.

ਵਿਦਵਾਨਾ ਨੂੰ ਨੇਕ ਸਲਾਹ

ਸੇਵਾ ਵਿਖੇ ਸ਼. ਗੁਰਬਖ਼ਸ਼ ਸਿੰਘ ਜੀ (ਕਾਲਾ ਅਫ਼ਗਾਨਾ)

ਪਰਮ ਸਤਿਕਾਰਯੋਗ ਗੁਰਮੁਖ ਪਿਆਰੇ ਜੀਉ!

ਵਾਹਿਗਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।

ਰੋਜ਼ਾਨਾ ਸਪੋਕਸਮੈਨ ਵਿੱਚ ਛਪੀ ਆਪ ਜੀ ਦੀ ਚਿਠੀ ‘ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਬਨਾਮ ਪ੍ਰੋ. ਦਰਸ਼ਨ ਸਿੰਘ`, ਸੰਬਧੀ ਦਾਸਰੇ ਦੀਆਂ ਕ੍ਰਮਵਾਰ ਬੇਨਤੀਆਂ ਇਸ ਪ੍ਰਕਾਰ ਹਨ ਜੀ:

1. ਦਾਸ ਨੂੰ ਆਪ ਜੀ ਦੀਆਂ ਪੁਸਤਕਾਂ ਪੜ੍ਹ ਕੇ, ਅਤੇ ਆਪ ਜੀ ਵਰਗੇ ਸੁਹਿਰਦ, ਸੁਚੇਤ ਵਿਦਵਾਨ ਦੇ ਦਰਸ਼ਨ (ਪਹਿਲੀ ਵਾਰ ਸ. ਮਹਿੰਦਰ ਸਿੰਘ ‘ਜੋਸ਼` ਮੋਹਾਲੀ ਦੇ ਗ੍ਰਿਹ ਵਿਖੇ, ਦੂਜੀ ਵਾਰ, ਸ. ਜੋਗਿੰਦਰ ਸਿੰਘ ਜੀ ਸਪੋਕਸਮੈਨ ਦੇ ਘਰ ਵਿਖੇ, ਅਤੇ ਤੀਸਰੀ ਵਾਰ ਸ. ਕੇਹਰ ਸਿੰਘ ਜੀ ਦੇ ਪਿੰਡ ਨੂਰਪੁਰ ਬੇਦੀ ਵਿਖੇ) ਕਰ ਕੇ ਮਨ ਗਦਗਦ ਹੋ ਗਿਆ ਕਿ ਪੰਥ ਵਿੱਚ ਅਜੇ ਵੀ ਗੁਰਸਿੱਖ ਵਿਦਵਾਨਾਂ ਦੀ ਹੋਂਦ ਹੈ, ਜਿਨ੍ਹਾਂ ਨੂੰ “ਆਦਿ ਸਚੁ” ਦੇ ਢੰਡੋਰਚੀ ਨਿਆਰੇ ਗੁਰਮਤਿ ਗਿਆਨ ਦੇ ਦਾਤੇ ‘ਸਤਿਗੁਰੂ ਨਾਨਕ ਸਾਹਿਬ ਜੀ ਦੇ ਨਿਆਰੇ, ਨਿਰਮਲ ਪੰਥ` ਦੀ ਅਰਦਾਸ, ਦੋਵੇਂ ਵੇਲੇ ਸਰਬਤ ਦੇ ਭਲੇ ਦੀ ਹੈ, ਅੱਜ ਪੰਥ ਏਡੇ ਕਸੂਤੇ ਦੁਖਾਂਤ ਵਿੱਚ ਕਿਸ ਕਾਰਨ ਉਲਝ ਗਿਆ ਹੈ? ਕੌਣ ਹੈ, ਅਥਵਾ ਕੀ ਹੈ ਇਸ ਦੀ ਅਧੌਗਤੀ ਦਾ ਕਾਰਨ? ਨਿੱਘਰਦੀ ਜਾ ਰਹੀ ਸਿੱਖੀ ਦੀ ਹਾਲਤ ਨੂੰ ਕਿਵੇਂ ਚੜ੍ਹਦੀ ਕਲਾ ਵੱਲ ਨੂੰ ਮੋੜਾ ਪਵੈ? ਆਪ ਜੀ ਦਾ ਅਤੇ ਹਰ ਸੱਚੇ ਗੁਰਸਿਖ ਦਾ ਹਿਰਦਾ ਪ੍ਰੇਸ਼ਾਨ ਰਹਿੰਦਾ ਹੈ ਜੀ।

2. ਇਹਨਾਂ ਪ੍ਰਸ਼ਨਾਂ ਦਾ ਸ਼ੰਕਾ-ਰਹਿਤ ਉਤਰ ਹਰ ਸੱਚਾ ਗੁਰਸਿੱਖ ਢੂੰਡਦਾ ਹੋਇਆ ਇਸ ਨਤੀਜੇ ਤੇ ਪਹੁੰਚ ਜਾਂਦਾ ਹੈ ਕਿ ਸਤਿਗੁਰੂ ਨਾਨਕ ਸਾਹਿਬ ਜੀ ਦੇ ਨਿਰਮਲ ਪੰਥ ਦੀ ਵਾਗਡੋਰ ਜਦੋਂ ਉਦਾਸੀ-ਨਿਰਮਲੇ ਰੂਪ ਬ੍ਰਾਹਮਣ-ਪੁਜਾਰੀਆਂ ਦੇ ਹੱਥ ਆ ਗਈ ਤਾਂ ਉਨ੍ਹਾਂ ਨੇ ਸਾਰਾ ਕੁੱਝ ਗੁਰਮਤਿ ਵਿਰੋਧੀ, ਅਜਿਹੀ ਵਿਉਂਤ ਨਾਲ ਪਰਚਲਤ ਕਰ ਲਿਆ ਕਿ ਸਤਿਗੁਰੂ ਨਾਨਕ ਸਾਹਿਬ ਜੀ ਦਾ ਨਿਰਮਲ ਪੰਥ ਗੁਰੂਬਾਣੀ ਅਨੁਸਾਰ ਜੀਵਨ ਬਨਾਈ ਰੱਖਣ ਦੀ ਲੋੜ ਗੁਆ ਬੈਠਾ। ਹਰ ਸੱਚੇ ਗੁਰਸਿੱਖ ਨੂੰ ਯਕੀਨ ਹੈ ਕਿ ਗੁਰਦੁਆਰਿਆਂ ਤੋਂ ਵਖਰੇ ਡੇਰੇ ਬਣਾਈ ਬੈਠੇ ਸਾਧ ਲਾਣੇ ਨੇ ਸਿੱਖੀ ਦਾ ਗੁਰਮਤਿ ਅਨੁਸਾਰ ਨਾ ਕੋਈ ਉਸਾਰੂ ਮੋੜਾ ਕਦੇ ਪੈਣ ਦਿੱਤਾ ਅਤੇ ਨਾ ਹੀ ਕਦੇ ਅਜਿਹਾ ਕਰਨ ਦੇਣਗੇ ਜੀ।

3. ਸਿੱਖ ਪੰਥ ਦੀ ਨਿੱਘਰਦੀ ਜਾ ਰਹੀ ਸਿਖੀ ਅਤੇ ਅਧੋਗਤੀ ਦਾ ਅਸਲ ਕਾਰਨ ਤਾਂ ਦਾਸ ਇਹ ਹੀ ਸਮਝ ਸਕਿਆ ਹੈ ਕਿ ਜਦੋਂ ਗੁਰਮਤਿ ਵਿਰੋਧੀ ਇਨ੍ਹਾਂ ਡੇਰੇਦਾਰਾਂ ਦੇ ਟੋਲੇ ਵਿੱਚ ਪੰਥ ਦੇ ਮਹਾਨ ਕਹਾਉਣ ਵਾਲੇ ਕਥਾਵਾਚਕ ਜਾਂ ਕੀਰਤਨੀਏ ਜਾ ਰੱਲਣ ਤਾਂ ਪੰਥਕ ਹਾਨੀ ਜ਼ਰੂਰ ਕਰਨਗੇ। ਅੱਜ ਇਨ੍ਹਾਂ ਦੀ ਮੇਹਰਬਾਨੀ ਦਾ ਸਦਕਾ ਗੁਰਮਤਿ ਵਿਰੋਧੀ ਡੇਰੇਦਾਰਾਂ ਦਾ ਚੋਖਾ ਪ੍ਰਚਾਰ ਅਤੇ ਪ੍ਰਸਾਰ ਹੋਇਆ ਹੈ। ਅੱਜ ਸਿੱਖ ਪੰਥ ਦਾ ਹਰ ਇੱਕ ਮਹਾਨ ਕਹਾਉਣ ਵਾਲਾ ਪ੍ਰਚਾਰਕ ਜਾਂ ਕੀਰਤਨੀਆ ਕਿਸੇ ਨਾ ਕਿਸੇ ਡੇਰੇ ਨਾਲ ਸਬੰਧਤ ਹੋ ਕੇ ਉਸ ਡੇਰੇ ਦੇ ਬਾਨੀ ਜਾਂ ਡੇਰੇ ਦਾ ਪ੍ਰਚਾਰ ਕੀਰਤਨ/ਕਥਾ ਰਾਹੀਂ ਕਰ ਕੇ ਗੁਰਮਤਿ ਵਿਰੋਧੀ ਪਾਪ ਕਰਮਾਂ ਦਾ ਭਾਗੀਦਾਰ ਨਹੀਂ ਬਣ ਰਿਹਾ ਜੀ, ਅਤੇ ਐਸੇ ਵਡੇ ਕੀਰਤਨੀਆਂ/ਕਥਾਵਾਚਕਾਂ ਨੂੰ ਵੱਡੇ-ਵੱਡੇ ਕੀਰਤਨ ਦਰਬਾਰਾਂ ਵਿੱਚ ਸੱਦਾ ਭੇਜ ਕੇ ਬੁਲਾਉਣ ਨਾਲ ਅਗਿਆਨਤਾ ਵੱਸ ਆਮ ਗੁਰਸਿੱਖ ਵੀ ਇਹਨਾਂ ਦੇ ਪਾਪਾਂ ਦੇ ਭਾਗੀਦਾਰ ਨਹੀਂ ਬਣ ਰਹੇ ਜੀ। ਜੇ ਕਿਸੇ ਨੇ ਡੇਰੇਦਾਰਾਂ ਦੇ ਡੇਰੇ ਤੇ ਜਾ ਕੇ ਉਥੇ ਹੁੰਦੀ ਗੁਰਮਤਿ ਵਿਰੋਧੀ ਗਲ ਕੀਤੀ ਹੈ ਤਾਂ ਇਸ ਦਾ ਮਾਣ ਸਿਰਫ ਤੇ ਸਿਰਫ ਪ੍ਰੋ. ਦਰਸ਼ਨ ਸਿੰਘ ਨੂੰ ਹਾਸਲ ਹੈ ਜੀ। ਦਾਸ ਕੋਲ ਇਸ ਦੇ ਸਬੂਤ ਉਪਲੱਬਧ ਹਨ ਜੀ।

4. ਇਹੋ ਜਿਹੇ ਬਿਖੜੇ ਦੁਖਾਂਤ ਵਿੱਚ ਜਦੋਂ ਜਾਣੇ-ਅਣਜਾਣੇ ਜਾਂ ਕੁੱਝ ਵਿਤੀ ਮਜਬੂਰੀਆਂ ਕਾਰਨ ਸੁਮੁਚੇ ਪੰਥ ਦੇ ਮਹਾਨ ਪ੍ਰਚਾਰਕ ਜਾਂ ਕੀਰਤਨੀਏ ਪੰਥ ਵਿਰੋਧੀ ਡੇਰੇਦਾਰਾਂ ਦੇ ਟੋਲੇ ਵਿੱਚ ਜਾ ਰਲਣ ਤਾਂ ਨਿਘਰਦੀ ਜਾ ਰਹੀ ਸਿੱਖੀ ਦੀ ਹਾਲਤ ਨੂੰ ਕਿਵੇਂ ਚੜ੍ਹਦੀ ਕਲਾ ਵਲ ਨੂੰ ਮੋੜਾ ਪਵੇ? ਕੁੱਝ ਉਂਗਲਾਂ ਉਪਰ ਗਿਣੇ ਜਾਣ ਵਾਲੇ ਪ੍ਰਚਾਰਕ ਅਤੇ ਇੱਕ ਹੀ ਕੀਰਤਨੀਆ ਪੰਥ ਵਿੱਚ ਨਜ਼ਰੀਂ ਪੈਂਦਾ ਹੈ, ਪ੍ਰੋ. ਦਰਸ਼ਨ ਸਿੰਘ, ਜਿਨ੍ਹਾਂ ਨੇ ਹਰ ਮੁਸ਼ਕਿਲ, ਮੁਸੀਬਤ ਅਤੇ ਬਿਪਤਾ ਵਿੱਚ ਡੁਬਦੇ ਪੰਥ ਨੂੰ ਗੁਰੂ ਸ਼ਬਦਾਂ ਰਾਹੀਂ ਸੁਚੇਤ ਕਰਕੇ ਚੜ੍ਹਦੀ ਕਲਾ ਨਾਲ ਤੁਰਨ ਲਈ ਪ੍ਰੇਰਿਆ, ਭਾਵੇਂ ਉਹ ਸਾਕਾ ਨੀਲਾ ਤਾਰਾ ਦਾ ਦੁਖਾਂਤ ਹੋਵੇ, ਭਾਵੇਂ ਨਵੰਬਰ ੮੪ ਦਾ ਸਿਖ ਕਤਲੇਆਮ ਜਾਂ ਇਨ੍ਹਾਂ ਤੋਂ ਉਪਜੇ ਕੁੱਝ ਹੋਰ ਕਾਰਨ, ਹਰ ਸਮੇਂ ਉਨ੍ਹਾਂ ਨੇ ਪੰਥ ਨੂੰ ਯੋਗ ਅਗਵਾਈ ਦੇਣ ਦੇ ਭਰਪੂਰ ਜਤਨ ਕੀਤੇ ਜਿਨ੍ਹਾਂ ਸਦਕਾ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਦੀ ਸੇਵਾ ਉਦੋਂ ਸਉਂਪੀ ਗਈ ਜਦੋਂ ਗੁਰੂ ਦੀ ਬੇਅਦਬੀ ਨੂੰ ਨਾ ਸਹਾਰਦਿਆਂ ਸਮੁਚਾ ਸਿੱਖ ਪੰਥ ਗ਼ਮਾਂ ਦੇ ਡੂੰਘੇ ਸਮੁੰਦਰ ਵਿੱਚ ਗੋਤੇ ਖਾ ਰਿਹਾ ਸੀ। ਉਤੋਂ ਸਿਤਮ ਇਸ ਗਲ ਦਾ ਕਿ ਸਮੁਚੀ ਸਰਕਾਰੀ ਹਕੂਮਤ ਅਤੇ ਮੀਡੀਆ ਸਿੱਖ ਪੰਥ ਨੂੰ ਦੇਸ਼ ਧ੍ਰੋਹੀ ਵਜੋਂ ਪ੍ਰਚਾਰ ਰਿਹਾ ਸੀ, ਤੇ ਸਿੱਖਾਂ ਨੂੰ ਗ਼ਲਤ ਸਾਬਤ ਕਰਨ ਲਈ ਕਦੇ ਸੁਨੀਲ ਦੱਤ (ਮੈਂਬਰ ਪਾਰਲੀਮੇਂਟ), ਬਾਬਾ ਆਮਟੇ, ਸ਼ੁਸ਼ੀਲ ਮੁਨੀ, ਜੈਨੀ ਸਾਧੂਆਂ ਦੇ ਟੋਲਿਆ ਨੂੰ ਪੰਜਾਬ ਦੀ ਧਰਤੀ ਤੇ ਸ੍ਰੀ ਹਰਿਮੰਦਰ ਸਾਹਿਬ ਵੱਲ ਨੂੰ ਤੋਰਿਆ ਅਤੇ ਇਹਨਾਂ ਲੋਕਾਂ ਦੀਆਂ ਫੇਰੀਆਂ ਨੂੰ ਸਾਡੇ ਮੀਡੀਆ ਨੇ ਆਪਣੇ ਮੁਖ ਪੰਨਿਆਂ ਉਪਰ ਛਾਪ ਕੇ ਸਿੱਖਾਂ ਨੂੰ ਸ਼ਰਮਸਾਰ ਕਰਨ ਦੇ ਭਰਪੂਰ ਯਤਨ ਕੀਤੇ। ਐਸੇ ਬਿਖੜੇ ਸਮੇਂ ਪੰਜਾਬ ਦੀ ਧਰਤੀ ਤੇ ਹਰ ਆਉਣ ਵਾਲੇ ਹਰ ਸਰਕਾਰੀ ਮਨੁਖ ਦੀ ਗੁਰਮਤਿ ਦੀ ਰੋਸ਼ਨੀ ਵਿੱਚ ਦਲੀਲ ਨਾਲ ਉਨ੍ਹਾਂ ਦੇ ਹਰ ਸਵਾਲ ਦਾ ਜਵਾਬ ਅਤੇ ਸਰਕਾਰੀ ਸਿੱਖ ਵਿਰੋਧੀ ਰਵੀਏ ਨੂੰ ਇਨਾਂ ਖ਼ੂਬਸੂਰਤੀ ਨਾਲ ਪੇਸ਼ ਕੀਤਾ ਕਿ ਹਰ ਆਉਣ ਵਾਲਾ ਸਰਕਾਰੀ ਮਨੁੱਖ ਉਨ੍ਹਾਂ ਕੋਲ ਸਰਕਾਰ ਦਾ ਸਿੱਖ ਵਿਰੋਧੀ ਹੋਣਾ ਮੰਨ ਜਾਂਦਾ ਅਤੇ ਇੱਕ ਭਰੋਸਾ ਦਿਵਾਉਦਾ ਕਿ ਹਕੂਮਤ ਨੂੰ ਅਪਨਾ ਰਵਈਆ ਬਦਲਣ ਲਈ ਸਰਕਾਰ ਉਤੇ ਜ਼ੋਰ ਪਾਉਣਗੇ। ਐਸੇ ਬਿਪਦਾ ਦੇ ਸਮੇਂ ਸਰਕਾਰੀ ਦਮਨ ਦੇ ਸ਼ਿਕਾਰ ਪਰਵਾਰਾਂ ਨੂੰ ਗੁਰੂ ਘਰ ਵਲੋਂ ਮਦਦ ਦੇਣਾ ਵੀ ਦੇਸ਼ਧ੍ਰੋਹੀ ਤੋਂ ਘਟ ਗੁਨਾਹ ਨਹੀਂ ਸੀ ਹਕੂਮਤ ਦੀ ਨਜ਼ਰ ਵਿਚ, ਜੇ ਫਿਰ ਵੀ ਉਨਾਂ ਦੀ ਮਦਦ ਵਾਸਤੇ ਉਹਨਾਂ ਦੇ ਘਰ ਤਕ ਜੇ ਕੋਈ ਪਹੁੰਚਿਆ ਤਾਂ ਉਹ ਪੇਸ਼ਾਵਰ ਰਾਗੀ ਪ੍ਰੋ. ਦਰਸ਼ਨ ਸਿੰਘ ਹੀ ਸਨ। ਦਾਸ ਉਸ ਅਕਾਲ ਪੁਰਖ ਅਗੇ ਜੋਦੜੀ ਕਰਦਾ ਹੈ ਕਿ ਇਹੋ ਜਿਹੇ ੧੦-੧੫ ਪੇਸ਼ਾਵਰ ਰਾਗੀ ਪੰਥ ਨੂੰ ਬਖ਼ਸ਼ਸ਼ ਕਰ ਦੇਵੇ ਤਾਂਕਿ ਪੰਥ ਚੜ੍ਹਦੀ ਕਲਾ ਵੱਲ ਮੋੜਾ ਪਾ ਸਕੇ ਜੀ।

5. ਏਹੋ ਜਿਹੇ ਬਿਪਤਾ ਦੇ ਸਮੇਂ ਜਦੋਂ ਵਕਤ ਦੀ ਹਕੂਮਤ ਦਾ ਸਾਰਾ ਜ਼ੋਰ ਸਿੱਖਾਂ ਨੂੰ ਦੇਸ਼ਧ੍ਰੋਹੀ ਵਜੋਂ ਪੇਸ਼ ਕਰਨ `ਤੇ ਲਗਾ ਰਿਹਾ ਹੋਵੇ ਉਦੋਂ ਕਿਸੇ ਸਚੇ-ਸੁਚੇ ਗੁਰਸਿਖ ਦਾ ਨਿਸ਼ਾਨਾ ਗੁਰਸਿਖਾਂ ਦੇ ਧਾਰਮਕ ਅਤੇ ਸਮਾਜਕ ਕਿਰਦਾਰ ਨੂੰ ਦਾਗ਼ਦਾਰ ਹੋਣ ਤੋਂ ਬਚਾਉਣਾ ਹੋਵੇ ਤਾਕਿ ਸਿਖ, ਸਮਾਜ ਵਿੱਚ ਸਿਰ ਉੱਚਾ ਕਰ ਕੇ ਚਲ ਸਕੇ ਕਿਉਂਕਿ ਸਿੱਖ ਦਾ ਕਿਰਦਾਰ ਬਿਲਕੁਲ ਸਾਫ਼ ਸੁਥਰਾ ਹੈ, ਉਹ ਕੌਮ ਅਤੇ ਦੇਸ਼ ਦੀ ਇੱਜ਼ਤ ਆਬਰੂ ਤੋਂ ਕੁਰਬਾਨ ਹੋਣਾ ਜਾਣਦਾ ਹੈ। ਉਹ ਕੋਈ ਦੇਸ਼ਧ੍ਰੋਹੀ ਨਹੀਂ, ਏਹੋ ਜੇਹੇ ਨਾਜ਼ੁਕ ਸਮੇਂ ਗੁਰੂ ਘਰ ਵਿੱਚ ਹੁੰਦੇ ਕਰਮ-ਕਾਂਡਾਂ ਵਿੱਚ ਹਉਕੇ ਭਰਨ ਦਾ ਕਿਸ ਗੁਰਸਿੱਖ ਕੋਲ ਸਮਾਂ ਹੋਵੇਗਾ! ਉਹ ਪਹਿਲਾਂ ਦਾਗ਼ਦਾਰ ਹੋਣ ਵਾਲੇ ਪਵਿਤ੍ਰ ਸਿਖੀ ਕਿਰਦਾਰ ਅਤੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਜਾਣ ਵਾਲੇ ਸਿਖ ਭਰਾਵਾਂ/ਬੱਚਿਆਂ ਦੇ ਪਰਵਾਰਾਂ ਦੀ ਸਾਰ ਲਵੇ ਜਿਹੜੇ ਬੜੀ ਨੀਝ ਨਾਲ ਅਪਣੇ ਗੁਰੂ ਘਰ ਤੋਂ ਮਦਦ ਦੀ ਉਮੀਦ ਵਿੱਚ ਬੈਠੈ ਸਨ।

ਇਹੋ ਜਿਹੇ ਭਿਆਨਕ ਸਮੇਂ ਵਿੱਚ ਵਿਚਰਦਿਆਂ ਜੇ ਕੁੱਝ ਊਨਤਾਈਆਂ ਰਹਿ ਗਈਆਂ ਹੋਣ ਤਾਂ ਉਨਾਂ ਨੂੰ ਦਰੁਸਤ ਕਰਨਾ ਦੂਸਰੇ ਗੁਰਸਿਖ ਵਿਦਵਾਨਾਂ ਦਾ ਪੰਥਕ ਫਰਜ਼ ਬਣ ਜਾਂਦਾ ਹੈ। ਜੋ ਗੁਰਮਤਿ ਵਿਰੋਧੀ ਕਰਮ ਹਰਿਮੰਦਰ ਸਾਹਿਬ ਵਿਖੇ ਪ੍ਰੋ. ਦਰਸ਼ਨ ਸਿੰਘ ਜੀ ਦੇ ਕਾਰਜਕਾਲ ਜਾਂ ਉਨਾਂ ਤੋਂ ਵੀ ਪਹਿਲਾਂ ਦੇ ਸਮੇਂ ਤੋਂ ਹੁੰਦੇ ਆ ਰਹੇ ਸਨ, ਜਿਨਾਂ ਨੂੰ ਉਪਰ ਵਰਣਿਤ ਬਿਖੜੇ ਸਮੇਂ ਕਾਰਨ ਉਹ ਬੰਦ ਨਹੀਂ ਕਰਵਾ ਸਕੇ ਅਤੇ ਨਾ ਹੀ ਕੋਈ ਤਕੜੀ ਮੁਹਿਮ ਚਲਾ ਸਕੇ, ਜੋ ਆਪ ਜੀ ਦੀ ਚਿੱਠੀ ਵਿੱਚ ‘ੳ, ਅ, ੲ` ਵਿੱਚ ਪ੍ਰੋ. ਦਰਸ਼ਨ ਸਿੰਘ ਜੀ ਦੇ ਧਿਆਨ ਵਿੱਚ ਲਿਆਂਦੇ ਗਏ ਹਨ। ਦਾਸ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰ ਕੇ ਪੁੱਛਣਾ ਚਾਹੁੰਦਾ ਹੈ ਕਿ ਕੀ ਇਨ੍ਹਾਂ ਲਗਾਤਰ ਹੁੰਦੇ ਕਰਮਾਂ ਦਾ ਪ੍ਰੋ. ਦਰਸ਼ਨ ਸਿੰਘ ਜੀ ਦੇ ਕਾਰਜਕਾਲ ਤੋਂ ਬਾਅਦ ਵਾਲੇ ਜੱਥੇਦਾਰਾਂ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਕਿ ਨਹੀਂ? ਅਤੇ ਇਨਾਂ ਉਪਰ ਦੂਜੇ ਜੱਥੇਦਾਰਾਂ ਦਾ ਕਿਹੋ ਜਿਹਾ ਰੁੱਖ ਰਿਹਾ ਤੇ ਉਨ੍ਹਾਂ ਨੇ ਕੀ ਕੋਈ ਸੋਧ ਕੀਤੀ ਹੈ?

ਇਕ ਗਲ ਦਾ ਦਾਸ ਨੁੰ ਬਹੁਤ ਅਫ਼ਸੋਸ ਹੈ ਜੀ ਕਿ ਜੋ ਸਵਾਲ ਆਪ ਜੀ ਨੇ ਜੱਥੇਦਾਰ ਅਕਾਲ ਤਖ਼ੱਤ ਨੂੰ ਲਿਖ ਭੇਜੇ ਉਨਾਂ ਦਾ ਜਵਾਬ ਕਿਸੇ ਨੇ ਕਦੇ ਵੀ ਨਹੀਂ ਦੇਣਾ, ਤੁਸੀਂ ਆਪ ਵੀ ਪੂਰੇ ਯਕੀਨ ਨਾਲ ਮੰਨ ਰਹੇ ਹੋ। ਫਿਰ ਕਿਸੇ ਦੀ ਵੀ ਮੀਡੀਆ ਵਿੱਚ ਹੇਠੀ ਕਿਉਂ? ਜੋ ਉਨ੍ਹਾਂ ਵਲੋਂ ਚੰਗੇ ਤੇ ਕੌਮੀ ਭਲਾਈ ਨੂੰ ਮੁੱਖ ਰੱਖ ਕੇ ਉਪਰਾਲੇ ਕੀਤੇ ਗਏ ਹਨ, ਜੇ ਉਨਾਂ ਨੂੰ ਪੜਚੋਲੀਏ ਤਾਂ ਉਨਾਂ ਵਿਚੋਂ ਕਿਨੇ ਪ੍ਰਤੀਸ਼ਤ ਕੰਮਾਂ ਨੂੰ ਕੌਮੀ ਵਿਦਵਾਨ ਗ਼ਲਤ ਠਹਿਰਾ ਸਕਦੇ ਹਨ ਜੀ? ਜੇ ਚੰਗੇ ਕੰਮਾਂ ਦੀ ਗਿਣਤੀ ਜ਼ਿਆਦਾ ਹੋਵੇ ਤਾਂ ਫਿਰ ਕਿਸੇ ਤੋਂ ਵੀ ਹੋ ਗਈਆਂ ਗ਼ਲਤੀਆਂ ਨੂੰ ਉਚੇਚੇ ਮੀਡੀਆ ਵਿੱਚ ਉਛਾਲ ਕੇ ਉਨਾਂ ਨੂੰ ਕੌਮੀ ਪੱਧਰ ਤੇ ਨੀਵਾਂ ਦਿਖਾਉਣ ਦੀ ਬਜਾਏ, ਰਹਿ ਗਈਆਂ ਗ਼ਲਤੀਆ ਨੂੰ ਸੁਧਾਰਨ ਦੀ ਜ਼ਿੰਮੇਵਾਰੀ ਦੂਸਰੇ ਵਿਦਵਾਨਾਂ ਦੀ ਵੀ ਉਨੀ ਹੀ ਹੈ ਜਿੰਨੀ ਪ੍ਰੋਫੈਸਰ ਦਰਸ਼ਨ ਸਿੰਘ ਜੀ ਦੀ।

ਤੁਸੀਂ ਆਪ ਹੀ ਆਪਣੀਆਂ ਪੁਸਤਕਾਂ ਵਿੱਚ ਉਦਾਹਰਣ ਦਿੰਦੇ ਹੋਏ ਸਮਝਾ ਰਹੇ ਹੋ ਕਿ “ਮਿਠ ਬੋਲੜੇ ਵੈਦ ਦਾ ਇਲਾਜ ਕਰਨ ਦਾ ਅਨੌਖਾ ਢੰਗ ਇਹ ਹੈ ਕਿ ਮਰੀਜ਼ਾਂ ਦੀ ਅਥਾਹ ਭੀੜ ਵਿੱਚ ਆਪ ਵੀ ਮਰੀਜ਼ ਬਣੇ। ਮਰੀਜ਼ਾਂ ਨੂੰ ਸਦੀਵੀ ਤੰਦਰੁਸਤੀ ਦੇਣ ਲਈ ਸਤਿਗੁਰਾਂ ਨੇ ਮਨੁੱਖ ਦੇ ਆਪਣੇ ਅੰਦਰ ਦੇ ਔਗੁਣਾਂ ਵੱਲ ਝਾਤੀ ਮਰਵਾ ਕੇ ਸਮਝਾਇਆ ਹੈ ਕਿ ਅਜੇਹੇ ਅਵਗੁਣਾਂ ਵਾਲਾ ਮਨੁੱਖ ਪ੍ਰਭੂ ਦੀ ਨੇੜਤਾ ਦਾ ਅਨੰਦ ਕਦੇ ਨਹੀਂ ਮਾਣ ਸਕਦਾ”। ਸੋ ਨਿਆਰੇ ਸਤਿਗੁਰਾਂ ਵਲੋਂ ਅਪਣਾਏ ਪ੍ਰਚਾਰ ਢੰਗ ਸਿੱਖ ਕਿਉਂ ਨਹੀਂ ਅਪਨਾਉਂਦੇ! ਜੇ ਨਹੀਂ ਅਪਨਾ ਰਹੇ ਤਾਂ ਕਿਤੇ ਇਹੀ ਕਾਰਣ ਤਾਂ ਨਹੀਂ ਕਿ ਸਿੱਖੀ ਦਾ ਰੁਖ ਚੜ੍ਹਦੀ ਕਲਾ ਵਲ ਨੂੰ ਨਹੀਂ ਪਰਤ ਰਿਹਾ। ਆਮ ਤੌਰ ਤੇ ਦੇਖਿਆ ਗਿਆ ਹੈ, ਜਦੋਂ ਕੋਈ ਗੁਰਮਤਿ ਗਿਆਨ ਰਾਹੀਂ ਸੂਝਵਾਨ ਹੋ ਜਾਂਦਾ ਹੈ, ਤਾਂ ਪਹਿਲੇ ਸੂਝਵਾਨ ਸੱਜਣਾਂ, ਜਿਨ੍ਹਾਂ ਨੇ ਪੰਥ ਲਈ ਘਾਲਣਾ ਘਾਲੀ ਹੁੰਦੀ ਹੈ, ਉਨ੍ਹਾਂ ਦੀਆਂ ਕੁੱਝ ਊਣਤਾਈਆਂ ਨੂੰ ਲੈ ਕੇ ਉਹਨਾਂ ਦੀ ਸਮੁਚੀ ਮੇਹਨਤ ਨੂੰ ਅਣਗੋਲਿਆ ਕਰ ਕੇ ਉਸ ਨੂੰ ਬੇਸਮਝ ਜਿਹਾ ਦਿਖਾਂਦੇ ਆਪਣੇ ਆਪ ਨੂੰ ਜ਼ਿਆਦਾ ਸਮਝਦਾਰ ਸਾਬਤ ਕਰਨ ਦੀ ਕੋਸ਼ਿਸ਼ ਹੁੰਦੀ ਹੈ ਜੀ। ਕੁੱਝ ਹੀ ਦਿਨ ਪਹਿਲਾਂ ਇੱਕ ਵਿਦਵਾਨ ਗੁਰਸਿੱਖ ਵਲੌਂ ਗੁਰਬਾਣੀ ਦੇ ਅਰਥ ਕਰਨ ਲਗਿਆਂ ਪ੍ਰੋ. ਸਾਹਿਬ ਸਿੰਘ ਜੀ ਡੀ. ਲਿੱਟ ਵਲੋਂ ਕੀਤੇ ਗੁਰਬਾਣੀ ਅਰਥਾਂ ਨੂੰ (ਆਪਜੀ ਵੀ ਪ੍ਰਮਾਣਿਤ ਮੰਨਦੇ ਹੋ) ਗ਼ਲਤ ਕਹਿ ਕੇ ਇਸ ਢੰਗ ਨਾਲ ਅਰਥ ਕੀਤੇ ਗਏ ਜਿਸ ਨੂੰ ਪੜ੍ਹ ਕੇ ਇਸ ਤਰ੍ਹਾਂ ਲਗ ਰਿਹਾ ਸੀ, ਜਿਵੇਂ ਗੁਰਮਤਿ ਦੇ ਖੇਤਰ ਵਿੱਚ ਜਿੰਨੇ ਗ਼ਲਤ ਅਰਥ ਪ੍ਰੋ. ਸ਼ਾਹਿਬ ਸਿੰਘ ਜੀ ਨੇ ਕੀਤੇ ਹਨ, ਉਤਨੇ ਸ਼ਾਇਦ ਕਿਸੇ ਹੋਰ ਨੇ ਨਹੀਂ ਕੀਤੇ। ਇਸ ਤਰ੍ਹਾਂ ਪੰਥ-ਵਿਰੋਧੀਆਂ ਨੂੰ ਬਲ ਮਿਲਦਾ ਹੈ ਜੀ, ਦਾਸ ਦੁਖ ਨਾਲ ਇਹ ਗਲ ਆਪ ਜੀ ਨੂੰ ਲਿਖ ਰਿਹਾ ਹੈ ਕਿ ਇੱਕ ਵਿਦਵਾਨ ਨੂੰ ਦੂਜਾ ਵਿਦਵਾਨ ਦੁਸ਼ਮਣ ਸਮਝਦਾ ਹੈ ਕਿ ਕਿਤੇ ਇਹ ਮੇਰੇ ਨਾਲੋਂ ਵੱਡਾ ਵਿਦਵਾਨ ਨ ਹੋ ਜਾਵੇ। (ਹਾਲਾਂਕਿ ਮੈਂ ਸਮਝਦਾ ਹਾਂ, ਆਪ ਜੀ ਇਸ ਅਵਸਥਾ ਤੋਂ ਬਹੁਤ ਉਪਰ ਉੱਠ ਚੁੱਕੇ ਹੋ)। ਦਾਸ ਦੀ ਇਸ ਗਲ ਨਾਲ ਤਾਂ ਸ਼ਾਇਦ ਆਪ ਜੀ ਵੀ ਸਹਿਮਤ ਹੋਵੇਗੇ ਕਿਉਂਕਿ ਆਪ ਜੀ ਦੀ ਮੌਜੂਦਗੀ ਵਿੱਚ ਸ. ਮਹਿੰਦਰ ਸਿੰਘ ਜੀ ਜੋਸ਼ ਹੋਰਾਂ ਦੇ ਘਰ ਮੋਹਾਲੀ ਵਿਖੇ ਕਿਸ ਤਰ੍ਹਾਂ ਵਿਦਵਾਨ ਸਿੱਖ ਇੱਕ ਦੂਸਰੇ ਨਾਲ ਲੜਨ ਨੂੰ ਤਿਆਰ ਸਨ। ਲੋੜ ਹੈ, ਗੁਰਮਤਿ ਦੇ ਰਾਹ `ਤੇ ਤੁਰਣ ਵਾਲੇ ਸੱਜਣਾਂ ਨੂੰ ਇਸ ਸਮੇਂ ਦਿਲ ਖੋਲ੍ਹ ਕੇ ਗੁਰਮਤਿ ਵਿਰੋਧੀ ਲੋਗਾਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ ਨਾਕਿ ਆਪਸ ਵਿੱਚ ਹੀ ਇੱਕ ਦੂਜੇ ਨੂੰ ਵੰਗਾਰੀ ਜਾਣ, ਜਿਸ ਤਰ੍ਹਾਂ ਆਪ ਜੀ ਨੇ ਪ੍ਰੋ. ਦਰਸ਼ਨ ਸਿੰਘ ਜੀ ਨੂੰ ਵੰਗਾਰ ਦਿਤਾ ਹੈ ਜੀ, “ਜਿਸ ਪਾਸੇ ਹੁਣ ਤੁਰੇ ਹੋ ਹਰ ਹਾਲਤ ਵਿੱਚ ਤੁਰੇ ਰਹਿਣਾ ਹੈ। ਬੰਦ-ਬੰਦ ਵੀ ਕਟਵਾਉਣਾ ਪੈ ਜਾਏ ਤਾਂ ਮੈਦਾਨੋਂ ਨਾ ਭੱਜਣਾ, ਸਿੰਘਾਂ ਨੇ ਪੂਰਨੇ ਪਾਏ ਹੋਏ ਹਨ”। ਜਿਥੋਂ ਤੱਕ ਪ੍ਰੋਫੈਸਰ ਜੀ ਦੇ ਕਾਲੇ ਰੰਗ ਦੇ ਵਸਤਰ ਪਾਉਣ ਦਾ ਸਵਾਲ ਹੈ, ਇਹ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਤੌਹੀਨ ਕਰਨ ਵਾਲਿਆਂ ਵਿਰੁਧ ਇੱਕ ਪ੍ਰੋਟੇਸਟ ਦਾ ਢੰਗ ਹੈ। ਮੇਰੇ ਖ਼ਿਆਲ `ਚ ਇਥੇ ਸ਼ੇਖ਼ ਫਰੀਦ ਜੀ ਦਾ ਸਲੋਕ ‘ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ।। ਗੁਨਹੀ ਭਰਿਆ ਮੈ ਫਿਰਾ, ਲੋਕੁ ਕਹੈ ਦਰਵੇਸੁ।। “ ਨਹੀਂ ਢੁਕਦਾ।

ਸੋ ਮੇਰੀ ਆਪ ਜੀ ਦੇ ਚਰਨਾਂ ਵਿੱਚ ਜੋਦੜੀ ਹੈ ਕਿ ਇਸ ਨੂੰ ਮੀਡੀਆ ਵਿੱਚ ਲਿਆਉਣ ਤੋਂ ਗੁਰੇਜ਼ ਕੀਤਾ ਜਾਵੇ ਜੀ, ਅਤੇ ਨਾਲ ਹੀ ਪ੍ਰੋ. ਦਰਸ਼ਨ ਸਿੰਘ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪੰਥ ਦੇ ਭਲੇ ਲਈ ਇਸ ਪਤੱਰ ਨੂੰ ਬਿਲਕੁਲ ਨਜ਼ਰਅੰਦਾਜ਼ ਕਰਨ ਦੀ ਕ੍ਰਿਪਾਲਤਾ ਕਰਨੀ ਜੀ। ਨਿਰਪੱਖ ਪੰਥ-ਦਰਦੀਆਂ ਲਈ ਆਪ ਦੋਵੇਂ ਗੁਰਸਿੱਖ ਵਿਦਵਾਨ ਬਹੁਮੁੱਲੇ ਖ਼ਜ਼ਾਨੇ ਵਜੋਂ ਜਾਣੇ ਜਾਂਦੇ ਹੋ ਜੀ। ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰ ਰਹੇ ਤੁਹਾਡੇ ਵਰਗੇ ਗੁਰਮੁਖਾਂ ਦੀ ਚਰਨ-ਧੂੜ,

ਦਾਸਰਾ ਮਨਜੀਤ ਸਿੰਘ ਖ਼ਾਲਸਾ, ਮੋਹਾਲੀ।

Mob.09417440779.

Copy to:

Prof. Darshan Singh ji. Khalsa
.