.

ਪੁਨਰਪਿ ਜਨਮਿ ਨ ਆਵੈ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਇਹੀ ਸਚਾਈ ਹੈ ਕਿ ਅਜਿਹੇ ਜੀਊੜੇ ‘ਜਨਮ-ਮਰਣ’ ਭਾਵ ਬਾਰ ਬਾਰ ਦੇ ਜਨਮਾਂ `ਚ ਨਹੀਂ ਆਉਂਦੇ ਪਰ ਸ਼ਰਤ ਹੈ “ਕਹੁ ਕਬੀਰ ਜਿਸੁ ਸਤਿਗੁਰੁ ਭੇਟੈ, ਪੁਨਰਪਿ ਜਨਮਿ ਨ ਆਵੈ” (ਪੰ: 476)। ਜਦਕਿ ਮਨਮੁਖਾਂ `ਤੇ ਇਹ ਸਿਧਾਂਤ ਲਾਗੂ ਨਹੀਂ ਹੁੰਦਾ। ਗੁਰਮਤਿ ਅਨੁਸਾਰ ਜਿਹੜੇ ਜਨਮ ਜ਼ਾਇਆ ਕਰ ਕੇ, ਜਨਮ ਹਾਰ ਕੇ ਜਾਂਦੇ ਹਨ, ਉਹ ਜਨਮ-ਮਰਣ ਦੇ ਗੇੜ `ਚ ਹੀ ਪੈਂਦੇ ਹਨ। ਇਹ ਤਦ ਤੀਕ ਜਨਮ-ਮਰਣ ਦੇ ਗੇੜ `ਚ ਪਏ ਰਹਿੰਦੇ ਹਨ ਜਦ ਤੀਕ “ਅਨੇਕ ਜੂਨੀ ਭਰਮਿ ਆਵੈ, ਵਿਣੁ ਸਤਿਗੁਰ ਮੁਕਤਿ ਨ ਪਾਏ॥ ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ” (ਪੰ: 920) ਭਾਵ ਜਦ ਤੀਕ ਅਕਾਲਪੁਰਖ ਉਹਨਾਂ ਨੂੰ ਫ਼ਿਰ ਤੋਂ ਮਨੁੱਖਾ ਜਨਮ ਨਾ ਦੇ ਦੇਵੇ ਤੇ ਉਹ ਉਸ ਜਨਮ ਨੂੰ ਸ਼ਬਦ-ਗੁਰੂ ਦੀ ਸ਼ਰਣ `ਚ ਆ ਕੇ ਸਫ਼ਲ ਹੀ ਨਾ ਕਰ ਲੈਣ।

“ਇਹ ਤੇਰੀ ਬਰੀਆ” -ਗੁਰਬਾਣੀ ਅਨੁਸਾਰ ਅਕਾਲਪੁਰਖ ਨੇ ਅਨੇਕਾਂ ਜੂਨਾਂ `ਚੋਂ ਕੱਢ ਕੇ ਸਾਨੂੰ “ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ” (ਪੰ: ੧੨) ਮਨੁੱਖਾ ਜੂਨ, ਇੱਕ ਮੌਕਾ, ਅਵਸਰ ਤੇ ਵਾਰੀ ਬਖਸ਼ੀ ਹੁੰਦੀ ਹੈ, ਤਾ ਕਿ ‘ਗੁਰੂ-ਗੁਰਬਾਣੀ’ ਪਾਸੋਂ ਪ੍ਰਾਪਤ ‘ਜੀਵਨ ਜਾਚ’ ਦੀ ਕਮਾਈ ਕਰ ਕੇ, ਅਸੀਂ ਆਪਣੇ ਅਸਲੇ ਪ੍ਰਭੂ ਨਾਲ ਜੀਉਂਦੇ ਜੀਅ ਇੱਕ ਮਿੱਕ ਹੋ ਸਕੀਏ, ਉਸ `ਚ ਸਮਾ ਸਕੀਏ। ਇਸ ਤਰ੍ਹਾਂ ਸਾਡੇ ਅਗਲੇ-ਪਿਛਲੇ ਸੰਸਕਾਰ ਕਰਮਾਂ ਦਾ ਲੇਖਾ ਜੋਖਾ ਵੀ ਮੁੱਕ ਜਾਵੇ ਗਾ, ਉਹਨਾਂ ਦਾ ਨਾਸ ਹੋ ਜਾਵੇ ਤੇ ਬਾਰ ਬਾਰ ਦੇ ਜਨਮ-ਮਰਣ ਦੇ ਦੁਖਾਂ ਤੋਂ ਵੀ ਛੁਟਕਾਰਾ ਮਿਲ ਜਾਵੇਗਾ। ਜਦਕਿ ਬਹੁਤਾ ਕਰਕੇ ਹੁੰਦਾ ਉਲਟ ਹੀ ਹੈ ਕਾਰਨ “ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ” (ਪੰ: 468) ਅਨੁਸਾਰ ਪੂਰਾਂ ਦੇ ਪੂਰ ਡੁਬਦੇ ਹਨ, ਮੁੜ ਮੁੜ ਜਨਮ ਮਰਣ ਦੇ ਗੇੜ `ਚ ਪਏ ਰਹਿੰਦੇ ਹਨ ਤੇ ਵਿਰਲੇ ਹੀ ਸਫ਼ਲ ਹੁੰਦੇ ਹਨ ਜਿਵੇਂ “ਤਨੁ, ਜਲਿ ਬਲਿ ਮਾਟੀ ਭਇਆ, ਮਨੁ ਮਾਇਆ ਮੋਹਿ ਮਨੂਰੁ॥ ਅਉਗਣ ਫਿਰਿ ਲਾਗੂ ਭਏ, ਕੂਰਿ ਵਜਾਵੈ ਤੂਰੁ॥ ਬਿਨੁ ਸਬਦੈ ਭਰਮਾਈਐ, ਦੁਬਿਧਾ ਡੋਬੇ ਪੂਰੁ” (ਪੰ: 19)

“ਮਾਟੀ ਏਕ ਸਗਲ ਸੰਸਾਰਾ” - ਇਹ ਵੀ ਠੀਕ ਹੈ ਕਿ ਪਿਛਲੇ ਭੁਗਤ ਚੁਕੇ ਜਨਮਾਂ ਨਾਲ ਸਾਡਾ ਕੁੱਝ ਲੈਣਾ-ਦੇਣਾ ਨਹੀਂ ਰਿਹਾ, ਕਿਉਂਕਿ ਉਹ ਤਾਂ ਪ੍ਰਭੂ ਦੇ ਨਿਆਂ `ਚ ਭੁਗਤ ਹੀ ਚੁਕੇ ਹਨ। ਇਹ ਵੀ ਉਸ ਦੀ ਬਖਸ਼ਿਸ਼ ਹੋਈ ਕਿ ਉਸ ਨੇ ਸਾਨੂੰ ਫ਼ਿਰ ਤੋਂ ਸਫ਼ਲ ਹੋਣ ਲਈ ਮਨੁੱਖਾ ਜਨਮ ਬਖਸ਼ਿਆ ਹੈ। ਤਾਂ ਤੇ ਇਸ ਸਮੇਂ ਸਾਡਾ ਕਰਤਬ ਹੈ ਇਸ ਜਨਮ ਨੂੰ ਪ੍ਰਭੂ ਗੁਣਾਂ ਨਾਲ ਸੁਆਰ ਕੇ “ਧੰਨੈ ਧਨੁ ਪਾਇਆ ਧਰਣੀਧਰੁ, ਮਿਲਿ ਜਨ ਸੰਤ ਸਮਾਨਿਆ (ਪੰ: 487) ਜਾਂ “ਰਾਮ ਕਬੀਰਾ ਏਕ ਭਏ ਹੈ” (ਪੰ: 969) ਵਾਂਗ ਸਾਧ ਸੰਗਤ `ਚ ਪੁੱਜ ਕੇ, ਗੁਰੂ ਸ਼ਬਦ ਦੀ ਕਮਾਈ ਨਾਲ, ਪ੍ਰਭੂ ਦਾ ਹੀ ਰੂਪ ਹੋ ਜਾਵੀਏ ਅਤੇ ਮੁੜ ਜਨਮਾਂ ਦੇ ਚਕਰ `ਚ ਨਾ ਪੈਣਾ ਪਵੇ। ਨਹੀਂ ਤਾਂ, ਗੁਰਬਾਣੀ ਦਾ ਫ਼ੈਸਲਾ ਹੈ ਕਿ ਮਨਮੁਖ ਭਾਵ ਅਸਫ਼ਲ ਜੀਵਨ ਲਈ ਤਾਂ ਫ਼ਿਰ ਤੋਂ ਜੂਨਾਂ ਦਾ ਗੇੜ ਹੀ ਹੈ। ਠੀਕ ਉਸੇ ਤਰ੍ਹਾਂ, ਜਿਵੇਂ ਬੱਚੇ ਨੇ ਮੇਹਨਤ ਨਹੀਂ ਕੀਤੀ ਤੇ ਪ੍ਰੀਖਿਆ ਚੋਂ ਅਸਫ਼ਲ (fail) ਹੋ ਗਿਆ ਤਾਂ ਉਸ ਨੂੰ ਮੁੜ ਪਿਛਲੀ ਜਮਾਤ `ਚ ਹੀ ਬੈਠਣਾ ਪਵੇਗਾ। ਇਥੇ ਕੇਵਲ ਮਨੁੱਖਾ ਸਰੀਰ ਹੀ ਇਸ ਸਫ਼ਲਤਾ ਲਈ ਇਕੋ ਇੱਕ ਸਾਧਨ ਹੈ, ਨਹੀਂ ਤਾਂ “ਮਾਟੀ ਏਕ ਭੇਖ ਧਰਿ ਨਾਨਾ” (ਪੰ: 940) ਪੁਨਾ “ਮਾਟੀ ਏਕ ਸਗਲ ਸੰਸਾਰਾ॥ ਬਹੁ ਬਿਧਿ ਭਾਂਡੇ ਘੜੈ ਕੁਮਾੑਰਾ” ਜਾਂ (ਪੰ: ੧੧੨੮) “ਮਾਟੀ ਏਕ ਅਨੇਕ ਭਾਂਤਿ ਕਰਿ, ਸਾਜੀ ਸਾਜਨਹਾਰੈ” (ਪੰ: 1350) ਭਾਵ ਦੁਖਾਂ-ਸੁਖਾਂ ਤੇ ਅਉਖੇ-ਸਉਖੈ ਜੀਵਨ ਨੂੰ ਭੁਗਤਾਉਣ ਲਈ ਸਰੀਰ ਹੀ ਇੱਕ ਸਾਧਨ ਹੁੰਦਾ, ਫ਼ਿਰ ਭਾਵੇਂ ਕਿ ਇਹ ਸਰੀਰ ਕਿਸੇ ਵੀ ਜੀਵ ਸ਼੍ਰਣੀ ਦਾ ਕਿਉਂ ਨਾ ਮਿਲਿਆ ਹੋਵੇ। ਸਰੀਰ ਮਨੁੱਖ ਦਾ ਹੋਵੇ ਜਾਂ ਕੋਈ ਵੀ, ਸਾਰੇ ਇਕੋ ਹੀ ਮਿੱਟੀ ਤੋਂ ਬਣੇ ਭਾਂਡੇ ਹਨ। ਸਾਰਿਆਂ `ਚ ਉਹੀ ਪੰਜ ਤੱਤ ਤੇ ਪ੍ਰਭੂ ਦਾ ਨੂਰ ਹੁੰਦਾ ਹੈ। ਉਪ੍ਰੰਤ ਸਮਸਤ ਜੂਨਾਂ `ਚੋਂ ਕੇਵਲ ਮਨੁੱਖਾ ਸਰੀਰ ਹੀ ਇਸ ਦੇ ਲਈ ਇੱਕ ਪ੍ਰੀਖਿਆ ਦੀ ਘੜੀ ਹੁੰਦੀ ਹੈ। ਜੀਵ ਨੂੰ ਫ਼ਿਰ ਤੋਂ ਸੰਭਲਣ ਲਈ ਮੌਕਾ ਮਿਲਦਾ ਹੈ ਤੇ ਉਸ ਸਫ਼ਲਤਾ ਲਈ ਸਾਨੂੰ ਇਸ ਸਰੀਰ ਨਾਲ ਮਿਲਦਾ ਹੈ ‘ਮਨ’ ਵਾਲਾ ਵਾਧਾ। ਜਦਕਿ ਬਾਕੀ ਜੂਨਾਂ `ਚ ਅਜਿਹੀ ਸੋਝੀ ਭਾਵ ਮਨ ਵਾਲੀ ਦਾਤ ਨਹੀਂ ਮਿਲਦੀ।

ਮਨੁੱਖੀ ਮਨ ਅਤੇ ਸੂਖਮ ਸਰੀਰ `ਚ ਫ਼ਰਕ- ਇਹ ਵੀ ਇੱਕ ਵੱਡੀ ਅਗਿਆਨਤਾ ਹੈ ਜਿਸ `ਚ ਸਾਡੇ ਬਹੁਤ ਸਾਰੇ ਬਲਕਿ ਕਈ ਤਾਂ ਨਾਮਵਰ ਵਿਦਵਾਨ ਵੀ ਉਲ਼ਝੇ ਤੇ ਅਟਕੇ ਨਜ਼ਰ ਆਉਂਦੇ ਹਨ। ਗੁਰਮਤਿ ਕਿਸੇ ਵੀ ਅਜਿਹੇ ‘ਸੂਖਮ ਸਰੀਰ’ `ਚ ਵਿਸ਼ਵਾਸ ਨਹੀਂ ਰਖਦੀ। ‘ਸੂਖਮ ਸਰੀਰ’ ਤਾਂ ਗਰੁੜ ਪੁਰਾਣ ਅਥਵਾ ਵੈਦਿਕ ਭਾਵ ਬ੍ਰਾਹਮਣੀ ਮੱਤ ਦੀ ਦੇਣ ਹੈ ਜਿੱਥੇ ਜੀਵ ਨੂੰ ਵੀ ਪ੍ਰਭੂ ਦੀ ਤਰ੍ਹਾਂ ਅਨਾਦੀ ਮੰਨਿਆ ਹੈ। ਜਦਕਿ ਗੁਰਮਤਿ ਅਨੁਸਾਰ ਅਨਾਦੀ ਤੇ ਸਦੀਵੀ ਕੇਵਲ ਪ੍ਰਭੂ ਹੀ ਹੈ, ਕੋਈ ਦੂਜਾ ਨਹੀਂ, ਬਾਕੀ ਜੋ ਕੁੱਝ ਵੀ ਦੇਖ ਜਾਂ ਛੂ ਸਕਦੇ ਹਾਂ, ਸਭ ਬਿਨਸਨਹਾਰ ਹੈ। ਇਸ ਤਰ੍ਹਾਂ ਬ੍ਰਾਹਮਣੀ ਵਿਸ਼ਵਾਸਾਂ ਅਨੁਸਾਰ ਚੂੰਕਿ ਜੀਵ ਵੀ ਅਨਾਦੀ ਹੈ ਇਸ ਲਈ ਮਰਨੋ ਬਾਅਦ ਵੀ ਸਰੀਰ ਮੁੱਕਦਾ ਨਹੀਂ ਬਲਕਿ ਅੰਗੂਠੇ ਜਿੰਨਾਂ ਰੂਪ ਧਾਰਣ ਕਰ ਲੈਂਦਾ ਹੈ। ਪਹਿਲਾਂ ਤਾਂ ੧੩-੨੧ ਦਿਨ ਪ੍ਰਵਾਰ ਦੁਆਲੇ ਮੰਡਰਾਂਦਾ ਰਹਿੰਦਾ ਹੈ। ਉਪ੍ਰੰਤ ਗੁਰੁੜ ਪੁਰਾਣ `ਚ ਇਸਨੂੰ ਪਿਤ੍ਰ ਲੋਕ ਲਈ ਲਿਜਾਇਆ ਜਾਂਦਾ ਹੈ। ਪਿਤ੍ਰ ਲੋਕ ਦਾ 46, 000 ਜੋਜਨ ਲੰਮਾ ਰਸਤਾ ਬਾਰਸ਼ਾਂ, ਧੁਪਾਂ, ਹਨੇਰਿਆਂ ਆਦਿ ਵਾਲਾ ਤੇ ਬੜਾ ਕਠਿਨ ਰਸਤਾ ਹੁੰਦਾ ਹੈ। ਅੰਤ 100 ਜੋਜਨ ਚੌੜੀ ਵੇਤਰਨੀ ਨਦੀ ਪਾਰ ਕਰਨੀ ਹੁੰਦੀ ਹੈ। ਇਹ ਨਦੀ ਪਾਣੀ ਦੀ ਨਹੀਂ ਬਲਕਿ ਵਿਸ਼ਟਾ, ਪੀਪ ਆਦਿ ਦੀ ਭਰੀ ਹੁੰਦੀ ਜੋ ਗਊ ਦੀ ਪੂੰਛ ਫ਼ੜ ਕੇ ਹੀ ਪਾਰ ਹੁੰਦੀ ਹੈ ਉਂਝ ਨਹੀਂ। ਇਸ ਤਰ੍ਹਾਂ ਹੋਰ ਬਹੁਤ ਕੁੱਝ ਪਰ ਇਥੇ ਲੋੜ ਨਹੀਂ। ਉਪ੍ਰੰਤ ਉਸੇ ‘ਸੂਖਮ ਸਰੀਰ’ ਵਾਲੇ ਵਿਸ਼ਵਾਸਾ ਦੇ ਆਧਾਰ `ਤੇ ਹੀ ਚੌਥਾ, ਕਿਰਿਆ, ਅਚਾਰਜੀ ਨੂੰ ੧੩ ਪਦ ਤੇ ਮੂੰਹ ਮੰਗੀ ਦਛਣਾ ਉਪ੍ਰੰਤ ਵਰ੍ਹੀਣਾ ਆਦਿ ਇਸੇ ਵਿਸ਼ਵਾਸ ਅਧਨ ਹਨ ਕਿ ਜੀਵ ਤਾਂ ਅਨਾਦੀ ਹੈ, ਇਸਦਾ ਅੰਤ ਹੁੰਦਾ। ਇਸੇ ਤੋਂ ਗੱਲ ਚਲਦੀ ਹੈ ਸੁਰਗ, ਨਰਕ, ਪਿਤ੍ਰਲੋਕ, ਦੇਵਲੋਕ, ਰੂਹਾਂ-ਬਦਰੂਹਾਂ, ਕਾਲ ਦੇਵਤਾ ਤੇ ਉਸ ਕਾਲ ਦੇਵਤੇ ਦੀ ਉਮਰ 43, 20, 000 ਸਾਲ। ਇਸੇ 43, 20, 000 ਸਾਲ ਤੌ ਬਣਦੇ ਹਨ ਚਾਰ ਜੁਗ। ਉਪ੍ਰੰਤ ਕਾਲ ਦੇਵਤੇ ਦਾ ਪੁਨਰਜਨਮ ਤੇ ਉਸ ਤੋਂ ਫ਼ਿਰ ਸਤਿਜੁਦ ਦਾ ਆਰੰਭ। ਫ਼ਿਰ ਇਸੇ ਦਾ ਵਿਸਤਾਰ ਹਨ ਥਿਤ-ਵਾਰ, ਸਗਨ-ਮਹੁਰਤ, ਗ੍ਰਿਹ ਨਖਤ੍ਰ ਸੁੱਚ-ਭਿੱਟ ਤੇ ਹੋਰ ਬਹੁਤ ਕੁੱਝ ਜਿਵੇ, ਸਤੀ ਪ੍ਰਥਾ, ਦੇਵਦਾਸੀ ਪ੍ਰਥਾ, ਵਿਧਵਾ ਪਾਬੰਦੀਆਂ। ਭਾਵ ਜਿਸ ਰੁਖ ਨੂੰ ਟੁਰ ਪਵੋ, ਰਸਤਾ ਖੁੱਲਾ ਹੀ ਮਿਲੇਗਾ। ਜਦਕਿ ਗੁਰਮਤਿ ਅਨੁਸਾਰ ਇਹ ਸਾਰੇ ਨੇ ਕੋਰਾ ਪਾਖੰਡ ਤੇ ਕਲਪਨਾ ਮਾਤ੍ਰ ਦਸੇ ਹਨ ਜਿਨ੍ਹਾਂ ਦਾ ਗੁਰੂ ਕੀਆਂ ਸੰਗਤਾਂ ਨਾਲ ਉੱਕਾ ਸੰਬੰਧ ਨਹੀਂ।

“ਕਰਤੂਤਿ ਪਸੂ ਕੀ” -ਗੁਰਮਤਿ `ਚ ਅਜਿਹੇ ਕਿਸੇ ਸੂਖਮ ਸਰੀਰ ਵਾਲੀ ਹੋਂਦ ਨੂੰ ਹੀ ਪ੍ਰਵਾਣ ਨਹੀਂ ਕੀਤਾ ਗਿਆ। ਇਥੇ ਤਾਂ “ਜੇਹਾ ਵੇਖਹਿ ਤੇਹਾ ਵੇਖੁ” (ਪੰ: ੪੬੬) ਸਾਡੇ ਸੰਸਕਾਰਾਂ ਦਾ ਸਮੂਹ ਸਾਡਾ ਮਨ ਹੀ ਹੁੰਦਾ ਹੈ। ਦਰਅਸਲ ਸਾਡੇ ਅੰਦਰ ਸਾਡੇ ਮਨ ਦੀ ਵੱਖਰੀ ਹੋਂਦ ਹੀ, ਜੀਵ ਦੀ ਪ੍ਰਭੂ ਨਾਲੋਂ ਵਿੱਥ ਦੀ ਸੂਚਕ ਹੁੰਦੀ ਹੈ। ਇਹੀ ਕਾਰਨ ਹੈ ਕਿ ਗੁਰੂ ਦੀ ਮੱਤ ਲੈ ਕੇ ਜਦੋਂ ਇਸ ਮਨ ਦੀ ਵੱਖਰੀ ਹੋਂਦ ਮੁੱਕ ਜਾਂਦੀ ਹੈ ਤਾਂ ਮਨੁੱਖ ਜੀਉਂਦੇ ਜੀਅ ਪ੍ਰਭੂ `ਚ ਅਭੇਦ ਹੋ ਜਾਂਦਾ ਹੈ। ਮਨ ਦੀ ਵੱਖਰੀ ਹੋਂਦ ਹੀ ਸਾਡੇ ਮੁੜ ਮੁੜ ਜਨਮ-ਮਰਣ ਦੇ ਗੇੜਾਂ ਦਾ ਕਾਰਨ ਹੁੰਦੀ ਹੈ। ਇਸੇ ਮਨ ਦੇ ਰੂਪ `ਚ ਹੀ ਸਾਡੇ ਪਿਛਲੇ ਸੰਸਕਾਰ ਵੀ ਸਾਡੇ ਜਨਮ ਦੇ ਨਾਲ ਸਾਡੇ ਨਾਲ ਹੀ ਆਉਂਦੇ ਹਨ। ਉਪ੍ਰੰਤ ਇਸ ਮਨ ਦੇ ਰੂਪ `ਚ ਹੀ, ਹਰ ਪਲ ਤੇ ਨਿੱਤ ਸਾਡੇ ਸੰਸਕਾਰਾਂ-ਕਰਮਾ ਦਾ ਵਾਧਾ-ਘਾਟਾ ਵੀ, ਜੀਵਨ ਭਰ ਚਲਦਾ ਹੈ। ਇਹਨਾ ਨੂੰ ਹੀ ਜੀਵਨ ਦੌਰਾਨ ਜੂਨਾਂ ਦਾ ਨਾਮ ਵੀ ਦਿੱਤਾ ਗਿਆ ਹੈ। ਸਾਡਾ ਮਨ ਹੀ ਹੁੰਦਾ ਹੈ ਜੋ ਕਿ ਬਹੁਤੀ ਵਾਰੀ ਨਾ ਚਾਹੁੰਦੇ ਹੋਏ ਵੀ ਇਸ ਅੰਦਰ ਪਿਛਲੇ ਜਨਮਾਂ ਦੇ ਪ੍ਰਭਾਵ ਵੀ ਉਛਾਲੇ ਮਾਰਦੇ ਹਨ। ਉਪ੍ਰੰਤ ਪਲ-ਪਲ ਦੀ ਸੋਚਣੀ-ਕਰਣੀ ਕਾਰਨ ਇਕੋ ਮਨੁੱਖਾ ਸਰੀਰ `ਚ ਹੁੰਦਾ ਹੋਇਆ ਵੀ “ਕਰਤੂਤਿ ਪਸੂ ਕੀ ਮਾਨਸ ਜਾਤਿ” (ਪੰ: ੨੬੭) ਅਨੁਸਾਰ ਮਨੁੱਖ ਕੂਕਰੇ, ਸੂਕਰੇ, ਗ੍ਰਧਬੇ ਆਦਿ ਕਈ ਜੂਨੀਆਂ ਭੁਗਤਾਂਦਾ ਰਹਿੰਦਾ ਹੈ।

“ਇਸੁ ਮਨ ਕਉ ਕੋਈ ਖੋਜਹੁ ਭਾਈ” - ਇਸੇ ਮਨ ਲਈ ਕਬੀਰ ਸਾਹਿਬ ਫ਼ੁਰਮਾਉਂਦੇ ਹਨ “ਸਨਕਾਦਿਕ ਨਾਰਦ ਮੁਨਿ ਸੇਖਾ॥ ਤਿਨ ਭੀ ਤਨ ਮਹਿ ਮਨੁ ਨਹੀਂ ਪੇਖਾ॥ ੩॥ ਇਸੁ ਮਨ ਕਉ ਕੋਈ ਖੋਜਹੁ ਭਾਈ॥ ਤਨ ਛੂਟੇ ਮਨੁ ਕਹਾ ਸਮਾਈ” (ਪੰ: 330) ਇਤਨਾ ਹੀ ਨਹੀਂ ਬਲਕਿ “ਇਹੁ ਮਨੁ ਕਰਮਾ ਇਹੁ ਮਨੁ ਧਰਮਾ॥ ਇਹੁ ਮਨੁ ਪੰਚ ਤਤੁ ਤੇ ਜਨਮਾ॥ ਸਾਕਤੁ ਲੋਭੀ ਇਹੁ ਮਨੁ ਮੂੜਾ॥ ਗੁਰਮੁਖਿ ਨਾਮੁ ਜਪੈ ਮਨੁ ਰੂੜਾ” (ਪੰ: 415) ਅਨੁਸਾਰ ਇਸ ਮਨ ਦੀ ਹੋਂਦ ਅਥਵਾ ਹਸਤੀ ਹੀ ਪੰਜ ਤਤਾਂ ਭਾਵ ਮੋਹ-ਮਾਇਆ ਆਦਿ ਦੀ ਪੱਕੜ ਤੇ ਉਸ `ਚ ਖਚਿਤ ਰਹਿਣ ਕਰਕੇ, ਪ੍ਰਭੂ ਤੋਂ ਵੱਖਰੀ ਬਣ ਜਾਂਦੀ ਹੈ। ਉਪ੍ਰੰਤ “ਨਾਨਕ ਭਗਤਾ ਭੁਖ ਸਾਲਾਹਣੁ” (ਪੰ: 466) ਜਾਂ “ਗੁਰਮੁਖਿ ਨਾਮੁ ਜਪੈ ਮਨੁ ਰੂੜਾ” (ਪੰ: 415) ਭਾਵ ਅਕਾਲਪੁਰਖ ਦੀ ਬਖਸ਼ਿਸ਼ ਨਾਲ ਜੇਕਰ ਜੀਵਨ ਦੀ ਅਜਿਹੀ ਅਵਸਥਾ ਬਣ ਆਵੇ ਤਾਂ “ਮਨ ਤੂੰ ਜੋਤਿ ਸਰੂਪੁ ਹੈ, ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥ ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ॥ ਗੁਰ ਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ” (ਪੰ: 441) ਇਸਤਰ੍ਹਾਂ ਮਨ ਦੀ ਆਪਣੀ ਪ੍ਰਭੂ ਨਾਲੋਂ ਵੱਖਰੀ ਹੋਂਦ ਵੀ ਮੁੱਕ ਜਾਂਦੀ ਹੈ ਤੇ ਇਸਦੇ ਨਾਲ ਹੀ ਸੰਸਕਾਰਾਂ-ਕਰਮਾ ਦਾ ਜਾਲ ਵੀ।

ਮਨ ਜਿਹੜਾ ਕਿ ਪ੍ਰਭੂ ਤੋਂ ਆਪਣੀ ਵੱਖਰੀ ਹੋਂਦ ਬਣਾਈ ਬੈਠਾ ਹੁੰਦਾ ਹੈ, “ਜਿਉ ਜਲ ਮਹਿ ਜਲੁ ਆਇ ਖਟਾਨਾ॥ ਤਿਉ ਜੋਤੀ ਸੰਗਿ ਜੋਤਿ ਸਮਾਨਾ” ਇਸਦੇ ਬਿਨਸਨ ਨਾਲ ਹੀ ਮਿਟਿ ਗਏ ਗਵਨ ਪਾਏ ਬਿਸ੍ਰਾਮ॥ ਨਾਨਕ ਪ੍ਰਭ ਕੈ ਸਦ ਕੁਰਬਾਨ” (ਪੰ: 278) ਜੀਵ ਜੀਉਂਦੇ ਜੀਅ ਪ੍ਰਭੂ `ਚ ਅਭੇਦ ਹੋ ਜਾਂਦਾ ਹੈ, ਜੀਵਨਮੁਕਤ ਹੋ ਜਾਂਦਾ ਹੈ। ਇਸ `ਤੇ ਵਿਕਾਰਾਂ ਆਦਿ ਦਾ ਜ਼ੋਰ ਨਹੀਂ ਚਲਦਾ। ਅਫ਼ੁਰ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ। ਇਸ ਅੰਦਰੋਂ ਆਸਾ, ਤ੍ਰਿਸ਼ਨਾ, ਮਨਸਾ (ਮੰਗਾਂ) ਆਦਿ ਮੁੱਕ ਜਾਂਦੀਆਂ ਹਨ। ਗੁਰਬਾਣੀ `ਚ ਇਸ ਮਨ ਅਥਵਾ ਸੰਸਕਾਰਾਂ ਵਾਲੀ ਹੋਂਦ ਨੂੰ ਹੀ “ਉਲਾਮੇ ਜੀਅ ਸਹੇ” (ਪੰ: 488) “ਕਬਹੂ ਜੀਅੜਾ ਊਭਿ ਚੜਤੁ ਹੈ” (ਪੰ: 476) “ਉਡਿਆ ਹੰਸੁ ਦਸਾਏ ਰਾਹ” (ਪੰ: 137) ਜੀਅ, ਜੀਅੜਾ, ਹੰਸ ਆਦਿ ਲਫ਼ਜ਼ਾਂ ਨਾਲ ਪਰ ਬਹੁਤਾ ਕਰਕੇ ‘ਮਨ’ ਲਫ਼ਜ਼ ਹੀ ਆਇਆ ਹੈ।

“ਦੇਹੁ ਦਰਸੁ ਸੁਖਦਾਤਿਆ” -ਗੁਰਬਾਣੀ `ਚ, ਮਨੁੱਖ ਨੂੰ ਪ੍ਰਭੂ ਅੱਗੇ ਅਰਦਾਸ ਲਈ ਹੀ ਸੇਧ ਦਿੱਤੀ ਹੈ। ਦੂਜਾ, ਸਾਰੀਆਂ ਜੂਨਾਂ ਦੇ ਮੁਕਾਬਲੇ ਮਨੁੱਖਾ ਜਨਮ ਦੇ ਕਿਸੇ ਖਾਸ ਮਕਸਦ ਦੀ ਗੱਲ ਵੀ ਕੀਤੀ ਹੈ। ਉਹ ਮਕਸਦ ਹੈ ਜੀਉਂਦੇ ਜੀਅ ਜੀਵਨ `ਚੋਂ ਹੀ ਪ੍ਰਭੂ ਦਾ ਪ੍ਰਗਟ ਹੋਣਾ, ਜੀਵਨ `ਚ ਇਲਾਹੀ ਗੁਣਾ ਦਾ ਪ੍ਰਕਾਸ਼ ਤੇ ਅਉਗਣਾਂ ਦਾ ਨਾਸ। ਸਾਧਨ ਹੈ ਸਤਿਗੁਰੂ ਭਾਵ ‘ਗੁਰੂ-ਗੁਰਬਾਣੀ’ ਦੇ ਮਿਲਾਪ ਤੋਂ ਜੀਵਨ ਨੂੰ ਉਚੇਰਾ ਬਨਾਉਣਾ। ਜੀਵਨ `ਚੋਂ ਮੈ-ਹਉਮੈ ਨੂੰ ਖਤਮ ਕਰਕੇ ਇਸ ਨੂੰ ‘ਤੂੰ’ (ਹਉਮੈ ਰਹਿਤ) ਵਾਲੀ ਅਵਸਥਾ `ਚ ਲਿਆਉਣਾ। ਹੈਰਾਨੀ ਹੁੰਦੀ ਹੈ ਕਿ ਅੱਜ ਸਾਡੇ ਅੰਦਰ ਅਜਿਹੇ ਵਿਦਵਾਨ ਵੀ ਉਠ ਖਲੋਤੇ ਹਨ ਜੋ ਪਾਣੀ ਦਾ ਬੁਲਬੁਲਾ ਭਾਵ ਇਸ ਮਨੁੱਖਾ ਸਰੀਰ ਨੂੰ ਹੀ ਸਭਕੁਝ ਪ੍ਰਚਾਰ ਰਹੇ ਹਨ। ਭਾਵ ਨਾ ਇਸ ਸਰੀਰ ਤੋਂ ਪਹਿਲਾਂ ਇਸ ਦਾ ਵਜੂਦ ਸੀ ਤੇ ਨਾ ਬਾਅਦ `ਚ ਹੋਵੇਗਾ। ਬੱਸ ਇਹੀ ਤੇ ਇਥੇ, ਇਸੇ ਦੁਨੀਆਂ `ਚ ਹੀ ਇਸਦਾ ਨਿਬੇੜਾ ਹੈ। ਉਹਨਾਂ ਜਾਚੇ ਨਾ ਸਰੀਰ ਦਾ ਜਨਮ ਤੋਂ ਪਹਿਲੇ ਨਾਲ ਕੁੱਝ ਮਤਲਬ ਹੈ ਤੇ ਨਾ ਹੀ ਇਸ ਦੇ ਮੁੱਕਣ ਬਾਅਦ ਇਸ ਦਾ ਵਜੂਦ ਹੋਵੇਗਾ। ਜਦਕਿ ਗੁਰਬਾਣੀ ਅਨੁਸਾਰ ਪਿਛਲੇ ਸੰਸਕਾਰ ਵੀ ਸਾਡੇ ਨਾਲ ਆਉਂਦੇ ਹਨ, ਉਪ੍ਰੰਤ ਜੇਕਰ ਸਤਿਗੁਰ ਕੀ ਮੱਤ ਲੈ ਕੇ ਜੀਵਨ ਦੀ ਸੰਭਾਲ ਨਾ ਹੋਈ ਤਾਂ ਸੰਸਕਾਰ ਨਾਲ ਵੀ ਜਾਂਦੇ ਹਨ ਤੇ ਇਹੀ ਹੈ ਜਨਮ ਨੂੰ ਅਜ਼ਾਈ ਗੁਆਉਣਾ। ਸਪਸ਼ਟ ਹੈ ਕਿ ਜਿਸ ਚੀਜ਼ ਦਾ ਮਕਸਦ ਹੁੰਦਾ ਹੈ, ਮਕਸਦ ਪੂਰਾ ਹੋਣ ਤੀਕ, ਉਸਨੂੰ ਉਲਝਣਾ ਵੀ ਪਵੇਗਾ। ਗੁਰਬਾਣੀ ਅਨੁਸਾਰ, ਸਾਡੇ ਇਹੀ ਸੰਸਕਾਰ (ਸਾਡਾ ਮਨ) ਜੀਵਨ `ਚ ਵੀ ਅਨੇਕਾਂ ਉਤਾਰ ਚੜ੍ਹਾਵ ਲੈਂਦਾ ਰਹਿੰਦਾ ਹੈ। ਇਹ ਵੀ ਹੋ ਸਕਦਾ ਹੈ, ਸਫ਼ਲ ਹੋਣਾ ਤਾਂ ਦੂਰ, ਇਸ ਜਨਮ `ਚ ਉਹਨਾਂ ਨੂੰ ਪਹਿਲਾਂ ਤੋਂ ਵੀ ਕਈ ਗੁਣਾ ਬਣਾ ਦੇਵੇ। ਸਰੀਰ ਦੀ ਮੌਤ ਤੋਂ ਬਾਅਦ ਨਾਲ ਗਏ ਇਹੀ ਸੰਸਕਾਰ (ਅਸਫ਼ਲ ਜੀਵਨ), ਮਨੁੱਖ ਨੂੰ ਮੁੜ-ਮੁੜ ਜਨਮਾਂ ਦੇ ਗੇੜ `ਚ ਪਾਉਂਦੇ ਰਹਿਣ। ਫ਼ਿਰ “ਮਾਟੀ ਏਕ ਅਨੇਕ ਭਾਂਤਿ ਕਰਿ, ਸਾਜੀ ਸਾਜਨਹਾਰੈ” (ਪੰ: 1350) ਅਨੁਸਾਰ ਇਹ ਵੀ ਜ਼ਰੂਰੀ ਨਹੀਂ ਕਿ ਮਨੁੱਖਾ ਸਰੀਰ ਹੀ ਮਿਲੇ।

ਕਾਸ਼! ਸਾਡੇ ਅਜਿਹੇ ਵਿਦਵਾਨ “ਇਕਿ ਹੋਦਾ ਖਾਇ ਚਲਹਿ ਐਥਾਊ ਤਿਨਾ ਭੀ ਕਾਈ ਕਾਰ” (ਪੰ: 466) ਜਾਂ “ਆਗੈ ਗਇਆ, ਨ ਬਾਜੀ ਹਾਰੀ” (ਪੰ: 476) ਵਰਗੇ ਗੁਰਬਾਣੀ ਵਿਚਲੇ ਹਜ਼ਾਰਾਂ ਸ਼ਬਦਾਂ ਦੇ ਅਰਥਾਂ ਨੂੰ ਹੀ ਮੁੜ ਘੋਖ ਲੈਣ। ਇਸ ਤੋਂ ਵਧ ਅੱਜ ਸਾਡੇ ਨਾਲ ਵੱਡਾ ਅਨਰਥ ਇਹ ਹੋ ਰਿਹਾ ਹੈ ਕਿ ਸਾਡੇ ਉਹ ਵਿਦਵਾਨ ਆਪਣੀਆਂ ਲਿਖਤਾਂ-ਪ੍ਰਚਾਰ ਰਾਹੀਂ, ਸੰਗਤਾਂ ਦਾ ਜੀਵਨ ਸੁਆਰਦੇ-ਸੁਆਰਦੇ ਉਹਨਾਂ ਨੂੰ ਅਚਣਚੇਤ ਤੇ ਅਨਜਾਣੇ ਹੀ ਸਾਮਵਾਦੀਆਂ (ਕਮਿਉਨਿਸਟਾਂ-ਨਾਸਤਿਕਾਂ) ਦੀ ਗੋਦੀ ਵਲ ਧਕੇਲਣ ਦਾ ਕਾਰਨ ਬਣ ਰਹੇ ਹਨ। ਜੇ ਵਿਸ਼ਵਾਸ ਨਾ ਹੋਵੇ ਤਾਂ ਉਹਨਾਂ ਦੀ ਸੇਵਾ `ਚ ਸਨਿਮ੍ਰ ਬੇਨਤੀ ਹੈ, ਜੇ ਕਰ ਉਹਨਾਂ ਅਜੇ ਤੀਕ ਨਹੀਂ ਪੜਿਆ ਤਾਂ ਕਮਿਉਨਿਸਟਾਂ ਵਲੋਂ ਜੋ ਗੁਰਬਾਣੀ ਅਰਥਾਂ ਨਾਲ ਸੰਬੰਧਤ ਸਾਹਿਤ (literature) ਛਾਪ ਕੇ ਖਾਸ ਤੌਰ ਤੇ ਪੰਜਾਬ `ਚ ਭਰਿਆ ਜਾ ਰਿਹਾ ਹੈ ਉਸ ਨੂੰ ਖੁਦ ਪੜ੍ਹ ਲੈਣ, ਗੱਲ ਸਮਝ `ਚ ਆ ਜਾਵੇਗੀ। ਜੇ ਉਤਨਾ ਨਹੀਂ ਤਾਂ ਗੁਰਬਾਣੀ ਵਿਚਲੇ ਮਨੁੱਖਾ ਜੀਵਨ ਸੰਬੰਧੀ (੧) ਉਹਨਾਂ ਬੇਅੰਤ ਸ਼ਬਦਾਂ ਨੂੰ ਘੋਖਣ ਦਾ ਜੱਤਨ ਕਰਣ ਜਿਹੜੇ ਮਨੁੱਖਾ ਜਨਮ ਦੇ ਮਕਸਦ ਨਾਲ ਸੰਬੰਧਤ ਹਨ। ਇਸ ਦੇ ਨਾਲ ਨਾਲ ਇਹ ਵੀ ਕਿ ਜਿਹੜੇ ‘ਜਨਮ ਬਿਰਥਾ ਜਾਣ’ ਜਾਂ ‘ਗਵਾਉਣ’ ਨਾਲ ਸੰਬੰਧਤ ਹਨ ਜਿਵੇਂ “ਮਾਨਸ ਜਨਮੁ ਅਮੋਲਕੁ ਪਾਇਓ, ਬਿਰਥਾ ਕਾਹਿ ਗਵਾਵਉ” (ਪੰ: 219) ਹੋਰ “ਮਾਨਸ ਦੇਹ ਬਹੁਰਿ ਨਹ ਪਾਵੈ ਕਛੂ ਉਪਾਉ ਮੁਕਤਿ ਕਾ ਕਰੁ ਰੇ॥ ਨਾਨਕ ਕਹਤ ਗਾਇ ਕਰੁਨਾ ਮੈ, ਭਵਸਾਗਰ ਕੈ ਪਾਰਿ ਉਤਰੁ ਰੇ” (ਪੰ: 220) (੨) ਉਪ੍ਰੰਤ ਅਜਿਹੇ ਸਰੀਰ, ਜਿਨ੍ਹਾਂ ਇਸ ਮਨੁੱਖਾ ਜਨਮ ਦੇ ਮਕਸਦ ਤੇ ਕੀਮਤ ਨੂੰ ਨਹੀਂ ਸਮਝਿਆ ਤਾਂ ਗੁਰਬਾਣੀ `ਚ ਉਹਨਾਂ ਦਾ ਅਗਲਾ ਸਿਰਾ ਕਿੱਥੇ ਦਸਿਆ ਹੈ? ਸਾਰੀ ਗੱਲ ਸਪਸ਼ਟ ਹੋ ਜਾਵੇਗੀ, ਕਿਉਂਕਿ ਅਜੇ ਤੀਕ ਸਾਡੇ ਉਹ ਵਿਦਵਾਨ ਸਫ਼ਲ ਜੀਵਨ `ਚ ਹੀ ਅਟਕੇ ਨਜ਼ਰ ਆ ਰਹੇ ਹਨ ਤੇ ਆਪਣੇ ਆਪ ਦੇ ਸਫ਼ਲ ਹੋ ਜਾਣ ਦਾ ਫ਼ੈਸਲਾ ਵੀ ਕਰੀ ਬੈਠੇ ਹਨ ਜਦਕਿ ਗੁਰਬਾਣੀ ਅਨੁਸਾਰ ਤਾਂ “ਕਚ ਪਕਾਈ ਓਥੈ ਪਾਇ॥ ਨਾਨਕ ਗਇਆ ਜਾਪੈ ਜਾਇ” (ਜਪੁ ਪਉ: ੩੪) ਭਾਵ ਇਹ ਫ਼ੈਸਲਾ ਵੀ ਪ੍ਰਭੂ ਦੇ ਹੱਥ ਹੈ ਮਨੁੱਖ ਦੇ ਆਪਣੇ ਹੱਥ ਨਹੀਂ।

ਜੇਕਰ ਅਜਿਹੇ ਸੱਜਨਾਂ ਦੇ ਹਿਸਾਬ, ਸਚਮੁਚ ਇਹੀ ਜਨਮ ਸਭਕੁਝ ਹੈ ਤੇ ਇਸਦਾ ਇਸ ਤੋਂ ਅੱਗੇ ਪਿਛੇ ਹੋਰ ਨਿਬੇੜਾ ਨਹੀਂ ਤਾਂ ਯਕੀਣ ਜਾਨੋ! ਸਾਰੀ ਗੱਲ ਮੈ `ਤੇ ਹੀ ਰੁੱਕੀ ਪਈ ਹੈ ਭਾਵ ਆਪਣਾ ਜੀਵਨ, ਮੈ ਆਪਣੇ ਉੱਦਮ ਨਾਲ ਆਪ ਹੀ ਸੁਆਰਣਾ ਹੈ। ਜਦ ਕਿ ਫ਼ੈਸਲਾ ਹੈ ਬਲੁ ਛੁਟਕਿਓ ਬੰਧਨ ਪਰੇ, ਕਛੂ ਨ ਹੋਤ ਉਪਾਇ॥ ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ” (ਪੰ: 1429) ਉਪ੍ਰੰਤ ਜਦੋਂ ਇਹੀ ਮਨੁੱਖ ‘ਮੈ’ ਵਾਲੀ ਅਵਸਥਾ ਨੂੰ ਤਿਆਗ ਦੇਂਦਾ ਹੈ। ਅਪਣੀ ਹਉਮੈ ਦੀ ਪਹਿਚਾਣ ਤੇ ਆਪਣੇ ਬਲ ਤੋਂ ਤੋਬਾ ਕਰਕੇ, ਪ੍ਰਭੂ ਤੇ ਡੋਰੀ ਸੁੱਟ ਦੇਂਦਾ ਹੈ। ਜਦੋਂ ਮਨ ਲੈਂਦਾ ਹੈ ਇਸ ਸੰਸਾਰ `ਚ ਵਿਕਾਰਾਂ ਤੇ ਮੋਹ ਮਾਇਆ ਦੇ ਤੁਫ਼ਾਨਾ ਨਾਲ ਆਪਣੇ ਬਲਬੂਤੇ ਟੱਕਰ ਨਹੀਂ ਲੈ ਸਕਦਾ। ਆਪਣਾ ਆਪ, ਪ੍ਰਭੂ ਨੂੰ ਸਮਰਪਤ ਕਰ ਦੇਂਦਾ ਹੈ ਤਾਂ ਉਸ ਵੇਲੇ “ਬਲੁ ਹੋਆ ਬੰਧਨ ਛੁਟੇ, ਸਭੁ ਕਿਛੁ ਹੋਤੁ ਉਪਾਇ॥ ਨਾਨਕ ਸਭੁ ਕਿਛੁ ਤੁਮਰੈ ਹਾਥ ਮੈ, ਤੁਮ ਹੀ ਹੋਤ ਸਹਾਇ” (ਪੰ: 1429) ਇਸ ਤਰ੍ਹਾਂ ਇਸੇ ਨੂੰ ਕਬੀਰ ਸਾਹਿਬ ਤੇ ਰਵਿਦਾਸ ਜੀ ਵੀ ਬਿਆਨ ਕਰ ਰਹੇ ਹਨ ਜਿਵੇਂ ਜਬ ਹਮ ਹੋਤੇ ਤਬ ਤੁਮ ਨਾਹੀ, ਅਬ ਤੁਮ ਹਹੁ ਹਮ ਨਾਹੀ” (ਪੰ: 339) ਅਤੇ ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ” (ਪੰ: 657) ਤਾਂ ਤੇ ਵੀਰੋ! ਜੇ ਕਰ ਕੁੱਝ ਗਹਿਰਾਈ ਤੋਂ ਵਿਚਾਰੋ ਤਾਂ ਸਮਝ ਆ ਜਾਵੇਗੀ ਕਿ ਇਸ ਵਿਸ਼ੇ `ਤੇ ਤੁਹਾਡੀ ਅਜੋਕੀ ਸੋਚ ‘ਮੈ’ `ਤੇ ਹੀ ਖੜੀ ਹੈ। ਜਿਵੇਂ ਕਿ ਅਸਾਂ ਆਪਣੇ ਜੀਵਨ ਨੂੰ ਆਪ ਹੀ ਸੁਧਾਰਨਾ ਹੈ, ਇਥੇ ਸਾਨੂੰ ਰੱਬ ਜੀ ਦੀ ਬਖਸ਼ਿਸ਼ ਤੇ ਉਸ ਅੱਗੇ ਅਰਦਾਸਾਂ ਦੀ ਲੋੜ ਹੀ ਨਹੀਂ ਰਹਿ ਗਈ। ਤਾਂ ਫ਼ਿਰ ਕਿਥੇ ਗਈ ਪ੍ਰਭੂ ਚਰਨਾਂ `ਚ ਅਰਦਾਸਾਂ, ਜੋਦੜੀਆਂ, ਵਾਲੀ ਸਿੱਖ ਦੀ ਦੇਹੁ ਦਰਸੁ ਸੁਖਦਾਤਿਆ” ਫ਼ਿਤਰਤ, ਸਿੱਖ ਦੇ ਜੀਵਨ ਦਾ ਆਧਾਰ। ਪਰ ਗੁਰਬਾਣੀ ਮਾਰਗ `ਤੇ ਚਲਣ ਵਾਲਿਆਂ ਲਈ ਤਾਂ ਤੇਰਿਆ ਭਗਤਾ ਭੁਖ ਸਦ ਤੇਰੀਆ॥ ਹਰਿ ਲੋਚਾ ਪੂਰਨ ਮੇਰੀਆ॥ ਦੇਹੁ ਦਰਸੁ ਸੁਖਦਾਤਿਆ ਮੈ ਗਲਿ ਵਿਚਿ ਲੈਹੁ ਮਿਲਾਇ ਜੀਉ॥  ੧੫ ॥ ਤੁਧੁ ਜੇਵਡੁ ਅਵਰੁ ਨ ਭਾਲਿਆ॥ ਤੂੰ ਦੀਪ ਲੋਅ ਪਇਆਲਿਆ॥ ਤੂੰ ਥਾਨਿ ਥਨੰਤਰਿ ਰਵਿ ਰਹਿਆ, ਨਾਨਕ ਭਗਤਾ ਸਚੁ ਅਧਾਰੁ ਜੀਉ” (ਪੰ: ੭੪) ਇਸਦੇ ਉਲਟ, ਜੇਕਰ ਸਾਡੀ ਸੋਚ ਦਾ ਆਧਾਰ ਹੀ ਬਣ ਜਾਵੇ ਕਿ ਅਸਾਂ ਆਪਣੇ ਜੀਵਨ ਦੀ ਸੰਭਾਲ ਆਪਣੀ ਹੀ ਤਾਕਤ-ਮੇਹਨਤ (ਮੈ-ਹਉਮੈ) ਨਾਲ ਕਰਣੀ ਹੈ ਤਾਂ ਗੁਰਬਾਣੀ ਵਿਚਲੇ ਅਰਦਾਸ ਰੂਪ ਹਜ਼ਾਰਾਂ ਸ਼ਬਦਾਂ ਦਾ ਸਾਡੀ ਜ਼ਿੰਦਗੀ `ਚ ਅਰਥ ਹੀ ਕੀ ਰਹਿ ਜਾਂਦਾ ਹੈ?

ਦਰਅਸਲ ਅਜਿਹੇ ਸੱਜਨਾਂ ਰਾਹੀਂ ਅਜਿਹਾ ਪ੍ਰਚਾਰ ਕਿ ਸਿੱਖ ਧਰਮ ਅਥਵਾ ਗੁਰਮਤਿ ਅਨੁਸਾਰ ਜਨਮ-ਮਰਣ ਦਾ ਚੱਕਰ ਹੈ ਹੀ ਨਹੀਂ। ਉਹਨਾਂ ਨੂੰ ਆਪਣੀ ਮੱਤ ਤਿਆਗ ਕੇ ਤੇ ਗੁਰਬਾਣੀ ਦੀ ਤਾਬਿਆ `ਚ ਆ ਕੇ ਮੁੜ ਤੋਂ ਵਿਚਾਰਣ ਦੀ ਲੋੜ ਹੈ। ਦਰਅਸਲ ਇਸ ਵਿਸ਼ੇ `ਤੇ ਅਜੋਕਾ ਪ੍ਰਚਾਰ ਕਿ ਸਿੱਖ ਧਰਮ `ਚ ਜਾਂ ਗੁਰਮਤਿ ਅਨੁਸਾਰ ਜਨਮ-ਮਰਣ ਦਾ ਚਕਰ ਹੈ ਹੀ ਨਹੀਂ, ਇੰਨਾ ਗ਼ਲਤ ਤੇ ਇੰਨਾ ਵਧ ਗੁਰਮਰਾਹਕੁਣ ਹੈ ਜਿੰਨਾ ਕਿ ਦਿਨ ਨੂੰ ਰਾਤ ਤੇ ਰਾਤ ਨੂੰ ਦਿਨ ਕਹਿਣਾ। ਇਹ ਇਸ ਤਰ੍ਹਾਂ ਹੈ ਗਰੁੜ ਪੁਰਾਨ ਵਾਲੇ ਚਸ਼ਮੇ ਨਾਲ ਹੀ ਗੁਰਮਤਿ ਨੂੰ ਵੀ ਦੇਖਣਾ। ਇਹ ਤਾਂ ਠੀਕ ਹੈ ਕਿ ਇਥੇ ਉਹ ਵਿਅਕਤੀ ਮੁੜ ਜਨਮ-ਮਰਣ `ਚ ਨਹੀਂ ਆਉਂਦਾ ਜਿਸਦੇ ਜੀਵਨ `ਚ ‘ਜਿਸੁ ਸਤਿਗੁਰੁ ਭੇਟੈ’ ਦੀ ਅਵਸਥਾ ਬਣ ਗਈ ਹੈ, ਪਰ ਮਨਮੁਖਾਂ ਲਈ ਇਹ ਗੱਲ ਨਹੀਂ। ਗੁਰਬਾਣੀ ਅਨੁਸਾਰ ਮਨਮੁਖਾਂ (ਅਸਫ਼ਲ ਜੀਵਨ) ਲਈ ਤਾਂ ਜਨਮ-ਮਰਣ ਹੈ ਹੀ ਹੈ। ਪਰ ਉਥੇ ਜਨਮ-ਮਰਣ ਦਾ ਨਿਯਮ ਉਹ ਹੈ ਜੋ ਗੁਰਮਤਿ ਅਨੁਸਾਰ ਤੇ ਜਿਸ ਲਈ ਵਿਆਖਿਆ ਵੀ ਗੁਰਬਾਣੀ `ਚ ਹੀ ਹੈ। ਉਪ੍ਰੰਤ ਗੁਰੁੜ ਪੁਰਾਣ ਤਾਂ ਕੀ ਬਲਕਿ ਕਿਸੇ ਹੋਰ ਮੱਤ ਦਾ ਸਿਧਾਂਤ ਵੀ ਇਥੇ ਲਾਗੂ ਨਹੀਂ ਹੁੰਦਾ। ਫ਼ੁਰਮਾਨ ਹੈ “ਤ੍ਰੈ ਗੁਣ ਮਾਇਆ ਭਰਮਿ ਭੁਲਾਇਆ ਹਉਮੈ ਬੰਧਨ ਕਮਾਏ॥ ਜੰਮਣੁ ਮਰਣੁ ਸਿਰ ਊਪਰਿ ਊਭਉ ਗਰਭ ਜੋਨਿ ਦੁਖੁ ਪਾਏ” (ਪੰ: 604) ਤੇ ਇਸਦੇ ਨਾਲ ਹੀ “ਕਹੁ ਕਬੀਰ ਜਿਸੁ ਸਤਿਗੁਰੁ ਭੇਟੈ, ਪੁਨਰਪਿ ਜਨਮਿ ਨ ਆਵੈ” (ਪੰ: 476) ਭਾਵ ਜਿਸ ਮਨੁੱਖ ਦੀ ਰਹਿਣੀ `ਚ ਅਕਾਲਪੁਰਖ ਤੇ ਸਤਿਗੁਰ ਆਪ ਵੱਸ ਗਿਆ ਹੈ, ਅਤੇ ਗੁਰਬਾਣੀ ਵਿਚਲੇ ਅਜਿਹੇ ਸੈਂਕੜੇ ਫ਼ੁਰਮਾਨ। ਸਤਿਗੁਰੂ ਵੀ ਕਿਹੜਾ? ਫ਼ੁਰਮਾਨ ਹੈ “ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ॥ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ” (ਪੰ: 759) ਇਸ ਲਈ ਇਹ ਉੱਕਾ ਸੱਚ ਨਹੀਂ ਕਿ ਗੁਰਮਤਿ ਅਨੁਸਾਰ ਜਨਮ-ਮਰਣ ਦਾ ਚਕਰ ਹੈ ਹੀ ਨਹੀਂ। ਬਲਕਿ ਗੁਰਮਤਿ ਅਨੁਸਾਰ ਤਾਂ “ਭਾਗਹੀਨ ਸਤਿਗੁਰੁ ਨਹੀਂ ਪਾਇਆ, ਮਨਮੁਖੁ ਗਰਭ ਜੂਨੀ ਨਿਤਿ ਪਉਦਾ ਜੀਉ” (ਪੰ: 95) ਧਿਆਨ ਦੇਣਾ ਹੈ ਇਥੇ ਗੱਲ਼ ਕੇਵਲ ਜੂਨੀ ਦੀ ਨਹੀਂ ਹੋ ਰਹੀ। ਗੁਰਬਾਣੀ `ਚ ‘ਜੂਨੀ’ ਲਫ਼ਜ਼ ਅਨੇਕਾਂ ਵਾਰੀ ‘ਸੁਭਾਅ’ ਲਈ ਵੀ ਆਇਆ ਹੈ ਪਰ ਇਥੇ ਗੱਲ ਹੀ ‘ਗਰਭ ਜੂਨੀ’ ਦੀ ਹੋ ਰਹੀ ਹੈ। ਇਸ ਲਈ ਅਜਿਹਾ ਕਹਿਣਾ ਜਾਂ ਮੰਨਣਾ ਹੀ 100% ਗ਼ਲਤ ਹੈ ਕਿ ਗੁਰਮਤਿ ਅਨੁਸਾਰ ‘ਜਨਮ-ਮਰਣ ਦਾ ਚੱਕਰ’ ਹੈ ਹੀ ਨਹੀਂ। ਬਲਕਿ ਸੱਚਾਈ ਇਹ ਹੈ ਕਿ ਗੁਰੂਦਰ `ਤੇ ਜਨਮ-ਮਰਣ ਲਈ ਬ੍ਰਾਹਮਣੀ, ਵੈਦਿਕ ਅਥਵਾ ਗਰੁੜ ਪੁਰਾਨ ਵਾਲਾ ਸਿਧਾਂਤ ਉੱਕਾ ਲਾਗੂ ਨਹੀਂ ਹੁੰਦਾ। ਗੁਰਮਤਿ ਦਾ ਜਨਮ ਮਰਣ ਦਾ ਸਿਧਾਂਤ ਬਿਲਕੁਲ ਨਿਵੇਕਲਾ ਹੈ। ਗੁਰਬਾਣੀ ਦਾ ਸਿਧਾਂਤ ‘ਗੁਰਮੁਖ ਤੇ ਮਨਮੁਖ’, ‘ਵਡਭਾਗੀ ਤੇ ਭਾਗਹੀਨ’, ‘ਸਫ਼ਲ ਤੇ ਅਸਫ਼ਲ ਜੀਵਨ `ਤੇ ਆਧਾਰਿਤ ਹੈ ਤੇ ਉਹ ਵੀ ਗੁਰਮਤਿ ਅਨੁਸਾਰ। ਮਨਮੁਖ (ਭਾਗਹੀਨ) ਤਾਂ ਜੂਨਾਂ ਦੇ ਗੇੜੇ ਖਾਂਦੇ ਹੀ ਹਨ ਜਦਕਿ ਗੁਰਮੁਖ (ਵਡਭਾਗੀ) ਇਸ ਤੋਂ ਸੁਰਖਰੂ ਹੋ ਜਾਂਦੇ ਹਨ। ਜੀਉਂਦੇ ਜੀਅ ਅਫ਼ੁਰ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਤੇ ਪ੍ਰਭੂ `ਚ ਅਭੇਦ ਹੋ ਜਾਂਦੇ ਹਨ, ਜੀਵਨ ਮੁਕਤ ਹੋ ਜਾਂਦੇ ਹਨ। ਸਰੀਰ ਤਿਆਗਣ ਬਾਅਦ “ਪੁਨਰਪਿ ਜਨਮਿ ਨ ਆਵੈ” ਜਨਮਾਂ ਦੇ ਗੇੜ `ਚ ਨਹੀਂ ਪੈਂਦੇ।

ਇਸ ਦੇ ਨਾਲ ਇਥੇ ਇਹ ਵੀ ਸਮਝਣਾ ਹੈ ਕਿ ਗੁਰਮਤਿ ਅਨੁਸਾਰ ਜਨਮ-ਮਰਣ ਦਾ ਅਸੂਲ ਬਿਨਾਂ ਵਿਤਕਰਾ ਦੇਸ਼ੀ-ਵਿਦੇਸ਼ੀ, ਕਾਲਾ-ਗੋਰਾ, ਬ੍ਰਾਹਮਣ-ਸ਼ੂਦਰ, ਇਸਤ੍ਰੀ-ਪੁਰਖ, ਬੱਚਾ-ਬਿਰਧ, ਅਮੀਰ-ਗ਼ਰੀਬ, ਬਾਦਸ਼ਾਹ-ਰੰਕ; ਹਰੇਕ, ਜਿਸ ਨੂੰ ਤੇ ਜਿੱਥੇ ਵੀ ਪ੍ਰਭੂ ਨੇ ਮਨੁੱਖਾ ਜਨਮ ਬਖਸ਼ਿਆ ਹੈ, ਜੀਵਨ ਦੀ ਤਿਆਰੀ ਕਰਕੇ, ਬਾਰ ਬਾਰ ਦੇ ਜਨਮ ਮਰਣ ਦੇ ਗੇੜ ਤੋਂ ਬਚ ਸਕਦਾ ਹੈ। ਗੁਰਬਾਣੀ `ਚ ਹੀ ਗੁਰਦੇਵ ਰਾਹੀਂ ਪ੍ਰਵਾਨ ੧੫ ਭਗਤ ਜਿਨ੍ਹਾਂ ਦਾ ਸਰੀਰਕ ਤੌਰ `ਤੇ ਗੁਰੂ ਨਾਨਕ ਪਾਤਸ਼ਾਹ ਨਾਲ ਮੇਲ ਵੀ ਨਹੀਂ ਹੋਇਆ। ਜਿਹੜੇ ਭਿੰਨ-ਭਿੰਨ ਦੇਸ਼ਾਂ-ਪ੍ਰਾਂਤਾ ਦੇ, ਭਿੰਨ ਭਿੰਨ ਜਾਤੀਆਂ `ਚੋਂ ਜਿਵੇਂ ਮੁਸਲਮਾਨਾਂ, ਬ੍ਰਾਹਮਣਾਂ ਤੇ ਅਖੌਉਤੀ ਸ਼ੁਦਰਾਂ ਚੋਂ ਸਨ, ਜੀਵਨ ਦੀ ਇਸ ਉਚਤੱਮ ਅਵਸਥਾ ਨੂੰ ਪ੍ਰਾਪਤ ਹੋਏ। ਉਪ੍ਰੰਤ ਯਾਰਾਂ ਭੱਟ ਤੇ ਤਿੰਨੇ ਸਿੱਖ ਵੀ, ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਅੰਦਰ ਪ੍ਰਵਾਣ ਹੋਈ, ਇਸੇ ਗਿਣਤੀ `ਚ ਆਉਂਦੇ ਹਨ। ਉਂਝ ਵੀ ਗੁਰਦੇਵ ਤਾਂ ਹਰੇਕ ਨੀਚ ਕਰਮੀ ਤੇ ਪਤਿਤ ਤੀਕ ਨੂੰ ਵੀ ਆਪਣੇ ਜੀਵਨ ਦੀ ਸੰਭਾਲ ਲਈ ਪ੍ਰੇਰਦੇ ਹਨ। ਕੌਡਾ ਭੀਲ, ਸੱਜਨ ਸ਼ਾਹ ਜਾਂ ਖਾਨ ਵੀ ਇਸੇ ਗਿਣਤੀ `ਚ ਆਉਂਦੇ ਹਨ। ਭਾਈ ਮਰਦਾਨਾ, ਮਰਾਸੀ ਤੋਂ ਕਿੰਨੀ ਉੱਤਮ-ਤਰ ਪਦਵੀ ਨੂੰ ਪ੍ਰਾਪਤ ਹੋਇਆ, ਸਬੂਤ ਸਾਹਮਣੇ ਹਨ।

ਗਰੁੜ ਪੁਰਾਨ ਤੇ ਅਜੋਕੇ ਭੋਗ ਸਮਾਗਮ- ਅੱਜ ਗੁਰਦੁਆਰਿਆਂ `ਚ ਜਿੰਨੇ ਵੀ ਭੋਗ ਸਮਾਗਮ ਹੁੰਦੇ ਹਨ ਉਹ ਸਾਰੇ ਲਗਭਗ ਗਰੁੜ ਪੁਰਾਨ `ਤੇ ਹੀ ਆਧਾਰਤ ਹੁੰਦੇ ਹਨ। ਸਿਵਾਏ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਪ੍ਰਕਾਸ਼ ਦੇ ਉਥੇ ਜਿੰਨੇ ਵੀ ਕਰਮ ਹੋ ਰਹੇ ਹਨ, ਸਾਰੇ ਗਰੁੜ ਪੁਰਾਣ ਆਧਾਰਤ ਬ੍ਰਾਹਮਣੀ ਕਰਮ ਹੀ ਹੁੰਦੇ ਹਨ। ਉਹ ਕਰਮ ਜਿਨ੍ਹਾਂ ਨੂੰ ਗੁਰਬਾਣੀ ਨੇ ਫੋਕਟ ਕਰਮ ਕਿਹਾ ਤੇ ਜਿਨ੍ਹਾਂ ਤੋਂ ਸੰਗਤਾਂ ਨੂੰ ਵਰਜਿਆ ਹੈ। ਬ੍ਰਾਹਮਣੀ ਤੇਰ੍ਹਾਂ ਪਦਾਂ ਦੀ ਨਕਲ `ਤੇ ਉਹੀ ਬਿਸਤਰੇ, ਭਾਂਡੇ, ਫ਼ਰੂਟ, ਅਨਾਜ, ਆਦਿ ਗੁਰਦੁਆਰੇ ਪਹੁੰਚਾਏ ਜਾ ਰਹੇ ਹਨ। ਉਹੀ ਰਸਮ ਪੱਗੜੀ ਜਿਸਦਾ ਕਿ ਸਿੱਖ ਧਰਮ ਨਾਲ ਉੱਕਾ ਸੰਬੰਧ ਨਹੀਂ। ਜੇਕਰ ਦੂਜਿਆਂ ਦੀ ਤਰ੍ਹਾਂ ਨਹੀਂ, ਕਿਉਂਕਿ ਸਿਖਾਂ ਦੇ ਤਾਂ ਪੱਗੜੀ ਪਹਿਲਾਂ ਤੋਂ ਬੱਝੀ ਹੁੰਦੀ ਹੈ। ਫ਼ਿਰ ਵੀ ਅਗਿਆਣਤਾ ਵੱਸ, ਬੱਝੀ ਹੋਈ ਪੱਗੜੀ `ਤੇ ਹੀ ਇੱਕ ਨਵਾਂ ‘ਕੁਤਬਮਿਨਾਰ’ ਖੜਾ ਕਰ ਦੇਂਦੇ ਹਨ। ਜੇਕਰ ਭਾਈ ਸਾਹਿਬਾਨ, ਪ੍ਰਾਣੀ ਨਾਲ ਕਿਸੇ ਪੱਜ ਸ਼ਮਸ਼ਾਨ ਘਾਟ ਵੀ ਪੁੱਜੇ ਹੋਣ ਤਾਂ ਉਹ ਵੀ ਬਹੁਤਾ ਕਰਕੇ ਅੱਗੇ ਵੱਧ ਕੇ ਉਲਟਾ ਅਚਾਰਜੀ ਦੇ ਕੰਮ `ਚ ਹੀ ਮਦਦ ਕਰਦੇ ਹਨ; ਜਾਂ ਇਉਂ ਕਹਿ ਲਵੋ ਕਿ ਉਸਦੇ ਕੰਮ ਨੂੰ ਹੀ ਹੋਰ ਸੌਖਾ ਕਰਦੇ ਹਨ। ਬਾਕਾਇਦਾ ਇਤਵਾਰ-ਬੁੱਧ ਆਦਿ ਦਾ ਧਿਆਨ ਕਰਕੇ ਚੌਥਾ, ਫੁਲਾਂ (ਅਸਥੀਆਂ) ਦਾ ਚੁੰਨਣਾ, ਕਿਰਿਆ, ਬਲਕਿ ਆਪ ਅੱਗੇ ਵੱਧ ਚੜ੍ਹ ਕੇ ਗਰੁੜ ਪੁਰਾਣ ਦੇ ਆਧਾਰ `ਤੇ ਹੀ ਸੂਚਨਾ ਦੇਂਦੇ ਹਨ; ਭਾਵੇਂ ਇਹਨਾ ਸਾਰੀਆਂ ਗੱਲਾਂ ਦਾ ਗੁਰਮਤਿ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੁੰਦਾ। (ਜਦਕਿ ਅਜਿਹੇ ਭਾਈ ਸਾਹਿਬਾਨ ਦਾ ਫ਼ਰਜ਼ ਹੈ ਅਜਿਹੇ ਸਮੇਂ ਉਚੇਚੇ ਨਾਲ ਜਾਣਾ ਵੀ ਹੈ ਤੇ ਗੁਰਮਤਿ `ਤੇ ਪਹਿਰਾ ਦੇਣਾ ਵੀ, ਜਿਹੜਾ ਕਿ ਹੁੰਦਾ ਹੀ ਨਹੀਂ)।

ਫ਼ਿਰ ਅਜਿਹੇ ਭੋਗ ਸਮਾਗਮਾ ਸਮੇਂ ਬਹੁਤੇ ਭਾਈ ਸਾਹਿਬਾਨ ਜੋ ਅਰਦਾਸਾ ਸੋਧਦੇ ਹਨ- “ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ” (ਪੰ: 472) ਦੇ ੳਲਟ ਪ੍ਰਵਾਰ ਵਲੋਂ ਪ੍ਰਾਪਤ ਵਸਤਾਂ ਨੂੰ ਅੱਗੇ ਪਹੁੰਚਾਉਣ ਦੇ ਨਾਲ ਨਾਲ ਪ੍ਰਾਣੀ ਦੇ ਅਖੌਤੀ ਸੁਰਗਾਂ ਜਾਂ ਗੁਰਮਤਿ ਦੀ ਹੀ ਸ਼ਬਦਾਵਲੀ ‘ਸਚਖੰਡ’ ਨੂੰ ਵੀ ਉਸੇ ਫ਼ਰਜ਼ੀ ਸੁਰਗਾਂ ਦੇ ਅਰਥਾਂ `ਚ ਵਰਤਦੇ ਹਨ। ਭੋਗ ਸਮਾਗਮ ਜਿਹੜੇ ਕਿ “ਅੰਤੇ ਸਤਿਗੁਰੁ ਬੋਲਿਆ ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣੁ ਜੀਉ॥ ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ॥ ਹਰਿ ਕਥਾ ਪੜੀਐ ਹਰਿ ਨਾਮੁ ਸੁਣੀਐ ਬੇਬਾਣੁ ਹਰਿ ਰੰਗੁ ਗੁਰ ਭਾਵਏ॥ ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ” (ਰਾਮਕਲੀ ਸਦੁ, ਪੰ: 923) ਅਥਵਾ “ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ॥ ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ॥   ॥ ਲੋਕਾ ਮਤ ਕੋ ਫਕੜਿ ਪਾਇ॥ ਲਖ ਮੜਿਆ ਕਰਿ ਏਕਠੇ ਏਕ ਰਤੀ ਲੇ ਭਾਹਿ॥   ॥ ਰਹਾਉ॥ ਪਿੰਡੁ ਪਤਲਿ ਮੇਰੀ ਕੇਸਉ ਕਿਰਿਆ ਸਚੁ ਨਾਮੁ ਕਰਤਾਰੁ॥ ਐਥੈ ਓਥੈ ਆਗੈ ਪਾਛੈ ਏਹੁ ਮੇਰਾ ਆਧਾਰੁ॥   ॥ ਗੰਗ ਬਨਾਰਸਿ ਸਿਫਤਿ ਤੁਮਾਰੀ ਨਾਵੈ ਆਤਮ ਰਾਉ॥ ਸਚਾ ਨਾਵਣੁ ਤਾਂ ਥੀਐ ਜਾਂ ਅਹਿਨਿਸਿ ਲਾਗੈ ਭਾਉ॥   ॥ ਇੱਕ ਲੋਕੀ ਹੋਰੁ ਛਮਿਛਰੀ ਬ੍ਰਾਹਮਣੁ ਵਟਿ ਪਿੰਡੁ ਖਾਇ॥ ਨਾਨਕ ਪਿੰਡੁ ਬਖਸੀਸ ਕਾ ਕਬਹੂੰ ਨਿਖੂਟਸਿ ਨਾਹਿ” (ਪੰ: 358) `ਤੇ ਆਧਾਰਤ ਹੋਣੇ ਹਣ। ਇਸ ਦੇ ਉਲਟ ਠੀਕ ਦੂਜਿਆਂ ਦੀ ਨਕਲ `ਤੇ ਸ਼੍ਰਧਾਂਜਲੀ ਸਮਾਗਮ ਹੀ ਬਣੇ ਪਏ ਹਨ। ਫ਼ਿਰ ਇਹ ਸ਼੍ਰਧਾਂਜਲੀਆਂ ਵੀ ਇਸ ਤਰ੍ਹਾਂ ਹੁੰਦੀਆਂ ਹਨ ਜਿਵੇਂ ਕਿਸੇ ਵੱਕਤ ਅਨੰਦਕਾਰਜਾਂ ਸਮੇਂ ਝੂਠ ਦੇ ਪੁਲੰਦੇ ‘ਸਿਹਰਿਆਂ’ ਦੇ ਪੜ੍ਹਣ ਦਾ ਰਿਵਾਜ ਸੀ। ਇਹ ਦੂਜੀ ਗੱਲ ਹੈ ਕਿ ਸਚਮੁਚ, ਜੇਕਰ ਪ੍ਰਭੂ ਰਾਹੀਂ ਬਖਸ਼ਿਆ ਕੋਈ ਜੀਊੜਾ, ਉਚਾ-ਸੁੱਚਾ ਜੀਵਨ ਬਿਤਾਅ ਕੇ ਜਾਵੇ ਜਾਂ ਪੰਥ ਕੌਮ ਲਈ ਚੰਗੀ ਪਿਰਤ ਪਾ ਕੇ ਜਾਂ ਵਿਸ਼ੇਸ਼ ਸੇਵਾ ਕਰਕੇ ਗਿਆ ਹੋਵੇ ਤਾਂ ਉਸ ਸੰਬੰਧੀ ਕੋਈ ਯੋਗ ਸੱਜਨ, ਸਮਾਗਮ `ਚ ਕੁੱਝ ਲਫ਼ਜ਼ਾਂ ਰਾਹੀਂ ਜਾਣਕਾਰੀ ਦੇ ਦੇਵੇ। ਅਕਾਲਪੁਰਖ ਦੇ ਚਰਣਾਂ `ਚ ਅਰਦਾਸ ਕੀਤੀ ਜਾਵੇ ਕਿ ਸੱਚੇ ਪਾਤਸ਼ਾਹ! ਅਜਿਹੇ ਗੁਣ, ਜੋ ਤੂੰ ਇਸ ਪ੍ਰਾਣੀ ਨੂੰ ਬਖਸ਼ੇ ਸਨ, ਸਾਨੂੰ ਵੀ ਬਖਸ਼।

ਇਤਨਾ ਹੀ ਨਹੀਂ ਬਲਕਿ ਸਮਾਗਮ ਦੀ ਸਮਾਪਤੀ ਹੀ ਹੁੰਦੀ ਹੈ ਕਿ ਉਥੇ ਪਾਤਸ਼ਾਹ ਦੀ ਹਜ਼ੂਰੀ `ਚ ਹੀ ਰੋਣ, ਪਿਟੱਣ, ਸਿਆਪੇ, ਵੈਣ, ਵਿਰਲਾਪ ਸ਼ੁਰੂ ਹੋ ਜਾਂਦੇ ਹਨ ਤੇ ਕੋਈ ਰੋਕਣ- ਕਹਿਣ ਵਾਲਾ ਨਹੀਂ ਹੁੰਦਾ। ਫ਼ਿਰ ਜਿਨ੍ਹਾਂ ਪ੍ਰਬੰਧਕਾਂ ਨੇ ਅਜਿਹੀਆਂ ਕੋਤਾਹੀਆਂ ਤੇ ਗੁਰਮਤਿ ਵਿਰੋਧੀ ਕਰਮਾ ਤੋਂ ਵਰਜਣਾ ਹੁੰਦਾ ਹੈ ਉਹ ਤਾਂ ਆਪ ਹੀ ਸਾਰੇ ਕਰਮ ਕਰ-ਕਰਵਾ ਰਹੇ ਹੁੰਦੇ ਹਨ। ਖੇਤ੍ਰੀ ਤਾਂ ਕੀ? ਇਤਿਹਾਸਕ ਗੁਰਦੁਆਰਿਆਂ ਤੇ ਕਮੇਟੀਆਂ `ਚ ਵੀ ਇਹੀ ਹਾਲ ਹੈ। ਅਜਿਹੇ ਸਮਾਗਮਾ ਸਮੇਂ ਇੱਕ ਗੱਲ ਹੋਰ ਵੀ ਧਿਆਣ `ਚ ਹੋਣੀ ਹੈ ਕਿ ਅੰਤਿਮ ਸਮਾਗਮਾਂ ਸਮੇਂ ਜੋ ਅਰਦਾਸੇ ਵਾਲਾ ਨਿਯਮ ਹੈ ਕਿ ‘ਹੇ ਸਚੇ ਪਾਤਸ਼ਾਹ! ਵਿੱਛੜੇ ਪ੍ਰਾਣੀ ਨੂੰ ਆਪਣੇ ਚਰਨਾਂ `ਚ ਨਿਵਾਸ ਬਖਸ਼ੋ. .’ ਉਹ ਵੀ ਪ੍ਰਵਾਰ ਸੰਬੰਧੀਆਂ ਵਲੋਂ, ਗੁਜ਼ਰੇ ਪ੍ਰਾਣੀ ਲਈ, ਇਖਲਾਕੀ ਫ਼ਰਜ਼ ਵਜੋਂ ਹੀ ਹੁੰਦਾ ਹੈ। ਕਿਉਂਕਿ ਜੀਵ ਤਾਂ ਆਉਂਦਾ ਵੀ ਪ੍ਰਭੂ ਦੇ ‘ਨਿਆਂ-ਹੁਕਮ’ `ਚ ਹੈ ਤੇ ਜਾਂਦਾ ਵੀ ਪ੍ਰਭੂ ਦੇ ‘ਨਿਆਂ-ਹੁਕਮ’ `ਚ ਹੈ। ਇਸ ਤਰ੍ਹਾਂ ਪ੍ਰਭੂ ਦੇ ਨਿਆਂ `ਚ ਮਨੁੱਖ ਦੀ ਪਲ-ਪਲ ਦੀ ਕਰਣੀ ਦਾ “ਘਟ ਹੀ ਭੀਤਰਿ ਸੋ ਸਹੁ ਤੋਲੀ ਇਨ ਬਿਧਿ ਚਿਤੁ ਰਹਾਵਾ॥   ॥ ਆਪੇ ਕੰਡਾ ਤੋਲੁ ਤਰਾਜੀ ਆਪੇ ਤੋਲਣਹਾਰਾ॥ ਆਪੇ ਦੇਖੈ ਆਪੇ ਬੂਝੈ ਆਪੇ ਹੈ ਵਣਜਾਰਾ” (ਪੰ: 731) ਨਾਲੋ ਨਾਲ, ਹੋ ਰਿਹਾ ਹੁੰਦਾ ਹੈ। ਇਹ ਵੀ ਚੇਤੇ ਰਖਿਆ ਜਾਵੇ ਕਿ ਗੁਰਬਾਣੀ `ਚ ‘ਧਰਮਰਾਜ’ ਲਫ਼ਜ਼ ਬਹੁਤਾ ਕਰਕੇ ਚਾਰ ਅਰਥਾਂ `ਚ ਆਇਆ ਹੈ (੧) ਬਹੁਤਾ ਕਰਕੇ ਨਿਆਂਕਾਰੀ ਅਕਾਲਪੁਰਖ ਲਈ (੨) ਪ੍ਰਭੂ ਦੇ ਨਿਆਂ ਲਈ (੩) ਜਦੋਂ ਬ੍ਰਾਹਮਣੀ ਅਰਥਾਂ `ਚ ਹੈ ਤਾਂ ਉਸ ਦੀ ਹੋਂਦ ਨੂੰ ਨਕਾਰਿਆ ਹੁੰਦਾ ਹੈ (੪) ਕਿਸੇ ਦੇ ਜੀਵਨ ਨੂੰ ਸੁਆਰਣ ਦੀ ਪ੍ਰੇਰਣਾ ਲਈ ‘ਉਸ਼ਟ ਲਸ਼ਟਿਕਾ ਪ੍ਰਮਾਣ’ ਵਜੋਂ ਭਾਵ ਜਿਸ ਨੂੰ ਸਮਝਾਇਆ ਜਾ ਰਿਹਾ ਉਸੇ ਦੀ ਬੋਲੀ-ਵਿਸ਼ਵਾਸਾਂ `ਚ। ਜਿਵੇਂ ਬ੍ਰਾਹਮਣੀ ਵਿਸ਼ਵਾਸ ਵਾਲਿਆਂ ਲਈ ‘ਧਰਮਰਾਜ’ ਤੇ ਮੁਸਲਮਾਨ ਲਈ “ਅਜਰਾਈਲਿ ਫੜੇ ਫੜਿ ਕੁਠੇ” (ਪੰ: 1019)।

ਸਿੱਖ ਸੰਗਤਾਂ ਅਤੇ ਸ਼ਰਾਧ-ਇਸੇ ਤਰ੍ਹਾਂ ਜਦੋਂ ਅੰਤਿਮ ਅਰਦਾਸ ਹੋ ਹੀ ਗਈ ਤਾਂ ਵਰ੍ਹੀਣੇ ਵਾਲੀ ਗੱਲ ਵੀ ਆਪੇ ਹੀ ਮੁੱਕ ਜਾਂਦੀ ਹੈ। ਜਿਨ੍ਹਾਂ ਦੇ ਧਰਮ ਦਾ ਵਿਸ਼ਵਾਸ ਹੈ ਜਮ-ਜਮ ਕਰਣ। ਪਰ ਇਥੇ ਵੀ ਅਜੋਕੇ ਬਹੁਤੇ ਸਿੱਖਾਂ `ਤੇ ਸ਼ਾਇਦ ਬ੍ਰਾਹਮਣੀ ਬੁਖਾਰ ਨੇ ਇੰਨਾ ਜ਼ੋਰ ਪਾਇਆ ਹੁੰਦਾ ਹੈ ਕਿ ਉਥੇ ‘ਅੰਤਿਮ’ ਲਫ਼ਜ਼ ਵੀ ਆਪਣਾ ਅਰਥ ਗੁਆ ਚੁੱਕਾ ਹੁੰਦਾ ਹੈ। ਉਹਨਾਂ ਨੇ ਵਰ੍ਹੀਣਾ ਵੀ ਕਰਣਾ ਹੈ ਤੇ ਉਹ ਵੀ ਯਾਰ੍ਹਵੇ ਮਹੀਨੇ, ਸਾਲ ਬਾਅਦ ਸਾਲਾਣਾ ਯਾਦ ਵਜੋਂ ਨਹੀਂ।

ਉਪ੍ਰੰਤ ਗੱਲ ਆਉਂਦੀ ਹੈ ਬ੍ਰਾਹਮਣੀ ਸਰਾਧਾਂ ਦੀ, ਫ਼ੁਰਮਾਨ ਹੈ “ਆਇਆ ਗਇਆ ਮੁਇਆ ਨਾਉ॥ ਪਿਛੈ ਪਤਲਿ ਸਦਿਹੁ ਕਾਵ॥ ਨਾਨਕ ਮਨਮੁਖਿ ਅੰਧੁ ਪਿਆਰੁ॥ ਬਾਝੁ ਗੁਰੂ ਡੁਬਾ ਸੰਸਾਰ” (ਪੰ: 138)। ਸਰਾਧਾਂ ਬਾਰੇ ਹੀ ਕਬੀਰ ਸਾਹਿਬ ਫ਼ੁਰਮਾਉਂਦੇ ਹਨ, “ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ॥   ॥ ਮੋ ਕਉ ਕੁਸਲੁ ਬਤਾਵਹੁ ਕੋਈ॥ ਕੁਸਲੁ ਕੁਸਲੁ ਕਰਤੇ ਜਗੁ ਬਿਨਸੈ ਕੁਸਲੁ ਭੀ ਕੈਸੇ ਹੋਈ॥   ॥ ਰਹਾਉ॥ ਮਾਟੀ ਕੇ ਕਰਿ ਦੇਵੀ ਦੇਵਾ ਤਿਸੁ ਆਗੈ ਜੀਉ ਦੇਹੀ॥ ਐਸੇ ਪਿਤਰ ਤੁਮਾਰੇ ਕਹੀਅਹਿ ਆਪਨ ਕਹਿਆ ਨ ਲੇਹੀ॥   ॥ ਸਰਜੀਉ ਕਾਟਹਿ ਨਿਰਜੀਉ ਪੂਜਹਿ ਅੰਤ ਕਾਲ ਕਉ ਭਾਰੀ॥ ਰਾਮ ਨਾਮ ਕੀ ਗਤਿ ਨਹੀਂ ਜਾਨੀ ਭੈ ਡੂਬੇ ਸੰਸਾਰੀ॥   ॥ ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮ ਨਹੀਂ ਜਾਨਾ॥ ਕਹਤ ਕਬੀਰ ਅਕੁਲੁ ਨਹੀਂ ਚੇਤਿਆ ਬਿਖਿਆ ਸਿਉ ਲਪਟਾਨਾ॥ (ਪੰ: 332)। ਫ਼ਿਰ ਵੀ ਅੱਜ ਬਹੁਤੇ ਸਿੱਖਾਂ ਨੂੰ ਇਹਨਾ ਸ਼ਰਾਧਾਂ ਦੇ ਢਕਵੰਜ `ਚ ਉਲਝਿਆ ਸਹਿਜੇ ਹੀ ਦੇਖਿਆ ਜਾ ਸਕਦਾ ਹੈ। ਪ੍ਰਤਖ ਨੂੰ ਪ੍ਰਮਾਣ ਕੀ? ਅਖੌਤੀ ਸਰਾਧਾਂ ਦੇ ਦਿਨਾਂ `ਚ ਸੰਸਾਰ ਭਰ ਦੇ ਕਿਸੇ ਵੀ ਗੁਰਦੁਆਰੇ `ਚ ਚਲੇ ਜਾਵੋ, ਸਾਰੇ ਪਾਸੇ ‘ਵਿਸ਼ੇਸ਼ ਰੌਣਕਾਂ’ ਮਿਲਣ ਗੀਆਂ। ਗੁਜ਼ਰੇ ਪ੍ਰਾਣੀਆਂ ਨਮਿਤ ਮਾਇਆ, ਅਰਦਾਸਾਂ ਤੇ ਕੜਾਹਪ੍ਰਸ਼ਾਦ, ਵਿਸ਼ੇਸ਼ ਲੰਗਰ, ਖੀਰਾਂ, ਹਲਵੇ, ਮਠਿਆਈਆਂ ਤੇ ਹੋਰ ਵਸਤਾਂ, ਉਹ ਵੀ ਸਭ ਪ੍ਰਬੰਧਕਾਂ ਦੀ ਮਦਦ ਨਾਲ। ਭਾਈ ਸਾਹਿਬਾਨ ਤੇ ਸੇਵਾਦਾਰਾਂ ਵੱਲ ਦੇਖੋ, ਪੰਜ-ਪੰਜ ਦੇ ਜੱਥਿਆਂ `ਚ ਇੱਕ ਪ੍ਰਵਾਰ ਤੋਂ ਵਾਪਸ ਆ ਰਹੇ ਹਨ ਤੇ ਦੂਜੇ ਦੇ ਜਾ ਰਹੇ ਹੁੰਦੇ ਹਨ। ਆਖਿਰ ਕਰਣ ਵੀ ਕਿਉਂ ਨਾ? ਉਥੇ ਕੇਵਲ ਲੰਗਰ ਸੇਵਾ ਹੀ ਤਾਂ ਹੋਣੀ ਨਹੀਂ, ਵਸਤ੍ਰ-ਵਸਤਾਂ, ਨੋਟ-ਡਾਲਰ-ਪੌਂਡ ਵੀ ਮਿਲਣੇ ਹਨ। ਇਸ ਅਗਿਆਣਤਾ ਦੀ ਗਰਮੀ ਇਥੋਂ ਤੀਕ ਫ਼ੈਲੀ ਹੋਈ ਹੈ ਕਿ ਪਹਿਲੇ ਪਾਤਸ਼ਾਹ ਦਾ ਜੋਤੀ ਜੋਤ ਪੁਰਬ ਵੀ ਇਸੇ ਲਪੇਟ `ਚ ਆਇਆ ਪਿਆ ਹੈ। ਵੱਡੀਆਂ-ਵੱਡੀਆਂ, ਇਤਿਹਾਸਕ ਗੁਰਦੁਆਰਿਆਂ ਦੀਆਂ ਨਾਮਵਰ ਕਮੇਟੀਆਂ ਤੇ ਉਥੇ ਪ੍ਰਚਾਰਕ, ਪਰ ਪ੍ਰਚਾਰ ਬ੍ਰਾਹਮਣੀ ਸਰਾਧਾਂ ਤੇ ਗਰੁੜ ਪੁਰਾਨ ਦਾ ਹੀ ਹੋ ਰਿਹਾ ਹੁੰਦਾ ਹੈ। ਹੋਰ ਨਹੀਂ ਤਾਂ ਉਸ ਦਿਨ ਗੁਰਦੁਆਰਿਆਂ ਦੇ ਲੰਗਰਾਂ `ਚ ਪ੍ਰਸ਼ਾਦਾ ਛਕੋ-ਉਹ ਪ੍ਰਸ਼ਾਦਾ ਵੀ ਨਿੱਤ ਵਾਲਾ ਗੁਰੂ ਕਾ ਲੰਗਰ ਘੱਟ ਤੇ ‘ਪੂਰੀਆਂ ਖਰਿਾਂ’ ਦਾ ਲੰਗਰ ਵਧੇਰੇ ਹੋਵੇਗਾ। ਜਦਕਿ ਜਿਨ੍ਹਾਂ ਤੋਂ ਇਹ ਚੀਜ਼ ਆਈ ਹੈ, ਉਹਨਾਂ ਦੀ ਬੋਲੀ `ਚ ਇਸ ‘ਸ਼ੁਭ ਕਾਰਜ’ ਨੂੰ ‘ਬੁਢਾ ਮਰਨਾ’ ਕਹਿੰਦੇ ਹਨ, ਬਾਕੀ ਹਿਸਾਬ ਆਪ ਲਗਾਇਆ ਜਾ ਸਕਦਾ ਹੈ।

ਦਰਅਸਲ ਲੋੜ ਸੀ ਕੌਮ ਇਹਨਾ ਗੱਲਾਂ ਤੋਂ ਬਚਾਉਣ ਦੀ ਪਰ ਅੱਜ ਸਾਡੇ ਅਜਿਹੇ ਵਿਦਵਾਨ ਨਵਾਂ ਹੀ ਭੁਲੇਖਾ ਖੜਾ ਕਰਕੇ ਬੈਠ ਗਏ। #167s09.2s09#

Including this Self Learning Gurmat Lesson No 166

ਪੁਨਰਪਿ ਜਨਮਿ ਨ ਆਵੈ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org




.