.

ਵਰਤ

ਪ੍ਰੋਫੈਸਰ ਸਾਹਬ ਦੀ ਪਤਨੀ ਅੱਜ ਸਵੇਰੇ ਤੜਕਿਉਂ ਦੀ ਹੀ ਭਾਂਡੇ ਜਿਹੇ ਖੜਕਾਈ ਜਾ ਰਹੀ ਸੀ। ਦਰਅਸਲ ਉਸਦਾ ਅੱਜ ਪਤੀ ਦੀ ਉਮਰ ਲੰਮੀ ਕਰਨ ਵਾਲਾ ਵਰਤ ਸੀ ਤੇ ਉਹ ਅਪਣੇ ਸਾਰੇ ਦਿਨ ਦਾ ਕੋਟਾ ਦਿਨ ਚੜ ਲੈਣ ਤੋਂ ਪਹਿਲਾਂ ਹੀ ਕਰ ਲੈਣਾ ਚਾਹੁੰਦੀ ਸੀ। ਮੁੜ ਚੰਨ ਮੱਥੇ ਲਗਣ ਤੋਂ ਪਹਿਲਾਂ ਕੁੱਝ ਖਾ ਨਹੀ ਸੀ ਹੋਣਾ। ਸੋ ਉਸ ਤਿੰਨ ਕੁ ਪਰੌਠੇਂ ਮੱਖਣ ਵਿੱਚ ਗੜੁਚ ਕੇ ਦਹੀਂ ਦੇ ਕੌਲੇ ਨਾਲ ਅੰਦਰ ਮਾਰੇ, ਉਪਰੋਂ ਛੰਨਾ ਖੀਰ ਦਾ ਸੁੱਟਿਆ ਤੇ ਰੋਟੀ ਹੇਠਾਂ ਕਰਨ ਲਈ ਚਾਹ ਦੀ ਬਜਾਇ ਅੱਜ ਉਸ ਦੁੱਧ ਦਾ ਗਲਾਸ ਹੀ ਠੀਕ ਸਮਝਿਆ ਮਤੇ ਰੋਟੀ ਦੀ ਬੁਰਕੀ ਹੇਠਾਂ ਜਾਣੋ ਰਹਿ ਜਾਏ।

ਉਸ ਦੇ ਇਸ ਖਾਂਣ-ਪੀਣ ਦੇ ਆਹਰ ਦੇ ਖੜਕੇ ਤੋਂ ਪ੍ਰੋਫੈਸਰ ਬੜੇ ਅਵਾਜਾਰ ਹੋਏ। ਉਹਨਾ ਨੂੰ ਸਮਝ ਨਹੀ ਸੀ ਆ ਰਹੀ ਕਿ ਇਹ ਰਸੋਈ ਵਿੱਚ ਹੋ ਕੀ ਰਿਹਾ। ਕਿਸੇ ਡੇਰੇ ਦੀ ਸੁੱਖਣਾ ਸੁੱਖੀ ਕਿ ਕਿਸੇ ਬਾਬਿਆਂ ਦੇ ਲੰਗਰ ਦੀ ਵਾਰੀ ਲੈ ਲਈ। ਪਹਿਲਾਂ ਤਾਂ ਉਹ ਡਰਦੇ ਕਾਫੀ ਦੇਰ ਰਜਾਈ ਘੁੱਟਟੇ ਰਹੇ ਪਰ ਰਸੋਈ ਦੇ ਭਾਡੇ ਖੜਕਣ ਦੇ ਅੰਦਾਜ ਤੋਂ ਜਾਪਦਾ ਸੀ ਕਿ ਪਤਨੀ ਸਾਹਿਬਾਂ ਕਾਫੀ ਪ੍ਰੇਸ਼ਾਨੀ ਵਿੱਚ ਹਨ। ਆਖਰ ਉਹਨੀ ਹੌਸਲਾ ਜਿਹਾ ਕਰਕੇ ਪੁੱਛ ਹੀ ਲਿਆ।

“ਬਈ ਆਹ ਕੀ ਸਵੇਰੇ ਸਵੇਰ ਭਾਂਡਿਆਂ ਨਾਲ ਕੌਡੀ ਜਿਹੀ ਖੇਡ ਹੋ ਰਹੀ ਹੈ” ?

“ਚੁੱਪ ਕਰਕੇ ਪਿਆ ਰਹੋ ਤੇਰਾ ਹੀ ਸਿਆਪਾ ਕਰ ਰਹੀ ਹਾਂ? ? ?

ਪ੍ਰੋਫੈਸਰ ਸਾਹਬ ਰਜਾਈ ਘੁਟਦਿਆਂ ਸਮਝਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਇਹ ਕਿਹੋ-ਜਿਹਾ ਸਿਆਪਾ ਹੋ ਸਕਦਾ ਜਿਹੜਾ ਭਾਡਿਆਂ ਰਾਹੀਂ ਕੀਤਾ ਜਾਂਦਾ ਹੈ! !

ਮਰਿਯਾਦਾ?

ਬਾਬਾ ਜੀ ਦੇ ਸੰਗੀ ਪ੍ਰਵਾਰ ਨੇ ਘਰੇ ਅਖੰਡ ਪਾਠ ਸਾਹਬ ਰਖਾਇਆ। ਬਾਬਾ ਜੀ ਨੇ ਸੰਗੀ ਨੂੰ ਸਾਰੀ ਮਰਿਯਾਦਾ ਸਮਝਾ ਦਿਤੀ ਤੇ ਪਾਠ ਰੱਖਣ ਵੇਲੇ ਖੁਦ ਦਰਸ਼ਨ ਦੇਣ ਦਾ ਬੱਚਨ ਕੀਤਾ। ਨੀਯਤ ਦਿਨ ਤੇ ਬਾਬਾ ਜੀ ਸਵੇਰੇ ਹੀ ਆਪਦੇ ਚੇਲਿਆਂ ਸਮੇਤ ਚਰਨ ਪਾਉਣ ਆ ਗਏ ਤੇ ਆਉਂਦਿਆਂ ਹੀ ਹੁਕਮ ਕੀਤਾ।

ਹਾਂ ਬਈ, ਕੁੰਭ ਤਿਆਰ ਹੈ?

ਜੀ ਸੱਚੇ ਪਾਤਸ਼ਾਹ!

ਧੁਪ-ਬੱਤੀ ਜੋਤ?

ਜੀ ਉਹ ਵੀ ਸਭ ਤਿਆਰ ਹੈ।

ਨਾਰੀਅਲ, ਲਾਲ ਕੱਪੜਾ?

ਸੰਗੀ ਥੋੜਾ ਝਿੱਝਕ ਗਿਆ। “ਜੀ ਲਾਲ ਕੱਪੜਾ ਤਾਂ ਲੱਭਾ ਨਹੀ ਸੀ ਅਸੀਂ ਪੀਲੇ ਦਾ ਪ੍ਰਬੰਧ ਕਰ ਲਿਆ ਹੈ” !

ਬਾਬਿਆਂ ਦੀਆਂ ਭਵਾਂ ਤਣ ਗਈਆਂ। “ਤਾਂ ਹੀ ਤੇ ਗੁਰੂ ਮੁਰਾਦਾਂ ਨਹੀ ਪੂਰੀਆਂ ਕਰਦਾ, ਫੇਰ ਲਗ ਜਾਂਦੇ ਗੁਰੂ ਨੂੰ ਦੋਸ਼ ਦੇਣ, ਮਰਿਯਾਦਾ ਹੀ ਕੋਈ ਨਹੀ ਰਹਿ ਗਈ” ?

ਸੰਗੀ ਵਿਚਾਰਾ ਬਾਬਿਆਂ ਦੇ ਕਠੋਰ ਬੱਚਨ ਸੁਣਕੇ ਕੰਬ ਗਿਆ। ਉਸਨੂੰ ਜਾਪਿਆ ਕਿ ਬਾਬਾ ਜੀ ਦੀ ਇੱਕ ਘੂਰੀ ਨੇ ਬੇੜਾ ਡੋਬ ਦੇਣਾ ਹੈ। ਉਸ ਆਪਦੀ ਘਰਵਾਲੀ ਨੂੰ ਸੱਦਿਆ। ਉਹ ਪਤਾ ਨਹੀ ਕਿਥੋਂ ਪੇਟੀਆਂ ਵਿਚੋਂ ਮੁੰਡੇ ਦੀ ਪਈ ਲਾਲ ਪੱਗ ਕੱਢ ਕੇ ਲੈਂਦੀ-ਦਿੰਦੀ ਉਹੀ ਲੀਰਾਂ ਕਰ ਲਿਆਈ।

ਬਾਬਾ ਜੀ ਹਾਲੇ ਵੀ ਪੂਰੇ ਖੁਸ਼ ਨਹੀ ਸਨ ਕਿਉਂਕਿ ਪੂਰਨ ਮਰਿਯਾਦਾ ਅਨੁਸਾਰ ਕੱਪੜਾ ਲੱਠੇ ਦਾ ਹੋਣਾ ਚਾਹੀਦਾ ਸੀ ਪਰ. .

ਪਾਣੀ ਵਾਲੀ ਕੈਨੀ ਵੀ ਲਿਆ ਰੱਖੋ, ਮਗਰੋਂ ਅੰਮ੍ਰਤਿ ਪੀ ਲਿਆ ਜੇ!

ਸੰਗੀ ਦੌੜਿਆ ਗਿਆ ਤੇ ਨਲਕੇ ਤੋਂ ਪਾਣੀ ਦੀ ਕੈਨੀ ਭਰ ਲਿਆਇਆ।

ਬਾਬਿਆਂ ਦੀਆਂ ਫਿਰ ਭਵਾਂ ਤਣ ਗਈਆਂ। “ਯਾਰ, ਥੋਨੂੰ ਇੰਨੀ ਵੀ ਅਕਲ ਨਹੀ? ਇਹਦਾ ਢੱਕਣ ਬੰਦ ਪਿਆ, ਗੁਰਬਾਣੀ ਕਿਵੇਂ ਜਾਊ ਅੰਦਰ” ? ਸੰਗੀ ਵਿਚਾਰੇ ਨੇ ਕੰਬਦੇ ਹੱਥਾਂ ਨਾਲ ਕੈਨੀ ਦਾ ਢੱਕਣ ਖੋਹਲ ਦਿਤਾ।

ਅਰਦਾਸ ਤੋਂ ਬਾਅਦ ਅਖੰਡ ਪਾਠ ਸਾਹਬ ਅਰੰਭ ਹੋ ਗਿਆ। ਹਾਲੇ ਪੰਜ ਪਾਉੜੀਆਂ ਹੀ ਹੋਈਆਂ ਸਨ ਕਿ ਬਾਬੇ ਦਗੜ-ਦਗੜ ਕਰਦੇ ਬਾਹਰ ਆ ਗਏ।

ਹਾਂ ਬਈ! “ਧੂਪ-ਜੋਤਿ ਦਾ ਖਿਆਲ ਰੱਖਿਆ ਜੇ ਮਰਿਯਾਦਾ ਨਹੀ ਭੰਗ ਹੋਣੀ ਚਾਹੀਦੀ” ਬਦਾਮਾਂ ਵਾਲੇ ਦੁੱਧ ਨਾਲ ਮੁੱਛਾਂ ਪੂੰਝਦੇ ਬਾਬੇ ਸੰਗੀ ਨੂੰ ਅਦੇਸ਼ ਦੇਕੇ ਤੁਰਦੇ ਬਣੇ।

ਬਾਬਾ ਫੌਜਾ ਸਿੰਘ ਕਾਲੀ ਜਿਹੀ ਚਾਹ ਦੀ ਘੁੱਟ ਭਰਦਿਆਂ ਸੋਚ ਰਿਹਾ ਸੀ ਕਿ ਖਿਆਲ ਰੱਖਣ ਵਾਲੀ ਗਲ (ਗੁਰਬਾਣੀ) ਦਾ ਤਾਂ ਬਾਬਿਆਂ ਆਉਣ ਤੋਂ ਲੈਕੇ ਜਾਣ ਤੱਕ ਨਾ ਹੀ ਨਹੀ ਲਿਆ! !

ਰੱਬ ਕਿਥੇ?

ਰੱਬ ਕਿਥੇ ਹੈ, ਦਾ ਸਵਾਲ ਜਦ ਉਠਿਆ ਤਾਂ ਵਕੀਲ ਡਾਕਟਰ ਅਤੇ ਪੁਜਾਰੀ ਬਹਿਸਣ ਲਗ ਪਏ। ਪੁਜਾਰੀ ਕਹਿ ਰਿਹਾ ਸੀ ਰੱਬ ਧਾਰਮਿਕ ਅਸਥਾਨ ਤੇ ਹੈ, ਵਕੀਲ ਕਹਿ ਰਿਹਾ ਸੀ ਕਿ ਰੱਬ ਕੋਟ ਵਿੱਚ ਹੈ ਜਦ ਕਿ ਡਾਕਟਰ ਰੱਬ ਦੇ ਹਸਪਤਾਲ ਵਿੱਚ ਹੋਣ ਦਾ ਦਾਅਵਾ ਕਰ ਰਿਹਾ ਸੀ। ਉਹਨਾ ਦੀ ਇਹ ਬਹਿਸ ਕਿਸੇ ਕਿਨਾਰੇ ਨਹੀ ਸੀ ਲੱਗ ਰਹੀ।

ਇਹ ਬਹਿਸ ਜਦ ਬਹੁਤ ਭੱਖ ਗਈ ਤਾਂ ਲਾਗੋਂ ਬਾਬਾ ਫੋਜਾ ਸਿੰਘ ਲੰਘ ਰਿਹਾ ਸੀ ਤਿੰਨਾ ਨੇ ਉਸ ਕੋਲੋਂ ਰੱਬ ਦੇ ਹੋਣ ਦਾ ਨਿਰਣਾ ਕਰਨ ਦਾ ਫੇਸਲਾ ਲੈਣ ਦੀ ਸੋਚੀ। ਪਹਿਲਾਂ ਬਾਬੇ ਨੂੰ ਪੁਜਾਰੀ ਅਪਣੇ ਨਾਲ ਰੱਬ ਦਿਖਾਉਂਣ ਧਾਰਮਿਕ ਅਸਥਾਨ ਤੇ ਲੈ ਗਿਆ। ਬਾਬੇ ਨੇ ਦੇਖਿਆ ਲੋਕ ਆਈ ਜਾ ਰਹੇ ਹਨ, ਜਾਈ ਜਾ ਰਹੇ ਹਨ ਕੁੱਝ ਚਿਰ ਬੈਠਦੇ ਹਨ, ਇਧਰ ਉਧਰ ਦੇਖਦੇ ਹਨ ਤੇ ਉਠ ਕੇ ਚਲੇ ਜਾਂਦੇ ਹਨ। ਸਭ ਕੁੱਝ ਰੈਗੂਲਰ ਜਿਹਾ ਢਿਲਾ-ਢਿਲਾ ਜਿਹਾ, ਸੁਸਤ ਜਿਹਾ ਹੋ ਰਿਹਾ ਹੈ। ਜਿਵੇਂ ਦੇ ਲੋਕ ਆਉਂਦੇ ਹਨ ਉਵੇਂ ਦੇ ਵਾਪਸ ਮੁੜ ਰਹੇ ਹਨ। ਵਿਚੇ ਹੀ ਬੱਚੇ ਖੇਡੀ ਜਾ ਰਹੇ ਹਨ, ਕੋਈ ਬੈਠਾ ਦੂਜੇ ਨਾਲ ਕਾਨਾਫੂਸੀ ਕਰੀ ਜਾ ਰਿਹਾ ਹੈ, ਕੋਈ ਕੰਧ ਨਾਲ ਲਗਾ ਊਂਗ ਰਿਹਾ ਹੈ, ਕਿਸੇ ਦੇ ਫੋਨ ਦੀ ਘੰਟੀ ਖੜਕ ਪਈ ਹੈ, ਕੋਈ ਹਿੱਲਜੁਲ ਨਹੀ ਜਿੰਦਗੀ ਵਿੱਚ ਆਮ ਜਿਹਾ ਹੀ ਜਿਵੇਂ ਦਾ ਬਾਹਰ ਉਵੇਂ ਦਾ ਅੰਦਰ।

ਹੁਣ ਵਾਰੀ ਵਕੀਲ ਦੀ ਹੈ। ਬਾਬਾ ਕੋਟ ਵਿੱਚ ਜਾਂਦਾ ਹੈ। ਕਿਸੇ ਕੇਸ ਦੀ ਕਾਰਵਾਈ ਚਲ ਰਹੀ ਹੈ। ਲੋਕ ਬੜੀ ਸਾਵਧਾਨੀ ਅਤੇ ਸਤਿਕਾਰ ਨਾਲ ਪੇਸ਼ ਆ ਰਹੇ ਹਨ ਜੱਜ ਦੇ। ਮਜਾਲ ਕੋਈ ਚੂੰਅ ਵੀ ਕਰ ਜਾਏ। ਕੋਈ ਰੌਲਾ ਨਹੀ, ਫੋਨ ਬੰਦ ਸਭ ਦੇ, ਕੋਈ ਕਾਨਫੂਸੀ ਵੀ ਨਹੀ ਕਰ ਰਿਹਾ, ਸਾਹ ਆਉਂਦਾ ਵੀ ਸੁਣਾਈ ਪਿਆ ਦੇਵੇ। ਲੋਕ ਝੁਕ-ਝੁਕ ਬਹਿੰਦੇ ਅਤੇ ਉਠਦੇ, ਸਰ-ਸਰ ਕਰਦੇ, ਚੁੱਪ-ਚਾਪ ਕਲਮਾ ਦੌੜਦੀਆਂ। ਤੇ ਮੁਜਰਮ, ਉਸਦੇ ਰਿਸ਼ਤੇਦਾਰ ਪਿਆਰੇ ਮਿੱਤਰ, ਸਭ ਬੁੱਲਾਂ ਵਿੱਚ ਰੱਬ-ਰੱਬ ਕਰਦੇ। ਧੁਰ ਅੰਦਰੋਂ ਅਰਦਾਸਾਂ, ਸੁੱਖਣਾ, ਤੇ ਪਤਾ ਨਹੀ ਕੀ-ਕੀ ਰੱਬ ਨੂੰ ਅੰਦਰੇ-ਅੰਦਰ ਰਿਸ਼ਵਤਾਂ। ਇਹਨਾ ਨਾਮ ਜੱਪਿਆ ਜਾ ਰਿਹਾ ਹੈ ਇਥੇ, ਇਹਨਾ ਰੱਬ ਦੇ ਨੇੜੇ ਲੋਕ, ਤੇ ਬਾਬੇ ਸੋਚਿਆ ਰੱਬ ਦੀ ਕੋਈ ਝਲਕ ਇਥੇ ਹੈ।

ਹੁਣ ਡਾਕਟਰ ਬਾਬੇ ਨੂੰ ਲੈ ਤੁਰਿਆ। ਹਸਪਤਾਲ ਵਿੱਚ ਤਾਂ ਰੱਬ ਹੀ ਰੱਬ ਸੀ। ਹਰੇਕ ਬੈੱਡ ਤੇ ਪਿਆ ਬੰਦਾ ਰੱਬ ਹੀ ਹੋਇਆ ਪਿਆ ਸੀ। ਰੱਬ ਤੋਂ ਬਿਨਾ ਉਥੇ ਸੋਚਦਾ-ਸੁਝਦਾ ਹੀ ਕੁੱਝ ਨਹੀ ਸੀ। ਰਿਸ਼ਤੇਦਾਰ ਆਉਂਦੇ ਹਨ, ਦੁਆਵਾਂ ਕਰਦੇ, ਰੱਬ ਅਗੇ ਅਰਦਾਸਾਂ ਕਰਦੇ, ਬਹੁੜੀਆਂ ਪਾਉਂਦੇ। ਡਾਕਟਰ ਦਾ ਚਿੱਟਾ ਕੋਟ ਦੇਖ ਉਹ ਇਂਝ ਖਿੜਦੇ ਜਿਵੇਂ ਕੋਈ ਛੋਟਾ ਰੱਬ ਆ ਗਿਆ ਹੋਵੇ। ਰੱਬ ਇਥੇ ਵੀ ਹੈ। ਤਿੰਨੇ ਇਕੱਠੇ ਹੋਕੇ ਬਾਬੇ ਨੂੰ ਪੁੱਛਦੇ ਹਨ। ਪੁਜਾਰੀ ਦੀਆਂ ਨਜਰਾਂ ਜੇਤੂ ਜਾਪ ਰਹੀਆਂ ਹਨ ਪਰ ਬਾਬੇ ਦਾ ਜਵਾਬ ਸੁਣਕੇ ਪੁਜਾਰੀ ਬੁੱਝ ਗਿਆ। “ਰੱਬ ਇਥੇ ਸੀ ਪਰ ਤੇਰੀ ਕ੍ਰਿਪਾ ਕਰਕੇ ਦੌੜ ਗਿਆ ਵਰਨਾ ਉਸ ਵੀ ਸੇਲ ਤੇ ਲੱਗ ਜਾਣਾ ਸੀ”। ਵਕੀਲ ਤੇ ਡਾਕਟਰ ਜੇਤੂ ਰਹੇ।

ਲੂੰਗੀ ਵਾਲੇ ਬਾਬਾ ਜੀ

ਪ੍ਰਧਾਨ ਸਾਹਬ ਸਕੱਤਰ ਨੂੰ,

ਸਕੱਤਰ ਸਾਹਬ ਅਪਣੇ ਗੁਰਦੁਆਰੇ ਦੀ ਆਹ ਦੋ ਏਕੜ ਹੋਰ ਰਲਦੀ ਹੈ ਕੱਲ ਨੂੰ ਲੋਕ ਜਿਆਦਾ ਹੋ ਜਾਣੇ ਨੇ ਤੇ ਗੁਰਦੁਆਰਾ ਅਪਣਾ ਛੋਟਾ ਰਹਿ ਜਾਣਾ ਕੀ ਸਲਾਹ ਹੈ?

ਸਕੱਤਰ-ਸਲਾਹ ਤਾਂ ਨੇਕ ਏ ਪਰ ਫੰਡ ਇੰਨਾ ਕਿਥੋਂ ਆਵੇਗਾ। ਰੱਸ਼ ਹਾਲੇ ਇੰਨਾ ਪੈਂਦਾ ਨਹੀ।

ਪ੍ਰਧਾਨ-ਇੰਝ ਕਰਦੇ ਆਂ ਕੋਈ ਮਹਿੰਗਾ ‘ਕਲਾਕਾਰ’ ਸੱਦ ਲੈਂਨੇ ਆਂ ਰੌਣਕ ਮੇਲਾ ਬਥੇਰਾ ਹੋ ਜਾਣਾ ਗੋਲਕ ਵੀ ਹਰੀ ਹੋ ਜਾਵੇਗੀ।

ਸਕੱਤਰ-ਬੜੀ ਦੂਰ ਦੀ ਸੋਚਦੇ ਹੋ ਪ੍ਰਧਾਨ ਸਾਹਬ ਤੁਸੀਂ ਪਰ ਹੁਣ ਮਹਿੰਗਾ ‘ਕਲਾਕਾਰ’ ਕਿਥੋਂ ਲੱਭੂ, ਅਪਣੇ ਵਾਲੇ ਬਾਬੇ ਤਾਂ ਹੁਣ ਥੋੜਾ ਠੁੱਸ ਜੇ ਹੋਏ ਪਏ ਨੇ ਨਵਾਂ ਹਾਲੇ ਕੋਈ ਉਠਿਆ ਨਹੀ।

ਪ੍ਰਧਾਨ-ਹਾਂ! ਇਹ ਵੈਸੇ ਚਿੰਤਾ ਦਾ ਵਿਸ਼ਾ ਏ ਉਹ ਪੁਰਾਣੇ ਖਾਲਿਸਤਾਨੀਆਂ ਵਲ ਦੇਖ ਲੈ ਕਿਵੇਂ ਦੂਜੀ ਥੈਂ ਵੀ ਜਾ ਨਿਸ਼ਾਨ ਗੱਡਿਆ ਉਹਨਾ ਨੂੰ ਵਾਹਵਾ ਮਿਲ ਜਾਂਦੇ ਰਹੇ ਪਰ ਹੁਣ ਉਹ ਵੀ ਬੱਸ ਜਿਹੇ ਹੋਏ ਪਏ ਨੇ। ਤੁਸੀਂ ਕੋਈ ਰਾਇ ਦਿਉ।

ਸਕੱਤਰ-ਯਾਰ ਮਸ਼ਹੂਰ ‘ਕਲਾਕਾਰ’ ਤਾਂ ਇੱਕ ਹੈ ਮੇਰੀ ਨਿਗਾਹ ਵਿੱਚ ਪਰ ਪਤਾ ਨਹੀ ਲੋਕਾਂ ਦੇ ਹਜਮ ਹੋਣਾ ਕਿ ਨਹੀ।

ਪ੍ਰਧਾਨ-ਤੁਸੀਂ ਦਸ ਪਾਉ ਹਜਮ ਵਾਲੀਆਂ ‘ਟੌਨਿਕਾਂ’ ਅਪਣੇ ਕੋਲੇ ਹੈਨ।

ਸਕੱਤਰ-ਉਹ ਲੂੰਗੀ ਵਾਲੇ ਬਾਬੇ ਅੱਜ-ਕੱਲ ਬੜੀ ਚੜਤ ਵਿੱਚ ਨੇ ਪਰ…

ਪ੍ਰਧਾਨ-ਹੱਛਾ ਉਹ! ਜੀਹਨਾ ਦੀ ਕੇਰਾਂ ਸਟੇਜ ਤੇ ਹੀ ਲੂੰਗੀ. … ਹਾ, ਹਾ, ਹਾ, ਲਉ ਬਣ ਗਈ ਗੱਲ, ਹੁਣ ਤੁਸੀਂ ਮੇਰੇ ਤੇ ਛੱਡ ਦਿਉ।

ਤੇ ਪ੍ਰਧਾਨ ਜੀ ਵਲੋਂ ਹੁਣ ਲੋਕਾਂ ਨੂੰ ਪਾਠ ਤੇ ਕੀਰਤਨ ਸੁਣਾਉਣ ਦੇ ਨਾਲ-ਨਾਲ ਉਹਨਾ ਦੀ ਸਿਹਤ ਦਾ ਵੀ ਬਹੁਤ ਖਿਆਲ ਰੱਖਿਆ ਜਾਣ ਲੱਗ ਪਿਆ ਸੀ।

ਜੰਕ ਫੂਡ

ਨੂੰਹ-ਪੁੱਤ, ਪੋਤੇ ਅਤੇ ਪੋਤੀ ਰਾਤ 12-1 ਵੱਜੇ ਤੱਕ ਟੀ. ਵੀ. ਅੱਗੋਂ ਨਹੀ ਹਿੱਲਦੇ। ਕੇਬਲ ਤੇ ਆ ਰਹੀਆਂ ਰੰਗ-ਬਰੰਗੀਆਂ ਮੂਰਤਾਂ, ਅੱਧ ਨੰਗੇ ਢਿੱਢਾਂ ਨਾਲ ਲੱਕ ਹਿਲਾ-ਹਿਲਾ ਡਾਂਸ ਕਰਦੀਆਂ ਕੁੜੀਆਂ ਤੇ ਸਾਰਾ ਇਕੱਠਾ ਬੈਠਾ ਪਰਿਵਾਰ! ਇਹ ਸਕਰੀਨ ਉਪਰ ਚਲਦੀਆਂ ਕਾਮੁਕ ਖੇਡਾਂ ਤੇ ਜਵਾਨ ਹੋ ਪੋਤਰੀ, ਪਿਉ ਨੂੰ ਨਾ ਮਾਂ ਨੂੰ ਫਿਕਰ, ਸਭ ਮਸਤ ਪਰ ਬਾਬਾ ਫੋਜਾ ਸਿੰਘ ਬੜਾ ਪ੍ਰੇਸ਼ਾਨ। ਬਦਲੇ ਹਾਲਾਤਾਂ ਵਿੱਚ ਨੂੰਹਾਂ-ਪੁੱਤ ਕਦ ਮੰਨਦੇ। ਬਾਬਾ ਬਥੇਰਾ ਕਹਿੰਦਾ ਕਿ ਭਲਿਉ ਸੌਂ ਜਾਉ, ਕੁਦਰਤ ਦੇ ਨੇਮਾ ਦੀ ਵਰਤੋਂ ਕਰਨੀ ਸਿੱਖ ਲਉ ਪਰ ਵਿਅਰਥ।

ਸਵੇਰ ਹੁੰਦੀ ਹੈ, ਕੋਈ ਹਿੱਲਜੁਲ ਨਹੀ। 12 ਕੁ ਵੱਜੇ ਉਪਰੋਂ ਕਿਤੇ ਟੂਟੀ ਖੁੱਲਣ ਦੀ ਅਵਾਜ ਆਉਦੀ ਹੈ। ਹੌਲੀ-ਹੌਲੀ 1 ਕੁ ਵੱਜੇ ਤੀਕ ਵਾਰੀ-ਵਾਰੀ ਬੱਚੇ ਅਤੇ ਮਾਂ ਪਿਉ ਹੇਠਾਂ ਉਤਰਦੇ ਹਨ। ਬੱਚੇ ਆਉਂਦੇ ਹੀ ਫਿਰ ਟੀ. ਵੀ. ਆਨ ਕਰ ਲੈਂਦੇ ਹਨ। ਮਾਂ ਬਾਪ ਵੀ ਚਾਹ ਦਾ ਕੱਪ ਲੈਕੇ ਆਣ ਸੱਜਦੇ ਹਨ। ਬਾਬਾ ਕੁੱਝ ਨਹੀ ਬੋਲਦਾ ਪਰ ਕਿਚਨ ਵਿਚੋਂ ਕੈਂਡੀਆਂ, ਚਿਪਸਾਂ, ਚਾਕਲੇਟਾਂ ਤੇ ਨਾਲ ਕੋਕ ਚੁੱਕ ਲਿਆਉਂਦਾ ਹੈ ਤੇ ਬੱਚਿਆਂ ਅੱਗੇ ਲਿਆ ਰੱਖਦਾ ਹੈ। ਬੱਚੇ ਉਠਦਿਆਂ ਹੀ ਅਪਣਾ ਮਨ ਪਸੰਦ ‘ਖਾਣਾ’ ਦੇਖ ਖੁਸ਼ ਹੋ ਜਾਂਦੇ ਹਨ ਪਰ ਮਾਂ ਉਹਨਾ ਦੀ ਦੇ ਭਰਵੱਟੇ ਚੜ ਜਾਂਦੇ ਹਨ।

ਸਵੇਰੇ-ਸਵੇਰ ਜੰਕ ਫੂਡ? ਬਾਪੂ ਜੀ, ਤੁਸੀਂ ਤਾਂ ਸਿਆਣੇ ਓ, ਇਹਨਾ ਬੱਚਿਆਂ ਨੂੰ ਕੀ ਪਤੇ ਕੀ ਖਾਣਾ ਕੀ ਨਹੀ ਖਾਣਾ!

ਹਾਂਅ! ਪੁਤਰਾ ਤੂੰ ਠੀਕ ਕਿਹਾ ਬੱਚਿਆਂ ਨੂੰ ਕੀ ਪਤੈ, ਇਹ ਤਾਂ ਸਿਆਂਣਿਆਂ ਨੂੰ ਹੀ ਸੋਚਣਾ ਚਾਹੀਦੈ। ਪਰ ਧੀਏ ਮੇਰੀਏ ਇਉਂ ਦੱਸ ਬਈ ਜੰਕ ਫੁਡ ਕਿਉਂ ਮਾੜਾ?

ਬਾਪੂ ਜੀ, ਇਹ ਕੀ ਗੱਲ ਹੋਈ, ਜੰਕ ਫੂਡ ਨਾਲ ਬੱਚੇ ਬੀਮਾਰ ਨਾ ਹੋਣਗੇ?

ਬਿੱਲਕੁਲ ਠੀਕ, ਪਰ ਇਹ ਦੱਸ ਧੀਏ ਕਿ ਜਿਹੜਾ ਜੰਕ ਅੱਖਾਂ ਰਾਹੀਂ ਤੁਸੀਂ ਦੋਵੇਂ ਜੀਅ ਬੱਚਿਆਂ ਦੇ ਸਿਰਾਂ ਅੰਦਰ ਰਾਤ 12-1 ਵੱਜੇ ਤੱਕ ਤੇ ਸਵੇਰੇ ਉਠਦਿਆਂ ਹੀ ਭੇਜਦੇ ਹੋ ਬੱਚੇ ਕੀ ਇਸ ਨਾਲ ਤੰਦਰੁਸਤ ਰਹਿ ਸਕਣਗੇ? ਸਮਾਜ ਨੂੰ ਤੰਦਰੁਸਤ ਕੀ ਇਹ ਰੱਖ ਸਕਣਗੇ?

ਨੂੰਹ ਕੋਲੇ ਕੋਈ ਜਵਾਬ ਨਹੀ ਸੀ ਉਹ ਕੋਕ-ਚਿਪਸਾਂ ਬੱਚਿਆਂ ਅੱਗੋਂ ਚੁੱਕ ਕੇ ਟੀ. ਵੀ. ਬੰਦ ਕਰ ਦਿੰਦੀ ਹੈ ਤੇ ਦੁੱਧ ਪੀਕੇ ਨਹਾਉਣ ਨੂੰ ਕਹਿੰਦੀ ਹੋਈ ਗੁਰਬਾਣੀ ਦਾ ਪਾਠ ਲਾ ਦਿੰਦੀ ਹੈ।

ਗੁਰਦੇਵ ਸਿੰਘ ਸੱਧੇਵਾਲੀਆ




.