.

ਸਰੂਪ ਗਿਆ ਤਾਂ ਸਿੱਖੀ ਵੀ ਗਈ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿੰਸੀਪਲ ਗੁਰਮਤਿ ਐਜੁਕੇਸ਼ਨ ਸੈਂਟਰ, ਦਿੱਲੀ

ਮੈਬਰ, ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕ: ਦਿੱਲੀ: ਫਾਊਂਡਰ ਸਿੱਖ ਮਿਸ਼ਨਰੀ ਲਹਿਰ ਸੰਨ 1956

ਪਤਿਤਪੁਣੇ ਵੱਲ ਵੱਧ ਰਹੇ ਸਿੱਖੀ ਪ੍ਰਵਾਰਾਂ ਦੇ ਬੱਚਿਓ! ਚੋਗਿਰਦੇ ਨਜ਼ਰ ਮਾਰੋ! ਤੁਹਾਨੂੰ ਅਜੇਹੇ ਪ੍ਰਵਾਰ ਵੀ ਮਿਲਣਗੇ ਜਿਨ੍ਹਾਂ ਦੇ ਵਡਿਕਿਆਂ ਨੇ ਕੇਵਲ ਦੋ-ਤਿੰਨ ਪੁਸ਼ਤਾਂ ਪਹਿਲਾਂ ਉਹੀ ਕੁੱਝ ਕੀਤਾ, ਜੋ ਤੁਸੀਂ ਅੱਜ ਕਰਣਾ ਚਾਹੁੰਦੇ ਹੋ। ਉਹਨਾਂ ਕੋਲ ਵੀ ਇਹੀ ਢੁੱਚਰ ਸੀ “ਸਿੱਖੀ ਤਾਂ ਮਨ ਦੀ ਹੋਣੀ ਚਾਹੀਦੀ ਹੈ, ਸਰੂਪ `ਚ ਕੀ ਪਿਆ ਹੈ”। ਦਰਅਸਲ ਮਨ ਦੀ ਸਿੱਖੀ ਦਾ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਸੀ, ਨਹੀਂ ਤਾਂ ਅਜੇਹੀ ਕਰਤੂਤ ਕਰਦੇ ਹੀ ਕਿਉਂ? ਉਪ੍ਰੰਤ ਕੇਵਲ ਸਰੂਪ ਵਾਲੀ ਵਾੜ ਟੁਟੱਣ ਦੀ ਢਿੱਲ ਸੀ, ਅੱਜ ਉਹਨਾਂ ਦੀਆਂ ਔਲਾਦਾਂ ਦੁਨੀਆਂ ਦੀ ਭੀੜ `ਚ ਅਜਿਹੀਆਂ ਗੁੰਮ ਹੋ ਚੁੱਕੀਆਂ ਹਨ, ਜਿਵੇਂ ਸਮੁੰਦਰ `ਚ ਨਮਕ ਦੀ ਡਲੀ। ਉਨ੍ਹਾਂ ਦੀਆਂ ਔਲਾਦਾਂ ਅੱਜ ਬ੍ਰਾਹਮਣੀ ਕਰਮਕਾਂਡਾਂ `ਚ ਇਸ ਤਰ੍ਹਾਂ ਗ਼ਰਕ ਹਨ ਕਿ ਉਹਨਾਂ ਨੂੰ ਆਪਣੀ ਪਛਾਣ ਵੀ ਨਹੀਂ। ਉਥੇ ਅੱਜ ਜਗਤ-ਜੂਠ ਤਮਾਕੂ, ਸਿਗਰਟਾਂ, ਸਮੈਕ, ਸ਼ਰਾਬ, ਗਾਂਜਾ, ਵਿਭਚਾਰ, ਕੈਸੀਨੋ, ਕਲੱਬਾਂ ਦੀਆਂ ਰੰਗੀਣੀਆਂ, ਦੇਵੀ-ਦੇਵ-ਅਵਤਾਰ ਵਾਦ, ਮੂਰਤੀ ਪੂਜਾ, ਟੱਲੀਆਂ, ਵਰਤ, ਕੁੰਡਲਣੀਆਂ, ਰਾਸ਼ੀ ਫਲ, ਮੁਹੂਰਤ, ਸਗਣ-ਅਪਸਗਣ, ਵਹਿਮ-ਭਰਮ-ਜਹਾਲਤਾਂ ਤੇ ਹਜ਼ਾਰਾਂ ਬ੍ਰਾਹਮਣੀ ਕਰਮਕਾਂਡ ਆਪਣੇ ਡੇਰੇ ਜਮਾ ਚੁਕੇ ਹਨ। ਕਈ ਤਾਂ ਜੁਰਮ ਭਰਪੂਰ (Criminal) ਜ਼ਿੰਦਗੀਆਂ ਦਾ ਸ਼ਿਕਾਰ ਹੋ ਕੇ ਜੇਲ੍ਹਾਂ ਦੀਆਂ ਕਾਲ ਕੋਠੜੀਆਂ `ਚ ਜ਼ਿੰਦਗੀ ਦੇ ਦਿਨ ਪੂਰੇ ਕਰ ਰਹੇ ਹਨ ਤੇ ਉਹਨਾਂ ਦੇ ਬੀਵੀਆਂ-ਬੱਚੇ ਸੜਕਾਂ `ਤੇ ਰੁਲ ਰਹੇ ਹਨ।

ਅਜੋਕੀ ਜਜ਼ਬਾਤੀ ਸਿੱਖੀ ਤੇ ਸਰੂਪ-ਗੁਰੂ ਪਿਆਰਿਓ! ਸਚਾਈ ਹੈ ਕਿ ਅੱਜ ਅਜਿਹੇ ਬਚਿਆਂ ਕੋਲ ‘ਮਨ ਭਾਵ ਕਿਰਦਾਰ ਦੀ ਸਿੱਖੀ’ ਤਾਂ ਹੈ ਹੀ ਨਹੀਂ। ਉਹਨਾਂ ਕੋਲ ਜੋ ਸਿੱਖੀ ਹੈ ਉਹ ਕੇਵਲ ਜਜ਼ਬਾਤੀ ਸਿੱਖੀ ਤੇ ਉਹਨਾਂ ਦੇ ਪੂਰਵਜਾਂ ਤੋਂ ਪੁਸ਼ਤ-ਦਰ-ਪੁਸ਼ਤ ਪੁੱਜੀ ਸਿੱਖੀ ਹੈ। ਉਹ ਸਿੱਖੀ, ਜਿਹੜੀ ਉਹਨਾਂ ਦੇ ਪੂਰਵਜਾਂ ਨੇ ਕਦੇ ਝੋਲੀਆਂ ਟੱਢ ਕੇ ਲਈ ਸੀ ਕਿਉਂਕਿ ਉਹਨਾਂ ਨੂੰ ਇਸ ਦੀ ਕੀਮਤ ਪਤਾ ਸੀ। ਪਰ ਅੱਜ ਤੁਹਾਡੇ ਕੋਲ ਵੱਧ ਤੋਂ ਵੱਧ “ਸਰੂਪ” ਬਾਕੀ ਹੈ ਤੇ ਤੁਹਾਨੂੰ ਸਿੱਖੀ ਦੀ ਕੀਮਤ ਦਾ ਹੀ ਪਤਾ ਨਹੀਂ। ਇਸ ਲਈ ਜਨੂੰਨ ਤੇ ਅਗਿਆਣਤਾ ਵਸ ਜੇਕਰ ਤੁਹਾਡਾ ਇੱਕ ਵੀ ਹੋਰ ਕਦਮ ਉਲਟ ਪਾਸੇ ਵਧ ਗਿਆ ਤਾਂ ਯਾਦ ਰਖੋ! ਇਸ ਤੋਂ ਅੱਗੇ ਉਹੀ ਬ੍ਰਾਹਮਣੀ-ਕਰਮਕਾਂਡੀ ਸਮੁੰਦਰ ਹੀ ਹੈ ਵਿਚਾਲੇ ਹੋਰ ਕੁੱਝ ਨਹੀਂ। ਦੇਖਿਆ ਜਾਵੇ ਤਾਂ ਇਸ ਸਚਾਈ ਨੂੰ ਅੱਜ ਵੀ ਸੰਸਾਰ ਮੰਣਦਾ ਹੈ ਕਿ ਜਿੰਨਾਂ ਸ਼ਰਧਾ, ਪਿਆਰ ਤੇ ਗੁਰੂ ਦੇ ਨਾਂ ਤੋਂ ਆਪਾ ਕੁਰਬਾਣ ਕਰਣ ਦੀ ਭਾਵਨਾ ਜੋ ਸਿੱਖ ਕੋਲ ਹੈ, ਸੰਸਾਰ `ਚ ਕਿਸੇ ਕੋਲ ਨਹੀਂ। ਅਕਾਲਪੁਰਖੁ ਵੱਲੋਂ ਸਿੱਖ ਨੂੰ ਬਖਸ਼ਿਆ ਇਹ ਜਜ਼ਬਾ, ਜੋਸ਼, ਸ਼ਰਧਾ ਹੀ ਹੈ, ਜਿਸ ਨੇ ਸਿੱਖ ਨੂੰ ਹਰੇਕ ਦੇਸ਼ ਦੀ ਮੁਹਰਲੀ ਕੱਤਾਰ `ਚ ਲਿਆ ਖੜਾ ਕੀਤਾ ਹੈ। ਇਥੇ ਹੀ ਬੱਸ ਨਹੀਂ ਜੇ ਅੱਜ ਵੀ ਕੋਈ ਸਿੱਖ ਬੱਚਾ-ਬੱਚੀ ਦੁਨੀਆਂ ਦੇ ਕਿਸੇ ਖੇਤਰ `ਚ ਉਪਰ ਆਉਂਦਾ ਹੈ ਤਾਂ ਬਿਨਾ ਦੇਰ ਉਸ ਦਾ ਜ਼ਿਕਰ ਸਾਰੇ ਸੰਸਾਰ `ਚ ਹੁੰਦਾ ਹੈ, ਕਿਉਂਕਿ ਉਸ ਕੋਲ ਸਰੂਪ ਹੈ। ਅੱਜ ਦੂਜੇ ਵੀ ਮੰਨਦੇ ਹਨ, ਜੇਕਰ ਅਜਿਹੇ ਮਾਨਸਿਕ ਪੱਖੋਂ ਕਮਜ਼ੋਰ ਸਿੱਖਾਂ ਨੇ ਆਪਣਾ ਸਰੂਪ ਨਾ ਗੁਆਇਆ ਹੁੰਦਾ ਤਾਂ ਵਿਦੇਸ਼ਾਂ ਦੀਆਂ ਸੜਕਾਂ `ਤੇ ਵੀ, ਆਪਣੀ ਪਹਿਚਾਣ ਕਾਰਨ, ਸਿੱਖ ਹੀ ਸਿੱਖ ਨਜ਼ਰ ਆਉਂਦੇ।

ਉਪ੍ਰੰਤ, ਕਿਰਦਾਰ ਵੀ ਹੋਵੇ ਤਾਂ ਕਹਿਣਾ ਹੀ ਕੀ? ਅਜਿਹੀ ਹਾਲਤ `ਚ ਫਰਾਂਸ ਵਰਗੇ ਪੱਗੜੀ ਦੇ ਮਸਲੇ ਤਾਂ ਪੈਦਾ ਹੀ ਨਾ ਹੋਣ ਬਲਕਿ ਕਿਰਦਾਰ ਕਾਰਨ ਦੇਸ਼-ਵਿਦੇਸ਼ਾਂ `ਚ ਸਿੱਖ ਹੀ ਸਤਿਕਾਰੇ ਜਾਣ। ਸਰੂਪ ਦੇ ਨਾਲ ਜੇਕਰ ਮਨੁੱਖ ਅੰਦਰ ਗੁਰਬਾਣੀ ਜੀਵਨ ਵੀ ਹੋਵੇ ਤਾਂ ਸੰਸਾਰ, ਅੱਜ ਵੀ ਸਿੱਖ ਦੀ ਪੂਜਾ ਕਰੇਗਾ। ਇੰਨੀਆਂ ਵਧ ਢਹਿੰਦੀਆਂ ਕਲਾ `ਚ ਪੁੱਜ ਕੇ ਵੀ, ਜੇਕਰ ਸਾਡਾ ਬਚਾਅ ਹੈ ਤਾਂ ਕੇਵਲ ਸਰੂਪ ਕਰਕੇ। ਜਿਸ ਕਿਸੇ ਦੀ ਸਰੂਪ ਵਲੋਂ ਵੀ ਢਿੱਲ ਹੋ ਗਈ, ਤਾਂ ਉਸ ਨੂੰ ਸੜਕ ਤੇ ਜਾਂਦੇ ਨੂੰ ਕੋਈ ‘ਸਰਦਾਰ ਜੀ’ ਕਹਿਕੇ ਨਹੀਂ ਬੁਲਾਏਗਾ, ਕਿਉਂਕਿ ਉਸ ਕੋਲ ਸਰਦਾਰੀ ਵਾਲੀ ਪਛਾਣ ਹੀ ਬਾਕੀ ਨਹੀਂ। ਜਿਹੜਾ ਕਲ ਤੀਕ ਸਰੂਪ `ਚ ਸੀ, ਅੱਜ ਸਰੂਪ ਬਿਨਾ ਹੈ, ਤਾਂ ਇਮਾਨਦਾਰੀ ਨਾਲ ਨਿਜੀ ਤਜੁਰਬਾ ਦੇਖ ਲਵੇ ਕਿ ਕਲ੍ਹ ਉਸ ਨੂੰ ਅਜਨਬੀ ਵੀ “ਸਰਦਾਰ ਜੀ” ਕਹਿਕੇ ਬੁਲਾ ਰਿਹਾ ਸੀ ਤਾਂ ਅੱਜ ਉਸ ਨੂੰ ਕਿਸ ਅਵਾਜ਼ ਨਾਲ ਬੁਲਾਇਆ ਜਾ ਰਿਹਾ ਹੈ? ਅੰਦਾਜ਼ਾ ਲਾਉਂਦੇ ਦੇਰ ਨਹੀਂ ਲਗੇਗੀ।

ਠੀਕ ਹੈ, ਪਤਿਤ ਹੋਣ ਬਾਅਦ ਇਕ-ਦੋ ਪੀੜੀਆਂ ਤੁਸੀਂ ਗੁਰਦੁਆਰੇ ਜਾਂ ਪ੍ਰਵਾਰਕ ਵਾਤਾਵਰਣ `ਚ ਆਪਣੇ ਆਪ ਨੂੰ ਸਿੱਖ ਹੀ ਮੰਣਦੇ ਤੇ ਅਖਵਾਉਂਦੇ ਰਹੋ ਗੇ; ਪਰ ਕਦੋਂ ਤੀਕ? ਹੋ ਸਕਦਾ ਹੈ ਸਿੱਖਾਂ ਵਾਲੀ ਬੋਲੀ ਵੀ ਬੋਲ ਲਵੋ ਗੇ ਕਿਉਂਕਿ ਪਿਛੋਕੜ ਸਿੱਖੀ ਦਾ ਸੀ। ਉਪ੍ਰੰਤ ਸਿੱਖ ਅਖਵਾਉਣ ਵਾਲੀ ਗੱਲ ਦਾ ਵੀ ਭੋਗ ਪੈ ਜਾਵੇਗਾ ਤੇ ਇਸ ਲਈ ਜ਼ਿੰਮੇਵਾਰ ਕੌਣ ਹੋਵੇਗਾ? ਕੇਵਲ ਤੇ ਕੇਵਲ ਤੁਸੀਂ ਤੇ ਤੁਹਾਡੀ ਇਹ ਅਜੋਕੀ ਢੁੱਚਰ “ਕੇਸਾਂ `ਚ ਕੀ ਪਿਆ ਹੈ, ਸਿੱਖੀ ਤਾਂ ਮਨ ਦੀ ਹੋਣੀ ਚਾਹੀਦੀ ਹੈ”। ਜ਼ਰਾ ਖੁਲੇ ਦਿਮਾਗ਼ ਅੰਦਾਜ਼ਾਂ ਲਾਉਣ ਦਾ ਯਤਨ ਕਰੋ, ਸਰੂਪ ਤੋਂ ਢਿੱਲ ਕਰਕੇ, ਤੁਸੀਂ ਕਿੰਨਾ ਵੱਡਾ ਗੁਨਾਹ ਕਰ ਰਹੇ ਹੋ। ਯਾਦ ਰਖੋ! ਜਿਸ ਨੂੰ ਅੱਜ ਤੁਸੀਂ ਮਨ ਦੀ ਸਿੱਖੀ ਕਹਿੰਦੇ ਹੋ, ਇਹ ਤੁਹਾਡੀ ‘ਮਨ ਦੀ ਸਿੱਖੀ’ ਨਹੀਂ, ਕੇਵਲ ਜਜ਼ਬਾਤੀ ਸਿੱਖੀ ਹੈ। ਇਹ ਸਰੂਪ ਵਾਲੀ ਸਿੱਖੀ ਜੋ ਤੁਹਾਡੇ ਕੋਲ ਬਚੀ ਹੋਈ ਸੀ ਤਾਂ ਉਹ ਵੀ ਤੁਹਾਡੇ ਬਜ਼ੁਰਗਾਂ ਕਾਰਨ। ਜਦੋਂ ਕਿਸੇ ਦੁਰਮੱਤ ਜਾਂ ਹੂੜਮੱਤ ਕਾਰਨ ਸਰੂਪ ਵੀ ਤੁਹਾਡੇ ਕੋਲੋਂ ਚਲਾ ਗਿਆ ਤਾਂ ਇਹ ਤੁਹਾਡੀ ‘ਮਨ ਦੀ ਸਿੱਖੀ’ ਵੀ ਤੁਹਾਡੇ ਕੋਲ ਬਹੁਤੇ ਦਿਨ ਨਹੀਂ ਟਿਕੇ ਗੀ। ਇਸੇ ਰਸਤੇ ਜੇ ਕਲ ਨੂੰ ਸਿਗਰਟਾਂ-ਸ਼ਰਾਬ-ਵਿੱਭਚਾਰ ਤੇ ਕਰਮਕਾਂਡ ਵੀ ਤੁਹਾਡੇ ਵਿਹੜੇ ਆ ਪੁੱਜੇ ਤਾਂ ਇਸ ਦੇ ਜਿੰਮੇਂਵਾਰ ਤੁਸੀਂ ਆਪ ਹੋਵੇਗੇ, ਕੋਈ ਦੂਜਾ ਨਹੀਂ।

“ਹੁਣਿ ਸੁਣੀਐ ਕਿਆ ਰੂਆਇਆ” - (ਪੰ: ੪੬੩) ਅਜੇਹੀ ਹਾਲਤ `ਚ ਉਸ ਸਮੇਂ ਸਿਵਾਇ ਪਛਤਾਉਣ ਤੇ ਹਥ ਮਲਣ ਦੇ ਤੁਹਾਨੂੰ ਕੁੱਝ ਪੱਲੇ ਕੁੱਝ ਨਹੀਂ ਹੋਵੇਗਾ। ਅੱਜ ਸ਼ਾਇਦ ਤੁਹਾਡੇ ਮਾਪੇ ਤੁਹਾਡੀਆਂ ਇਹਨਾ ਹੂੜਮੱਤੀ ਹਰਕਤਾਂ ਨੂੰ ਦੇਖ-ਦੇਖ ਕੇ ਖੂਨ ਦੇ ਅੱਥਰੂ ਕੇਰ ਰਹੇ ਹੋਣ, ਜਿਸ ਦੀ ਤੁਹਾਨੂੰ ਪ੍ਰਵਾਹ ਨਹੀਂ। ਕਲ੍ਹ ਜਦੋਂ ਤੁਹਾਡੀਆਂ ਅਖਾਂ ਸਾਹਮਣੇ ਤੁਹਾਡੀਆਂ ਹੀ ਔਲਾਦਾਂ, ਚਾਰ ਕੱਦਮ ਹੋਰ ਅਗੇ ਟੁਰ ਪੈਣ ਗੀਆਂ ਤਾਂ ਆਉਣ ਵਾਲੇ ਭਿਆਨਕ ਸਮੇਂ ਦਾ ਅੰਦਾਜ਼ਾ ਅੱਜ ਹੀ ਲਵੋ ਤਾਂ ਚੰਗਾ, ਭਲਾਈ ਇਸੇ `ਚ ਹੈ। ਸ਼ਾਇਦ ਅਕਾਲਪੁਰਖੁ ਤੁਹਾਨੂੰ ਸੁਮੱਤ ਬਖ਼ਸ਼ ਦੇਵੇ ਤੇ ਇਸ ਗੰਦਗੀ `ਚ ਡੁੱਬਣ ਤੋਂ ਬਚ ਜਾਵੋ। ਢੈ ਪਓ, ਗੁਰੂ ਦੇ ਚਰਣਾਂ `ਚ ਕਿਉਂਕਿ ਅਜੇ ਤੁਹਾਡੇ ਕੋਲ ਬਖਸ਼ਵਾਉਣ ਲਈ ਸਮਾਂ ਹੈ।

ਸਿੱਖੀ ਹਾਰ ਦੇ ਮਨਕਿਓ! ਜੇਕਰ ਤੁਹਾਡੇ ਕੋਲ ਰਹਿਣ ਨੂੰ ਮਕਾਨ ਹੈ ਤਾਂ ਪ੍ਰਵਾਰ `ਚ ਆਇਆ ਉਖਾੜ ਵੀ ਸੰਭਾਲਿਆ ਜਾ ਸਕੇ ਗਾ; ਉਪ੍ਰੰਤ ਜੇਕਰ ਆਪਣੀ ਹੂੜਮੱਤ ਸਦਕਾ ਤੁਸੀਂ ਸੜਕ `ਤੇ ਹੀ ਪੁੱਜ ਗਏ ਤਾਂ ਕੀ ਕਰੋਗੇ? ਵਾੜ (ਕੇਸਾਂ ਵਾਲਾ ਸਰੂਪ) ਲਗੀ ਹੈ, ਖੇਤ ਦੇ ਮਾਲਿਕ ਅਜੇ ਵੀ ਤੁਸੀਂ ਹੋ, ਜੇ ਵਾੜ ਹੀ ਨਾਂ ਰਹੀ ਤਾਂ ਇਸ ਦੇ ਅਨੇਕਾਂ ਮਾਲਿਕ ਬਣ ਜਾਣਗੇ ਤੇ ਤੁਸੀਂ ਕੇਵਲ ਤਲੀਆਂ ਹੀ ਮਸਲਦੇ ਰਹਿ ਜਾਵੋਗੇ। ਠੀਕ ਹੈ ਅਜ ਤੁਹਾਡੇ ਜੀਵਨ `ਚ ਸਿੱਖੀ ਨਹੀਂ ਪਰ ਜੇਕਰ ਸਰੂਪ ਹੀ ਬਾਕੀ ਹੈ ਤਾਂ ਸਿੱਖੀ ਕਿਸੇ ਸਮੇਂ, ਕਿਸੇ ਸਬੱਬ, ਕਿਸੇ ਵੀ ਪੀੜ੍ਹੀ `ਚ ਪਣਪ ਸਕਦੀ ਹੈ। ਜੇ ਸਰੂਪ ਹੀ ਨਾ ਰਿਹਾ ਤਾਂ ਦੁਨੀਆਂ ਦੀ ਭੀੜ `ਚ ਅਜਿਹੇ ਗੁੰਮ ਹੋ ਜਾਵੋਗੇ ਕਿ ਦੋ ਪੁਸ਼ਤਾਂ ਬਾਅਦ ਤੁਹਾਨੂੰ ਕੋਈ ਪਛਾਣ ਵੀ ਨਹੀਂ ਸਕੇਗਾ ਕਿ ਤੁਸੀਂ ਕਦੇ ਸਿੱਖ ਵੀ ਸੀ। ਯਾਦ ਰਖੋ! ਗੰਦਗੀ ਦੇ ਆਦੀ ਹੋ ਚੁਕੇ ਕੀੜੇ ਨੂੰ ਖੁੱਲੀ ਹਵਾ `ਚ ਵਾਪਸ ਲਿਆਉਣਾ ਸੌਖੀ ਗਲ ਨਹੀਂ। ਉਸ ਦੀ ਬਦਹਾਲੀ ਦਾ ਅੰਦਾਜ਼ਾ ਉਹੀ ਲਗਾ ਸਕਦਾ ਹੈ ਜੋ ਆਪ ਖੁੱਲ੍ਹੀ ਹਵਾ ਦਾ ਆਨੰਦ ਮਾਣ ਰਿਹਾ ਹੋਵੇ। #050Gs09.01.09#

ਹੋਰ ਵੇਰਵੇ ਲਈ ਗੁਰਮਤਿ ਪਾਠ ਨੰ: 84 “ਸਰੂਪ ਤੋਂ ਢਿੱਲ, ਪਰ ਕਹਿੰਦੇ ਹਨ ਸਿੱਖੀ ਮਨ ਦੀ?” (ਡੀਲਕਸ ਪੈਕ) ਸੰਗਤਾਂ ਲਈ ਪ੍ਰਾਪਤ ਹੈ ਜੀ

ਨੋਟ: ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਜੀ ਦੀ ਆਗਿਆ ਨਾਲ ਸਨਿਮ੍ਰ ਬੇਨਤੀ ਹੈ ਕਿ ਪ੍ਰਿੰਸੀਪਲ ਸਾਹਿਬ ਜੀ ਦਾ ਕੋਈ ਵੀ ਗੁਰਮਤਿ ਪਾਠ-ਕੋਈ ਵੀ ਪੰਥਕ ਸੱਜਣ, ਸੰਸਥਾ, ਮੈਗ਼ਜ਼ੀਨ ਅਥਵਾ ਨੀਊਜ਼ ਪੇਪਰ ਜਾਂ ਵੈਬ ਸਾਈਟ; ਬਿਨਾ ਤਬਦੀਲੀ, ਹੂ-ਬ-ਹੂ ਅਤੇ ਲੇਖਕ ਨਾਮ ਸਹਿਤ, ਕੇਵਲ ਅਤੇ ਕੇਵਲ ਗੁਰਮਤਿ ਪ੍ਰਸਾਰ ਦੇ ਆਸ਼ੇ ਨੂੰ ਮੁੱਖ ਰਖਦੇ ਹੋਏ ਬਿਨਾ ਕਿਸੇ ਹੋਰ ਆਗਿਆ ਛਾਪ ਅਤੇ ਲੋਡ ਕਰ ਸਕਦਾ ਹੈ। ਬੇਨਤੀ ਕਰਤਾ-ਗੁਰਮਤਿ ਐਜੁਕੇਸ਼ਨ ਸੈਂਟਰ, ਦਿੱਲੀ Ph 9811292808, 011-26236119
.