ਲੁੱਟ ਦਾ ਮਾਲ
(ਢੱਡਰੀ ਵਾਲੇ ਦੀ ਪਹਿਲੀ ਟਰੰਟੋ ਫੇਰੀ ਤੇ. .)
ਉਹ ਤਾਜੀ ਜਿਹੀ ਟਿੰਡ ਕਰਾ ਕੇ ਪਤਾ
ਨਹੀ ਕਿਥੋਂ ਨਿਕਲਿਆ, ਅਪਣੇ ਧਿਆਂਨ ਤੁਰੇ ਜਾਂਦਿਆਂ ਉਸ ਮੈਂਨੂੰ ਦੂਰੋਂ ਹੀ ਅਵਾਜਾਂ ਮਾਰਨੀਆਂ ਸ਼ੁਰੂ
ਕਰ ਦਿਤੀਆਂ। ਸਰਸਰੀ ਜਿਹਾ ਹਾਲ-ਹਵਾਲ ਪੁਛ ਕੇ ਬਿਨਾਂ ਕਿਸੇ ਗਲ ਛਿੜੇ ਹੀ ਉਸ ਟੋਰਾਂਟੋ `ਚ ਆਏ ਇੱਕ
ਮੁੱਛ ਫੁੱਟ ਸਾਧ ਦੀ ‘ਕਥਾ’ ਛੇੜ ਦਿਤੀ।
“ਭਾਅਜੀ, ਬਈ ਬਾਬਿਆਂ ਬੜੀ ਧੰਨ-ਧੰਨ ਕਰਾਈ। ਮੇਲਾ ਲੁਟ ਲਿਆ ਬਾਬਿਆਂ ਮੇਲਾ। ਤਿਲ ਸੁਟਣ ਨੂੰ ਥੈਂ
ਨਹੀ ਸੀ, ਲੰਗਰ ਹਾਲ ਵੀ ਭਰਿਆ ਪਿਆ ਸੀ। ਭਾਅ ਜੀ ਜੋੜਿਆਂ `ਚ ਹੱਥ ਜੋੜੀ ਖੜੇ ਸਨ ਲੋਕੀਂ, ਸੱਅਚੀਂ
ਭਾਅ ਜੀ ਪੁਲਿਸ ਸਦਣੀ ਪਈ ਟਰੈਫਿਕ ਕੰਨਟਰੌਲ ਕਰਨ ਵਾਸਤੇ, ਸੁਆਦ ਆ ਗਿਆ ਫੜਕੇ” ? ਉਹ ਭਾਵਕ ਹੋਇਆ
ਕਈ ਕੁੱਝ ਇਕੇ ਸਾਹੇ ਕਹਿ ਗਿਆ। ਪਰ ਉਸਦਾ ‘ਸੁਆਦ’ ਆਉਣਾਂ ਸੁਣਕੇ ਗੋਡੇ ਦੀ ਚਪਣੀਂ ਤੇ ਸੱਟ ਵਜੀ
ਵਾਂਗ ਸਮਝ ਨਹੀ ਸੀ ਆਉਦੀ ਕਿ ਹਾਸਾ ਆਉਣ ਨੂੰ ਫਿਰਦਾ ਸੀ ਕਿ ਰੋਣਾਂ। ਪਰ ਉਸਨੂੰ ਸੁਆਦੋ-ਸੁਆਦ ਹੋਇਆ
ਦੇਖਕੇ ਮੈਂ ਉਸਨੂੰ ਸੁਲ੍ਹਾ ਮਾਰੀ ਕਿ ਚਲ ਕੌਫੀ ਪੀਨੇ ਨਾਲੇ ਤੇਰੇ ‘ਸੁਆਦ’ ਸੁਣਾਂਗੇ। ਉਹ ਵੀ
ਜਿਵੇਂ ਸੁਣਾਉਣ ਲਈ ਪਾਟਣ ਨੂੰ ਹੀ ਫਿਰਦਾ ਸੀ, ਝੱਟ ਤੁਰ ਪਿਆ।
ਹੋਰ ਸੁਣਾਂ ਫਿਰ ਤੂੰ ਵੀ ‘ਦਰਸ਼ਨ’ ਕੀਤੇ ‘ਬਾਬਿਆਂ’ ਦੇ ਕੇ ਸੁਣੀਆਂ ਸੁਣਾਈਆਂ ਹੀ ਕਰਦਾ? ਮੈਂ ਗਲ
ਅਗੇ ਤੋਰਨ ਲਈ ਪੁਛਿਆ।
“ਲੈਅ, ਅਸੀਂ ਸਾਰਾ ਟੱਬਰ ਈ ਗਏ ਸੀ। ਤਿੰਨ ਘੰਟੇ ਬਾਅਦ ਵਾਰੀ ਆਈ ਮਥਾ ਟੇਕਣ ਦੀ, ਬਾਬਾ ਜੀ ਹਾਲੇ
ਆਏ ਵੀ ਨਾ ਸੀ ਕਿ ਲੋਕਾਂ ਦੀਆਂ ਲਾਇਨਾ ਲਗਣੀਆਂ ਸ਼ੁਰੂ ਹੋ ਗਈਆਂ। ਕਈ ਲੋਕ ਮੂਹਰੇ ਬਾਬਾ ਜੀ ਦੇ
‘ਦਰਸ਼ਨ’ ਕਰਨ ਲਈ ਕਈ ਚਿਰ ਪਹਿਲਾਂ ਹੀ ਆਏ ਬੈਠੇ ਸਨ”। ਉਹ ਇੱਕ ਸਵਾਲ ਦੇ ਕਈ ਜਵਾਬ ਦੇ ਗਿਆ।
ਕਿੰਨੇ ਮੰਜਵਾਏ ਫਿਰ? ਮੇਰੇ ‘ਮੰਜਵਾਏ’ ਜਾਂ ਤਾਂ ਉਸ ਦੀ ਸਮਝ ਨਹੀ ਆਇਆ ਜਾਂ ਉਹ ਸਮਝ ਕੇ ਅਪਣੇ ਦਸਣ
ਦਾ ਸਵਾਦ ਨਹੀ ਸੀ ਖਰਾਬ ਕਰਨਾ ਚਾਹੁੰਦਾ।
“20 ਮੈਂ, 20 ਮੇਰੀ ਘਰਵਾਲੀ 20-20 ਮੇਰੇ ਬੀਬੀ ਭਾਪੇ, 20-20 ਮੇਰੇ ਭੈਂਣ ਭਣਵਈਏ ਜੋ ਮੇਰੇ ਨਾਲ
ਹੀ ਗਏ ਸਨ”।
ਕੇਵਲ 120? ਉਸਦੀ ਸੁਣਾਉਣ ਦੀ ਉਤਸੁਕਤਾ ਦੇ ਹਿਸਾਬ ਇਹ ਅੰਮਾਊਂਟ ਬੜਾ ਥੋੜਾ ਜਾਪਿਆ।
“ਨਹੀ ਭਾਅਜੀ ਫਿਰ ਅਸੀਂ ਘਰੇ ਵੀ `ਚਰਨ’ ਪਵਾਏ” ? ਉਸ ਮੂੰਹ ਗੋਲ ਜਿਹਾ ਕਰਦਿਆਂ ਇੰਝ ਮੈਨੂੰ ਦਸਿਆ
ਜਿਵੇਂ ਬੜੀ ਵ੍ਹੱਡੀ ਕੋਈ ਪ੍ਰਾਪਤੀ ਦਸੀਦੀ ਹੈ, ਅਤੇ ਬੜੀ ਜੇਤੂ ਜਿਹੀ ਨਿਗਾਹ ਨਾਲ ਮੇਰੇ ਵਲ
ਦੇਖਿਆ।
ਗਲ ਸੁਣ ਕੋਈ ਸ਼ਿਫਾਰਸ਼ ਪਵਾਈ ਸੀ?
“ਨਹੀ ਭਾਅਜੀ ਅਸੀਂ ਤੇ ਬੇਨਤੀ ਕੀਤੀ ਸੀ ਉਹ ਮੰਨ ਗਏ”।
ਪਰ ਅਸੀਂ ਤੇ ਸਿਫਰਾਸ਼ ਵੀ ਪਵਾਈ ਸੀ ਅਤੇ ਬੇਨਤੀ ਛੱਡ ‘ਬੇਨਤਾ’ ਵੀ ਕੀਤਾ ਸੀ, ਸਾਡੇ ਪਾਪੀਆਂ ਦੇ
ਤਾਂ ਨੇੜਿਉਂ ਨਹੀ ਲੰਘੇ।
“ਆਪੋ ਅਪਣੇ ਕਰਮ ਹੁੰਦੇ ਭਾਅਜੀ, ਕੀ ਪਤਾ ਸੰਤ ਕਿਸ ਤੇ ਰੀਝਦੇ”।
ਗਲ ਸੁਣ, ਤੇਰੀ ਕੱਚਰੇ ਵਰਗੀ ਟਿੰਡ ਅਤੇ ਖੁਸਰੇ ਦੀ ਅੱਡੀ ਵਰਗਾ ਮੂੰਹ ਜਿਆਦਾ ਕਰਮਾ ਵਾਲਾ ਸੀ ਸਾਡੀ
ਪੱਗ ਦਾਹੜੀ ਨਾਲੋਂ? ਉਹ ਚੁੱਪ ਜਿਹਾ ਕਰ ਗਿਆ, ਉਸਨੂੰ ਕੀ ਪਤਾ ਸੀ ਕਿ ਬਾਬਿਆਂ ਦੀ ‘ਦੂਰਦ੍ਰਿਸ਼ਟੀ’
ਵਿੱਚ ਪੁੰਨੀ ਪਾਪੀ ਸਭ ਹੁੰਦੇ ਹਨ। ਉਹਨਾ ਦੀ ਦ੍ਰਿਸਟੀ ਫੱਟ ਪਛਾਣ ਜਾਂਦੀ ਕਿ ਬਰਕਤਾਂ ਦਾ ਝਾੜ
ਕਿਥੋਂ ਝੜਦਾ ਤੇ ਉਹਨਾ ਦੇ ਸੱਦਣ ਵਾਲੇ ਮਹੰਤ ਲੋਕ ਵੀ ਜਾਣਦੇ ਹੁੰਦੇ ਕਿ ਬਾਬਿਆਂ ਦੇ `ਚਰਨ’ ਕਿਸ
ਗ੍ਰਹਿ ਵਿਖੇ ਪਵਿੱਤਰ ਜਾਣੇ ਜਾਂਦੇ ਤੇ ਕਿਥੇ `ਚਰਨਾਂ’ ਨੂੰ ਖਤਰੇ ਦਾ ਸ੍ਹਾਮਣਾ ਹੋ ਸਕਦਾ। ਉਹਨੀ
ਪਹਿਲਾਂ ਹੀ ਇਦਾਂ ਦਿਆਂ ਦੀਆਂ ਲਿਸਟਾਂ ਬਣਾ ਕੇ ਰੱਖੀਆਂ ਹੁੰਦੀਆਂ। ਮਹੰਤਾਂ ਤੇ ‘ਸੰਤਾਂ’ ਦੀ
ਖਿੱਚੜੀ ਬੜੀ ਰਾਇ ਨਾਲ ਪੱਕਦੀ ਹੈ।
ਚਲ ਛੱਡ, ਉਥੇ ਕਿੰਨੇ ਲੁਟਾਏ ਫਿਰ? ਮੈਂ ਵਿਸ਼ਾ ਬਦਲਿਆ ਅਤੇ ਚਰਨ ਪਵਾਉਣ ਵਲ ਤੁਰ ਪਿਆ।
“ਭਾਅਜੀ, ਤੂੰ ਕੀ ਨਾਸਤਿਕਾਂ ਵਾਲੀਆਂ ਗਲਾਂ ਕਰਦਾਂ, ਅਸੀਂ ਲੁਟਾਏ ਥੋੜੋਂ ਦਾਨ ਕੀਤੇ ਅਸੀਂ ਤਾਂ”।
ਮੇਰੇ ਸਿੱਧੇ ਵਾਰ ਤੇ ਉਸ ਔਖ ਜਿਹੀ ਮਹਿਸੂਸ ਕੀਤੀ ਜਿਵੇਂ ਉਸ ਦੀ ਸ਼ਰਧਾ ਨੂੰ ਸੱਟ ਵੱਜੀ ਹੋਵੇ।
ਪਰ ਦਾਨ ਤੇ ਭਿਖਾਰੀਆਂ ਨੂੰ ਕਰੀਦਾ ਤੇਰਾ ‘ਸੰਤ’ ਕੀ ਭਿਖਾਰੀ ਸੀ?
“ਦੇਖ ਭਾਅ ਮੈਂ ਤੇਰਾ ਸਤਿਕਾਰ ਕਰਦਾਂ ਪਰ ਤੂੰ ‘ਮਹਾਂਪੁਰਖਾਂ’ ਨੂੰ ਇੰਝ ਨਹੀ ਬੋਲ ਸਕਦਾ”। ਉਹ
ਵਾਕਿਆ ਹੀ ਭਾਵੁਕ ਹੋ ਗਿਆ ਸੀ ਤੇ ਹੋ ਸਕਦਾ ਮੇਰੇ ਹੋਰ ਕੁੱਝ ਬੋਲਣ ਤੇ ਉਹ ਮੇਰੇ ਗਲ ਵੀ ਪੈ
ਜਾਂਦਾ। ਮੈਂ ਫਿਰ ਉਸੇ ਦੀ ਹੀ ਟੋਨ ਤੇ ਪੁੱਛਿਆ। ਚਲ ਦਾਨ ਹੀ ਸਹੀਂ, ਕਿੰਨਾ ਦਾਨ ਕੀਤਾ ਫਿਰ?
“200 ਮੈਂ, 200 ਮੇਰੀ ਘਰਵਾਲੀ, 200-200 ਬੀਬੀ ਭਾਪੇ ਅਤੇ ਇੰਨੇ ਹੀ ਮੇਰੇ ਭੈਂਣ ਭਣਵਈਏ, ਬਾਕੀ
100-50 ਵਾਲੇ ਬਥੇਰੇ ਸਨ ਜਿਹੜੇ ਅਸੀਂ ਸੱਦੇ ਸਨ”। ਇਸ ਵਾਰੀ ਸੱਚਮੁੱਚ ਮੇਰਾ ਸਿਰ ਘੁੰਮ ਗਿਆ
ਜਿਵੇਂ ਮੇਰੀ ਅਪਣੀ ਜ੍ਹੇਬ ਕਟਕੇ ਕਿਸੇ ਢਾਈ-ਤਿੰਨ ਹਜਾਰ ਡਾਲਰ ਕੱਢ ਲਏ ਹੋਣ ਜਿਹੜੇ ਮੈਂ ਥੋੜੇ ਚਿਰ
ਪਹਿਲੇ ਪਾਏ ਸਨ।
ਕਿੰਨਾਂ ਕੁ ਚਿਰ ਠਹਿਰੇ ਫਿਰ ‘ਬਾਬੇ’ ?
“ਬਅਸ ਭਾਅਜੀ ਵੀਹ ਕੁ ਮਿੰਟ ਹੀ, ਚਾਹ ਦਾ ਹੀ ਕੱਪ ਪੀਤਾ, ‘ਸੰਗਤਾਂ’ ਹੋਰਾਂ ਦੇ ਬਹੁਤ ਜਾਂਣਾ ਸੀ।
ਸਾਥੋਂ ਬਾਅਦ ਮੇਰੇ ਭਣਵਈਏ ਦੇ ਭਰਾ ਦੇ ਘਰ ਗਏ, ਜਿਹੜਾ ਸਾਡੇ ਨਾਲ ਹੀ ਦੋ ਕੁ ਬਲੌਕ ਤੇ ਰਹਿੰਦਾ”।
ਉਥੇ ਫਿਰ ਕਿੰਨੇ ਲੁਟੇ? ਮੇਰੇ ਮੂੰਹ ਲੁੱਟ ਚੜ੍ਹੀ ਕਰਕੇ ਫਿਰ ਲੁੱਟ ਨਿਕਲ ਗਿਆ, ‘ਗਲਤੀ’ ਦਾ
ਅਹਿਸਾਸ ਕਰਕੇ ਮੈਂ ਇੱਕ ਦਮ ਖਿਮਾ ਲਈ ਅਪਣੇ-ਆਪ ਨੂੰ ਤਿਆਰ ਕਰ ਲਿਆ ਪਰ ਇਸ ਵਾਰੀ ਉਸ ਵਲੋਂ ਕੋਈ
ਖਾਸ ਹਿੱਲਜੁਲ ਨਾ ਹੋਈ, ਪਤਾ ਨਹੀ ਉਸ ਇਹਨੂੰ ਗੌਲਿਆ ਨਾ ਜਾਂ ਮੇਰੀ ‘ਮਾੜੀ ਆਦਤ’ ਜਾਣ ਮਾਫ ਕਰ
ਦਿੱਤਾ ਜਾਂ ਉਸਨੂੰ ਦਾਨ ਤੋਂ ਅਗੇ ਕੋਈ ਚੰਗਾ ਲਫਜ ਨਹੀ ਲੱਭਾ। ਉਥੇ ਵੀ ਉਸਦੇ ਦਸਣ ਮੁਤਾਬਕ ਦੋ-ਦੋ
ਸੌ ਵਾਲੀ ਕਹਾਣੀ ਹੀ ਦੁਹਰਾਈ ਗਈ, ਬਾਬਿਆਂ ਉਪਰ ਅਪਣੀ ਜਾਣ ਪਛਾਣ ਦਾ, ਅਤੇ ਜਾਣ ਪਛਾਣ ਵਾਲਿਆਂ
ਕੋਲੇ ਇੰਨੇ ‘ਮਸ਼ਹੂਰ ਕਲਾਕਾਰ ਬਾਬਾ ਜੀ’ ਨੂੰ ਘਰੇ ਸੱਦ ਕੇ ਚਾਹ ਪਿਆਉਣ ਵਰਗੀ ‘ਮਹਿਮਾਂ’ ਦਾ ਰੋਅਬ
ਪਾਉਣ ਲਈ ਸੌ-ਪੰਜਾਹ ਵਾਲਿਆਂ ਦਾ ਇਕੱਠ ਉਸ ਵੀ ਚੰਗਾ ਤਗੜਾ ਕੀਤਾ ਹੋਇਆ ਸੀ। ਉਸ ਤੋਂ ਬਾਅਦ ਉਸਦੇ
ਸਹੁਰਿਆਂ ਦਾ ਗ੍ਰਹਿ ‘ਪਵਿੱਤਰ’ ਕੀਤਾ’ ਉਥੇ ਵੀ ਉਹੀ ਕਹਾਣੀ’ ਫਿਰ ਸਹੁਰਿਆ ਦੇ ਭਰਾ ਦੇ ਘਰ ਦੀਆਂ
‘ਭੂਤ ਚੁੜੇਲਾਂ’ ਦਾ ਪਾਰ-ਨਿਸਤਾਰਾ ਕਰਕੇ ਬਾਬਾ ਜੀ ਅਗੇ ਤਪਦੀਆਂ ਰੂਹਾਂ ਨੂੰ ਸਾਰਾ ਦਿਨ ਠਾਰਨ ਲਈ
ਆਪ ਵਿਚਾਰੇ ਸੜਦੀ-ਸੜਦੀ ਚਾਹ ਨਾਲ ਢਿੱਢ ਸਾੜਦੇ ਰਹੇ।
ਸਵੇਰ ਤੋਂ ਸ਼ਾਮ ਤੱਕ ਬਾਬਾ ਜੀ ਦੇ ਚਰਨ ਪਤਾ ਨਹੀ ਕਿੰਨਿਆਂ ਕੁ ਘਰਾਂ ਦੀ ਮੈਲ ਅਪਣੇ `ਚਰਨਾਂ’ ਨਾਲ
ਧੋਂਦੇ ਫਿਰਦੇ ਰਹਿੰਦੇ ਪਰ ਸਾਰੇ ਇਸ ‘ਕਾਰੋਬਾਰ’ ਵਿੱਚੋਂ ਵੀਹਾਂ ਕੁ ਦਿਨਾਂ ਵਿੱਚ ਮੋਟੇ ਜਿਹੇ
ਅੰਦਾਜੇ ਮੁਤਾਬਕ ਬਾਬਾ ਜੀ ਦੇ ਪੱਲੇ ਕੇਵਲ 18 ਤੋਂ 20 ਕੁ ਲੱਖ ਡਾਲਰ ਹੀ ਪਿਆ ਮੰਨਿਆਂ ਜਾ ਸਕਦਾ
ਹੈ? ? ਵੈਨਕੂਵਰ ਦੇ ‘ਖਾਲਿਸਤਾਨੀਆਂ’ ਦੇ ਡੇਰੇ ਇੱਕ ਦੀਵਾਨ ਵਿੱਚ 9000 ਬੰਦੇ-ਬੰਦੀਆਂ ਬਾਬਾ ਜੀ
ਦੇ ਵਾਜੇ ਤੇ ਮਾਇਆ ਮੱਥਾ ਟੇਕਦੇ ਅਕਾਂਊਟ ਹੋਏ ਹਨ। ਵੈਸੇ 10-20 ਡਾਲਰ ਤੋਂ ਘੱਟ ਕਿਸੇ ਨਹੀ ਟੇਕਿਆ
ਹੋਣਾਂ ਪਰ ਜੇ ਤੁਸੀਂ ਪੰਜ ਡਾਲਰ ਵੀ ਮੰਨ ਕੇ ਚਲਦੇ ਹੋ ਤਾਂ 45 ਹਜਾਰ ਡਾਲਰ ਇੱਕ ਦੀਵਾਨ ਦੀ ਕਮਾਈ
ਬਣਦੀ ਹੈ, ‘ਮੋਟਾ ਮਾਲ’ ਚਰਨ ਪਵਾਈ ਪਾਕੇ ਕੀ ਲੱਖ ਡਾਲਰ ਦਿਹਾੜੀ ਜਿਆਦਾ ਹੈ?
ਪ੍ਰਾਪਤੀ ਕੀ ਹੋਈ ਇੰਨੀਆਂ ਜ੍ਹੇਬਾਂ ਕਟਾਕੇ? ਜਦ ਮੈਂ ਉਸਨੂੰ ਪੁਛਿਆ ਤਾਂ ਉਸਦਾ ਤੋਤੇ ਵਰਗਾ ਜਵਾਬ
ਸੀ।
“ਲੈ ਭਾਅਜੀ ਕਰਤੀ ਨਾਂ ਕਾਮਰੇਡਾਂ ਵਾਲੀ, ਜਿਹੜਾ ਉਹਨੀਂ ਹਜਾਰਾਂ ਨੂੰ ਅਮ੍ਰੰਤਿ ਪਾਨ ਕਰਾਇਆ ਉਹ
ਕਿਸੇ ਲੇਖੇ ਨਹੀਂ” ?
ਅਮ੍ਰੰਤਿ ਤਾਂ ਪਿਹੋਵੇ ਵਾਲੇ ‘ਸਾਧ’ ਵੀ ਬੜਾ ਛਕਾਇਆ ਸੀ, ਬੜੂੰਦੀ ਵਾਲਾ ਹਾਲੇ ਵੀ ਖੰਡਾ ਖੜਕਾਈ ਜਾ
ਰਿਹੈ, ਧੰਨਵੰਤ ਸਿੰਘ ਵੀ ਅੰਮ੍ਰਤਿ ਸੰਚਾਰ ਬਥੇਰਾ ਕਰਦਾ ਸੀ, ਤੇਰੇ ਗੁਆਂਢ ‘ਸਿੰਘ ਸਾਹਿਬ ਦਲਜੀਤ
ਸਿੰਘ ਖਾਲਸਾ’ ਅੱਜਕਲ ਸੁੱਰਖੀਆਂ `ਚ ਹੈ। ਢੱਕੀ ਮਕਸੂਦੜਾ ਵੀ ਜਿਹਲ `ਚ ਹੈ? ਤੇਰੇ ਠਾਠਾਂ ਵਾਲੇ
ਬਹੁਤ ਅੰਮ੍ਰਤਿ ਛਕਾਉਦੇ, ਪਰ ਇਹਨਾਂ ਚੋਂ ਖੁਦ ਅੰਮ੍ਰਤਿ ਦੇ ਕੋਈ ਲਾਗੋਂ ਵੀ ਨਹੀ ਲੰਘਿਆ, ਨਹੀ
ਯਕੀਨ ਤਾਂ ਇਹਨਾਂ ਦੇ ਜਗੀਰ ਨੁਮਾਂ ਡੇਰਿਆਂ ਵਿੱਚ ਚਾਰ ਰਾਤਾਂ ਕੱਟ ਕੇ ਦੇਖ ਲਈਂ ਜੇ ਜਿਆਦਾ
ਖਤਰਨਾਕ ਤਜੱਰਬਾ ਕਰਨਾ ਤਾਂ ਘਰਵਾਲੀ ਵੀ ਨਾਲ ਲੈ ਜਾਈਂ ਤੈਨੂੰ ਵੱ੍ਹਡ ਕੇ ਹਰੀਕੇ ਦਰਿਆ `ਚ ਨਾ
ਰ੍ਹੋੜਤਾ ਤਾਂ ਆਖੀਂ?
“ਪਰ ਯਾਰ ਤੂੰ ਸਾਰਿਆਂ ਨੂੰ ਇਕੋ ਜਿਹਾ ਕਿਵੇਂ ਸਮਝ ਲਿਆ” ? ਉਹ ਭਾਅਜੀ ਜਾਂ ਭਾਅ ਤੋਂ ਯਾਰ ਤੇ ਅਤੇ
ਤੁਸੀ ਤੋਂ ਤੂੰ ਤੇ ਆ ਗਿਆ ਸੀ। ਜਿਸ ਤੋਂ ਉਸਦੇ ਅੰਦਰ ਵਸੇ ‘ਬਾਬਿਆਂ ਦੇ ਚਰਨ’ ਸਪੱਸ਼ਟ ਬੋਲ ਰਹੇ
ਸਨ।
ਲੈ ਸੁਣ, ਇਹਨਾ ਦੇ ਇਕੋ ਜਿਹਾ ਹੋਣ ਦੀ ਵੱਡੀ ਦਲੀਲ ਇਹ ਹੈ ਕਿ ਇਹਨੀਂ ਗੁਰੂ ਨਾਨਕ ਸਾਹਿਬ ਦੇ ਸਭ
ਤੋਂ ਪਹਿਲੇ ਕਿਰਤ ਕਰਨ ਦੇ ਸਿਧਾਂਤ ਨੂੰ ਮੁੱਢੋਂ ਹੀ ਰੱਦ ਦਿੱਤਾ, ਨੰਬਰ ਦੋ, ਇਹ ਗੁਰੂ ਦੇ
ਗ੍ਰਹਿਸਤ ਮਾਰਗ ਨੂੰ ਵੀ ਛੱਡ ਬੈਠੇ ਨੇ, ਬੰਦਾ ਕਿਰਤੀ ਵੀ ਨਾ ਹੋਵੇ ਗ੍ਰਹਿਸਤੀ ਵੀ ਨਾ ਹੋਵੇ ਪੈਸਾ
ਬੇਸ਼ੁਮਾਰ ਹੋਵੇ, ਸਿਰ ਤੇ ਕੋਈ ਬੋਝ ਨਾ ਹੋਵੇ, ਕਾਜੂ-ਪਿਸਤੇ ਉਸਦੀ ਖੁਰਾਕ ਹੋਵੇ, ਤੇ ਬੰਦਾ
ਬ੍ਰਮਚਾਰੀ ਵੀ ਹੋਵੇ? ਤੂੰ ਪੰਜ ਤੋਂ ਛੇ ਦਿਨ ਟਰੱਕ ਚਲਾਉਂਦਾ, ਬਿੱਲ-ਬੱਤੀਆਂ, ਮੌਰਗੇਜਾਂ ਦੇ ਫਿਕਰ
ਤੇਰਾ ਕਚੂੰਬਰ ਕੱਢੀ ਰੱਖਦੇ, ਨਿਆਣਿਆਂ ਦੀਆਂ ਪਰੇਸ਼ਾਨੀਆਂ ਵੱਖਰੀਆਂ, ਰਿਸ਼ਤੇਦਾਰ, ਮਿੱਤਰ-ਦੋਸਤ,
ਜਮਣੇ-ਮਰਣੇ ਕਈ ਕੁੱਝ ਤੇਰੇ ਸਿਰ ਤੇ ਮੌਤ ਵਾਂਗੂਂ ਕੂਕਦਾ ਰਹਿੰਦਾ ਪਰ ਫਿਰ ਵੀ ਕਾਮ ਕੀ ਤੇਰੇ ਸਿਰ
ਚੋਂ ਨਿਕਲ ਜਾਂਦਾ? ਟਰੱਕ ਦੇ ਵੱਖੀਆਂ ਭੰਨ ਸਫਰ ਦੇ ਬਾਵਜੂਦ ਵੀ ਕਿੰਝ ਤੂੰ ਅਨੇਵਾਹ ਦੌੜਦਾਂ ਅਪਣੀ
ਔਰਤ ਵਲ?
“ਪਰ ਭਾਅ ਤੂੰ ਤੇ ਬੰਦਿਆਂ ਦੀ ਗਲ ਕਰ ਰਿਹੈ, ਮੈਂ ਸੰਤਾਂ ਦੀ ਪੁੱਛ ਰਿਹੈਂ”। ਉਹਨੂੰ ਜਿਵੇਂ ਅਪਣੇ
12-13 ਸੌ ਦਿੱਤੇ ਡੁੱਬਦੇ ਨਜਰ ਆ ਰਹੇ ਸਨ।
ਗੋਲ ਪੱਗ ਅਤੇ ਲੰਮੇ ਚੋਲੇ ਨਾਲ ਕੀ ਸੰਤ ਬਣ ਜਾਈਦਾ? , ਜੇ ਇਦਾ ਹੁੰਦਾ ਹੋਵੇ ਤਾਂ ਗੋਲ ਪੱਗਾਂ ਦੇ
ਡੇਰਿਆਂ ਵਿੱਚ ਆਮ ਲੋਕਾਂ ਵਾਂਗ ਧੜੇਬੰਦੀਆਂ ਅਤੇ ਕਬਜਿਆਂ ਨੂੰ ਲੈ ਕੇ ਛਿੱਤਰ-ਪਤਾਂਣ ਕਿਉਂ ਹੋਵੇ,
ਗੋਲੀਆਂ ਕਿਉਂ ਚਲਣ, ਕੱਤਲ ਕਿਉ ਹੋਣ, ਰੇਪ ਕੇਸ ਕਿਉਂ ਦਰਜ ਹੋਣ, ਚੌਰਸ ਪੱਗ ਜੇ ਕੋਠੀਆਂ ਜਾਂ
ਵ੍ਹਡੇ ਘਰਾਂ ਦੀ ਦੌੜ ਵਿੱਚ ਹੈ ਤਾਂ ਗੋਲ ਪੱਗ ਵ੍ਹਡੇ ਡੇਰਿਆਂ ਦੀ ਦੌੜ ਵਿੱਚ ਹੈ, ਆਂਮ ਬੰਦੇ ਨੂੰ
ਜੇ ਧੀਆਂ-ਪੁੱਤਰਾਂ ਦਾ ਮੋਹ ਹੈ ਤਾਂ ਲੰਮਾ ਚੋਗਾ ਚੇਲਿਆਂ `ਚ ਫਸਿਆ ਪਿਆ ਹੈ। ਜੇ ਅਸੀਂ-ਤੁਸੀਂ
ਮਹਿੰਗੀਆਂ ਕਾਰਾਂ ਜਾਂ ਵ੍ਹਡੇ ਪਿੱਕਿਆਂ ਮਗਰ ਦੌੜਦੇ ਤਾਂ ਇਹਨਾਂ ਦੀ ਦੌੜ ਵੀ ਕੀ ਲੰਮੀਆਂ ਕਾਰਾਂ
ਤੱਕ ਨਹੀਂ? ਕਰਦੇ ਇਹ ਵੀ ਸਭ ਕੁੱਝ ਤੁਹਾਡੇ-ਸਾਡੇ ਵਾਲਾ ਹੀ ਨੇ ਰੂਪ ਹੀ ਬਦਲਵਾਂ ਹੈ ਫਰਕ ਇੰਨਾ ਕਿ
ਤੁਸੀਂ ਕਿਰਤ ਕਰਕੇ ਕਰਦੇ ਉਂ ਇਹ ਤੁਹਾਡੀਆਂ ਜ੍ਹੇਬਾਂ ਕੱਟਕੇ ਕਰਦੇ ਹਨ, ਤੂੰ ਦੱਸ ਇੱਕ ਕਿਰਤੀ
ਚੰਗਾ ਹੋਇਆ ਕਿ ਜ੍ਹੇਬ ਕਤਰਾ?
“ਹੋ ਸਕਦਾ ਤੇਰੀ ਗ੍ਹਲ ਠੀਕ ਹੋਵੇ, ਪਰ ਗੋਲ ਪੱਗ ਜਾਂ ਲੰਮਾਂ ਚੋਲਾ ਤਾਂ ਸੰਤ ਜਰਨੈਲ ਸਿੰਘ ਨੇ ਵੀ
ਪਾਇਆ ਸੀ, ਕੀ ਕਹੇਂਗਾ, ਉਹ ਵੀ ਇਦਾਂ ਦਾ ਹੀ ਸੀ” ? ਉਸ ਬਾਕੀ ਛੱਡਕੇ ਗੱਲ ਚੋਲੇ-ਪੱਗ ਤੇ ਹੀ ਫੋਕਸ
ਕਰ ਲਈ।
ਲੰਮਾਂ ਚੋਲਾ ਜਾਂ ਗੋਲ ਪੱਗ ਕੋਈ ਗੁਨਾਹ ਨਹੀਂ, ਗੱਲ ਤਾਂ ਇੰਨੀ ਬਈ ਤੁਹਾਡੇ ਇਖਲਾਕ ਦਾ ਕੱਦ ਕੀ
ਤੁਹਾਡੇ ਬਾਣੇ ਦੇ ਕੱਦ ਦਾ ਵੀ ਹੈ ਕਿ ਐਂਵੇ ਲੋਕਾਂ ਨੂੰ ਲੁੱਟਣ ਵਾਸਤੇ ਹੀ ਹੈ? ਜਿਸ ਬਾਬੇ ਦੀ ਤੂੰ
ਗੱਲ ਕਰਦਾਂ ਉਸ ਗੁਰੂ ਨਾਨਕ ਦੇ ਸਿਧਾਂਤ ਨੁੰ ਰੱਦਿਆ ਨਹੀਂ, ਉਹ ਕਿਰਤੀ ਵੀ ਸੀ ਤੇ ਗ੍ਰਹਿਸਤੀ ਵੀ,
ਹੱਲ ਦਾ ਮੁੰਨਾ ਫੜਕੇ ਪਹਿਲੀ ਸਾਰੀ ਉਮਰ ਉਸਦੀ ਤੱਤਾ-ਠੱਠਾ ਕਰਦਿਆਂ ਹੀ ਲੰਘੀ ਤੇ ਦੋ ਉਸਦੇ ਨਿਆਂਣੇ
ਵੀ ਨੇ, ਦੂਜਾ ਉਹ ਇਕੱਲਾ ਸੰਤ ਨਹੀ ਸੀ ਨਾ ਉਹ ਅਪਣੇ ਆਪ ਨੂੰ ਸੰਤ ਕਹਿੰਦਾ ਸੀ, ਉਹ ਸਿਪਾਹੀ ਵੀ ਸੀ
ਤੇ ਸਿਪਾਹੀਆਂ ਵਾਂਗ ਲੜਦਾ ਸ਼ਹਾਦਤ ਪਾ ਗਿਆ। ਉਹ ਚੁੱਪ ਜਿਹਾ ਕਰਕੇ ਠੰਡੀ ਹੋ ਗਈ ਕੌਫੀ ਪੀਣ ਲਗ
ਪਿਆ।
“ਚਲ ਭਾਅ ਕੁੱਝ ਨਾ ਕੁੱਝ ਧਰਮ ਪ੍ਰਚਾਰ ਤਾਂ ਫਿਰ ਵੀ ਕਰਦੇ ਹੀ ਨੇ, ਸਾਡੇ ਤਾਂ ਦੋ ਬੰਦੇ ਕੀ ਘਰਦੇ
ਆਖੇ ਨਹੀਂ ਲੱਗਦੇ”। ਉਸ ਥੋੜੇ ਚਿਰ ਬਾਅਦ ਕੌਫੀ ਵਰਗਾ ਠੰਡਾ ਜਿਹਾ ਸਾਹ ਭਰਦਿਆਂ ਇੰਝ ਕਿਹਾ ਜਿਵੇਂ
12 ਸੌ ਵਿੱਚੋਂ ਉਹ ਕੁੱਝ ਤੇ ਮੋੜਨਾਂ ਚਾਹੁੰਦਾ ਸੀ।
ਇਹ ਤੁਹਾਡਾ ਧਰਮ ਪ੍ਰਚਾਰ ਹੀ ਤਾਂ ਧਰਮ ਦੇ ਬੂਹੇ ਬੰਦ ਕਰ ਰਿਹਾ ਤੁਹਾਡੀਆਂ ਨਸਲਾਂ ਵਾਸਤੇ, ਜਦੋਂ
ਧਰਮ ਦੀਆਂ ਦੁਹਾਈਆਂ ਦੇਣ ਵਾਲੇ ਬਲਾਤਕਾਰੀਏ ਸਾਬਤ ਹੋਂਣ ਤਾਂ ਧਰਮ ਨੂੰ ਕੌਂਣ ਮੰਨੇਗਾ? ਦੁਨੀਆਂ
ਨਾਸਤਿਕ, ਨਾਸਤਿਕਾਂ ਵਲ ਦੇਖ ਕੇ ਥੋੜੋਂ ਹੋਈ ਆਸਤਿਕਾਂ ਵਲ ਦੇਖ ਕੇ ਹੈ। ਇਹਨਾਂ ਰੇਤ ਦੇ ਥੰਮ੍ਹਾਂ
ਉਪਰ ਤੁਸੀਂ ਧਰਮ ਦਾ ਮਹਿਲ ਖੜਾ ਕਰਨ ਦੇ ਮੂਰਖਾਂ ਵਾਲੇ ਸੁਪਨੇ ਕਿਉਂ ਪਾਲ ਕੇ ਚਲ ਰਹੇ ਹੋਂ। ਇਹਨਾਂ
ਦੇ ਤੇ ਪੈਰਾਂ ਹੇਠ ਖੁਦ ਦੇ ਜਮੀਨ ਕੋਈ ਨਹੀ ਇਹ ਤਹਾਨੂੰ ਕਿਥੋਂ ਉਠਦਾ ਕਰ ਦੇਣਗੇ? ਇਹ ਬਾਬੇ
ਤੁਹਾਡੇ ਹਾਲੇ ਦਿੱਲੀ ਨਹੀਂ ਪਹੁੰਚਦੇ ਬਾਹਲਿਆਂ ਦੇ ਗਾਤਰੇ ਕਿੱਲੀਆਂ ਤੇ ਹੁੰਦੇ ਨੇ,
ਢੋਲਕੀਆਂ-ਚਿਮਟਿਆਂ ਦਾ ਪੈਦਾ ਕੀਤਾ ਦੁੱਧ ਦਾ ਉਬਾਲ ਮਿੱਤਰ ਪਿਆਰਿਆ, ਜਿਆਦਾ ਚਿਰ ਨਹੀਂ ਰਹਿੰਦਾ ਜੇ
ਪਿਛੋਕੜ ਵਿੱਚ ਪਾਏ ਗਾਤਰੇ ਦੀ ਮਹੱਤਤਾ, ਗੁਰਬਾਣੀਂ ਦਾ ਡੂੰਗਾ ਗਿਆਨ, ਖਾਲਸੇ ਦੇ ਲਹੂ ਨੁੱਚੜਦੇ
ਇਤਿਹਾਸ ਦੀ ਲੋਅ ਨਾ ਤੁਹਾਡੇ ਰੋਮ-ਰੋਮ ਵਿੱਚ ਰੁਸ਼ਨਾਈ ਪਈ ਹੋਵੇ। ਦੇਖਾ ਦੇਖੀ ਦੀ ਸਿੱਖੀ ਕਦ ਤੱਕ
ਜਿਉਂਦੀ ਰਹੇਗੀ? ਦੱਸ ਇਹਨਾਂ ਬਾਬਿਆਂ ਕਿਹੜੀ ਗੁਰਬਾਣੀ ਦਾ ਅਧਿਐਨ ਕੀਤਾ, ਕਿਹੜਾ ਇਤਿਹਾਸ ਪੜਿਆ
ਜਾਂ ਖੋਜਿਆ, ਕਿਹੜੀ ਗੁਰਮਤਿ ਇਹਨੀਂ ਅਪਣੇ ਪਿੰਡੇ ਤੇ ਹੰਡਾਈ, ਕਿਹੜੀ ਘਾਲ ਘਾਲੀ ਕਿ ਇਹ ਅੱਜ
ਲੱਖਾਂ ਸਿਖਾਂ ਨੂੰ ਅਮ੍ਰੰਤਿ ਛਕਾਉਣ ਦਾ ਅਹਿਸਾਨ ਸਿੱਖਾਂ ਨੂੰ ਸਣਾਉਦੇ ਫਿਰ ਰਹੇ ਨੇ ਅਤੇ 108,
ਜਾਂ 1008 ਬਹ੍ਰਮਗਿਆਨੀ ਬਣ ਕੇ ਸਹਿਕ ਰਹੀ ਸਿੱਖੀ ਦੇ ਸਿਰ ਗਿਰਝਾਂ ਵਾਂਗ ਮੰਡਰਾ ਰਹੇ ਹਨ? ਜੋ
ਘਰੋਂ ਲੜਿਆ ਜਾਂ ਕੁੱਟਿਆ-ਕੱਢਿਆ ਉਹ ਚੋਲਾ ਪਾਕੇ ਸੰਤ ਬਣ ਤੁਰਦਾ, ਸੰਤ ਦੀ ਡੈਫੀਨੇਸ਼ਨ ਵੀ ਪੜੀ ਕਦੇ
ਕਿਸੇ ਗੁਰੁ ਗਰੰਥ ਵਿੱਚੋਂ? ਗੁਰੁ ਸਾਹਿਬਾਨਾਂ ਵੇਲੇ ਜਾਂ ਬਾਅਦ ਦੇ ਸਿੱਖ ਇਤਿਹਾਸ ਵਿੱਚ ਕੀ ਕਦੇ
ਕੋਈ ਸੰਤ ਹੋਇਆ ਹੀ ਨਹੀਂ? ਇੰਨੀ ਮਾੜੀ ਹਾਲਤ ਸੀ ਸਾਡੀ ਉਦੋਂ? ਤੇ ਅੱਜ ਕੀ ਸਿੱਖਾਂ ਇੰਨੀਂ ਤਰੱਕੀ
ਕਰ ਲਈ ਕਿ ਹਨੇਰੇ `ਚ ਇੱਟ ਮਾਰੋ ਤਾਂ ‘ਸੰਤ’ ਦੇ ਵੱਜਦੀ ਹੈ? ਪਰ ਸਾਡੇ ਗੁਰਦੁਆਰਿਆਂ ਦੀ
ਪ੍ਰਬੰਧਕ-ਪ੍ਰਣਾਲੀ ਤੋਂ ਕੋਈ ਪੁਛਣ ਵਾਲਾ ਨਹੀ ਕਿ ਇਹ ਕੀ ਨਿੱਤ ਨਵਾਂ ‘ਤਮਾਸ਼ਾ’ ਹੋ ਰਿਹਾ ਸਾਡੀਆਂ
ਸਟੇਜਾਂ ਤੇ? ਕਦੇ ਕਿਸੇ ਗੁਰਦੁਆਰੇ ਨੇ ਅਪਣੀ ਕੰਧ ਤੇ ਲਿਖ ਕੇ ਲਾਇਆ ਕਿ ਇਥੇ ਬ੍ਰਮੇ-ਬਿਸ਼ਨੂੰ ਨਹੀਂ
ਵੜਨ ਦਿੱਤੇ ਜਾਣਗੇ, ਇਥੇ ਫਿਲਮੀ ਤਰਜਾਂ ਵਾਲਾ ਰਾਗੀ ਭਾਈ ਹੇਠਾਂ ਲਾਹ ਦਿੱਤਾ ਜਾਵੇਗਾ ਮਨਘੜਤ
ਕਹਾਣੀਆਂ ਵਰਗੇ ਗਪੌੜ ਇਥੇ ਨਹੀ ਸੁਣੇ ਜਾਂਣਗੇ, ਇਥੇ ਕਿਸੇ ਸਾਧ ਦੇ ਅਮਲੀਆਂ ਵਾਲੇ ਚੁਟਕਲਿਆਂ ਦੀ
ਸਾਨੂੰ ਲੋੜ ਨਹੀਂ। ਪਰ ਇੰਝ ਨਹੀ ਹੋਵੇਗਾ ਕਿਉਕਿ ਸਾਡੇ ਧਾਰਮਿਕ ਅਦਾਰਿਆਂ ਦਾ ਵਪਾਰੀਕਰਣ ਹੋ ਚੁੱਕਾ
ਹੈ ਉਹਨਾ ਨੂੰ ਗਾਹਕਾਂ ਨਾਲ ਮੱਤਲਬ ਹੈ ਸੰਗਤ ਨਾਲ ਨਹੀ।
ਉਹ ਠੰਡਾ ਜਿਹਾ ਸਾਹ ਭਰ ਕੇ ਉਠਿਆ ਤੇ ਬੱਚਦੀ ਕੋਫੀ ਗਲਾਸ ਸਮੇਤ ਉਸ ਗਾਰਬਿਜ ਕਰ ਦਿੱਤੀ ਉਸਨੂੰ
ਲਗਿਆ ਕਿ ਢਾਈ ਹਜਾਰ ਡਾਲਰ ਮੇਰਾ ਵੀ ਕੋਈ ਜ੍ਹੇਬ ਕੱਟ ਕੇ ਲੈ ਗਿਆ ਹੈ।
ਗੁਰਦੇਵ ਸਿੰਘ ਸੱਧੇਵਾਲੀਆ