.

ਪ੍ਰਸ਼ਨ: ਕੀ ਗੁਰੂ ਸਾਹਿਬਾਨ ਨਾਲ ਸਬੰਧਤ ਵਸਤੂਆਂ ਦੀ ਮਹਤੱਤਾ ਗੁਰਬਾਣੀ ਨਾਲੋਂ ਵਧੇਰੇ ਹੈ?

ਉੱਤਰ: ਗੁਰਮਤਿ ਵਿੱਚ ਸ਼ਬਦ ਅਥਵਾ ਗਿਆਨ ਨੂੰ ਹੀ ਗੁਰੂ ਮੰਨਿਆ ਗਿਆ ਹੈ। ਇਸ ਲਈ ਮਹੱਤਤਾ ਕੇਵਲ ਗੁਰ – ਸ਼ਬਦ ਦੀ ਹੀ ਹੈ ਨਾ ਕਿ ਗੁਰੂ ਸਾਹਿਬਾਨ ਨਾਲ ਸਬੰਧਤ ਵਸਤੂਆਂ (ਬਸਤਰ, ਸ਼ਸ਼ਤਰ ਆਦਿ) ਦੀ। ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਆਪਣੇ ਸਰੀਰ ਨਾਲ ਨਹੀਂ ਬਲਕਿ ਗੁਰ ਸ਼ਬਦ ਨਾਲ ਜੋੜਿਆ ਹੈ। ਕਿਸੇ ਵੀ ਗੁਰੂ ਸਾਹਿਬ ਨੇ ਆਪਣੇ ਤੋਂ ਪਹਿਲੇ ਗੁਰੂ ਸਾਹਿਬ ਦੀ ਕਿਸੇ ਵਸਤੂ ਆਦਿ ਨੂੰ, ਕਿਸੇ ਵੀ ਰੂਪ ਵਿੱਚ ਗੁਰਬਾਣੀ ਨਾਲੋਂ ਵਧੇਰੇ ਮਹੱਤਵ ਨਹੀਂ ਦਿੱਤਾ; ਅਤੇ ਨਾ ਕਿਸੇ ਗੁਰੂ ਸਾਹਿਬ ਨੇ ਆਪ ਜਾਂ ਸੰਗਤਾਂ ਨੂੰ ਉਚੇਚੇ ਤੌਰ `ਤੇ ਆਪਣੇ ਤੋਂ ਪਹਿਲੇ ਗੁਰੂ ਸਾਹਿਬਾਨ ਦੀ ਵਸਤੂ ਨੂੰ ਦੇਖਣ ਦੀ ਇੱਛਾ ਜ਼ਾਹਰ ਕੀਤੀ ਸੀ। ਸਾਰੇ ਹੀ ਗੁਰੂ ਸਾਹਿਬਾਨ ਨੇ ਸ਼ਬਦ ਦੀ ਮਹੱਤਤਾ ਹੀ ਦ੍ਰਿੜ ਕਰਾਈ ਹੈ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾਉਣ ਲੱਗੇ ਤਾਂ ਸੰਗਤਾਂ ਬਹੁਤ ਵਿਆਕੁਲ ਹੋਣ ਲਗੀਆਂ; ਸੰਗਤਾਂ ਦੀ ਵਿਆਕੁਲਤਾ ਨੂੰ ਦੇਖ ਹਜ਼ੂਰ ਨੇ ਸਿੱਖ ਸੰਗਤਾਂ ਨੂੰ ਗੁਰੂ ਘਰ ਦਾ ਆਸ਼ਾ ਸਮਝਾਉਂਦਿਆਂ ਹੋਇਆਂ ਕਿਹਾ, “ਤਨ ਸਨੇਹ ਝੂਠੇ ਸਭਿ ਜਾਨਹੁ। ਕਿਉਂ ਬਿਖਾਦ ਏਤੋ ਮਨ ਠਾਨਹੁ। ਦੇਹਿ ਮਿਲਨਿ ਬਿਛਰਨਿ ਇਸ ਭਾਂਤੀ। ਹੋਤਿ ਦਿਵਸ ਪੁਨ ਆਵਹਿ ਰਾਤੀ। ਜੇ ਨਰ ਮਿਲੇ ਸ਼ਬਦ ਕੈ ਸੰਗਾ। ਰਹੇ ਸਦੀਵ ਰਾਚਿ ਤਿਹ ਰੰਗਾ। ਤਿਹ ਨਹਿ ਬਿਛਰਹਿ ਬਹੁਰਿ ਕਦਾਈਂ। ਜਿਉਂ ਨੀਰਹਿ ਮੈ ਨੀਰ ਸਮਾਈ। ਮੁਝ ਸੋਂ ਮਿਲਨੇ ਕੀ ਜਿਹ ਚਾਹੀ। ਸਦਾ ਬਿਛੁਰਨੋ ਭਾਵਂਿਹ ਨਾਹੀਂ। ਸੋ ਨਰ ਸ਼ਬਦ ਕਰਹਿ ਅਭਿਆਸੇ। ਸ੍ਰਵਨ ਮੰਨਨ ਨਿਤ ਪ੍ਰਤਿ ਨਿੱਧਯਾਸੇ। ਨਿਰਸੰਦੇਹ ਮਿਲੈਂ ਮੁਝ ਸੰਗਾ। ਬਹੁਰਿ ਨ ਬਿਛੁਰੈਂ ਹੁਐ ਇੱਕ ਰੰਗਾ।” (ਭਾਈ ਸੰਤੋਖ ਸਿੰਘ - ਨਾਨਕ ਪ੍ਰਕਾਸ਼)

ਗੁਰਮਤਿ ਦੇ ਇਸ ਸਿਧਾਂਤ ਸਬੰਧੀ ਗੁਰੂ ਅਮਰਦਾਸ ਜੀ ਨੇ ਇੰਝ ਆਖਿਆ ਹੈ: “ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥ ਹਉਮੂ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ॥” (ਪੰਨਾ 594) ਸਤਿਗੁਰੂ ਜੀ ਨੇ ਸਾਨੂੰ ਗੁਰੂ ਗਰੰਥ ਸਾਹਿਬ ਦੇ ਲੜ ਲਾਇਆ ਹੈ ਨਾ ਕਿ ਸਰੀਰ ਦੇ; ਵਸਤੂਆਂ ਦੀ ਗੱਲ ਤਾਂ ਬੜੀ ਦੂਰ ਦੀ ਹੈ। ਹਾਂ, ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਸਾਹਿਬਾਨ ਨੇ ਕੁੱਝ ਗੁਰਸਿੱਖਾਂ ਨੂੰ ਆਪਣੀਆਂ ਕੁੱਝ ਵਸਤੂਆਂ ਬਖ਼ਸ਼ੀਆਂ ਸਨ, ਪਰੰਤੂ ਜਿਸ ਤਰ੍ਹਾਂ ਪਿੱਛਲੇ ਕੁਛ ਸਮੇਂ ਤੋਂ ਗੁਰੂ ਸਾਹਿਬਾਨ ਨਾਲ ਸਬੰਧਤ ਵਸਤੂਆਂ ਦਾ ਕਈ ਵਿਅਕਤੀਆਂ ਵਲੋਂ ਦਾਅਵੇ ਕੀਤੇ ਜਾ ਰਹੇ ਹਨ, ਉਹਨਾਂ ਨੂੰ ਹੂਬਹੂ ਸੱਚ ਮੰਨਨਾ ਕਠਿਨ ਹੈ। ਗੁਰੂ ਸਾਹਿਬਾਨ ਨਾਲ ਸਬੰਧਤ ਕੁੱਝ ਵਸਤੂਆਂ ਬਾਰੇ ਜੋ ਦਾਅਵੇ ਕੀਤੇ ਜਾ ਰਹੇ ਹਨ ਕਿ ਉਹ ਗੁਰੂ ਸਾਹਿਬ ਦੀਆਂ ਹਨ, ਉਹਨਾਂ ਦੀ ਘੋਖਵੀਂ ਪੜਤਾਲ ਕਰਨ ਦੀ ਲੋੜ ਹੈ ਕਿ ਉਹ ਵਸਤੂਆਂ ਉਸ ਪਰਵਾਰ ਜਾਂ ਅਸਥਾਨ `ਤੇ ਕਿਵੇਂ ਪਹੁੰਚੀਆਂ, ਕਿਉਂਕਿ ਦਿਨ ਬਦਿਨ ਗੁਰੂ ਸਾਹਿਬਾਨ ਨਾਲ ਸਬੰਧਤ ਵਸਤੂਆਂ ਦੀ ਗਿਣਤੀ `ਚ ਵਾਧਾ ਹੁੰਦਾ ਜਾ ਰਿਹਾ ਹੈ।

ਸਾਨੂੰ ਇਹ ਗੱਲ ਹਮੇਸ਼ਾਂ ਚੇਤੇ ਰੱਖਣ ਦੀ ਲੋੜ ਹੈ ਕਿ ਗੁਰੂ ਸਾਹਿਬਾਨ ਨੇ ਜਿਸ ਨਾਲ ਮਨੁੱਖਤਾ ਦੀ ਕਲਿਆਣ ਹੈ, ਉਸ ਨੂੰ ਕਿਸੇ ਇੱਕ ਵਿਅਕਤੀ, ਸੰਸਥਾ, ਇਲਾਕੇ ਆਦਿ ਦੀ ਨਿਜੀ ਮਲਕੀਅਤ ਨਹੀਂ ਬਣਾਇਆ। ਚੂੰਕਿ ਗੁਰਦੇਵ ਅਨੁਸਾਰ ਮਨੁੱਖਤਾ ਦੀ ਕਲਿਆਣ ਕੇਵਲ `ਤੇ ਕੇਵਲ ਗੁਰਬਾਣੀ ਦੀ ਵਿਚਾਰਧਾਰਾ ਅਨੁਸਾਰ ਜ਼ਿੰਦਗੀ ਗੁਜ਼ਾਰਨ ਵਿੱਚ ਹੀ ਹੈ, ਤਾਂਹੀਓਂ ਮਹਾਰਾਜ ਨੇ ਇਸ ਨੂੰ ਇਸ ਨੂੰ ਕਿਸੇ ਦੀ ਨਿਜੀ ਮਲਕੀਅਤ ਨਹੀਂ ਬਣਾਇਆ। ਇਸ ਲਈ ਸਤਿਗੁਰੂ ਜੀ ਨੇ ਇਸ ਬਖ਼ਸ਼ਿਸ਼ ਨੂੰ ਗੁਰਬਾਣੀ ਦੇ ਰੂਪ ਵਿੱਚ ਸਮੁੱਚੀ ਹੀ ਮਨੁੱਖਤਾ ਨੂੰ ਪ੍ਰਦਾਨ ਕੀਤਾ ਹੈ।

ਇਹ ਕਿੰਨੀ ਹੈਰਾਨਗੀ ਦੀ ਗੱਲ ਹੈ ਕਿ ਜਿਸ ਖ਼ਾਲਸਾ ਪੰਥ ਨੂੰ ਸਤਿਗੁਰੂ ਜੀ ਨੇ ਕੇਵਲ ਇੱਕ ਅਕਾਲ ਪੁਰਖ ਦੇ ਲੜ ਲਾਇਆ ਸੀ, ਉਸ ਨੇ ਗੁਰੂ ਸਾਹਿਬਾਨ ਦੇ ਸਿੱਖਿਆ ਦੇ ਵਿਰੁੱਧ, ਕਈ ਥਾਂਈ ਗੁਰੂ ਸਾਹਿਬਾਨ ਦੀਆਂ ਵਸਤੂਆਂ ਨੂੰ ਹੀ ਪੂਜਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੇ ਇੱਕ ਪ੍ਰਸਿੱਧ ਨਗਰ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦਾ ਜੋੜਾ ਹੈ। ਉਸ ਜੋੜੇ ਨੂੰ ਸੰਗਤਾਂ ਘਰ ਵਿੱਚ ਬੜੀ ਸ਼ਰਧਾ ਨਾਲ ਲੈ ਕੇ ਜਾਂਦੀਆਂ ਹਨ। ਜਿਵੇਂ ਗੁਰੂ ਗਰੰਥ ਸਾਹਿਬ ਦੀ ਸਵਾਰੀ ਨੂੰ ਘਰ ਆਦਿ ਲੈ ਕੇ ਜਾਣ ਸਮੇਂ ਕਈ ਸੱਜਣ ਪਾਣੀ ਦਾ ਤੁਬਕਾ ਤੁਬਕਾ ਛਿੜਕਦੇ ਜਾਂਦੇ ਹਨ (ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਅਜਿਹਾ ਕਰਨਾ ਕੇਵਲ ਅਵਿਦਯਾ ਹੈ) ਉਸੇ ਤਰ੍ਹਾਂ ਹੀ ਸ਼ਰਧਾਲੂ ਗੁਰੂ ਸਾਹਿਬ ਦੇ ਜੋੜੇ ਦੇ ਅੱਗੇ ਪਾਣੀ ਛਿੜਕਦੇ ਜਾਂਦੇ ਹਨ। ਇੱਨਾ ਹੀ ਨਹੀਂ ਕੜਾਹ ਪ੍ਰਸਾਦਿ ਤਿਆਰ ਕਰਕੇ ਜੋੜੇ ਦੇ ਸਨਮੁੱਖ ਖੜ੍ਹੇ ਹੋ ਕੇ ਅਰਦਾਸ ਕੀਤੀ ਜਾਂਦੀ ਹੈ। ਗੁਰੂ ਸਾਹਿਬ ਦੀਆਂ ਕਈ ਵਸਤੂਆਂ ਬਾਰੇ ਇਹ ਵੀ ਪ੍ਰਚਾਰਿਆ ਜਾ ਰਿਹਾ ਹੈ ਕਿ ਇਹਨਾਂ ਅੱਗੇ ਅਰਦਾਸ ਕਰਨ ਨਾਲ ਮਨੋਕਾਮਨਾਂ ਪੂਰੀਆਂ ਹੁੰਦੀਆਂ ਹਨ। ਪੰਜਾਬ ਦੇ ਇੱਕ ਹੋਰ ਪ੍ਰਸਿੱਧ ਇਤਿਹਾਸਕ ਨਗਰ ਵਿੱਚ ਇੱਕ ਰੱਥ (ਜਿਸ ਬਾਰੇ ਇਹ ਆਖਿਆ ਜਾ ਰਿਹਾ ਹੈ ਕਿ ਇਹ ਉਹ ਰੱਥ ਹੈ, ਜਿਸ ਰੱਥ ਤੇ ਸਵਾਰ ਹੋ ਕੇ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਕੋਲ ਪੁੱਤਰ ਦਾ ਵਰ ਪ੍ਰਾਪਤ ਕਰਨ ਲਈ ਗਏ ਸਨ। ਧਿਆਨ ਰਹੇ ਗੁਰਮਤਿ ਦੀ ਵਿਚਾਰਧਾਰਾ ਅਨੁਸਾਰ ਰੱਬੀ ਨਿਯਮ ਨੂੰ ਵਰ ਜਾਂ ਸਰਾਪ ਨਾਲ ਬਦਲਿਆ ਨਹੀਂ ਜਾ ਸਕਦਾ) ਦੇ ਸਬੰਧ ਵਿੱਚ ਚਰਚਾ ਕਰਦਿਆਂ ਪਰਵਾਰ ਦੇ ਹੀ ਇੱਕ ਮੈਂਬਰ ਸਾਹਿਬਾਨ ਲਿੱਖਦੇ ਹਨ, “ਇਸ ਤਰ੍ਹਾਂ ਇਹ ਇਤਿਹਾਸਕ ਰੱਥ ਮੀਨਾਕਾਰੀ ਅਤੇ ਮਜਬੂਤੀ ਪੱਖੋਂ ਆਪਣੀ ਮਿਸਾਲ ਆਪ ਹੈ ਤੇ ਅੱਜ ਵੀ ਦੇਖਣ ਵਿੱਚ ਬਿਲਕੁਲ ਨਵਾਂ ਜਾਪਦਾ ਹੈ।” ਰੱਥ ਬਾਰੇ ਇਹ ਜਾਣਕਾਰੀ ਦੇਣ ਪਿੱਛੋਂ ਫਿਰ ਲੇਖਕ ਜੀ ਲਿੱਖਦੇ ਹਨ, “ਇਸ ਰੱਥ ਦੀ ਮਹੱਤਤਾ ਉਸ ਸਮੇਂ ਹੋਰ ਵੀ ਵਧ ਜਾਂਦੀ ਹੈ ਜਦੋਂ ਸਿਖ ਸੰਗਤਾਂ ਦਰਸ਼ਨ ਕਰਕੇ ਆਪਣੀ ਸੁੱਖਾਂ ਪੂਰੀਆਂ ਕਰਵਾਉਂਦੀਆਂ ਹਨ।” (ਭਾਈ ਰੂਪਾ ਵਿਖੇ ਰੱਥ ਦੀ ਇਤਿਹਾਸਕ ਮਹਾਨਤਾ `ਚੋਂ) ਇੱਕ ਹੋਰ ਲੇਖਕ ਜੀ ਲਿੱਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਹਰਿਗੋਪਾਲ ਨਾਮੇ ਬਾਣੀਏ ਨੂੰ ਸਰਬ ਲੋਹ ਦਾ ਕੜਾ ਦੇ ਕੇ ਆਖਿਆ, “ਜਦ ਵੀ ਮਨ ਦੇ ਅੰਦਰ ਕੋਈ ਕਾਮਨਾ ਹੋਵੇ ਇਸ ਕੜੇ ਨੂੰ ਪੂਜਣਾ ਅਰਦਾਸ ਕਰਨੀ ਕਾਰਜ ਪੂਰਾ ਹੋਵੇਗਾ।” (ਖ਼ਾਲਸੇ ਦੀ ਇੱਕ ਸੌ ਇੱਕ ਅਰਦਾਸ `ਚੋਂ) ਇਹਨਾਂ ਸੱਜਣਾਂ ਦੀਆਂ ਇਹ ਲਿਖਤਾਂ ਕਿੰਨੀਆਂ ਕੁ ਗੁਰਮਤਿ ਦੇ ਆਸ਼ੇ ਅਨੁਸਾਰ ਹਨ, ਦਾ ਪਾਠਕ ਆਪ ਹੀ ਅੰਦਾਜ਼ਾ ਲਗਾ ਲੈਣ। ਗੁਰੂ ਸਾਹਿਬ ਨਾਲ ਸਬੰਧਤ ਹੋਰ ਵਸਤੂਆਂ ਬਾਰੇ ਵੀ ਇਸ ਤਰ੍ਹਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਦਮਦਮਾ ਸਾਹਿਬ ਵਿਖੇ ਇੱਕ ਸ਼ੀਸ਼ੇ ਬਾਰੇ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਹੈ ਕਿ ਜੇਹੜਾ ਵੀ ਕੋਈ ਪ੍ਰਾਣੀ ਸ਼ਰਧਾ ਪ੍ਰੇਮ ਨਾਲ ਤਿੰਨ ਦਿਨ ਛੋਲਿਆਂ ਦੇ ਦਾਣੇ ਚੱਬਦਿਆਂ, ਅਰਦਾਸ ਕਰਦਾ ਹੋਇਆ ਇਸ ਸ਼ੀਸ਼ੇ ਨੂੰ ਦੇਖੇ ਗਾ ਉਸ ਦਾ ਅਧਰੰਗ ਅਤੇ ਹੋਰ ਮੂੰਹ ਦੀਆਂ ਸਾਰੀਆਂ ਬੀਮਾਰੀਆਂ ਦੂਰ ਹੋ ਜਾਣ ਗੀਆਂ। ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ ਆਦਿ ਤਖਤਾਂ ਵਿਖੇ ਵੀ ਗੁਰਮਤਿ ਦੀਆਂ ਉੱਚ ਕਦਰਾਂ - ਕੀਮਤਾਂ ਨੂੰ ਜਿਸ ਤਰ੍ਹਾਂ ਨਾਲ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ, ਸਿੱਖ ਜਗਤ ਇਸ ਤੋਂ ਭਲੀ ਪ੍ਰਕਾਰ ਜਾਣੂੰ ਹੈ।

ਇਤਿਹਾਸਕ ਵਸਤੂਆਂ ਦੀ ਇਤਿਹਾਸਕ ਮਹਤੱਤਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹਨਾਂ ਦੀ ਇਤਿਹਾਸਕ ਮਹਤੱਤਾ ਕਈ ਪੱਖਾਂ ਤੋਂ ਬੜੀ ਮਹੱਤਵ ਪੂਰਨ ਹੈ। ਪਰੰਤੂ ਅਧਿਆਤਮਕ ਖੇਤਰ ਵਿੱਚ ਗੁਰੂ ਗਰੰਥ ਸਾਹਿਬ ਦੇ ਸਿਧਾਂਤ ਦੀ ਹੀ ਮਹਤੱਤਾ ਹੈ। ਸਾਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਗੁਰੂ ਸਾਹਿਬਾਨ ਨੇ ਕਿਸੇ ਵੀ ਪ੍ਰਾਣੀ ਨੂੰ ਸ਼ਸ਼ਤਰ ਜਾਂ ਕੋਈ ਹੋਰ ਆਪਣੇ ਨਾਲ ਸਬੰਧਤ ਵਸਤੂ ਪੂਜਨ ਲਈ ਬਖ਼ਸ਼ਸ਼ ਨਹੀਂ ਕੀਤੀ। ਪਿਛਲੇ ਕੁੱਝ ਸਮੇਂ ਤੋਂ ਇਨ੍ਹਾਂ ਇਤਿਹਾਸਕ ਵਸਤੂਆਂ ਦੇ ਪ੍ਰਤੀ ਸਿੱਖ ਸੰਗਤਾਂ ਵਿੱਚ ਉਤਸ਼ਾਰ ਦੇਖ ਕਈ ਸੱਜਨਾਂ ਨੇ ਨਕਲੀ ਸ਼ਸ਼ਤਰਾਂ ਨੂੰ ਗੁਰੂ ਸਾਹਿਬਾਨ ਦੇ ਪ੍ਰਚਾਰ, ਸੰਗਤਾਂ ਦੀ ਸ਼ਰਧਾ ਦਾ ਖਾਸਾ ਮਾਇਕ ਲਾਭ ਉਠਾਇਆ ਹੈ। ਕਈ ਜ਼ਿਮੇਵਾਰ ਵਿਅਕਤੀਆਂ ਅਤੇ ਸੰਸਥਾਵਾਂ ਨੇ, ਜਿਨ੍ਹਾਂ ਪਰਵਾਰਾਂ ਪਾਸ ਇਹ ਵਸਤੂਆਂ ਹਨ ਉਹਨਾਂ ਨਾਲ ਸੌਦਾ ਬਾਜ਼ੀ ਕਰਨ ਤੋਂ ਵੀ ਸੰਕੋਚ ਨਹੀਂ ਕੀਤਾ। ਅਸੀਂ ਉਹਨਾਂ ਪਰਵਾਰਾਂ ਅੱਗੇ ਆਪਣਾ ਸਿਰ ਝੁਕਾਉਂਦੇ ਹਾਂ ਜੇਹੜੇ ਗੁਰੂ ਸਾਹਿਬ ਨਾਲ ਸਬੰਧਤ ਵਸਤੂਆਂ ਨੂੰ ਉਸ ਰੂਪ ਵਿੱਚ ਹੀ ਵੇਖਦੇ ਅਥਵਾ ਪ੍ਰਰੇਨਾ ਲੈਂਦੇ ਹਨ, ਜਿਸ ਤਰ੍ਹਾਂ ਇਹਨਾਂ ਦੇ ਉਹ ਬਜ਼ੁਰਗ, ਜਿਹਨਾਂ ਨੂੰ ਗੁਰੂ ਸਾਹਿਬ ਨੇ ਇਹ ਵਸਤੂਆਂ ਬਖ਼ਸ਼ੀਆਂ ਸਨ (ਨੋਟ: ਧਿਆਨ ਰਹੇ ਗੁਰੂ ਸਾਹਿਬ ਨੇ ਕਿਸੇ ਗੁਰਸਿੱਖ ਨੂੰ ਪ੍ਰਚਾਰ ਲਈ, ਕਿਸੇ ਨੂੰ ਲੰਗਰ ਆਦਿ ਦੀ ਸੇਵਾ ਲਈ ਅਤੇ ਕਿਸੇ ਨੂੰ ਬਦੀ ਦੀਆਂ ਤਾਕਤਾਂ ਨਾਲ ਮੁਕਾਬਲਾ ਕਰਨ ਲਈ, ਮਜ਼ਲੂਮ ਦੀ ਰਾਖੀ ਲਈ ਬਖ਼ਸ਼ਿਸ਼ ਕੀਤੀਆਂ ਸਨ।) ਪਰੰਤੂ ਜਿਨ੍ਹਾਂ ਪਰਵਾਰਾਂ ਨੇ ਇਨ੍ਹਾਂ ਵਸਤੂਆਂ ਨੂੰ ਸੰਗਤਾਂ ਪਾਸੋਂ ਕੇਵਲ ਮਾਇਆ ਬਟੋਰਨਾ ਦਾ ਹੀ ਸਾਧਨ ਬਣਾ ਲਿਆ ਹੈ, ਉਹਨਾਂ ਦੇ ਸਬੰਧ ਵਿੱਚ ਇਤਨਾ ਹੀ ਆਖਣਾ ਚਾਹੁੰਦੇ ਹਾਂ ਕਿ ਉਹ ਕੇਵਲ ਗੁਰੂ ਸਾਹਿਬ ਦਾ ਹੀ ਨਹੀਂ ਬਲਕਿ ਆਪਣੇ ਵਡੇਰਿਆਂ ਦਾ ਵੀ ਅਪਮਾਨ ਕਰ ਰਹੇ ਹਨ। ਸੰਗਤਾਂ ਨੂੰ ਅਜਿਹੇ ਲੋਕਾਂ ਤੋਂ ਸੁਚੇਤ ਹੋਣ ਦੀ ਲੋੜ ਹੈ। ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨ ਵਾਲੇ ਸੱਜਣਾਂ ਨੂੰ ਵੀ ਚਾਹੀਦਾ ਹੈ ਕਿ ਉਹ ਗੁਰਮਤਿ ਦੀ ਕਦਰਾਂ - ਕੀਮਤਾਂ ਨੂੰ ਹੀ ਆਮ ਸੰਗਤਾਂ ਤਕ ਪਹੁੰਚਾਉਣ ਦਾ ਉਪਰਾਲਾ ਕਰਨ ਅਤੇ ਅਜੇਹਾ ਕਦਮ ਉਠਾਉਣ ਤੋਂ ਗੁਰੇਜ਼ ਕਰਨ ਜਿਸ ਨਾਲ ਸੰਗਤਾਂ ਗੁਰ ਸ਼ਬਦ ਨਾਲੋਂ ਕਿਸੇ ਹੋਰ ਚੀਜ ਨੂੰ ਵਧੇਰੇ ਮਹੱਤਵ ਦੇਣ ਲਗ ਪੈਣ। (ਸੰਗਤਾਂ ਨੂੰ ਯਾਦ ਹੋਵੇ ਗਾ ਕਿ ਕਿਵੇਂ ਪਿੱਛਲੇ ਕੁੱਝ ਸਮੇਂ `ਚ, ਜਿਸ ਪਰਵਾਰ ਪਾਸ ਗੰਗਾ ਸਾਗਰ ਹੈ, ਉਹਨਾਂ ਨਾਲ ਖ਼ਾਸ ਤੌਰ `ਤੇ ਇੰਗਲੈਂਡ ਅਮਰੀਕਾ ਅਤੇ ਕੈਨੇਡਾ ਦੀਆਂ ਕੁੱਝ ਸਭਾ ਸੋਸਾਇਟੀਆਂ ਨੇ ਸੰਪਰਕ ਕਰ ਕੇ ਇਹਨਾਂ ਦੇਸ਼ਾਂ ਵਿੱਚ ਮੰਗਾਇਆ ਅਤੇ ਬਾਅਦ ਵਿੱਚ ਕਈ ਥਾਂਈ ਪੈਸਿਆਂ ਦੀ ਵੰਡ ਵਡਾਈ ਨੂੰ ਲੈ ਕੇ ਸਭਾ ਸੋਸਾਇਟੀ ਦੇ ਮੈਂਬਰਾਂ ਅਤੇ ਪਰਵਾਰ ਵਿੱਚ ਮਤਭੇਦ ਪੈਦਾ ਹੋ ਗਏ ਸਨ।) ਗੁਰੂ ਸਾਹਿਬ ਨੇ ਗੁਰੂ ਗਰੰਥ ਸਾਹਿਬ ਦੇ ਰੂਪ ਵਿੱਚ ਜੋ ਅਤਿ ਅਮੋਲਕ ਵਸਤੂ ਦੀ ਬਖ਼ਸ਼ਿਸ਼ ਕੀਤੀ ਹੈ, ਇਸ ਨਾਲੋਂ ਉਹਨਾਂ ਪਾਸ ਹੋਰ ਕੋਈ ਅਮੋਲਕ ਵਸਤੂ ਨਹੀਂ ਸੀ। ਹਜ਼ੂਰ ਦੀਆਂ ਨਜ਼ਰਾਂ ਵਿੱਚ ਜੇਕਰ ਕੋਈ ਹੋਰ ਅਮੋਲਕ ਵਸਤੂ ਹੁੰਦੀ ਤਾਂ ਉਹ ਜ਼ਰੂਰ ਖ਼ਾਲਸਾ ਪੰਥ ਨੂੰ ਬਖ਼ਸ਼ਿਸ਼ ਕਰ ਜਾਂਦੇ। (ਨੋਟ: ਉਂਝ ਤਾਂ ਗੁਰੂ ਗਰੰਥ ਸਾਹਿਬ ਨੂੰ ਵੀ ਕਈਆਂ ਨੇ ਮਾਇਆ ਬਟੋਰਨ ਦਾ ਹੀ ਇੱਕ ਸਾਧਨ ਬਣਾ ਲਿਆ ਹੋਇਆ ਹੈ ਪਰ ਅਸੀਂ ਇੱਥੇ ਕੇਵਲ ਸ਼ਸ਼ਤਰਾਂ, ਬਸਤੂਆਂ ਆਦਿ ਦੀ ਚਰਚਾ ਤਕ ਹੀ ਉੱਤਰ ਨੂੰ ਸੀਮਤ ਰੱਖ ਰਹੇ ਹਾਂ।)

ਅਸੀਂ ਪਾਠਕਾਂ ਦਾ ਇਸ ਪਹਿਲੂ ਵਲ ਵੀ ਧਿਆਨ ਦੁਆਉਣਾ ਚਾਹੁੰਦੇ ਹਾਂ ਕਿ ਕਈ ਵਿਅਕਤੀ ਪੁਰਾਣੇ ਸ਼ਸ਼ਤਰਾਂ ਆਦਿ ਨੂੰ ਗੁਰੂ ਸਾਹਿਬ ਦੇ ਦੱਸ ਕੇ, ਅਤੇ ਕਈ ਗੁਰੂ ਗਰੰਥ ਸਾਹਿਬ ਦੀਆਂ ਬੀੜਾਂ ਨੂੰ ਬਾਬਾ ਦੀਪ ਸਿੰਘ ਜੀ ਆਦਿ ਗੁਰਸਿੱਖਾਂ ਦੀਆਂ ਹੱਥ ਲਿਖਤ ਆਖ ਕੇ ਸੰਗਤਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ। ਪਿੱਛੇ ਜੇਹੇ ਵੈਨਕੂਵਰ ਵਿੱਚ ਹੀ ਇੱਕ ਪੱਥਰ ਛਾਪ ਬੀੜ ਨੂੰ ਬਾਬਾ ਦੀਪ ਸਿੰਘ ਜੀ ਦੀ ਹੱਥ ਲਿੱਖਤ ਬੀੜ ਆਖ ਕੇ ਸਟੇਜਾਂ ਤੇ ਪ੍ਰਚਾਰਿਆ ਗਿਆ। (ਨੋਟ: ਗੁਰੂ ਗਰੰਥ ਸਾਹਿਬ ਗੁਰੂ ਹਨ ਬੀੜ ਪੁਰਾਤਨ ਹੈ ਜਾਂ ਨਵੀਂ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਪੁਰਾਤਨ ਬੀੜਾਂ ਦੀ ਇਤਿਹਾਸਕ ਮਹਤੱਤਾ ਹੈ ਜਿਸ ਤੋਂ ਅਸੀਂ ਕਈਂ ਪਾਠ ਭੇਦ, ਮੰਗਲਾ ਚਰਨ ਦਾ ਸਥਾਨ ਆਦਿ ਨੂੰ ਦੇਖ ਕੇ ਉਸਾਰੂ ਸਿੱਟੇ ਕੱਢ ਸਕਦੇ ਹਾਂ।)

ਇਕ ਅਕਾਲ ਦੇ ਪੂਜਾਰੀਆਂ ਦੇ ਅਗਿਆਨ ਭਰਪੂਰ ਸ਼ਰਧਾ ਦਾ ਇੱਕ ਰੂਪ ਅੱਜ ਤੋਂ ਕੋਈ ਢਾਈ ਕੁ ਸਾਲ ਪਹਿਲਾਂ, (ਦਿੱਲੀ ਦੇ ਕੁੱਝ ਇਲਾਕਿਆਂ ਵਿਚ) ਅੱਖੀਂ ਦੇਖਣ ਵਾਲੇ ਸੱਜਣ ਨੇ ਦੱਸਿਆ ਕਿ ਇੱਕ ਨਿਹੰਗ ਬਾਣੇ ਵਿੱਚ ਵਿਚਰ ਰਹੇ ਵਿਅਕਤੀ ਨੇ ਸਿੱਖ ਸੰਗਤਾਂ ਨੂੰ ਇਹ ਕਹਿ ਕੇ ਘੋੜੇ ਦੀ ਲਿੱਧ ਪ੍ਰਸ਼ਾਦ ਰੂਪ ਵਿੱਚ ਵੰਡਨੀ ਸ਼ੁਰੂ ਕੀਤੀ ਕਿ ਇਹ ਲਿੱਧ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਦੀ ਨਸਲ ਵਿਚੋਂ ਘੋੜੇ ਦੀ ਹੈ। ਸੰਗਤਾਂ ਉਸ (ਲਿੱਧ) ਨੂੰ ਬੜੀ ਸ਼ਰਧਾ ਪਿਆਰ ਨਾਲ ਆਪਣੇ ਘਰ ਲੈਕੇ ਗਈਆਂ। ਸੋ, ਗੁਰੂ ਸਾਹਿਬ ਨਾਲ ਸਬੰਧਤ ਵਸਤੂਆਂ ਦੀ ਗੁਰੂ ਗਰੰਥ ਸਾਹਿਬ ਨਾਲੋ ਵਧੇਰੇ ਮਹਤੱਤਾ ਨਹੀਂ ਹੈ; ਮਹਤੱਤਾ ਕੇਵਲ `ਤੇ ਕੇਵਲ ਗੁਰੂ ਗਰੰਥ ਸਾਹਿਬ ਜੀ ਦੀ ਹੀ ਹੈ। ਇਹਨਾਂ ਵਿਚਲੀ ਵਿਚਾਰਧਾਰਾ ਨੂੰ ਹੀ ਪੜ੍ਹ ਸੁਣ ਕੇ ਮਨ ਵਿੱਚ ਵਸਾਉਣ ਨਾਲ ਹੀ ਸਾਡੀ ਕਲਿਆਣ ਹੈ।

ਨੋਟ: ਭਾਂਵੇ ਇਤਿਹਾਸ ਵਿੱਚ ਕਈ ਥਾਂਈ ਅਜੇਹੇ ਸੰਕੇਤ ਮਿਲਦੇ ਹਨ ਜਿਹਨਾਂ ਤੋਂ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਕਿ ਸ਼ਸ਼ਤਰਾਂ ਦੀ ਪੂਜਾ ਖ਼ਾਲਸ਼ਾ ਪੰਥ ਵਿੱਚ ਜਾਇਜ਼ ਹੈ। ਪਰੰਤੂ ਗੁਰੂ ਕੇ ਸਿੱਖਾਂ ਨੂੰ ਕਿਸੇ ਵੀ ਅਜਿਹੀ ਗੱਲ ਨੂੰ ਨਹੀਂ ਮੰਣਨਾ ਚਾਹੀਦਾ ਜੇਹੜੀ ਗੁਰੂ ਗਰੰਥ ਸਾਹਿਬ ਦੇ ਆਸ਼ੇ ਦੇ ਵਿਰੁੱਧ ਹੋਵੇ। “ਪੂਜਾ ਅਕਾਲ ਕੀ “ਵਾਲਾ ਸਿਧਾਂਤ ਚੇਤੇ ਰੱਖਣਾ ਚਾਹੀਦਾ ਹੈ।

ਜਸਬੀਰ ਸਿੰਘ ਵੈਨਕੂਵਰ




.