.

ਹੁਣ ਕੀ ਹੋਣਾ ਚਾਹੀਦਾ ਹੈ---?

ਜਦੋਂ ਦੀ ਮੈਂ ‘ਸਿੱਖ ਮਾਰਗ’ ਵੈੱਬ ਸਾਈਟ ਸ਼ੁਰੂ ਕੀਤੀ ਹੈ ਲਗ-ਭਗ ਗਿਆਰਾਂ ਸਾਲ ਹੋ ਗਏ ਹਨ, ਉਦੋਂ ਤੋਂ ਹੀ ਮੇਰੇ ਮਨ ਵਿੱਚ ਵਿਚਾਰ ਸੀ ਕਿ ਇਸ ਨੂੰ ਬਿਨਾ ਕਿਸੇ ਡਰ, ਭੈਅ ਅਤੇ ਲਾਲਚ ਦੇ ਖੁੱਲੇ ਮਨ ਨਾਲ ਇਸ ਤਰ੍ਹਾਂ ਚਲਾਇਆ ਜਾਵੇ ਕਿ ਇਹ ਸਮੁੱਚੇ ਮਿਸ਼ਨਰੀ ਸੋਚ ਵਾਲੇ ਵਿਦਵਾਨਾ ਦਾ ਇੱਕ ਸਾਂਝਾ ਪਲੇਟ-ਫਾਰਮ ਬਣ ਜਾਵੇ। ਇੱਥੇ ਹਰ ਇੱਕ ਗੱਲ ਸਹਿਜ ਨਾਲ, ਦਲੀਲ ਨਾਲ ਗੁਰਬਾਣੀ ਦੇ ਅਧਾਰ ਤੇ ਕੀਤੀ ਜਾਵੇ। ਇੱਥੇ ਆਮ ਲੋਕਾਈ ਨੂੰ ਧੱਕੇ ਨਾਲ ਨਹੀਂ ਦਲੀਲ ਨਾਲ ਕਾਇਲ ਕੀਤਾ ਜਾਵੇ। ਜੋ ਆਮ ਗੁਰਦੁਆਰੇ ਧੜੇਬੰਦਾਂ ਦੇ ਕਬਜ਼ੇ ਹੇਠ ਹੁੰਦੇ ਹਨ ਅਤੇ ਉਹ ਆਪਣੇ ਵਿਰੋਧੀਆਂ ਨੂੰ ਉਥੇ ਬੋਲਣ ਦਾ ਮੌਕਾ ਨਹੀਂ ਦਿੰਦੇ ਉਸੇ ਤਰ੍ਹਾਂ ਇੱਥੇ ਨਾ ਹੋਵੇ। ਮੇਰੀ ਇਸ ਖੁੱਲਦਿਲੀ ਤੋਂ ਕਈ ਇਹ ਅੰਦਾਜ਼ਾ ਲਾ ਲੈਂਦੇ ਹਨ ਕਿ ਇਸ ਸਾਈਟ ਨੂੰ ਫਲਾਨਿਆਂ ਨੇ ਹਾਈਜ਼ੈਕ ਕਰ ਲਿਆ ਜਾਂ ਆਹ ਹੋ ਜਾਣਾਂ ਹੈ, ਔਹ ਹੋ ਜਾਣਾ ਹੈ ਆਦਿਕ। ਇਸੇ ਤਰ੍ਹਾਂ ਹੀ ਹੋਰ ਵੈੱਬ ਸਾਈਟਾਂ ਹਨ ਜੋ ਕਿ ਬਹੁਤੀਆਂ ਡੇਰਾਵਾਦੀਆਂ ਅਤੇ ਵੱਖਰੇ-ਵੱਖਰੇ ਟੋਲਿਆਂ ਨਾਲ ਸੰਬੰਧਿਤ ਹਨ।
ਅਸੀਂ ਫੜ੍ਹਾਂ ਤਾਂ ਜਿਤਨੀਆਂ ਮਰਜ਼ੀ ਮਾਰੀ ਜਾਈਏ ਪਰ ਸਿੱਖ ਕੌਮ ਵਿੱਚ ਸ਼ਿਰਿਸ਼ਟਾਚਾਰ ਦੀ ਬਹੁਤ ਘਾਟ ਹੈ। ਇਲੈਕਸ਼ਨਾ ਤਾਂ ਹੁਣ ਆਮ ਹੀ ਵੱਡੇ ਗੁਰਦੁਆਰਿਆਂ ਵਿੱਚ ਹੁੰਦੀਆਂ ਹਨ ਪਰ ਦੇਖਣ ਵਿੱਚ ਸ਼ਾਇਦ ਹੀ ਕਦੀ ਆਇਆ ਹੋਵੇ ਕਿ ਹਾਰੀ ਹੋਈ ਧਿਰ, ਜਿੱਤੀ ਹੋਈ ਧਿਰ ਨੂੰ ਵਧਾਈ ਦੇ ਕੇ ਉਸ ਨਾਲ ਸਹਿਯੋਗ ਦੇਣ ਦੀ ਪੇਸ਼ਕਸ਼ ਕਰੇ ਜਾਂ ਜਿੱਤੀ ਹੋਈ ਧਿਰ ਉਹਨਾ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰੇ। ਇੱਥੇ ਮੈਂ ਸਿਰਫ ਸ਼ਿਰਿਸ਼ਟਾਚਾਰ ਦੀ ਗੱਲ ਕਰ ਰਿਹਾ ਹਾਂ ਨਾ ਕਿ ਇਲੈਕਸ਼ਨਾ ਨੂੰ ਠੀਕ ਕਹਿਣ ਦੀ। ਵੈਸਟਰਨ ਦੇਸ਼ਾਂ ਵਿੱਚ ਆਮ ਲੋਕਾਂ ਵਿੱਚ ਇਸ ਤਰ੍ਹਾਂ ਦੇ ਬਹੁਤ ਗੁਣ ਹਨ। ਅਸੀਂ ਕਹੀ ਜੋ ਮਰਜ਼ੀ ਜਾਈਏ ਪਰ ਆਮ ਸਿੱਖਾਂ ਵਿੱਚ ਈਰਖਾ ਸਾੜਾ ਹੋਰ ਕੌਮਾਂ ਨਾਲੋਂ ਕਿਤੇ ਜ਼ਿਆਦਾ ਹੈ। ਹੋਰ ਤਾਂ ਗੱਲ ਛੱਡੋ, ਜਿਹੜੇ ਸਿੱਖ ਕਿਸੇ ਖਾਸ ਵਿਦਵਾਨ ਦੇ ਜ਼ਿਆਦਾ ਨੇੜੇ ਹਨ ਉਹ ਸਿਰਫ ਉਸ ਦੀ ਹੀ ਵਡਿਆਈ ਸਭ ਤੋਂ ਜ਼ਿਆਦਾ ਲੋਚਦੇ ਹਨ।
ਮੈਂ ਪਹਿਲਾਂ ਤੋਂ ਹੀ ਇਹ ਸੋਚ ਕੇ ਚੱਲਿਆ ਸੀ ਕਿ ਨਾ ਤਾਂ ਕਿਸੇ ਵਿਦਵਾਨ ਨਾਲ ਖਾਸ ਲਗਾਓ ਰੱਖਣਾ ਹੈ ਅਤੇ ਨਾ ਹੀ ਕਿਸੇ ਦਾ ਵਿਰੋਧ ਕਰਨਾ ਹੈ। ਵਕਤੀ ਉਤਰਾ ਚੜਾਹ ਤਾਂ ਆਉਂਦੇ ਰਹਿੰਦੇ ਹਨ ਇਸ ਲਈ ਇਸ ਤੋਂ ਜਿਤਨਾ ਦੂਰ ਰਿਹਾ ਜਾਵੇ ਚੰਗੀ ਗੱਲ ਹੈ। ਮੈਂ ਇਸ ਗੱਲ ਦੀ ਬਹੁਤੀ ਪਰਵਾਹ ਨਹੀਂ ਕੀਤੀ ਕਿ ਜ਼ਿਆਦਾ ਲੋਕ ਹੁਣ ਕੀ ਕਹਿੰਦੇ ਹਨ ਸਗੋਂ ਗੁਰਮਤਿ ਨੂੰ ਮੂਹਰੇ ਰੱਖ ਕੇ ਸੋਚਿਆ ਹੈ ਕਿ ਕਿਹੜੀ ਗੱਲ ਜ਼ਿਆਦਾ ਠੀਕ ਹੈ। ਇਸੇ ਲਈ ਜਦੋਂ ਕਾਲੇ ਅਫ਼ਗਾਨੇ ਨੂੰ ਅਖੌਤੀ ਤੌਰ ਤੇ ਛੇਕਿਆ ਸੀ ਅਤੇ ਬਹੁਤ ਸਿੱਖ ਉਸ ਵੇਲੇ ਇਸ ਦਾ ਨਾਮ ਲੈਣ ਤੋਂ ਵੀ ਝਿਜਕਦੇ ਸਨ ਤਾਂ ਮੈਂ ਡਟ ਕੇ ‘ਸਿੱਖ ਮਾਰਗ’ ਰਾਹੀਂ ਇਸ ਦਾ ਸਾਥ ਦਿੱਤਾ ਸੀ ਤਾਂ ਉਸ ਵੇਲੇ ਕਈ ‘ਸਿੱਖ ਮਾਰਗ’ ਨੂੰ ਕਾਲੇ ਅਫਗਾਨੇ ਦੀ ਸਾਈਟ ਕਹਿੰਦੇ ਸਨ। ਜੇ ਕਰ ਮੈਂ ਹੁਣ ਕਿਸੇ ਕਾਰਣ ਇਸ ਦੀ ਫੋਟੋ ‘ਸਿੱਖ ਮਾਰਗ’ ਤੋਂ ਹਟਾਈ ਹੈ ਤਾਂ ਕਈ ਇਹ ਸਮਝਣ ਲੱਗ ਪਏ ਹਨ ਕਿ ਸ਼ਾਇਦ ਮੈਂ ਹੁਣ ਉਸ ਦਾ ਵਿਰੋਧ ਕਰਨ ਲੱਗ ਪਿਆ ਹਾਂ। ਇਹ ਦੋਵੇ ਗੱਲਾਂ ਗਲਤ ਹਨ। ਨਾ ਤਾਂ ਉਸ ਵੇਲੇ ਮੈਨੂੰ ਇਸ ਨਾਲ ਕੋਈ ਖਾਸ ਹੇਜ਼ ਸੀ ਅਤੇ ਨਾ ਹੀ ਹੁਣ ਕੋਈ ਵਿਰੋਧ ਹੈ।
ਹਰਦੇਵ ਸਿੰਘ ਸ਼ੇਰਗਿੱਲ ਅਤੇ ਸਾਥੀਆਂ ਨੇ ਆਪਣੇ ਕੋਲ ਸੱਦ ਕੇ ਇਸ ਨੂੰ ਸਨਮਾਨਿਤ ਕੀਤਾ ਸੀ। ਇੰਡੀਆ ਵਿੱਚ ਸਪੋਕਸਮੈਨ ਇਸ ਦੇ ਹੱਕ ਵਿੱਚ ਡਟ ਕੇ ਖੜ੍ਹਾ ਹੋਇਆ ਸੀ। ਗੁਰਤੇਜ ਸਿੰਘ ਨੇ ਵੀ ਇਸ ਦਾ ਕਾਫੀ ਪੱਖ ਪੂਰਿਆ ਸੀ ਭਾਵੇਂ ਕਿ ਹੁਣ ਉਹ ਗੱਲ ਨਹੀਂ ਹੈ। ਕਹਿਣ ਤੋਂ ਭਾਵ ਹੈ ਕਿ ਜਿਹਨਾ ਨੇ ਇਸ ਦਾ ਸਭ ਤੋਂ ਵੱਧ ਕੇ ਔਖੇ ਵੇਲੇ ਸਾਥ ਦਿੱਤਾ ਸੀ ਉਹਨਾ ਨਾਲ ਇਸ ਨੇ ਕੋਈ ਬਹੁਤਾ ਚੰਗਾ ਸਲੂਕ ਨਹੀਂ ਕੀਤਾ। ਮੇਰੇ ਨਾਲ ਤਾਂ ਕੋਈ ਖਾਸ ਗੱਲ ਨਹੀਂ ਹੋਈ ਜਿਸ ਤਰ੍ਹਾਂ ਬਾਕੀਆਂ ਨਾਲ ਹੋਈ ਹੈ ਖਾਸ ਕਰਕੇ ਹਰਦੇਵ ਸਿੰਘ ਸ਼ੇਰਗਿੱਲ ਨਾਲ। ਮੇਰਾ ਨਹੀਂ ਖਿਆਲ ਕਿ ਉਸ ਨੇ ਅੱਜ ਤੱਕ ਕਦੀ ਇਸ ਦੇ ਖਿਲਾਫ ਲਿਖਿਆ ਹੋਵੇ ਪਰ ਇਹ ਕਈ ਵਾਰੀ ਲਿਖ ਚੁੱਕਾ ਹੈ। ‘ਸਿੱਖ ਮਾਰਗ’ ਦੇ ਕਈ ਪਾਠਕਾਂ ਨੇ ਰੋਸ ਕੀਤਾ ਹੈ ਕਿ ਇਸ ਦੀ ਫੋਟੋ ਕਿਉਂ ਹਟਾਈ ਹੈ? ਮੈਂ ਫੋਟੋ ਦੁਬਾਰਾ ਪਾ ਦੇਵਾਂਗਾ ਪਰ ਇੱਕ ਗੱਲ ਦਾ ਜਵਾਬ ਪਾਠਕ ਵੀ ਦੇਣ ਕਿ ਜਿਸ ਬੰਦੇ ਨੇ ਔਖੇ ਵੇਲੇ ਸਾਥ ਦਿੱਤਾ ਹੋਵੇ ਅਤੇ ਪੁਸਤਕਾਂ ਛਪਵਾਉਣ ਵਿੱਚ ਵੀ ਸਭ ਤੋਂ ਵੱਧ ਯੋਗਦਾਨ ਪਾਇਆ ਹੋਵੇ, ਕੀ ਉਸ ਨੂੰ ਗਲਤ ਸ਼ਬਦਾਵਲੀ ਵਿੱਚ ਜ਼ਲੀਲ ਕਰਨਾ ਜਾਇਜ਼ ਹੈ? ਮੈਂ ਪਹਿਲਾਂ ਵੀ ਕਈ ਵਾਰੀ ਲਿਖ ਚੁੱਕਾ ਹਾਂ ਹੁਣ ਫਿਰ ਦੁਹਰਾ ਰਿਹਾ ਹਾਂ ਕਿ ਮੇਰਾ ਕਾਲੇ ਅਫਗਾਨੇ ਨਾਲ ਕੋਈ ਵੀ ਵਿਰੋਧ ਨਹੀਂ ਹੈ। ਮੈਂ ਸਿਰਫ ਮਾਣ ਸਨਮਾਣ ਦੀ ਗੱਲ ਕਰਦਾ ਹਾਂ ਕਿ ਜੇ ਕਰ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡਾ ਮਾਣ ਕਰਨ ਤਾਂ ਤੁਹਾਨੂੰ ਵੀ ਕਿਸੇ ਦਾ ਮਾਣ ਸਤਿਕਾਰ ਕਰਨਾ ਸਿੱਖਣਾ ਚਾਹੀਦਾ ਹੈ। ਬਸ ਮੈਂ ਇਹੀ ਇੱਕ ਗੱਲ ਦਾ ਨੋਟ ਫੋਟੋ ਹਟਾਉਣ ਵੇਲੇ ਪਾਇਆ ਸੀ ਕਿ ਜਿਤਨਾ ਮਾਣ ਮੈਂ ਇਸ ਨੂੰ ਦਿੰਦਾ ਸੀ ਉਸ ਦੇ ਇਹ ਲਾਇਕ ਨਹੀਂ ਕਿਉਂਕਿ ਇਹ ਖੁਦ ਕਿਸੇ ਨੂੰ ਮਾਣ ਨਹੀਂ ਦੇਣਾ ਚਾਹੁੰਦਾ।
ਆਓ ਹੁਣ ‘ਸਿੱਖ ਮਾਰਗ’ ਬਾਰੇ ਅਤੇ ਪਾਠਕਾਂ ਦੇ ਪੰਨੇ ਬਾਰੇ ਵੀ ਗੱਲ ਕਰ ਲਈਏ ਕਿ ਕੀ ਹੋਣਾ ਚਾਹੀਦਾ ਹੈ? ਹੇਠਾਂ ਮੈਂ ਕੁੱਝ ਸੁਝਾਓ ਲਿਖ ਰਿਹਾ ਹਾਂ, ‘ਸਿੱਖ ਮਾਰਗ’ ਦੇ ਰੈਗੂਲਰ ਪਾਠਕ/ਲੇਖਕ ਵੀ ਆਪਣੇ ਸੁਝਾਓ ਭੇਜਣ।
1. ‘ਸਿੱਖ ਮਾਰਗ’ ਤੇ ਹੁਣ ਤੱਕ ਜੋ ਛਪ ਚੁੱਕਾ ਹੈ ਉਹ ਠੀਕ ਹੈ ਇਸ ਤੇ ਹੋਰ ਕੁੱਝ ਪਉਣਾ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਇਹ ਇੱਕ ਦੂਜੇ ਤੇ ਕੀਤੀ ਜਾ ਰਹੀ ਦੂਸ਼ਣਬਾਜ਼ੀ ਨੂੰ ਕੰਟਰੋਲ ਵਿੱਚ ਨਹੀਂ ਰੱਖ ਸਕਿਆ ਅਤੇ ਇਸ ਨੇ ਬਹੁਤ ਸਾਰਿਆਂ ਨੂੰ ਨਰਾਜ਼ ਕਰ ਲਿਆ ਹੈ। ਕਿਸੇ ਹੋਰ ਸੱਜਣ ਨੂੰ ਨਵੀਂ ਸਾਈਟ ਸ਼ੁਰੂ ਕਰਨੀ ਚਾਹੀਦੀ ਹੈ ਖਾਸ ਕਰਕੇ ਗੁਰਨਾਮ ਸਿੰਘ ਕੁੰਢਾਲ ਵਰਗੇ ਨੂੰ ਜਿਸ ਦਾ ਇਸ ਬਾਰੇ ਤਜ਼ਰਬਾ ਵੀ ਹੈ ਅਤੇ ਉਹ ਟਾਈਮ ਵੀ ਦੇ ਸਕਦਾ ਹੈ ਕਿਉਂਕਿ ਉਹ ਆਪ ਵੀ ਇਸ ਦਾ ਜ਼ਿਕਰ ਵੀ ਕਰ ਚੁੱਕਾ ਹੈ। ਜਾਂ ਫਿਰ ‘ਸਿੱਖ ਅਫੇਅਰ’ ਵਾਲੇ ਨੌਜੁਆਨ ਇਹ ਸੇਵਾ ਸੰਭਾਲ ਸਕਦੇ ਹਨ। ਉਂਜ ਤਾਂ ਬਹੁਤ ਸਾਰੇ ਵਿਦਵਾਨਾਂ ਦੀਆਂ ਆਪਣੀਆਂ ਨਿੱਜੀ ਸਾਈਟਾਂ ਵੀ ਹਨ ਉਹਨਾ ਵਿਚੋਂ ਵੀ ਕੋਈ ਵਿਚਾਰੀ ਜਾ ਸਕਦੀ ਹੈ। ਇੰਡੀਆ ਅਵੇਅਰਨਿੱਸ ਵਾਲੇ ਵੀ ਇਹ ਕੰਮ ਕਰ ਸਕਦੇ ਹਨ।
2. ਗੁਰਮਤਿ ਤੱਤ ਵਾਲਿਆਂ ਦਾ ਸੁਝਾਓ ਸੀ ਕਿ ਹਰ ਇੱਕ ਲਿਖਤ ਪਉਣ ਤੋਂ ਪਹਿਲਾਂ ਵਿਦਵਾਨਾ ਦੇ ਪੈਨਲ ਵਿੱਚ ਵਿਚਾਰੀ ਜਾਣੀ ਚਾਹੀਦੀ ਹੈ। ਮੇਰੇ ਖਿਆਲ ਮੁਤਾਬਕ ਇਹ ਗੱਲ ਕਿਸੇ ਮਾਸਕ ਮੈਗਜ਼ੀਨ ਲਈ ਤਾਂ ਠੀਕ ਹੋ ਸਕਦੀ ਹੈ ਪਰ ਇੰਟਰਨੈੱਟ ਤੇ ਰੋਜ਼ਾਨਾ ਲਿਖਤਾਂ ਲਈ ਇਹ ਸੰਭਵ ਨਹੀਂ। ਹਾਂ ਜੇਕਰ ਇਸ ਤਰ੍ਹਾਂ ਦੇ ਵਿਦਵਾਨ ਕਿਸੇ ਇਕੋ ਸ਼ਹਿਰ ਵਿੱਚ ਰਹਿੰਦੇ ਹੋਣ ਅਤੇ ਉਹਨਾ ਦੀ ਸ਼ਿਫਟ ਵੀ ਇਕੋ ਹੋਵੇ ਤਾਂ ਇਹ ਸੰਭਵ ਹੋ ਸਕਦਾ ਹੈ। ਜੇ ਕਰ ਚੰਡੀਗੜ੍ਹ ਜਾਂ ਜੰਮੂੰ ਵਾਲੇ ਸਿੰਘ ਇਹ ਕਰ ਸਕਦੇ ਹੋਣ ਤਾਂ ਉਹਨਾ ਨੂੰ ਕਰਨਾ ਚਾਹੀਦਾ ਹੈ।
3. ‘ਸਿੱਖ ਮਾਰਗ’ ਤੇ ਪਾਠਕਾਂ ਵਾਲਾ ਪੰਨਾ ਬੰਦ ਕਰ ਦੇਣਾ ਚਾਹੀਦਾ ਹੈ ਸਿਰਫ ਲੇਖ ਹੀ ਪਾਏ ਜਾਣ।
4. ਜੇ ਕਰ ਕਿਸੇ ਲਿਖਤ ਬਾਰੇ ਕਿਸੇ ਨੇ ਕੋਈ ਸਵਾਲ ਪੁੱਛਣਾ ਹੋਵੇ ਤਾਂ ਉਹ ਆਏ ਹੋਏ ਜਵਾਬ ਵਿਚੋਂ ਹੋਰ ਸਵਾਲ ਜਵਾਬ ਨਾ ਕਰੇ।
5. ਜੇ ਕਰ ਕੋਈ ਦੂਸਰੇ ਪ੍ਰਤੀ ਘਟੀਆ ਸ਼ਬਦਾਵਲੀ ਵਰਤ ਕੇ ਨਿੱਜੀ ਦੂਸ਼ਣ ਲਉਂਦਾ ਹੋਵੇ ਤਾਂ ਉਸ ਦੀਆਂ ਲਿਖਤਾਂ ਘੱਟੋ ਘੱਟ ਇੱਕ ਮਹੀਨੇ ਲਈ ਪਉਣੀਆਂ ਬੰਦ ਕਰ ਦਿੱਤੀਆਂ ਜਾਣ।
6. ਹੁਣ ਤੱਕ ਛਪ ਚੁੱਕੀਆਂ ਲਿਖਤਾਂ ਵਿੱਚ ਜੇ ਕਰ ਕਿਸੇ ਦੇ ਮਨ ਨੂੰ ਘਟੀਆ ਸ਼ਬਦਾਵਲੀ ਕਾਰਨ ਠੇਸ ਪੁੱਜੀ ਹੋਵੇ ਤਾਂ ਉਹ ਸ਼ਬਦਾਵਲੀ ਬਦਲੀ ਜਾਵੇ ਜਾਂ ਕੱਟ ਦਿੱਤੀ ਜਾਵੇ। ਇਹਨਾ ਲਿਖਤਾਂ ਵਾਲੇ ਲਿੰਕ ਕੱਢ ਕੇ ਉਹਨਾ ਪਾਠਕਾਂ/ਲੇਖਕਾਂ ਨੇ ਭੇਜਣੇ ਹੋਣਗੇ ਜਿਹਨਾ ਨੂੰ ਇਹਨਾ ਬਾਰੇ ਰੋਸ ਹੈ ਅਤੇ ਨਾਲ ਹੀ ਸੁਝਾਓ ਵੀ ਦੇਣਾ ਹੋਵੇਗਾ ਕਿ ਠੀਕ ਸ਼ਬਦਾਵਲੀ ਕੀ ਵਰਤੀ ਜਾਵੇ। ਸੰਪਾਦਕ ਨੇ ਬਾਕੀ ਕਾਰਵਾਈ ਕਰਨੀ ਹੋਵੇਗੀ। ਇਹ ਜਿੰਨੀ ਛੇਤੀਂ ਹੋ ਸਕੇ ਉਤਨਾ ਹੀ ਚੰਗਾ ਹੈ। ਜੇ ਕਰ ਪਾਠਕਾਂ ਦੇ ਪੰਨਿਆਂ ਵਿਚੋਂ ਕੋਈ ਪੱਤਰ ਕੱਢਣਾ ਹੋਵੇ ਤਾਂ ਉਸ ਨਾਲ ਸੰਬੰਧਿਤ ਪੱਤਰ ਵੀ ਕੱਢਣਾ ਪਵੇਗਾ।
7. ਲਿਖਤਾਂ ਭੇਜਣ ਵੇਲੇ ਇਹ ਸੋਚਣਾ ਹੋਵੇਗਾ ਕਿ ਜਿਸ ਤਰ੍ਹਾਂ ਦੀ ਸ਼ਬਦਾਵਲੀ ਮੈਂ ਦੂਸਰੇ ਲਈ ਵਰਤ ਰਿਹਾ ਹਾਂ ਜੇ ਕੋਈ ਇਹੀ ਮੇਰੇ ਪ੍ਰਤੀ ਵਰਤੇ ਤਾਂ ਮੈਨੂੰ ਕਿਸ ਤਰ੍ਹਾਂ ਮਹਿਸੂਸ ਹੋਵੇਗਾ?
8. ਆਵਾਗਉਣ, ਕਰਮ ਸਿਧਾਂਤ ਅਤੇ ਆਤਮਾ ਬਾਰੇ ਹੋਰ ਕੋਈ ਵੀ ਲੇਖ ਨਾ ਭੇਜੇ ਜਾਣ ਅਤੇ ਨਾ ਹੀ ਹੋਰ ਵਿਚਾਰ ਹੋਵੇ। ਜਿਤਨੇ ਕੁ ਲੇਖ ਛਪਣ ਵਾਲੇ ਰਹਿੰਦੇ ਹਨ ਉਹੀ ਪਾਏ ਜਾਣ। ਵਿਦਵਾਨ ਇਸ ਬਾਰੇ ਹਾਲ ਦੀ ਘੜੀ ਹੋਰ ਲੇਖ ਨਾ ਲਿਖਣ ਕਿਉਂਕਿ ਇਸ ਨਾਲ ਆਪਸੀ ਵੈਰ ਵਿਰੋਧ ਹੋਰ ਵਧਦਾ ਹੈ।
9. ਸਿੱਖ ਰਹਿਤ ਮਰਯਾਦਾ ਵਿੱਚ ਜੋ ਤਰੁੱਟੀਆਂ ਹਨ ਉਹਨਾ ਬਾਰੇ ਵਿਚਾਰ ਹੋਵੇ ਅਤੇ ਜਿਤਨੀ ਛੇਤੀਂ ਹੋ ਸਕੇ ਇਸ ਵਿੱਚ ਸੋਧ ਕੀਤੀ ਜਾਵੇ।
10. ਰਾਗਮਾਲਾ ਨਾ ਪੜ੍ਹਨ ਬਾਰੇ ਵੀ ਵਿਚਾਰ ਕੀਤਾ ਜਾਵੇ ਜੇ ਕਰ ਕੋਈ ਤੁਹਾਡਾ ਨਿੱਜੀ ਪ੍ਰੋਗਰਾਮ ਹੋਵੇ ਤਾਂ ਇਸ ਨੂੰ ਪੂਰੀ ਤਨਦੇਹੀ ਨਾਲ ਲਾਗੂ ਕਰਨ ਬਾਰੇ ਵੀ ਵਿਚਾਰ ਕੀਤੀ ਜਾਵੇ।
11. ਮਿਸ਼ਨਰੀ ਸੋਚ ਵਾਲੇ ਸਿੱਖ ਡਰੂ ਜਿਹੀ ਤਬੀਅਤ ਦੇ ਮਾਲਕ ਹਨ ਅਤੇ ਪਖੰਡੀ ਡੇਰਿਆਂ ਵਾਲਿਆਂ ਨਾਲੋਂ ਵੀ ਨਿਕੰਮੇ। ਕਿਉਂਕਿ ਹਰ ਡੇਰੇਦਾਰ ਦੀ ਆਪਣੀ ਵੱਖਰੀ ਮਰਯਾਦਾ ਹੈ ਅਤੇ ਉਹ ਪੰਥਕ ਮਰਯਾਦਾ ਨੂੰ ਟਿਚ ਕਰਕੇ ਵੀ ਨਹੀਂ ਜਾਣਦੇ। ਇਧਰ ਇਹ ਮਿਸ਼ਨਰੀ ਕਈ ਦਹਾਕੇ ਦੋਗਲੀਆਂ ਜਿਹੀਆਂ ਗੱਲਾਂ ਹੀ ਕਰੀ ਜਾਣਗੇ ਠੋਸ ਕਦਮ ਕੋਈ ਵੀ ਨਹੀਂ। ਇਸ ਲਈ ਜਿੰਨੀ ਛੇਤੀਂ ਹੋ ਸਕੇ ਖੰਡੇ ਦੀ ਪਹੁਲ ਅਤੇ ਨਿਤਨੇਮ ਦੀਆਂ ਬਾਣੀਆਂ ਬਾਰੇ ਖੁੱਲੀ ਵਿਚਾਰ ਚਰਚਾ ਕਰਕੇ ਕੋਈ ਤਾਰੀਖ ਪੱਕੀ ਕਰ ਲੈਣੀ ਚਾਹੀਦੀ ਹੈ ਅਤੇ ਉਸ ਤੋਂ ਬਾਅਦ ਇਸ ਤੇ ਪੂਰੀ ਤਰ੍ਹਾਂ ਅਮਲ ਕਰਨਾ ਚਾਹੀਦਾ ਹੈ। ਇਹ ਸਾਰੀਆਂ ਬਾਣੀਆਂ ਗੁਰੂ ਗ੍ਰੰਥ ਸਾਹਿਬ ਵਿਚੋਂ ਹੀ ਹੋਣ। ਜੇ ਕਰ ਇਹ ਸੋਚਦੇ ਹੋ ਕਿ ਕੋਈ ਅਖੌਤੀ ਜਥੇਦਾਰ ਇਹ ਕੰਮ ਕਰੇਗਾ ਤਾਂ ਤੁਸੀਂ ਮੂਰਖਾਂ ਦੀ ਦੁਨੀਆਂ ਵਿੱਚ ਰਹਿ ਰਹੇ ਹੋਵੋਂਗੇ। ਕੀ ਤੁਹਾਨੂੰ ਇਤਨੀ ਵੀ ਸੋਝੀ ਨਹੀਂ ਕਿ ਇਹਨਾ ਵਿਚੋਂ ਬਹੁਤੇ ਪੜ੍ਹ ਕੇ ਕਿਥੋਂ ਆਉਂਦੇ ਹਨ ਅਤੇ ਉਥੇ ਕੀ ਸਿਖਾਇਆ ਜਾਂਦਾ ਹੈ? ਸਾਰੇ ਅਕਾਲੀ ਦਲੀਏ ਸਾਧਾਂ ਦੇ ਗੁਲਾਮ ਹਨ ਅਤੇ ਸਾਧ ਸਾਰੇ ਹੀ ਦਸਮ ਗ੍ਰੰਥੀਏ ਹਨ। ਫਿਰ ਤੁਸੀਂ ਇਹ ਦੱਸੋ ਕਿ ਜਿਸ ਨੂੰ ਤੁਸੀਂ ਪੰਥ ਕਹਿੰਦੇ ਹੋ ਉਹ ਸਾਰਾ ਪੰਥ ਇਸ ਤੇ ਇੱਕ ਰਾਏ ਕਿਸ ਤਰ੍ਹਾਂ ਹੋ ਸਕਦਾ ਹੈ?
ਸੋ ਇਹ ਤਾਂ ਹੋਏ ਮੇਰੇ ਆਪਣੇ ਸੁਝਾਓ। ਹੁਣ ਪਾਠਕ/ਲੇਖਕ ਆਪਣੇ ਦੱਸਣ ਕਿ ਕੀ ਹੋਣਾ ਚਾਹੀਦਾ ਹੈ ਅਤੇ ਤੁਸੀਂ ਉਪਰ ਦਿੱਤੇ ਕਿਹੜੇ ਸੁਝਾਓ ਨਾਲ ਸਹਿਮਤ ਹੋ।
ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥ ਪੰਨਾ 661॥
ਮੱਖਣ ਸਿੰਘ ਪੁਰੇਵਾਲ

ਅਪ੍ਰੈਲ 05, 2009.
.