.

ਪ੍ਰਸ਼ਨ: ਕੀ ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਿਸੇ ਵਿਸ਼ੇਸ ਵਿਅਕਤੀ ਦੇ ਬੈਠਣ ਲਈ ਉਚੇਚੇ ਤੌਰ `ਤੇ ਕੋਈ ਗਦੇਲਾ ਆਦਿ ਵਿਛਾਉਣ ਜਾਂ ਵ੍ਹੀਲ ਚੇਅਰ `ਤੇ ਬੈਠਿਆਂ ਹੀ ਮੱਥਾ ਟੇਕਣਾ ਯੋਗ ਹੈ?

ਉੱਤਰ: ਗੁਰੂ ਸਾਹਿਬਾਨ ਵਲੋਂ, ਸਮਾਜ ਵਿੱਚ ਊਚ - ਨੀਚ, ਗ਼ਰੀਬ -ਅਮੀਰ, ਇਸਤਰੀ -ਪੁਰਸ਼ ਆਦਿ ਨੂੰ ਲੈਕੇ ਜੋ ਕਈ ਤਰ੍ਹਾਂ ਦੇ ਭੇਦ - ਭਾਵ ਪ੍ਰਚਲਤ ਸਨ, ਉਹਨਾਂ ਨੂੰ ਮਿਟਾਉਣ ਅਥਵਾ ਦੂਰ ਕਰਨ ਲਈ ਪ੍ਰਾਰੰਭੇ ਉਪਰਾਲਿਆਂ ਵਿਚੋਂ ਸੰਗਤ, ਪੰਗਤ, ਸਰੋਵਰਾਂ ਦੀ ਉਸਾਰੀ ਆਦਿ ਦੀ ਮੁੱਖ ਭੂਮਿਕਾ ਰਹੀ ਹੈ। ਉਸ ਸਮੇਂ ਜਦ ਕਥਿੱਤ ਉੱਚ ਜਾਤੀਏ ਕਥਿੱਤ ਨੀਵੀਂ ਜਾਤ ਵਾਲੇ ਦਾ ਪਰਛਾਵਾਂ ਵੀ ਆਪਣੇ ਉਤੇ ਨਹੀਂ ਸੀ ਪੈਣ ਦੇਂਦੇ, ਗੁਰੂ ਸਾਹਿਬ ਵਲੋਂ ਉਠਾਇਆ ਹੋਇਆ ਕਦਮ ਕੋਈ ਸਾਧਾਰਨ ਕਦਮ ਨਹੀਂ ਸੀ; ਇਹ ਇੱਕ ਕ੍ਰਾਂਤੀਕਾਰੀ ਕਦਮ ਸੀ। ਸੰਗਤ ਵਿੱਚ ਬਿਨਾਂ ਕਿਸੇ ਵਿਤਕਰੇ ਦੇ ਹਰੇਕ ਪ੍ਰਾਣੀ ਨੂੰ ਬੈਠਣ ਦਾ ਅਧਿਕਾਰ ਸੀ। ਸੰਗਤ ਵਿੱਚ ਵੱਖ ਵੱਖ ਜਾਤਾਂ ਨਾਲ ਸਬੰਧ ਰੱਖਣ ਵਾਲੇ ਗੁਰੂ ਕੀ ਸੰਗਤ ਵਿੱਚ ਜਾਤ ਅਭਿਆਨ ਜਾਂ ਹੀਨ ਭਾਵ ਦਾ ਸ਼ਿਕਾਰ ਹੋ ਕੇ ਨਹੀਂ ਬਲਕਿ ਗੁਰੂ ਕੇ ਸਿੱਖ ਦੀ ਹੈਸੀਅਤ ਵਿੱਚ ਹੀ ਬੈਠਦੇ ਸਨ। ਗ਼ਰੀਬ - ਅਮੀਰ ਦਾ ਵੀ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਸੀ। ਸਾਰੇ ਆਪਸ ਵਿੱਚ ਭਾਈ ਭਾਈ ਸਨ। ਇਸ ਲਈ ਸੰਗਤ ਵਿੱਚ ਕਿਸੇ ਲਈ ਕੋਈ ਉਚੇਚ ਨਹੀਂ ਸੀ ਕੀਤੀ ਜਾਂਦੀ। ਹਾਂ, ਗੁਰੂ ਦੀ ਮੱਤ ਦਾ ਪ੍ਰਚਾਰ ਕਰਨ ਵਾਲੇ ਮੰਜੀ ਜਾਂ ਹੋਰ ਕਿਸੇ ਅਜੇਹੀ ਉੱਚੀ ਥਾਂ `ਤੇ ਬੈਠਿਆ ਕਰਦੇ ਸਨ ਤਾਂ ਕਿ ਉਹਨਾਂ ਦੀ ਆਵਾਜ਼ ਦੂਰ ਤਕ ਬੈਠੇ ਪ੍ਰਾਣੀਆਂ ਤੀਕ ਵੀ ਪਹੁੰਚ ਸਕੇ। ਸਾਰੇ ਗੁਰਸਿੱਖਾਂ ਲਈ ਭਾਈ ਸ਼ਬਦ ਦੀ ਹੀ ਵਰਤੋਂ ਕੀਤੀ ਜਾਂਦੀ ਸੀ; ਸੰਤ, ਬਾਬਾ, ਗਿਆਨੀ, ਬ੍ਰਹਮ ਗਿਆਨੀ, ਮਹਾ ਪੁਰਖ ਆਦਿ ਸ਼ਬਦ ਦੀ ਵਰਤੋਂ ਤਾਂ ਬਹੁਤ ਬਾਅਦ `ਚ ਕੀਤੀ ਜਾਣ ਲੱਗੀ ਹੈ। ਗੁਰੂ ਕਾਲ ਤੋਂ ਬਾਅਦ ਛੇਤੀ ਹੀ ਜਿਸ ਤਰ੍ਹਾਂ ਨਾਲ ਖ਼ਾਲਸਾ ਪੰਥ ਦੇ ਨਿਆਰੇਪਣ ਨੂੰ ਕਾਇਮ ਰੱਖਣ ਵਾਲੇ ਹਰੇਕ ਪਹਿਲੂ ਉੱਤੇ ਸਿੱਧੇ - ਅਸਿੱਧੇ ਰੂਪ ਵਿੱਚ ਹਮਲੇ ਹੋਣੇ ਸ਼ੁਰੂ ਹੋ ਗਏ ਸਨ। ਮਿਸਲਾਂ ਦੇ ਸਮੇਂ ਇਹ ਹਮਲੇ ਆਪਣੀ ਚਰਮ ਸੀਮਾ ਤੇ ਅਪੜ ਗਏ ਸਨ। ਉਸ ਸਮੇਂ ਤੋਂ ਲੈਕੇ ਇਹ ਹਮਲੇ ਕਈ ਪਾਸਿਆਂ ਤੋਂ ਕਈ ਰੂਪਾਂ ਵਿੱਚ ਜਾਰੀ ਹੀ ਨਹੀਂ ਹਨ ਬਲਕਿ ਇਹਨਾਂ ਵਿੱਚ ਤੇਜੀ ਨਾਲ ਵਾਧਾ ਹੋ ਰਿਹਾ ਹੈ। ਖ਼ਾਲਸਾ ਪੰਥ ਪਹਿਲਾਂ ਨਾਲੋਂ ਥੋਹੜਾ ਕੁ ਜ਼ਰੂਰ ਇਸ ਪੱਖੋਂ ਸੁਚੇਤ ਹੋਇਆ ਹੈ।

ਗੁਰਮਤਿ ਦੇ ਬਰਾਬਰੀ ਵਾਲੇ ਇਸ ਸਿਧਾਂਤ ਨੂੰ ਹੀ ਸਾਹਮਣੇ ਰੱਖਦਿਆਂ ਹੋਇਆਂ ਸਿੱਖ ਰਹਿਤ ਮਰਯਾਦਾ ਵਿੱਚ ਇਸ ਸਬੰਧੀ ਇੰਞ ਲਿਖਿਆ ਹੋਇਆ ਹੈ: “ਕਿਸੇ ਮਨੁੱਖ ਦਾ ਸਤਿਗੁਰਾਂ ਦੇ ਪ੍ਰਕਾਸ਼ ਸਮੇਂ ਜਾਂ ਸੰਗਤ ਵਿੱਚ ਗਦੇਲਾ, ਆਸਣ, ਕੁਰਸੀ, ਚੌਕੀ, ਮੰਜਾ ਆਦਿ ਲਾ ਕੇ ਬੈਠਣਾ ਜਾਂ ਕਿਸੇ ਹੋਰ ਵਿਤਕਰੇ ਨਾਲ ਬੈਠਣਾ ਮਨਮੱਤ ਹੈ।” ਇਸ ਲਈ ਜੇਕਰ ਕੋਈ ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਿਸੇ ਵੀ ਵਿਅਕਤੀ ਦੇ ਬੈਠਣ ਲਈ ਗਦੇਲਾ ਆਦਿ ਵਿਛਾਉਦਾ ਹੈ ਤਾਂ ਇਹ ਉਸ ਦਾ ਗੁਰਮਤਿ ਦੇ ਸਿਧਾਂਤਾਂ ਪ੍ਰਤੀ ਅਣਜਾਣਪੁਣਾ ਹੀ ਜ਼ਾਹਰ ਕਰਦਾ ਹੈ। ਪਰ ਹਾਂ, ਜੇਕਰ ਕਿਸੇ ਪ੍ਰਾਣੀ ਨੂੰ ਸਰੀਰਕ ਸਮੱਸਿਆ ਕਾਰਨ ਬੈਠਣ `ਚ ਮੁਸ਼ਕਲ ਹੋ ਰਹੀ ਹੈ ਤਾਂ ਐਸੇ ਪ੍ਰਾਣੀ ਲਈ ਗਦੇਲਾ, ਚੌਕੀ ਆਦਿ ਦਾ ਪ੍ਰਬੰਧ ਕਰਨ ਦੀ ਲੋੜ ਹੈ ਤਾਂ ਕਿ ਅਜੇਹਾ ਵਿਅਕਤੀ ਵੀ ਸਤਿਗੁਰੂ ਦੀ ਹਜ਼ੂਰੀ ਵਿੱਚ ਅਰਾਮ ਨਾਲ ਬੈਠ ਕੇ ਪਾਠ, ਕੀਰਤਨ, ਕਥਾ ਆਦਿ ਦਾ ਅਨੰਦ ਮਾਣ ਸਕੇ। ਅਜੇਹਾ ਵਿਅਕਤੀ ਭਾਂਵੇ ਕੋਈ ਕਥਿੱਤ ਬਾਬਾ ਹੈ ਜਾਂ ਆਮ ਸਿੱਖ, ਸਾਰਿਆਂ ਲਈ ਹੀ ਅਜੇਹਾ ਪ੍ਰਬੰਧ ਕਰਨਾ ਯੋਗ ਹੈ। ਸਰੀਰਕ ਮਜਬੂਰੀ ਕਾਰਨ ਹੇਠਾਂ ਨਾ ਬੈਠ ਸਕਣ ਵਾਲਿਆਂ ਨੂੰ ਮਜਬੂਰ ਕਰਨਾ ਕਿ ਉਹ ਜ਼ਮੀਨ ਤੇ ਹੀ ਬੈਠਕੇ ਪਾਠ ਆਦਿ ਸੁਣਨ, ਇਹ ਸਾਡੀ ਆਪਣੀ ਮਨ ਦੀ ਮਤਿ ਵਾਲੀ ਸੋਚ ਹੀ ਆਖੀ ਜਾ ਸਕਦੀ ਹੈ, ਗੁਰੂ ਦੀ ਮਤਿ ਨਹੀਂ। ਚੂੰਕਿ ਅਜੇਹੇ ਵਿਅਕਤੀ ਆਪਣੇ ਆਪ ਨੂੰ ਵਿਸ਼ੇਸ਼ ਜ਼ਾਹਰ ਕਰਨ ਲਈ ਇਸ ਤਰ੍ਹਾਂ ਗੁਰੂ ਦਰਬਾਰ ਵਿੱਚ ਨਹੀਂ ਬੈਠੇ ਹਨ ਬਲਕਿ ਇਸ ਤਰ੍ਹਾਂ ਨਾਲ ਬੈਠਣ ਵਿੱਚ ਉਹਨਾਂ ਦੀ ਮਜਬੂਰੀ ਹੈ। ਇਸ ਸਥਿੱਤੀ ਵਿੱਚ ਅਜੇਹੇ ਪ੍ਰਾਣੀ ਕਿਸੇ ਤਰ੍ਹਾਂ ਨਾਲ ਵੀ ਸਤਿਗੁਰੂ ਦਾ ਬੇਅਦਬੀ ਨਹੀਂ ਕਰ ਰਹੇ ਹੁੰਦੇ।

ਇਸੇ ਤਰ੍ਹਾਂ ਵ੍ਹੀਲ ਚੇਅਰ ਆਦਿ ਤੇ ਜੇਕਰ ਕੋਈ ਪ੍ਰਾਣੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆਉਣਾ ਚਾਹੁੰਦਾ ਹੈ ਤਾਂ ਉਸ ਨੂੰ ਵੀਲ੍ਹ ਚੇਅਰ ਸਹਿਤ ਅੰਦਰ ਆਉਣ ਦੀ ਇਜ਼ਾਜ਼ਤ ਨਾ ਦੇਣਾ, ਇਹ ਸਾਡੀ ਆਪਣੀ ਮੱਤ ਅਨੁਸਾਰ ਗੁਰੂ ਪਾਤਸ਼ਾਹ ਦੇ ਸਤਿਕਾਰ ਦਾ ਬਣਾਇਆ ਹੋਇਆ ਮਾਪਦੰਡ ਹੈ, ਸਤਿਗੁਰ ਦਾ ਨਹੀਂ। ਪਿੱਛੇ ਜੇਹੇ ਕੁੱਝ ਵ੍ਹੀਲ ਚੇਅਰ ਰਾਂਹੀ ਹੀ ਚਲ ਫਿਰ ਸਕਣ ਵਾਲੇ ਪ੍ਰਾਣੀ ਵਿਦੇਸ਼ਾਂ ਵਿਚੋਂ ਵੱਖ ਵੱਖ ਸਮੇਂ ਤੇ ਦਰਬਾਰ ਸਾਹਿਬ ਅੰਮ੍ਰਿਤਸਰ `ਚ ਮੱਥਾ ਟੇਕਣ ਗਏ ਚਾਹਵਾਨਾਂ ਨੂੰ, ਵੀਲ੍ਹ ਚੇਅਰ ਸਮੇਤ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਅਜੇਹੇ ਸੱਜਣ ਪਤਾ ਨਹੀਂ ਕਿਉਂ ਇਸ ਗੱਲ ਨੂੰ ਨਹੀਂ ਸਮਝਦੇ ਕਿ, ਅਜੇਹੇ ਪ੍ਰਾਣੀ ਗੁਰੂ ਪਾਤਸ਼ਾਹ ਦੀ ਬਰਾਬਰੀ ਜਾਂ ਆਪਣੇ ਆਪ ਨੂੰ ਵਿਸ਼ੇਸ਼ ਦਰਸਾਉਣ ਲਈ ਵ੍ਹੀਲ ਚੇਅਰ ਦੀ ਵਰਤੋਂ ਨਹੀਂ ਕਰਦੇ। ਵੀਲ੍ਹ ਚੇਅਰ ਤਾਂ ਉਹਨਾਂ ਦੇ ਹੱਥ ਪੈਰ ਹਨ ਭਾਵ ਇਸ ਤੋਂ ਤਾਂ ਉਹ ਹੱਥਾਂ ਪੈਰਾਂ ਦਾ ਕੰਮ ਲੈ ਰਹੇ ਹਨ। (ਸੁਣਨ ਵਿੱਚ ਆਇਆ ਹੈ ਕਿ ਦਰਬਾਰ ਸਾਹਿਬ ਵਿਖੇ ਹੁਣ ਵ੍ਹੀਲ ਚੇਅਰ ਦਾ ਪ੍ਰਬੰਧ ਕੀਤਾ ਹੋਇਆ ਹੈ ਪਰ ਸ਼ਾਇਦ ਅਜੇ ਪਰਕਰਮਾਂ ਤੱਕ ਹੀ ਲੈ ਕੇ ਜਾਣ ਦੀ ਇਜ਼ਾਜ਼ਤ ਹੈ।) ਕੋਈ ਬਾਰਾਂ ਕੁ ਸਾਲ ਪਹਿਲਾਂ ਵੈਨਕੂਵਰ ਵਿਖੇ ਹੀ ਇੱਕ ਸਿੰਘ ਸਾਹਿਬ ਜੀ ਨੂੰ ਇੱਕ ਸੱਜਣ ਨੇ ਇਹ ਪੁੱਿਛਆ ਕਿ ਜੇਕਰ ਆਪਣੀ ਸਪੁੱਤਰੀ ਦੇ ਅਨੰਦ ਕਾਰਜ ਸਮੇਂ ਵ੍ਹੀਲ਼ ਚੇਅਰ `ਤੇ ਚੱਲ ਫਿਰ ਸਕਣ ਵਾਲਾ ਵਿਅਕਤੀ ਆਪਣੀ ਸਪੁੱਤਰੀ ਨੂੰ ਵ੍ਹੀਲ ਚੇਅਰ ਤੇ ਬੈਠਾ ਹੋਇਆ ਹੀ ਲਾਵਾਂ ਸਮੇਂ ਬੱਚੀ ਨੂੰ ਪੱਲਾ ਫੜਾਉਣਾ ਚਾਹੇ ਤਾਂ ਕੀ ਉਹ ਇਸ ਤਰ੍ਹਾਂ ਕਰ ਸਕਦਾ ਹੈ? ਉੱਤਰ ਵਿੱਚ ਸਿੰਘ ਸਾਹਿਬ ਨੇ ਆਖਿਆ ਕਿ ਨਹੀਂ। ਜਦ ਇਹ ਪੁੱਿਛਆ ਗਿਆ ਕਿ ਕੀ ਅਜੇਹਾ ਪ੍ਰਾਣੀ ਅਪਾਹਜ ਹੋਣ ਕਾਰਨ ਆਪਣੀ ਬੱਚੀ ਨੂੰ ਅਜੇਹੇ ਸਮੇਂ ਪੱਲਾ ਫੜਾਉਣ ਦੀ ਸਧਰ ਨੂੰ ਪੂਰਿਆਂ ਨਹੀਂ ਕਰ ਸਕਦਾ? ਸਿੰਘ ਸਾਹਿਬ ਨੇ ਇਸ ਦੇ ਉੱਤਰ `ਚ ਆਖਿਆ ਕਿ ਉਸ ਦੀ ਇਹ ਇੱਛਾ ਪੂਰੀ ਹੋ ਸਕਦੀ ਹੈ, ਜੇਕਰ ਘਰ ਵਾਲੇ ਉਸ ਨੂੰ ਚੁੱਕ ਕੇ ਬੱਚੀ ਦੇ ਪਾਸ ਲੈ ਆਉਣ। ਜਿਸ ਕੌਮ `ਚ ਇਹੋ ਜੇਹੀ ਸੋਚ ਰੱਖਣ ਵਾਲੇ ਧਾਰਮਿਕ ਆਗੂ ਹੋਣ, ਉਸ ਨੇ ਸਮੇਂ ਦਾ ਕਿੰਨਾ ਕੁ ਹਾਣੀ ਬਣਨਾ ਹੈ, ਇਹ ਗੱਲ ਬਹੁਤੀ ਵਿਆਖਿਆ ਦੀ ਮੁਥਾਜ਼ ਨਹੀਂ ਹੈ। ਜੇਕਰ ਗੁਰੂ ਸਾਹਿਬ ਆਪ ਸਰੀਰਕ ਰੂਪ ਵਿੱਚ ਮੌਜੂਦ ਹੋਣ ਤਾਂ ਨਿਰਸੰਦੇਹ ਹਜ਼ੂਰ ਅਜੇਹੇ ਵਿਅਕਤੀਆਂ ਨੂੰ ਦੇਖ ਕੇ ਆਪ ਉੱਠਕੇ ਜਾਂ ਸਿੱਖਾਂ ਨੂੰ ਆਖ ਕੇ ਉਹਨਾਂ ਨੂੰ ਆਪਣੇ ਪਾਸ ਲੈ ਆਉਣ। (ਉਂਝ ਤਾਂ ਅਸੀਂ ਗੁਰੂ ਗਰੰਥ ਸਾਹਿਬ ਬਾਰੇ ਇਹ ਆਖਦੇ ਅਥਵਾ ਮੰਨਦੇ ਹਾਂ ਕਿ ਇਹ ਸਾਡੇ ਪ੍ਰੱਤਖ ਗੁਰੂ ਹਨ, ਪਰ ਅਮਲੀ ਰੂਪ ਵਿੱਚ ਅਸੀਂ ਇਸ ਗੱਲ ਨੂੰ ਕਿੰਨਾ ਕੁ ਮੰਨਦੇ ਹਾਂ, ਇਸ ਤੋਂ ਅਸੀਂ ਸਾਰੇ ਹੀ ਭਲੀ ਪ੍ਰਕਾਰ ਜਾਣੂੰ ਹਾਂ। ਜੇਕਰ ਗੁਰੂ ਗਰੰਥ ਸਾਹਿਬ ਨੂੰ ਸੱਚ ਮੁੱਚ ਅਸੀਂ ਪ੍ਰਤੱਖ ਗੁਰੂ ਮੰਨਦੇ ਹੋਈਏ ਤਾਂ ਜੇਹੋ ਜੇਹੀ ਅਸੀਂ ਇਹਨਾਂ ਦੀ ਹਜ਼ੂਰੀ ਵਿੱਚ ਇੱਕ ਦੂਜੇ ਪ੍ਰਤੀ ਸ਼ਬਦ ਵਾਣਾਂ ਦੀ ਬਰਖਾ ਕਰਨ ਤੋਂ ਜ਼ਰੂਰ ਸੰਕੋਚ ਕਰੀਏ, ਜਿਸ ਦੀ ਆਏ ਦਿਨ ਮੀਡੀਏ ਵਿੱਚ ਚਰਚਾ ਹੁੰਦੀ ਹੀ ਰਹਿੰਦੀ ਹੈ।) ਜਦ ਅਸੀਂ ਇਤਿਹਾਸ ਵਲ ਨਜ਼ਰ ਮਾਰਦੇ ਹਾਂ ਤਾਂ ਸਾਨੂੰ ਅਨੇਕਾਂ ਉਦਾਹਰਣਾਂ ਗੁਰ ਇਤਿਹਾਸ ਵਿਚੋਂ ਮਿਲਦੀਆਂ ਹਨ ਕਿ ਗੁਰੂ ਸਾਹਿਬਾਨ ਨੇ ਉਹਨਾਂ ਲੋਕਾਂ ਨੂੰ ਆਪਣੇ ਗਲ਼ ਨਾਲ ਲਗਾਇਆ ਹੈ ਜਿਹਨਾਂ ਦੇ ਕੋਲ ਵੀ ਕੋਈ ਖੜੇ ਹੋਣ ਲਈ ਤਿਆਰ ਨਹੀਂ ਸੀ। ਜੀ ਹਾਂ, ਜਿਹਨਾਂ ਦਾ ਆਪਣਾ ਪਰਵਾਰ ਵੀ ਉਹਨਾਂ ਨੂੰ ਤਿਆਗ ਚੁਕਾ ਸੀ। ਇਹ ਕਿੰਨੀ ਹੈਰਾਨਗੀ ਦੀ ਗੱਲ ਹੈ ਉਸ ਗੁਰੂ ਦੇ ਹੀ ਸਿੱਖ ਅਖਵਾਉਣ ਵਾਲੇ ਅਜੇਹੇ ਵਿਅਕਤੀਆਂ ਲਈ ਦਰਵਾਜ਼ੇ ਬੰਦ ਕਰ ਕੇ ਫਿਰ ਇਹ ਵੀ ਦਾਅਵਾ ਕਰਨ ਕਿ ਇਸ ਤਰ੍ਹਾਂ ਕਰਕੇ ਉਹ ਗੁਰੂ ਦਾ ਮਾਣ ਸਤਿਕਾਰ ਕਾਇਮ ਰੱਖ ਰਹੇ ਹਨ। ਪਰ ਅਜੇਹਾ ਆਖਣ ਜਾਂ ਸਮਝਣ ਵਾਲੇ ਸੱਜਣਾਂ ਨੂੰ ਸਨਿਮਰ ਬੇਨਤੀ ਹੈ ਕਿ ਗੁਰੂ ਦਾ ਸਤਿਕਾਰ ਗੁਰੂ ਜੀ ਦੀ ਗੱਲ ਨੂੰ ਮੰਣਨ ਵਿੱਚ ਹੈ, ਨਾ ਕਿ ਮਜਬੂਰ ਵਿਅਕਤੀਆਂ ਨੂੰ ਗੁਰੂ ਦਰਬਾਰ ਵਿਚੋਂ ਅਪਮਾਣਤ ਕਰਨ `ਚ।

ਪਿੱਛੇ ਜੇਹੇ ਕੁੱਝ ਨੌਜਵਾਨਾਂ ਨੇ ਵ੍ਹੀਲ ਚੇਅਰ `ਤੇ ਬੈਠ ਕੇ ਕੀਰਤਨ ਦਾ ਅਨੰਦ ਮਾਣ ਰਹੀ ਬਜ਼ੁਰਗ ਮਾਤਾ ਨੂੰ ਬੁਰਾ ਭਲਾ ਕਹਿੰਦਿਆਂ ਹੋਇਆਂ ਫਿਰ ਬੜੀ ਹੀ ਬੇਰਹਿਮੀ ਨਾਲ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ ਸੀ; ਅਤੇ ਫਿਰ ਬੜੇ ਹੀ ਮਾਣ ਨਾਲ ਇਸ ਦੀ ਚਰਚਾ ਕਰਦਿਆਂ ਡੀਂਗ ਮਾਰ ਰਹੇ ਸਨ ਕਿ ਉਹਨਾਂ ਨੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਇਸ ਤਰ੍ਹਾਂ ਨਾਲ ਆਕੜ ਕੇ ਬੈਠੀ ਮਾਈ ਨੂੰ ਵ੍ਹੀਲ ਚੇਅਰ ਸਮੇਤ ਹੀ ਹੇਠਾਂ ਸੁੱਟ ਕੇ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੀ ਮਾਈ ਨੂੰ ਅਜੇਹਾ ਮਜ਼ਾ ਚਖਾਇਆ ਹੈ ਕਿ ਫਿਰ ਕਦੀ ਉਹ ਇਸ ਤਰ੍ਹਾਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠਣ ਦੀ ਜੁਰਅਤ ਨਹੀਂ ਕਰਨ ਲੱਗੀ। ਇਹ ਨੌਜਵਾਨ ਆਪਣੇ ਇਸ ਕਰਮ ਨੂੰ ਸਤਿਗੁਰੂ ਦੇ ਮਾਣ ਸਤਿਕਾਰ ਨੂੰ ਬਰਕਰਾਰ ਰੱਖਣ ਵਾਲਾ ਕਰਮ ਸਮਝ ਰਹੇ ਸਨ। ਬੇਬਸ ਹੋਈ ਬਿਰਧ ਮਾਈ ਦੀ ਬੇਬਸੀ ਨੂੰ ਦੇਖ ਕੇ ਇਸ ਤਰ੍ਹਾਂ ਮੁਸਕਰਾ ਰਹੇ ਸਨ ਜਿਵੇਂ ਕਿ ਇਹਨਾਂ ਨੇ ਕੋਈ ਬਹੁਤ ਹੀ ਵੱਡਾ ਮੋਰਚਾ ਫਤਹਿ ਕਰ ਲਿਆ ਹੈ। ਐਸੇ ਗੁਰੂ ਕੇ ਲਾਲਾਂ ਬਾਰੇ ਕੀ ਆਖਿਆ ਜਾਵੇ? ਗੁਰੂ ਦੀ ਭੈ ਭਾਵਨੀ ਵਿੱਚ ਰਹਿਣ ਵਾਲੇ ਸ਼ਰਧਾਵਾਨ ਗੁਰੂ ਕੇ ਸਿੱਖ ਜਾਂ ਫਿਰ ਗੁਰੂ ਗਿਆਨ ਤੋਂ ਸੱਖਣੇ, ਗੁਰਮਤਿ ਦੀ ਸੋਝੀ ਤੋਂ ਵਿਹੂਣੇ ਜਾਂ ਫਿਰ …. ਹੂੜਮੱਤੀਏ। ਸਤਿਗੁਰੂ ਦੀ ਬੇਅਦਬੀ ਤਾਂ ਗੁਰੂ ਵਾਲੇ ਹੋਣ ਦਾ ਦਾਹਵਾ ਕਰਦਿਆਂ ਹੋਇਆਂ ਵੀ ਗੁਰੂ ਦੀ ਗੱਲ ਨੂੰ ਨਾ ਮੰਣਨ `ਚ ਹੈ, ਸਤਿਗੁਰੂ ਦੀ ਹਜ਼ੂਰੀ ਵਿੱਚ ਇੱਕ ਦੂਜੇ ਦੀਆਂ ਪਗਾਂ ਉਛਾਲਣ `ਚ ਹੈ, ਆਪਣੇ ਵਿਰੋਧੀਆਂ ਪ੍ਰਤੀ ਬੜੀ ਹੀ ਘਟੀਆ ਸ਼ਬਦਵਲੀ ਦੀ ਵਰਤੋਂ ਕਰਨ ਵਿੱਚ ਹੈ, ਗੁਰੂ ਦੇ ਨਾਮ ਤੇ ਠੱਗੀਆਂ ਮਾਰਨ ਵਿੱਚ ਹੈ, ਜੀ ਹਾਂ, ਸਤਿਗੁਰੂ ਜੀ ਦੇ ਨਾਮ ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਿੱਚ ਹੈ। ਪਰ ਇਸ ਪਾਸੇ ਵਲ ਸਾਡਾ ਧਿਆਨ ਘੱਟ ਹੀ ਜਾਂਦਾ ਹੈ। ਪਰੰਤੂ ਸਰੀਰਕ ਤੌਰ `ਤੇ ਅਪਾਹਜ ਵਿਅਕਤੀਆਂ ਨੂੰ ਵ੍ਹੀਲ ਚੇਅਰ ਆਦਿ `ਤੇ ਗੁਰੂ ਦਰਬਾਰ ਵਿੱਚ ਬੈਠਿਆਂ ਦੇਖ ਕੇ ਸਾਡੀ ਸ਼ਰਧਾ ਨੂੰ ਬੜੀ ਠੇਸ ਪਹੁੰਚਦੀ ਹੈ। ਅਜੇਹੇ ਲਾਚਾਰ ਪ੍ਰਾਣੀਆਂ ਨਾਲ ਹਮਦਰਦੀ ਨਾਲ ਪੇਸ਼ ਆਉਣ ਦੀ ਬਜਾਇ ਅਸੀਂ ਬੜੀ ਹੀ ਕਰੂਰਤਾ ਨਾਲ ਪੇਸ਼ ਆਕੇ ਉਹਨਾਂ ਨੂੰ ਇਹ ਮਹਿਸੂਸ ਕਰਾਉਂਦੇ ਹਾਂ ਕਿ ਉਹਨਾਂ ਲਈ ਗੁਰੂ ਦਰਬਾਰ ਵਿੱਚ ਕੋਈ ਥਾਂ ਨਹੀਂ ਹੈ। ਦੂਜੇ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਵਿਅਕਤੀਆਂ ਨੂੰ ਗੁਰੂ ਦਰਬਾਰ ਵਿੱਚ ਆਉਣ ਦਾ ਕੋਈ ਹੱਕ ਨਹੀਂ ਹੈ। ਇਸ ਕਾਰਨ ਹੀ ਅਸੀਂ ਕਿਸੇ ਵੀ ਰੂਪ ਵਿੱਚ ਇਸ ਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹੁੰਦੇ। ਇਹ ਸਤਿਗੁਰੂ ਦੇ ਸਤਿਕਾਰ ਦਾ ਪ੍ਰਤੀਕ ਨਹੀਂ ਹੈ, ਹਾਂ ਕਾਇਰਤਾ ਦਾ ਜ਼ਰੂਰ ਪ੍ਰਤੀਕ ਆਖਿਆ ਜਾ ਸਕਦਾ ਹੈ। ਇਹ ਸਮੂਹ ਗੁਰੂ ਨਾਨਕ ਪੰਥੀਆਂ ਦਾ ਫ਼ਰਜ਼ ਬਣਦਾ ਹੈ ਕਿ ਇਹੋ ਜੇਹੀ ਸੋਚ ਰੱਖਣ ਵਾਲਿਆਂ ਦੀ ਇਸ ਸੋਚ ਦੀ ਨਿਖੇਧੀ ਕਰਨ। ਅਜੇਹੇ ਵਿਅਕਤੀ ਜੇਹੜੇ ਆਪਣੀ ਮੱਤ ਨੂੰ ਗੁਰੂ ਦੀ ਮੱਤ ਆਖ ਕੇ ਸੰਗਤਾਂ ਵਿੱਚ ਇਸ ਤਰ੍ਹਾਂ ਦੀ ਵਿਚਾਰਧਾਰਾ ਨੂੰ ਪ੍ਰਚਾਰਦੇ ਹਨ, ਉਹਨਾਂ ਨੂੰ ਦ੍ਰਿੜਤਾ ਨਾਲ, ਤਰਕ ਨਾਲ, ਸਭਿਅ ਢੰਗ ਨਾਲ ਅਤੇ ਗੁਰੂ ਦੀ ਬਖ਼ਸ਼ੀ ਮੱਤ ਨਾਲ ਮੁਕਾਬਲਾ ਕਰਕੇ ਉਹਨਾਂ ਨੂੰ ਅਹਿਸਾਸ ਕਰਾਇਆ ਜਾਵੇ ਕਿ ਸਿੱਖੀ ਦੇ ਨਾਮ ਤੇ ਇਹੋ ਜੇਹੀਆਂ ਆਪ ਹੁਦਰੀਆਂ ਦੀ ਹੁਣ ਕੋਈ ਥਾਂ ਨਹੀਂ ਕਿਉਂ ਕਿ ਖ਼ਾਲਸਾ ਪੰਥ ਗੂੜੀ ਨੀਂਦ ਵਿਚੋਂ ਜਾਗ ਰਿਹਾ ਹੈ।

ਸੰਗਤ ਵਿੱਚ ਬਰਾਬਰੀ ਵਾਲੇ ਸਿਧਾਂਤ ਦਾ ਜਿਸ ਤਰ੍ਹਾਂ ਨਾਲ ਸਾਡੀ ਸ਼੍ਰੋਮਣੀ ਸੰਸਥਾ ਹੀ ਧੱਜੀਆਂ ਉਡਾਉਂਦੀ ਹੈ, ਉਹ ਵਧੇਰੇ ਵਿਆਖਿਆ ਦਾ ਮੁਥਾਜ਼ ਨਹੀਂ ਹੈ। ਸ਼੍ਰਮੋਣੀ ਕਮੇਟੀ ਦੇ ਪ੍ਰਧਾਨ ਆਦਿ ਤੇ ਦਰਬਾਰ ਸਾਹਿਬ ਆਉਣ ਤੇ ਜਿਸ ਤਰ੍ਹਾਂ ਨਾਲ ਸੇਵਾਦਾਰ ਆਮ ਸ਼ਰਧਾਲੂਆਂ ਨੂੰ ਉੱਠਣ ਲਈ ਮਜ਼ਬੂਰ ਕਰਦੇ ਹਨ, ਉਸ ਸਮੇਂ ਹਾਜ਼ਰ ਸ਼ਰਧਾਲੂਆਂ ਨੇ ਕਈ ਵਾਰ ਦੇਖਿਆ ਹੋਵੇਗਾ। ਪਿੱਛੇ ਜੇਹੇ ਇਹ ਕੋਝਾ ਦ੍ਰਿਸ਼ ਟੀ ਵੀ `ਤੇ ਕਈਆਂ ਨੇ ਦੇਖਿਆ ਹੋਵੇਗਾ ਕਿ ਕਿਵੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਦ ਦਰਬਾਰ ਸਾਹਿਬ ਮੱਥਾ ਟੇਕਣ ਲਈ ਆ ਰਹੇ ਸਨ ਤਾਂ ਸੇਵਾਦਾਰ ਪਹਿਲਾਂ ਤੋਂ ਬੈਠ ਕੇ ਕੀਰਤਨ ਸ਼੍ਰਵਨ ਕਰ ਰਹੇ ਪ੍ਰਾਣੀਆਂ ਨੂੰ ਉੱਠਨ ਲਈ ਮਜ਼ਬੂਰ ਕਰ ਰਹੇ ਸਨ।

ਸੰਗਤ ਵਿੱਚ ਇਹ ਬਰਾਬਰੀ ਵਾਲਾ ਭਾਵ ਕਾਇਮ ਰੱਖਣ ਲਈ ਹੀ ਇਹ ਮਰਯਾਦਾ ਕਾਇਮ ਕੀਤੀ ਸੀ। ਸਿੱਖ ਰਹਿਤ ਮਰਯਾਦਾ ਵਿੱਚ ਗੁਰਮਤਿ ਦੇ ਇਸ ਸਿਧਾਂਤ ਦੀ ਰੌਸ਼ਨੀ ਵਿੱਚ ਹੀ ਇਹ ਸ਼ਬਦ ਅੰਕਤ ਹਨ ਕਿ: “ਸੰਗਤ ਵਿੱਚ ਬੈਠਣ ਲਈ ਭੀ ਸਿੱਖ-ਅਸਿੱਖ ਛੂਤ-ਛਾਤ, ਜਾਤ-ਪਾਤ, ਊਚ-ਨੀਚ ਦਾ ਭਰਮ ਜਾਂ ਵਿਤਕਰਾ ਨਹੀਂ ਕਰਨਾ।”

ਇਹ ਆਮ ਹੀ ਦੇਖਿਆ ਜਾਂਦਾ ਹੈ ਕਿ ਗੁਰਸਿੱਖੀ ਦੇ ਇਸ ਸੁਨਹਿਰੀ ਸਿਧਾਂਤ ਨੂੰ ਅਸੀਂ ਆਪ ਹੀ ਲੀਰੋ - ਲੀਰ ਕਰ ਰਹੇ ਹੁੰਦੇ ਹਾਂ।

ਕਈ ਥਾਂਈ ਅਨੰਦ ਕਾਰਜ ਸਮੇਂ ਲੜਕੇ ਲੜਕੀ ਦੇ ਲਈ ਉਚੇਚੇ ਤੌਰ `ਤੇ ਗਦੇਲਾ ਚਾਦਰ ਆਦਿ ਵਿਛਾਇਆ ਜਾਂਦਾ ਹੈ। ਅਨੰਦ ਕਾਰਜ ਸਮੇਂ ਲੜਕੀ ਲੜਕੇ ਦੇ ਬੈਠਣ ਲਈ ਅਜੇਹੀ ਉਚੇਚ ਕਰਨ ਦੀ ਲੋੜ ਨਹੀਂ ਹੁੰਦੀ, ਕਿਉਂਕਿ ਲੜਕੀ ਅਤੇ ਲੜਕਾ ਗੁਰੂ ਦਰਬਾਰ ਵਿੱਚ ਅਨੰਦ ਕਾਰਜ ਦੀ ਰਸਮ ਰਾਂਹੀ ਆਪਣੇ ਗ੍ਰਿਹਸਥ ਜੀਵਨ ਦੀ ਸ਼ੁਰੂਆਤ ਕਰਨ ਲਈ, ਇੱਕ ਨਿਮਾਣੇ ਸ਼ਰਧਾਲੂ ਦੇ ਰੂਪ ਵਿੱਚ ਗੁਰੂ ਦਰਬਾਰ ਵਿੱਚ ਹਾਜ਼ਰ ਹੋਏ ਹਨ। ਹਾਂ, ਜੇਕਰ ਸਰੀਰਕ ਸਮਸਿੱਆ ਕਾਰਨ ਬੈਠਣ `ਚ ਕਿਸੇ ਤਰ੍ਹਾਂ ਦੀ ਕਠਿਨਾਈ ਆ ਰਹੀ ਹੈ ਤਾਂ ਯੋਗ ਪਰਬੰਧ ਕਰਨ ਦੀ ਜ਼ਰੂਰਤ ਹੈ। ਚੂੰਕਿ ਇਸ ਹਾਲਤ ਵਿੱਚ ਉਹਨਾਂ ਦਾ ਗਦੇਲੇ ਆਦਿ ਤੇ ਬੈਠਣਾ ਮਹਿਜ਼ ਮਜਬੂਰੀ ਹੈ ਨਾ ਕਿ ਕਿਸੇ ਤਰ੍ਹਾਂ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਦੀ ਭਾਵਨਾ।

ਸੋ ਇਹ ਸਾਡਾ ਸਾਰਿਆਂ ਦਾ ਹੀ ਫ਼ਰਜ਼ ਬਣਦਾ ਹੈ ਕਿ ਗੁਰਮਤਿ ਦੇ ਬਰਾਬਰੀ ਵਾਲੇ ਸਿਧਾਂਤ ਉੱਤੇ ਪਹਿਰਾ ਦੇਈਏ ਅਤੇ ਗੁਰਦੁਆਰੇ ਇੱਕ ਨਿਮਾਣੇ ਸਿੱਖ ਦੀ ਹੈਸੀਅਤ `ਚ ਹਾਜ਼ਰ ਹੋਈਏ। ਜੇਹੜੇ ਵਿਅਕਤੀਆਂ ਲਈ ਬੈਠਣਾ ਮੁਸ਼ਕਲ ਹੈ, ਉਹਨਾਂ ਲਈ ਯੋਗ ਪ੍ਰਬੰਧ ਕਰਨ ਵਿੱਚ ਗੁਰਮਤਿ ਦੇ ਕਿਸੇ ਵੀ ਸਿਧਾਂਤ ਦਾ ਖੰਡਨ ਨਹੀਂ ਹੁੰਦਾ; ਅਤੇ ਨਾ ਹੀ ਗੁਰੂ ਮਹਾਰਾਜ ਦੇ ਮਾਣ ਸਨਮਾਣ ਵਿੱਚ ਕਿਸੇ ਤਰ੍ਹਾਂ ਦੀ ਕੋਤਾਹੀ ਹੀ ਹੁੰਦੀ ਹੈ। ਇਸ ਲਈ ਖ਼ਾਸ ਤੌਰ `ਤੇ ਜ਼ਿੰਮੇਵਾਰ ਸੱਜਣਾਂ ਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਤਾਂ ਕਿ ਗੁਰ ਆਸ਼ੇ ਅਨੁਸਾਰ ਪ੍ਰਬੰਧ ਕਰਕੇ ਗੁਰੂ ਪਾਤਸ਼ਾਹ ਦੀਆਂ ਖ਼ੁਸ਼ੀਆਂ ਦਾ ਪਾਤਰ ਬਣਿਆ ਜਾ ਸਕੇ। ਪਰ ਜੇਹੜੇ ਸੱਜਣ ਗੁਰੂ ਦਰਬਾਰ `ਚ ਆਪਣੇ ਆਪ ਨੂੰ ਆਮ ਸੰਗਤਾਂ ਨਾਲੋਂ ਵਿਸ਼ੇਸ਼ ਦਰਸਾਉਣ ਲਈ ਇਸ ਤਰ੍ਹਾਂ ਦੀ ਕੋਈ ਉਚੇਚ ਕਰਦੇ ਜਾਂ ਕਰਾਉਂਦੇ ਹਨ ਉਹਨਾਂ ਨੂੰ ਸਤਿਗੁਰੂ ਦੇ ਨਿਰਮਲ ਭੈ ਵਿੱਚ ਵਿਚਰਦਿਆਂ, ਗੁਰਮਤਿ ਦਾ ਬਰਾਬਰੀ ਵਾਲਾ ਸਿਧਾਂਤ ਸਾਹਮਣੇ ਰੱਖਦਿਆਂ ਹੋਇਆਂ ਸਤਿਗੁਰੂ ਦੀ ਹਜ਼ੂਰੀ ਵਿੱਚ ਆਮ ਸੰਗਤ ਵਾਂਗ ਹੀ ਬੈਠਣਾ ਚਾਹੀਦਾ ਹੈ। ਅਸੀਂ ਪਾਠਕਾਂ ਦਾ ਧਿਆਨ ਇਸ ਪਾਸੇ ਵੀ ਦਿਵਾਉਣਾ ਚਾਹੁੰਦੇ ਹਾਂ ਕਿ ਬਰਾਬਰੀ ਵਾਲੇ ਸਿਧਾਂਤ ਨੂੰ ਕੇਵਲ ਬੈਠਨ ਤੱਕ ਹੀ ਸੀਮਤ ਨਹੀਂ ਰੱਖਣਾ ਬਲਕਿ ਅਮਲੀ ਰੂਪ ਵਿੱਚ ਵੀ ਅਪਣਾ ਕੇ ਇਸ ਉਤੇ ਪਹਿਰਾ ਦੇਣ ਦੀ ਲੋੜ ਹੈ। ਇੱਥੇ ਅਸੀਂ ਪੁੱਛੇ ਗਏ ਪ੍ਰਸ਼ਨ ਤਕ ਹੀ ਉੱਤਰ ਨੂੰ ਸੀਮਤ ਰੱਖਿਆ ਹੈ, ਇਸ ਲਈ ਇਹਨਾਂ ਪੱਖਾਂ ਦੀ ਚਰਚਾ ਨਹੀਂ ਕੀਤੀ ਕਿ ਕੀ ਕੇਵਲ ਇੱਕ ਸਮਾਨ ਬੈਠਣ ਨਾਲ ਹੀ ਇੱਕ ਸਾਰਤਾ ਵਾਲਾ ਭਾਵ ਕਾਇਮ ਰੱਖਿਆ ਜਾ ਸਕਦਾ ਹੈ ਜਾਂ ਇਸ ਨਾਲ ਜੁੜੇ ਹੋਏ ਹੋਰ ਪਹਿਲੂਆਂ ਨੂੰ ਵੀ ਧਿਆਨ ਅਥਵਾ ਅਮਲ ਵਿੱਚ ਲਿਆਉਣ ਨਾਲ ਇਸ ਸਿਧਾਂਤ ਨੂੰ ਸਹੀ ਅਰਥਾਂ ਵਿੱਚ ਮੰਣਨਾ ਕਿਹਾ ਜਾ ਸਕਦਾ ਹੈ।

ਜਸਬੀਰ ਸਿੰਘ ਵੈਨਕੂਵਰ
.