.

ਸੱਚੀ ਬਾਣੀ ਵਾਲੀ ਮਰਯਾਦਾ

ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥

ਪਿਛਲੇ ਹਫਤੇ ਐਤਵਾਰ, ਜਾਣੀ ਕਿ ਦੀ ਅਪ੍ਰੈਲ 05, 2009 ਨੂੰ ਮੈਂ ‘ਸਿੱਖ ਮਾਰਗ’ ਤੇ ਇੱਕ ਲੇਖ ਰਾਹੀਂ, ‘ਹੁਣ ਕੀ ਹੋਣਾ ਚਾਹੀਦਾ ਹੈ’ ਵਿੱਚ ਪਾਠਕਾਂ ਤੋਂ ਕੁੱਝ ਸੁਝਾਅ ਮੰਗੇ ਸਨ ਅਤੇ ਕੁੱਝ ਨੁਕਤੇ ਉਠਾਏ ਸਨ। ਸੁਝਾਅ ‘ਸਿੱਖ ਮਾਰਗ’ ਨੂੰ ਚਲਦਾ ਰੱਖਣ ਬਾਰੇ ਸਨ ਅਤੇ ਨੁਕਤੇ ਬਹੁਤੇ ਮਰਯਾਦਾ ਨਾਲ ਸੰਬੰਧਤ ਸਨ। ‘ਸਿੱਖ ਮਾਰਗ’ ਨੂੰ ਚਲਦਾ ਰੱਖਣ ਬਾਰੇ ਤਾਂ ਸਾਰੇ ਸਹਿਮਤ ਹਨ ਪਰ ਚਲਦਾ ਰੱਖਣ ਵਿੱਚ ਜੋ ਸਮੱਸਿਆ ਆਉਂਦੀ ਹੈ ਉਸ ਦੇ ਹੱਲ ਲਈ ਕੋਈ ਠੋਸ ਰਾਏ ਨਹੀਂ ਬਣਦੀ ਲਗਦੀ। ਇਸ ਬਾਰੇ ਬਾਅਦ ਵਿੱਚ ਗੱਲ ਕਰਦੇ ਹਾਂ ਆਓ ਪਹਿਲਾਂ ਰਹਿਤ ਮਰਯਾਦਾ ਦੇ ਨੁਕਤਿਆਂ ਬਾਰੇ ਵਿਚਾਰ ਕਰ ਲਈਏ।
ਇਹ ਨੁਕਤੇ ਮੈਂ ਸਿੱਖ ਧਰਮ ਬਾਰੇ ਵਿਦਵਾਨਾ, ਲੇਖਕਾਂ ਅਤੇ ਪਾਠਕਾਂ ਦੀ ਸੁਹਿਰਦਤਾ ਪਰਖਣ ਲਈ ਉਠਾਏ ਸਨ ਕਿ ਉਹ ਆਪਣੇ ਧਰਮ ਪ੍ਰਤੀ ਕਿਤਨੇ ਕੁ ਗੰਭੀਰ ਹਨ। ਸੋ ਪਰਖੀ ਗਈ ਹੈ। ਲਓ ਹੁਣ ਮੈਂ ਦੱਸਦਾ ਹਾਂ ਕਿ ਮਿਸ਼ਨਰੀ ਬਹੁਤੇ ਨਿਕੰਮੇ ਅਤੇ ਡਰਪੋਕ ਜਿਹੇ ਕਿਉਂ ਹਨ ਅਤੇ ਜੋ ਮੈਂ ਨੁਕਤੇ ਉਠਾਏ ਸਨ ਉਹਨਾ ਬਾਰੇ ਵੀ ਕੁੱਝ ਵਿਸਥਾਰ ਨਾਲ ਲਿਖ ਦੇਵਾਂ।
ਜਦੋਂ ਗਿਆਨੀ ਭਾਗ ਸਿੰਘ ਅੰਬਾਲਾ ਨੇ ਦਸਮ ਗ੍ਰੰਥ ਦੇ ਵਿਰੁੱਧ ਖਾਸ ਕਰਕੇ ਚੋਪਈ ਬਾਰੇ ਲਿਖਿਆ ਸੀ ਅਤੇ ਜਿਸ ਦੇ ਬਦਲੇ ਉਸ ਨੂੰ ਗਿਆਨੀ ਸੰਤ ਸਿੰਘ ਮਸਕੀਨ ਅਤੇ ਤਖਤਾਂ ਦੇ ਪੁਜਾਰੀਆਂ ਨੇ ਰਲ ਕੇ ਅਖੌਤੀ ਤੌਰ ਤੇ ਪੰਥ ਵਿਚੋਂ ਛੇਕ ਦਿੱਤਾ ਸੀ, ਤਾਂ ਦੱਸੋ ਇਸ ਅਨਿਆਂ ਵਿਰੁੱਧ ਕਿਤਨੇ ਕੁ ਮਿਸ਼ਨਰੀਆਂ ਨੇ ਅਵਾਜ਼ ਉਠਾਈ ਸੀ? ਸ਼ਾਇਦ ਉਂਗਲੀਆਂ ਤੇ ਗਿਣਨ ਜੋਗੇ ਵੀ ਨਾ ਹੋਣ। ਗਿਆਨੀ ਸੁਰਜੀਤ ਸਿੰਘ ਜੀ ਦਿੱਲੀ ਵਾਲੇ, ਪ੍ਰਿੰ: ਹਰਿਭਜਨ ਸਿੰਘ ਜੀ ਚੰਡੀਗੜ੍ਹ ਵਾਲੇ ਅਤੇ ਗਿਆਨੀ ਮਹਿੰਦਰ ਸਿੰਘ ਜੀ ਜੋਸ਼। ਸ਼ਾਇਦ ਦੋ ਚਾਰ ਹੋਰ ਹੋਣ। ਕੀ ਇਸ ਗੱਲ ਤੋਂ ਬਹੁਤੇ ਮਿਸ਼ਨਰੀ ਨਿਕੰਮੇ ਅਤੇ ਡਰਪੋਕ ਸਿੱਧ ਨਹੀਂ ਹੁੰਦੇ? ਕੀ ਉਸ ਵੇਲੇ ਜਿਹੜੇ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਉਹਨਾ ਦਾ ਫਰਜ਼ ਨਹੀ ਸੀ ਬਣਦਾ ਕਿ ਆਮ ਸਿੱਖ ਲੋਕਾਈ ਨੂੰ ਇਸ ਬਾਰੇ ਜਾਗਰਤ ਕਰਦੇ? ਚਲੋ ਇਹ ਤਾਂ ਕਈ ਦਹਾਕੇ ਪੁਰਾਣੀ ਗੱਲ ਹੈ। ਤੁਸੀਂ ਪਿਛਲੇ ਕੁੱਝ ਸਾਲ ਜਾਂ ਮਹੀਨਿਆਂ ਦੀਆਂ ਖ਼ਬਰਾਂ ਵੱਲ ਹੀ ਝਾਤੀ ਮਾਰ ਲਓ ਕਿ ਇਹ ਜੋ ਮੂਹਰੇ ਹੋ ਕਿ ਦਸਮ ਗ੍ਰੰਥ ਅਤੇ ਖਾਸ ਕਰਕੇ ਤ੍ਰਿਆ ਚਰਿਤਰ ਜਾਂ ਬਚਿੱਤਰ ਨਾਟਕ ਦੇ ਵਿਰੁੱਧ ਪ੍ਰਚਾਰ ਕਰਦੇ ਹਨ, ਕੀ ਇਹਨਾ ਨੇ ਕਦੀ ਖੰਡੇ ਦੀ ਪਹੁਲ ਵਾਲੀਆਂ ਜੋ ਬਾਣੀਆਂ ਦਸਮ ਗ੍ਰੰਥ ਵਿਚੋਂ ਹਨ ਉਸ ਬਾਰੇ ਕੋਈ ਸਪਸ਼ਟ ਸਟੈਂਡ ਲਿਆ ਹੈ?
ਸਾਲ ਵਿੱਚ ਦੋ ਤਿੰਨ ਕੁ ਵਾਰੀ ਤਾਂ ਇਹ ਵੀ ਪ੍ਰਚਾਰ ਕੀਤਾ ਜਾਂਦਾ ਹੈ ਕਿ ਭਾਈ ਘਨਈਆ ਜੀ ਰੈੱਡ ਕਰਾਸ ਦੇ ਬਾਨੀ ਸਨ। ਉਹ ਵੈਰੀ ਅਤੇ ਮਿੱਤਰ ਨੂੰ ਇੱਕ ਸਮਾਨ ਸਮਝਦੇ ਸਨ। ਪਰ ਬਾਕੀ ਦੇ ਸਾਰੇ ਸਾਲ ਵਿੱਚ ਬਾਰਾਂ ਮਹੀਨੇ ਤੀਹ ਦਿਨ, ਖੰਡੇ ਦੀ ਪਹੁਲ ਅਤੇ ਮਰਯਾਦਾ ਦੇ ਨਾਮ ਤੇ ਦਿਨ ਵਿੱਚ ਦੋ ਵਾਰੀ ਆਪਣੇ ਮਨਾ ਵਿੱਚ ਨਫਰਤ ਦੀ ਜ਼ਹਿਰ ਭਰਨ ਬਾਰੇ ਮਜ਼ਬੂਰ ਕੀਤਾ ਜਾਂਦਾ ਹੈ ਅਤੇ ਪੜ੍ਹਿਆ ਜਾਂਦਾ ਹੈ, “ਹਮਰੇ ਦੁਸ਼ਟ ਸਭੈ ਤੁਮ ਘਾਵਹੁ॥ - – ਸਭ ਬੈਰਨ ਕੋ ਆਜ ਸੰਘਰਿਯੈ॥ – - ਚੁਨਿ ਚੁਨਿ ਸਤ੍ਰ ਹਮਾਰੈ ਮਾਰੀਅਹਿ”॥ ਕੀ ਇਹ ਜਾਣ ਬੁੱਝ ਕੇ ਸਿੱਖੀ ਸਿਧਾਂਤਾਂ ਦਾ ਸਤਿਆ ਨਾਸ ਕਰਨ ਵਾਲੀ ਗੱਲ ਨਹੀਂ ਹੈ? ਕੌਣ ਹੈ ਦੋਸ਼ੀ ਇਸ ਦਾ? ਕੀ ਉਹ ਨਹੀਂ ਹਨ ਜੋ ਜਾਣਦੇ ਬੁੱਝਦੇ ਹੋਏ ਅੱਖਾਂ ਮੀਟੀ ਬੈਠੇ ਹਨ?
ਆਸਾਂ ਲਾਈ ਬੈਠੇ ਹੋ ਤਖ਼ਤਾਂ ਦੇ ਪੁਜਾਰੀਆਂ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲੀਆਂ ਤੇ ਜੋ ਸਾਧਾਂ ਦੀਆਂ ਚੌਂਕੀਆਂ ਭਰਦੇ ਹਨ। ਉਂਜ ਤਾਂ ਇੱਕ ਵੀ ਸਾਧ ਨਹੀਂ ਜੋ ਕਿ ਦਸਮ ਗ੍ਰੰਥ ਦੇ ਲੁੱਚਪੁਣੇ ਨੂੰ ਰੱਦ ਕਰਦਾ ਹੋਵੇ ਪਰ ਆਹ ਦੋ ਕੁ ਤਾਂ ਸਭ ਤੋਂ ਅੱਗੇ ਹਨ। ਇੱਕ ਹਨ ਟਕਸਾਲੀਏ ਅਤੇ ਦੂਜਾ ਹੈ ਬਾਬਾ ਵਿਰਸਾ ਸਿੰਉਂ ਦਾ ਦਿੱਲੀ ਵਾਲਾ ਡੇਰਾ। ਬਹੁਤੇ ਤਖ਼ਤਾਂ ਦੇ ਪੁਜਾਰੀ, ਸ਼੍ਰੋਮਣੀ ਕਮੇਟੀ ਦਾ ਪ੍ਰਧਾਂਨ ਅਤੇ ਬਾਦਲ ਇਸ ਡੇਰੇ ਦੇ ਖਾਸ ਸ਼ਰਧਾਲੂ ਹਨ। ਇਸ ਦਿੱਲੀ ਵਾਲੇ ਡੇਰੇ ਬਾਰੇ ਤਾਂ ਇਹ ਵੀ ਖ਼ਬਰ ਪੜ੍ਹੀ ਸੀ ਕਿ ਇਸ ਨੇ ਦਸਮ ਗ੍ਰੰਥ ਦਾ ਤਜ਼ਰਮਾ ਰੂਸੀ ਭਾਸ਼ਾ ਵਿੱਚ ਵੀ ਕਰਵਾਇਆ ਹੈ। ਜੇ ਇਹ ਗੱਲ ਠੀਕ ਹੋਵੇ ਤਾਂ ਦੱਸੋ ਕਿ ਸਿੱਖਾਂ ਦੀ ਕਿਤਨੀ ਕੁ ਇਜ਼ਤ ਬਣਦੀ ਹੋਵੇਗੀ ਜਦੋਂ ਉਹ ਪੜ੍ਹਦੇ ਹੋਣਗੇ ਕਿ ਸਿੱਖਾਂ ਦਾ ਗੁਰੂ ਇਸ ਤਰ੍ਹਾਂ ਦਾ ਲੱਚਰ ਸਾਹਿਤ ਲਿਖਦਾ ਹੁੰਦਾ ਸੀ। ਟਕਸਾਲੀਏ ਤਾਂ ਸੁਣਿਆਂ ਹੈ ਕਿ ਆਪਣੇ ਡੇਰੇ ਵਿੱਚ ਦਸਮ ਗ੍ਰੰਥ ਦਾ ਪਰਕਾਸ਼ ਵੀ ਕਰਦੇ ਹਨ ਅਤੇ ਕਥਾ ਵੀ ਕਰਦੇ ਹਨ। ਇਹ ਦਸਮ ਗ੍ਰੰਥ ਦੇ ਹੱਕ ਵਿੱਚ ਧੂਆਂ ਧਾਰ ਪ੍ਰਚਾਰ ਵੀ ਕਰਦੇ ਹਨ ਕਿ ਇਸ ਵਿਚਲੇ ਤ੍ਰਿਆ ਚਰਿਤਰ ਵਿਚੋਂ ਬਹੁਤ ਚੰਗੀ ਸਿੱਖਿਆ ਮਿਲਦੀ ਹੈ। ਜੋ ਕਿ ਇਹਨਾ ਦੇ ਆਪਣੇ ਤੇ ਘੱਟ ਹੀ ਲਾਗੂ ਹੁੰਦੀ ਹੈ। ਇਹਨਾ ਵਿਚੋਂ ਇੱਕ ਧੜੇ ਦਾ ਮੁਖੀ ਲੌਂਡਾ ਸੁਣੀਦਾ ਹੈ। ਇਹਨਾ ਵਿਚੋਂ ਹੀ ਇੱਕ ਖਾਸ ਪ੍ਰਚਾਰਕ 1984 ਤੋਂ ਬਾਅਦ ਇੰਗਲੈਂਡ ਵਿੱਚ ਆਇਆ ਸੀ ਜੋ ਕਿ ਘਰੋਂ ਤਾਂ ਪਾਠ ਦੀ ਰੌਲ ਲਉਣ ਗਿਆ ਸੀ ਪਰ ਰਸਤੇ ਵਿੱਚ ਹੀ ਇੱਕ ਵੇਸਵਾ ਤੇ ਮੋਹਤ ਹੋ ਗਿਆ। ਉਸ ਨਾਲ ਜ਼ਬਰ ਜਨਾਹ ਵੀ ਪੁੱਠੇ ਪਾਸੇ ਕੀਤਾ ਅਤੇ ਉਸ ਨੂੰ ਪੈਸੇ ਵੀ ਨਾ ਦਿੱਤੇ। ਜਦੋਂ ਕੋਰਟ ਵਿੱਚ ਪੇਸ਼ੀ ਹੋਈ ਤਾਂ ਪੁੱਛਿਆ ਕਿ ਆਹ ਸ਼ਕਲ ਮੋਮਨਾ ਅਤੇ ਕੰਮ ਕਾਫਰਾਂ ਕਿਉਂ? ਕਹਿੰਦਾ ਜੀ ਗਲਤੀ ਤਾਂ ਹੋ ਗਈ ਹੁਣ ਦੁਬਾਰਾ ਅੰਮ੍ਰਿਤ ਛਕ ਲੈਣਾ ਹੈ ਅਤੇ ਗੁਨਹਾਂ ਦੀ ਮੁਆਫੀ ਮਿਲ ਜਾਣੀ ਹੈ ਕਿਉਂਕਿ ਉਸ ਨੇ ਸ਼ਾਇਦ ਸੋਚਿਆ ਹੋਵੇਗਾ ਕਿ ਸਾਡੇ ਡੇਰੇ ਦੇ ਮੁਖੀ ਕਿਹਾ ਕਰਦੇ ਸਨ ਕਿ ਇੱਕ ਵਾਰੀ ਅੰਮ੍ਰਿਤ ਛਕ ਲੈਣ ਨਾਲ ਪਿਛਲੇ ਸਾਰੇ ਕਰਮ ਧੋਤੇ ਜਾਂਦੇ ਹਨ ਅਤੇ ਅਗਾਂਹ ਨੂੰ ਵੀ ਗੁਰੂ ਜੀ ਹਜ਼ਾਰਾਂ ਜਨਮ ਨਰਕਾਂ ਵਿੱਚ ਨਹੀਂ ਪੈਣ ਦਿੰਦੇ। ਯਾਦ ਰਹੇ ਉਸ ਸਮੇਂ ਇਸ ਦੀ ਕਾਫੀ ਚਰਚਾ ਅਖਬਾਰਾਂ ਵਿੱਚ ਹੋਈ ਸੀ। ਆਹ ਇੱਕ ਸ਼ਿਕਾਗੋ ਵਾਲਾ ਸਾਧ ਹੈ ਇਸ ਦੀ ਸਰਕਾਰਾਂ ਤੱਕ ਵੀ ਬੜੀ ਪਹੁੰਚ ਹੈ ਅਤੇ ਇਹ ਵੀ ਦਸਮ ਗ੍ਰੰਥ ਦਾ ਖਾਸ ਪ੍ਰਚਾਰਕ ਸੀ। ਇਸ ਤੇ ਵੀ ਤ੍ਰਿਆ ਚਰਿਤਰਾਂ ਦਾ ਕੋਈ ਅਸਰ ਨਾ ਹੋਇਆ ਤੇ ਰੰਗ ਰਲੀਆਂ ਮਨਾਉਂਦਾ ਉਪਰੋਂ ਹੀ ਫੜਿਆ ਗਿਆ।
ਜਰਾ ਸੋਚ ਕੇ ਦੱਸੋ ਤਾਂ ਸਹੀ ਕਿ ਕਿਤਨਾ ਕੁ ਚਿਰ ਤੁਸੀਂ ਦਸਮ ਗ੍ਰੰਥੀਆਂ ਦਾ ਝੂਠ ਢੀਠਾਂ ਦੀ ਤਰ੍ਹਾਂ ਸੁਣਦੇ ਰਹੋਂਗੇ? ਕਿਤਨਾ ਕੁ ਚਿਰ ਆਪਣੇ ਗੁਰੂ ਦੀ ਬੇਇਜ਼ਤੀ ਕਰਾਉਂਦੇ ਰਹੋਂਗੇ? ਕਿ ਇਸ ਦਸਮ ਗ੍ਰੰਥ ਦੇ ਤ੍ਰਿਆ ਚਰਿਤਰ ਤੋਂ ਆਹ ਸਿੱਖਿਆ ਮਿਲਦੀ ਹੈ ਓਹ ਮਿਲਦੀ ਹੈ। ਜ਼ਨਾਨੀਆਂ ਨਾਲੋਂ ਬੰਦੇ ਕਿਤੇ ਜ਼ਿਆਦਾ ਲੁੱਚੇ ਕੰਮ ਕਰਦੇ ਹਨ। ਹਰ ਆਏ ਦਿਨ ਅਖਬਾਰਾਂ ਵਿੱਚ ਜਬਰ ਜ਼ਿਨਾਹ ਦੀ ਖ਼ਬਰ ਹੁੰਦੀ ਹੈ ਕਈ ਤਾਂ ਆਪਣੀ ਸਕੀਆਂ ਧੀਆਂ ਨੂੰ ਵੀ ਨਹੀਂ ਬਖ਼ਸ਼ਦੇ। ਪਿਛਲੇ ਕੁੱਝ ਹਫਤਿਆਂ ਵਿੱਚ ਹੀ ਇਸ ਤਰ੍ਹਾਂ ਦੀਆਂ ਕਈ ਖ਼ਬਰਾਂ ਛਪੀਆਂ ਹਨ। ਕਈ ਤਾਂ ਆਪਣੀਆਂ ਧੀਆਂ ਨੂੰ ਸਾਲਾਂ ਬੱਧੀ ਗੁਲਾਮ ਬਣਾ ਕੇ ਜ਼ਬਰੀ ਕਰਦੇ ਰਹੇ ਹਨ ਅਤੇ ਕਈ ਬੱਚੇ ਵੀ ਜੰਮੇ ਹਨ। ਇਹ ਪਸ਼ੂ ਬਿਰਤੀ ਵਾਲੇ ਕਾਮੀ ਬੰਦੇ ਤਾਂ ਛੋਟੀਆਂ ਛੋਟੀਆਂ ਬਾਲੜੀਆਂ ਨੂੰ ਵੀ ਆਪਣੀ ਭੁੱਖ ਦਾ ਸ਼ਿਕਾਰ ਬਣਾ ਕੇ ਕਤਲ ਵੀ ਕਰ ਦਿੰਦੇ ਹਨ। ਜ਼ਨਾਨੀਆਂ ਇਸ ਤਰ੍ਹਾਂ ਦੇ ਕੰਮ ਕਿਤਨੇ ਕੁ ਪਰਸੈਂਟ ਕਰਦੀਆਂ ਹਨ ਇਹ ਵੀ ਜ਼ਰਾ ਸੋਚੋ।
ਜੋ ਮਰਯਾਦਾ ਬਾਰੇ ਮੇਰੇ ਮਨ ਵਿੱਚ ਖਿਆਲ ਆਇਆ ਸੀ ਉਹ ਇਹ ਸੀ ਕਿ ਸਾਨੂੰ ਸਾਰਿਆਂ ਨੂੰ ਰਲ ਕੇ ਪੰਥਕ ਮਰਯਾਦਾ ਨੂੰ ਅਧਾਰ ਬਣਾ ਕੇ ਨਵੀਂ ਮਰਯਾਦਾ ਬਣਾਉਣੀ ਚਾਹੀਦੀ ਹੈ। ਜੋ ਇਸ ਵਿੱਚ ਤਰੁੱਟੀਆਂ ਹਨ ਉਹ ਦੂਰ ਕਰਨੀਆਂ ਚਾਹੀਦੀਆਂ ਹਨ। ਜਿਵੇਂ ਕਿ ਭੋਗ ਮੁੰਦਾਵਣੀ ਤੇ ਪਉਣ ਦਾ ਜ਼ਿਕਰ ਹੋਵੇ ਨਾ ਕਿ ਦੋਗਲਾ ਪਣ ਅਤੇ ਬਾਣੀਆਂ ਸਾਰੀਆਂ ਗੁਰੂ ਗ੍ਰੰਥ ਵਿਚੋਂ ਹੋਣ ਅਤੇ ਹੋਰ ਵੀ ਕਈ ਦੋਗਲੀਆਂ ਜਿਹੀਆਂ ਅਤੇ ਬੋਗਸ ਗੱਲਾਂ ਕੱਢੀਆਂ ਜਾਣ। ਜੇ ਹਰ ਡੇਰੇਦਾਰ ਆਪਣੀ ਵੱਖਰੀ ਮਰਯਾਦਾ ਬਣਾ ਸਕਦਾ ਹੈ ਤਾਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਣ ਵਾਲੇ ਮਿਸ਼ਨਰੀ ਸੋਚ ਵਾਲੇ ਆਪਣੀ ਮਰਯਾਦਾ ਕਿਉਂ ਨਹੀਂ ਬਣਾ ਸਕਦੇ? ਹਾਂ, ਬਣਾ ਸਕਦੇ ਹਨ ਜੇ ਕਰ ਥੋੜੀ ਜਿਹੀ ਹਿੰਮਤ ਹੋਵੇ ਪਰ ਅਫਸੋਸ ਕਿ ਉਹ ਹੈ ਨਹੀਂ। ਜੇ ਕਰ ਹਿੰਮਤ ਹੁੰਦੀ ਤਾਂ ਇਹ ਹੋਣਾ ਸੀ ਕਿ ਨਵੀਂ ਮਰਯਾਦਾ ਦਾ ਨਾਮ ‘ਸੱਚੀ ਬਾਣੀ ਵਾਲੀ ਮਰਯਾਦਾ’ (ਜਾਂ ਹੋਰ ਵੀ ਕੋਈ ਢੁਕਵਾਂ ਰੱਖ ਕੇ) ਮੁੱਢ ਤੋਂ ਲੈ ਕੇ ਵਿਚਾਰ ਚਰਚਾ ਸ਼ੁਰੂ ਕਰਨੀ ਪੈਣੀ ਸੀ। ਇਸ ਬਾਰੇ ਸਭ ਨੂੰ ਖੁੱਲਾ ਸੱਦਾ ਪੱਤਰ ਦੇਣਾ ਪੈਣਾ ਸੀ ਭਾਵ ਕਿ ਰੈਡੀਓ ਅਤੇ ਅਖਬਾਰਾਂ ਰਾਹੀਂ ਦੱਸਣਾ ਪੈਣਾ ਸੀ ਤਾਂ ਕਿ ਕੋਈ ਕੱਲ ਨੂੰ ਇਹ ਨਾ ਕਹੇ ਕਿ ਇਹ ਤਾਂ ਚੰਦ ਬੰਦਿਆਂ ਦੀ ਅੰਦਰ ਬੈਠ ਕੇ ਆਪਣੀ ਬਣਾਈ ਹੋਈ ਮਰਯਾਦਾ ਹੈ। ਹੁਣ ਤੋਂ ਲੈ ਕੇ ਦਸੰਬਰ ਦੇ ਅਖੀਰ ਤੱਕ ਇਸ ਬਾਰੇ ਚਰਚਾ ਹੁੰਦੀ ਰਹਿੰਦੀ ਅਤੇ ਜਨਵਰੀ ਇੱਕ 2010 ਤੋਂ ਬਕਾਇਦਾ ਛਪ ਕੇ ਲਾਗੂ ਹੋ ਜਾਂਦੀ। ਇਹ ਕੋਈ ਜਬਰੀ ਠੋਸਣ ਵਾਲੀ ਗੱਲ ਨਹੀਂ ਸੀ। ਜਿਹੜੇ ਜਿਹੜੇ ਸੂਝਵਾਨ ਹੁੰਦੇ ਉਹ ਹੌਲੀ-ਹੌਲੀ ਲਾਗੂ ਕਰੀ ਜਾਂਦੇ। ਸਾਰੇ ਮਿਸ਼ਨਰੀ ਆਪਣੇ ਨਿੱਜੀ ਪ੍ਰੋਗਰਾਮਾਂ ਤੇ ਇਸ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਦੇ। ਹੋ ਸਕਦਾ ਸ਼ੋਮਣੀ ਕਮੇਟੀ ਵਿੱਚ ਕਦੀ ਕੋਈ ਸਿਆਣਾਂ ਪ੍ਰਧਾਨ ਸਮਝਦਾਰ ਬਣ ਕੇ ਇਸ ਨੂੰ ਉਥੇ ਪਾਸ ਵੀ ਕਰਵਾ ਲੈਂਦਾ ਜੋ ਕਿ ਆਸ ਤਾਂ ਨਾ ਬਰਾਬਰ ਹੀ ਹੈ। ਤੁਸੀਂ ਇਹ ਤਾਂ ਸੋਚ ਕੇ ਦੱਸੋ ਕਿ ਹੁਣ ਵੀ ਤਕਰੀਬਨ ਸਾਰੀ ਦੁਨੀਆਂ ਦੇ ਗੁਰਦੁਰਿਆਂ ਵਿੱਚ ਸਾਧ ਮਰਯਾਦਾ ਹੀ ਲਾਗੂ ਹੈ। ਜੇ ਕਰ ਕਿਤੇ ਪੰਥਕ ਮਰਯਾਦਾ ਦੀ ਗੱਲ ਹੁੰਦੀ ਵੀ ਹੋਵੇ ਉਥੇ ਵੀ ਮੱਧ ਦੀ ਅਰਦਾਸ ਜਾਂ ਦੇਗ ਮੂਹਰੇ ਪਾਣੀ ਛਿੜਕਣਾ ਆਦਿਕ ਤਾਂ ਹੁੰਦਾ ਹੀ ਹੋਵੇਗਾ ਜਾਂ ਇਸ ਤਰ੍ਹਾਂ ਦਾ ਹੋਰ ਕੋਈ ਕਰਮਕਾਂਡ। ਕਹਿਣ ਤੋਂ ਭਾਵ ਹੈ ਕਿ ਬਹੁਤੀ ਲੋਕਾਈ ਸਾਧਾਂ ਦੇ ਕਰਮਕਾਂਡਾਂ ਵਾਲੀ ਸੋਚਣੀ ਦੀ ਹੀ ਗੁਲਾਮ ਹੈ। ਸਾਧ ਸਾਰੇ ਆਪਣੀ ਵੱਖਰੀ ਮਰਯਾਦਾ ਵੀ ਰੱਖਦੇ ਹਨ, ਕਰਮ ਕਾਂਡ ਵੀ ਖੂਬ ਕਰਦੇ ਹਨ ਪਰ ਫਿਰ ਵੀ ਸਾਡੇ ਪੁਜਾਰੀ, ਅਖੌਤੀ ਜਥੇਦਾਰ ਇਹਨਾ ਦੇ ਡੇਰਿਆਂ ਤੇ ਜਾ ਕੇ ਇਹਨਾ ਦੀ ਵਡਿਆਈ ਵੀ ਖੂਬ ਕਰਦੇ ਹਨ। ਇਧਰ ਸਾਡੇ ਡਰਪੋਕ ਜਿਹੇ ਮਿਸ਼ਨਰੀ ਇਹਨਾਂ ਤੋਂ ਹੀ ਡਰੀ ਜਾਂਦੇ ਹਨ ਅਤੇ ਆਸ ਵੀ ਇਹੀ ਲਾ ਕੇ ਬੈਠੇ ਹਨ ਕਿ ਇਹ ਹੀ ਸਾਰਾ ਕੁੱਝ ਕਰਨ ਦੇ ਸਮਰੱਥ ਹਨ ਬਸ ਸਾਡੇ ਲਈ ਤਾਂ ਚੁੱਪ ਹੀ ਭਲੀ ਹੈ। ਕਈ ਪੜ੍ਹੇ ਲਿਖੇ ਐਸੇ ਵੀ ਹਨ ਜੋ ਕਿ ਇਹਨਾਂ ਪੁਜਾਰੀਆਂ ਦੇ ਹੁਕਮ ਨੂੰ ਹੀ ਅਕਾਲ ਤਖ਼ਤ ਦਾ ਹੁਕਮ ਸਮਝਦੇ ਹਨ ਹਾਲਾਂ ਕਿ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਬਹੁਤੇ ਕਥਿਤ ਹੁਕਮਨਾਮੇ ਟੋਹੜਾ ਬਾਦਲ ਦੇ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਵਾਲੇ ਸਨ ਅਤੇ ਹੁਣ ਤਾਂ ਇੱਕ ਗੱਲ ਹੋਰ ਵੀ ਪਟਨੇ ਵਾਲੇ ਪੁਜਾਰੀ ਰਾਹੀਂ ਬਾਹਰ ਆ ਚੁੱਕੀ ਹੈ ਕਿ ਇਹਨਾ ਹੁਕਮਨਾਮਿਆਂ ਵਿੱਚ ਮੁੱਖ ਭੂਮਿਕਾ ਇੱਕ ਪਤਿਤ ਕਾਮਰੇਡ ਦੀ ਹੁੰਦੀ ਹੈ। ਜਿਹਨਾਂ ਸਿੱਖਾਂ ਨੂੰ ਹਾਲੇ ਤੱਕ ਇਹੀ ਸਮਝ ਨਹੀਂ ਆਈ ਕਿ ਅਕਾਲ ਤਖ਼ਤ ਦਾ ਅਸਲੀ ਹੁਕਮ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਉਹਨਾ ਨੂੰ ਸਿੱਖੀ ਦੀ ਕੀ ਸਮਝ ਆਉਣੀ ਹੈ।
ਹੁਣ ਆਪਾਂ ਗੱਲ ਕਰਦੇ ਹਾਂ ‘ਸਿੱਖ ਮਾਰਗ’ ਨੂੰ ਅੱਪਡੇਟ ਕਰਦੇ ਰੱਖਣ ਲਈ ਜੋ ਸੁਝਾਓ ਆਏ ਹਨ ਉਹਨਾ ਦੀ। ਹਰ ਇੱਕ ਪਾਠਕ ਦੀ ਫੋਟੋ ਨਾ ਤਾਂ ਮੈਂ ਪਉਣਾਂ ਚਾਹੁੰਦਾ ਹਾਂ ਅਤੇ ਨਾ ਹੀ ਮੇਰੇ ਕੋਲ ਇਤਨਾ ਟਾਇਮ ਹੈ। ਫੂਨ ਤੇ ਐਡਰੈੱਸ ਦੀ ਗੱਲ ਤਾਂ ਹੋ ਸਕਦੀ ਹੈ ਪਰ ਉਹ ਵੀ ਕਈ ਦੂਸਰੇ ਦਾ ਦੇ ਕੇ ਕਹਿ ਦਿੰਦੇ ਹਨ ਕਿ ਉਹ ਮੇਰਾ ਫਲਾਨਾ ਲਗਦਾ ਹੈ ਇੱਥੇ ਹੀ ਰਹਿੰਦਾ ਹੈ। ਜਿਹਨਾ ਦੇ ਫੂਨ ਨੰ: ਵੀ ਲਿਖੇ ਹੁੰਦੇ ਹਨ ਅਤੇ ਕਾਫੀ ਦੇਰ ਦੇ ਉਹ ਪਾਠਕ ਵੀ ਹਨ, ਉਹ ਕਿਹੜਾ ਇੱਕ ਦੂਸਰੇ ਪ੍ਰਤੀ ਲਿਖਣ ਲੱਗੇ ਘੱਟ ਕਰਦੇ ਹਨ। ਇੱਕ ਪਾਠਕ ਦਾ ਸੁਝਾਓ ਸੀ ਕਿ ਮੇਲ ਬੋਕਸ ਸਾਂਝਾ ਹੋਵੇ ਤਾਂ ਕਈ ਸੇਵਾ ਵਿੱਚ ਹੱਥ ਵਟਾ ਸਕਦੇ ਹਨ। ਮੇਰਾ ਖਿਆਲ ਹੈ ਕਿ ਜਿਹੜੇ ਇਸ ਤਰ੍ਹਾਂ ਕਰ ਸਕਦੇ ਹਨ ਉਹਨਾ ਨੂੰ ਅੱਗੇ ਆਉਣਾ ਚਾਹੀਦਾ ਹੈ ਪਹਿਲਾ ਕੰਮ ਉਹ ਇਹ ਕਰਨ ਕਿ ਉਹ ਪਈਆਂ ਹੋਈਆਂ ਲਿਖਤਾਂ ਦੀ ਨਿਗਰਾਨੀ ਰੱਖਣ ਜੇ ਕਰ ਕੋਈ ਗਲਤ ਸ਼ਬਦਾਵਲੀ ਵਰਤੀ ਗਈ ਹੋਵੇ ਉਸ ਬਾਰੇ ਨਿਰਪੱਖਤਾ ਨਾਲ ਦੱਸਣ। ਪਾਈ ਗਈ ਲਿਖਤ ਨੂੰ ਕਾਪੀ ਪੇਸਟ ਕਰਕੇ ਸੋਧ ਕੇ ਭੇਜਣ ਉਹ ਦੁਬਾਰਾ ਪਾਈ ਜਾ ਸਕਦੀ ਹੈ। ਜੇ ਕਰ ਹਟਾਉਣ ਲਈ ਕਹਿਣ ਤਾਂ ਹਟਾਈ ਜਾ ਸਕਦੀ ਹੈ। ਇਸ ਤਰ੍ਹਾਂ ਦੇ ਘੱਟੋ-ਘੱਟ ਤਿੰਨ ਵਿਆਕਤੀ ਹੋਣੇ ਚਾਹੀਦੇ ਹਨ ਜੋ ਕਿ ਨਿਰਪੱਖ ਅਤੇ ਕਿਸੇ ਨਾਲ ਵੀ ਰਾਈ ਮਾਤਰ ਦਾ ਫਰਕ ਨਾ ਕਰਦੇ ਹੋਣ। ਉਹ ‘ਸਿੱਖ ਮਾਰਗ’ ਨੂੰ ਕਾਫੀ ਦੇਰ ਤੋਂ ਪੜ੍ਹਦੇ ਰਹੇ ਹੋਣ ਪਰ ਉਹਨਾ ਨੇ ਇਥੇ ਕੁੱਝ ਲਿਖਿਆ ਨਾ ਹੋਵੇ। ਜੇ ਕਰ ਲਿਖਿਆ ਹੋਵੇ ਤਾਂ ਚੰਗੀ ਸ਼ਬਦਵਲੀ ਵਰਤੀ ਹੋਵੇ। ਜਾਂ ਫਿਰ ਜਿਤਨੇ ਕੁ ਇੱਥੇ ਧੜੇ ਬਣ ਚੁੱਕੇ ਹਨ ਉਹਨਾ ਵਿਚੋਂ ਇੱਕ ਇੱਕ ਹੋਵੇ। ਜੇ ਕਰ ਕੁੱਝ ਵੀ ਨਹੀਂ ਹੋ ਸਕਦਾ ਤਾਂ ਜਿਸ ਤਰ੍ਹਾਂ ਦੂਸ਼ਣ ਬਾਜੀ ਚਲਦੀ ਹੈ ਚਲੀ ਜਾਵੇ ਮੈਂ ਪਾਈ ਜਾਂਦਾ ਹਾਂ ਕਿਉਂਕਿ ਸਾਰੇ ਪਾਠਕ ਜਿਹਨਾ ਨੇ ਲਿਖਿਆ ਹੈ ਜਾਂ ਫੂਨ ਕਰਕੇ ਦੱਸਿਆ ਹੈ ਉਹ ਸਾਰੇ ਇਸ ਨੂੰ ਚਲਦਾ ਹੀ ਰੱਖਣਾ ਚਾਹੁੰਦੇ ਹਨ। ਮੈਂ ਹੋਰ ਬਹੁਤਾ ਕੁੱਝ ਨਹੀਂ ਕਰ ਸਕਦਾ। ਚਲਦੇ ਹਫਤੇ ਦੌਰਾਨ ਮੇਰੇ ਕੋਲ ਹਰ ਪੱਤਰ ਨੂੰ ਚੰਗੀ ਤਰ੍ਹਾਂ ਘੋਖ ਕੇ ਵਿਚਾਰ ਕਰਕੇ ਪਉਣ ਦਾ ਟਾਈਮ ਨਹੀਂ ਹੁੰਦਾ ਅਤੇ ਕਈ ਵਾਰੀ ਰੋਟੀ ਪਾਣੀ ਵੀ ਆਪ ਹੀ ਬਣਾਉਣਾਂ ਹੁੰਦਾ ਹੈ।
ਮੱਖਣ ਸਿੰਘ ਪੁਰੇਵਾਲ,
ਅਪ੍ਰੈਲ 12, 2009.




.