.

ਅਖੌਤੀ ਦਸਮ ਗ੍ਰੰਥ ਅਤੇ ਮਰਯਾਦਾ ਬਾਰੇ ਕੁੱਝ ਸਵਾਲ ਜੋ ਗੰਭੀਰ ਧਿਆਨ ਮੰਗਦੇ ਹਨ-

(04/26/09 ਨੂੰ ਸ਼ੇਰਿ-ਪੰਜਾਬ ਰੇਡੀਓ ਕਨੇਡਾ ਤੇ ਦਸਮ ਗ੍ਰੰਥ ਬਾਰੇ ਟਕਸਾਲੀ ਸਿੰਘ ਕਾਲਰਾਂ ਦੇ ਸਵਾਲਾਂ ਦੇ ਜੁਆਬ ਦੇਣ ਦੀ ਥਾਂ ਬਹੁਤਾ ਆਪਣੇ ਲੰਬੇ ਵਿਚਾਰ ਹੀ ਦਿੰਦੇ ਰਹੇ ਐਸਾ ਕਿਉਂ?)

* ਕੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰਲੇ ਕਿਸੇ ਗ੍ਰੰਥ ਦੀ ਬਾਣੀ ਨੂੰ “ਗੁਰਤਾ ਪ੍ਰਾਪਤ ਬਾਣੀ” ਕਿਹਾ ਜਾ ਸਕਦਾ ਹੈ? ਗੁਰੂ ਗ੍ਰੰਥ ਜੀ ਦੀ ਮਹਾਂਨਤਾ ਘਟਾਉਣ ਲਈ ਤਾਂ ਹੋਰ ਗ੍ਰੰਥ “ਗੁਰੂ ਗ੍ਰੰਥ” ਦੇ ਬਰਾਬਰ ਪ੍ਰਕਾਸ਼ ਤਾਂ ਨਹੀਂ ਕੀਤੇ ਜਾ ਰਹੇ?
* ਸਿੱਖ ਧਰਮ ਦੇ ਬਾਨੀ ਜਗਤ ਗੁਰੂ ਨਾਨਕ ਦੇਵ ਜੀ ਹਨ ਜਾਂ ਉਨ੍ਹਾਂ ਦੇ ਦਸਵੇਂ ਜਾਂਨਸ਼ੀਨ ਗੁਰੂ ਗੋਬਿੰਦ ਸਿੰਘ ਜੀ?
* ਜੇ ਬਾਕੀ ਗੁਰੂ ਸਾਹਿਬਾਨਾਂ ਨੇ ਬਾਣੀ ਰਚਣ ਸਮੇਂ “ਨਾਨਕ” ਨਾਮ ਦੀ ਮੋਹਰ ਲਾਈ ਹੈ ਭਾਵ ਆਪਣਾ ਨਾਂ ਨਹੀਂ ਵਰਤਿਆ ਸਗੋਂ ਜਗਤ ਗੁਰੂ ਨਾਨਕ ਦਾ ਨਾਮ ਹੀ ਵਰਤਿਆ ਹੈ। ਜੇ ਗੁਰੂ ਗੋਬਿੰਦ ਸਿੰਘ ਜੀ ਵੀ ਬਾਣੀ ਰਚਦੇ ਤਾਂ ਉਨ੍ਹਾਂ ਵੀ “ਨਾਨਕ” ਸ਼ਬਦ ਹੀ ਵਰਤਣਾ ਸੀ ਪਰ ਦਸਮ ਗ੍ਰੰਥ ਵਿਖੇ ਐਸਾ ਕਿਉਂ ਨਹੀਂ?
* ਕੀ ਦਸਵੇਂ ਗੁਰੂ ਦਾ ਪੰਥ ਬਾਕੀ ਗੁਰੂਆਂ ਤੋਂ ਵੱਖਰਾ ਸੀ?
* ਕੰਮਪੈਰੇਟਿਵ ਸਟੱਡੀ ਵਾਸਤੇ ਤੁਸੀਂ ਦੁਨੀਆਂ ਦਾ ਕੋਈ ਵੀ ਗ੍ਰੰਥ ਪੜ੍ਹ ਸਕਦੇ ਹੋ। ਕੀ ਐਸੇ ਕਿਸੇ ਲਿਖਾਰੀ ਦੇ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਕਿਹਾ ਜਾ ਸਕਦਾ ਹੈ?
* ਜੇ ਮੰਨ ਲਿਆ ਜਾਵੇ ਕਿ ਅਖੌਤੀ ਦਸਮ ਗ੍ਰੰਥ ਬਾਕੀ ਹੋਰ ਹਿੰਦੂ ਗ੍ਰੰਥਾਂ ਦਾ ਉਲੱਥਾ ਹੈ ਤਾਂ ਉਹ ਬਾਕੀ ਗ੍ਰੰਥਾਂ ਦੇ ਉਲੱਥੇ ਦੀ ਇੱਕ ਪੋਥੀ ਜਾਂ ਕਿਤਾਬ ਮੰਨੀ ਜਾ ਸਕਦੀ ਹੈ ਨਾਂ ਕਿ ਗੁਰੂ ਦੀ ਬਾਣੀ?
* ਗੁਰੂ ਗ੍ਰੰਥ ਸਾਹਿਬ ਵਿਖੇ ਗੁਰੂਆਂ ਤੋਂ ਬਿਨਾਂ ਜਿੰਨੇ ਵੀ ਹੋਰ ਭਗਤਾਂ, ਭੱਟਾਂ ਅਤੇ ਗੁਰਸਿੱਖਾਂ ਦੀ ਬਾਣੀ ਆਈ ਹੈ ਸਭ ਦੇ ਨਾਂਮ ਲਿਖੇ ਹੋਏ ਹਨ ਜੇ ਦਸਵੇਂ ਗੁਰੂ ਜੀ ਨੇ ਕੋਈ ਬਾਣੀ ਰਚੀ ਤਾਂ ਆਪਣਾ ਨਾਂ ਕਿਉਂ ਨਹੀਂ ਲਿਖਿਆ ਜਾਂ “ਨਾਨਕ” ਨਾਮ ਦੀ ਮੋਹਰ ਕਿਉਂ ਨਹੀਂ ਲਾਈ?
* ਜੇ ਦਸਮ ਗ੍ਰੰਥ ਹੈ, ਤਾਂ ਫਿਰ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ, ਛੇਵਾਂ, ਸਤਵਾਂ, ਅਠਵਾਂ ਅਤੇ ਨੌਵਾਂ ਗ੍ਰੰਥ ਕਿੱਥੇ ਹਨ? ਕੀ ਗੁਰੂ ਗ੍ਰੰਥ ਸਾਹਿਬ ਪਹਿਲਾ ਗ੍ਰੰਥ ਹੈ? ਕੀ ਗੁਰੂ ਜੀ ਗਿਣਤੀ ਮਿਣਤੀ ਦੇ ਗ੍ਰੰਥ ਲਿਖਣੇ ਚਾਹੁੰਦੇ ਸਨ? ਕੀ ਗੁਰੂ ਜੀ ਨੇ ਲੋਕਾਈ ਨੂੰ ਸ਼ਬਦ ਗੁਰੂ ਨਾਲ ਜੋੜਿਆ ਜਾਂ ਗ੍ਰੰਥਾਂ ਨਾਲ?
* ਜੇ ਬਾਕੀ ਗੁਰੂਆਂ ਭਗਤਾਂ ਅਤੇ ਗੁਰਸਿੱਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਖੇ ਦਰਜ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਕਿਉਂ ਨਹੀਂ? ਜਦ ਕਿ ਦਸਾਂ ਗੁਰਾਂ ਦੀ ਇੱਕ ਜੋਤਿ ਹੈ।
* ਕੀ ਗੁਰੂ ਵਲੋਂ ਬਾਣੀ ਰਚਨੀ ਜਰੂਰੀ ਸੀ? ਤਾਂ ਫਿਰ 6ਵੇਂ, 7ਵੇਂ ਅਤੇ 8ਵੇਂ ਗੁਰੂ ਨੇ ਕਿਉਂ ਨਾਂ ਰਚੀ? ਸਗੋਂ ਬਾਕੀ ਗੁਰੂਆਂ ਦੀ ਬਾਣੀ ਦਾ ਹੀ ਪ੍ਰਚਾਰ ਕੀਤਾ ਹੈ ਕੀ ਉਹ ਗੁਰੂ ਨਹੀਂ ਸਨ?
* ਇਤਿਹਾਸਕਾਰ ਮੰਨਦੇ ਹਨ ਕਿ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਕਾਫੀ ਚਿਰ ਬਾਅਦ ਹੋਂਦ ਵਿੱਚ ਆਇਆ ਪਹਿਲਾਂ ਇਸ ਦਾ ਨਾਂ ਵੀ ਦਸਮ ਗ੍ਰੰਥ ਨਹੀਂ ਸੀ। ਇਧਰੋਂ ਓਧਰੋਂ ਕਵੀਆਂ ਦੀਆਂ ਰਚਨਾਵਾਂ ਇਕੱਠੀਆਂ ਕੀਤੀਆਂ ਹੋਈਆਂ ਹਨ। ਫਿਰ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਕਿਵੇਂ ਹੋ ਸਕਦਾ ਹੈ?
* ਗੁਰੂ ਗ੍ਰੰਥ ਸਾਹਿਬ ਵਿਖੇ ਅਕਾਲ ਪੁਰਖ ਦੀ ਉਸਤਤਿ ਹੈ ਅਤੇ ਦਸਮ ਗ੍ਰੰਥ ਵਿਖੇ ਦੁਨੀਆਂ ਭਰ ਦੇ ਅਖੌਤੀ ਦੇਵੀ ਦੇਵਤਿਆਂ ਦੀ ਹੱਦੋਂ ਵੱਧ ਉਪਮਾਂ ਕੀਤੀ ਗਈ ਹੈ। ਕੀ ਗੁਰੂ ਜੀ ਐਸਾ ਕਰ ਸਕਦੇ ਸਨ?
* ਗੁਰੂ ਗ੍ਰੰਥ ਸਾਹਿਬ ਸੰਸਾਰ ਦੀ ਰਚਨਾਂ ਸੱਚੇ ਕਰਤਾਰ ਤੋਂ ਮੰਨਦੇ ਹਨ ਪਰ ਦਸਮ ਗ੍ਰੰਥ ਕਿਸੇ ਦੇ ਕੰਨਾਂ ਦੀ ਮੈਲ ਤੋਂ ਸ੍ਰਿਸ਼ਟੀ ਰਚਨਾਂ ਮੰਨਦਾ ਦਾ ਹੈ। ਕੀ ਗੁਰੂ ਜੀ ਆਪਾ ਵਿਰੋਧੀ ਅਣਹੋਣੀਆਂ ਗੱਲਾਂ ਲਿਖ ਸਕਦੇ ਸਨ?
* ਗੁਰੂ ਗ੍ਰੰਥ ਸਾਹਿਬ ਵਿਖੇ ਇਸਤ੍ਰੀ ਨੂੰ ਮਰਦ ਦੇ ਬਰਾਬਰ ਮਾਨਤਾ ਦਿੱਤੀ ਗਈ ਹੈ ਪਰ ਅਖੌਤੀ ਦਸਮ ਗ੍ਰੰਥ ਇਸਤ੍ਰੀਆਂ ਦੀ ਨਿੰਦਿਆ ਕਰਦਾ ਹੋਇਆ ਕਹਿੰਦਾ ਹੈ ਕਿ ਇਸਤ੍ਰੀ ਪੈਦਾ ਕਰਕੇ ਰੱਬ ਨੇ ਬਹੁਤ ਵੱਡੀ ਭੁੱਲ ਕੀਤੀ ਹੈ। ਕੀ ਐਸਾ ਗ੍ਰੰਥ ਗੁਰੂ ਦਾ ਹੋ ਸਕਦਾ ਹੈ?
* ਦੁਨੀਆਂ ਭਰ ਦਾ ਲੁੱਚਪੁਣਾ ਜੋ ਤ੍ਰਿਆ ਚਰਿਤ੍ਰਾਂ ਤੇ ਹਕਾਇਤਾਂ ਵਿਖੇ ਚਿਤਰਿਆ ਗਿਆ ਹੈ ਜਿਸ ਨੂੰ ਪੜ੍ਹਦੇ-ਸੁਣਦੇ ਵੀ ਸ਼ਰਮ ਆਉਂਦੀ ਹੈ ਜਿਵੇਂ ਭਰਾ ਭੈਣ ਨਾਲ, ਪਿਉ ਧੀ ਨਾਲ ਅਤੇ ਪਤੀ ਬੇਗਾਨੀਆਂ ਔਰਤਾਂ ਨਾਲ ਵਿਸ਼ੇ ਭੋਗਦਾ ਦਰਸਾਇਆ ਗਿਆ ਹੈ। ਕੀ ਐਸੀ ਗੰਦੀ ਰਚਨਾਂ ਗੁਰੂਆਂ ਦੇ ਨਾਂ ਨਾਲ ਜੋੜੀ ਜਾ ਸਕਦੀ ਹੈ ਜੇ ਨਹੀਂ ਤਾਂ ਐਸਾ ਕਿਉਂ? ਫਿਰ ਇਸ ਦੀ ਕਥਾ ਸੰਗਤ ਵਿੱਚ ਕਿਉਂ ਨਹੀਂ ਹੁੰਦੀ?
* ਗੁਰੂ ਗ੍ਰੰਥ ਸਾਹਿਬ ਵਿਖੇ ਦੁਨੀਆਂ ਦੇ ਮਾਰੂ ਨਸ਼ਿਆਂ ਨੂੰ ਤਿਆਗਣ ਦਾ ਉਪਦੇਸ਼ ਹੈ ਪਰ ਦਸਮ ਗ੍ਰੰਥ ਸ਼ਰਾਬ, ਭੰਗ, ਪੋਸਤ, ਅਫੀਮ ਧਤੂਰਾ ਆਦਿ ਨਸ਼ਿਆਂ ਦੀ ਖੁਲ੍ਹੀ ਵਰਤੋਂ ਕਰਕੇ ਔਰਤਾਂ ਕੋਲ ਜਾਣ ਦਾ ਉਪਦੇਸ਼ ਦਿੰਦਾ ਹੈ। ਕੀ ਗੁਰੂ ਜੀ ਨਸ਼ੇ ਸੇਵਨ ਕਰਕੇ ਪਰਾਈਆਂ ਔਰਤਾਂ ਕੋਲ ਜਾਣ ਬਾਰੇ ਲਿਖ ਸਕਦੇ ਸਨ?
* ਅਖੌਤੀ ਦਸਮ ਗ੍ਰੰਥ ਵਿਖੇ ਹਿੰਦੂਆਂ ਦੀ ਖਾਤਰ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਦਾ ਤਾਂ ਵਰਨਣ ਹੈ ਪਰ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਅਤੇ ਚੋਟੀ ਦੇ ਸ਼ਹੀਦ ਸਿੱਖਾਂ ਦਾ ਜਿਕਰ ਕਿਉਂ ਨਹੀਂ?
* ਕੀ ਗੁਰੂ ਤੇਗ ਬਹਾਦਰ ਜੀ ਨੇ ਮਜਲੂਮ ਹਿੰਦੂਆਂ ਦੀ ਖਾਤਰ ਕੁਰਬਾਨੀ ਦਿੱਤੀ ਜਾਂ ਤਿਲਕ ਜੰਝੂ ਦੀ ਖਾਤਰ?
* ਕੀ ਐਸੇ ਸਮਾਜ ਵਿਰੋਧੀ ਗ੍ਰੰਥ ਤੋਂ ਬਿਨਾਂ ਸਿੱਖਾਂ ਦਾ ਪਾਰਉਤਾਰਾ ਨਹੀਂ ਹੋ ਸਕਦਾ?
* ਕੀ ਦਸਵੇਂ ਗੁਰੂ ਨੇ ਗੁਰਤਾ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਕਿ ਅਖੌਤੀ ਦਸਮ ਗ੍ਰੰਥ ਨੂੰ?
* ਕੀ ਅੰਮ੍ਰਿਤ ਸੰਚਾਰ ਦੀ ਰਸਮ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੰਪੂਰਨ ਨਹੀਂ? ਜੇ ਹੈ ਤਾਂ ਹੋਰ ਬਾਹਰੋਂ ਮੰਗਣ ਦੀ ਲੋੜ ਕੀ ਹੈ? ਭਾਵ ਕਿਸੇ ਦਸਮ ਗ੍ਰੰਥ ਦੀ ਰਚਨਾਂ ਵਿੱਚ ਰਲਾਉਣ ਦੀ ਕੀ ਜਰੂਰਤ ਹੈ? ਗੁਰੂ ਤਾਂ ਫੁਰਮਾਂਦੇ ਹਨ ਕਿ “ਜੇ ਘਰਿ ਹੋਂਦੇ ਮੰਗਣ ਜਾਈਏ ਫਿਰਿ ਉਲਾਮਾ ਮਿਲੇ ਤਹੀ॥ (ਗੁਰੂ ਗ੍ਰੰਥ)
* ਕੀ ਕੇਵਲ ਗੁਰੂ ਗ੍ਰੰਥ ਸਹਿਬ ਜੀ, ਜਿਨ੍ਹਾਂ ਨੂੰ ਗੁਰਤਾ ਪ੍ਰਾਪਤ ਹੈ, ਜੋ ਮੌਕੇ ਦੇ ਗੁਰੂ ਹਨ, ਉਨ੍ਹਾਂ ਦੀ ਪਾਵਨ ਪਵਿੱਤ੍ਰ ਬਾਣੀ ਪੜ੍ਹ ਕੇ ਅੰਮ੍ਰਿਤ ਨਹੀਂ ਛਕਾਇਆ ਜਾ ਸਕਦਾ?
* ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਨਿਤਨੇਮ ਸਿੱਖ ਨੂੰ ਕਰਨਾਂ ਚਾਹੀਦਾ ਹੈ ਜਾਂ ਕਿਸੇ ਹੋਰ ਗ੍ਰੰਥ ਦੀ ਬਾਣੀ ਦਾ?
* ਟਕਸਾਲੀ, ਸੰਪ੍ਰਦਾਈ ਡੇਰੇਦਾਰ ਆਪੋ ਆਪਣੀ ਮਰਯਾਦਾ ਬਣਾਈ ਫਿਰਦੇ ਹਨ ਪਰ ਪੰਥਕ ਮਰਯਾਦਾ ਨੂੰ ਮਾਨਤਾ ਨਹੀਂ ਦਿੰਦੇ ਜੇ ਇਹ ਸੱਚ ਹੈ ਤਾਂ ਕੀ ਇਹ ਲੋਕ ਪੰਥ ਵਿੱਚ ਫੁੱਟ ਨਹੀਂ ਪਾ ਰਹੇ? ਹਾਂ ਮਜੂਦਾ ਪੰਥਕ ਰਹਿਤ ਮਰਯਾਦਾ ਵਿੱਚ ਇਸ ਮੌਕੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਮੁਤਾਬਿਕ ਸੋਧਾਂ ਹੋ ਸਕਦੀਆਂ ਹਨ ਜੋ ਪੰਥਕ ਏਕਤਾ ਅਤੇ ਗੁਰ ਸਿਧਾਂਤਾਂ ਨੂੰ ਮੁੱਖ ਰੱਖਕੇ ਕਰਨੀਆਂ ਵੀ ਚਾਹੀਦਆਂ ਹਨ।
* ਅਕਾਲ ਤਖਤ ਦਾ ਨਾਂ ਵਰਤਨ ਵਾਲੇ ਟਕਸਾਲੀ ਅਤੇ ਡੇਰੇਦਾਰ ਅਕਾਲ ਤਖਤ ਤੋਂ ਪ੍ਰਵਾਣਿਤ ਮਰਯਾਦਾ ਨੂੰ ਕਿਉਂ ਨਹੀਂ ਮੰਨਦੇ? ਇਨ੍ਹਾਂ ਨੇ ਵੱਖਰੀ ਮਰਯਾਦਾ ਛਾਪ ਕੇ ਕਿਉਂ ਵੰਡੀ ਤੇ ਉਸ ਦਾ ਵੱਖਰਾ ਪ੍ਰਚਾਰ ਕਿਉਂ ਕਰ ਰਹੇ ਹਨ?
* ਟਕਸਾਲੀਆਂ ਦਾ ਨਿਤਨੇਮ, ਰਹਿਰਾਸ ਅਤੇ ਸੋਹਿਲਾ ਪੰਥ ਨਾਲੋਂ ਕਿਉਂ ਵੱਖਰਾ ਹੈ? ਗੁਟਕੇ ਦੇਖੋ!
* ਰਹਿਰਾਸ ਦੇ ਪਾਠ ਨਾਲ “ਅਖੌਤੀ ਦਸਮ ਗ੍ਰੰਥ” ਵਿੱਚੋਂ ‘ਰਾਮ ਕਥਾ ਜੁਗ ਜੁਗ ਅਟੱਲ, ਅੜਿਲ ਅਤੇ ਤ੍ਰਿਆ ਚਰਿਤ੍ਰ ਚੋਂ ਦੋਹਰੇ ਕਿਉਂ ਪੜ੍ਹੇ ਜਾਂਦੇ ਹਨ?
* ਪੰਥਕ ਮਰਯਾਦਾ ਵਿੱਚ ਵੀ ਸੋਧ ਦੀ ਲੋੜ ਹੈ ਕਿਉਂਕਿ ਜਦ ਬਣੀ ਸੀ ਓਦੋਂ ਕਈ ਸੰਪ੍ਰਦਾਈ ਤੇ ਡੇਰੇਦਾਰ ਵੀ ਹਾਵੀ ਸਨ ਜੋ ਕਈ ਫੈਂਸਲੇ ਜਿਵੇਂ ਰਾਗ ਮਾਲਾ ਪੜੋ ਜਾਂ ਨਾਂ ਪੜ੍ਹੋ, ਕੇਸਕੀ, ਕੁੱਠਾ ਮਾਸ ਅਤੇ ਨਿਤਨੇਮ ਅਤੇ ਖੰਡੇ ਦੀ ਪਾਹੁਲ ਵੇਲੇ ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਪ੍ਰਾਪਤ ਬਾਣੀ ਪੜ੍ਹਨੀ ਆਦਿਕ ਮਸਲੇ ਹੱਲ ਕਰਨ ਦੀ ਬਜਾਏ ਵਿੱਚੇ ਲਟਕਦੇ ਛੱਡ ਗਏ ਕਿਉਂ?
* ਕੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਜੀ ਦੇ ਨਿਰਮਲ ਪੰਥ ਨੂੰ ਖਾਲਸਾ ਪੰਥ ਦਾ ਨਾਂ ਦਿੱਤਾ ਸੀ ਜਾਂ ਕੋਈ ਡੇਰਾ, ਸੰਪ੍ਰਦਾ ਜਾਂ ਟਕਸਾਲ ਦਾ? ਭਾਵ ਗੁਰੂ ਨੇ ਖ਼ਾਲਸਾ ਪੰਥ ਸਾਜਿਆ ਸੀ ਜਾਂ ਡੇਰੇ ਅਤੇ ਟਕਸਾਲਾਂ?
* ਕੀ ਬ੍ਰਾਹਮਣ ਦੀ ਮੁਥਾਜੀ ਕੱਟਣ ਵਾਲੇ ਗੁਰੂ ਜੀ, ਪੰਜ ਸਿੱਖਾਂ ਨੂੰ ਕਾਂਸ਼ੀ ਬਨਾਰਸ ਵਿਖੇ ਨਿਰਮਲਆਂ ਦੇ ਰੂਪ ਵਿੱਚ ਭੇਜ ਸਕਦੇ ਸਨ? ਕੀ ਗੁਰੂ ਘਰ ਵਿਖੇ ਵਿਦਿਆ ਦਾ ਕੋਈ ਪ੍ਰਬੰਧ ਨਹੀਂ ਸੀ? ਕੀ ਬ੍ਰਾਹਮਣ ਪੰਡਿਤ ਗੁਰੂ ਜੀ ਨਾਲੋਂ ਜਿਆਦੇ ਵਿਦਵਾਨ ਸਨ? ਜਿੱਥੋਂ ਸਿੱਖਾਂ ਨੇ ਸਿੱਖ ਕੇ ਟਕਸਾਲਾਂ ਚਲਾਈਆਂ? ਇਸ ਤੋਂ ਵੱਡੀ ਗੁਰੂ ਨਾਲ ਗਦਾਰੀ ਕੀ ਹੋ ਸਕਦੀ ਹੈ ਕਿ ਗੁਰੂ ਵਿਦਿਆ ਵਿੱਚ ਪੂਰਾ ਨਹੀਂ ਸੀ।
* ਕੀ ਪਹਿਲੇ ਨੌ ਗੁਰੂਆਂ ਵੇਲੇ ਵੀ ਸਿੱਖ ਬ੍ਰਾਹਮਣ ਕੋਲੋਂ ਸਿੱਖਣ ਜਾਂਦੇ ਸਨ? ਜੇ ਨਹੀ ਤਾਂ ਦਸਵੇਂ ਵੇਲੇ ਕਿਉਂ ਗਏ? ਜਾਂ ਗੁਰੂ ਘਰ ਦੀ ਹੇਠੀ ਕਰਨ ਵਾਸਤੇ ਗੁਰੂ ਦੋਖੀਆਂ ਨੇ ਐਸਾ ਲਿਖ ਦਿੱਤਾ?
* ਕੀ ਅਖੌਤੀ ਦਸਮ ਗ੍ਰੰਥ, ਅਜਿਹੇ ਬ੍ਰਾਹਮਣਨੁਮਾਂ ਕਿਸੇ ਨਿਰਮਲੇ, ਉਦਾਸੀ ਜਾਂ ਸੰਪ੍ਰਦਾਈ ਕਵੀਆਂ ਦੀ ਹੀ ਰਚਨਾਂ ਤਾਂ ਨਹੀਂ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਂਨ ਵਿਗਿਆਨਕ ਅਤੇ ਸਰਬਸਾਂਝੀ ਬਾਣੀ ਜੋ ਬ੍ਰਾਹਮਣਵਾਦ, ਪਾਖੰਡਵਾਦ, ਭੇਖਵਾਦ, ਜਾਤ ਪਾਤ, ਛੂਆ ਛਾਤ, ਵਹਿਮਾਂ ਭਰਮਾਂ, ਕਰਮਕਾਂਡਾਂ ਅਤੇ ਸਮਾਜਕ ਨਾਂ ਬਰਾਬਰੀ ਦਾ ਭਰਵਾਂ ਖੰਡਨ ਕਰਦੀ ਹੋਈ ਇਨ੍ਹਾਂ ਤੋਂ ਅਜ਼ਾਦ ਹੋਣ ਦੀ ਸਿੱਧੀ ਬਗਾਵਤ ਸੀ?
* ਕੀ ਇੱਕ ਮਿਆਨ ਵਿੱਚ ਦੋ ਤਲਵਾਰਾਂ ਪਾਈਆਂ ਜਾ ਸਕਦੀਆਂ ਹਨ? ਜੇ ਨਹੀਂ ਤਾਂ ਗੁਰੂ ਗਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਅਸ਼ਲੀਲ ਬਾਣੀ ਨਾਲ ਭਰੀ ਰਚਨਾਂ ਦਾ ਬਰਾਬਰ ਪ੍ਰਕਾਸ਼ ਕਰਕੇ ਹੁਕਮਨਾਮਾਂ ਲਿਆ ਜਾ ਸਕਦਾ ਹੈ? ਕੀ ਇਹ ਜਹਿਰ ਨੂੰ ਅੰਮ੍ਰਿਤ ਨਾਲ ਮਿਲਾਉਣ ਵਾਲੀ ਗੱਲ ਨਹੀਂ? ਜੇ ਹੈ ਤਾਂ ਸੰਪ੍ਰਦਾਈ ਟਕਸਾਲੀ ਅਤੇ ਡੇਰੇਦਾਰ ਐਸਾ ਕਿਉਂ ਕਰ ਰਹੇ ਹਨ?
* ਸਿੱਖਾਂ ਦਾ ਗੁਰੂ ਇੱਕ, ਪੰਥ ਇੱਕ, ਵਿਧਾਨ ਇੱਕ, ਨਿਸ਼ਾਨ ਇੱਕ ਫਿਰ ਗੁਰੂ ਗ੍ਰੰਥ ਸਾਹਿਬ ਬਰਾਬਰ ਕਿਸੇ ਹੋਰ ਗ੍ਰੰਥ ਦੀ ਰਚਨਾਂ ਵੱਖਰੀ ਗੁਰਬਾਣੀ ਕਿਵੇਂ ਮੰਨੀ ਤੇ ਪ੍ਰਕਾਸ਼ ਕੀਤੀ ਜਾ ਸਕਦੀ ਹੈ?
* ਅਖੀਰ ਤੇ ਵਾਸਤਾ ਰੱਬ ਦਾ ਟਕਸਾਲੀਓ! ਸੰਪਦ੍ਰਾਈਓ! ਡੇਰੇਦਾਰੋ ਅਤੇ ਜਥੇਦਾਰੋ! ਇੱਕ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹੋਏ ਆਪਣੇ ਵੱਖਰੇਵੇਂ ਜੋ ਕਿਸੇ ਵੇਲੇ ਕਿਸੇ ਕਾਰਣ ਪੈ ਗਏ ਸਨ ਨੂੰ ਤਿਆਗ ਕੇ ਇੱਕ ਗੁਰੂ ਗ੍ਰੰਥ ਦੀ ਸ਼ਰਣ ਅਤੇ ਪੰਥ ਦੀ ਮਰਯਾਦਾ ਵਿੱਚ ਆ ਕੇ ਗੁਰੂ ਪੰਥ ਦੀ ਸ਼ਾਨ ਵਧਾਓ ਨਾਂ ਕਿ ਵਖਰੇਵੇਂ ਅਤੇ ਬ੍ਰਾਹਮਣੀ ਕਰਮਕਾਂਢ ਹੀ ਅਪਣਾਈ ਰੱਖੋ। ਵੱਧ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਿਰੋਲ ਅਰਥ ਸਿੱਖੋ ਅਤੇ ਇਸ ਦਾ ਘਰ ਘਰ ਵਿਖੇ ਪ੍ਰਚਾਰ ਕਰੋ। ਮਨੋ-ਕਲਪਿਤ ਕਥਾ ਕਹਾਣੀਆਂ ਦਾ ਖਹਿੜਾ ਛੱਡੋ ਜੋ ਗੁਰਬਾਣੀ ਦੇ ਸਿਧਾਂਤ ਨਾਲ ਮੇਲ ਨਹੀਂ ਖਾਂਦੀਆਂ। ਡੇਰੇ, ਟਕਸਾਲਾਂ ਅਤੇ ਸੰਪ੍ਰਦਾਵਾਂ ਜੋ ਗੁਰੂ ਨਾਨਕ ਦੀ ਸ਼ਬਦਾਵਲੀ ਨਹੀਂ ਹਨ ਇਨ੍ਹਾਂ ਦੇ ਨਾਮ ਪੰਥਕ ਸੰਸਥਾਵਾਂ ਵਾਲੇ ਰੱਖੋ ਤਾਂ ਕਿ ਕੌਮ ਨੂੰ ਡੇਰੇ ਸੰਪ੍ਰਦਾਵਾਂ ਤੋਂ ਬਚਾਇਆ ਜਾ ਸਕੇ। ਕੌਮ ਸੰਤ ਸਿਪਾਹੀ ਖਾਲਸੇ ਪੰਥ ਦੇ ਰੂਪ ਵਿੱਚ ਰੂਪਮਾਨ ਹੋ ਕੇ ਵਿਚਰੇ ਨਾਂ ਕਿ ਅਖੌਤੀ ਸੰਤਾਂ ਸਾਧਾਂ ਸੰਪ੍ਰਦਾਈਆਂ ਦੇ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੇ ਸਿੱਖ ਬਣੋ ਨਾਂ ਕਿ ਕਿਸੇ ਅਖੌਤੀ ਸਾਧ ਸੰਤ ਜਾਂ ਡੇਰੇਦਾਰ ਦੇ।
* ਉਪਰਲੇ ਸਾਰੇ ਸਵਾਲ ਪੰਥ ਦੇ ਭਲੇ ਲਈ ਨਿਰਪੱਖ ਹੋ ਕੇ ਵਿਚਾਰਨਾ ਕਰੋ ਜੀ! ਆਪ ਸਭ ਨੂੰ ਗੁਰ ਫਤਿਹ ਬੁਲਾਉਂਦਾ ਹੋਇਆ ਅਰਜ ਕਰਦਾ ਹਾਂ ਕਿ ਸਾਨੂੰ ਸਭ ਨੂੰ ਕਰਤਾਰ ਸੁਮੱਤ ਬਖਸ਼ੇ। ਅਸੀਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨ ਕੇ ਮੱਥਾ ਟੇਕੀਏ, ਪਾਠ, ਕੀਰਤਨ ਅਤੇ ਕਥਾ-ਵਿਚਾਰ ਕਰੀਏ ਅਤੇ ਹੋਰਨਾਂ ਨੂੰ ਵੀ ਗੁਰ ਸਿਧਾਂਤਾਂ ਤੋਂ ਜਾਣੂ ਕਰਵਾ ਕੇ ਅਸਲੀ ਵੰਡ ਛਕਣ ਦਾ ਰੋਲ ਅਦਾ ਕਰੀਏ ਕਿਉਂਕਿ ਵੰਡ ਛਕਣਾ ਇਕੱਲਾ ਲੰਗਰ ਹੀ ਨਹੀਂ ਸਗੋਂ ਗੁਰੂ ਸ਼ਬਦ ਗਿਆਨ ਨੂੰ ਲੋਕਾਈ ਵਿੱਚ ਵੰਡਣਾਂ ਅਸਲ ਸਿਧਾਂਤ ਹੈ। ਬਾਕੀ ਕਿਸੇ ਗ੍ਰੰਥ ਨੂੰ ਸ਼ਬਦ ਗੁਰੂ ਗ੍ਰੰਥ ਦਾ ਸ਼ਰੀਕ ਨਾਂ ਬਣਾਈਏ ਕਿਉਂਕਿ ਗੁਰੂ ਦਾ ਹੁਕਮ ਹੈ-ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ॥ ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥ ਗੁਰੂ ਸਭ ਦਾ ਭਲਾ ਕਰੇ-ਨਾਨਕ ਨਾਮ ਚੜ੍ਹਦੀ ਕਲਾ॥ ਤੇਰੇ ਭਾਣੈ ਸਰਬਤ ਦਾ ਭਲਾ॥
ਅਵਤਾਰ ਸਿੰਘ ਮਿਸ਼ਨਰੀ (510-432-5827)




.