.

ਪ੍ਰਸ਼ਨ: ਗੁਰੂ ਗਰੰਥ ਸਾਹਿਬ ਵਿੱਚ ਇੱਕ ਪਾਸੇ ਸਤਿਗੁਰੂ ਜੀ ਦਾ ਇਹ ਫ਼ਰਮਾਨ ਹੈ ਕਿ “ਸਤਗੁਰ ਕੀ ਸੇਵਾ ਅਤਿ ਸੁਖਾਲੀ” ਪਰੰਤੂ ਦੂਜੇ ਪਾਸੇ ਇਹ ਆਖਿਆ ਹੈ ਕਿ “ਸਤਿਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ॥”। ਕੀ ਇਹ ਦੋਵੇਂ ਗੱਲਾਂ ਆਪਾ ਵਿਰੋਧੀ ਨਹੀਂ ਹਨ?

ਉੱਤਰ: ਗੁਰੂ ਗਰੰਥ ਸਾਹਿਬ ਵਿੱਚ ਕਿਧਰੇ ਵੀ ਆਪਾ ਵਿਰੋਧੀ ਸ਼ਬਦ ਨਹੀਂ ਹਨ। ਹਾਂ, ਕਈ ਸ਼ਬਦਾਂ ਨੂੰ ਪ੍ਰਕਰਣ ਅਨੁਸਾਰ ਸਮਝਣ ਦਾ ਯਤਨ ਨਾ ਕਰਨ ਕਰਕੇ ਇਸ ਤਰ੍ਹਾਂ ਦਾ ਭੁਲੇਖਾ ਜ਼ਰੂਰ ਲਗਦਾ ਹੈ ਕਿ ਇਹ ਸ਼ਬਦ ਆਪਾ ਵਿਰੋਧੀ ਹਨ ਪਰ ਜਦ ਪ੍ਰਕਰਣ ਨੂੰ ਸਮਝ ਕੇ ਸਮਝਣ ਦੀ ਕੋਸ਼ਸ਼ ਕਰਾਂਗੇ ਤਾਂ ਅਜੇਹਾ ਭੁਲੇਖਾ ਨਹੀਂ ਲੱਗੇ ਗਾ। ਇਸ ਲਈ ਕਿਸੇ ਸ਼ਬਦ ਜਾਂ ਸ਼ਬਦਾਂ ਬਾਰੇ ਜੇਕਰ ਸਾਨੂੰ ਇੰਜ ਲੱਗ ਰਿਹਾ ਹੈ ਕਿ ਇਹ ਆਪਾ ਵਿਰੋਧੀ ਹਨ ਤਾਂ ਜ਼ਰੂਰ ਸ਼ਬਦ ਦਾ ਭਾਵ ਸਾਡੀ ਸੀਮਤ ਜੇਹੀ ਬੁੱਧੀ ਦੀ ਪਕੜ ਵਿੱਚ ਨਹੀਂ ਆ ਰਿਹਾ, ਇਹ ਹੀ ਸਮਝਣਾ ਚਾਹੀਦਾ ਹੈ, ਚੂੰਕਿ ਗੁਰੂ ਗਰੰਥ ਸਾਹਿਬ ਵਿੱਚ ਕਿਧਰੇ ਵੀ ਆਪਾ ਵਿਰੋਧੀ ਸ਼ਬਦ ਨਹੀਂ ਹਨ।

ਜਿੱਥੋਂ ਤਕ ਇਸ ਗੱਲ ਦਾ ਸਵਾਲ ਹੈ ਕਿ ਇੱਕ ਪਾਸੇ ਇਹ ਆਖਿਆ ਹੈ ਕਿ ਗੁਰੂ ਦੀ ਸੇਵਾ ਬੜੀ ਸੌਖੀ ਹੈ ਪਰ ਦੂਜੇ ਪਾਸੇ ਇਹ ਆਖਿਆ ਹੈ ਕਿ ਇਹ ਸੇਵਾ ਬੜੀ ਔਖੀ ਹੈ, ਇਸ ਸਬੰਧ ਵਿੱਚ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਗੁਰੂ ਗਰੰਥ ਸਾਹਿਬ ਵਿੱਚ ਕਿਧਰੇ ਵੀ ਸਤਿਗੁਰੂ ਦੀ ਸੇਵਾ ਨੂੰ ਸੌਖੀ ਨਹੀਂ ਆਖਿਆ ਗਿਆ ਹੈ। ਗੁਰੂ ਗਰੰਥ ਸਾਹਿਬ ਵਿੱਚ ਗੁਰੂ ਦੀ ਸੇਵਾ ਤੋਂ ਕੀ ਭਾਵ ਹੈ, ਇਹ ਸਮਝਣ ਨਾਲ ਹੀ ਅਸੀਂ ਗੁਰਮਤਿ ਦੇ ਇਸ ਪੱਖ ਨੂੰ ਚੰਗੀ ਤਰ੍ਹਾਂ ਸਮਝ ਸਕਾਂਗੇ। ਕੀ ਗੁਰਦੁਆਰੇ ਜਾ ਕੇ ਲੰਗਰ `ਚ ਸੇਵਾ ਕਰਨਾ, ਭਾਂਡੇ ਮਾਂਜਨੇ, ਸਫਾਈ ਕਰਨੀ, ਬਾਣੀ ਪੜਨੀ ਪੜਾਉਣੀ, ਕੀਰਤਨ, ਕਥਾ ਕਰਨੀ, ਪ੍ਰਬੰਧਕ ਦੇ ਰੂਪ ਵਿੱਚ ਸੇਵਾ ਆਦਿ ਕਰਨੀ ਕਠਿਨ ਹੈ? (ਨੋਟ: ਕਥਾ ਕੀਰਤਨ ਆਦਿ ਰਾਂਹੀ ਸੇਵਾ ਕਰਨ ਵਾਲੇ ਉਹਨਾਂ ਪ੍ਰਣੀਆਂ ਦੀ ਗੱਲ ਕਰ ਰਹੇ ਹਾਂ ਜਿਹਨਾਂ ਦੇ ਮਨ ਵਿੱਚ ਸਤਿਗੁਰੂ ਦੀ ਭੈ ਭਾਵਨੀ ਹੈ। ਜੇਹੜੇ ਪਾਖੰਡ ਫੈਲਾਉਣ ਜਾਂ ਨਿਜੀ ਪੂਜਾ ਕਰਾਉਣ ਆਦਿ ਦੇ ਖ਼ਿਆਲ ਨਾਲ ਇਹ ਕਰਮ ਕਰਦੇ ਹਨ, ਉਹਨਾਂ ਦੀ ਗੱਲ ਨਹੀਂ ਕਰ ਰਹੇ ਹਾਂ। ਇਸੇ ਤਰ੍ਹਾਂ ਪ੍ਰਬੰਧਕ ਢਾਂਚੇ `ਚ ਸੇਵਾ ਕਰਨ ਵਾਲੇ ਉਹਨਾਂ ਸੱਜਣਾਂ ਦੀ ਗੱਲ ਕਰ ਰਹੇ ਹਾਂ ਜੇਹੜੇ ਨਿਰੋਲ ਸੇਵਾ ਵਾਲੇ ਭਾਵ ਨੂੰ ਹੀ ਮੁੱਖ ਰੱਖ ਕੇ ਸਤਿਗੁਰ ਦੇ ਨਿਰਮਲ ਭਉ `ਚ ਵਿਚਰਦਿਆਂ ਗੁਰਧਾਮਾਂ ਦੀ ਸੇਵਾ ਸੰਭਾਲ ਲਈ ਉਦਮ ਕਰਦੇ ਹਨ। ਉਹਨਾਂ ਸੱਜਣਾਂ ਦੀ ਗੱਲ ਨਹੀਂ ਕਰ ਰਹੇ ਜੇਹੜੇ ਗੋਲਕ `ਤੇ ਕਬਜ਼ੇ ਦੀ ਭਾਵਨਾ ਜਾਂ ਚੌਧਰ ਦੀ ਭੁੱਖ ਦੀ ਲਾਲਸਾ ਨਾਲ ਇਹ ਸੇਵਾ ਨਿਭਾਉਣ ਲਈ ਪੁਰਸ਼ਾਰਥ ਕਰਦੇ ਹਨ।) ਇਸ ਸਬੰਧ ਅਸੀਂ ਇਹ ਆਖ ਸਕਦੇ ਹਾਂ ਕਿ ਨਿਰਸੰਦੇਹ ਮਨੁੱਖ ਦਾ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਸੇਵਾ ਦੇ ਇਹ ਵੱਖ ਵੱਖ ਰੂਪ ਨਿਭਾਉਣੇ ਹਰੇਕ ਮਨੁੱਖ ਦੇ ਹਿੱਸੇ `ਚ ਨਹੀਂ ਆਏ। ਗੁਰਮਤਿ ਵਿੱਚ ਸੇਵਾ ਦੇ ਇਹ ਵੀ ਵੱਖ ਵੱਖ ਪਹਿਲੂ ਹਨ, ਜਿਸ ਨੂੰ ਕਰਨ ਵਾਲਿਆਂ ਨੂੰ ਸ਼ਾਬਾਸ਼ੇ ਆਖਿਆ ਹੈ, ਪਰੰਤੂ ਗੁਰੂ ਗਰੰਥ ਸਾਹਿਬ ਵਿੱਚ ਸੇਵਾ ਦੇ ਇਹਨਾਂ ਵੱਖ ਵੱਖ ਪਹਿਲੂਆਂ ਨੂੰ ਗਾਖੜੀ ਨਹੀਂ ਆਖਿਆ ਹੈ। ਚੂੰਕਿ ਹਜ਼ੂਰ ਇਹ ਵੀ ਕਹਿੰਦੇ ਹਨ ਕਿ ਗੁਰੂ ਦੀ ਸੇਵਾ ਨਾਲ ਸੇਵਾ ਕਰਨ ਵਾਲੇ ਦੀ ਹਉਮੈ ਮਿਟ ਜਾਂਦੀ ਹੈ, ਉਸ ਵਿੱਚ ਨਿਮਰਤਾ ਆਉਂਦੀ ਹੈ, ਉਹ ਹਰੇਕ ਇਨਾਸਨ ਵਿੱਚ ਅਕਾਲ ਪੁਰਖ ਦੀ ਜੋਤ ਵੇਖਦਾ ਹੈ ਇਤਿਆਦਿਕ। ਪਰ ਉਪਰੋਕਤ ਸੇਵਾ ਕਰਦਿਆਂ ਹੋਇਆਂ ਵੀ ਅਸੀਂ ਬੁਰੀ ਤਰ੍ਹਾਂ ਹਉਮੈਂ ਦਾ ਸ਼ਿਕਾਰ ਹੋਏ ਰਹਿੰਦੇ ਹਾਂ। ਨਿਮਰਤਾ ਸ਼ਬਦ ਤਾਂ ਸਾਡੇ ਸ਼ਬਦ- ਕੋਸ਼ ਵਿੱਚ ਹੁੰਦਾ ਹੀ ਨਹੀਂ ਹੈ। ਧੜੇਬਾਜ਼ੀ ਆਦਿ ਤੋਂ ਉਪਰ ਉੱਠਣ `ਚ ਅਸਫਲ ਰਹਿੰਦੇ ਹਾਂ। ਸੋ, ਸਾਨੂੰ ਇਹ ਪੱਖ ਵੀ ਨਾਲ ਹੀ ਦੇਖਣਾ ਪਵੇਗਾ, ਤਾਂ ਹੀ ਅਸੀਂ ਸੇਵਾ ਦੇ ਸੰਕਲਪ ਨੂੰ ਸਹੀ ਅਰਥਾਂ ਵਿੱਚ ਸਮਝ ਸਕਾਂਗੇ। ਗੁਰੂ ਗਰੰਥ ਸਾਹਿਬ ਵਿੱਚ ਜੇਕਰ ਉਪਰੋਕਤ ਕਥਨ ਕੀਤੀ ਸੇਵਾ ਗਾਖੜੀ ਸੇਵਾ ਨਹੀਂ ਤਾਂ ਫਿਰ ਕੇਹੜੀ ਸੇਵਾ ਨੂੰ ਗਖੜੀ ਸੇਵਾ ਆਖਿਆ ਹੈ? ਇਸ ਦਾ ਉੱਤਰ ਗੁਰਬਾਣੀ ਵਿੱਚ ਇਹ ਦਿੱਤਾ ਗਿਆ ਹੈ ਕਿ ਸਤਿਗੁਰੂ ਦੀ ਗਾਖੜੀ ਸੇਵਾ ਹੈ ਗੁਰੂ ਦੀ ਆਗਿਆ ਨੂੰ ਮੰਣਨਾ। ਮਨੁੱਖ ਕਈ ਘੰਟੇ ਲਗਾਤਾਰ ਬਾਣੀ ਪੜ੍ਹ ਸਕਦਾ ਹੈ, ਭਾਂਡੇ ਮਾਂਜ ਸਕਦਾ ਹੈ, ਸਫਾਈ ਕਰ ਸਕਦਾ ਹੈ, ਪ੍ਰਬੰਧਕ ਢਾਂਚੇ ਵਿੱਚ ਰਹਿ ਕੇ ਪ੍ਰਬੰਧ ਕਰ ਸਕਦਾ ਹੈ, ਮਾਇਆ ਵੱਧ ਤੋਂ ਵੱਧ ਚੜ੍ਹਾ ਸਕਦਾ ਹੈ, ਪਾਠ, ਕਥਾ, ਕੀਰਤਨ ਆਦਿ ਤਾਂ ਘੰਟਿਆਂ ਬਧੀ ਕਰ ਸਕਦਾ ਹੈ, ਇੱਥੋਂ ਤੱਕ ਕਿ ਗੁਰੂ ਦੇ ਨਾਮ `ਤੇ ਆਪਣਾ ਲਹੂ ਵੀ ਡੋਲ ਸਕਦਾ ਹੈ ਪਰੰਤੂ ਗੁਰੂ ਦੇ ਉਪਦੇਸ ਨੂੰ ਮੰਨ ਕੇ ਉਸ ਅਨੁਸਾਰ ਆਪਣਾ ਜੀਵਨ ਢਾਲਣ ਵਿੱਚ ਇਸ ਨੂੰ ਡਾਢੀ ਕਠਿਨਾਈ ਹੈ, ਗੁਰੂ ਦੀ ਇਹ ਸੇਵਾ ਕਰਨੀ ਸੱਚ -ਮੁੱਚ ਬਹੁਤ ਕਠਨ ਹੈ। ਆਪਣੀ ਮੱਤ ਦਾ ਤਿਆਗ ਕਰਨਾ ਜੇਕਰ ਅਸੰਭਵ ਨਹੀਂ ਤਾਂ ਕਠਿਨ ਜ਼ਰੂਰ ਹੈ। ਇਸ ਨੂੰ ਗੁਰ ਗਰੰਥ ਸਾਹਿਬ ਵਿੱਚ ਇਸ ਤਰ੍ਹਾਂ ਦਰਸਾਇਆ ਹੈ: ਮਨ ਕੀ ਮਤਿ ਤਿਆਗਹੁ ਹਰਿ ਜਨ ਏਹਾ ਬਾਤ ਕਠੈਨੀ॥ ਅਨਦਿਨੁ ਹਰਿ ਹਰਿ ਨਾਮੁ ਧਿਆਵਹੁ ਗੁਰ ਸਤਿਗੁਰ ਕੀ ਮਤਿ ਲੈਨੀ॥ (ਪੰਨਾ 800) ਅਰਥ: ਹੇ ਸੰਤ ਜਨੋ! ਆਪਣੇ ਮਨ ਦੀ ਮਰਜ਼ੀ (ਉਤੇ ਤੁਰਨਾ) ਛੱਡ ਦਿਉ (ਗੁਰੂ ਦੇ ਹੁਕਮ ਵਿਚ ਤੁਰੋ), ਪਰ ਇਹ ਗੱਲ ਹੈ ਬੜੀ ਹੀ ਔਖੀ। (ਫਿਰ ਭੀ) ਗੁਰੂ ਪਾਤਿਸ਼ਾਹ ਦੀ ਮਤਿ ਲੈ ਕੇ ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰੋ।

ਆਪਣੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਨੂੰ ਧਾਰਨ ਕਰਨ ਨੂੰ ਹੀ ਸਤਿਗੁਰੂ ਜੀ ਨੇ ਗਾਖੜੀ ਭਾਵ ਅਉਖੀ ਸੇਵਾ ਆਖਿਆ ਹੈ। ਹਜ਼ੂਰ ਫ਼ਰਮਾਉਂਦੇ ਹਨ ਕਿ ਸਤਿਗੁਰੂ ਦੀ ਇਹ ਸੇਵਾ ਕਰਨ ਵਾਲੇ ਨੂੰ ਆਪਣਾ ਸਿਰ ਦੇਣਾ ਪੈਂਦਾ ਹੈ, ਆਪਣੇ ਆਪ ਨੂੰ ਮਾਰਨਾ ਪੈਂਦਾ ਹੈ:

ਸਤਿਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ॥ ਸਬਦਿ ਮਰਹਿ ਫਿਰਿ ਨਾ ਮਰਹਿ ਤਾ ਸੇਵਾ ਪਵੈ ਸਭ ਥਾਇ॥ (ਪੰਨਾ 649) ਅਰਥ: ਸਤਿਗੁਰੂ ਦੇ ਹੁਕਮ ਵਿਚ ਤੁਰਨਾ ਬੜੀ ਔਖੀ ਕਾਰ ਹੈ, ਸਿਰ ਦੇਣਾ ਪੈਂਦਾ ਹੈ, ਤੇ ਆਪਾ ਗਵਾ ਕੇ (ਸੇਵਾ ਹੁੰਦੀ ਹੈ); ਜੋ ਮਨੁੱਖ ਸਤਿਗੁਰੂ ਦੀ ਸਿੱਖਿਆ ਦੁਆਰਾ (ਸੰਸਾਰ ਵਲੋਂ) ਮਰਦੇ ਹਨ, ਉਹ ਫਿਰ ਜਨਮ ਮਰਨ ਵਿਚ ਨਹੀਂ ਰਹਿੰਦੇ, ਉਹਨਾਂ ਦੀ ਸਾਰੀ ਸੇਵਾ ਕਬੂਲ ਪੈ ਜਾਂਦੀ ਹੈ।

ਗੁਰੂ ਅਰਜਨ ਸਾਹਿਬ ਸੁਖਮਨੀ ਵਿੱਚ ਇਸ ਦਾ ਜ਼ਿਕਰ ਕਰਦਿਆਂ ਕਹਿੰਦੇ ਹਨ:

ਗੁਰ ਕੈ ਗ੍ਰਿਹਿ ਸੇਵਕੁ ਜੋ ਰਹੈ ॥ ਗੁਰ ਕੀ ਆਗਿਆ ਮਨ ਮਹਿ ਸਹੈ ॥ ਆਪਸ ਕਉ ਕਰਿ ਕਛੁ ਨ ਜਨਾਵੈ ॥ ਹਰਿ ਹਰਿ ਨਾਮੁ ਰਿਦੈ ਸਦ ਧਿਆਵੈ ॥ ਮਨੁ ਬੇਚੈ ਸਤਿਗੁਰ ਕੈ ਪਾਸਿ ॥ ਤਿਸੁ ਸੇਵਕ ਕੇ ਕਾਰਜ ਰਾਸਿ ॥ ਸੇਵਾ ਕਰਤ ਹੋਇ ਨਿਹਕਾਮੀ ॥ ਤਿਸ ਕਉ ਹੋਤ ਪਰਾਪਤਿ ਸੁਆਮੀ ॥ ਅਪਨੀ ਕ੍ਰਿਪਾ ਜਿਸੁ ਆਪਿ ਕਰੇਇ ॥ ਨਾਨਕ ਸੋ ਸੇਵਕੁ ਗੁਰ ਕੀ ਮਤਿ ਲੇਇ ] (ਪੰਨਾ 286)

ਅਰਥ:- ਜੇਹੜਾ ਸੇਵਕ (ਸਿੱਖਿਆ ਦੀ ਖ਼ਾਤਰ) ਗੁਰੂ ਦੇ ਘਰ ਵਿੱਚ (ਭਾਵ ਗੁਰੂ ਦੇ ਦਰ ਤੇ) ਰਹਿੰਦਾ ਹੈ, ਤੇ ਗੁਰੂ ਦਾ ਹੁਕਮ ਮਨ ਵਿੱਚ ਮੰਨਦਾ ਹੈ;

ਜੋ ਆਪਣੇ ਆਪ ਨੂੰ ਵੱਡਾ ਨਹੀਂ ਜਤਾਉਂਦਾ, ਪ੍ਰਭੂ ਦਾ ਨਾਮ ਸਦਾ ਹਿਰਦੇ ਵਿੱਚ ਧਿਆਉਂਦਾ ਹੈ;

ਜੋ ਆਪਣਾ ਮਨ ਸਤਿਗੁਰੂ ਅੱਗੇ ਵੇਚ ਦੇਂਦਾ ਹੈ (ਭਾਵ ਗੁਰੂ ਦੇ ਹਵਾਲੇ ਕਰ ਦੇਂਦਾ ਹੈ) ਉਸ ਸੇਵਕ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ।

ਜੋ ਸੇਵਕ (ਗੁਰੂ ਦੀ) ਸੇਵਾ ਕਰਦਾ ਹੋਇਆ ਕਿਸੇ ਫਲ ਦੀ ਖ਼ਾਹਸ਼ ਨਹੀਂ ਰੱਖਦਾ, ਉਸ ਨੂੰ ਮਾਲਿਕ ਪ੍ਰਭੂ ਮਿਲ ਪੈਂਦਾ ਹੈ।

ਹੇ ਨਾਨਕ! ਉਹ ਸੇਵਕ ਸਤਿਗੁਰੂ ਦੀ ਸਿੱਖਿਆ ਲੈਂਦਾ ਹੈ ਜਿਸ ਤੇ (ਪ੍ਰਭੂ ਆਪਣੀ ਮੇਹਰ ਕਰਦਾ ਹੈ।

ਹੁਣ ਅਸੀਂ “ਸਤਗੁਰ ਕੀ ਸੇਵਾ ਅਤਿ ਸੁਖਾਲੀ” ਪੰਗਤੀ ਨੂੰ ਸਮਝਣ ਦਾ ਯਤਨ ਕਰਦੇ ਹਾਂ। ਸੁਖਾਲੀ ਸ਼ਬਦ ਦਾ ਅਰਥ ਮਹਾਨ ਕੋਸ਼ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਨੇ ਕੀਤਾ ਹੈ: ਸੌਖਾ, ਸੌਖੀ, ਆਸਾਨ। ਦੂਜਾ ਅਰਥ ਹੈ ਸੁਖਾਲਯ। ਸੁਖ ਦਾ ਘਰ। ਸੁਖਦਾਈ।

ਸਤਿਗੁਰੂ ਜੀ ਇੱਥੇ ‘ਸੁਖਾਲੀ’ ਸ਼ਬਦ ਨੂੰ ਸੁਖ ਦੇਣ ਵਾਲੀ ਦੇ ਅਰਥ ਵਿੱਚ ਹੀ ਵਰਤਦਿਆਂ ਆਖਦੇ ਹਨ:

ਸਤਗੁਰ ਕੀ ਸੇਵਾ ਅਤਿ ਸੁਖਾਲੀ ਜੋ ਇਛੇ ਸੋ ਫਲੁ ਪਾਏ ॥ ਜਤੁ ਸਤੁ ਤਪੁ ਪਵਿਤੁ ਸਰੀਰਾ ਹਰਿ ਹਰਿ ਮੰਨਿ ਵਸਾਏ ॥ ਸਦਾ ਅਨੰਦਿ ਰਹੈ ਦਿਨੁ ਰਾਤੀ ਮਿਲਿ ਪ੍ਰੀਤਮ ਸੁਖੁ ਪਾਏ ॥ (ਪੰਨਾ 31) ਅਰਥ: ਸਤਿਗੁਰੂ ਦੀ ਦੱਸੀ ਸੇਵਾ ਬਹੁਤ ਸੁਖ ਦੇਣ ਵਾਲੀ ਹੈ (ਜੇਹੜਾ ਮਨੁੱਖ ਸੇਵਾ ਕਰਦਾ ਹੈ ਉਹ) ਜੋ ਕੁੱਝ ਇੱਛਾ ਕਰਦਾ ਹੈ ਉਹੀ ਫਲ ਹਾਸਲ ਕਰ ਲੈਂਦਾ ਹੈ। ਗੁਰੂ ਦੀ ਦੱਸੀ ਸੇਵਾ ਹੀ ਜਤ ਸਤ ਤਪ (ਦਾ ਮੂਲ) ਹੈ, (ਗੁਰਮੁਖ ਦਾ) ਸਰੀਰ ਪਵਿਤ੍ਰ ਹੋ ਜਾਂਦਾ ਹੈ, ਉਹ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾ ਲੈਂਦਾ ਹੈ। ਗੁਰਮੁਖ ਦਿਨ ਰਾਤ ਹਰ ਵੇਲੇ ਅਨੰਦ ਵਿੱਚ ਟਿਕਿਆ ਰਹਿੰਦਾ ਹੈ, ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਹ ਆਤਮਕ ਸੁਖ ਮਾਣਦਾ ਹੈ।

ਗੁਰੂ ਦੀ ਸੇਵਾ ਦੇ ਇਸ ਸਰੂਪ ਨੂੰ ਹੋਰ ਸਪਸ਼ਟ ਕਰਦਿਆਂ ਹੋਇਆਂ ਗੁਰਦੇਵ ਫ਼ਰਮਾਉਂਦੇ ਹਨ:

ਗੁਰ ਕੀ ਸੇਵਾ ਕਰਿ ਪਿਰਾ ਜੀਉ ਹਰਿ ਨਾਮੁ ਧਿਆਏ ॥ ਮੰਞਹੁ ਦੂਰਿ ਨ ਜਾਹਿ ਪਿਰਾ ਜੀਉ ਘਰਿ ਬੈਠਿਆ ਹਰਿ ਪਾਏ ॥ ਘਰਿ ਬੈਠਿਆ ਹਰਿ ਪਾਏ ਸਦਾ ਚਿਤੁ ਲਾਏ ਸਹਜੇ ਸਤਿ ਸੁਭਾਏ ॥ ਗੁਰ ਕੀ ਸੇਵਾ ਖਰੀ ਸੁਖਾਲੀ ਜਿਸ ਨੋ ਆਪਿ ਕਰਾਏ ॥ (ਪੰਨਾ 246) ਅਰਥ: ਹੇ ਪਿਆਰੀ ਜਿੰਦੇ! ਗੁਰੂ ਦੀ ਸੇਵਾ ਕਰ (ਗੁਰੂ ਦੀ ਸਰਨ ਪਉ, ਅਤੇ) ਪਰਮਾਤਮਾ ਦਾ ਨਾਮ ਸਿਮਰ, (ਇਸ ਤਰ੍ਹਾਂ) ਤੂੰ ਆਪਣੇ ਆਪ ਵਿਚੋਂ ਦੂਰ ਨਹੀਂ ਜਾਹਿਂਗੀ (ਮਾਇਆ ਦੇ ਮੋਹ ਵਿੱਚ ਭਟਕਣ ਤੋਂ ਬਚ ਜਾਹਿਂਗੀ)। (ਹੇ ਜਿੰਦੇ!) ਹਿਰਦੇ-ਘਰ ਵਿੱਚ ਟਿਕੇ ਰਿਹਾਂ ਪਰਮਾਤਮਾ ਮਿਲ ਪੈਂਦਾ ਹੈ। ਜੇਹੜਾ ਜੀਵ ਆਤਮਕ ਅਡੋਲਤਾ ਵਿੱਚ ਟਿਕ ਕੇ, ਸਦਾ-ਥਿਰ ਪ੍ਰਭੂ ਦੇ ਪ੍ਰੇਮ ਵਿੱਚ ਜੁੜ ਕੇ ਸਦਾ (ਪ੍ਰਭੂ-ਚਰਨਾਂ ਵਿਚ) ਚਿੱਤ ਜੋੜਦਾ ਹੈ, ਉਹ ਹਿਰਦੇ-ਘਰ ਵਿੱਚ ਟਿਕਿਆ ਰਹਿ ਕੇ ਪਰਮਾਤਮਾ ਨੂੰ ਲੱਭ ਲੈਂਦਾ ਹੈ। (ਸੋ, ਹੇ ਜਿੰਦੇ!) ਗੁਰੂ ਦੀ ਦੱਸੀ ਸੇਵਾ ਬਹੁਤ ਸੁਖ ਦੇਣ ਵਾਲੀ ਹੈ (ਪਰ ਇਹ ਸੇਵਾ ਉਹੀ ਮਨੁੱਖ ਕਰਦਾ ਹੈ) ਜਿਸ ਪਾਸੋਂ ਪਰਮਾਤਮਾ ਆਪ ਕਰਾਏ (ਜਿਸ ਨੂੰ ਆਪ ਪ੍ਰੇਰਨਾ ਕਰੇ)।

ਸੋ, ਗੁਰੂ ਗਰੰਥ ਸਾਹਿਬ ਵਿੱਚ ਆਪਾ ਵਿਰੋਧ ਵਾਲਾ ਭਾਵ ਨਹੀਂ ਹੈ। ਪਹਿਲੀ ਪੰਗਤੀ ਵਿੱਚ ਗੁਰੂ ਦੀ ਸੇਵਾ ਬਾਰੇ ਦਰਸਾਇਆ ਗਿਆ ਹੈ ਕਿ ਇਹ ਸੁਖਦਾਇਕ ਹੈ, ਇਸ ਨਾਲ ਪ੍ਰਾਣੀ ਨੂੰ ਕਿਸੇ ਤਰ੍ਹਾਂ ਦਾ ਆਤਮਕ ਕਲੇਸ਼ ਨਹੀਂ ਵਿਆਪਦਾ ਅਤੇ ਨਾ ਹੀ ਆਤਮਕ ਮੌਤ ਮਨੁੱਖ ਦੇ ਨੇੜੇ ਆਉਂਦੀ ਹੈ। ਦੂਜੀ ਪੰਗਤੀ ਵਿੱਚ ਸਤਿਗੁਰੂ ਦੀ ਸੇਵਾ ਬਾਰੇ ਹੀ ਚਰਚਾ ਕਰਦਿਆਂ ਆਖਿਆ ਹੈ ਕਿ ਸਤਿਗੁਰੂ ਦੀ ਇਹ ਸੁਖਦਾਇਕ ਸੇਵਾ ਕਰਨੀ ਬਹੁਤ ਕਠਨ ਹੈ ਕਿਉਂਕਿ ਇਸ ਵਿੱਚ ਮਨੁੱਖ ਨੂੰ ਆਪ ਭਾਵ ਮਿਟਾਉਣਾ ਪੈਂਦਾ ਹੈ। ਆਪਣੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਨੂੰ ਧਾਰਨ ਕਰਨਾ ਪੈਂਦਾ ਹੈ, ਇਨਸਾਨ ਲਈ ਆਪਣੀ ਮੱਤ ਦਾ ਤਿਆਗ ਕਰਨਾ ਆਸਾਨ ਨਹੀਂ ਹੈ, ਬਹੁਤ ਮੁਸ਼ਕਲ ਹੈ।

ਜਸਬੀਰ ਸਿੰਘ ਵੈਨਕੂਵਰ
.