.

“ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ”

ਸ਼ਬਦ ਅਰਥ

ਪਦਾ ਪਹਿਲਾ: ਚਤੁਰ ਦਿਸਾ … …. ਬਿਦਾਰਿਓ॥ ੧॥

1. ਚਤੁਰ : ਚਾਰ।

2. ਦਿਸਾ : ਪਾਸਿਉਂ (directions)। ਇੱਥੇ ‘ਸ’ ਦਾ ਉਚਾਰਨ ‘ਸ’ ਪੈਰੀਂ ਬਿੰਦੀ ਲਗਾ ਕੇ ਕਰਨਾ ਹੈ। ਸੋ ਸ਼ੁੱਧ ਉਚਾਰਨ ਹੋਇਆ ‘ਦਿਸ਼ਾ’।

3. ਚਤੁਰ: ਚਾਰੇ ਪਾਸਿਉਂ ਭਾਵ ਹਰੇਕ ਪਾਸਿਉਂ (from

ਦਿਸਾ all directions)।

4. ਕੀਨੋ : ਕੀਤਾ ਹੋਇਆ।

5. ਬਲੁ : ਤਾਕਤ, ਸ਼ਕਤੀ।

6. ਸਿਰ: ਸ੍ਰਿਸ਼ਟੀ ਦੇ ਸਾਰੇ ਜੀਵਾਂ ਦੇ ਉਪਰ ਲਾਗੂ।

ਊਪਰਿ ਇੱਥੇ ‘ਸਿਰ’ ਦਾ ਭਾਵ ਸਰੀਰਕ ਸਿਰ ਨਹੀਂ ਲੈਣਾ।

7. ਧਾਰਿਓ : ਕੀਤਾ ਹੋਇਆ ਹੈ।

8. ਕ੍ਰਿਪਾ : ਬਖ਼ਸ਼ਸ਼। ਉਚਾਰਨ ‘ਕਿਰਪਾ’ ਨਹੀਂ ਕਰਨਾ ਕਿਉਂਕਿ ‘ਕ’ ਦੇ ਪੈਰੀਂ ‘ਰ’ ਹੈ ਸਿਹਾਰੀ ਦਾ ਉਚਾਰਨ ਪੈਰੀਂ ‘ਰ’ ਨਾਲ ਕਰਨਾ ਹੈ। ਪੈਰੀਂ ਲਿਖੇ ਲਫਜ਼ ਦਾ ਵਜ਼ਨ ਅੱਧੀ ਮਾਤਰਾ ਜਿਤਨਾ ਹੁੰਦਾ ਹੈ।

9. ਕਟਾਖ੍ਹ : ਤਿਖ਼ੀ ਨਜ਼ਰ ਰੂਪੀ ਵਾਰ (attack)

10. ਅਵਲੋਕਨੁ : ਜਾਂਚ, ਪੜਤਾਲ, ਪਰਖਣਾ।

11. ਦੂਖੁ : ਵਿਕਾਰੀ ਸੋਚ ਕਾਰਨ ਉਤਪੰਨ ਹੋਏ ਰੋਗ (ਆਤਮਕ, ਮਾਨਸਕ ਅਤੇ ਸਰੀਰਕ)।

12. ਬਿਦਾਰਿਓ : ਦੂਰ ਕਰ ਦਿੱਤਾ।

13. ਦੂਖੁ: ਵਿਕਾਰਾਂ ਤੋਂ ਪੈਦਾ ਹੋਣ ਵਾਲੇ ਦੁੱਖ ਨੂੰ

ਬਿਦਾਰਿਓ ਦੂਰ ਕਰ ਦਿੱਤਾ।

ਪਦਾ ਰਹਾਉ: ਹਰਿ ਜਨ … … … ਪੁਰਖ ਬਖਸੰਦ॥

14. ਗੁਰ : ਗਿਆਨ।

15. ਗੋਵਿੰਦ : ਰੱਬ ਜੀ।

16. ਗੁਰ ਗੋਵਿੰਦ : ਭਾਵ ਗਿਆਨ ਰੂਪੀ ਪਰਮਾਤਮਾ (ਗੋ॥ ਧਰਤੀ + ਵਿੰਦ॥ ਮਾਲਕ; ਗੋਵਿੰਦ॥ ਇਸ ਸ੍ਰਿਸ਼ਟੀ ਦਾ ਮਾਲਕ) (ਨੋਟ - ਇੱਥੇ ‘ਗੁਰ ਗੋਵਿੰਦ’ ਨੂੰ ‘ਗਿਆਨ’ ਅਤੇ ‘ਰੱਬ’ ਦੇ ਰਲਵੇਂ ਭਾਵ ਅਰਥ ਵਿੱਚ ਲੈਣਾ ਹੈ)।

17. ਕੰਠਿ : ਗਲੇ ਨਾਲ।

18. ਅਵਗੁਣ : ਅਨੇਕਾਂ ਵਿਕਾਰ। ਇੱਥੇ ‘ਣ’ ਨੂੰ ਔਂਕੜ ਨਹੀਂ ਹੈ ਇਸ ਕਰਕੇ ਬਹੁ ਵਚਨ ਰੂਪ ਵਿੱਚ ਲੈਣਾ ਹੈ।

19. ਦਇਆਲ: ਦਇਆਲ - ਦਇਆ ਕਰਨ ਵਾਲਾ।

ਪੁਰਖ ਪੁਰਖ - ਸਭ ਜਗ੍ਹਾ ਮੌਜੂਦ ਰੱਬ ਜੀ ਭਾਵ ਆਪਣੇ ਨਿਯਮ, ਹੁਕਮ ਨਾਲ ਬਿਨਾਂ ਵਿਤਕਰੇ ਅਤੇ ਬਿਨਾਂ ਪੱਖਪਾਤ ਤੋਂ ਸਭ ਉਪਰ ਦਇਆ ਕਰਨ ਵਾਲਾ।

20. ਬਖਸੰਦ : ਰੱਬ ਦੇ ਬੇਅੰਤ ਗੁਣਾਂ `ਚੋਂ ਇੱਕ ਗੁਣ ਕਿ ਉਹ ਹਮੇਸ਼ਾ ਬਖ਼ਸ਼ ਦੇਂਦਾ ਹੈ। ਉਚਾਰਨ ‘ਸ’ ਪੈਰੀਂ ਬਿੰਦੀ ਲਗਾ ਕੇ ‘ਸ਼’ ਕਰਨਾ ਹੈ ਤਾਂ ਸ਼ੁੱਧ ਉਚਾਰਨ ਬਣੇਗਾ ‘ਬਖਸ਼ੰਦ’।

ਪਦਾ ਦੂਜਾ : ਜੋ ਮਾਗਹਿ … … ਊਹਾ ਸਚੁ ਹੋਵੈ॥ ੨॥

21. ਜੋ ਮਾਗਹਿ : ਜੋ ਮੰਗਦੇ ਹਨ, ਜੋ ਜਾਚਨਾ ਕਰਦੇ ਹਨ ਭਾਵ ਆਪਣਾ ਆਪ ਸੰਵਾਰਨ ਦੀ ਤੀਬਰ-ਤਾਂਘ (burning desire to overcome ones imperfections or shortcomings)। ਇੱਥੇ ਮੰਗ ਕੇਵਲ ਔਗੁਣਾਂ ਨੂੰ ਕੱਟਣ ਲਈ ਕੀਤੀ ਜਾ ਰਹੀ ਹੈ। ਜੇਕਰ ਉਚਾਰਨ ‘ਮਾਂਗੇ’ ਕਰਾਂਗੇ ਤਾਂ ਇੱਕ ਵਚਨ ਬਣ ਜਾਵੇਗਾ। ਪਰ ਉਚਾਰਨ ‘ਗ’ ਉੱਤੇ ਬਿੰਦੀ ਲਾ ਕੇ ‘ਹ’ ਦੀ ਸਿਹਾਰੀ ਨਾਲ ਰਲਾ ਕੇ ‘ਮਾਗਂਹਿ’ ਕਰਨਾ ਹੈ ਤਾਂ ਕਿ ਬਹੁ ਵਚਨ ਵਾਲਾ ਉਚਾਰਨ ਹੋ ਸਕੇ।

22. ਠਾਕੁਰ : ਮਾਲਕ (ਰੱਬ ਜੀ)।

23. ਨਾਨਕ: ਨਾਨਕ ਜੀ ਆਪਣੇ ਆਪ ਨੂੰ ਦਾਸ ਰੂਪ ਵਿੱਚ

ਦਾਸੁ ਮੁਖਾਤਿਬ ਕਰਕੇ ਕਹਿ ਰਹੇ ਹਨ।

24. ਮੁਖ : ‘ਮੁਖ’ ਦੇ ‘ਖ’ ਨੂੰ ਔਂਕੜ ਨਹੀਂ ਹੈ ਇਸ ਕਰਕੇ ‘ਮੁਖ’ ਨੂੰ ਨਾਨਕ ਦਾਸ ਨਾਲ ਨਹੀਂ ਮਿਲਾਉਣਾ। ‘ਖ’ ਮੁਕਤਾ ਭਾਵ ਬਹੁ ਵਚਨ ਹੈ।

ਨੋਟ: ‘ਮੁਖ’ ਦਾ ਸੰਬੰਧ ‘ਨਾਨਕ ਦਾਸੁ’ ਨਾਲ ਨਹੀਂ ਹੈ ਇਸੇ ਕਰਕੇ ਦਾਸੁ ਦੇ ‘ਸ’ ਨੂੰ ਔਂਕੜ ਲਗਾਈ ਹੈ ਤਾਂ ਕਿ ਉਚਾਰਨ ਕਰਨ ਸਮੇਂ ਤੇ ਅਰਥ ਕਰਨ ਸਮੇਂ ‘ਨਾਨਕ ਦਾਸੁ’ ਨੂੰ ‘ਮੁਖ’ ਤੋਂ ਨਿਖੇੜ ਕੇ ਉਚਾਰਨਾ ਹੈ।

25. ਤੇ : ਤੋਂ।

26. ਸਚੁ : ਅੰਦਰੋਂ ਬਾਹਰੋਂ ਅਵਗੁਣ ਰਹਿਤ, ਸੱਚੇ ਆਚਾਰ ਵਾਲਾ ਜੀਵਨ (without duality)

ਸ਼ਬਦ ਵਿਚਾਰ

‘ਧਨਾਸਰੀ ਮਹਲਾ 5’ ਸ਼ਬਦ ਦੇ ਸਿਰਲੇਖ ਅਨੁਸਾਰ ਇਹ ਸ਼ਬਦ ਰਾਗ ਧਨਾਸਰੀ ਵਿੱਚ ਗੁਰੂ ਅਰਜਨ ਪਾਤਸ਼ਾਹ ਵੱਲੋਂ ਉਚਾਰਨ ਕੀਤਾ ਗਿਆ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 681 ਪੰਨੇ ਤੇ ਅੰਕਿਤ ਹੈ।

ਨੋਟ: ਜਿਸ ਸ਼ਬਦ ਵਿੱਚ ਵੀ ਰਹਾਉ ਹੁੰਦਾ ਹੈ ਤਾਂ ਸ਼ਬਦ ਦਾ ਭਾਵ ਸਮਝਣ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਰਹਾਉ ਦੀ ਪੰਕਤੀ ਨੂੰ ਪਹਿਲਾਂ ਗਹਿਰਾਈ ਵਿੱਚ ਜਾ ਕੇ ਸਮਝਣ ਦਾ ਯਤਨ ਕਰੀਏ ਤਾਂ ਕਿ ਸਾਰੇ ਸ਼ਬਦ ਨੂੰ ਸਮਝਣ ਲੱਗਿਆਂ ਕਿਤੇ ਸਾਨੂੰ ਟਪਲਾ ਨਾ ਲੱਗ ਸਕੇ।

ਪਦਾ ਰਹਾਉ: ਹਰਿ ਜਨ ਰਾਖੇ … … … ਪੁਰਖ ਬਖਸੰਦ॥

ਜੋ ਮਨੁੱਖ ਇਸ ਸ੍ਰਿਸ਼ਟੀ ਦੇ ਕਰਤੇ ਰੱਬ ਜੀ ਵੱਲੋਂ ਸਭ ਵਾਸਤੇ ਵਾਪਰ ਰਹੇ ਨਿਯਮਾਂ ਨੂੰ ਸਤਿਗੁਰ (ਸੱਚੇ ਗਿਆਨ) ਰਾਹੀਂ ਸਮਝ ਕੇ ਉਸ ਅਨੁਸਾਰ ਜਿਊਂਦੇ ਹਨ, ਉਹ ਮਨੁੱਖ ਵਿਕਾਰਾਂ ਤੋਂ ਜਿਊਂਦੇ ਜੀਅ ਮੁਕਤ ਹੋ ਜਾਂਦੇ ਹਨ। ਉਹ ਜਨ ‘ਹਰਿ ਜੀ’ (ਰੱਬ ਜੀ) ਵੱਲੋਂ ਵਰਤ ਰਹੇ ਗਿਆਨ ਦੇ ਧਾਰਣੀ ਹੋਣ ਕਾਰਨ ਰੱਖ ਲਏ ਜਾਂਦੇ ਹਨ (protected) ਭਾਵ ਉਨ੍ਹਾਂ ਦੀ ਰੱਖਿਆ ਹੋ ਜਾਂਦੀ ਹੈ।

‘ਕੰਠਿ ਲਾਇ’ ਦਾ ਭਾਵ ਅਰਥ ਸਰੀਰਕ ‘ਕੰਠ’ ਜਾਂ ‘ਗਲਾ’ (neck) ਨਹੀਂ ਲੈਣਾ ਕਿਉਂਕਿ ਰੱਬ ਜੀ ਦਾ ਭੌਤਿਕ ਰੂਪ ਵਿੱਚ ਕੋਈ ਵੀ ਸਰੀਰ ਜਾਂ ਗਲਾ ਨਹੀਂ ਹੁੰਦਾ। ਇਸ ਕਰਕੇ ਇਸ ਸ਼ਬਦ ਰਾਹੀਂ ਆਪਣਾ ਜੀਵਨ, ਆਚਰਣ ਅਤੇ ਆਚਾਰ ਸੰਵਾਰਨ ਲਈ, (ਆਚਰਣ ਉੱਚਿਆਂ ਕਰਨ ਲਈ) ਸਾਨੂੰ ਸਮਝਣਾ ਹੈ ਕਿ ਜੋ ਮਨੁੱਖ ਰੱਬ ਜੀ ਦੇ ਸੱਚੇ ਗਿਆਨ ਨਾਲ ਇੱਕਮਿੱਕ ਹੋ ਕੇ ਜਿਊਂਦਾ ਹੈ ਉਹ ਰੱਬ ਜੀ ਦੇ ‘ਕੰਠਿ’ (ਗਲੇ) ਨਾਲ ਲੱਗ ਗਿਆ ਜਾਣੀਏ ਕਿਉਂਕਿ ਇਹ ਰਹਾਉ ਦੀ ਪੰਕਤੀ ਹੈ ਅਤੇ ਇਸ ਵਿੱਚ “ਅਵਗੁਣ ਸਭਿ ਮੇਟੇ” ਦੀ ਗੱਲ ਕੀਤੀ ਹੈ। ਇਸ ਕਰਕੇ ਉਹ ਮਨੁੱਖ, ਹਰੀ ਦਾ ਜਨ ਅਖਵਾਉਣ ਲੱਗਦਾ ਹੈ ਜੋ ਰੱਬ ਜੀ ਦੇ ਸੱਚੇ ਗਿਆਨ (ਸਤਿਗੁਰ) ਦੇ ਰਾਹੀਂ ਅਟੁੱਟ ਨਿਯਮਾਂ (ਹੁਕਮਾਂ) ਦੇ ਅਧੀਨ ਆਪਣਾ ਜੀਵਨ ਜਿਊਂਦਾ ਹੈ। ਸਿੱਟੇ ਵਜੋਂ ਉਸ ਦੇ ਅਵਗੁਣ ਭਾਵ ਵਿਕਾਰ ਕੱਟੇ ਜਾਂਦੇ ਹਨ ਭਾਵ ਜੋ ਉਸ ਨੇ ਜਨਮ ਲੈਣ ਤੋਂ ਹੁਣ ਤੱਕ ਸੰਸਕਾਰਾਂ ਕਰਕੇ ਆਪਣੇ ਮੰਦੇ ਕਰਮ ਕੀਤੇ, ਸੋਚੇ ਅਤੇ ਅੱਗੋਂ ਵਾਸਤੇ ਵੀ ਜਿਨ੍ਹਾਂ ਰਾਹੀਂ ਪ੍ਰੇਰਿਆ ਜਾ ਸਕਦਾ ਹੈ, ਉਹ ਸੰਸਕਾਰ ਰੂਪੀ ਸਭ ਅਵਗੁਣ ਮਿਟ ਗਏ ਹਨ। ਇਸੇ ਨੂੰ ਅੱਗੇ ਕਿਹਾ ਗਿਆ ਹੈ ਕਿ ਦਇਆ ਕਰਨ ਵਾਲਾ ਪਰਮਾਤਮਾ ਸੱਚ ਦੇ ਗਿਆਨ ਉਪਰ ਟੁਰਨ ਵਾਲੇ ਮਨੁੱਖ ਨੂੰ ਬਖ਼ਸ਼ ਦਿੰਦਾ ਹੈ। ਕੁਦਰਤ ਦੇ ਅਟੱਲ ਨਿਯਮਾਂ ਦੇ ਅਨੁਸਾਰ ਸਤਿਗੁਰ ਦੇ ਗਿਆਨ ਕਾਰਨ ਉਸ ਨੂੰ ਵਿਕਾਰ ਮੁੜ ਮੁੜ ਤੰਗ ਨਹੀਂ ਕਰਦੇ। ਉਹ ਜਿਊਂਦੇ ਜੀਅ ਮੁੱਕਤ ਅਵਸਥਾ ਮਾਣਨ ਲੱਗ ਪੈਂਦਾ ਹੈ। ਗੁਰਮਤਿ ਮੁਤਾਬਕ ਇਹੋ ਹੀ ਰੱਬ ਜੀ ਦੁਆਰਾ ਬਖ਼ਸ਼ੰਦ ਹੋਣ ਦਾ ਲਖ਼ਾਇਕ ਹੈ।

ਪਦਾ ਪਹਿਲਾ: ਚਤੁਰ ਦਿਸਾ … …. ਦੂਖੁ ਬਿਦਾਰਿਓ॥ ੧॥

ਜਿਵੇਂ ਕਿ ਰਹਾਉ ਵਿੱਚ ਆਇਆ ਹੈ ‘ਗੋਵਿੰਦ’ ( ‘ਗੋ’ ਮਤਲਬ ਧਰਤੀ + ‘ਵਿੰਦ’ ਮਤਲਬ ਪੈਦਾ ਕਰਨ ਵਾਲਾ - ਇਸ ਸ੍ਰਿਸ਼ਟੀ ਦਾ ਮਾਲਕ) ਭਾਵ ਸ੍ਰਿਸ਼ਟੀ ਦੇ ਮਾਲਕ ਨੇ ਹਰੇਕ ਦਿਸ਼ਾ ਵਿੱਚ ਹਰ ਜਗ੍ਹਾ ਆਪਣਾ ਬਲ ਟਿਕਾਇਆ ਹੋਇਆ ਹੈ, ਰੱਬ ਜੀ ਦਾ ਨਿਯਮ, ਹੁਕਮ, ਬਿਨਾਂ ਰੋਕ ਟੋਕ (without fail) ਸਭ ਜਗ੍ਹਾ ਵਾਪਰ ਰਿਹਾ ਹੈ। ਇਹੋ ਰੱਬ ਜੀ ਦੇ ਹਰ ਜਗ੍ਹਾ ਮੌਜੂਦ, ਸਰਬਵਿਆਪੀ (omnipresent, omnipotent) ਰੱਬੀ ਬਲ ਦਾ ਲਖਾਇਕ ਹੈ ਅਤੇ ਰੱਬ ਜੀ ਨੇ ਸਾਰੀ ਕਾਇਨਾਤ ਵਿੱਚ ਸ੍ਰਿਸ਼ਟੀ ਦੇ ਅੰਡਜ, ਜੇਰਜ, ਸੇਤਜ, ਉਤਭਜ ਇਨ੍ਹਾਂ ਤਰੀਕਿਆਂ ਨਾਲ ਉਤਪੰਨ ਹੋਏ ਸਾਰੇ ਜੀਵ-ਜੰਤ ਅਤੇ ਮਨੁੱਖਾਂ ਉਪਰ ਨਿਰਪੱਖ ਹੋ ਕੇ ਆਪਣਾ ਬਲ ਰੂਪੀ ਨਿਯਮ ਲਾਗੂ ਕੀਤਾ ਹੋਇਆ ਹੈ। “ਕ੍ਰਿਪਾ ਕਟਾਖ੍ਯ੍ਯ ਅਵਲੋਕਨੁ ਕੀਨੋ ਦਾਸ ਕਾ ਦੂਖੁ ਬਿਦਾਰਿਓ॥” ਦਾ ਅਰਥ ਹੈ ਕਿ ਰੱਬੀ ਗਿਆਨ ਦੀ ਕਿਰਪਾ ਰੂਪੀ ਕਟਾਖ (ਤਿਖ਼ੀ ਨਜ਼ਰ ਭਾਵ ਬਹੁਤ ਬਰੀਕੀ ਨਾਲ ਨਿਗਾਹ ਮਾਰਨਾ) ਸਦਕਾ ਮਨੁੱਖ ਨੇ ਆਪਣੇ ਅਵਗੁਣਾਂ ਨੂੰ ਪਰਖਿਆ ਅਤੇ ਘੜਿਆ (ਉਨ੍ਹਾਂ ਮਨੁੱਖਾਂ ਨੂੰ ਹੀ ਇੱਥੇ ਹਰਿਜਨ ਜਾਂ ਦਾਸ ਆਖਿਆ ਜਾ ਰਿਹਾ ਹੈ।) ਆਪਣੇ ਉੱਤੇ ਸੱਚੇ ਗਿਆਨ ਨੂੰ ਲਾਗੂ ਕੀਤਾ ਅਤੇ ਸਵੈ-ਪੜਤਾਲ (self analysis) ਕਰਕੇ ਆਪਣੇ ਅਵਗੁਣਾਂ ਨੂੰ ਚੁਣ ਚੁਣ ਕੇ ਕੱਢਿਆ, ਆਪਣੇ ਆਚਰਣ ਨੂੰ ਘੜਿਆ, ਜਿਸ ਦਾ ਸਦਕਾ ਉਨ੍ਹਾਂ ਮਨੁੱਖਾਂ ਦੇ ਵਿਕਾਰ ਹਮੇਸ਼ਾ ਲਈ ਦੂਰ ਹੋ ਗਏ ਭਾਵ ਉਹ ਅਵਗੁਣਾਂ ਤੋਂ ਮੁਕਤ ਹੋ ਗਏ। ਇਸ ਅਵਸਥਾ ਨੂੰ ਹੀ ਜਿਊਂਦੇ ਜੀਅ ਮੁਕਤ ਅਵਸਥਾ ਕਿਹਾ ਜਾਂਦਾ ਹੈ।

ਨੋਟ: ਇੱਥੇ ਦਾਸ ਦੇ ‘ਸ’ ਨੂੰ ਔਂਕੜ ਨਹੀਂ ਹੈ ਭਾਵ ਬਹੁ ਵਚਨ ਲੈਣਾ ਹੈ ਅਤੇ ‘ਅਵਲੋਕਨ’ ਨੂੰ ਔਂਕੜ ਹੈ ਇਸ ਲਈ ਇੱਕ ਵਚਨ ਹੈ ਭਾਵ ਉਨ੍ਹਾਂ ਖਾਸ ਮਨੁੱਖਾਂ ਵੱਲੋਂ ਅਵਲੋਕਨ (ਪਰਖ) ਕੀਤੀ ਗਈ ਹੈ।

ਪਦਾ ਦੂਜਾ: ਜੋ ਮਾਗਹਿ … … ਊਹਾ ਸਚੁ ਹੋਵੈ॥ ੨॥

“ਜੋ ਮਾਗਹਿ ਠਾਕੁਰ ਅਪੁਨੇ ਤੇ” ਦਾ ਭਾਵ ਅਰਥ ਆਮ ਤੌਰ ਤੇ ਸਮਝਿਆ ਜਾਂਦਾ ਹੈ ਕਿ ਜਿਹੜੇ ਮਨੁੱਖ ਆਪਣੇ ਮਾਲਕ ਪ੍ਰਭੂ ਤੋਂ ਜੇ ਕੋਈ ਵੀ ਦੁਨਿਆਵੀ ਪਦਾਰਥ ਮੰਗਦੇ ਹਨ ਤਾਂ ਉਨ੍ਹਾਂ ਨੂੰ ਰੱਬ ਜੀ (ਸੋਈ ਸੋਈ ਦੇਵੈ) ਉਹ ਸਭ ਪਦਾਰਥ ਦੇ ਦੇਂਦੇ ਹਨ। ਪਰ ਆਪਣਾ ਜੀਵਨ ਉੱਚਿਆਂ ਕਰਨ ਵਾਸਤੇ ਇੱਥੇ ਅਸੀਂ ‘ਮਾਗਹਿ’ ਦਾ ਅਰਥ ਦੁਨਿਆਵੀ ਧਨ ਪਦਾਰਥ ‘ਮੰਗਣਾ’ ਨਹੀਂ ਲੈਣਾ। ਇਸ ਸ਼ਬਦ ਦੇ ਰਹਾਉ ਵਿੱਚ ਅਵਗੁਣਾਂ ਨੂੰ ਮੇਟਣ ਦੀ ਗੱਲ ਚੱਲ ਰਹੀ ਹੈ ਇਸ ਕਰਕੇ ਸਮਝਣਾ ਹੈ ਕਿ ਆਪਣੇ ਅੰਤਰ ਆਤਮੇ ਵਿੱਚ ਨਿਰਪੱਖ ਹੋ ਕੇ ਆਪ ਹੀ ਅਵਗੁਣਾਂ ਦੀ ਪਰਖ ਕਰਨਾ ਅਤੇ ਸੱਚੇ ਗਿਆਨ ਅਨੁਸਾਰ ਆਪਣੇ ਜੀਵਨ ਨੂੰ ਅਮਲੀ ਤੌਰ ਤੇ ਘੜਨਾ। ਜੇ ਸੱਚੇ ਗਿਆਨ ਅਨੁਸਾਰ ਅਵਗੁਣਾਂ ਨੂੰ ਦੂਰ ਕਰਨ ਦਾ ਉਪਰਾਲਾ ਕੀਤਾ ਜਾਵੇ ਤਾਂ ਉਹ ਦੂਰ ਹੋ ਹੀ ਜਾਂਦੇ ਹਨ। ‘ਮਾਗਹਿ’ ਦੇ ਅਰਥ ‘ਅਵਗੁਣਾਂ ਨੂੰ ਦੂਰ ਕਰਨ ਦੀ ਮੰਗ’ ਪੱਖੋਂ ਲੈਣੇ ਹਨ। ‘ਦੇਵੈ’ ਦਾ ਅਰਥ ਹੈ ਕਿ ‘ਸੱਚਾ ਗਿਆਨ’ ਹਰ ਇੱਕ ਅਵਗੁਣ ਨੂੰ ਦੂਰ ਕਰ ਹੀ ਦਿੰਦਾ ਹੈ। ਜਿਸ ਤਰ੍ਹਾਂ ਕਿ ਗੁਰਬਾਣੀ ਵਿੱਚ ਆਉਂਦਾ ਹੈ “ਇਕੁ ਤਿਲੁ ਨਹੀ ਭੰਨੈ ਘਾਲੇ।।” (ਪੰਨਾ 784) ਭਾਵ ਜੇਕਰ ਮਨੁੱਖ ਸੱਚੇ ਗਿਆਨ ਰਾਹੀਂ ਆਪਣੇ ਕਿਸੇ ਵੀ ਅਵਗੁਣ ਨੂੰ ਕੱਢਣ ਦਾ ਉਪਰਾਲਾ ਕਰਦਾ ਹੈ ਤਾਂ ਉਸ ਦੀ ਮਿਹਨਤ ਜ਼ਾਇਆ ਨਹੀਂ ਜਾਂਦੀ। ਜੋ ਮਨੁੱਖ ਆਪਣੇ ਮਾਲਕ ਪ੍ਰਭੂ ਤੋਂ ਜਿਸ ਜਿਸ ਅਵਗੁਣ (ਵਿਕਾਰ) ਨੂੰ ਆਪਣੇ ਤੋਂ ਦੂਰ ਕਰਨ ਦੀ ਮੰਗ ਕਰਦੇ ਹਨ, ਸਤਿਗੁਰ ਦੇ ਗਿਆਨ ਰਾਹੀਂ ਉਨ੍ਹਾਂ ਦੀ (ਸੋਈ ਸੋਈ ਦੇਵੈ) ਉਹ ਹਰੇਕ ਮੰਗ ਪੂਰੀ ਹੋ ਜਾਂਦੀ ਹੈ ਭਾਵ ਸ੍ਰਿਸ਼ਟੀ ਉੱਤੇ ਲਾਗੂ ਹੋ ਰਹੇ ਨਿਰਪੱਖ ਅਤੇ ਅਟੁੱਟ ਨਿਯਮ ਅਨੁਸਾਰ ਜਿੱਥੇ ਵੀ ਨਿਯਮ ਪੂਰਾ ਹੋ ਜਾਂਦਾ ਹੈ ਉੱਥੇ-ਉੱਥੇ ਹਰ ਇੱਕ ਅਵਗੁਣ ਨੂੰ ਕੱਢਣ ਦੀ ਮੰਗ ਪੂਰੀ ਹੋ ਜਾਂਦੀ ਹੈ। “ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ” ਦਾ ਭਾਵ ਅਰਥ ਇਹ ਲੈਣਾ ਹੈ ਕਿ ਜੋ ਮਨੁੱਖ ਚਾਹੁੰਦੇ ਹਨ ਕਿ ਮੇਰੇ ਇੱਕ ਇੱਕ ਕਰਕੇ ਸਾਰੇ ਅਵਗੁਣ ਕੱਟੇ ਜਾਣ ਤਾਂ ਉਨ੍ਹਾਂ ਨੂੰ ਉੱਦਮ ਤੇ ਉਪਰਾਲਾ ਆਪ ਹੀ ਕਰਨਾ ਪਵੇਗਾ।

“ਨਾਨਕ ਦਾਸੁ ਮੁਖ ਤੇ ਜੋ ਬੋਲੈ ਈਹਾ ਊਹਾ ਸਚੁ ਹੋਵੈ” ਇਸ ਦੇ ਲਫ਼ਜ਼ੀ ਅਰਥਾਂ ਤੇ ਅਸੀਂ ਵਿਚਾਰ ਕਰ ਚੁੱਕੇ ਹਾਂ ਕਿ ਦਾਸ ਦੇ ‘ਸ’ ਨੂੰ ਔਂਕੜ ਹੈ ਇਸ ਕਰਕੇ ਇਸ ਦਾ ਸੰਬੰਧ ‘ਨਾਨਕ ਦਾਸੁ’ ਦੇ ‘ਮੁਖ’ ਨਾਲ ਨਹੀਂ ਹੈ। ਰਹਾਉ ਵਿੱਚ ਆਏ ‘ਹਰਿਜਨ’ (ਜਨ ਦੇ ‘ਨ’ ਨੂੰ ਔਂਕੜ ਨਹੀਂ ਹੈ- ਬਹੁ ਵਚਨ) ਮੁਤਾਬਕ ਉਨ੍ਹਾਂ ਸਾਰੇ ਮਨੁੱਖਾਂ ਨਾਲ ਜੋੜ ਕੇ ‘ਮੁਖ’ ਦੇ ਭਾਵ ਅਰਥ ਨੂੰ ਸਮਝਣਾ ਹੈ। “ਦਾਸ ਕਾ ਦੂਖੁ ਬਿਦਾਰਿਓ - ਦਾਸ ਦੇ ‘ਸ’ ਨੂੰ ਔਂਕੜ ਨਾ ਹੋਣ ਦੇ ਕਾਰਨ ਉਹ ‘ਹਰੀ ਦੇ ਜਨਾਂ’, ‘ਹਰੀ ਦੇ ਦਾਸਾਂ’ ਦੇ ਮੁਖ ਦੀ ਗੱਲ ਚੱਲ ਰਹੀ ਹੈ। ਸਾਰੀ ਪੰਕਤੀ ਦੇ ਭਾਵ ਅਰਥ ਨੂੰ ਸਮਝਣ ਤੋਂ ਪਹਿਲਾਂ “ਮੁਖ ਤੇ ਜੋ ਬੋਲੈ ਈਹਾ ਊਹਾ ਸਚੁ ਹੋਵੈ” ਦਾ ਭਾਵ ਅਰਥ ‘ਜੋ ਮਾਗਹਿ’ ਦੇ ਨਾਲ ਰਲਾ ਕੇ ਸਮਝਣਾ ਹੈ ਕਿ ਸੱਚ ਦੇ ਮਾਰਗ ਤੇ ਚਲਣ ਵਾਲੇ ਮਨੁੱਖਾਂ ਦੇ ਮਨ ਵਿੱਚ ਆਪਣੇ ਅਵਗੁਣਾਂ ਨੂੰ ਕੱਢਣ ਦੀ ਜੋ ਮੰਗ, ਜਾਚਨਾ, ਤੀਬਰ-ਤਾਂਘ (burning desire) ਆ ਜਾਂਦੀ ਹੈ ਉਸੀ ਨੂੰ “ਮੁਖ ਤੇ ਜੋ ਬੋਲੈ” ਦੇ ‘ਅਖਾਣ’ (idiom) ਨਾਲ ਇੱਥੇ ਵਰਤਿਆ ਗਿਆ ਹੈ। ‘ਈਹਾ ਊਹਾ’ ਦਾ ਅਰਥ ਆਮ ਤੌਰ ਤੇ ਸਮਝਿਆ ਜਾਂਦਾ ਹੈ ਕਿ ‘ਈਹਾ’ ਭਾਵ ਇਹ ਦੁਨੀਆ, ‘ਊਹਾ’ ਭਾਵ ਮਰਨ ਤੋਂ ਬਾਅਦ ਦੀ ਦੁਨੀਆ, ਜਿਸ ਨੂੰ ਕਿ ਲੋਕੀ ਪਰਲੋਕ ਸਮਝਦੇ ਹਨ। ਲੇਕਿਨ ਗੁਰਬਾਣੀ ਵਿੱਚ ਮਰਨ ਤੋਂ ਬਾਅਦ ਮੁਕਤੀ ਜਾਂ ਮਰਨ ਤੋਂ ਬਾਅਦ ਕੋਈ ਖਾਸ ਰੱਬ ਜੀ ਦਾ ਘਰ ਜਾਂ ਕੋਈ ਖਾਸ ਮਿਥੀ ਹੋਈ ਥਾਂ ਨੂੰ ਪਰਵਾਨ ਨਹੀਂ ਕੀਤਾ ਗਿਆ। ਇਸੇ ਕਰਕੇ ਗੁਰਬਾਣੀ ਵਿੱਚ ਜਿਊਂਦਿਆਂ ਹੀ ਮੁਕਤੀ ਪ੍ਰਾਪਤ ਕਰਨ ਦਾ ਗਿਆਨ ਦ੍ਰਿੜ੍ਹ ਕਰਾਇਆ ਗਿਆ ਹੈ। ਇਸ ਦਾ ਭਾਵ ਅਰਥ ਇਹ ਨਿਕਲਿਆ ਕਿ ਮਨੁੱਖ ਸਰੀਰਕ ਤੌਰ ਤੇ ਬਾਹਰੋਂ ਚੰਗੇ ਕਰਮ ਕਰਨ ਵਾਲਾ ਜੋ ਜੀਵਨ ਜਿਊਂਦਾ ਹੈ ਉਸ ਨੂੰ ‘ਈਹਾ’ ਕਿਹਾ ਗਿਆ ਹੈ ਅਤੇ ਆਪਣੇ ਹਿਰਦੇ ਰੂਪੀ ਦਰਗਾਹ ਵਿੱਚ (ਚੰਗੇ ਗੁਣ, ਚੰਗੇ ਖਿਆਲ, ਉੱਚੇ ਆਚਾਰ ਵਾਲਾ ਜੀਵਨ ਜਿਊਂਦਾ ਹੈ) ਜਿਸ ਨੂੰ ਕਿ ਅੰਤਰ ਆਤਮਾ (conscience) ਵੀ ਕਿਹਾ ਜਾਂਦਾ ਹੈ ਉਸ ਨੂੰ ‘ਊਹਾ’ ਕਰਕੇ ਇਸ ਸ਼ਬਦ ਵਿੱਚ ਸਮਝਾਇਆ ਗਿਆ ਹੈ। ਬਾਹਰੋਂ ਚੰਗਾ ਜੀਵਨ ਜਿਊਣ ਨੂੰ ਗੁਰਬਾਣੀ ਵਿੱਚ ‘ਲੋਕ’ ਕਿਹਾ ਗਿਆ ਹੈ ਅਤੇ ਅੰਦਰਲੇ ਚੰਗੇ ਜੀਵਨ ਜਿਊਣ ਨੂੰ ‘ਪਰਲੋਕ’ ਕਿਹਾ ਗਿਆ ਹੈ। ਇਸੇ ਪੱਖੋਂ ਗੁਰਬਾਣੀ ਵਿੱਚ ਹਲਤ-ਪਲਤ, ਇਤ-ਉਤ, ਆਗੈ-ਪਾਛੈ, ਲੋਕ-ਪਰਲੋਕ ਅਤੇ ਦਰਗਾਹ ਜੈਸੇ ਲਫ਼ਜ਼ਾਂ ਦੀ ਵਰਤੋਂ ਕੀਤੀ ਗਈ ਹੈ। ਲੇਕਿਨ ਇਨ੍ਹਾਂ ਸਾਰੇ ਲਫ਼ਜ਼ਾਂ ਦਾ ਭਾਵ ਅਰਥ ਆਪਣੇ ਅੰਦਰਲੇ ਅਤੇ ਬਾਹਰਲੇ ਜੀਵਨ ਬਾਰੇ ਲੈਣਾ ਹੈ ਕਿਉਂਕਿ ਗੁਰਬਾਣੀ ਉਧਾਰ ਜੀਵਨ ਬਾਰੇ ਜਾਂ ਮਰਨ ਤੋਂ ਬਾਅਦ ਕਿਸੇ ਸਵਰਗ ਜਾਂ ਨਰਕ ਬਾਰੇ ਕੋਈ ਵੀ ਹਾਮੀ ਨਹੀਂ ਭਰਦੀ। ਇਸ ਕਰਕੇ ਜੇ ਇਸ ਸ਼ਬਦ ਵਿੱਚ ‘ਈਹਾ ਊਹਾ’ ਦਾ ਅਰਥ ‘ਸੱਚ ਹੋਵੈ’ ਨਾਲ ਜੋੜ ਕੇ ਸਮਝੀਏ ਤਾਂ ਨਾਨਕ ਦਾਸ ਆਖ ਰਹੇ ਹਨ ਕਿ ਹਰੀ ਦੇ ਜਨਾਂ ਵੱਲੋਂ (ਜੋ ਵੀ ਦਾਸ ਦਾਂ ਦਾਸਾਂ ਵੱਲੋਂ) ‘ਮੁਖ ਤੇ ਜੋ ਬੋਲੈ’ ਭਾਵ ਜੇਕਰ ਇਹ ਇੱਛਾ ਹੁੰਦੀ ਹੈ ਕਿ ਮੈਂ ਆਪਣੇ ਅਵਗੁਣਾਂ ਤੋਂ ਮੁਕਤ ਹੋਣਾ ਹੈ ਤਾਂ ਉਨ੍ਹਾਂ ਦੀ ਇਹ ਖਾਹਿਸ਼ ਜਾਂ ਮੰਗ ਕੇਵਲ ਦਿਖਾਵੇ ਮਾਤਰ ਹੀ ਨਹੀਂ ਹੁੰਦੀ ਬਲਕਿ ਮਨ ਦੀ ਗਹਿਰਾਈ ਤੋਂ ਹੁੰਦੀ ਹੈ ਜਿਸ ਦਾ ਸਦਕਾ ਉਹ ਹਰ ਇੱਕ ਮਨੁੱਖ (ਕਿਉਂਕਿ ‘ਸਚੁ’ ਦੇ `ਚ’ ਨੂੰ ਔਂਕੜ ਲੱਗੀ ਹੈ) ਅੰਦਰੋਂ ਤੇ ਬਾਹਰੋਂ ਅਮਲੀ ਤੌਰ ਤੇ ਸੱਚ ਹੋ ਜਾਂਦਾ ਹੈ ਭਾਵ ਸੱਚੀ ਜਿਊਣੀ ਵਾਲਾ ਹੋ ਜਾਂਦਾ ਹੈ। ਇੱਥੇ ‘ਹੋਵੈ’ ਦਾ ਅਰਥ ‘ਵ’ ਦੀਆਂ ਦੁਲਾਵਾਂ ਤੋਂ ਪਤਾ ਲੱਗਦਾ ਹੈ ਕਿ ਉਹ ਹਰ ਇੱਕ ਮਨੁੱਖ ਸੱਚੀ ਜੀਵਨੀ ਵਾਲਾ ਹੋ ਜਾਂਦਾ ਹੈ ਭਾਵ ਅੰਦਰੋਂ ਬਾਹਰੋ ਵਿਕਾਰਾਂ ਤੋਂ ਮੁਕਤ ਅਵਸਥਾ ਪ੍ਰਾਪਤ ਕਰ ਲੈਂਦਾ ਹੈ।

ਨੋਟ: ਇਸ ਦੇ ਅਰਥ ਆਮ ਤੌਰ ਤੇ ਸਮਝੇ ਜਾਂਦੇ ਹਨ ਕਿ ਨਾਨਕ ਦਾਸ ਜੀ ਆਪਣੇ ਮੁਖ ਤੋਂ ਜੋ ਵੀ ਬੋਲਦੇ ਹਨ ਉਹ, ‘ਈਹਾ’ ਭਾਵ ‘ਇਸ ਦੁਨੀਆ ਵਿੱਚ’, ‘ਊਹਾ’ ਭਾਵ ਮਰਨ ਤੋਂ ਬਾਅਦ ‘ਪਰਲੋਕ ਵਿੱਚ’ ਸੱਚ ਹੁੰਦਾ ਹੈ ਲੇਕਿਨ ਆਪਣੇ ਜੀਵਨ ਵਿੱਚ ਤਬਦੀਲੀ ਲਿਆਉਣ ਲਈ ਅਸੀਂ ਅਰਥਾਂ ਨੂੰ ਇਸ ਤਰ੍ਹਾਂ ਸਮਝਣਾ ਹੈ ਕਿ ‘ਅਵਗੁਣ ਸਭਿ ਮੇਟੇ’ ਹੀ ‘ਸੱਚ ਹੋਵੈ’ ਦਾ ਲਖਾਇਕ ਹੈ।

ਵੀਰ ਭੁਪਿੰਦਰ ਸਿੰਘ
.