.

ਜੂਨ ਚੁਰਾਸੀ ਦੇ 25 ਸਾਲਾ ਬਾਰੇ ਸਾਡਾ ਕੀ ਨਜ਼ਰੀਆ ਹੈ?

ਸਿਖ ਇਤਿਹਾਸ ਦੇ ਬੇਸ਼ੁਮਾਰ ਪੰਨੇ ਖ਼ੂਨ ਨਾਲ ਭਰੇ ਪਏ ਹਨ। ਬੇਅੰਤ ਕੁਰਬਾਨੀਆਂ, ਸ਼ਹਾਦਤਾਂ ਅਤੇ ਘੱਲੂਘਾਰਿਆਂ ਨਾਲ ਓਤ ਪੁਤ ਸਿਖ ਤਾਰੀਖ਼ ਦੁਨੀਆਂ ਦੇ ਇਤਿਹਾਸ ਵਿੱਚ ਆਪਣੀ ਨਿਵੇਕਲੀ ਥਾਂ ਰੱਖਦੀ ਹੈ। ਸਿਖ ਇਤਿਹਾਸ ਨੂੰ ਜਾਨਣ ਸਮਝਣ ਦੀ ਰੁਚੀ ਰੱਖਣ ਵਾਲੇ ਲੋਕ ਇਸ ਗੱਲ ਨੂੰ ਬੜੀ ਤੀਬਰਤਾ ਨਾਲ ਮਹਿਸੂਸ ਕਰਦੇ ਹਨ ਕਿ ਇੰਨਾ ਅਮੀਰ ਵਿਰਸਾ ਸਿਰਜਣ ਵਾਲੀ ਕੌਮ ਆਪਣੇ ਇਤਿਹਾਸ ਨੂੰ ਸੁਚਾਰੂ ਰੂਪ ਵਿੱਚ ਲਿਖ, ਪ੍ਰਚਾਰ ਨਹੀ ਸਕੀ। ਜਿਸ ਕਾਰਨ ਅਜਿਹੀ ਅਮੀਰ ਵਿਰਾਸਤ ਤੋਂ ਦੁਨੀਆਂ ਜਾਣੂ ਨਹੀਂ ਹੋ ਸਕੀ। ਪਰ ਅਜਿਹਾ ਨਾ ਕਰ ਸਕਣ ਲਈ ਬੇਅੰਤ ਸਮਾਂ ਲੰਮੇ ਸੰਘਰਸ਼ ਵਿਚੋਂ ਗੁਜ਼ਰਨਾ ਵੀ ਮੰਨਿਆ ਜਾਂਦਾ ਹੈ। ਕੁੱਝ ਵੀ ਹੋਵੇ ਇਹ ਤਾਂ ਅਟੱਲ ਸਚਾਈ ਹੈ ਕਿ ਇਤਿਹਾਸ ਤੋਂ ਬਿਨਾਂ ਕੌਮਾਂ ਜ਼ਿੰਦਾ ਨਹੀ ਰਹਿ ਸਕਦੀਆਂ। ਇਤਿਹਾਸ ਉਹ ਦੌਲਤ ਹੈ ਜੋ ਕਿਸੇ ਕੌਮ ਦੇ ਬਜ਼ੁਰਗਾਂ ਦੁਆਰਾ ਕਮਾਈ ਹੁੰਦੀ ਹੈ ਅਤੇ ਜਿਸ ਤੋਂ ਬਿਨਾਂ ਕੌਮੀ ਹੋਂਦ ਕਾਇਮ ਨਹੀਂ ਰਹਿ ਸਕਦੀ। 6 ਜੂਨ 1984 ਦਾ ਦਿਨ ਸਿੱਖ ਮਾਨਸਿਕਤਾ ਨੂੰ ਪੁਰਾਤਨ ਇਤਿਹਾਸਕ ਘੱਲੂਘਰਿਆਂ ਦੀ ਯਾਦ ਹੀ ਤਾਜ਼ਾ ਨਹੀ ਕਰਵਾਉਦਾ ਬਲਕਿ ਤੀਜੇ ਵੱਡੇ ਘੱਲੂਘਾਰੇ ਦੀ ਸ਼ਪੱਸ਼ਟ ਪਹਿਚਾਣ ਪੈਦਾ ਕਰ ਜਾਂਦਾ ਹੈ। ਇਸ ਘੱਲੂਘਾਰੇ ਨੂੰ ਵਰਤਿਆਂ 25 ਸਾਲ ਬਤੀਤ ਹੋ ਚੁੱਕੇ ਹਨ। ਇਨਾਂ ਸਾਰੇ ਹਾਲਾਤਾਂ ਦੇ ਪੈਦਾ ਹੋਣ ਦੇ ਅਸਲ ਕਾਰਨਾਂ ਨੂੰ ਭਾਵੇਂ ਸੂਝਵਾਨ ਲੋਕ ਚੰਗੀ ਤਰਾਂ ਜਾਣਦੇ ਹਨ ਪਰ ਬੇਈਮਾਨ ਸਰਕਾਰੀ ਧਿਰ ਵਲੋਂ ਪ੍ਰਚਾਰੇ ਸਿਖ ਵਿਰੋਧੀ ਕੂੜ ਪ੍ਰਚਾਰ ਨੇ ਆਮ ਲੋਕਾਂ ਵਿੱਚ ਕਾਫੀ ਗ਼ਲਤ ਫਹਿਮੀਆਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਸਿਖ ਵਿਰੋਧੀ ਸਰਕਾਰੀ ਪ੍ਰਚਾਰ ਸਦਕਾ ਹੱਕ-ਸੱਚ-ਇਨਸਾਫ਼ ਲਈ ਜੂਝਣ ਵਾਲੀ ਧਿਰ ਨੂੰ ਦੋਸ਼ੀ ਸਾਬਿਤ ਕਰਨ ਦਾ ਸਿਰਤੋੜ ਯਤਨ ਕੀਤਾ ਗਿਆ ਜੋ ਅਜਿਹਾ ਕਰਨ ਵਾਲਿਆਂ ਵਲੋਂ ਕਾਫ਼ੀ ਸਫ਼ਲਤਾ ਨਾਲ ਕੀਤਾ ਗਿਆ। ਸਿਟੇ ਵਜੋਂ ਸਿੱਖ ਕੌਮ ਦੀਆਂ ਹੱਕੀ ਮੰਗਾਂ ਨੂੰ ਸਮਝਣ ਅਤੇ ਇਸ ਦੇ ਹੱਕ ਵਿੱਚ ਰਾਏ ਦੇਣ ਦੀ ਬਜਾਏ ਇਸ ਸੰਘਰਸ਼ ਨੂੰ ਦੇਸ਼ ਵਿਰੋਧੀ, ਅੱਤਵਾਦੀ ਅਦਿ ਕਹਿ ਕੇ ਪ੍ਰਚਾਰਿਆ ਅਤੇ ਮੰਨਿਆ ਗਿਆ। ਜਿਸ ਕਾਰਨ ਇਸ ਲਹਿਰ ਦਾ ਅਸਲ ਸੱਚ ਆਮ ਲੋਕਾਂ ਤੋਂ ਕੋਹਾਂ ਦੂਰ ਹੋ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਬਾਕੀ ਦੁਨੀਆਂ ਤਾਂ ਭਾਵੇਂ ਸਿਖ ਵਿਰੋਧੀ ਪ੍ਰਚਾਰ ਸਦਕਾ ਕਾਫ਼ੀ ਹੱਦ ਤੱਕ ਗੁੰਮਰਾਹ ਹੈ ਹੀ ਉੱਥੇ ਆਮ ਸਿਖ ਤਾਂ ਭਾਵੇਂ ਜਜ਼ਬਾਤੀ ਤੌਰ ਤੇ ਇਸ ਲਹਿਰ ਦੇ ਸਹੀ ਹੋਣ ਦੀ ਹਾਮੀ ਤਾਂ ਭਰਦੇ ਹਨ ਪਰ ਅਸਲ ਸੱਚਾਈ ਤੋਂ ਉਹ ਵੀ ਪੂਰੀ ਤਰਾਂ ਅਨਜਾਣ ਹਨ। ਸਿਖ ਹੱਕਾਂ ਵਿਰੋਧੀ ਇਸ ਪ੍ਰਚਾਰ ਦਾ ਅਸਰ ਕੁੱਝ ਹੱਦ ਤੱਕ ਆਮ ਸਿਖਾਂ ਨੇ ਵੀ ਕਬੂਲਿਆ ਹੈ। ਅਸਲ ਮੁੱਦਿਆਂ ਦੀ ਤਰਫ਼ੋਂ ਧਿਆਨ ਹਟਾ ਕੇ ਅੱਤਵਾਦ ਦੀ ਚੋਭ ਨੂੰ ਉਭਾਰ ਕੇ ਸਮੁੱਚੀ ਸਿਖ ਕੌਮ ਨੂੰ ਬਦਨਾਮ ਕਰਨ ਦਾ ਜੋ ਰੁਖ਼ ਅਪਣਾਇਆ ਗਿਆ ਉਹ ਕਾਫ਼ੀ ਹੱਦ ਤੱਕ ਸਫ਼ਲ ਰਿਹਾ।
ਜਿਵੇਂ ਕਿ ਕਿਸੇ ਵੀ ਲੜਾਈ ਚ ਸਿਧੇ ਤੌਰ ਤੇ ਹਾਰ ਜਾਣ ਵਾਲੀ ਧਿਰ ਨੂੰ ਜੇਤੂ ਧਿਰ ਅਕਸਰ ਹੀ ਮਾੜੀ ਅਤੇ ਦੋਸ਼ੀ ਸਾਬਿਤ ਕਰਨ ਦਾ ਸਿਰ ਤੋੜ ਯਤਨ ਕਰਦੀ ਹੈ ਅਜਿਹਾ ਕੁੱਝ ਹੀ ਸਿਖ ਕੌਮ ਨਾਲ ਵਾਪਰਿਆ। ਕੁਲ ਮਿਲਾ ਕੇ ਇਸ ਘੱਲੂਘਾਰੇ ਵਿੱਚ ਵਾਪਰੀਆਂ ਘਟਨਾਵਾਂ ਜਿਵੇਂ, ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਜਾਣ ਬੁਝ ਕੇ ਗਿਣੀ ਮਿਥੀ ਸਾਜਿਸ਼ ਨਾਲ ਕੀਤਾ ਗਿਆ, ਯਾਤਰੂਆਂ ਅਤੇ ਸ਼ਰਧਾਲੂਆਂ ਦਾ ਭਿਆਂਨਕ ਨਰ ਸੰਘਾਰ, ਸਿੱਖ ਰੈਫਰੈਂਸ ਲਾਇਬਰੇਰੀ ਨੂੰ ਜਾਣ ਬੁਝ ਕੇ ਨਸ਼ਟ ਕਰਨਾ, ਸਿਖ ਖਾੜਕੂਆਂ ਵਿੱਚ ਵਿਗੜੇ ਅਨਸਰ ਸ਼ਾਮਲ ਕਰਨਾ ਅਤੇ ਉਨਾਂ ਕੋਲੋਂ ਗ਼ਲਤ ਕਾਰਵਾਈਆਂ ਕਰਵਾ ਕੇ ਸਿਖ ਕੌਮ ਨੂੰ ਬਦਨਾਮ ਕਰਨਾ, ਅੱਤਵਾਦ ਦੇ ਨਾਂ ਤੇ ਬੇਗੁਨਾਹ ਸਿਖ ਨੌਜਵਾਨਾਂ ਦਾ ਘਾਣ ਕਰਨਾ, ਸਿਖ ਬੀਬੀਆਂ ਦੀ ਬੇਪੱਤੀ, ਅਖੌਤੀ ਆਗੂਆਂ ਦੀ ਗੱਦਾਰੀ, ਹਰ ਉਮਰ ਦੇ ਸਿਖ ਨੂੰ ਇਸ ਲਈ ਮਾਰ ਦੇਣਾ ਕਿਉਂਕਿ ਉਹ ਸਿੱਖ ਹਨ ਅਤੇ ਖ਼ਾਸ ਕਰਕੇ ਉਹ ਅੰਮ੍ਰਿਤਧਾਰੀ ਸਨ। ਦਿੱਲੀ, ਕਾਨਪੁਰ, ਬੋਕਾਰੋ ਆਦਿ ਹੋਰ ਥਾਵਾਂ ਤੇ ਸੋਚੀ ਸਮਝੀ ਸਾਜਿਸ਼ ਨਾਲ ਸਿਖਾਂ ਦੀ ਨਸਲਕੁਸ਼ੀ ਕਰਨੀ, ਹਰ ਤਰਾਂ ਦੇ ਮੀਡੀਏ ਰਾਹੀਂ ਸਿਖ ਕੌਮ ਨੂੰ ਦੁਨੀਆਂ ਭਰ ਵਿੱਚ ਬਦਨਾਮ ਕਰਨ ਦੇ ਯਤਨ, ਆਦਿ ਬੇਅੰਤ ਅਜਿਹੇ ਵਿਸ਼ੇ ਹਨ ਜਿਨਾਂ ਦਾ ਪੂਰਾ ਸੱਚ ਲੋਕਾਂ ਸਾਹਮਣੇਂ ਆਉਣਾ ਅਜੇ ਬਾਕੀ ਹੈ। ਭਾਰਤ ਦੀਆਂ ਸਰਕਾਰੀ ਏਜੰਸੀਆਂ ਦਾ ਇਸ ਵਿੱਚ ਅਦਾ ਕੀਤੇ ਰੋਲ ਦੀ ਝਲਕ ਸ੍ਰੀ ਐੱਮ. ਕੇ. ਧਰ ਦੀ ਲਿਖੀ ਪੁਸਤਕ ਖੁਲੇ ਭੇਤ ਵਿਚੋਂ ਬਾਖੂਬੀ ਮਿਲ ਜਾਂਦੀ ਹੈ। ਕੀ ਸਿਖ ਕੌਮ ਦੇ ਬੁਧੀਜੀਵੀ, ਇਤਿਹਾਸਕਾਰ, ਸਾਹਿਤਕਾਰ ਆਪਣਾ ਕੌਮੀ ਫ਼ਰਜ਼ ਸਮਝਦਿਆਂ ਹੋਇਆਂ ਇਸ ਸੱਚ ਨੂੰ ਲੋਕਾਂ ਸਾਹਮਣੇ ਲਿਆਉਣਗੇ? ਇੱਕ ਤਰਫੋਂ ਸੋਚਿਆਂ ਇਸ ਘੱਲੂਘਾਰੇ ਨੂੰ ਵਰਤਿਆਂ ਕੋਈ ਬਹੁਤਾ ਸਮਾਂ ਨਹੀ ਹੋਇਆ। ਇਸ ਸਾਰੇ ਮਾਹੌਲ ਨੂੰ ਦੇਖਣ ਵਾਲੇ, ਇਸ ਦੀਆਂ ਅੰਦਰੂਨੀ ਸਥਿਤੀਆਂ ਤੋਂ ਜਾਣੂ ਅਜੇ ਬੇਅੰਤ ਲੋਕ ਜੀਵਤ ਹਨ। ਇਨਾਂ ਸਾਰੀਆਂ ਸੱਚਾਈਆਂ ਨੂੰ ਜੇਕਰ ਸਾਹਮਣੇ ਨਾ ਲਿਆਂਦਾ ਗਿਆ ਤਾਂ ਇਹ ਧੁੰਦਲੀਆਂ ਹੋ ਜਾਣਗੀਆਂ ਅਤੇ ਹੋ ਸਕਦਾ ਹੈ ਕਿ ਇਨ੍ਹਾਂ ਘਟਨਾਵਾਂ ਦੇ ਸੱਚ ਤੋਂ ਬਹੁਗਿਣਤੀ ਵਰਗ ਅਨਜਾਣ ਹੀ ਰਹੇ। ਅਜਿਹੇ ਹਾਲਾਤ ਵਿੱਚ ਗੁੰਮਰਾਹਕੁੰਨ ਪ੍ਰਚਾਰ ਦਾ ਅਸਰ ਕਬੂਲਣਾ ਕੋਈ ਹੈਰਾਨੀ ਦੀ ਗੱਲ ਨਹੀਂ ਹੋਵੇਗੀ। ਸਮੇਂ ਦੀ ਰਫ਼ਤਾਰ ਨਾਲ ਇਹ ਘਟਨਾਂ ਪੁਰਾਣੀ ਹੁੰਦੀ ਜਾਵੇਗੀ। ਸਮਾਂ ਪਾ ਕੇ ਜਦੋਂ ਕਿਸੇ ਇਸ ਘਟਨਾ ਬਾਰੇ ਜਾਨਣਾ ਹੋਇਆ ਤਾਂ ਸ਼ਾਇਦ ਉਸਨੂੰ ਅਜਿਹੀਆਂ ਲਿਖਤਾਂ ਆਦਿ ਦਾ ਹੀ ਸਹਾਰਾ ਲੈਣਾ ਪਵੇਗਾ ਜਿਹੜੀਆਂ ਜਾਂ ਤਾਂ ਇੱਕ ਪਾਸੜ ਅਤੇ ਵਿਰੋਧ ਵਿੱਚ ਲਿਖੀਆਂ ਗਈਆਂ ਹਨ ਜਾਂ ਫਿਰ ਜਿਨ੍ਹਾਂ ਵਿੱਚ ਸਪੱਸ਼ਟਤਾ ਦੀ ਘਾਟ ਹੈ ਅਤੇ ਜੋ ਇਸ਼ ਸੰਘਰਸ਼ ਦੀ ਅਸਲ ਸੱਚਾਈ ਨੂੰ ਪੂਰੀ ਤਰਾਂ ਬਿਆਨ ਨਹੀਂ ਕਰਦੀਆਂ। ਭਾਵੇਂ ਕਿ ਇਸ ਪੱਖ ਤੇ ਚਾਨਣਾ ਪਾਉਂਦੀਆਂ ਕੁੱਝ ਕੁ ਪੁਸਤਕਾਂ ਛਪੀਆਂ ਵੀ ਹਨ ਅਤੇ ਅਜਿਹੇ ਲੇਖਕ ਸਤਿਕਾਰ ਦੇ ਪਾਤਰ ਹਨ। ਪਰ ਅਜੇ ਵੀ ਇਸ ਪੱਖ ਤੇ ਕੋਈ ਵਿਸ਼ੇਸ਼ ਪੱਧਰ ਤੇ ਕੰਮ ਨਹੀ ਹੋਇਆ। ਅਜੇ ਇਸ ਲਹਿਰ ਦੇ ਵੱਖ ਵੱਖ ਪੜਾਵਾਂ ਦਾ ਵਿਸ਼ਲੇਸ਼ਣ ਹੋਣਾ ਬਾਕੀ ਹੈ। ਇਸ ਵਿਸ਼ੇ ਤੇ ਸੰਵਾਦ ਰਚਾਉਣ ਦੀ ਲੋੜ ਹੈ ਤਾਂ ਕਿ ਇਸ ਨੂੰ ਚੰਗੀ ਤਰਾਂ ਘੋਖ ਕੇ ਵੀਚਾਰਧਾਰਕ ਤੌਰ ਤੇ ਲੋਕਾਂ ਨੂੰ ਇਸ ਦੇ ਕਾਰਨਾਂ ਤੋਂ ਜਾਗ੍ਰਿਤ ਕੀਤਾ ਜਾ ਸਕੇ। ਜਿਸ ਹੱਕੀ ਮੰਗਾਂ ਨੂੰ ਲੈ ਕੇ ਇਹ ਸਾਰਾ ਕੁੱਝ ਹੋਇਆ ਅਜਿਹਾ ਕਰਨਾ ਆਮ ਲੋਕਾਂ ਨੂੰ ਉਹ ਸਭ ਕੁੱਝ ਸਮਝਾਉਣ ਵਿੱਚ ਸਹਾਈ ਹੋਵੇਗਾ। ਆਪਣੇ ਹੱਕ ਲਈ ਬੇਅੰਤ ਕੁਬਾਨੀਆਂ ਦੇਣ ਵਾਲੀ ਧਿਰ ਦੀ ਸੱਚਾਈ ਸਾਹਮਣੇ ਲਿਆਉਣ ਅਤੇ ਜ਼ਾਲਮਾਨਾ ਕਾਰਵਾਈਆਂ ਨੂੰ ਅੰਜਾਮ ਦੇ ਕੇ ਆਪਣੇ ਆਪ ਦੁੱਧ ਧੋਤਿਆਂ, ਅਤੇ ਸਭ ਤੋਂ ਵੱਡੀ ਲੋਕਤੰਤਰਕ ਦੱਸਣ ਵਾਲੀ ਕੂੜ ਨੀਤਕ ਬ੍ਰਾਹਮਣੀ ਧਿਰ ਦਾ ਅਸਲ ਚਿਹਰਾ ਵੀ ਬੇਨਕਾਬ ਕਰਨ ਲਈ ਅਜਿਹਾ ਕਰਨਾ ਬੇਹੱਦ ਜ਼ਰੂਰੀ ਹੈ। ਕਿਉਂਕਿ ਇਸ ਵਿਸ਼ੇ ਤੇ ਵੀਚਾਰ ਕੀਤੇ ਬਿਨ੍ਹਾਂ ਅਤੇ ਇਸਦੇ ਸਾਰੇ ਪੱਖਾਂ ਦੀ ਵਿਆਖਿਆ ਕੀਤੇ ਬਿਨ੍ਹਾਂ ਕਿਸੇ ਵੀ ਸਹੀ ਨਤੀਜੇ ਤੇ ਪਹੁੰਚਿਆ ਨਹੀਂ ਜਾ ਸਕਦਾ। ਜਿਸ ਖੜੋਤ ਵਿੱਚ ਸਿਖ ਵਿਰੋਧੀ ਤਾਕਤਾਂ ਸਿਖ ਪੰਥ ਨੂੰ ਲਿਆਉਣਾ ਚਾਹੁੰਦੀਆਂ ਸਨ ਸਿਖਾਂ ਦੀ ਕੌਮੀ ਦਸ਼ਾਂ ਬੇਸ਼ੱਕ ਉਸੇ ਖੜੋਤ ਦਾ ਹੀ ਸ਼ਿਕਾਰ ਹੈ ੳਤੇ ਕਿਸੇ ਵੀ ਮੁਹਾਜ ਤੇ ਸ਼ਪੱਸ਼ਟ ਨਹੀਂ ਅਤੇ ਨਾ ਹੀ ਨੀਤੀਗਤ ਢੰਗ ਨਾਲ ਸੰਗਠਤ ਹੈ। ਸਿਖ ਪੰਥ ਦੀ ਇਸ ਦਸ਼ਾ ਦਾ ਭਾਰੀ ਲਾਭ ਸਿਖ ਵਿਰੋਧੀ ਤਾਕਤਾਂ ਨੂੰ ਪਹੁੰਚਦਾ ਹੈ। ਸ਼ਾਇਦ ਸਿਖ ਪੰਥ ਦੀ ਸ਼੍ਰੋਮਣੀ ਸੰਸਥਾ ਤਾਂ ਇਸ ਵਿਸ਼ੇ ਤੇ ਕੋਈ ਵਰਨਣਯੋਗ ਕੰਮ ਕਰੇਗੀ ਹੀ ਨਹੀਂ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੋਮਣੀ ਅਕਾਲੀ ਦਲ ਦੇ ਪੂਰੀ ਤਰਾਂ ਅਧੀਨ ਹੈ ਅਤੇ ਅਕਾਲੀ ਸਿਆਸਤ ਸਿਖ ਮੁੱਦਿਆਂ ਨੂੰ ਪੂਰੀ ਤਰਾਂ ਵਿਸਾਰੀ ਬੈਠੀ ਹੈ। ਜਿਨ੍ਹਾਂ ਬੇਝਿਜਕ ਅੱਖਾਂ ਨੇ ਝੂਠ ਦੀ ਪੱਟੀ ਬੰਨ ਪੰਜਾਬ ਵਿਧਾਨ ਸਭਾ ਵਿੱਚ ਸਿੱਖ ਜੁਝਾਰੂਆਂ ਨੂੰ ਅੱਤਵਾਦੀ ਕਹਿਣ ਤੋਂ ਗੁਰੇਜ਼ ਨਾ ਕੀਤਾ ਹੋਵੇ ਉਨਾਂ ਤੋਂ ਕੋਈ ਅਜਿਹੀ ਆਸ ਰੱਖਣੀ ਪੂਰੀ ਤਰਾਂ ਬੇਫ਼ਾਇਦਾ ਹੈ। ਰਹੀ ਗੱਲ ਉਨ੍ਹਾਂ ਜਥੇਬੰਦੀਆਂ ਦੀ ਜਿਨ੍ਹਾਂ ਨੂੰ ਗਰਮਖਿਆਲੀ ਜਾਂ ਕੌਮੀ ਮੰਗਾਂ ਦੀਆਂ ਮੁਦਈ ਸਮਝਿਆ ਜਾਂਦਾ ਹੈ ਇਸ ਸਮੁੱਚੇ ਵਰਤਾਰੇ ਦੀ ਨਿਰਣਾਇਕ ਖੋਜ ਆਪਣੇ ਤੌਰ ਤੇ ਵੀ ਸ਼ਾਇਦ ਨਾ ਹੀ ਕੀਤੀ ਗਈ ਹੈ ਅਤੇ ਨਾ ਹੀ ਛਾਪ ਕੇ ਆਮ ਲੋਕਾਂ ਵਿੱਚ ਉਨ੍ਹਾਂ ਵਲੋਂ ਵੀ ਪ੍ਰਚਾਰੀ ਗਈ ਹੈ। ਇਸ ਸਾਂਝੇ ਦੁੱਖ ਨੂੰ ਵੀ ਕੌਮੀ ਜਥੇਬੰਦੀਆਂ ਇਕਸੁਰ ਹੋ ਕੇ ਬਿਆਨ ਕਰਨ ਤੋਂ ਅਸਮਰਥ ਰਹੀਆਂ ਹਨ। ਇਸ ਪਾਟੋਧਾੜ ਵਿੱਚ ਜੇ ਇਕਾ ਦੁੱਕਾ ਆਵਾਜ਼ ਉੱਠੀ ਵੀ ਤਾਂ ਨਗਾਰਖ਼ਾਨੇ ਵਿੱਚ ਵਜਦੀ ਤੂਤੀ ਵਾਂਗ ਅਣਸੁਣੀ ਜਿਹੀ ਹੀ ਹੋ ਗਈ ਜਾਂ ਫਿਰ ਮੌਕਾਪ੍ਰਸਤੀ ਦੇ ਪ੍ਰਭਾਵ ਹੇਠ ਹੀ ਕਿਧਰੇ ਕੋਈ ਗੱਲ ਕੀਤੀ ਗਈ। ਹੁਣ ਜਿਥੇ ਇਸ ਘੱਲੂਘਾਰੇ ਨੂੰ ਵਾਪਰਿਆਂ 25 ਸਾਲ ਬਤੀਤ ਹੋਣ ਜਾ ਰਹੇ ਹਨ ਕੀ ਕੇਵਲ ਪੰਥਕ ਅਖਵਾਉਂਦੀਆਂ ਧਿਰਾਂ ਵਲੋਂ ਨਾਮਧਰੀਕ ਸਮਾਗਮਾਂ ਰਾਹੀਂ ਹੀ ਕੰਮ ਸਾਰ ਲਿਆ ਜਾਵੇਗਾ ਜਾਂ ਕੋਈ ਸਹੀ ਨੀਤੀ ਧਾਰਨ ਵੀ ਕੀਤੀ ਜਾਵੇਗੀ? ਜੇ ਇਨੇ ਨੁਕਸਾਨ ਅਤੇ ਜ਼ੁਲਮ ਨੂੰ ਹੰਢਾ ਕੇ ਵੀ ਕੌਮੀ ਸੰਗਠਨਾ ਨੇ ਪੰਥਕ ਰਾਜਨੀਤੀ ਦਾ ਗੁਰਮਤਿ ਅਨੁਸਾਰੀ ਕੋਈ ਏਜੰਡਾ ਨਹੀਂ ਉਲੀਕਣਾ ਅਤੇ ਕੇਵਲ ਮਾਰਚਾਂ ਅਤੇ ਲੰਗਰਾਂ ਵਾਲਾ ਦਿਨ ਹੀ ਮਨਾਉਣਾ ਹੈ ਤਾਂ ਫਿਰ ਇਸ ਦਿਨ ਨੂੰ ਯਾਦ ਕੀਤਾ ਜਾਂ ਨਾ ਕੀਤਾ ਇਕੋ ਜਿਹਾ ਹੀ ਹੋਵੇਗਾ। ਸੋ ਅਜਿਹੇ ਪੱਖਾਂ ਨੂੰ ਵੀਚਾਰਦਿਆਂ ਹੋਇਆਂ ਇਹ ਕੰਮ ਬਾਕੀ ਸੰਸਥਾਵਾਂ ਨੂੰ ਹੀ ਆਪਣੇ ਜ਼ਿੰਮੇ ਲੈਣਾ ਚਾਹੀਦਾ ਹੈ। ਇਹੀ ਇਸ ਘੱਲੂਘਾਰੇ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਹਰਜਿੰਦਰ ਸਿੰਘ ‘ਸਭਰਾ’
.