.

ਸੋਧੀ

ਸ਼ਰਧਾਲੂ ਪ੍ਰਵਾਰ ਨੇ ਬਾਬਾ ਜੀ ਨੁੰ ਘਰੇ ਸੱਦਿਆ ਪਰ ਬਾਬਾ ਜੀ ਨੇ ਕੁੱਝ ਛਕਿਆ ਨਾ। ਪ੍ਰਵਾਰ ਦੇ ਬਹੁਤ ਜੋਰ ਦੇਣ ਤੇ ਬਾਬਾ ਜੀ ਨੇ ਆਪੇ ਦੁਧ ਗਰਮ ਕਰਕੇ ਛੱਕਣ ਦੀ ਇਛਾ ਜਾਹਰ ਕੀਤੀ ਕਿਉਂਕਿ ਉਹ ਸੋਧੀ ਸਨ।
ਉਹਨਾ ਬੀਬੀਆਂ ਨੂੰ ਕਿਚਨ ਵਿਚੋਂ ਬਾਹਰ ਕੱਢ ਦਿੱਤਾ। ਸ਼ਾਇਦ ਸੋਧ ਵਿੱਚ ਇਹ ਵੀ ਸ਼ਾਮਲ ਸੀ। ਉਹ ਕਿਚਨ ਵਿੱਚ ਗਏ ਆਪੇ ਪਤੀਲਾ ਦੁਬਾਰਾ ਮਾਂਝਿਆ, ਪਰਨੇ ਦੇ ਲੜ ਨਾਲ ਆਪੇ ਦੁੱਧ ਫਰਿਜ ਵਿਚੋਂ ਪਾਇਆ, ਆਪੇ ਵਿੱਚ ਖੰਡ ਪਾਈ, ਆਪੇ ਸਟੀਲ ਦਾ ਗਲਾਸ ਧੋਤਾ ਤੇ ਆਕੇ ਛੱਕਣ ਬੈਠ ਗਏ। ਬਾਬਾ ਫੋਜਾ ਸਿੰਘ ਬੈਠਾ ਦੇਖਦਾ ਰਿਹਾ ਜਦ ਬਾਬਿਆਂ ਦੁੱਧ ਛੱਕ ਲਿਆ ਤਾਂ ਬਾਬਾ ਬੋਲ ਪਿਆ।
“ਬਾਬਿਓ ਖੰਡ ਕਿਥੋਂ ਆਈ, ਬਾਬਿਓ ਦੁੱਧ ਕਿਥੋਂ ਆਇਆ, ਕਿਸ ਚੋਇਆ, ਕਿਸ ਟੈਕਾਂ ਵਿੱਚ ਪਾਕੇ ਖੜਿਆ, ਕਿਸ ਇਸ ਵਿਚੋਂ ਲੋੜੀਦੇ ਤਤ ਕੱਢ ਕੇ ਦਵਾਈਆਂ ਲਾਕੇ ਸਟੋਰਾਂ ਨੂੰ ਭੇਜਿਆ, ਕਿਵੇਂ ਵਿਕਿਆ, ਕਿਵੇਂ ਖਰੀਦਿਆ, ਫਰਿਜ ਵਿੱਚ ਪਹੁੰਚਣ ਤਕ ਦੁੱਧ ਵਿਚਾਰਾ ਕਿੰਨੀ ਥਾਈਂ ਭਿੱਟਿਆ। ਖੰਡ ਕਿਵੇਂ ਗੰਨਿਆਂ ਤੋਂ ਲੈਕੇ ਮਿੱਲਾਂ ਦੇ ਪੈਰਾਂ ਵਿੱਚ ਰੁਲਣ ਤੱਕ ਦਾ ਸਫਰ ਕਰਦੀ ਇਸ ਬਰਤਮਾਨ ਤੱਕ ਪਹੁੰਚੀ। ਆਪ ਤਾਂ ਜਰੂਰ ਭਿੱਟੇ ਗਏ ਹੋਵੋਂਗੇ। ਸੋਧੀ ਜੀ ਨੂੰ ਜਾਪਿਆ ਇਸ ਕੱਲਯੁਗ ਵਿੱਚ ਨਾਸਤਿਕ ਲੋਕ ਹਰ ਥਾਂ ਸ਼ਹਿ ਲਾਈ ਬੈਠੇ ਹਨ! !

ਥਾਲੀ ਦੀ ਭਿੱਟ?

ਲੰਗਰ ਦੀ ਪੰਗਤ ਲਗੀ ਹੋਈ ਸੀ। ਗੁਰੁ ਕਾ ਲੰਗਰ ਵਰਤਾਇਆ ਜਾ ਰਿਹਾ ਸੀ। ਸੰਗਤਾਂ ਪਿਆਰ ਨਾਲ ਬੈਠੀਆ ਹੋਈਆਂ ਸਨ। ਪਰ ਇਥੇ ਥਾਲੀਆਂ ਕਈ ਹੋਰ ਥਾਵਾਂ ਵਾਂਗ ਪਲਾਸਟਕ ਦੀਆਂ ਖਾਨਿਆਂ ਵਾਲੀਆਂ ਰੱਖੀਆਂ ਜਾ ਰਹੀਆਂ ਸਨ। ਪੰਗਤ ਵਿੱਚ ਇੱਕ ਸਿੰਘ ਜੀ ਬੜੇ ਬੇਚੈਨ ਲਗ ਰਹੇ ਸਨ। ਉਹਨੀ ਵਰਤਾਵੇ ਨੂੰ ਮੋੜ ਦਿਤਾ। ਦੂਜਾ ਸੇਵਾਦਾਰ ਫਿਰ ਆਇਆ ਕਿ ਸ਼ਾਇਦ ਭਾਈ ਸਾਹਬ ਨੂੰ ਥਾਲੀ ਨਹੀਂ ਮਿਲੀ ਪਰ ਉਹਨੀ ਉਹਨੂੰ ਵੀ ਮੋੜ ਦਿਤਾ। ਆਖਰ ਉਹਨੀ ਲਾਗੇ ਬੈਠੀ ਅਪਣੀ ਬੇਟੀ ਨੂੰ ਕੰਨ ਵਿੱਚ ਲੰਗਰ ਵਿਚੋਂ ਕੋਈ ਸਟੀਲ ਦੀ ਥਾਲੀ ਲਿਆਉਣ ਲਈ ਕਿਹਾ।
ਉਹ ਕਾਫੀ ਦੇਰ ਲੰਗਰ ਵਿੱਚ ਲੱਭਣ ਤੋਂ ਬਾਅਦ ਖਾਲੀ ਮੁੜ ਆਈ ਅਤੇ ਉਸ ਦੱਸਿਆ ਕਿ ਉਥੇ ਕੋਈ ਸਟੀਲ ਦਾ ਬਰਤਨ ਨਹੀ ਹੈ। ਸਿੰਘ ਜੀ ਹੋਰ ਪ੍ਰੇਸ਼ਾਨ। ਇੱਕ ਸੇਵਾਦਾਰ ਹੋਰ ਆਇਆ ਉਹ ਦਾਲ, ਸਬਜੀ, ਖੀਰ, ਰੈਤਾ ਸਭ ਕੁੱਝ ਪਲਾਸਟਕ ਦੀ ਹੀ ਥਾਲੀ ਵਿੱਚ ਪਾਕੇ ਰੱਖ ਗਿਆ। ਸਿੰਘ ਜੀ ਹੋਰ ਪ੍ਰੇਸ਼ਾਨ। ਉਹਨਾ ਨੂੰ ਕੁੱਝ ਨਾ ਸੁਝਾ ਤਾਂ ਆਖਰ ਉਹਨੀ ਬੇਟੀ ਅਪਣੀ ਨੂੰ ਫਿਰ ਭੇਜਿਆ। ਇਸ ਵਾਰੀ ਬੇਟੀ ਦੇ ਹੱਥ ਵਿੱਚ ਪ੍ਰਸਾਦ ਵਰਤਾਉਣ ਵਾਲਾ ਸਟੀਲ ਦਾ ਬਾਟਾ ਫੜਿਆ ਹੋਇਆ ਸੀ ਜੋ ਉਸ ਲਿਆ ਕੇ ਸਿੰਘ ਜੀ ਨੂੰ ਦੇ ਦਿਤਾ!
ਸਿੰਘ ਜੀ ਹੁਰਾਂ ਪਲਾਸਟਕ ਦੀ ਥਾਲੀ ਵਾਲਾ ਸਭ ਸਮਾਨ ਬਾਟੇ ਵਿੱਚ ਉਲੱਦ ਲਿਆ ਅਤੇ ਛੱਕਣ ਲਗ ਪਏ! ਇਸ ਸਾਰੇ ‘ਤਮਾਸ਼ੇ’ ਨੂੰ ਲਾਗੇ ਬੈਠੇ ਪ੍ਰੋ: ਸਾਹਬ ਵੇਖ ਰਹੇ ਸਨ ਤੇ ਆਖਰ ਉਹਨਾ ਕੋਲੋਂ ਰਿਹਾ ਨਾ ਗਿਆ।
“ਭਾਈ ਸਾਹਬ ਜੀ, ਜੋ ਕੁੱਝ ਇਸ ਪਦਾਰਥ ਨੂੰ ਲਗਣਾ ਸੀ ਥਾਲੀ ਨਾਲੋਂ ਉਹ ਤਾਂ ਲਗ ਚੁਕਾ ਹੋਇਆ ਸੀ ਹੁਣ ਬਾਟੇ ਨਾਲ ਕੀ ਲਾਉਣ ਜਾ ਰਹੇ ਹੋ” ?
ਸਿੰਘ ਜੀ ਮੂੰਹ ਵਲ ਵੇਖਣ ਲਗ ਪਏ ਪਰ ਕੋਈ ਜਵਾਬ ਨਾ ਦੇ ਹੋਇਆ। ਪਰ ਉਹਨਾ ਨੂੰ ਜਾਪਿਆ ਕਿ ਇਹ ਪੜੇ-ਲਿਖੇ ਨਾਸਤਿਕ ਹੁੰਦੇ ਹਨ ਇਹਨਾ ਨਾਲ ਸਿਰ ਖਪਾਈ ਦੀ ਲੋੜ ਨਹੀ।

ਮੁੱਲ ਦੀ ਅਰਦਾਸ

“ਬਾਬਾ ਜੀ ਮੈਂ ਅਰਦਾਸ ਕਰਾਉਂਣੀ ਹੈ ਮੇਰਾ ਪਤੀ ਸ਼ਰਾਬ ਬਹੁਤ ਪੀਂਦਾ ਹੈ”।
ਭਾਈ ਜੀ ਅਰਦਾਸ ਕਰ ਦਿੰਦੇ ਹਨ ਪੰਜਾਹ ਡਾਲਰ ਜ੍ਹੇਬ `ਚ ਪਾਉਂਦੇ ਹਨ। ਘਰੇ ਜਾਕੇ ਪਤਨੀ ਹੁਕਮ ਕਰਦੀ ਹੈ,
“ਅੱਜ ਤੋਂ ਸ਼ਰਾਬ ਬੰਦ! ਅਰਦਾਸ ਹੋ ਚੁਕੀ, ਹੋਰ ਨਹੀ ਚਲੇਗੀ। ਬੋਤਲਾਂ ਰਾਕਟ ਵਾਂਗ ਬੂਹਿਉਂ ਬਾਹਰ ਜਾਂਦੀਆਂ ਹਨ। ਇੱਕ ਦਮ ਸ਼ਰਾਬ ਛੱਡਣ ਕਾਰਨ ਪਤੀ ਦੀ ਸਰੀਰਕ ਦਸ਼ਾ ਚਿੰਤਾਜਨਕ ਹੋ ਜਾਂਦੀ ਹੈ। ਪਤਨੀ ਫਿਰ ਭਾਈ ਜੀ ਕੋਲੇ ਜਾਂਦੀ ਹੈ,
“ਬਾਬਾ ਜੀ ਇੱਕ ਅਰਦਾਸ ਹੋਰ ਕਰੋ ਪਤੀ ਦੀ ਹਾਲਤ ਮਾੜੀ ਹੈ” ਭਾਈ ਜੀ ਅਗੋਂ ਡਾਕਟਰ ਕੋਲੇ ਜਾਣ ਦੀ ਸਲਾਹ ਦਿੰਦੇ ਹਨ। ਡਾਕਟਰ ਦਸਦਾ ਹੈ ਕਿ ਬੌਡੀ ਅਲਕੂਹਲ ਹੋਣ ਕਰਕੇ ਥੋੜੀ-ਥੋੜੀ ਕਰਕੇ ਛੱਡਣੀ ਪਵੇਗੀ ਨਹੀ ਤਾਂ ਇਹ ਮਰ ਵੀ ਸਕਦਾ। ਪਤਨੀ ਫਿਰ ਭਾਈ ਜੀ ਕੋਲ ਜਾਂਦੀ ਹੈ।
“ਬਾਬਾ ਜੀ, ਇੱਕ ਹੋਰ ਅਰਦਾਸ ਕਰਕੇ ਦੋ ਕੁ ਪੈਗ ਖੁਲਵਾ ਦਿਉ
ਭਾਈ ਪੰਜਾਹ ਡਾਲਰ ਦੋ ਪੈਗ ਖੋਲ੍ਹਣ ਦੇ ਜ੍ਹੇਬ `ਚ ਹੋਰ ਪਾਉਂਦਾ ਹੈ ਤੇ ਅਰਦਾਸ ਕਰਨ ਲਗਦਾ ਹੈ। ਜਦ ਉਹ ਦੋ ਪੈਗ ਤੇ ਪਹੁੰਚਦਾ ਹੈ ਤਾਂ ਮਗਰ ਖੜੋਤਾ ਪਤੀ ਬੋਲ ਪੈਂਦਾ ਹੈ,
“ਬਾਬਾ ਜੀ ਬੋਤਲ ਹੀ ਕਰ ਦਿਉ ਆਹ ਲਉ ਪੰਜਾਹ ਹੋਰ! ! ਉਹ ਦੋ ਕੱਟ ਕੇ ਇੱਕ ਕਰ ਦਿੰਦਾ ਹੈ ਤੇ ਨਾਲ ਬੋਤਲ ਜੋੜ ਦਿੰਦਾ ਹੈ।
ਦੁਨੀਆਂ ਦਾ ਪ੍ਰਸਿੱਧ ਵਿਦਵਾਨ ਖਲੀਲ ਜਿਬਰਾਨ ਕਹਿੰਦਾ ਹੈ- ਮੈ ਦੁਨੀਆਂ ਵੇਖੀ, ਜੰਗਲਾਂ ਤੋਂ ਸ਼ਹਿਰਾਂ ਵੱਲ, ਝੁੱਗੀਆਂ ਤੋਂ ਮਹਿਲਾਂ ਵੱਲ, ਕੌਮਾਂ ਨੂੰ ਵਧਦੇ ਵੇਖਿਆ ਹੈ। ਗਰੀਬ ਅਮੀਰ ਦਾ ਗੁਲਾਮ ਹੈ। ਅਮੀਰ ਸਿਪਾਹੀ ਦਾ ਗੁਲਾਮ ਹੈ। ਸਿਪਾਹੀ ਜਰਨੈਲ ਦਾ ਗੁਲਾਮ ਹੈ। ਜਰਨੈਲ ਰਾਜੇ ਦਾ ਗੁਲਾਮ ਹੈ। ਰਾਜਾ ਪੁਜਾਰੀ ਦਾ ਗੁਲਾਮ ਹੈ। ਪੁਜਾਰੀ ਮੂਰਤੀ ਦਾ ਗੁਲਾਮ ਹੈ। ਉਹ ਮੂਰਤੀ ਮਿੱਟੀ ਦੀ ਬਣੀ ਹੋਈ ਹੈ, ਜਿਸਨੂੰ ਸ਼ੇਤਾਨ ਨੇ ਮਨੁੱਖੀ ਖੁਨ ਵਿੱਚ ਰੰਗ ਕੇ ਮੁਰਦਾ ਖੋਪਰੀਆਂ ਦੇ ਢੇਰ ਉਪਰ ਟਿਕਾਇਆ ਹੋਇਆ ਹੈ। ਬੁਰਾਈ ਤੇ ਪਾਪ ਦਾ ਬੀਜ ਕੌਮਾ ਅੱਗੇ ਤੋਂ ਅੱਗੇ ਔਲਾਦ ਦੇ ਨਾਮ ਵਸੀਅਤ ਕਰ ਦਿੰਦੀਆਂ ਹਨ।

ਅੰਨ੍ਹਾ ਚੇਲਾ

ਬਾਬਾ ਦਸੌਧਾਂ ਸਿੰਘ ਦੀ ਚੰਨਣਕਿਆਂ ਨਾਲ ਬੜੀ ਪੁਰਾਣੀ ਮਕੁੱਦਮੇ ਬਾਜੀ ਚਲ ਰਹੀ ਸੀ। ਝਗੜਾ ਕੁਲ ਦੋ ਕਨਾਲਾਂ ਜਮੀਨ ਦਾ ਸੀ ਪਰ ਕਈ ਕਨਾਲਾਂ ਦੇ ਪੈਸੇ ਮੁਕੱਦਮਿਆ ਉਪਰ ਲਗ ਚੁੱਕੇ ਸਨ। ਜੱਟ ਦੀ ਹੈਂਕੜ ਨੇ ਦੋਵਾਂ ਨੂੰ ਕੁਰਾਹੇ ਤੋਰ ਦਿੱਤਾ ਸੀ।
ਇਸ ਵਾਰੀ ਵੀ ਮੁਕੱਦਮੇ ਦੀ ਆਖਰੀ ਤਰੀਖ ਸੀ ਦੋਵਾਂ ਨੇ ਕਈ ਤਰ੍ਹਾਂ ਦੇ ਪਾਠ ਅਤੇ ਪ੍ਰਸਾਦ ਸੁੱਖੇ। ਉਹਨਾ ਦੇ ਪਿੰਡ ਦੇ ਬਾਹਰਵਾਰ ਬਾਬੇ ਕੰਬਲੀ ਵਾਲੇ ਦਾ ਡੇਰਾ ਸੀ ਚੰਨਣ ਕੇ ਤਾਂ ਪਹਿਲਾਂ ਹੀ ਬਾਬੇ ਦੇ ਸ਼ਰਧਾਲੂ ਸਨ ਪਰ ਬਾਬਾ ਦਸੌਧਾਂ ਸਿੰਘ ਕਦੇ ਘੱਟ-ਵੱਧ ਹੀ ਗਿਆ ਸੀ। ਪਰ ਕਹਿੰਦੇ ਲੋੜ ਬੰਦੇ ਨੂੰ ਮਜਬੂਰ ਕਰ ਦਿੰਦੀ ਉਹ ਨਾ ਚਾਹੁੰਦਾ ਹੋਇਆ ਵੀ ਉਹਨਾ ਰਾਹਾਂ ਤੇ ਤੁਰ ਪੈਂਦਾ ਜਿਥੇ ਕੋਈ ਆਸ ਵੀ ਨਹੀ ਹੁੰਦੀ। ਬਾਬਾ ਦਸੌਧਾਂ ਸਿੰਘ ਨੇ ਵੀ ਬਾਬੇ ਕੰਬਲੀ ਵਾਲੇ ਦੇ ਜਾ ਚਰਨ ਘੁੱਟੇ।
ਬਾਬਾ ਬੜਾ ਖੁਸ਼ ਸੀ ਕਿ ਪਿੰਡ ਦਾ ਸਿੱਰਕੱਢ ਬੰਦਾ ਪੈਰਾ `ਚ ਆਣ ਢੱਠਾ ਹੈ। ਬਾਬੇ ਦਸੌਧਾਂ ਸਿੰਘ ਨੇ ਅਪਣੀ ਕੱਲ ਦੀ ਮੁਕੱਦਮੇ ਦੀ ਵਿਥਿਆ ਦੱਸੀ ਬਾਬਾ ਜੀ ਬੜੇ ਖੁਸ਼ ਉਹਨੀ ਲਾਚੀਆਂ ਦਾ ਪ੍ਰਸਾਦ ਅਤੇ ਇੱਕ ਸੰਕਟ ਮੋਚਨ ਦਾ ਗੁੱਟਕਾ ਦਿੱਤਾ ਅਤੇ ਦੱਸਿਆ ਕਿ ਮੁਕੱਦਮਾ ਜਿੱਤਣ ਵਾਲਾ ਕਿਹੜਾ ਸਬਦ ਹੈ। ਅੱਜ ਰਾਤ ਨੂੰ ਸੌਣ ਲੱਗਿਆਂ ਕਰਨਾ ਹੈ, ਪੰਜ ਵਾਰ ਸਵੇਰੇ, ਪੰਜ ਵਾਰ ਕਰਕੇ ਤੁਰਨਾ ਹੈ, ਕਚਹਿਰੀ ਜਾਕੇ ਪੰਜ ਵਾਰੀ ਕਰਨਾ ਹੈ ਮੁਕੱਦਮਾ ਗੁਰੂ ਦੀ ਮਿਹਰ ਨਾ ਫਤਹਿ ਸਮਝ।
ਬਾਬਾ ਜੀ ਕੰਬਲੀ ਵਾਲੇ ਦਾ ਚੇਲਾ ਬਾਬਿਆਂ ਦੀ ਹਜੂਰੀ `ਚ ਖੜਾ ਸਭ ਤਮਾਸ਼ਾ ਦੇਖ ਰਿਹਾ ਸੀ ਉਹ ਬਾਬੇ ਦਸੌਧਾ ਸਿੰਘ ਦੇ ਜਾਣ ਤੋਂ ਬਾਅਦ ਬੋਲ ਪਿਆ, “ਬਾਬਾ ਜੀ ਇਹੀ ਸਬਦ ਕੱਲ ਆਪਾਂ ਚੰਨਣਕਿਆਂ ਨੂੰ ਦਿੱਤਾ ਸੀ ਤੇ ਉਹਨਾ ਦਾ ਮੁਕੱਦਮਾ ਤਾਂ ਇਸੇ ਬਾਬੇ ਨਾਲ ਹੈ, ਸਮਝ ਨਹੀ ਆਈ ਸਬਦ ਕਿਸ ਦੀ ਰਾਖੀ ਕਰੇਗਾ?
ਬਾਬੇ ਖਿੜ-ਖਿੜਾ ਕੇ ਹੱਸੇ, ਭਲਿਆ ਲੋਕਾ ਸਾਨੂੰ ਸਭ ਪਤੈ, ਜਿੱਤਣਾ ਇੱਕ ਨੇ ਹੀ ਹੈ, ਨਾਲੇ ਸਬਦ ਮੁੱਕਦਮੇ ਜਿੱਤਣ ਲਈ ਨਹੀ ਪਰ ਲੋਕ ਚਾਟੇ ਲੱਗ ਚੁੱਕੇ ਹੋਏ ਆਪਾਂ ਗਾਹਕ ਕਾਹਨੂੰ ਖਰਾਬ ਕਰੀਏ, ਪਰ ਜਿਹੜਾ ਜਿੱਤ ਗਿਆ ਉਹ ਪੱਕਾ ਚੇਲਾ ਸਮਝ। ਬਹੁਤੇ ਕਾਣਿਆਂ ਨਾਲੋਂ ਇੱਕ ਅੰਨ੍ਹਾ ਚੇਲਾ ਬਹੁਤ ਹੁੰਦਾ। ਸਮਝੇ?

ਬੰਦ ਬੱਤੀਆਂ!

ਬਾਬਾ ਫੋਜਾ ਸਿੰਘ ਪੰਜਾਬ ਗਿਆ ਉਸ ਦਾ ਮਿੱਤਰ, ਨਾਜਰ ਸਿਉਂ ਉਸ ਨੂੰ ਇੱਕ ਰੈਣਸਬਾਈ ਤੇ ਲੈ ਗਿਆ। ਸ਼ਾਮ ਜਿਹੀ ਨੂੰ ਕੀਰਤਨ ਸ਼ੁਰੂ ਹੋ ਗਿਆ। ਪਾਵਨ ਗੁਰਬਾਣੀ ਦੀਆਂ ਧੁੰਨਾ ਅੰਦਰ ਖੁਭਦੀਆਂ ਜਾਂਦੀਆਂ ਸਨ। ਸਾਰੇ ਗੁਰਸਿੱਖ ਅਤੇ ਬੀਬੀਆਂ ਇਕੱਠੇ ਗੁਰਬਾਣੀ ਗਾਇਨ ਕਰਦੇ ਹੋਰ ਵੀ ਪ੍ਰਭਾਵਸ਼ਾਲੀ ਜਾਪ ਰਹੇ ਸਨ। ਮਿਲਵੀਆਂ ਅਵਾਜਾਂ ਦਾ ਇੱਕ ਅਪਣਾ ਹੀ ਰਸ ਸੀ, ਵਜੂਦ ਸੀ।
ਪਰ ਜਦ ਤੜਕਾ ਜਿਹਾ ਹੋਇਆ ਤਾਂ ਸਭ ਬੱਤੀਆਂ ਬੰਦ! ਬਾਬੇ ਸੋਚਿਆ ਸ਼ਾਇਦ ਬੱਤੀ ਹੀ ਚਲੇ ਗਈ ਜਿਵੇਂ ਕਿ ਆਮ ਹੀ ਇਥੇ ਚਲੇ ਜਾਂਦੀ ਹੈ। ਪਰ ਬਾਬੇ ਨੂੰ ਪਤਾ ਲਗਾ ਕਿ ਸਿਮਰਨ ਵੇਲੇ ਬੱਤੀਆਂ ਆਪ ਹੀ ਬੰਦ ਕਰ ਦਿਤੀਆਂ ਜਾਦੀਆਂ ਹਨ। ਬਾਬਾ ਬੜਾ ਹੈਰਾਨ ਕਿ ਗੁਰੂ ਤਾਂ ਸਿੱਖ ਨੂੰ ਅੰਦਰੋਂ ਵੀ ਚਾਨਣ-ਚਾਨਣ ਕਰ ਦੇਣਾ ਚਾਹੁੰਦਾ ਪਰ ਸਿੱਖ ਉਸ ਦੇ ਬਾਹਰ ਦਾ ਚਾਨਣ ਵੀ ਬਰਦਾਸ਼ਤ ਨਹੀ ਕਰ ਰਹੇ!
ਕਿਸੇ ਬਾਬੇ ਫੋਜਾ ਸਿੰਘ ਵਰਗੇ ਨਵੇ ਆਏ ਸੱਜਣ ਨੇ ਸੋਚਿਆ ਸ਼ਾਇਦ ਕਿਸੇ ਬੱਚੇ ਨੇ ਸ਼ਰਾਰਤ ਨਾਲ ਬੱਤੀਆਂ ਬੰਦ ਕਰ ਦਿਤੀਆਂ ਹਨ। ਉਸ ਉਠ ਕੇ ਬੱਤੀਆਂ ਫਿਰ ਜਗਾ ਦਿਤੀਆਂ। ਬਾਬੇ ਦੇਖਿਆ ਕਿ ਸਿਮਰਨ ਵਿੱਚ ਲੀਨ ਸ਼ਾਂਤ ਦਿਸ ਰਹੇ ਜਥੇਦਾਰ ਦਾ ਚਿਹਰਾ ਇੱਕ ਦਮ ਅਸ਼ਾਂਤੀ ਵਿੱਚ ਬਦਲ ਗਿਆ। ਉਸ ਸਿਮਰਨ ਕਰਦੇ ਨੇ ਲਾਗੇ ਬੈਠੇ ਬੱਚੇ ਦੇ ਕੰਨ ਵਿੱਚ ਕੁੱਝ ਕਿਹਾ। ਬੱਤੀਆਂ ਫਿਰ ਬੁੱਝ ਗਈਆਂ। ਉਸੇ ਪਹਿਲੇ ਬੰਦੇ ਨੂੰ ਫਿਰ ਪ੍ਰੇਸ਼ਾਨੀ ਹੋਈ ਕਿ ਲੋਕ ਅਪਣੇ ਬੱਚਿਆਂ ਨੂੰ ਪਤਾ ਨਹੀ ਕਿਉਂ ਨਹੀ ਕੰਟਰੋਲ ਕਰਦੇ ਬੜੇ ਸੋਹਣੇ ਚਲ ਰਹੇ ਸਮੇ ਵਿੱਚ ਵਿਘਨ ਪਾ ਰਹੇ ਨੇ। ਉਸ ਭਲੇਮਾਣਸ ਨੇ ਉੱਠ ਕੇ ਬੱਤੀਆਂ ਫਿਰ ਜਗਾ ਦਿਤੀਆਂ!
ਇਸ ਵਾਰ ਜਥੇਦਾਰ ਜੀ ਹੋਰ ਵੀ ਜਿਆਦਾ ਪ੍ਰੇਸ਼ਾਨ ਸਨ। ਉਹਨਾ ਦੀ ਸ਼ਾਇਦ ‘ਲਿਵ’ ਵਿੱਚ ਵਿਘਨ ਪੈ ਰਿਹਾ ਸੀ। ਉਹਨੀ ਫਿਰ ਅਖਾਂ ਖ੍ਹੋਲ ਕੇ ਬਤੀ ਬੰਦ ਕਰਨ ਵਾਲੇ ਵਲ ਬੜਾ ਕੌੜ ਜਿਹਾ ਦੇਖਿਆ ਤੇ ਬਚੇ ਨੂੰ ਬੱਤੀਆਂ ਬੰਦ ਕਰਨ ਫਿਰ ਭੇਜ ਦਿਤਾ। ਇਹ ਸਿਲਸਿਲਾ ਤਿੰਨ ਕੁ ਵਾਰ ਚਲਿਆ ਤੇ ਆਖਰ ਕਿਸੇ ਹੋਰ ਨੇ ਬਤੀ ਜਗਾਉਂਣ ਵਾਲੇ ਨੂੰ ਰੋਕਿਆ ਕਿ ਸਿਮਰਨ ਵਿੱਚ ‘ਵਿਘਨ’ ਨਾ ਪਾਵੇ, ਤਾਂ ਇਹ ‘ਸ਼ਾਤੀਂ’ ਅਪਣੀ ਤੋਰੇ ਤੁਰੀ। ਬਾਬਾ ਇਹ ਸਾਰੀ ਕਹਾਣੀ ਨੋਟ ਕਰਦਾ ਸੋਚ ਰਿਹਾ ਸੀ ਕਿ ਇਹਨਾ ਗੁਰਮੁੱਖਾਂ ਦੀ ਇਹ ਕੈਸੀ ਲਿਵ ਹੈ ਜਿਹੜੀ ਬੱਤੀ ਦੇ ਜਗਣ ਨਾਲ ਹੀ ਟੁਟ ਜਾਂਦੀ ਹੈ ਜਦ ਕਿ ਲਿਵ ਵਾਲਿਆਂ ਦੀ ਲਿਵ ਤਾਂ ਆਰਿਆਂ-ਟੋਕਿਆਂ ਹੇਠ ਸਿਰ ਦੇ ਕੇ ਵੀ ਨਹੀ ਸੀ ਟੁਟਦੀ।
“ਨਾਮ ਕਹਿਤ ਗੋਬਿੰਦ ਕਾ ਸੂਚੀ ਭਈ ਰਸਨਾ” ਦੇ ਸਬਦ ਦੀ ਟੇਕ ਬਣਾ ਕੇ ਸਿਮਰਨ ਸ਼ੁਰੂ ਹੋ ਗਿਆ। ਪਹਿਲਾਂ ਤਾਂ ਠੀਕ ਠਾਕ ਹੀ ਚਲਦਾ ਰਿਹਾ ਪਰ ਥੋੜੇ ਚਿਰ ਬਾਅਦ ਵਾਹਿਗੁਰੂ ਦਾ ਸਿਮਰਨ ਜਦ ਅਪਣੀ ਚਰਮ ਸੀਮਾ ਤੇ ਪਹੁੰਚਿਆ ਤਾਂ ਵਾਹਿਗੁਰੂ ਉਥੇ ਭਾਲਿਆ ਵੀ ਨਾ ਲੱਭੇ। ਵਾਹਿਗੁਰੂ ਜਪਣ ਵਾਲਿਆਂ ਸਾਹੋ-ਸਾਹੀ ਹੋਇਆਂ ਜਦ ਵਾਹਿਗੁਰੂ ਦਾ ਉਰੂ-ਰੂ ਉਰੂ-ਰੂ-ਉਰੂ-ਰੂ-ਰੂ-ਰੂ ਜਾਂ ਵਾਹ-ਗੂ- ਵਾਹੂ-ਗੂ ਵਾਹ-ਗੂ ਬਣਾ ਕੇ ਚਾਗਾਂ ਜਿਹੀਆਂ ਮਾਰੀਆਂ ਤਾਂ ਬਾਬਾ ਫੋਜਾ ਸਿੰਘ ਕੋਲੇ ਵਾਲੇ ਇੰਝਣ ਵਰਗੀਆਂ ਧੌਕਣੀਆਂ ਜਿਹੀਆਂ ਸੁਣ ਕੇ ਪ੍ਰੇਸ਼ਾਨ ਹੋ ਉਠਿਆ ਕਿ ਵਾਹਿਗੁਰੂ ਜੀ ਨੇ ਅਪਣਾ ਨਾਂ ਬਦਲ ਲਿਆ ਸਗੋਂ? ਹੱਦ ਹੋ ਗਈ ਬਾਕੀ ਸਿੱਖਾਂ ਨੂੰ ਵਾਹਿਗੁਰੂ ਜੀ ਨੇ ਦਸਿਆ ਹੀ ਨਹੀ।
ਬਾਹਰ ਆ ਕੇ ਬਾਬੇ ਦੇ ਮਿੱਤਰ, ਨਾਜਰ ਸਿਉਂ ਨੇ ਦਸਿਆ ਕਿ ਉਸਨੂੰ ਸਿਮਰਨ ਦਾ ਬੜਾ ਅਨੰਦ ਆਇਆ। ਬਾਬਾ ਨੇ ਕੋਈ ਹੁੰਗਾਰਾ ਨਾ ਦਿਤਾ ਤੇ ਉਸਨੂੰ ‘ਨਾਜਰ’ ਦੀ ਥਾਂ ਜਰ-ਜਰ ਜਰ-ਜਰ ਜਰ –ਜਰ ਜਰ-ਜਰ ਕਰਨ ਲਗ ਪਿਆ। ਜਦ ਚੰਗੀ ਸਪੀਡ ਫੜੀ ਗਈ ਤਾਂ ਉਸ ‘ਜ’ ਵੀ ਵੱਢ ਦਿੱਤਾ ਤੇ ‘ਅਰ-ਅਰ ਅਰ-ਅਰ ਹੀ ਰਹਿ ਗਿਆ। ਬਾਬੇ ਨੇ ਉਸਦੇ ਅੱਧੇ ਕੁ ਨਾ ਨੂੰ ਵੀ ਵੱਢ-ਟੁੱਕ ਕੇ ਜਦ ਚੰਗਾ ਵਾਹਣੀ ਪਾਇਆ ਤਾਂ ਨਾਜਰ ਸਿਉਂ ਪ੍ਰੇਸ਼ਾਨ ਹੋ ਉੱਠਿਆ, ਉਸ ਨੂੰ ਲੱਗਾ ਬਾਬੇ ਉਪਰ ਸਿਮਰਨ ਭਾਰੂ ਹੋ ਗਿਆ ਜਾਂ ਭਾਂਡਾ ਛੋਟਾ ਸੀ ਨਾਮ ਟਿਕ ਨਹੀ ਸਕਿਆ ਤੇ ਇਹ ਅਵਲੀਆਂ-ਟਵਲੀਆਂ ਮਾਰਨ ਲੱਗ ਪਿਆ ਹੈ। ਉਹ ਕਹਿਣ ਲੱਗਾ ਕਿ ਬਾਬਾ ਪਾਗਲ ਹੋ ਗਿਆਂ ਇਹ ਕੀ ਤਰੀਕਾ ਨਾਂ ਲੈਣ ਦਾ ਤੂੰ ਮਿੱਤਰਤਾ ਦਾ ਸਲੀਕਾ ਵੀ ਭੁੱਲ ਗਿਆਂ? ਉਂਝ ਤੂੰ ਠੀਕ ਹੈਂ?
ਬਾਬਾ ਹੱਸਿਆ! ਮੈਨੂੰ ਤਾਂ ਬਹੁਤ ਅਨੰਦ ਆਇਆ ਤੇਰਾ ਨਾਜਰ ਦਾ ਜਰ-ਜਰ ਤੇ ਫਿਰ ਅਰ-ਅਰ ਬਣਾ ਕੇ!
ਇਹ ਕਾਹਦਾ ਅਨੰਦ ਏ, ਤੂੰ ਤਾਂ ਮੈਨੂੰ ਟਿੱਚਰਾਂ ਕਰ ਰਿਹਾ ਏਂ! ਨਾਜਰ ਸਿੰਘ ਦੇ ਗੱਲ ਸਮਝ ਨਾ ਆਈ ਤੇ ਉਹ ਹੋਰ ਪ੍ਰੇਸ਼ਾਨ ਹੋ ਉਠਿਆ।
ਬਾਬਾ ਕਹਿਣ ਲੱਗਾ ਕਿ ਜਿਸ ‘ਵਾਹਿਗੁਰੂ’ ਨੂੰ ਬੱਤੀਆਂ ਬੁਝਾ ਕੇ ਤੂੰ ‘ਉਰੂ ਉਰੂ’ ਜਾਂ ਵਾਹ-ਗੂ ਵਾਹ-ਗੂ ਬਣਾ ਕੇ `ਚਾਗਾਂ’ ਜਿਹੀਆਂ ਮਾਰ ਕੇ ਹੌਕਦਾ ਆਇਆਂ ਉਹ ਤੇਰੇ ਤੇ ਕਿੰਨਾ ਕੁ ਖੁਸ਼ ਹੋਇਆ ਹੋਵੇਗਾ। ਉਸ ਨਾ ਕਿਹਾ ਹੋਵੇਗਾ ਕਿ ਆਹ ਕੀ ਤਰੀਕਾ ਮੇਰਾ ਨਾਂ ਲੈਣ ਦਾ ਬਈ, ਇਹ ਤੂੰ ਮੇਰਾ ਨਾਮ ਜਪ ਰਿਹਾਂ ਜਾਂ ਟਿਚਰਾਂ ਕਰ ਰਿਹਾ ਸੀ? ਨਾਜਰ ਸਿੰਘ ਨੇ ਨੀਵੀ ਪਾ ਲਈ। ਉਹ ਕੁੱਝ ਨਾ ਬੋਲਿਆ ਗਲ ਉਸ ਦੇ ਸਮਝ ਆ ਗਈ ਨਹੀ ਤਾਂ ਉਸ ਵੀ ਬਾਬੇ ਨੂੰ ਨਾਸਤਿਕ ਜਾਂ ‘ਘੱਗੇ ਦਾ ਬੰਦਾ’ ਕਹਿ ਕੇ ਗਲੋਂ ਲਾਹ ਦੇਣਾ ਸੀ।

ਸਲੂਟ

ਪਾਤਸ਼ਾਹ ਅੱਜ ਸਵੇਰੇ ਹੀ ਤੇਰੇ ਸਿੱਖਾਂ ਵਲੋਂ ਤਾਰਾਂ ਖੜਕਣ ਲਗ ਪਈਆਂ, ਜਾਪਦਾ ਧਰਤੀ ਉਪਰ ਕਿਸੇ ਡਾਹਢੀ ਮੁਸੀਬਤ ਵਿੱਚ ਨੇ ਸਿੱਖ ਤੇਰੇ। ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਨੂੰ ਧਰਤੀ ਤੋਂ ਸਿੱਖਾਂ ਦੀਆਂ ਦਿਲ ਟੁੰਬਵੀਆਂ ਅਰਜੋਈਆਂ ਦੀਆਂ ‘ਫੈਕਸਾਂ’ ਦੇਖ ਕੇ ਬੇਨਤੀ ਕਰਦੇ ਹਨ।
ਗੁਰੂ ਪਾਤਸ਼ਾਹ ਮੁਸਕਰਾਏ ਤੇ ਕਹਿਣ ਲਗੇ ਭਾਈ ਜੀ ਕਰਨੇ ਦਰਸ਼ਨ ਅਰਜੋਈਆਂ ਵਾਲੇ ਸਿੱਖਾਂ ਦੇ?
ਜੀ ਪਾਤਸ਼ਾਹ! ਕਿਉਂ ਨਹੀ, ਜਰੂਰ ਕਰਦੇ ਹਾਂ ਸਿੱਖਾਂ ਦੇ ਦਰਸ਼ਨ ਜਿਹੜੇ ਐਨੇ ਹਾਲੋਂ-ਬੇਹਾਲ ਹੋਏ ਅਰਜੋਈਆਂ ਪਏ ਕਰਦੇ ਹਨ।
ਗੁਰੂ ਜੀ ਭਾਈ ਸਾਹਬ ਨੂੰ ਇੱਕ ਕੋਰਟ ਵਿੱਚ ਲੈ ਗਏ ਜਿਥੇ ਇੱਕ ਗੁਰਦੁਆਰੇ ਦੇ ਕਬਜੇ ਦਾ ਫੈਸਲਾ ਹੋਣਾ ਸੀ। ਮੌਕਾ ਬਣਨ ਤੇ ਅਰਜੋਈਆਂ ਕਰਨ ਵਾਲੇ ਪਰ ਉਂਝ ਗੁਰਦੁਆਰੇ ਵਿੱਚ ਮੁੱਛਾਂ ਨੂੰ ਵਟ ਦੇ ਕੇ ਵਿਰੋਧੀਆਂ ਵਲ ਹਿੱਕਾਂ ਚੌੜੀਆਂ ਕਰਕੇ ਤੁਰਨ ਵਾਲੇ ‘ਸਿੱਖ’ ਵਕੀਲਾਂ ਤੇ ਜੱਜਾਂ ਅੱਗੇ ਸਰ, ਸਰ-ਸਰ, ਸਰ ਕਰਦੇ ਪੁਤਲੀਆਂ ਵਾਂਗ ਨੱਚਦੇ ਫਿਰਦੇ ਇੰਝ ਜਾਪ ਰਹੇ ਸਨ ਜਿਵੇਂ ਮੁੰਡੇ ਵਾਲੇ ਆਉਂਣ ਤੇ ਕੁੜੀ ਵਾਲੇ ਅੱਡੀਆਂ ਚੁੱਕੀ ਜੀ-ਜੀ ਕਰਦੇ ਫਿਰਦੇ ਹਨ।
ਭਾਈ ਮਰਦਾਨਾ ਜੀ ਬੜੇ ਹੈਰਾਨ ਕਿ ਇਹ ਗੁਰੂ ਜੀ ਕਿਥੇ ਲੈ ਆਏ? ਭਾਈ ਜੀ ਨੇ ਸੋਚਿਆ ਸੀ ਕਿ ਕਿਸੇ ਧਰਮਸਾਲ ਵਿੱਚ ਯਾਨੀ ਗੁਰੂ ਦੇ ਦਰ ਤੇ ਕੀਰਤਨ ਕਥਾ ਕਰ ਰਹੇ ਗੁਰਸਿੱਖਾਂ ਦੇ ਦਰਸ਼ਨ ਹੋਣਗੇ ਪਰ ਇਥੇ ਤਾਂ ਕਹਾਣੀ ਹੋਰ ਜਾਪਦੀ ਹੈ।
ਭਾਈ ਜੀ ਪੁੱਛਦੇ ਹਨ, ਗੁਰੂ ਜੀ! ਇਹਨਾ ਸਿੱਖਾਂ ਤੇਰਿਆਂ ਨੂੰ ਇਥੇ ਕਾਹਦੀ ਮੁਸੀਬਤ ਬਣੀ ਹੈ ਕਿ ਇਹ ਤੇਰਾ ਦਰ ਛੱਡਕੇ ਕਾਲੇ ਕੋਟਾਂ ਵਾਲਿਆਂ ਅੱਗੇ ਸਲੂਟ ਜਿਹ ਮਾਰਦੇ ਫਿਰਦੇ ਹਨ।
ਭਾਈ ਮਰਦਾਨਾ ਜੀ ਦਾ ਬੱਚਨ ਸੁਣ ਗੁਰੂ ਜੀ ਕਿਸੇ ਅਗੰਮੀ ਸੋਚ ਵਿੱਚ ਚਲੇ ਗਏ ਤੇ ਕਹਿਣ ਲੱਗੇ ਮਾਰਦਾਨਿਆਂ! ਰਬਾਬ ਵਜਾ ਬਾਣੀ ਪੜੀਏ। ਗੁਰੂ ਜੀ ਦੀ ਭਰਵੀਂ ਅਤੇ ਅਗੰਮੀ ਅਵਾਜ ਨਿਕਲੀ,
“ਲਬ ਕੁਤਾ, ਕੂੜ ਚੂਹੜਾ, ਠਗ ਖਾਧਾ ਮੁਰਦਾਰ”। ਵਿਸਮਾਦ ਵਿੱਚ ਆਏ ਗੁਰੂ ਜੀ ਇਹੋ ਸ਼ਬਦ ਮੁੜ ਮੁੜ ਪੜੀ ਗਏ ਪਰ ਕਬਜਿਆਂ ਦੇ ਲਬ ਨਾਲ ਲਿਬੜੇ, ਕੂੜ ਦੀਆਂ ਕੰਧਾਂ ਵਿੱਚ ਕੈਦ ਅਤੇ ਗੋਲਕਾਂ ਨਾਲ ਠਗੀਆਂ ਮਾਰਨ ਵਾਲੇ ‘ਸਿੱਖਾਂ’ ਦੇ ਕੰਨਾ ਵਿੱਚ ਗੁਰੂ ਦੀ ਇੱਕ ਅਵਾਜ ਨਾ ਪਈ ਪਰ ਜਦ ਜੱਜ ਦੀ ‘ਹਾਜਰ ਹੋ’ ਦੀ ਅਵਾਜ ਆਈ ਤਾਂ ‘ਗੁਰੂ ਕੇ ਸਿੱਖਾਂ’ ਇੱਕ ਦੂਜੇ ਤੋਂ ਵੀ ਅਗੇ ਦੌੜ ਕੇ ਨੇ ਜੱਜ ਨੂੰ ਜਾ ਸਲੂਟ ਮਾਰਿਆ।
ਗੁਰਦੇਵ ਸਿੰਘ ਸੱਧੇਵਾਲੀਆ




.