.

ੴ ਵਾਹਿਗੁਰੂ ਜੀ ਕੀ ਫ਼ਤਹਿ॥

ਏਹੁ ਹਮਾਰਾ ਜੀਵਣਾ

-ਇਕਵਾਕ ਸਿੰਘ ਪੱਟੀ

ਸਤਿਗੁਰੂ ਨਾਨਕ ਦੇਵ ਜੀ ਨੇ ਸੰਸਾਰ ਦੇ ਲੋਕਾਂ ਨੂੰ ਅੰਧ ਵਿਸ਼ਵਾਸ਼ੀ, ਕਰਮਕਾਂਢੀ, ਬੇਮੱਤਲਬੀ ਪੂਜਾ, ਅਨੇਕਾਂ ਤਰ੍ਹਾਂ ਦੇ ਡਰਾਂ, ਅਨੇਕਤਾ ਦੀ ਪੂਜਾ ਤੋਂ ਨਿਜ਼ਾਤ ਦਿਵਾ ਕਿ ਸੌਖੀ ਜਿਹੀ ਸਰਲ ਜੀਵਣ ਜਾਂਚ ਜਿਸ ਵਿੱਚ ਕਿਸੇ ਪ੍ਰਕਾਰ ਦੀ ਖੁੱਦੀ ਬਖੀਲੀ, ਈਰਖਾ, ਅਨੇਕਤਾ ਦੀ ਪੂਜਾ, ਫਾਲਤੂ ਅਡੰਬਰਾਂ ਨੂੰ ਕੋਈ ਥਾਂ ਨਾ ਦਿੱਤੀ ਗਈ। ਸਤਿਗੁਰੂ ਜੀ ਨੇ ਇਨਸਾਨ ਨੂੰ ਇਨਸਾਨ ਬਣਨ ਦੀ ਪ੍ਰੇਰਣਾ ਦਿੱਤੀ। ਇੱਕ ਪ੍ਰਮਾਤਮਾ ਦੀ ਗੱਲ ਕਰਦਿਆਂ ਕਿਰਤ ਕਰੋ, ਨਾਮ ਜਪੋ, ਵੰਡ ਛਕਣ ਦਾ ਸਿਧਾਂਤ ਦੇ ਕੇ ਇਨਸਾਨ ਨੂੰ ਮੁਕੰਮਲ ਇਨਸਾਨੀਅਤ ਦਾ ਰਸਤਾ ਵਿਖਾ ਦਿੱਤਾ। ਪਹਿਲਾਂ ਧਰਮ ਦੀ ਕਿਰਤ ਕਰਨਾ, ਫਿਰ ਨਾਮ ਜਪਣਾ ਅਤੇ ਦੂਜਿਆਂ ਲੋੜਵੰਦ ਜੀਵਾਂ ਦੇ ਭਲੇ ਲਈ ਵੰਡ ਕੇ ਛੱਕਣਾ ਇੱਕ ਬਿਲਕੁਲ ਨਵੀਂ ਪਿਰਤ ਪਾ ਦਿੱਤੀ ਸੀ। ਕਿਉਂਕਿ ਬਾਬੇ ਨਾਨਕ ਦਾ ਧਰਮ ਮੁਕੰਮਲ ਇਨਸਾਨੀਅਤ ਦਾ ਧਰਮ ਸੀ। ਜਿਸ ਨੂੰ ਅਪਨਾਉਣ ਵਾਲੇ ਸਿੱਖ ਅਖਵਾਏ। ਗੁਰੂ ਨਾਨਕ ਸਾਹਿਬ ਜੀ ਨੇ ਫਿਰ ਸਿੱਖਾਂ ਨੂੰ ਜੀਵਣ ਜਿਊਣ ਦੀ ਜਾਂਚ ਆਪ ਪ੍ਰੈਕਟੀਕਲ ਕਰਕੇ ਦੱਸੀ। ਕਿਰਤ ਕੀਤੀ, ਨਾਮ ਜਪਿਆ ਅਤੇ ਵੰਡ ਕੇ ਛੱਕਿਆ ਅਤੇ ਛਕਾਇਆ। ਇਨਸਾਨ ਨੂੰ ਵਿਦਿਆਵਾਨ ਬਨਾਉਣ ਲਈ ਦੂਜੇ ਜਾਮੇ ਵਿੱਚ ਛੋਟੇ ਬੱਚਿਆਂ ਦੀਆਂ ਕਲਾਸਾਂ ਲਗਾਈਆਂ ਅਤੇ ਸਾਡਾ ਮਾਰਗ ਦਰਸ਼ਨ ਕੀਤਾ। ਗੱਲ ਕੀ ਗੁਰੂ ਸਾਹਿਬ ਜੀ ਅਤੇ ਬਾਕੀ ਜਾਮਿਆਂ ਨੇ ਮਨੁੱਖੀ ਜੀਵ ਨੂੰ ਸੇਵਾ, ਸਿਮਰਨ, ਉਦਾਰਤਾ, ਪ੍ਰਮਾਤਮਾ ਦਾ ਭਾਣਾ ਮੰਨਣਾ, ਹੁਕਮ ਮੰਨਣਾ, ਧਰਮ ਲਈ ਸ਼ਹਾਦਤਾਂ, ਰਾਜ ਭਾਗ ਲਈ ਮੀਰੀ-ਪੀਰੀ ਦਾ ਸਿਧਾਂਤ, ਅਤੇ ਦਸਵੇਂ ਜਾਮੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸੇ ਦਾ ਲਕਬ ਵੀ ਸਿੱਖ ਨੂੰ ਮਿਲ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੇ ਕਈ ਤਰ੍ਹਾਂ ਦੇ ਇਮਤਿਹਾਨ ਲਏ ਅਤੇ ਸਿੱਖ ਸਾਰੇ ਹੀ ਸਿੱਖੀ ਇਮਤਿਹਾਨਾਂ ਵਿੱਚੋਂ ਪਾਸ ਹੋਏ। ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਖਾਲਸੇ ਤੇ ਐਨਾ ਮਾਣ ਸੀ ਕਿ ਚੋਜੀ ਪ੍ਰੀਤਮ ਜੀ ਨੇ ਇਹਨਾਂ ਨੂੰ ਸਿੱਖਾਂ ਨੂੰ ਆਪਣੇ ਪੁੱਤਰਾਂ ਦਾ ਮਾਣ ਦਿੱਤਾ। ਆਪਣਾ ਖਾਸ ਰੂੂਪ ਤੱਕ ਕਹਿ ਦਿੱਤਾ। ਖਲਾਸਾ ਮੇਰੋ ਰੂਪ ਹੈ ਖਾਸ, ਅਤੇ ਖਾਲਸਾ ਮੇਰੀ ਜਾਨ ਕੀ ਜਾਨ ਕਹਿ ਕੇ ਸਿੱਖਾਂ ਨੂੰ ਸਨਮਾਨਿਆ।
ਗੁਰੂ ਸਾਹਿਬ ਜੀ ਨੇ ਪਤਾ ਨਹੀਂ ਕੀ ਸੋਚ ਕੇ ਐਲਾਨ ਕਰ ਦਿੱਤਾ ਕਿ
ਜਬ ਲਗ ਖਾਲਸਾ ਰਹੈ ਨਿਆਰਾ॥ ਤਬ ਲਗ ਤੇਜ ਦੀਉ ਮੈਂ ਸਾਰਾ॥
ਜਬ ਏਹ ਗਹੈ ਬਿਪਰਨ ਕੀ ਰੀਤ॥ ਮੈ ਨ ਕਰਉਂ ਇਨਕੀ ਪ੍ਰਤੀਤ॥
ਸ਼ਾਇਦ ਸਿੱਖਾਂ ਨੂੰ ਤਾਕੀਦ ਕਰਨੀ ਸੀ ਕਿ ਭੁੱਲ ਕੇ ਵੀ ਬ੍ਰਹਾਮਣਵਾਦੀ ਜੂਲੇ ਵਿੱਚ ਮੁੜ ਨਾ ਫਸ ਜਾਣਾ ਜਿਸ ਵਿੱਚ ਦਸ ਜਾਮੇ ਧਾਰਨ ਕਰਨ ਉਪਰੰਤ ਅਤੇ ਲਗਭਗ 239 ਸਾਲ ਦਾ ਲੰਮਾ ਸਮਾਂ ਲਗਾ ਕੇ ਤੁਹਾਨੂੰ ਕੱਢਿਆ ਹੈ। ਜੇਕਰ ਤੁਸੀਂ ਇਹ ਗਲਤੀ ਕੀਤੀ ਤਾਂ ਮੇਰੀ ਖੁਸ਼ੀ ਤੁਹਾਡੇ ਤੇ ਨਹੀਂ ਰਹੇਗੀ। ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲ ਪਿਆਨਾ ਕਰਨ ਤੋਂ ਬਾਅਦ ਸਿੱਖਾਂ ਨੇ ਗੁਰੂ ਜੀ ਵੱਲੋਂ ਦੱਸੀ ਗਈ ਜੀਵਣ ਜਾਂਚ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਿਆ ਅਤੇ ਬ੍ਰਹਾਮਣਵਾਦ ਨੂੰ ਨੇੜੇ ਨਾ ਫਟਕਣ ਦਿੱਤਾ ਅਤੇ ਨਾਨਕਵਾਦ ਦਾ ਝੰਡਾ ਬੁਲੰਦ ਕਰਨ ਲਈ ਭਾਵੇਂ ਸਰੀਰ ਕੱਟਦਾ ਕੱਟ ਗਿਆ, ਆਰਿਆਂ ਨਾਲ ਚੀਰਿਆ ਗਿਆ, ਚਰਖੜੀਆਂ ਤੇ ਚੜ੍ਹ ਗਏ, ਬੰਦ-ਬੰਦ ਕੱਟੇ ਗਏ, ਖੋਪਰੀਆਂ ਲੋਹਾ ਦਿੱਤੀਆਂ ਪਰ ਸਿੱਖੀ ਸਰੂਪ, ਸਿੱਖੀ ਸਿਧਾਂਤ ਨੂੰ ਕਦੀ ਕੋਈ ਆਂਚ ਨਹੀਂ ਆਉਣ ਦਿੱਤੀ।
ਪਰ ਅੱਜ ਦੇ ਹਾਲਾਤ ਤੱਕ ਰੋਣਾ ਆਉਂਦਾ ਹੈ ਕਿ ਅੱਜ ਕੀ ਹਾਲਤ ਬਣੀ ਪਈ ਹੈ ਸਾਡੀ? ਜਿਸ ਪੁਜਾਰੀਵਾਦ ਦਾ ਗੁਰੂ ਨਾਨਕ ਸਾਹਿਬ ਜੀ ਨੇ ਵਿਰੋਧ ਕੀਤਾ ਸੀ, ਜਿਸ ਅੰਧਵਿਸ਼ਵਾਸਾਂ, ਕਰਮਕਾਂਢਾਂ ਵਿੱਚੋਂ ਫਸੀ ਹੋਈ ਮਨੁੱਖਤਾ ਨੂੰ ਕੱਢਿਆ ਸੀ। ਅੱਜ ਕੌਮ ਉਸੇ ਰੀਤਾਂ ਵਿੱਚ ਮੁੱੜ ਗ੍ਰਸੀ ਪਈ ਹੈ। ਅੱਜ ਸਾਡੀ ਜੀਵਣ ਜਾਂਚ ਇਤਨੀ ਜਿਆਦਾ ਗਰਕ ਚੁੱਕੀ ਹੈ ਕਿ ਗੁਰੂ ਸਾਹਿਬ ਜੀ ਦੀ ਹਜੂਰੀ ਵਿੱਚ ਬੈਠਣ ਵਾਲੇ ਸਾਡੇ ਗ੍ਰੰਥੀ, ਪਾਠੀ ਸਿੰਘ, ਤਖਤਾਂ ਤੇ ਬਿਰਾਜਮਾਨ ਸਾਡੀ ਕੋਮ ਦੇ ਮਹਾਨ ਜਥੇਦਾਰ, ਸਾਡੀਆਂ ਸਿਰਮੌਰ ਅਤੇ ਸ਼੍ਰੋਮਣੀ ਜਥੇਬੰਦੀਆਂ ਦੇ ਪ੍ਰਧਾਨ ਅਤੇ ਧਰਮ ਪ੍ਰਚਾਰ ਕਮੇਟੀਆਂ ਦੇ ਤਨਖਾਹ ਦਾਰ ਮੁਲਾਜ਼ਮ ਜਿਹਨਾਂ ਵਿੱਚੋਂ ਬਹੁਤਿਆਂ ਦਾ ਅੰਮ੍ਰਿਤ ਛੱਕਣ ਦਾ ਕਾਰਣ ਹੀ ਨੌਕਰੀ ਹੈ। ਅਤੇ ਕੌਮ ਨੂੰ ਢੱਠੇ ਖੂਹ ਵਿੱਚ ਸੁਟਣ ਦਾ ਪੂਰਾ ਕੰਮ ਕਰ ਰਹੇ ਹਨ। ਇਹ ਤਾਂ ਹੈ ਆਪਣਿਆਂ ਦੀ ਲਿਸਟ ਅਤੇ ਜਿਹੜੇ ਦੁਸ਼ਮਣ ਹਨ ਉਹਨਾਂ ਵਿੱਚ ਵੀ ਰਾਧਾ ਸੁਆਮੀ, ਸੌਦਾ ਸਾਦ, ਆਸ਼ੂਤੋਸ਼ੀਏ, ਨੂਰਮਹਿਲੀਏ, ਭਨਿਆਰੀਏ, ਨਕਲੀ ਨਿਰੰਕਾਰੀ, ਹੋਰ ਹਾਜ਼ਾਰਾਂ ਹੀ ਪੰਥ ਵਿਰੋਧੀ ਡੇਰੇ, ਸੰਸਥਾਵਾਂ, ਸੰਤਾਂ ਦੇ ਰੂਪ ਵਿੱਚ ਬੈਠੇ ਠੱਗ, ਸਿੱਖ ਵਿਰੋਧੀ ਮੀਡੀਆ, ਅਖੌਤੀ ਪੰਥਕ ਸਰਕਾਰਾਂ, ਆਦਿ ਆਦਿ। ਅੱਜ ਸਿੱਖਾਂ ਵਿੱਚ ਦਲੀਲ, ਵੀਚਾਰ, ਤਰਕ ਵਾਲੀ ਕੋਈ ਗੱਲ ਨਹੀਂ ਰਹੀ। ਸੂਝ ਬੂਝ ਦੀ ਵੱਡੀ ਘਾਟ ਆ ਖੜੀ ਹੈ। ਜਿਸ ਦਾ ਫ਼ਾਇਦਾ ਸਾਡੇ ਦੁਸ਼ਮਣ ਸਾਡੇ ਕੋਲੋਂ ਆਪ ਜੀ ਲਈ ਜਾ ਰਹੇ ਹਨ। ਇਸ ਲੇਖ ਵਿੱਚ ਮੈਂ ਕੌਮ ਦੇ ਕੁੱਝ ਮਹੱਤਵਪੂਰਨ ਘਟਨਾਵਾਂ ਦਾ ਜ਼ਿਕਰ ਕਰਾਂਗਾ।
“ਰੋਜ਼ਾਨਾ ਸਪੋਕਸਮੈਨ” ਜੇ ਕਹਿ ਲਿਆ ਜਾਵੇ ਕਿ ਅੱਜ ਇਸ ਟਰੱਸਟ ਅਖਬਾਰ ਨੇ ਕੌਮ ਦੀ ਡੁੱਬਦੀ ਹੋਈ ਬੇੜੀ ਵਿੱਚ ਸਵਾਰ ਨਾਨਕ ਨਾਮਲੇਵਾ ਸਿੱਖਾਂ ਨੂੰ ਜਿਹੜੇ ਸਿੱਖੀ ਲਈ ਕੁੱਝ ਕਰਨਾ ਚਾਹੁੰਦੇ ਹਨ ਅਤੇ ਮੌਜੂਦਾ ਹਾਲਾਤਾਂ ਤੋਂ ਚਿੰਤਤ ਹਨ ਨੂੰ ਇੱਕ ਆਸ, ਉਮੀਦ ਦੀ ਨਵੀਂ ਕਿਰਨ ਦਿੱਤੀ ਹੈ। ਤਾਂ ਇਸ ਵਿੱਚ ਕੋਈ ਅਤਿ ਕਥਨੀ ਨਹੀਂ ਹੋਵੇਗੀ। ਅੱਜ ਸਪੋਕਸਮੈਨ ਨੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਸਿਧਾਂਤ ਸਚ ਸੁਣਾਇਸੀ ਸਚੁ ਕੀ ਬੇਲਾ ਨੂੰ ਪ੍ਰਚਾਰਨ ਹਿੱਤ ਬੀੜਾ ਚੁੱਕਿਆ ਹੈ, ਇੱਕ ਸ਼ਲਾਘਾਯੋਗ ਉੱਦਮ ਹੈ। ਹੁਣ ਚਾਹੀਦਾ ਤਾਂ ਇਹ ਸੀ ਕਿ ਜੇਕਰ ਰੋਜ਼ਾਨਾ ਸਪੋਕਸਮੈਨ ਸਿੱਖੀ ਲਈ ਕੁੱਝ ਕਰਨ ਲਈ ਨਿਧੜਕ ਹੋ ਕੇ ਨੰਗ ਪਿੰਡੇ ਅੱਗੇ ਆਇਆ ਹੈ ਤਾਂ ਗੁਰੂ ਨਾਨਕ ਸਾਹਿਬ ਜੀ ਦਾ ਹਰ ਸਿੱਖ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਇਸਦਾ ਸਾਥ ਦੇਵੇ। ਸਾਡੀਆਂ ਸ੍ਰੋਮਣੀ ਸੰਸਥਾਵਾਂ ਜਿਹੜੀਆਂ ਅੱਜ ਤੱਕ ਕੌਮ ਦੇ ਪੈਸੇ ਨਾਲ ਸੰਗਮਰਮਰ ਦੀਆਂ ਅਲੀਸ਼ਾਨ ਇਮਾਰਤਾਂ ਬਣਾ ਰਹੀਆਂ ਹਨ, ਆਪਣੇ ਘਰ ਭਰ ਰਹੀਆਂ ਹਨ, ਸੰਗਤ ਦੇ ਪੈਸੇ ਦੀ ਦੁਰਵਰਤੋਂ ਕਰਕੇ ਅਖਬਾਰਾਂ ਦੀਆਂ ਸੁਰਖੀਆਂ ਬਣ ਚੁੱਕੀਆਂ ਹਨ ਅੱਜ ਸਮਾਂ ਸੰਭਾਲਦੇ ਹੋਏ ਆਪਣੇ ਪੁਰਾਣੇ ਕੀਤੇ ਕੁਕਰਮਾਂ ਤੇ ਪਰਦਾ ਪਾਉਣ ਲਈ ਇਸ ਅਖਬਾਰ ਦਾ ਖੁੱਲੇ ਆਮ ਸਾਥ ਦੇਣ ਅਤੇ ਸਿੱਖ ਸੰਗਤਾਂ ਨੂੰ ਦੱਸ ਦੇਣ ਕਿ ਅਸੀਂ ਵੀ ਕੋਈ ਚੰਗਾ ਕੰਮ ਕਰ ਲਿਆ ਹੈ। ਪਰ ਇਹਨਾਂ ਨੇ ਗੁਰਦੁਆਰਿਆਂ ਅਤੇ ਤਖਤਾਂ ਦੇ ਨਾਮ ਦੀ ਗਲਤ ਵਰਤੋਂ ਕਰਕੇ ਇਸ ਅਖਬਾਰ ਦੇ ਸੰਪਾਦਕ ਅਤੇ ਅਖਬਾਰ ਦੇ ਵਿਰੁੱਧ ਹੀ ਹੁਕਮਨਾਮੇ ਜਾਰੀ ਕਰ ਛੱਡੇ। ਸੱਭ ਕੁੱਝ ਹੋਣ ਦੇ ਬਾਵਜੂਦ ਵੀ ਸਪੋਕਸਮੈਨ ਨੇ ਦਿੱਨ ਦੁਗਣੀ ਅਤੇ ਰਾਤ ਚੋਗੁਣੀ ਤਰੱਕੀ ਕੀਤੀ। ਸਾਡੇ ਜੱਥੇਦਾਰ ਹੁਣ ਜਾਣਦੇ ਹਨ ਕਿ ਸਪੋਕਸਮੈਨ ਸਹੀ ਹੈ, ਪਰ ਫਿਰ ਵੀ ਆਪਣੀ ਕੁਰਸੀ ਦੀ ਹਵਸ ਵਿੱਚ ਸਪੋਕਸਮੈਨ ਦਾ ਵਿਰੋਧ ਕਰਨੋ ਨਹੀਂ ਹਟਦੇ। ਮਿਸਾਲ ਦੇ ਤੌਰ ਤੇ ਸਹਿਜਧਾਰੀ ਦਾ ਮਸਲਾ ਹੀ ਲੈ ਲਉ। ਇਸ ਵਿੱਚ ਸ਼੍ਰੋਮਣੀ ਕਮੇਟੀ ਦੀ ਭੂਮਿਕਾ ਲਿਖਣ ਦੀ ਲੋੜ ਨਹੀਂ ਕਿਉਂਕਿ ਸਾਰੇ ਪਾਠਕਾਂ ਨੇ ਅਖਬਾਰਾਂ ਵਿੱਚ ਪੜ੍ਹੀ ਹੀ ਹੈ। ਇਸ ਬਾਰੇ ਸਪੋਕਸਮੈਨ ਦੀ ਇੱਕ ਬੇਬਾਕ ਟਿੱਪਣੀ ਆਪਣੀ ਸੰਪਾਦਕੀ ਵਿੱਚ ਕਰ ਦਿੱਤੀ ਕਿ “ਜਿਹੜੀ ਕਮੇਟੀ ਸਿੱਖ ਦੀ ਪਰਿਭਾਸ਼ਾ ਹੀ ਨਹੀਂ ਦੱਸ ਸਕਦੀ ਉਹ ਕਾਹਦੀ ਸ਼੍ਰੋਮਣੀ ਤੇ ਕਾਹਦੀ ਸੁਪਰੀਮ?” ਅਗਲੇ ਦਿਨ ਹੀ ਇਸਦੇ ਇਵਜ਼ ਵੱਜੋਂ ਆਪਣੀ ਕੀਤੀ ਗਈ ਗਲਤੀ ਨੂੰ ਦਰੁਸੱਤ ਕਰਨ ਦੀ ਥਾਂ ਕਮੇਟੀ ਦਾ ਪ੍ਰਧਾਨ ਕਾਨਫਰੰਸ ਵਿੱਚ ਸਪੋਕਸਮੈਨ ਦੇ ਪੱਤਰਕਾਰ ਨੂੰ ਇਸੇ ਟਿੱਪਣੀ ਕਰਕੇ ਹੀ ਕੱਢ ਦਿੰਦਾ ਹੈ। ਦੱਸੋ ਕੀ ਕਰੀਏ? ਕਿਸ ਅੱਗੇ ਕਰੀਏ ਫਰਿਆਦ? ਇਹ ਸਾਡੀ ਅੱਜ ਹਾਲਤ ਬਣੀ ਹੋਈ ਹੈ।
**********
ਕੀਰਤਨ:- ਕੀਰਤਨ ਦੀ ਦਾਤ ਵੀ ਸਤਿਗੁਰੂ ਨਾਨਕ ਸਾਹਿਬ ਜੀ ਦੀ ਇੱਕ ਕਮਾਲ ਦੀ ਦੇਣ ਹੈ। ਜਿਸਦੇ ਰਾਗਾਂ ਵਿੱਚ ਗੁਰਬਾਣੀ ਨੂੰ ਗਾਇਨ ਕਰਨ ਨਾਲ ਪ੍ਰਭੂ ਪ੍ਰਮਾਤਮਾ ਦੇ ਨਾਲ ਮਿਲਣ ਦਾ ਤਰੀਕਾ ਸਮਝਾਇਆ। ਗੁਰੂ ਸਾਹਿਬਾਨ ਨੇ ਗੁਰਬਾਣੀ ਕੀਰਤਨ ਕਰਨ ਵਾਲੇ ਗੁਰਸਿੱਖਾਂ ਬੇਅੰਤ ਪ੍ਰਕਾਰ ਦੇ ਮਾਣ ਸਨਮਾਨ ਦੇ ਨਾਲ ਨਿਵਾਜਿਆ। ਗੁਰਬਾਣੀ ਵਿੱਚ ਜਿੱਥੇ ਕੀਰਤਨ ਹੋ ਰਿਹਾ ਹੋਵੇ ਉਸ ਥਾਂ ਨੂੰ ਸਵਰਗ ਆਖਿਆ ਗਿਆ। ਗੁਰੂ ਸਾਹਿਬ ਆਪ ਕੀਰਤਨ ਕਰਦੇ ਰਹੇ ਸਨ। ਪਰ ਅੱਜ ਦੇ ਕੀਰਤਨੀਆਂ ਦੀ ਹਾਲਤ ਵੇਖ ਲਉ, ਹਰ ਪਾਸੇ ਮਾਇਆ ਪ੍ਰਧਾਨ ਹੈ। ਕੀਰਤਨ ਪ੍ਰਭੂ ਪ੍ਰਾਪਤੀ ਦਾ ਇੱਕ ਸੋਖਾ ਵਸੀਲਾ ਸੀ। ਜਿਸਨੂੰ ਅੱਜ ਰੁਜ਼ਗਾਰ ਪ੍ਰਾਪਤੀ ਦਾ ਵਸੀਲਾ ਬਣਾ ਛੱਡਿਐ। ਅੱਜ ਰਾਗੀ ਸਿੰਘਾਂ ਦੀ ਇੱਕ ਵੱਡੀ ਗਿਣਤੀ ਲੱਖਾਂ ਰੁਪਿਆ ਕੀਰਤਨ ਤੋਂ ਕਮਾ ਰਹੀ ਹੈ, ਪਰ ਉਹ ਆਪ ਗੁਰਬਾਣੀ ਨੂੰ ਕਿੰਨਾ ਸਮਝਦੀ, ਪੜ੍ਹਦੀ ਅਤੇ ਆਪਣੇ ਜੀਵਣ ਵਿੱਚ ਅਮਲੀ ਰੂਪ ਵਿੱਚ ਵਸਾ ਰਹੀ ਹੈ। ਇਸ ਬਾਰੇ ਕੁੱਝ ਵੀ ਕਹਿਣ ਦੀ ਜ਼ਰੂਰਤ ਨਹੀਂ। ਅੱਜ ਸੰਗਤਾਂ ਨੂੰ ਇੱਕ ਘੰਟਾ ਗੁਰਬਾਣੀ ਕੀਰਤਨ ਸਰਵਣ ਕਰਵਾਉਣ ਦੇ ਲੱਖਾਂ ਰੁਪਏ ਮੰਗੇ ਜਾ ਰਹੇ ਹਨ। ਅਮੀਰਾਂ ਦੇ ਸਮਾਗਮਾਂ ਵਿੱਚ ਜਾਣ ਲਈ, ਵੱਡੇ-ਵੱਡੇ ਉਹ ਗੁਰਮਤਿ ਸਮਾਗਮ ਜਿਹਨਾਂ ਦਾ ਲਈਵ ਟੈਲੀਕਾਸਟ ਕੀਤਾ ਜਾਣਾ ਹੋਵੇ ਵਿੱਚ ਪਹੁੰਚਣ ਲਈ ਸਾਰੇ ਹੀ ਰਾਗੀ ਸਿੰਘਾਂ ਕੋਲ ਵਾਧੂ ਸਮਾਂ ਹੈ, ਪਰ ਕਿਸੇ ਗਰੀਬ ਦੀ ਕੁੱਲ਼ੀ ਵਿੱਚ ਜਾ ਕੇ ਗੁਰਬਾਣੀ ਦਾ ਪ੍ਰਵਾਹ ਚਲਾਉਣ ਲਈ ਇਹਨਾਂ ਕੋਲ ਸਮੇਂ ਦੀ ਬਹੁੱਤ ਵੱਡੀ ਘਾਟ ਪੈਦਾ ਹੋ ਜਾਂਦੀ ਹੈ। ਫਿਰ ਇਹਨਾਂ ਵੱਲੋਂ ਸੁਣਾਈਆਂ ਜਾਂਦੀਆਂ ਬ੍ਰਾਹਮਣੀ ਰੰਗ ਵਿੱਚ ਰੰਗੀਆਂ ਸਾਖੀਆਂ, ਕੱਚ ਕਰੜ ਕਥਾਵਾਂ ਅਤੇ ਊਟ ਪਟਾਂਗ ਜਿਹੀਆਂ ਕਹਾਣੀਆਂ ਜਿਹੜੀਆਂ ਇਹ ਸੁਣਾਉਂਦੇ ਹਨ ਦਾ ਜ਼ਿਕਰ ਨਾ ਹੀ ਕੀਤਾ ਜਾਵੇ ਤਾਂ ਚੰਗਾ ਹੈ। ਕੋਈ ਬਾਬਾ ਦੀਪ ਸਿੰਘ ਜੀ ਨੂੰ ਮਟਰਾਂ ਵਾਲੇ ਚੋਲ ਖੁਆ ਰਿਹਾ ਹੈ, ਕੋਈ ਖੋਤੀ ਨੂੰ ਰਟਾਣੀ ਬਣਾ ਰਿਹਾ ਹੈ, ਕੋਈ ਗੁਰੂ ਸਾਹਿਬ ਨੂੰ ਬ੍ਰਾਹਮਣ ਸਾਬਤ ਕਰ ਰਿਹਾ ਹੈ, ਕੋਈ ਭਗਤ ਧੰਨੇ ਨੂੰ ਪੱਥਰ ਵਿੱਚੋਂ ਰੱਬ ਪ੍ਰਗਟ ਕਰਕੇ ਦੇ ਰਿਹਾ ਹੈ, ਕੋਈ ਆਰਤੇ ਕਰਵਾ ਰਿਹਾ ਹੈ, ਕੋਈ ਤੀਰਥ ਇਸ਼ਨਾਨ ਦੀ ਮਾਨਤਾ ਦੱਸ ਰਿਹਾ ਹੈ, ਕੋਈ ਗੁਰਬਾਣੀ ਦੇ ਵੱਖ ਵੱਖ ਸ਼ਬਦਾਂ ਦੇ ਵੱਖਰੇ ਵੱਖਰੇ ਫਲ ਦੱਸ ਰਿਹਾ ਹੈ, ਕੋਈ ਸੁਖਮਨੀ ਸਾਹਿਬ ਦੇ 51 ਪਾਠਾਂ ਨੂੰ ਅਖੰਡ ਪਾਠ ਦੇ ਬਰਾਬਰ ਦੱਸ ਰਿਹਾ ਹੈ, ਕੋਈ ਕੁੱਝ ਕਰ ਰਿਹਾ ਹੈ ਅਤੇ ਕੋਈ ਕੁੱਝ, ਪਰ ਗਰਮਤਿ ਦੀ ਗੱਲ ਕਰਨ ਲਈ ਤਿਆਰ ਨਹੀਂ ਹੈ।
ਮੇਰਾ ਤਬਲਾ ਵਾਦਕ ਹੋਣ ਕਰਕੇ ਬਹੁਤੇ ਰਾਗੀਆਂ ਨਾਲ ਵਾਹ ਪੈਂਦਾ ਰਹਿੰਦਾ ਹੈ। ਜਿਹਨਾਂ ਵਿੱਚੋਂ ਕੁੱਝ ਕੁ ਦਾ ਜ਼ਿਕਰ ਕਰਾਂਗਾ। ਬੀਤੇ ਸਾਲ ਦਸੰਬਰ ਮਹੀਨੇ ਵਿੱਚ ਐਤਵਾਰ ਦੇ ਦਿਨ ਦੁਪਿਹਰ ਦੇ ਸਮੇਂ ਇੱਕ ਹੈੱਡ ਜਥੇਦਾਰ ਸਾਹਿਬ ਦਾ ਫੋਨ ਆ ਗਿਆ। ਕਹਿਣ ਲੱਗੇ ਕਿ ਜਲਦੀ ਹੀ ਕਾਲੀ ਪੱਗ ਬੰਨ੍ਹ ਲਉ ਦੋ ਪ੍ਰੋਗਰਾਮ ਇਕੱਠੇ ਹੀ ਬੁੱਕ ਹੋ ਗਏ ਹਨ। ਵੈਸੇ ਤਾਂ ਮੈਂ ਆਪਣੇ ਛੋਟੇ ਭਾਈ ਸਾਹਿਬ ਜੀ ਨਾਲ ਹੀ ਕੀਰਤਨ ਦੀ ਸੇਵਾ ਨਿਭਾਉਂਦਾ ਹਾਂ, ਪਰ ਜੇਕਰ ਕਿਸੇ ਨੂੰ ਲੋੜ ਪੈ ਜਾਵੇ ਤਾਂ ਸਾਥ ਦੇ ਆਈਦਾ ਹੈ। ਜਦ ਤਿਆਰ ਹੋ ਕਿ ਪੁੱਜੇ ਤਾਂ ਪਤਾ ਲੱਗਾ ਕਿ ਪਹਿਲਾ ਸਮਾਗਮ ਮਰਗ ਦੇ ਸਬੰਧ ਵਿੱਚ ਸੀ ਅਤੇ ਦੂਜਾ ਸਮਾਗਮ ਅਨੰਦ ਕਾਰਜ ਦਾ ਸੀ। ਪਹਿਲਾ ਸਮਾਗਮ ਭੁਗਤਾਇਆ ਤੇ ਦੂਜੇ ਵੱਲ ਨੂੰ ਚਾਲੇ ਪਾ ਦਿੱਤੇ। ਅਨੰਦ ਕਾਰਜ ਦਾ ਸਮਾਗਮ ਸਥਾਨਕ ਗੁਰਦੁਆਰੇ ਵਿੱਚ ਸੀ, ਅਤੇ ਉਸ ਗੁਰਦੁਆਰੇ ਦੇ ਮੁੱਖ ਗ੍ਰੰਥੀ ਵੱਜੋਂ ਸਾਡੇ ਜੱਥੇ ਦੇ ਹੈੱਡ ਰਾਗੀ ਸਿੰਘ ਦੇ ਪਿਤਾ ਜੀ ਡਿਊਟੀ ਨਿਭਾਅ ਰਹੇ ਸਨ। ਇਸ ਲਈ ਸਾਡੇ ਜਥੇਦਾਰ ਸਾਹਿਬ ਦਾ ਵੀ ਗੁਰਦੁਆਰਾ ਸਾਹਿਬ ਵਿੱਚ ਪੂਰਾ ਰੋਅਬ ਸੀ। ਪਰ ਆ ਕੀ ਬਣ ਗਿਆ? ਜਦ ਅੰਦਰ ਗਏ ਤਾਂ ਉੱਥੇ ਪਹਿਲਾਂ ਤੋਂ ਹੀ ਇੱਕ ਹੋਰ ਜੱਥਾ ਬੈਠਾ ਹੋਇਆ ਸੀ। ਹੁਣ ਪੈ ਗਈ ਭਸੂੜੀ। ਉਹ ਕਹੇ ਕੀਰਤਨ ਅਸੀਂ ਕਰਨਾ ਉਧਰੋਂ ਸਾਡੇ ਸਾਬ੍ਹ ਕਹਿਣ ਅਸੀਂ ਕਰਨਾ। ਉਹ ਕਹੇ ਮੁੰਡੇ ਵਾਲਿਆਂ ਨੇ ਸਾਨੂੰ ਕਿਹਾ ਤੇ ਸਾਡੇ ਜਥੇਦਾਰ ਜੀ ਕਹਿਣ ਕੁੜੀ ਵਾਲਿਆਂ ਨੇ ਸਾਨੂੰ ਕਿਹਾ। ਹੋ ਗਈ ਤੂੰ-ਤੂੰ ਤੇ ਮੈਂ-ਮੈਂ ਸ਼ੁਰੂ। ਮੈਂ ਸੋਚਿਆ ਤੇ ਆਪਣੇ ਜਥੇਦਾਰ ਨੂੰ ਸਮਝਾਇਆ ਕਿ ਭਾਈ ਜੀ ਆਪਾਂ ਇਹਨਾਂ ਨੂੰ ਕੀਰਤਨ ਕਰ ਲੈਣ ਦਈਏ ਆਪਾਂ ਤਾਂ ਇੱਥੇ ਕੀਰਤਨ ਕਰਦੇ ਹੀ ਰਹੀਦਾ ਹੈ, ਇਹ ਆਪਣੇ ਮਹਿਮਾਨ ਨੇ। ਇੰਨੇ ਨੂੰ ਜਥੇਦਾਰ ਨੇ ਬੜ੍ਹਕ ਮਾਰੀ ਕਿ ਇਹ ਗੁਰਦੁਆਰਾ ਸਾਡਾ ਅੱਡਾ ਹੈ, ਕਿਹੜਾ ਭੈਣ……… ਇੱਥੇ ਕੀਰਤਨ ਕਰ ਜੂ। ਉੱਧਰੋਂ ਕੁੜੀ ਵਾਲੇ ਆ ਕੇ ਕਹਿਣ ਲੱਗੇ ਕਿ ਤੁਸੀਂ ਕੀਰਤਨ ਨਾ ਕਰੋ ਬੇਸ਼ੱਕ ਅਸੀਂ ਹੀ ਤੁਹਾਨੂੰ ਬੁੱਕ ਕੀਤਾ ਸੀ, ਪਰ ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਤੁਸੀਂ ਆਪਣੀ ਭੇਟਾ ਲੈ ਲਉ। ਤਾਂ ਮੈਂ ਬੋਲਿਆ ਨਹੀਂ ਜੀ ਰਹਿਣ ਦਿਉ, ਕੋਈ ਗੱਲ ਨਹੀਂ। ਜਥੇਦਾਰ ਨੇ ਮੇਰਾ ਹੱਥ ਘੁੱਟ ਕੇ ਫੜ੍ਹ ਲਿਆ ਤੇ ਮੈਨੂੰ ਪਿਛੇ ਨੂੰ ਖਿੱਚ ਕੇ ਘਰ ਵਾਲਿਆਂ ਨੂੰ ਕਹਿਣ ਲੱਗਾ ਲਿਆਉ ਫਿਰ ਭੇਟਾ। ਮੈਂ ਦੰਗ ਰਹਿ ਗਿਆ ਕਿ ਆਹ ਕਿੱਦਾਂ ਦੇ ਕੀਰਤਨੀਏ ਨੇ? ਜਦਕਿ ਉਹ ਅਜੇ ਕੁੱਝ ਦਰ ਪਹਿਲਾਂ ਹੀ ਹੀ ਇੱਕ ਸਮਾਗਮ ਤੋਂ ਆ ਰਹੇ ਹਨ, ਉੱਥੋਂ ਵੀ ਭੇਟਾ ਮਿਲੀ ਹੈ, ਇਹ ਕਿਉਂ ਨਹੀਂ ਮੰਨ ਲੈਂਦੇ ਕਿ ਸਮਾਗਮ ਇੱਕ ਹੀ ਬੁੱਕ ਹੋਇਆ ਹੈ। ਪਰ ਮਾਇਆ ਦੀ ਅੰਨ੍ਹੀ ਦੋੜ ਵਿੱਚ ਅੱਜ ਧਰਮ ਪ੍ਰਚਾਰ, ਧਰਮ ਵਾਪਾਰ ਬਣ ਗਿਆ ਹੈ। ਸ਼ਾਇਦ ਇਸੇ ਕਰਕੇ ਹੀ ਕੌਮ ਦੀ ਅਧੋਗਤੀ ਹੋ ਰਹੀ ਹੈ। ਇੱਕ ਹੋਰ ਕੀਰਤਨੀ ਸਿੰਘ ਬਾਰੇ ਜਾਣਕਾਰੀ ਹੈ ਜਿਸਨੇ ਪਾਕਿਸਤਾਨ ਦੀ ਯਾਤਰਾ ਦੌਰਾਨ ਆਪਣੇ ਕੀਰਤਨ ਦੇ ਸਾਜ ਇਸੇ ਕਰਕੇ ਵੇਚ ਦਿੱਤੇ ਸਨ ਕਿ ਉੱਤੇ ਉਸਨੂੰ ਵੱਧ ਮੁੱਲ ਮਿਲ ਗਿਆ ਸੀ ਅਤੇ ਇਹ ਕਾਰਾ ਉਸਨੇ ਲਾਹੋਰ ਵਿੱਚ ਹੀ ਕਰ ਦਿੱਤਾ ਸੀ। ਮੁੜਕੇ ਫਿਰ ਅਗਲੀ ਯਾਤਰਾ ਦੌਰਾਨ ਭਾਵ ਕਿ ਬਾਕੀ ਦੇ ਗੁਰਦੁਆਰਿਆਂ ਵਿੱਚ ਦੂਸਰੇ ਹੋਰ ਗਏ ਹੋਏ ਰਾਗੀਆਂ ਦੇ ਸਾਜ ਮੰਗ-ਮੰਗ ਕੇ ਕੀਰਤਨ ਕਰਦਾ ਰਿਹਾ। ਆਹ ਸਾਡੀ ਕੌਮ ਦੀ ਹਾਲਤ ਬਣੀ ਪਈ ਹੈ। ਗੁਰੂ ਪਿਆਰੇ ਖਾਲਸਾ ਜੀ, ਆਪੋ ਆਪਣਾ ਫਰਜ਼ ਪਹਿਚਾਣੀਏ। ਕੌਮ ਦੇ ਭਲੇ ਲਈ ਕੁੱਝ ਚੰਗਾ ਕਰੀਏ। ਸਿੱਖ ਨੌਜਵਾਨਾਂ ਲਈ, ਸਿੱਖ ਸੰਗਤ ਲਈ ਇੱਕ ਰੋਲ ਮਾਡਲ ਵੱਜੋਂ ਸਾਹਮਣੇ ਆਈਏ ਤਾਂ ਕਿ ਸਿੱਖੀ ਦਾ ਕੁੱਝ ਸਵਾਰਿਆ ਜਾ ਸਕੇ। ਨਾਕਿ ਆਪਣੀਆਂ ਘਟੀਆਂ ਕਰਤੂਤਾਂ ਕਰਕੇ ਕੌਮ ਨੂੰ ਨਾਮੋਸ਼ੀ ਦਿਵਾਈਏ। ਅਤੇ ਉਹ ਗਰੂ ਦੇ ਸਿੰਘ ਸੱਚੇ ਮਾਰਗ ਤੇ ਚੱਲਣ ਵਾਲੇ ਗੁਰਸਿੱਖਾਂ, ਕਥਾਂ ਵਾਚਕਾਂ, ਰਾਗੀ ਸਿੰਘਾਂ, ਪ੍ਰਚਾਰਕਾਂ ਦੇ ਰਾਹ ਵਿੱਚ ਰੋੜ੍ਹਾ ਬਣੀਏ, ਜਿਹੜੇ ਗੁਰਮਤਿ ਦੀ ਰਸ਼ਨੀ ਵਿੱਚ ਬਾਬਾ ਨਾਨਕ ਜੀ ਦੀ ਸਹੀ ਵੀਚਾਰਧਾਰਾ ਦਾ ਪ੍ਰਚਾਰ ਕਰ ਰਹੇ ਹਨ।
ਗੁਰੂ ਭਲੀ ਕਰੇ।
-ਇਕਵਾਕ ਸਿੰਘ ਪੱਟੀ
ਮੈਨੇਜਿੰਗ ਡਾਇਰੇਕਟਰ
ਸੁਰ-ਸਾਂਝ ਗੁਰਮਤਿ ਸੰਗੀਤ ਅਕੈਡਮੀ,
ਜੋਧ ਨਗਰ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ।
ਮੋ. 98150-24920
.