.

ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ

“ਬੂਝਹੁ ਹਰਿ ਜਨ ਸਤਿਗੁਰ ਬਾਣੀ”
“ਅਕਲੀ ਪੜਿੑ ਕੈ ਬੁਝੀਐ ਅਕਲੀ ਕੀਚੈ ਦਾਨੁ”
“ਹਉ ਵਾਰੀ ਜੀਉ ਵਾਰੀ ਪੜਿ ਬੁਝਿ ਮੰਨਿ ਵਸਾਵਣਿਆ”
“ਪੜਹਿ ਮਨਮੁਖ ਪਰੁ ਬਿਧਿ ਨਹੀ ਜਾਨਾ॥ ਨਾਮੁ ਨ ਬੂਝਹਿ ਭਰਮਿ ਭੁਲਾਨਾ
ਲੈ ਕੈ ਵਢੀ ਦੇਨਿ ਉਗਾਹੀ ਦੁਰਮਤਿ ਕਾ ਗਲਿ ਫਾਹਾ ਹੇ”
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਨੂੰ ਬੁੱਝਣ ਦਾ ਪੱਕਾ ਹੁਕਮ ਦਿੱਤਾ ਹੈ। ਪੜ੍ਹਣ ਦੀ ਬਿਧੀ ਵੀ ਸਮਝਾਈ ਹੈ ਕਿ ਅਕਲ ਨਾਲ ਪੜ੍ਹਣਾ ਹੈ। ਪੜਿ ਪੜਿ ਗਡੀਆਂ ਲੱਦਣ ਦੀ ਮਨਮੁੱਖਾਂ ਵਾਲੀ ਮੂਰਖਤਾਈ ਤੋਂ ਚਿਤਾਵਨੀ ਦੇ ਕੇ ਰੋਕਿਆ ਹੈ। ਪੜਿ-ਬੁਝਿ ਕੇ ਮਨਿ ਵਸਾਉਣ ਵਾਲਿਆਂ ਤੋਂ ਸਤਿਗੁਰ ਵਾਰ ਵਾਰ ਸਦਕੇ ਜਾਂਦੇ ਹਨ। ਸਤਿਗੁਰਾਂ ਨੇ ਅਕਲ ਨਾਲ ਪੜ੍ਹਕੇ ਬੁਝਣ ਵਾਲਾ ਕੇਵਲ ਇਕੋ ਇੱਕ ਰਸਤਾ ਹੀ ਸਹੀ ਮੰਨਿਆ ਹੈ ਅਤੇ ਦੂਸਰੀਆਂ ਸਾਰੀਆਂ ਗਲਾਂ ਨੂੰ ਸਿਰਫ ਗਲਤ ਹੀ ਨਹੀਂ ਸਗੋਂ ਸ਼ੈਤਾਨੀਆਂ ਕਿਹਾ ਹੈ। ਅਕਲ ਨਾਲ ਪੜ੍ਹਕੇ ਨਾਂ-ਬੁਝਿਣ ਵਾਲਿਆਂ ਨੂੰ ਗੁਰਬਾਣੀ ਪਸ਼ੂਆਂ ਵਰਗੇ ਕਹਿੰਦੀ ਹੈ। ਗੁਰ ਫੁਰਮਾਨ ਇਸ ਤਰਾਂ ਹਨ:-
“ਬਿਨੁ ਬੂਝੇ ਪਸੂ ਕੀ ਨਿਆਈ” === “ਬਿਨ ਬੂਝੇ ਪਸੂ ਭਏ ਬੇਤਾਲੇ”
“ਆਵਨ ਆਏ ਸ੍ਰਿਸਟਿ ਮਹਿ ਬਿਨੁ ਬੂਝੇ ਪਸੁ ਢੋਰ”
ਗੁਰਬਾਣੀ ਨੂੰ ਬੁਝਣ ਦੀ ਲੋੜ ਨਾਂ ਸਮਝਣ ਵਾਲਿਆਂ ਦੀ ਤੁਲਨਾ ਬੇਤਾਲੇ ਢੋਰ ਪਸ਼ੂਆਂ ਦੇ ਬਰਾਬਰ ਦੱਸ ਕੇ ਸਾਨੂੰ ਇਸ ਨੂੰ ਬੁਝਣ ਦੀ ਮਹੱਤਤਾ ਚੰਗੀ ਤਰਾਂ ਸਮਝਾਈ ਹੈ। “ਬਿਨੁ ਬੂਝੈ” ਵਾਲੇ ਅਨੇਕਾਂ ਪਰਮਾਣ ਗੁਰੂ ਗਰੰਥ ਸਾਹਿਬ ਵਿੱਚ ਅੰਕਤਿ ਕਰਕੇ ਵਾਰ ਵਾਰ ਚੇਤੇ ਕਰਾਇਆ ਹੈ ਕਿ ਗੁਰਾਂ ਦੀ ਬਾਣੀ ਸਮਝਣੀ ਜਰੂਰੀ ਹੀ ਨਹੀਂ ਬਲਕਿ ਇਹ ਲਾਜ਼ਮੀ ਹੈ। ਇਸ ਤੋਂ ਮੰਨੇ-ਪ੍ਰਮੰਨੇ ਸੰਤਾਂ ਮਹਾਂਪੁਰਖਾਂ ਨੂੰ ਵੀ ਛੋਟ ਨਹੀਂ ਹੈ। ਗੁਰਬਾਣੀ ਸਮਝਣ ਤੋਂ ਅਣ-ਗਹਿਲੀ ਕਰਨੀ ਸਤਿਗੁਰਾਂ ਦੀ ਨਿਰਾਦਰੀ ਕਰਨਾ ਹੈ।
“ਸੰਧਿਆ ਤਰਪਣੁ ਕਰਹਿ ਗਾਇਤ੍ਰੀ ਬਿਨੁ ਬੂਝੇ ਦੁਖੁ ਪਾਇਆ”
“ਪੜਹਿ ਗੁਣਹਿ ਤੂੰ ਬਹੁਤੁ ਪੁਕਾਰਹਿ ਵਿਣੁ ਬੂਝੇ ਤੂੰ ਡੂਬਿ ਮੁਆ”
“ਬੇਦ ਪਾਠ ਸੰਸਾਰ ਕੀ ਕਾਰ॥ ਪੜਿੑ ਪੜਿੑ ਪੰਡਿਤ ਕਰਹਿ ਬੀਚਾਰ॥ ਬਿਨੁ ਬੂਝੇ ਸਭ ਹੋਇ ਖੁਆਰ”
“ਚਾਰੇ ਬੇਦ ਮੁਖਾਗਰ ਪਾਠਿ॥ ਪੁਰਬੀ ਨਾਵੈ ਵਰਨਾਂ ਕੀ ਦਾਤਿ॥ ਵਰਤ ਨੇਮ ਕਰੇ ਦਿਨ ਰਾਤਿ॥ 2॥
ਕਾਜੀ ਮੁਲਾਂ ਹੋਵਹਿ ਸੇਖ॥ ਜੋਗੀ ਜੰਗਮ ਭਗਵੇ ਭੇਖ॥ ਕੋ ਗਿਰਹੀ ਕਰਮਾ ਕੀ ਸੰਧਿ॥ ਬਿਨੁ ਬੂਝੇ ਸਭ ਖੜੀਅਸਿ ਬੰਧਿ”
“ਸਭਿ ਜਪ ਸਭਿ ਤਪ ਸਭ ਚਤੁਰਾਈ॥ ਊਝੜਿ ਭਰਮੈ ਰਾਹਿ ਨ ਪਾਈ॥ ਬਿਨੁ ਬੂਝੇ ਕੋ ਥਾਇ ਨ ਪਾਈ”
“ਸਮਝਿ ਸੂਝਿ ਸਹਜ ਘਰਿ ਹੋਵਹਿ॥ ਬਿਨੁ ਬੂਝੇ ਸਗਲੀ ਪਤਿ ਖੋਵਹਿ”
“ਏਕ ਵਸਤੁ ਬੂਝਹਿ ਤਾ ਹੋਵਹਿ ਪਾਕ॥ ਬਿਨੁ ਬੂਝੇ ਤੂੰ ਸਦਾ ਨਾਪਾਕ”
“ਭਾਈ ਰੇ ਗੁਰਮੁਖਿ ਬੂਝੈ ਕੋਇ॥ ਬਿਨੁ ਬੂਝੇ ਕਰਮ ਕਮਾਵਣੇ ਜਨਮੁ ਪਦਾਰਥੁ ਖੋਇ”
“ਬਿਨ ਬੂਝੇ ਝਗਰਤ ਜਗੁ ਕਾਚਾ॥ 4॥ ਗੁਰੁ ਸਮਝਾਵੈ ਸੋਝੀ ਹੋਈ॥ ਗੁਰਮੁਖਿ ਵਿਰਲਾ ਬੁਝੈ ਕੋਈ”
“ਮਾਨੁਖੁ ਬਿਨੁ ਬੂਝੇ ਬਿਰਥਾ ਆਇਆ॥ ਅਨਿਕ ਸਾਜ ਸੀਗਾਰ ਬਹੁ ਕਰਤਾ ਜਿਉ ਮਿਰਤਕੁ ਓਡਾਇਆ”
“ਮਨਮੁਖਿ ਕਰਮ ਕਰਹਿ ਨਹੀ ਬੂਝਹਿ ਬਿਰਥਾ ਜਨਮੁ ਗਵਾਏ॥ ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ”
“ਸਰੈ ਸਰੀਅਤਿ ਕਰਹਿ ਬੀਚਾਰੁ॥ ਬਿਨੁ ਬੂਝੇ ਕੈਸੇ ਪਾਵਹਿ ਪਾਰੁ”
ਸਤਿਗੁਰਾਂ ਨੇ ਵਿਸਥਾਰ ਨਾਲ ਸਮਝਾ ਕੇ ਸਪਸ਼ਟ ਕੀਤਾ ਹੈ ਕਿ ਗੁਰਬਾਣੀ ਨੂੰ ਬੁਝਣ ਤੋਂ ਬਿਨਾਂ ਅਸੀਂ ਸੁੱਖਾਂ ਵਾਲੀ ਜਿੰਦਗੀ ਨਹੀਂ ਜੀ ਸਕਦੇ। ਤਿੰਨ ਵੇਲੇ ਦੀ ਸੰਧਿਆ ਗਾਇਤ੍ਰੀ ਪਾਠ ਕਰਨ ਵਾਲੇ ਨਿਤਨੇਮੀ ਦੁਖੀ ਹਨ। ਉਚੀ ਉਚੀ ਪਾਠ ਪੜ੍ਹਣ ਵਾਲੇ, ਵਿਚਾਰ ਤੋਂ ਬਿਨਾਂ, ਡੁੱਬ ਕੇ ਮਰਿਆਂ ਦੀ ਨਿਆਈਂ ਹਨ। ਨਾਂ ਬੁਝਣ ਵਾਲੇ ਬੇਦਾਂ ਦੇ ਪਾਠੀ ਪੰਿਡਤ ਸਭ ਖੁਆਰ ਹੋ ਰਹੇ ਹਨ। ਚਾਰੇ ਬੇਦਾਂ ਦਾ ਮੂੰਹ ਜ਼ਬਾਨੀ ਪਾਠ ਕਰਨ ਵਾਲਾ, ਪਵਿਤ੍ਰ ਦਿਹਾੜਆਂ ਦਾ ਤੀਰਥ ਇਸ਼ਨਾਨੀ, ਚਹੁ ਵਰਨਾਂ ਨੂੰ ਦਾਨ ਦੇਣ ਵਾਲਾ, ਵਰਤ ਰਖਣ ਵਾਲਾ ਪੰਡਿਤ, ਕਾਜ਼ੀ, ਮੁੱਲਾਂ, ਸ਼ੇਖ, ਜੋਗੀ, ਜੰਗਮ, ਭਗਵੇਂ ਭੇਖ ਵਾਲਾ, ਸਾਰੇ ਕਰਮਕਾਂਡ ਕਰਨ ਵਾਲਾ ਗ੍ਰਿਹਸਤੀ ਆਦਿ ਸਭ ਦੋਸ਼ੀਆਂ ਵਾਂਗ ਬ੍ਹੰਨਕੇ ਪ੍ਰਮਾਤਮਾ ਦੀ ਦਰਗਾਹ ਵਿੱਚ ਲਿਜਾਏ ਜਾਂਦੇ ਹਨ। ਜਪ ਤਪ ਕਰਨ ਵਾਲੇ ਉਜਾੜਾਂ ਵਿੱਚ ਭਟਕਦੇ ਹਨ। ਦਰਗਾਹ ਵਿੱਚ ਇਹਨਾਂ ਵਾਸਤੇ ਕੋਈ ਥਾਂ ਨਹੀ। ਸਭ ਦੀ ਬੇਇਜ਼ਤੀ ਹੋ ਰਹੀ ਹੈ। ਅਸਲੀਅਤ ਤੋਂ ਅਣਜਾਣ ਹਉਮੇ ਦੀ ਮੈਲ ਨਾਲ ਅਪਵਿੱਤਰ ਹਨ। ਕਚੀ ਮਤਿ ਵਾਲੇ ਝਗੜਿਆਂ ਵਿੱਚ ਉਲਝੇ ਪਏ ਹਨ। ਅਜਿਹੇ ਵਿਅਕਤੀਆਂ ਦਾ ਦੁਨੀਆ ਵਿੱਚ ਆਉਣਾ ਬਿਰਥਾ ਗਿਆ। ਮਨਮੁਖਿ ਕਰਮਕਾਂਡਾਂ ਵਿੱਚ ਮਸਤ ਹਨ ਇਸ ਕਰਕੇ ਇਹਨਾਂ ਦਾ ਜਨਮ ਅਜਾਈਂ ਜਾਂਦਾ ਹੇ। ਸਮਝਣ ਤੋਂ ਬਿਨਾਂ ਪਾਰ ਉਤਾਰਾ ਕਿਵੇਂ ਹੋਰ ਸਕਦਾ ਹੈ।

“ਬਾਣੀ ਬੂਝੈ ਸਚਿ ਸਮਾਵੈ॥ ਸਬਦੁ ਵੀਚਾਰੇ ਏਕ ਲਿਵ ਤਾਰਾ॥ ਨਾਨਕ ਧੰਨੁ ਸਵਾਰਣਹਾਰਾ”
“ਇਹ ਬਾਣੀ ਜੋ ਜੀਅਹੁ ਜਾਣੈ ਤਿਸੁ ਅੰਤਰਿ ਰਵੈ ਹਰਿ ਨਾਮਾ॥ ਸਤਿਗੁਰ ਕੀ ਜਿਸ ਨੋ ਮਤਿ ਆਵੈ ਸੋ ਸਤਿਗੁਰ ਮਾਹਿ ਸਮਾਨਾ”
“ਰੂੜੀ ਬਾਣੀ ਹਰਿ ਪਾਇਆ ਗੁਰ ਸਬਦੀ ਬੀਚਾਰਿ॥ ਆਪੁ ਗਇਆ ਦੁਖੁ ਕਟਿਆ ਹਰਿ ਵਰੁ ਪਾਇਆ ਨਾਰਿ”
“ਗੁਰਬਾਣੀ ਵਰਤੀ ਜਗ ਅੰਤਰਿ ਇਸੁ ਬਾਣੀ ਤੇ ਹਰਿ ਨਾਮੁ ਪਾਇਦਾ”
ਗੁਰਬਾਣੀ ਬੁਝਣ ਵਾਲੇ ਸਚੇ ਪ੍ਰਮਾਤਮਾ ਵਿੱਚ ਸਮਾ ਜਾਂਦੇ ਹਨ। ਜਿਹੜਾ ਪ੍ਰਾਣੀ ਦਿਲੋਂ ਗੁਰਬਾਣੀ ਸਮਝ ਲੈਂਦਾ ਹੈ ਉਸ ਦੇ ਅੰਦਰਿ ਅਜਪਾ-ਜਾਪ ਨਾਮ ਸਿਮਰਨ ਚਲਦਾ ਰਹਿੰਦਾ ਹੈ ਕਿਉਂਕਿ ਨਾਮ ਦੀ ਪ੍ਰਾਪਤੀ ਗੁਰਬਾਣੀ ਰਾਹੀਂ ਹੀ ਹੁੰਦੀ ਹੈ। ਜਿਨ੍ਹਾਂ ਨੇ ਗੁਰਬਾਣੀ ਸ਼ਬਦ ਵੀਚਾਰ ਕੇ ਸਮਝੀ ਹੈ ਕੇਵਲ ਉਹਨਾਂ ਨੇ ਹੀ ਪ੍ਰਮਾਤਮਾ ਨੂੰ ਪਾਇਆ ਹੈ।
“ਕਹੁ ਨਾਨਕ ਜਿਨਿ ਮਨਹੁ ਪਛਾਨਿਆ ਤਿਨ ਕਉ ਸਗਲੀ ਸੋਝ ਪਈ”
“ਕਰਮ ਕਰਹਿ ਗੁਰ ਸਬਦੁ ਨ ਪਛਾਣਹਿ ਮਰਿ ਜਨਮਹਿ ਵਾਰੋ ਵਾਰਾ”
“ਕਲਿ ਕੀਰਤਿ ਸਬਦੁ ਪਛਾਨੁ॥ ਏਹਾ ਭਗਤਿ ਚੂਕੈ ਅਭਿਮਾਨੁ॥ ਸਤਿਗੁਰੁ ਸੇਵਿਐ ਹੋਵੈ ਪਰਵਾਨੁ”
“ਸਚੁ ਮਹਲੁ ਘਰੁ ਪਾਇਆ ਗੁਰ ਕਾ ਸਬਦੁ ਪਛਾਨੁ” === “ਨਾਨਕ ਸਬਦੁ ਪਛਾਣੀਐ ਨਾਮੁ ਵਸੈ ਮਨਿ ਆਇ”
“ਦੂਖੁ ਮਿਟੈ ਸਚੁ ਸਬਦਿ ਪਛਾਨੇ” === “ਨਾਨਕ ਗੁਰਮੁਖਿ ਸਬਦਿ ਪਛਾਣੈ” “ਸੇ ਮਨਮੁਖ ਜੋ ਸਬਦੁ ਨ ਪਛਾਣਹਿ॥ ਗੁਰ ਕੇ ਭੈ ਕੀ ਸਾਰ ਨ ਜਾਣਹਿ”
“ਸੇ ਵਡਭਾਗੀ ਜਿਨ ਸਬਦੁ ਪਛਾਣਿਆ”
ਸਤਿਗੁਰਾਂ ਨੇ ਗੁਰਬਾਣੀ ਨੂੰ ਬੁਝਣ ਦੇ ਹੁਕਮਾਂ ਦੇ ਨਾਲ ਨਾਲ ਗੁਰ ਸ਼ਬਦ ਨਾਲ ਜਾਣ-ਪਛਾਣ ਪਾਉਣ ਦਾ ਵੀ ਹੁਕਮ ਦਿਤਾ ਹੈ। ਸ਼ਬਦ ਨੂੰ ਪਛਾਨਣ ਨਾਲ ਪ੍ਰਮਾਤਮਾ ਮਨ ਵਿੱਚ ਆ ਵਸਦਾ ਹੈ। ਪ੍ਰਭੂ ਦੇ ਚਰਨਾਂ ਵਿੱਚ ਨਿਵਾਸ ਹੋ ਜਾਂਦਾ ਹੈ। ਦੁਖ ਮਿਟ ਜਾਂਦੇ ਹਨ। ਵਡਭਾਗੀ ਬਣ ਜਾਈਦਾ ਹੈ। ਗੁਰਮੁਖਿ ਸਦਾ ਹੀ ਸ਼ਬਦ ਪਛਾਣਦੇ ਹਨ। ਜੋ ਸ਼ਬਦ ਨਹੀਂ ਪਛਾਣਦੇ ਉਹ ਮਨਮੁਖਿ ਹੁੰਦੇ ਹਨ। ਮਨਮੁਖਿ ਕਰਮਕਾਂਡਾਂ ਵਿੱਚ ਮਸਤ ਰਹਿੰਦੇ ਹਨ। ਉਹ ਸ਼ਬਦ ਨਹੀਂ ਪਛਾਣਦੇ ਇਸ ਕਰਕੇ ਜਨਮ-ਮਰਨ ਦੇ ਚੱਕਰ ਵਿੱਚ ਪਏ ਰਹਿੰਦੇ ਹਨ।
“ਨ ਸਬਦੁ ਬੂਝੈ ਨ ਜਾਣੈ ਬਾਣੀ॥ ਮਨਮੁਖਿ ਅੰਧੇ ਦੁਖਿ ਵਿਹਾਣੀ”
“ਮੂਰਖ ਪੜਹਿ ਸਬਦੁ ਨ ਬੂਝਹਿ ਗੁਰਮੁਖਿ ਵਿਰਲੈ ਜਾਤਾ ਹੇ”
“ਸਬਦੁ ਨ ਜਾਣਹਿ ਸੇ ਅੰਨੇ ਬੋਲੇ ਸੇ ਕਿਤੁ ਆਏ ਸੰਸਾਰਾ”
“ਮਨਮੁਖਿ ਅੰਧਾ ਸਬਦੁ ਨ ਜਾਣੈ ਝੂਠੈ ਭਰਮਿ ਭੁਲਾਨਾ”
“ਮਨਮੁਖ ਸਬਦੁ ਨ ਜਾਣਨੀ ਜਾਸਨਿ ਪਤਿ ਗਵਾਇ”
ਮਨਮੁਖ ਨਾਂ ਸ਼ਬਦ ਬੁਝਦੇ ਹਨ ਅਤੇ ਨਾਂ ਬਾਣੀ ਜਾਣਦੇ ਹਨ। ਸ਼ਬਦ ਨਾਂ ਜਾਨਣ-ਬੁਝਣ ਵਾਲੇ ਅੰਨ੍ਹੇ ਬੋਲੇ ਲੋਕਾਂ ਦੀ ਨਿਆਈਂ ਹਨ। ਇਹ ਝੂਠ ਤੇ ਭਰਮਾਂ ਵਿੱਚ ਫਸਕੇ ਬੇਇਜ਼ਤ ਤੇ ਖੁਆਰ ਹੁੰਦੇ ਹਨ ਅਤੇ ਸਦਾ ਦੁਖੀ ਰਹਿੰਦੇ ਹਨ।
ਸਤਿਗੁਰਾਂ ਨੇ ਗੁਰਬਾਣੀ ਨੂੰ ਸਮਝਣ, ਬੁਝਣ, ਜਾਨਣ, ਪਛਾਨਣ ਦਾ ਹੁਕਮ ਬਾਰ ਬਾਰ ਕੀਤਾ ਹੈ ਕਿਉਂਕਿ ਗੁਰੂ ਗਰੰਥ ਸਾਹਿਬ ਵਿੱਚ ਅੰਕਤਿ ਹੁਕਮ, ਉਪਦੇਸ਼, ਸਿਖਿਆ ਆਦਿ ਨੂੰ ਮਨ ਵਿੱਚ ਵਸਾਉਣ ਤੋਂ ਬਗੈਰ ਅਸੀਂ ਗੁਰ ਦਰਸਾਏ ਮਾਰਗ ਦੇ ਪਾਂਧੀ ਨਹੀਂ ਬਣ ਸਕਦੇ। ਟਿਕਾਣੇ ਤੇ ਪਹੁੰਚਣ ਲਈ ਰਾਹੁ ਰਸਤੇ ਦੀ ਜਾਣਕਾਰੀ ਲਾਜ਼ਮੀ ਹੈ। ਕੁਰਾਹੇ ਪੈਕੇ ਮੰਜਲ ਤੇ ਨਹੀਂ ਪਹੁੰਚ ਸਕੀਦਾ ਸਗੋਂ ਰਸਤੇ ਵਿੱਚ ਭਟਕ ਕੇ ਖਜ਼ਲ ਖੁਆਰ ਤੇ ਦੁਖੀ ਹੀ ਹੋਈਦਾ ਹੈ।
ਇਕ ਸਧਾਰਨ ਮਨੁੱਖ ਵੀ ਕਿਸੇ ਦੂਸਰੇ ਮਨੁੱਖ ਨੂੰ ਹੁਕਮ ਦੇਣ ਤੋਂ ਪਹਿਲਾਂ ਦੂਸਰੇ ਮਨੁੱਖ ਦੀ ਹੁਕਮ ਨੂੰ ਪਾਲਣਾ ਕਰਨ ਦੀ ਯੋਗਤਾ ਬਾਰੇ ਪੁੱਛ ਗਿੱਛ ਕਰਕੇ ਆਪਣੀ ਪੂਰੀ ਤਸੱਲੀ ਕਰਦਾ ਹੈ। ਅਣਜਾਣ ਡਰਾਈਵਰ ਨੂੰ ਕੋਈ ਮੂਰਖ ਹੀ ਆਪਣੀ ਕਾਰ ਜਾਂ ਸਕੂਟਰ ਆਦਿ ਚਲ਼ਾਉਣ ਨੂੰ ਕਹੇਗਾ। ਅਯੋਗ ਪ੍ਰਾਣੀਆਂ ਤੋਂ ਹੁਕਮ ਮਨਾਉਣ ਵਾਲਿਆਂ ਨੂੰ ਸਿਆਣੇ ਨਹੀਂ ਮੰਨਿਆ ਜਾਂਦਾ। ਸੁਘੜ ਸਰੂਪ, ਸਭ ਦੇ ਦਿਲਾਂ ਦੀਆਂ ਜਾਨਣ ਵਾਲੇ ਅੰਤਰਜਾਮੀ ਤੇ ਅਭੁਲ ਗੁਰੂ ਸਾਹਿਬ ਗੁਰਬਾਣੀ ਨੂੰ ਸਮਝਣ ਜਾਂ ਨਾਂ ਸਮਝਣ ਦੀ ਸਾਡੀ ਯੋਗਤਾ ਤੋਂ ਪੂਰੀ ਤਰਾਂ ਵਾਕਫ ਹਨ। ਉਨ੍ਹਾਂ ਨੂੰ ਸਾਡੀ ਯੋਗਤਾ ਦਾ ਪੂਰਾ ਪਤਾ ਹੈ। ਸਾਡੀ ਯੋਗਤਾ ਬਾਰੇ ਤਿਲ ਮਾਤਰ ਭੀ ਸ਼ਕ ਨਹੀਂ ਹੈ। ਜੇ ਸਾਡੇ ਵਿੱਚ ਇਹ ਯੋਗਤਾ ਤੇ ਸਮਰਥਾ ਨਾਂ ਹੁੰਦੀ ਤਾਂ ਸਤਿਗੁਰਾਂ ਨੇ ਗੁਰਬਾਣੀ ਨੂੰ ਸਮਝਣ, ਬੁਝਣ, ਜਾਨਣ ਜਾਂ ਪਛਾਨਣ ਦਾ ਹੁਕਮ ਨਹੀਂ ਸੀ ਦੇਣਾ। ਅਸੀਂ ਸਭ ਗੁਰਬਾਣੀ ਸਮਝ ਸਕਦੇ ਹਾਂ। ਅਸਲ ਵਿੱਚ ਗੁਰਬਾਣੀ ਤਾਂ ਸਾਡੀ ਸਮਝਣ ਵਾਲੀ ਅਕਲ, ਮਤਿ ਤੇ ਬੁਧੀ ਨੂੰ ਮੁੱਖ ਰੱਖਕੇ ਹੀ ਲਿਖੀ ਗਈ ਹੈ ਤਾਕਿ ਅਸੀਂ ਇਸ ਨੂੰ ਸਮਝਕੇ ਗੁਣਾਂ ਵਾਲੇ ਸੂਝਵਾਨ ਤੇ ਸਿਆਣੇ ਬਣੀਏ। ਵਧੀਆ ਲਿਖਤ ਦੀ ਇਹ ਇੱਕ ਨਿਸ਼ਾਨੀ ਹੈ ਕਿ ਵੱਧ ਤੋਂ ਵੱਧ ਲੋਕ ਉਸ ਨੂੰ ਸਮਝ ਸਕਣ। ਸਤਿਗੁਰਾਂ ਨੇ ਸੰਸਾਰ ਦੇ ਦੁਖਾਂ ਦੇ ਕਾਰਨ ਤੇ ਇਹਨਾਂ ਤੋਂ ਛੁਟਕਾਰਾ ਪਾਉਣ ਦੀ ਬਿਧੀ ਲਿਖਕੇ ਦੁਨੀਆ ਉਪਰ ਬਹੁਤ ਵੱਡਾ ਉਪਕਾਰ ਕੀਤਾ ਹੈ।
ਬਾਬੇ ਨਾਨਕ ਨੇ ਤਾਂ ਬਾਣੀ ਬੁਝਣ ਦਾ ਹੁਕਮ ਦਿਤਾ ਹੈ। ਬੇਧਿਆਨੇ ਪਾਠਾਂ ਦੀ ਰੀਤ ਤਾਂ ਮਾਇਆਧਾਰੀਆਂ ਤੇ ਪੰਥ ਵਿਰੋਧੀਆਂ ਦੀ ਕਾਰਸ਼ਿਤਾਨੀ ਹੈ ਤਾਕਿ ਸਿੱਖ ਗਿਆਨਵਾਨ ਨਾ ਬਣ ਸਕਣ। ਪਾਠਾਂ ਨਾਲ ਕਰਾਮਾਤਾਂ ਜੋੜਕੇ ਡੇਰੇਦਾਰ ਸੰਤ ਬਾਬਿਆਂ ਨੇ ਸਿਖਾਂ ਨੂੰ ਆਪਣਾ ਗੁਲਾਮ ਬਣਾਇਆ ਹੋਇਆ ਹੈ। ਰੱਬੀ ਸ਼ਕਤੀ ਨਾਲ ਸਾਰੀ ਦੁਨੀਆ ਦੀਆਂ ਬੀਮਾਰੀਆਂ ਦਾ ਇਲਾਜ ਕਰਨ ਦੀਆਂ ਫੜਾਂ ਮਾਰਨ ਵਾਲੇ ਇਹ ਪਰਮ ਮਹਾਂ ਸੰਤ ਆਪਣੀ ਹਰ ਇੱਕ ਮਾੜੀ ਮੋਟੀ ਬੀਮਾਰੀ ਦਾ ਇਲਾਜ ਵਧੀਆ ਹਸਤਪਤਾਲਾਂ ਵਿੱਚ ਨਵੀਨ ਜੰਤ੍ਰਾਂ ਨਾਲ ਮਾਹਰ ਤੇ ਉਘੇ ਡਾਕਟਰਾਂ ਤੋਂ ਕਰਾਉਂਦੇ ਹਨ। ਮੰਨੇ-ਪ੍ਰਮੰਨੇ ਰੱਬ ਸਮਝੇ ਜਾਂਦੇ ਸੰਤ ਮਹਾਤਮਾ ਵੀ ਆਪਣੀਆਂ ਪਰਚਾਰੀਆਂ ਹੋਈਆਂ ਕਰਾਮਾਤਾਂ ਨਾਲ ਅਰੋਗ ਹੋਣ ਦੀ ਬਜਾਏ ਪੜੇ ਲਿਖੇ ਡਾਕਟਰਾਂ ਦਾ ਹੀ ਓਟ ਆਸਰਾ ਲੈਂਦੇ ਹਨ। ਗੁਰਬਾਣੀ ਬੇਧਿਆਨੇ ਪਾਠਾਂ ਤੋਂ ਰੋਕਦੀ ਹੈ। ਅਜਿਹੇ ਪਾਠ ਗੁਰਮਤਿ ਦੇ ਅਨੁਕੂਲ ਨਹੀਂ ਹਨ। ਗੁਰਬਾਣੀ ਤਾਂ ਸਮਝਣ ਵਾਸਤੇ ਲਿਖੀ ਗਈ ਹੈ। ਗੁਰਬਾਣੀ ਦੀ ਸਹੀ ਵਿਆਖਿਆ ਕਰਨਾ ਇਹਨਾਂ ਸੰਤ ਬਾਬਿਆਂ ਦਾ ਮੰਤਵ ਹੀ ਨਹੀਂ ਹੈ ਕਿਉਂਕਿ ਅੰਨ੍ਹੀ ਸ਼ਰਧਾ ਵਾਲੇ ਅਗਿਆਨੀ ਸ਼ਰਧਾਲੂਆਂ ਤੋਂ ਮਾਇਆ ਦੀ ਭੇਟਾ ਦੇ ਜ਼ਿਆਦਾ ਖੁਲੇ ਗਫੇ ਮਿਲਦੇ ਹਨ।
ਸਾਡੀ ਗੁਰੂ ਕੇ ਸਿਖ ਅਖਵਾਉਣ ਵਾਲਿਆਂ ਦੀ ਬਹੁ ਗਿਣਤੀ ਇਹ ਸਮਝਦੀ ਹੈ ਕਿ ਗੁਰਬਾਣੀ ਸਮਝਣੀ ਜ਼ਰੂਰੀ ਨਹੀਂ ਅਤੇ ਮਥਾ ਟੇਕ ਕੇ, ਪ੍ਰਕਰਮਾ ਕਰਕੇ, ਪਾਠ ਪੜਿ ਪੜ੍ਹਾਕੇ, ਕੀਰਤਨ ਸੁਣਿ ਸੁਣਾਕੇ, ਮਸਿਆ ਪੁੰਨਿਆ ਦਸਮੀ, ਸੰਗਰਾਂਦ ਵਾਲੇ ਦਿਨ ਸਰੋਵਰ ਵਿੱਚ ਇਸ਼ਨਾਨ ਕਰਕੇ ਹੀ ਸਤਿਗੁਰਾਂ ਦੀ ਮਿਹਰ ਤੇ ਬਖਸ਼ਸ ਦੇ ਪਾਤਰ ਬਣ ਜਾਈਦਾ ਹੈ। ਉਹਨਾਂ ਦਾ ਇਹ ਖਿਆਲ ਗਲਤ ਹੈ ਕਿਉਂਕਿ ਇਹ ਸਾਰੇ ਕਰਮ ਕਰਨ ਤੋਂ ਸਤਿਗੁਰਾਂ ਸਾਨੂੰ ਵਰਜਿਤ ਕੀਤਾ ਹੋਇਆ ਹੈ ਅਤੇ ਗੁਰਬਾਣੀ ਸਮਝਣ ਦਾ ਹੁਕਮ ਦਿੱਤਾ ਹੈ। ਸਤਿਗੁਰਾਂ ਦੀ ਮੇਹਰ ਤੇ ਬਖਸ਼ਸ ਓਨਾਂ ਚਿਰ ਹੀ ਹੈ ਜਿਨਾਂ ਚਿਰ ਸ਼ਰਧਾਲੂ ਗੁਰਾਂ ਦੇ ਹੁਕਮ ਦੀ ਪਾਲਣਾ ਕਰਦਾ ਹੈ। ਹੁਕਮ ਮੰਨਣਾ ਗੁਰਮਤਿ ਦਾ ਮੁਢਲਾ ਸਿਧਾਂਤ ਹੈ। ਹੁਕਮ ਨਾਂ ਮੰਨਣ ਵਾਲਿਆਂ ਨੂੰ ਗੁਰਬਾਣੀ ਮਨਮੁਖਿ ਅਥਵਾ ਗੁਰੂ ਤੋਂ ਬੇਮੁਖਿ ਕਹਿੰਦੀ ਹੈ। ਉਹ ਤਾਂ ਗੁਰੂ ਦੇ ਸਿਖ ਹੀ ਨਹੀਂ ਰਹਿ ਜਾਂਦੇ। ਹੁਕਮ ਨਾਂ ਮੰਨਣ ਕਰਕੇ ਹੀ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ ਅਤੇ ਗੁਰੂ ਰਾਮਦਾਸ ਸਾਹਿਬ ਜੀ ਦੇ ਅਪਣੇ ਬੇਟੇ ਗੁਰ ਗੱਦੀ ਦੇ ਪਾਤਰ ਨਹੀਂ ਬਣ ਸਕੇ, ਪਰ ਹੁਕਮਾਂ ਦੀ ਪਾਲਣਾਂ ਕਰਨ ਵਾਲੇ ਬਿਗਾਨੇ ਭਾਈ ਲਹਿਣਾ ਜੀ, ਅਮਰੂ ਨਿਥਾਵਾਂ ਅਤੇ ਬੇਸਹਾਰਾ ਭਾਈ ਜੇਠਾ ਜੀ ਸਭ ਤੋਂ ਉੱਚੀ ਗੁਰੂ ਵਾਲੀ ਪਦਵੀ ਤੇ ਜਾ ਪਹੁੰਚੇ। ਅਸੀਂ ਕੀ ਕਰਨਾ ਹੈ, ਕੀ ਨਹੀਂ ਕਰਨਾ ਤੇ ਕੀ ਛਡਣਾ ਹੈ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਲੋਕਾਂ ਦੀ ਨਿੱਜੀ ਮਾਤ ਭਾਸ਼ਾ ਤੇ ਮਾਂ ਬੋਲੀ ਵਿੱਚ ਘਰੇਲੂ ਉਧਾਰਣਾਂ ਦੇ ਕੇ ਸਮਝਾਇਆ ਹੈ। ਹਰ ਇੱਕ ਉਪਦੇਸ਼, ਇਕੋ ਅਰਥ ਵਾਲੇ ਸਾਰੇ ਵੱਖਰੇ ਵੱਖਰੇ ਸ਼ਬਦ ਵਰਤਕੇ, ਹਰ ਨਵੇਂ ਢੰਗ ਦੀਆਂ ਪੰਗਤੀਆਂ ਲਿਖਕੇ ਅਤੇ ਵਾਰ ਵਾਰ ਦਹੁਰਾਕੇ ਸਪਸ਼ਟ ਕੀਤਾ ਹੈ। ਇੱਕ ਸਧਾਰਨ ਪ੍ਰਾਣੀ ਵੀ, ਜੇ ਸੱਚੇ ਦਿਲੋਂ ਇਸ ਨੂੰ ਸਮਝਣਾ ਚਾਹੇ ਤਾਂ, ਇਸ ਨੂੰ ਸਮਝਣ ਵਿੱਚ ਉਕਾਈ ਨਹੀਂ ਖਾ ਸਕਦਾ ਕਿਉਂਕਿ ਇਹ ਦੁਨੀਆ ਦੇ ਸੱਭ ਤੋਂ ਵਧੀਆ ਲਿਖਾਰੀ ਗੁਰੂ ਸਾਹਿਬਾਂ ਨੇ ਆਪ ਲਿਖੀ ਹੈ।
ਸਿਖ ਪੰਥ ਵਿੱਚ ਗੁਰਬਾਣੀ ਨੂੰ ਸਮਝਣ ਤੇ ਸਮਝਾਉਣ ਦੀ ਰੀਤ, ਰਿਵਾਜ਼ ਅਤੇ ਰਹਿਤ ਮਰਯਾਦਾ ਨਾ ਹੋਣ ਕਰਕੇ ਸਿਖਾਂ ਦੀ ਬਹੁਗਿਣਤੀ ਨੂੰ ਸਤਿਗੁਰਾਂ ਦੀ ਸਿਖਿਆ ਦਾ ਗਿਆਨ ਨਹੀਂ ਹੈ। ਆਉਣ ਵਾਲੇ ਨੇੜਲੇ ਸਮੇਂ ਵਿੱਚ ਇਸ ਸਮਝਣ ਤੇ ਸਮਝਾਉਣ ਵਾਲੇ ਸਿਸਟਮ ਦੀ ਸਥਾਪਤੀ ਦੀ ਸੰਭਾਵਨਾ ਵੀ ਬਹੁਤ ਘਟ ਹੈ। ਇਸ ਦਾ ਕਾਰਨ ਇਹ ਹੈ ਕਿ ਗੁਰਦਵਾਰਿਆਂ ਦੇ ਪ੍ਰਬੰਧਕ, ਪੰਥਕ ਅਗੂ ਤੇ ਜਥੇਦਾਰ, ਡੇਰੇਦਾਰ ਸੰਤ ਮਹਾਂਪੁਰਖ, ਉਘੇ ਪ੍ਰਚਾਰਕ ਤੇ ਕੀਰਤਨੀਏ ਆਦਿ ਗਿਆਨਵਾਨ ਸ਼ਰਧਾਲੂਆਂ ਤੋਂ ਆਪਣੀ ਚਉਧਰ ਨੂੰ ਖਤਰਾ ਸਮਝਦੇ ਹਨ। ਇਹਨਾਂ ਨੂੰ ਆਪਣੀ ਮਾਨਵਤਾ ਅਤੇ ਸਰਦਾਰੀ ਘਟ ਜਾਣ ਦਾ ਡਰ ਹੈ। ਚੇਲੇ ਚਾਟੜੇ ਤੇ ਸਿੱਖੀ ਸੇਵਕੀ ਖੁਸ ਜਾਣ ਦੀ ਚਿੰਤਾ ਹੈ। ਚੜ੍ਹਤ ਚੜ੍ਹਾਵੇ ਵਾਲੀ ਮਾਇਆ ਦਾ ਫਿਕਰ ਹੈ। ਇਹ ਚਤਰ, ਚਲਾਕ, ਵਿਦਵਾਨ ਅਤੇ ਸੂਝਵਾਨ ਲੋਕ ਆਪਣੇ ਪੈਰਾਂ ਤੇ ਆਪ ਕੁਹਾੜਾ ਕਿਉਂ ਮਾਰਨਗੇ। ਗੁਰਮਤਿ ਗਿਆਨ ਦੀ ਠੀਕ ਜਾਣਕਾਰੀ ਦੇਣੀ ਇਹਨਾਂ ਵਾਸਤੇ ਹਾਨੀ ਕਾਰਕ ਹੈ ਅਤੇ ਪੁੱਠੀ ਪੱਟੀ ਪੜਾਉੇਣੀ ਲਾਹੇਬੰਦ ਹੈ। ਇਸ ਕਰਕੇ ਗੁਰਬਾਣੀ ਸਮਝਣ-ਸਮਝਾਉਣ ਵਾਲਾ ਸਿਸਟਮ ਨਾਂ ਇਹਨਾਂ ਆਪ ਬਨਾਉਣਾ ਹੈ ਅਤੇ ਨਾਂ ਹੋਰ ਕਿਸੇ ਨੂੰ ਬਨਾਉਣ ਦੇਣਾ ਹੈ ਅਤੇ ਇਹ ਲੋਕ ਹਰ ਇੱਕ ਢੰਗ ਨਾਲ ਗੁਰਬਾਣੀ ਸਮਝਾਉਣ ਵਾਲਿਆਂ ਦਾ ਵਿਰੋਧ ਕਰਨਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖਿ ਕਾਰਜ ਗੁਰਮਤਿ ਵਿਚਾਰਧਾਰਾ ਦਾ ਪ੍ਰਚਾਰ ਤੇ ਵਿਸਥਾਰ ਕਰਨਾ ਹੈ। ਪਰ ਸਾਡੀੇ ਇਸ ਧਾਰਮਿਕ ਸੰਸਥਾ, ਜਿਸ ਦੀ ਸਾਰੇ ਸੰਸਾਰ ਨੂੰ ਗੁਰ ਗਿਆਨ ਤੋਂ ਜਾਣੂ ਕਰਾਉਣ ਦੀ ਜ਼ਿਮੇਂਵਾਰੀ ਹੈ, ਨੇ ਆਪਣਾ ਫਰਜ਼ ਨਹੀਂ ਨਿਭਾਇਆ। ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕ੍ਰੋੜਾਂ ਰੁਪਏ ਦਾ ਧਰਮ ਪਰਚਾਰ ਬਜਟ ਹੋਣ ਦੇ ਬਾਵਜੂਦ ਸਿੱਖਾਂ ਨੂੰ ਗੁਰਬਾਣੀ ਨਹੀਂ ਸਮਝਾਈ ਤਿਵੇਂ ਹੀ ਦੂਸਰੇ ਧਰਮਾਂ ਦੇ ਆਗੂਆਂ ਨੇ ਵੀ ਆਪੋ ਆਪਣੇ ਧਰਮ ਗਰੰਥਾਂ ਨੂੰ ਨਹੀਂ ਸਮਝਾਇਆ ਤਾਕਿ ਉਹ ਮਨਮਰਜ਼ੀ ਦੀ ਵਿਆਖਿਆ ਨਾਲ ਸੁਰਗ ਦਾ ਲਾਰਾ ਅਤੇ ਨਰਕ ਦਾ ਡਰਾਵਾ ਦੇ ਕੇ ਅਗਿਆਨੀ ਸ਼ਰਧਾਲੂਆਂ ਦੀ ਆਪਣੇ ਗੁਰੂ ਵਿੱਚ ਪੱਕੀ ਸ਼ਰਧਾ ਦਾ ਸਿਆਸੀ ਫਾਇਦਾ ਉਠਾ ਸਕਣ, ਮਨਮਰਜ਼ੀ ਦੀ ਟਹਿਲ ਸੇਵਾ ਕਰਵਾ ਸਕਣ ਅਤੇ ਜਦੋਂ ਚਾਹੁਣ ਦੂਸਰੇ ਧਰਮਾਂ ਦੇ ਲੋਕਾਂ ਨਾਲ ਲੜਾ ਸਕਣ। ਸਤਿਗੁਰ ਭਲੀ ਭਾਂਤ ਜਾਣਦੇ ਸਨ ਕਿ ਉਹਨਾਂ ਤੋਂ ਪਿਛੋਂ ਸਿਖਾਂ ਦੇ ਆਗੂਆਂ ਨੇ ਗੁਰਬਾਣੀ ਪ੍ਰਚਾਰ ਦਾ ਪ੍ਰਭਾਵ ਪਾਕੇ ਅਤੇ ਪੱਕੇ ਧਰਮੀ ਹੋਣ ਦੇ ਵਿਖਾਵੇ ਵਾਲਾ ਭੇਖ ਧਾਰ ਕੇ ਸਧਾਰਨ ਸਿੱਖਾਂ ਨੂੰ ਕਾਜ਼ੀ, ਮੁਲਾਂ, ਪੰਡਿਤ, ਜੋਗੀ, ਆਦਿ ਦੀ ਤਰਾਂ ਰੱਜ ਕੇ ਲੁਟਣਾ ਹੈ ਅਤੇ ਉਹਨਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਚਉਧਰਾਂ ਮਾਨਣੀਆਂ ਹਨ। ਇਸ ਕਰਕੇ ਸਤਿਗੁਰਾਂ ਨੇ ਆਪਣੇ ਸਿੱਖਾਂ ਨੂੰ ਆਪ ਪੜ੍ਹਕੇ ਗੁਰਬਾਣੀ ਸਮਝਣ ਦਾ ਹੁਕਮ ਦਿੱਤਾ ਹੈ।
“ਮਾਨੈ ਹੁਕਮੁ ਸੋਹੈ ਦਰਿ ਸਾਚੈ ਆਕੀ ਮਰਹਿ ਅਫਾਰੀ”
“ਪੂਰੇ ਗੁਰ ਕਾ ਹੁਕਮੁ ਨ ਮੰਨੈ ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਮਾਇਆ”
ਸਤਿਗੁਰਾਂ ਦਾ ਹੁਕਮ ਮੰਨਣ ਵਾਲੇ ਅਕਾਲ ਪੁਰਖ ਦੀ ਦਰਗਾਹ ਵਿੱਚ ਸੋਭਾ ਪਾਉਂਦੇ ਹਨ। ਹੁਕਮਾਂ ਤੋਂ ਬਾਗੀ ਅਪਣੀ ਮਰਜ਼ੀ ਕਰਨ ਵਾਲੇ, ਪੇਟ ਵਿੱਚ ਅਫਾਰੇ ਵਾਲੇ ਰੋਗੀ ਦੀ ਤਰਾਂ ਸਦਾ ਦੁਖੀ ਰਹਿੰਦੇ ਹਨ। ਹੁਕਮ ਨਾਂ ਮੰਨਣ ਵਾਲਿਆਂ ਨੂੰ ਗੁਰਬਾਣੀ ਮਨਮੁਖ, ਬੇਮੁਖ, ਮੂਰਖ ਅਤੇ ਮੋਹ ਮਾਇਆ ਦੇ ਠਗੇ ਹੋਏ ਦਰਸਾਂਦੀ ਹੈ। ਉਪਰਲੇ ਗੁਰ ਫੁਰਮਾਣਾਂ ਨੂੰ ਪੜ੍ਹ ਕੇ ਕਿਸੇ ਵੀ ਸ਼ਕ ਦੀ ਗੁੰਜਾਇਸ਼ ਨਹੀਂ ਰਹਿ ਜਾਂਦੀ ਕਿ ਸਤਿਗੁਰਾਂ ਦੇ ਸਿਖ ਬਨਣ ਵਾਸਤੇ ਉਨ੍ਹਾਂ ਦੇ ਹੁਕਮ ਮੰਨਣੇ ਲਾਜ਼ਮੀ ਹਨ। ਸਾਡੀ ਬਹੁਗਿਣਤੀ ਅਖੌਤੀ, ਆਪੂੰ ਬਣੇ ਸਿੱਖਾਂ ਦੀ ਹੀ ਹੈ ਕਿਉਂਕਿ ਅਸੀਂ ਗੁਰਬਾਣੀ ਨੂੰ ਸਮਝਣ-ਸਮਝਾਉਣ ਦਾ ਮੁੱਢਲਾ ਹੁਕਮ (ਜਿਸ ਤੋਂ ਬਾਕੀ ਸਾਰੇ ਹੁਕਮਾਂ ਵਾਰੇ ਜਾਣਕਾਰੀ ਮਿਲਣੀ ਹੈ) ਹੀ ਨਹੀਂ ਮੰਨਦੇ।
ਗੁਰਬਾਣੀ ਸਿੱਖੀ ਦਾ ਸਿਲੇਬਸ ਹੈ। ਇਸ ਨੂੰ ਸਮਝਣਾ ਸਿੱਖੀ ਦਾ ਕੋਰਸ ਹੈ ਅਤੇ ਜਿਵੇਂ ਡਾਕਟਰੀ ਦਾ ਕੋਰਸ ਕੀਤੇ ਬਿਨਾਂ ਡਾਕਟਰ ਨਹੀਂ ਬਣ ਸਕੀਦਾ ਤਿਵੇਂ ਹੀ ਗੁਰਬਾਣੀ ਸਮਝੇ ਬਗੈਰ ਸਿੱਖ ਨਹੀਂ ਬਣਿਆ ਜਾ ਸਕਦਾ। ਸਤਿਗੁਰਾਂ ਦਾ ਸਿੱਖ ਬਨਣ ਵਾਸਤੇ ਗੁਰਬਾਣੀ ਸਮਝਣੀ ਲਾਜ਼ਮੀ ਹੈ। ਇਹ ਸਤਿਗੁਰਾਂ ਦਾ ਹੁਕਮ ਹੈ ਇਸ ਦੀ ਉਲੰਘਣਾ ਨਹੀਂ ਹੋ ਸਕਦੀ। ਗੁਰਬਾਣੀ ਆਪ ਸਮਝਕੇ ਦੂਸਰਿਆਂ ਨੂੰ ਸਮਝਾਉਣ ਵਾਲੇ ਹੀ ਗੁਰੂ ਸਾਹਿਬਾਂ ਦੇ ਅਸਲੀ ਸਿੱਖ ਹਨ। ਬਾਕੀ ਅਸੀਂ ਸਭ ਦੇ ਸਭ ਮੰਗ-ਖਾਣੇ ਭੇਖਧਾਰੀ ਸਾਧਾਂ ਸੰਤਾਂ ਦੇ ਪਿਛਲੱਗ, ਲਕੀਰ ਦੇ ਫਕੀਰ, ਭੇਡਚਾਲੀ ਚੇਲੇ ਚਾਟੜੇ ਹੀ ਹਾਂ।
“ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ॥ ਰਾਮ ਨਾਮ ਮੰਤੁ ਹਿਰਦੈ ਦੇਵੈ ਨਾਨਕ ਮਿਲਣੁ ਸੁਭਾਏ”
“ਵੇਸੀ ਸਹੁ ਨ ਪਾਈਐ ਕਰਿ ਕਰਿ ਵੇਸ ਰਹੀ॥ ਨਾਨਕ ਤਿਨੀ ਸਹੁ ਪਾਇਆ ਜਿਨੀ ਗੁਰ ਕੀ ਸਿਖ ਸੁਣੀ”
“ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ”
ਗੁਰੂ ਗਰੰਥ ਮਾਰਗ: ਸ਼ਬਦ ਸਚੀ ਟਕਸਾਲ
ਜੁਗਰਾਜ ਸਿੰਘ
.