.

ਜਦੋਂ ਆਮ ਮ੍ਰਿਤਕ ਸਮਾਗਮ (ਤੱਤ) ਗੁਰਮਤਿ ਸਮਾਗਮ ਹੋ ਨਿਬੜਿਆ

ਦਾਸ ਨੇ ਜਦੋਂ ਤੋਂ ਮਿਸ਼ਨਰੀ ਸੋਚ ਧਾਰਨ ਕੀਤੀ, ਉਸ ਵੇਲੇ ਤੋਂ ਹੀ ਕੋਸ਼ਿਸ਼ ਰਹੀ ਕਿ ਆਪਣਾ ਜੀਵਨ ਨਿਰੋਲ ਗੁਰਮਤਿ ਅਨੁਸਾਰੀ ਜੀਵਿਆ ਜਾਵੇ। ਮਿਸ਼ਨਰੀ ਕਾਲਜਾਂ ਦੀਆਂ ਕਿਤਾਬਾਂ ਵਿੱਚ ਪੜਿਆ ਕਿ ਅਕਾਲ ਤਖਤ ਵਲੋਂ ਲਾਗੂ ‘ਸਿੱਖ ਰਹਿਤ ਮਰਿਯਾਦਾ’ ਅਨੁਸਾਰ ਜੀਵਨ ਬਣਾਇਆ ਜਾਵੇ ਕਿਉਂਕਿ ਇਹ ਨਿਰੋਲ ਗੁਰਮਤਿ ਅਨੁਸਾਰੀ ਹੈ। ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਉਸ ਪਾਸੇ ਵੱਲ ਕਦਮ ਵਧਾਇਆ। ਹੋਲੀ ਹੋਲੀ (ਤੱਤ) ਗੁਰਮਤਿ ਨਾਲ ਜੁੜੇ ਵਿਦਵਾਨਾਂ ਦੀਆਂ ਕਿਤਾਬਾਂ ਪੜਨ ਅਤੇ ਉਹਨਾਂ ਦੇ ਵਿਚਾਰ ਸੁਨਣ ਦਾ ਮੌਕਾ ਮਿਲਿਆ। ‘ਗੁਰੂ’ ਦੀ ਬਖਸ਼ੀ ਬੁਧ ਅਨੁਸਾਰ ਥੋੜਾ ਬਹੁਤ ਲਿਖਣਾ ਵੀ ਸ਼ੁਰੂ ਕੀਤਾ। ਹੋਲੀ ਹੋਲੀ ਸਮਝ ਆਉਣ ਲੱਗ ਪਈ ਕਿ ਮਿਸ਼ਨਰੀ ਕਾਲਜਾਂ ਵਲੋਂ ਪ੍ਰਚਾਰੀ ਜਾ ਰਹੀ ਜੀਵਨ ਜਾਚ ਵੀ ਨਿਰੋਲ ਗੁਰਮਤਿ ਅਨੁਸਾਰੀ ਨਹੀਂ ਹੈ। ਸੋ ‘ਗੁਰੂ ਗ੍ਰੰਥ ਸਾਹਿਬ ਜੀ’ (ਰਾਗਮਾਲਾ ਤੋਂ ਬਗੈਰ) ਦੀ ਕਸਵੱਟੀ ਤੇ ਹਰ ਪਰੰਪਰਾ, ਹਰ ਗੱਲ ਨੂੰ ਪਰਖਣ ਦਾ ਨਿਮਾਣਾ ਜਤਨ ਸ਼ੁਰੂ ਕੀਤਾ, ਜੋ ਜਾਰੀ ਹੈ। ਇਸ ਸਿਲਸਿਲੇ ਵਿੱਚ ‘ਸਿੱਖ ਰਹਿਤ ਮਰਿਯਾਦਾ’ ਨੂੰ ਵੀ ਪਰਖਿਆ, ਜਿਸ ਵਿੱਚ ਅਨੇਕਾਂ ਕਮੀਆਂ (ਗੁਰਮਤਿ ਵਿਰੁਧ ਗੱਲਾਂ) ਨਜ਼ਰ ਪਈਆਂ। ਸਮੇਂ ਨਾਲ ਕੋਸ਼ਿਸ਼ ਜਾਰੀ ਰਹੀ ਕਿ ਘਰ ਵਿੱਚ ਹੁੰਦੇ ਸਮਾਗਮ ਗੁਰਮਤਿ ਅਨੁਸਾਰੀ ਹੋਵਣ।

ਇਸ ਸਮੇਂ ਦੌਰਾਣ (ਤੱਤ) ਗੁਰਮਤਿ ਦੀ ਸੋਚ ਰੱਖਣ ਵਾਲੇ ਕੁੱਝ ਪਰਿਵਾਰਾਂ ਵਲੋਂ ਤੱਤ ਗੁਰਮਤਿ ਅਨੁਸਾਰੀ ਕੀਤੇ ਗਏ ਕੁੱਝ ਸਮਾਗਮਾਂ ਵਿੱਚ ਸ਼ਾਮਿਲ ਹੋਣ ਦਾ ਮੌਕਾ ਪ੍ਰਾਪਤ ਹੋਇਆ। ਇਹਨਾਂ ਵਿਚੋਂ ਕੁੱਝ ਸਨ ਪ੍ਰਸਿਧ ਮਿਸ਼ਨਰੀ ਵਿਦਵਾਨ ਮਹਿੰਦਰ ਸਿੰਘ ਜੀ ਜੋਸ਼, ਪ੍ਰਿੰਸੀਪਲ ਨਰਿੰਦਰ ਸਿੰਘ ਜੀ ਜੰਮੂ ਦੀ ਮਾਤਾ ਜੀ, ਸ੍ਰ. ਉਪਕਾਰ ਸਿੰਘ ਜੀ ਫਰੀਦਾਬਾਦ ਦੇ ਮਾਤਾ ਜੀ ਦੇ ਚਲਾਣੇ ਨਾਲ ਸੰਬੰਧਤ ਸਮਾਗਮ। ਦਾਸ ਦਾ ਵਿਚਾਰ ਸੀ ਕਿ ਜੇ ਅਪਣੇ ਘਰ ਵਿੱਚ ਵੀ ਐਸਾ ਕੁੱਝ ਕਦੀਂ ਹੁੰਦਾ ਹੈ ਤਾਂ ਕੋਸ਼ਿਸ਼ ਕਰਾਂਗਾ ਕਿ ਇਸ ਤੱਤ ਗੁਰਮਤਿ ਲਹਿਰ ਨੂੰ ਅੱਗੇ ਵਧਾਇਆ ਜਾਵੇ। ਦਾਸ ਦੀ ਰਿਸ਼ਤੇਦਾਰੀ ਵਿੱਚ ਤਕਰੀਬਨ 70% ਲੋਕ ਉਸ ਸਿੱਖ ਪੁਜਾਰੀ ਸ਼੍ਰੇਣੀ (ਗ੍ਰੰਥੀ, ਰਾਗੀ, ਭਾਈ, ਪਾਠੀ ਆਦਿ) ਨਾਲ ਸੰਬੰਧਿਤ ਹਨ ਜਿਸ ਦਾ ਮਕਸਦ ਆਮ ਲੋਕਾਂ ਨੂੰ ਕਰਮਕਾਂਡਾਂ ਅਤੇ ਅੰਧਵਿਸ਼ਵਾਸਾਂ ਵਿੱਚ ਫਸਾ ਕੇ ਲੁੱਟਣਾ ਹੁੰਦਾ ਹੈ (ਵਿਰਲਿਆਂ ਨੂੰ ਛੱਡ ਕੇ)। ਪਰਿਵਾਰ ਵਿਚੋਂ ਦਾਸ ਹੀ ਇਕੱਲਾ ਹੈ ਜਿਸਦੀ ਸੋਚ, ਗੁਰੂ ਮਿਹਰ ਸਦਕਾ, ਤੱਤ ਗੁਰਮਤਿ ਅਨੁਸਾਰੀ ਹੈ। ਬਾਕੀ ਪਰਿਵਾਰ ਤੇ ਨਜ਼ਦੀਕੀ ਰਿਸ਼ਤੇਦਾਰ ਉਹਨਾਂ ਆਮ ਸਿੱਖਾਂ ਵਾਂਗੂ ਹਨ, ਜੋ ਜ਼ਿਆਦਾਤਰ ਕੰਮ ਗੁਰਮਤਿ ਤੋਂ ਉਲਟ ਕਰਦੇ ਹੋਏ ਵੀ ਅਪਣੇ ਆਪ ਨੂੰ ‘ਸਿੱਖ’ ਸਮਝਦੇ ਹਨ। ਦੋਸ਼ ਆਮ ਸਿੱਖ ਦਾ ਵੀ ਇਤਨਾ ਜ਼ਿਆਦਾ ਨਹੀਂ ਹੈ ਕਿਉਂਕਿ ਉਸਨੂੰ ਪਿਛਲੇ 250-275 ਸਾਲਾਂ ਤੋਂ (ਇਕ ਸਾਜਿਸ਼ ਅਧੀਨ) ਗੁਰਮਤਿ ਦੇ ਨਾਂ ਤੇ ‘ਪੁਜਾਰੀਵਾਦ’ (ਬ੍ਰਾਹਮਣਵਾਦੀ ਤਰਜ਼ ਦਾ) ਹੀ ਦ੍ਰਿੜ ਕਰਵਾਇਆ ਗਿਆ ਹੈ।

ਕੁਝ ਸਮਾਂ ਪਹਿਲਾਂ ਦਾਸ ਦੇ ਮਾਤਾ ਜੀ ਚਲਾਣਾ ਕਰ ਗਏ। ਬੇਸ਼ਕ ਕਿਸੇ ਨਜ਼ਦੀਕੀ ਪ੍ਰਾਣੀ ਦੀ ਮੌਤ ਦਾ ਦੁਖ ਤਾਂ ਜ਼ਰੂਰ ਹੁੰਦਾ ਹੈ, ਪਰ ਇਸ ਅਵਸਥਾ ਵਿੱਚ ਸਾਨੂੰ ਸੰਭਾਲਣ ਲਈ ਸਾਡੇ ਕੋਲ ਗੁਰਬਾਣੀ ਉਪਦੇਸ਼ ਹਨ। ਇਹ ਸਮਝਾਉਂਦੀ ਹੈ

1. ਆਵਨ ਜਾਨੁ ਇਕੁ ਖੇਲੁ ਬਨਾਇਆ। ਆਗਿਆਕਾਰੀ ਕੀਨੀ ਮਾਇਆ॥ (ਪੰਨਾ 294)

2. ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ॥ (ਪੰਨਾ 472)

3. ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ॥ (ਪੰਨਾ 474)

ਉਪਰੋਕਤ ਅਤੇ ਅੇਸੈ ਹੋਰ ਅਨੇਕਾਂ ਗੁਰਵਾਕ ਸਾਨੂੰ ਸਮਝਾਉਂਦੇ ਹਨ ਕਿ ਸ਼ਰੀਰਕ ਜਨਮ-ਮਰਨ ਤਾਂ ਪ੍ਰਭੂ ਦੇ ਬਣਾਏ ਨਿਯਮਾਂ ਹੇਠ ਵਰਤ ਰਹੀ ਇੱਕ ‘ਖੇਡ’ ਹੈ।

ਜੋ ਗੁਰਮਤਿ ਦੀ ਇਸ ਸਿਖਿਆ ਨੂੰ ਦ੍ਰਿੜ ਕਰ ਲੈਂਦਾ ਹੈ, ਉਹ ਕਿਸੇ ਦੇ ਜਨਮ ਵੇਲੇ ਬੇਲੋੜੀ ਖੁਸ਼ੀ ਦਾ ਵਿਖਾਵਾ ਨਹੀਂ ਕਰਦਾ ਤੇ ਨਾ ਹੀ ਕਿਸੇ ਦੀ ਮੌਤ ਵੇਲੇ ਬੇਲੋੜਾ ‘ਪਿੱਟ ਸਿਆਪਾ’ ਹੀ ਕਰਦਾ ਹੈ। ਇਸ ਪੱਖ ਨੂੰ ‘ਸਦੁ’ ਨਾਮਕ ਬਾਣੀ ਵਿੱਚ ਸਮਝਾਉਂਦੇ ਹੋਏ ਸਾਨੂੰ ਸੇਧ ਬਖਸ਼ੀ ਹੈ

“ਮਤ ਮੈ ਪਿਛੈ ਕੋਈ ਰੋਵਸੀ, ਸੋ ਮੈ ਮੂਲਿ ਨ ਭਾਇਆ॥” (ਪੰਨਾ 923)

ਭਾਵ ਅਮਰਦਾਸ ਪਾਤਸ਼ਾਹ ਜੀ ਸੰਗਤ ਨੂੰ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਮੇਰੀ ਮ੍ਰਿਤੂ ਤੋਂ ਬਾਅਦ ਕੋਈ ਨਾ ਰੋਵੇ। ਜੋ ਰੋਵੇਗਾ, ਉਹ ਮੈਨੂੰ ਬਿਲਕੁਲ ਚੰਗਾ ਨਹੀਂ ਲਗਦਾ। ਪਰ ਇਹ ਸਿਖਿਆ ਸਿਖਾਂ ਨੂੰ ਤਾਂ ਦ੍ਰਿੜ ਰਹਿੰਦੀ, ਜੇ ਗੁਰਬਾਣੀ ਸਮਝਣ/ਸਮਝਾਉਣ ਲਈ ਪੜੀ ਜਾਂਦੀ। ਪਰ ਗਰਬਾਣੀ ਤਾਂ ਜ਼ਿਆਦਾਤਰ ਤੋਤਾਰਟਨੀਆਂ, ਮੰਤਰ (ਅਖੰਡ ਪਾਠ, ਸਪਤਾਹ ਪਾਠ ਆਦਿ) ਦੇ ਰੂਪ ਵਿੱਚ ਹੀ ਪੜੀ/ਪੜਾਈ ਜਾ ਰਹੀ ਹੈ।

ਮਾਤਾ ਜੀ ਦੀ ਮ੍ਰਿਤੂ ਤੋਂ ਬਾਅਦ ਘਰ ਵਿੱਚ ਪਿੱਟ-ਸਿਆਪਾ ਪੈ ਗਿਆ। ਕੁੱਝ ਲੋਕ ਤਾਂ ਭਾਂਵੇ ਦੁਖ ਕਾਰਨ ਰੋ ਰਹੇ ਸਨ (ਗੁਰਮਤਿ ਤੋਂ ਅੰਜਾਣ ਹੋਣ ਕਰਕੇ) ਪਰ ਜ਼ਿਆਦਾਤਰ ਦਾ ਪਿੱਟ-ਸਿਆਪਾ ਤਾਂ ਲੋਕ ਵਿਖਾਵਾ ਮਾਤਰ ਹੀ ਸੀ। ਦਾਸ ਨੇ ਕਈਂ ਰਿਸ਼ਤੇਦਾਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਪ੍ਰਭੂ ਦੇ ਬਣਾਏ ਨਿਯਮਾਂ ਨੂੰ ਸਮਝਦੇ ਹੋਏ (ਭਾਣਾ ਮੰਨਦੇ ਹੋਏ) ਇਸ ਨੂੰ ਬੰਦ ਕੀਤਾ ਜਾਵੇ। ਪਰ ਉਲਟਾ ਦਾਸ ਨੂੰ ਹੀ ਐਸੀਆਂ ਸਖਤ ਟਿੱਪਣੀਆਂ, ਜਿਵੇਂ ‘ਕਿਤਨਾ ਪੱਥਰ ਦਿਲ ਇੰਨਸਾਨ ਹੈ, ਇੱਕ ਅੱਥਰੂ ਨਹੀਂ ਵਹਾਇਆ’, ਵੀ ਸੁਣਨੀਆਂ ਪਈਆਂ। ਮਾਹੌਲ ਵੀ ਐਸਾ ਸੀ ਕਿ ਦਾਸ ਚਾਹੁੰਦੇ ਹੋਏ ਵੀ ਇਹ ਸਭ ਨਹੀਂ ਰੋਕ ਪਾ ਰਿਹਾ ਸੀ।

ਫਿਰ ਗੱਲ ਚਲੀ ਮ੍ਰਿਤਕ ਸ਼ਰੀਰ ਦਾ ਸਸਕਾਰ ਕਰਨ ਦੀ। ਇਸ ਬਾਰੇ ਸੇਧ ਦਿੰਦਾ ਗੁਰਵਾਕ ਹੈ

“ਜੇ ਮਿਰਤਕ ਕਉ ਚੰਦਨੁ ਚੜਾਵੈ। ਉਸ ਤੇ ਕਹਹੁ ਕਵਨ ਫਲ ਪਾਵੈ॥

ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ। ਤਾਂ ਮਿਰਤਕ ਕਾ ਕਿਆ ਘਟਿ ਜਾਈ॥” (ਪੰਨਾ 1160)

ਭਾਵ ਮ੍ਰਿਤਕ ਸ਼ਰੀਰ ਤਾਂ ‘ਮਿੱਟੀ’ ਹੈ ਇਸਨੂੰ ਚੰਦਨ, ਕੀਮਤੀ ਦੁਸ਼ਾਲੇ ਆਦਿ ਚੜਾਉਣ ਦਾ ਕੋਈ ਫਾਇਦਾ ਨਹੀਂ। ਸਿਰਫ ਸਾਦੇ ਤਰੀਕੇ ਨਾਲ ਸਸਕਾਰ ਕਰ ਦੇਣਾ ਚਾਹੀਦਾ ਹੈ। ਪਰ ਮ੍ਰਿਤਕ ਸ਼ਰੀਰ ਤੇ ਕੀਮਤੀ ਦੁਸ਼ਾਲੇ ਪਾ ਕੇ ਲੋਕਾਂ ਵਲੋਂ ‘ਲੋਕ ਵਿਖਾਵਾ’ ਕੀਤਾ ਜਾਂਦਾ ਰਿਹਾ। ਚਾਹੀਦਾ ਤਾਂ ਇਹ ਸੀ ਕਿ ਮ੍ਰਿਤਕ ਸ਼ਰੀਰ ਨੂੰ ਸਾਦੇ ਅਤੇ ਸਾਫ ਕਪੜਿਆਂ ਵਿੱਚ ਲਪੇਟ ਦਿਤਾ ਜਾਂਦਾ। ਐਸੇ ਦੁਸ਼ਾਲੇ ਆਦਿ ਗਰੀਬ ਅਤੇ ਲੋੜਵੰਦਾਂ ਨੂੰ ਦਿਤੇ ਜਾ ਸਕਦੇ ਹਨ। ਪਰ ਲੋਕਾਂ ਦਾ ਮਕਸਦ ਤਾਂ ‘ਲੋਕ ਵਿਖਾਵਾ’ ਹੁੰਦਾ ਹੈ, ਕਿਸੇ ਦਾ ਭਲਾ ਕਰਨਾ ਨਹੀਂ। ਭਾਵ ਇਥੇ ਵੀ ਸੇਧ ਗੁਰਬਾਣੀ ਤੋਂ ਨਾ ਲੈਕੇ, ਪੁਜਾਰੀ ਅਤੇ ਲੋਕ ਵਿਖਾਵੇ ਤੋਂ ਲਈ ਗਈ।

ਕਈਂ ਰਿਸ਼ਤੇਦਾਰ ਇਹ ‘ਗਲਤ’ ਸਲਾਹ ਵੀ ਦੇਣ ਲੱਗ ਪਏ ਕਿ ਮ੍ਰਿਤਕ ਸ਼ਰੀਰ ਨੂੰ ‘ਗੁਰਦੁਆਰੇ’ ਮੱਥਾ ਟਿਕਾਉਣ ਲਈ ਲਿਜਾਇਆ ਜਾਵੇ। ਜਦ ਤੱਕ ਜੀਉਂਦੇ ਸਨ ਮਾਤਾ ਜੀ ਦੀ ਹਾਰਦਿਕ ਇੱਛਾ ਸੀ ਨਾਂਦੇੜ ਦੇ ਗੁਰਦੁਆਰੇ (ਪ੍ਰਚਲਿਤ ਨਾਂ ਹਜ਼ੂਰ ਸਾਹਿਬ) ਦੇ ਦਰਸ਼ਨ ਕਰਨ ਦੀ। ਕਿਉਂਕਿ ਉਹ ਵੀ ਆਮ ਸਿੱਖਾਂ ਵਾਂਗੂ ਪ੍ਰਚਲਤ ‘ਇਤਿਹਾਸਕ’ ਗੁਰਧਾਮਾਂ ਦੇ ਦਰਸ਼ਨ (ਮਾਤਰ) ਨੂੰ ਧਰਮ ਦਾ ਕੰਮ ਸਮਝਦੇ ਸਨ। ਪਰ ਅਨੇਕਾਂ ਕਾਰਨਾਂ ਕਰਕੇ ਇਹ ਸੰਭਵ ਨਹੀਂ ਹੋ ਸਕਿਆ। ਜੇ ਇਹ ਹੋ ਜਾਂਦਾ ਤਾਂ ਉਸ ਦਾ ਕੁੱਝ ਫਾਇਦਾ (ਮਾਨਸਿਕ ਸੰਤੁਸ਼ਟੀ) ਸਮਝਿਆ ਜਾ ਸਕਦਾ ਹੈ, ਪਰ ਮ੍ਰਿਤਕ ਸ਼ਰੀਰ ਨੂੰ ਗੁਰਦੁਆਰੇ ਮੱਥਾ ਟਿਕਾਉਣ ਰੂਪੀ ਮਨਮੱਤ ਦਾ ਕੀ ਫਾਇਦਾ? ਕਿਉਂਕਿ ਦੁਨੀਆ ਐਸਾ ਕਰਦੀ ਹੈ, ਅਸੀ ਵੀ ਕਰਾਂਗੇ ਬਸ ਇਹੀ ਤਰਕ ਸੀ। ਪਰ ਗੁਰੂ ਦੀ ਮਿਹਰ ਤੇ ਦਾਸ ਦੀ ਕੋਸ਼ਿਸ਼ ਸਦਕਾ ਇਹ ਮਨਮੱਤ ਹੋਣੋਂ ਬੱਚ ਗਈ। ਆਮ ਸਿੱਖਾਂ ਵਲੋਂ ਇਸ ਸਮੇਂ ਰਸਤੇ ਵਿੱਚ ਕੀਤੀ ਜਾਂਦੀਆਂ ਮਨਮੱਤਾਂ (ਜਿਵੇਂ ਘੜਾ ਭੰਨਣਾ ਆਦਿ) ਵੀ ਨਹੀ ਕੀਤੀਆਂ ਗਈਆਂ। ਸਸਕਾਰ ਵੇਲੇ ਮੂੰਹ ਵਿੱਚ ਦੇਸੀ ਘਿਉ ਪਾਉਣ ਦੀ ਗਲਤ ਪ੍ਰਚਲਿਤ ਰਵਾਇਤ ਨੂੰ ਵੀ ਦਾਸ ਚਾਹੁੰਦੇ ਹੋਏ ਵੀ ਨਹੀਂ ਰੋਕ ਸਕਿਆ, ਕਿਉਂਕਿ ਮਾਹੌਲ ਹੀ ਐਸਾ ਸੀ। ਪੁਜਾਰੀ (ਭਾਈ) ਵਲੋਂ ਥਾਂ ਥਾਂ ਕੀਤੀ ਅਰਦਾਸ ਵੀ ਗਲਤ ਪ੍ਰਚਲਿਤ ਹੀ ਕੀਤੀ ਗਈ। ਸਸਕਾਰ ਕਰਕੇ ਘਰ ਵਾਪਿਸ ਆਏ ਤਾਂ ਕੁੱਝ ਰਿਸ਼ਤੇਦਾਰਾਂ ਨੇ ਇਹ ਵਹਿਮ ਪ੍ਰਚਾਰਨ ਦੀ ਵੀ ਕੋਸ਼ਿਸ਼ ਕੀਤੀ ਕਿ ਸਸਕਾਰ ਤੋਂ ਆਉਣ ਤੋਂ ਬਾਅਦ ਇਸ਼ਨਾਨ ਕਰਨਾ ਬਹੁਤ ਜ਼ਰੂਰੀ ਹੈ (ਵੈਸੇ ਇਸ਼ਨਾਨ ਕਰਨ ਵਿੱਚ ਕੁੱਝ ਗਲਤ ਨਹੀਂ ਹੈ, ਪਰ ਇਸ ਨਾਲ ਕਿਸੇ ਭਰਮ ਨੂੰ ਜੋੜਨਾ ਗਲਤ ਹੈ)। ਪਰ ਸਾਰਿਆਂ ਦਾ ਇਹ ਵਹਿਮ ਪੂਰਾ ਨਹੀ ਹੋ ਸਕਿਆ, ਕਿਉਂਕੀ ਉਸ ਦਿਨ ਘਰ ਵਿੱਚ ਜਲ ਦੀ ਘਾਟ ਹੋ ਗਈ ਸੀ।

ਫਿਰ ਵਿਚਾਰ ਸ਼ੁਰੂ ਹੋਈ ਬਾਕੀ ਬਚਦੇ ਪ੍ਰੋਗਰਾਮ ਦੀ। ਆਮ ਕਰਕੇ ਐਸੇ ਸਮਿਆਂ ਵਿੱਚ ਰਿਸ਼ਤੇਦਾਰਾਂ ਵਲੋਂ ‘ਦਸਵਾਂ’ ਕਰਨ ਦੀ ਜ਼ਿਦ (ਜਾਂ ਵਹਿਮ) ਕੀਤੀ ਜਾਂਦੀ ਹੈ। ਪਰ ਕਿਉਂਕਿ ਸਾਡੇ ਕਿਸੇ ਨਜ਼ਦੀਕੀ ਰਿਸਤੇਦਾਰ ਦੀ ਬੇਟੀ ਦਾ ਆਉਂਦੇ ਸ਼ੁਕਰਵਾਰ (ਮਾਤਾ ਜੀ ਦਾ ਦੇਹਾਂਤ ਸ਼ਨੀਵਾਰ ਨੂੰ ਹੋਇਆ ਸੀ) ਨੂੰ ਵਿਆਹ ਸੀ, ਇਸ ਕਰਕੇ ਸਾਰਾ ਪ੍ਰੋਗਰਾਮ ਵੀਰਵਾਰ ਤੋਂ ਪਹਿਲਾਂ ਹੀ ਨਿਪਟਾ ਲੈਣ ਲਈ ਜ਼ੋਰ ਪਾਇਆ ਗਿਆ ਤਾਂ ਕਿ ‘ਰੰਗ ਵਿੱਚ ਭੰਗ’ ਨਾ ਪਵੇ। ਇਹ ਦਸਣ ਦਾ ਭਾਵ ਇਹੀ ਹੈ ਕਿ ਇਵੇਂ ਤਾਂ ਲੋਕ ਪਰੰਪਰਾ ਨਾਲ ਜੁੜੇ ਰਹਿਨ ਦਾ ਰੋਣਾ ਰੋਂਦੇ ਰਹਿੰਦੇ ਹਨ, ਪਰ ਜਦੋਂ ਅਪਣਾ ਸਵਾਰਥ ਆੜੇ ਆ ਜਾਵੇ ਤਾਂ ਪਰੰਪਰਾ ਨੂੰ ਸਿੱਧੇ/ਅਸਿੱਧੇ ਤਿਆਗ ਵੀ ਦਿੰਦੇ ਹਨ।

ਜ਼ਿਆਦਾਤਰ ਰਿਸ਼ਤੇਦਾਰਾਂ ਵਲੋਂ ਇਸ ਗੱਲ ਤੇ ਜ਼ੋਰ ਦਿਤਾ ਗਿਆ ਕਿ ਸੋਮਵਾਰ ਨੂੰ ‘ਅਖੰਡ ਪਾਠ’ ਰਖਿਆ ਜਾਵੇ ਅਤੇ ਬੁਧਵਾਰ ਨੂੰ ਭੋਗ ਪਾ ਕੇ ਅੰਤਿਮ ਅਰਦਾਸ ਕਰ ਦਿਤੀ ਜਾਵੇ। ਦਾਸ ਨੇ ਜ਼ੋਰਦਾਰ ਵਿਰੋਧ ਕਰਦੇ ਹੋਏ ਕਿਹਾ ਕਿ ਪਾਠ ਰਖਵਾਉਣ ਦੀ ਕੀ ਲੋੜ ਹੈ? ਕਿਹੜਾ ਕਿਸੇ ਨੇ ਸੁਣਨਾ ਹੈ? ਇਹ ਤਾਂ ਗੁਰਬਾਣੀ ਦੀ ਬੇਅਦਬੀ ਹੈ। ਕੁੱਝ ਰਿਸ਼ਤੇਦਾਰ ਤਾਂ ਗੁੱਸੇ ਵਿੱਚ ਦਾਸ ਨੂੰ ਇਸ ਤਰਾਂ ਵੀ ਬੋਲਣ ਲੱਗ ਪਏ, “ਵੱਡਾ ਆਇਆ ਚੌਧਰੀ ਬਣ ਕੇ ਸੁਧਾਰ ਕਰਨ ਵਾਲਾ। ਹੁਣ ਤੱਕ ਅਸੀਂ ਸਾਰੇ ਪਾਠ ਕਰਕੇ ਹੀ ਬੱਚੇ ਪਾਲਦੇ ਰਹੇ ਹਾਂ। ਤੇਰੇ ਪਿਤਾ ਜੀ ਨੇ ਸਾਰੀ ਉਮਰ ਪਾਠ ਕਰਕੇ ਹੀ ਤੈਨੂੰ ਪਾਲਿਆ ਹੈ”। ਕੁੱਝ ਦੇਰ ਲਈ ਬਹਿਸ ਜਿਹੀ ਛਿੜ ਗਈ। ਦਾਸ ਨੂੰ ਪਤਾ ਸੀ ਇਹਨਾਂ ਸਾਰਿਆਂ ਸਾਹਮਣੇ ਮੇਰੀ ਇਕੱਲੇ ਦੀ ਪੇਸ਼ ਨਹੀਂ ਚਲਣੀ, ਕਿਉਂਕਿ ਦਾਸ ਦੇ ਹੋਰ ਭੈਣ ਭਰਾ ਵੀ ਪੂਰੀ ਤਰਾਂ ਮੇਰੇ ਨਾਲ ਸਹਿਮਤ ਨਹੀਂ ਸਨ। ਮਨਮੱਤ ਦਾ ਪਲੜਾ ਕੁੱਝ ਹਲਕਾ (ਘੱਟ) ਕਰਨ ਦੇ ਮਕਸਦ ਨਾਲ ਦਾਸ ਨੇ ਪ੍ਰਸਤਾਵ ਰਖਿਆ ਕਿ ਜੇ ਪਾਠ ਰਖਵਾਉਣਾ ਹੀ ਹੈ ਤਾਂ ਅਖੰਡ ਪਾਠ ਹੀ ਕਿਉਂ ਰਖਿਆ ਜਾਵੇ? ਇਹ ਤਾਂ ‘ਪਖੰਡ (ਤੋਤਾਰਟਨੀ) ਪਾਠ’ ਹੈ, ਚਲੋ ਅਸੀਂ ਸਪਤਾਹ ਪਾਠ ਰੱਖ ਲੈਂਦੇ ਹਾਂ। ਪਾਠ ਅਸੀਂ ਸਾਰੇ ਮਿਲ ਕੇ ਕਰਾਂਗੇ। ਪਰ ਫੇਰ ਗੱਲ ਉਸ ਰਿਸ਼ਤੇਦਾਰ ਦੀ ਬੇਟੀ ਦੇ ਵਿਆਹ ਦੀ ਉਠ ਗਈ। ਸਾਰੇ ਅਖੰਠ (ਮੰਤਰ) ਪਾਠ ਲਈ ਹੀ ਜ਼ੋਰ ਪਾਉਣ ਲੱਗ ਪਏ। ਪਿਤਾ ਜੀ ਦੇ ਦੁਖ ਅਤੇ ਮਾਹੌਲ ਦੀ ਨਜ਼ਾਕਤ ਨੂੰ ਵੇਖਦੇ ਹੋਏ ਦਾਸ ਨੇ ਮੂਰਖੈ ਨਾਲਿ ਲੁਝੀਐ” (ਪੰਨਾ 473) ਤੋਂ ਸੇਧ ਲੈਂਦੇ ਹੋਏ ਇਸ ਮਸਲੇ ਵਿੱਚ ਚੁੱਪੀ ਧਾਰ ਲਈ। ਪਰ ਦਾਸ ਨੇ ‘ਪਖੰਡ ਪਾਠ’ ਦਾ ਬਾਈਕਾਟ ਕਰਨ ਦਾ ਮਨ ਬਣਾ ਲਿਆ। ਆਖਿਰ ਫੈਸਲਾ ਇਹੀ ਹੋਇਆ ਕਿ ਸੋਮਵਾਰ ਨੂੰ ਅੰਗੀਠਾ ਸਮੇਟਣ ਤੋਂ ਬਾਅਦ ਅਖੰਡ ਪਾਠ ਰਖਿਆ ਜਾਵੇ ਤੇ ਬੁੱਧਵਾਰ ਨੂੰ ਭੋਗ ਪਾ ਕੇ ਪੁਰੀ ਸਮਾਪਤੀ ਕੀਤੀ ਜਾਵੇ।

ਸੋਮਵਾਰ ਸਵੇਰੇ ਅਸੀਂ ਸ਼ਮਸ਼ਾਨ ਘਾਟ ਅੰਗੀਠਾ ਸਾਂਭਨ ਲਈ ਪੁਜੇ। ਦਾਸ ਨੇ ਪਿਤਾ ਜੀ ਸਮੇਤ ਸਾਰੇ ਰਿਸ਼ਤੇਦਾਰਾਂ ਨੂੰ ਬੇਨਤੀ ਕੀਤੀ ਕਿ ਅੰਗੀਠਾ ਨਾ ਫਰੋਲਿਆ ਜਾਵੇ, ਕੱਚੀ ਲੱਸੀ ਨਾ ਪਾਈ ਜਾਵੇ ਤੇ ਹੋਰ ਕਰਮਕਾਂਡ ਨਾ ਕੀਤੇ ਜਾਣ। ਪਰ ਕਿਸੇ ਨੇ ਵੀ ਦਾਸ ਦੀ ਗੱਲ ਨਹੀਂ ਮੰਨੀ। ਅਪਣੀ ਕੋਈ ਪੇਸ਼ ਨਾ ਜਾਂਦੀ ਵੇਖ ਕੇ ਦਾਸ ਦੂਰ ਜਾ ਕੇ ਖੜਾ ਹੋ ਗਿਆ। ਉਥੇ ਹਾਜ਼ਿਰ ਰਿਸ਼ਤੇਦਾਰਾਂ ਨੇ ਸਾਰੇ ਕਰਮਕਾਂਡ ਕੀਤੇ। ਨਾਲ ਹੀ ਜਪੁਜੀ ਦਾ ਤੋਤਾ ਰਟਨੀ ਪਾਠ ਵੀ ਸ਼ੁਰੂ ਕਰ ਦਿਤਾ। ‘ਤੋਤਾਰਟਨੀ’ ਦਾਸ ਨੇ ਖਾਸ ਇਸ ਕਰਕੇ ਕਿਹਾ ਹੈ ਕਿਊਂਕਿ ਜੋ ਵੀ ਪਾਠ ਸਮਝਨ, ਵਿਚਾਰਨ ਦੇ ਮਕਸਦ ਨਾਲ ਨਾ ਕੀਤਾ ਜਾਵੇ, ਉਹ ਬੇਸ਼ਕ ਤੋਤਾਰਟਨੀ ਹੀ ਹੈ। ਉਹ ਭਾਂਵੇ ਅਖੰਠ ਪਾਠ ਹੋਵੇ, ਸਪਤਾਹ ਪਾਠ ਹੋਵੇ, ਸਹਿਜ ਪਾਠ ਹੋਵੇ, ਨਿਤਨੇਮ ਹੋਵੇ ਜਾਂ ਕੋਈ ਹੋਰ ਪਾਠ। ‘ਤੋਤਾਰਟਨੀ’ ਵਾਲੀ ਗੱਲ ਇਥੋਂ ਹੀ ਸਪਸ਼ਟ ਹੋ ਜਾਦੀ ਹੈ ਕਿ ਜਪੁਜੀ ਖਤਮ ਹੁੰਦੇ ਹੀ ਉਹਨਾਂ ਨੇ ‘ਬੇਨਤੀ ਚੌਪਈ’ (ਕੱਚੀ ਰਚਨਾ) ਦਾ ਪਾਠ ਸ਼ੁਰੂ ਕਰ ਦਿਤਾ। ਜੇ ਉਹਨਾਂ ਨੇ ਜਪੁਜੀ ਨੂੰ ਵਿਚਾਰ ਕੇ ਪੜਿਆ ਹੁੰਦਾ ਤਾਂ ਕੱਚੀ ਰਚਨਾ ਦਾ ਪਾਠ ਕਦੇ ਨਾ ਕਰਦੇ। ਪਰ ਉਹਨਾਂ ਦਾ ਵੀ ਕੀ ਕਸੂਰ ਹੈ? ਕੌਮ ਹੀ ਅੱਜ ਤੱਕ ਇਸ ਕੱਚੀ ਰਚਨਾ ਨੂੰ ‘ਨਿਤਨੇਮ’ ਦਾ ਹਿੱਸਾ ਬਣਾ ਕਿ ਜਪੁਜੀ ਨਾਲ ਪੜ ਰਹੀ ਹੈ।

ਅਸਥੀਆਂ ਇਕੱਠੀਆਂ ਕਰਨ ਤੋਂ ਬਾਅਦ ਕਈ ਰਿਸ਼ਤੇਦਾਰਾਂ ਨੇ ਸਲਾਹ ਦਿਤੀ ਕਿ ‘ਅਸਥੀਆਂ’ ਕੀਰਤਪੁਰ (ਪਤਾਲਪੁਰੀ) ਲਿਜਾਉਣ ਦੀ ਸਲਾਹ ਦਿਤੀ। ਬ੍ਰਾਹਮਣੀ ਮੱਤ ਦੇ ਮੰਨਣ ਵਾਲੇ ਮ੍ਰਿਤਕ ਸ਼ਰੀਰ ਦੀਆਂ ਅਸਥੀਆਂ ਨੂੰ ਹਰਿਦੁਆਰ ਲੈ ਕੇ ਜਾਂਦੇ ਹਨ। ਸਿੱਖਾਂ ਨੇ ਹਰਿਦੁਆਰ ਦਾ ਤਾਂ ਤਿਆਗ ਕਰ ਦਿਤਾ ਪਰ ਉਸਦੀ ਨਕਲ ਕਰਦੇ ਅਪਣਾ ‘ਨਵਾਂ ਹਰਿਦੁਆਰ’ (ਕੀਰਤਪੁਰ) ਸਿਰਜ ਲਿਆ। ਨਾਂ ਵੀ ਬ੍ਰਾਹਮਣੀ ਰੱਖਿਆ ‘ਪਾਤਾਲਪੁਰੀ’। ਭਾਵ ਸ਼ਰਾਬ (ਮਨਮੱਤ) ਉਹੀ ਰਹੀ, ਬਸ ਬੋਤਲ ਨਵੀਂ ਹੈ। ਦਾਸ ਨੇ ਪਿਤਾ ਜੀ ਨੂੰ ਗੁਜਾਰਿਸ਼ ਕੀਤੀ ਕਿ ਕਿਉਂ ਮਨਮੱਤਾਂ ਤੇ ਮਨਮੱਤਾਂ ਕਰਨ ਤੇ ਤੁਲੇ ਹੋ? ਦਾਸ ਦੀ ਕੁੱਝ ਬੇਨਤੀ ਮੰਨ ਕੇ ਪਿਤਾ ਜੀ ਅਸਥੀਆਂ ਪਾਤਾਲਪੁਰੀ ਨਾ ਲਿਜਾਉਣ ਦੀ ਗੱਲ ਮੰਨ ਗਏ। ਅਸੀਂ ਦੋ ਮੋਟਰਸਾਈਕਲਾਂ ਉਪਰ ਜਾ ਕੇ 20-25 ਕਿਲੋਮੀਟਰ ਦੂਰ ਵਗਦੀ (ਨਜ਼ਦੀਕੀ) ਨਹਿਰ ਵਿੱਚ ਅਸਥੀਆਂ ਪ੍ਰਵਾਹ ਕਰ ਆਏ। ਮ੍ਰਿਤਕ ਪ੍ਰਾਣੀ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਸ਼ਰੀਰ ਨੂੰ ਦਫਨਾਇਆ ਜਾਵੇ, ਜਲਾਇਆ ਜਾਵੇ ਜਾਂ ਜਲ ਪ੍ਰਵਾਹ ਕੀਤਾ ਜਾਵੇ। ਜੇ ਸੰਭਵ ਹੋਵੇ ਤਾਂ ਉਸਨੂੰ ਬਿਜਲੀ ਵਾਲੇ ਸ਼ਮਸ਼ਾਨ ਘਰ ਵਿੱਚ ਜਲਾਉਣਾ ਚਾਹੀਦਾ ਹੈ ਤਾਂ ਕਿ ਪ੍ਰਦੂਸ਼ਨ ਗੱਟ ਹੋਵੇ। ਜੈਸਾ ਵੀ ਪ੍ਰਬੰਧ ਹੋਵੇ ਪਰ ਇਹ ਸਾਦਾ, ਕਰਮਕਾਂਡ ਅਤੇ ਭਰਮਾਂ, ਵਿਖਾਵੇ ਤੋਂ ਰਹਿਤ ਹੋਣਾ ਚਾਹੀਦਾ ਹੈ।

ਸੋਮਵਾਰ ਸਵੇਰੇ ਘਰ ਵਿੱਚ ਅਖੰਡ (ਪਖੰਡ) ਪਾਠ ਰੱਖ ਦਿਤਾ ਗਿਆ। ਦਾਸ ਇਸ ਵਿੱਚ ਮੱਥਾ ਟੇਕਣ ਵੀ ਨਹੀਂ ਗਿਆ। ਬੇਸ਼ਕ ਗੁਰੁ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਵਿੱਚ ਕੋਈ ਹਰਜ ਨਹੀਂ, ਪਰ ਦਾਸ ਦਾ ਨਿੱਜੀ ਵਿਚਾਰ ਹੈ ਕਿ ਐਸੇ ਕਰਮਕਾਂਡਾਂ ਵਿੱਚ ਕਿਸੇ ਵੀ ਤਰੀਕੇ ਸ਼ਾਮਿਲ ਹੋਣਾ ਸਿੱਧੇ/ਅਸਿੱਧੇ ਉਹਨਾਂ ਨੂੰ ਮਾਨਤਾ ਦੇਣਾ ਹੀ ਹੈ। ਵੈਸੇ ਇਸ ਅਖੰਡ ਪਾਠ ਵੇਲੇ ਬਿਲਕੁਲ ਕਰਮਕਾਂਡੀ ਪਾਠਾਂ ਵਾਂਗੂ ਕੁੰਭ, ਨਾਰੀਅਲ, ਜਲ ਆਦਿ ਨਹੀਂ ਰਖਿਆ ਗਿਆ। ਪਰ ‘ਮੱਧ’ ਦਾ ਭੋਗ ਪਾਉਣ ਰੂਪੀ ਕਰਮਕਾਂਡ ਵੀ ਕੀਤਾ ਗਿਆ। ਇਥੇ ਕੌਮ ਦੀ ਚਾਲਾਕੀ ਅਤੇ ਦੋਗਲਾਪਨ ਬੜਾ ਦਿਲਚਸਪ ਹੈ। ਭਾਵ ਇਹ ਨੋਟ ਕਰਨ ਵਾਲੀ ਗੱਲ ਹੈ ਕਿ ਸਿੱਖ ਸਮਾਜ ਨੇ (ਪੁਜਾਰੀਵਾਦ ਦੀ ਗੁਲਾਮੀ ਕਾਰਨ) ਗੁਰਬਾਣੀ ਨੂੰ ਅਪਣੇ ਹਿਸਾਬ ਨਾਲ ਤੋੜ ਮਰੋੜ ਕੇ ਵਰਤਣਾ ਸ਼ੁਰੂ ਕਰ ਦਿਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਚਲਿਤ ਸਰੂਪ ਵਿੱਚ 1430 ਪੰਨੇ ਹਨ। ਇਸ ਹਿਸਾਬ ਨਾਲ ਪੰਨਾ ਨੰ. 715 ਤੇ ਮੱਧ ਆਉਣਾ ਚਾਹੀਦਾ ਹੈ।। ਪਰ ਸਾਰਾ ਸਿੱਖ ਸਮਾਜ ਮੱਧ ਦਾ ਭੋਗ ਪਾ ਰਿਹਾ ਹੈ ਪੰਨਾ ਨੰ. 705 ਤੇ। ਕਾਰਨ ਉਥੇ ਬਾਣੀ ਦੀ ਇਹ ਪੰਕਤੀ ਆਉਂਦੀ ਹੈ

“ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ॥” (ਪੰਨਾ 705)

ਇਥੇ ਇਹ ਸਪਸ਼ਟ ਪਰਮਾਤਮਾ ਵਾਸਤੇ ਲਿਖਿਆ ਹੈ ਕਿ ਉਹ ਪ੍ਰਭੂ ਹਮੇਸ਼ਾ ਪਰੀਪੂਰਨ ਹੈ। ਪਰ ਤੋਤਾ ਰਟਨੀਆਂ ਵਿੱਚ ਉਲਝੇ ਸਿੱਖ ਸਮਾਜ ਨੇ ‘ਮਧਿ’ ਲਫਜ਼ ਨੂੰ ਫੜ ਕੇ ਇਥੇ ਹੀ ਮੱਧ ਦੀ ਅਰਦਾਸ ਕਰਨੀ ਸ਼ੁਰੂ ਕਰ ਦਿਤੀ।

ਵੈਸੇ ਜਦ ਕੌਮ ਨੇ ਤੋਤਾਰਟਨੀ ਕਰਮਕਾਂਡ ਅਖੰਡ ਪਾਠ ਸ਼ੁਰੂ ਕਰ ਹੀ ਲਿਆ ਤਾਂ ਉਸਦੇ ‘ਦੁਸ਼ਪ੍ਰਭਾਵ’ (ਮੱਧ, ਨਾਰੀਅਲ, ਕੁੰਭ, ਜੋਤ ਆਦਿ) ਤਾਂ ਪੈਦਾ ਹੋਣੇ ਹੀ ਸਨ। ‘ਜੈਸੀ ਕੋਕੋ ਵੈਸੇ ਉਸਦੇ ਬੱਚੇ’ ਵਾਲੀ ਕਹਾਵਤ ਤਾਂ ਸੱਚ ਸਾਬਿਤ ਹੋਣੀ ਹੀ ਸੀ। ਕਈਂ ਜਾਗਰੂਕ ਸਿੱਖ (ਸਮੇਤ ਮਿਸ਼ਨਰੀ ਕਾਲਜਾਂ ਦੇ) ‘ਰਹਿਤ ਮਰਿਯਾਦਾ’ ਕਾਰਨ ਅਖੰਠ ਪਾਠ ਵੇਲੇ ਨਾਰੀਅਲ, ਕੁੰਭ, ਜੋਤ ਆਦਿ ਨਾ ਰੱਖਣ ਅਤੇ ਮੱਧ ਦੀ ਅਰਦਾਸ ਨਾ ਕਰਨ ਦਾ ਪ੍ਰਚਾਰ ਕਰਦੇ ਹਨ, ਜਿਸਦਾ ਜ਼ਿਆਦਾ ਫਾਇਦਾ ਨਹੀਂ। ਸਾਰੀ ਖਰਾਬੀ ਦੀ ਜੜ ਤਾਂ ਤੋਤਾਰਟਨੀ ਰੂਪੀ ਪਾਠ (ਅਖੰਡ ਤੇ ਹੋਰ) ਹੀ ਹਨ। ਜਦੋਂ ਤੱਕ ਤੋਤਾਰਟਨੀ ਪਾਠ ਰੂਪੀ ਜੜ ਨੂੰ ਵੱਡ ਕੇ ਗੁਰਬਾਣੀ ਸਿਰਫ ਸਮਝਣ ਵਿਚਾਰਨ ਦੇ ਮਕਸਦ ਨਾਲ ਪੜਨੀ ਪੜਾਉਣੀ ਸ਼ੁਰੂ ਨਹੀਂ ਕੀਤੀ ਜਾਂਦੀ, ਸੁਧਾਰ ਹੋਣਾ ਸੰਭਵ ਨਹੀਂ।

ਦਾਸ ਦੇ ਮਨ ਵਿੱਚ ਵਿਚਾਰ ਆਇਆ ਕਿ ਅਖੰਡ ਪਾਠ ਦੀ ਸਮਾਪਤੀ ਤੋਂ ਬਾਅਦ ਮੁਖ ਸਮਾਗਮ ਵੇਲੇ ਸੰਗਤ ਕਾਫੀ ਹੋਵੇਗੀ। ਹੁਣ ਤੱਕ ਤਾਂ ਮਨਮੱਤਾਂ ਹੋ ਚੁਕੀਆਂ। ਪਰ ਜੇ ਉਸ ਮੁਖ ਸਮਾਗਮ ਵੇਲੇ ਸਟੇਜ ਤੱਤ ਗੁਰਮਤਿ ਦੀ ਸੋਚ ਅਨੁਸਾਰੀ ਸੰਭਾਲ ਲਈ ਜਾਵੇ ਤਾਂ ਕੁੱਝ ਚੰਗਾ ਪ੍ਰਚਾਰ ਹੋ ਸਕਦਾ ਹੈ। ਦਾਸ ਨੇ ਪਿਤਾ ਜੀ ਨੂੰ ਬੇਨਤੀ ਕੀਤੀ ਕਿ ਹੁਣ ਤੱਕ ਜੋ ਹੋ ਚੁਕਾ ਸੋ ਹੋ ਗਿਆ ਪਰ ਕਿਰਪਾ ਕਰਕੇ ਮੁੱਖ ਸਮਾਗਮ ਵੇਲੇ ਦੀ ਸਟੇਜ ਵਾਸਤੇ ਕਿਸੇ ਭਾਈ, ਗ੍ਰੰਥੀ ਆਦਿ ਦੀ ਲੋੜ ਨਹੀਂ। ਉਸਦੀ ਸਾਰੀ ਜਿੰਮੇਵਾਰੀ ਦਾਸ ਸੰਭਾਲ ਲਵੇਗਾ। ਪਿਤਾ ਜੀ ਨੇ ਮੇਰੀ ਬੇਨਤੀ ਮੰਨ ਲਈ। ਦਾਸ ਨੇ ਕੀਰਤਨ ਦੀ ਸੇਵਾ ਲਈ, ਤੱਤ ਗੁਰਮੱਤਿ ਸੋਚ ਵਾਲੇ ਕੌਮ ਦੇ ਵਿਰਲੇ ਰਾਗੀ ਜਥਿਆਂ ਵਿਚੋਂ ਇਕ, ਸ੍ਰ. ਮਨਜੀਤ ਸਿੰਘ ਜੀ ਖਾਲਸਾ ਮੋਹਾਲੀ ਵਾਲਿਆਂ ਨੂੰ ਬੇਨਤੀ ਕੀਤੀ, ਜੋ ਉਹਨਾਂ ਨੇ ਖਿੜੇ ਮੱਥੇ ਪ੍ਰਵਾਨ ਕਰ ਲਈ। ਮਨਜੀਤ ਸਿੰਘ ਜੀ ਕੋਈ ਪੇਸ਼ੇਵਰਾਨਾ ਰਾਗੀ ਨਹੀਂ ਹਨ, ਉਹ ਅਪਣੀ ਕਿਰਤ ਕਰਦੇ ਹਨ ਤੇ ਕੀਰਤਨ ਨਿਸ਼ਕਾਮ ਕਰਦੇ ਹਨ। ਉਹਨਾਂ ਦੇ ਕੀਰਤਨ ਦੀ ਖੂਬੀ ਇਹ ਹੈ ਕਿ ਉਹ ਕੀਰਤਨ ਨਾਲ ਵਿਆਖਿਆ ਰਾਹੀਂ ਨਿਰੋਲ ਗੁਰਮਤਿ ਅਨੁਸਾਰੀ ਖਰਾ ਸੱਚ ਪੇਸ਼ ਕਰਦੇ ਹਨ। ਐਸੇ ਜਥੇ ਕੌਮ ਵਿੱਚ ਉਂਗਲਾਂ ਤੇ ਗਿਣੇ ਜਾ ਸਕਣ ਵਾਲੇ ਹਨ।

ਨਾਲ ਹੀ ਦਾਸ ਨੇ ‘ਤੱਤ ਗੁਰਮਤਿ ਦੇ ਪ੍ਰਵਾਨੇ’ ਪ੍ਰਿੰਸੀਪਲ ਨਰਿੰਦਰ ਸਿੰਘ ਜੀ ਨੂੰ ਵੀ ਬੇਨਤੀ ਕੀਤੀ ਕਿ ਉਹ ਸਹਿਯੋਗ ਲਈ ਪਹੁੰਚਣ। ਉਹ ਮਾਤਾ ਜੀ ਬਾਰੇ ਸੁਣ ਕੇ ਪਹਿਲਾਂ ਹੀ ਆਉਣ ਲਈ ਤਿਆਰ ਸਨ। ਹੋਰ ਤੱਤ ਗੁਰਮਤਿ ਨਾਲ ਜੁੜੇ ਵੀਰਾਂ/ਭੈਣਾਂ ਨੂੰ ਵੀ ਵੱਖ ਵੱਖ ਤਰੀਕੇ ਖਬਰ ਪੁਜ ਗਈ। ਬੁੱਧਵਾਰ ਨੂੰ ਸਵੇਰੇ ਘਰ ਵਿੱਚ ਹੀ ਅਖੰਡ ਪਾਠ ਦਾ ਭੋਗ ਪਿਆ ਜਿਸ ਦੌਰਾਨ ‘ਰਾਗਮਾਲਾ’ ਪੜ ਕੇ ‘ਰਹਿਤ ਮਰਿਯਾਦਾ’ ਦੀ ਪਾਲਨਾ ਕਰਦੇ ਹੋਏ, ਗੁਰਮਤਿ ਦੀ ਖਿੱਲੀ ਉਡਾਈ ਗਈ। ਮੁੱਖ ਸਮਾਗਮ ਬਾਹਰ ਵੱਖਰੇ ਪੰਡਾਲ ਵਿੱਚ ਰਖਿਆ ਗਿਆ ਸੀ।

ਸਟੇਜ ਦੀ ਸੇਵਾ ਪੁਰਾਣੇ ਮਿਸ਼ਨਰੀ ਅਤੇ ਕਾਫੀ ਸਮੇਂ ਤੋਂ ਤੱਤ ਗੁਰਮਤਿ ਨਾਲ ਜੁੜੇ, ਸ੍ਰ. ਸੁਖਦੇਵ ਸਿੰਘ ਜੀ ਮੋਹਾਲੀ ਵਲੋਂ ਸੰਭਾਲੀ ਗਈ। ਸਾਡੀ ਯੋਜਨਾ ਸੀ ਕਿ 11 ਵਜੇ ਤੋਂ ਸ਼ੁਰੂ ਕਰ ਕੇ ਸਵਾ 12 ਵਜੇ ਤੱਕ ਦਾ ਸਮਾਂ ਲਿਆ ਜਾਵੇ ਅਤੇ 121/2 ਵਜੇ ਪੂਰੀ ਸਮਾਪਤੀ ਕਰ ਦਿਤੀ ਜਾਵੇ। ਕਿਉਂਕਿ ਨਜ਼ਦੀਕੀ ਮੁਹੱਲੇ ਵਿੱਚ ਕਿਸੇ ਹੋਰ ਦੀ ਮ੍ਰਿਤੂ ਹੋ ਗਈ ਸੀ। ਉਸ ਮ੍ਰਿਤਕ ਦਾ ਸਸਕਾਰ ਦੁਪਹਿਰ 1 ਵਜੇ ਰਖਿਆ ਗਿਆ ਸੀ। ਸੰਗਤ ਵਿਚੋਂ ਕਈਂ ਲੋਕਾਂ ਨੇ ਉਥੇ ਵੀ ਜਾਣਾ ਸੀ। ਪਹਿਲਾਂ 40-45 ਮਿੰਟ ਸ੍ਰ. ਮਨਜੀਤ ਸਿੰਘ ਜੀ ਦੇ ਰਾਗੀ ਜਥੇ ਨੇ ਕੀਰਤਨ ਰਾਹੀਂ ਵਿਚਾਰਾਂ ਕੀਤੀਆਂ। ਉਹਨਾਂ ਨੇ ਨੌਵੇਂ ਨਾਨਕ ਜਾਮੇ ਦੇ ਇੱਕ ਸ਼ਬਦ “ਕਿਉ ਨ ਹਰਿ ਕੋ ਨਾਮੁ ਲੇਹਿ, ਮੂਰਖ ਨਿਲਾਜ ਰੇ” (ਪੰਨਾ 1353) ਨੂੰ ਟੇਕ ਬਣਾ ਕੇ ਗੁਰਮਤਿ ਵਿਚਾਰਾਂ ਕੀਤੀਆਂ ਗਈਆਂ। ਉਹਨਾਂ ਨੇ ਇਸ ਵਿਚਾਰ ਵਿੱਚ ਸਿੱਖ ਪੁਜਾਰੀ ਸ਼੍ਰੇਣੀ (ਗ੍ਰੰਥੀ, ਰਾਗੀ, ਭਾਈ ਆਦਿ) ਅਤੇ ਤੋਤਾਰਟਨੀ ਪਾਠਾਂ (ਅਖੰਠ ਪਾਠ ਆਦਿ) ਕਾਰਨ ਕੌਮ ਵਿੱਚ ਆਏ (ਸਿਧਾਂਤਕ) ਵਿਗਾੜ ਬਾਰੇ ਖੁੱਲ ਕੇ ਚਾਨਣਾ ਪਾਇਆ। ਸਿੱਖ ਸਮਾਜ ਦੇ ਘਰੇਲੂ ਸਮਾਗਮਾਂ ਵਿੱਚ ਸ਼ਾਇਦ ਹੀ ਹੋਰ ਕੋਈ ਰਾਗੀ ਜਥਾ ਐਸਾ ਹੋਵੇਗਾ, ਜੋ ਇਤਨੇ ਜ਼ਰੂਰੀ ਵਿਸ਼ਿਆਂ ਤੇ ਨਿਰੋਲ ਗੁਰਮਤਿ ਅਨੁਸਾਰੀ ਵਿਚਾਰ ਪੇਸ਼ ਕਰਕੇ ਸੰਗਤਾਂ ਨੂੰ ਜਾਗ੍ਰਿਤ ਕਰਨ ਦਾ ਉੱਦਮ ਕਰਦਾ ਹੈ। ਵਰਨਾ ਲਗਭਗ 99. 9% ਘਰੇਲੂ ਸਮਾਗਮਾਂ ਵਿੱਚ ਤਾਂ ਗਿਣੇ-ਚੁਣੇ ਸ਼ਬਦਾਂ ਜਿਵੇਂ ‘ਲਖ ਖੁਸੀਆਂ ਪਾਤਸਾਹੀਆਂ’, ‘ਗੁਰਮੁਖ ਜਨਮ ਸਵਾਰ ਦਰਗਹ ਚਲਿਆ’ ਆਦਿ ਨੂੰ ਗਲਤ ਟੇਕ ਬਣਾ ਕੇ (ਸਹੀ ਟੇਕ ਰਹਾਉ ਦੀ ਤੁਕ ਹੁੰਦੀ ਹੈ) ਘਰ ਵਾਲਿਆਂ ਨੂੰ (ਨਜ਼ਾਇਜ਼) ਖੁਸ਼ ਕਰਨ ਦਾ ਜਤਨ ਹੀ ਕੀਤਾ ਜਾਂਦਾ ਹੈ।

ਉਸ ਤੋਂ ਬਾਅਦ 10 ਕੁ ਮਿੰਟ (ਰਿ.) ਕਰਨਲ ਗੁਰਦੀਪ ਸਿੰਘ ਜੀ (ਸ਼੍ਰੋਮਣੀ ਸਿੱਖ ਸਮਾਜ ਵਾਲੇ) ਨੇ ਸੰਗਤਾਂ ਸਾਹਮਣੇ ਗੁਰਮੱਤਿ ਵਿਚਾਰ ਪੇਸ਼ ਕੀਤੇ। ਉਹਨਾਂ ਨੇ ਬਹੁਤ ਸੁਚੱਜੇ ਢੰਗ ਨਾਲ ਸੰਗਤ ਨੂੰ ਇਹ ਗੱਲ ਸਮਝਾਈ ਕਿ ਕੌਮ ਨਾਨਕ ਪਾਤਸ਼ਾਹ ਜੀ ਵਲੋਂ ਦ੍ਰਿੜ ਕਰਵਾਏ ਮਾਰਗ ਤੋਂ ਪੂਰੀ ਤਰਾਂ ਭਟਕ ਚੁਕੀ ਹੈ। ਇਸ ਦਾ ਕਾਰਨ ਉਹਨਾਂ ਨੇ ਪੁਜਾਰੀ ਸ਼੍ਰੇਣੀ ਦੁਆਰਾ ਫੈਲਾਏ ਜਾ ਰਹੇ ਬ੍ਰਾਹਮਣੀ ਤਰਜ਼ ਦੇ ਭਰਮਜਾਲ, ਕਰਮਕਾਂਡਾਂ ਨੂੰ ਦਸਿਆ।

ਉਸ ਤੋਂ ਬਾਅਦ ਪ੍ਰਿੰਸੀਪਲ ਨਰਿੰਦਰ ਸਿੰਘ ਜੀ ਜੰਮੂ ਨੇ ਸੰਗਤ ਨੂੰ ਸਮਝਾਇਆ ਕਿ ਨਾਨਕ ਪਾਤਸ਼ਾਹ ਜੀ ਨੇ ਇੱਕ ਇਨਕਲਾਬ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਗੁਰਮਤਿ (ਸੱਚ) ਦੇ ਵਿਵਹਾਰਿਕ (Practical) ਪ੍ਰਚਾਰ ਰਾਹੀਂ ਮਨੁੱਖਤਾ ਦੇ ਭਲੇ ਦਾ ਸੰਕਲਪ ਦਿਤਾ ਗਿਆ ਸੀ। ਪਰ ਅਫਸੋਸ ਇਸ ਇਨਕਲਾਬ ਦੀ ‘ਝੰਡਾ ਬਰਦਾਰ’ ਸਿੱਖ ਕੌਮ ਆਪ ਹੀ ਰਾਹ ਤੋਂ ਭਟਕ ਕੇ ‘ਪੁਜਾਰੀਵਾਦ’ ਦੇ ਜਾਲ ਵਿੱਚ ਉਲਝ ਗਈ। ਉਹਨਾਂ ਨੇ ਬੜੇ ਸੁਚੱਜੇ ਉਦਾਹਰਨਾਂ ਰਾਹੀਂ ਗੁਰਮਤਿ ਅਨੁਸਾਰ ‘ਆਵਾਗਵਨ’ ਦਾ ਸੰਕਲਪ ਸਮਝਾਉਣ ਦਾ ਉੱਦਮ ਕੀਤਾ।

ਇਸ ਸਮੇਂ ਦੌਰਾਣ ਸੰਗਤ ਵਿੱਚ ਖਾਲਸਾ ਪੰਚਾਇਤ ਚੰਡੀਗੜ ਦੇ ਮੁਖੀ ਸ੍ਰ. ਰਜਿੰਦਰ ਸਿੰਘ ਜੀ ਖਾਲਸਾ ਵੀ ਆ ਚੁਕੇ ਸਨ। ਇਸ ਤੋਂ ਬਾਅਦ 15 ਕੁ ਮਿੰਟ ਉਹਨਾਂ ਨੇ ਸੰਗਤ ਨੂੰ ਪੁਜਾਰੀ ਸ਼੍ਰੇਣੀ ਦੇ ਗਲਤ ਕਰਮਾਂ ਬਾਰੇ, ਬਹੁਤ ਸੁਚੱਜੇ ਤਰੀਕੇ, ਜਾਗ੍ਰਿਤ ਕਰਨ ਦਾ ਉਪਰਾਲਾ ਕੀਤਾ। ਉਹਨਾਂ ਨੇ ਸਿੱਖ ਸਮਾਜ ਵਿਚਲੀ ਪੁਜਾਰੀ ਸ਼੍ਰੇਣੀ (ਗ੍ਰੰਥੀ, ਰਾਗੀ, ਭਾਈ) ਨੂੰ ਆੜੇ ਹੱਥੀਂ ਲੈਂਦੇ ਹੋਈ ਇਹਨਾਂ ਦੀ ਤੁਲਣਾ ਬ੍ਰਾਹਮਣੀ ਪੁਜਾਰੀ ਸ਼੍ਰੇਣੀ (ਪਾਂਡੇ, ਪੁਰੋਹਿਤ) ਨਾਲ ਕੀਤੀ। ਜਿਸ ਨੂੰ ਗੁਰਬਾਣੀ ਵਿੱਚ ਕਈ ਥਾਂ ਦਲਾਲ ਤੇ ਭ੍ਰਿਸ਼ਟ ਦਸਦੇ ਹੋਏ ਲਿਖਿਆ ਹੈ

“ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ।” (ਪੰਨਾ 472)

ਬ੍ਰਾਹਮਣੀ ਮੱਤ ਵਿੱਚ ਤਾਂ ‘ਧਰਮ ਗ੍ਰੰਥਾਂ’ ਵਿੱਚ ਹੀ ਪੁਜਾਰੀ ਸ਼੍ਰੇਣੀ ਅਤੇ ਕਰਮਕਾਂਡਾਂ ਨੂੰ ਮਾਨਤਾ ਦਿਤੀ ਮਿਲਦੀ ਹੈ, ਇਹ ਧਰਮ ਗ੍ਰੰਥ ਰਚੇ ਹੀ ਇਸੇ ਪੁਜਾਰੀ ਸ਼੍ਰੇਣੀ (ਬ੍ਰਾਹਮਣ) ਦੇ ਲਗਦੇ ਹਨ। ਪਰ ਸਿੱਖਾਂ ਦੇ ਇਕੋ ਇੱਕਧਰਮ ਗ੍ਰੰਥ’ (ਗੁਰੂ ਗ੍ਰੰਥ ਸਾਹਿਬ ਜੀ) ਵਿੱਚ ਤਾਂ ਪੁਜਾਰੀ ਸ਼੍ਰੇਣੀ, ਕਰਮਕਾਂਡਾਂ, ਅੰਧਵਿਸ਼ਵਾਸਾਂ ਨੂੰ ਪੂਰੀ ਤਰਾਂ ਰੱਦ ਕੀਤਾ ਮਿਲਦਾ ਹੈ। ਪਰ ਅਫਸੋਸ ਇਹ ਸਭ ਕਮਜ਼ੋਰੀਆਂ ਨਵਾਂ ਰੂਪ ਧਾਰ ਕੇ ਸਿੱਖ ਸਮਾਜ ਵਿੱਚ ਪ੍ਰਚਲਿਤ ਹੋ ਗਏ।

ਸਟੇਜ ਦੀ ਸੇਵਾ ਸੰਭਾਲਦੇ ਹੋਏ ਸੁਖਦੇਵ ਸਿੰਘ ਜੀ ਨੇ ਵਿੱਚ ਵਿੱਚ ਗੁਰਮਤਿ ਆਧਾਰਿਤ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਪੰਡਾਲ ਭਰਿਆ ਪਿਆ ਸੀ। ਜਿਥੇ ਆਮ ਸਮਾਗਮਾਂ ਦੇ ਇਕੱਠ ਵਿੱਚ ਖੁਸਰ-ਫੁਸਰ ਤੇ ਹੋਰ ਸ਼ਾਂਤੀ ਭੰਗ ਕਰਨ ਵਾਲੀਆਂ ਹਰਕਤਾਂ ਵੇਖੀਆਂ ਜਾਂਦੀਆਂ ਹਨ, ਇਸ ਸਮਾਗਮ ਦੌਰਾਣ ਪੂਰਾ ਸਮਾਂ ਪੰਡਾਲ ਵਿੱਚ ਸ਼ਾਂਤੀ ਰਹੀ। ਸੰਗਤ ਨੇ ਬਹੁਤ ਹੀ ਧਿਆਨ ਨਾਲ ਪ੍ਰਚਾਰਕਾਂ ਦੇ ਗੁਰਮਤਿ ਆਧਾਰਿਤ ਵਿਚਾਰਾਂ ਨੂੰ ਸੁਣਿਆ, ਕਿਉਂਕਿ ਉਹਨਾਂ ਨੂੰ ਸ਼ਾਇਦ ਪਹਿਲੀ ਵਾਰ ਐਸੇ ਨਿਰੋਲ ਗੁਰਮਤਿ ਆਧਾਰਿਤ ਵਿਚਾਰ ਸੁਨਣ ਨੂੰ ਮਿਲੇ। ਆਮ ਮ੍ਰਿਤਕ ਸਮਾਗਮਾਂ ਵਾਂਗ ਕੋਈ ਰਸਮੀ ਸ਼ਰਧਾਂਜਲੀ ਭੇਟ ਨਹੀਂ ਕੀਤੀ ਗਈ। ਅਰਦਾਸ ਕਰਨ ਦੀ ਸੇਵਾ ਵੀ ਰਜਿੰਦਰ ਸਿੰਘ ਜੀ ਖਾਲਸਾ ਪੰਚਾਇਤ ਵਾਲਿਆਂ ਵਲੋਂ ਨਿਭਾਈ ਗਈ। ਇਸ ਵਿੱਚ ਕੌਮੀ ਅਰਦਾਸ ਵਿੱਚ ਗਲਤ ਪ੍ਰਚਲਤ ਲਫਜ਼ਾਂ ਜਿਵੇਂ ਭਗੌਤੀ (ਦੇਵੀ) ਸਿਮਰਨ ਦਾ ਤਿਆਗ ਕਰਕੇ, ਅਰਦਾਸ ‘ਵਾਹਿਗੁਰੂ’ ਸਿਮਰਨ ਨਾਲ ਸ਼ੁਰੂ ਕੀਤੀ ਗਈ। ਅਰਦਾਸ ਦੌਰਾਨ ਪੁਜਾਰੀਵਾਦੀ ਟੋਟਕਿਆਂ ਜਿਵੇਂ ਅਖੰਡ ਪਾਠ ਦਾ ਮਹਾਤਮ ਵਿਛੜੀ ਆਤਮਾ ਨੂੰ ਪੁਜੇਆਦਿ ਦਾ ਮੁਕੰਮਲ ਤਿਆਗ ਕੀਤਾ ਗਿਆ। ਕੌਮ ਵਿੱਚ ਬਿਬੇਕ ਬੁਧੀ ਰਾਹੀਂ ਜਾਗ੍ਰਿਤੀ ਦੀ ਕੌਮੀ ਮੰਗ ਅਰਦਾਸ ਵਿੱਚ ਕੀਤੀ ਗਈ। ਪ੍ਰਚਾਰਕਾਂ ਵਲੋਂ ਸੰਗਤ ਨੂੰ ਇਹ ਵੀ ਸਮਝਾਇਆ ਗਿਆ ਕਿ ‘ਅੰਤਮ ਅਰਦਾਸ’ ਸੱਚਮੁਚ ਅੰਤਮ (Last) ਹੋਣੀ ਚਾਹੀਦੀ ਹੈ। ਛਿਮਾਹੀ, ਬਰਸੀ ਆਦਿ ਕਰਕੇ ‘ਅੰਤਮ ਅਰਦਾਸ’ ਨੂੰ ਭੰਗ ਨਹੀਂ ਕੀਤਾ ਜਾਣਾ ਚਾਹੀਦਾ।

ਸਮਾਗਮ ਵਿੱਚ ਗੁਰਮਤਿ ਅਨੁਸਾਰੀ ਰੰਗ ਐਸਾ ਬੱਝਾ ਕਿ ਘੜੀ ਵਿੱਚ ਕਦੋਂ ਸਵਾ ਇੱਕ ਵੱਜ ਗਏ, ਪਤਾ ਹੀ ਨਾ ਚਲਿਆ। ਇਸ ਸਮਾਗਮ ਦੌਰਾਣ ਸਿੱਖ ਸਮਾਜ ਦੇ ਆਮ ਮ੍ਰਿਤਕ ਸਮਾਗਮਾਂ ਵਿੱਚ ਕੀਤੇ ਜਾਂਦੇ ਕਰਮਕਾਂਡਾਂ ਜਿਵੇਂ ਮ੍ਰਿਤਕ ਨਮਿੱਤ ਬਿਸਤਰਾ, ਬਰਤਨ, ਫਲ ਆਦਿ ਦਾਨ ਕਰਨਾ, ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਮ੍ਰਿਤਕ ਦੀ ਫੋਟੋ ਰੱਖਣੀ, ਰਸਮੀ ਸ਼ਰਧਾਂਜਲੀਆਂ ਆਦਿ ਤੋਂ ਦੂਰ ਹੀ ਰਿਹਾ ਗਿਆ। ਬੇਸ਼ਕ ਕੁੱਝ ਰਿਸ਼ਤੇਦਾਰ ਇਹ ਸਭ ਕਰਨ ਲਈ ਜੋਰ ਪਾ ਰਹੇ ਸਨ ਪਰ ਪਿਤਾ ਜੀ ਦੇ ਸਹਿਯੋਗ ਸਦਕਾ ਇਹਨਾਂ ਮਨਮੱਤਾਂ ਤੋਂ ਬਚਾਅ ਹੋ ਗਿਆ। ਆਮ ਸਿੱਖ ਸਮਾਗਮਾਂ ਵਿੱਚ ‘ਕੜਾਹ ਪ੍ਰਸ਼ਾਦਿ’ ਦੇ ਨਾਲ ਨਾਲ ਲੰਗਰ (ਫੁਲਕਾ, ਦਾਲ, ਸਬਜੀ ਆਦਿ) ਨੂੰ ਵੀ ਭੋਗ ਲਾਇਆ ਜਾਂਦਾ ਹੈ, ਪਰ ਇਸ ਸਮਾਗਮ ਵਿੱਚ ਐਸਾ ਕੁੱਝ ਨਹੀਂ ਹੋਇਆ। ਕੁੱਝ ਲੋਕਾਂ ਵਲੋਂ ਗਲਤ ਪ੍ਰਚਲਿਤ ਰਿਵਾਇਤ ਹੋਣ ਕਰਕੇ ‘ਗੁਰੂ ਗ੍ਰੰਥ ਸਾਹਿਬ ਜੀ’ ਅਤੇ ‘ਕੜਾਹ ਪ੍ਰਸ਼ਾਦਿ’ ਲਿਜਾਉਣ ਵੇਲੇ ਅੱਗੇ ਅੱਗੇ ਤੁਪਕਾ ਤੁਪਕਾ ਜਲ ਛਿੜਕਣ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਇਸ ਮਨਮੱਤ ਨੂੰ ਹੋਣੋ ਵੀ ਰੋਕ ਲਿਆ ਗਿਆ।

ਪੰਜਾਬ ਖਾਲਸਾ ਟ੍ਰੈਕਟ ਸੋਸਾਇਟੀ ਰਾਹੀਂ ਕੌਮ ਵਿੱਚ ਜਾਗ੍ਰਿਤੀ ਲਿਆਉਣ ਲਈ ਕਾਰਜਰਤ ਬਜ਼ੁਰਗ ਪੰਥਦਰਦੀ ਅਤੇ ਉਘੇ ਸਮਾਜ ਸੇਵਕ ਸ੍ਰ. ਦਲੀਪ ਸਿੰਘ ਜੀ ਕਸ਼ਮੀਰੀ ਨੇ ਪੰਡਾਲ ਦੇ ਬਾਹਰ ਫਰੀ ਗੁਰਮਤਿ ਲਿਟਰੇਚਰ ਦਾ ਸਟਾਲ ਲਗਾਇਆ। ਇਸ ਸਟਾਲ ਤੋਂ ਸੰਗਤਾਂ ਨੇ ਲਿਟਰੇਚਰ ਹੱਥੋਂ ਹੱਥੀਂ ਲਿਆ। ਸਟਾਲ ਲਾਉਣ ਵਿੱਚ ਸਰਗਰਮ ਸਹਿਯੋਗ ਤੱਤ ਗੁਰਮਤਿ ਪਰਿਵਾਰ ਦੇ ਮੁੱਢਲੇ ਸੇਵਾਦਾਰ ਤੇ ਉਘੇ ਪੰਥਦਰਦੀ ਸ੍ਰ. ਗੁਰਿੰਦਰ ਸਿੰਘ ਜੀ ਮੋਹਾਲੀ ਨੇ ਦਿਤਾ।

ਇਸ ਤਰਾਂ ਇਹ ਸਮਾਗਮ ਜੋ ਸ਼ੁਰੂਆਤੀ ਦੌਰ ਵਿੱਚ ਇੱਕ ਆਮ ਮ੍ਰਿਤਕ ਸਮਾਗਮ (ਮਨਮੱਤਾਂ ਨਾਲ ਭਰਪੂਰ) ਵਾਂਗੂ ਚਲ ਰਿਹਾ ਸੀ, ਉਹ ਅੰਤ ਵੇਲੇ ਤੱਤ ਗੁਰਮਤਿ ਲਹਿਰ ਨਾਲ ਸੰਬੰਧਿਤ ਵੀਰਾਂ ਦੇ ਸਹਿਯੋਗ ਸਦਕਾ ਇੱਕ ‘ਤੱਤ ਗੁਰਮਤਿ ਸਮਾਗਮ’ ਹੋ ਨਿਬੜਿਆ। ਸਮਾਗਮ ਤੋਂ ਬਾਅਦ ਸੰਗਤ ਵਿੱਚ ਸ਼ਾਮਿਲ ਕਈਂ ਲੋਕਾਂ ਵਲੋਂ ਵਿਦਵਾਨਾਂ ਨੂੰ ਰੋਕ ਰੋਕ ਕੇ ਸ਼ੰਕੇ ਪੁਛੇ ਗਏ, ਜੋ ਇੱਕ ਬਹੁਤ ਹੀ ਵਧੀਆ ਗੱਲ ਹੈ। ਇਹ ਗੱਲ ਦਰਸਾਉਂਦੀ ਹੈ ਕਿ ਸੰਗਤ ਸੱਚ ਤਾਂ ਸੁਨਣਾ ਚਾਹੁੰਦੀ ਹੈ, ਪਰ ਉਹਨਾਂ ਨੂੰ ਸੱਚ (ਗੁਰਮਤਿ) ਬਹੁਤ ਘੱਟ ਦੱਸਿਆ ਜਾ ਰਿਹਾ ਹੈ। ਜ਼ਿਆਦਾਤਰ ਪ੍ਰਚਾਰ ਤਾਂ ਪੁਜਾਰੀਵਾਦੀ ਤਰਜ਼ ਦਾ ਹੀ ਹੋ ਰਿਹਾ ਹੈ।

ਇਸ ਲੇਖ ਨੂੰ ਲਿਖਣ ਦਾ ਮਕਸਦ ਨਾ ਤਾਂ ਕਿਸੇ ਦੀ ਨਿੰਦਾ ਕਰਨਾ ਹੈ ਅਤੇ ਨਾ ਹੀ ਕਿਸੇ ਦੀ ਉਸਤਤ ਕਰਨਾ। ਇਹ ਲੇਖ ਇਹ ਦਰਸਾਉਣ ਦੇ ਮਕਸਦ ਨਾਲ ਲਿਖਿਆ ਗਿਆ ਹੈ ਕਿ ਬ੍ਰਾਹਮਨਵਾਦੀ, ਪੁਜਾਰੀਵਾਦੀ ਵਿਵਸਥਾ ਨੇ ਸਾਡੇ ਘਰੇਲੂ ਸਮਾਗਮਾਂ (ਜਨਮ, ਮਰਨ, ਵਿਆਹ ਆਦਿ) ਨੂੰ ‘ਸੰਸਕਾਰਾਂ’ ਦੇ ਨਾਂ ਹੇਠ ਕਰਮਕਾਂਡੀ, ਗੁੰਝਲਦਾਰ, ਖਰਚੀਲਾ ਤੇ ਭਰਮਾਂ ਯੁਕਤ ਬਣਾ ਦਿਤਾ ਹੈ। ਇਸਦਾ ਮੁੱਖ ਮਕਸਦ ਪੁਜਾਰੀ ਸ਼੍ਰਣੀ ਵਲੋਂ ਆਮ ਲੋਕਾਈ ਨੂੰ ਧਰਮ ਦੇ ਨਾਂ ਤੇ ਕਰਮਕਾਂਡਾਂ ਅਤੇ ਵਹਿਮਾਂ ਭਰਮਾਂ ਵਿੱਚ ਫਸਾ ਕੇ ਅਪਨੇ ਹਲਵੇ ਮਾਂਡੇ ਦਾ (ਦਾਨ ਪੁੰਨ ਰਾਹੀਂ) ਇੰਤਜ਼ਾਮ ਕਰਨਾ ਮਾਤਰ ਹੈ।

ਪਰ ਨਾਨਕ ਪਾਤਸ਼ਾਹ ਜੀ ਨੇ ਇੱਕ ਯੋਜਨਾਬੱਧ ਲਹਿਰ (ਇਨਕਲਾਬ) ਰਾਹੀਂ ਸਿੱਖ ਸਮਾਜ ਦਾ ਐਸੇ ਸਾਰੇ ਢਕੋਸਲੇਵਾਦੀ ਕਰਮਕਾਂਡਾਂ ਤੋਂ ਖਹਿੜਾ ਛੁਡਾ ਕੇ ਮਨੁੱਖਤਾ ਤੇ ਵੱਡਾ ਉਪਕਾਰ ਕੀਤਾ ਸੀ। ਉਹਨਾਂ ਨੇ ਇਹ ਸੱਚ ਪੇਸ਼ ਕੀਤਾ ਕਿ ਧਰਮ ਇੱਕ ਸਿੱਧੀ ਸਾਧੀ (ਸਾਦਗੀ ਭਰੀ, ਵਿਖਾਵੇ ਤੋਂ ਦ੍ਰੂਰ) ਮਨੁੱਖਤਾਵਾਦੀ ਜੀਵਨ ਜਾਚ ਹੈ, ਨਾ ਕਿ ਸਿਰਫ ਕਰਮਕਾਂਡਾਂ ਭਰੀ ਪੂਜਾ ਪੱਧਤੀ। ਪਰ ਅਫਸੋਸ ਸਿੱਖ ਸਮਾਜ, ਜਿਸ ਦੀ ਜਿੰਮੇਵਾਰੀ ਇਸ ਸੱਚ ਨੂੰ ਪੂਰੀ ਦੁਨੀਆਂ ਵਿੱਚ ਪ੍ਰਚਾਰਨ ਦੀ ਸੀ, ਆਪ ਹੀ ਨਾਨਕ ਜਾਮਿਆਂ ਵਲੋਂ ਦ੍ਰਿੜ ਕਰਾਈ ਜੀਵਨ ਜਾਚ ਤੋਂ ਆਪ ਹੀ ਪੂਰੀ ਤਰਾਂ ਥਿੜਕ ਗਿਆ। ਵਾਪਿਸ ਉਸ ਜੀਵਨ ਜਾਚ ਵਾਲੀ ਰਾਹ ਉਤੇ ਪਰਤਨ ਦਾ ਇੱਕ ਮੁੱਖ ਸਾਧਨ ਘਰੇਲੂ ਸਮਾਗਮਾਂ ਵਿੱਚ ਗੁਰਮਤਿ ਸਿਧਾਂਤਾਂ ਉਤੇ ਦ੍ਰਿੜਤਾ ਨਾਲ ਪਹਿਰਾ ਦੇਣਾ ਹੈ। ਇਹੀ ਪ੍ਰਚਾਰ ਦਾ ਇੱਕ ਸੋਹਣਾ ਢੰਗ ਵੀ ਹੈ।

ਇਹ ਲੇਖ (ਹੱਡਬੀਤੀ) ਇਹ ਵੀ ਦਰਸਾਉਂਦਾ ਹੈ ਕਿ ਇਕੱਲਾ ਬੰਦਾ ਰਿਸ਼ਤੇਦਾਰਾਂ ਅਤੇ ਮਾਹੌਲ ਦੇ ਦਬਾਅ ਹੇਠ ਆ ਕੇ ਐਸੇ ਸਮਾਗਮ ਕਰਨ ਵਿੱਚ ਚਾਹੁੰਦੇ ਹੁੰਦੇ ਵੀ ਕਾਮਯਾਬ ਨਹੀਂ ਹੋ ਸਕਦਾ। ਪਰ ਜੇ ਉਸਨੂੰ ਕੁੱਝ ਹੋਰ ਗੁਰਮਤਿ ਅਨੁਸਾਰੀ ਸੋਚ ਵਾਲੇ ਸਾਥੀਆਂ ਦਾ ਸਹਿਯੋਗ ਮਿਲ ਜਾਵੇ ਤਾਂ ਗੱਲ ਬਣ ਜਾਂਦੀ ਹੈ। ਸੋ ਨਿਰੋਲ ਗੁਰਮਤਿ ਅਨੁਸਾਰੀ ਜੀਵਨ ਜਾਚ ਬਣਾਉਣ ਦੇ ਚਾਹਵਾਨ ਮਨੁੱਖਾਂ ਨੂੰ ਇੱਕ ਮੰਚ ਤੇ ਇਕੱਠੇ ਕਰਨ ਦੇ ਮਕਸਦ ਨੂੰ ਸਾਹਮਣੇ ਰੱਖ ਕੇ, ਕੁੱਝ ਸੁਹਿਰਦ ਪੰਥਦਰਦੀਆਂ (ਮਨੁੱਖਤਾਦਰਦੀ ਵੀ) ਵਲੋਂ ‘ਤੱਤ ਗੁਰਮਤਿ ਪਰਿਵਾਰ’ ਨਾਂ ਦਾ ਇੱਕ ਮੰਚ (Platform) ਬਣਾਇਆ ਗਿਆ ਹੈ। ਇਸ ਮੰਚ ਦਾ ਵਿਚਾਰ ਹੈ ਕਿ ਨਾਨਕ ਫਲਸਫੇ (ਗੁਰੂ ਗ੍ਰੰਥ ਸਾਹਿਬ ਜੀ, ਰਾਗਮਾਲਾ ਤੋਂ ਬਗੈਰ) ਤੇ ਆਧਾਰਿਤ ਜੀਵਨ ਜਾਚ ਬਣਾ ਕੇ ਹੀ ਮਨੁੱਖਤਾ ਦੀ ਭਲਾਈ ਬਾਰੇ ਸੋਚਿਆ ਜਾ ਸਕਦਾ ਹੈ। ਇਹ ਵੀ ਸਪਸ਼ਟ ਹੋਵੇ ਕਿ ਇਹ ਮੰਚ ਕੋਈ ਜਥੇਬੰਦੀ ਨਹੀਂ ਹੈ।

ਇਸ ਲੇਖ ਦਾ ਮਕਸਦ ਉਹਨਾਂ ਗੁਰਸਿੱਖਾਂ ਵਿੱਚ ਉਤਸ਼ਾਹ ਭਰਨਾ ਵੀ ਹੈ, ਜੋ ਘਰੇਲੂ ਸਮਾਗਮ ਨਿਰੋਲ ਗੁਰਮਤਿ ਅਨੁਸਾਰ ਕਰਨਾ ਤਾਂ ਚਾਹੁੰਦੇ ਹਨ ਪਰ ਉਹਨਾਂ ਨੂੰ ਸਹੀ ਸੇਧ ਜਾਂ ਸਹਿਯੋਗ ਨਹੀ ਮਿਲਦਾ। ਐਸੇ ਗੁਰਸਿੱਖ ਗੁਰਮਤਿ ਅਨੁਸਾਰੀ ਸੇਧ ਅਤੇ ਸਹਿਯੋਗ ਲਈ ਅੰਤ ਵਿੱਚ ਦਿਤੇ ਵੀਰਾਂ ਦੇ ਫੋਨ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ। ਲੋੜ ਹੈ ਕਿ ਸਿੱਖ ਸਮਾਜ ਵਿੱਚ ਤੱਤ ਗੁਰਮਤਿ ਸਮਾਗਮਾਂ ਦੀ ਇੱਕ ਲਹਿਰ ਚਲਾਈ ਜਾਵੇ ਤਾਂ ਕਿ ਅਸੀਂ ਨਾਨਕ ਜਾਮਿਆਂ ਦੀ ਦ੍ਰਿੜ ਕਰਵਾਈ (ਮਨੁੱਖਤਾਵਾਦੀ) ਜੀਵਨ ਜਾਚ ਦੇ ਰਾਹ ਤੇ ਵਾਪਿਸ ਆਉਣ ਵੱਲ ਕਦਮ ਵਧਾ ਸਕੀਏ।

ਮਨਜੀਤ ਸਿੰਘ ਜੀ ਦੇ ਜਥੇ ਦਾ ਸੰਪਰਕ ਨੰਬਰ ਹੈ (09417440779, 09779940779)। ਕੁੱਝ ਹੋਰ ਵੀਰਾਂ ਦੇ ਨੰਬਰ ਇਸ ਤਰਾਂ ਹਨ ਰਜਿੰਦਰ ਸਿੰਘ ਜੀ ਖਾਲਸਾ ਪੰਚਾਇਤ (09876126704), ਪ੍ਰਿੰਸੀਪਲ ਨਰਿੰਦਰ ਸਿੰਘ ਜੀ ਤੱਤ ਗੁਰਮਤਿ ਪਰਿਵਾਰ (09419126791), ਸੁਖਦੇਵ ਸਿੰਘ ਜੀ ਮੋਹਾਲੀ (09888749487), ਗੁਰਿੰਦਰ ਸਿੰਘ ਜੀ ਮੋਹਾਲੀ (09815971601), (ਰਿ.) ਕਰਨਲ ਗੁਰਦੀਪ ਸਿੰਘ ਜੀ (0172-2270250)। ਪੰਜਾਬ ਖਾਲਸਾ ਟ੍ਰੈਕਟ ਸੋਸਾਇਟੀ ਵਲੋਂ ਛਾਪੇ ਜਾ ਰਹੇ ਫ੍ਰੀ ਗੁਰਮਤਿ ਅਨੁਸਾਰੀ ਮਹੀਨਾਵਾਰੀ ਟ੍ਰੈਕਟ ਮੰਗਵਾਉਣ ਲਈ ਸ੍ਰ. ਦਲੀਪ ਸਿੰਘ ਜੀ ਕਸ਼ਮੀਰੀ ਨੂੰ ਹੇਠ ਲਿਖੇ ਪਤੇ ਤੇ ਸੰਪਰਕ ਕੀਤਾ ਜਾ ਸਕਦਾ ਹੈ।

Punjab Khalsa Tract Society (Regd.),

# 2532 Sector 47-C, Chandigarh (U.T.)

Phone: 0172-2630903

ਤੱਤ ਗੁਰਮਤਿ ਪਰਿਵਾਰ ਬਾਰੇ ਜਾਨਕਾਰੀ ਲੈਣ ਦੇ ਚਾਹਵਾਨ 09419126791, 09417440779, 09815971601 ਨੰਬਰਾਂ ਤੇ ਸੰਪਰਕ ਕਰ ਸਕਦੇ ਹਨ।

ਰਵਿੰਦਰ ਸਿੰਘ ਪੰਜੌਰ
.