.

ਅਰਥ ਨਿਖਾਰ

“ਆਸ ਪਾਸ ਘਨ ਤੁਰਸੀ ਕਾ ਬਿਰਵਾ”

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਕਬੀਰ ਜੀ ਦਾ ਸ਼ਬਦ ਹੈ-ਰਾਗੁ ਗਉੜੀ ੧੧॥ ਆਸ ਪਾਸ ਘਨ ਤੁਰਸੀ ਕਾ ਬਿਰਵਾ, ਮਾਝ ਬਨਾ ਰਸਿ ਗਾਊਂ ਰੇ॥ ਉਆ ਕਾ ਸਰੂਪੁ ਦੇਖਿ ਮੋਹੀ ਗੁਆਰਨਿ, ਮੋ ਕਉ ਛੋਡਿ ਨ ਆਉ ਨ ਜਾਹੂ ਰੇ॥ ੧॥ ਤੋਹਿ ਚਰਨ ਮਨੁ ਲਾਗੋ ਸਾਰਿੰਗਧਰ॥ ਸੋ ਮਿਲੈ ਜੋ ਬਡਭਾਗੋ॥ ੧॥ ਰਹਾਉ॥ ਬਿੰਦ੍ਰਾਬਨ ਮਨ ਹਰਨ ਮਨੋਹਰ, ਕ੍ਰਿਸਨ ਚਰਾਵਤ ਗਾਊ ਰੇ॥ ਜਾ ਕਾ ਠਾਕੁਰੁ ਤੁਹੀ ਸਾਰਿੰਗਧਰ, ਮੋਹਿ ਕਬੀਰਾ ਨਾਊ ਰੇ॥ ੨॥ ੨॥ ੧੫॥ ੬੬॥ (ਪੰ: 338)

ਸੰਨ 1469 ਤੋਂ 1708 ਤੀਕ, ਗੁਰੂ ਨਾਨਕ ਪਾਤਸ਼ਾਹ ਨੇ ਦਸ ਜਾਮੇ ਧਾਰਣ ਕਰਕੇ ੴ ਦੀ ਛਤਰ ਛਾਇਆ ਹੇਠ ਜਿਸ ਸਿੱਖ ਕੌਮ ਨੂੰ ਪ੍ਰਗਟ ਕੀਤਾ, ਦਰਅਸਲ ਇਹ ਧਰਮ ਸੰਸਾਰ ਭਰ ਦੇ ਮਨੁੱਖ ਮਾਤ੍ਰ ਦਾ ਮੁੱਢ ਕਦੀਮੀ ਤੇ ਮੂਲ ਧਰਮ ਹੈ। ਇਹ ਉਹ ਧਰਮ ਹੈ ਜਿੱਥੇ ਗੁਰਦੇਵ ਨੇ ਮਨੁੱਖ ਦੀ ਸ਼ਕਲ ਨੂੰ ਸੁਆਰਿਆ ਤੇ ਉਸ ਨੂੰ ਉਸ ਦੀ ਅਸਲੀ ਤੇ ਰੱਬੀ ਸ਼ਕਲ `ਚ ਪ੍ਰਗਟ ਕੀਤਾ। ਇਸ ਦੇ ਨਾਲ ਨਾਲ, ਉਸਦੇ ਸੁਭਾਅ ਦੀ ਘਾੜਤ ਲਈ ਇਸ ਨੂੰ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੇ ਰੂਪ `ਚ ਜੀਵਨ-ਜਾਚ ਦਾ ਖਜ਼ਾਨਾ ਬਖਸ਼ਿਆ ਤੇ ਇਸ ਨੂੰ ਗੁਰਬਾਣੀ ਸਿਖਿਆ ਦੇ ਦਾਇਰੇ `ਚ ਚਲਣ ਲਈ ਤਾਕੀਦ ਕੀਤੀ। ਗੁਰਬਾਣੀ ਰਾਹੀਂ ਇਹ ਵੀ ਸਾਫ਼ ਕਰ ਦਿੱਤਾ, ਜੇਕਰ ਸਿੱਖ ਦਾ ਜੀਵਨ ਗੁਰਬਾਣੀ ਸਿਖਿਆ ਅਨੁਸਾਰ ਨਹੀਂ ਹੋਵੇਗਾ ਤਾਂ ਕੇਵਲ ਸਰੂਪ ਕਰਕੇ ਗੁਰੂ ਦਰ `ਤੇ ਪ੍ਰਵਾਣ ਨਹੀਂ ਹੋ ਸਕੇਗਾ। ਇਸ ਵਿਸ਼ੇ ਨੂੰ ਗੁਰਮਤਿ ਪਾਠ 39 “ਆਦਿ ਕਾਲ ਦਾ ਧਰਮ ਸਿੱਖ ਧਰਮ” `ਚ ਭਲੀ ਭਾਂਤ ਨਿਭਾਇਆ ਜਾ ਚੁੱਕਾ ਹੈ। ਗੁਰਬਾਣੀ ਦਾ ਹੀ ਫ਼ੈਸਲਾ ਹੈ “ਇਕਾ ਬਾਣੀ ਇਕੁ ਗੁਰੁ, ਇਕੋ ਸਬਦੁ ਵੀਚਾਰਿ” (ਪੰ: 646)। ਭਾਵ ਗੁਰਬਾਣੀ `ਚ ਭਾਵੇਂ ਪੈਂਤੀ ਲਿਖਾਰੀ ਹਨ ਪਰ ਇਹ ਸੰਭਵ ਨਹੀਂ ਕਿ ਉਥੇ ਕਿਸੇ ਤਰ੍ਹਾਂ ਦਾ ਵੀ ਸਿਧਾਂਤ ਵਿਰੋਧ ਹੋਵੇ।

ਗੁਰਬਾਣੀ ਦਾ ਮੂਲ ਸਿਧਾਂਤ ੴ ਹੈ ਤੇ ਫ਼ੈਸਲਾ ਹੈ “ਏਕੁ ਸਾਹਿਬੁ ਸਿਰਿ ਛਤੁ ਦੂਜਾ ਨਾਹਿ ਕੋਇ” (ਪੰ: 398) ਅਤੇ “ਏਕੋ ਏਕੁ ਰਹਿਆ ਭਰਪੂਰਿ॥ ਸਾਕਤ ਨਰ ਲੋਭੀ ਜਾਣਹਿ ਦੂਰਿ” (ਪੰ: 1177) ਬਲਕਿ “ਏਕੋ ਏਕੁ ਵਰਤੈ ਹਰਿ ਲੋਇ॥ ਨਾਨਕ ਹਰਿ ਏਕ+ ਕਰੇ ਸੁ ਹੋਇ” (ਪੰ: 1177) ਇਸ ਤੋਂ ਬਾਅਦ ਵੀ ਜੇ ਕੋਈ ਸੱਜਨ ਕਿਸੇ ਸ਼ਬਦ ਦੇ ਅਰਥਾਂ ਬਾਰੇ ਹੱਠ ਕਰੇ ਜਾਂ ਪ੍ਰਚਾਰਣ ਦਾ ਯਤਨ ਕਰੇ ਕਿ ਅਮੁੱਕਾ ਸ਼ਬਦ ਕਿਸੇ ਅਵਤਾਰ ਪੂਜਾ, ਦੇਵੀ-ਦੇਵਤਾ ਵਾਦ ਜਾਂ ਅਨਪੂਜਾ ਨਾਲ ਸਬੰਧਤ ਹੈ ਤਾਂ ਉਸ ਦੀ ਵੱਡੀ ਅਗਿਆਣਤਾ, ਭੁਲ ਜਾਂ ਸੰਗਤਾਂ ਨੂੰ ਗੁਮਰਾਹ ਕਰਣ ਲਈ ਕੁਟਲਨੀਤੀ ਹੀ ਕਹਿਣਾ ਪਵੇਗਾ। ਗੁਰੂ ਨਾਨਕ ਪਾਤਸ਼ਾਹ ਰਾਹੀਂ ਪ੍ਰਗਟ, ਇਸ ਸੱਚ ਧਰਮ ਅਥਵਾ ਸਿੱਖ ਧਰਮ `ਚ ਕਿਸੇ ਅਵਤਾਰ ਵਾਦ, ਦੇਵੀ-ਦੇਵਤਾ ਵਾਦ, ਤੇ ਉਹਨਾਂ ਵਿਸ਼ਵਾਸਾਂ ਦੇ ਆਧਾਰ `ਤੇ ਪੈਦਾ ਹੋਣ ਵਾਲੇ ਬੇਅੰਤ ਕਰਮਕਾਂਡ-ਵਿਸ਼ਵਾਸ, ਵਹਿਮ-ਭਰਮ, ਸਗਨ-ਅਪਸਗਨ, ਸੁਚ-ਭਿਟ-ਪ੍ਰਛਾਵੇਂ, ਵਰਣ-ਵੰਡ, ਸੰਗ੍ਰਾਂਦਾਂ-ਮਸਿਆਵਾਂ-ਪੂਰਨਮਾਸ਼ੀਆਂ, ਮੰਗਲ ਸਨੀਚਰ, ਸੂਰਜ-ਚੰਦ ਗ੍ਰਿਹਣ, ਥਿੱਤ-ਵਾਰ, ਰਾਸ਼ੀ ਫਲ, ਟੇਵੇ-ਮਹੂਰਤ, ਭੂਤ-ਪ੍ਰੇਤ, ਰੂਹਾਂ-ਬਦਰੂਹਾਂ, ਰੀਤੀ-ਰਿਵਾਜ, ਸੁਰਗ ਨਰਕ, ਜਮਰਾਜ-ਧਰਮਰਾਜ, ਇੰਦ੍ਰਲੋਕ, ਜਮ ਲੋਕ, ਪਿਤ੍ਰਲੋਕ, ਸ਼ਿਵਪੁਰੀ, ਬਿਸ਼ਨਪੁਰੀ ਆਦਿ ਨੂੰ ਕੋਈ ਥਾਂ ਨਹੀਂ।

ਇਸ ਦੇ ਬਾਵਜੂਦ, ਵੱਖਰੀ ਗੱਲ ਹੈ ਕਿ ਗੁਰੂ ਨਾਨਕ-ਕਲਗੀਧਰ ਦਾ ਸਿੱਖ, ਕਿਸੇ ਵੀ ਵਿਚਾਰਧਾਰਾ ਜਾਂ ਧਰਮ `ਚ ਵਿਚਰ ਰਹੇ ਮਨੁੱਖ ਦੇ ਜਜ਼ਬਾਤਾਂ ਦਾ “ਖਾਲਿਕੁ ਖਲਕ, ਖਲਕ ਮਹਿ ਖਾਲਿਕੁ, ਪੂਰਿ ਰਹਿਓ ਸ੍ਰਬ ਠਾਂਈ” (ਪੰ: 1350) ਅਥਵਾ “ਘਟਿ ਘਟਿ ਰਮਈਆ ਰਮਤ ਰਾਮ ਰਾਇ” (ਪੰ: 127) ਅਨੁਸਾਰ ਗੁਰਬਾਣੀ ਆਗਿਆ `ਚ ਸਾਰਿਆਂ ਦਾ ਪੂਰਾ ਸਤਿਕਾਰ ਕਰਦਾ ਹੈ। ਆਪਣੇ ਆਪਣੇ ਧਰਮ-ਵਿਸ਼ਵਾਸਾਂ ਅਨੁਸਾਰ ਕੋਈ ਇਨਸਾਨ ਕਿਸੇ ਵੀ ਤਰ੍ਹਾਂ ਵਿਚਰੇ, ਦੇਵੀ ਦੇਵਤਿਆਂ ਨੂੰ ਮੰਨੇ ਜਾਂ ਅਵਤਾਰ ਵਾਦ ਨੂੰ, ਉਸ ਨੂੰ ਮੁਬਾਰਕ। ਦੁਖ ਉਸ ਵੇਲੇ ਹੁੰਦਾ ਹੈ ਜਦੋਂ ਆਪਣੇ ਆਪ ਨੂੰ ਗੁਰਬਾਣੀ ਦੇ ਸਿੱਖ ਅਖਵਾਉਣ ਵਾਲੇ ਜਾਂ ਸਿੱਖ ਧਰਮ ਦੇ ਹੀ ਕਥਾਵਾਚਕ, ਰਾਗੀ, ਢਾਡੀ, ਲੇਖਕ, ਜਾਣੇ-ਅਨਜਾਣੇ ਗੁਰਬਾਣੀ ਨੂੰ, ਗੁਰਬਾਣੀ ਸਿਧਾਂਤ ਵਿਰੁਧ ਗ਼ਲਤ ਅਰਥ-ਪ੍ਰਭਾਵਾਂ `ਚ ਗੁਰੂ ਕੀਆਂ ਸੰਗਤਾਂ `ਚ ਪੇਸ਼ ਕਰਦੇ ਹਨ। ਹੱਥਲਾ ਸ਼ਬਦ ਵੀ ਅਜਿਹੇ ਸ਼ਬਦਾਂ `ਚੋਂ ਇੱਕ ਹੈ ਜਦੋਂ ਕਈ ਪ੍ਰਚਾਰਕ ਉਚੇਚੇ ‘ਕ੍ਰਿਸ਼ਨ ਜਨਮ ਅਸਟਮੀ’ ਜਾਂ ਹੋਲੀਆਂ ਸਮੇਂ ਅਵਤਾਰ ਪੂਜਾ ਦਾ ਪ੍ਰਭਾਵ ਦੇ ਕੇ ਵਰਤਦੇ ਹਨ। ਜਦਕਿ ਕੇਵਲ ਇਹੀ ਨਹੀਂ, ਬਲਕਿ ਗੁਰਬਾਣੀ ਵਿਚਲੀ ਕਿਸੇ ਵੀ ਰਚਨਾ `ਚ ਅਵਤਾਰ ਜਾਂ ਦੇਵ ਪੂਜਾ ਉਪ੍ਰੰਤ ਉਹਨਾਂ ਨਾਲ ਸੰਬੰਧਤ ਕਿਸੇ ਵੀ ਕਰਮਕਾਂਡ-ਵਿਸ਼ਵਾਸ ਨੂੰ ਪ੍ਰਵਾਣ ਨਹੀਂ ਕੀਤਾ ਗਿਆ। ਉਂਝ ਇਸ ਤੋਂ ਪਹਿਲਾਂ ਇਸੇ ਲੜੀ `ਚ ਗੁਰਮਤਿ ਪਾਠ ਨੰ: 96A “ਧਨਿ ਧੰਨਿ ਓ ਰਾਮ ਬੇਨੁ ਬਾਜੈ” ਦੇ ਚੁਕੇ ਹਾਂ ਕਿਉਂਕਿ ਉਸ ਸ਼ਬਦ ਨਾਲ ਵੀ ਮਸਲਾ ਇਹੀ ਹੈ, ਜਿਸ ਤੋਂ ਉਸ ਸ਼ਬਦ ਦੇ ਅਰਥਾਂ ਨੂੰ ਨਿਖਾਰਣ ਦੀ ਲੋੜ ਪੈ ਗਈ।

ਛੱਡ ਸਿੰਘਾਸਣ ਹਰਿ ਜੀ ਆਏ” -ਦੂਰ ਕਿਉਂ ਜਾਵੀਏ, ਅੱਜ ਇੱਕ ਹੋਰ ਨਵੀਂ ਖੇਡ ਸਾਹਮਣੇ ਆ ਰਹੀ ਹੈ ਜਦੋਂ ਸਾਡੇ ਹੀ ਕੁੱਝ ਨਾਮਵਰ ਰਾਗੀ-ਕਥਵਾਚਕ, ਭਾਈ ਗੁਰਦਾਸ ਜੀ ਦੀ ਦਸਵੀਂ ਵਾਰ ਦੀ ਪਉੜੀ ਨੰ: ਦਸ ਨੂੰ ਗੁਰਬਾਣੀ ਬਰਾਬਰੀ `ਤੇ ਪੜਦੇ ਸੁਨੇ ਜਾਂਦੇ ਹਨ। ਪਉੜੀ ਹੈ “ਬਿਪ ਸੁਦਾਮਾ ਦਾਲਦੀ ਬਾਲ ਸਖਾਈ ਮਿਤ੍ਰ ਸਦਾਏ॥ ਲਾਗੂ ਹੋਈ ਬਾਮ੍ਹਣੀ ਮਿਲ ਜਗਦੀਸ ਦਲਿਦ੍ਰ ਗਵਾਏ॥ ਚਲਿਆ ਗਿਣਦਾ ਗਟੀਆਂ ਕ੍ਯੋਂ ਕਰ ਜਾਈਏ ਕੌਣ ਮਿਲਾਏ॥ ਪਹੁਤਾ ਨਗਰ ਦੁਆਰਕਾ ਸਿੰਘ ਦੁਆਰ ਖਲੋਤਾ ਜਾਏ॥ ਦੂਰਹੁੰ ਦੇਖ ਡੰਡਉਤ ਕਰ ਛੱਡ ਸਿੰਘਾਸਣ ਹਰਿ ਜੀ ਆਏ॥ ਪਹਿਲੇ ਦੇ ਪਰਦਖਣਾ ਪੈਰੀਂ ਪੈ ਕੇ ਲੈ ਗਲ ਲਾਏ॥ ਚਰਣੋਦਕ ਲੈ ਪੈਰ ਧੋਇ ਸ਼ਿੰਘਾਸਣ ਉਪਰ ਬੈਠਾਏ॥ ਪੁਛੇ ਕੁਸਲ ਪਿਆਰ ਕਰ ਗੁਰ ਸੇਵਾ ਦੀ ਕਥਾ ਸੁਣਾਏ॥ ਲੈਕੇ ਤੰਦਲ ਚਬਿਓਨ ਵਿਦਾ ਕਰੇ ਅਗੇ ਪਹੁਚਾਏ॥ ਚਾਰ ਪਦਾਰਥ ਸਕੁਚ ਪਠਾਏ॥ ੧੦॥” ਉਹ ਲੋਕ ਅਜਿਹਾ ਕਿਉਂ ਕਰ ਰਹੇ ਹਨ ਉਹੀ ਜਾਨਣ, ਹੋ ਸਕਦਾ ਹੈ ਉਹਨਾਂ ਚੋਂ ਕੁੱਝ ਦੀ ਆਪਣੀ ਸੁਰਤ ਹੀ ਅਵਤਾਰ ਪੂਜਾ `ਚ ਟਿਕੀ ਹੋਵ

ਸਮਝਣਾ ਹੈ ਕਿ ਭਾਈ ਸਾਹਿਬ ਦੀ ਲਿਖਤ ਵਾਰ ਦਸਵੀਂ ਇੱਕ ਵਿਸ਼ੇਸ਼ ਵਾਰ ਹੈ ਜਿਸ ਦਾ ਭਾਈ ਸਾਹਿਬ ਦੀਆਂ ਬਾਕੀ ਵਾਰਾਂ ਤੋਂ ਵੱਖਰਾ ਮਜ਼ਮੂਨ ਹੈ। ਇਸ ਵਾਰ `ਚ 23 ਪਉੜੀਆਂ ਹਨ। ਦਰਅਸਲ ਇਸ ਸਾਰੀ ਵਾਰ `ਚ ਲੋਕਾਂ ਦੀਆਂ ਮੂੰਹਚੜੀਆਂ ਜਿਵੇਂ ਨਾਮਦੇਵ, ਧੰਨਾ ਜੀ ਆਦਿ ਬਾਰੇ ਗੁਰਮਤਿ ਵਿਰੁਧ ਪੱਥਰ ਪੂਜਾ ਨਾਲ ਸੰਬੰਧਤ ਕਹਾਣੀਆਂ ਪ੍ਰਚਲਤ ਸਨ ਜਾਂ ਕੁੱਝ ਮਿਥਿਹਾਸਕ ਹਵਾਲੇ ਜਿਵੇਂ ਦ੍ਰੋਪਦੀ, ਧਰੁਵ, ਪ੍ਰਿਹਲਾਦ, ਬਿਦਰ, ਕ੍ਰਿਸ਼ਨ-ਸੁਦਾਮਾ, ਅੰਬਰੀਕ, ਹਰੀਚੰਦ, ਰਾਜਾ ਜਨਕ ਆਦਿ ਦਾ ਵਰਨਣ ਹੈ। ਪੰਥ ਉਪਰ ਭਾਈ ਸਾਹਿਬ ਦਾ ਵੱਡਾ ਇਹਸਾਨ ਹੈ ਕਿ ਉਹਨਾਂ ਨੇ ਗੁਰਬਾਣੀ ਦੇ ਵਿਆਖਾਕਾਰਾਂ ਤੇ ਗੁਰਬਾਣੀ ਪ੍ਰੇਮੀਆਂ ਲਈ ਇਹ ਹਵਾਲੇ ਇਕੋ ਵਾਰ `ਚ ਇਕਠੇ ਕਰ ਦਿੱਤੇ ਤੇ ਇਧਰੋਂ-ਓਧਰੋਂ ਨਹੀਂ ਢੂੰਡਣੇ ਪੈਂਦੇ, ਪਰ ਵਾਰ ਦਸਵੀਂ ਗੁਰਬਾਣੀ ਤੁੱਲ਼, ਕੀਰਤਨ ਲਈ ਨਹੀਂ। ਜਦਕਿ ਭਾਈ ਸਾਹਿਬ ਦੇ ਬਾਕੀ ਸਾਰੇ ਕਬਿੱਤ-ਸਵੈਯੇ ਗੁਰਬਾਣੀ ਕੀਰਤਨ ਜਾਂ ਗੁਰਮਤਿ ਵਿਚਾਰਾਂ ਸਮੇਂ ਵਿਆਖਿਆ ਲਈ ਵਰਤੇ ਜਾਣੇ ਹਨ।

“ਸਗਲੀ ਥੀਤਿ ਪਾਸਿ ਡਾਰਿ ਰਾਖੀ” -ਇਸ ਵਿਸ਼ੇ `ਤੇ ਘਟੋ ਘਟ ਪੰਜਵੇਂ ਪਾਤਸ਼ਾਹ ਦੀ ਰਚਨਾ “ਸਗਲੀ ਥੀਤਿ ਪਾਸਿ ਡਾਰਿ ਰਾਖੀ॥ ਅਸਟਮ ਥੀਤਿ ਗੋਵਿੰਦ ਜਨਮਾ ਸੀ॥   ॥ ਭਰਮਿ ਭੂਲੇ ਨਰ ਕਰਤ ਕਚਰਾਇਣ॥ ਜਨਮ ਮਰਣ ਤੇ ਰਹਤ ਨਾਰਾਇਣ॥   ॥ ਰਹਾਉ॥ ਕਰਿ ਪੰਜੀਰੁ ਖਵਾਇਓ ਚੋਰ॥ ਓਹੁ ਜਨਮਿ ਨ ਮਰੈ ਰੇ ਸਾਕਤ ਢੋਰ॥   ॥ ਸਗਲ ਪਰਾਧ ਦੇਹਿ ਲੋਰੋਨੀ॥ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰ ਜੋਨੀ॥   ॥ ਜਨਮਿ ਨ ਮਰੈ ਨ ਆਵੈ ਨ ਜਾਇ॥ ਨਾਨਕ ਕਾ ਪ੍ਰਭੁ ਰਹਿਓ ਸਮਾਇ” (ਪੰ: 1136) ਕਾਸ਼, ਸਾਡੇ ਇਹਨਾ ਪ੍ਰਚਾਰਕਾਂ ਨੇ ਧਿਆਨ ਦੇ ਕੇ ਪੰਜਵੇਂ ਪਾਤਸ਼ਾਹ ਦਾ ਇਹ ਸ਼ਬਦ ਹੀ ਪੜ੍ਹ ਲਿਆ ਹੁੰਦਾ, ਤਾਂ ਵੀ ਜਾਗ ਕੇ ਚਲਦੇ। ਸ਼ਬਦ ਦੇ ਸੰਖੇਪ ਅਰਥ ਹਨ “ਐ ਭਰਮਾਂ `ਚ ਫਸੇ ਮਨੁੱਖ! ਤੂੰ ਕੱਚੀਆਂ ਗੱਲਾਂ ਕਿਉਂ ਕਰਦਾ ਹੈਂ? ਪ੍ਰਭੂ ਤਾਂ ਅਜੂਨੀ ਹੈ, ਜਨਮ-ਮਰਣ `ਚ ਨਹੀਂ ਆਉਂਦਾ” ਪਰ ਤੂੰ ਕੀ ਕੀਤਾ “ਸਾਰੀਆਂ ਥਿੱਤਾਂ ਨੂੰ ਚੁੱਕ ਕੇ ਇੱਕ ਪਾਸੇ ਰੱਖ ਲਿਆ ਤੇ (ਭਾਦੋਂ ਵਦੀ) ਅਸ਼ਟਮੀ ਬਾਰੇ ਮੰਨ ਬੈਠਾ ਕਿ ਇਸ ਦਿਨ ਰੱਬ (ਭਗਵਾਨ) ਨੇ ਜਨਮ ਲਿਆ ਸੀ। ਪੰਜੀਰੀ ਬਣਾ ਕੇ ਪਰਦੇ `ਚ ਲੁਕੋ ਕੇ, ਚੋਰੀ ਚੋਰੀ ਭੋਗ ਲੁਆਉਂਦਾ ਹੈਂ। ਐ ਪ੍ਰ੍ਰਭੂ ਤੋਂ ਅਨਜਾਣ (ਸਾਕਤ) ਮਨੁੱਖ! ਤੇਰੇ ਕੁਰਾਹੇ ਪੈਣ ਦਾ ਕਾਰਣ ਹੀ, ਰੱਬ ਨੂੰ ਸਰੀਰ ਰੂਪ ਮੰਨ ਕੇ, ਉਸ ਦੀ ਮੂਰਤੀ ਬਨਾ ਕੇ ਉਸ ਨੂੰ ਲੋਰੀਆਂ ਦੇਣਾ ਹੈ। ਉਪ੍ਰੰਤ ਪਾਤਸ਼ਾਹ ਫ਼ੁਰਮਾਉਂਦੇ ਹਨ ਕਿ ਉਹ ਮੂੰਹ ਹੀ ਸੜ ਜਾਣਾ ਚਾਹੀਦਾ ਹੈ ਜਿਹੜਾ ਕਹਿੰਦਾ ਹੈ ਕਿ ਰੱਬ ਜੂਨਾਂ `ਚ ਆਉਂਦਾ ਹੈ। ਅਕਾਲਪੁਰਖੁ ਜਨਮ-ਮਰਣ `ਚ ਨਹੀਂ ਆਉਂਦਾ, ਪ੍ਰਭੂ ਜ਼ੱਰੇ ਜ਼ੱਰੇ `ਚ ਵਿਆਪਕ ਹੈ ਤੇ ਸੈਭੰ ਹੈ।

ਅਵਤਾਰੀ ਕ੍ਰਿਸ਼ਨ ਜੀ ਬਾਰੇ ਕੁੱਝ ਹੋਰ-ਬਾਣੀ ਜਪੁ `ਚ ਰੋਜ਼ ਪੜਦੇ ਹਾਂ “ਕੇਤੇ ਪਵਣ ਪਾਣੀ ਵੈਸੰਤਰ ਕੇਤੇ ‘ਕਾਨ’ ਮਹੇਸ ….’ਕੇਤੀਆ ਕੰਨੑ ਕਹਾਣੀਆ” (ਜਪੁ ਪਉ: ੩੦) ਭਾਵ ਕਰਤਾਰ ਦੀ ਰਚਨਾ `ਚ ਤਾਂ ਅਜਿਹੇ ਅਨੇਕਾਂ ਹੀ ਕ੍ਰਿਸ਼ਨ ਤੇ ਕ੍ਰਿਸ਼ਨ ਦੀਆਂ ਕਹਾਣੀਆਂ ਹਨ। ਬਾਣੀ ਆਸਾ ਕੀ ਵਾਰ `ਚ “ਨਾਨਕ ਨਿਰਭਉ ਨਿਰੰਕਾਰੁ, ਹੋਰਿ ਕੇਤੇ ਰਾਮ ਰਵਾਲ॥ ਕੇਤੀਆ ਕੰਨੑ ਕਹਾਣੀਆ, ਕੇਤੇ ਬੇਦ ਬੀਚਾਰ” (ਪੰ: 464) ਭਾਵ ਅਕਾਲਪੁਰਖੁ ਦੀ ਮਹਾਨ ਹਸਤੀ ਸਾਹਮਣੇ ਕ੍ਰਿਸ਼ਨ ਦੀ ਹਸਤੀ ‘ਰਵਾਲ’ (ਮਿੱਟੀ ਦੇ ਜ਼ਰੇ) ਤੋਂ ਵੱਧ ਨਹੀਂ। ਇਸੇ ਤਰ੍ਹਾਂ “ਜੀਅ ਉਪਾਇ ਜੁਗਤਿ ਹਥਿ ਕੀਨੀ, ਕਾਲੀ ਨਥਿ ਕਿਆ ਵਡਾ ਭਇਆ” (ਪੰ: 350) ਅਰਥ “(ਹੇ ਅਕਾਲ ਪੁਰਖ!) ਸ੍ਰਿਸ਼ਟੀ ਦੇ ਸਾਰੇ ਜੀਵ ਪੈਦਾ ਕਰ ਕੇ ਸਭਨਾਂ ਦੀ ਜੀਵਨ-ਜੁਗਤ ਤੂੰ ਆਪਣੇ ਹੱਥ ਰੱਖੀ ਹੋਈ ਹੈ, (ਸਭ ਨੂੰ ਨੱਥਿਆ ਹੋਇਆ ਹੈ) ਨਿਰਾ ਕਾਲੀ-ਨਾਗ ਨੂੰ ਨੱਥ ਕੇ (ਕਹਾਣੀ ਅਨੁਸਾਰ ਅਵਤਾਰੀ) ਕਿਸ਼ਨ ਨੇ ਕਿਹੜਾ ਬਹੁਤ ਵੱਡਾ ਕੰਮ ਕਰ ਲਿਆ?” ਭਾਵ ਐ ਮਨੁੱਖ! ਜੇਕਰ ਤੂੰ ਕੇਵਲ ਕਾਲੀ ਨੂੰ ਨੱਥ ਪਾਉਣ ਦੀ ਗੱਲ ਕਰਕੇ ਤੂੰ ਸਮਝਦਾ ਹੈਂ ਕਿ ਕ੍ਰਿਸ਼ਨ ਜੀ ਹੀ ਭਗਵਾਨ ਸਨ, ਤਾਂ ਤੈਨੂੰ ਭਗਵਾਨ ਦੀ ਪਹਿਚਾਣ ਹੀ ਨਹੀਂ। ਪ੍ਰਭੂ ਅਕਾਲਪੁਰਖ ਤਾਂ ਉਹ ਹੈ ਜਿਸ ਨੇ ਸਾਰੇ ਸੰਸਾਰ ਨੂੰ “ਸੰਤੋਖੁ ਥਾਪਿ ਰਖਿਆ ਜਿਨਿ ਸੂਤਿ” (ਬਾਣੀ ਜਪੁ) ਅਨੁਸਾਰ ਨੱਥ ਪਾਈ ਹੋਈ ਹੈ ਤੇ ਸਾਰੀ ਰਚਨਾ ਦੀ ਸੰਭਾਲ ਵੀ ਕਰ ਰਿਹਾ ਹੈ। ਰਾਮ ਜਾਂ ਕ੍ਰਿਸ਼ਨ ਆਦਿ ਨੂੰ ਅਵਤਾਰ ਮੰਨਣ ਵਾਲਿਆਂ ਲਈ ਗੁਰਦੇਵ ਫ਼ੁਰਮਾਉਂਦੇ ਹਨ “ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ॥ ਤਿਨ ਭੀ ਅੰਤੁ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ” (ਪੰ: 423) ਭਾਵ ਜਿਨ੍ਹਾਂ ਨੂੰ ਤੂੰ ਭਗਵਾਨ ਜਾਂ ਅਵਤਾਰ ਮੰਨਦਾ ਹੈਂ ਉਹ ਤਾਂ ਕੇਵਲ ਸਮੇਂ ਸਮੇਂ ਦੇ ਰਾਜੇ ਸਨ, ਵਧ ਨਹੀਂ। ਇਸੇ ਤਰ੍ਹਾਂ ਕਬੀਰ ਜੀ ਫ਼ੁਰਮਾਉਂਦੇ ਹਨ “ਲਖ ਚਉਰਾਸੀਹ ਜੀਅ ਜੋਨਿ ਮਹਿ ਭ੍ਰਮਤ ਨੰਦੁ ਬਹੁ ਥਾਕੋ ਰੇ॥ ਭਗਤਿ ਹੇਤਿ ਅਵਤਾਰੁ ਲੀਓ ਹੈ ਭਾਗੁ ਬਡੋ ਬਪੁਰਾ ਕੋ ਰੇ॥ ੧॥ ਤੁਮ ਜੁ ਕਹਤ ਹਉ ਨੰਦ ਕੋ ਨੰਦਨੁ ਨੰਦ ਸੁ ਨੰਦਨੁ ਕਾ ਕੋ ਰੇ॥ ਧਰਨਿ ਅਕਾਸੁ ਦਸੋ ਦਿਸ ਨਾਹੀ ਤਬ ਇਹੁ ਨੰਦੁ ਕਹਾ ਥੋ ਰੇ” (ਪੰ: ੩੩੮)। ਇਹੀ ਨਹੀਂ, ਗੁਰਬਾਣੀ `ਚ ਅਕਾਲਪੁਰਖੁ ਲਈ ਵੀ ਕ੍ਰਿਸ਼ਨ ਪਦ ਆਇਆ ਹੈ ਪਰ ਉਸ ਨੂੰ ਪ੍ਰਕਰਣ ਅਨੁਸਾਰ ਦੇਖਾਂਗੇ ਤਾਂ ਸਮਝ ਵੀ ਆਪਣੇ ਆਪ ਹੀ ਆ ਜਾਵੇਗੀ, ਜਿਵੇਂ “ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ॥ ਆਤਮਾ ਬਾਸੁਦੇਵਸਿ੍ਯ੍ਯ ਜੇ ਕੋ ਜਾਣੈ ਭੇਉ” (ਪੰ: 469)। ਇਥੇ ਕ੍ਰਿਸ਼ਨ ਪਦ ਸਾਰੀ ਰਚਨਾ ਦੇ ਕੇਂਦਰੀ ਧੁਰੇ ਪ੍ਰਭੂ ਲਈ ਆਇਆ ਹੈ ਤੇ ਵਾਸੁਦੇਵ ਵੀ “ਬਾਸੁਦੇਵ ਬਸਤ ਸਭ ਠਾਇ” (ਪੰ: 897) ਕੇਵਲ ਅਕਾਲਪੁਰਖ ਲਈ ਹੀ ਹੈ ਨਾ ਕਿ ਕਿਸੇ ਮਨੁੱਖ ਲਈ। ਇਸੇ ਤਰ੍ਹਾਂ ਅਕਾਲਪੁਰਖ ਲਈ ਹੀ ਹੋਰ “ਸੋਵੰਨ ਢਾਲਾ ਕ੍ਰਿਸਨ ਮਾਲਾ ਜਪਹੁ ਤੁਸੀ ਸਹੇਲੀਹੋ” (ਪੰ: 567) ਇਸ ਤਰ੍ਹਾਂ ਲਫ਼ਜ਼ ਤਾਂ ਦੋਨਾਂ ਪ੍ਰਮਾਣਾ `ਚ ਕ੍ਰਿਸ਼ਨ ਹੀ ਹੈ ਪਰ ਜਸੋਦਾ ਸੁਤ ਕ੍ਰਿਸ਼ਨ ਲਈ ਨਹੀਂ ਬਲਕਿ ਸਰਵਵਿਆਪਕ, ਪਾਲਣਹਾਰੇ ਪ੍ਰਮਾਤਮਾ ਲਈ ਹੈ।

“ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ” - ਜਸੋਦਾ ਸੁੱਤ ਕ੍ਰਿਸ਼ਨ ਲਈ ਤਾਂ ਗੁਰਦੇਵ ਕ੍ਰਿਸ਼ਨ ਭਗਤਾਂ ਨੂੰ ਹੀ ਸੁਆਲ ਕਰਦੇ ਹਨ ਐ ਭਾਈ! ਕ੍ਰਿਸ਼ਨ ਨੂੰ ਤੁਸੀਂ ਇੱਕ ਪਾਸੇ ਰੱਬ ਕਹਿ ਕੇ ਪੂਜਦੇ ਹੋ ਦੂਜੇ ਆਪ ਹੀ ਕਹਿੰਦੇ ਹੋ ਕਿ ਕ੍ਰਿਸ਼ਨ ਨੇ ਆਪਣੀ ਕਾਮ ਪੂਰਤੀ ਲਈ ਇੰਦ੍ਰ ਦੇ ਬਾਗ਼ `ਚੋਂ ਪਾਰਜਾਤ ਬਿਰਖ ਲਿਆ ਕੇ ਸਤਭਾਮਾ ਨੂੰ ਦਿੱਤਾ। ਇਸੇ ਤਰ੍ਹਾਂ ਉਸੇ ਨੇ ਹੀ ਛਲ-ਕਪਟ, ਜ਼ੋਰ ਜ਼ਬਰਦਸਤੀ ਨਾਲ ਬਿੰਦ੍ਰਾਬਣ `ਚ ਚੰਦ੍ਰਾਵਲ ਨਾਲ ਰੰਗ ਰਲੀਆਂ ਮਨਾਈਆਂ ਜਿਵੇਂ “ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ ਕਾਨੑ ਕ੍ਰਿਸਨੁ ਜਾਦਮੁ ਭਇਆ॥ ਪਾਰਜਾਤੁ ਗੋਪੀ ਲੈ ਆਇਆ ਬਿੰਦ੍ਰਾਬਨ ਮਹਿ ਰੰਗੁ ਕੀਆ” (ਪੰ: 470) ਹੋਰ “ਕ੍ਰਿਸਨੁ ਬਲਭਦ੍ਰੁ ਗੁਰ ਪਗ ਲਗਿ ਧਿਆਵੈ॥ ਨਾਨਕ ਗੁਰਮੁਖਿ ਹਰਿ ਆਪਿ ਤਰਾਵੈ” (ਪੰ: 165)। ਇਸੇ ਤਰ੍ਹਾਂ ਜਸੋਦਾ ਸੁਤ ਕ੍ਰਿਸ਼ਨ ਨਾਲ ਵਰਤੇ ਜਾਂਦੇ ਜਿੰਨੇਂ ਵੀ ਉਪਨਾਮ ਹਨ ਜਿਵੇਂ ਮੁਰਾਰੀ, ਦਾਮੋਦਰ, ਬੀਠੁਲ, ਬਿਹਾਰੀ, ਗੋਪਾਲ, ਪਿਤੰਬਰ, ਕੇਸ਼ਵ, ਸ੍ਰੀਧਰ ਆਦਿ ਗੁਰਬਾਣੀ `ਚ ਸਾਰੇ ਅਕਾਲਪੁਰਖੁ ਲਈ ਹੀ ਆਏ ਤੇ ਪ੍ਰਸੰਗ ਅਨੁਸਾਰ ਚੰਗੀ ਤਰ੍ਹਾਂ ਸਮਝਾਏ ਵੀ। ਸਪਸ਼ਟ ਹੈ ਜਦੋਂ ਮੁੱਖ ਪਾਤ੍ਰ ਜਸੋਦਾ ਸੁੱਤ ਕ੍ਰਿਸ਼ਨ ਨੂੰ ਹੀ ਭਗਵਾਨ ਨਹੀਂ ਮੰਨਿਆਂ ਤਾਂ ਸੰਬੰਧਤ ਉਪਨਾਵਾਂ ਦੀ ਗੱਲ ਹੀ ਮੁੱਕ ਜਾਂਦੀ ਹੈ। ਤਾਂ ਤੇ ਗੁਰਮਤਿ ਅਨੁਸਾਰ, ਸਰੀਰਧਾਰੀ ਜਿਸ ਨੇ ਜਨਮ ਲਿਆ ਹੈ ਉਹ ਰੱਬ ਜਾਂ ਭਗਵਾਨ ਨਹੀਂ ਹੋ ਸਕਦਾ, ਅਕਾਲਪੁਰਖੁ ਕੇਵਲ ਇੱਕ ਹੀ ਹੈ।

ਆਸ ਪਾਸ ਘਨ ਤੁਰਸੀ ਕਾ ਬਿਰਵਾ” -ਉਪ੍ਰੰਤ ਕਬੀਰ ਸਾਹਿਬ ਦੇ ਵਿਚਾਰਅਧੀਨ ਸ਼ਬਦ “ਆਸ ਪਾਸ ਘਨ ਤੁਰਸੀ ਕਾ ਬਿਰਵਾ. .”, ਦੇ ਅਰਥਾਂ ਨੂੰ ਸਮਝਣ ਲਈ ਸ਼ਬਦ ਨੂੰ ਗਹੁ ਨਾਲ ਪੜ੍ਹਣ ਦੀ ਲੋੜ ਹੈ, ਸਾਰੀ ਗੱਲ ਆਪਣੇ ਆਪ ਸਾਫ਼ ਹੋ ਜਾਵੇਗੀ। ਇਸ ਸਬੰਧ `ਚ:

ਨੁਕਤਾ ਨੰ: ੧- ਸ਼ਬਦ `ਚ ਲਫ਼ਜ਼ ‘ਸਾਰਿੰਗਧਰ’ ਵਿਸ਼ੇਸ਼ ਧਿਆਨ ਮੰਗਦਾ ਹੈ। ‘ਸਾਰਿੰਗਧਰ’ ਦੇ ਅਰਥ ਹਨ ‘ਧਨੁਖ ਧਾਰੀ’। ਬ੍ਰਾਹਮਣੀ ਰਚਨਾਵਾਂ `ਚ ‘ਧਨੁਖ ਧਾਰੀ ‘ਰਾਮ ਚੰਦਰ ਜੀ ਲਈ ਤਾਂ ਆਇਆ ਹੈ, ਕ੍ਰਿਸ਼ਨ ਜੀ ਲਈ ਕਿਤੇ ਨਹੀਂ। ਠੀਕ ਉਸੇ ਤਰ੍ਹਾਂ ਜਿਵੇਂ “ਧਨਿ ਧੰਨਿ ਓ ਰਾਮ ਬੇਨੁ ਬਾਜੈ” `ਚ ਵਰਤੇ ਗਏ ਲਫ਼ਜ਼ ‘ਰਾਮ’ ਤੇ ‘ਰਮਈਆ’ ਉਸ ਸ਼ਬਦ ਦੇ ਮੂਲ ਅਰਥਾਂ ਨੂੰ ਉਘਾੜਦੇ ਹਨ, ਵੇਰਵਾ ਗੁਰਮਤਿ ਪਾਠ 96-A `ਚ ਆ ਚੁਕਾ ਹੈ, ਇਥੇ ਲੋੜ ਨਹੀਂ।

ਨੁੱਕਤਾ ਨੰ: ੨- ਸ਼ਬਦ `ਚ ਕਬੀਰ ਸਾਹਿਬ, ਜਿਸ ਪ੍ਰਭੂ ਦੀ ਗੱਲ ਕਰ ਰਹੇ ਉਸ ਲਈ ਦੋਵੇਂ ਵਾਰੀ ਲਫ਼ਜ਼ ‘ਸਾਰਿੰਗਧਰ’ ਹੀ ਵਰਤ ਰਹੇ ਹਨ ਜੋ ਕਿਸੇ ਤਰ੍ਹਾਂ ਵੀ ਕ੍ਰਿਸ਼ਨ ਜੀ ਲਈ ਨਹੀਂ ਬਣਦਾ। ਜਦਕਿ ਸ਼ਬਦ `ਚ ਜਿਸ ਘਟਣਾ ਨੂੰ ਲਿਆ ਹੈ ਉਸ ਦਾ ਸਬੰਧ ਹੈ ਹੀ ਕ੍ਰਿਸ਼ਨ ਜੀ ਨਾਲ। ਉਪ੍ਰੰਤ ਗੁਰਬਾਣੀ `ਚ ਸੈਂਕੜੇ ਮਿਥਿਹਾਸਿਕ ਵਿਸ਼ੇਸ਼ਣਾਂ ਦੀ ਤਰ੍ਹਾਂ ਅਕਾਲਪੁਰਖ ਲਈ ‘ਸਾਰਿੰਗਧਰ’, “ਸਾਰੰਗਪਾਣੀ” ਹੋਰ ਵੀ ਬਹੁਤ ਵਾਰੀ ਆਏ ਹਨ ਜਿਵੇਂ “ਸਾਰਿੰਗਧਰ ਭਗਵਾਨ ਬੀਠੁਲਾ, ਮੈ ਗਣਤ ਨ ਆਵੈ ਸਰਬੰਗਾ” (ਮ: ੫, ਪੰ: 1082) ਜਾਂ “ਬਿਨੁ ਹਰਿ ਨਾਵੈ ਕੋ ਬੇਲੀ ਨਾਹੀ, ਹਰਿ ਜਪੀਐ ਸਾਰੰਗਪਾਣੀ ਹੇ” (ਪੰ: 1070), ਅਰਥ ਹਨ ਸਰਵਵਿਆਪਕ ਅਕਾਲਪੁਰਖ। ਇਸੇ ਤਰ੍ਹਾਂ ਕਬੀਰ ਜੀ ਹੀ ਇੱਕ ਹੋਰ ਸ਼ਬਦ `ਚ “ਗੁਰ ਕੈ ਬਾਣਿ ਬਜਰ ਕਲ ਛੇਦੀ ਪ੍ਰਗਟਿਆ ਪਦੁ ਪਰਗਾਸਾ” ਅਤੇ “ਤਿਨਿ ਬਿਨੁ ਬਾਣੈ ਧਨਖੁ ਚਢਾਈਐ ਇਹੁ ਜਗੁ ਬੇਧਿਆ ਭਾਈ” (ਪੰ: 332) ਭਾਵ ਗੁਰੂ ਪਿਆਰਿਆਂ ਅੰਦਰ ਗੁਰੂ ਦਾ ਸ਼ਬਦ ਰੂਪੀ ਬਾਣ, ਧਨੁਖ ਬਿਨਾ ਹੀ ਵਿਕਾਰਾਂ ਆਦਿ ਨੂੰ ਛੇਦ ਦੇਂਦਾ ਹੈ।

ਨੁਕਤਾ ਨੰ: ੩- ਸ਼ਬਦ `ਚ ਰਹਾਉ ਦੇ ਬੰਦ ਤੋ ਇਲਾਵਾ ਇਸਦੇ ਮੂਲ ਅਰਥਾਂ ਨੂੰ ਸਮਝਣ ਲਈ “ਮਾਝ ਬਨਾ ਰਸਿ ਗਾਊਂ ਰੇ’. .’ਮੋ ਕਉ ਛੋਡਿ ਨ ਆਉ ਨ ਜਾਹੂ ਰੇ’ … ‘ਜਾ ਕਾ ਠਾਕੁਰੁ ਤੁਹੀ ਸਾਰਿੰਗਧਰ, ਮੋਹਿ ਕਬੀਰਾ ਨਾਊ ਰੇ’ ਪੰਕਤੀਆਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਇਥੇ (ੳ) “ਮਾਝ ਬਨਾ ਰਸਿ ਗਾਊਂ ਰੇ’ `ਚ ਲਫ਼ਜ਼ ਬਨਾ ਰਸਿ’, ਕਿਸੇ ਨਗਰ ਦਾ ਨਾਮ ਨਹੀਂ। ਜੇ ਕਰ ਨਗਰ ਦਾ ਨਾਮ ਹੀ ਹੁੰਦਾ ਤਾਂ ਇਥੇ ਲਫ਼ਜ਼ ‘ਰਸ’ ਆਉਣਾ ਸੀ ‘ਰਸਿ’ ਭਾਵ ‘ਸ’ ਨੂੰ (ਿ) ਨਹੀਂ ਸੀ ਆਉਣੀ। ‘ਬਨਾ ਰਸਿ’ ਦੇ ਅਰਥ ਹਨ ਮਾਨਸਿਕ ਮੰਡਲ `ਚ ਬਣਿਆ ਹੋਇਆ ਰਸ। ਉਪ੍ਰੰਤ ਲਫ਼ਜ਼ ‘ਗਾਊਂ’ ਉਤੱਮ ਪੁਰਖ ਤੇ ਇੱਕ ਵਚਨ ਹੈ ਭਾਵ ਕਬੀਰ ਜੀ ਕਹਿ ਰਹੇ ਹਨ ਉਸੇ ਰਸ `ਚ ਭਰ ਕੇ (ਮਾਝ) ਮੈ ਵੀ ਗਾਵਾਂ ਜਿਸ ਰਸ `ਚ ਗੁਆਲਣਾ ਕ੍ਰਿਸ਼ਨ ਜੀ ਲਈ ਗਾਊਂਦੀਆਂ ਸਨ। ਸਪਸ਼ਟ ਹੈ ਕਿ ਕਬੀਰ ਜੀ ਦਾ ਤਰਲਾ ‘ਸਾਰਿੰਗਧਰ’ ਪ੍ਰਭੂ ਅੱਗੇ ਹੈ ਨਾ ਕਿ ਕ੍ਰਿਸ਼ਨ ਅੱਗੇ ਜਿਸ ਨੂੰ “ਹਰਨ ਮਨੋਹਰ, ਕ੍ਰਿਸਨ ਚਰਾਵਤ ਗਾਊ ਰੇ’ ਕਹਿ ਰਹੇ ਹਨ (ਅ) ‘ਮੋ ਕਉ ਛੋਡਿ ਨ ਆਉ ਨ ਜਾਹੂ ਰੇ’ ਇਥੇ ਫ਼ਿਰ ਕਬੀਰ ਜੀ ਕਹਿ ਰਹੇ ਹਨ ਹੇ ਪ੍ਰਭੂ! ਮੈਨੂੰ ਛੱਡ ਕੇ ਨਾ ਜਾਵੀਂ, ਮੈਨੂੰ ਵਿਸਾਰੀਂ ਨਾ। ਪ੍ਰਕਰਣ ਅਨੁਸਾਰ ਗੁਆਲਣਾ ਜ਼ਿਆਦਾ ਹਨ ਇਸ ਲਈ ਜੇ ਇਹ ਲਫ਼ਜ਼ ਗੋਪੀਆਂ ਵਲੋਂ ਹੁੰਦਾ ਤਾਂ ਬਹੁਵਚਨ ਹੋਣਾ ਸੀ; ਇਕਲੇ ਤਾਂ ਕਬੀਰ ਜੀ ਹੀ ਹਨ। ਤਾਂ ਫ਼ਿਰ ਇਥੇ ‘ਮੈਨੂੰ’ ਨਹੀਂ ਬਲਕਿ ‘ਸਾਨੂੰ’ ਹੋਣਾ ਸੀ ਅਤੇ ਲਫ਼ਜ਼ ਵੀ ‘ਮੋ ਕਉ’ ਨਹੀਂ ਕੁੱਝ ਹੋਰ ਹੀ ਹੋਣਾ ਸੀ। (ੲ) ‘ਜਾ ਕਾ ਠਾਕੁਰੁ ਤੁਹੀ ਸਾਰਿੰਗਧਰ, ਮੋਹਿ ਕਬੀਰਾ ਨਾਊ ਰੇ’ ਇਥੇ ਵੀ ਉਸੇ ਅਗੇ ਬੇਨਤੀ ਹੈ ਜਿਸ ਨੂੰ ਕਬੀਰ ਜੀ ਰਹਾਉ ਦੇ ਬੰਦ `ਚ ‘ਸਾਰਿੰਗਧਰ’ ਦੇ ਨਾਮ ਨਾਲ ਸੰਬੋਧਨ ਕਰ ਰਹੇ ਹਨ ਭਾਵ ਜਿਵੇਂ ਕ੍ਰਿਸ਼ਨ ਜੀ ਅੱਗੇ ਗੁਆਲਣਾ ਬੇਨਤੀ ਕਰ ਰਹੀਆਂ ਸਨ ਉਸੇ ਤਰ੍ਹਾਂ “ਹੇ ‘ਸਾਰਿੰਗਧਰ’ ਮੈ ਵੀ ਇੱਕ ਗ਼ਰੀਬ ਹਾਂ ਜਿਸ ਦਾ ਨਾਉਂ ਕਬੀਰ ਹੈ ਤੇ ਤੇਰੇ ਚਰਨਾਂ `ਚ ਬੇਨਤੀ ਕਰ ਰਿਹਾ ਹੈ।

ਨੁਕਤਾ ਨੰ: ੪- ਸ਼ਬਦ `ਚ ਕਬੀਰ ਜੀ ਨੇ ਕ੍ਰਿਸ਼ਨ ਦੀਆਂ ਗੋਪੀਆਂ ਦੀ ਵਿਆਕੁਲਤਾ ਨੂੰ ਕੇਵਲ ਦ੍ਰਿਸ਼ਟਾਂਤ ਵਜੋਂ ਲਿਆ ਹੈ, ਕ੍ਰਿਸ਼ਨ ਭਗਤੀ ਲਈ ਨਹੀਂ। ਅਜਿਹੀ ਵਿਆਕੁਲਤਾ ਜਿਸਦਾ ਜ਼ਿਕਰ ਮਦਭਾਗਵਤ ਪੁਰਾਣ `ਚ ਊਧਉ ਨਾਲ ਗੋਪੀਆਂ ਦੇ ਸੰਵਾਦ ਸਮੇਂ ਆਇਆ ਹੈ। ਉਦੋਂ, ਜਦੋਂ ਕ੍ਰਿਸ਼ਨ ਮਥੁਰਾ-ਬ੍ਰਿੰਦਾਬਨ ਛੱਡ, ਦੁਆਰਕਾ ਜਾ ਕੇ ਰਾਜ ਪਾਟ ਦੇ ਮਾਲਿਕ ਬਣ ਜਾਂਦੇ ਹਨ। ਠੀਕ ਇਸੇ ਤਰ੍ਹਾਂ ਪ੍ਰਭੂ ਵਿਯੋਗ `ਚ ਆਪਣੀ ਬੇਬਹਲਤਾ ਨੂੰ ਪ੍ਰਕਟ ਕਰਣ ਲਈ, ਸੰਵਾਦ ਨੂੰ ਮਿਸਾਲ ਵਜੋਂ ਲਿਆ ਹੈ। ਗੁਰਬਾਣੀ `ਚ ਇਕ-ਦੋ ਨਹੀਂ ਪ੍ਰਭੂ ਵੈਰਾਗ ਦੀਆਂ ਅਜਿਹੀਆਂ ਸੈਂਕੜੇ ਮਿਸਾਲਾਂ ਹਨ।

ਹੋਰ ਤਾਂ ਹੋਰ, ਗੁਰਸਿੱਖ ਅੰਦਰ ਆਪਣੇ ਗੁਰੂ ਵਾਸਤੇ ਵਿਆਕੁਲਤਾ ਤੇ ਉਸੇ ਲਈ ਉਸ ਦਾ ਪ੍ਰਭਾਤੇ ਜਾਗਣਾ। ਇਸ ਸੱਚ ਨੂੰ ਸਮਝਾਉਣ ਲਈ ਭਾਈ ਗੁਰਦਾਸ ਤਾਂ ਲੈਲਾ-ਮਜਨੂੰ, ਸਸੀ-ਪੁਨੂੰ, ਸੋਨੀ -ਮਹੀਵਾਲ ਆਦਿ ਦੀਆਂ ਮਿਸਾਲਾਂ ਤੀਕ ਵਰਤਦੇ ਹਨ, ਜਿਵੇਂ “ਲੇਲੈ ਮਜਨੂੰ ਆਸਕੀ ਚਹੁ ਚਕੀ ਜਾਤੀ॥ ਸੋਰਠਿ ਬੀਜਾ ਗਾਵੀਐ ਜਸੁ ਸੁਘੜਾ ਵਾਤੀ॥ ਸਸੀ ਪੁੰਨੂੰ ਦੋਸਤੀ ਹੁਇ ਜਾਤਿ ਅਜਾਤੀ॥ ਮੇਹੀਵਾਲ ਨੋ ਸੋਹਣੀ ਨੈ ਤਰਦੀ ਰਾਤੀ॥ ਰਾਂਝਾ ਹੀਰ ਵਖਾਣੀਐ ਓਹੁ ਪਿਰਮ ਪਰਾਤੀ॥ ਪੀਰ ਮੁਰੀਦਾਂ ਪਿਰਹੜੀ ਗਾਵਨਿ ਪਰਭਾਤੀ॥ ੧॥ (ਭਾ: ਗੁ: ਵਾਰ 27/1)। ਇਸੇ ਤਰ੍ਹਾਂ ਤਾਂ ਕੀ ਇਥੇ ਇਹ ਮੰਨ ਲਿਆ ਜਾਵੇ ਕਿ ਭਾਈ ਸਾਹਿਬ ਵਰਗੀ ਮਹਾਨ ਹੱਸਤੀ ਵੀ ‘ਲੈਲਾ-ਮਜਨੂੰ, ਸਸੀ-ਪੁਨੂੰ, ਸੋਨੀ-ਮਹੀਵਾਲ ਆਦਿ ਦੇ ਉਪਾਸ਼ਕ ਸਨ, ਜੋ ਤਿੰਨ ਕਾਲ ਸੰਭਵ ਨਹੀਂ। ਇਸੇ ਤਰ੍ਹਾਂ ਪ੍ਰਭੂ ਮਿਲਾਪ ਤੇ ਬਿਰਹੋਂ ਕੁੱਠੇ ਹਿਰਦੇ ਲਈ ਗੁਰਬਾਣੀ `ਚ ਹੀ ਵੱਖ ਵੱਖ ਪੱਖਾਂ ਤੋਂ ਸੈਂਕੜੇ ਦ੍ਰਿਸ਼ਟਾਂਤ ਭਰੇ ਪਏ ਹਨ। ਜਿਵੇਂ “ਕਾਲੀ ਕੋਇਲ ਤੂ ਕਿਤ ਗੁਨ ਕਾਲੀ॥ ਅਪਨੇ ਪ੍ਰੀਤਮ ਕੇ ਹਉ ਬਿਰਹੈ ਜਾਲੀ” (ਪੰ: 794) ਹੋਰ “ਤੂ ਚਉ ਸਜਣ ਮੈਡਿਆ ਡੇਈ ਸਿਸੁ ਉਤਾਰਿ॥ ਨੈਣ ਮਹਿੰਜੇ ਤਰਸਦੇ ਕਦਿ ਪਸੀ ਦੀਦਾਰੁ” (ਪੰ: ੧੦੯੪) ਪੁਨਾ “ਜੇ ਤੂ ਮਿਤ੍ਰੁ ਅਸਾਡੜਾ ਹਿਕ ਭੋਰੀ ਨਾ ਵੇਛੋੜਿ॥ ਜੀਉ ਮਹਿੰਜਾ ਤਉ ਮੋਹਿਆ ਕਦਿ ਪਸੀ ਜਾਨੀ ਤੋਹਿ” (ਪੰ: ੧੦੯੪) ਬਲਕਿ ਅਗਲਾ ਤਾਂ ਸਾਰਾ ਸ਼ਬਦ ਹੀ ਬਿਰਹੋਂ ਕੁਠਾ ਹੈ ਜਿਸ ਚੋਂ ਕੇਵਲ ਦੋ ਪੰਕਤੀਆਂ “ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ॥ ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ॥ ਕਿਉ ਨ ਮਰੀਜੈ ਜੀਅੜਾ ਨ ਦੀਜੈ ਜਾ ਸਹੁ ਭਇਆ ਵਿਡਾਣਾ” (ਪੰ: ੫੫੮) ਇਸੇ ਤਰ੍ਹਾਂ “ਖਖੜੀਆ ਸੁਹਾਵੀਆ, ਲਗੜੀਆ ਅਕ ਕੰਠਿ॥ ਬਿਰਹ ਵਿਛੋੜਾ ਧਣੀ ਸਿਉ, ਨਾਨਕ ਸਹਸੈ ਗੰਠਿ” (ਪੰ: 319) ਇੱਕ ਹੋਰ ਮਿਸਾਲ ਕਬੀਰ ਜੀ ਦੇ ਸ਼ਬਦਾਂ `ਚੋਂ ਹੀ “ਪੰਥੁ ਨਿਹਾਰੈ ਕਾਮਨੀ, ਲੋਚਨ ਭਰੀਲੇ ਉਸਾਸਾ॥ ਉਰ ਨ ਭੀਜੈ, ਪਗੁ ਨਾ ਖਿਸੈ, ਹਰਿ ਦਰਸਨ ਕੀ ਆਸਾ॥ ੧॥ ਉਡਹੁ ਨ ਕਾਗਾ ਕਾਰੇ॥ ਬੇਗਿ ਮਿਲੀਜੈ ਅਪੁਨੇ ਰਾਮ ਪਿਆਰੋ॥ ੧॥ ਰਹਾਉ॥ ਕਹਿ ਕਬੀਰ ਜੀਵਨ ਪਦ ਕਾਰਨਿ ਹਰਿ ਕੀ ਭਗਤਿ ਕਰੀਜੈ॥ ਏਕੁ ਆਧਾਰੁ ਨਾਮ ਨਾਰਾਇਨ ਰਸਨਾ ਰਾਮੁ ਰਵੀਜੈ॥ ੨॥” (ਪੰ: 338) ਇਸ ਡੂੰਘੇ ਤਰਲੇ ਵਾਲੇ ਦਿਲੀ ਦਰਦ ਦੀ ਸਾਰ ਵੀ ਉਹੀ ਜਾਣ ਸਕਦਾ ਹੈ ਜਿਸ ਦਾ ਆਪਣਾ ਹਿਰਦਾ ਪ੍ਰਭੂ ਪਿਆਰ ਨਾਲ ਲਬਾਲਬ ਭਰਿਆ ਹੋਵੇ। ਦੇਖਿਆ ਜਾਵੇ ਤਾਂ ਕਬੀਰ ਜੀ ਦੇ ਵਿਚਾਰਅਧੀਨ ਸ਼ਬਦ ਤੋਂ ਜੇ ਕਰ ਕੁੱਝ ਸੱਜਨਾ ਨੇ ਜਾਣੇ-ਅਣਜਾਣੇ ਧੋਖਾ ਖਾਧਾ ਵੀ ਹੋਵੇ ਤਾਂ ਬਿਰਹਾ ਵਾਲੇ ਸ਼ਬਦਾਂ ਸੰਬੰਧੀ, ਭਾਈ ਗੁਰਦਾਸ ਜੀ ਦੀਆਂ ਵਰਤੀਆਂ ਵਾਰਾਂ ਬਾਰੇ ਅਜੇਹੇ ਸੱਜਨ ਕੀ ਕਹਿਣ ਗੇ? ਉਪ੍ਰੰਤ ਵਿਚਾਰ ਅਧੀਨ ਸ਼ਬਦ “ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਝ ਬਨਾ ਰਸਿ ਗਾਊਂ ਰੇ॥ ਉਆ ਕਾ ਸਰੂਪੁ ਦੇਖਿ ਮੋਹੀ ਗੁਆਰਨਿ, ਮੋ ਕਉ ਛੋਡਿ ਨ ਆਉ ਨ ਜਾਹੂ ਰੇ॥ ੧॥ ਤੋਹਿ ਚਰਨ ਮਨੁ ਲਾਗੋ ਸਾਰਿੰਗਧਰ॥ ਸੋ ਮਿਲੈ ਜੋ ਬਡਭਾਗੋ॥ ੧॥ ਰਹਾਉ॥ ਬਿੰਦ੍ਰਾਬਨ ਮਨ ਹਰਨ ਮਨੋਹਰ, ਕ੍ਰਿਸਨ ਚਰਾਵਤ ਗਾਊ ਰੇ॥ ਜਾ ਕਾ ਠਾਕੁਰੁ ਤੁਹੀ ਸਾਰਿੰਗਧਰ, ਮੋਹਿ ਕਬੀਰਾ ਨਾਊ ਰੇ”

ਪਦ ਅਰਥ : ੧੧- ‘ਘਰ’ ਯਾਰ੍ਹਵਾਂ। ਘਨ-ਸੰਘਣੇ। ਤੁਰਸੀ-ਤੁਲਸੀ। ਬਿਰਵਾ-ਬੂਟੇ। ਤੁਰਸੀ ਕਾ ਬਿਰਵਾ- ਤੁਲਸੀ ਦੇ ਬੂਟੇ। ਮਾਝ ਬਨਾ-ਬਨਾਂ `ਚ, ਤੁਲਸੀ ਦੇ ਜੰਗਲ `ਚ। ਰਸਿ-ਰਸ ਨਾਲ, ਪ੍ਰੇਮ ਨਾਲ। ਗਾਊ-ਗਾਉਂਦਾ ਹਾਂ। ਉਆ ਕਾ-ਉਸ ਦਾ (ਉਆ ਕਾ ਨਾਲ ਸੰਬੰਧਤ ‘ਪੜਨਾਂਵ’ ਹੈ (ਜਿਸ ਦੇ) ਆਸ ਪਾਸ ਘਨ ਤੁਰਸੀ ਕਾ ਬਿਰਵਾ … ਗੁਆਰਨਿ ਉਆ ਕਾ ਸਰੂਪੁ ਦੇਖਿ ਮੋਹੀ)। ਰੇ-ਹੇ ਮੇਰੇ ਪ੍ਰੀਤਮ, ਹੇ ਸਾਰਿੰਗਧਰ ਪ੍ਰਭੂ! । ੧।

ਤੋਹਿ ਚਰਨ-ਤੇਰੇ ਚਰਨਾਂ `ਚ। ਸਾਰਿੰਗਧਰ-ਹੇ ਸਾਰਿੰਗਧਰ! ਹੇ ਧਨੁਖ-ਧਾਰੀ, ਹੇ ਸ਼ਬਦ ਰੂਪੀ ਬਾਣ ਨਾਲ ਆਪਣੇ ਪਿਆਰਿਆਂ ਦੇ ਜੀਵਨ ਨੂੰ ਸੁਆਰਣ ਵਾਲੇ ਪ੍ਰਭੂ! । ੧। ਰਹਾਉ।

ਬਿੰਦ੍ਰਾਬਨ-ਬ੍ਰਿੰਦਾ ਬਨ। ਬ੍ਰਿੰਦਾ-ਤੁਲਸੀ ਦਾ ਬੂਟਾ। ਮਨ ਹਰਨ-ਮਨ ਨੂੰ ਮੋਹ ਲੈਣ ਵਾਲਾ। ਗਾਊ-ਗਾਈਆਂ। ਜਾ ਕਾ-ਜਿਸ ਦਾ। ਮੋਹਿ ਨਾਉ-ਮੇਰਾ ਨਾਮ। ਰੇ-ਹੇ ਸਾਰਿੰਗਧਰ! ਹੇ ਧਨੁਖ-ਧਾਰੀ, ਹੇ ਸ਼ਬਦ ਰੂਪੀ ਬਾਣ ਨਾਲ ਆਪਣੇ ਪਿਆਰਿਆਂ ਦੇ ਜੀਵਨ ਨੂੰ ਸੁਆਰਣ ਵਾਲੇ ਪ੍ਰਭੂ। ੨।

ਅਰਥ : — (ਜਿਸ ਕ੍ਰਿਸ਼ਨ ਜੀ ਦੇ) ਆਸੇ ਪਾਸੇ ਤੁਲਸੀ ਦੇ ਸੰਘਣੇ ਬੂਟੇ ਸਨ, ਤੇ ਜੋ ਕ੍ਰਿਸ਼ਨ ਤੁਲਸੀ ਦੇ ਜੰਗਲ `ਚ ਪ੍ਰੇਮ ਨਾਲ ਗਾ ਰਿਹਾ ਸੀ ਉਸ ਦਾ ਦਰਸ਼ਨ ਕਰ ਕੇ (ਗੋਕੁਲ ਬ੍ਰਿੰਦਾਬਨ ਦੀਆਂ) ਗੁਆਲਣਾਂ ਮੋਹੀਆਂ ਜਾਂਦੀਆਂ (ਤੇ ਗਾਉਂਦੀਆਂ ਸਨ)। (ਉਸੇ ਤਰ੍ਹਾਂ ਹੇ ਮੇਰੇ ਪ੍ਰਭੂ ਮੈ ਵੀ ਤੇਰੇ ਤੋਂ ਮੋਹਿਆ ਗਇਆ ਹਾਂ ਤੇ ਤੇਰੇ ਤਰਲੇ ਕਢਦਾ ਹੈ ਕਿ ਤੂੰ ਵੀ ਮੈਨੂੰ ਛੱਡ ਕੇ

ਕਿਸੇ ਹੋਰ ਥਾਂ ਨਾ ਆਵੀਂ, ਨਾ ਜਾਵੀਂ ਭਾਵ ਮੇਰੇ ਹਿਰਦੇ ਘਰ `ਚ ਹੀ ਟਿਕਿਆ ਰਹੀਂ। ੧।

ਹੇ ਧਨੁਖਧਾਰੀ ਪ੍ਰਭੂ, ਸ਼ਬਦ ਰੂਪੀ ਬਾਣ ਨਾਲ ਆਪਣੇ ਪਿਆਰਿਆਂ ਦੇ ਜੀਵਨ ਨੂੰ ਸੁਆਰਣ ਵਾਲੇ ਪ੍ਰਭੂ! (ਜਿਵੇਂ ਉਹ ਗੁਆਲਣਾਂ ਕ੍ਰਿਸ਼ਨ ਜੀ ਤੋਂ ਵਾਰਨੇ ਜਾਂਦੀਆਂ ਸਨ ਤਿਵੇਂ ਮੇਰਾ ਮਨ ਵੀ ਤੇਰੇ ਚਰਨਾਂ `ਚ ਪਰੁਚਾ ਹੈ, ਪਰ ਤੈਨੂੰ ਓਹੀ ਮਿਲ ਸਕਦਾ ਦਾ ਹੈ ਜੋ ਵੱਡੇ ਭਾਗਾਂ ਵਾਲਾ ਹੋਵੇ ਭਾਵ ਜਿਸ `ਤੇ ਤੂੰ ਆਪ ਮੇਹਰ ਦੀ ਨਜ਼ਰ ਕਰੇਂ, ਬਖਸ਼ਿਸ਼ ਕਰੇਂ। ੧। ਰਹਾਉ।

ਹੇ ਸ਼ਬਦ ਰੂਪੀ ਬਾਣ ਨਾਲ ਆਪਣੇ ਪਿਆਰਿਆਂ ਦੇ ਜੀਵਨ ਨੂੰ ਸੁਆਰਣ ਵਾਲੇ ਪ੍ਰਭੂ (ਸਾਰਿੰਗਧਰ)! ਉਹ ਕ੍ਰਿਸ਼ਨ ਜੋ ਬਿੰਦ੍ਰਾਬਨ `ਚ ਗਊਂਆਂ ਚਾਰਦਾ ਸੀ ਤੇ ਗੋਕਲ ਦੀਆਂ ਗੁਆਲਣਾਂ ਦੇ ਮਨ ਨੂੰ ਮੋਹਣ ਵਾਲਾ ਸੀ, ਪਰ ਜਿਸ (ਕਬੀਰ) ਦਾ ਤੂੰ ਸੁਆਮੀ ਹੈਂ, ਤੇਰੇ ਅੱਗੇ ਅਰਜ਼ੋਈਆਂ ਕਰਦਾ ਹੈ, ਕਿ ਮੇਰਾ ਨਾਮ ਕਬੀਰ ਹੈ (ਤੇ ਉਸੇ ਤਰਾਂ ਤੂੰ ਮੇਰੀ ਵੀ ਬਹੁੜੀ ਕਰ)। ੨।

ਕ੍ਰਿਸ਼ਨ ਪਦ ਬਾਰੇ ਕੁੱਝ ਮਿਥਿਹਾਸਕ ਵੇਰਵੇ- ਜਸੋਦਾ ਅਥਵਾ ਦੇਵਕੀ ਸੁਤ ਕ੍ਰਿਸ਼ਨ ਤੋਂ ਇਲਾਵਾ ਪੁਰਾਤਨ ਰਚਨਾਵਾਂ ਤੇ ਕੋਸ਼ਾਂ `ਚ ਇਹ ਸ਼ਬਦ ਕਈ ਹੋਰ ਅਰਥਾਂ `ਚ ਵੀ ਆਇਆ ਹੈ-ਰਿਗ ਵੇਦ ਜਿਸ ਨੂੰ ਹਿੰਦੂ ਮੱਤ ਦੀ ਸਭ ਤੋਂ ਪੁਰਾਤਨ ਰਚਨਾ ਕਿਹਾ ਹੈ, ਉਥੇ ਇਹ ਸ਼ਬਦ ਕਾਲੇ ਰੰਗ ਲਈ ਆਇਆ ਹੈ। ਜਸੋਦਾ ਸੁੱਤ ਕ੍ਰਿਸ਼ਨ ਵਾਲਾ ਰਿਗਵੇਦ `ਚ ਉੱਕਾ ਜ਼ਿਕਰ ਨਹੀਂ। ਸਭ ਤੋਂ ਪਹਿਲਾਂ ਛਾਂਦੇਗਯ ਉਪਨਿਸ਼ਦ `ਚ ਦੇਵਕੀ ਸੁੱਤ ਕ੍ਰਿਸ਼ਨ ਦਾ ਨਾਂ, ਵਿਦਵਾਨ ਦੇ ਰੂਪ `ਚ ਆਇਆ ਹੈ। ਇਸ ਨਾਂ ਦੇ ਇੱਕ ਅਸੁਰ ਜਾਂ ਡਾਕੂ ਦਾ ਜ਼ਿਕਰ ਵੀ ਆਇਆ ਹੈ ਜਿਸ ਨੇ 10,000 ਸਾਥੀਆਂ ਸਮੇਤ ਇੰਦ੍ਰ `ਤੇ ਹਮਲਾ ਕੀਤਾ ਤੇ ਤਦ ਤੀਕ ਤਬਾਹੀ ਮਚਾਈ ਜਦ ਤੀਕ ਇੰਦ੍ਰ ਨੇ ਉਸ ਨੂੰ ਹਰਾ ਕੇ ਉਸ ਦੀ ਖੱਲ ਹੀ ਨਾ ਉਤਾਰ ਦਿੱਤੀ।

ਇਕ ਹੋਰ ਵੈਦਿਕ ਰਿਚਾ `ਚ ਪੰਜਾਹ ਹਜ਼ਾਰ ਕ੍ਰਿਸ਼ਨਾਂ ਤੇ ਉਹਨਾਂ ਦੀਆਂ ਗਰਭਵਤੀ ਇਸਤ੍ਰੀਆਂ ਦੇ ਕਤਲ ਦਾ ਜਿਕਰ ਹੈ ਤਾਕਿ ਉਹਨਾਂ ਦੀ ਸੰਤਾਨ ਵੀ ਅੱਗੇ ਨਾ ਵੱਧ ਸਕੇ। ਅੰਦਾਜ਼ਾ ਹੈ, ਇਹ ਸ਼ਬਦ, ਆਰੀਆਂ ਹਮਲਾਵਰਾਂ ਵੱਲੋਂ ਇਥੋਂ ਦੇ ਅਸਲ ਵਸਨੀਕ ਦ੍ਰਵਿੜਾਂ ਆਦਿ ਲਈ ਕਾਲੇ ਰੰਗ ਦੇ ਹੋਣ ਕਾਰਣ ਵਰਤੇ ਗਏ ਹਨ। ਇਥੋਂ ਇਹ ਵੀ ਪਤਾ ਲਗਦਾ ਹੈ ਕਿ ਸੱਤਾ ਨੂੰ ਹਥਿਆਉਣ ਲਈ ਆਰੀਆ ਲੋਕਾਂ ਨੇ ਇਥੋਂ ਦੇ ਮੂਲ਼ ਵਸਨੀਕਾਂ `ਤੇ ਕਿੰਨੇ ਜ਼ੁਲਮ ਢਾਏ। ਉਪ੍ਰੰਤ ਵਰਣ ਵੰਡ ਦੇ ਡੰਡੇ ਨਾਲ ਉਹਨਾਂ ਨੂੰ ਸ਼ੂਦਰ ਤੇ ਰਾਖਸ਼ ਕਰ ਕੇ ਮਸ਼ਹੂਰ ਕਰਣਾ ਵੀ ਇੰਨ੍ਹਾਂ ਹੀ ਜ਼ੁਲਮਾਂ ਦੀ ਕੜੀ ਹੈ। ਇਥੋਂ ਇਹ ਵੀ ਅੰਦਾਜ਼ਾ ਹੁੰਦਾ ਹੈ ਕਿ ਜਦੋਂ ਇਹ ਰਿਚਾ ਲਿਖੀ ਗਈ, ਉਦੋਂ ਤੀਕ ਜਸੋਦਾ ਸੁਤ ਕ੍ਰਿਸ਼ਨ ਦੀ ਜੀਵਨੀ ਆਰੀਆਂ ਲੋਕਾਂ `ਚ ਪ੍ਰਚਲਤ ਨਹੀਂ ਸੀ, ਨਹੀਂ ਤਾਂ ਉਹ ਕਾਲਿਆਂ ਨੂੰ ਕ੍ਰਿਸ਼ਨ ਨਾਮ ਨਾ ਦੇਂਦੇ, ਕਿਉਂਕਿ ਬਾਅਦ `ਚ ਇਹੀ ਸ਼ਬਦ ਉਹਨਾਂ ਲਈ ਪੂਜਨੀਕ ਹੋ ਗਿਆ।

ਅਜੋਕੇ ਸਮੇਂ ਕ੍ਰਿਸ਼ਨ ਅਥਵਾ ਕਾਨ੍ਹ ਸ਼ਬਦਾਂ ਤੋਂ ਦੇਵਕੀ ਸੁੱਤ ਕ੍ਰਿਸ਼ਨ ਦਾ ਪ੍ਰਭਾਵ ਲਿਆ ਜਾਂਦਾ ਹੈ ਜਿਸ ਦੇ ਪਿਤਾ ਦਾ ਨਾਂ ਵਾਸੁਦੇਵ ਤੇ ਜਨਮ ਆਪਣੇ ਮਾਮੇ ਕੰਸ ਦੀ ਕੈਦ ਕੋਠਰੀ `ਚ ਹੋਇਆ। ਕੰਸ ਇਸ ਨੂੰ ਆਪਣਾ ਕਾਲ ਮੰਨ ਕੇ ਮਾਰਣ `ਤੇ ਤੁਲਿਆ ਸੀ, ਕਿਸੇ ਤਰੀਕੇ ਵਾਸੁਦੇਵ ਨੇ ਇਸ ਨੂੰ ਮਥਰਾ ਤੋਂ ਗੋਕਲ ਨਿਵਾਸੀ ਗੁਆਲੇ ਬਾਬਾ ਨੰਦ ਦੇ ਘਰ ਪਹੁੰਚਾ ਦਿੱਤਾ। ਇਸ ਤਰ੍ਹਾਂ ਇਸ ਦੇ ਪਾਲਕ ਮਾਤਾ-ਪਿਤਾ ਬਾਬਾ ਨੰਦ ਤੇ ਜਸੋਦਾ ਬਣੇ। ਵਿਸ਼ਨੂੰ ਪੁਰਾਨ ਅਨੁਸਾਰ, ਵਿਸ਼ਨੂੰ ਨੇ ਆਪਣਾ ਇੱਕ ਕਾਲਾ ਵਾਲ ਦੇਵਕੀ ਦੇ ਪੇਟ ਤੇ ਚਿੱਟਾ ਵਾਲ ਰੋਹਿਣੀ ਦੇ ਪੇਟ `ਚ ਭੇਜਿਆ। ਕਾਲੇ ਵਾਲ ਤੋਂ ਕ੍ਰਿਸ਼ਨ ਤੇ ਚਿੱਟੇ ਤੋਂ ਬਲਰਾਮ ਪੈਦਾ ਹੋਏ, ਇਸੇ ਲਈ ਇਹ ਦੋਵੇਂ ਭਾਈ ਸਨ। ਹਿੰਦੂ ਵਿਸ਼ਵਾਸਾਂ `ਚ ਕ੍ਰਿਸ਼ਨ ਨੂੰ ਵਿਸ਼ਨੂੰ ਦਾ ਅਠਵਾਂ ਅਵਤਾਰ ਮੰਨਿਆ ਜਾਂਦਾ ਹੈ।

ਕ੍ਰਿਸ਼ਨ ਜੀ ਦੀਆਂ 16100 ਇਸਤ੍ਰੀਆਂ, ਇੱਕ ਲੱਖ ਅੱਸੀ ਹਜ਼ਾਰ ਪੁੱਤਰ ਤੇ ਹੋਰ ਅਨੇਕਾਂ ਅਣਹੋਨੀਆਂ ਘਟਨਾਵਾਂ ਕ੍ਰਿਸ਼ਨ ਲੀਲਾ ਨਾਲ ਜੁੜੀਆਂ ਹਨ। ਜਿਵੇਂ ਚੀਚੀ ਉਂਗਲੀ `ਤੇ ਲਗਾਤਾਰ ਸੱਤ ਦਿਨ ਗੋਵਰਧਨ ਪਰਬਤ ਨੂੰ ਚੁੱਕੀ ਰੱਖਿਆ ਤੇ ਇੰਦ੍ਰ ਦੀ ਕਰੋਪੀ ਤੋਂ ਗੋਕੁਲ ਵਾਸੀਆਂ ਨੂੰ ਬਚਾਇਆ। ਦੂਤਾਂ ਦੇ ਉੱਡਣ ਵਾਲੇ, ਸਵੈਚਾਲਕ ਨਗਰ ਸ਼ੋਭ ਨੂੰ ਜਿੱਤਿਆ। ਸਮੁੰਦ੍ਰੀ ਦੈਂਤਾਂ ਨਾਲ ਭਰੇ ਸਾਗਰ `ਚ ਵੜ ਕੇ ਵਰੁਣ ਦੇਵਤੇ ਨੂੰ ਜਿੱਤਿਆ। ਪਾਹੁਲ `ਚ ਪੰਚ ਜਨਯ ਨੂੰ ਮਾਰ ਕੇ, ਪੰਚ ਜਨਯ ਨਾਂ ਦੇ ਸੰਖ ਨੂੰ ਹਾਸਲ ਕੀਤਾ। ਅਰਜਨ ਦਾ ਸਾਥ ਦੇਂਦੇ ਖਾਂਡਵ ਵਨ `ਚ ਅਗਨੀ ਦੇਵਤਾ ਨੂੰ ਪ੍ਰਸੰਨ ਕਰ ਕੇ ਉਸ ਤੋਂ ਅਗਨੀ ਅਸਤ੍ਰ ਭਾਵ ਸੁਦਰਸ਼ਨ ਚੱਕਰ ਹਾਸਲ ਕੀਤਾ ਤੇ ਗਰੁੜ ਦੀ ਸਵਾਰੀ ਕਰ, ਇੰਦ੍ਰ ਦੀ ਨਗਰੀ ਅਮਰਾਵਤੀ ਨੂੰ ਡਰਾਇਆ। ਆਪਣੀ ਕਾਮ ਇੱਛਾ ਪੂਰੀ ਕਰਣ ਲਈ, ਸਤਭਾਮਾ ਲਈ ਵੱਡਾ ਜੰਗ ਕਰ ਕੇ ਇੰਦਰ ਦੇ ਬਾਗ ਤੋਂ ਪਾਰਜਾਤ ਬਿਰਖ ਉਖਾੜ ਲਿਆਂਦਾ। ਇਸਤ੍ਰੀ ਭੇਸ ਬਣਾ ਕੇ ਧੋਖੇ ਨਾਲ ਚੰਦ੍ਰਾਵਲ ਨੂੰ ਉਸ ਦੇ ਘਰ ਜਾ ਕੇ ਜਬਰੀ ਛਲਿਆ। ਅਨੇਕਾਂ ਭਿਅੰਕਰ ਦੈਂਤਾਂ ਤੇ ਦੁਰਾਚਾਰੀ ਰਾਜਿਆਂ ਨੂੰ ਮਾਰਿਆ, ਰਾਤੋ ਰਾਤ ਸਮੁੰਦ੍ਰ ਕੰਢੇ ਦੁਆਰਕਾ ਨਗਰੀ ਵਸਾਈ ਤੇ ਸਾਰੇ ਨਗਰ ਵਾਸੀਆਂ ਨੂੰ ਰਾਤੋ ਰਾਤ ਸੁੱਤੇ ਹੋਏ, ਸਾਮਾਨ ਸਮੇਤ ਉਥੇ ਤਬਦੀਲ ਕਰ ਦਿੱਤਾ, ਜਦੋਂ ਜਾਗੇ ਤਾਂ ਦੁਆਰਕਾ `ਚ ਸਨ। ਮਹਾਂਭਾਰਤ ਸਮੇਂ ਅਰਜੁਨ ਦੇ ਰਥ ਨੂੰ ਹਾਂਕਿਆ, ਸੰਦੀਪਨੀ, ਕ੍ਰਿਸ਼ਨ ਜੀ ਦੇ ਸ਼ਸਤ੍ਰ ਗੁਰੂ ਤੇ ਦੁਰਭਾਸ਼ਾ ਕੁਲ ਪੁਰੋਹਿਤ ਸਨ।

ਕ੍ਰਿਸ਼ਨ ਜੀ ਦਾ ਜੀਵਨ ਭਿੰਨ ਭਿੰਨ ਪੜਾਵਾਂ `ਚ ਵਿਕਸਤ ਹੋਇਆ ਮਿਲਦਾ ਹੈ। ਮਹਾਂਭਾਰਤ `ਚ ਮਹਾਨ ਯੋਧੇ ਦੇ ਰੂਪ `ਚ; ਹਰਿਬੰਸ ਪੁਰਾਨ `ਚ ਪਹਿਲੀ ਵਾਰੀ ਉਹਨਾਂ ਨਾਲ ਚਮਤਕਾਰੀ ਕਹਾਣੀਆਂ ਜੁੜੀਆਂ। ਭਾਗਵਤਪੁਰਾਣ ਤੇ ਪ੍ਰੇਮ ਸਾਗਰ ਨੇ ਕ੍ਰਿਸ਼ਨਜੀ ਦੇ ਜੀਵਨ ਨੂੰ ਲੋਕਪ੍ਰਿਯ ਬਣਾਇਆ। ਮਹਾਂਭਾਰਤ ਦੇ ਸ਼ਾਂਤ ਪਰਵ, ਅਧਿਆਇ 18 `ਚ ਗੀਤਾ ਦੀ ਰਚਨਾ ਕ੍ਰਿਸ਼ਨ ਰਾਹੀਂ ਕੀਤੀ ਦੱਸੀ ਹੈ ਜਿਸ `ਚ ਕ੍ਰਿਸ਼ਨ ਜੀ ਨੇ ਆਪਣੇ ਆਪ ਨੂੰ ਪ੍ਰਮਾਤਮਾ, ਬ੍ਰਹਿਮੰਡ ਦੀ ਸਿਰਜਨਾ ਕਰਣ ਵਾਲਾ ਕਿਹਾ ਤੇ ਅਰਜੁਨ ਤੋਂ ਆਪਣੇ ਆਪ ਨੂੰ ਪਰਮ-ਆਸਨ, ਅਮਰ, ਆਜੋਨੀ, ਦੈਵੀ-ਪਰਮ-ਦੇਵਤਾ, ਸਰਬਵਿਆਪਕ ਅਖਵਾਇਆ ਹੈ। ਅੰਤ ਸਾਰਾ ਯਾਦਵ ਵੰਸ਼ ਸ਼ਰਾਬ ਦੇ ਨਸ਼ੇ `ਚ ਚੂਰ ਹੋ ਕੇ ਆਪਸੀ ਲੜਾਈ `ਚ ਨਸ਼ਟ ਹੋ ਗਿਆ ਤੇ ਕ੍ਰਿਸ਼ਨ ਉਦਾਸ ਅਵਸਥਾ `ਚ ਬੈਠੇ ਸਰਸ ਨਾਂ ਦੇ ਸ਼ਿਕਾਰੀ ਹੱਥੋਂ, ਹਿਰਨ ਦੇ ਭੁਲੇਖੇ ਤੀਰ ਦਾ ਸ਼ਿਕਾਰ ਹੋ ਗਏ। ਕੁੱਝ ਲਿਖਤਾਂ ਮੁਤਾਬਕ ਜੋ ਯਾਦਵ ਉਸ ਸਮੇਂ ਉਥੇ ਮੌਜੂਦ ਨਹੀਂ ਸਨ ਉਹਨਾਂ ਤੋਂ ਅਗੇ ਯਾਦਵ ਕੁਲ ਚੱਲੀ।

ਪੁਰਾਤਨ ਰਚਨਾਵਾਂ ਤੇ ਕੋਸ਼ਾਂ `ਚ ਕ੍ਰਿਸ਼ਨ ਪਦ ਹੋਰ ਬਹੁਤ ਅਰਥਾਂ `ਚ ਵੀ ਆਇਆ ਹੈ, ਜਿਵੇਂ ਵੇਦ ਵਿਆਸ, ਅਰਜਨ, ਕੋਇਲ, ਕਾਂ, ਹਨੇਰਾ ਪੱਖ, ਕਾਲਾ, ਕਲਿਜੁਗ, ਨੀਲ, ਲੋਹਾ, ਸੁਰਮਾ, ਮੋਤੀ ਆਦਿ। ਸਾਡੇ ਹਥਲੇ ਵੇਰਵੇ ਦਾ ਸੰਬੰਧ ਕੇਵਲ ਜਸੋਦਾ ਸੁਤ ਕ੍ਰਿਸ਼ਨ ਜੀ ਨਾਲ ਹੈ ਜਾਂ ਫਿਰ ਗੁਰਬਾਣੀ `ਚ ਅਕਾਲਪੁਰਖੁ ਲਈ ਵਰਤੇ ਸ਼ਬਦ ਕ੍ਰਿਸ਼ਨ ਨਾਲ। ਕਿਉਂਕਿ “ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਅੰਦਰ ਕ੍ਰਿਸ਼ਨ ਪਦ ਬਹੁਤਾ ਕਰਕੇ ਇਹਨਾ ਹੀ ਦੋ ਅਰਥਾਂ `ਚ ਹੀ ਆਇਆ ਹੈ-ਇਕ ਅਕਾਲਪੁਰਖੁ ਤੇ ਦੂਜਾ ਜਸੋਦਾ ਸੁੱਤ ਕ੍ਰਿਸ਼ਨ ਜਦੋਂ ਸਪਸ਼ਟ ਕੀਤਾ ਹੈ ਕਿ ਉਹ ਭਗਵਾਨ ਨਹੀਂ। #139s08.02s09#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਈਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 139

ਅਰਥ ਨਿਖਾਰ

“ਆਸ ਪਾਸ ਘਨ ਤੁਰਸੀ ਕਾ ਬਿਰਵਾ”

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org
.