.

ਪ੍ਰਸ਼ਨ: ਕਈ ਕਹਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਹੈ ਕਿ ਤੁਰਕ ਦਾ ਵਿਸਵਾਸ਼ ਨਹੀਂ ਕਰਨਾ ਭਾਂਵੇ ਉਹ ਕਿੰਨੀਆਂ ਵੀ ਸਹੁੰਆਂ ਖਾਵੇ। ਕੀ ਇਹ ਗੱਲ ਠੀਕ ਹੈ?

ਉੱਤਰ: ਸਾਡੇ ਇਤਿਹਾਸ ਵਿੱਚ ਇਤਿਹਾਸਕਾਰਾਂ ਨੇ ਗੁਰੂ ਸਾਹਿਬ ਦੇ ਮੁਖਾਰਬਿੰਦ ਵਿਚੋਂ ਬਹੁਤ ਕੁੱਝ ਅਜੇਹਾ ਕਢਵਾਇਆ ਹੈ, ਜਿਸ ਦਾ ਗੁਰੂ ਸਾਹਿਬਾਨ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਸਬੰਧ ਨਹੀਂ ਹੈ। ਚੂੰਕਿ ਸਾਰੇ ਹੀ ਗੁਰੂ ਸਾਹਿਬਾਨ ਗੁਰੂ ਨਾਨਕ ਜੋਤ ਦੇ ਹੀ ਪ੍ਰਕਾਸ਼ ਸਨ, ਇਸ ਲਈ ਹੀ ਅਸੀਂ ਇਹ ਕਹਿੰਦੇ ਹਾਂ ਕਿ ਸਾਰੇ ਗੁਰੂ ਸਾਹਿਬ ਇਕੋ ਜੋਤ ਅਤੇ ਜੁਗਤੀ ਦੇ ਧਾਰਨੀ ਸਨ। ਗੁਰੂ ਸਾਹਿਬਾਨ ਨੇ ਜੋ ਮਨੁੱਖਤਾ ਨੂੰ ਉਪਦੇਸ਼ ਬਖ਼ਸ਼ਸ਼ ਕੀਤਾ ਹੈ, ਉਹ ਗੁਰੂ ਗਰੰਥ ਸਾਹਿਬ ਵਿੱਚ ਦਰਜ ਹੈ। ਕਿਸੇ ਵੀ ਲਿਖਾਰੀ ਦੀ ਅਜੇਹੀ ਲਿਖਤ, ਜੇਹੜੀ ਗੁਰੂ ਗਰੰਥ ਸਾਹਿਬ ਦੇ ਆਸ਼ੇ ਦੇ ਅਨੁਕੂਲ ਅਥਵਾ ਕਸਵੱਟੀ ਉੱਤੇ ਪੂਰੀ ਨਹੀਂ ਉਤਰਦੀ, ਉਸ ਦਾ ਗੁਰੂ ਸਾਹਿਬ ਨਾਲ ਕੋਈ ਸਬੰਧ ਨਹੀਂ ਹੋ ਸਕਦਾ ਹੈ। ਇਸ ਲਈ ਕਿਸੇ ਵੀ ਅਜੇਹੀ ਗੱਲ ਬਾਰੇ ਜਿਸ ਦੀ ਪੁਸ਼ਟੀ ਗੁਰੂ ਗਰੰਥ ਸਾਹਿਬ `ਚੋਂ ਨਹੀਂ ਹੁੰਦੀ ਇਹੀ ਸਮਝਣਾ ਚਾਹੀਦਾ ਹੈ ਕਿ ਉਹ ਲਿਖਣ ਵਾਲੇ ਲੇਖਕ ਦੀ ਆਪਣੀ ਧਾਰਨਾ ਹੈ, ਜਿਸ ਨੂੰ ਉਹ ਗੁਰੂ ਸਾਹਿਬ ਦੇ ਮੂਹੌਂ ਕਢਵਾ ਕੇ ਗੁਰੂ ਸਾਹਿਬ ਨਾਲ ਜੋੜਨਾ ਚਾਹੁੰਦਾ ਹੈ।

ਗੁਰੂ ਗਰੰਥ ਸਾਹਿਬ ਵਿੱਚ ਸਤਿਗੁਰੂ ਜੀ ਨੇ ਕਿਸੇ ਵੀ ਇੱਕ ਮਨੁੱਖ ਦੀ ਗ਼ਲਤੀ ਕਾਰਨ ਉਸ ਦੀ ਜ਼ਾਤ, ਇਲਾਕੇ ਜਾਂ ਧਰਮ ਆਦਿ ਨਾਲ ਸਬੰਧਤ ਵਿਅਕਤੀਆਂ ਨੂੰ ਇਸ ਲਈ ਕਸੂਰਵਾਰ ਨਹੀਂ ਮੰਨਿਆ ਕਿ ਉਹ ਗ਼ਲਤੀ ਕਰਨ ਵਾਲੇ ਦੀ ਜਾਤ, ਧਰਮ ਜਾਂ ਇਲਾਕੇ ਨਾਲ ਸਬੰਧਤ ਹੈ। ਹਾਂ, ਨੀਚ ਕਰਮ ਕਰਨ ਵਾਲੇ ਦੇ ਪਦ - ਚਿੰਨ੍ਹਾਂ `ਤੇ ਚਲਣ ਵਾਲਿਆਂ ਤੋਂ ਮਨੁੱਖ ਨੂੰ ਜ਼ਰੂਰ ਸੁਚੇਤ ਕੀਤਾ ਹੈ। ਇਤਿਹਾਸ ਵਿੱਚ ਅਸੀਂ ਇਹ ਆਮ ਹੀ ਦੇਖਦੇ ਹਾਂ ਕਿ ਜੇਕਰ ਕਿਸੇ ਇੱਕ ਵਿਅਕਤੀ ਨੇ ਕੋਈ ਗ਼ਲਤੀ ਕੀਤੀ ਹੈ ਤਾਂ ਲੇਖਕਾਂ ਨੇ, ਗੁਰੂ ਸਾਹਿਬ ਵਲੋਂ, ਉਸ ਦੀ ਸਮੁੱਚੀ ਹੀ ਜਾਤ ਜਾਂ ਉਸ ਕਿੱਤੇ ਨਾਲ ਸਬੰਧਤ ਸਮੂਹ ਪ੍ਰਾਣੀਆਂ ਬਾਰੇ ਫ਼ਤਵਾ ਜਾਰੀ ਕਰਨ ਦਾ ਜ਼ਿਕਰ ਕਰਦਿਆਂ ਇਹ ਲਿਖ ਦਿੱਤਾ ਕਿ ਹਜ਼ੂਰ ਨੇ ਆਖਿਆ ਹੈ ਕਿ ਇਸ ਜਾਤ, ਧਰਮ, ਇਲਾਕੇ ਜਾਂ ਇਸ ਕਿੱਤੇ ਨਾਲ ਸਬੰਧਤ ਵਿਅਕਤੀਆਂ ਦਾ ਵਿਸਵਾਸ਼ ਨਹੀਂ ਕਰਨਾ। ਉਦਾਹਰਣ ਦੇ ਤੌਰ `ਤੇ ਇੱਕ ਸੁਨਿਆਰੇ ਸਿੱਖ ਦੀ ਬੇਈਮਾਨੀ ਨੂੰ ਦੇਖ ਕੇ ਦਸਮੇਸ਼ ਪਾਤਸ਼ਾਹ ਬਾਰੇ ਇਹ ਲਿਖ ਦਿੱਤਾ ਹੈ ਕਿ ਹਜ਼ੂਰ ਨੇ ਆਖਿਆ ਹੈ ਕਿ ਸੁਨਿਆਰਾ ਕਦੀ ਵੀ ਸਚਿਆਰ ਸਿੱਖ ਨਹੀਂ ਹੋ ਸਕਦਾ।

ਇਸੇ ਤਰ੍ਹਾਂ ਮੁਸਲਮਾਨਾਂ ਪ੍ਰਤੀ ਗੁਰਦੇਵ ਦੇ ਪਵਿੱਤਰ ਮੁਖਾਰਬਿੰਦ `ਚੋਂ ਇਹ ਕਢਵਾਇਆ ਹੈ ਕਿ ਆਪ ਜੀ ਨੇ ਆਖਿਆ ਕਿ ਮੁਸਲਮਾਨ ਦਾ ਵਿਸਵਾਸ਼ ਨਹੀਂ ਕਰਨਾ ਭਾਂਵੇ ਉਹ ਕਿੰਨੀਆਂ ਵੀ ਸੁਗੰਧਾਂ ਖਾਵੇ। ਅਜੇਹਾ ਲਿਖਣ ਵਾਲੇ ਲਿਖਣ ਸਮੇਂ ਇਹ ਭੁੱਲ ਹੀ ਗਏ ਕਿ ਗੁਰੂ ਗੋਬਿੰਦ ਸਿੰਘ ਜੀ ਉਤੋਂ ਆਪਾ ਵਾਰਨ ਵਾਲਿਆਂ ਵਿੱਚ ਕਈ ਇਸਲਾਮ ਦੇ ਪੈਰੋਕਾਰ ਵੀ ਸਨ। ਪੀਰ ਬੁੱਧੂ ਸ਼ਾਹ ਜੀ, ਗ਼ਨੀ ਖਾਂ, ਨਬੀ ਖਾਂ ਆਦਿ ਗੁਰੂ ਸਾਹਿਬ ਦੇ ਉਤਨੇ ਹੀ ਵਿਸਵਾਸ਼ ਪਾਤਰ ਸਨ, ਜਿਤਨੇ ਕਿ ਆਪ ਜੀ ਦੇ ਹਜ਼ੂਰੀ ਸਿੱਖ। ਬਾਬਾ ਫ਼ਰੀਦ ਜੀ, ਸਧਨਾ ਜੀ ਦੀ ਬਾਣੀ ਗੁਰੂ ਗਰੰਥ ਸਾਹਿਬ ਵਿੱਚ ਦਰਜ ਹੈ ਅਤੇ ਇਹਨਾਂ ਦੀ ਬਾਣੀ ਵੀ ਗੁਰੂ ਗਰੰਥ ਸਾਹਿਬ ਦਾ ਅਤੁੱਟ ਅੰਗ ਹੈ। ਕਦੀ ਵੀ ਕਿਸੇ ਸਿੱਖ ਨੇ ਇਹਨਾਂ ਭਗਤਾਂ ਦੀ ਬਾਣੀ ਸਬੰਧੀ ਇਹ ਆਖਣ ਦੀ ਹਿੰਮਤ ਨਹੀਂ ਕੀਤੀ ਕਿ ਇਸ `ਤੇ ਵਿਸਵਾਸ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਭਗਤ ਇਸਲਾਮਕ ਦੁਨੀਆਂ ਨਾਲ ਸਬੰਧ ਰੱਖਣ ਵਾਲੇ ਹਨ।

ਗੁਰੂ ਗਰੰਥ ਸਾਹਿਬ ਵਿੱਚ ਗੁਰਦੇਵ ਨੇ ਮਨੁੱਖ ਨੂੰ ਇਹ ਪ੍ਰੇਰਨਾ ਜ਼ਰੂਰ ਕੀਤੀ ਹੈ ਕਿ ਕੁੱਝ ਐਸੇ ਮਨੁੱਖ ਹੁੰਦੇ ਹਨ, ਜਿਹਨਾਂ ਦਾ ਵਿਸਵਾਸ਼ ਕਰਨਾ ਠੀਕ ਨਹੀਂ। ਜਿੱਥੋਂ ਤੱਕ ਵਸ ਚਲੇ ਇਹਨਾਂ ਦਾ ਵਿਸਵਾਸ਼ ਨਾ ਕੀਤਾ ਜਾਵੇ, ਕਿਉਂਕਿ ਅਜੇਹੇ ਪ੍ਰਾਣੀ ਕਿਸੇ ਵੇਲੇ ਵੀ ਧੋਖਾ ਦੇ ਸਕਦੇ ਹਨ। ਸਤਿਗੁਰੂ ਜੀ ਤੋਂ ਇਸ ਬਾਰੇ ਪੁਛੀਏ ਕਿ ਮਹਾਰਾਜ ਉਹ ਵਿਅਕਤੀ ਕੌਣ ਹਨ? ਕੀ ਉਹ ਮੁਸਲਮਾਨ ਹਨ, ਹਿੰਦੂ ਹੈ ਜਾਂ ਕਿਸੇ ਹੋਰ ਧਰਮ, ਜ਼ਾਤ ਜਾਂ ਇਲਾਕੇ ਨਾਲ ਸਬੰਧ ਰੱਖਣ ਵਾਲੇ। ਹਜ਼ੂਰ ਉੱਤਰ ਵਿੱਚ ਆਖਦੇ ਹਨ ਕਿ ਉਹ ਮਨੁੱਖ ਜੇਹੜੇ ਵਿਸਵਾਸ਼ ਯੋਗ ਨਹੀਂ ਹਨ ਉਹ ਲੋਭੀ ਮਨੁੱਖ ਹਨ। ਲੋਭੀ ਭਾਂਵੇ ਸਿੱਖ ਹੈ, ਮੁਸਲਮਾਨ ਹੈ, ਹਿੰਦੂ ਹੈ, ਈਸਾਈ ਜਾਂ ਕਿਸੇ ਹੋਰ ਧਰਮ ਨਾਲ ਸਬੰਧ ਰੱਖਨ ਵਾਲਾ, ਉਹ ਇਤਬਾਰ ਯੋਗ ਵਿਅਕਤੀ ਨਹੀਂ ਹੈ। ਅਸਲ `ਚ ਲੋਭੀ ਮਨੁੱਖ ਦਾ ਕੋਈ ਧਰਮ ਨਹੀਂ ਹੋਇਆ ਕਰਦਾ, ਉਸ ਦਾ ਧਰਮ ਤਾਂ ਕੇਵਲ ਉਸ ਦਾ ਆਪਣਾ ਸਵਾਰਥ ਹੀ ਹੋਇਆ ਕਰਦਾ ਹੈ। ਉਹ ਆਪਣੇ ਲੋਭ ਲਈ ਕਿਸੇ ਵੀ ਹੱਦ ਤਕ ਜਾ ਸਕਦਾ ਹੈ। ਗੁਰੂ ਗਰੰਥ ਸਾਹਿਬ ਵਿੱਚ ਲੋਭੀ ਵਿਅਕਤੀ ਦਾ ਵਿਸਵਾਸ਼ ਨਾ ਕਰਨ ਦੇ ਕਈ ਕਾਰਨ ਦਰਸਾਏ ਗਏ ਹਨ, ਜਿਨ੍ਹਾਂ `ਚੋਂ ਕੁਛ ਕੁ ਨਿਮਨ ਲਿੱਖਤ ਹਨ:

(ੳ) ਲੋਭੀ ਪ੍ਰਾਣੀ ਦਾ ਇਸ ਲਈ ਵਿਸਵਾਸ਼ ਯੋਗ ਨਹੀਂ ਹੈ ਕਿਉਂਕਿ ਉਸ ਨੂੰ ਹਲਕਾਏ ਹੋਏ ਕੁੱਤੇ ਵਾਂਗ ਕੁੱਝ ਵੀ ਨਹੀਂ ਸੁੱਝਦਾ, ਉਹ ਭੱਖ ਅਭੱਖ ਸਭ ਕੁੱਝ ਖਾ ਜਾਂਦਾ ਹੈ: ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ ਜਾਇ॥ ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ॥ (ਪੰਨਾ 50)

(ਅ) ਉਹ ਧਨ ਨੂੰ ਹੀ ਜ਼ਿੰਦਗੀ ਦਾ ਸਹਾਰਾ ਸਮਝਦਾ ਹੈ, ਇਸ ਲਈ ਇਸ ਦੀ ਖ਼ਾਤਰ ਉਹ ਕੁੱਝ ਵੀ ਕਰਨ ਲਈ ਤਿਆਰ ਹੋ ਜਾਂਦਾ ਹੈ: ਲੋਭੀ ਕਾ ਧਨੁ ਪ੍ਰਾਣ ਅਧਾਰੁ॥ (ਪੰਨਾ 914)

(ੲ) ਉਹ ਰੱਬ ਨਾਲੋਂ ਟੁੱਟੇ ਹੋਏ ਹੁੰਦੇ ਹਨ, ਉਹਨਾਂ ਦਾ ਸੁਭਾਅ ਸੁਆਨ ਵਾਂਗ ਹੁੰਦਾ ਹੈ, ਉਹਨਾਂ ਦੇ ਅੰਦਰ ਖੋਟੀ ਮੱਤ ਰੂਪੀ ਮੈਲ ਭਰੀ ਹੁੰਦੀ ਹੈ, ਅਤੇ ਉਹ ਕੇਵਲ ਆਪਣੀ ਗ਼ਰਜ਼ ਦੀ ਖ਼ਾਤਰ ਹੀ ਗੱਲਾਂ ਕਰਨ ਵਾਲੇ ਹੁੰਦੇ ਹਨ: ਸਾਕਤ ਸੁਆਨ ਕਹੀਅਹਿ ਬਹੁ ਲੋਭੀ ਬਹੁ ਦੁਰਮਤਿ ਮੈਲੁ ਭਰੀਜੈ॥ ਆਪਨ ਸੁਆਇ ਕਰਹਿ ਬਹੁ ਬਾਤਾ ਤਿਨਾ ਕਾ ਵਿਸਾਹੁ ਕਿਆ ਕੀਜੈ॥ (ਪੰਨਾ 1326)

(ਸ) ਉਹ ਅਜੇਹੀ ਪ੍ਰਸਿੱਥਤੀ ਵਿੱਚ ਧੋਖਾ ਦੇਂਦੇ ਹਨ ਕਿ ਉਸ ਵੇਲੇ ਹੋਰ ਕੁੱਝ ਕਰਨਾ ਸੰਭਵ ਨਹੀਂ ਹੁੰਦਾ: ਲੋਭੀ ਕਾ ਵੇਸਾਹੁ ਨ ਕੀਜੈ ਜੇ ਕਾ ਪਾਰਿ ਵਸਾਇ॥ ਅੰਤਿ ਕਾਲਿ ਤਿਥੈ ਧੁਹੈ ਜਿਥੈ ਹਥੁ ਨ ਪਾਇ॥ (ਪੰਨਾ 1417)

ਸੋ, ਗੁਰੂ ਗੋਬਿੰਦ ਸਿੰਘ ਜੀ ਦਾ ਇਹ ਕਥਨ ਨਹੀਂ ਹੈ ਕਿ ਮੁਸਲਮਾਨ ਦਾ ਕਦੀ ਵੀ ਵਿਸਾਹ ਨਾ ਕੀਤਾ ਜਾਵੇ। ਇਤਿਹਾਸ ਵਿੱਚ ਇਹੋ ਜੇਹੀਆਂ ਗੱਲਾਂ ਗੁਰੂ ਸਾਹਿਬਾਨ ਨਾਲ ਜੋੜਨ ਦੇ ਕਈ ਕਾਰਨ ਸਨ। ਜਿਹਨਾਂ ਵਿਚੋਂ ਇੱਕ ਇਹ ਹੈ: ਹਾਕਮ ਸ਼੍ਰੇਣੀ (ਅਠਾਰਵੀਂ / ਉਨਵੀਂ ਸਦੀ ਦੀ) ਇਸਲਾਮ ਵਿੱਚ ਵਿਸਵਾਸ਼ ਰੱਖਣ ਵਾਲੀ ਸੀ, ਜੇਹੜੀ ਸਿੱਖਾਂ ਦਾ ਖੁਰਾ –ਖੋਜ ਮਿਟਾਉਣ `ਤੇ ਤੁਲੀ ਹੋਈ ਸੀ, ਪ੍ਰਤੀਕ੍ਰਿਆ ਵਜੋਂ ਆਮ ਸਿੱਖ ਦੇ ਮਨ ਵਿੱਚ ਹਕੂਮਤ ਪ੍ਰਤੀ ਗੁੱਸਾ ਸੀ ਅਤੇ ਇਸ ਗੁੱਸੇ ਨੂੰ ਉਹ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਗੁਰੂ ਸਾਹਿਬ ਦੇ ਮੂੰਹੌਂ ਕਢਵਾਕੇ ਸਿੱਖਾਂ ਨੂੰ ਸੁਚੇਤ ਕਰਨਾ, ਅਤੇ ਦੂਜਾ ਹੈ ਕਿਸੇ ਸ਼ਰਾਰਤੀ ਧਿਰ ਵਲੋਂ ਇਸਲਾਮ ਦੇ ਪੈਰੋਕਾਰਾਂ ਅਤੇ ਸਿੱਖਾਂ ਵਿੱਚ ਦੂਰੀਆਂ ਵਧਾਉਣਾ। ਵਿਰੋਧੀ ਨੇ ਇਕੋ ਤੀਰ ਨਾਲ ਦੋ ਨਿਸ਼ਾਨੇ ਸਾਧਨੇ ਚਾਹੇ ਹਨ; ਇੱਕ ਤਾਂ ਇਹ ਕਿ ਸਿੱਖ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਫ਼ਰਮਾਨ ਸਮਝ ਕੇ ਇਸਲਾਮ ਦੇ ਪੈਰੋਕਾਰਾਂ ਤੇ ਵਿਸਵਾਸ਼ ਨਹੀਂ ਕਰਨਗੇ ਅਤੇ ਦੂਜਾ ਇਸਲਾਮ ਦੇ ਪੈਰੋਕਾਰ ਵੀ ਇਸ ਗੱਲ ਤੋਂ ਭਲੀ ਪ੍ਰਕਾਰ ਸੁਚੇਤ ਹੋਣ ਗੇ ਕਿ ਸਿੱਖਾਂ ਨੇ ਉਹਨਾਂ ਦਾ ਕਦੀ ਵੀ ਵਿਸਵਾਸ਼ ਨਹੀਂ ਕਰਨਾ, ਕਿਉਂਕਿ ਇਹਨਾਂ ਦੇ ਗੁਰੂ ਨੇ ਇਹਨਾਂ ਨੂੰ ਅਜੇਹਾ ਕਰਨ ਲਈ ਹਿਦਾਇਤ ਕੀਤੀ ਹੋਈ ਹੈ। ਇਸ ਤਰ੍ਹਾਂ ਦੋਵੇਂ ਧਿਰਾਂ ਆਪਸ ਵਿੱਚ ਕਿਸੇ ਵੀ ਪਰਿਸਥਿੱਤੀ ਵਿੱਚ ਇਕੱਠਿਆਂ ਨਹੀਂ ਬੈਠ ਸਕਣ ਗੀਆਂ। ਸਾਨੂੰ ਵਿਰੋਧੀਆਂ ਦੀਆਂ ਇਹੋ ਜੇਹੀਆਂ ਚਾਲਾਂ ਨੂੰ ਸਮਝਦਿਆਂ ਹੋਇਆਂ ਇਸ ਕਥਨ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਕਥਨ ਨਹੀਂ ਸਮਝਣਾ ਚਾਹੀਦਾ। ਗੁਰਬਾਣੀ ਦੀ ਰੌਸ਼ਨੀ ਵਿੱਚ ਹੀ ਵਿਚਰਦਿਆਂ ਹੋਇਆਂ ਇਹ ਨਿਰਣਾ ਕਰਨਾ ਚਾਹੀਦਾ ਹੈ ਕਿ ਲੋਭੀ, ਸਵਾਰਥੀ ਆਦਿ ਪ੍ਰਾਣੀ ਹੀ ਵਿਸਵਾਸ਼ ਯੋਗ ਨਹੀਂ ਹੈ, ਭਾਂਵੇ ਉਹ ਕਿਸੇ ਵੀ ਜਾਤ, ਧਰਮ ਆਦਿ ਨਾਲ ਸਬੰਧ ਰੱਖਦਾ ਹੈ। ਇਨਸਾਨੀਅਤ ਤੋਂ ਰਹਿਤ ਮਨੁੱਖ ਦਾ ਕੋਈ ਦੀਨ ਈਮਾਨ ਨਹੀਂ ਹੁੰਦਾ; ਜੇਕਰ ਉਸ ਉਤੇ ਕਿਸੇ ਧਰਮ, ਜਾਤ, ਇਲਾਕੇ ਅਤੇ ਕਿੱਤੇ ਆਦਿ ਦਾ ਲੇਬਲ ਲੱਗਾ ਹੋਇਆ ਹੈ ਤਾਂ ਉਸ ਜਾਤ, ਧਰਮ, ਇਲਾਕੇ ਆਦਿ ਨਾਲ ਸਬੰਧਤ ਸਾਰੇ ਇਨਸਾਨ ਭੈੜੇ ਨਹੀਂ ਆਖੇ ਜਾ ਸਕਦੇ। ਕਿਸੇ ਵੀ ਧਰਮ, ਕੌਮ, ਜਾਤ ਜਾਂ ਕਿਸੇ ਵੀ ਕਿੱਤੇ ਨਾਲ ਸਬੰਧਤ ਸਾਰੇ ਵਿਅਕਤੀ ਮਾੜੇ ਨਹੀਂ ਹੁੰਦੇ, ਹਰੇਕ ਥਾਂਈ ਥੋਹੜੇ ਬਹੁਤ ਮਾੜੀ ਸੋਚ ਅਥਵਾ ਕਰਮ ਵਾਲੇ ਵੀ ਹੁੰਦੇ ਹਨ; ਉਹਨਾਂ ਕਰਕੇ ਸਾਰਿਆਂ ਨੂੰ ਬੁਰਾ - ਭਲਾ ਕਹਿਣਾ ਕਿਸੇ ਤਰ੍ਹਾਂ ਵੀ ਯੋਗ ਨਹੀਂ ਹੈ।

ਸੋ, ਇਸ ਗੱਲ ਵਿੱਚ ਕੋਈ ਸਚਾਈ ਨਹੀਂ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਆਖਿਆ ਹੈ ਕਿ ਮੁਸਲਮਾਨ ਦਾ ਕਦੀ ਵੀ ਵਿਸਵਾਸ਼ ਨਾ ਕੀਤਾ ਜਾਵੇ ਭਾਂਵੇ ਉਹ ਕਿੰਨੀਆਂ ਵੀ ਸਹੁੰਆਂ ਖਾਵੇ। ਇਹ ਜਾਂ ਤਾਂ ਕਿਸੇ ਪੰਥ ਵਿਰੋਧੀ ਨੇ ਜਾਂ ਫਿਰ ਹਕੂਮਤ ਵਲੋਂ ਸਤਾਏ ਹੋਏ ਕਿਸੇ ਸਿੱਖ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੋੜ ਕੇ ਇਸ ਨੂੰ ਪ੍ਰਚਾਰਨਾ ਸ਼ੁਰੂ ਕਰ ਦਿੱਤਾ; ਜਿਸ ਨੂੰ ਸਤਿਗੁਰੂ ਜੀ ਦਾ ਫ਼ਰਮਾਨ ਸਮਝ ਕੇ ਕਈਆਂ ਨੇ ਸੱਚ ਮੰਨ ਲਿਆ ਹੈ।

ਜਸਬੀਰ ਸਿੰਘ ਵੈਨਕੂਵਰ




.