.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਧਰਮਰਾਜ-ਰੱਬੀ ਨਿਯਮਾਵਲੀ

ਪੰਜਵਾਂ ਭਾਗ

ਰਾਗ ਮਾਰੂ ਵਿੱਚ ਕਬੀਰ ਸਾਹਿਬ ਜੀ ਦੇ ਇੱਕ ਹੋਰ ਸ਼ਬਦ ਦਾ ਕੀਰਤਨ ਵੀ ਆਮ ਕਰਕੇ ਮ੍ਰਿਤਕ ਸੰਸਕਾਰ, ਵਰ੍ਹੀਣੇ ਜਾਂ ਸਲਾਣਾ ਬਰਸੀਆਂ `ਤੇ ਕੀਤਾ ਜਾਂਦਾ ਹੈ। ਇਸ ਸ਼ਬਦ ਦੁਆਰਾ ਵੀ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਜਾਂਦਾ ਹੈ ਕਿ ਸਾਡੀ ਧਰਤੀ ਨਾਲੋਂ ਕਿਤੇ ਕੋਈ ਹੋਰ ਧਰਤੀ ਵੀ ਹੈ ਜਿੱਥੇ ਸਰਕਾਰੀ ਮਹਿਕਮਿਆਂ ਵਾਂਗ ਸਾਡੀ ਸਾਰੀ ਜ਼ਿੰਦਗੀ ਦਾ ਹਿਸਾਬ-ਕਿਤਾਬ ਰੱਖਿਆ ਜਾਂਦਾ ਹੈ। ਓੱਥੇ ਧਰਮਰਾਜ ਦੀਆਂ ਬਹੁਤ ਵੱਡੀਆਂ ਵੱਡੀਆਂ ਬਾਹਾਂ, ਅੱਖਾਂ, ਹੱਥ, ਪੈਰ ਜਨੀ ਕਿ ਬਹੁਤ ਵੱਡ-ਆਕਾਰੀ ਰੂਪ ਵਿੱਚ ਬੈਠਾ ਹੋਇਆ ਹੈ। ਕਿਸੇ ਪਾਸੇ ਗਰਮ ਕੜਾਹੇ ਤੇਲ਼ ਦੇ ਤਪ ਰਹੇ ਹਨ, ਜਿੰਨ੍ਹਾਂ ਵਿੱਚ ਮੰਦਕਰਮੀ, ਖੋਟੀ-ਮਤ ਤੇ ਨਾਮ ਨਾ ਸਿਮਰਨ ਵਾਲਿਆਂ ਨੂੰ ਤਲ਼ਿਆ ਜਾ ਰਿਹਾ ਹੈ। ਕਿਸੇ ਪਾਸੇ ਮਨੁੱਖੀ ਕਰਮ ਦੇ ਹਿਸਾਬ ਨਾਲ ਕੋਹਲੂ ਵਿੱਚ ਪਾ ਕੇ ਪੀੜਿਆ ਜਾ ਰਿਹਾ ਹੈ। ਧਰਮਰਾਜ ਇਹ ਸਾਰੀ ਕਿਰਿਆਂ ਦੇਖ ਕੇ ਖੁਸ਼ ਹੋ ਰਿਹਾ ਹੈ। ਚੰਗੇ ਕਰਮ ਕਰਨ ਵਾਲਿਆਂ ਨੂੰ ਕਿਸੇ ਪਾਸੇ ਕੀਰਤਨ ਸੁਣਾਇਆ ਜਾ ਰਿਹਾ ਹੈ। ਉਹ ਸ਼ਹਿਦ ਖਾ ਰਹੇ ਹਨ, ਦੁੱਧ ਪੀ ਰਹੇ ਹਨ, ਜਨੀ ਕਿ ਜ਼ਿੰਦਗੀ ਦੀ ਹਰ ਐਸ਼ ਕਰ ਰਹੇ ਹਨ ਇਹ ਸਾਰਾ ਕੁੱਝ ਧਰਮਰਾਜ ਦੀ ਮਰਜ਼ੀ ਦੇ ਅਨੁਸਾਰ ਹੋ ਰਿਹਾ ਹੈ। ਤੇ ਸਜਾ ਵੱਧ ਘੱਟ ਵੀ ਸਕਦੀ ਹੈ। ਇਸ ਤਰ੍ਹਾਂ ਸਾਡਿਆਂ ਕੀਤਿਆਂ ਕੰਮਾਂ ਦੇ ਹਿਸਾਬ ਨਾਲ ਦਰਜਾ-ਬ-ਦਰਜਾ ਸਾਨੂੰ ਸਜਾ ਮਿਲੇਗੀ। ਪਰ ਗੁਰਬਾਣੀ ਨੇ ਇਹ ਸਾਰੀਆਂ ਪੁਰਾਣਕ ਮਿੱਥਾਂ ਨੂੰ ਜਿੱਥੇ ਰੱਦ ਕੀਤਾ ਹੈ ਓੱਥੇ ਏਸੇ ਜੀਵਨ ਦੇ ਵਿੱਚ ਹੀ ‘ਸਚਿਆਰ ਮਨੁੱਖ’ ਬਣਨ ਦੀ ਵਿਵਸਥਾ ਵੀ ਰੱਖੀ ਹੈ। ---

ਦੇਹੀ ਗਾਵਾ, ਜੀਉ ਧਰ ਮਹਤਉ, ਬਸਹਿ ਪੰਚ ਕਿਰਸਾਨਾ॥

ਨੈਨੂ ਨਕਟੂ ਸ੍ਰਵਨੂ ਰਸਪਤਿ, ਇੰਦ੍ਰੀ ਕਹਿਆ ਨ ਮਾਨਾ॥ 1॥

ਬਾਬਾ, ਅਬ ਨ ਬਸਉ ਇਹ ਗਾਉ॥

ਘਰੀ ਘਰੀ ਕਾ ਲੇਖਾ ਮਾਗੈ, ਕਾਇਥੁ ਚੇਤੂ ਨਾਉ॥ 1॥ ਰਹਾਉ॥

ਧਰਮ ਰਾਇ ਜਬ ਲੇਖਾ ਮਾਗੈ, ਬਾਕੀ ਨਿਕਸੀ ਭਾਰੀ॥

ਪੰਚ ਕ੍ਰਿਸਾਨਵਾ ਭਾਗਿ ਗਏ, ਲੈ ਬਾਧਿਓ ਜੀਉ ਦਰਬਾਰੀ॥ 2॥

ਕਹੈ ਕਬੀਰੁ, ਸੁਨਹੁ ਰੇ ਸੰਤਹੁ, ਖੇਤ ਹੀ ਕਰਹੁ ਨਿਬੇਰਾ॥

ਅਬ ਕੀ ਬਾਰ ਬਖਸਿ ਬੰਦੇ ਕਉ, ਬਹੁਰਿ ਨ ਭਉਜਲਿ ਫੇਰਾ॥

ਰਾਗ ਮਾਰੂ ਬਾਣੀ ਕਬੀਰ ਜੀ ਕੀ ਪੰਨਾ ੧੧੦੪

ਸ਼ਬਦ ਦਾ ਭਾਵ : —ਅੱਖਾਂ, ਕੰਨ, ਨੱਕ ਆਦਿਕ ਇੰਦ੍ਰੇ ਮਨੁੱਖ ਨੂੰ ਮੁੜ ਮੁੜ ਵਿਕਾਰਾਂ ਵਲ ਪ੍ਰੇਰਦੇ ਹਨ । ਇਹਨਾਂ ਦੀ ਮੰਦੀ ਪ੍ਰੇਰਨਾ ਤੋਂ ਬਚਣ ਲਈ ਇੱਕੋ ਹੀ ਤਰੀਕਾ ਹੈ—ਪਰਮਾਤਮਾ ਦੇ ਦਰ ਤੇ ਨਿੱਤ ਪ੍ਰਤੀ ਸ਼ੁਭ ਗੁਣਾਂ ਨੂੰ ਸਮਝ ਕੇ ਉਹਨਾਂ `ਤੇ ਤੁਰਨ ਦਾ ਯਤਨ ਕਰ ਤਾਂ ਕਿ ਐ ਮਨੁੱਖ ਇਸ ਜੀਵਨ ਦੇ ਵਿੱਚ ਹੀ ਤੇਰੇ ਕਾਲ਼ੇ ਲੇਖ ਮੁੱਕ ਜਾਣ ਤੇ ਇਹ ਹਰ ਰੋਜ਼ ਤੈਨੂੰ ਸ਼ੁਭ ਗੁਣਾਂ ਦਾ ਅਭਿਆਸ ਕਰਨਾ ਚਾਹੀਦਾ ਹੈ।  

ਹਰੇਕ ਸ਼ਬਦ ਦੇ ਭਾਵ ਨੂੰ ਜੇ ਅਸੀਂ ਆਪਣੇ `ਤੇ ਢੁਕਾਅ ਦੇ ਦੇਖਣ ਦਾ ਯਤਨ ਕਰਾਂਗੇ ਤਾਂ ਸਾਡੇ ਜੀਵਨ ਵਿਚੋਂ ਵਿਕਾਰਾਂ ਵਾਲੀ ਸੋਚ ਖਤਮ ਹੋ ਜਾਏਗੀ। ਪਰ ਅਸੀਂ ਤੇ ਇਹਨਾਂ ਸ਼ਬਦਾਂ ਨੂੰ ਸਿਰਫ ਮਿਰਤਕ ਪ੍ਰਾਣੀ ਲਈ ਹੀ ਰਾਖਵੇਂ ਰੱਖ ਲਿਆ ਹੋਇਆ ਹੈ। ਸਭ ਤੋਂ ਪਹਿਲਾਂ ਇਸ ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਨੂੰ ਦੇਖਣ ਦਾ ਯਤਨ ਕਰਾਂਗੇ ਤਾਂ ਕਿ ਧਰਮਰਾਜ ਭਾਅ ਜੀ ਦੀ ਸਾਨੂੰ ਸਮਝ ਆ ਸਕੇ—

ਬਾਬਾ, ਅਬ ਨ ਬਸਉ ਇਹ ਗਾਉ॥

ਘਰੀ ਘਰੀ ਕਾ ਲੇਖਾ ਮਾਗੈ, ਕਾਇਥੁ ਚੇਤੂ ਨਾਉ॥

ਜਦੋਂ ਇਸ ਸ਼ਬਦ ਨੂੰ ਆਪਣੇ ਆਪ ਤੇ ਢੁਕਾਅ ਕੇ ਦੇਖਾਂਗੇ ਤਾਂ ਸਾਡੀ ਆਤਮਾ, ਅੰਤਰ ਆਤਮਾ ਜਾਂ ਸਾਡੀ ਸਹੀ ਦਿਸ਼ਾ ਵਲ ਚੱਲ ਰਹੀ ਚੇਤੰਤਾ ਸਾਨੂੰ ਇਹ ਕਹਿ ਰਹੀ ਹੈ ਕਿ ਮੈਂ ਇਸ ਸਰੀਰ ਵਿੱਚ ਨਹੀਂ ਰਹਿਣਾ- “ਬਾਬਾ, ਅਬ ਨ ਬਸਉ ਇਹ ਗਾਉ” ਕਿਉਂਕਿ ਮੇਰਾ ਸ਼ੈਤਾਨ ਰੂਪੀ ਮਨ ਮੈਨੂੰ ਹਮੇਸ਼ਾਂ ਬੁਰਾਈਆਂ ਵਲ ਨੂੰ ਪ੍ਰੇਰਦਾ ਰਹਿੰਦਾ ਹੈ। ਮਨ ਦੀਆਂ ਮਾੜੀਆਂ ਭਾਵਨਾਵਾਂ ਚੰਗੇ ਵਿਚਾਰਾਂ ਨੂੰ ਹਮੇਸ਼ਾਂ ਦਬਾ ਕੇ ਰੱਖਦੀਆਂ ਹਨ। ਮਨ ਦਾ ਦੂਜਾ ਸੁਭਾਅ ਹੈ ਕਿ ਮੈਨੂੰ ਕੋਈ ਵੀ ਮਾੜੇ ਕਰਮ ਕਰਨ ਤੋਂ ਨਾ ਰੋਕੇ, ਪਰ ਅੰਤਰ-ਆਤਮੇ ਦੀ ਅਵਾਜ਼ ਜੋ ਗੁਰ-ਗਿਆਨ ਵਿਚੋਂ ਪ੍ਰਗਟ ਹੋਈ ਹੈ, ਅਜੇਹਾ ਨਹੀਂ ਕਰਨ ਦੇਂਦੀ। ਸੱਚ ਤੇ ਸ਼ੁਭ ਗੁਣਾਂ ਰੂਪੀ ਅਵਾਜ਼ ਨੂੰ ਪਤਾ ਹੈ ਕਿ ਮਾੜੇ ਕਰਮਾਂ ਕਰਕੇ ਮੈਨੂੰ ਹੀ ਸਮਾਜ ਵਿੱਚ ਜਾਂ ਆਪਣੀ ਆਤਮਾ `ਤੇ ਮੈਨੂੰ ਹੀ ਲੇਖਾ ਦੇਣਾ ਪੈਣਾ ਹੈ। ਸ਼ੈਤਾਨ-ਮਨ ਦੇ ਆਖੇ ਲੱਗ ਕੇ ਜਿਹੜਾ ਵੀ ਕਰਮ ਕਰਾਂਗੇ ਉਹੀ ਛਾਪ ਸਾਡੇ ਸੁਭਾਅ `ਤੇ ਲੱਗ ਜਾਣੀ ਹੈ। ਜਿਉਂਦੀ ਜਾਗਦੀ ਆਤਮਾ ਕਹਿ ਰਹੀ ਹੈ ਐ ਮੇਰੇ ਸ਼ੈਤਾਨ ਮਨ! ਤੂੰ ਘਟੀਆ ਖ਼ਿਆਲਾਂ ਨੂੰ ਛੱਡ ਦੇ ਕਿਉਂਕਿ ਇਹ ਲੇਖਾ ਮੈਨੂੰ ਹੀ ਦੇਣਾ ਪੈਣਾ ਹੈ।

ਸ਼ਬਦ ਦੇ ਦੂਸਰੇ ਬੰਦ ਵਿੱਚ ਸਾਡੇ ਸਰੀਰ ਦੇ ਗਿਆਨ ਇੰਦ੍ਰੇ ਆਪ ਹੁਦਰੇ ਚੌਧਰੀ ਬਣੇ ਹੋਏ ਹਨ ਜੋ ਸੱਚ ਰੂਪੀ ਅਵਾਜ਼ ਨੂੰ ਸੁਣਨਾ ਪਸੰਦ ਨਹੀਂ ਕਰਦੇ—

ਦੇਹੀ ਗਾਵਾ, ਜੀਉ ਧਰ ਮਹਤਉ, ਬਸਹਿ ਪੰਚ ਕਿਰਸਾਨਾ॥

ਨੈਨੂ ਨਕਟੂ ਸ੍ਰਵਨੂ ਰਸਪਤਿ, ਇੰਦ੍ਰੀ ਕਹਿਆ ਨ ਮਾਨਾ॥

ਜਿਵੇਂ ਕੋਈ ਕਿਰਸਾਨ ਧਰਤੀ ਵਿੱਚ ਜੋ ਫਸਲ ਬੀਜਦਾ ਹੈ ਤੇ ਉਹ ਹੀ ਫਸਲ ਉਸ ਨੂੰ ਪ੍ਰਾਪਤ ਹੁੰਦੀ ਹੈ। ਪਰ ਜੇ ਕਿਰਸਾਨ ਆਪਣੇ ਮੁਜਾਰਿਆਂ ਨੂੰ ਇਹ ਕਹੇ ਕੇ ਕਣਕ ਦੀ ਬੀਜਾਈ ਕਰੋ ਪਰ ਅੱਗੋਂ ਮੁਜਾਹਰੇ ਇਹ ਕਹਿਣ ਕਿ ਅਸੀਂ ਤਾਂ ਮਕਈ ਬੀਜਣੀ ਹੈ ਤਾਂ ਮਾਲਕ ਨੂੰ ਪਤਾ ਹੈ ਇਹ ਮੁਜਾਹਰੇ ਹੁਣ ਮੇਰਾ ਨੁਕਸਾਨ ਕਰਨਗੇ। ਏਸੇ ਤਰ੍ਹਾਂ ਹੀ ਸਾਡੇ ਸਰੀਰ ਦੇ ਗਿਆਨ ਇੰਦਰੇ ਰੱਬ ਦੇ ਸੱਚੇ ਗੁਣਾਂ ਦੀ ਖੇਤੀ ਨੂੰ ਛੱਡ ਕੇ ਵਿਕਾਰਾਂ ਦੀ ਖੇਤੀ ਕਰਨ ਨੂੰ ਤਰਜੀਹ ਦੇ ਰਹੇ ਹਨ ਜਿਸ ਕਰਕੇ ਸਾਡਾ ਆਤਮਕ ਜੀਵਨ ਨਸ਼ਟ ਹੋ ਰਿਹਾ ਹੈ। ਸਾਡੇ ਗਿਆਨ ਇੰਦਰੇ ਸਰੀਰ ਦੇ ਚੌਧਰੀ ਆਤਮਾ ਦੀ ਸ਼ੁੱਧ ਸੱਚੀ ਅਵਾਜ਼ ਨੂੰ ਨਹੀਂ ਸੁਣ ਰਹੇ- “ਨੈਨੂ ਨਕਟੂ ਸ੍ਰਵਨੂ ਰਸਪਤਿ, ਇੰਦ੍ਰੀ ਕਹਿਆ ਨ ਮਾਨਾ”॥

ਤੇ ਆਪਣੀ ਮਰਜ਼ੀ ਕਰਕੇ ਆਪੋ ਆਪਣੇ ਰਸਤੇ ਤੇ ਪਏ ਹੋਏ ਹਨ ਜਿਸ ਕਰਕੇ ਆਤਮਕ ਗੁਣ ਖ਼ੁਆਰ ਹੋ ਰਹੇ ਹਨ।

ਸ਼ਬਦ ਦੇ ਦੂਸਰੇ ਪਦੇ ਵਿੱਚ ਧਰਮਰਾਜ ਭਾਊ ਜੀ ਦੀ ਗੱਲ ਆਈ ਹੈ ਤੇ ਇਸ ਨੂੰ ਅਸੀਂ ਮਰਨ ਦੇ ਉਪਰੰਤ ਕਿਸੇ ਸਰੀਰਕ ਤਲ਼ ਤੇ ਲੈ ਲਿਆ ਹੈ—

ਧਰਮ ਰਾਇ ਜਬ ਲੇਖਾ ਮਾਗੈ, ਬਾਕੀ ਨਿਕਸੀ ਭਾਰੀ॥

ਪੰਚ ਕ੍ਰਿਸਾਨਵਾ ਭਾਗਿ ਗਏ, ਲੈ ਬਾਧਿਓ ਜੀਉ ਦਰਬਾਰੀ॥

ਮਾੜੇ ਸੰਸਕਾਰਾਂ ਕਰਕੇ, ਜੋ ਮਾੜੇ ਖ਼ਿਆਲ ਸਾਡੇ ਚਿੱਤ ਭਾਵ ਸਾਡੇ ਹਿਰਦੇ ਰੂਪੀ ਧਰਤੀ `ਤੇ ਉਘੜ ਆਉਂਦੇ ਹਨ ਉਹ ਸੱਚੇ ਧਰਮ ਨੂੰ ਪ੍ਰਵਾਨ ਨਹੀਂ ਹਨ। ਮਾੜਾ ਕਰਮ ਸੱਚ ਦੇ ਅੱਗੇ ਟਿਕ ਨਹੀਂ ਸਕਦਾ। ਸਾਡੀਆਂ ਗਿਆਨ ਇੰਦਰੀਆਂ ਜੋ ਕਾਮ-ਵਾਸ਼ਨਾ ਦੇ ਅਧੀਨ ਹੋ ਕੇ, ਅੰਤਰ-ਆਤਮੇ ਦੀ ਅਵਾਜ਼ ਨੂੰ ਮਾਰ ਕੇ ਸਾਡੇ ਪਾਸੋਂ ਗਲਤ ਕੰਮ ਕਰਾਉਂਦੇ ਸਨ ਉਹ ਧਰਮਰਾਜ ਭਾਊ ਜੀ ਭਾਵ ਸੱਚ ਨੂੰ ਪ੍ਰਵਾਨ ਨਹੀਂ ਹਨ। ਭਾਵ ਸੱਚ ਦੀ ਕਹਿਚਰੀ ਵਿੱਚ ਪ੍ਰਵਾਨ ਨਹੀਂ ਹਨ। “ਧਰਮ ਰਾਇ ਜਬ ਲੇਖਾ ਮਾਗੈ” ਧਰਮਰਾਜ ਸਾਡੇ ਹਿਰਦੇ ਦੀ ਸੱਚੀ ਅਵਾਜ਼, ਧਰਮ-ਤਰਾਜੂ ਜਾਂ ਰੱਬੀ ਕਨੂੰਨ ਹੈ ਜਿਸ ਦੁਆਰਾ ਗੁਣਾਂ ਤੇ ਅਵਗੁਣਾਂ ਨੂੰ ਜਾਚਣ ਨਾਲ ਵਿਕਾਰਾਂ ਦਾ ਪੱਲਾ ਭਾਰੀ ਨਿਕਲਣਾ ਹੈ। ਮੁਜਾਰੇ ਭਜ ਗਏ ਭਾਵ ਸ਼ੈਤਾਨੀ ਮਨ ਤਾਂ ਇੱਕ ਪਾਸੇ ਹੋ ਗਿਆ, ਨਿਮੋਸ਼ੀ ਅੰਤਰ-ਆਤਮੇ ਨੂੰ ਹੋਣੀ ਹੈ।

ਇਸ ਸ਼ਬਦ ਦੇ ਤੀਸਰੇ ਬੰਦ ਵਿੱਚ ਕਬੀਰ ਸਹਿਬ ਜੀ ਨੇ ਸਿੱਧਾ ਹੀ ਕਿਹਾ ਹੈ ਕਿ ਭਲਿਓ ਏਸੇ ਜੀਵਨ ਦੇ ਵਿੱਚ ਹੀ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਦਾ ਯਤਨ ਕਰੋ---

ਕਬੀਰੁ, ਸੁਨਹੁ ਰੇ ਸੰਤਹੁ, ਖੇਤ ਹੀ ਕਰਹੁ ਨਿਬੇਰਾ॥

ਅਬ ਕੀ ਬਾਰ ਬਖਸਿ ਬੰਦੇ ਕਉ, ਬਹੁਰਿ ਨ ਭਉਜਲਿ ਫੇਰਾ॥

ਆਮ ਇੱਕ ਧਾਰਨਾ ਇਹ ਵੀ ਪਾਈ ਜਾਂਦੀ ਹੈ ਕਿ ਜੇ ਹੁਣ ਦੇ ਜੀਵਨ ਵਿੱਚ ਸਾਡੇ ਪਾਸੋਂ ਕੋਈ ਗਲਤੀ ਹੋ ਗਈ ਹੈ ਤਾਂ ਸਾਡੇ ਪੁੱਤ-ਪੋਤਰੇ ਦਾਨ-ਪੁੰਨ ਕਰਕੇ ਸਾਨੂੰ ਮਰਨ ਤੋਂ ਬਾਅਦ ਵੀ ਪੁਜਾਰੀ ਰਾਂਹੀ ਮੁਕਤ ਕਰਾ ਸਕਦੇ ਹਨ। ਜੋ ਇੱਕ ਬਹੁਤ ਵੱਡਾ ਭਰਮ ਜਾਲ ਹੈ। ਕਬੀਰ ਸਾਹਿਬ ਜੀ ਕਹਿ ਰਹੇ ਹਨ ਕਿ ਖੇਤ ਹੀ- “ਖੇਤ ਹੀ ਕਰਹੁ ਨਿਬੇਰਾ”॥ ਭਾਵ ਜਿਉਂਦੇ ਜੀਅ ਹੀ ਸੱਚੇ ਗੁਰੂ ਦੇ ਗਿਆਨ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਹੈ ਤਾਂ ਕਿ ਮੁੜ ਫਿਰ ਕਦੇ ਵੀ ਵਿਕਾਰਾਂ ਵਾਲੇ ਜੀਵਨ ਵਲ- “ਬਹੁਰਿ ਨ ਭਉਜਲਿ ਫੇਰਾ” ਨਾ ਜਾਇਆ ਜਾਏ। “ਅਬ ਕੀ ਬਾਰ ਬਖਸਿ ਬੰਦੇ ਕਉ” ਆਪਣੀ ਗਲਤੀ ਦਾ ਅਹਿਸਾਸ ਹੋਣਾ ਤੇ ਮੁੜ ਅਜੇਹੀ ਗਲਤੀ ਨੂੰ ਨਹੀਂ ਦਰਾਹੁੰਣਾ।

ਇਸ ਸਾਰੇ ਸ਼ਬਦ ਵਿੱਚ ਕਬੀਰ ਜੀ ਮਿੱਠਾ ਸੁਨੇਹਾ ਦੇ ਰਹੇ ਹਨ ਕਿ ਪੂਰਨ ਸੱਚੇ ਗਿਆਨ ਦੇ ਰਾਂਹੀ ਜੇ ਸੱਚ ਦੇ ਧਰਮ ਵਾਲੀ ਜੀਵਨੀ ਬਣਦੀ ਹੈ, ਤਾਂ ਉਸ ਵਿੱਚ ਮਨੁੱਖ ਆਉਣ ਵਾਲੇ ਹਰ ਪਲ਼ ਲਈ ਸੁਚੇਤ ਹੋ ਜਾਂਦਾ ਹੈ। ਜੇ ਕਰ ਮਨੁੱਖ ਵਰਤਮਾਨ ਜੀਵਨ ਵਿੱਚ ਗੁਰੂ ਜੀ ਵਲੋਂ ਦੱਸੀ ਕਾਰ ਅਨੁਸਾਰ ਜੀਵਨ ਨਾ ਬਣਾਵੇ ਤਾਂ ਬਾਰ ਬਾਰ ਔਗੁਣ ਕਰਕੇ ਪਛਤਾਉਣਾ ਪੈਂਦਾ ਹੈ। ਸੱਚ ਨੂੰ ਸਾਹਮਣੇ ਰੱਖਣਾ ਹੀ ਧਰਮਰਾਜ ਦੇ ਲੇਖੇ ਦੀ ਗੱਲ ਹੈ। ਹਰ ਘੜੀ ਗੁਰ-ਗਿਆਨ ਦੇ ਸੱਚੇ ਉਪਦੇਸ਼ ਵਿੱਚ ਜਿਉਣ ਦਾ ਯਤਨ ਕਰਨਾ ਹੈ। ਇਹ ਅਵਸਥਾ ਹੀ ਮੁਕਤ ਅਵਸਥਾ ਹੈ ਤੇ ਜਿਉਂਦੇ ਜੀ ਪਰਮਾਤਮਾ ਨਾਲ ਇਕਮਿੱਕਤਾ ਹੈ। ਇਸ ਨੂੰ ਕਿਹਾ ਹੈ ਧਰਮਰਾਜ ਦੇ ਰੱਬੀ ਕਨੂੰਨ ਨੂੰ ਸਮਝ ਕੇ ਨਿਤਾ ਪ੍ਰਤੀ ਅਭਿਆਸ ਦਾ ਨਾਂ ਹੀ ਸੱਚਾ ਜੀਵਨ ਤੇ ਧਰਮਰਾਜ ਦਾ ਲੇਖਾ ਹੈ।

ਧਰਮਰਾਜ ਉਹਨਾਂ ਦਾ ਮਿੱਤਰ ਬਣ ਜਾਂਦਾ ਹੈ ਭਾਵ ਸੱਚੇ ਗੁਣਾਂ ਨਾਲ ਸਾਂਝ ਪੈ ਜਾਂਦੀ ਹੈ ਜੇ ਸੱਚੇ ਸ਼ਬਦ ਦੀ ਵਿਚਾਰ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਈਏ। ਇਸ ਪ੍ਰਥਾਏ ਬੜਾ ਪਿਆਰਾ ਵਾਕ ਹੈ—

ਜਿਨੀ ਅੰਦਰੁ ਭਾਲਿਆ ਗੁਰ ਸਬਦਿ ਸੁਹਾਵੈ॥

ਜੋ ਇਛਨਿ ਸੋ ਪਾਇਦੇ ਹਰਿ ਨਾਮੁ ਧਿਆਵੈ॥

ਜਿਸ ਨੋ ਕ੍ਰਿਪਾ ਕਰੇ ਤਿਸੁ ਗੁਰੁ ਮਿਲੈ ਸੋ ਹਰਿ ਗੁਣ ਗਾਵੈ॥

ਧਰਮਰਾਇ ਤਿਨ ਕਾ ਮਿਤੁ ਹੈ ਜਮ ਮਗਿ ਨ ਪਾਵੈ॥

ਹਰਿ ਨਾਮੁ ਧਿਆਵਹਿ ਦਿਨਸੁ ਰਾਤਿ ਹਰਿ ਨਾਮਿ ਸਮਾਵੈ॥

ਪੰਨਾ ੧੦੯੧

ਸ਼ਬਦ ਦੁਆਰਾ ਆਪਣੇ ਮਨ ਨੂੰ ਖੋਜਿਆ ਹੈ, ਉਹ ਸ਼ੁਭ ਗੁਣਾਂ ਦੀ ਦਾਤ ਪ੍ਰਾਪਤ ਕਰ ਲੈਂਦੇ ਹਨ। ਇਹ ਅਵਸਥਾ — “ਜਿਸ ਨੋ ਕ੍ਰਿਪਾ ਕਰੇ ਤਿਸੁ ਗੁਰੁ ਮਿਲੈ ਸੋ ਹਰਿ ਗੁਣ ਗਾਵੈ”॥ ਦੀ ਰੱਖੀ ਹੈ ਤੇ ਇਸ ਸੁਭਾਅ ਦਾ ਧਰਮਰਾਜ, ਰੱਬ ਜੀ ਦੀ ਨਿਯਮਾਵਲੀ ਮਿੱਤਰ ਬਣ ਜਾਂਦੀ ਹੈ ਤੇ ਵਿਕਾਰਾਂ ਦਾ ਕੋਈ ਵੀ ਡਰ ਨਹੀਂ ਰਹਿ ਜਾਂਦਾ। ਸੋ ਧਰਮਰਾਜ ਸੱਚ ਦੇ ਰੂਪ ਵਿੱਚ ਸਾਡੇ ਅੰਤਰ-ਆਤਮੇ `ਤੇ ਹੀ ਬੈਠਾ ਹੈ। ਪਰ ਸਾਨੂੰ “ਅਵਗੁਣ ਛੋਡਿ ਗੁਣਾ ਕਉ ਧਾਵਹੁ” ਦਾ ਅਭਿਆਸ ਕਰਨਾ ਪਏਗਾ।
.