.

ਮਨੂ ਸਿਮ੍ਰਤੀ ਦਾ ਪ੍ਰਚਾਰ: ਦਸਮ ਗ੍ਰੰਥ ਰਾਹੀ

ਸਿੱਖਾਂ ਨੂੰ ਗੁਰਮਤਿ ਮਾਰਗ ਤੋਂ ਤੋੜ ਕੇ ਅਤੇ ਕਰਮਕਾਂਡੀ ਗ੍ਰੰਥਾਂ ਵੱਲ ਧਕੇਲਣ ਲਈ ਬਹੁਤ ਚਾਲਾਂ ਚਲੀਆਂ ਗਈਆਂ ਅਤੇ ਚਲੀਆਂ ਜਾ ਰਹੀਆਂ ਹਨ। ਜੇਕਰ ਅਸੀ ਨਾਂ ਜਾਗੇ ਤਾਂ ਇਹ ਚਾਲਾਂ ਅੱਗੇ ਨੂੰ ਵੀ ਚਲਦੀਆਂ ਰਹਿਣੀਆਂ ਹਨ। ਇਨ੍ਹਾਂ ਹੀ ਚਾਲਾਂ ਦਾ ਇੱਕ ਹਿਸਾ ਹੈ ਦਸਮ ਗ੍ਰੰਥ। ਇਸ ਕਿਤਾਬ ਦਾ ਨਾਮ ਵੀ ਦਸਮ ਗ੍ਰੰਥ ਸਿੱਖਾਂ ਨੂੰ ਮੂਰਖ ਬਣਾਉਣ ਲਈ ਹੀ ਰੱਖਿਆ ਗਿਆ ਹੈ। ਇਸ ਦਾ ਗੁਰੂ ਦਸਮ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਜੀ, ਨਾਲ ਕੋਈ ਵੀ ਸੰਬੰਧ ਨਹੀ ਹੈ। ਦਸਮ ਗ੍ਰੰਥ ਮਨਮਤੀ, ਗੁਰਮਤਿ ਤੋ ਵਿਰੁਧ, ਵਿਚਾਂਰਾਂ ਨਾਲ ਭਰਿਆ ਪਿਆ ਹੈ। ਇਸ ਦਾ ਇੱਕ ਹਿੱਸਾ ਹੈ 24 ਅਵਤਾਰ। ਇਸ ਰਚਨਾਂ, 24 ਅਵਤਾਰ, ਵਿੱਚ ਵਿਸ਼ਨੂੰ ਦੇ ਘੜੇ ਹੋਏ 24 ਅਵਤਾਰਾਂ ਦੀ ਕਥਾ ਹੈ। ਇਸ ਦਾ ਲਿਖਾਰੀ ਹੈ ਕਵੀ ਸ਼ਯਾਮ ਜੋ ਕਿ ਆਪਣੇ ਨਾਮ ਨੂੰ ਇਸ ਰਚਨਾਂ ਵਿੱਚ ਵਾਰ-ਵਾਰ ਵਰਤਦਾ ਹੈ। ਇਸ ਦਾ ਇੱਕ ਨਮੂੰਨਾ ਹੇਠਾਂ ਪੇਸ਼ ਹੈ: -

ਅਬਿ ਚਉਬੀਸ ਉਚਰੌ ਅਵਤਾਰਾ। ਜਿਹ ਬਿਧਿ ਤਿਨ ਕਾ ਲਖਾ ਅਖਾਰਾ। ਸੁਨੀਅਹੁ ਸੰਤ ਸਬੈ ਚਿਤ ਲਾਈ। ਬਰਨਤ ਸੑਯਾਮ ਜਥਾ ਮਤਿ ਭਾਈ। 1. {24 ਅਵਤਾਰ 1}

ਅਰਥ

ਹੁਣ ਮੈਂ ਚੌਵੀ ਅਵਤਾਰਾਂ ਦੀ ਉਹ ਕਥਾ ਬਰਨਣ ਕਰਦਾ ਹਾਂ ਜਿਸ ਤਰਾਂ ਦੀ ਉਨ੍ਹਾਂ ਨੇ ਖੇਡ ਰਚੀ। ਹੇ ਸਾਰੇ ਸੰਤੋ! ਆਪਣਾ ਮਨ ਲਗਾ ਕੇ ਇਸ ਨੂੰ ਸੁਣੋ। ਸਯਾਮ (ਕਵੀ ਆਪਣਾ ਨਾਮ ਦੱਸ ਰਿਹਾ ਹੈ) ਆਪਣੀ ਬੁਧੀ ਅਨੁਸਾਰ, ਜਿਸ ਤਰਾਂ ਚੰਗਾ ਲੱਗਾ, ਬਰਨਣ ਕਰ ਰਿਹਾ ਹੈ। 1.

ਸੋ, ਉਪਰ ਦਰਸਾਈ ਚੌਪਈ ਵਿੱਚ ਕਵੀ ਸਯਾਮ ਸਾਫ ਲਿਖ ਰਿਹਾ ਹੈ ਕਿ ਚੌਵੀ ਅਵਤਾਰਾਂ ਦਾ ਲਿਖਾਰੀ ਉਹ ਆਪ ਹੈ; ਪਰ ਅਕਲ ਦੇ ਦੁਸ਼ਮਣ ਫਿਰ ਵੀ ਚੌਵੀ ਅਵਤਾਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾਂ ਕਹੀ ਜਾ ਰਹੇ ਹਨ। ਜਿਹੜੇ ਲੋਕਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਅਤੇ ਕਵੀ ਸਯਾਮ ਦਾ ਫਰਕ ਪਤਾ ਨਹੀਂ ਲਗਦਾ, ਉਨ੍ਹਾਂ ਨੂੰ ਅਕਲਮੰਦ ਸਮਝਣਾ ਬੇਵਕੂਫੀ ਹੈ। ਚਲੋ! ਇਨ੍ਹਾਂ ਨੂੰ ਅਕਾਲ ਪੁਰਖੁ ਸੋਝੀ ਬਖਸ਼ੇ। ਚੌਵੀ ਅਵਤਾਰਾਂ ਵਿਚੋ ਇੱਕ ਅਵਤਾਰ ਮਨੁ ਅਵਤਾਰ ਹੈ। ਇਹ ਉਹ ਹੀ ਅਵਤਾਰ ਹੈ ਜਿਸ ਨੂੰ ਅਸੀ ਮਨੂ ਨਾਮ ਨਾਲ ਜਾਣਦੇ ਹਾਂ। ਇਸ ਨੇ ਹੀ ਮਨੂ ਸਿਮਿਰਤੀ ਦਾ ਉਚਾਰਣ ਅਤੇ ਪ੍ਰਚਾਰ ਕੀਤਾ। ਇਸ ਦੀਆਂ ਲਿਖਤਾਂ ਬਾਰੇ ਜਾਨਣ ਤੋਂ ਪਹਿਲਾਂ, ਮਨੂ ਬਾਰੇ ਦਸਮ ਗ੍ਰੰਥ ਦਾ ਵਿਚਾਰ ਜਾਣ ਲੈਣਾ ਜਰੂਰੀ ਹੈ ਕਿਉਕਿ ਵਿਸ਼ਾ ਦਸਮ ਗ੍ਰੰਥ ਨਾਲ ਜੁੜਿਆ ਹੋਇਆ ਹੈ।

ਮਨੁ ਹਵੈ ਰਾਜ ਵਤਾਰ ਅਵਤਾਰਾ। ਮਨੁ ਸਿਮਿਰਿਤਹਿ ਪ੍ਰਚੁਰ ਜਗਿ ਕਰਾ। ਕਸਲ ਕੁਪੰਥੀ ਪੰਥਿ ਚਲਾਏ। ਪਾਪ ਕਰਮ ਤੇ ਲੋਗ ਹਟਾਏ। 3. ਰਾਜ ਅਵਤਾਰ ਭਯੋ ਮਨੁ ਰਾਜਾ। ਸਰਬ ਹੀ ਸਿਰਜੇ ਧਰਮ ਕੇ ਸਾਜਾ। ਪਾਪ ਕਰਾ ਤਾ ਕੋ ਗਹਿ ਮਾਰਾ। ਸਕਲ ਪ੍ਰਜਾ ਕਹੁ ਮਾਰਗਿ ਡਾਰਾ। 4. ਪਾਪ ਕਰਾ ਜਾ ਹੀ ਤਹ ਮਾਰਸ। ਸਕਲ ਪ੍ਰਜਾ ਕਹੁ ਧਰਮ ਸਿਖਾਰਸ। ਨਾਮ ਦਾਨ ਸਬਹੂਨ ਸਿਖਾਰਾ। ਸ੍ਰਾਵਗ ਪੰਥ ਦੂਰ ਕਰਿ ਡਾਰਾ। 5. ਜੇ ਜੇ ਭਾਜਿ ਦੂਰ ਕਹੁ ਗਏ। ਸ੍ਰਾਵਗ ਧਰਮਿ ਸੋਊ ਰਹਿ ਗਏ। ਅਉਰ ਪ੍ਰਜਾ ਸਬ ਮਾਰਗਿ ਲਾਈ। ਕੁਪੰਥ ਪੰਥ ਤੇ ਸੁਪੰਥ ਚਲਾਈ। 6. ਰਾਜ ਅਵਤਾਰ ਭਯੋ ਮਨੁ ਰਾਜਾ। ਕਰਮ ਧਰਮ ਜਗ ਕੋ ਭਲੁ ਸਾਜਾ। ਸਕਲ ਕੁਪੰਥੀ ਪੰਥ ਚਲਾਏ। ਪਾਪ ਕਰਮ ਤੇ ਧਰਮ ਲਗਾਏ। 7. ਪੰਥ ਕੁਪੰਥੀ ਸਬ ਲਗੇ ਸ੍ਰਾਵਗ ਮਤ ਭਯੋ ਦੂਰ। ਮਨੁ ਰਾਜਾ ਕੋ ਜਗਤ ਮੋ ਰਹਿਯੋ ਸੁਜਸੁ ਭਰਪੂਰ। 8. {24 ਅਵਤਾਰ 40}

ਅਰਥ

ਮਨੂ ਰਾਜੇ ਦਾ ਅਵਤਾਰ ਧਾਰਨ ਕਰਕੇ ਵਿਸ਼ਨੂੰ ਆਇਆ ਅਤੇ ਮਨੂ ਸਿਮਰਤੀ ਦਾ ਸਾਰੇ ਜਗਤ ਵਿੱਚ ਪ੍ਰਚਾਰ ਕੀਤਾ। ਉਸ ਨੇ ਸਾਰੇ ਕੁਪੰਥੀਆਂ (ਜੈਨੀ ਲੋਕਾਂ) ਨੂੰ ਸਹੀ ਮਾਰਗ ਉਪਰ ਤੋਰਿਆ। ਉਸ ਨੇ ਲੋਕਾਂ ਨੂੰ ਪਾਪ ਕਰਨ ਤੋ ਰੋਕ ਦਿੱਤਾ। 3. ਵਿਸ਼ਨੂੰ ਨੇ ਰਾਜ ਅਵਤਾਰ ਦੇ ਰੂਪ ਵਿੱਚ ਜਨਮ ਲਿਆ ਅਤੇ ਉਸ ਨੇ ਧਰਮ ਦੇ ਸਾਰੇ ਪ੍ਰਬੰਧ ਨਿਯਤ ਕਰ ਦਿੱਤੇ। ਹਰੇਕ ਪਾਪ ਕਰਨ ਵਾਲੇ ਨੂੰ ਉਸ ਨੇ ਫੜ ਕੇ ਮਾਰ ਦਿੱਤਾ। ਇਸ ਤਰਾਂ ਸਾਰੀ ਲੋਕਾਈ ਨੂੰ ਉਸ ਨੇ ਸਹੀ ਮਾਰਗ ਉਪਰ ਤੋਰ ਦਿੱਤਾ। 4. ਜਿਸ ਕਿਸੇ ਨੇ ਵੀ ਪਾਪ ਕੀਤਾ, ਉਸ ਨੂੰ ਮਾਰ ਦਿੱਤਾ ਗਿਆ। ਸਾਰੇ ਲੋਕਾਂ ਨੂੰ ਉਸ ਨੇ ਧਰਮ ਦਾ ਰਾਹ ਸਿਖਾ ਦਿੱਤਾ। ਉਸ ਨੇ ਸਾਰਿਆਂ ਨੂੰ ਨਾਮ ਅਤੇ ਦਾਨ ਦੀ ਰੀਤ ਸਿਖਾ ਦਿੱਤੀ। ਜੈਨ ਮਤ ਨੂੰ ਖਤਮ ਕਰ ਦਿੱਤਾ। 5. ਜੋ ਜੋ ਜੈਨੀ ਨੱਠ ਕੇ ਦੂਰ ਦੁਰਾਡੇ ਦੇਸ਼ਾਂ ਨੂੰ ਚਲੇ ਗਏ, ਉਹ ਹੀ ਕੇਵਲ ਜੈਨ ਮਤ ਵਿੱਚ ਰਹਿ ਗਏ। ਬਾਕੀ ਦੇ ਸਾਰੇ ਲੋਕਾਂ ਨੂੰ ਸਹੀ ਮਾਰਗ ਉਪਰ ਪਾ ਦਿੱਤਾ ਅਤੇ ਲੋਕਾਂ ਨੂੰ ਗਲਤ ਰਸਤੇ ਤੋਂ ਰੋਕ ਕੇ, ਸਹੀ ਮਾਰਗ ਉਪਰ ਤੋਰ ਦਿੱਤਾ। 6. ਇਸ ਤਰਾਂ ਦਾ ਮਨੁ ਰਾਜੇ ਦਾ ਅਵਤਾਰ ਹੋਇਆ ਅਤੇ ਉਸ ਨੇ ਜਗਤ ਵਿੱਚ ਧਰਮ ਦਾ ਪ੍ਰਚਾਰ ਕੀਤਾ। ਸਾਰੇ ਕੁਪੰਥੀਆਂ (ਜੈਨੀਆਂ) ਨੂੰ ਸਹੀ ਮਾਰਗ ਉਪਰ ਤੋਰ ਦਿੱਤਾ। ਸਾਰਿਆਂ ਨੂੰ ਪਾਪ ਕਰਮਾਂ ਤੋ ਰੋਕ ਕੇ ਧਰਮ ਦੇ ਕਰਮਾਂ ਵਿੱਚ ਲਗਾ ਦਿੱਤਾ। 7. ਸਾਰੇ ਜੈਨੀ ਮਾਰਗ ਉਪਰ ਤੁਰ ਪਏ ਅਤੇ ਜੈਨ ਮਤ ਖਤਮ ਹੋ ਗਿਆ। ਇਸ ਤਰਾਂ ਨਾਲ ਮਨੁ ਰਾਜੇ ਦਾ ਉਜਲਾ ਯਸ਼ ਦੁਨੀਆਂ ਵਿੱਚ ਪ੍ਰਸਿਧ ਹੋ ਗਿਆ। 8.

ਉਪਰ ਦਿੱਤੀ ਦਸਮ ਗ੍ਰੰਥ ਦੀ ਇਸ ਲਿਖਤ ਵਿੱਚ ਕਵੀ ਇਹ ਕਹਿਣਾ ਚਾਹੁੰਦਾ ਹੈ ਕਿ: -

ਮਨੂ ਰਾਜਾ ਧਰਮ ਚਲਾਉਣ ਆਇਆ ਸੀ।

ਉਸ ਨੇ ਲੋਕਾਂ ਨੂੰ ਮਨੂੰ ਸਿਮਰਤੀ ਰਾਹੀ ਪਾਪ ਤੋ ਹਟਾ ਕੇ ਧਰਮ ਮਾਰਗ ਉਪਰ ਤੋਰਿਆ।

ਉਪਰ ਦਿੱਤੀਆਂ ਦਸਮ ਗ੍ਰੰਥ ਦੀਆਂ ਤੁਕਾਂ ਵਿੱਚ ਬਾਰ ਬਾਰ ਇਹ ਕਿਹਾ ਗਿਆ ਹੈ ਕਿ ਮਨੂ ਨੇ ਧਰਮ ਚਲਾਇਆ ਅਤੇ ਲੋਕਾਂ ਨੂੰ ਪਾਪ ਕਰਨ ਤੋਂ ਹਟਾ ਦਿੱਤਾ। ਕਵੀ ਸਯਾਮ ਨੇ ਇਹ ਨਹੀ ਲਿਖਿਆ ਕਿ ਮਨੂ ਨੇ ਕੀ ਧਰਮ ਚਲਾਇਆ ਅਤੇ ਕਿਹੜੇ ਪਾਪ ਕਰਮ ਕਰਨ ਤੋਂ ਮਨੁਖਤਾ ਨੂੰ ਰੋਕਿਆ। ਉਸ ਨੇ ਇਹ ਇਸ ਕਾਰਨ ਕਰਕੇ ਨਹੀ ਲਿਖਿਆ ਕਿਉਕਿ ਮਨੂ ਨੇ ਨਾ ਤਾ ਕੋਈ ਧਰਮ ਦਾ ਰਾਹ ਚਲਾਇਆ ਅਤੇ ਨਾ ਕਿਸੇ ਨੂੰ ਪਾਪ ਕਰਨ ਤੋ ਰੋਕਿਆ। ਜੈਨੀਆਂ ਨੂੰ ਮਾਰਨਾ ਕੋਈ ਧਰਮ ਕਰਨ ਨਹੀ ਹੈ, ਨਾ ਸੀ ਅਤੇ ਨਾ ਹੋ ਸਕਦਾ ਹੈ। ਇਸ ਕਰਕੇ, ਮਨੂ ਕੀ ਧਰਮ ਚਲਾਉਣ ਆਇਆ ਸੀ ਅਤੇ ਉਸ ਨੇ ਕਿਸ ਤਰਾਂ ਦਾ ਧਰਮ ਚਲਾਇਆ, ਇਹ ਅਸੀ ਮਨੂ ਸਿਮਰਤੀ ਰਾਹੀਂ ਜਾਣ ਸਕਦੇ ਹਾਂ। ਮਨੂ ਸਿਮਰਤੀ ਨੂੰ ਮਨੂ ਦੇ ਧਰਮ ਵਾਲੇ ਆਪਣੇ ਧਰਮ ਦਾ ਕਾਨੂੰਨ ਮੰਨਦੇ ਹਨ। ਸਿਮਰਤੀਆਂ ਅਤੇ ਅਵਤਾਰਵਾਦ ਬਾਰੇ ਸਾਨੂੰ ਗੁਰਬਾਣੀ ਤੋ ਸੇਧ ਲੈਣੀ ਜਰੂਰੀ ਹੈ।

ਅਵਤਾਰਵਾਰ ਬਾਰੇ:

ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ॥ ਤਿਨ ਭੀ ਅੰਤੁ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ॥ 7॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 423}

ਅਰਥ

(ਵਿਸ਼ਨੂੰ, ਕ੍ਰਿਸ਼ਨ, ਰਾਮ, ਆਦਿਕ) ਵਖਰੇ-ਵਖਰੇ ਸਮੇ ਦੇ ਰਾਜਿਆਂ ਨੂੰ ਲੋਕੀ ਰੱਬ ਜਾਣ ਕੇ, ਉਨ੍ਹਾਂ ਨੂੰ ਧਿਆਉਦੇ ਅਤੇ ਸਲਾਹੁੰਦੇ ਆ ਰਹੇ ਹਨ। ਉਨ੍ਹਾਂ ਨੇ ਵੀ ਉਸ ਅਕਾਲ ਪੁਰਖੁ ਸਤਿਗੁਰੂ ਦਾ ਅੰਤ ਨਹੀ ਪਾਇਆ। ਇਸ ਕਰਕੇ ਇਨ੍ਹਾਂ ਦੇਵਤਿਆਂ ਦਾ ਕੀ ਆਖ ਕੇ ਵਿਚਾਰ ਕੀਤਾ ਜਾਵੇ? । 7.

ਉਪਰ ਦਿੱਤੇ ਗੁਰਬਾਣੀ ਫੁਰਮਾਨ ਵਿੱਚ ਸਪਸਟ ਕਿਹਾ ਗਿਆ ਹੈ ਕਿ ਦੇਵਤੇ ਅਖਵਾਉਣ ਵਾਲੇ ਅਵਤਾਰੀ (ਜਨਮ ਲੈਣ ਵਾਲੇ) ਰਾਜੇ ਹੀ ਸਨ। ਇਹ ਕੋਈ ਅਕਾਲ ਪੁਰਖੁ ਦੇ ਅਵਤਾਰ ਨਹੀ ਸਨ ਕਿਉਕਿ ਅਕਾਲ ਪੁਰਖੁ ਤਾ ਜਨਮ ਨਹੀ ਲੈਂਦਾ। ਗੁਰਬਾਣੀ ਦਾ ਫੁਰਮਾਨ ਹੈ: -

ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ॥ 3॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 1136}

ਅਰਥ

ਉਹ ਮੁਖ ਜਲ ਜਾਵੇ, ਜਿਹੜਾ ਕਹਿੰਦਾ ਹੈ ਕਿ ਪ੍ਰਭੂ ਪਰਮਾਤਮਾ ਸਰੀਰ ਧਾਰਦਾ ਹੈ। 3.

ਇਸ ਕਰ ਕੇ ਇਹ ਰਾਜੇ ਰੱਬ ਦੀ ਰਜਾ ਨਾਲੋ ਟੁਟੇ ਹੋਏ ਸਨ ਅਤੇ ਧਰਮ ਇਨ੍ਹਾਂ ਦੇ ਨੇੜੇ ਨਹੀ ਸੀ ਕਿਉਕਿ ਜਿਹੜਾ ਬੰਦਾ ਆਪ ਰੱਬ ਬਣਿਆ ਫਿਰੇ, ਉਹ ਹੰਕਾਰੀ ਹੋਇਆ ਕਰਦਾ ਹੈ। ਹੰਕਾਰੀ ਆਪਣੇ ਆਪ ਵਿੱਚ ਹੀ ਗਵਾਚ ਜਾਂਦਾ ਹੈ। ਹੰਕਾਰੀ ਮਨੁਖਾਂ ਦੀ ਹਾਲਤ ਬਾਰੇ ਜਾਨਣ ਲਈ ਗੁਰਬਾਣੀ ਦਾ ਗਿਆਨ ਪ੍ਰਾਪਤ ਕਰੋ। ਹੰਕਾਰੀ ਮਨੁਖਾਂ ਨੂੰ ਸਤਿਗੁਰ ਦੇ ਦੀਦਾਰ ਨਹੀਂ ਹੁੰਦੇ। ਫਿਰ ਮਨੂ ਦੇ ਰੂਪ ਵਿੱਚ ਵਿਸ਼ਨੂੰ ਦੇਵਤੇ ਨੇ ਕੀ ਅਵਤਾਰ ਧਾਰਿਆ ਅਤੇ ਕੀ ਧਰਮ ਚਲਾਇਆ? ਸਾਫ ਅਤੇ ਸਪਸਟ ਹੈ ਕਿ ਇਹ ਅਵਤਾਰਾਂ ਦੀ ਕਥਾ ਲਿਖਣ ਵਾਲਾ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਤਾਂ ਕੀ, ਗੁਰਮਤਿ ਦਾ ਗਿਆਨੀ ਵੀ ਨਹੀ ਸੀ।

ਸਿੰਮ੍ਰਿਤੀਆਂ ਬਾਰੇ:

ਦੂਸਰਾ ਮਨੂ ਨੇ ਮਨੂ ਸਿਮਰਤੀ ਦਾ ਪ੍ਰਚਾਰ ਕੀਤਾ। ਮਨੂ ਸਿਮਰਤੀ ਦੀ ਪੜਚੋਲ ਕਰਨ ਤੋ ਪਹਿਲਾ ਗੁਰਬਾਣੀ ਦਾ ਸਿਮਰਤੀਆ ਬਾਬਤ ਫੁਰਮਾਨ ਪੜ ਲੈਣਾ ਜਰੂਰੀ ਹੈ। ਗੁਰਬਾਣੀ ਕਹਿੰਦੀ ਹੈ: -

ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ॥ ਸਾਂਕਲ ਜੇਵਰੀ ਲੈ ਹੈ ਆਈ॥ 1॥ ਆਪਨ ਨਗਰੁ ਆਪ ਤੇ ਬਾਧਿਆ॥ ਮੋਹ ਕੈ ਫਾਧਿ ਕਾਲ ਸਰੁ ਸਾਂਧਿਆ॥ 1॥ ਰਹਾਉ॥ ਕਟੀ ਨ ਕਟੈ ਤੂਟਿ ਨਹ ਜਾਈ॥ ਸਾ ਸਾਪਨਿ ਹੋਇ ਜਗ ਕਉ ਖਾਈ॥ 2॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 329}

ਅਰਥ

ਇਹ ਸਿੰਮ੍ਰਿਤੀਆ, ਜੋ ਬੇਦਾਂ ਦੇ ਅਧਾਰ ਤੇ ਬਣੀਆਂ ਹਨ, ਇਹ ਜਾਤ-ਪਾਤ ਦੇ ਸੰਗਲ ਅਤੇ ਕਰਮਕਾਂਡਾਂ ਦੀਆਂ ਰੱਸੀਆਂ ਲੈ ਕੇ ਆਈਆਂ ਹਨ। 1. ਇਨ੍ਹਾਂ ਨੇ ਆਪਣੇ ਚੇਲੇ ਆਪ ਹੀ ਜਾਤ-ਪਾਤ ਅਤੇ ਕਰਮਕਾਂਡਾਂ ਵਿੱਚ ਫਸਾਏ ਹੋਏ ਹਨ। ਇਨ੍ਹਾਂ ਨੇ ਚੇਲਿਆ ਨੂੰ ਸੁਰਗ, ਵਧੀਆ ਜਨਮ, ਆਦਿਕ ਦੇ ਮੋਹ ਵਿੱਚ ਫਸਾ ਦਿੱਤਾ ਹੈ ਅਤੇ ਮੌਤ ਦੇ ਡਰ ਨਾਲ ਡਰਾ ਦਿੱਤਾ ਹੈ। 1. ਇਨ੍ਹਾਂ ਦੀ ਸਿਖਿਆ ਦੀ ਜਕੜ ਲੋਕਾਂ ਕੋਲੋ ਨਾਂ ਕਟੀ ਜਾ ਰਹੀ ਹੈ ਅਤੇ ਨਾਂ ਤੋੜੀ ਜਾ ਰਹੀ ਹੈ। ਇਹ ਸਿਖਿਆ ਤਾਂ ਸਪਣੀ ਵਾਂਗੂੰ ਜਗਤ ਨੂੰ ਖਾ ਰਹੀ ਹੈ। 2.

ਗੁਰਬਾਣੀ ਕਹਿੰਦੀ ਹੈ ਕਿ ਜਿਸ ਤਰਾਂ ਸਪਣੀ ਆਪਣੇ ਬੱਚਿਆਂ ਨੂੰ ਖਾ ਜਾਂਦੀ ਹੈ, ਇਸੇ ਤਰਾਂ ਸਿੰਮ੍ਰਿਤੀਆਂ ਆਪਣੇ ਚੇਲਿਆਂ ਅਤੇ ਜਗਤ ਨੂੰ ਖਾ ਰਹੀਆਂ ਹਨ। ਸੋ, ਬੇਦ, ਸਿਮਰਤੀਆਂ ਲੋਕਾਂ ਨੂੰ ਭਰਮ, ਜਾਤ-ਪਾਤ ਅਤੇ ਕਰਮਕਾਂਡ ਵਿੱਚ ਫਸਾ ਰਹੀਆਂ ਹਨ। ਇਨ੍ਹਾਂ ਵਿੱਚ ਧਰਮ ਨਹੀ ਹੈ ਅਤੇ ਲੋਕਾਂ ਲਈ ਸੰਗਲ ਅਤੇ ਰੱਸੀਆਂ ਸਮਾਨ ਹਨ। ਇਨ੍ਹਾਂ ਤੋ ਪਰੇ ਰਹੋ। ਗੁਰਬਾਣੀ ਦਾ ਇੱਕ ਹੋਰ ਪ੍ਰਮਾਣ ਪੜੋ: -

ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ ਤਤੈ ਸਾਰ ਨ ਜਾਣੀ॥ ਤਤੈ ਸਾਰ ਨ ਜਾਣੀ ਗੁਰੂ ਬਾਝਹੁ ਤਤੈ ਸਾਰ ਨ ਜਾਣੀ॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 920}

ਅਰਥ

ਸਿਮ੍ਰਿਤਿ ਅਤੇ ਸਾਸਤਰ ਪਾਪ ਪੁੰਨ ਦੀ ਗੱਲ ਬਹੁਤ ਕਰਦੇ ਹਨ ਪਰ ਅਸਲੀਅਤ ਨਹੀ ਜਾਣਦੇ। ਗੁਰੂ ਤੋ ਬਿਨਾ ਅਸਲੀਅਤ ਸਮਝ ਨਹੀ ਆ ਸਕਦੀ।

ਇਥੇ ਗੁਰਬਾਣੀ ਸਪਸਟ ਕਰਦੀ ਹੈ ਕਿ ਸਿਮ੍ਰਿਤਿ ਸਾਸਤਰ ਵਿੱਚ ਧਰਮ ਦਾ ਰਾਹ ਨਹੀ ਹੈ ਅਤੇ ਮਨੁਖ ਲਈ ਸਹੀ ਸੇਧ ਨਹੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਨਿਵਾਜੀ ਸੀ ਸੋ ਉਨ੍ਹਾਂ ਨੂੰ ਗੁਰਬਾਣੀ ਦਾ ਪੂਰਨ ਗਿਆਨ ਸੀ। ਫਿਰ ਗੁਰੂ ਜੀ ਗੁਰਬਾਣੀ ਵਿਰੁਧ ਲਿਖਤ ਕਿਉ ਲਿਖਦੇ? ਇਸ ਕਰਕੇ ਇਹ ਲਿਖਤ ਗੁਰੂ ਗੋਬਿੰਦ ਸਿੰਘ ਜੀ ਦੀ ਨਹੀ ਹੈ ਅਤੇ ਕਵੀ ਸਯਾਮ ਦੀ ਹੈ ਕਿਉਕਿ ਉਹ ਆਪਣਾ ਨਾਮ ਵੀ ਲਿਖ ਰਿਹਾ ਹੈ।

ਮਨੂ ਸਿਮਰਤੀ ਦੀ ਸਿਖਿਆ

ਮਨੂ ਸਿਮਰਤੀਆਂ ਵਿਚੋ ਬਹੁਤ ਹਵਾਲੇ ਦਿੱਤੇ ਜਾ ਸਕਦੇ ਹਨ ਪਰ ਇਥੇ ਥੋੜੇ ਬਹੁਤ ਹੀ ਵਿਚਾਰੇ ਜਾਣਗੇ।

ਅਧਿਆਇ 3, ਸਲੋਕ 13 ਅਤੇ 14 à ਬ੍ਰਾਹਮਣ ਪਹਿਲਾ ਬ੍ਰਾਹਮਣ ਲੜਕੀ ਨਾਲ ਹੀ ਵਿਆਹ ਕਰਾਵੇ ਪਰ ਬਾਅਦ ਵਿੱਚ ਕਿਸੇ ਵੀ ਜਾਤ ਦੀਆਂ ਲੜਕੀਆਂ ਨੂੰ ਕਾਮ ਤ੍ਰਿਪਤੀ ਲਈ ਵਿਆਹ ਸਕਦਾ ਹੈ। ਬਾਕੀ ਸ਼ੂਦਰ, ਸ਼ੂਦਰ ਲੜਕੀ ਨਾਲ ਹੀ ਵਿਆਹ ਕਰਵਾ ਸਕਦਾ ਹੈ; ਵੈਸ਼, ਵੈਸ਼ ਲੜਕੀ ਨਾਲ ਹੀ ਵਿਆਹ ਕਰਵਾ ਸਕਦਾ ਹੈ ਅਤੇ ਖਤਰੀ, ਖਤਰੀ ਲੜਕੀ ਨਾਲ ਹੀ ਵਿਆਹ ਕਰਵਾ ਸਕਦਾ ਹੈ।

ਅਧਿਆਇ 9, ਸਲੋਕ 18 à ਔਰਤਾਂ ਨੂੰ ਵੇਦ ਪੜਨ ਦਾ ਅਧਿਕਾਰ ਨਹੀ ਹੈ। ਕਿਉਕਿ ਉਹ ਵੇਦ ਨਹੀ ਪੜ ਸਕਦੀਆਂ, ਉਹ ਅਪਵਿਤ੍ਰ ਹਨ।

ਕੀ ਇਹ ਕੋਈ ਧਰਮ ਦਾ ਕੰਮ ਹੈ? ਇਹ ਘੋਰ ਪਾਪ ਨਹੀ ਹੈ ਤਾਂ ਹੋਰ ਕੀ ਹੈ? ਕੀ ਖੱਤਰੀਆਂ ਦੀਆਂ, ਸ਼ੂਦਰਾਂ ਦੀਆਂ ਅਤੇ ਵੈਸ਼ਾਂ ਦੀਆਂ ਲੜਕੀਆਂ ਮਨੁਖ ਨਹੀ ਹਨ? ਕੀ ਇਹ ਔਰਤਾਂ ਨਾਲ ਭੈੜਾ ਸਲੂਕ ਨਹੀ ਹੈ? ਕੀ ਕੋਈ ਬ੍ਰਾਹਮਣੀ ਕਈ ਵਿਆਹ ਕਰਵਾ ਸਕਦੀ ਹੈ? ਮਨੁਖੀ ਅਧਿਕਾਰ ਕਿਥੇ ਗਏ? ਸਿਖ ਧਰਮ ਵਿੱਚ ਔਰਤਾਂ ਨੂੰ ਬਰਾਬਰ ਦਾ ਹੱਕ ਹੈ। ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਨੂ ਦਾ ਸਿਧਾਂਤ ਕਦੇ ਵੀ ਪਰਵਾਨ ਨਹੀ ਹੋ ਸਕਦਾ। ਗੁਰਬਾਣੀ ਬੀਬੀਆਂ ਨੂੰ ਬਰਾਬਰ ਦਾ ਹੱਕ ਦਿੰਦੀ ਹੈ। ਗੁਰਬਾਣੀ ਦਾ ਫੁਰਮਾਨ ਪੜੋ: -

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 473}

ਅਰਥ

ਉਸ ਨੂੰ ਮੰਦਾ ਕਿਉ ਕਿਹਾ ਜਾਵੇ? ਜਿਸ ਨੇ ਤੈਨੂੰ ਪਵਿਤ੍ਰ ਅਖਵਾਉਣ ਵਾਲੇ ਨੂੰ ਜਨਮ ਦਿੱਤਾ? (ਰਾਜਾਨ ਦਾ ਮਤਲਬ ਪਵਿਤ੍ਰ ਅਖਵਾਉਣ ਵਾਲਾ ਹੁੰਦਾ ਹੈ।)

ਘਰ ਕੀ ਨਾਰਿ ਤਿਆਗੈ ਅੰਧਾ॥ ਪਰ ਨਾਰੀ ਸਿਉ ਘਾਲੈ ਧੰਧਾ॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 1165}

ਅਰਥ

ਆਪਣੀ ਇਸਤਰੀ ਨੂੰ ਛੱਡ ਕੇ ਹੋਰ ਇਸਤਰੀਆਂ ਵੱਲ ਝਾਕਣ ਵਾਲਾ ਮਨੁਖ ਆਤਮਕ ਤੌਰ ਤੇ ਅੰਧਾ ਹੁੰਦਾ ਹੈ।

ਉਪਰ ਸਬਦ ਵਿੱਚ ਭਗਤ ਨਾਮਦੇਵ ਜੀ ਕਹਿੰਦੇ ਹਨ ਕਿ ਜਿਹੜਾ ਮਨੁਖ ਪਰਾਈ ਇਸਤਰੀ ਵੱਲ ਮਾੜੀ ਨਜਰ ਨਾਲ ਦੇਖੇ, ਉਹ ਆਤਮਕ ਤੌਰ ਤੇ ਅੰਧਾ ਹੁੰਦਾ ਹੈ। ਅਜਿਹਾ ਮਨੁਖ ਧਰਮੀ ਨਹੀ ਹੋ ਸਕਦਾ। ਇਸ ਸਿਧਾਂਤ ਦੇ ਵਿਰੁਧ ਮਨੂ ਨੇ ਬ੍ਰਾਹਮਣਾਂ ਨੂੰ ਜਿਸ ਇਸਤਰੀ ਨੂੰ ਮਰਜੀ, ਕਾਮ ਤ੍ਰਿਪਤੀ ਲਈ ਘਰ ਲਿਆਉਣ ਦੀ ਖੁਲ ਦਿੱਤੀ ਹੋਈ ਹੈ। ਕੀ ਮਨੂ ਧਰਮੀ ਕਹਾਉਣ ਦੇ ਲਾਇਕ ਸੀ? ਜੇ ਨਹੀ ਤਾ ਫਿਰ ਦਸਮ ਗ੍ਰੰਥ ਦਾ ਲਿਖਾਰੀ ਮਨੂ ਨੂੰ ਧਰਮੀ ਕਿਸ ਅਧਾਰ ਤੇ ਕਹਿ ਰਿਹਾ ਹੈ?

ਅਧਿਆਇ 2, ਸਲੋਕ 13, 135 à ਦਸ ਸਾਲ ਦੇ ਬ੍ਰਾਹਮਣ ਅਤੇ ਸੌ ਸਾਲ ਦੇ ਖੱਤਰੀ ਨੂੰ ਕ੍ਰਮਵਾਰ ਪਿਤਾ ਅਤੇ ਪੁੱਤਰ ਸਮਝੋ।

ਅਧਿਆਇ 7, ਸਲੋਕ 61 à ਜੋ ਬ੍ਰਾਹਮਣ ਆਪਣੇ ਧਰਮ ਦੇ ਭੇਦ ਕਿਸੇ ਸ਼ੂਦਰ ਨੂੰ ਸਿਖਾਏਗਾ, ਉਹ ਉਸੇ ਸ਼ੂਦਰ ਦੇ ਨਾਲ ਨਰਕ ਵਿੱਚ ਜਾਏਗਾ।

ਅਧਿਆਇ 8, ਸਲੋਕ 22 à ਜਿਸ ਰਾਜੇ ਦੇ ਰਾਜ ਵਿੱਚ ਬ੍ਰਾਹਮਣ ਨਾਂ ਹੋਣ, ਉਹ ਰਾਜਾ ਪੀੜਤ ਹੋ ਕੇ ਨਸ਼ਟ ਹੋ ਜਾਂਦਾ ਹੈ।

ਅਧਿਆਇ 4, ਸਲੋਕ 60 à ਬ੍ਰਾਹਮਣ ਨੂੰ ਸ਼ੂਦਰ ਰਾਜੇ ਦੇ ਰਾਜ ਵਿੱਚ ਨਹੀ ਰਹਿਣਾ ਚਾਹੀਦਾ।

ਅਧਿਆਇ 1, ਸਲੋਕ 91 à ਪ੍ਰਮਾਤਾਮਾ ਨੇ ਸ਼ੂਦਰਾਂ ਨੂੰ ਬਾਕੀ ਤਿੰਨ ਵਰਗਾਂ (ਬ੍ਰਾਹਮਣ, ਖਤਰੀ ਅਤੇ ਵੈਸ਼) ਦੀ ਸੇਵਾ ਕਰਨ ਲਈ ਹੀ ਬਣਾਇਆ ਹੈ।

ਅਧਿਆਇ 9, ਸਲੋਕ 146 à ਪਤਨੀ, ਪੁੱਤਰ ਅਤੇ ਗੁਲਾਮ ਨੂੰ ਜਾਇਦਾਦ ਰੱਖਣ ਦਾ ਕੋਈ ਹੱਕ ਨਹੀ ਹੈ। ਇਹ ਸਾਰਾ ਧੰਨ ਉਸ ਦਾ ਹੈ, ਜਿਸ ਨਾਲ ਇਹ ਜੁੜੇ ਹੋਏ ਹਨ।

ਉਪਰ ਦਿੱਤੀਆਂ ਮਨੂ ਸਿਮਰਤੀ ਦੀਆਂ ਸਿਖਿਆਂਵਾਂ ਵਿਚੋ ਕੀ ਕੋਈ ਧਰਮ ਦੀ ਸਿਖਿਆ ਮਿਲੀ? ਇਹ ਜਾਤ-ਪਾਤ ਦੇ ਸੰਗਲ ਅਤੇ ਲੋਕਾਂ ਨਾਲ ਜਾਤ-ਪਾਤ ਦੇ ਅਧਾਰ ਤੇ ਵਿਤਕਰਾ, ਕੋਈ ਧਰਮ ਨਹੀ ਹੈ। ਬ੍ਰਾਹਮਣ ਜੋ ਮਰਜੀ ਪਾਪ ਕਰੇ, ਉਹ ਫਿਰ ਵੀ ਸੁਚਾ ਪਰ ਸ਼ੂਦਰ ਮਾੜੇ ਦਾ ਮਾੜਾ? ਗੁਰਬਾਣੀ ਹਰੇਕ ਮਨੁਖ ਨੂੰ ਬਰਾਬਰ ਦਾ ਅਧਿਕਾਰ ਦਿੰਦੀ ਹੈ। ਚਾਹੇ ਕੋਈ ਕਿਸੇ ਵੀ ਜਾਤ ਵਾਲਾ ਮੰਨਿਆ ਜਾਂਦਾ ਹੋਵੇ, ਚਾਹੇ ਉਹ ਮਰਦ ਹੋਵੇ ਜਾਂ ਔਰਤ, ਉਸ ਨੂੰ ਪਰਮਾਤਮਾ ਦੀ ਬੰਦਗੀ ਕਰਨ ਦਾ ਪੂਰਾ ਹੱਕ ਹੈ। ਗੁਰਬਾਣੀ ਕਿਸੇ ਬ੍ਰਾਹਮਣ ਦੀ ਬਣਾਈ ਜਾਤ ਪਾਤ ਨੂੰ ਨਹੀ ਮੰਨਦੀ ਅਤੇ ਨਾਂ ਹੀ ਬ੍ਰਾਹਮਣ ਜਾਤੀ ਦੇ ਮਨੁਖ ਨੂੰ ਕਿਸੇ ਨਾਲੋ ਵਧੀਆ ਮੰਨਦੀ ਹੈ। ਗੁਰਬਾਣੀ ਵਿੱਚ ਬੰਦੇ ਦੇ ਕੀਤੇ ਕੰਮਾ ਨੂੰ ਪਰਧਾਨ ਰੱਖਿਆ ਗਿਆ ਹੈ। ਹਰ ਮਨੁਖ ਨੂੰ ਧਰਮ ਕਰਮ ਕਰਨ ਦਾ ਅਧਿਕਾਰ ਹੈ। ਗੁਰਬਾਣੀ ਦੇ ਪਹਿਲਾਂ ਦਿੱਤੇ ਗਏ ਪ੍ਰਮਾਣ ਵਿੱਚ ਜਾਤ-ਪਾਤ ਦਾ ਖੰਡਣ ਸਾਫ ਮਿਲਦਾ ਹੈ। ਹੋਰ ਸ਼ਬਦ ਪੜੋ: -

ਹਮਰੀ ਜਾਤਿ ਪਤਿ ਸਚੁ ਨਾਉ॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 353}

ਅਰਥ

ਸਾਡੀ ਜਾਤ-ਪਾਤ ਸਚੇ ਪ੍ਰਮਾਤਾਮਾ ਦਾ ਸੱਚ ਹੈ।

ਸਚ ਤਾਂ ਇਹ ਹੈ ਕਿ ਸਾਰੇ ਮਨੁਖ ਇੱਕ ਪ੍ਰਭੂ ਦੇ ਪੈਦਾ ਕੀਤੇ ਹਨ। ਕੋਈ ਵੀ ਜਨਮ ਕਾਰਨ ਕਿਸੇ ਨਾਲੋਂ ਵੱਡਾ ਜਾਂ ਛੋਟਾ ਨਹੀ ਹੈ।

ਤੁਮ ਕਤ ਬ੍ਰਾਹਮਣ ਹਮ ਕਤ ਸੂਦ॥ ਹਮ ਕਤ ਲੋਹੂ ਤੁਮ ਕਤ ਦੂਧ॥ 3॥ ਕਹੁ ਕਬੀਰ ਜੋ ਬ੍ਰਹਮੁ ਬੀਚਾਰੈ॥ ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ॥ 4॥ 7॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 324}

ਅਰਥ

ਤੂੰ ਕਦੋਂ ਦਾ ਬ੍ਰਾਹਮਣ (ਪਵਿਤ੍ਰ) ਹੋ ਗਿਆ ਅਤੇ ਅਸੀ ਕਦੋਂ ਦੇ ਸ਼ੂਦਰ (ਪਾਪੀ, ਅਧਰਮੀ) ਹੋ ਗਏ? ਅਸੀ ਕਦੋਂ ਲਹੂ ਹੋ ਗਏ ਅਤੇ ਤੂੰ ਦੁਧ ਬਣ ਗਿਆ? । 3. ਕਬੀਰ ਕਹਿੰਦੇ ਹਨ, ਜਿਹੜਾ ਮਨੁਖ ਬ੍ਰਹਮ (ਪ੍ਰਭੂ) ਦੀ ਵਿਚਾਰ ਕਰਦਾ ਹੈ, ਅਸੀ ਉਸ ਨੂੰ ਹੀ ਬ੍ਰਾਹਮਣ ਮੰਨਦੇ ਹਾਂ। 4. 7.

ਮਨੁਖਤਾ ਨੂੰ ਖੋਰਾ ਲਾਉਣ ਵਾਲੇ ਬ੍ਰਾਹਮਣ ਦਾ ਗੁਰਮਤਿ ਵਿੱਚ ਖੰਡਨ ਕੀਤਾ ਗਿਆ ਹੈ ਅਤੇ ਸੱਚੇ ਸੁਚੇ ਮਨੁਖ ਨੂੰ ਬ੍ਰਾਹਮਣ ਮੰਨਿਆ ਗਿਆ ਹੈ। ਮਨੂ ਕਹਿੰਦਾ ਹੈ ਕਿ ਸ਼ੂਦਰਾਂ ਨੂੰ ਪ੍ਰਭੂ ਦਾ ਨਾਮ ਸਿਮਰਨ ਕਰਨ ਦੀ ਇਜਾਜਤ ਨਹੀ ਹੋ ਸਕਦੀ। ਗੁਰਬਾਣੀ ਫੁਰਮਾਨ ਹੈ: -

ਖਤ੍ਰੀ ਬ੍ਰਾਹਮਣ ਸੂਦ ਵੈਸ ਸਭ ਏਕੈ ਨਾਮਿ ਤਰਾਨਥ॥ ਗੁਰੁ ਨਾਨਕੁ ਉਪਦੇਸੁ ਕਹਤੁ ਹੈ ਜੋ ਸੁਨੈ ਸੋ ਪਾਰਿ ਪਰਾਨਥ॥ 4॥ 1॥ 10॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 1001}

ਅਰਥ

ਚਾਹੇ ਕੋਈ ਖੱਤਰੀ, ਬ੍ਰਾਹਮਣ, ਸ਼ੂਦਰ ਜਾਂ ਵੈਸ਼ ਹੋਵੇ ਭਾਵ ਕੋਈ ਵੀ ਮਨੁਖ ਹੋਵੇ, ਮਨੁਖ ਸਿਰਫ ਕੇਵਲ ਹਰੀ ਦੇ ਨਾਮ ਨਾਲ ਹੀ ਇਸ ਸੰਸਾਰ-ਸਮੁੰਦਰ ਤੋ ਤਰ ਸਕਦਾ ਹੈ। ਜਿਹੜਾ ਮਨੁਖ ਗੁਰੁ ਨਾਨਕੁ ਦਾ ਦਿੱਤਾ ਹੋਇਆ ਉਪਦੇਸ਼ ਧਾਰਨ ਕਰ ਲੈਂਦਾ ਹੈ, ਉਹ ਮਨੁਖ ਇਸ ਸੰਸਾਰ-ਸਮੁੰਦਰ ਤੋ ਮੁਕਤ ਹੋ ਜਾਂਦਾ ਹੈ। 4. 1. 10.

ਮਨੂ ਕਹਿੰਦਾ ਹੈ ਕਿ ਜਿਹੜਾ ਬ੍ਰਾਹਮਣ ਕਿਸੇ ਸ਼ੂਦਰ ਨੂੰ ਧਰਮ ਦੀ ਸਿਖਿਆ ਦਊ, ਉਹ ਨਰਕ ਵਿੱਚ ਜਾਊ ਪਰ ਗੁਰਬਾਣੀ ਕਹਿੰਦੀ ਹੈ ਕਿ ਜਿਹੜਾ ਧਰਮ ਦੀ ਸਿਖਿਆ ਲਊ, ਉਹ ਆਪ ਵੀ ਤਰੂ ਅਤੇ ਸਿਖਿਆ ਦੇਣ ਵਾਲਾ ਵੀ ਤਰੂ।

ਸਭਿ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 10}

ਅਰਥ

ਸਾਰੇ ਜੀਵ ਉਸ ਪ੍ਰਮਾਤਮਾ ਦੇ ਬਣਾਏ ਹੋਏ ਹਨ, ਉਹ ਹੀ ਸਭ ਨੂੰ ਦਾਤਾਂ ਦੇਣ ਵਾਲਾ ਹੈ।

ਇਹ ਸਬਦ ਜਾਤ-ਪਾਤ ਦੀ ਵੰਡ ਦਾ ਖੰਡਨ ਕਰਦਾ ਹੈ ਕਿਉਕਿ ਸਾਰੇ ਜੀਵ ਉਸ ਅਕਾਲ ਪੁਰਖੁ ਨੇ ਪੈਦਾ ਕੀਤੇ ਹਨ ਅਤੇ ਉਹ ਕਿਸੇ ਨੂੰ ਜਾਤ ਪਾਤ ਦੇ ਹਿਸਾਬ ਨਾਲ ਨਹੀ ਦੇਖਦਾ। ਫਿਰ ਮਨੂ ਸਿਮਰਤੀ ਦਾ ਬ੍ਰਾਹਮਣ ਨੂੰ ਉਚਾ ਦਿਖਾਉਣਾ ਅਤੇ ਸ਼ੂਦਰਾਂ ਨੂੰ ਨੀਵਾਂ ਦਿਖਾਉਣਾ ਕਿਸੇ ਵੀ ਤਰਾਂ ਧਰਮ ਨਹੀ ਹੋ ਸਕਦਾ।

ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 747}

ਅਰਥ

ਖਤ੍ਰੀ, ਬ੍ਰਾਹਮਣ, ਸੂਦ ਅਤੇ ਵੈਸ਼ ਭਾਵ ਸਾਰੇ ਮਨੁਖਾਂ ਨੂੰ ਇੱਕ ਹੀ ਉਪਦੇਸ਼ ਹੈ।

ਗੁਰੂ ਮਹਾਰਾਜ ਫੁਰਮਾਉਂਦੇ ਹਨ ਕਿ ਸਾਰਿਆ ਮਨੁਖਾਂ ਨੂੰ ਇਕੋ ਉਪਦੇਸ਼ ਹੈ, ਇਕੋ ਹੁਕਮ ਹੈ। ਇਸ ਕਰਕੇ ਮਨੁਖ ਨੂੰ ਕਿਸੇ ਵੀ ਹੋਰ ਮਨੁਖ ਦੀ ਗੁਲਾਮੀ ਕਰਨ ਦੀ ਜਰੂਰਤ ਨਹੀ। ਸ਼ੂਦਰ ਨੂੰ ਕਿਸੇ ਬ੍ਰਾਹਮਣ ਦਾ ਗੁਲਾਮ ਹੋਣ ਦੀ ਲੋੜ ਨਹੀ। ਗੁਰਬਾਣੀ ਕਹਿੰਦੀ ਹੈ: -

ਏਕੈ ਪਾਥਰ ਕੀਜੈ ਭਾਉ॥ ਦੂਜੈ ਪਾਥਰ ਧਰੀਐ ਪਾਉ॥ ਜੇ ਓਹੁ ਦੇਉ ਤ ਓਹੁ ਭੀ ਦੇਵਾ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ॥ 4॥ 1॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 525}

ਅਰਥ

ਪੰਡਤ ਇੱਕ ਪੱਥਰ ਦੀ ਪੂਜਾ ਕਰਦਾ ਅਤੇ ਕਰਾਉਂਦਾ ਹੈ ਪਰ ਦੂਜੇ ਪੱਥਰ ਉਪਰ ਪੈਰ ਧਰਦਾ ਹੈ। ਜੇ ਮੂਰਤੀ ਵਾਲਾ ਪੱਥਰ ਦੇਵਤਾ ਹੈ ਤਾਂ ਜਿਸ ਪੱਥਰ ਉਪਰ ਪੈਰ ਰੱਖਿਆ ਜਾਂਦਾ ਹੈ, ਉਹ ਵੀ ਦੇਵਤਾ ਹੈ। ਨਾਮਦੇਵ ਕਹਿੰਦੇ ਹਨ, ਮੈ ਤਾਂ ਉਸ ਕਰਤਾਰ, ਅਕਾਲ ਪੁਰਖੁ ਦੀ ਸੇਵਾ ਕਰਦਾ ਹਾਂ। ਕਿਸੇ ਮਨੁਖ ਦੀ ਜਾਂ ਉਸ ਦੇ ਬਣਾਏ ਹੋਏ ਪੱਥਰਾਂ ਦੀ ਨਹੀ। 4. 1.

ਜਦ ਗੁਰਬਾਣੀ ਵਿੱਚ ਸਿਰਫ ਹਰੀ ਪ੍ਰਮੇਸ਼ਵਰ ਦੀ ਸੇਵਾ ਕਰਨ ਨੂੰ ਕਿਹਾ ਗਿਆ ਹੈ ਤਾਂ ਫਿਰ ਬ੍ਰਾਹਮਣ ਦੀ ਸੇਵਾ ਕਰਨੀ ਜਾਂ ਪੂਜਾ ਕਰਨੀ ਗੁਰਮਤਿ ਦੇ ਵਿਰੁਧ ਹੈ। ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਨੂ ਵਰਗੇ ਮਨੁਖਤਾ ਨੂੰ ਭਟਕਾਉਣ ਵਾਲੇ, ਸਮਾਜ ਵਿੱਚ ਵੰਡੀਆਂ ਪਾਉਣ ਵਾਲੇ, ਲੋਕਾਂ ਨੂੰ ਜਾਤਾਂ-ਪਾਤਾਂ ਵਿੱਚ ਵੰਡਣ ਵਾਲੇ ਅਤੇ ਇਸਤਰੀਆਂ ਨੂੰ ਨੀਚ ਸਮਝਣ ਵਾਲੇ ਮਨੁਖ ਨੂੰ ਕਦੀ ਵੀ ਧਰਮੀ ਪ੍ਰਵਾਨ ਨਹੀ ਕਰ ਸਕਦੇ ਅਤੇ ਨਾਂ ਹੀ ਕੀਤਾ। ਰਾਹ ਪੱਧਰਾ ਹੈ ਕਿ ਇਹ ਦਸਮ ਗ੍ਰੰਥ ਨਾਮ ਦਾ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਨੇ ਨਹੀ ਲਿਖਿਆ ਅਤੇ ਲਿਖਵਾਇਆ ਵੀ ਨਹੀ ਕਿਉਕਿ ਇਹ ਗੁਰਮਤਿ ਨੇ ਸਿਧਾਂਤ ਉਪਰ ਖਰਾ ਨਹੀ ਉਤਰਦਾ। ਦਸਮ ਗ੍ਰੰਥ ਨੂੰ ਲਿਖਣਾ, ਪ੍ਰਚਾਰਨਾ ਅਤੇ ਸਿਖਾਂ ਦਾ ਹਿੱਸਾ ਬਨਾਉਣਾ, ਇਹ ਸਾਰਾ ਕੰਮ ਗੁਰੂ ਗੋਬਿੰਦ ਸਿੰਘ ਜੀ ਅਤੇ ਸਿੱਖਾਂ ਨੂੰ ਕਰਮਕਾਂਡੀ ਅਤੇ ਮਨੂ ਮਿਸਰਤੀ ਵਿੱਚ ਵਿਸ਼ਵਾਸ ਰੱਖਣ ਵਾਲੇ ਸਾਬਤ ਕਰਨ ਲਈ ਹੈ। ਅਸਲ ਵਿੱਚ ਸਿੱਖ ਵਿਰੋਧੀਆਂ ਦੀ ਸੋਚਣੀ ਇਹ ਹੈ ਕਿ ਜੇਕਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਹੇਠ ਮਨੂਵਾਦੀ ਸਿਧਾਂਤ ਨੂੰ ਧਰਮ ਪ੍ਰਚਾਰ ਦਿੱਤਾ ਜਾਵੇ ਤਾਂ ਮਨੂਵਾਦ ਨੂੰ ਸਿੱਖ ਗਲਤ ਕਹਿਣ ਜੋਗੇ ਨਹੀ ਰਹਿਣਗੇ। ਸਾਨੂੰ ਸੁਚੇਤ ਹੋਣ ਦੀ ਲੋੜ ਹੈ, ਇਨ੍ਹਾਂ ਕੋਝੀਆਂ ਚਾਲਾਂ ਤੋ ਬਚਣ ਦੀ ਲੋੜ ਹੈ ਅਤੇ ਇਸ ਅਖੌਤੀ ਦਸਮ ਗ੍ਰੰਥ ਵਿਰੁਧ ਅਵਾਜ ਬੁਲੰਦ ਕਰਨ ਦੀ ਜਰੂਰਤ ਹੈ। ਜਾਗੋ ਸਿਖੋ ਜਾਗੋ! ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਲਉ ਅਤੇ ਧਾਰਨ ਕਰੋ।

ਹਰਮਨਜੀਤ ਸਿੰਘ ਅਕਾਲੀ
.