.

ਸ਼ਬਦ ਅਰਥ

ਪਦਾ ਪਹਿਲਾ: ਲੰਕਾ ਸਾ ਕੋਟੁ … ਖਬਰਿ ਨ ਪਾਈ॥ ੧॥

1. ਲੰਕਾ : ਇੱਥੇ ਰਾਵਣ ਦੀ ਲੰਕਾ (ਸੋਨੇ ਦੀ ਲੰਕਾ) ਨੂੰ ਮੁਖਾਤਿਬ ਕਰਕੇ ਅਮੀਰੀ ਦੇ ਦਿਖਾਵੇ ਦੀ, ਬਹੁਤ ਧਨ ਖਰਚ ਕਰਕੇ ਬਣਾਈ ਗਈ ਇਮਾਰਤ, ਮਹੱਲ, ਘਰ ਜਾਂ ਕਿਲ੍ਹੇ ਨੂੰ ਕਿਹਾ ਗਿਆ ਹੈ।

2. ਕੋਟੁ : ਕਿਲ੍ਹਾ। ਇੱਥੇ ‘ਕੋਟੁ’ ਦੇ ‘ਟ’ ਨੂੰ ਔਂਕੜ ਲੱਗੀ ਹੋਈ ਹੈ ਇਸ ਕਰਕੇ ਇੱਕ ਵਚਨ (singular form) ਹੋਣ ਦੇ ਕਾਰਨ ਇਸ ਦੇ ਅਰਥ ਕਿਲ੍ਹਾ ਲਏ ਗਏ ਹਨ। (ਪਰ ਗੁਰਬਾਣੀ ਵਿੱਚ ‘ਕੋਟਿ’ ਦਾ ਅਰਥ ਕਰੋੜ ਵੀ ਲਿਆ ਜਾਂਦਾ ਹੈ। ਉੱਥੇ ‘ਟ’ ਨੂੰ ਸਿਹਾਰੀ ਨਾਲ ਲਿਖਿਆ ਹੁੰਦਾ ਹੈ।)

3. ਲੰਕਾ ਸਾ: ਲੰਕਾ ਰੂਪੀ ਕਿਲ੍ਹਾ। ਰਹਿਣ ਲਈ ਬਹੁਤ

ਕੋਟੁ ਧਨ ਖਰਚ ਕੇ ਬਣਾਇਆ ਹੋਇਆ ਘਰ।

4. ਸਮੁੰਦ ਸੀ: ਸਮੁੰਦਰ ਵਾਂਗੂੰ ਡੂੰਘੀ ਤੇ ਵੱਡੀ ਖਾਈ

ਖਾਈ ਖੋਦਣਾ। ਘਰ ਦੇ, ਕਿਲ੍ਹੇ ਦੇ ਚਾਰੋਂ ਪਾਸੇ ਸਮੁੰਦਰ ਵਾਂਗੂੰ ਡੂੰਘਾ ਖੱਡਾ ਖੋਦ ਕੇ ਉਸ ਵਿੱਚ ਪਾਣੀ ਭਰ ਲੈਣਾ ਤਾਂ ਕਿ ਕੋਈ ਵੀ ਦੁਸ਼ਮਣ ਆ ਨਾ ਸਕੇ ਅਤੇ ਮੌਤ ਦੇ ਡਰ ਤੋਂ ਬੇਫ਼ਿਕਰ ਹੋ ਕੇ ਕਿਲ੍ਹੇ ਦੀ ਹਿਫ਼ਾਜ਼ਤ ਕਰਨ ਦਾ ਤਰੀਕਾ।

5. ਤਿਹ : ਤਿਨ੍ਹਾਂ ਨੂੰ ਭਾਵ ਉਨ੍ਹਾਂ ਸੁੱਖਾਂ, ਆਰਾਮਾਂ ਜਾਂ ਚੀਜ਼ਾਂ ਨੂੰ। ਇੱਥੇ ‘ਤਿਹ’ ਦੇ ‘ਹ’ ਮੁਕਤਾ ਹੋਣ ਦੇ ਕਾਰਨ ਅਰਥ ਬਹੁ ਵਚਨ ਵਿੱਚ ਲੈਣੇ ਹਨ।

6. ਰਾਵਨ : ਇਸ ਦਾ ਅਰਥ ਹੈ ਭੋਗਣਾ ਜਾਂ ਹੰਢਾਣਾ। ਇਹ ਸ਼ਬਦ ‘ਰਾਵ’ ਤੋਂ ਬਣਿਆ ਹੈ। ਇੱਥੇ ‘ਰਾਵਨ’ ਦਾ ਅਰਥ ਅਖੌਤੀ ਲੰਕਾ ਦਾ ਰਾਜਾ ਰਾਵਣ ਨਹੀਂ ਲੈਣਾ ਕਿਉਂਕਿ ਗੁਰਬਾਣੀ ਵਿੱਚ ਰਾਵਨ, ਮਾਣਨ ਜਾਂ ਹੰਢਾਉਣ ਦੇ ਭਾਵ ਅਰਥ ਵਿੱਚ ਵੀ ਆਉਂਦਾ ਹੈ ਜਿਵੇਂ ਕਿ “ਸਭਿ ਸਹੀਆ ਸਹੁ ਰਾਵਣੁ ਗਈਆ” (ਪੰਨਾ 558) “ਮੰਞੁ ਕੁਚਜੀ ਅੰਮਾਵਣਿ ਡੋਸੜੇ ਹਉ ਕਿਉ ਸਹੁ ਰਾਵਣਿ ਜਾਉ ਜੀਉ” (ਪੰਨਾ 762) ਅਤੇ “ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ।।” (ਪੰਨਾ 17)।

7. ਘਰ ਖਬਰਿ : ਸਰੀਰ ਵਿੱਚ ਹਿਰਦੇ ਰੂਪੀ ਘਰ ਨੂੰ ਖ਼ਬਰ ਤੱਕ ਨਾ ਮਿਲਣਾ ਭਾਵ ਪਤਾ ਹੀ ਨਾ ਚੱਲਣਾ।

8. ਨ ਪਾਈ : ਨਹੀ ਮਿਲੀ, ਨਹੀਂ ਮਿਲਦੀ।

ਪਦਾ ਰਹਾਉ: ਕਿਆ ਮਾਗਉ … …. ਜਗੁ ਜਾਈ॥ ੧॥

9. ਕਿਆ: ਕੀ ਮੰਗਾਂ। ਇੱਥੇ ‘ਮਾਗਉ’ ਦੇ ਅੰਤ ਵਿੱਚ

ਮਾਗਉ ‘ੳ’ ਬੰਦ ਹੈ ਅਤੇ ਔਂਕੜ ਹੈ ਭਾਵ ਇਹ ਉਤਮ ਪੁਰਖ (first person) ਦੇ ਰੂਪ ਵਿੱਚ ਉਚਾਰਨ ਕਰਨਾ ਹੈ। ਇਸ ਦਾ ਉਚਾਰਨ ਕਰਨ ਸਮੇਂ ‘ੳ’ ਬਾਅਦ ਬਿੰਦੀ ਲਗਾ ਕੇ ਭਾਵ ਆਪਣੇ ਆਪ ਨੂੰ ਮੁਖਾਤਿਬ ਕਰਕੇ ਅਰਥ ਲੈਣੇ ਹਨ। ਇਸ ਲਈ ‘ਮਾਗਹੋ’ ਉਚਾਰਨ ਨਹੀਂ ਕਰਨਾ ਕਿਉਂਕਿ ‘ਮਾਗਹੋ’ ਉਚਾਰਨ ਕਰਨ ਨਾਲ ਅੰਨ ਪੁਰਖ (third person) ਹੁਕਮ ਰੂਪ ਵਿੱਚ ਅਰਥ ਬਣ ਜਾਂਦੇ ਹਨ।

10. ਥਿਰੁ : ਸਦੀਵੀ ਟਿਕੇ ਰਹਿਣਾ (stable)। ਗੁਰਮੁਖੀ ਲਿੱਪੀ ਵਿੱਚ ਆਉਣ ਤੋਂ ਪਹਿਲਾਂ ਇਹ ਲਫ਼ਜ਼ ਸਥਿਰ ਹੁੰਦਾ ਸੀ ਪਰੰਤੂ ਗੁਰਬਾਣੀ ਵਿੱਚ ‘ਸ’ ਉਡਾ ਕੇ ਇਹਦਾ ਰੂਪ ‘ਥਿਰ’ ਬਣ ਗਿਆ। ਇਸੇ ਤਰ੍ਹਾਂ ‘ਸਥਾਨ’ ਦਾ ਰੂਪ ਬਦਲ ਕੇ ‘ਥਾਨ’ ਜਾਂ ਅਸਥਾਨ ਬਣ ਜਾਂਦਾ ਹੈ।

11. ਨ ਰਹਾਈ : ਨਹੀਂ ਰਹਿੰਦਾ।

12. ਥਿਰੁ ਨ : ਇਸ ਧਰਤੀ ਤੇ ਸ੍ਰਿਸ਼ਟੀ ਵਿੱਚ ਕੁੱਝ ਵੀ

ਰਹਾਈ ਇਕੋ ਰੂਪ ਵਿੱਚ ਸਦੀਵੀ ਟਿਕਿਆ ਨਹੀਂ ਰਹਿੰਦਾ ਭਾਵ ਸਭ ਕੁੱਝ ਬਦਲਣਹਾਰ ਹੈ।

13. ਦੇਖਤ ਨੈਨ : ਸਾਡੇ ਵੇਖਦਿਆਂ-ਵੇਖਦਿਆਂ, ਇਨ੍ਹਾਂ ਅੱਖਾਂ ਦੇ ਸਾਹਮਣੇ (ਅੱਖਾਂ ਰਾਹੀਂ ਦੇਖਦਿਆਂ-ਦੇਖਦਿਆਂ)।

14. ਚਲਿਓ : ਚਲਾ ਜਾਂਦਾ ਹੈ ਭਾਵ ਨਾਸ਼ ਹੁੰਦਾ ਹੈ, ਬਿਨਸਨਹਾਰ।

15. ਜਾਈ : ਜਾ ਰਿਹਾ ਹੈ।

ਪਦਾ ਦੂਜਾ : ਇਕੁ ਲਖੁ ਪੂਤ … ਘਰ ਦੀਆ ਨ ਬਾਤੀ॥ ੨॥

16. ਪੂਤ : ਪੁੱਤਰ। ਪੂਤ ਦਾ ‘ਤ’ ਮੁਕਤਾ ਹੈ ਇਸ ਲਈ ਬਹੁ ਵਚਨ ਹੈ ਭਾਵ ਇੱਕ ਤੋਂ ਵੱਧ ਪੁੱਤਰ।

17. ਨਾਤੀ : ਪੋਤਰੇ, ਦੋਹਤ੍ਰੇ (grand children)

18. ਦੀਆ : ਦੀਵਾ।

19. ਬਾਤੀ : ਵੱਟੀ ਹੋਈ ਰੂੰਈ (cotton)

20. ਦੀਆ ਨ: ਰੋਸ਼ਨੀ (light) ਜਗਾਉਣ ਵਾਸਤੇ ਕੋਈ

ਬਾਤੀ ਨਾ ਹੋਣਾ।

ਪਦਾ ਤੀਜਾ: ਚੰਦੁ ਸੂਰਜੁ …. . ਕਪਰੇ ਧੋਈ॥ ੩॥

21. ਤਪਤ: ਰਸੋਈ ਵਿੱਚ ਅੱਗ ਬਾਲ ਕੇ ਸਾਰੇ ਪਕਵਾਨ

ਰਸੋਈ ਬਣਾਉਣੇ।

22. ਬੈਸੰਤਰੁ : ਅੱਗ।

23. ਚੰਦੁ ਸੂਰਜੁ : ਬਹੁਤ ਮਾਇਆ ਰਾਹੀਂ ਦੁਨੀਆ ਭਰ ਦੇ

…. . ਬੈਸੰਤਰੁ ਆਪਣੇ ਸਾਰੇ ਕੰਮ ਕਰਵਾ ਸਕਣ ਦੇ ਵਸੀਲੇ (resources) ਪ੍ਰਾਪਤ ਕਰਨਾ ਜਾਂ ਆਪਣੇ ਵੱਸ ਵਿੱਚ ਕਰਨਾ। ਧਨ ਪਦਾਰਥਾਂ ਦੀ ਚਕਾਚੌਂਧ `ਚ ਰਹਿਣ ਦੀ ਭੁੱਖ। ਇਸ ਦਾ ਭਾਵ ਦੁਨਿਆਵੀ ਚੰਦਰਮਾ, ਸੂਰਜ ਅਤੇ ਅੱਗ ਨਹੀਂ ਲੈਣੇ।

24. ਕਪਰੇ ਧੋਈ : ਕਪੜੇ ਧੋਣਾ।

25. ਤਪਤ: ਇਨ੍ਹਾਂ ਦਾ ਅਰਥ ਹੈ ਕਿ ਦੁਨੀਆ ਭਰ ਦੇ

ਰਸੋਈ …. . ਸਾਰੇ ਕੰਮ ਕਰਾਉਣ ਦੇ ਪਦਾਰਥ (home

ਕਪਰੇ ਧੋਈ appliances, luxuries).

ਪਦਾ ਚੌਥਾ : ਗੁਰਮਤਿ ਰਾਮੈ ਨਾਮਿ. . ਕਤਹੂੰ ਜਾਈ॥ ੪॥

26. ਗੁਰਮਤਿ : ਗੁਰੂ ਦੀ ਗਿਆਨ ਰੂਪੀ ਮੱਤ ਰਾਹੀਂ (with the help of true knowledge)

27. ਰਾਮੈ ਨਾਮਿ : ਰੱਬ ਜੀ ਦੇ ਗੁਣਾਂ ਰਾਹੀਂ। ਇੱਥੇ ‘ਰਾਮੈ’ ਦੇ ‘ਮ’ ਨੂੰ ਦੁਲਾਵਾਂ ਹਨ ਅਤੇ ‘ਨਾਮਿ’ ਦੇ ‘ਮ’ ਨੂੰ ਸਿਹਾਰੀ ਹੈ ਭਾਵ ਪੂਰਨ ਸੱਚੇ ਗਿਆਨ ਰਾਹੀਂ ਰੱਬੀ ਗੁਣਾਂ ਨੂੰ ਹਿਰਦੇ ਵਿੱਚ ਵਸਾ ਕੇ।

28. ਅਸਥਿਰੁ : ਹਮੇਸ਼ਾ ਲਈ ਟਿਕਿਆ ਹੋਇਆ (stable)। ਇਸ ਲਫ਼ਜ਼ ਦਾ ਭਾਵ ਵੀ ‘ਥਿਰ’ ਹੀ ਲੈਣਾ ਹੈ ਜਿਵੇਂ ਕਿ ਗੁਰਬਾਣੀ ਵਿੱਚ ‘ਥਾਨ’ ਅਤੇ ‘ਅਸਥਾਨ’ ਦਾ ਇਕੋ ਭਾਵ ਹੁੰਦਾ ਹੈ।

29. ਕਤਹੂੰ : ਕਿੱਥੇ ਵੀ।

ਪਦਾ ਪੰਜਵਾਂ: ਕਹਤ ਕਬੀਰ. . ਮੁਕਤਿ ਨ ਹੋਈ॥ ੫॥

30. ਲੋਈ : ਦੁਨੀਆਂ ਦੇ ਲੋਕੋ, (ਲੋਈ ਦੇ ਅਰਥ ਸ਼ਾਲ (shawl) ਅਤੇ ਪਤਨੀ ਵੀ ਹੁੰਦੇ ਹਨ।) ਇੱਥੇ ਕਬੀਰ ਸਾਹਿਬ ਦੁਨੀਆ ਦੇ ਲੋਕਾਂ (ਲੋਈ) ਨੂੰ ਮੁਖਾਤਿਬ ਕਰਕੇ ਕਹਿ ਰਹੇ ਹਨ।

31. ਰੇ ਲੋਈ : ਐ ਦੁਨੀਆ ਦੇ ਲੋਕੋ, ‘ਰੇ’ ਲਫ਼ਜ਼ ਆਪਣੇ ਆਪ ਵਿੱਚ ਬਹੁ ਵਚਨ (ਇਕ ਤੋਂ ਜ਼ਿਆਦਾ ਮਨੁੱਖਾਂ ਨੂੰ ਮੁਖਾਤਿਬ ਕਰਨ ਲਈ ਵਰਤਿਆ ਜਾਂਦਾ ਹੈ) ਅਤੇ ਪੁਲਿੰਗ (masculine gender) ਹੈ। ਜੇਕਰ ਕਬੀਰ ਸਾਹਿਬ ਆਪਣੀ ਪਤਨੀ ਨੂੰ ਮੁਖਾਤਿਬ ਕਰਕੇ ਕਹਿ ਰਹੇ ਹੁੰਦੇ ਤਾਂ ਇੱਥੇ ਲਫ਼ਜ਼ ਇਸਤਰੀ ਲਿੰਗ (feminine gender) ਵਿੱਚ ‘ਰੀ ਲੋਈ’ ਹੁੰਦਾ।

32. ਮੁਕਤਿ : ਇਸੇ ਜੀਵਨ ਵਿੱਚ ਜਿਊਂਦੇ ਜੀਅ ਵਿਕਾਰਾਂ ਕਰਕੇ ਮਾਇਆ ਦੇ ਪ੍ਰਭਾਵ ਵਿੱਚ ਖਚਿਤ ਨਾ ਹੋਣਾ। ਦੁਨਿਆਵੀ ਪਦਾਰਥਾਂ ਦੀ ਪਕੜ, ਮੋਹ ਜਾਂ ਅੱਗੋਂ ਵਾਸਤੇ ਸਦਾ ਲਈ ਇੱਛਾ ਰਹਿਤ ਭਾਵ ਇਨ੍ਹਾਂ ਸਭ ਚੀਜ਼ਾਂ ਦੇ ਮੋਹ ਤੋਂ ਉਪਰ ਦੀ ਅਵਸਥਾ (state of desirelessness)। ਗੁਰਮਤਿ ਵਿੱਚ ਇਸੇ ਅਵਸਥਾ ਨੂੰ ਮੁਕਤ ਅਵਸਥਾ ਕਹਿੰਦੇ ਹਨ ਜਾਂ ਜਿਊਂਦਿਆਂ ਹੀ ਰੱਬੀ-ਮਿਲਨ ਦੀ ਅਵਸਥਾ ਕਹਿੰਦੇ ਹਨ।

ਸ਼ਬਦ ਵਿਚਾਰ

ਪਦਾ ਰਹਾਉ : ਕਿਆ ਮਾਗਉ … … ਜਗੁ ਜਾਈ॥ ੧॥

“ਆਸਾ ਕਬੀਰ ਜੀਉ”। ਇਹ ਸ਼ਬਦ ਕਬੀਰ ਸਾਹਿਬ ਦੀ ਬਾਣੀ ਦਾ ਆਸਾ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 481 ਨੰਬਰ ਪੰਨੇ ਤੇ ਦਰਜ ਕੀਤਾ ਗਿਆ ਹੈ। ਇਸ ਸ਼ਬਦ ਦਾ ਰਹਾਉ ਹੈ ਕਿਆ ਮਾਗਉ ਕਿਛੁ ਥਿਰੁ ਨ ਰਹਾਈ॥ ਦੇਖਤ ਨੈਨ ਚਲਿਓ ਜਗੁ ਜਾਈ॥ ੧॥ ਰਹਾਉ॥” ਇਸ ਸ਼ਬਦ ਦੇ ਰਹਾਉ ਵਿੱਚ ਕਬੀਰ ਸਾਹਿਬ ਕਹਿ ਰਹੇ ਹਨ ਕਿ ਐਸਾ ਕੀ ਮੰਗਾਂ ਜੋ ਸਦੀਵੀ ਟਿਕਿਆ ਰਹੇ। ਬਲਕਿ ਮੰਗਣ ਦੀ ਬਜਾਇ ਆਪਣਾ ਤਜ਼ਰਬਾ ਸੁਣਾ ਰਹੇ ਹਨ ਕਿ ਮੈਂ ਇਨ੍ਹਾਂ ਅੱਖਾਂ ਨਾਲ ਦੇਖ ਰਿਹਾ ਹਾਂ ਕਿ ਜੋ ਕੁੱਝ ਵੀ ਇਸ ਜੱਗ ਵਿੱਚ ਹੈ ਉਹ ਇੱਕ ਨਾ ਇੱਕ ਦਿਨ ਮੁੱਕ ਜਾਣਾ ਹੈ ਭਾਵ ਬਿਨਸਨਹਾਰ ਹੈ। ਦੁਨੀਆ ਦੇ ਲੋਕ ਧਰਮ ਦੇ ਨਾਮ ਹੇਠਾਂ (ਕਿਸੇ ਨ ਕਿਸੇ ਕਰਮਕਾਂਡ ਰਾਹੀਂ ਜਾਂ ਅਖੌਤੀ ਪੂਜਾ, ਪਾਠ, ਭਗਤੀ ਦੇ ਇਵਜ਼ ਵਜੋਂ, ਮਿੱਥੇ ਹੋਏ ਅੰਧ-ਵਿਸ਼ਵਾਸ ਕਾਰਨ) ਕੁੱਝ ਨ ਕੁੱਝ ਦੁਨਿਆਵੀ ਪਦਾਰਥ ਮੰਗਦੇ ਰਹਿੰਦੇ ਹਨ। ਜਿਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਲੋਕ ਉਨ੍ਹਾਂ ਚੀਜ਼ਾਂ (ਦੁਨਿਆਵੀ ਕੁੱਝ ਵੀ) ਦੀ ਮੋਹ ਪਕੜ ਦੇ ਕਾਰਨ ਮੁਕਤ ਅਵਸਥਾ ਪ੍ਰਾਪਤ ਨਹੀਂ ਕਰ ਸਕਦੇ। ਇਸ ਕਰਕੇ ਹੋਰ ਹੋਰ ਦੀ ਇੱਛਾ ਕਾਰਨ, ਕੁਰਬਲ-ਕੁਰਬਲ ਕਰਦੇ, ਅਸੰਤੁਸ਼ਟ ਤੇ ਬੇਚੈਨ ਜੀਵਨ ਜਿਊਂਦੇ ਰਹਿੰਦੇ ਹਨ। ਇੱਥੋਂ ਤੱਕ ਹੀ ਨਹੀਂ ਬਲਕਿ ਮਕਾਨ, ਧੀਆਂ-ਪੁੱਤਰ, ਐਸ਼ੋ-ਆਰਾਮ ਦੇ ਪਦਾਰਥ ਪ੍ਰਾਪਤ ਕਰਨ ਲਈ, ਕੋਈ ਨਾ ਕੋਈ ਆਪਣੇ ਖਿਆਲਾਂ ਦਾ ਰੱਬ ਘੜ ਲੈਂਦੇ ਹਨ। ਇਸ ਕਰਕੇ ਕਬੀਰ ਸਾਹਿਬ ਦੁਨਿਆਵੀ (materialistic) ਕੁੱਝ ਵੀ ਨਾ ਮੰਗ ਕੇ, ਮਨ ਦੀ ਉਡਾਰੀ ਨੂੰ ਉੱਚਿਆਂ ਕਰਨ ਲਈ ਉੱਚੀ ਆਤਮਕ ਅਵਸਥਾ ਪ੍ਰਾਪਤ ਕਰਨ ਦੀ ਮੰਗ ਕਰ ਰਹੇ ਹਨ ਅਤੇ ਸਮਝਾ ਰਹੇ ਹਨ, ਕਿ ਕੀ ਮੰਗਾਂ?

ਪਦਾ ਪਹਿਲਾ: ਲੰਕਾ ਸਾ ਕੋਟੁ … ਖਬਰਿ ਨ ਪਾਈ॥ ੧॥

ਆਮ ਮਨੁੱਖ ਸਮਝਦਾ ਹੈ ਕਿ ਜੇਕਰ ਮੇਰਾ ਘਰ ਹੋਵੇ ਤਾਂ ਮੈਂ ਸੁਖੀ ਹੋ ਜਾਵਾਂਗਾ ਉੱਚਾ ਸੋਹਣਾ ਘਰ ਬਣਾ ਕੇ ਉਸ ਦੇ ਦਿਖਾਵੇ ਵਿੱਚ ਖਚਿਤ ਹੋ ਜਾਂਦਾ ਹੈ ਅਤੇ ਸੋਚਦਾ ਹੈ ਕਿ ਕੋਈ ਐਸਾ ਤਰੀਕਾ ਬਣਾਵਾਂ, ਜਿਸ ਨਾਲ ਮੈਂ ਲੰਬੀ ਉਮਰ ਤੱਕ ਸਾਰੇ ਐਸ਼ੋ ਆਰਾਮ ਭੋਗ ਸਕਾਂ ਤੇ ਮਰਾਂ ਨਾ। ਲੰਕਾ ਦਾ ਰਾਜਾ ਰਾਵਣ ਵੀ ਆਖਿਆ ਜਾਂਦਾ ਹੈ ਕਿ ਤਪ ਕਰਨ ਮਗਰੋਂ ਇਹ ਵਰ ਪ੍ਰਾਪਤ ਕਰ ਚੁੱਕਾ ਸੀ ਕਿ ਮੈਂ ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਦਿਨੇ ਮਰਾਂ ਨਾ ਰਾਤੀ ਮਰਾਂ, ਇਸ ਕਰਕੇ ਉਸ ਨੇ ਮਰਨ ਤੋਂ ਬਚਣ ਲਈ ਅਨੇਕਾਂ ਵਸੀਲੇ ਬਣਾਏ ਹੋਏ ਸਨ ਲੇਕਿਨ ਵਿਕਾਰਾਂ ਵਿੱਚ ਖਚਿਤ ਹੋਣ ਦੇ ਕਾਰਨ ਉਹ ਜਿਊਂਦੇ ਜੀਅ ਮੁਕਤ ਅਵਸਥਾ ਤੋਂ ਖੁੰਝ ਗਿਆ ਜਿਸ ਕਾਰਨ ਉਸ ਦੀ ਆਤਮਕ ਮੌਤ ਹੋ ਗਈ ਅਤੇ ਉਸ ਨੂੰ ਸਰੀਰਕ ਮੌਤ ਤੋਂ ਵੀ ਬਚਣ ਦਾ ਮੌਕਾ ਨਾ ਮਿਲਿਆ ਭਾਵ ਸਰੀਰ ਤੋਂ ਵੀ ਹੱਥ ਧੋ ਬੈਠਾ।

ਇਸ ਕਰਕੇ ਕਬੀਰ ਸਾਹਿਬ ਦੁਨੀਆ ਦੇ ਲੋਕਾਂ ਨੂੰ ਸਮਝਾਉਣ ਲਈ ਉਚਾਰ ਰਹੇ ਹਨ ਕਿ ਜੇਕਰ ਕਿਸੇ ਮਨੁੱਖ ਦਾ ਭਾਵੇਂ ਲੰਕਾ ਜੈਸਾ ਕਿਲ੍ਹਾ ਵੀ ਹੋਵੇ ਅਤੇ ਸਮੁੰਦਰ ਦੀ ਖਾਈ ਵਾਂਗੂੰ ਉਸ ਨੇ ਆਪਣੀ ਮੌਤ ਤੋਂ ਬਚਣ ਦਾ ਹਰੇਕ ਤਰੀਕਾ ਵੀ ਇਖ਼ਤਿਆਰ ਕੀਤਾ ਹੋਵੇ ਅਜਿਹੇ ਸਾਰੇ ਸੁੱਖਾਂ ਨੂੰ ਹੰਢਾਉਂਦਿਆਂ, ਉਨ੍ਹਾਂ ਵਿੱਚ ਖਚਿਤ ਹੁੰਦਿਆਂ ਵੀ, ਉਹ ਮਨੁੱਖ ਆਤਮਕ ਅਤੇ ਸਰੀਰਕ ਮੌਤ ਤੋਂ ਬੱਚ ਨਹੀਂ ਸਕਦਾ।

ਨੋਟ: ਕੋਈ ਮਨੁੱਖ ਚੰਗੇ ਸੋਹਣੇ ਘਰ ਬਣਾਵੇ ਹੀ ਨਾ, ਇਸ ਦਾ ਮਤਲਬ ਇਹ ਨਹੀਂ ਲੈਣਾ ਬਲਕਿ ਸੱਚੇ ਗੁਰੂ ਦੇ ਗਿਆਨ ਰਾਹੀਂ ਇਹ ਸਮਝਾ ਰਹੇ ਹਨ ਕਿ ਦੁਨਿਆਵੀ ਮਹਲ-ਮਾੜੀਆਂ ਹੰਢਾਉਂਦਿਆਂ, ਉਨ੍ਹਾਂ ਵਿੱਚ ਖਚਿਤ ਨਹੀਂ ਹੋਣਾ ਬਲਕਿ ਨਿਰਲੇਪ ਰਹਿਣਾ ਹੈ। ਕੁਦਰਤ ਦੇ ਅਟੱਲ ਨਿਯਮਾਂ ਨੂੰ ਸਮਝ ਕੇ, ਆਪਣੇ ਮਨ ਨੂੰ ਇਹ ਦ੍ਰਿੜ੍ਹ ਕਰਾਉਣਾ ਹੈ ਕਿ ਇੱਕ ਨਾ ਇੱਕ ਦਿਨ, ਇਹ ਮਹਲ-ਮਾੜੀਆਂ ਛੱਡ ਕੇ ਮੈਂ ਇਸ ਦੁਨੀਆ ਤੋਂ ਚਲੇ ਹੀ ਜਾਣਾ ਹੈ ਤਾਂ ਫਿਰ ਆਪਣੇ ਜੀਵਨ ਦਾ ਕੀਮਤੀ ਸਮਾਂ ਸੱਚਾ ਗਿਆਨ ਪ੍ਰਾਪਤ ਕਰਨ ਲਈ ਅਤੇ ਸੁਚੱਜਾ (ideal) ਜੀਵਨ ਘੜਨ ਲਈ ਲਗਾਵਾਂ।

ਸਿੱਖਿਆ (Moral) ਸੋ ਇਸ ਪਦੇ ਦਾ ਭਾਵ ਅਰਥ ਲੈਣਾ ਹੈ ਕਿ ਜੇਕਰ ਕੋਈ ਮਨੁੱਖ ਬਹੁਤ ਉੱਚਾ, ਵੱਡਾ ਅਤੇ ਬਹੁਤ ਮਹਿੰਗਾ ਕਿਲ੍ਹਾ ਵੀ ਬਣਾ ਲਵੇ ਅਤੇ ਆਪਣੀ ਮੌਤ ਤੋਂ ਬਚਣ ਦਾ ਹਰ ਹੀਲਾ-ਵਸੀਲਾ ਵੀ ਕਰ ਲਵੇ ਤੇ ਲੰਕਾ ਦੇ ਰਾਵਣ ਵਾਂਗੂੰ ਉਨ੍ਹਾਂ ਮਾਇਕ ਪਦਾਰਥਾਂ ਨੂੰ ਭਾਵੇਂ ਮਾਣੇ ਤੇ ਹੰਢਾਏ ਵੀ ਤੇ ਸੋਚਦਾ ਰਵੇ ਕਿ ਮੈਂ ਕਦੀ ਨਹੀਂ ਮਰਾਂਗਾ ਤਾਂ ਵੀ ਉਸ ਨੂੰ ਪਤਾ ਨਹੀਂ ਲੱਗਣਾ ਕਿ ਆਤਮਕ ਤੇ ਸਰੀਰਕ ਮੌਤ ਉਸ ਉੱਤੇ ਕਦੋਂ ਵਾਪਰ ਜਾਣੀ ਹੈ।

ਪਦਾ ਦੂਜਾ : ਇਕੁ ਲਖੁ …. . ਦੀਆ ਨ ਬਾਤੀ॥ ੨॥

ਕਈ ਲੋਕ ਇਹ ਸਮਝਦੇ ਹਨ ਕਿ ਸਾਡੀ ਜ਼ਾਤ ਅਤੇ ਸਾਡਾ ਪਿਤਾ ਪੁਰਖੀ ਨਾਮ ਇਸ ਧਰਤੀ ਤੇ ਹਮੇਸ਼ਾ ਲਈ ਚੱਲਦਾ ਰਹਿਣਾ ਚਾਹੀਦਾ ਹੈ ਇਸ ਕਰਕੇ ਪੁੱਤਰ ਤੇ ਪੋਤਰੇ ਹੋਣੇ ਬਹੁਤ ਜ਼ਰੂਰੀ ਹਨ। ਕਿਉਂਕਿ ਆਮ ਪ੍ਰਚਲਤ ਅੰਧ ਵਿਸ਼ਵਾਸ ਹੈ ਕਿ ਪੁੱਤਰ ਤੇ ਪੋਤਰੇ ਪ੍ਰਾਪਤ ਕਰਨ ਲਈ ਕੋਈ ਸੁੱਖਣਾ ਸੁੱਖਣੀ, ਕਿਸੇ ਖਾਸ ਤੀਰਥ ਤੇ ਜਾ ਕੇ ਮੰਗ ਕਰਨੀ, ਕਿਸੇ ਸੰਤ-ਸਾਧ ਕੋਲੋਂ ਵਰ ਪ੍ਰਾਪਤ ਕਰਨਾ ਜਾਂ ਕੋਈ ਵੀ ਧਾਰਮਕ ਕਰਮਕਾਂਡ ਕਰਨੇ ਚਾਹੀਦੇ ਹਨ। ਸੋ ਕਬੀਰ ਸਾਹਿਬ ਸਮਝਾਉਣਾ ਚਾਹੁੰਦੇ ਹਨ ਕਿ ਐ ਦੁਨੀਆ ਦੇ ਲੋਕੋ ਭਾਵੇਂ ਕਿਸੇ ਵੀ ਤਰੀਕੇ ਨਾਲ ਪੁੱਤਰ ਤੇ ਪੋਤਰੇ ਪ੍ਰਾਪਤ ਕਰ ਲਵੋ ਤਾਂ ਵੀ ਜ਼ਰੂਰੀ ਨਹੀਂ ਹੈ ਕਿ ਤੁਹਾਡਾ ਵੰਸ਼ ਅੱਗੇ ਚੱਲੇ ਜਾਂ ਤੁਹਾਡੇ ਬਣਾਏ ਹੋਏ ਅਖੌਤੀ ਜ਼ਮੀਨ-ਜਾਇਦਾਦ ਦਾ ਵਾਰਸ ਹਮੇਸ਼ਾ ਲਈ ਕੋਈ ਰਵੇ ਜਾਂ ਨਾ ਰਵੇ।

ਨੋਟ: ਸ਼ਾਇਦ ਇਸੇ ਭੁਲੇਖੇ ਕਾਰਨ ਘਰ ਦੀਆਂ ਨੂੰਹਾਂ (ਜੇਕਰ ਕੁੜੀਆਂ ਤਾਂ ਜੰਮੇ, ਲੇਕਿਨ ਮੁੰਡਾ ਨਾ ਜੰਮ ਸਕੇ) ਤਾਂ ਉਨ੍ਹਾਂ ਨੂੰ ਅਭਾਗਣ ਅਤੇ ਕੁਲੱਛਣੀ ਕਿਹਾ ਜਾਂਦਾ ਹੈ ਖਾਸ ਤੌਰ ਤੇ ਸੱਸਾਂ ਆਪਣੀਆਂ ਨੂੰਹਾਂ ਨੂੰ ਚਿਤਾਵਣੀ ਵੀ ਦੇ ਦੇਂਦੀਆਂ ਹਨ ਅਤੇ ਮਿਹਣੇ ਮਾਰਦੀਆਂ ਰਹਿੰਦੀਆਂ ਹਨ ਕਿ ਜੇਕਰ ਤੂੰ ਪੁੱਤਰ ਨਹੀਂ ਜੰਮ ਸਕੇਂਗੀ ਤਾਂ ਮੈਂ ਆਪਣੇ ਪੁੱਤਰ ਦਾ ਵਿਆਹ ਕਿਤੇ ਹੋਰ ਕਰ ਦੇਵਾਂਗੀ। ਇਸ ਕਰਕੇ ਕਬੀਰ ਸਾਹਿਬ ਦੁਨੀਆ ਦੇ ਲੋਕਾਂ ਨੂੰ ਸਮਝਾਉਣ ਲਈ ਕਹਿ ਰਹੇ ਹਨ ਕਿ ਭਾਵੇਂ ਕਿਸੇ ਦੇ ਇੱਕ ਲੱਖ ਪੁੱਤਰ ਤੇ ਭਾਵੇਂ ਸਵਾ ਲੱਖ ਪੋਤਰੇ-ਦੋਹਤ੍ਰੇ ਕਿਉਂ ਨਾ ਹੋ ਜਾਣ ਤਾਂ ਵੀ ਇਹ ਜ਼ਰੂਰੀ ਨਹੀਂ ਕਿ ਉਨ੍ਹਾਂ ਦੀ ਜ਼ਮੀਨ ਜਾਇਦਾਦ ਨੂੰ ਸਾਂਭਣ ਜਾਂ ਵੰਸ਼ ਦੀ ਮਸ਼ਹੂਰੀ ਲਈ ਕੋਈ ਵਾਰਸ ਬਚੇਗਾ। ਜ਼ਰੂਰੀ ਨਹੀਂ ਕਿ ਕੋਈ ਦੀਵਾ ਬੱਤੀ ਬਾਲਣ ਵਾਲਾ ਹਮੇਸ਼ਾ ਲਈ ਰਵੇ, ਇਹ ਅਖਾਣ (idiom) ਹੈ।

ਪਦਾ ਤੀਜਾ: ਚੰਦੁ ਸੂਰਜੁ … …. ਕਪਰੇ ਧੋਈ॥ ੩॥

ਲੋਕਾਂ ਵਿੱਚ ਆਮ ਤੌਰ ਤੇ ਇਹ ਵਿਸ਼ਵਾਸ ਬਣਿਆ ਹੋਇਆ ਹੈ ਕਿ ਜਪ, ਤਪ ਕਰਨ ਨਾਲ ਅਨੇਕਾਂ ਕਿਸਮਾਂ ਦੀਆਂ ਰਿੱਧੀਆਂ, ਸਿਧੀਆਂ ਪ੍ਰਾਪਤ ਹੋ ਜਾਂਦੀਆਂ ਹਨ ਤੇ ਉਨ੍ਹਾਂ ਨੂੰ ਵਰਤ ਕੇ ਆਪਣਾ ਕੋਈ ਵੀ ਕੰਮ ਕਰਵਾ ਸਕੀਦਾ ਹੈ। ਇਸ ਕਰਕੇ ਧਾਰਮਕ ਦੁਨੀਆ ਵਿੱਚ ਰਿਧੀ-ਸਿਧੀ ਜਾਂ ਵਰ-ਸਰਾਪ ਬਾਰੇ ਬਹੁਤ ਭੁਲੇਖਾ ਬਣਿਆ ਹੋਇਆ ਹੈ। ਪਰ ਜੋ ਲੋਕੀ ਅਖੌਤੀ ਰਿਧੀਆਂ-ਸਿਧੀਆਂ ਦੀ ਤਾਕਤ ਨਾਲ ਕਿਸੇ ਨੂੰ ਵਰ, ਸਰਾਪ ਜਾਂ ਦਾਤਾਂ ਦੇਣ ਦਾ ਭੁਲੇਖਾ ਪਾਉਂਦੇ ਹਨ, ਆਖਿਰ ਉਹ ਵੀ ਆਪਣੀ ਆਤਮਕ ਅਤੇ ਸਰੀਰਕ ਮੌਤ ਤੋਂ ਬਚ ਨਹੀਂ ਸਕਦੇ ਹਨ। ਇੱਥੋਂ ਤੱਕ ਹੀ ਨਹੀਂ ਅਖੌਤੀ ਰਿਧੀਆਂ, ਸਿਧੀਆਂ, ਕਰਾਮਾਤਾਂ ਵਿਖਾਉਣ ਵਾਲੇ ਅਤੇ ਜਾਦੂ ਮੰਤਰ, ਟੂਣੇ ਅਤੇ ਵਰ-ਸਰਾਪ ਦੇਣ ਵਾਲੇ ਨੂੰ, ਧਾਰਮਕ ਦੁਨੀਆ ਵਿੱਚ ਭੁਲੇਖੇ ਦੇ ਨਾਲ ਬਹੁਤ ਪਹੁੰਚਿਆ ਹੋਇਆ ਪੀਰ, ਫ਼ਕੀਰ, ਪੈਗੰਬਰ ਜਾਂ ਬ੍ਰਹਮਗਿਆਨੀ ਦਾ ‘ਨਾਮ’ ਦੇ ਦਿੱਤਾ ਜਾਂਦਾ ਹੈ। ਇਸ ਕਰਕੇ ਕਬੀਰ ਸਾਹਿਬ ਇਸ ਸ਼ਬਦ ਵਿੱਚ ਮੁਹਾਵਰੇ ਦੇ ਤੌਰ ਤੇ ਦੁਨੀਆ ਦੇ ਲੋਕਾਂ ਨੂੰ ਸਮਝਾਉਣ ਲਈ ਕਹਿ ਰਹੇ ਹਨ ਕਿ ਆਪਣਾ ਕੰਮ ਕਰਾਉਣ ਲਈ ਭਾਵੇਂ ਕੋਈ ਮਨੁੱਖ ਜੇਕਰ ਚੰਦ, ਸੂਰਜ ਅਤੇ ਅੱਗ ਨੂੰ ਵੀ ਆਪਣੇ ਵੱਸ ਵਿੱਚ ਕਰ ਲਵੇ (ਜੋ ਕਿ ਨਾ ਮੁਮਕਿਨ ਹੈ - which is impossible) ਤਾਂ ਵੀ ਉਸ ਮਨੁੱਖ ਨੂੰ ਆਤਮਕ ਅਤੇ ਸਰੀਰਕ ਮੌਤ ਵਾਪਰ ਹੀ ਜਾਣੀ ਹੈ। ਇਸ ਕਰਕੇ ਕਬੀਰ ਸਾਹਿਬ ਦੱਸਦੇ ਹਨ ਕਿ ਰਿਧੀਆਂ, ਸਿਧੀਆਂ ਅਤੇ ਕਰਾਮਾਤਾਂ ਰਾਹੀਂ ਅਸੀਂ ਜੇ ਕੁੱਝ ਪ੍ਰਾਪਤ ਕਰ ਵੀ ਲਈਏ, ਆਖ਼ਿਰ ਤਾਂ ਉਸ ਨੇ ਬਿਨਸ ਹੀ ਜਾਣਾ ਹੈ। ਇਹ ਸਮਝਣਾ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅੰਧ ਵਿਸ਼ਵਾਸ ਦੀ ਟੇਕ ਲੈ ਕੇ ਉਨ੍ਹਾਂ ਚੀਜ਼ਾਂ, ਪਦਾਰਥਾਂ ਨੂੰ ਪ੍ਰਾਪਤ ਕਰਨ ਲਈ ਆਪਣੇ ਜੀਵਨ ਦਾ ਕੀਮਤੀ ਸਮਾਂ ਗੁਆਣ ਦਾ ਕੋਈ ਲਾਭ ਨਹੀਂ।

ਪਦਾ ਚੌਥਾ: ਗੁਰਮਤਿ ਰਾਮੈ … … ਕਤਹੂੰ ਜਾਈ॥ ੪॥

ਧਨ ਪਦਾਰਥ, ਪੁੱਤਰ-ਪੋਤਰੇ, ਜ਼ਮੀਨ-ਜਾਇਦਾਦ, ਸੁੱਖ-ਆਰਾਮ ਦੀਆਂ ਚੀਜ਼ਾਂ ਬਿਨਸਨਹਾਰ (ਚਲਾਏਮਾਨ) ਹਨ। ਇਨ੍ਹਾਂ ਸਾਰੀਆਂ ਮਿਸਾਲਾਂ ਨੂੰ ਵਰਤ ਕੇ ਕਬੀਰ ਸਾਹਿਬ ਸਦੀਵੀ ਹੱਲ (permanent solution) ਪੇਸ਼ ਕਰਦੇ ਹਨ ਕਿ ਗੁਰੂ ਦੀ ਮੱਤ ਰਾਹੀਂ ਰੱਬ ਜੀ ਨੂੰ ਹਿਰਦੇ ਵਿੱਚ ਵਸਾਉਣਾ ਚਾਹੀਦਾ ਹੈ। ਗੁਰਬਾਣੀ ਦਾ ਫੁਰਮਾਣ ਹੈ “ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ॥ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ॥” (ਪੰਨਾ 759)। ਇੱਥੇ ਰੱਬ ਜੀ ਨੂੰ ਗੁਰੂ ਦੀ ਮੱਤ ਰਾਹੀਂ ਹਿਰਦੇ ਵਿੱਚ ਵਸਾਉਣ ਦਾ ਹੱਲ ਇਸ ਕਰਕੇ ਪੇਸ਼ ਕਰ ਰਹੇ ਹਨ ਕਿਉਂਕਿ ਰੱਬ ਜੀ ਅਬਿਨਾਸੀ ਹਨ ਭਾਵ ਕਦੇ ਨਹੀਂ ਬਿਨਸਦੇ। ਗੁਰੂ ਦੀ ਮੱਤ ਲੈ ਕੇ ਸਦੀਵੀ ਰੱਬ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਜੇਕਰ ਵਸਾਈਏ ਤਾਂ ਅਸੀਂ ਇਹ ਸਹਿਜੇ ਹੀ ਸਮਝ ਜਾਵਾਂਗੇ ਕਿ ਆਤਮਕ ਮੌਤ ਤੋਂ ਬਚਣ ਲਈ ਦੁਨਿਆਵੀ ਧਨ ਪਦਾਰਥ ਅਤੇ ਧੀਆਂ, ਪੁੱਤਰ, ਮਹਲ-ਮਾੜੀਆਂ ਦੇ ਸੁੱਖਾਂ ਵਿੱਚ ਖਚਿਤ ਨਹੀਂ ਹੋਣਾ। ਇਹ ਵੀ ਸਮਝ ਪੈ ਜਾਏਗੀ ਕਿ ਮਨੁੱਖ ਨੇ ਇੱਕ ਨਾ ਇੱਕ ਦਿਨ ਇੱਥੋਂ ਚਲੇ ਹੀ ਜਾਣਾ ਹੈ ਇਸ ਕਰਕੇ ਸਾਨੂੰ ਸਰੀਰਕ ਮੌਤ ਦਾ ਭਉ ਨਹੀਂ ਰਹੇਗਾ ਅਤੇ ਹਮੇਸ਼ਾ ਲਈ ਆਪਣੇ ਵੰਸ਼ ਚਲਾਉਣ ਦਾ ਭੁਲੇਖਾ ਵੀ ਲੱਥ ਜਾਏਗਾ ਕਿਉਂਕਿ ਸਭ ਕੁੱਝ ਬਿਨਸਨਹਾਰ ਹੈ। ਇਸ ਸ੍ਰਿਸ਼ਟੀ ਵਿੱਚ ਕੇਵਲ ਅਬਿਨਾਸੀ ਰੱਬ ਜੀ ਹੀ ਬਚਦੇ ਹਨ। ਫਿਰ ਕਿਉਂ ਨਾ ਅਸੀਂ ਅਬਿਨਾਸੀ ਰੱਬ ਜੀ ਦੇ ਗੁਣਾਂ ਨੂੰ ਧਾਰਨ ਕਰਕੇ ਐਸੀ ਜਿਊਣੀ ਜੀਵੀਏ ਜਿਸ ਵਿੱਚ ਆਤਮਕ ਮੌਤ ਵਾਪਰਦੀ ਹੀ ਨਹੀਂ।

ਪਦਾ ਪੰਜਵਾਂ: ਕਹਤ ਕਬੀਰ. . ਮੁਕਤਿ ਨ ਹੋਈ॥ ੫॥

ਸਾਰੇ ਸ਼ਬਦ ਦੀ ਵਿਚਾਰ ਨੂੰ ਸਮਝਾਉਂਦਿਆਂ ਕਬੀਰ ਸਾਹਿਬ ਆਖਦੇ ਹਨ ਕਿ, ਐ ਦੁਨੀਆ ਦੇ ਲੋਕੋ ਸੁਣੋ! ਦੁਨੀਆ ਦੇ ਧਨ ਪਦਾਰਥ ਤੇ ਮਹੱਲ ਮਾੜੀਆਂ ਵੀ ਜੇਕਰ ਮਾਨਣਾ ਚਾਹੁੰਦੇ ਹੋ ਅਤੇ ਜਿਊਂਦੇ ਜੀਅ ਜੇਕਰ ਮੁਕਤ ਅਵਸਥਾ ਵੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਨਾ ਬਿਨਸਨ ਵਾਲੇ ਰੱਬ ਜੀ ਦੇ ਨਾਲ ਜੁੜੋ, ਕਿਉਂਕਿ ਰੱਬ ਜੀ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨ ਨਾਲ ਸਭ ਕੁੱਝ ਮਾਣਦਿਆਂ ਹੋਇਆਂ ਜਿਊਂਦੇ ਜੀਅ ਹੀ ਵਿਕਾਰਾਂ ਤੋਂ ਮੁਕਤ ਹੋ ਸਕਦੇ ਹਾਂ। ਮੋਹ ਦੀ ਪਕੜ, ਹੋਰ ਹੋਰ ਦੀ ਖ਼ਾਹਿਸ਼ ਤੋਂ ਉਪਰ ਹੋ ਕੇ ਜਿਊਣ ਦੀ ਅਵਸਥਾ, ਭਾਵ ‘ਮੁਕਤ-ਅਵਸਥਾ’ ਪ੍ਰਾਪਤ ਕੀਤੀ ਜਾ ਸਕਦੀ ਹੈ। ਇੱਥੇ ਗੁਰੂ ਦੀ ਮੱਤ ਲੈ ਕੇ ਰੱਬੀ ਗੁਣਾਂ ਦੇ ਨਾਲ ਜੁੜਨ ਨੂੰ ਭਾਵ ਆਪਣੇ ਜੀਵਨ ਨੂੰ ਰੱਬੀ ਗੁਣਾਂ ਅਨੁਸਾਰ ਬਣਾਉਣ ਨੂੰ ਹੀ ‘ਰਾਮ-ਨਾਮ’ ਆਖਿਆ ਗਿਆ ਹੈ। ਸੋ “ਰਾਮ ਨਾਮ ਬਿਨੁ ਮੁਕਤਿ ਨ ਹੋਈ” (ਪੰਨਾ 1024) ਦਾ ਭਾਵ ਅਰਥ ਬਣਿਆ ਕਿ ਜੇਕਰ ਸਭ ਕੁੱਝ ਮਾਣਦਿਆਂ, ਵਿਕਾਰਾਂ ਤੋਂ ਮੁਕਤ ਅਵਸਥਾ ਪ੍ਰਾਪਤ ਕਰਨੀ ਹੈ ਭਾਵ ਜਿਊਂਦਿਆਂ ਹੀ ਰੱਬੀ ਦਰਗਾਹ, ਸੱਚਖੰਡ ਜਾਂ ਬੈਕੁੰਠ ਦੀ ਅਵਸਥਾ ਜੇਕਰ ਮਾਣਨੀ ਹੈ ਤਾਂ ਸਭ ਕੁੱਝ ਛੱਡ ਕੇ, ਤਿਆਗ ਕਰਕੇ ਕਿਧਰੇ ਜੰਗਲ ਪਹਾੜੀਆਂ ਤੇ ਨਹੀਂ ਜਾਣਾ ਬਲਕਿ ਗੁਰੂ ਦੀ ਮੱਤ ਲੈ ਕੇ ਰੱਬੀ ਗੁਣਾਂ ਅਨੁਸਾਰ ਜਿਊਣਾ ਹੈ ਅਤੇ ਸਭ ਕੁੱਝ ਵਰਤਦਿਆਂ, ਹੰਢਾਉਂਦਿਆਂ, ਬਿਨਾਂ ਖਚਿਤ ਹੋਇਆਂ ਨਿਰਲੇਪ ਰਹਿਣਾ ਹੀ ਕਾਮਯਾਬ ਅਤੇ ਮੁਕਤ ਜੀਵਨ ਹੁੰਦਾ ਹੈ।

ਵੀਰ ਭੁਪਿੰਦਰ ਸਿੰਘ
.