.

ਪ੍ਰਸ਼ਨ: ਗੁਰਮਤਿ ਵਿੱਚ ਅਰਦਾਸ ਕਰਨ ਦਾ ਕੀ ਮਨੋਰਥ ਹੈ?

ਉੱਤਰ: ਅਰਦਾਸ ਸਿੱਖ ਦੇ ਜੀਵਨ ਦਾ ਇੱਕ ਅਨਿਖੜਵਾਂ ਅੰਗ ਹੈ। ਸਿੱਖ ਦੇ ਜੀਵਨ ਵਿੱਚ ਐਸਾ ਕੋਈ ਮੌਕਾ ਨਹੀਂ ਜਦ ਇਹ ਅਰਦਾਸ ਨਹੀਂ ਕਰਦਾ। ਹੋਸ਼ ਸੰਭਾਲਨ ਤੋਂ ਲੈਕੇ ਅੰਤ ਤਕ ਇਹ ਪ੍ਰਕਿਰਿਆ ਜਾਰੀ ਰਹਿੰਦੀ ਹੈ। ਅਰਦਾਸ ਦਾ ਮਨੋਰਥ ਨਾ ਤਾਂ ਪ੍ਰਭੂ ਨੂੰ ਆਪਣੇ ਪੱਖ `ਚ ਕਰਨ ਦਾ ਉਪਰਾਲਾ ਹੈ, ਨਾ ਹੀ ਆਪਣੀਆਂ ਲੋੜਾਂ - ਥੁੜਾਂ ਦੱਸ ਕੇ ਵਾਹਿਗੁਰੂ ਨੂੰ ਦਾਤਾਂ ਦੇਣ ਵਿੱਚ ਸੁਝਾ ਦੇਣਾ ਹੈ, ਨਾ ਹੀ ਅਕਾਲ ਪੁਰਖ ਅੱਗੇ ਹੁਕਮ ਜਾਂ ਭਾਣਾ ਬਦਲਣ ਲਈ ਲਿਆ ਗਿਆ ਤਰਲਾ ਹੈ। ਇਸ ਦਾ ਉਦੇਸ਼ ਨਾ ਹੀ ਉਦਮ ਦਾ ਤਿਆਗ ਕਰਕੇ ਹੱਥ ਉੱਤੇ ਹੱਥ ਰੱਖ ਕੇ ਰੱਬੀ ਕ੍ਰਿਸਮੇ ਦੀ ਉਡੀਕ ਹੈ, ਨਾ ਹੀ ਕੀਤੇ ਕਰਮਾਂ ਦੇ ਪ੍ਰਤੀਕਰਮ ਦੇ ਸਿਧਾਂਤ ਨੂੰ ਬਦਲਣ ਦੀ ਚੇਸ਼ਟਾ, ਨਾ ਹੀ ਪ੍ਰਾਰੰਭ ਕੀਤੇ ਹੋਏ ਕੰਮ ਨੂੰ ਹਰ ਹੀਲੇ ਪੂਰਾ ਕਰਨ ਲਈ ਪ੍ਰਭੂ ਵਲੋਂ ਭਰੋਸੇ ਦਾ ਸੰਕੇਤ, ਨਾ ਹੀ ਕਿਸੇ ਛੋਹੇ ਹੋਏ ਕਾਰਜ ਬਾਰੇ ਫਿਰ ਨਿਸ਼ਚਿੰਤ ਹੋਣ ਦਾ ਭਾਵ ਹੈ, ਅਤੇ ਨਾ ਹੀ ਕਿਸੇ ਗ਼ਲਤੀ ਉੱਤੇ ਪਰਦਾ ਪਾਉਣ ਲਈ ਪ੍ਰਭੂ ਤੋਂ ਦਖ਼ਲ ਅੰਦਾਜ਼ੀ ਦੀ ਮੰਗ ਹੈ। ਅਰਦਾਸ ਤਾਂ ਵਾਹਿਗੁਰੂ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਲਈ, ਪ੍ਰਭੂ ਨਾਲ ਜੁੜ ਕੇ ਆਤਮਕ ਬਲ ਹਾਸਲ ਕਰਨ ਲਈ ਪੁੱਟਿਆ ਹੋਇਆ ਇੱਕ ਕਦਮ ਹੈ। ਇਹ ਤਾਂ ਆਪਣੀਆਂ ਲੋੜਾਂ ਥੁੜਾਂ ਦੀ ਪਰਿਸਥਿਤੀ ਵਿੱਚ ਵੀ ਅਕਾਲ ਪੁਰਖ ਦੀ ਯਾਦ ਵਿੱਚ ਜੁੜਕੇ, ਉਸ ਦੀਆਂ ਅਪਾਰ ਬਖ਼ਸ਼ਸ਼ਾਂ ਨੂੰ ਮਹਿਸੂਸ ਕਰਕੇ, ਲੋੜਾਂ - ਥੁੜਾਂ ਦਾ ਸ਼ਿਕਵਾ ਕਰਨ ਦੀ ਬਜਾਇ, ਜੋ ਅਮੋਲਕ ਦਾਤਾਂ ਬਿਨਾਂ ਮੰਗਿਆਂ ਹੀ ਸਾਨੂੰ ਮਾਲਕ ਨੇ ਬਖ਼ਸ਼ੀਆਂ ਹੋਈਆਂ ਹਨ, ਉਹਨਾਂ ਦਾ ਧੰਨਵਾਦ ਕਰਨਾ ਹੈ। ਇਸ ਰਾਂਹੀ ਹੁਕਮ ਨੂੰ ਬਦਲਣ ਦੀ ਚੇਸ਼ਟਾ ਨਹੀਂ ਬਲਕਿ ਹੁਕਮ ਨੂੰ ਸਮਝਣ ਦਾ ਯਤਨ ਹੈ। ਆਲਸੀ ਬਣ ਕੇ ਕਿਸੇ ਗ਼ੈਬੀ ਕ੍ਰਿਸ਼ਮੇ ਦੀ ਇੰਤਜ਼ਾਰ ਕਰਨ ਦੀ ਥਾਂ ਉਦਮ ਕਰਦਿਆਂ ਹੋਇਆਂ ਵੀ ਰੱਬੀ ਰਹਿਮਤ ਉੱਤੇ ਭਰੋਸੇ ਦਾ ਪ੍ਰਗਟਾ ਹੈ। ਇਸ ਦਾ ਮਨੋਰਥ ਗ਼ੁਨਾਹਾਂ ਉੱਤੇ ਪੜਦਾ ਪਾਉਣ ਲਈ ਪ੍ਰਭੂ ਤੋਂ ਸਹਾਇਤਾ ਦੀ ਮੰਗ ਨਹੀਂ ਬਲਕਿ ਗ਼ੁਨਾਹਾਂ ਤੋਂ ਤੋਬਾ ਕਰਕੇ ਅੱਗੇ ਲਈ ਅਜੇਹਾ ਨਾ ਕਰਨ ਦਾ ਪ੍ਰਣ ਹੈ। ਜੀ ਹਾਂ, ਅਰਦਾਸ ਤਾਂ ਆਪਣੀ ਸੀਮਾ ਨੂੰ ਸਵੀਕਾਰ ਕਰਦਿਆਂ ਉਸ ਅਸੀਮ ਸ਼ਕਤੀ ਅੱਗੇ ਸਿਰ ਝੁਕਾਉਣਾ ਹੈ। ਇਸ ਬੋਧ ਨਾਲ ਅਸੀਂ ਆਪਣੀ ਨਿਗੂਣੇਪਣ ਨੂੰ ਦੇਖਕੇ ਆਪਣੇ ਹੰਕਾਰ ਤੋਂ ਉਪਰ ਉੱਠ ਕੇ, ਹੰਕਾਰ ਰਹਿਤ ਅਵਸਥਾ ਨੂੰ ਮਾਣਨ ਦੇ ਯੋਗ ਹੋ ਸਕਦੇ ਹਾਂ, ਦਾਤ ਨਾਲ ਜੁੜਨ ਦੀ ਬਜਾਇ ਦਾਤਾਰ ਨਾਲ ਜੁੜਨ ਦੀ ਸੋਝੀ ਹਾਸਲ ਕਰ ਸਕਦੇ ਹਾਂ। ਸੋ ਅਰਦਾਸ ਤਾਂ, “ਸ਼ੁਧ ਮਨੋਰਥਾਂ ਦੀ ਸਫਲਤਾ, ਭੁੱਲਾਂ ਅਪਰਾਧਾਂ ਦੀ ਮੁਆਫ਼ੀ, ਕਰਣੀ ਦਾ ਅਭਿਮਾਨ ਤਯਾਗ ਕੇ ਬਖਸ਼ਿਸ਼ ਦੀ ਮੰਗ, ਅਤੇ ਕਰਤਾਰ ਦੀ ਰਜ਼ਾ ਅੰਦਰ ਰਹਿ ਕੇ ਆਤਮ ਸਮਰਪਣ ਲਈ ਸਤਿਗੁਰਾਂ ਨੇ ਅਰਦਾਸ ਵਿਧਾਨ ਕੀਤੀ ਹੈ। (ਭਾਈ ਕਾਨ੍ਹ ਸਿੰਘ ਨਾਭਾ)

ਇਸ ਲਈ ਸਿੱਖੀ ਵਿੱਚ ਅਰਦਾਸ ਪ੍ਰਭੂ ਨੂੰ ਸੱਚਾ ਨਿਆਂਕਾਰੀ ਸਮਝਦਿਆਂ ਹੋਇਆਂ, ਉਸ ਨੂੰ ਆਪਣੇ ਅੰਗ ਸੰਗ ਸਮਝਕੇ, ਉਸ ਦੀ ਹਜ਼ੂਰੀ ਵਿੱਚ ਵਿਚਰਦਿਆਂ ਹੋਇਆਂ, ਆਤਮਕ ਕਮਜ਼ੋਰੀਆਂ ਤੋਂ ਉਪਰ ਉੱਠ ਕੇ, ਆਤਮਕ ਬਲ ਹਾਸਲ ਕਰਨ ਦਾ ਅਵਸਰ ਹੈ। ਅਰਦਾਸ ਵਿੱਚ ਤਾਂ ਵਾਹਿਗੁਰੂ ਤੋਂ ਇਹੋ ਜੇਹੇ ਆਚਰਣ ਦੀ ਮੰਗ ਹੈ: ਕ੍ਰਿਪਾ ਨਿਧਿ ਬਸਹੁ ਰਿਦੈ ਹਰਿ ਨੀਤ ॥ ਤੈਸੀ ਬੁਧਿ ਕਰਹੁ ਪਰਗਾਸਾ ਲਾਗੈ ਪ੍ਰਭ ਸੰਗਿ ਪ੍ਰੀਤਿ ॥ ਰਹਾਉ ॥ ਦਾਸ ਤੁਮਾਰੇ ਕੀ ਪਾਵਉ ਧੂਰਾ ਮਸਤਕਿ ਲੇ ਲੇ ਲਾਵਉ ॥ ਮਹਾ ਪਤਿਤ ਤੇ ਹੋਤ ਪੁਨੀਤਾ ਹਰਿ ਕੀਰਤਨ ਗੁਨ ਗਾਵਉ ॥੧॥ ਆਗਿਆ ਤੁਮਰੀ ਮੀਠੀ ਲਾਗਉ ਕੀਓ ਤੁਹਾਰੋ ਭਾਵਉ ॥ ਜੋ ਤੂ ਦੇਹਿ ਤਹੀ ਇਹੁ ਤ੍ਰਿਪਤੈ ਆਨ ਨ ਕਤਹੂ ਧਾਵਉ ॥੨॥ ਸਦ ਹੀ ਨਿਕਟਿ ਜਾਨਉ ਪ੍ਰਭ ਸੁਆਮੀ ਸਗਲ ਰੇਣ ਹੋਇ ਰਹੀਐ ॥ ਸਾਧੂ ਸੰਗਤਿ ਹੋਇ ਪਰਾਪਤਿ ਤਾ ਪ੍ਰਭੁ ਅਪੁਨਾ ਲਹੀਐ ॥੩॥ ਸਦਾ ਸਦਾ ਹਮ ਛੋਹਰੇ ਤੁਮਰੇ ਤੂ ਪ੍ਰਭ ਹਮਰੋ ਮੀਰਾ ॥ ਨਾਨਕ ਬਾਰਿਕ ਤੁਮ ਮਾਤ ਪਿਤਾ ਮੁਖਿ ਨਾਮੁ ਤੁਮਾਰੋ ਖੀਰਾ ॥੪॥ (ਪੰਨਾ 712- 13)

ਗੁਰਮਤਿ ਵਿੱਚ ਅਰਦਾਸ ਦੇ ਇਸ ਸੰਕਲਪ ਨਾ ਨੂੰ ਸਮਝਣ ਕਾਰਨ ਹੀ ਕਈ ਸੱਜਣ, ਸੱਚ ਦੀਆਂ ਕਦਰਾਂ ਕੀਮਤਾਂ ਨੂੰ ਤਿਆਗ ਕੇ ਵੀ ਰੱਬੀ ਰਹਿਮਤ ਦੀ ਆਸ ਰੱਖਦੇ ਹੋਏ ਅਰਦਾਸ ਕਰਦੇ ਜਾਂ ਕਰਾਉਂਦੇ ਹਨ। ਪਰੰਤੂ “ਪਰਧਨ ਪਰ ਇਸਤ੍ਰੀ ਦੀ ਪ੍ਰਾਪਤੀ, ਚੋਰੀ ਜੂਏ ਵਿੱਚ ਸਫਲਤਾ, ਝੂਠੇ ਮਕੱਦਮੇ ਵਿੱਚ ਕਾਮਯਾਬੀ, ਕਿਸੇ ਨੂੰ ਨੁਕਸਾਨ ਪੁਚਾਣ ਦਾ ਮਨੋਰਥ, ਇਤਯਾਦਿਕ ਮੰਦ ਮਨੋਰਥਾਂ ਦੀ ਸਫਲਤਾ ਲਈ ਅਰਦਾਸ ਕਰਨ ਕਰਾਨ ਵਾਲੇ ਸਿੱਖੀ ਦੇ ਸਿਧਾਂਤ ਤੋਂ ਅਗਯਾਤ ਹਨ”। (ਭਾਈ ਕਾਨ੍ਹ ਸਿੰਘ ਨਾਭਾ) ਸੰਖੇਪ ਵਿੱਚ ਇਹੋ ਜੇਹੀ ਅਰਦਾਸ ਕਰਨ ਵਾਲਿਆਂ ਬਾਰੇ ਇਹੀ ਆਖਿਆ ਜਾ ਸਕਦਾ ਹੈ ਕਿ ਅਜੇਹੇ ਸੱਜਣ ਅਰਦਾਸ ਦੇ ਮਨੋਰਥ ਨੂੰ ਸਮਝਣੋਂ ਅਸਮਰਥ ਹਨ।

ਅਰਦਾਸ ਦੇ ਮਨੋਰਥ ਨੂੰ ਨਾ ਸਮਝਣ ਕਾਰਨ ਹੀ ਜੇਕਰ ਕੋਈ ਗ਼ਲਤ ਕੰਮ ਕਰਨ ਵਾਲਾ ਕਨੂੰਨ ਦੀ ਪਕੜ ਵਿੱਚ ਆਉਣੋਂ ਬਚ ਜਾਏ, ਤਾਂ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਅਰਦਾਸ ਜਾਂ ਕਈ ਵਾਰ ਅਖੰਡ ਪਾਠ ਆਦਿ ਵੀ ਕਰਾਉਂਦਾ ਹੈ ਕਿ ਪ੍ਰਭੂ ਦੀ ਉਹਨਾਂ ਉੱਤੇ ਬੜੀ ਕ੍ਰਿਪਾ ਹੋਈ ਹੈ। ਅਜੇਹੇ ਸੱਜਣ ਜੇਕਰ ਪਿਛਲੀਆਂ ਗ਼ਲਤੀਆਂ ਅਥਵਾ ਭੁੱਲਾਂ ਤੋਂ ਸਬਕ ਸਿੱਖ ਕੇ, ਆਪਣੇ ਆਪ ਦਾ ਸੁਧਾਰ ਕਰਕੇ ਚੰਗੇ ਇਨਸਾਨ ਬਣ ਜਾਂਦੇ ਹਨ, ਤਾਂ ਉਹਨਾਂ ਦਾ ਇਹੋ ਜੇਹਾ ਉਪਰਾਲਾ ਮੁਬਾਰਕ ਹੈ। ਪਰ ਜੇਕਰ ਕੰਮ ਫਿਰ ਵੀ ਉਹੀ ਕਰੀ ਜਾਣੇ ਹਨ ਤਾਂ ਐਸੇ ਮਨੁੱਖਾਂ ਦੇ ਇਹੋ ਜੇਹੇ ਧਾਰਮਿਕ ਕਰਮ ਅਡੰਬਰ ਹੀ ਆਖੇ ਜਾ ਸਕਦੇ ਹਨ। ਇਹੇ ਜੇਹੇ ਰਚੇ ਅਡੰਬਰਾਂ ਨਾਲ ਆਮ ਮਨੁੱਖ ਇਹ ਪ੍ਰਭਾਵ ਗ੍ਰਹਿਣ ਕਰਦਾ ਹੈ ਕਿ ਸ਼ਾਇਦ ਪ੍ਰਭੂ ਦੀ ਕਿਰਪਾ ਨਾਲ ਹੀ ਇਹੋ ਜੇਹੇ ਪ੍ਰਾਣੀਆਂ ਨੂੰ ਸਜ਼ਾ ਨਹੀਂ ਮਿਲੀ। ਪਰ ਸਾਨੂੰ ਗੁਰੂ ਗਰੰਥ ਸਾਹਿਬ ਵਿੱਚ ਦਰਸਾਈ ਇਸ ਸਚਾਈ ਨੂੰ ਹਮੇਸ਼ਾਂ ਹੀ ਯਾਦ ਰੱਖਣ ਦੀ ਲੋੜ ਹੈ ਕਿ: ਚੋਰ ਕੀ ਹਾਮਾ ਭਰੇ ਨ ਕੋਇ॥ ਚੋਰੁ ਕੀਆ ਚੰਗਾ ਕਿਉ ਹੋਇ॥ (ਪੰਨਾ 662) ਗ਼ਲਤ ਕੰਮ ਕਰਨ ਵਾਲੇ ਜੇਕਰ ਦੁਨਿਆਵੀ ਅਦਾਲਤ `ਚੋਂ ਬਰੀ ਹੋ ਗਏ ਹਨ ਤਾਂ ਸੱਚੇ ਨਿਆਂ ਕਰਨ ਵਾਲੇ ਪ੍ਰਭੂ ਦੀ ਅਦਾਲਤ ਵਿਚੋਂ ਕਿਵੇਂ ਬਰੀ ਹੋ ਸਕਦੇ ਹਨ? (ਅੰਦਰਿ ਰਾਜਾ ਤਖਤੁ ਹੈ ਆਪੇ ਕਰੇ ਨਿਆਉ ॥ ਪੰਨਾ 1092) ਇਸ ਲਈ ਗ਼ਲਤ ਕੰਮ ਕਰਨ ਵਾਲੇ ਵਿਅਕਤੀ ਸਜ਼ਾ ਤੋਂ ਨਿਰਸੰਦੇਹ ਪ੍ਰਭੂ ਦੀ ਕਿਰਪਾ ਕਰਕੇ ਨਹੀਂ ਬਚੇ ਸਮਝਣੇ ਚਾਹੀਦੇ ਬਲਕਿ ਕਥਿੱਤ ਨਿਆਂ ਪ੍ਰਣਾਲੀ ਆਦਿ ਦੀ ਬਦੌਲਤ ਕਾਰਨ ਸਮਝਣੇ ਚਾਹੀਦੇ ਹਨ। ਕਈ ਸੱਜਣ ਆਪਣੇ ਵਿਰੋਧੀਆਂ ਬਾਰੇ ਅਰਦਾਸ ਕਰਦੇ ਹੋਏ ਰੱਬੀ ਕਹਿਰ ਦੀ ਮੰਗ ਕਰਦੇ ਹਨ। ਅਜੇਹੀ ਸੋਚ ਰੱਖਣ ਵਾਲੇ ਵੀ ਅਰਦਾਸ ਦੇ ਸੰਕਲਪ ਨੂੰ ਸਮਝਣ `ਚ ਉਕਾਈ ਖਾ ਰਹੇ ਹਨ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਅਨੰਦਪੁਰ `ਤੇ ਬਾਈਧਾਰ ਦੇ ਕੁੱਝ ਰਾਜਿਆਂ ਵਲੋਂ ਇੱਕ ਹਮਲੇ ਦੌਰਾਨ ਭਾਈ ਆਲਮ ਸਿੰਘ ਨੇ ਆਖਿਆ ਕਿ ਮਹਾਰਾਜ ਇਹ ਕੇਸਰੀ ਚੰਦ ਬੜੇ ਅਭਿਮਾਨ ਨਾਲ ਅੱਗੇ ਵੱਧ ਰਿਹਾ ਹੈ, ਜੇਕਰ ਇਹ ਕੇਸਰੀ ਚੰਦ ਮਾਰਿਆ ਜਾਵੇ ਤਾਂ ਕਿੰਨਾ ਚੰਗਾ ਹੋਵੇ। ਸਤਿਗੁਰੂ ਜੀ ਨੇ ਭਾਈ ਆਲਮ ਸਿੰਘ ਦੀ ਇਹ ਗੱਲ ਸੁਣ ਕੇ ਆਖਿਆ ਕਿ ਭਾਈ ਆਲਮ ਸਿੰਘ ਇਸ ਤਰ੍ਹਾਂ ਦੀ ਇੱਛਾ ਨਹੀਂ ਕਰੀਦੀ। ਮੈਦਾਨਿ-ਏ - ਜੰਗ ਵਿੱਚ ਜੋਧਿਆਂ ਨੂੰ ਵਿਰੋਧੀ ਧਿਰ ਨਾਲ ਸੂਰਬੀਰਾਂ ਵਾਂਗ ਦੋ ਹੱਥ ਕਰਕੇ ਮਰਨ ਮਾਰਨ ਵਾਲੇ ਅਸੂਲ ਨੂੰ ਅਪਣਾਉਣ ਦੀ ਲੋੜ ਹੈ ਨਾ ਕਿ ਵਿਰੋਧੀ ਧਿਰ ਦੀ ਮੌਤ ਦੀ ਕਾਮਨਾ ਕਰਨੀ।

ਕਿਸੇ ਦੁਨਿਆਵੀ ਕਾਰਜ ਹਿਤ ਕੀਤੀ ਅਰਦਾਸ ਦਾ ਮਨੋਰਥ ਵੀ ਇਹੀ ਹੈ ਕਿ ਅਸੀਂ ਇਸ ਕਾਰਜ ਨੂੰ ਪੂਰਿਆਂ ਕਰਨ ਲਈ ਕਿਸੇ ਕਮਜ਼ੋਰੀ ਵੱਸ ਸੱਚ ਦਾ ਦਾਮਨ ਨਾ ਛੱਡ ਦੇਈਏ। ਇਹੀ ਕਾਰਨ ਹੈ ਕਿ ਗੁਰਮਤਿ ਦੇ ਸਿਧਾਂਤ ਨੂੰ ਸਮਝਣ ਵਾਲੇ ਜੇਕਰ ਕਿਸੇ ਦੁਨਿਆਵੀ ਕਾਰਜ ਹਿਤ ਅਰਦਾਸ ਕਰਦੇ ਹਨ; ਪੂਰੀ ਨਾ ਹੋਣ ਦੀ ਸੂਰਤ ਵਿੱਚ ਨਿਰਾਸ ਨਹੀਂ ਹੁੰਦੇ ਸਗੋਂ ਇਹ ਸਮਝਕੇ ਕਿ ਇਸ ਵਿੱਚ ਅਵੱਸ਼ ਸਾਡੀ ਹੀ ਭਲਿਆਈ ਹੀ ਹੋਵੇਗੀ, ਸ਼ਿਕਵਾ ਕਰਨ ਦੀ ਥਾਂ ਸ਼ੁਕਰਾਨਾ ਹੀ ਕਰਦੇ ਹਨ। ਉਹ ਆਪਣੀ ਮੰਗ ਵਿੱਚ ਆਪਣੀ ਅਗਿਆਨਤਾ ਨੂੰ ਹੀ ਕਬੂਲ ਕਰਦੇ ਹੋਏ ਸਮਰਥ ਪ੍ਰਭੂ ਤੋਂ ਕੁਰਬਾਨ ਜਾਂਦੇ ਹਨ।

ਜੇਕਰ ਅਸੀਂ ਕਾਰੋਬਾਰ ਦੀ ਸਫਲਤਾ ਲਈ ਅਰਦਾਸ ਕਰਦੇ ਹਾਂ ਤਾਂ ਇਸ ਦਾ ਇਹ ਬਿਲਕੁਲ ਹੀ ਭਾਵ ਨਹੀਂ ਕਿ ਸਾਡਾ ਕਾਰੋਬਾਰ ਅਵੱਸ਼ ਉਨਤੀ ਦੀਆਂ ਟੀਸੀਆਂ ਤੇ ਅਪੜ ਜਾਵੇਗਾ, ਜਾਂ ਵਾਹਿਗੁਰੂ ਹਰ ਹਾਲਤ ਵਿੱਚ ਸਾਡਾ ਕਾਰੋਬਾਰ ਜ਼ਰੂਰ ਫਲੀਭੂਤ ਕਰੇਗਾ। ਨਹੀਂ, ਅਜੇਹਾ ਨਹੀਂ ਹੈ, ਜੇਕਰ ਅਸੀਂ ਐਸਾ ਸੋਚਦੇ ਹਾਂ ਤਾਂ ਅਸੀਂ ਅਰਦਾਸ ਦੇ ਸੰਕਲਪ ਨੂੰ ਸਮਝਣ ਵਿੱਚ ਉਕਾਈ ਖਾ ਗਏ ਹਾਂ। ਕਾਰੋਬਾਰ ਦੀ ਸਫਲਤਾ ਲਈ ਅਰਦਾਸ ਦਾ ਭਾਵ ਇਤਨਾ ਹੀ ਹੈ ਕਿ ਹੇ ਵਾਹਿਗੁਰੂ ਕਾਰੋਬਾਰ ਸ਼ੁਰੂ ਕਰਨ ਲੱਗਾਂ ਜਾਂ ਲੱਗੀ ਹਾਂ, ਇਹ ਸੁਮੱਤ ਬਖ਼ਸ਼ਸ਼ ਕਰਨਾ ਕਿ ਮੈਂ ਕਿਸੇ ਪੱਖੋਂ ਵੀ ਆਪਣੇ ਇਸ ਕਾਰੋਬਾਰ ਨੂੰ ਕਾਮਯਾਬ ਕਰਨ ਲਈ, ਆਤਮਕ ਤੌਰ `ਤੇ ਕਮਜ਼ੋਰ ਨਾ ਹੋ ਜਾਵਾਂ। ਜੇਕਰ ਕਾਮਯਾਬ ਹੋਵਾਂ ਤਾਂ ਇਸ ਨੂੰ ਤੇਰੀ ਮੇਹਰ ਸਮਝ ਕੇ ਤੇਰਾ ਸ਼ੁਕਰਾਨੇ ਵਿੱਚ ਜੁੜਿਆ ਰਹਾਂ ਅਤੇ ਅਸਫਲ ਹੋਣ ਦੀ ਸੂਰਤ ਵਿੱਚ ਆਤਮਕ ਤੌਰ `ਤੇ ਕਮਜ਼ੋਰ ਹੋ ਕੇ ਕਾਮਯਾਬ ਹੋਣ ਲਈ ਮੈਂ ਬੇਈਮਾਨੀ, ਹੇਰਾਫੇਰੀ ਜਾਂ ਕੋਈ ਹੋਰ ਅਜੇਹੇ ਢੰਗ ਦੀ ਵਰਤੋਂ ਨਾ ਕਰਾਂ, ਇਤਿਆਦਿਕ। ਕਈ ਸੱਜਣ ਅਜੇਹੇ ਵੀ ਮਿਲਦੇ ਹਨ ਜੇਹੜੇ ਇਹ ਕਹਿੰਦੇ ਹਨ ਕਿ ਜਦੋਂ ਦੇ ਗੁਰੂ ਦੇ ਲੜ ਲੱਗੇ ਹਾਂ, ਕਾਰੋਬਾਰ ਬਹੁਤ ਵਧਿਆ ਫੁਲਿਆ ਹੈ। ਜੇਕਰ ਅਜੇਹੇ ਸੱਜਣਾਂ ਦੀ ਈਮਾਨਦਾਰੀ ਨਾਲ ਕੀਤੀ ਹੋਈ ਕੋਸ਼ਸ਼ ਸਦਕਾ ਕਾਰੋਬਾਰ `ਚ ਵਾਧਾ ਹੋਇਆ ਹੈ ਤਾਂ ਯਕੀਨਨ ਮਾਲਕ ਦੀ ਮੇਹਰ ਸਮਝਣੀ ਚਾਹੀਦੀ ਹੈ। ਪਰੰਤੂ ਜੇਕਰ ਕੋਈ ਗ਼ਲਤ ਢੰਗ ਨਾਲ ਕਾਮਯਾਬੀ ਦੀ ਪਉੜੀ `ਤੇ ਚੜ੍ਹਿਆ ਹੈ ਤਾਂ ਨਿਰਸੰਦੇਹ ਇਹ ਅਕਾਲ ਪੁਰਖ ਦੀ ਕ੍ਰਿਪਾ ਦਾ ਪ੍ਰਤੀਕ ਨਹੀਂ; ਹਾਂ, ਸ਼ੈਤਾਨ ਦੀ ਪ੍ਰਸੰਨਤਾ ਦਾ ਜ਼ਰੂਰ ਪ੍ਰਤੀਕ ਮੰਨਿਆ ਜਾ ਸਕਦਾ ਹੈ। ਇਨਸਾਨੀਅਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਿਸੇ ਤਰ੍ਹਾਂ ਦੇ ਵੀ ਕਾਰੋਬਾਰ ਦੀ ਸਫਲਤਾ ਲਈ, ਨੀਵੀਆਂ ਖ਼ਾਹਸ਼ਾਂ ਆਦਿ ਦੀ ਪੂਰਤੀ ਲਈ ਅਰਦਾਸ ਕਰਨ ਦੀ, ਗੁਰਮਤਿ ਦੀ ਰਹਿਣੀ ਵਿੱਚ ਸਖ਼ਤ ਮਨਾਹੀ ਹੈ। ਇਸ ਤਰ੍ਹਾਂ ਦੇ ਵਿਅਕਤੀ ਨੂੰ ਢੌਂਗੀ ਤਾਂ ਆਖਿਆ ਜਾ ਸਕਦਾ ਹੈ, ਸ਼ਰਧਾਲੂ ਨਹੀਂ।

ਜਦ ਅਸੀਂ ਪ੍ਰਭੂ ਵਲੋਂ ਬਖ਼ਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹਾਂ ਤਾਂ ਇਸ ਦਾ ਭਾਵ ਦਾਤਾਂ ਦੀ ਯੋਗ ਵਰਤੋਂ ਕਰਨਾ ਹੈ; ਜੀ ਹਾਂ, ਜਿਸ ਵੀ ਰੂਪ ਵਿੱਚ ਪ੍ਰਭੂ ਨੇ ਦਾਤ ਬਖ਼ਸ਼ੀ ਹੈ ਉਸ ਦੀ ਦੁਰਵਰਤੋਂ ਨਾ ਕਰਨਾ ਹੀ ਉਸ ਦਾ ਸ਼ੁਕਰਾਨਾ ਹੈ। ਜੇਕਰ ਅਸੀਂ ਦਾਤਾਂ ਦਾ ਸ਼ੁਕਰਾਨਾ ਤਾਂ ਕਰ ਰਹੇ ਹਾਂ ਪਰੰਤੂ ਦਾਤਾਂ ਦੀ ਦੁਰਵਰਤੋਂ ਕਰ ਰਹੇ ਹਾਂ ਤਾਂ ਸਾਡਾ ਸ਼ੁਕਰਨਾ ਮਹਿਜ਼ ਪਾਖੰਡ ਹੀ ਹੈ। ਗੁਨਾਹਾਂ ਦੀ ਮਾਫ਼ੀ ਲਈ, ਅਰਦਾਸ ਦਾ ਭਾਵ ਹੈ ਜਾਣੇ ਅਣਜਾਣੇ ਹੋਈ ਭੁੱਲ ਦਾ ਪਛੁਤਾਵਾ ਕਰਨ ਦੇ ਨਾਲ ਅੱਗੇ ਲਈ ਅਜੇਹੀ ਭੁੱਲ ਨਾ ਕਰਨ ਦਾ ਪ੍ਰਣ ਕਰਨਾ ਹੈ। ਭੁੱਲ ਦਾ ਪਛੁਤਾਵਾ ਕਰਕੇ, ਫਿਰ ਉਸੇ ਭੁੱਲ ਨੂੰ ਦੁਬਾਰਾ ਕਰਕੇ ਬਖ਼ਸ਼ਾਉਣ ਦਾ ਯਤਨ ਕਰਨਾ ਉਚਿਤ ਨਹੀਂ ਹੈ। ਚੂੰਕਿ ਫਿਰ ਇਹ ਸਭ ਕੁੱਝ ਅਸੀਂ ਕੇਵਲ ਆਦਤ ਵੱਸ ਹੀ ਕਰਦੇ ਹਾਂ ਅਤੇ ਕਈ ਵਾਰ ਤਾਂ ਢੀਠਪੁਣੇ ਦਾ ਸ਼ਿਕਾਰ ਹੋ ਜਾਂਦੇ ਹਾਂ। ਹਜ਼ੂਰ ਦੇ ਇਹ ਬਚਨ ਸਾਡੀ ਇਸ ਤਰ੍ਹਾਂ ਦੀ ਭੁੱਲ ਦਾ ਹੀ ਜ਼ਿਕਰ ਕਰਦਿਆਂ ਹੋਇਆਂ ਫਿਰ ਇਹੋ ਜੇਹੇ ਭਰਮ ਨੂੰ ਮਿਟਾਉਂਦੇ ਹਨ: ਪਾਪ ਕਰਹਿ ਪੰਚਾਂ ਕੇ ਬਸਿ ਰੇ ॥ ਤੀਰਥਿ ਨਾਇ ਕਹਹਿ ਸਭਿ ਉਤਰੇ ॥ ਬਹੁਰਿ ਕਮਾਵਹਿ ਹੋਇ ਨਿਸੰਕ ॥ ਜਮ ਪੁਰਿ ਬਾਂਧਿ ਖਰੇ ਕਾਲੰਕ ॥ (pMnw 1348 ) ArQ: ਹੇ ਭਾਈ! (ਜਿਹੜੇ ਮਨੁੱਖ ਕਾਮਾਦਿਕ) ਪੰਜਾਂ ਦੇ ਵੱਸ ਵਿੱਚ (ਰਹਿ ਕੇ) ਪਾਪ ਕਰਦੇ ਰਹਿੰਦੇ ਹਨ, (ਫਿਰ ਕਿਸੇ) ਤੀਰਥ ਉੱਤੇ ਇਸ਼ਨਾਨ ਕਰ ਕੇ ਆਖਦੇ ਹਨ (ਕਿ ਸਾਡੇ) ਸਾਰੇ (ਪਾਪ) ਲਹਿ ਗਏ ਹਨ, (ਤੇ) ਝਾਕਾ ਲਾਹ ਕੇ ਮੁੜ ਮੁੜ (ਉਹੀ ਪਾਪ) ਕਰੀ ਜਾਂਦੇ ਹਨ (ਤੀਰਥ-ਇਸ਼ਨਾਨ ਉਹਨਾਂ ਨੂੰ ਜਮਰਾਜ ਤੋਂ ਬਚਾ ਨਹੀਂ ਸਕਦਾ, ਉਹ ਤਾਂ ਕੀਤੇ) ਪਾਪਾਂ ਦੇ ਕਾਰਨ ਬੰਨ੍ਹ ਕੇ ਜਮਰਾਜ ਦੇ ਦੇਸ ਵਿੱਚ ਅਪੜਾਏ ਜਾਂਦੇ ਹਨ।

ਬੀਮਾਰੀ ਆਦਿ ਦੀ ਹਾਲਤ `ਚ ਅਰਦਾਸ ਦਾ ਇਹ ਹਰਗ਼ਿਜ਼ ਅਰਥ ਨਹੀਂ ਕਿ ਸਾਡੀ ਬੀਮਾਰੀ ਅਵੱਸ਼ ਠੀਕ ਹੀ ਹੋ ਜਾਵੇਗੀ। ਇਸ ਦਾ ਮਨੋਰਥ ਤਾਂ ਪ੍ਰਭੂ ਤੋਂ ਆਤਮਕ ਬਲ ਦੀ ਮੰਗ ਹੈ। ਜੇਕਰ ਅਰਾਮ ਆ ਜਾਂਦਾ ਹੈ ਤਾਂ ਵੀ ਉਸ ਦਾ ਧੰਨਵਾਦ ਹੈ, ਜੇਕਰ ਅਰਾਮ ਨਹੀਂ ਆਉਂਦਾ ਤਾਂ ਵੀ ਸ਼ੁਕਰਾਨੇ ਵਾਲਾ ਹੀ ਭਾਵ ਹੈ। ਨਾਂ ਠੀਕ ਹੋਣ `ਤੇ ਕਿਸੇ ਤਰ੍ਹਾਂ ਦਾ ਕੋਈ ਗਿਲਾ - ਸ਼ਿਕਵਾ ਨਹੀਂ ਹੈ। ਗੁਰਦੇਵ ਤਾਂ ਸਾਨੂੰ ਵਾਹਿਗੁਰੂ ਦਾ ਹੁਕਮੀ ਬੰਦਾਂ ਬਣਕੇ ਇਸ ਤਰ੍ਹਾਂ ਦੀ ਹੀ ਜੋਦੜੀ ਕਰਨ ਦੀ ਪ੍ਰੇਰਨਾ ਦੇਂਦੇ ਹਨ ਕਿ ਹੇ ਪ੍ਰਭੂ! “ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ ॥੨॥ ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ” ॥੩॥ (ਪੰਨਾ 757)

ਕਈ ਸੱਜਣ ਗੁਰਮਤਿ ਵਿੱਚ ਅਰਦਾਸ ਦੇ ਇਸ ਸੰਕਲਪ ਨੂੰ ਨਾ ਸਮਝਦੇ ਹੋਏ, ਇਸ ਨੂੰ ਵਾਸ਼ਨਾਵਾਂ ਦੀ ਪੂਰਤੀ ਦਾ ਸਾਧਨ ਹੀ ਸਮਝਦੇ ਹਨ। ਜੇਕਰ ਅਰਦਾਸ ਪੂਰੀ ਨਾ ਹੋਵੇ ਤਾਂ ਫਿਰ ਇਹ ਤਰਕ ਪੇਸ਼ ਕਰਦੇ ਹਨ ਕਿ ਦਿਲੋਂ ਕੀਤੀ ਹੋਈ ਅਰਦਾਸ ਹੀ ਪੂਰੀ ਹੁੰਦੀ ਹੈ। ਇਹ ਸ਼ੇਅਰ ਆਮ ਹੀ ਸੁਣਾਇਆ ਜਾਂਦਾ ਹੈ “ਖ਼ੁਦਾ ਮਨਜ਼ੂਰ ਕਰਤਾ ਹੈ ਦੁਆ ਜਬ ਦਿਲ ਸੇ ਹੋਤੀ ਹੈ। ਲੇਕਿਨ ਮੁਸ਼ਕਿਲ ਤੋ ਯੇ ਹੈ ਕਿ ਬੜੀ ਮੁਸਕਿਲ ਸੇ ਹੋਤੀ ਹੈ।” ਅਜੇਹਾ ਵਿਸਵਾਸ਼ ਕਰਨ ਵਾਲੇ ਸੱਜਣਾਂ ਦਾ ਧਿਆਨ ਅਸੀਂ ਇਸ ਪਾਸੇ ਵਲ ਦੁਆਉਣਾ ਚਾਹੁੰਦੇ ਹਾਂ ਕਿ ਮਸੀਬਤ ਦੇ ਸਮੇਂ ਹਰੇਕ ਵਿਅਕਤੀ ਦਿਲੋਂ ਹੀ ਅਰਦਾਸ ਕਰ ਰਿਹਾ ਹੁੰਦਾ ਹੈ, ਉਪਰਲੇ ਮਨੋਂ ਨਹੀਂ। ਗੁਰੂ ਗਰੰਥ ਸਾਹਿਬ ਜੀ ਦਾ ਇਹ ਫ਼ਰਮਾਨ ਇਸ ਗੱਲ ਵਲ ਹੀ ਇਸ਼ਾਰਾ ਕਰਦਾ ਹੈ “ਕਬੀਰ ਕਾਮ ਪਰੇ ਹਰਿ ਸਿਮਰਿਐ ਐਸਾ ਸਿਮਰਹੁ ਨਿਤ॥ ਅਮਰਾ ਪੁਰ ਵਾਸਾ ਕਰਹੁ ਹਰਿ ਗਇਆ ਬਹੋਰੈ ਬਿਤ॥ (ਪੰਨਾ 1373) ਦਿਲੋਂ ਕੀਤੀ ਹੋਈ ਅਰਦਾਸ ਵੀ ਜਦ ਪੂਰੀ ਨਾ ਹੋਵੇ ਤਾਂ ਫਿਰ ਇਹ ਕਿਹਾ ਜਾਂਦਾ ਹੈ ਕਿ ਇਹ ਤੁਹਾਡੇ ਭਾਗਾਂ ਵਿੱਚ ਹੀ ਨਹੀਂ ਹੈ। ਇਸ ਤਰ੍ਹਾਂ ਫਿਰ ਭਾਗਾਂ ਦੀ ਗੱਲ ਚਲ ਪੈਂਦੀ ਹੈ। ਕਈਆਂ ਦਾ ਇਹ ਖ਼ਿਆਲ ਹੈ ਕਿ ਕਿਸੇ ਸੱਚੇ ਸੁੱਚੇ ਇਨਸਾਨ ਕੋਲੋਂ ਕਰਵਾਈ ਅਰਦਾਸ ਜ਼ਰੂਰ ਪੂਰੀ ਹੁੰਦੀ ਹੈ। ਇਸ ਧਾਰਨਾ ਕਾਰਨ ਹੀ ਆਮ ਸਿੱਖ ਆਪ ਅਰਦਾਸ ਕਰਨ ਦੀ ਬਜਾਇ ਬਾਬਿਆਂ ਆਦਿ ਦੀ ਸ਼ਰਨ ਵਿੱਚ ਜਾਣ ਲਈ ਮਜ਼ਬੂਰ ਹੋ ਜਾਂਦਾ ਹੈ। ਅਜੇਹੇ ਵਿਅਕਤੀ ਇਹ ਨਹੀਂ ਸੋਚਦੇ ਅਥਵਾ ਵਿਚਾਰਦੇ ਕਿ ਜੇਕਰ ਇਹਨਾਂ ਗੱਲਾਂ ਵਿੱਚ ਥੋਹੜੀ ਜਿੰਨੀ ਵੀ ਸਚਾਈ ਹੁੰਦੀ ਤਾਂ ਗੁਰੂ ਸਾਹਿਬਾਨ ਨੂੰ ਇਨੀਆਂ ਘਾਲਣਾਂ ਘਾਲਣ ਦੀ ਕੀ ਲੋੜ ਸੀ। ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦਾ ਵਿਰੋਧ ਕਰਨ ਵਾਲੀਆਂ ਤਾਕਤਾਂ ਸ਼ੁਰੂ ਤੋਂ ਹੀ ਕਈ ਤਰ੍ਹਾਂ ਹੱਥ ਕੰਡੇ ਅਪਣਾ ਕੇ ਇਸ ਲਹਿਰ ਨੂੰ ਨੁਕਸਾਨ ਪਹੁੰਚਾਉਣ ਦੀਆਂ ਵਿਉਂਤਾ ਬਣਾਉਂਦੀਆਂ ਰਹਿੰਦੀਆਂ ਸਨ। ਇਹਨਾਂ ਤਾਕਤਾਂ ਦੀ ਬਦੌਲਤ ਹੀ ਗੁਰੂ ਅਰਜਨ ਸਾਹਿਬ, ਗੁਰੂ ਤੇਗ ਬਹਾਦਰ ਜੀ, ਸਾਹਿਬਜ਼ਾਦਿਆਂ ਆਦਿ ਦੀ ਸ਼ਹਾਦਤ ਹੋਈ। ਗੁਰੂ ਗੋਬਿੰਦ ਸਿੰਘ ਜੀ ਨੂੰ ਕਿਨਾਂ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ, ਇਹ ਸਭ ਕੁੱਝ ਸਾਡੇ ਸਾਹਮਣੇ ਹੈ। ਜੇਕਰ ਗੁਰਮਤਿ ਦਾ ਇਹੀ ਸਿਧਾਂਤ ਹੁੰਦਾ ਤਾਂ ਗੁਰੂ ਸਾਹਿਬ ਨਾਲੋਂ ਹੋਰ ਕੇਹੜਾ ਵਧੇਰੇ ਇਕਾਗਰਤਾ ਨਾਲ ਪ੍ਰਭੂ ਚਰਨਾਂ ਵਿੱਚ ਅਰਦਾਸ ਕਰ ਸਕਦਾ ਸੀ। ਸਤਿਗੁਰੂ ਵੀ ਅਰਦਾਸ ਕਰਦੇ ਹਨ, ਵਿਰੋਧੀਆਂ ਦੇ ਨਾਸ ਲਈ ਨਹੀਂ ਬਲਕਿ ਆਪਣਾ ਸਿਦਕ, ਭਰੋਸਾ ਅਡੋਲ ਰੱਖਣ ਲਈ।

ਹਕੂਮਤ ਵਲੋਂ ਪੰਚਮ ਪਾਤਸ਼ਾਹ ਨੂੰ ਅਕਹਿ ਅਤੇ ਅਸਹਿ ਤਸੀਹੇ ਦੇਂਦਿਆਂ ਦੇਖ ਕੇ ਜਦ ਸਾਂਈ ਮੀਆਂ ਮੀਰ ਜੀ ਜ਼ਾਰੋ ਜ਼ਾਰ ਰੋਦਿਆਂ ਅਜੇਹੀ ਜ਼ਾਲਮ ਹਕੂਮਤ ਦਾ ਨਾਸ਼ ਹੋ ਜਾਵੇ ਆਦਿ ਕਹਿਣ ਲੱਗੇ, ਤਾਂ ਗੁਰਦੇਵ ਸਾਂਈ ਜੀ ਨੂੰ ਅਜੇਹਾ ਕਹਿਣ ਤੋਂ ਵਰਜਦੇ ਹੋਏ ਸਾਂਈ ਜੀ ਦਾ ਧਿਆਨ ਅਕਾਲ ਪੁਰਖ ਦੀ ਹੁਕਮੀ ਖੇਡ ਵਲ ਦਿਵਾਉਂਦਿਆਂ ਕਹਿੰਦੇ ਹਨ ਕਿ, ਸਾਂਈ ਜੀ! ਸੱਚ ਦੇ ਪੂਰਨੇ ਪਾਉਣ ਵਾਲਿਆਂ ਦੇ ਰਸਤੇ ਵਿਚ, ਝੂਠ ਦੇ ਮੁਦਈਆਂ ਵਲੋਂ ਕਈ ਤਰ੍ਹਾਂ ਦੀਆਂ ਰੁਕਾਵਟਾਂ ਖੜੀਆਂ ਕਰਨਾ ਸੁਭਾਵਿਕ ਹੈ। ਜੇਕਰ ਸੱਚ ਦੀਆਂ ਕਦਰਾਂ ਕੀਮਤਾਂ ਨੂੰ ਪ੍ਰਚਾਰਨ ਵਾਲੇ ਇਹਨਾਂ ਰੁਕਾਵਟ ਵਲੋਂ ਬੇਪ੍ਰਵਾਹ ਹੋਕੇ, ਫਿਰ ਵੀ ਆਪਣੀ ਮੰਜ਼ਿਲ ਵਲ ਵਧਦੇ ਜਾਣ ਤਾਂ ਇਹੋ ਜੇਹੀਆਂ ਤਾਕਤਾਂ ਦੇ ਹੱਥੋਂ ਸੱਚ ਦਾ ਢੰਢੋਰਾ ਦੇਣ ਵਾਲਿਆਂ ਨੂੰ ਤਸੀਹੇ ਸ਼ਹਿੰਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀਣਾ ਹੀ ਪੀਂਦਾ ਹੈ। ਇਸ ਤਰ੍ਹਾਂ ਦੀ ਸ਼ਹਾਦਤ ਆਤਮਕ ਮੌਤੇ ਮੋਏ ਹੋਇਆਂ ਨੂੰ ਆਤਮਕ ਜੀਵਨ ਬਖ਼ਸ਼ਸ਼ ਕਰਿਆ ਕਰਦੀ ਹੈ। ਗੁਰਮਤਿ ਵਿੱਚ ਅਰਦਾਸ ਦਾ ਮਨੋਰਥ ਨਾ ਸਮਝਣ ਵਾਲੇ ਸੱਜਣ ਕੀ ਇਹ ਸਿੱਧ ਕਰਨਾ ਚਾਹੁੰਦੇ ਹਨ ਕਿ ਗੁਰੂ ਸਾਹਿਬਾਨ ਅਰਦਾਸ ਦੀ ਮਹਤੱਤਾ ਦੇ ਇਸ ਪਹਿਲੂ ਤੋਂ ਅਣਜਾਣ ਸਨ?

ਅਰਦਾਸ ਬਾਰੇ ਅਜੇਹੀ ਧਾਰਨਾ ਰੱਖਣ ਵਾਲਿਆਂ ਸੱਜਣਾਂ ਦਾ ਧਿਆਨ ਗੁਰੂ ਗਰੰਥ ਸਾਹਿਬ ਵਿੱਚ ਅੰਕਤ ਨਿਮਨ ਲਿਖਤ ਫ਼ਰਮਾਨਾਂ ਵਲ ਦੁਵਾਇਆ ਜਾ ਰਿਹਾ ਹੈ।

(ੳ) ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ ॥ ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ ॥ (ਪੰਨਾ 1379) ਅਰਥ:-  ਹੇ ਫਰੀਦ! (ਬੰਦਗੀ ਤੋਂ ਬਿਨਾ ਸੁਖੀ ਜੀਵਨ ਦੀ ਆਸ ਰੱਖਣ ਵਾਲਾ ਮਨੁੱਖ ਉਸ ਜੱਟ ਵਾਂਗ ਹੈ) ਜੋ ਜੱਟ ਕਿਕਰੀਆਂ ਬੀਜਦਾ ਹੈ ਪਰ (ਉਹਨਾਂ ਕਿਕਰੀਆਂ ਤੋਂ) ਬਿਜੌਰ ਦੇ ਇਲਾਕੇ ਦਾ ਛੋਟਾ ਅੰਗੂਰ (ਖਾਣਾ) ਚਾਹੁੰਦਾ ਹੈ, (ਸਾਰੀ ਉਮਰ) ਉੱਨ ਕਤਾਂਦਾ ਫਿਰਦਾ ਹੈ, ਪਰ ਰੇਸ਼ਮ ਪਹਿਨਣਾ ਚਾਹੁੰਦਾ ਹੈ।

(ਅ) ਜੇ ਦੇਹੈ ਦੁਖੁ ਲਾਈਐ ਪਾਪ ਗਰਹ ਦੁਇ ਰਾਹੁ ॥ ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ ਏਵੈ ਜਾਪੈ ਭਾਉ ॥ ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥ (ਪੰਨਾ 142)

(ੲ) ਭਾਣਾ ਮੰਨੇ ਸੋ ਸੁਖੁ ਪਾਏ ਭਾਣੇ ਵਿਚਿ ਸੁਖੁ ਪਾਇਦਾ॥ ਮਨਮੁਖੁ ਅੰਧ ਕਰੇ ਚਤੁਰਾਈ॥ ਭਾਣਾ ਨ ਮੰਨੇ ਬਹੁਤੁ ਦੁਖੁ ਪਾਈ॥ ਭਰਮੇ ਭੂਲਾ ਆਵੈ ਜਾਏ ਘਰੁ ਮਹਲੁ ਨ ਕਬਹੂ ਪਾਇਦਾ॥ (ਪੰਨਾ 1062) ਅਰਥ: ਹੇ ਪ੍ਰਭੂ! ਇਹ ਸਾਰੀ ਸ੍ਰਿਸ਼ਟੀ ਤੂੰ ਆਪਣੀ ਰਜ਼ਾ ਵਿੱਚ ਪੈਦਾ ਕੀਤੀ ਹੈ। ਜਿਸ ਮਨੁੱਖ ਨੂੰ ਤੂੰ ਆਪਣੀ ਰਜ਼ਾ ਮੰਨਣ ਦੀ ਤਾਕਤ ਦੇਂਦਾ ਹੈਂ, ਉਸ ਨੂੰ ਤੇਰੀ ਰਜ਼ਾ ਪਿਆਰੀ ਲੱਗਦੀ ਹੈ। 4. ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਤੇ ਮਾਇਆ ਦੇ ਮੋਹ ਵਿੱਚ ਅੰਨ੍ਹਾ ਹੋ ਚੁਕਾ ਮਨੁੱਖ (ਆਪਣੇ ਵਲੋਂ ਬਥੇਰੀ) ਸਿਆਣਪ ਕਰਦਾ ਹੈ, (ਪਰ ਜਦ ਤਕ ਉਹ ਪਰਮਾਤਮਾ ਦੇ) ਕੀਤੇ ਨੂੰ ਮਿੱਠਾ ਕਰ ਕੇ ਨਹੀਂ ਮੰਨਦਾ (ਉਤਨਾ ਚਿਰ ਉਹ) ਬਹੁਤ ਦੁੱਖ ਪਾਂਦਾ ਹੈ। ਮਨ ਦਾ ਮੁਰੀਦ ਮਨੁੱਖ ਭਟਕਣਾ ਦੇ ਕਾਰਨ ਕੁਰਾਹੇ ਪਿਆ ਹੋਇਆ ਜਨਮ ਮਰਨ ਦੇ ਗੇੜ ਵਿੱਚ ਪੈ ਜਾਂਦਾ ਹੈ, ਉਹ ਕਦੇ ਭੀ (ਇਸ ਤਰ੍ਹਾਂ) ਪਰਮਾਤਮਾ ਦੇ ਚਰਨਾਂ ਵਿੱਚ ਥਾਂ ਨਹੀਂ ਲੱਭ ਸਕਦਾ।

ਸੋ, ਗੁਰਮਤਿ ਵਿੱਚ ਅਰਦਾਸ ਦਾ ਮਨੋਰਥ ਪ੍ਰਭੂ ਹੁਕਮ ਨੂੰ ਬਦਲਣ, ਆਪਣੇ ਕੀਤੇ ਕਰਮ ਦੇ ਪ੍ਰਤੀਕਰਮ ਤੋਂ ਛੁਟਕਾਰਾ ਪਾਉਣ, ਜਾਂ ਰੱਬ ਨਾਲ ਕਿਸੇ ਤਰ੍ਹਾਂ ਦੀ ਸੌਦੇਬਾਜ਼ੀ ਕਰਨਾ ਨਹੀਂ ਹੈ ਬਲਕਿ ਅਰਦਾਸ ਰਾਂਹੀ ਰੱਬੀ ਰਹਿਮਤ ਦੀ ਮੰਗ ਕਰਦਿਆਂ ਹੋਇਆਂ ਉਸ ਨਾਲ ਜੁੜਨ ਦਾ ਅਵਸਰ ਹੈ, ਆਪਣੀ ਸੀਮਾਂ ਨੂੰ ਮਹਿਸੂਸ ਕਰਦਿਆਂ ਹੋਇਆਂ ਉਸ ਅਸੀਮ ਦੀ ਮਹਤੱਤਾ ਨੂੰ ਸਵੀਕਾਰ ਕਰਕੇ ਉਸ ਅੱਗੇ ਸਿਰ ਝੁਕਾਉਣਾ ਹੈ। ਹਰ ਹਾਲਤ ਵਿੱਚ ਆਤਮਕ ਬਲ ਨੂੰ ਕਾਇਮ ਰੱਖ ਸੱਕਣ ਲਈ ਵਾਹਿਗੁਰੂ ਅੱਗੇ ਤਰਲਾ ਹੈ। ਆਪਣੀਆਂ ਗ਼ਲਤੀਆਂ ਨੂੰ ਮਹਿਸੂਸ ਕਰਕੇ ਇਹਨਾਂ ਤੋਂ ਉਪਰ ਉਠਣ ਲਈ ਹੰਭਲਾ ਮਾਰਨਾ ਹੈ। ਹਰ ਪਰਿਸੱਥਿਤੀ ਵਿੱਚ ਸੱਚ ਦੀਆਂ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਣ ਦਾ ਪ੍ਰਭੂ ਨਾਲ ਕੌਲ ਕਰਾਰ ਹੈ। ਅਦਰਸ਼ ਕਾਰਜ ਦੀ ਪੂਰਤੀ ਨਹੀਂ, ਪ੍ਰਭੂ ਨਾਲ ਜੁੜਨ ਦਾ ਅਵਸਰ ਜਾਣ ਉਸ ਨਾਲ ਜੁੜਨ ਦਾ ਉਪਰਾਲਾ ਹੈ।

ਨੋਟ: ਇੱਥੇ ਅਸੀਂ ਗੁਰਮਤਿ ਵਿੱਚ ਅਰਦਾਸ ਦੇ ਮਨੋਰਥ ਦੀ ਚਰਚਾ ਕੀਤੀ ਹੈ; ਇਸ ਪੱਖ ਨੂੰ ਨਹੀਂ ਛੋਹਿਆ ਗਿਆ ਕਿ ਅਮਲੀ ਰੂਪ ਵਿੱਚ ਅਸੀਂ ਕਿੰਨਾ ਕੁ ਮੰਨਦੇ ਹਾਂ। ਅਤੇ ਨਾ ਹੀ ਅਰਦਾਸ ਨਾਲ ਜੁੜੇ ਹੋਰ ਦੂਜੇ ਪਹਿਲੂਆਂ ਦੀ ਚਰਚਾ ਕੀਤੀ ਹੈ, ਇਹ ਕੇਵਲ ਪ੍ਰਸ਼ਨ ਨਾਲ ਸਬੰਧਤ ਪਹਿਲੂ ਦੀ ਹੀ ਚਰਚਾ ਕੀਤੀ ਹੈ।

ਜਸਬੀਰ ਸਿੰਘ ਵੈਨਕੂਵਰ
.