.

‘ਕਾਲਾ ਦਿਵਸ’ ਨੂੰ ‘ਅਰਦਾਸ ਦਿਵਸ’ ਕਰ ਕੇ ਮਨਾਓ!

ਕਰੀਬ ਦੋ ਵਰ੍ਹਿਆਂ ਤੋਂ ਲਗਾਤਾਰ ਅੰਗ੍ਰੇਜ਼ੀ ਮਹੀਨੇ ਦੀ 13 ਤਾਰੀਖ ਵਾਲੇ ਦਿਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ (ਤੁੱਲ), ਬਚਿਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਦੀ ਮੰਜੀ ਲਗਾਉਣ ਦੇ ਰੋਸ ਵਜੋਂ ਕਈ ਨਗਰਾਂ `ਚ ਸੂਝਵਾਨ ਗੁਰਸਿਖਾਂ ਅਤੇ ਪੰਥ-ਦਰਦੀ ਵਿਦਵਾਨਾਂ ਵਲੋਂ ਸਾਂਝੇ ਤੌਰ ਤੇ ‘ਕਾਲਾ ਜਾਂ ਰੋਸ ਦਿਵਸ’ ਮਨਾਇਆ ਜਾਂਦਾ ਹੈ। ਇਸ ਇੱਕਤਰਤਾ `ਚ ਪੰਥਕ ਭਲਾਈ ਅਤੇ ਗੁਰਬਾਣੀ ਸਿਧਾਂਤਾਂ ਦੇ ਪਾਸਾਰ ਰਾਹੀਂ, ਗੁਰੂ ਗ੍ਰੰਥ ਸਾਹਿਬ ਦੀ ਸਰਬ-ਉੱਚਤਾ ਕਾਇਮ ਰੱਖਣ ਸਬੰਧੀ ਅਤੇ ਵਿਦਵਾਨਾਂ ਵਲੋਂ ਗੁਰਮਤਿ ਸੁਧਾਰ ਲਹਿਰ ਪ੍ਰਚੰਡ ਕਰਨ ਬਾਰੇ ਵੀ ਵਿਚਾਰਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਇੱਹ ਉਸਾਰੂ ਯਤਨ ਹੈ।

ਜੇ ਗਹਿਰਾਈ ਨਾਲ ਦੇਖਿਆ ਜਾਏ, ਪਿੱਛਲੇ 5-6 ਦਹਾਕਿਆਂ (ਖ਼ਾਸ ਕਰ 1947 ਦੀ ਦੇਸ਼ ਵੰਡ ਮਗਰੋਂ) ਸਿੱਖ ਕੌਮ ਨੂੰ ਦਰਪੇਸ਼ ਕਈ ਹੋਰ ਅਜਿਹੀਆਂ ਗੰਭੀਰ (ਜ਼ਿਆਦਾਤਰ ਆਪੂੰ ਸਹੇੜੀਆਂ) ਸਮਸਿਆਵਾਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ, ਜੋ ਗੁਰਮਤਿ ਪੱਖੀ, ਨਿਸਵਾਰਥ ਵਿਦਵਾਨਾਂ, ਬੁੱਧੀਜੀਵੀਆਂ ਅਤੇ ਸੂਝਵਾਨ ਪੰਥ-ਦਰਦੀਆਂ ਦਾ ਤੁਰੰਤ ਧਿਆਨ ਮੰਗਦੀਆਂ ਹਨ। ਤਮਾਮ ਸਮਸਿਆਵਾਂ ਨਾਲ ਸੁਚੱਜੇ ਢੰਗ ਨਾਲ ਨਿੱਪਟਣ ਅਤੇ ਸਫ਼ਲਤਾ ਪ੍ਰਾਪਤੀ ਲਈ, ਸ਼ੁਰੂਆਤ ‘ਅਰਦਾਸ ਸਮਾਗਮ’ ਤੋਂ ਕਰਨੀ ਹੀ ਲਾਹੇਵੰਦ ਹੈ। ਸੁਝਾਅ ਹੈ, ‘ਕਾਲਾ ਦਿਵਸ’ ਦੀ ਥਾਵੇਂ ਹਰ ਮਹੀਨੇ ਸਮੁੱਚੇ ਪੰਥ ਦਰਦੀਆਂ ਵਲੋਂ ‘ਅਰਦਾਸ ਦਿਹਾੜਾ’ ਮਨਾਇਆ ਜਾਵੇ। ਇਸ ਦਿਹਾੜੇ ਨੂੰ ਕੋਈ ਹੋਰ ਨਾਮ ਵੀ ਦਿੱਤਾ ਜਾ ਸਕਦਾ ਹੈ। ਇਸ ‘ਅਰਦਾਸ ਸਮਾਗਮ’ ਵਿੱਚ ਸਿੱਖ ਪੰਥ ਦਾ ਭਲਾ ਚਿੱਤਵਣ ਵਾਲੇ ਗੁਰਸਿੱਖਾਂ, ਜਿਨ੍ਹਾਂ ਅੰਦਰ ਕਿਸੇ ਪ੍ਰਕਾਰ ਦੀ ਆਪਸੀ ਈਰਖਾ, ਲਾਗ਼ਤਬਾਜ਼ੀ, ਨੀਵਾਂ ਦਿਖਾਉਂਣ ਜਾਂ ਚੌਧਰਪੁਣੇ ਵਾਲੀ ਬਿਰਤੀ ਨਾ ਹੋਵੇ, ਅਤੇ ਕੇਵਲ ਪੰਥਕ ਭਲਾਈ ਦਾ ਨਿਸ਼ਾਨਾ ਹੋਵੇ, ਵੱਲੋਂ ਹਿੱਸਾ ਲੈਣਾ ਸਫਲਤਾ ਦਾ ਸੰਕੇਤ ਹੋਵੇਗਾ। ਹਰ ਨਗਰ `ਚ ਨਿਵਾਸ ਰੱਖਦੇ, ਸਮੂਹ ਗੁਰਸਿੱਖ ਵਿਦਵਾਨ, ਨਿਸ਼ਕਾਮ ਅਤੇ ਚੈਤੰਨ ਬੁੱਧੀਜੀਵੀ ਸੱਜਣ, ਜੋ ਮੁਸੀਬਤਾਂ ਅਤੇ ਮੁਸ਼ਕਲਾਂ `ਚ ਫੱਸੀ ਕੌਮ ਨੂੰ ਇਸ ਦੁਬਿਧਾ ਵਿਚੋਂ ਸੁਰਖਿਅਤ ਬਾਹਰ ਕੱਢਣ ਦੀ ਤਾਂਘ ਰੱਖਦੇ ਹਨ, ਗੰਭੀਰਤਾ ਨਾਲ ਕਬੀਰ ਸਾਹਿਬ ਵਲੋਂ ਦਿੱਤੀ ਅਗਵਾਈ - “ਊਪਰਿ ਭੁਜਾ ਕਰਿ, ਮੈ ਗੁਰ ਪਹਿ ਪੁਕਾਰਿਆ॥ ਤਿਨਿ ਹਉ ਲੀਆ ਉਬਾਰੀ”॥ (ਪੰ. 793) ਅਨੁਸਾਰ, ਇਸ ‘ਅਰਦਾਸ ਸਮਾਗਮ’ ਵਿੱਚ ਹਾਜ਼ਰੀ ਭਰਨਾ, ਗੁਰੂ ਪੰਥ ਦੀ ਸੱਚੀ ਸੇਵਾ ਸਿੱਧ ਹੋਵੇਗੀ। ਇੱਸ ਤੋਂ ਇਲਾਵਾ, ਪੇਸ਼ਾਵਰ ਕੀਰਤਨੀਏ, ਪਾਠੀ, ਗਰੰਥੀ, ਕਥਾਵਾਚਕ, ਮਿਸ਼ਨਰੀ ਸੱਜਣ ਅਤੇ ਖ਼ਾਲਸਾ ਸਕੂਲਾਂ-ਕਾਲਜਾਂ ਦੇ ਵਿਦਿਆਰਥੀ, ਸਟਾਫ, ਮੁੱਖੀਆਂ ਤੋਂ ਇਲਾਵਾ, ਗੁਰਦੁਆਰਾ ਪ੍ਰਬੰਧਕ, ਡੇਰੇਦਾਰ, ਸੰਤ-ਸਾਧ, ਤੱਖਤਾਂ ਦੇ ਸੇਵਾਦਾਰ, ਕਾਰ ਸੇਵਾ ਵਾਲੇ ਬਾਬੇ, ਸੰਪਰਦਾਈ, ਟਕਸਾਲੀ, ਨਿਹੰਗ ਸਿੰਘ, ਸ਼੍ਰੋਮਣੀ ਅਤੇ ਲੋਕਲ ਕਮੇਟੀਆਂ ਦੇ ਮੈਂਬਰ, ਸਟਾਫ ਆਦਿ ਅਤੇ ਸ਼ਰਧਾਵਾਨ ਸੰਗਤਾਂ ਦਾ, ਹਾਜ਼ਰੀ ਭਰਨਾ ਉਤਸ਼ਾਹਜਨਕ ਹੋਵੇਗਾ। ਇਸ ਤੋਂ ਇਲਾਵਾ, ਤਮਾਮ ਅਜਿਹੇ ਸੱਜਣ ਜੋ ਇਹ ਸਮਝਦੇ ਹਨ, ਉਨ੍ਹਾਂ ਨੇ ਪੰਥ ਜਾਂ ਗੁਰੂ ਨਾਲ ਕੋਈ ਧ੍ਰੋਹ ਜਾਂ ਧੋਖੇ ਵਾਲਾ ਕੰਮ ਨਹੀਂ ਕੀਤਾ, ਆਪਣੇ ਆਪ ਨੂੰ ਭੁੱਲਣਹਾਰ (ਭੁਲਣ ਅੰਦਰਿ ਸਭੁ ਕੋ) ਸ਼੍ਰੇਣੀ `ਚ ਸਮਝਦੇ ਹੋਏ ਅਨਜਾਣੇ ਹੋਈਆਂ ਕੁਤਾਹੀਆਂ ਲਈ ਖ਼ਿਮਾ ਜਾਚਨਾ ਅਤੇ ਭੁੱਲਾਂ ਬਖ਼ਸ਼ਾਉਂਣ ਵਾਸਤੇ, ਅਰਦਾਸ `ਚ ਹਾਜ਼ਰੀ ਭਰ ਕੇ, ਗੁਰੂ ਦੀਆਂ ਅਸੀਸਾਂ ਪ੍ਰਾਪਤ ਕਰ ਸਕਦੇ ਹਨ।

ਇਹ ਅਰਦਾਸ ਹਰੇਕ ਨਗਰ ਦੇ ਸਿੱਖ ਪਰਵਾਰਾਂ ਵਲੋਂ ਪੰਥ ਦੀ ਚੜ੍ਹਦੀ ਕਲਾ ਲਈ, ਬਿਨਾਂ ਕਿਸੇ ਨਿਜੀ ਸਵਾਰਥ ਦੇ, ਸੰਗਤੀ ਰੂਪ `ਚ ਸਾਵਧਾਨ ਹੋ ਕੇ ਕੀਤੀ ਜਾਵੇ। ਖੁਲ੍ਹੇ ਅਸਥਾਨ ਅੰਦਰ ਮਨ ਨੀਵਾਂ ਰੱਖ ਕੇ, ਸੀਸ ਝੁਕਾ ਕੇ, ਅਗਵਾਈ ਅਤੇ ਸਹਾਇਤਾ ਲਈ ਅਕਾਲਪੁਰਖ ਅੱਗੇ ਅਧੀਨਗੀ ਸਹਿਤ - “ਹਾਰਿ ਪਰਿਓ ਸੁਆਮੀ ਕੇ ਦੁਆਰੈ ਦੀਜੈ ਬੁਧਿ ਬਿਬੇਕਾ॥” (ਪੰ. 141) ਅਰਦਾਸ `ਚ ਸ਼ਾਮਲ ਹੋਵੇ। ਅਰਦਾਸ ਦੇ ਬੋਲ, ਹੇਠ ਲਿਖੇ ਸ਼ਬਦਾਂ (ਲੋੜ ਅਨੁਸਾਰ ਸੁਧਾਈ ਕੀਤੀ ਜਾ ਸਕਦੀ ਹੈ) ਅਨੁਸਾਰ ਹੋਵਨ।। ਇਸ ਅਰਦਾਸ ਸਮਾਗਮ ਵਿੱਚ ਕੇਵਲ ਇੱਕ ਪੂਰਨ ਰਹਿਤ-ਬਹਿਤ ਵਾਲਾ ਦਰਸ਼ਨੀ ਸਿੰਘ, ਅਗਵਾਈ ਕਰੇ, ਜਿਸ ਦੇ ਅੰਤਰੀਵ ਆਤਮੇ ਵਿਚੋਂ ਬਹਿਬਲਤਾ ਭਰੀ ਪੁਕਾਰ ਨਿਕਲੇ, - “ਮੈ ਤਾਣੁ ਦੀਬਾਣੁ ਤੂ ਹੈ ਮੇਰੇ ਸੁਆਮੀ ਮੈ ਤੁਧੁ ਆਗੈ ਅਰਦਾਸਿ॥ ਮੈ ਹੋਰੁ ਥਾਉ ਨਾਹੀ ਜਿਸੁ ਪਹਿ ਕਰਉ ਬੇਨੰਤੀ ਮੇਰਾ ਦੁਖ ਸੁਖ ਤੁਝ ਹੀ ਪਾਸਿ॥” (ਪੰ. 735)। ਕਿਸੇ ਸੱਜਣ ਨੂੰ ਵਿਸ਼ੇਸ਼ ਜਾਂ ਵੱਖਰੀ ਸਟੇਜ ਉਪਰ ਭਾਵ ਸੰਗਤਾਂ ਤੋਂ ਵੱਖਰੀ ਥਾਂ `ਤੇ ਨਾ ਬਿਠਾਇਆ ਜਾਵੇ। ‘ਅਰਦਾਸ ਸਮਾਗਮ’ ਸਜਾਵਟਾਂ ਤੇ ਰੋਸ਼ਨੀਆਂ ਵਾਲਾ ਨੁਮਾਇਸ਼ੀ ਨਾ ਹੋ ਕੇ, ਸ਼ਾਂਤ ਅਤੇ ਗੰਭੀਰ ਵਾਤਾਵਰਨ `ਚ ਸੰਪੰਨ ਹੋਵੇ।

ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੜੀ ਅਧੀਨਗੀ ਨਾਲ ਹੱਥ ਜੋੜ, ਕਤਾਰਾਂ ਵਿੱਚ ਖੜੇ ਹੋਇਆ ਜਾਵੇ। , ਬਿਨਾਂ ਹਿੱਲੇ-ਜੁੱਲੇ, ਧਿਆਨ ਗੁਰੂ ਗ੍ਰੰਥ ਸਾਹਿਬ ਵੱਲ ਹੋਵੇ। ਕਿਸੇ ਕੈਮਰਾਮੈਨ ਨੂੰ ਅੰਦਰ ਨਾ ਆਉਣ ਦਿੱਤਾ ਜਾਵੇ। ਨਾ ਹੀ ਅਰਦਾਸ ਵਿੱਚ ਸ਼ਾਮਲ ਹੋਣ ਵਾਲਾ ਕੋਈ ਸਿੰਘ ਕੈਮਰਾ ਲੈ ਕੇ ਹਾਜ਼ਰੀ ਭਰੇ। ਮੋਬਾਈਲ ਬੰਦ ਕਰਵਾ ਦਿੱਤੇ ਜਾਣ। ਅਰਦਾਸ ਅਰੰਭ ਹੋਣ ਦਾ ਇੱਕੋ ਸਮਾਂ ਸਾਰੇ ਸੰਸਾਰ ਲਈ ਮਿੱਥ ਦਿਤਾ ਜਾਵੇ। ਮਿੱਥੇ ਸਮੇਂ ਅਰਦਾਸ `ਚ ਹਿੱਸਾ ਲੈਣ ਲਈ ਸੰਗਤ ਜੁੜ ਜਾਏ। ਅਰਦਾਸ ਸਹਿਜ ਨਾਲ ਘੱਟ ਤੋਂ ਘੱਟ ਸਮੇਂ (ਭਾਵ 5-7 ਮਿੰਨਟ) ਦੀ ਹੋਵੇ। ਅਰਦਾਸੀਦੇ ਦੇ ਹੱਥ ਵਿੱਚ ਪੇਪਰ ਉਪਰ ਲਿੱਖੀ ਅਰਦਾਸ ਹੋਵੇ, ਜਿਸ ਵਿੱਚ ਆਪਣੇ ਵਲੋਂ ਕੋਈ ਵਾਧਾ ਘਾਟਾ ਨਾ ਕੀਤਾ ਜਾਵੇ। ਅਰਦਾਸ ਕੇਵਲ ਅਕਾਲਪੁਰਖ ਨੂੰ ਸੰਬੋਧਨ ਕਰ ਕੇ ਕੀਤੀ ਜਾਵੇ ਅਤੇ “ਜੀਅ ਕੀ ਬਿਰਥਾ ਹੋਇ ਸੋ ਗੁਰ ਪਹਿ ਅਰਦਾਸ ਕਰਿ”॥ (ਪੰ. 519) ਦੀ ਸੇਧ ਅਨੁਸਾਰ ਕੀਤੀ ਜਾਵੇ। ਗੁਰੂ ਪੰਥ ਦੀ ਬੇਨਤੀ ਪਰਵਾਨ ਅਵਸ਼ ਹੋਵੇਗੀ, ਦ੍ਰਿੜ ਵਿਸ਼ਵਾਸ਼ ਰੱਖ ਕੇ ਅਕਾਲਪੁਰਖ ਅੱਗੇ ਪੁਕਾਰ ਕੀਤੀ ਜਾਵੇ। ਕਾਰਜ `ਚ ਸਫਲਤਾ ਵਿੱਚ ਕੋਈ ਸ਼ੰਕਾ ਨਹੀਂ ਹੋ ਸਕਦਾ। (ਨੋਟ: ਜ਼ਰਾ ਨਿਰਪੱਖ ਹੋ ਕੇ ਵਿਚਾਰੋ, ਜਦੋਂ ਤੋਂ ਸਿੱਖ ਕੌਮ ਪ੍ਰਿਥਮ ਭਗੌਤੀ ਭਾਵ ਦੁਰਗਾ ਦੇਵੀ ਦਾ ਸਿਮਰਨ ਕਰਨ ਅਤੇ ਮਾਤਾ ਸ਼ਿਵਾ ਤੋਂ ਵਰ ਮੰਗਣ ਦੇ ਆਹਰੇ ਲੱਗੀ ਹੈ, ਲਗਾਤਾਰ ਢਹਿੰਦੀ ਕਲਾ ਵੱਲ ਜਾ ਰਹੀ ਹੈ)। ਅਰਦਾਸ ਦੀ ਸ਼ਬਦਾਵਲੀ ਹੇਠ ਦਿੱਤੀ ਹੈ।

“ਹੇ ਸ੍ਰਿਸ਼ਟੀ ਦੇ ਸਿਰਜਣਹਾਰ ਅਤੇ ਸੰਭਾਲ ਕਰਨ ਵਾਲੇ, ਖ਼ਾਲਸਾ ਪੰਥ ਦੇ ਸਦਾ ਸਹਾਈ ਅਕਾਲਪੁਰਖ ਜੀਓ! ਆਪ ਜੀ ਦੀ ਆਗਿਆ ਅਨੁਸਾਰ ਗੁਰੂ ਨਾਨਕ ਸਾਹਿਬ ਵੱਲੋਂ ਸਾਜਿਆ ਖ਼ਾਲਸਾ, ਅਤੇ ਦੱਸੋਂ ਗੁਰੂ ਸਾਹਿਬਾਨ ਵਲੋਂ ਦੱਸੇ ਗਾਡੀ ਰਾਹ ਭਾਵ–ਨਿਆਰਾਪਨ ਤਿਆਗ ਕੇ ਬਿਪਰਨ ਦੀਆਂ ਰੀਸਾਂ ਕਰਨ ਵਿੱਚ ਬੁਰੀ ਤਰ੍ਹਾਂ ਖੁੱਭ ਚੁੱਕਾ ਹੈ। ਜਿਸ ਖ਼ਾਲਸੇ ਨੂੰ ਦਸਮੇਸ਼ ਪਿਤਾ ਨੇ ਆਪਣਾ ‘ਖ਼ਾਸ ਰੂਪ’ ਬਖ਼ਸ਼ਿਆ ਸੀ, ਉਸ ਨੇ ਖ਼ਾਲਸੇ ਵਾਲਾ ਮਖੌਟਾ ਤਾਂ ਪਾਇਆ ਹੈ, ਪਰ ਪਿੱਛਲਗ ਭੇਡਾਂ ਦੀ ਚਾਲ ਚਲਦਾ ਹੈ। ਇੰਜ ਲੱਗਦਾ ਹੈ, ਕੁਰਾਹੇ ਪੈ ਕੇ ਦਸਮੇਸ਼ ਪਿਤਾ ਦੀ ਪਰਤੀਤ ਗਵਾ ਬੈਠਾ ਹੈ, ਅਤੇ ਖੁਆਰ ਹੋ ਰਿਹਾ ਹੈ। ਗੁਰਬਾਣੀ ਦੇ ਆਲਮਗੀਰੀ ਸਿਧਾਂਤਾਂ ਤੋਂ ਅਨਜਾਣ, ਦਰ ਦਰ ਦੀਆਂ ਠੋਕਰਾਂ ਖਾਂਦਾ ਹੋਇਆ, ਦੁਸ਼ਮਣਾਂ ਦੇ ਵਿਛਾਏ ਮੱਕੜ-ਜਾਲ `ਚ ਬੁਰੀ ਤਰ੍ਹਾਂ ਫੱਸ ਗਿਆ ਹੈ। ਆਪ, ਅੰਤਰਯਾਮੀ ਸਾਡੇ ਸੱਭ ਦੇ ਗੁਨਾਹਾਂ ਅਤੇ ਮੰਦ-ਕਰਮਾਂ ਦੇ ਜਾਣਨਹਾਰ ਹੋ। ਆਪ ਜੀ ਜਾਣਦੇ ਹੋ, ਦਸਵੇਂ ਪਾਤਸ਼ਾਹ ਨੇ “ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ, ਦੀਦਾਰ ਖ਼ਾਲਸੇ ਦਾ” ਆਦੇਸ਼ ਦੇ ਕੇ, ਖ਼ਾਲਸਾ ਜੀ ਨੂੰ, ਸਦੀਵ ਕਾਲ ਲਈ ਆਪਜੀ ਦੀ ਸਪੁਰਦਗੀ ਵਿੱਚ ਕਰ ਗਏ ਹਨ। ਆਪ ਜੀ ਤੋਂ ਕੋਈ ਗੱਲ ਛੁਪੀ ਨਹੀਂ ਹੈ। ਐਸੀ ਮੁਸ਼ਕਲ ਦੀ ਘੜੀ `ਚ ਦਯਾ ਦੇ ਸਾਗਰ ਅਕਾਲਪੁਰਖ! ਆਪ ਹੀ ਬਹੁੜੀ ਕਰੋ, “ਸੁਣਿ ਸੁਆਮੀ ਅਰਦਾਸਿ ਜਨ ਤੁਮ੍ਹ ਅੰਤਰਜਾਮੀ॥ ਥਾਨ ਥਨੰਤਰਿ ਰਵਿ ਰਹੇ ਨਾਨਕ ਕੇ ਸੁਆਮੀ॥ (ਪੰ. 819) ਹੇ ਨਾਨਕ ਦੇ ਸੁਆਮੀ! ਤੂੰ ਹਰ ਥਾਂ ਵੱਸਦਾ ਹੇਂ, ਤੂੰ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈਂ, ਤੂੰ ਆਪਣੇ ਸੇਵਕਾਂ ਦੀ ਅਰਦਾਸ ਸਦਾ ਸੁਣਦਾ ਹੈਂ, ਸਾਡੀਆਂ ਕੁਤਾਹੀਆਂ ਮਾਅਫ਼ ਕਰ ਕੇ, ਆਪਣੇ ਪੰਥ ਨੂੰ ਸਦੀਵੀ ਚੜ੍ਹਦੀ ਕਲਾ ਬਖ਼ਸ਼ੋ। ਹੇ ਅਕਾਲਪੁਰਖ! ਅਸੀਂ ਤੇਰੇ ਦਰਿ `ਤੇ ਖੜੇ ਹੋ ਕੇ ਅਰਦਾਸ ਕਰਦੇ ਹਾਂ, ਸਾਨੂੰ ਸੱਭ ਨੂੰ ਸੁਮੱਤ ਬਖ਼ਸ਼ੋ ਅਤੇ ਅਗਵਾਈ ਕਰੋ, ਬੁੱਧ-ਬਿਬੇਕ ਦੇ ਨਾਲ ਆਪਸੀ ਸਾਂਝ, ਭਰਾਤਰੀ ਪਿਆਰ-ਸਤਿਕਾਰ ਬਖ਼ਸ਼ੋ ਤਾਕਿ ਖ਼ਾਲਸਾ ਜੱਥੇਬੰਧਕ ਰੂਪ `ਚ ਆਪਜੀ ਦੇ ਗਿਆਨ ਭੰਡਾਰ (ਧੁਰ ਕੀ ਬਾਣੀ) ਦੀ ਤਾਬਿਆ ਰਹਿ ਕੇ, ਪੂਰੀ ਜ਼ਿੰਮੇਦਾਰੀ ਨਾਲ ਮਨੁਖਤਾ ਦੀ ਸੁਰਖਿਆ ਲਈ ਸੇਵਾ ਨਿਭਾ ਸਕੇ। ਸੁਚੱਜੀ ਅਗਵਾਈ ਤੋਂ ਵਾਂਝੇ ਹੋ ਚੁੱਕੇ ਆਪਜੀ ਦੇ ਖ਼ਾਲਸਾ ਪੰਥ ਨੂੰ ਘੁਣ ਵਾਂਗ ਖਾਂਦੇ ਜਾ ਰਹੇ ਡੇਰੇਦਾਰਾਂ, ਭੇਖੀ ਸੰਤਾਂ, ਸੰਪਰਦਾਈਆਂ ਤੋਂ ਕੌਮ ਦਾ ਖਹਿੜਾ ਛੁਡਵਾ ਕੇ ਨਿੱਸਵਾਰਥ, ਸੂਝਵਾਨ, ਪੂਰਨ ਗੁਰਸਿੱਖ, ਪੰਥ ਪ੍ਰਸਤ (ਮੈਂ ਮਰਾਂ ਪੰਥ ਜੀਵੇ) ਸ਼ੁਧ-ਸਵੱਛ ਭਾਵਨਾ ਵਾਲੇ ਆਗੂ, ਜੋ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਰਹਿ ਕੇ, ਦੂਰਅੰਦੇਸ਼ੀ ਨਾਲ ਕੌਮ ਦੀ ਅਗਵਾਈ ਕਰ ਸਕਣ, ਦੀ ਪਛਾਣ ਲਈ ਸੇਵਕਾਂ ਦੀ ਅਰਦਾਸ ਕਬੂਲ ਕਰਨਾ ਜੀ। ਸਾਡਾ ਦ੍ਰਿੜ ਵਿਸ਼ਵਾਸ਼ ਹੈ, ਆਪਜੀ ਸਾਡੇ ਔਗੁਣ ਨਾ ਚਿਤਾਰਦੇ ਹੋਏ, ਬਾਂਹ ਪਕੜ ਕੇ ਪੰਥ ਨੂੰ ਦੁਬਿਧਾ ਤੋਂ ਬਾਹਰ ਕੱਢੋਗੇ! ਹੇ ਅਕਾਲਪੁਰਖ ਸਰਬ ਕਲਾ ਸਮਰੱਥ ਸੱਚੇ ਪਿਤਾ, ਪੰਥ ਦੇ ਸਦਾ ਸਹਾਈ ਦਾਤਾਰ ਜੀਓ! ਸਾਡੀਆਂ ਗੁਰੂ ਨਾਲ ਕੀਤੀਆਂ ਹੇਰਾਫੇਰੀਆ, ਚਾਲਾਕੀਆਂ, ਦਗ਼ਾਬਾਜ਼ੀਆਂ ਨੂੰ ਨਾ ਚਿਤਾਰਦੇ ਹੋਏ, ਸਮੁੱਚੇ ਪੰਥ ਨੂੰ “ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ ਅਤੇ ਨਾਮ ਦਾਨ ਦੀ ਬਖ਼ਸ਼ਸ਼ ਕਰੋ, ਅਤੇ ਖ਼ਾਲਸੇ ਨੂੰ ਡੋਲਣ ਤੋਂ ਬਚਾ ਲਵੋ- “ਡੋਲਨ ਤੈ ਰਾਖੋ ਪ੍ਰਭੂ, ਨਾਨਕ ਦੇ ਕਰਿ ਹਥ॥” (ਪੰ. 256)। ਆਪ ਜੀ ਨੇ ਬਾਣੀ `ਚ ਸਾਡੇ ਔਗੁਣਾਂ ਨੂੰ ਨਾ ਚਿਤਾਰਦੇ ਹੋਏ, ਆਪਣੇ ਬਿਰਦ ਦੀ ਪਾਲਨਾ ਦਾ ਭਰੋਸਾ ਦਿੱਤਾ ਹੈ। ਸਾਨੂੰ ਪੂਰਨ ਭਰੋਸਾ ਹੈ, ਇਸ ਅੱਤ ਨਾਜ਼ੁਕ ਸਮੇਂ, ਆਪਜੀ ਅਸਾਡੀ ਅਰਦਾਸ ਕਬੂਲ ਕਰੋਗੇ”।

ਨੋਟ: 1. ਇਸ ‘ਅਰਦਾਸ ਸਮਾਗਮ’ ਵਿੱਚ ਸੱਭ ਮਾਈ-ਭਾਈ (ਸਮੁੱਚੇ ਸਿੱਖ ਜਗਤ), ਨੂੰ ਮਨ-ਹਿਰਦਾ ਅਤੇ ਨੀਯਤ ਨਿਰਮਲ ਕਰ ਕੇ, ਵਿਸ਼ੇਸ਼ ਤੌਰ ਤੇ ਸ਼ਾਮਲ ਹੋਣ ਲਈ ਪ੍ਰਰੇਨਾ ਕੀਤੀ ਜਾਵੇ।

2. ਸਾਰੀ ਸੰਗਤ ਮਿੱਥੇ ਸਮੇਂ ਤੋਂ 5-10 ਮਿੰਨਟ ਪਹਿਲਾਂ ਪੁਜੇ, ਅਤੇ ਨੀਯਤ ਅਸਥਾਨ ਉਪਰ ਬੈਠੇ। ਅਰਦਾਸ ਉਪਰੰਤ ਹੁਕਮਨਾਮਾ ਲਿਆ ਜਾਵੇ, ਅਤੇ ਕੜਾਹ ਪ੍ਰਸ਼ਾਦਿ ਵਰਤਾਇਆ ਜਾਵੇ। ਆਪਸ `ਚ ਹੱਥ ਜੋੜ ਫ਼ਤਹਿ ਬੁਲਾ ਕੇ, ਬਿਨਾਂ ਕੋਈ ਟਿੱਪਣੀ ਕੀਤੇ, ਘਰਾਂ ਨੂੰ ਮੁੜਿਆ ਜਾਵੇ। ਦੋਬਾਰਾ ਮਿਲਣ ਲਈ ਇੱਕ–ਦੂਜੇ ਦੇ ਫੋਨ ਨੰਬਰ ਲਏ ਜਾ ਸਕਦੇ ਹਨ। ਜਦ ਵੀ ਕਿਧਰੇ ਮੁਲਾਕਾਤ ਹੋਵੇ, ਕੇਵਲ ਮਨੁੱਖਤਾ ਦੀ ਭਲਾਈ ਪ੍ਰਤੀ ਵਿਚਾਰ-ਵਟਾਂਦਰਾ ਹੀ ਕੀਤਾ ਜਾਵੇ, ਹੋਰ ਕੋਈ ਵਿਚਾਰ ਨਾ ਕੀਤੀ ਜਾਵੇ, ਆਪਸੀ ਖਹਿਬੜਬਾਜ਼ੀ ਤੋਂ ਹਰ ਹਾਲਤ ਬੱਚਿਆ ਜਾਵੇ।

3. ਇਸ ਵਿਸ਼ਵ ਪੱਧਰੀ ਅਰਦਾਸ ਸਮਾਗਮ ਲਈ ਕੋਈ ਵੀ ਸੰਸਥਾ, ਗੁਰਦੁਆਰਾ ਕਮੇਟੀ ਜਾਂ ਧਾਰਮਕ ਸੰਸਥਾ, ਜਿਨ੍ਹਾਂ ਪਾਸ ਸਾਧਨ ਉਪਲੱਭਧ ਹਨ, ਅਗਵਾਈ ਕਰ ਸਕਦੀ ਹੈ। ਕਿਸੇ ਕਾਰਨ ਜੇ ਪ੍ਰਬੰਧਕ, ਗੁਰਦੁਆਰਾ ਪਰਸਰ ਅੰਦਰ ਇਸ ਸਮਾਗਮ ਦੀ ਪ੍ਰਵਾਨਗੀ ਨਹੀਂ ਦੇਂਦੇ, ਖਹਿਬੜੇ ਬਗ਼ੈਰ ਚੁੱਪ-ਚਾਪ ਕਿਸੇ ਪਾਰਕ ਜਾਂ ਜਨਤਕ ਕੇਂਦਰ (Community Hall) ਵਿੱਚ ਸਮਾਗਮ ਦੀ ਕਾਰਵਾਈ ਕੀਤੀ ਜਾ ਸਕਦੀ ਹੈ।

4. ਕਿਸੇ ਗੁਰਸਿੱਖ, ਪਾਰਟੀ, ਸੰਸਥਾ ਦੇ ਮੈਂਬਰਾਂ ਦੀਆਂ ਨਿੱਜੀ ਕਮਜ਼ੋਰੀਆਂ ਪ੍ਰਚਾਰਨ ਤੋਂ ਹਰ ਹਾਲਤ ਪਰਹੇਜ਼ ਰੱਖਿਆ ਜਾਵੇ।

5. ਉਪਰੋਕਤ ਅਰਦਾਸ ਦੇ ਖਰੜੇ ਨੂੰ ਕਿਸੇ ਸਿੱਖ ਵਿਦਵਾਨ ਵੱਲੋਂ ਹੋਰ ਵਧੀਆ ਸ਼ਬਦਾਂ ਨਾਲ ਸ਼ਿੰਗਾਰਿਆ ਜਾ ਸਕਦਾ ਹੈ।

6. ਇਸ ਅਰਦਾਸ ਰਾਹੀਂ ਉਨ੍ਹਾਂ ਸਮੂਹ ਸੱਜਣਾਂ, ਜਿਨ੍ਹਾਂ ਨੇ ਕਿਸੇ ਵੀ ਢੰਗ ਨਾਲ ਘੱਟ ਜਾਂ ਵੱਧ, ਜਾਣੇ-ਅਣਜਾਣੇ ਗੁਰੂ ਪੰਥ ਨਾਲ ਧ੍ਰੋਹ ਕਮਾਇਆ ਹੈ, ਆਪਣੇ ਗੁਨਾਹਾਂ ਲਈ ਮੁਆਫ਼ੀ ਮੰਗਣ ਤੇ ਅੱਗਾਂਹ ਲਈ ਤੌਬਾ ਕਰਨ ਦਾ ਇੱਕ ਢੁਕਵਾਂ ਅਵਸਰ ਹੈ। ਇਸ ਤੋਂ ਇਲਾਵਾ ਸਿਆਸੀ ਆਗੂਆਂ, ਜਿਨ੍ਹਾਂ ਨੇ ਮੰਤਰੀ-ਪਦਾਂ ਜਾਂ ਸਿਆਸੀ ਅਹੁਦਿਆਂ ਲਈ ਪੰਥ-ਦੋਖੀਆਂ ਨਾਲ ਸਾਂਝ ਬਣਾਈ, ਗੁਰਦੁਆਰਾ ਪ੍ਰਬੰਧਕਾਂ, ਜਿਨ੍ਹਾਂ ਆਪਣੀਆਂ ਕਮਜ਼ੋਰੀਆਂ ਲੁਕਾਉਣ ਲਈ, ਗੁਰਬਾਣੀ ਵਿਆਖਿਆ ਉਪਰ ਪਾਬੰਦੀ ਲਗਾਈ, ਲਾਇਬ੍ਰੇਰੀਆਂ ਦੇ ਕਮਰੇ ਬੰਦ ਕਰਵਾ ਕੇ ਧਾਰਮਕ ਸਿਖਿਆ ਤੋਂ ਵਾਂਝਿਆ ਕੀਤਾ, ਆਪਣੀ ਚੌਧਰ ਨੂੰ ਪੱਠੇ ਪਾਉਣ ਲਈ ਨਗਰ ਕੀਰਤਨਾਂ ਅਤੇ ਚੇਤਨਾ ਮਾਰਚਾਂ, ਪਟਾਖੇ ਚਲਾਉਂਣ ਉਪਰ ਸਿੱਖ ਕੌਮ ਦੇ ਪਸੀਨੇ ਦੀ ਕਮਾਈ ਦੀ ਲਾਪਰਵਾਹੀ ਨਾਲ ਬਰਬਾਦੀ ਕੀਤੀ, ਗੋਲਕਾਂ ਉਪਰ ਕਬਜ਼ੇ ਲਈ ਪੈਸੇ ਅਤੇ ਸ਼ਰਾਬਾਂ ਦੇ ਕਨੱਸਤਰ ਵੰਡੇ, ਸੰਤਾਂ ਬਾਬਿਆਂ ਜਿਨ੍ਹਾਂ ਨੇ ਐਸ਼ਪ੍ਰਸਤੀ ਲਈ ਉਗਰਾਹੀਆਂ ਕੀਤੀਆਂ ਅਤੇ ਗੁਰੂ ਸਾਹਿਬਾਨ ਦੀਆਂ ਇਤਿਹਾਸਕ ਨਿਸ਼ਾਨੀਆਂ ਢਾਹ ਢੇਰੀ ਕਰਕੇ ਸਿੱਖ ਵਿਰਸੇ ਨਾਲੋਂ ਤੋੜਨ ਦਾ ਕੁਕਰਮ ਕੀਤਾ, ਗੁਰੂ ਗ੍ਰੰਥ ਸਾਹਿਬ ਦੀਆਂ ਪੁਰਾਤਨ ਬੀੜਾਂ ਗੁਰੂ ਨੂੰ ਬਿਰਧ ਦੱਸ ਕੇ ਸਸਕਾਰ ਕੀਤਾ, ਅਖੌਤੀ ਧਾਰਮਕ ਜੱਥਿਆਂ ਵਾਲੇ ਆਗੂਆਂ ਜਿਨ੍ਹਾਂ ਫ਼ਰਜ਼ੀ ਤੀਰਥਾਂ (ਹੇਮਕੁੰਟ, ਮਨੀਕਰਨ ਆਦਿ) ਦੇ ਦਰਸ਼ਨ ਕਰਵਾ ਕੇ ਗੁਰਮਤਿ ਸਿਧਾਂਤਾਂ ਦੀ ਜੜੀਂ ਤੇਲ ਪਾਇਆ, ਤਾਰਾ ਰਾਣੀ, ਮਹਾਂਕਾਲ-ਕਾਲਕਾ ਦੀ ਅਰਾਧਨਾ, ਪਰਪੱਕ ਕੀਤੀ ਅਤੇ ਸ਼ਿਵਾ, ਭਗੌਤੀ ਆਦਿ ਦੇਵੀਆਂ ਤੋਂ ਵਰ ਮੰਗਵਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮੰਗਤਾ ਬਣਾਉਣ ਲਈ, ਜਗਰਾਤੇ (ਰੈਣ ਸਬਾਈਆਂ) ਕਰਵਾਈਆਂ, ਪੇਸ਼ਾਵਰ ਕੀਰਤਨੀ ਜੱਥਿਆਂ ਨੇ ਚੰਗੀ ਚੋਪੜੀ ਰੋਜ਼ੀ ਰੋਟੀ ਲਈ ਵਿਦੇਸ਼ਾਂ ਦੀਆਂ ਫੇਰੀਆਂ ਲਗਾ ਕੇ ਸਿੱਖ ਇਤਿਹਾਸ ਨੂੰ ਮਜ਼ਾਕੀਆ ਕਹਾਣੀਆਂ `ਚ ਬਦਲਿਆ, ਗੁਰਬਾਣੀ ਅਨੁਸਾਰ ਨਾਮ ਸਿਮਰਨ ਤੋਂ ਹੱਟਾ ਕੇ ਯੋਗ ਮੱਤ ਵਾਲੇ ਜਪ-ਤਪ ਕਰਵਾਏ, ਬੱਤੀਆਂ ਬੁਝਾ ਕੇ ਸਿਮਰਨ ਬਹਾਨੇ ਛੇੜ-ਖ਼ਾਨੀਆਂ ਕੀਤੀਆਂ ਅਤੇ ਅਜਿਹੇ ਹੋਰ ਕਰਮ ਜੋ ਗੁਰੂ ਸਾਹਿਬ ਨੇ ਸਖ਼ਤੀ ਨਾਲ ਵਰਜੇ ਸਨ, ਪ੍ਰਚੱਲਤ ਕਰਵਾਏ, ਜਿਨ੍ਹਾਂ ਹੋਰ ਵੱਡੇ ਛੋਟੇ ਗੁਨਾਹ ਕੀਤੇ, ਉਹ ਤਮਾਮ ਪ੍ਰਾਣੀ ਇਸ ਅਰਦਾਸ ਰਾਹੀਂ, ਭੁੱਲਾਂ ਬਖ਼ਸ਼ਵਾ ਕੇ, ਅੱਗੇ ਤੋਂ ਪੰਥਕ ਭਲਾਈ ਲਈ ਜਾਰੀ ਉਦਮਾਂ `ਚ ਹਿੱਸਾ ਪਾ ਸਕਦੇ ਹਨ। ਜੇ ਇਹ ਲੋਗ ਪ੍ਰਭੂ ਦਾ ਭਉ ਰੱਖਦੇ ਹਨ, ਤਾਂ ਮੁਆਫ਼ੀ ਮੰਗ ਕੇ, ਪ੍ਰਭੂ ਦੀ ਮਾਰ ਤੋਂ ਬੱਚ ਸਕਦੇ ਹਨ। “ਪਿਛਲੇ ਅਉਗੁਣ ਬਖ਼ਸਿ ਲਏ, ਪ੍ਰਭੁ ਆਗੈ ਮਾਰਗਿ ਪਾਵੈ॥” (ਪੰ. 624) ਅਨੁਸਾਰ ਪਿਛਲੇ ਗੁਨਾਹ ਬਖ਼ਸ਼ ਕੇ ਪ੍ਰਭੂ, ਅਗਾਂਹ ਵਾਸਤੇ ਜੀਵਨ ਦੇ ਠੀਕ ਰਸਤੇ ਉਤੇ ਪਾ ਦੇਂਦਾ ਹੈ।

7. ਉਪਰੋਕਤ ਅਰਦਾਸ `ਚ ਜੋ ਸੱਜਣ ਜਾਂ ਸੰਸਥਾਵਾਂ ਕਿਸੇ ਕਾਰਨ ਹਾਜ਼ਰੀ ਨਾ ਭਰਨਾ ਚਾਹੁਣ, ਤਾਂ ਉਨ੍ਹਾਂ ਨੁੰ ਸਮੁੱਚੇ ਪੰਥ ਵਲੋਂ ਕੌਮ ਉਪਰ ਤਰਸ ਖਾਣ ਲਈ ਤਰਲਾ ਲਿਆ ਜਾਵੇ, ਤਾਕਿ ਰਹਿੰਦੇ ਸਿੱਖ ਪਰਵਾਰਾਂ ਦਾ ਬਚਾਅ ਹੋ ਸਕੇ। ਹੰਕਾਰ ਗ੍ਰਸਤ ਇਨ੍ਹਾਂ ਆਗੂਆਂ ਨੂੰ ਗਿਆਨ ਕਰਵਾਉਂਣਾ ਹੋਵੇਗਾ ਕਿ ਗੁਰੂ ਦੇ ਸਾਜੇ ਖ਼ਾਲਸੇ ਨਾਲ ਫ਼ਰੇਬੀਆਂ ਕਰਨ ਦੀ ਸਜ਼ਾ, ਅਟੱਲ ਰੱਬੀ ਨਿਯਮਾਂ ਅਨੁਸਾਰ ਜ਼ਰੂਰ ਭੁਗਤਨੀ ਹੋਵੇਗੀ। ਉਸ ਵੇਲੇ ਮੂੰਹ ਉਪਰ ਕਾਲਖ਼ ਪੋਤ ਕੇ ਦੋਜ਼ਿਕ ਵਿੱਚ ਜਾਣਾ ਪੈ ਸਕਦਾ ਹੈ। ਜਿਸ ਤੋਂ ਕਿਸੇ ਨੇ ਬੰਦ-ਖ਼ਲਾਸੀ ਨਹੀਂ ਕਰਵਾਉਂਣੀ।

8. ਜੋ ਇਸ ‘ਅਰਦਾਸ ਸਮਾਗਮ’ ਦੀ ਵਿਰੋਧਤਾ ਕਰਨਗੇ, ਪੰਥ `ਚ ਛੁਪੀਆਂ ਉਨ੍ਹਾਂ ਕਾਲੀਆਂ ਭੇਡਾਂ ਦੀ ਪਛਾਣ ਹੋ ਜਾਵੇਗੀ, ਜੋ ਇੱਕ ਮਹੱਤਵਪੂਰਨ ਪ੍ਰਾਪਤੀ ਮੰਨੀ ਜਾਵੇਗੀ।

ਸ਼ੁਭ ਚਿੰਤਕ,

ਗੁਰਚਰਨ ਸਿੰਘ (ਮੋਹਾਲੀ)

Mob. 9357329442




.