.

ਕੌਮੀ ਲੋੜਾਂ ਅਤੇ ਗੁਰਦੁਆਰਾ

ਸਿੱਖ ਕੌਮ ਵਿੱਚ ਇੱਕ ਬੜਾ ਪ੍ਰਚਲਤ ਅਤੇ ਪਿਆਰਾ ਲਫ਼ਜ ਹੈ, ਪਹਿਲੇ ਪੰਗਤ, ਪਾਸ਼ੇ ਸੰਗਤ। ਭਾਵ ਜਿਹੜਾ ਗੁਰੂ ਘਰ ਆਉਂਦਾ ਉਸਦੀ ਪਹਿਲੀ ਲੋੜ ਹੈ ਲੰਗਰ। ਖਾਲੀ ਪੇਟ ਕੋਈ ਗੱਲ ਮੇਰੀ ਸਮਝ ਨਹੀ ਆਵੇਗੀ ਅਤੇ ਗੁਰੂ ਸਾਹਿਬਾਨ ਮਨੁੱਖ ਦੀ ਇਸ ਲੋੜ ਨੂੰ ਭਲੀ ਭਾਂਤ ਸਮਝਦੇ ਸਨ। ਮਨੁੱਖ ਦੀਆਂ ਪਹਿਲੀਆਂ ਅਤੇ ਮੁੱਢਲੀਆਂ ਲੋੜਾਂ ਵਿਚੋਂ ਹੀ ਗੁਰੂ ਸਾਹਿਬਾਨਾ ਨੇ ਹਲਟ ਲਵਾਏ, ਸਰੋਵਰ ਖੁਦਵਾਏ, ਦਵਾਖਾਨੇ ਖੋਲ੍ਹੇ, ਸਰਾਵਾਂ ਬਣਵਾਈਆਂ ਅਤੇ ਲੰਗਰ ਚਲਵਾਏ। ਇਸ ਦਾ ਕੀ ਮੱਤਲਬ ਹੋਇਆ। ਕਿ ਮਨੁੱਖ ਨੂੰ ਧਰਮ ਦੀ ਗੱਲ ਸਮਝ ਆਵੇਗੀ ਤਾਂ, ਜੇ ਉਸ ਦੀਆਂ ਪਹਿਲੀਆਂ ਅਤੇ ਮੁਢਲੀਆਂ ਲੋੜਾਂ ਨੂੰ ਮੋਟੇ ਤੌਰ ਤੇ ਲਿਆ ਜਾਵੇਗਾ।
ਗੁਰਦੁਆਰੇ ਦਾ ਸੰਕਲਪ ਹੀ ਇਹ ਹੈ ਕਿ ਜਿਹੜਾ ਆਵੇ ਉਸ ਨੂੰ ਛਕਣ ਨੂੰ ਪ੍ਰਸ਼ਾਦਾ ਰਹਿਣ ਨੂੰ ਪਹਿਲਾਂ ਥਾਂ ਮਿਲੇ ਫਿਰ ਉਸ ਨੂੰ ਗਿਆਨ ਦੀ, ਸੱਚ ਦੀ ਧਰਮ ਦੀ ਗੱਲ ਸੌਖਿਆਂ ਸਮਝ ਆਵੇਗੀ। ਸਿੱਖੀ ਦੇ ਫੈਲਣ ਦਾ ਕਾਰਨ ਹੀ ਇਹ ਸੀ ਕਿ ਗੁਰੂ ਸਾਹਿਬਾਨ ਖੁਦ ਕੋਹੜੀਆਂ, ਪਿੰਗਲਿਆਂ ਅਤੇ ਦੁੱਖਾਂ ਮਾਰੇ ਲੋਕਾਂ ਕੋਲੇ ਬੈਠੇ, ੳਨ੍ਹਾਂ ਦਾ ਦੁੱਖ ਵੰਡਾਇਆ, ਦੁੱਖਾਂ ਵਿੱਚ ਭਾਈਵਾਲ ਬਣੇ ਅਤੇ ਉਹੀ ਲੋਕ ਸਿੱਖੀ ਵਿੱਚ ਆ ਕੇ ਗੁਰੂ ਸਾਹਿਬਾਨਾ ਅਤੇ ਸਿੱਖੀ ਉਪਰੋਂ ਪਤੰਗਿਆਂ ਵਾਂਗ ਸੜ ਮਰੇ। ਗੁਰੂ ਸਾਹਿਬਾਨ ਵੇਲੇ ਵੀ ਅਤੇ ਬਾਅਦ ਵਿੱਚ ਵੀ ਸਾਰੇ ਕੌਮੀ ਅਤੇ ਘਰੇਲੂ ਮਸਲੇ ਧਰਮਸਾਲ ਯਾਨੀ ਗੁਰਦੁਆਰੇ ਬੈਠ ਕੇ ਨਿਜੱਠੇ ਜਾਂਦੇ ਸਨ। ਕਿਸੇ ਸਿੱਖ ਪਰਿਵਾਰ ਨੂੰ ਸਮੇ ਦੀ ਕਨੂੰਨੀ ਮਦਦ ਲੈਣ ਦੀ ਲੋੜ ਨਹੀ ਸੀ ਪਈ। ਗੁਰਦੁਆਰਾ ਅਜਿਹੇ ਪ੍ਰਬੰਧ ਅਤੇ ਸੇਵਾਵਾਂ ਆਏ ਲੋਕਾਂ ਨੁੰ ਦਿੰਦਾ ਸੀ ਕਿ ਸਿੱਖ ਦਾ ਜੱਜ-ਕੋਟ ਸਭ ਗੁਰੂ ਘਰ ਹੀ ਹੁੰਦਾ ਸੀ।
ਅੱਜ ਜੇ ਸਾਡਾ ਉਲ੍ਹਾਮਾ ਹੈ ਕਿ ਸਿੱਖ ਸਿੱਖੀ ਤੋਂ ਅਵਾਜਾਰ ਹੋ ਕੇ ਡੇਰਿਆਂ ਜਾ ਨਕਲੀ ਗੁਰੂਆਂ ਦੀ ਭੀੜ ਬਣ ਰਿਹਾ ਹੈ ਤਾਂ ਇਸਦਾ ਮੁੱਢਲਾ ਕਾਰਨ ਹੀ ਇਹ ਹੈ ਕਿ ਅਸੀਂ ਜਥੇਬੰਦਕ ਤੌਰ ਤੇ ਗੁਰੂ ਨਾਨਕ ਪਾਤਸ਼ਾਹ ਦੇ ਰਾਹਗੀਰਾਂ ਨੂੰ ਨਹੀ ਲਿਆ। ਅਤੇ ਉਹ ਜਿਧਰ ਮੂੰਹ ਆਇਆ ਜਾਂ ਜਿਧਰ ਉਨ੍ਹਾਂ ਨੂੰ ਥੋੜੀ ਰਾਹਤ ਜਾਪੀ ਉਹ ਉਧਰ ਹੀ ਤੁਰ ਪਏ।
ਇਸ ਨਜਰੀਏ ਅਤੇ ਸਿੱਖ ਇਤਿਹਾਸ ਦੇ ਸੰਦਰਭ ਵਿਚੋਂ ਅਸੀਂ ਗੱਲ ਕਰੀਏ ਨਵੇ ਖੋਲ੍ਹੇ ਜਾ ਰਹੇ ਗੁਰੁਦਆਰੇ ‘ਗੁਰਦੁਆਰਾ ਸਿੱਖ ਲਹਿਰ’ ਦੀ। ਸਿੱਖ ਲਹਿਰ ਗੁਰੂ ਨਾਨਕ ਪਾਤਸ਼ਾਹ ਦੇ ਮਿਸ਼ਨ ਨੂੰ ਲੈ ਕੇ ਤੁਰੀ ਇੱਕ ਛੋਟੀ ਜਿਹੀ ਸੰਸਥਾ ਸੀ ਜਿਸ ਦਾ ਕੰਮ ਗੁਰਬਾਣੀ ਪ੍ਰਚਾਰ ਅਤੇ ਗੁਰਮਤਿ ਪ੍ਰਕਾਸ਼ ਵਾਸਤੇ ਮੁਫਤ ਸੀਡੀਜ਼ ਆਦਿ ਸਿੱਖ ਸੰਗਤਾਂ ਤੀਕ ਪਹੁੰਚਾਉਂਣਾ ਅਤੇ ਕਰੀਬਨ ਦੋ ਲੱਖ ਤੋਂ ਉਪਰ ਮੁਫਤ ਵਿੱਚ ਇਹ ਸੰਸਥਾ ਸੀਡੀਜ਼ ਟਰੰਟੋ ਅਤੇ ਹੋਰ ਸ਼ਹਿਰਾਂ ਤੱਕ ਵੰਡ ਚੁੱਕੀ ਹੈ। ਇਸ ਤੋਂ ਅਗੇ ਪੰਜਾਬ ਗਾਰਡੀਅਨ ਅਖ਼ਬਾਰ ਦਾ ਜਨਮ ਹੋਇਆ ਜਿਸ ਨੂੰ ਚਲਦੇ ਦੋ ਸਾਲ ਹੋ ਗਏ ਹਨ। ਇਸ ਸੰਸਥਾ ਵਲੋਂ ਕੋਈ ਦਾਅਵਾ ਨਹੀ ਕਿ ਇਹ ਕਿੰਨਾ ਕੁ ਕੁੱਝ ਕਰ ਸਕੀ ਪਰ ਪਾਠਕਾਂ ਅਤੇ ਸਿੱਖ ਭਾਈਚਾਰੇ ਨੇ ਜੋ ਸਹਿਜੋਗ ਦੋ ਸਾਲਾਂ ਵਿੱਚ ਅਖ਼ਬਾਰ ਨੂੰ ਦਿੱਤਾ ਆਪ ਮੁਹਾਰੇ ਸਿਰ ਝੁਕ ਝਾਂਦਾ ਹੈ ਗੁਰੂ ਨਾਨਕ ਪਾਤਸ਼ਾਹ ਅਗੇ ਕਿ ਇੰਨੀਆਂ ਹਨੇਰੀਆਂ ਵਿੱਚ ਵੀ ਸਿੱਖ ਕੌਮ ਜਾਗਰੁਕ ਅਤੇ ਅਪਣੇ ਗੁਰੂ ਦੇ ਗਿਆਨ ਦੀ ਅਭਿਲਾਸ਼ੀ ਹੈ।
ਸਿੱਖ ਲਹਿਰ ਦਾ ਇਸ ਤੋਂ ਅਗਲਾ ਕਦਮ ਬੇਸ਼ਕ ਵੱਡਾ ਹੈ ਪਰ ਇਸ ਸੰਸਥਾ ਨੂੰ ਵਿਸਵਾਸ਼ ਅਤੇ ਗੁਰੂ ਉਪਰ ਨਿਸ਼ਚਾ ਹੈ ਕਿ ਜੇ ਇਹ ਲਹਿਰ ਇੰਝ ਹੀ ਅਪਣੇ ਮਿਸ਼ਨ ਵਲ ਤੁਰੀ ਰਹੀ ਤਾਂ ਗੁਰੂ ਦੀ ਬਖਸ਼ਸ਼ ਸਦਕਾ ਗੁਰੂ ਦੇ ਗਿਆਨ ਦਾ ਚਾਨਣ ਘਰ ਘਰ ਨੂੰ ਰੋਸ਼ਨ ਨੂੰ ਜਰੂਰ ਕਰੇਗਾ। ਉਹ ਹੈ ਨਵਾ ਗੁਰਦੁਆਰਾ ਸਾਹਬ। ਬੇਸ਼ਕ ਗੁਰਦੁਆਰਾ ਸਾਹਿਬਾਨ ਬਹੁਤ ਨੇ ਪਰ ਇਸ ਵਿੱਚ ਇਹ ਲਹਿਰ ਨਵਾ ਕੁੱਝ ਕਰਨਾ ਚਾਹੁੰਦੀ ਹੈ ਜਿਸ ਦਾ ਮੋਟੇ ਤੌਰ ਤੇ ਜ਼ਿਕਰ ਕਰਨਾ ਜਰੂਰੀ ਹੈ। ਇਥੇ ਕੋਈ ਦਾਅਵਾ ਨਹੀ ਕਿ ਕਿਸੇ ਹੋਰ ਨੇ ਕੁੱਝ ਨਹੀ ਕੀਤਾ ਪਰ ਇਹ ਜਰੂਰ ਸ਼ਿਕਵਾ ਰਿਹਾ ਹੈ ਕੌਮ ਦੇ ਇਨੇ ਮਜਬੂਤ ਅਦਾਰੇ ਹੋਣ ਦੇ ਬਾਵਜੂਦ ਵੀ ਆਲੇ ਦੁਆਲੇ ਕੋਈ ਖ਼ਬਰਾਂ ਚੰਗੀਆਂ ਨਹੀ ਹਨ।
ਇਸ ਗੁਰਦੁਆਰਾ ਸਾਹਿਬ ਦੀ 8 ਏਕੜ ਦੀ ਲਾਟ ਵਿੱਚ ਸਵਾ ਦੋ ਏਕੜ ਵਿੱਚ ਕੇਵਲ ਬਿਲਡਿੰਗ ਹੀ ਹੈ ਜਿਸ ਵਿੱਚ ਸਿੱਖ ਸੰਗਤ ਸਹਿਜੋਗ ਦੇਵੇ ਤਾਂ ਇਸ ਵਿੱਚ ਜੋ ਮਰਜੀ ਕੌਮੀ ਪ੍ਰੋਜੈਕਟ ਕੀਤੇ ਜਾ ਸਕਦੇ ਹਨ। ਪਰ ਸਿੱਖ ਲਹਿਰ ਵਲੋਂ ਜੋ ਮੁਢਲੇ ਤੌਰ ਤੇ ਕੁੱਝ ਪ੍ਰੋਜੈਕਟ ਉਲੀਕੇ ਗਏ ਹਨ ਉਹ ਹਨ ਕਿ ਗੁਰਦੁਆਰਾ ਸਾਹਬ ਦੇ ਪਲੇਟਫਾਰਮ ਤੇ ਪ੍ਰਚਾਰ ਦਾ ਲੈਵਲ। ਇਸ ਮੁੱਢਲੀ ਗੱਲ ਵਲ ਜੇ ਅਸੀਂ ਧਿਆਨ ਨਹੀ ਦਿੱਤਾ ਤਾਂ ਗੁਰਦੁਆਰਾ ਕੇਵਲ ਕੰਧਾਂ ਅਤੇ ਈਮਾਰਤ ਦਾ ਨਾ ਨਹੀ। ਜੇ ਗੁਰੂ ਸ਼ਬਦ ਦਾ, ਗੁਰਬਾਣੀ ਦਾ ਸੁਨੇਹਾ ਹੀ ਸਹੀ ਨਾ ਗਿਆ ਤਾਂ ਗੁਰੁਦਆਰੇ ਦਾ ਮੱਕਸਦ ਕੀ ਰਹਿ ਗਿਆ। ਦੂਜਾ ਅਜਿਹੇ ਪ੍ਰਚਾਰਕਾਂ ਦਾ ਪ੍ਰਬੰਧ ਜਿਹੜੇ ਇਥੋਂ ਦੀ ਪੀਹੜੀ, ਜਿਵੇਂ ਬੱਚਿਆਂ ਅਤੇ ਟੀਨ ਏਜਰਾਂ ਲਈ ਅਲੱਗ ਕਲਾਸਾਂ ਲਾਉਂਣ ਤਾਂ ਕਿ ਉਨ੍ਹਾਂ ਨੂੰ ਗੁਰਦੁਆਰਾ ਸਾਹਬ ਤੋਂ ਆ ਕੇ ਕੁੱਝ ਸਿਖਣ ਨੂੰ ਮਿਲੇ ੳਨ੍ਹਾਂ ਦੀ ਭਾਸ਼ਾ ਵਿਚ। ਗੁਰਮੁੱਖੀ ਵੀ ਉਹ ਤਾਂ ਹੀ ਪੜਨਗੇ ਜੇ ਉਨ੍ਹਾ ਨੂੰ ਉਨਾਂ ਦੀ ਹੀ ਭਾਸ਼ਾ ਵਿੱਚ ਗੁਰਮੁੱਖੀ ਦੀ ਅਹਿਮੀਅਤ ਬਾਰੇ ਦੱਸਿਆ ਜਾਵੇਗਾ। ਇਸ ਮੱਕਸਦ ਲਈ ਸੰਸਥਾਂ ਕੋਲੇ ਇਥੋਂ ਦੇ ਪੜੇ ਪਰ ਗੁਰਮਤਿ ਅਤੇ ਪੰਜਾਬੀ ਦੇ ਜਾਣੂ ਨੌਜਵਾਨਾ ਦੇ ਨਾਮ ਹਨ ਜੋ ਇਸ ਤਰ੍ਹਾਂ ਦਾ ਪ੍ਰਬੰਧ ਖੁਦ ਕਰਨਗੇ ਅਤੇ ਅਜਿਹੇ ਹੀ ਹੋਰ ਵੀ ਯੂਨੀਵਰਸਿਟੀਆਂ ਦੇ ਨੌਜਵਾਨ ਬੱਚੇ ਅਗੇ ਆਉਂਣ ਅਤੇ ਦਸਣ ਕਿ ਉਹ ਕੀ ਅਤੇ ਕਿਸਤਰਾਂ ਦੇ ਪ੍ਰੋਜੈਕਟ ਕਰਨਾ ਚਾਹੁੰਦੇ ਹਨ ਕਿ ਸਿੱਖੀ ਤੋਂ ਦੂਰ ਜਾ ਰਹੇ ਬੱਚੇ ਬੱਚੀਆਂ ਨਸ਼ਿਆਂ ਡਰੱਗਾਂ ਤੋਂ ਬਚ ਕਿ ਗੁਰੂ ਨਾਨਕ ਪਾਤਸ਼ਾਹ ਦੀ ਫੁਲਵਾੜੀ ਦੇ ਮਹਿਕਦੇ ਹੋਏ ਫੁੱਲ ਬਣ ਸਕਣ।
ਸਾਡੇ ਛੋਟੇ ਬੱਚੇ ਗੋਰਿਆਂ ਜਾਂ ਕਾਲਿਆਂ ਦੇ ਡੇ-ਕੇਅਰਾਂ ਵਿੱਚ ਪਲ ਰਹੇ ਹਨ ਕਿਉਂ? ਕਿਉਂ ਕਿ ਅਸੀਂ ਅਪਣਾ ਡੇ-ਕੇਅਰ ਅਪਣੀ ਕੌਮ ਨੂੰ ਨਹੀ ਦੇ ਸਕੇ। ਗੁਰੁਦਆਰੇ ਦੇ ਏਜੰਡੇ ਵਿੱਚ ਸ਼ਾਮਲ ਹੈ ਕਿ ‘ਸਿੱਖ ਡੇ-ਕੇਅਰ’ ਖੋਲ੍ਹਿਆ ਜਾਵੇਗਾ ਤਾਂ ਕਿ ਸਾਡੀ ਕੌਮ ਦੇ ਬੱਚੇ ਇੱਕ ਤੋਂ ਲੈ ਕੇ ਚਾਰ ਤੱਕ ਬੱਚੇ ਸਿੱਖੀ ਮਹੌਲ ਵਿੱਚ ਪਲ ਸਕਣ ਅਤੇ ਅਪਣੀਆਂ ਤੋਤਲੀਆਂ ਜੁਬਾਨਾ ਵਿੱਚ ਹੀ ਸਿੱਖੀ ਦਾ ਸੁਨੇਹਾ ਲੈ ਕੇ ਘਰੀ ਜਾਣ।
-ਜਵਾਨੀ ਨਸ਼ਿਆਂ, ਡੋਡਿਆਂ ਸ਼ਰਾਬਾਂ ਵਿੱਚ ਗਰਕ ਰਹੀ ਹੈ ਗੁਰਦੁਆਰਾ ਕੇਵਲ ਚਿੰਚਤ ਹੋਣ ਦੀ ਬਜਾਇ ਨਸ਼ਿਆਂ ਉਪਰ ਹਰੇਕ ਮਹੀਨੇ ਸੈਮੀਨਰ ਉਲੀਕੇਗਾ ਤਾਂ ਕਿ ਨਸ਼ਿਆਂ ਵਿੱਚ ਡੁੱਬ ਰਿਹਾਂ ਨੂੰ ਨਸ਼ਿਆਂ ਦੇ ਨਫੇ ਨੁਕਸਾਨ ਉਨ੍ਹਾਂ ਦੇ ਸਿਰ ਵਿੱਚ ਪਾਏ ਜਾਣ। ਦੂਜਾ ਗੁਰਦੁਆਰਾ ਕੋਲੋਂ ਨਸ਼ੇ ਛੁਡਾਓੂ ਦਵਾਈਆਂ ਮੁਹਈਆ ਕਰੇਗਾ ਤਾਂ ਕਿ ਸਾਡਾ ਭਾਈਚਾਰਾ ਨਸ਼ਿਆਂ ਦੀ ਗਿਲਾਨੀ ਤੋਂ ਛੁਟਕਾਰਾ ਪਾ ਕੇ ਦੁਬਾਰਾ ਸਿੱਖੀ ਵਲ ਮੁੜ ਸਕੇ।
-ਘਰਾਂ ਵਿੱਚ ਕਲੇਸ਼ ਅਤੇ ਤਲਾਕਾਂ ਦੀ ਦਰ ਵਧ ਰਹੀ ਹੈ ਪਰ ਬਿਨਾ ਜਾਣਕਾਰੀ ਤੋਂ ਕਿ ਇਸ ਦੇ ਨਤੀਜੇ ਕੀ ਹਨ ਉਹ ਜਾਂ ਤਾਂ ਵਕੀਲਾਂ ਅਤੇ ਜਾਂ ਪੀਰਾਂ ਸੇਖਾਂ ਦੇ ਗੇੜ ਵਿੱਚ ਪੈ ਕੇ ਅਪਣਾ ਸਮਾ ਪੈਸਾ, ਅਪਣਾ ਅਤੇ ਬੱਚਿਆਂ ਦਾ ਭਵਿੱਖ ਤਬਾਹ ਕਰ ਰਹੇ ਹਨ। ਇਹ ਗੁਰਦੁਆਰੇ ਦੀ ਜਿੰਮੇਵਾਰੀ ਵਿੱਚ ਸ਼ਾਮਲ ਹੈ ਕਿ ਉਹ ਅਜਿਹੇ ਕੇਸਾਂ ਵਾਸਤੇ ਕੌਸਲਿੰਗ ਦਾ ਪ੍ਰਬੰਧ ਕਰੇ ਤਾਂ ਕਿ ਸਾਡੇ ਘਰ ਟੁਟਣੋ ਬੱਚ ਜਾਣ। ਹੈਰਾਨੀ ਦੀ ਗੱਲ ਹੈ ਕਿ ਜਦ ਕਿਸੇ ਤਲਾਕ ਦੇ ਕੇਸ ਦੀ ਸੂਹ ਚਰਚ ਨੂੰ ਮਿਲਦੀ ਹੈ ਤਾਂ ਉਹ ਫੋਰਨ ਦਰਵਾਜਾ ਖੜਕਾਉਂਦੇ ਹਨ ਕਿ ਕਿਸੇ ਮਦਦ ਦੀ ਲੋੜ ਹੋਏ ਤਾਂ। ਪਰ ਸਾਡੇ ਗੁਰੂ ਘਰਾਂ ਵਿੱਚ ਅਜਿਹਾ ਕੋਈ ਪ੍ਰਬੰਧ ਨਹੀ ਕਿ ਅਸੀਂ ਅਜਿਹੇ ਕੇਸਾਂ ਲਈ ਅਪਣੇ ਲੋਕਾਂ ਦੀ ਕੀ ਮਦਦ ਕਰ ਸਕਦੇ ਹਾਂ।
-ਬੱਚਿਆਂ ਦੀਆਂ ਗੁਰਮਤਿ ਕਲਾਸਾਂ ਜਿਸ ਵਿੱਚ ਬੀਬੀ ਇੰਦਰਪਾਲ ਕੌਰ ਵਰਗੀਆਂ ਸੁਲਝੀਆਂ ਹੋਈਆਂ ਸਖਸ਼ੀਅਤਾਂ ਬੱਚਿਆਂ ਨੂੰ ਗੁਰਮਤਿ ਦੇ ਨਾਲ ਇਹ ਦੱਸਣ ਕਿ ਅਪਣੇ ਘਰ ਅਤੇ ਸਕੂਲ ਵਿੱਚ ਰਹਿਣਾ ਕਿੰਝ ਹੈ। ਨਹੀ ਤਾਂ ਸਾਡੇ ਬੱਚੇ ਗੁਰਦੁਆਰਾ ਸਾਹਿਬ ਖੇਢਣ ਹੀ ਜਾਂਦੇ ਹਨ। ਜਦ ਕਿ ਬੱਚਿਆਂ ਨੂੰ ਦੱਸਿਆ ਜਾਵੇਗਾ ਕਿ ਖੇਡ ਵੀ ਜਿੰਦਗੀ ਦਾ ਹਿੱਸਾ ਹੈ ਪਰ ਇਸ ਸਕੂਲ ਵਿੱਚ ਅਸੀਂ ਕੁੱਝ ਸਿੱਖਣਾ ਵੀ ਹੈ।
-ਬਜ਼ੁਰਗਾਂ ਨੂੰ ਪਾਰਕਾਂ ਦੀ ਬਜਾਇ ਗੁਰਦੁਆਰਾ ਸਾਹਬ ਵਿੱਚ ਥਾਂ ਬਣਾ ਕੇ ਦੇਣੀ ਜਿਥੇ ਉਹ ਇਕੱਠੇ ਬੈਠ ਕੇ ਅਪਣਾ ਆਖਰੀ ਸਮਾ ਵਧੀਆਂ ਬਿਤਾ ਸਕਣ। ਯਾਦ ਰਹੇ ਕਿ ਬਹੁਤ ਸਾਡੇ ਬਜ਼ੁਰਗ ਪੜੇ ਲਿਖੇ ਘਰਾਂ ਜਾਂ ਪਾਰਕਾਂ ਵਿੱਚ ਅਪਣਾ ਸਮਾ ਟਪਾ ਆਉਂਦੇ ਹਨ ਗੁਰਦੁਆਰਾ ਉਨ੍ਹਾਂ ਨੂੰ ਜਿੰਮੇਵਾਰੀ ਦੇਵੇਗਾ ਕਿ ਉਹ ਅਪਣੀ ਬਜ਼ੁਰਗੀ ਅਤੇ ਲਿਆਕਤ ਦਾ ਲਾਭ ਅਪਣੇ ਬੱਚਿਆਂ ਨੂੰ ਦੇ ਸਕਣ। ਉਨ੍ਹਾ ਵਿੱਚ ਕਈ ਬਜ਼ੁਰਗ ਬਹੁਤ ਪੜੇ ਲਿਖੇ ਹਨ ਕਈ ਪਿੱਛੇ ਟੀਚਰ ਰਹੇ ਹਨ ਪਰ ਭਾਈਚਾਰੇ ਵਿੱਚ ਹੋ ਕੋਈ ਸਕੂਲ ਨਾ ਹੋਣ ਕਾਰਨ ਉਨ੍ਹਾ ਦਾ ਵਿਹਲਾ ਸਮਾ ਅਤੇ ਲਿਆਕਤ ਬੇਲੋੜੀ ਹੀ ਜਾ ਰਹੀ ਹੈ।
-ਵਿਆਹ ਤੋਂ ਪਹਿਲਾਂ ਜੋੜੇ ਦੀ ਕੌਂਸਲਿੰਗ ਕਰਨਾ ਤਾਂ ਕਿ ਵਿਆਹ ਨੂੰ ਉਹ ਕੇਵਲ ‘ਫਨ’ ਹੀ ਨਾ ਸਮਝਣ ਅਤੇ ਜਦ ਜੀਅ ਆਇਆ ਤੋੜ ਕੇ ਔਹ ਮਾਰਨ। ਇਸ ਦੀ ਜਿੰਮੇਵਾਰੀ ਵੀਰ ਭੁਪਿੰਦਰ ਸਿੰਘ ਹੋਰਾਂ ਲਈ ਹੈ। ਉਹ ਜੇ ਨਹੀ ਵੀ ਪਹੁੰਚ ਸਕਿਆ ਕਰਨਗੇ ਤਾਂ ਉਨ੍ਹਾਂ ਦੀ ‘ਰਿਸ਼ਤਿਆਂ ਵਿੱਚ ਤਰੇੜ’ ਸੀਡੀ ਗੁਰਦੁਆਰਾ ਸਾਹਿਬ ਵਲੋਂ ਪਹਿਲਾਂ ਪੁੱਜਦੀ ਕੀਤੀ ਜਾਇਆ ਕਰੇਗੀ ਤਾਂ ਕਿ ਤਲਾਕਾਂ ਦੀ ਦਰ ਘੱਟ ਸਕੇ।
-ਭਾਈਚਾਰੇ ਦੀਆਂ ਹੋਰ ਮੁਢਲੀਆਂ ਲੋੜਾਂ ਤੋ ਇਲਾਵਾ ਵੱਡੀ ਲੋੜ ਹੈ ਕਿ ਬਹੁਤੇ ਮਾਪੇ ਅਪਣੇ ਬੱਚਿਆਂੑ ਨੂੰ ਘਰੇ ਨਹੀ ਪੜਾ ਸਕਦੇ ਪਰ ਉਹ ਟਿਉਸ਼ਿਨ ਵੀ ਅਫੋਰਡ ਨਹੀ ਕਰ ਸਕਦੇ। ਗੁਰਦੁਆਰਾ ਪ੍ਰਬੰਧ ਕਰੇਗਾ ਕਿ ਅਜਿਹੇ ਬੱਚਿਆਂ ਨੂੰ ਮੁਫਤ ਵਿੱਚ ਸੋਮਵਾਰ ਤੋਂ ਲੈ ਕੇ ਸ਼ੁਕਰਵਾਰ ਤੱਕ ਸ਼ਾਮੀ ਟਿਉਸ਼ਿਨ ਪੜਾਈ ਜਾਵੇ ਤਾਂ ਕਿ ਸਾਡੀ ਕੌਮ ਦੇ ਬੱਚਿਆਂ ਦਾ ਪੜਨ ਦਾ ਬੇਸ ਬਣ ਸਕੇ। ਇਥੇ ਸਕੂਲਾਂ ਵਿੱਚ ਪੜਾ ਰਹੀਆਂ ਕੁੱਝ ਟੀਚਰਾਂ ਅਤੇ ਬਜ਼ੁਰਗਾਂ ਦੇ ਜਿਹੜੇ ਪਿੱਛੇ ਵੀ ਟੀਚਰ ਰਹੇ ਹਨ ਵਲੰਟੀਅਰ ਤੌਰ ਤੇ ਨਾਂ ਆ ਚੁੱਕੇ ਹਨ ਜੇ ਹੋਰ ਵੀ ਅਪਣਾ ਨਾ ਦੇਣਾ ਚਾਹੁੰਣ ਤਾਂ ਦੇ ਸਕਦੇ ਹਨ।
ਸਾਨੂੰ ਗੁਰੂ ਉਪਰ ਅਤੁੱਟ ਵਿਸਵਾਸ਼ ਹੈ ਕਿ ਅਸੀਂ ਮਰਨ ਤੋਂ ਪਹਿਲਾਂ ਕੁੱਝ ਨਾ ਕੁੱਝ ਕਰਦੇ ਰਹਾਂਗੇ। ਪਰ ਦਾਅਵਾ ਕੋਈ ਨਹੀ। ਜਿਸ ਦਾਅਵਾ ਆ ਗਿਆ ਉਸ ਦਿਨ ਅਸੀਂ ਨਹੀ ਕੋਈ ਹੋਰ ਬੋਲੇਗਾ ਅਤੇ ਜੋ ਬੋਲੇਗਾ ਉਸ ਵਿੱਚ ਗੁਰੂ ਕੇ ਸਿੱਖ ਵਾਲੀ ਕੋਈ ਗੱਲ ਨਹੀ ਹੋਵੇਗੀ।
ਗੁਰਦੇਵ ਸਿੰਘ ਸੱਧੇਵਾਲੀਆ
ਜਰੂਰੀ ਨੋਟ- ਸਿੱਖ ਮਾਰਗ ਰਾਹੀਂ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਸੱਚ ਦੇ ਪਾਧੀਆਂ ਗੁਰਸਿੱਖ ਵੀਰਾਂ ਭੈਣਾਂ ਬਜ਼ੁਰਗਾਂ ਨੂੰ ਸੁਨੇਹਾ ਦਿੰਦੇ ਹਾਂ ਕਿ 25 ਅਪ੍ਰੈਲ ਨੂੰ ਇਸ ਗੁਰਦੁਆਰਾ ਸਾਹਬ ਦਾ ਪਹਿਲਾ ਸਮਾਗਮ ਹੈ ਜਿਸ ਵਿੱਚ ਪ੍ਰੋ ਦਰਸ਼ਨ ਸਿੰਘ ਖਾਲਸਾ, ਡਾ, ਓਅੰਕਾਰ ਸਿੰਘ, ਵੀਰ ਭੁਪਿੰਦਰ ਸਿੰਘ, ਜਗਤਾਰ ਸਿੰਘ ਜਾਚਕ ਅਤੇ ਕੋਸ਼ਿਸ਼ ਹੈ ਕਿ ਡਾ, ਹਰਜਿੰਦਰ ਸਿੰਘ ਦਿਲਗੀਰ ਵੀ ਪਹੁੰਚ ਸਕਣ। ਅਸੀਂ ਸਾਰੇ ਪਾਠਕਾਂ, ਜਿਹੜੇ ਟਰੰਟੋ ਦੇ ਨੇੜੇ ਬੰਨੇ ਰਹਿੰਦੇ ਹਨ ਜਾਂ ਦੂਰੋਂ ਵੀ ਪਹੁੰਚ ਸਕਦੇ ਹੋਣ ਜਰੂਰ ਪਹੁੰਚਣ। ਇਸ ਤੋਂ ਜਰੂਰੀ ਗੱਲ ਕਿ ਗੁਰਦੁਆਰਾ ਕੇਵਲ ਪੂਜਾ ਅਸਥਾਨ ਨਾ ਰਹਿ ਕੇ ਸੱਚਮੁਚ ਸਿੱਖੀ ਦਾ ਸਕੂਲ ਬਣ ਸਕੇ, ਇਸ ਲਈ ਹੋਰ ਕਿਹੜੀਆਂ ਗੱਲਾਂ ਧਿਆਨ ਵਿੱਚ ਲਿਆਦੀਆਂ ਜਾਣ, ਕਿਹੜੇ ਅੱਜ ਦੇ ਸਾਧਨ ਵਰਤੇ ਜਾਣ ਕਿ ਇਸ ਵਿੱਚ ਨੌਜਵਾਨ ਪੀਹੜੀ ਉਤਸ਼ਾਹ ਨਾਲ ਸ਼ਾਮਲ ਹੋ ਕੇ ਖੁਦ ਕੌਮ ਦੀ ਅਗਵਾਈ ਕਰਨ ਦੇ ਕਾਬਲ ਹੋ ਸਕੇ। ਸੂਝਵਾਨ ਗੁਰਸਿੱਖ ਇਸ ਸਾਈਟ ਨਾਲ ਜੁੜੇ ਹਨ ਉਹ ਅਪਣੇ ਸੁਝਾਅ ਭੇਜਣ ਕਿ ਗੁਰੂ ਨਾਨਕ ਪਾਤਸ਼ਾਹ ਦੇ ਮਿਸ਼ਨ ਨੂੰ ਹੋਰ ਅਗੇ ਕਿਵੇਂ ਵਧਾਇਆ ਜਾ ਸਕੇ ਅਤੇ ਇਹ ਵੀ ਕਿ ਕੌਮ ਵਿੱਚ ਪਈਆਂ ਵਿੱਥਾਂ ਨੂੰ ਕਿਵੇਂ ਘੱਟ ਕੀਤਾ ਜਾ ਸਕੇ, ਗੁਰਦੁਆਰਾ ਸਾਹਿਬ ਇਸ ਵਿੱਚ ਕੀ ਰੋਲ ਅਦਾ ਕਰ ਸਕਦਾ ਹੈ।
ਇਸ ਸਬੰਧ ਵਿੱਚ ਤੁਸੀਂ ਸਾਨੂੰ ਫੋਨ ਤੇ ਗੱਲਬਾਤ ਕਰ ਸਕਦੇ ਹੋ। (416) 882-6360




.