.

ਅੰਮ੍ਰਿਤ, ਲਾਈਫ ਕਿ ਕਸਟਮ

ਅਵਤਾਰ ਸਿੰਘ ਮਿਸ਼ਨਰੀ (510-432-5827)

ਅੰਮ੍ਰਿਤ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦੇ ਪ੍ਰਕਣ ਅਨੁਸਾਰ ਵੱਖਰੇ-੨ ਅਰਥ ਹਨ ਜਿਵੇਂ:- ਮੱਖਣ-ਰਸਨਾ ਨਾਮਿ ਜਪਹੁ ਤਬ ਮਥੀਐ ਇਨਿ ਬਿਧਿ ਅੰਮ੍ਰਿਤ ਪਾਵਹੁ॥ (੭੨੮) ਦੁੱਧ-ਸੋਇਨ ਕਟੋਰੀ ਅੰਮ੍ਰਿਤ ਭਰੀ॥ (੧੧੬੩) ਮਿਠਾਸ-ਗੁਰਮੁਖਿ ਅੰਮ੍ਰਿਤ ਬਾਣੀ ਬੋਲਹਿ॥ (੬੯) ਸੁਵਾਦਿਸ਼ਟ ਭੋਜਨ-ਜਿਹ ਪ੍ਰਸਾਦਿ ਛਤਹੀ ਅੰਮ੍ਰਿਤ ਖਾਹਿ॥ (੨੬੯) ਅਮਰ-ਹਰਿ ਅੰਮ੍ਰਿਤ ਸਜਣ ਮੇਰਾ॥ (ਸੂਹੀ ਮਹਲਾ ੫) ਪਰ ਮੇਨ ਅਰਥ ਪ੍ਰਮੇਸ਼ਰ ਦਾ ਨਾਮ ਹੀ ਹੈ ਜਿਵੇਂ-ਅੰਮ੍ਰਿਤ ਨਾਮੁ ਪ੍ਰਮੇਸਰੁ ਤੇਰਾ ਜੋ ਸਿਮਰੈ ਸੋ ਜੀਵੈ॥ (੬੧੬) ਅੰਮ੍ਰਿਤ ਬਾਣੀ ਅਮਿਉ ਰਸੁ, ਅੰਮ੍ਰਿਤੁ ਹਰਿ ਕਾ ਨਾਉ॥ ਮਨਿ ਤਨਿ ਹਿਰਦੈ ਸਿਮਰਿ ਹਰਿ, ਆਠ ਪਹਰ ਗੁਣ ਗਾਉ॥ (੯੬੩) ਅੰਮ੍ਰਿਤ ਹਰਿ ਕਾ ਨਾਮੁ ਹੈ ਮੇਰੀ ਜਿੰਦੜੀਏ, ਅੰਮ੍ਰਿਤ ਗੁਰਮਤਿ ਪਾਇ ਰਾਮ॥ (੫੩੮) ਅੰਮ੍ਰਿਤੁ ਨਾਮੁ ਨਿਧਾਨ ਹੈ ਮਿਲਿ ਪੀਵਹੁ ਭਾਈ॥ (੩੧੮) ਅੰਮ੍ਰਿਤ ਸਬਦੁ ਅੰਮ੍ਰਿਤ ਹਰਿ ਬਾਣੀ॥ ਸਤਿਗੁਰਿ ਸੇਵਿਐ ਰਿਦੈ ਸਮਾਣੀ॥ ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਾਤਾ, ਪੀ ਅੰਮ੍ਰਿਤੁ ਸਭ ਭੁਖ ਲਹਿ ਜਾਵਣਿਆ॥ (੧੧੮). . ਸਚਾ ਅੰਮ੍ਰਿਤੁ ਨਾਮੁ ਭੋਜਨੁ ਆਇਆ. .॥ (੧੫੦) ਪ੍ਰਮੇਸ਼ਰ ਅਤੇ ਉਸ ਦਾ ਨਾਮ ਅਮਰ ਹੈ ਜੋ ਇਸ ਨੂੰ ਜਪਦੇ ਅਤੇ ਧਾਰਦੇ ਹਨ ਉਹ ਵੀ ਅਮਰ ਹੋ ਜਾਂਦੇ ਹਨ ਪਰ ਇਹ ਪਦਵੀ ਗੱਲੀ ਬਾਤੀਂ ਨਹੀਂ ਪਾਈ ਜਾ ਸਕਦੀ ਜਿਵੇਂ-ਖਾਂਡ ਖਾਂਡ ਕਹੈ ਜਿਹਬਾ ਨਾ ਸਵਾਦ ਮੀਠੋ ਆਵੈ, ਅਗਨਿ ਅਗਨਿ ਕਹੈ ਸੀਤ ਨਾ ਬਿਨਾਸ ਹੈ। … ਅੰਮ੍ਰਿਤ ਅੰਮ੍ਰਿਤ ਕਹੈ ਪਾਈਐ ਨਾ ਅਮਰ ਪਦ, ਜਉ ਲਉ ਜਿਹਵਾ ਕੈ ਸੁਰਸ ਅੰਮ੍ਰਿਤ ਨਾ ਚਾਖੀਐ (ਭਾ. ਗੁ.) ਹਿੰਦੂ ਮਿਥਹਾਸ ਕਹਿੰਦਾ ਹੈ ਕਿ ਜਦ ਦੇਵਤਿਆਂ ਅਤੇ ਦੈਂਤਾਂ ਨੇ ਖੀਰ ਸਮੁੰਦਰ ਨੂੰ ਰਿੜਕਿਆ ਤਾਂ ਓਥੋਂ ਅੰਮ੍ਰਿਤ ਨਿਕਲਿਆ, ਜਿਸ ਦੀ ਪ੍ਰਾਪਤੀ ਲਈ ਆਪਸੀ ਲੜਾਈ ਹੋਈ। ਮਹਾਂਨ ਕੋਸ਼ ਅਨੁਸਾਰ ਅੰਮ੍ਰਿਤ ਇੱਕ ਉਹ ਪਦਾਰਥ ਹੈ ਜਿਸ ਦੇ ਪੀਣ ਨਾਲ ਮੌਤ ਨਹੀਂ ਹੁੰਦੀ। ਕੋਈ ਇਸ ਨੂੰ ਸੋਮ ਰਸ, ਕੋਈ ਆਬਿ ਹਯਾਤ ਅਤੇ ਕੋਈ ਇਸ ਨੂੰ ਖੰਡੇ ਦਾ ਅੰਮ੍ਰਿਤ ਕਹਿੰਦਾ ਹੈ। ਸਭ ਦੇ ਵੱਖਰੇ-੨ ਕਸਟਮ (ਰੂਲ) ਹਨ, ਜਿਨ੍ਹਾਂ ਉੱਪਰ ਬਾਹਰੀ ਤੌਰ ਤੇ ਜਾਂ ਸਰੀਰਕ ਤੌਰ ਤੇ ਜਿਆਦਾ ਜੋਰ ਦਿੱਤਾ ਜਾਂਦਾ ਹੈ। ਹਰੇਕ ਆਪਣੇ-੨ ਕਸਟਮ ਨੂੰ ਹੀ ਚੰਗਾ ਸਮਝਦਾ ਹੈ। ਆਓ ਆਪਾਂ ਇਸ ਬਾਰੇ ਭਗਤਾਂ ਅਤੇ ਗੁਰੂਆਂ ਦੇ ਵਿਚਾਰ ਜਾਨਣਾ ਕਰੀਏ ਜੋ ਦੁਨੀਆਂ ਦੇ ਸਰਬ ਸਾਂਝੇ ਗ੍ਰੰਥ “ਗੁਰੂ ਗ੍ਰੰਥ ਸਾਹਿਬ” ਵਿੱਚ ਸੁਭਾਏਮਾਨ ਹਨ। ਜਿਨ੍ਹਾਂ ਮੁਤਾਬਕ ਅੰਮ੍ਰਿਤ ਇੱਕ ਗਿਆਨ ਹੈ, ਸ਼ਬਦ ਹੈ, ਲਾਈਫ ਹੈ (ਜੀਵਣ) ਹੈ। ਜੇ ਆਪਣੇ-੨ ਮਨ ਦੀ ਮਰਜੀ ਜਾਂ ਆਪਣੇ-੨ ਕਸਟਮ ਨੂੰ ਛੱਡ ਕੇ ਓਪਨ ਮਾਂਈਂਡਡ ਹੋ ਕੇ ਸੋਚਿਆ ਜਾਵੇ ਤਾਂ (ਅੰਮ੍ਰਿਤ) ਭਾਵ ਮੌਤ ਰਹਿਤ ਤਾਂ ਇੱਕ ਪ੍ਰਭੂ ਪ੍ਰਮਾਤਮਾਂ ਰੱਬ ਅੱਲ੍ਹਾ-ਤਾਲਾ ਰਾਮ ਰਹੀਮ ਗਾਡ ਅਕਾਲ ਪੁਰਖ ਹੀ ਹੈ। ਬਾਕੀ ਸਾਰੀ ਕਾਇਨਾਤ ਬਿਨਸਨਹਾਰ ਹੈ ਭਾਵ ਮੌਤ ਦੇ ਅੰਡਰ ਹੈ-ਜੋ ਜਨਮੈ ਸੋ ਜਾਨੋ ਮੂਆ॥ (੩੭੫)

ਗੁਰੂ ਗ੍ਰੰਥ ਸਾਹਿਬ ਵਿਖੇ ਐਸੇ ਨਾਮ ਰਸ ਅੰਮ੍ਰਿਤ ਜਲ ਦੀ ਬਾਰ ਬਾਰ ਗੱਲ ਕੀਤੀ ਗਈ ਹੈ ਜੋ ਲਾਈਫ ਹੈ, ਜੀਵਨ ਹੈ, ਕਸਟਮ ਕਦਾਚਿਤ ਵੀ ਨਹੀਂ-ਗੁਰ ਕਾ ਸਬਦ ਅੰਮ੍ਰਿਤ ਹੈ ਬਾਣੀ (੧੦੫੭) ਚਹੁੰ ਜੁਗ ਮਹਿ ਅੰਮ੍ਰਿਤੁ ਸਾਚੀ ਬਾਣੀ॥ (੬੬੫) ਗੁਰ ਕਾ ਸਬਦ ਅੰਮ੍ਰਿਤੁ ਹੈ ਜਿਤੁ ਪੀਤੈ ਤਿਖ ਜਾਇ॥ (੩੫) ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣੁ ਭਇਆ॥ (੩੬੦) ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ ਜੋ ਬੋਲੈ ਸੋ ਮੁਖਿ ਅੰਮ੍ਰਿਤੁ ਪਾਵੈ॥ (੪੯੪) ਅੰਮ੍ਰਿਤੁ ਏਕੋ ਸਬਦੁ ਹੈ ਨਾਨਕ ਗੁਰਮੁਖਿ ਪਾਇਆ॥ (੬੪੪) ਅੰਮ੍ਰਿਤ ਸਬਦੁ ਪੀਵੈ ਜਨੁ ਕੋਇ ਨਾਨਕ ਤਾ ਕੀ ਪਰਮ ਗਤਿ ਹੋਇ॥ (੩੯੪) ਗੁਰ ਕਾ ਸਬਦੁ ਅੰਮ੍ਰਿਤ ਰਸ ਪੀਉ॥ ਤਾ ਤੇਰਾ ਹੋਇ ਨਿਰਮਲ ਜੀਉ॥ (੮੯੧) ਮਨਮੁਖਿ ਕਰਮ ਕਮਾਵਣੇ ਹਉਮੈ ਅੰਧੁ ਗੁਬਾਰੁ॥ ਗੁਰਮੁਖਿ ਅੰਮ੍ਰਿਤੁ ਪੀਵਣਾ ਨਾਨਕ ਸਬਦੁ ਵੀਚਾਰਿ॥ (੬੪੬) ਅੰਮ੍ਰਿਤੁ ਵਰਸੈ ਸਹਜਿ ਸੁਬਾਏ॥ ਗੁਮੁਖਿ ਵਿਰਲਾ ਕੋਈ ਜਨੁ ਪਾਏ॥ (੧੧੯) ਰੋਸ ਨਾ ਕੀਜੈ ਅੰਮ੍ਰਿਤੁ ਪੀਜੈ ਰਹਣੁ ਨਹੀ ਸੰਸਾਰੇ॥ (੯੩੧) ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰੁ ਬਾਣੀ ਕਹੈ ਸੇਵਕੁ ਜਨ ਮਾਨੈ ਪਰਤਖਿ ਗੁਰੂ ਨਿਸਤਾਰੈ॥ (੯੮੨) ਮਾਰਗੁ ਛੋਡਿ ਅਮਾਰਗਿ ਪਾਇ॥ ਮੂਲਹੁ ਭੂਲਾ ਆਵੈ ਜਾਇ॥ ਅੰਮ੍ਰਿਤੁ ਡਾਰਿ ਲਾਦਿ ਬਿਖੁ ਖਾਇ॥ (੧੧੬੫) ਜਿਨਾ ਗੁਰਬਾਣੀ ਮਨਿ ਭਾਈਆ ਅੰਮ੍ਰਿਤਿ ਛਕਿ ਛਕੇ॥ (੪੪੯)

ਉਪ੍ਰੋਕਤ ਗੁਰ ਉਪਦੇਸ਼ਾਂ ਵਿੱਚ ਜਿਸ ਅੰਮ੍ਰਿਤ ਦੀ ਗੱਲ ਕੀਤੀ ਗਈ ਹੈ ਉਹ ਪੂਰਨ ਗੁਰੂ ਤੋਂ ਹੀ ਮਿਲਦਾ ਹੈ, ਪ੍ਰਾਪਤ ਹੁੰਦਾ ਹੈ। ਜੀਵਨ ਵਿੱਚ ਅੰਮ੍ਰਿਤ ਰਸ ਭਰ ਕੇ ਜੀਵਨ ਬਦਲ ਜਾਂਦਾ ਹੈ। ਵਹਿਮਾਂ-ਭਰਮਾਂ, ਕਰਮਕਾਂਡਾਂ ਅਤੇ ਮਾਇਆ ਦੇ ਛਲਾਵੇ ਵਾਲੀ ਮੌਤ ਤੋਂ ਮੁਕਤ ਹੋ ਜਾਈਦਾ ਹੈ ਪਰ ਅੰਮ੍ਰਿਤ ਬਾਰੇ ਦੁਬਿਧਾ ਵਿੱਚ ਰਿਹਾਂ ਇਹ ਰੱਬੀ ਗਿਆਨ ਅੰਮ੍ਰਿਤ ਪ੍ਰਾਪਤ ਨਹੀਂ ਹੁੰਦਾ-ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਹੋ ਸੋ ਅੰਮ੍ਰਿਤੁ ਗੁਰ ਪਾਹੀ ਜੀਉ॥ ਛੋਡਹੁ ਵੇਸੁ ਭੇਖੁ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ॥ (੫੯੮) ਜਿਸ ਜੀਵਨ ਅੰਮ੍ਰਿਤ ਨੂੰ ਕਥਿਤ ਦੇਵੀ ਦੇਵਤੇ ਮਨੁਖ ਅਤੇ ਮੁਨੀ ਜਨ ਵੀ ਖੋਜਦੇ ਰਹੇ ਉਹ ਜੀਵਨ-ਅੰਮ੍ਰਿਤ ਸੱਚੇ ਸਤਿਗੁਰੂ ਤੋਂ ਹੀ ਪ੍ਰਾਪਤ ਹੁੰਦਾ ਹੈ। ਚੰਗੇ ਕਰਮ ਕਰਨੇ ਅਤੇ ਰੱਬ ਨੂੰ ਸਦਾ ਯਾਦ ਰੱਖਣਾ ਹੀ ਅਸਲ ਅੰਮ੍ਰਿਤ ਪੀਣਾ ਹੈ। ਅਜਿਹਾ ਦੁਨੀਆਂ ਦਾ ਕੋਈ ਵੀ ਇਨਸਾਨ ਕਰ ਸਕਦਾ ਹੈ। ਉਸ ਨੂੰ ਕਿਸੇ ਕਥਿਤ ਕਸਟਮ ਦੀ ਲੋੜ ਨਹੀਂ ਜੋ ਅੰਮ੍ਰਿਤਮਈ ਜੀਵਨ ਵਿੱਚ ਬੰਧਨ ਬਣਦਾ ਹੋਵੇ। ਸੋ ਸਾਰੀ ਵਿਚਾਰ ਦਾ ਭਾਵ ਹੈ ਕਿ ਗੁਰੂ ਦਾ ਸ਼ਬਦ, ਗਿਆਨ, ਗੁਰੂ ਦੀ ਸਿਖਿਆ ਅਤੇ ਪ੍ਰਮੇਸ਼ਰ ਦਾ ਨਾਮ ਹੀ ਅੰਮ੍ਰਿਤ ਹੈ, ਲਾਈਫ ਹੈ ਪਰ ਦੁਨੀਆਂ ਦਾ ਹੋਰ ਕੋਈ ਵੀ ਕਸਟਮ ਅੰਮ੍ਰਿਤ ਨਹੀਂ ਹੋ ਸਕਦਾ। ਇਹ ਅੰਮ੍ਰਿਤ ਸਾਰੀ ਲੋਕਾਈ ਦਾ ਸਾਂਝਾ ਹੈ ਅਤੇ ਇਸ ਨੂੰ ਧਾਰਨ ਕਰਨ ਨਾਲ ਸਾਰੇ ਵਖਰੇਵੇਂ ਖਤਮ ਹੋ ਜਾਂਦੇ ਹਨ। ਇਹ ਅੰਮ੍ਰਿਤ ਸਾਰੀ ਮਨੁੱਖਤਾ ਨੂੰ ਏਕੁ ਪਿਤਾ ਏਕਸ ਕੇ ਹਮ ਬਾਰਿਕ ਦੇ ਪ੍ਰਵਾਰ ਦੀ ਲੜੀ ਵਿੱਚ ਜੋੜਦਾ ਹੈ। ਊਚ ਨੀਚ ਦੇ ਭੇਦ-ਭਾਵ ਖਤਮ ਕਰਦਾ ਹੈ ਜਿਸ ਸਦਕਾ ਜੀਵਨ ਅੰਮ੍ਰਿਤਮਈ ਬਣ ਸਫਲ ਹੋ ਜਾਂਦਾ ਹੈ। ਇਸ ਸ਼ਬਦ ਗੁਰੂ ਗਿਆਨਮਈ ਅੰਮ੍ਰਿਤ ਦੀ ਸਾਰੇ ਜਗਤ ਨੂੰ ਹੀ ਲੋੜ ਹੈ-ਬਿਨੁ ਸਬਦੈ ਜਗੁ ਬਉਰਾਨੰ॥ (੬੩੫) ਸਿੱਖ ਦਾ ਗੁਰੂ ਸ਼ਬਦ (ਗਿਆਨ) ਹੈ, ਅੰਮ੍ਰਿਤਮਈ ਗੁਰਬਾਣੀ ਹੈ। ਇਸ ਲਈ ਸਿੱਖ “ਗੁਰੂ ਗ੍ਰੰਥ ਸਾਹਿਬ ਜੀ” ਤੋਂ ਹੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦਾ ਹੈ ਨਾਂ ਕਿ ਕਿਸੇ ਹੋਰ ਅਖੌਤੀ ਦਸਮ ਗ੍ਰੰਥ ਆਦਿਕ ਤੋਂ। ਅੱਜ ਸਾਨੂੰ ਅੰਮ੍ਰਿਤ (ਖੰਡੇ ਦੀ ਪਹੁਲ) ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਹੀ ਲੈਣੀ ਚਾਹੀਦੀ ਹੈ ਨਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਵਿੱਚ ਕਿਸੇ ਅਖੌਤੀ ਗ੍ਰੰਥ ਦੀ ਰਚਨਾ ਸ਼ਾਮਲ ਕਰਨੀ ਚਾਹੀਦੀ ਹੈ ਜੋ ਕਿ ਗੁਰੂ ਦੀ ਪਦਵੀ ਨੂੰ ਪ੍ਰਾਪਤ ਨਹੀਂ। ਗੁਰੂ ਪਿਆਰਿਓ! ਉਹ ਕੌਮਾਂ ਹੀ ਤਰੱਕੀ ਕਰਦੀਆਂ ਹਨ ਜੋ ਆਪਣੇ ਇਤਿਹਾਸ ਵਿੱਚ ਪਏ ਰਲਿਆਂ ਅਤੇ ਭੁਲੇਖਿਆਂ ਨੂੰ ਰਲ ਮਿਲ ਕੇ ਬਿਬੇਕ ਬੁੱਧੀ ਨਾਲ ਵਾਚ ਕੇ ਬਾਹਰ ਕੱਢ ਦਿੰਦੀਆਂ ਹਨ। ਸਿੱਖ ਨੂੰ ਗੁਰੂ ਤੇ ਭਰੋਸਾ ਕਰਨਾ ਚਾਹੀਦਾ ਹੈ ਨਾਂ ਕਿ ਸੰਪ੍ਰਦਾਈ ਡੇਰੇਦਾਰਾਂ ਜਾਂ ਅਖੌਤੀ ਗਿਆਨੀਆਂ ਅਤੇ ਜਥੇਦਾਰਾਂ ਤੇ ਜੋ ਆਏ ਦਿਨ ਬਹਾਦਰ ਕੌਮ ਨੂੰ ਬ੍ਰਾਹਮਣੀ ਕਰਮਕਾਂਡਾਂ ਦੀ ਰਸਾਤਲ ਵਿਖੇ ਧਕੇਲੀ ਜਾ ਰਹੇ ਹਨ। ਸੋ ਆਓ ਇਕਾਗਰਤਾ ਨਾਲ ਗੁਰੂ ਗ੍ਰੰਥ ਸ਼ਬਦ-ਗਿਆਨ ਨੂੰ ਚੰਗੀ ਤਰ੍ਹਾਂ ਸਮਝ ਕੇ ਲਾਈਫ ਅੰਮ੍ਰਿਤਮਈ ਬਣਾ ਲਈਏ! ਇਹ ਹੀ ਅਸਲ ਅੰਮ੍ਰਿਤ ਛਕਣਾ ਹੈ-ਹਰਿ ਅੰਮ੍ਰਿਤੁ ਪਾਨ ਕਰਹੁ ਸਾਧਸੰਗਿ॥ (੨੯੯) ਅੰਮ੍ਰਿਤ ਲਾਈਫ ਹੈ ਕਸਟਮ ਨਹੀਂ। ਬੋਲੋ ਭਾਈ ਵਾਹਿਗੁਰੂ! ! ! ! !
.