.

ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ

ਗੁਰਸ਼ਰਨ ਸਿੰਘ ਕਸੇਲ

ਗੁਰਬਾਣੀ ਦੇ ਇਸ ਸ਼ਬਦ ਨੂੰ ਪਹਿਲਾਂ ਵੀ ਕਈ ਵਾਰ ਆਪ ਉਚੇਚੇ ਤੌਰ ਤੇ ਟੇਪ ਜਾਂ ਸੀ ਡੀ ਲਾ ਕੇ ਸੁਣਿਆਂ ਸੀ ਅਤੇ ਮ੍ਰਿਤਕ ਪ੍ਰਾਣੀ ਦੇ ਅੰਤਮ ਸਮੇਂ ਵਾਲੇ ਸਮਾਗਮ ਵਿਚ ਤਾਂ ਤਕਰੀਬਨ ਸਾਰੇ ਹੀ ਕੀਰਤਨੀਏ ਜਥੇ ਇਸ ਸ਼ਬਦ ਨੂੰ ਪੜ੍ਹਦੇ ਸੁਣੇ ਹਨ। ਇਸ ਸ਼ਬਦ ਦੀ ਜਿਹੜੀ ਵਿਆਖਿਆ ਪ੍ਰੋ. ਸਾਹਿਬ ਸਿੰਘ ਜੀ ਨੇ ਕੀਤੀ ਹੈ ਉਹ ਵੀ ਪੜ੍ਹੀ ਸੀ ਪਰ ਫਿਰ ਵੀ ਕਦੀ ਇਸ ਪਾਸੇ ਮੇਰਾ ਖਿਆਲ ਹੀ ਨਹੀਂ ਸੀ ਗਿਆ। ਕੁਝ ਦਿਨ ਪਹਿਲਾਂ ਇਕ ਵਾਕਫਕਾਰ ਦੀ ਮੌਤ ਹੋ ਗਈ ਸੀ। ਅਸੀਂ ਮਿ੍ਰਤਕ ਦੇਹ ਦੇ ਆਉਣ ਤੋਂ ਪਹਿਲਾਂ (ਸੈਮੀਟਰੀ) ਸਸਕਾਰ ਕਰਨ ਵਾਲੀ ਥਾਂ ਤੇ ਪਹੁੰਚ ਗਏ ਸਾਂ। ਜਦੋਂ ਉਥੇ ਖੜ੍ਹੇ ਸੀ ਤਾਂ ਕੁਝ ਵੀਰ ਈਸਾਈਆਂ ਦੀਆਂ ਕਬਰਾਂ ਤੇ ਲੱਗੇ ਹੋਏ ਪੱਥਰਾਂ ਉਤੇ ਉਹਨਾ ਦੀਆਂ ਉਮਰਾਂ ਵੱਲ ਧਿਆਨ ਮਾਰਨ ਲੱਗ ਪਏ। ਇਹਨਾਂ ਨੂੰ ਵੇਖਣ ਕਰਕੇ ਸਾਡੇ ਵਿੱਚੋਂ ਇਕ ਜਾਣੇ ਨੂੰ ਇਕ ਬੱਚਿਆਂ ਦੀ ਅੰਗਰੇਜੀ ਮੂਵੀ ਦੇਖੀ ਯਾਦ ਆ ਗਈ। ਉਹ ਉਸ ਮੂਵੀ ਬਾਰੇ ਦੱਸਣ ਲੱਗ ਪਿਆ। ਉਸ ਮੂਵੀ ਦੀ ਕਹਾਣੀ ਵਿੱਚ ਸਕੂਲ ਤੋਂ ਗਏ ਬੱਚੇ ਮੁਰਦਿਆਂ ਦੀਆਂ ਕਬਰਾਂ ਨੂੰ ਠੁੱਡ ਮਾਰਦੇ ਫਿਰਦੇ ਹਨ ਅਤੇ ਨਾਲ-ਨਾਲ ਆਖਦੇ ਹਨ ਜੇ ਤੂੰ ਹੇਠ ਬੈਠਾ ਹੈ ਤਾਂ ਹੁਣ ਉਠਕੇ ਵਿਖਾ ਆਦਿਕ ਇਸ ਫਿਲਮ ਬਾਰੇ ਦੱਸਿਆ ਸੀ। ਸੁਣਿਆ ਹੈ ਈਸਾਈ ਧਰਮ ਅਨੁਸਾਰ ਆਤਮਾ ਉਥੇ ਕਬਰਾਂ ਵਿਚ ਹੀ ਰਹਿੰਦੀ ਹੈ।
ਉਸ ਦਿਨ ਤੋਂ ਬਾਦ ਇਕ ਦੌ-ਦਿਨ ਅਚਨਚੇਤ ਮੇਰੇ ਮਨ ਵਿਚ ਆਤਮਾ ਅਤੇ ਆਵਾਗਉਣ ਬਾਰੇ ਵਿਚਾਰਾਂ ਦੀ ਗੱਲ ਘੜੀ ਮੁੜੀ ਆਉਂਦੀ ਰਹੀ। ਥੋੜੇ ਦਿਨ ਹੋਏ ਮੈਂ ਕਾਰ ਵਿਚ ਸੀ ਡੀ ਲਾਈ ਤਾਂ ਅਚਾਨਕ “ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ॥ ਹੰਭੀ ਵੰਞਾ ਡੁਮਣੀ ਰੋਵਾ ਝੀਣੀ ਬਾਣਿ”॥ (ਮ: ੧, ਪੰਨਾ ੨੩) ਵਾਲਾ ਸ਼ਬਦ ਲੱਗ ਗਿਆ। ਉਥੇ ਮੇਰੇ ਮਨ ਵਿਚ ਇਹ ਵਿਚਾਰ ਆਈ ਕਿ ਜੇਕਰ ਅਸੀਂ ਇਸ ਸ਼ਬਦ ਦੀ ਰਹਾਉ ਵਾਲੀਆਂ ਪੰਗਤੀਆਂ ਨੂੰ ਛੱਡਕੇ ਸਿਰਫ ਇਸ ਪੰਗਤੀ ਦੇ ਅਰਥ ਪੜ੍ਹੀਏ ਜਿਹੜੇ ਕਿ ਪ੍ਰੋ. ਸਾਹਿਬ ਸਿੰਘ ਜੀ ਵੱਲੋਂ ਕੀਤੇ ਹੋਏ ਹਨ, “ਮੇਰੇ ਪਿਆਰੇ ਸੱਜਣ ਕਬਰਿਸਤਾਨ ਵਿੱਚ ਜਾ ਸੁੱਤੇ ਹਨ, (ਮੈਂ ਉਹਨਾਂ ਦੇ ਵਿਛੋੜੇ ਵਿਚ) ਧੀਮੀ ਆਵਾਜ਼ ਨਾਲ ਰੋ ਰਹੀ ਹਾਂ (ਪਰ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ) ਮੈਂ ਭੀ ਦੁਚਿੱਤੀ ਹੋ ਕੇ (ਉਧਰ ਨੂੰ ਹੀ) ਚੱਲ ਪਵਾਂਗੀ”। ਤਾਂ ਇੰਜ ਲੱਗਦਾ ਹੈ ਕਿ ਗੁਰੂ ਨਾਨਕ ਜੀ ਸਾਨੂੰ ਸਮਝਾ ਰਹੇ ਹੋਣ ਕੇ ਤੇਰੇ ਨਾਲ ਦੇ ਸਾਥੀ ਮੜੀਆਂ ਵਿਚ ਜਾ ਸੁਤੇ ਹਨ। ਜੇਕਰ ਇਸ ਤਰ੍ਹਾਂ ਮੰਨ ਲਈਏ ਫਿਰ ਤਾਂ ਕਿਸੇ ਦੀ ਸਰੀਰਕ ਮੌਤ ਹੋਣ ਤੋਂ ਪਿਛੋਂ ਆਤਮਾ ਦਾ ਕਿਸੇ ਹੋਰ ਸਰੀਰ ਵਿਚ ਵਾਸ ਕਰਨਾ ਅਤੇ ਆਵਾਗਉਣ ਦੇ ਚੱਕਰ ਵਾਲੀ ਵਿਚਾਰਧਾਰਾ ਦਾ ਕੀ ਬਣੂ? ਉਂਝ ਵੀ ਇੰਜ ਸੋਚਣ ਨਾਲ ਤਾਂ ਸਿੱਖ ਵੀ ਆਪਣੀ ਅੰਨੀ ਅਤੇ ਗੁੰਗੀ ਸ਼ਰਧਾ ਕਾਰਨ ਸਮਾਧਾਂ, ਮੜੀਆਂ, ਕਬਰਾਂ ਆਦਿਕ ਦੇ ਪੂਜਾਰੀ ਹੋ ਜਾਣਗੇ। ਜੋ ਕੇ ਗੁਰੂ ਸਾਹਿਬਾਨ ਦੇ ਸਿਧਾਂਤ ਦੇ ਹੀ ਉਲਟ ਹੈ। ਇਸ ਵਿਚਾਰ ਤੋਂ ਬਾਦ ਸੋਚਿਆ ਕਿ ਹੋ ਸਕਦਾ ਹੈ, ਇਵੇਂ ਹੀ ਕੁਝ ਗੁਰਬਾਣੀ ਦੇ ਆਵਾਗਉਣ ਅਤੇ ਆਤਮਾ ਵਾਲੇ ਸ਼ਬਦਾਂ ਵਿਚ ਵੀ ਜੋ ਅਸੀਂ ਸਮਝ ਰਹੇ ਹਾਂ ਉਹ ਗੁਰਮਤਿ ਅਨੁਸਾਰ ਆਖੀਰੀ ਅਰਥ ਨਾ ਹੋਣ।
ਜਿਹੜੇ ਲੋਕ ਗੁਰਬਾਣੀ ਵਿਚ ਆਏ ਆਤਮਾ ਅਤੇ ਆਵਾਗਉਣ ਵਾਲੇ ਸ਼ਬਦਾਂ ਨੂੰ ਉਸ ਤਰ੍ਹਾਂ ਨਹੀਂ ਮੰਨਦੇ ਜਿਵੇਂ ਆਵਾਗਉਣ ਦੇ ਚਕਰ ਨੂੰ ਮੰਨਣ ਵਾਲੇ ਮੰਨਦੇ ਹਨ ਉਹਨਾ ਦੀ ਗੱਲ ਤਾਂ ਇਕ ਪਾਸੇ ਰਹੀ। ਪਰ ਜਿਹੜੇ ਇਸਨੂੰ ਮੰਨਦੇ ਹਨ ਉਹ ਵੀ ਜਦੋਂ ਆਮ ਦੁਨੀਆਵੀ ਤੌਰ ਤੇ ਗਲਬਾਤ ਕਰਦੇ ਹਨ ਤਾਂ ਉਹਨਾਂ ਦੀ ਵੀ ਧਾਰਮਿਕ ਤੌਰ ਤੇ ਕਹਿਣੀ ਅਤੇ ਆਮ ਲੋਕਾਂਚਾਰੀ ਵਿਚ ਕਹਿਣੀ ਤੇ ਮੰਨਣ ਵਿਚ ਫਰਕ ਲੱਗਿਆ ਹੈ। ਉਹਨਾ ਗੱਲਾਂ ਵਿਚੋਂ ਕੁਝ ਦੀ ਉਦਾਹਰਣ ਪੇਸ਼ ਕਰਦਾ ਹਾਂ।
ਉਹ ਸਜਣ ਵੀ ਇਕ ਪਾਸੇ ਤਾਂ ਆਖਦੇ ਹਨ ਜੋ ਅਸੀਂ ਕਰਮ ਕਰ ਰਹੇ ਹਾਂ ਇਹ ਸਾਡੇ ਨਾਲ ਅਗਲੇ ਜਨਮ ਵਿਚ ਜਾਣੇ ਹਨ। ਉਦਾਹਰਣ ਦੇ ਤੌਰ ਤੇ ਜੇਕਰ ਕੋਈ ਵਿਅਕਤੀ ਇਸ ਜਨਮ ਵਿਚ ਚੌਰ, ਠੱਗ, ਧੋਖੇ ਕਰਨ ਵਾਲਾ ਜਾਂ ਬਲਾਤਕਾਰੀ ਹੈ ਤਾਂ ਇਹਨਾ ਸਾਰੇ ਕਰਮਾਂ ਨਾਲ ਜਿਹੜੀ ਆਤਮਾ ਮਲੀਨ ਹੋਈ ਹੈ ਉਹੀ ਆਤਮਾ ਜਦੋਂ ਅਗਲੇ ਜਨਮ ਵਿਚ ਕਿਸੇ ਹੋਰ ਦੇ ਘਰ ਪੈਦਾ ਹੋਵੇਗੀ ਤਾਂ ਉਥੇ ਵੀ ਇਹ ਪਿੱਛਲੇ ਕੀਤੇ ਹੋਏ ਕਰਮ ਜਾਣਗੇ। ਕੀ ਫਿਰ ਇਸ ਤਰ੍ਹਾਂ ਉਹ ਬੱਚਾ ਪੈਦਾ ਹੁੰਦਾ ਹੀ ਜਾਲਮ ਜਾਂ ਮੁਜਰਮ ਨਹੀਂ ਹੈ ? ਕਿਉਂਕਿ ਉਸਨੇ ਤਾਂ ਸਿਰਫ ਸਰੀਰਕ ਚੋਲਾ ਹੀ ਬਦਲਿਆ ਹੈ ਆਤਮਾ ਤਾਂ ਉਹੀ ਪੁਰਾਣੀ ਹੈ ?
ਪਰ ਦੂਜੇ ਪਾਸੇ ਜਦੋਂ ਕੋਈ ਨਵਜਨਮਿਆਂ ਬੱਚਾ ਜਾਂ ਛੋਟੀ ਉਮਰ ਵਾਲਾ ਬੱਚਾ ਹੁੰਦਾ ਹੈ ਤਾਂ ਉਸਨੂੰ ਆਖਦੇ ਹਨ, “ਬੱਚੇ ਰੱਬ ਦਾ ਰੂਪ ਹੁੰਦੇ ਹਨ, ਬੱਚੇ ਤਾਂ ਫੁਲਾਂ ਵਰਗੇ ਕੋਮਲ ਹੁੰਦੇ ਹਨ, ਇਹ ਦੁਨੀਆਵੀ ਮੋਹ ਮਾਇਆ ਤੋਂ ਨਰਲੇਪ ਹੁੰਦੇ ਹਨ ਅਤੇ ਬੱਚੇ ਮਨ ਕੇ ਸੱਚੇ” ਵੀ ਆਖਦੇ ਹਨ। ਇਵੇਂ ਹੀ ਬੱਚੇ ਦੇ ਵੱਡੇ ਹੋ ਕੇ ਚੰਗੇ ਗੁਣਾ ਵਾਲਾ ਬਣਨ ਵਿਚ ਵੀ ਮਾਂ ਬਾਪ ਦੀ ਸਿਖਿਆ ਅਤੇ ਬੱਚੇ ਨੇ ਕਿਸ ਦੀ ਸੰਗਤ ਕੀਤੀ ਹੈ ਨੂੰ ਵੀ ਵੇਖਦੇ ਹਾਂ। ਇਹ ਤਾਂ ਇਸ ਜਨਮ ਦੇ ਕਰਮਾ ਨਾਲ ਸਬੰਧਤ ਹੈ ਅਤੇ ਇਸ ਜਨਮ ਦੇ ਕੀਤੇ ਮਾੜੇ ਜਾਂ ਚੰਗੇ ਕਰਮਾ ਦੇ ਨਤੀਜਿਆਂ ਨੂੰ ਤਾਂ ਹਰੇਕ ਪ੍ਰਾਣੀ ਹੀ ਮੰਨਦਾ ਹੈ; ਉਹ ਭਾਂਵੇ ਆਸਤਿਕ ਹੋਵੇ ਤੇ ਭਾਂਵੇ ਨਾਸਤਿਕ। ਜੇਕਰ ਗੁਰਬਾਣੀ ਦੇ ਆਤਮਾ ਅਤੇ ਆਵਾਗਉਣ ਵਾਲਿਆਂ ਸ਼ਬਦਾਂ ਦਾ ਉਹੀ ਮਤਲਬ ਗੁਰੂ ਜੀ ਅਨੁਸਾਰ ਹੈ ਤਾਂ ਫਿਰ ਅਸੀਂ ਦੁਨੀਆਵੀ ਤੌਰ ਤੇ ਕਿਉਂ ਨਹੀ ਉਵੇਂ ਕਹਿੰਦੇ ਜਿਵੇਂ ਅਸੀਂ ਲਿਖਣ ਜਾਂ ਧਾਰਮਿਕ ਸਟੇਜਾਂ ਤੋਂ ਬੋਲਦੇ ਹਾਂ।
ਕੋਈ ਇਹ ਵੀ ਨਹੀਂ ਦੱਸਦਾ ਕਿ ਪਿੱਛਲੇ ਜਨਮ ਦੇ ਕੀਤੇ ਕਰਮ ਕਿੰਨੇ ਸਾਲਾਂ ਪਿੱਛੋਂ ਆ ਕੇ ਫਿਰ ਦੁਬਾਰਾ ਆਤਮਾ ਵਿਚ ਦਾਖਲ ਹੁੰਦੇ ਹਨ ਅਤੇ ਕਦੋਂ ਪਿੱਛਲੇ ਜਨਮਾ ਵਾਲੇ ਕੀਤੇ ਕਰਮਾ ਦੇ ਨਤੀਜੇ ਦਿਖਾਉਣੇ ਸ਼ੁਰੂ ਹੁੰਦੇ ਹਨ ? ਅਸੀਂ ਸਾਰੇ ਹੀ ਸਮਾਜ ਵਿਚ ਵੇਖਦੇ -ਸੁਣਦੇ ਹਾਂ ਜਦੋਂ ਵੀ ਕਿਸੇ ਦੇ ਘਰ ਬੱਚਾ ਪੈਦਾ ਹੁੰਦਾ ਹੈ ਉਸਨੂੰ ਵੇਖਣ ਗਏ ਸਾਕ ਸਬੰਧੀ ਇਹੀ ਆਖਦੇ ਹਨ, “ਇਹ ਵੱਡਾ ਹੋ ਕੇ ਮਾਂ ਬਾਪ ਦਾ ਨਾਂਅ ਰੋਸ਼ਨ ਕਰੇ; ਚੰਗਾ ਇਨਸਾਨ ਬਣੇ ਆਦਿਕ”। ਪਰ ਕੋਈ ਵੀ ਇਹ ਨਹੀਂ ਆਖਦਾ ਕਿ ਇਸ ਦੀ ਆਤਮਾ ਪਤਾ ਨਹੀਂ ਪਿੱਛਲੇ ਜਨਮ ਵਿਚ ਕੀ-ਕੀ ਚੰਗੇ ਮਾੜੇ ਕੰਮ ਕਰਕੇ ਆਈ ਹੈ ? ਸੋ, ਇਹ ਤਾਂ ਵੇਖੋ ਵੱਡਾ ਹੋ ਕੇ ਉਸ ਅਨੁਸਾਰ ਹੀ ਬਣੇਗਾ ?
ਹਰੇਕ ਸਿੱਖ ਨੇ ਕਈ ਅਜਿਹੇ ਆਦਮੀਆਂ ਨੂੰ ਇਹ ਕਹਿੰਦੇ ਸੁਣਿਆਂ ਹੋਵੇਗਾ, ਕਹਿਣਗੇ, “ਵੇਖੋ ਜੀ, .. ਜੋ ਇਸ ਬੱਚੇ ਦੇ ਕਰਮਾ ਵਿੱਚ ਲਿਖਿਆ ਹੈ ਉਹ ਇਸਨੂੰ ਮਿਲ ਹੀ ਜਾਣਾ ਹੈ”। ਇਵੇਂ ਹੀ ਸਾਡੇ ਇਕ ਰਿਸ਼ਤੇਦਾਰ ਆਪਣੇ ਬੱਚੇ ਬਾਰੇ ਆਖਣ ਲੱਗੇ, “ਜੋ ਇਸਦੀ ਕਿਸਮਤ ਵਿਚ ਬਣਨਾ ਲਿਖਿਆ ਹੈ ਉਹ ਇਸਨੇ ਬਣ ਹੀ ਜਾਣਾ ਹੈ”। ਮੈਂ ਉਹਨਾ ਨੂੰ ਕਿਹਾ, ਜੇਕਰ ਤੁਹਾਨੂੰ ਏਨਾ ਹੀ ਯਕੀਨ ਹੈ ਤਾਂ ਫਿਰ ਤੁਸੀਂ ਆਪਣੇ ਬੱਚੇ ਨੂੰ ਸਰਕਾਰੀ ਸਕੂਲ ਛੱਡਕੇ, ਪ੍ਰਾਈਵੇਟ ਸਕੂਲ ਦੀਆਂ ਏਨੀਆਂ ਫੀਸਾਂ ਕਿਉਂ ਦੇ ਰਹੇ ਹੋ। ਇਸ ਨੂੰ ਸਕੂਲ ਤੋਂ ਹੱਟਾ ਕੇ ਘਰ ਬਿਠਾਓ ? ਜੇਕਰ ਇਸਦੀ ਕਿਸਮਤ ਵਿਚ ਡਾਕਟਰ ਜਾਂ ਹੋਰ ਕੋਈ ਉਚੀ ਪੱਦਵੀ ਤੇ ਪਹੁੰਚਣਾ ਹੋਇਆ ਲਿਖਿਆ ਹੋਵੇਗਾ ਤਾਂ ਪਹੁੰਚ ਹੀ ਜਾਣਾ ਹੈ ? ਫਿਰ ਉਹ ਵੀਰ ਜੀ ਅੱਗੋ ਚੁੱਪ ਸਨ।
ਇਵੇਂ ਹੀ ਕਈ ਕਹਿਣਗੇ, ਇਹ ਜੋ ਇਸ ਜਨਮ ਵਿੱਚ ਰਿਸ਼ਤੇਦਾਰ ਬਣੇ ਹਨ ਇਹ ਸਾਰੇ ਪਿਛਲੇ ਜਨਮਾਂ ਦੇ ਸਬੰਧ ਹਨ , ਕਈ ਤਾਂ ਗੁਰਬਾਣੀ ਦੀਆਂ ਇਹ ਪੰਗਤੀਆਂ ਵੀ ਵਰਤਦੇ ਹਨ : ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ॥ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ॥ ਇਕ ਸੱਜਣ ਨੇ ਇਵੇਂ ਹੀ ਕਿਹਾ, ਇਹ ਜਿਹੜੇ ਸਾਡੇ ਬੱਚੇ ਹਨ, ਇਹ ਸਾਡੇ ਪਿਛਲੇ ਜਨਮਾ ਦੇ ਰਿਸ਼ਤੇਦਾਰ ਹਨ। ਉਸਨੂੰ ਕਿਹਾ, ਭਾਜੀ, ਆਪਾਂ ਹੁਣ ਘਰ ਬੈਠੇ ਹਾਂ, ਜੇਕਰ ਕੋਈ ਆਪਣਾ ਵਾਕਫਕਾਰ ਜਾਂ ਰਿਸ਼ਤੇਦਾਰ ਆ ਕੇ ਆਪਣਾ ਬੂਹਾ ਘੜਕਾਵੇਗਾ ਤਾਂ ਆਪਾਂ ਕਦੀ ਵੀ ਬੂਹਾ ਬੰਦ ਨਹੀਂ ਰੱਖਾਂਗੇ। ਪਰ ਪਤਾ ਨਹੀਂ ਕਿਉਂ ਜੇਕਰ ਆਪਾਂ ਨੂੰ ਏਨਾ ਹੀ ਯਕੀਨ ਹੈ ਕਿ ਸਾਡੇ ਘਰ ਜਿਹੜਾ ਵੀ ਬੱਚਾ ਪੈਦਾ ਹੋਣਾ ਹੈ ਉਹ ਸਾਡਾ ਪਿਛਲੇ ਜਨਮਾ ਦਾ ਵਿਛੜਿਆ ਹੋਇਆ ਰਿਸ਼ਤੇਦਾਰ ਹੈ ਤਾਂ ਫਿਰ ਆਪਾਂ ਕਿਉਂ ਨਹੀਂ ਜਿਨੇ ਵੀ ਬੱਚੇ ਕੁਦਰਤੀ ਪੈਦਾ ਹੋ ਸਕਦੇ ਹਨ ਕਰੀ ਜਾਈਏ ? ਆਪਣੇ ਵੱਲੋਂ ਕੋਈ ਵੀ ਦੇਸੀ ਜਾਂ ਅੰਗਰੇਜੀ ਅਜਿਹਾ ਨੁਸਖਾ ਨਾ ਵਰਤੀਏ ਜਿਸ ਕਾਰਨ ਤਕਰੀਬਨ ਹਰ ਸਾਲ ਇਕ ਨਵੇ ਆਉਣ ਵਾਲੇ ਰਿਸ਼ਤੇਦਰ ਨੂੰ ਆਪਣੇ ਦਰ ਤੋਂ ਮੁੜਨਾ ਪਵੇ। ਜੇ ਇਸ ਜਨਮ ਵਿਚ ਆਪਾਂ ਉਹਨਾ ਨੂੰ ਨਾ ਮਿਲੇ ਤਾਂ ਹੋ ਸਕਦਾ ਉਹ ਫਿਰ ਚੁਰਾਸੀ ਦੇ ਗੇੜ ਵਿਚ ਪੈ ਕੇ ਕਦੋਂ ਮਿਲਣ।
ਸਾਡੇ ਪ੍ਰਚਾਰਕ ਗੁਰਬਾਣੀ ਦੇ ਜਿਹੜੇ ਅਰਥ ਪ੍ਰਚਾਰਦੇ ਹਨ ਅਤੇ ਜੋ ਸਿੱਖ ਭਾਈਚਾਰੇ ਦੇ ਆਮ ਜੀਵਨ ਵਿਚ ਵਿਚਰਦੇ ਹੋਏ ਗੱਲਾਂ ਕਰਦੇ ਹਾਂ, ਉਹਨਾ ਦਾ ਮੇਲ ਕਿਸ ਹੱਦ ਤੀਕਰ ਠੀਕ ਹੈ ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਤੇ ਤਾਂ ਕਿਸੇ ਵੀ ਸਿੱਖ ਨੂੰ ਕ੍ਰਿੰਤੂ-ਪ੍ਰੰਤੂ ਨਹੀਂ ਹੈ। ਜੇਕਰ ਕੋਈ ਇਕ ਪਾਸੇ ਗੁਰਬਾਣੀ ਦੇ ਹਵਾਲੇ ਦੇ ਕੇ ਅਜਿਹੀਆਂ ਗੱਲਾਂ ਕਰੇ ਪਰ ਅਸਲੀ ਜੀਵਨ ਵਿਚ ਉਸਦੇ ਵਿਰੋਧੀ ਗੱਲਾਂ ਸੁਣੀਏ ਤਾਂ ਮਨ ਵਿਚ ਅਜਿਹੇ ਸਵਾਲ ਪੈਦਾ ਹੁੰਦੇ ਹਨ।
ਆਪਣੇ ਆਪ ਨੂੰ ਸੰਤ ਬਾਬੇ ਜਾਂ ਬ੍ਰਹਮਗਿਆਨੀ ਅਖਵਾਉਣ ਅਤੇ ਸਿੱਖਾਂ ਦੀ ਕਮਾਈ ‘ਤੇ ਐਸ਼ਾਂ ਕਰਨ ਵਾਲੇ ਡੇਰੇਦਾਰਾਂ ਦੀ ਤਾਂ ਗੱਲ ਹੋਰ ਹੈ; ਕਿਉਂਕਿ ਉਹਨਾਂ ਦਾ ਤਾਂ ਸਿੱਖਾਂ ਨੂੰ ਅੰਧਵਿਸ਼ਵਾਸ਼ ਤੇ ਕਰਮਕਾਂਡਾਂ ਵਿੱਚ ਪਾਉਣ ਤੋਂ ਬਗੈਰ ਸਰਦਾ ਹੀ ਨਹੀਂ ਹੈ। ਪਰ ਮੇਰੇ ਖਿਆਲ ਵਿੱਚ ਜਿਹੜੇ ਵਿਦਵਾਨ ਸਿੱਖ ਧਰਮ ਦੀ ਚੜ੍ਹਦੀ ਕਲਾ ਪ੍ਰਤੀ ਸੁਹਿਰਦਤਾ ਨਾਲ ਕੰਮ ਕਰ ਰਹੇ ਹਨ ਉਹਨਾ ਵਿਦਵਾਨਾ ਦੇ ਇਹਨਾਂ ਵਿਸ਼ਿਆਂ ਬਾਰੇ ਵਿਚਾਰ ਭਾਂਵੇਂ ਵੱਖ-ਵੱਖ ਵੀ ਹੋਣ ਅਤੇ ਇਕ ਦੂਸਰੇ ਨੂੰ ਕਾਮਰੇਡ ਜਾਂ ਹਿੰਦੂ ਵਿਚਾਰਧਾਰਾ ਦੇ ਆਖਦੇ ਹੋਣ ਉਹਨਾ ਨੂੰ ਕੁਝ ਸਮੇਂ ਲਈ ਆਪਣੇ ਆਪ ਨਾਲ ਆਵਾਗਉਣ ਅਤੇ ਆਤਮਾ ਬਾਰੇ ਸ਼ਬਦਾਂ ਦੀ ਫਿਰ ਤੋਂ ਵਿਚਾਰ ਕਰ ਲੈਣੀ ਚਾਹੀਦੀ ਹੈ। ਇਸ ਤਰ੍ਹਾਂ ਸ਼ਾਇਦ ਸਿੱਖ ਇਸ ਵਿਸ਼ੇ ਬਾਰੇ ਕਿਸੇ ਨਤੀਜੇ ਤੇ ਪਹੁੰਚ ਸਕਣ। ਜੇਕਰ ਇੰਜ ਹੀ ਆਪਣੇ ਆਪ ਨੂੰ ਸਹੀ ਸਿਧ ਕਰਨ ਦੀ ਖਾਤਰ ਲੇਖ ਲਿਖ-ਲਿਖ ਕੇ ਪਾਈ ਗਏ ਤਾਂ ਹੋ ਸਕਦਾ ਹੈ ਸਗੋਂ ਸਿੱਖਾਂ ਨੂੰ ਗੁਰਮਤਿ ਪ੍ਰਤੀ ਇਸ ਸਿਧਾਂਤ ਦੀ ਸੇਧ ਦੇਣ ਦੀ ਬਜਾਏ ਦੋ ਬੇੜੀਆਂ ਵਿਚ ਸਵਾਰ ਕਰ ਦੇਈਏ।
.