.

ਅਜੋਕੇ ਸਿੱਖਾਂ ਨੂੰ ਗੁਰਬਾਣੀ ਨਾਲੋਂ ਜ਼ਾਤਾਂ ਤੇ ਗੋਤਾਂ ਪਿਆਰੀਆਂ ਕਿਉ?

ਪ੍ਰੋ ਸਰਬਜੀਤ ਸਿੰਘ ‘ਧੂੰਦਾ’

੯੮੫੫੫-੯੮੮੫੧

ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸੁਖ ਅਰਾਮ ਤਿਆਗਦਿਆਂ ਹੋਇਆਂ ਇਸ ਸੰਸਾਰ ਦੇ ਦੁਖ ਨੂੰ ਦੂਰ ਕਰਨ ਲਈ ਪ੍ਰਚਾਰ ਦੌਰੇ ਅਰੰਭ ਕੀਤੇ ਇਹ ਸਮਾਜ ਜਿਸ ਅੱਗ ਵਿੱਚ ਸੜ ਰਿਹਾ ਸੀ ਉਸ ਅੱਗ ਨੂੰ ਸਿਵਾਏ ਗੁਰੂ ਨਾਨਕ ਸਾਹਿਬ ਜੀ ਦੇ ਹੋਰ ਕੋਈ ਨਹੀ ਸੀ ਬੁਝਾ ਸਕਦਾ। ਆਓ ਵਿਚਾਰ ਕਰੀਏ ਉਹ ਅੱਗ ਕੈਸੀ ਸੀ ਅਤੇ ਕਿਸ ਤਰਾਂ ਲਗੀ ਸੀ ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਦੀ ੨੪ ਨੰਬਰ ਪਾਉੜੀ ਅੰਦਰ ਫੁਰਮਾਓੁਦੇ ਹਨ

ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ।

ਬਾਝਹੁ ਗੁਰੁ ਗੁਬਾਰ ਹੈ ਹੈ ਹੈ ਕਰਦੀ ਸੁਣੀ ਲੁਕਾਈ।

ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ॥

ਚੜ੍ਹਿਆ ਸੋਧਨ ਧਰਤ ਲੁਕਾਈ। (ਭਾ: ਗੁ: ੧ਵਾਰ/੨੪)

ਗੁਰੂ ਜੀ ਨੇ ਇਸ ਸੰਸਾਰ ਨੂੰ ਧਿਆਨ ਨਾਲ ਵੇਖਿਆ ਕਿ ਇਹ ਲੋਕਾਈ ਗੁਰੁ ਦੇ ਗਿਆਨ ਤੋਂ ਬਗੈਰ ਈਰਖਾ ਦੀ ਅੱਗ ਵਿੱਚ ਸੜ ਕੇ ਏਨੀ ਗਿਰ ਚੁੱਕੀ ਹੈ ਜਿਹੜੇ ਅੰਮਾ ਜਾਏ ਭਰਾ ਛੋਟੇ ਹੁੰਦਿਆਂ ਇੱਕ ਦੂਜੇ ਦੇ ਮੂੰਹ ਵਿੱਚ ਬੁਰਕੀਆਂ ਪਾਉਦੇ ਸਨ, ਉਹੀ ਭਰਾ ਵੱਡੇ ਹੋ ਕੇ ਇੱਕ ਦੂਜੇ ਦੇ ਖੁਨ ਦੇ ਪਿਆਸੇ ਬਣੇ ਸਨ। ਰਾਜੇ ਪਰਜਾ ਦਾ ਹੱਕ ਮਾਰ ਰਹੇ ਸਨ, ਤੇ ਪਰਜਾ ਆਪ ਮੁਹਾਰੇ ਹੋਈ ਸੀ। ਇਸਤਰੀ ਅਤੇ ਪੁਰਸ਼ ਦਾ ਆਪਸ ਵਿੱਚ ਪਿਆਰ ਕੇਵਲ ਪੈਸੇ ਕਰਕੇ ਸੀ। ਇਥੋਂ ਦੇ ਲੋਕ ਪਸ਼ੂਆਂ ਨਾਲੋ ਵੀ ਭੈੜਾ ਜੀਵਨ ਬਤੀਤ ਕਰ ਰਹੇ ਸਨ ਤਾਂ ਗੁਰੁ ਜੀ ਨੇ ਆਪਣੇ ਸੁਖ ਅਰਾਮ ਤਿਆਗਦਿਆਂ ਮਨੁਖਾ ਦੇਹ ਦੇ ਅਸਲੀ ਗੁਣਾ ਤੋਂ ਮਨੁਖਤਾ ਨੂੰ ਜਾਣੂ ਕਰਵਾਇਆ ਅਤੇ ਇਹਨਾਂ ਵਿੱਚ ਦੈਵੀ ਗੁਣ ਭਰਕੇ ਇਹਨਾਂ ਨੂੰ ਹੀ ਦੇਵਤੇ ਬਣਾ ਦਿੱਤਾ ਜਿਸ ਦਾ ਜਿਕਰ ਸਤਿਗੁਰੂ ਜੀ ਨੇ ਅਪਣੀ ਰਸਨਾਂ ਤੋਂ ਇਝ ਕੀਤਾ ਹੈ।

ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ॥ ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਲਾਗੀ ਵਾਰ॥ (ਪੰਨਾ-੪੬੨)

ਮਨੁਖਤਾ ਅਨੇਕਤਾ ਦੀ ਪੂਜਾ ਵਿੱਚ ਲੱਗੀ ਹੋਈ ਸੀ ਜਿੰਨੇ ਪਰਵਾਰ ਦੇ ਜੀਅ ਸਨ ਉਹਨਾਂ ਦੇ ਦੇਵੀ ਦੇਵਤੇ ਵੀ ਵੱਖੋ ਵੱਖਰੇ ਸਨ। ਗੁਰੂ ਜੀ ਨੇ ਸੰਸਾਰ ਦੀ ਇਹ ਤਰਸ ਯੋਗ ਹਾਲਤ ਨੂੰ ਵੇਖ ਕੇ ਲੋਕਾਈ ਨੂੰ ਇਸ ਨਰਕ ਭਰੇ ਜੀਵਨ ਤੋਂ ਅਜ਼ਾਦ ਕਰਵਾਉਣ ਲਈ ਪ੍ਰਚਾਰ ਦੌਰੇ ਅਰੰਭ ਕਰ ਦਿੱਤੇ। ਦੁਨੀਆਂ ਦਾ ਹਰੇਕ ਇਨਸਾਨ ਆਪਣੇ ਘਰੋਂ ਦੇਸ ਜਾਂ ਪ੍ਰਦੇਸ ਇਸ ਲਈ ਜਾਦਾ ਹੇ ਕਿ ਉਥੇ ਜਾ ਕੇ ਉਹ ਪੈਸੇ ਕਮਾਏ ਅਤੇ ਆਪਣੇ ਪਰਵਾਰ ਨੂੰ ਸੁਖੀ ਜੀਵਨ ਦੇ ਸਕੇ ਪਰ ਬਲਿਹਾਰ ਜਾਈਏ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਤੋਂ ਜਿਹੜ੍ਹੇ ਇਸ ਲਈ ਘਰੋਂ ਬਾਹਰ ਨਹੀ ਰਹੇ ਕਿ ਕੇਵਲ ਮੇਰੇ ਪਰਵਾਰ ਨੂੰ ਸੁਖ ਮਿਲਣ ਸਗੋਂ ਪੂਰੀ ਮਾਨਵਤਾ ਨੂੰ ਸੁਖੀ ਕਰਨ ਲਈ ਘਰ ਛਡਿਆ। ਇਸੇ ਲਈ ਤਾਂ ਸਿਧਾਂ ਨੇ ਹੈਰਾਨ ਹੋ ਕੇ ਗੁਰੂ ਜੀ ਕੋਲੋ ਪੁਛਿਆ ਸੀ ਕਿ ਦੁਨੀਆਂ ਤਾਂ ਪੈਸੇ ਦੀ ਕਮਾਈ ਲਈ ਘਰ ਛੱਡਦੀ ਹੈ ਪਰ ਤੁਸੀ ਕਿਸ ਲਈ ਛਡਿਆ ਹੈ? ਤਾਂ ਗੁਰੂ ਜੀ ਨੇ ਉਤਰ ਦਿੱਤਾ ਮੈਂ ਸੱਚ ਦੀ ਕਮਾਈ ਲਈ ਅਤੇ ਮਨੁਖਤਾ ਨੂੰ ਸਚਿਆਰੇ ਬਣਾਉਣ ਲਈ ਘਰ ਛਡਿਆ ਹੈ। ਸਿਧਾਂ ਦੇ ਸ਼ਵਾਲ ਅਤੇ ਗੁਰੂ ਜੀ ਵਲੋਂ ਦਿੱਤੇ ਜੁਵਾਬ ਸਿਧ ਗੋਸਿਟ ਬਾਣੀ ਵਿੱਚ ਦਰਜ ਹਨ।

ਕਿਸੁ ਕਾਰਣਿ ਗ੍ਰਿਹੁ ਤਜਿਓ ਉਦਾਸੀ॥ਕਿਸੁ ਕਾਰਣਿ ਇਹੁ ਭੇਖੁ ਨਿਵਾਸੀ॥

ਕਿਸੁ ਵਖਰ ਕੇ ਤੁਮ ਵਣਜਾਰੇ॥ਕਿਉ ਕਰਿ ਸਾਥੁ ਲੰਘਾਵਹੁ ਪਾਰੇ ॥੧੭॥

ਗੁਰਮੁਖਿ ਖੋਜਤ ਭਏ ਉਦਾਸੀ॥ਦਰਸਨ ਕੈ ਤਾਈ ਭੇਖ ਨਿਵਾਸੀ॥

ਸਾਚ ਵਖਰ ਕੇ ਹਮ ਵਣਜਾਰੇ॥ ਨਾਨਕ ਗੁਰਮੁਖਿ ਉਤਰਸਿ ਪਾਰੇ ॥੧੮ਙ (ਪੰਨਾ-੯੩੯)

ਇੱਕ ਗੱਲ ਦਾ ਖਿਆਲ ਰੱਖਣਾ ਸਾਡੇ ਲਈ ਅਤੀ ਜਰੂਰੀ ਹੈ ਕਿ ਗੁਰੁ ਨਾਨਕ ਸਾਹਿਬ ਜੀ ਕੇਵਲ ਸਿੱਖਾਂ ਦੇ ਹੀ ਗੁਰੂ ਨਹੀ ਸਨ ਸਗੋਂ ਪੂਰੀ ਮਾਨਵਤਾ ਦੇ ਗੁਰੂ ਸਨ। ਭਾਈ ਗੁਰਦਾਸ ਜੀ ਨੇ ਵੀ ਆਪਣੀ ਚੌਵੀ ਵਾਰ ਦੀ ਤੀਜੀ ਪਾਉੜੀ ਅੰਦਰ ਗੁਰੂ ਨਾਨਕ ਸਾਹਿਬ ਜੀ ਲਈ ਜਗਤ ਗੁਰ ਬਾਬਾ ਲਫਜ ਵਰਤਿਆ ਹੈ।

ਜਾਹਰ ਪੀਰ ਜਗਤੁ ਗੁਰੁ ਬਾਬਾ। (ਭਾ: ਗੁ: )

ਭਾਵ ਗੁਰੂ ਜੀ ਸਮੁਚੇ ਜਗਤ ਦੇ ਗੁਰੂ ਸਨ ਇਸੇ ਲਈ ਉਹਨ੍ਹਾਂ ਨੇ ਬਾਣੀ ਇੱਕਤਰ ਕਰਨ ਸਮੇਂ ਇਹ ਨਹੀ ਵੇਖਿਆ ਕਿ ਬਾਬਾ ਫਰੀਦ ਮੁਸਲਮਾਨ ਹੈ ਜਾਂ ਭਗਤ ਰਾਮਨੰਦ ਬ੍ਰਹਮਣ ਹਨ ਜਾਂ ਭਗਤ ਕਬੀਰ ਜੀ ਜੁਲਾਹੇ ਹਨ ਜਾਂ ਭਗਤ ਰਵੀਦਾਸ ਜੀ ਜ਼ਾਤ ਦੇ ਚਮਿਆਰ ਸਨ, ਇਹ ਜ਼ਾਤਾਂ ਪਾਤਾਂ ਦੀਆਂ ਵੰਡੀਆਂ ਅਖੌਤੀ ਬ੍ਰਹਾਮਣ ਗੁਰੂ ਵਲੋਂ ਪਾਈਆਂ ਹੋਈਆਂ ਸਨ। ਪਰ ਵੀਚਾਰਨ ਵਾਲੀ ਗੱਲ ਇਹ ਹੈ ਕਿ ਜਿਸ ਦਲਦਲ ਵਿੱਚੋਂ ਗੁਰੁ ਜੀ ਨੇ ਸਾਨੂੰ ਕੱਢਿਆ ਸੀ ਅਜੋਕਾ ਸਮਾਜ ਫਿਰ ਉਸੇ ਦਲਦਲ ਵਿੱਚ ਫਸਦਾ ਜਾ ਰਿਹਾ ਹੈ। ਜਿਸ ਸਮੇਂ ਗੁਰੁ ਅਰਜਨ ਸਾਹਿਬ ਜੀ ਨੇ ਆਦਿ ਬੀੜ ਦੀ ਸੰਪਾਦਨਾਂ ਕਰਵਾਈ ਉਸ ਸਮੇਂ ਗਿਆਰਾਂ ਭੱਟਾਂ ਦੀ ਬਾਣੀ ਇੱਕਲੇ ਇੱਕਲੇ ਭੱਟ ਸਾਹਿਬਾਨ ਦੇ ਨਾਂ ਹੇਠ ਦਰਜ ਕਰਵਾਈ ਇਸੇ ਤਰਾਂ ਪੰਦਰਾਂ ਭਗਤ ਸਾਹਿਬਾਨਾਂ ਦੇ ਨਾਂ ਹੇਠ ਉਹਨਾਂ ਵਲੋਂ ਉਚਾਰਨ ਕੀਤੀ ਬਾਣੀ ਦਰਜ ਕਰਵਾਈ। ਇਸੇ ਤਰਾਂ ਤਿੰਨ ਗੁਰਸਿੱਖਾਂ ਭਾਈ ਸੱਤਾ ਜੀ ਭਾਈ ਬਲਵੰਡ ਜੀ ਅਤੇ ਭਾਈ ਸੁੰਦਰ ਜੀ। ਇਸੇ ਤਰਾਂ ਗੁਰੁ ਨਾਨਕ ਸਾਹਿਬ ਜੀ ਤੋਂ ਲੈਕੇ ਗੁਰੁ ਅਰਜਨ ਸਾਹਿਬ ਜੀ ਅਤੇ ਗੁਰੁ ਤੇਗ ਬਹਾਦਰ ਜੀ ਦੀ ਗੁਰਬਾਣੀ ਦਰਜ ਹੈ ਕੁਲ ਛੇ ਗੁਰੂ ਵਿਅਕਤੀਆਂ ਦੀ ਗੁਰਬਾਣੀ ਹੈ। ਅਕਾਲ ਪੁਰਖ ਵਲੋਂ ਨਿਵਾਜੇ ਹੋਏ ਜਨਮ ਤੋਂ ਕੇਵਲ ਗੁਰੂ ਨਾਨਕ ਜੀ ਹੀ ਗੁਰੂ ਸਨ ਬਾਕੀ ਗੁਰੂ ਸਾਹਿਬਾਨ ਜਨਮ ਤੋਂ ਗੁਰੂ ਨਹੀ ਸਨ ਇਸ ਦੀ ਗਵਾਈ ਭਾਈ ਗੁਰਦਾਸ ਜੀ ਆਪਣੀ ਵੀਹਵੀਂ ਵਾਰ ਦੀ ਪਹਿਲੀ ਪਾਉੜੀ ਅੰਦਰ ਭਰਦੇ ਹਨ

ਸਤਿਗੁਰ ਨਾਨਕ ਦੇਉ ਆਪ ਉਪਾਇਆ।

ਗੁਰ ਅੰਗਦ ਗੁਰਸਿੱਖ ਬਬਾਣੈ ਆਇਆ।

ਗੁਰਸਿੱਖ ਹੈ ਗੁਰ ਅਮਰ ਸਤਿਗੁਰ ਭਾਇਆ।

ਰਾਮਦਾਸ ਗੁਰਸਿੱਖ ਗੁਰ ਸਦਵਾਇਆ।

ਗੁਰ ਅਰਜਨ ਗੁਰਸਿੱਖ ਪਰਗਟੀ ਆਇਆ।

ਗੁਰਸਿੱਖ ਹਰਿਗੋਵਿੰਦ ਨ ਲੁਕੈ ਲੁਕਾਇਆ। (ਭਾ: ਗੁ: ਵਾਰ ੨੦/੧)

ਭਾਈ ਸਾਹਿਬ ਜੀ ਨੇ ਆਪਣੀ ਪਾਉੜੀ ਅੰਦਰ ਗੁਰੂ ਨਾਨਕ ਸਾਹਿਬ ਜੀ ਤੋਂ ਇਲਾਵਾ ਬਾਕੀ ਗੁਰੂ ਵਿਅਕਤੀਆਂ ਨੂੰ ਸਿੱਖ ਲਿਖਿਆ ਹੈ ਕਿ ਉਹ ਪਹਿਲਾਂ ਸਿੱਖ ਸਨ ਬਾਅਦ ਵਿੱਚ ਗੁਰੂ ਬਣੇ। ਪਰ ਕੁੱਝ ਸਾਡੇ ਅਖੋਤੀ ਲਿਖਾਰੀਆਂ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਅਤੇ ਗੁਰੂ ਗੋਬਿੰਦ ਸਾਹਿਬ ਜੀ ਨੂੰ ਧੁਰ ਤੋਂ ਗੁਰੂ ਬਨਾਉਣ ਵਿੱਚ ਆਪਣਾ ਵੱਡਮੁਲਾ ਯੋਗਦਾਨ ਪਾਇਆ ਹੈ। ਗੁਰਬਾਣੀ ਦਾ ਇਸ ਬਾਰੇ ਕੀ ਫੈਸਲਾ ਆਉ ਵੀਚਾਰੀਏ।

ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥ ੬੪੫॥

ਅਤੇ

ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥ (੯੬੬)

ਭਾਵ ਇਕੋ ਜੋਤ ਹੀ ਬਾਕੀ ਗੁਰੂ ਵਿਆਕਤੀਆਂ ਵਿੱਚ ਵਰਤੀ ਹੈ। ਇਸੇ ਲਈ ਬਾਕੀ ਗੁਰੂ ਸਾਹਿਬਾਨ ਨੇ ਗੁਰਬਾਣੀ ਉਚਾਰਨ ਸਮੇਂ ਆਪਣੇ ਨਾਂ ਦੀ ਵਰਤੋਂ ਨਹੀ ਕੀਤੀ ਹਰ ਸ਼ਬਦ ਲਿਖਣ ਸਮੇਂ ਗੁਰੂ ਨਾਨਕ ਪਦ ਦੀ ਹੀ ਵਰਤੋਂ ਕੀਤੀ ਹੈ ਜਿ ਗੂਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂਆਂ ਦੇ ਨਾਵਾਂ ਦੀ ਵਰਤੋਂ ਕੀਤੀ ਵੀ ਤਾਂ ਕੇਵਲ ਭੱਟ ਸਾਹਿਬਾਨਾਂ ਹੀ ਕੀਤੀ ਹੈ। ਪਰ ਅਜ ਸਾਡਾ ਸਮਾਜ ਗਲਤ ਰਸਤੇ ਚੱਲ ਪਿਆ ਹੈ ਜੱਟ ਭਗਤ ਧੰਨੇ ਨੂੰ ਗੁਰੂ ਬਣਾ ਕੇ ਬਹਿ ਗਏ ਹਨ। ਕਬੀਰ ਪੰਥੀਏ ਭਗਤ ਕਬੀਰ ਜੀ ਨੂੰ ਗੁਰੂ ਲਿਖਣਾ ਸੁਰੂ ਕਰ ਚੁਕੇ ਹਨ। ਭਗਤ ਰਵੀਦਾਸ ਜੀ ਨੂੰ ਵੀ ਗੁਰੂ ਲਿਖਿਆ ਜਾ ਰਿਹਾ। ਜਿ ਆਉਣ ਵਾਲੇ ਸਮੇ ਵਿੱਚ ਅਖੋਤੀ ਜ਼ਾਤ ਦਾ ਅਧਾਰ ਲੈ ਕੇ ਜੱਟ ਭਰਾਂਵਾਂ ਇਹ ਜਿਦ ਕੀਤੀ ਕਿ ਸਾਡੇ ਭਗਤ ਧੰਨੇ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਬਾਹਰ ਕੱਢ ਦਿਉ ਅਸੀ ਵੱਖਰਾ ਗ੍ਰੰਥ ਬਨਾਉਣਾ ਹੈ ਤਾਂ ਸਾਡੇ ਜੱਟ ਭਰਾਂਵਾਂ ਨੂੰ ਇਹ ਗਿਆਨ ਹੋਣਾ ਜਰੂਰੀ ਹੈ ਕਿ ਭਗਤ ਧੰਨਾ ਜੀ ਦੇ ਕੇਵਲ ਤਿੰਨ ਸਬਦ ਹਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿੰਨਾਂ ਦਾ ਵੇਰਵਾ ਇਹ ਹੈ:

ਗੋਪਾਲ ਤੇਰਾ ਆਰਤਾ॥ (੬੯੫)

ਭ੍ਰਮਤ ਫਿਰਤ ਬਹੁ ਜਨਮ ਬਿਲਾਨੇ ਤਨੁ ਮਨੁ ਧਨੁ ਨਹੀ ਧੀਰੇ॥ (੪੮੬)

ਰੇ ਚਿਤ ਚੇਤਸਿ ਕੀ ਨ ਦਿਆਲ ਦਮੋਦਰ ਬਿਬਹਿ ਨ ਜਾਨਸਿ ਕੋਈ॥ (੪੮੭)

ਇਸ ਕਰਕੇ ਮੇਰੀ ਜੱਟ ਵੀਰਾਂ ਨੂੰ ਬੇਨਤੀ ਹੈ ਗੁਰੂ ਜੀ ਨੇ ਉਹਨ੍ਹਾ ਨੂੰ ਭਗਤ ਲਿਖਿਆ ਹੈ ਕ੍ਰਿਪਾ ਕਰਕੇ ਉਹਨ੍ਹਾਂ ਨੂੰ ਭਗਤ ਹੀ ਰਹਿਣ ਦਿਉ। ਭਗਤ ਸੂਰ ਦਾਸ ਜੀ ਦੀ ਕੇਵਲ ਇੱਕ ਤੁੱਕ ਹੈ ਗੁਰੂ ਗ੍ਰੰਥ ਸਾਹਿਬ ਜੀ ਅੰਦਰ। ਇਹਨ੍ਹਾਂ ਭਗਤ ਸਾਹਿਬਾਨਾਂ ਦੇ ਨਾਵਾਂ ਦੇ ਨਾਲ ਗੁਰੂ ਪਦ ਲਿਖ ਕਿ ਇਹਨ੍ਹਾਂ ਮਹਾਨ ਸਖਸੀਅਤਾਂ ਦਾ ਅਪਮਾਨ ਨਾਂ ਕਰੋ। ਪੁਰਾਤਨ ਸਿੱਖ ਜਦੋਂ ਗੁਰੂ ਦੀ ਸ਼ਰਣ ਆ ਜਾਂਦੇ ਤਾਂ ਆਪਣੀਆਂ ਜ਼ਾਤਾਂ ਪਾਤਾਂ ਸਦਾ ਵਾਸਤੇ ਪਿਛੇ ਛੱਡ ਆਉਦੇ ਉਹ ਸਿੱਖ ਅਖਵਾਉਣ ਵਿੱਚ ਮਾਣ ਸਮਝਦੇ ਸਨ। ਭਾਈ ਕਾਹਨ੍ਹ ਸਿੰਘ ਜੀ ਨਾਭਾ ਵਿਦਿਆ ਮਾਰਤੰਡ ਅੰਦਰ ਲਿਖਦੇ ਹਨ।

ਜਾਤ ਗੋਤ ਕੁਲ ਕ੍ਰਿਆ ਨਾਮ। ਪਿਛਲੇ ਸੁ ਤਜ ਦੇਤ ਤਮਾਮ।

ਭਾਵ ਪੁਰਾਤਨ ਸਿੱਖ ਜ਼ਾਤਾਂ ਗੋਤਾਂ ਦਾ ਮਾਣ ਨਹੀ ਸਨ ਕਰਦੇ ਪਰ ਅੱਜ ਦੇ ਅਗਿਆਨੀ ਸਿੱਖ ਆਪਣੇ ਆਪ ਨੂੰ ਸਿੱਖ ਅਖਵਾ ਕਿ ਏਨਾਂ ਖੁਸ ਨਹੀ ਹੁੰਦੇ ਜਿਨਾਂ ਗਿਲ, ਸੰਧੂ ਰੰਧਾਵੇ, ਧਾਲੀਵਾਲ, ਭਲ੍ਹੇ, ਸੋਡੀ, ਜੱਟ, ਭਾਪੇ, ਅਰੋੜੇ, ਪਤਾ ਨਹੀ ਹੋਰ ਕੀ ਕੀ ਅਖਵਾ ਕਿ ਖੁਸ ਹੁੰਦੇ ਹਨ। ਇੱਕ ਮਹਾਰਥੀ ਬਦ ਕਿਸਮਤੀ ਨਾਲ ਸਿੱਖ ਕੌਮ ਦਾ ਮਹਾਨ ਰਾਗੀ ਹੈ ਉਹ ਏਨਾਂ ਸਿੱਖ ਹੋਣ ਤੇ ਮਾਣ ਮਹਿਸੂਸ ਨਹੀ ਕਰਦਾ ਜਿੰਨਾਂ ਸੋਡੀ ਹੋਣ ਤੇ ਕਰਦਾ ਹੈ। ਇੱਕ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਕੁਲ ਵਿੱਚੋਂ ਹੋਣ ਦਾ ਮਾਣ ਸਮਝ ਰਿਹਾ ਹੈ। ਮੇਰੇ ਕਹਿਣ ਤੋਂ ਮੁਰਾਦ ਸਰਬਜੋਤ ਸਿੰਘ ਬੇਦੀ ਇਹ ਵੀ ਦਵਿੰਦਰ ਸਿੰਘ ਸੋਡੀ ਦੀ ਤਰਾਂ ਬੇਦੀ ਅਖਵਾ ਕੇ ਜਿਆਦਾ ਖੁਸ ਹੁੰਦਾ ਹੈ। ਇਸ ਭਲੇ ਪੁਰਸ ਨੂੰ ਇਹ ਨਹੀ ਪਤਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਘਰ ਕਿਸੇ ਦੀ ਕੁਲ ਵਿੱਚ ਹੋਣ ਨਾਲ ਕੋਈ ਵਡਿਆਈ ਨਹੀ ਇਥੇ ਤਾਂ ਉਸ ਨੂੰ ਮਾਣ ਮਿਲਦਾ ਹੈ ਅਤੇ ਉਹੀ ਇਨਸਾਨ ਗੁਰੂ ਜੀ ਦਾ ਰਿਸਤੇਦਾਰ ਹੈ ਜਿਹੜ੍ਹਾ ਗੂਰੂ ਦੇ ਹੁਕਮ ਅਨੁਸਾਰ ਜੀਵਨ ਜਿਊਦਾ ਹੈ ਤੇ ਜਿਹੜ੍ਹਾ ਮਨੁਖ ਆਪਣੀ ਮਰਜੀ ਅਨੁਸਾਰ ਜਿੰਦਗੀ ਬਤੀਤ ਕਰਦਾ ਹੈ ਉਸ ਦੇ ਪੱਲੇ ਖੁਆਰੀ ਹੀ ਪੈਦੀ ਹੈ।

ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ (੬੦੦)

ਪਰ ਤੁਸੀ ਤੇ ਗੋਤਾਂ ਦੀਆਂ ਪੰਡਾਂ ਨਾਲ ਚੁਕੀ ਫਿਰਦੇ ਹੋ ਗੁਰੂ ਜੀ ਨੇ ਤਾਂ ਜ਼ਾਤਾਂ ਨੂੰ ਗੁਰਬਾਣੀ ਅੰਦਰ ਜਹਿਰ ਆਖਿਆ ਹੈ। ਜਰਾ ਵੀਚਾਰੋ ਤੁਸੀ ਕਿਵੇਂ ਪਰਵਾਨ ਹੋਵੋਗੇ? ਇਸੇ ਅਗਿਆਨਤਾ ਕਰਕੇ ਅੱਜ ਪਿੰਡਾਂ ਅਤੇ ਸਹਿਰਾਂ ਵਿੱਚ ਜਾਤਾਂ ਦੇ ਅਧਾਰਿਤ ਗੁਰਦੁਵਾਰੇ ਬਣੇ ਹੋਏ ਹਨ ਪਿੰਡਾਂ ਵਿੱਚ ਮਾਣ ਨਾਲ ਕਹਿਦੇ ਹਨ ਅਖੇ ਇਹ ਜੱਟਾਂ ਦਾ ਗੁਰਦੁਆਰਾ ਹੈ ਉਹ ਰਵੀਦਾਸੀਆਂ ਦਾ ਇਹਨ੍ਹਾਂ ਭਲੇ ਮਾਣਸਾਂ ਨੂੰ ਕੋਈ ਪੁਛਣ ਵਾਲਾ ਹੋਵੇ ਕੀ ਇਹਨ੍ਹਾਂ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਵੀ ਵੱਖਰੇ ਵੱਖਰੇ ਹਨ। ਜੇ ਗੁਰੂ ਗ੍ਰੰਥ ਸਾਹਿਬ ਜੀ ਸਾਰੀਆਂ ਥਾਂਵਾਂ ਤੇ ਇਕੋ ਹੈ ਤਾਂ ਗੁਰਦੁਆਰੇ ਵੱਖਰੇ ਵੱਖਰੇ ਕਿਉ? ਇਹ ਸਾਡੇ ਪੰਥ ਦੇ ਠੇਕੇਦਾਰਾਂ ਸਾਮਣ੍ਹੇ ਸਵਾਲ ਹੈ ਕਿ ਇਹਨ੍ਹਾਂ ਨੂੰ ਇਸ ਦਲਦਲ ਵਿੱਚੋਂ ਕਉਣ ਕਢੇਗਾ ਮਾਫ ਕਰਨਾਂ ਜਿਹੜ੍ਹੇ ਸਾਡੇ ਨਾਮਵਰ ਪ੍ਰਚਾਰਕ ਅਤੇ ਰਾਗੀ ਗੁਰਮਤਿ ਦੀ ਸਮਝ ਦਾ ਦਾਵਾ ਕਰਦੇ ਹਨ ਉਹਨ੍ਹਾਂ ਵਿੱਚੋਂ ਕਿਨ੍ਹੇ ਹਨ ਜਿਹੜੇ ਪਿੰਡਾਂ ਵਿੱਚ ਜਾ ਕਿ ਉਹਨਾਂੑ ਥਾਵਾਂ ਤੇ ਪ੍ਰਚਾਰ ਕਰਨ ਜਾਂਦੇ ਹਨ ਜਿਥੇ ਥਲੇ ਵਿਛਾਉਣ ਲਈ ਵਧੀਆ ਦਰੀਆਂ ਨਹੀ ਸਗੋਂ ਕਈ ਵਾਰ ਪਰਾਲੀ ਵੀ ਨਹੀ ਮਿਲਦੀ ਬਹੁਤੇ ਰਾਗੀ ਤੇ ਪ੍ਰਚਾਰਕ ਪ੍ਰੋਗਰਾਮ ਕਰਨ ਤੋਂ ਪਹਿਲਾਂ ਮਾਇਆ ਤਹਿ ਕਰਦੇ ਹਨ। ਮੈਂ ਸਾਰਿਆਂ ਦੀ ਗਲ ਨਹੀ ਕਰਦਾ ਕੁੱਝ ਚੰਗੇ ਵੀ ਹਨ। ਪਿੰਡਾਂ ਵਿੱਚ ਏਨੀ ਮਾਇਆ ਕਿਥੇ ਜੋ ਇਹਨ੍ਹਾਂ ਨੂੰ ਕੋਈ ਪਿੰਡ ਬੁਲਾ ਸਕੇ ਕਿਉ ਕਿ ਸਹਿਰਾਂ ਵਾਲਿਆਂ ਨੇ ਮਾਇਆ ਦੇ ਵੱਡੇ ਵੱਡੇ ਗੱਫੇ ਦੇ ਕੇ ਇਹਨ੍ਹਾਂ ਦੀ ਮਤ ਖਰਾਬ ਕਰ ਦਿੱਤੀ ਹੈ ਇਹ ਹੁਣ ਸਹਿਰਾਂ ਦੀ ਚਮਕ ਛੱਡਣ ਲਈ ਤਿਆਰ ਨਹੀ ਹਨ। ਮਲਕ ਭਾਗੋ ਦੇ ਘਰ ਜਾ ਕੇ ਤਾਂ ਸਾਰੇ ਕੀਰਤਨ ਕਥਾ ਕਰ ਆਉਦੇ ਹਨ ਭਾਈ ਲਾਲੋ ਦੇ ਘਰ ਕਉਣ ਜਾਏਗਾ ਜਰਾ ਸੋਚੋ? ਜਿ ਅੱਜ ਭਗਤਾਂ ਨੂੰ ਗੁਰੂ ਬਨਾਉਣ ਦੀ ਦੌੜ ਵਿੱਚ ਸਮਾਜ ਲਗਾ ਹੈ ਤਾਂ ਕੁੱਝ ਕਸੂਰ ਇਹਨਾਂ ਰਾਗੀਆਂ ਪ੍ਰਚਾਰਕਾਂ ਅਤੇ ਤਖਤਾਂ ਤੇ ਬੈਠੇ ਜਥੇਦਾਰਾਂ ਦਾ ਵੀ ਹੈ ਜੋ ਇਹਨ੍ਹਾਂ ਨੂੰ ਗੁਰਮਤਿ ਦਾ ਸਹੀ ਗਿਆਨ ਨਹੀ ਸਕੇ ਸਭ ਸਾਡੀ ਅਗਿਆਨਤਾ ਕਰਕੇ ਹੋ ਰਿਹਾ ਹੈ। ਜਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਆਪ ਸਮਝਿਆ ਅਤੇ ਦੂਸਰਿਆਂ ਨੂੰ ਸਮਝਾਇਆ ਹੁੰਦਾ ਤਾਂ ਇਹ ਭੁਲਾਂ ਕਦੀ ਨਾ ਕਰਦੇ ਜੋ ਕਰ ਰਹੇ ਹਾਂ। ਇਸ ਤਰਾਂ ਲਿੱਖ ਕੇ ਸਾਇਦ ਅਸੀਂ ਇਹ ਮਹਿਸੂਸ ਕਰਵਾ ਰਹੇ ਹਾਂ ਕਿ ਗੁਰੂ ਅਰਜਨ ਸਾਹਿਬ ਜੀ ਕੋਲੋ ਗੁਰਬਾਣੀ ਲਿੱਖਣ ਸਮੇਂ ਭਗਤਾਂ ਨੂੰ ਗੁਰੂ ਲਿਖਣ ਦੀ ਭੁਲ ਹੋ ਗਈ ਹੈ ਜੋ ਉਹਨ੍ਹਾਂ ਨੇ ਇਹਨਾਂ ਵਿਅਕਤੀਆਂ ਨੂੰ ਭਗਤ ਲਿਖਿਆ ਹੈ। ਜਿਸ ਗੁਰੂ ਜੀ ਨੂੰ ਭੱਟ ਸਾਹਿਬਾਨਾਂ ਨੇ

“ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਹ ਹਰਿ॥” (੧੪੦੮)

ਲਿਖਿਆ ਹੈ ਜਿਸ ਗੁਰੂ ਅਤੇ ਰੱਬ ਬਾਰੇ ਗੁਰਬਾਣੀ ਅੰਦਰ ਇੰਝ ਲਿਖਿਆ ਹੈ।

ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ॥ (੬੧)

ਅਸੀਂ ਉਸ ਗੁਰੂ ਨੂੰ ਭੁਲਣਹਾਰਾ ਸਮਝ ਰਹੇ ਹਾਂ। ਇੱਕ ਗੱਲ ਦਾ ਸਾਨੂੰ ਗਿਆਨ ਹੋਣਾ ਚਾਹੀਦਾ ਕਿ ਗੁਰੂ ਸਰੀਰ ਨਹੀ ਗੁਰੂ ਗਿਆਨ ਹੈ ਜਦੋਂ ਸਿਧ ਗੁਰੂ ਨਾਨਕ ਸਾਹਿਬ ਜੀ ਨੂੰ ਜੀ ਪੁਛਦੇ ਹਨ ਕਿ ਤੁਹਾਡਾ ਗੁਰੂ ਕਉਣ ਹੈ ਤਾਂ ਗੁਰੂ ਜੀ ਨੇ ਕਿਸੇ ਸਰੀਰ ਨੂੰ ਗੁਰੂ ਨਹੀ ਕਿਹਾ ਸਗੋਂ ਸਿਧਾਂ ਨੂੰ ਉਤਰ ਦਿੱਤਾ ਕਿ ਮੇਰਾ ਸ਼ਬਦ ਗੁਰੂ ਹੈ ਅਤੇ ਸੁਰਤ ਚੇਲਾ ਜੋ ਸਿਧਾਂ ਦੀ ਗੁਰੂ ਜੀ ਨਾਲ ਵਿਚਾਰ ਚਰਚਾ ਹੋਈ ਉਹ ਸਿਧ ਗੋਸ਼ਟਿ ਬਾਣੀ ਵਿੱਚ ਦਰਜ ਹੈ

ਸਵਾਲ

ਕਵਣ ਮੂਲੁ ਕਵਣ ਮਤਿ ਵੇਲਾ॥ ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ॥

ਜਵਾਬ ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ (੯੪੧)

ਜਿ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਸ਼ਬਦ ਹੈ ਤਾਂ ਸਾਡਾ ਗੁਰੂ ਕਿਵੇਂ ਸਰੀਰ ਹੋ ਸਕਦਾ ਹੈ? ਸਰੀਰ ਨੂੰ ਗੁਰੂ ਨਹੀ ਕਿਹਾ ਗਿਆ ਗਿਆਨ ਨੂੰ ਗੁਰੂ ਕਿਹਾ ਗਿਆ ਹੈ। ਤੇ ਗਿਆਨ ਗੁਰੂ ਦਾ ਚੇਲਾ ਵੀ ਕੋਈ ਸਰੀਰ ਨਹੀ ਸਗੋਂ ਸੁਰਤ ਹੀ ਹੋ ਸਕਦੀ। ਸਾਨੂੰ ਆਪਣੇ ਆਪਣੇ ਮਨਾਂ ਵਿੱਚ ਝਾਤ ਮਾਰਨੀ ਚਾਹੀਦੀ ਹੈ ਕਿ ਅਸੀ ਅੱਜ ਤੱਕ ਕਿੰਨੀ ਵਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਆਪ ਕੀਤਾ ਹੈ ਅਤੇ ਅਰਥ ਪੜੇ ਹਨ। ਕਿਸੇ ਸਕੂਲ ਜਾਂ ਕਾਲਜ ਦਾ ਵਿਦਿਆਰਥੀ ਪਹਿਲੇ ਸਥਾਨ ਤੇ ਇਸ ਕਰਕੇ ਆਉਦਾ ਹੈ ਕਿ ਉਸ ਨੇ ਦਿਨ ਰਾਤ ਮਿਹਨਤ ਕਰਕੇ ਪੜਾਈ ਕੀਤੀ ਹੈ। ਜਿ ਉਹ ਆਪਣੀਆਂ ਕਿਤਾਬਾਂ ਨੂੰ ਕੇਵਲ ਵਧੀਆ ਵਧੀਆ ਕਪੜਿਆਂ ਵਿੱਚ ਲਪੇਟ ਕੇ ਪਿੰਡਾਂ ਅਤੇ ਸਹਿਰਾਂ ਵਿੱਚ ਕੇਵਲ ਚੱਕਰ ਹੀ ਲੁਆਈ ਜਾਏ ਤਾਂ ਉਹ ਵਿਦਿਆਰਥੀ ਪਹਿਲਾ ਸਥਾਨ ਤਾਂ ਕੀ ਉਹ ਪਾਸ ਵੀ ਨਹੀ ਹੋ ਸਕੇਗਾ। ਜੇ ਪੁਰਾਤਨ ਸਿੱਖ ਆਪਣੀ ਜਿੰਦਗੀ ਚੜਦੀ ਕਲਾ ਵਿੱਚ ਜਿਊ ਕਿ ਜਿੰਦਗੀ ਦੇ ਪਹਿਲੇ ਸਥਾਨ ਤੇ ਆਉਦੇ ਸਨ ਤਾਂ ਉਹਨ੍ਹਾਂ ਆਪਣਾਂ ਬੰਦ ਬੰਦ ਤਾਂ ਭਾਵੇ ਕਟਵਾ ਲਿਆ ਪਰ ਆਪਣੇ ਗੁਰੂ ਨੂੰ ਪਿਠ ਨਹੀ ਸੀ ਦਿੱਤੀ ਕਿਉਕਿ ਉਹਨ੍ਹਾਂ ਗੁਰਬਾਣੀ ਨੂੰ ਸਮਝਿਆ ਅਤੇ ਉਸ ਅਨੁਸਾਰ ਜੀਵਨ ਬਤੀਤ ਕੀਤਾ ਸੀ। ਪਰ ਅੱਜ ਦਾ ਸਿੱਖ ਕੇਵਲ ਗੁਰਬਾਣੀ ਦੀਆਂ ਪ੍ਰਭਾਤ ਫੇਰੀਆਂ ਜਾਂ ਨਗਰ ਕੀਰਤਨ ਹੀ ਕਢੀ ਜਾ ਰਿਹਾ ਹੈ। ਸਮਾਜ ਵਿੱਚ ਜਾਗਰਤੀ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਘੁਮਾਉਣ ਨਾਲ ਨਹੀ ਆਵੇਗੀ ਇਸ ਨੂੰ ਖੁਦ ਪੜਨ ਅਤੇ ਵਿਚਾਰਨ ਦੀ ਆਦਤ ਪਾਈਏ ਠੇਕਿਆਂ ਤੇ ਪਾਠ ਕਰਾਉਣ ਦੀ ਪਿਰਤ ਨੂੰ ਬੰਦ ਕਰੀਏ ਤਾਂ ਜੋ ਗੁਰੂ ਜੀ ਦੇ ਸਚਿਆਰੇ ਸਿੱਖ ਬਣ ਸਕੀਏ। ਮੇਰੀ ਭਾਈ ਜੀਵਨ ਸਿੰਘ ਜੀ ਦੇ ਵਾਰਸਾਂ ਨੂੰ ਬੇਨਤੀ ਹੈ ਕਿ ਤੁਸੀ ਵੀ ਆਪਣਾ ਫਰਜ ਪਹਿਚਾਣੋ ਤੁਹਾਨੂੰ ਗੁਰੂ ਜੀ ਨੇ ਰਘਰੇਟਾ ਗੁਰੂ ਕਾ ਬੇਟਾ ਕਹਿ ਕੇ ਮਾਣ ਦਿਤਾ ਸੀ ਪਰ ਅੱਜ ਤੁਸੀ ਵੀ ਗੁਰੂ ਜੀ ਦੀ ਗੋਦ ਨੂੰ ਬੇਦਾਵਾ ਦੇ ਕੇ ਦੂਜਿਆਂ ਦੀ ਗੋਦ ਵਿੱਚ ਜਾ ਬੈਠੇ ਹੋ।

ਜਾ ਕੋ ਠਾਕੁਰੁ ਊਚਾ ਹੋਈ॥ ਸੋ ਜਨੁ ਪਰ ਘਰ ਜਾਤ ਨ ਸੋਹੀ॥ (੩੨੮)

ਦੇ ਮਹਾਵਾਕ ਅਨੁਸਾਰ ਜਿਸ ਇਨਸਾਨ ਦਾ ਗੁਰੂ, ਮਾਲਕ, ਏਨਾ ਵੱਡਾ ਹੋਵੇ ਕਿ ਜਿਸ ਦੀ ਸਖਸੀਅਤ ਨੂੰ ਵੇਖ ਕਿ ਸਮੇ ਦਾ ਬਾਦਸ਼ਾਹ ਵੀ ਝੁਕ ਜਾਏ ਉਸ ਗੁਰੂ ਦਾ ਮੁਰੀਦ ਗੁਰੂ ਨੂੰ ਛੱਡ ਕੇ ਕਿਸੇ ਹੋਰ ਦੇਵੀ ਦੇਵਤੇ ਦੀ ਉਪਾਸਨਾ ਕਰੇ ਤਾਂ ਇਸ ਨਾਲ ਮੁਰੀਦ ਦੀ ਸੋਭਾ ਵਧਦੀ ਨਹੀ ਸਗੋਂ ਘਟਦੀ ਹੈ। ਜਰਾ ਸੋਚੋ ਭਾਈ ਜੀਵਨ ਸਿੰਘ ਜੀ ਦੇ ਵਾਰਸੋ ਭਾਈ ਜੀ ਨੇ ਤਾਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਲਿਆ ਕਿ ਆਪਣੇ ਪੁਤਰ ਹੋਣ ਦਾ ਫਰਜ ਨਿਭਾਇਆ ਪਰ ਤੁਸੀ ਉਸ ਸੀਸ ਨੂੰ ਸਾਂਭ ਨਾ ਸਕੇ ਉਸ ਗੁਰੂ ਦੀ ਬਖਸੀ ਹੋਈ ਦਸਤਾਰ ਤਿਆਗ ਕੇ ਸਿਰਾਂ ਤੇ ਟੋਪੀਆਂ ਪਾ ਲਈਆਂ ਗੁਰੂ ਵਲੋਂ ਬਖਸਿਆ ਕੜਾ ਤਿਆਗ ਕੇ ਹੱਥਾਂ ਵਿੱਚ ਲਾਲ ਕਾਲੇ ਧਾਗੇ ਬੰਨ ਲਏ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਨ ਦੀ ਥਾਂ ਗਾਇਤ੍ਰੀ ਮੰਤ੍ਰ ਅਤੇ ਮਾਤਾ ਦੀਆਂ ਭੇਟਾ ਗਾਉਣੀਆਂ ਸੁਰੂ ਕਰ ਦਿੱਤੀਆਂ ਹਨ। ਆਉ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ ਲਗੋ ਅਤੇ ਖੁਦ ਗੁਰਬਾਣੀ ਪੜ ਸਮਝ ਕੇ ਉਹਨ੍ਹਾਂ ਲੋਕਾਂ ਨੂੰ ਦਸ ਦਿਉ ਜਿਹੜੇ ਤੁਹਾਨੂੰ ਅਛੂਤ ਸਮਝ ਦੇ ਹਨ। ਕਿ ਅਛੂਤ ਅਸੀ ਨਹੀ ਤੁਸੀ ਹੋ ਜਿਹੜ੍ਹੇ ਅੱਜ ਤੱਕ ਕੇਵਲ ਵੱਡੀਆਂ ਜ਼ਾਤਾਂ ਦਾ ਹੰਕਾਰ ਹੀ ਕਰਦੇ ਰਹੇ ਹੋ ਅਸੀ ਤਾਂ ਭਗਤ ਕਬੀਰ ਜੀ ਕੋਲੋ ਇਹ ਸਿਖਿਆ ਲੈ ਲਈ ਹੈ ਕਿ:

ਕਬੀਰ ਮੇਰੀ ਜਾਤਿ ਕਉ ਸਭੁ ਕੋ ਹਸਨੇਹਾਰੁ॥ ਬਲਿਹਾਰੀ ਇਸ ਜਾਤਿ ਕਉ ਜਿਹ ਜਪਿਓ ਸਿਰਜਨਹਾਰੁ॥ (੧੩੬੩)

ਗੁਰੂ ਜੀ ਨੇ ਜਿਹੜੀ ਕ੍ਰਾਤੀ ਕਾਰੀ ਵੀਚਾਰ ਸਾਨੂੰ ਬਖਸ਼ਸ਼ ਕੀਤੀ ਹੈ ਉਸ ਨੂੰ ਆਪਣੇ ਜੀਵਨ ਦਾ ਅਧਾਰ ਬਣਾਈਏ ਜੇ ਜੁਲਮ ਕਰਨਾਂ ਪਾਪ ਹੈ ਤਾਂ ਜੁਲਮ ਸਹਿਣਾਂ ਉਸ ਤੋਂ ਵੀ ਜਿਆਦਾ ਪਾਪਾ ਹੈ। ਜੇ ਜ਼ਾਤ ਦਾ ਹੰਕਾਰ ਕਰਨਾਂ ਗਲਤ ਹੈ ਤਾਂ ਆਪਣੀ ਜ਼ਾਤ ਨੂੰ ਦੂਜਿਆਂ ਨਾਲੋ ਛੋਟੀ ਸਮਝਣਾਂ ਉਸ ਤੋਂ ਵੀ ਜਿਆਦਾ ਗਲਤ ਹੈ। ਸਾਹਿਬਾਂ ਦਾ ਬਚਨ ਹੈ।

ਜਾਤੀ ਦੈ ਕਿਆ ਹਥਿ ਸਚੁ ਪਰਖੀਐ॥ ਮਹੁਰਾ ਹੋਵੈ ਹਥਿ ਮਰੀਐ ਚਖੀਐ॥ (੧੪੨)

ਭਾਵ ਜਾਤ ਦੇ ਹੱਥ ਕੁੱਝ ਨਹੀ ਧਰਮ ਦੀ ਦੁਨੀਆਂ ਵਿੱਚ ਕੇਵਲ ਕੀਮਤ ਸਚ ਦੀ ਹੀ ਪੈਦੀ ਹੇ। ਇਸ ਲਈ ਗੁਰਬਾਣੀ ਦਾ ਆਸਰਾ ਲੈ ਕਿ ਆਪਣੇ ਜੀਵਨ ਵਿੱਚ ਰੌਸਨੀ ਕਰੀਏ ਜੇ ਗੁਰਬਾਣੀ ਨਾਲੋ ਟੁਟ ਗਏ ਤਾਂ ਖੁਆਰੀ ਹੀ ਪਲੇ ਪਵੇਗੀ ਜੇ ਗੂਰਬਾਣੀ ਅਨੁਸਾਰ ਜੀਵਨ ਬਣ ਗਿਆ ਤਾਂ ਸਾਰੇ ਸੁਖ ਸਾਡੇ ਹਿਰਦੇ ਵਿੱਚ ਹੀ ਪੈਦਾ ਹੋ ਜਾਣਗੇ ਬਾਹਰ ਭਟਕਣ ਦੀ ਲੋੜ ਨਹੀ ਪਵੇਗੀ।

ਹਰਿ ਬਿਸਰਤ ਸਦਾ ਖੁਆਰੀ॥ ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ॥ ੧॥ ਰਹਾਉ॥ ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ॥ ਨਵ ਖੰਡਨ ਕੋ ਰਾਜੁ ਕਮਾਵੈ ਅੰਤਿ ਚਲੈਗੋ ਹਾਰੀ॥ ੧॥ ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾ ਕਉ ਕਿਰਪਾ ਧਾਰੀ॥ ਸੋ ਸੁਖੀਆ ਧੰਨੁ ਉਸੁ ਜਨਮਾ ਨਾਨਕ ਤਿਸੁ ਬਲਿਹਾਰੀ॥ ੨॥
.