਕ ਅਨੁਸਾਰ।

ਜਿਉ ਜਨਨੀ ਗਰਭੁ ਪਾਲਤੀ ਸੁਤ ਕੀ ਕਰਿ ਆਸਾ॥ ਵਡਾ ਹੋਇ ਧਨ ਖਾਟ ਦੇ ਕਰਿ ਭੋਗ ਬਿਲਾਸਾ॥

ਉਹ ਪਿਤਾ ਜਿਹੜਾ ਸਾਰੀ ਜਿੰਦਗੀ ਹੱਢ ਭੰਨਵੀ ਮਿਹਨਤ ਕਰਕੇ ਅਪਣੀ ਔਲਾਦ ਦੀਆਂ ਰੀਝਾਂ ਪੂਰੀਆਂ ਕਰਦਾ ਹੈ ਉਹੀ ਇਨਸਾਨ ਜਮੀਨ, ਦੁਕਾਨ, ਫੈਕਟਰੀ, ਧੰਨ ਪਦਾਰਥਾਂ ਦੇ ਲਾਲਚ ਕਾਰਣ ਆਪਣੇ ਹੀ ਜਨਮ ਦਾਤੇ ਮਾਤਾ ਪਿਤਾ ਨੂੰ ਮਾਰ ਮੁਕਾਉਦਾ ਹੈ। ਅਕਸਰ ਅਸੀ ਅਖਬਾਰਾਂ ਵਿੱਚ ਨਿਤ ਪੜਦੇ ਅਤੇ ਸੁਣਦੇ ਹਾਂ ਕਿ ਕਲਯੁਗੀ ਪੱਤਰ ਨੇ ਜ਼ਮੀਨ ਜਾਇਦਾਤ ਦੇ ਲਾਲਚ ਕਾਰਣ ਆਪਣੇ ਮਾਤਾ ਪਿਤਾ ਨੂੰ ਕਤਲ ਕਰ ਦਿੱਤਾ ਹੈ। ਇਸ ਪੰਜਾਬ ਦੀ ਧਰਤੀ ਤੇ ਬਹੁਤ ਕੀਰਤਨ ਦਰਬਾਰ ਹੁੰਦੇ ਹਨ ਅਤੇ ਅਖੌਤੀ ਸੰਤ ਬ੍ਰਹਮਗਿਆਨੀ ਅਵਾਰਾ ਪਸੂਆਂ ਵਾਂਗ ਤੁਰੇ ਫਿਰਦੇ ਹਨ। ਪਰ ਫਿਰ ਵੀ ਸਮਾਜਕ ਬੁਰਾਈਆਂ ਇਨਸਾਨ ਦੇ ਸਿਰ ਚੜ ਕੇ ਨੱਚ ਰਹੀਆਂ ਹਨ। ਕਈ ਘਰਾਂ ਅੰਦਰ ਬੱਚੇ ਬਜ਼ੁਰਗਾਂ ਦੀ ਇਸ ਕਰਕੇ ਸੇਵਾ ਨਹੀ ਕਰਦੇ ਕਿਉਕਿ ਉਹਨਾਂ ਬਜ਼ੁਰਗਾਂ ਨੇ ਆਪਣਿਆਂ ਮਾਪਿਆਂ ਦੀ ਸੇਵਾ ਨਹੀ ਕੀਤੀ ਹੁੰਦੀ ਪੰਜਾਬੀ ਦੀ ਕਹਾਵਤ ਮੁਤਾਬਕ ਖੂਹ ਵਿੱਚ ਜੈਸੀ ਆਵਜ ਮਾਰਗੇਂ ਉਹੋ ਜਿਹੀ ਅਵਾਜ਼ ਆਵੇਗੀ ਗੁਰਦੇਵ ਗੁਰਬਾਣੀ ਅੰਦਰ ਵੀ ਫੁਰਮਾਉਦੇ ਹਨ ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਹ ਨਿਆਉ ਕਿ ਮਨੁਖ ਬੀਜ ਕੇ ਜਹਿਰ ਪ੍ਰਾਪਤੀ ਅੰਮ੍ਰਿਤ ਦੀ ਕਰਨੀ ਚਾਹੁੰਦਾ ਹੈ ਜਿਹੜੇ ਇਨਸਾਨ ਆਪਣਿਆਂ ਬੱਚਿਆਂ ਦੇ ਸਾਹਮਣੇ ਆਪਣੇ ਮਾਤਾ ਪਿਤਾ ਦਾ ਨਿਰਾਦਰ ਕਰਦੇ ਹਨ ਉਹ ਆਪਣੀ ਔਲਾਦ ਕੋਲੋ ਕਿਵੇ ਸਤਿਵਾਰ ਕਰਵਾ ਸਕਦੇ ਹਨ।

ਜੀ ਕਹੋ ਜੀ ਕਹਾਉ

ਕਈਆਂ ਘਰਾਂ ਵਿੱਚ ਮਾਂ ਬਾਪ ਵੀ ਬੱਚਿਆਂ ਨਾਲ ਵਿਤਕਰੇ ਕਰਦੇ ਹਨ ਜਿਵੇ ਕੋਈ ਮਾਤਾ ਪਿਤਾ ਵੱਡੇ ਪੁੱਤਰ ਦਾ ਪੱਖ ਪੂਰਦੇ ਹਨ ਤੇ ਛੋਟੇ ਨਾਲ ਵਿੱਤਕਰਾ ਕਰਦੇ ਹਨ। ਤੇ ਕਈ ਘਰਾਂ ਵਿੱਚ ਇਸ ਤੋਂ ਉਲਟ ਛੋਟੇ ਪੁਤਰ ਦਾ ਪੱਖ ਪੂਰਿਆ ਜਾਦਾਂ ਹੈ ਤੇ ਵੱਡੇ ਪੁੱਤਰ ਨਾਲ ਵਿਤਕਰਾ ਕੀਤਾ ਜਾਦਾਂ ਹੈ। ਇਹੋ ਜਿਹੇ ਮਾਤਾ ਪਿਤਾ ਆਪਣੀ ਔਲਾਦ ਕੋਲੋ ਆਪਣਾਂ ਸਤਿਕਾਰ ਨਹੀ ਕਰਵਾ ਸਕਦੇ ਕਿਉਕੇ ਉਹ ਆਪਣਿਆਂ ਬੱਚਿਆਂ ਨੂੰ ਵੀ ਵਿੱਤਕਰਾ ਕਰਨਾ ਸਿਖਾ ਦੇਂਦੇ ਹਨ। ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਔਲਾਦ ਨਾਲ ਇਕੋ ਜਿਹਾ ਵਿਵਹਾਰ ਕਰਨ ਤਾਂ ਕਿ ਘਰ ਦੀ ਏਕਤਾ ਬਣੀ ਰਹੇ ਅਤੇ ਉਹ੍ਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਧਰਮ ਦੀ ਸਿਖਿਆ ਜਰੂਰ ਦੇਣ ਪੁਰਾਣੇ ਸਮੇਂ ਅੰਦਰ ਬਜ਼ੁਰਗ ਮਾਪੇ ਧਰਮ ਦੀ ਸਿਖਿਆ ਦੇਦੇਂ ਸਨ ਸਿਖ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਜਿੰਨੇਂ ਪੁਰਾਤਨ ਸਿੱਖ ਸਨ ਉਹਨਾਂ ਨੂੰ ਗੁਰੂ ਦੀ ਸਿੱਖਿਆ ਉਹਨਾਂ ਦੇ ਵੱਡ ਵਡੇਰਿਆਂ ਤੋਂ ਮਿਲਦੀ ਸੀ। ਪਰ ਅੱਜ ਦੇ ਮਾਪਿਆਂ ਨੇ ਗੁਰੂ ਦੀ ਸਿਖਿਆ ਆਪਣੀ ਔਲਾਦ ਜਾਂ ਅਗਲੀ ਪੀੜ੍ਹੀ ਨੂੰ ਦੇਣੀ ਜਰੂਰੀ ਨਹੀ ਸਮਝੀ ਸਗੋਂ ਆਪਣਾ ਸਾਰਾ ਜ਼ੋਰ ਮਾਇਕ ਪਦਾਰਥ ਇੱਕਠੇ ਕਰਣ ਤੇ ਹੀ ਲਾ ਦਿੱਤਾ ਹੈ। ਜੇ ਕੋਈ ਅੱਜ ਦੇ ਦੌਰ ਅੰਦਰ ਗੁਰਬਾਣੀ ਦੀ ਗਲ ਵੀ ਕਰਦਾ ਹੈ ਅੱਜ ਦਾ ਪੜਿਆ ਲਿਖਿਆ ਵਰਗ ਉਸ ਨੂੰ ਪਛੜਿਆ ਹੋਇਆ ਇਨਸਾਨ ਸਮਝਦਾ ਹੈ। ਅਖੇ ਹੁਣ ਮੋਡਰਨ ਜ਼ਮਾਨਾ ਹੈ ਉਹ ਇਹ ਦਲੀਲ ਦੇਂਦੇ ਹਨ ਕਿ ਸਮੇ ਨਾਲ ਹਰ ਚੀਜ ਬਦਲ ਜਾਦੀ ਹੈ ਜਿਵੇਂ ਪੁਰਾਤਨ ਸਮੇ ਵਿੱਚ ਮਨੁਖ ਪੈਦਲ ਤੁਰਦਾ ਸੀ ਫਿਰ ਘੋੜਿਆਂ ਊਠਾਂ ਬੈਲ ਗੱਡੀਆਂ ਦੀ ਸਵਾਰੀ ਸੁਰੂ ਕੀਤੀ ਤੇ ਹੁਣ ਉਹੀ ਇਨਸਾਨ ਸਾਈਕਲ ਸਕੂਟਰ ਕਾਰ ਹਵਾਈ ਜਹਾਜ਼ ਸਮੇ ਨਾਲ ਸਫਰ ਕਰਨ ਦੇ ਸਾਰੇ ਸਾਧਨ ਬਦਲ ਗਏ ਰਹਿਣ ਸਹਿਣ ਦੇ ਢੰਗ ਤਰੀਕੇ ਬਦਲ ਗਏ ਹਨ। ਪਰ ਇਹ੍ਹਨਾਂ ਮੋਡਰਨ ਅਖਵਾਉਣ ਵਾਲਿਆਂ ਨੂੰ ਭਲਾ ਕੋਈ ਪੁੱਛੇ ਕਿ ਹਰ ਚੀਜ ਸਮੇ ਨਾਲ ਬਦਲ ਸਕਦੀ ਪਰ ਰੱਬ ਜੀ ਦਾ ਸਿਧਾਂਤ ਗੁਰੂ ਦਾ ਉਪਦੇਸ਼ ਇਹ ਸਮੇਂ ਨਾਲ ਨਹੀ ਬਦਲਦੇ ਜਿਵੇਂ ਮੱਛੀ ਦਾ ਪਰਵਾਰ ਪਾਣੀ ਤੋਂ ਬਾਗੀ ਨਹੀ ਹੋ ਸਕਦਾ ਜਿਵੇਂ ਕੋਇਲ ਦਾ ਪਰਵਾਰ ਅੰਬ ਦੇ ਦਰਖੱਤ ਤੋਂ ਬਾਗੀ ਨਹੀ ਹੋ ਸਕਦਾ ਇਸੇ ਤਰਾਂ ਅਜੋਕੇ ਸਿੱਖਾਂ ਦੇ ਬੱਚੇ ਵੀ ਗੁਰਬਾਣੀ ਤੋਂ ਬਾਗੀ ਨਹੀ ਹੋ ਸਕਦੇ ਅਸੀ ਹਰ ਚੀਜ ਪੈਸੇ ਨਾਲ ਖਰੀਦ ਸਕਦੇ ਹਾਂ ਪਰ ਘਰ ਦੀ ਏਕਤਾ ਪਿਆਰ ਇਤਫਾਕ ਘਰ ਦੀ ਸੁਖ ਸਾਂਤੀ ਪੈਸੇ ਨਾਲ ਨਹੀ ਖਰੀਦੀ ਜਾ ਸਕਦੀ ਆਖਿਰ ਸਾਨੂੰ ਗੁਰੂ ਦੀ ਸ਼ਰਣ ਆਉਣਾ ਹੀ ਪਵੇਗਾ ਗੁਰੂ ਅਰਜਨ ਸਾਹਿਬ ਜੀ ਫੁਰਮਾਉਦੇ:

ਪ੍ਰਭ ਜੀ ਕੋ ਨਾਮੁ ਜਪਤ ਮਨ ਚੈਨ॥ {ਪੰਨਾ 674}

ਮਨ ਨੂੰ ਸਾਂਤੀ ਪ੍ਰਮੇਸ਼ਰ ਦੇ ਹੁਕਮ ਵਿੱਚ ਤੁਰਿਆਂ ਹੀ ਪ੍ਰਾਪਤ ਹੋਣੀ ਹੈ। ਹੁਕਮ ਵਿੱਚ ਤੁਰਨ ਦਾ ਭਾਵ ਮਨੁੱਖਤਾ ਵਿੱਚੋਂ ਹੀ ਰੱਬ ਨੂੰ ਵੇਖਣਾ ਜੇ ਇਨਸਾਨ ਨੂੰ ਮਾਤਾ ਪਿਤਾ ਬਜ਼ੁਰਗਾਂ ਵਿੱਚੋਂ ਰੱਬ ਨਹੀ ਦਿਸਿਆ ਤਾਂ ਹੋਰ ਕਿਸੇ ਧਰਮ ਅਸਥਾਨ ਵਿੱਚੋਂ ਨਹੀ ਦਿਸੇਗਾ ਭਾਈ ਗੁਰਦਾਸ ਜੀ ਅਜੋਕੀ ਪੀੜੀ ਨੂੰ ਹਲੂਣਾਂ ਦੇਕੇ ਸਮਝਾਉਦੇ ਕਿ ਮਨੁਖ ਜੇ ਮਾਂ ਬਾਪ ਦੀ ਸੇਵਾ ਨਹੀ ਕਰਦਾ ਉਹ ਧਰਮ ਗ੍ਰੰਥ ਸੁਣੇ {ਭਾਵ ਗੁਰੂ ਗ੍ਰੰਥ ਸਾਹਿਬ ਜੀ}

ਮਾਂ ਪਿਉ ਪਰਹਰਿ ਸੁਣੈ ਵੇਦ ਭੇਦ ਨ ਜਾਣੈ ਕਥਾ ਕਹਾਣੀ।

ਮਾਂ ਪਿਉ ਪਰਹਰਿ ਕਰੈ ਤਪ ਵਣਖੰਡਿ ਭੁਲਾ ਫਿਰੈ ਬਿਬਾਣੀ।

ਮਾਂ ਪਿਉ ਪਰਹਰਿ ਕਰੈ ਪੂਜ ਦੇਵੀ ਦੇਵ ਨ ਸੇਵ ਕਮਾਣੀ।

ਮਾਂ ਪਿੳ ਪਰਹਰਿ ਨਾਵ੍ਹਣਾਂ ਅਠਸਠਿ ਤੀਰਥ ਘੁੰਮਣ ਵਾਣੀ।

ਮਾਂ ਪਿਉ ਪਰਹਰਿ ਕਰੈ ਦਾਨ ਬੇਈਮਾਨ ਅਗਿਆਨ ਪਰਾਣੀ।

ਮਾਂ ਪਿਉ ਪਰਹਰਿ ਵਰਤ ਕਰਿ ਮਰਿ ਮਰਿ ਜੰਮੈ ਭਰਮ ਭੁਲਾਣੀ।

ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਜਿੰਨੇ ਮਰਜੀ ਪਾਠ ਸੁਣੇ ਤੇ ਭਾਵੇਂ ਕਰੇ ਜੇ ਗੁਰੂ ਦਾ ਹੁਕਮ ਮੰਨ ਕੇ ਬਜ਼ੁਰਗਾਂ ਦੀ ਸੇਵਾ ਨਹੀ ਕਰਦਾ ਤਾਂ ਉਹ ਸਮਾਜ ਵਿੱਚ ਆਦਰ ਨਹੀ ਪਾ ਸਕਦਾ ਉਸ ਵਾਸਤੇ ਤਾਂ ਗੁਰਬਾਣੀ ਇੱਕ ਕਹਾਣੀ ਵਾਂਗ ਹੈ। ਬਜ਼ੁਰਗਾਂ ਦੀ ਸੇਵਾ ਛੱਡ ਕੇ ਉਸ ਦੀ ਕੀਤੀ ਸੇਵਾ ਤੀਰਥਾਂ ਤੇ ਇਸਨਾਨ ਕਰਨੇ, ਪੁੰਨ ਦਾਨ ਕਰਨਾ ਸਭ ਵਿਅਰਥ ਹਨ। ਭਾਈ ਜੀ ਫੁਰਮਾਉਦੇ ਹਨੁ

ਗੁਰ ਪਰਮੇਸਰ ਸਾਰ ਨਾ ਜਾਣੀ।

ਜਿਹੜੇ ਮਨੁੱਖ ਆਪਣਿਆਂ ਬਜ਼ੁਰਗਾਂ ਨੂੰ ਬਿਰਧ ਆਸਰਮਾਂ ਵਿੱਚ ਛੱਡ ਆਉਦੇ ਹਨ ਉਹ੍ਹਨਾਂ ਨੂੰ ਆਪਣੇ ਭਵਿਖ ਬਾਰੇ ਵੀ ਸੋਚਣਾਂ ਚਾਹੀਦਾ ਹੈ ਸਾਡੇ ਬੱਚੇ ਵੀ ਸਾਡੇ ਨਾਲ ਇਹੋ ਜਿਹਾ ਹੀ ਸਲੂਕ ਕਰਨਗੇ? ਅੱਜ ਘਰਾਂ ਦੀ ਏਕਤਾ ਨਾ ਹੋਣ ਦਾ ਕਾਰਣ ਵੀ ਇਹੋ ਹੈ ਕਿ ਸਾਡੇ ਵਿੱਚੋਂ ਸਹਿਣ ਸੀਲਤਾ ਖਤਮ ਹੋ ਗਈ ਹੈ ਬੱਚੇ ਮਾਂ ਬਾਪ ਦੀ ਗੱਲ ਨਹੀ ਜਰਦੇ ਤੇ ਮਾਂ ਬਾਪ ਬੱਚਿਆਂ ਦੀ ਨਹੀ ਸਾਰੀ ਘਾਟ ਗੁਰਬਾਣੀ ਦੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਸਾਡੀ ਪਰਚਾਰਕ ਸ੍ਰੇਣੀ ਤਾਂ ਦੂਜਿਆਂ ਨੂੰ ਗੁਰਬਾਣੀ ਪੜਕੇ ਵੀਚਾਰ ਕੇ ਸਣਾਉਦੀ ਹੈ ਉਹਨਾਂ ਕੋਲ ਤਾਂ ਗਿਆਨ ਦੀ ਕੋਈ ਕਮੀ ਨਹੀ ਪਰ ਅਕਸਰ ਧਾਰਮਿਕ ਅਖਾਉਣ ਵਾਲਿਆਂ ਦਿਆਂ ਪਰਵਾਰਾਂ ਵਿੱਚ ਬਜ਼ੁਰਗਾਂ ਦੀ ਨਿਰਾਦਰੀ ਹੁੰਦੀ ਵੇਖੀ ਦੀ ਹੈ ਬੱਚੇ ਸਿੱਖੀ ਤੋਂ ਦੂਰ ਵੇਖੀ ਦੇ ਹਨ ਕਾਰਣ ਸਾਫ ਹੈ ਇਹ੍ਹਨਾਂ ਲੋਕਾਂ ਨੇ ਗੁਰਬਾਣੀ ਨੂੰ ਕੇਵਲ ਪੈਸਾ ਕਮਾਉਣ ਲਈ ਹੀ ਵਰਤਿਆ ਹੈ। ਆਉ ਪੰਜਾਬ ਵਾਸੀਓ ਬਿਰਧ ਆਸ਼ਰਮ ਜੋ ਵੱਧ ਰਹੇ ਹਨ ਇਹ ਸਾਡੇ ਲਈ ਸਰਮ ਵਾਲੀ ਗਲ ਹੈ। ਇਸ ਨੂੰ ਠੱਲ ਤਾਂ ਹੀ ਪਾਈ ਜਾ ਸਕਦੀ ਹੈ ਜੇ ਅਸੀ ਆਪਣਿਆਂ ਬਜ਼ੁਰਗਾਂ ਨੂੰ ਘਰਾਂ ਅੰਦਰ ਸਨਮਾਨ ਦੇਈਏ ਅਤੇ ਉਹਨਾਂ ਦਾਂ ਪਿਆਰ ਮਾਣੀਏ ਇਹੋ ਹੀ ਬੈਕੁੰਠ ਹੈ।

ਕਾਹੇ ਪੂਤ ਝਗਰਤ ਹਉ ਸੰਗਿ ਬਾਪ॥

ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ॥ {ਪੰਨਾ 1200}




.