.

ਤਿੱਤਰ ਫੇਰ ਉਡਾਰੀਆਂ ਮਾਰਦੇ ਨੇ …

- ਜਸਪਾਲ ਸਿੰਘ ਹੇਰਾਂ

ਲੋਕ ਸਭਾ ਚੋਣਾਂ ਨੂੰ ਸਿਰ ਤੇ ਆਇਆ ਵੇਖ ਕੇ ਅਤੇ ਸਿਆਸੀ ਲੋਕਾਂ ਦੀ ਵੋਟ ਕੰਮਜ਼ੋਰੀ ਨੂੰ ਭਲੀ ਭਾਂਤ ਜਾਣਦਿਆਂ ਹੋਇਆ, ਸੋਦਾ ਸਾਧ ਨੇ ਗਿਣੀ-ਮਿਥੀ ਸਾਜ਼ਿਸ਼ ਅਧੀਨ, ਪੰਜਾਬ `ਚ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਸੋਦਾ ਸਾਧ ਵੱਲੋਂ ਆਈਆਂ ਹਦਾਇਤਾਂ ਅਨੁਸਾਰ ਉਸਦੇ ਪ੍ਰੇਮੀ ਜਿਹੜੇ ਪਿਛਲੇ ਸਮੇਂ ਖੁੱਡਾਂ `ਚ ਵੜ ਗਏ ਸਨ, ਮੁੜ ਤੋਂ ਸਿਰੀਆ ਹੀ ਬਾਹਰ ਨਹੀਂ ਕੱਢਣ ਲੱਗੇ, ਸਗੋਂ ਉਹ ਸਿੱਖਾਂ ਨੂੰ ਵੰਗਾਰਨ ਲੱਗ ਪਏ ਹਨ। ਬਠਿੰਡਾ ਤੇ ਸੰਗਰੂਰ ਜਿਲਿਆਂ `ਚ ਸੋਦਾ ਸਾਧ ਦੇ ਪ੍ਰੇਮੀਆਂ ਦੀਆਂ ਗਤੀਵਿਧੀਆਂ `ਚ ਅਚਾਨਕ ਆਈ ਸਰਗਰਮੀ ਇੱਕ ਗਿਣੀ ਮਿਥੀ ਸਾਜ਼ਿਸ਼ ਦਾ ਨਤੀਜਾ ਅਤੇ ਜਾਣ-ਬੁੱਝ ਕੇ ਕੀਤਾ ਜਾ ਰਿਹਾ ਕਾਰਾ ਹੈ। ਪੰਜਾਬ ਦੀ ਬਾਦਲ ਸਰਕਾਰ ਇਸ ਸਮੇਂ ਸੱਪ ਦੇ ਮੂੰਹ ਕੋਹੜ ਕਿਰਲੀ ਵਾਲੀ ਸਥਿਤੀ `ਚ ਹੈ, ਇਸ ਲਈ ਉਸ ਵੱਲੋਂ ਠੋਸ ਫੈਸਲਾ ਨਾਂ ਲਏ ਜਾਣ ਕਾਰਣ, ਸੋਦਾ-ਸਾਧ ਸਰਕਾਰ ਦੀ ਇਸ ਕੰਮਜ਼ੋਰੀ ਦਾ ਲਾਹਾ ਲੈ ਕੇ ਆਪਣੀ ਧੌਂਸ ਤੇ ਗਲਬਾ ਜਮਾਉਣ ਦੇ ਚੱਕਰਾਂ `ਚ ਹੈ। ਪੰਜਾਬ ਦੀਆਂ ਤਿੰਨੋ ਵੱਡੀਆਂ ਰਾਜਸੀ ਸ਼ਕਤੀਆਂ ਇਸ ਸਮੇਂ ਸੌਦਾ ਸਾਧ ਦੇ ਹਮਾਇਤੀਆਂ ਦੀ ਲਾਈਨ `ਚ ਮੂਹਰੇ ਖੜ੍ਹੀਆਂ ਨਜ਼ਰ ਆਉਂਦੀਆਂ ਹਨ। ਬਾਦਲ ਅਕਾਲੀ ਦਲ, ਜਿਸਦੇ ਸੁਪਰੀਮੋ ਦਾ ਲੋਕ ਸਭਾ ਹਲਕਾ ਬਠਿੰਡਾ, ਸੋਦਾ ਸਾਧ ਦੇ ਪ੍ਰਭਾਵੀ ਇਲਾਕੇ `ਚ ਸ਼ਾਮਲ ਹੈ, ਦਿਨ ਰਾਤ ਸੋਦਾ ਸਾਧ ਨੂੰ ਰਿਝਾਉਣ ਦੇ ਯਤਨ `ਚ ਲੱਗਾ ਹੋਇਆ ਹੈ ਅਤੇ ਪਿਛਲੇ ਸਵਾ ਸਾਲ `ਚ ਇੱਕ ਨਹੀਂ ਅਨੇਕਾਂ ਵਾਰ ਸੋਦਾ ਸਾਧ ਨਾਲ ਸਮਝੌਤੇ ਦੇ ਗੁਪਤ ਯਤਨ ਹੋਏ ਹਨ। ਬਾਦਲ ਦਲ ਦੀ ਮਜ਼ਬੂਰੀ ਹੈ ਕਿ ਸੋਦਾ ਸਾਧ ਵਿਰੁੱਧ ਸਿੱਖ ਸੰਗਤਾਂ `ਚ ਭਾਰੀ ਰੋਹ ਹੈ, ਜਿਹੜਾ ਕਿਸੇ ਸਮੇਂ ਵੀ ਭੜਕ ਸਦਕਾ ਹੈ, ਇਸ ਲਈ ਬਾਦਲ, ਸੋਦਾ ਸਾਧ ਨਾਲ ਬਾਹਰੀ ਰੂਪ `ਚ ਕੋਈ ਸਿੱਧਾ ਸਮਝੌਤਾ ਨਹੀਂ ਕਰ ਸਕਦਾ, ਉਹ ਵਾਇਆ ਅਕਾਲ ਤਖਤ ਸਮਝੌਤਾ ਚਾਹੁੰਦਾ ਹੈ। ਪ੍ਰੰਤੂ ਇਸ ਲਈ ਸੋਦਾ ਸਾਧ ਤਿਆਰ ਨਹੀਂ, ਉਸਦੀ ਹੈਂਕੜ ਅਤੇ ਗੁਰੂ ਡੰਮ ਉਸਨੂੰ ਇਹ ਆਗਿਆ ਨਹੀਂ ਦਿੰਦੇ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਮੁਆਫੀ ਮੰਗੇ, ਇਹੋ ਬਾਦਲ ਦੀ ਸਭ ਤੋਂ ਵੱਡੀ ਦਿੱਕਤ ਹੈ। ਉਹ ਸਿੱਖਾਂ ਵਾਲੇ ਡੂੰਮਣੇ ਨੂੰ ਵੀ ਛੇੜਨਾ ਨਹੀਂ ਚਾਹੁੰਦਾ ਅਤੇ ਸੋਦਾ ਸਾਧ ਦੀ ਹਮਾਇਤ ਵੀ ਹਾਸਲ ਕਰਨੀ ਚਾਹੁੰਦਾ ਹੈ। ਬਾਦਲਕਿਆਂ ਨੇ ਸੋਦਾ ਸਾਧ ਮਾਮਲੇ ਨੂੰ ਠੰਡੇ ਬਸਤੇ `ਚ ਪਾਉਣ ਦੀ ਭਰਸੱਕ ਕੋਸ਼ਿਸ ਕੀਤੀ ਸੀ, ਪ੍ਰੰਤੂ ਇਹ ਮੁੱਦਾ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਐਨਾ ਜੁੜ ਗਿਆ ਹੈ ਕਿ ਉਹ ਸੋਦਾ ਸਾਧ ਨੂੰ ਕਿਵੇਂ ਵੀ ਮੁਆਫ ਕਰਨ ਲਈ ਤਿਆਰ ਨਹੀਂ ਹਨ। ਸਿੱਖ ਪੰਥ ਦਾ ਇਤਿਹਾਸ ਰਿਹਾ ਹੈ ਕਿ ਉਸਨੇ ਹੈਂਕੜਬਾਜ਼, ਮੱਕਾਰ, ਜਾਬਰ ਤੇ ਅਯਾਸ਼ ਵਿਅਕਤੀ ਨੂੰ ਕਦੇ ਮੁਆਫ ਨਹੀਂ ਕੀਤਾ ਅਤੇ ਸਿੱਖਾਂ ਦੇ ਖੂਨ `ਚ ਇਹ ਗੁਣ ਵਿਰਸੇ ਤੋਂ ਹੀ ਆਪਣੇ ਆਪ ਆ ਜਾਂਦਾ ਹੈ।

ਪੰਚ ਪ੍ਰਧਾਨੀ ਅਕਾਲੀ ਦਲ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਵੱਲੋਂ ਜਿਹੜਾ ਯਾਦ ਪੱਤਰ ਬੀਤੀ ਕੱਲ੍ਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਪਿਆ ਗਿਆ, ਉਸ `ਚ ਦਿੱਤੇ ਅੰਕੜੇ ਸਾਫ ਕਰਦੇ ਹਨ ਕਿ ਜਿਸ ਦਿਨ ਤੋਂ ਭਾਵ ਜਨਵਰੀ 2008 ਤੋਂ, ਸੋਦਾ ਸਾਧ ਵਿਰੁੱਧ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ, ਉਸ ਦਿਨ ਤੋਂ ਲੈ ਕੇ ਅੱਜ ਤੱਕ ਪੰਜਾਬ ਸਰਕਾਰ ਨੇ ਸੋਦਾ ਸਾਧ ਦੀ 25 ਵਾਰੀ ਪੁਸ਼ਤ ਪਨਾਹੀ ਕੀਤੀ ਹੈ ਅਤੇ ਉਲਟਾ ਹੁਕਮਨਾਮੇ ਦੇ ਹਮਾਇਤੀਆਂ ਨੂੰ ਕੁਟਾਪਾ ਚਾੜ੍ਹਿਆ ਤੇ ਪਰਚੇ ਦਰਜ ਕੀਤੇ ਹਨ। ਜਿਸ ਬਾਦਲ ਸਰਕਾਰ ਨੇ 2001 `ਚ ਭਨਿਆਰੇ ਵਾਲੇ ਸਾਧ ਨੂੰ ਕੁੱਝ ਦਿਨਾਂ `ਚ ਨਕੇਲ ਪਾ ਲਈ ਸੀ, ਉਹ ਸੋਦਾ ਸਾਧ ਤੇ ਨੂਰਮਹਿਲੀਏ ਅੱਗ ਨਿਤਾਣੀ ਕਿਉਂ ਬਣੀ ਹੋਈ ਹੈ? ਇਸ ਦਾ ਜਵਾਬ ਆਖਰ ਬਾਦਲ ਸਰਕਾਰ ਨੂੰ ਸਿੱਖ ਪੰਥ ਅੱਗੇ ਦੇਣਾ ਹੀ ਪੈਣਾ ਹੈ, ਨਹੀਂ ਤਾਂ ਦੀਨ ਤੇ ਦੁਨੀਆ ਦੋਵੇਂ ਹੀ ਗੁਆਉਣੇ ਪੈ ਸਕਦੇ ਹਨ। ਬਾਦਲ ਦਲ ਦੀ ਸਾਥੀ ਭਾਰਤੀ ਜਨਤਾ ਪਾਰਟੀ, ਇਸ ਸਮੇਂ ਸੋਦਾ ਸਾਧ ਦੀ ਸਭ ਤੋਂ ਵੱਡੀ ਚਹੇਤੀ ਬਣ ਰਹੀ ਹੈ, ਉਹ ਸੋਦਾ ਸਾਧ ਤੇ ਡੋਰੇ ਪਾ ਕੇ ਪੰਜਾਬ `ਚ ਆਪਣੀਆਂ ਅਜ਼ਾਦ ਜੜ੍ਹਾ ਲਾਉਣ ਅਤੇ ਹਰਿਆਣਾ `ਚ ਸਹਾਰਾ ਲੈਣ ਦੀ ਤਾਕ `ਚ ਹੈ, ਇਸ ਲਈ ਉਹ ਬਾਦਲ ਨੂੰ ਵੀ ਸੋਦਾ ਸਾਧ ਵਿਰੁੱਧ ਸਖਤ ਹੋਣ ਤੋਂ ਸਖਤੀ ਨਾਲ ਰੋਕ ਰਹੀ ਹੈ। ਸੋਦਾ ਸਾਧ ਦੇ ਤਾਕਤਵਾਰ ਹੋਣ ਤੇ ਭਾਜਪਾ ਦੇ ਦੋਵੇਂ ਹੱਥੀਂ ਲੱਡੂ ਆਉਂਦੇ ਹਨ, ਪੰਜਾਬ `ਚ ਅਕਾਲੀ ਦਲ ਕੰਮਜ਼ੋਰ ਹੁੰਦਾ ਹੈ, ਸਿੱਖਾਂ ਦੀ ਸ਼ਕਤੀ ਨੂੰ ਖੋਰਾ ਲੱਗਦਾ ਹੈ, ਇਹੋ ਭਾਜਪਾ ਦਾ ਮਿਸ਼ਨ ਵੀ ਹੈ। ਤੀਜੀ ਧਿਰ ਕਾਂਗਰਸ ਆਪਣੇ ਨਕਲੀ ਧਰਮ-ਨਿਰਪੱਖ ਚਿਹਰੇ ਨਾਲ, ਸੋਦਾ ਸਾਧ ਦੀ ਬੁੱਕਲ `ਚ ਖੜ੍ਹੀ ਨਜ਼ਰ ਆਉਂਦੀ ਹੈ। ਪਹਿਲਾਂ ਤਾਂ ਕਾਂਗਰਸ ਨੇ ਸੋਦਾ ਸਾਧ ਦੇ ਮੁੱਦੇ ਤੇ ਦੜ੍ਹ ਵੱਟੀ ਰੱਖੀ ਸੀ, ਉਸਨੂੰ ਚਿੱਤ ਤੇ ਪੱਟ ਦੋਵੇਂ ਆਪਣੀਆਂ ਵਿਖਾਈ ਦਿੰਦੀਆਂ ਸਨ, ਪ੍ਰੰਤੂ ਹੁਣ ਕਾਂਗਰਸ ਵੀ ਅੰਦਰੋ-ਅੰਦਰੀ ਇਸ ਮਾਮਲੇ ਨੂੰ ਭਖਾਉਣ ਦੇ ਯਤਨਾਂ `ਚ ਹੈ। ਸੋਦਾ ਸਾਧ ਤੇ ਸਿੱਖਾਂ `ਚ ਭੜਕੀ ਲੜਾਈ, ਸਿੱਖਾਂ ਨੂੰ ਬਾਦਲ ਦਲ ਤੋਂ ਹੋਰ ਦੂਰ ਕਰੇਗੀ, ਇਸ ਨਾਲ ਪੰਜਾਬ `ਚ ਗਰਮਦਲੀ ਧੜੇ ਮੁੜ ਤੋਂ ਸ਼ਕਤੀਸ਼ਾਲੀ ਹੋ ਸਕਦੇ ਹਨ ਅਤੇ ਸਿੱਖ ਵੋਟਾਂ ਦਾ ਧਰੁਵੀ ਕਰਨ ਹੋਵੇਗਾ, ਜਿਸਦਾ ਸਭ ਤੋਂ ਵੱਡਾ ਨੁਕਸਾਨ ਬਾਦਲ ਦਲ ਨੂੰ ਉਠਾਉਣਾ ਪਵੇਗਾ। ਸੋਦਾ ਸਾਧ ਮੁੱਦੇ ਨੇ ਪੰਥਕ ਧਿਰਾਂ ਨੂੰ ਇਕੱਠੇ ਤੇ ਸ਼ਕਤੀਸ਼ਾਲੀ ਹੋਣ ਦਾ ਮੌਕਾ ਦਿੱਤਾ ਸੀ, ਜਿਸਦਾ ਉਹ ਲਾਹਾ ਨਹੀਂ ਲੈ ਸਕੇ ਅਤੇ ਇਸ ਸਮੇਂ ਸੋਦਾ ਸਾਧ ਨਾਲ ਜੇ ਕੋਈ ਟੱਕਰ ਲੈ ਰਿਹਾ ਹੈ ਤਾਂ ਉਹ ਸਿਰਫ ਤੇ ਸਿਰਫ ਸਿੱਖੀ ਭਾਵਨਾ ਹੈ ਅਤੇ ਫਿਲਹਾਲ ਇਹ ਲੜਾਈ ਬਿਨਾਂ ਕਿਸੇ ਆਗੂ ਤੋਂ ਸਿੱਖ ਸੰਗਤਾਂ ਆਪਣੇ ਬੂਤੇ ਤੇ ਹੀ ਲੜ ਰਹੀਆਂ ਹਨ। ਅਸੀਂ ਬਾਦਲ ਦਲ ਸਮੇਤ ਸਾਰੀਆਂ ਪੰਥਕ ਧਿਰਾਂ ਨੂੰ ਬੇਨਤੀ ਕਰਾਂਗੇ ਕਿ ਕੌਮ ਦੀ ਆਨ-ਸ਼ਾਨ ਤੋਂ ਵੱਧ ਕੁੱਝ ਨਹੀਂ ਹੁੰਦਾ, ਇਸ ਲਈ ਇਸ ਮੁੱਦੇ ਤੇ ਰਾਜਸੀ ਰੋਟੀਆ ਸੇਕਣ ਦੀ ਸੌੜੀਸੋਚ ਨੂੰ ਛੱਡ ਕੇ, ਕੌਮ ਦੇ ਵਡੇਰੇ ਹਿੱਤਾਂ ਦੇ ਸਹੀ ਪਹਿਰੇਦਾਰ ਬਣਨ। ਜੇ ਵੋਟਾਂ ਦੀ ਗਿਣਤੀ-ਮਿਣਤੀ `ਚ ਕੌਮ ਦੀ ਪਿੱਠ ਲੁਆ ਦਿੱਤੀ ਤਾਂ ਇਤਿਹਾਸ ਤੁਹਾਨੂੰ ਕਦੇ ਮੁਆਫ ਨਹੀਂ ਕਰੇਗਾ, ਸਗੋਂ ਚੰਦੂ ਤੇ ਗੰਗੂ ਵਾਲੀ ਕਤਾਰ `ਚ ਖੜ੍ਹਾ ਕਰੇਗਾ। ਸਰਕਾਰੀ ਧਿਰ ਜਾਂ ਸਰਕਾਰੀ ਧਿਰ ਦੇ ਪ੍ਰਭਾਵ ਥੱਲੇ ਲੱਗੀਆਂ ਸਿੱਖ ਸੰਸਥਾਵਾਂ ਤੋਂ ਇਸ ਮੁੱਦੇ ਤੇ ਬਹੁਤੀ ਝਾਕ ਨਹੀਂ ਰੱਖੀ ਜਾਣੀ ਚਾਹੀਦੀ, ਸਗੋਂ ਕੌਮ ਨੂੰ ਇਸ ਮੁੱਦੇ ਤੇ ਇੱਕ ਜੁੱਟਤਾ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ, ਜਦੋਂ ਕੌਮ ਪੂਰੀ ਤਰ੍ਹਾਂ ਜਾਗ ਪਈ ਤਾਂ ਮੱਕਾਰ ਹਾਕਮ, ਆਪਣੇ ਆਪ ਤੁਹਾਡੇ ਅੱਗੇ ਪਿੱਛੇ ਫਿਰਨਗੇ, ਇਸ ਲਈ ਸਭ ਤੋਂ ਵੱਡੀ ਲੋੜ ਕੌਮ ਨੂੰ ਜਗਾਉਣ ਤੇ ਇਕਜੁੱਟ ਕਰਨ ਦੀ ਹੈ।
.