.

ਚਿੰਤਕਾਂ ਦੀ ਚਿੰਤਾ

ਡਾ: ਗੁਰਮੀਤ ਸਿੰਘ ਬਰਸਾਲ (408-209-7072)

ਮਰਜ਼ ਦੀ ਸਮਝ ਆ ਚੁੱਕੀ ਹੈ, ਇਲਾਜ ਕਰਨਾ ਬਾਕੀ ਹੈ, ਇਲਾਜ ਕਦੋਂ, ਕਿਵੇਂ ਤੇ ਕਿਥੋਂ ਸ਼ੁਰੂ ਕਰਨਾ ਹੈ ਵਿਚਾਰ ਜਾਰੀ ਹੈ। ਜੇਕਰ ਕਿਸੇ ਸਰੀਰ ਤੇ ਕੈਂਸਰ, ਜੜਾਂ ਵਾਲਾ ਫੋੜਾ, ਗਿਲਟੀ ਜਾਂ ਉਸ ਸਰੀਰ ਦੇ ਪ੍ਰਤੀਕੂਲ ਸੁਭਾਅ ਵਾਲਾ ਬੇਲੋੜਾ ਮਾਸ ਵੱਧ ਜਾਵੇ ਤਾਂ ਦੁਨੀਆਂ ਭਰ ਦੇ ਡਾਕਟਰ ਸਰੀਰ ਨੂੰ ਬਚਾਉਣ ਲਈ ਤਰੁੰਤ ਉਸ ਕੈਂਸਰ ਨੂੰ ਸਰੀਰ ਵਿਚੋਂ ਕੱਢ ਦੇਂਦੇ ਹਨ ਤਾਂ ਕਿ ਬਾਕੀ ਦਾ ਸਰੀਰ ਰਿਸ਼ਟ-ਪੁਸ਼ਟ ਰਹਿ ਸਕੇ।

ਪਰ ਅਫਸੋਸ ਕਿ ਸਿੱਖ ਪੰਥ ਨੂੰ ਚੰਬੜੇ ਕੈਂਸਰ ਨੂੰ ਬਾਹਰ ਕੱਢਣ ਦੀ ਜਗਾ ਸਗੋਂ ਉਸ ਨੂੰ ਕੱਝਣ ਦੀ ਹੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਕਿ ਹੌਲੀ ਹੌਲੀ ਪੂਰਾ ਸਰੀਰ ਹੀ ਖਤਮ ਹੋ ਜਾਵੇ। ਸਪੋਕਸਮੈਨ, ਸਿੱਖ ਵਿਰਸਾ ਅਤੇ ਸਿੱਖ ਮਾਰਗ ਵਰਗੀਆਂ ਸਟੇਜਾਂ ਤੇ ਗੁਰਮਤਿ ਦੇ ਚਿੰਤਕਾਂ ਦਾ ਇਕੱਠਾ ਹੋਣਾ ਸ਼ੁਭ ਸੰਕੇਤ ਹੈ। ਪਰੰਤੂ ਪੰਥ ਦਰਦੀ, ਗੁਰਮਤਿ ਦੇ ਵਿਦਵਾਨ ਤੇ ਲਿਖਾਰੀ, ਪੰਥਕ ਮਰਜ ਨੇ ਏਨੇ ਝੰਬੇ ਹਨ ਕਿ ਕਲਮਾਂ ਦੇ ਰੁਖ ਇੱਕ ਦੂਜੇ ਵਲ ਕਰਨ ਨੂੰ ਮਿੰਟ ਨਹੀਂ ਲਾਉਂਦੇ। ਹਲਾਤਾਂ ਨੇ ਸਰੀਰ ਦੀ ਸਹਿਣਸ਼ੀਲਤਾ ਖਤਮ ਕਰ ਦਿੱਤੀ ਹੈ। ਇੱਕ ਦੂਜੇ ਤੇ ਵਿਸ਼ਵਾਸ਼ ਨਹੀਂ ਰਿਹਾ।

ਅਸਲ ਵਿੱਚ ਗੁਰਮਤਿ ਗਿਆਨ ਦੇ ਸਕੂਲ ਵਿੱਚ ਜਗਿਆਸੂਆਂ ਦੇ ਮਾਨਸਿਕ ਪੱਧਰ ਅਨੁਸਾਰ ਕਲਾਸਾਂ ਹਨ। ਅਜੋਕੇ ਧਾਰਨਾਂ ਅਤੇ ਸਾਖੀਆਂ ਸੁਣਾਨ ਵਾਲੇ ਬਾਬੇ ਪ੍ਰਾਇਮਰੀ ਪੱਧਰ ਤਕ ਸਹਾਈ ਹਨ। ਉਸ ਤੋਂ ਬਾਅਦ ਜਿਉਂ ਜਿਉਂ ਵਿਦਿਆਰਥੀ ਤਰੱਕੀ ਕਰਦੇ ਜਾਂਦੇ ਹਨ ਉਹਨਾਂ ਧਾਰਨਾਂ ਸੁਣਉਣ ਵਾਲੇ ਸਾਧ ਬਾਬਿਆਂ ਦੇ ਪ੍ਰਾਇਮਰੀ ਸਕੂਲ ਪਾਸ ਕਰਕੇ ਗੁਰੂ ਦੇ ਸ਼ਬਦ ਕੀਰਤਨ ਅਤੇ ਵਿਚਾਰ ਨਾਲ ਜੁੜਦੇ ਹਨ। ਹੌਲੀ-ਹੌਲੀ ਉਹਨਾਂ ਦੀ ਕਲਾਸ ਮਿਡਲ ਤੋਂ ਹਾਈ ਵਲ ਜਾਣ ਲਗਦੀ ਹੈ। ਉਸ ਸਮੇਂ ਦੌਰਾਨ ਵਿਦਿਆਰਥੀ ਵਿਵੇਕ ਬੁਧੀ ਵਰਤਦੇ ਹਰ ਘਟਨਾਕਰਮ ਨੂੰ ਗੁਰਮਤਿ ਦੀ ਕਸਵਟੀ ਤੇ ਪਰਖਦੇ, ਵਿਸ਼ਵਾਸ਼ ਅਤੇ ਅੰਧਵਿਸ਼ਵਾਸ਼ ਨੂੰ ਨਿਖੇੜਦੇ, ਸੱਚ ਕਹਿਣ ਨਾਲੋਂ ਸੱਚਾ ਅਚਾਰ ਬਣਾਉਂਦੇ ਅੱਗੇ ਵਧਦੇ ਹਨ। ਹੌਲੀ ਹੌਲੀ ਇਹ ਅਵਸਥਾ ਹਾਈ ਸਕੂਲ ਤੋਂ ਕਾਲਜ ਯੂਨੀਵਰਸਟੀ ਦੀ ਤਰਜ ਤੇ ਅਗੇ ਵਧਦੀ ਐਮ. ਫਿਲ ਅਤੇ ਪੀ. ਐਚ. ਡੀ ਵਾਂਗ ਤਰੱਕੀ ਕਰਦੀ ਜਾਂਦੀ ਹੈ। ਅਨੇਕਾਂ ਸੰਪਰਦਾਵਾਂ, ਟਕਸਾਲਾਂ, ਜਥੇ ਅਤੇ ਜਥੇਬੰਦੀਆਂ ਇਸਦੇ ਰਸਤੇ ਵਿੱਚ ਹੀ ਰਹਿ ਜਾਂਦੇ ਹਨ। ਵੱਡੀਆਂ ਜਮਾਤਾਂ ਦੇ ਵਿਦਿਆਰਥੀ ਪਿਛੇ ਛੋਟੀਆਂ ਵਿੱਚ ਨਹੀਂ ਮੁੜਦੇ ਸਗੋਂ ਦੂਜਿਆਂ ਲਈ ਰਾਹ ਦਸੇਰਾ ਬਣਨ ਹਿਤ ਹੱਥਾਂ ਵਿੱਚ ਕਲਮਾਂ ਫੜਦੇ ਹਨ। ਆਪਣੇ ਮਾਰਗ ਤੇ ਸਿਧਾ ਚਲਣ ਲਈ ਸ਼ਰਧਾ ਅਤੇ ਗਿਆਨ ਦਾ ਬੈਲੈਂਸ ਡਾਂਵਾਡੋਲ ਹੁੰਦਾ ਹੈ ਤਾਂ ਸੂਖਮ ਜਿਹੀ ਹੳਂੁਮੈਂ ਦੇ ਪ੍ਰਵੇਸ਼ ਕਰਨ ਕਾਰਨ ਚਿਤਵੇ ਨਿਸ਼ਾਨਿਆਂ ਤੇ ਪੁਜਣਾ ਮੁਸ਼ਕਲ ਹੋ ਜਾਂਦਾ ਹੈ। ਇਹੀ ਸਾਡੀ ਤਰਾਸਦੀ ਹੈ।

‘ਸ਼ਸ਼ਤਰਨ ਕੇ ਅਧੀਨ ਹੈ ਰਾਜ’ ਅਸੀਂ ਅਕਸਰ ਸੁਣਦੇ ਹਾਂ ਪਰ ਅਜੋਕੇ ਸਮੇਂ ਦਾ ਸ਼ਸ਼ਤਰ ਨੀਤੀ ਹੈ। ਜੇ ਪੰਥ ਦਾ ਦੁਸ਼ਮਣ ਏਸੇ ਸ਼ਸ਼ਤਰ ਨੂੰ ਵਰਤਕੇ ਵਿਦਵਾਨਾਂ ਨੂੰ ਇਕੱਠੇ ਨਹੀਂ ਹੋਣ ਦਿੰਦਾ ਤਾਂ ਅਸੀਂ ਕਿਉਂ ਨਾਂ ਇਸੇ ਸ਼ਸਤਰ ਨੂੰ ਵਰਤ ਕੇ ਸਮੂਹ ਕਲਮਾਂ ਨੂੰ ਤੋਪ ਬਣਾ ਲੈਂਦੇ? ਸਮੱਸਿਆ ਸਿਰਫ ਨਿੱਜ ਨੂੰ ਬਾਹਰ ਕੱਢਣ ਦੀ ਹੈ। ਵਿਦਵਾਨਾਂ ਵਿੱਚ 19-21 ਦਾ ਫਰਕ ਹੋ ਜਾਂਦਾ ਹੈ ਪਰ ਅਸੀਂ ਆਪਣੀ ਗੱਲ ਨੂੰ 100% ਸਹੀ ਦੱਸਣ ਲਈ ਵਿਰੋਧੀਆਂ ਨੂੰ ਖੁਸ਼ ਕਰਨੋਂ ਨਹੀਂ ਹਟਦੇ। ਜੇ ਮੋਢੀ ਵਿਦਵਾਨ ਇਕੱਠੇ ਦਿਸਣ ਲਗ ਪੈਣ ਤਾਂ ਸੈਕੜੈ ਕਲਮਾਂ ਉਸੇ ਦਿਨ ਉਨ੍ਹਾਂ ਅਨੁਸਾਰ ਚੱਲ ਪੈਣਗੀਆਂ। ਸਾਂਝਾ ਮੰਚ ਬਣਦੇ ਹੀ ਇੱਕ ਜਥੇਬੰਦੀ, ਇੱਕ ਅਖਬਾਰ, ਇੱਕ ਮੈਗਜੀਨ, ਇੱਕ ਟੀਵੀ ਅਤੇ ਇੱਕ ਵੈਬ ਸਾਈਟ ਨੂੰ ਸਾਂਝਿਆਂ ਕਰਨ ਵਿੱਚ ਦੇਰ ਨਹੀਂ ਲੱਗੇਗੀ। ਮਨਮੱਤ ਅਤੇ ਬ੍ਰਾਹਮਣਵਾਦ ਦਾ ਭੋਗ ਪੈਣਾ ਸ਼ੁਰੂ ਹੋ ਜਾਵੇਗਾ।

ਪਤਾ ਨਹੀਂ ਕਿਉਂ ਗੁਰਮਤਿ ਪ੍ਰਚਾਰ ਵਿੱਚ ਜੁਟੀਆਂ ਸਵੈ ਸੇਵੀ ਸੰਸਥਾਵਾਂ ਨੂੰ ਆਪਣੀ ਤਾਕਤ ਤੇ ਵਿਸ਼ਵਾਸ਼ ਨਹੀਂ ਰਿਹਾ? ਵਰਨਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀਆਂ ਸੈਂਕੜੇ ਯੂਨਟਾਂ, ਸਮੁੱਚੇ ਮਿਸ਼ਨਰੀ ਕਾਲਜ ਅਤੇ ਅਨੇਕਾਂ ਹੋਰ ਜਥੇਬੰਦੀਆਂ ਜੇ ਇਕੱਠੀਆਂ ਹੋ ਕੇ ਕੋਈ ਨਿਰਣਾ ਕਰਦੀਆਂ ਤਾਂ ਸਿੱਖ ਜਵਾਨੀ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਜਾ ਸਕਦੀ ਹੈ। ਪਰ ਸ਼ਾਇਦ ਹਾਲੇ ਰਵਾਇਤੀ ਪ੍ਰੰਪਰਾਵਾਦੀ ਸ਼੍ਰੋਮਣੀ ਕਹਾਉਂਦੇ ਅਕਾਲੀ ਦਲ ਅਤੇ ਕਮੇਟੀਆਂ ਉਹਨਾਂ ਦੀ ਸੋਚ ਤੇ ਹਾਵੀ ਹਨ ਜੋ ਉਨ੍ਹਾਂ ਨੂੰ ਪੰਥਕ ਜਾਪਦੇ ਹਨ। ਡੇਰੇ ਅਤੇ ਸੰਪਰਦਾਵਾਂ ਵੀ ਵਿਦਿਆਰਥੀਆਂ ਨੂੰ ਆਪਣੀ ਜਮਾਤ ਤੋਂ ਉਪਰ ਨਹੀਂ ਉੱਠਣ ਦੇਂਦੇ। ਆਪਣੀ ਪੂਜਾ-ਪ੍ਰਤਿਸ਼ਠਾ ਕਾਰਨ ਉਹਨਾਂ ਦੀ ਸੋਚ ਨੂੰ ਕਾਬੂ ਵਿੱਚ ਕਰਕੇ ਸਾਰੀ ਉਮਰ ਉੱਥੇ ਹੀ (ਧਾਰਨਾਂ ਵਾਲੀਆਂ ਪ੍ਰਾਇਮਰੀ ਕਲਾਸਾਂ) ਵਿੱਚ ਹੀ ਰੱਖਣਾ ਚਾਹੁੰਦੇ ਹਨ। ਅਜਿਹੇ ਸਮੇਂ ਜਾਗ੍ਰਿਤ ਵੀਰਾਂ ਨੂੰ ਹੰਭਲਾ ਮਾਰਨ ਦੀ ਲੋੜ ਹੈ। ਇਕੱਲੇ ਇਕੱਲੇ ਪੰਥ ਦਰਦੀਆਂ ਨੂੰ ਵਿਚਰਨ ਦੀ ਥਾਂ ਇੱਕ-ਸੁਰ ਹੋ ਕੇ ਕਾਫਲਾ ਬਣਾ ਅਗਾਂਹ ਵਧਣ ਦੀ ਲੋੜ ਹੈ। ਬੇਅੰਤ ਲੋਕ ਡੇਰੇਦਾਰਾਂ, ਸੰਪਰਦਾਈ ਸਾਧਾਂ-ਸੰਤਾਂ ਤੇ ਜਥੇਦਾਰਾਂ ਤੋਂ ਅੱਕੇ ਦਿਸ਼ਾ ਨਿਰਦੇਸ਼ ਦੀ ਝਾਕ ਵਿੱਚ ਹਨ। ਗੁਰੁ ਨਾਨਕ ਦਾ ਪੰਥ ਪੁਜਾਰੀਆਂ ਦਾ ਨਹੀਂ ਸਗੋਂ ਕਿਰਤੀਆਂ ਦਾ ਪੰਥ ਹੈ। ਛੇਕਣ-ਛਾਕਣ ਵਾਲੇ ਸੱਚ ਦੀ ਅਵਾਜ ਅੱਗੇ ਡਿਗਣ ਵਾਲੇ ਹਨ ਸਿਰਫ ਮਜਬੂਤ ਝਟਕੇ ਦੀ ਜਰੂਰਤ ਹੈ। ਨਿਤਨੇਮ ਅਤੇ ਪਹੁਲ ਦੀਆਂ ਬਾਣੀਆਂ, ਦਸਮਗ੍ਰੰਥ, ਰਾਗਮਾਲਾ ਅਤੇ ਮਾਸ ਦਾ ਮਸਲਾ ਆਦਿ ਵਿਚਾਰਯੋਗ ਮਸਲੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਅਨੁਸਾਰ ਹੀ ਹੱਲ ਹੋ ਸਕਦੇ ਹਨ। ਬਿਮਾਰੀ ਨੂੰ ਢੱਕਣ ਨਾਲ ਇਲਾਜ ਅਸੰਭਵ ਹੈ ਪਰ ਬਿਮਾਰੀ ਦੀ ਪਛਾਣ ਤੋਂ ਪਿਛੋ ਇਲਾਜ ਦੀ ਸਖਤ ਲੋੜ ਹੈ। ਇਲਾਜ, ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦੇ ਰੂਪ ਵਿੱਚ ਉਪਲੱਭਦ ਹੈ। ਗੁਰੁ ਨਾਨਕ ਦਾ ਏਕੇ ਦਾ ਸਿਧਾਂਤ ਸਾਰੀ ਮਨੁਖਤਾਂ ਨੂੰ ਕਲਾਵੇ ਵਿੱਚ ਲੈਣ ਲਈ ਤਿਆਰ ਹੈ। ਇੱਕ ਰੱਬ, ਇੱਕ ਗੁਰੂ, ਇੱਕ ਗ੍ਰੰਥ ਤੇ ਇੱਕ ਪੰਥ ਛੇਤੀ ਹੀ ਮਨੁਖਤਾ ਦੀ ਸਮਝ ਵਿੱਚ ਆ ਜਾਣਗੇ।
.