.

ਸਿੱਖੀ ਕਿਰਦਾਰ ਤੇ ਅਜੋਕਾ ਸਿੱਖ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿੰਸੀਪਲ ਗੁਰਮਤਿ ਐਜੁਕੇਸ਼ਨ ਸੈਂਟਰ, ਦਿੱਲੀ ਮੈਬਰ, ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕ: ਦਿੱਲੀ: ਫਾਊਂਡਰ ਸਿੱਖ ਮਿਸ਼ਨਰੀ ਲਹਿਰ ਸੰਨ 1956

ਵਿਰਲਿਆਂ ਨੂੰ ਛੱਡ ਕੇ ਅੱਜ ਸਾਡੀ ਸਿੱਖੀ ਬਹੁਤਾ ਕਰਕੇ ਦੋ ਪੁੜਾਂ `ਤੇ ਹੀ ਖੜੀ ਹੈ- (੧) ਜਜ਼ਬਾਤੀ ਸਿੱਖੀ (੨) ਸਰੂਪ ਦੀ ਸਿੱਖੀ। ਖੂਬੀ ਇਹ ਕਿ ਫ਼ਿਰ ਵੀ ਕਹਿ ਰਹੇਂ ਹਾਂ ‘ਅਸੀਂ ਪੱਕੇ ਸਿੱਖ’। ਔਲਾਦ ਵਲ ਨਜ਼ਰ ਮਾਰੋ ਤਾਂ ਧੜਾਧੜ ਪਤਿਤਪੁਣੇ ਵਲ ਵਧ ਰਹੀ ਹੈ ਜਾਂ ਅਨਮੱਤੀਆਂ ਨਾਲ ਵਿਆਹ (ਅਨੰਦਕਾਰਜ ਨਹੀਂ) ਰਚਾ ਰਹੀ ਹੈ। ਫ਼ਿਰ ਵੀ “ਮਨ ਹਰਾਮੀ ਹੁੱਜਤਾਂ ਦਾ ਢੇਰ” ਅਨੁਸਾਰ “ਅਜੀ ਸਿੱਖੀ ਤਾਂ ਮਨ ਦੀ ਹੋਣੀ ਚਾਹੀਦੀ ਹੈ, ਕੇਸਾਂ `ਚ ਕੀ ਪਿਆ ਹੈ”। ਤਾਂ ਤੇ ਆਉ ਦਰਸ਼ਨ ਕਰੀਏ ਸਚਮੁਚ ਜਿਨ੍ਹਾਂ ਕੋਲ “ਮਨ ਦੀ ਸਿੱਖੀ” ਹੈ ਤੇ ਉਸ ਦਾ ਮੁਕਾਬਲਾ ਕਰੀਏ ਆਪਣੀ ਕਰਣੀ ਨਾਲ:

(ੳ) ਬਾਬਾ ਬੰਦਾ ਸਿੰਘ ਬਹਾਦੁਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਨੂੰ ਦੋ ਘਲੂਘਾਰਿਆਂ `ਚੋਂ ਨਿਕਲਣਾ ਪਿਆ। ਪਹਿਲਾ-ਛੋਟਾ ਘਲੂਘਾਰਾ ਜੂਨ ਸੰਨ 1746 `ਚ ਕਾਹਨੂੰਵਾਨ ਨੇੜੇ ਹੋਇਆ। ਇਕੋ ਦਿਨ `ਚ ਅੰਦਾਜ਼ਾ 7-8 ਹਜ਼ਾਰ ਸਿੱਖਾਂ ਦੀਆਂ ਸ਼ਹੀਦੀਆਂ ਹੋਈਆਂ। ਦੂਜਾ, 5 ਫਰਵਰੀ 1762 ਅਹਿਮਦ ਸ਼ਾਹ ਦੁਰਾਨੀ ਸਮੇਂ ਕੁੱਪਰ-ਹੀੜੇ (ਰਾਏਪੁਰ ਗੁਜਰਵਾਲ) ਦੇ ਸਥਾਨ ਤੇ ਹੋਇਆ। ਇਕੋ ਦਿਨ `ਚ 18-20 ਹਜ਼ਾਰ ਤੋਂ ਵੱਧ ਸਿੰਘ-ਸਿੰਘਣੀਆਂ ਤੇ ਬੱਚੇ ਸ਼ਹੀਦ ਹੋਏ। ਮੁਕਾਬਲਾ ਇੰਨਾਂ ਸਖਤ ਸੀ ਕਿ ਇੰਨੀ ਹੀ ਗਿਣਤੀ `ਚ ਵੈਰੀ ਦਲ ਵੀ ਮਾਰਿਆ ਗਿਆ।

(ਅ) ਸੰਨ 1715, ਗੁਰਦਾਸ ਨੰਗਲ ਦੀ ਗੜ੍ਹ੍ਹੀ `ਚੋਂ ਬਾਬਾ ਬੰਦਾ ਸਿੰਘ ਬਹਾਦੁਰ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਸਮੇਂ ਗੜ੍ਹੀ `ਚ ਗਿਣਤੀ ਦੇ ਸਿੰਘ ਹੀ ਬਾਕੀ ਸਨ। ਫਰੁਖਸੀਅਰ ਦੀਆਂ ਨਜ਼ਰਾਂ `ਚ ਭਲ ਬਨਾਉਣ ਤੇ ਸਾਬਤ ਕਰਣ ਲਈ ਕਿ ਭਾਰੀ ਗਿਣਤੀ `ਚ ਸਿੱਖਾਂ ਨੂੰ ਸ਼ਹੀਦ ਕੀਤਾ ਹੈ ਤੇ ਭਾਰੀ ਗਿਣਤੀ `ਚ ਗ੍ਰਿਫਤਾਰ ਵੀ ਕੀਤਾ ਹੈ-ਜਿਥੋਂ ਕਿਥੋਂ ਕੋਈ ਘਰ ਪ੍ਰਵਾਰ ਵਾਲਾ ਗੁਰੂ ਕਾ ਸਿੱਖ ਹੱਥ ਆਇਆ, ਗ੍ਰਿਫਤਾਰ ਕਰ ਲਿਆ। ਇਸ ਤਰ੍ਹਾਂ ਵੈਰੀਆ ਨੇ, ਸਿੱਖਾਂ ਦੇ ਕੱਟੇ ਹੋਏ ਸਿਰਾਂ ਨਾਲ ਭਰੇ ਗੱਡਿਆਂ ਤੋਂ ਇਲਾਵਾ, ਪੈਦਲ ਗਰਿਫ਼ਤਾਰੀਆਂ ਦੀ ਗਿਣਤੀ 760 ਤੀਕ ਪੁਚਾ ਲਈ। ਹਾਲਾਂਕਿ ਇਹਨਾ `ਚ ਜੁੱਧ ਖੇਤ੍ਰ ਤੋਂ ਫ਼ੜੇ, ਫੌਜੀ ਸਿੱਖਾਂ ਦੀ ਗਿਣਤੀ ਬਹੁਤ ਘੱਟ ਸੀ।

ਹੈਰਾਨੀ ਦੀ ਗੱਲ, ਜਦੋਂ ਦਿੱਲੀ `ਚ ਇਹਨਾ ਨੂੰ ਸ਼ਹੀਦ ਕਰਣ ਦਾ ਹੁਕਮ ਹੋਇਆ ਤਾਂ 760 `ਚੋਂ ਇੱਕ ਨੇ ਵੀ ਸਿੱਖੀ ਨਹੀਂ ਤਿਆਗੀ। ਇੱਕ ਇੱਕ ਦਿਨ `ਚ ਸੌ-ਸੌ ਸਿੱਖਾਂ ਨੂੰ ਲੋਕਾਂ ਦੀ ਵੱਡੀ ਭੀੜ ਸਾਹਮਣੇ, ਕਤਾਰਾਂ `ਚ ਖੜਾ ਕਰਕੇ ਬੇਰਹਿਮੀ ਨਾਲ ਸ਼ਹੀਦ ਕੀਤਾ ਜਾਂਦਾ। ਸਾਹਮਣੇ ਰੱਖੀ ਗੇਲੀ `ਤੇ, ਕਤਾਰ `ਚੋਂ ਇੱਕ ਇੱਕ ਸਿੱਖ, ਆਪਣਾ ਸਿਰ ਗੇਲੀ `ਤੇ ਰੱਖਦਾ ਤੇ ਤਲਵਾਰ ਦੇ ਵਾਰ ਨਾਲ, ਉਸ ਦਾ ਸਿਰ, ਧੜ ਤੋਂ ਵੱਖ ਕਰ ਦਿੱਤਾ ਜਾਂਦਾ। ਜ਼ਾਲਮਾਂ ਵਲੋਂ ਸ਼ਰਤ ਇਹੀ ਸੀ, ਜੇ ਇੱਕ ਵੀ ਸਿੱਖ ਸਰੂਪ ਤਿਆਗਣ ਨੂੰ ਤਿਆਰ ਹੋ ਜਾਵੇ, ਤਾਂ ਉਸ ਨੂੰ ਛੱਡਿਆ ਜਾ ਸਕਦਾ ਹੈ। ਭਾਰੀ ਦਹਿਸ਼ਤ ਵਾਲਾ ਵਾਤਾਵਰਣ, ਫ਼ਿਰ ਵੀ, ਇੱਕ ਨਾ ਨਿਕਲਿਆ ਜਿਸ ਨੇ ਸਰੂਪ `ਤੇ ਆਂਚ ਆਉਣ ਦਿੱਤੀ ਹੋਵੇ।

ਸਮੇਂ ਦੇ ਚਸ਼ਮਦੀਦ ਮੁਸਲਮਾਨ ਲਿਖਾਰੀ ਮੁਹਸਨ ਫਾਨੀ ਕਰਤਾ ‘ਦਬਿਸਤਾਨ ਮਜ਼ਾਹਿਬ’ ਅਨੁਸਾਰ ਇੱਕ ਮੁੱਸ-ਫੁਟੇ ਨੋਜੁਆਨ ਦੀ ਬੁੱਢੀ ਮਾਂ ਲਾਹੌਰੋਂ ਫ਼ਰੁਖਸੀਅਰ ਪਾਸੋਂ ਪ੍ਰਵਾਨਾ ਲਿਖਵਾ ਲਿਆਈ ‘ਮੇਰਾ ਬੱਚਾ ਸਿੱਖ ਨਹੀਂ-ਇਸ ਨੂੰ ਛੱਡ ਦਿਤਾ ਜਾਵੇ’। ਹਕੂਮਤ ਵੀ ਤਾਂ ਇਹੀ ਢੂੰਡ ਰਹੀ ਸੀ, ਸ਼ੁਕਰ ਕੀਤਾ ‘ਸੰਸਾਰ ਸਾਹਮਣੇ ਮਿਸਾਲ ਤਾਂ ਬਣੀ, ਸਿੱਖ ਮੁਆਫੀ ਮੰਗ ਰਹੇ ਹਨ’। ਪਰ ਜਦੋਂ ਇਹੀ ਪ੍ਰਵਾਣਾ ਉਸ ਬੱਚੇ ਤੀਕ ਪੁੱਜਾ ਕਿ ਉਸ ਨੂੰ ਰਿਹਾ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਸਿੱਖ ਨਹੀਂ। ਬੱਚੇ ਦਾ ਉਤਰ ਸੀ ‘ਮੇਰੀ ਮਾਂ ਝੂਠ ਬੋਲਦੀ ਹੈ, ਇਹ ਮੇਰੀ ਮਾਂ ਹੀ ਨਹੀਂ’। ਬੱਚਾ ਸ਼ਹੀਦੀ ਨੂੰ ਤਾਂ ਪ੍ਰਾਪਤ ਹੋ ਗਿਆ ਪਰ ਸਰੂਪ `ਤੇ ਸਮਝੋਤਾ ਨਹੀਂ ਕੀਤਾ, ਕਿਉਂਕਿ ਉਸ ਕੋਲ ‘ਮਨ ਦੀ ਸਿੱਖੀ’ ਸੀ। ਅੰਤ ਬਾਬਾ ਬੰਦਾ ਸਿੰਘ ਬਹਾਦੁਰ ਦੀ ਸ਼ਹਾਦਤ ਤਾਂ ਹੋਰ ਵੀ ਵੱਧ ਤਸੀਹੇ ਭਰਪੂਰ ਤੇ ਰੋਂਗਟੇ ਖੜੇ ਕਰਣ ਵਾਲੀ ਸੀ।

(ੲ) ਭਾਈ ਮਤੀ ਦਾਸ, ਭਾਈ ਦਇਆਲਾ, ਭਾਈ ਸਤੀ ਦਾਸ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਸ਼ਾਹਬਾਜ਼ ਸਿੰਘ-ਸੁਬੇਗ ਸਿੰਘ, ਗਰਜਾ ਸਿੰਘ- ਬੋਤਾ ਸਿੰਘ, ਲਿਸਟ ਇੰਨੀਂ ਵਧ ਲੰਮੀ ਹੈ ਕਿ ਜਿਸ ਦਾ ਅੰਤ ਨਹੀਂ। ਨੀਹਾਂ ਤਾਂ ਚਿਣੇ ਗਏ, ਬੰਦ ਬੰਦ ਕਟਵਾ ਲਏ, ਚਰਖੜੀਆਂ `ਤੇ ਚੜ੍ਹ ਗਏ, ਖੋਪਰੀਆਂ ਉਤਰਵਾ ਲਈਆਂ, ਆਰੇ ਨਾਲ ਦੋ ਫਾੜ ਹੋ ਗਏ, ਅਨੇਕਾਂ ਤਸੀਹੇ ਝੱਲੇ-ਪਰ ਸਰੂਪ ਨਹੀਂ ਤਿਆਗਿਆ ਕਿਉਂਕਿ ਉਹਨਾਂ ਕੋਲ ‘ਮਨ ਦੀ ਸਿੱਖੀ’ ਸੀ ਤੇ ਸਰੂਪ ਦੀ ਕੀਮਤ ਜਾਣਦੇ ਸਨ। ਅਜੋਕੇ ਇਤਿਹਾਸ `ਚ ਅੱਜ ਵੀ ਅਜਿਹੀਆਂ ਹਜ਼ਾਰਾਂ ਮਿਸਾਲਾਂ ਹਨ। ਉਪ੍ਰੰਤ ਗੰਗਸਰ, ਜੈਤੋਂ ਨਨਕਾਨਾ ਸਾਹਿਬ ਦੇ ਸ਼ਹੀਦ, ਭਾਰਤ-ਪਾਕ ਦੀ ਵੰਡ ਸਮੇਂ ਦੇ ਸ਼ਹੀਦ। ਕਾਰਣ ਇਕੋ ਸੀ, ਸਰੂਪ ਨਹੀਂ ਤਿਆਗਿਆ ਤੇ ਸ਼ਹੀਦੀਆਂ ਪ੍ਰਾਪਤ ਕਰ ਲਈਆਂ ਕਿਉਂਕਿ ਉਹਨਾਂ ਕੋਲ ‘ਮਨ ਦੀ ਸਿੱਖੀ’ ਸੀ।

(ਸ) ਹੋਰ ਲਵੋ! ਮਾਈਆਂ ਬੀਬੀਆਂ, ਜਿਨ੍ਹਾਂ ਮੀਰ ਮਨੂੰ ਦੀ ਕਚਿਹਰੀ `ਚ ਕਿਹੜਾ ਤਸੀਹਾ ਸੀ ਜੋ ਨਹੀਂ ਝਲਿਆ। ਦਿਨ-ਰਾਤ ਦੇ ਲੰਮੇ ਸਮੇਂ `ਚ ਚੱਪਾ- ਚੱਪਾ ਰੋਟੀ ਖਾਣ ਨੂੰ ਤੇ ਕਟੋਰਾ ਪਾਣੀ ਦਾ। ਇਸ ਤਰ੍ਹਾਂ ਭੁੱਖੇ-ਪਿਆਸੇ ਰੱਖ ਕੇ ਤੇ ਨਾਲ ਸਵਾ-ਸਵਾ ਮਨ ਪੀਸਨ ਨੂੰ ਅਨਾਜ। ਜਦੋਂ ਫ਼ਿਰ ਵੀ ਵੈਰੀਆਂ ਦਾ ਵੱਸ ਨਾ ਚੱਲਿਆ ਤਾਂ ਉਹਨਾਂ ਦੀਆਂ ਗੋਦੀਆਂ `ਚੋਂ ਦੁੱਧ ਚੁੰਘਦੇ ਬੱਚੇ ਖੋਹ ਲਏ। ਇਹਨਾ ਬੱਚਿਆਂ ਦੇ ਟੁਕੜੇ ਟੁਕੜੇ ਕਰ ਕੇ ਮਾਵਾਂ ਦੇ ਗਲਾਂ `ਚ ਹਾਰ ਪਾਏ, ਮਾਵਾਂ ਸਾਹਮਣੇ ਬੱਚਿਆਂ ਨੂੰ ਨੇਜ਼ਿਆਂ `ਤੇ ਲਟਕਾਇਆ। ਸਚਮੁਚ ਧੰਨ ਸਨ ਉਹ ਮਾਂਵਾਂ, ਫ਼ਿਰ ਵੀ ਉਹਨਾਂ ਸਿੱਖੀ ਨਹੀਂ ਤਿਆਗੀ।

ਉਪ੍ਰੰਤ ਸ਼ਾਮਾਂ ਨੂੰ ਸੋਦਰੁ ਉਪ੍ਰੰਤ ਅਰਦਾਸਾ ਕਰਦੀਆਂ ਹਨ- ‘ਸੱਚੇ ਪਾਤਸ਼ਾਹ! ਚਾਰ ਪਹਿਰ ਦਿਨ ਤੇਰੇ ਭਾਣੇ `ਚ ਸੁਖ ਦਾ ਬਤੀਤ ਹੋਇਆ ਹੈ, ਰਾਤ ਆਈ ਹੈ ਆਪਣੇ ਭਾਣੇ `ਚ ਸੁਖ ਦੀ ਬਤੀਤ ਕਰਵਾਂਈਂ’। ਕਿਉਂਕਿ ਉਹਨਾਂ ਕੋਲ ‘ਮਨ ਦੀ ਸਿੱਖੀ ਸੀ। ਅੱਜ ਕਿੰਨੀਆਂ ਮਾਤਾਵਾਂ ਹਨ ਜਿਹੜੀਆਂ ਇਹ ਕਹਿ ਕੇ ਆਪਣੇ ਮਾਸੂਮਾਂ ਨੂੰ ਆਪ ਨਾਈਆਂ ਕੋਲ ਭੇਜ ਰਹੀਆਂ ਹਨ “ਸਾਡੇ ਕੋਲੋਂ ਇਹਨਾ ਦੀਆਂ ਕੰਘੀਆਂ ਨਹੀਂ ਹੁੰਦੀਆਂ, ਵੱਡੇ ਹੋਣਗੇ ਤਾਂ ਆਪੇ ਕੇਸ ਰੱਖ ਲੈਣਗੇ” ਆਦਿ। ਇਹਨਾ ਦੀ ਸ਼ਬਦਾਵਲੀ ਇੰਨੀ ਗਿਰ ਚੁੱਕੀ ਹੈ ਕਿ ਇੰਨਾਂ ਕਰਕੇ ਵੀ ‘ਸਿੱਖੀ ਤਾਂ ਮਨ ਦੀ ਹੁੰਦੀ ਹੈ, ਸ਼ਕਲ `ਚ ਕੀਹ ਪਿਆ ਏ” ਕਿਉਂਕਿ ਇਹ ਤਾਂ ਬੇਸ਼ਰਮੀ ਦੀ ਵੀ ਅਗਲੀ ਹੱਦ ਹੈ। ਕਾਸ਼ ਇਹਨਾ ਨੂੰ ‘ਮਨ ਦੀ ਸਿੱਖੀ’ ਦਾ ਮਤਲਬ ਪਤਾ ਹੁੰਦਾ।

ਇਤਿਹਾਸ ਨੂੰ ਗਹੁ ਨਾਲ ਵਿਚਾਰਿਆ ਜਾਵੇ, ਘਲੂਘਾਰਿਆਂ ਦਾ ਸਮਾਂ ਸੀ ਜਾਂ ਕੋਈ ਵੀ। ਉਸ ਸਮੇਂ ਦੇ ਸਿੱਖ, ਜੇਕਰ ਸਿੱਖੀ ਸਰੂਪ ਦੇ ਮਹੱਤਵ ਨੂੰ ਨਾ ਸਮਝਦੇ ਹੁੰਦੇ ਤੇ ਅਜ ਵਾਂਙ ਕੇਵਲ ‘ਸਰੂਪ’ ਨੂੰ ਹੀ ‘ਮਨ ਦੀ ਸਿੱਖੀ’ ਦਾ ਨਾਂ ਦੇ ਕੇ ਤਿਆਗ ਦੇਂਦੇ ਤਾਂ ਅਜ ਅਸੀਂ ਵੀ ਸਿੱਖ ਕਿਵੇਂ ਹੁੰਦੇ। ਉਹਨਾਂ ਸ਼ਹੀਦੀਆਂ ਦੇ ਦਿੱਤੀਆਂ ਪਰ ਸਰੂਪ ਨਹੀਂ ਤਿਆਗਿਆ। ਭੁੱਖੇ ਤਿਹਾਏ, ਮੰਦੇ ਹਾਲ, ਛੇ-ਛੇ ਦਿਨ ਘੋੜਿਆਂ ਦੀਆਂ ਕਾਠੀਆਂ `ਤੇ ਸਮਾਂ ਬਤੀਤ ਕੀਤਾ ਪਰ ਸਰੂਪ `ਤੇ ਆਂਚ ਨਹੀਂ ਆਉਣ ਦਿੱਤੀ ਕਿਉਂ? ਕਿਉਂਕਿ ਉਹਨਾਂ ਕੋਲ ਸਚਮੁਚ ‘ਮਨ ਦੀ ਸਿੱਖੀ’ ਸੀ ਤੇ ਉਹ ‘ਮਨ ਦੀ ਸਿੱਖੀ’ ਦੀ ਕੀਮਤ ਜਾਣਦੇ ਸਨ।

ਸਿੱਖੀ ਦਾ ਜ਼ਾਮਨ ਹੈ ਸਿੱਖੀ ਸਰੂਪ-ਇਹ ਕੇਵਲ ਮਿਸਾਲਾਂ ਹਨ, ਯਾਦ ਰਖੋ! ਜੇ ਸਿੱਖਾਂ ਅੰਦਰੋਂ ਸਚਮੁਚ ‘ਮਨ ਦੀ ਸਿੱਖੀ’ ਦੇ ਹੀ ਦਰਸ਼ਨ ਕਰਨੇ ਹੋਣ ਤਾਂ ਸਿਲਸਲਾ ਅਜ ਵੀ ਅਰੁਕ ਹੈ। ਇੰਨੀਆਂ ਭਿਆਨਕ ਔਕੜਾਂ, ਜੇਕਰ ਸਾਡੇ ਵਡੇਰੇ ਆਪਣਾ ਸਰੂਪ ਤਿਆਗ ਚੁਕੇ ਹੁੰਦੇ ਤਾਂ 1984 ਜਾਂ ਬਿਲੂ ਸਟਾਰ ਵਰਗੇ ਸਾਕੇ ਹੁੰਦੇ ਹੀ ਕਿਉਂ? ਵੈਰੀ ਨੂੰ ਤਾਂ ਸਾਡਾ ਸਰੂਪ ਹੀ ਭਾਰਾ ਹੈ, ਬਾਣੀ ਦੇ ਪਾਠ ਜਾਂ ਗੁਰਦੁਆਰੇ ਜਾਣ ਤੋਂ ਤਾਂ ਕਿਸੇ ਨਹੀਂ ਰੋਕਿਆ। 1984 ਵਾਲੀ ਅੱਗ ਤੋਂ ਬਾਅਦ ਵੀ ਜੇਕਰ ਸਾਡਾ ਵਜੂਦ ਕਾਇਮ ਹੈ ਤਾਂ ਸਾਡੇ ਸਰੂਪ ਕਾਰਨ; ਸਰੂਪ ਤਿਆਗਣ ਵਾਲਿਆਂ ਕਰਕੇ ਨਹੀਂ। #048Gs96.03s09#

ਹੋਰ ਵੇਰਵੇ ਲਈ ਗੁਰਮਤਿ ਪਾਠ ਨੰ: 84 “ਸਰੂਪ ਵਲੋਂ ਢਿੱਲ ‘ਸਿੱਖੀ ਮਨ ਦੀ’ ? “(ਡੀਲਕਸ ਕਵਰ `ਚ) ਸੰਗਤਾਂ ਲਈ ਪ੍ਰਾਪਤ ਹੈ ਜੀ

ਨੋਟ: ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਜੀ ਦੀ ਆਗਿਆ ਨਾਲ ਸਨਿਮ੍ਰ ਬੇਨਤੀ ਹੈ ਕਿ ਪ੍ਰਿੰਸੀਪਲ ਸਾਹਿਬ ਜੀ ਦਾ ਕੋਈ ਵੀ ਗੁਰਮਤਿ ਪਾਠ-ਕੋਈ ਵੀ ਪੰਥਕ ਸੱਜਣ, ਸੰਸਥਾ, ਮੈਗ਼ਜ਼ੀਨ ਅਥਵਾ ਨੀਊਜ਼ ਪੇਪਰ ਜਾਂ ਵੈਬ ਸਾਈਟ; ਬਿਨਾ ਤਬਦੀਲੀ, ਹੂ-ਬ-ਹੂ ਅਤੇ ਲੇਖਕ ਨਾਮ ਸਹਿਤ, ਕੇਵਲ ਅਤੇ ਕੇਵਲ ਗੁਰਮਤਿ ਪ੍ਰਸਾਰ ਦੇ ਆਸ਼ੇ ਨੂੰ ਮੁੱਖ ਰਖਦੇ ਹੋਏ ਬਿਨਾ ਕਿਸੇ ਹੋਰ ਆਗਿਆ ਛਾਪ ਅਤੇ ਲੋਡ ਕਰ ਸਕਦਾ ਹੈ। ਬੇਨਤੀ ਕਰਤਾ-ਗੁਰਮਤਿ ਐਜੁਕੇਸ਼ਨ ਸੈਂਟਰ, ਦਿੱਲੀ Phone 011-26236119, 9811292808
.