.

ਭਿਖਾਰੀ

ਪੰਜਾਬ ਦੀ ਗੱਲ ਹੈ ਬਾਬਾ ਫੋਜਾ ਸਿੰਘ ਨੇ ਹਵੇਲੀ ਬਣਾਉਂਣੀ ਅਰੰਭੀ ਤਾਂ ਤੁਰਿਆ ਫਿਰਦਾ ਇੱਕ ਮੰਗਤਾ ਘਰ ਦੇ ਦਰਵਾਜੇ ਅੱਗੇ ਆਣ ਖੜਾ ਹੋਇਆ। ਉਹ ਹਵੇਲੀ ਦੀਆਂ ਕੰਧਾਂ ਨੂੰ ਹੀ ਅਸੀਸਾ ਦੇਈ ਜਾਏ। ਸਦੀਆਂ ਤੱਕ ਕਾਇਮ ਰਹਿਣ ਵਾਲੀ ਹਵੇਲੀ, ਪਿੰਡ ਦੀ ਸਭ ਤੋਂ ਵੱਡੀ ਤੇ ਉੱਚੀ ਹਵੇਲੀ, ਬਾਦਸ਼ਾਹਾਂ ਦੀ ਹਵੇਲੀ, ਰਾਜਿਆਂ ਮਹਾਂਰਾਜਿਆਂ ਦੀ ਹਵੇਲੀ ਤੇ ਪਤਾ ਨਹੀ ਕੀ ਕੀ ਖਿਤਾਬ ਉਸ ਬਣਨ ਜਾ ਰਹੀ ਹਵੇਲੀ ਨੂੰ ਦੇ ਮਾਰੇ ਤੇ ਆਖਰ ਉਹ ਅਪਣੀ ਅਸਲ ਗੱਲ ਵਲ ਆਉਂਦਿਆਂ ਅਪਣੀ ਵੱਡੀ ਭਿੱਖ ਦੀ ਗੱਲ ਕਰਨ ਲੱਗਿਆ।

ਸਰਦਾਰੋ! ਬਾਦਸ਼ਾਹੋ! ਰਾਜਿਉ! ਗਰੀਬ ਨੂੰ ਖੈਰ ਪਾਉ! ਬਹੁਤ ਪੁੰਨ ਲੱਗੇਗਾ, ਜੱਸ ਹੋਵੇਗਾ, ਦੁਨੀਆਂ ਤੁਹਾਡੀ ਕੀਰਤੀ ਗਾਵੇਗੀ, ਮੇਰੀਆਂ ਅਸੀਸਾਂ ਤੁਹਾਡੀ ਸੋਭਾ ਨੂੰ ਚਾਰ ਚੰਨ ਲਾਉਂਣਗੀਆਂ।

ਬਾਬੇ ਫੋਜਾ ਸਿੰਘ ਉਪਰ ਭਿਖਾਰੀ ਦੀ ਹਵਾ ਨੇ ਅਸਰ ਨਾ ਕੀਤਾ ਉਹ ਟੱਸ ਤੋਂ ਮੱਸ ਨਾ ਹੋਇਆ। ਉਸ ਟਾਲ ਦਿੱਤਾ। ਬਾਬਾ ਕਹਿਣ ਲੱਗਾ ਕਿ ਦੇਖ ਭਾਈ! ਚਾਹ ਪਾਣੀ ਛੱਕ, ਪ੍ਰਸਾਦਾ ਤਿਆਰ ਹੈ ਉਹ ਛੱਕ ਜਿਹੜੀ ਮੁੱਢਲੀ ਲੋੜ ਹੈ ਪਰ ਭਿਖਿਆ ਮੰਗਣੀ ਵੀ ਤੇ ਦੇਣੀ ਵੀ ‘ਪਾਪ’ ਹੈ!

ਭਿਖਾਰੀ ਆਕੜ ਗਿਆ ਤੇ ਬੁੜ ਬੁੜ ਜਿਹੀ ਕਰਦਾ ਬਿਨਾ ਕੁੱਝ ਖਾਧੇ ਪੀਤੇ ਅਗਲੇ ਦਰਵਾਜੇ ਚਲਾ ਗਿਆ। ਬਾਬੇ ਫੋਜਾ ਸਿੰਘ ਦੀ ਪਤਨੀ ਗੁਆਢੀਆਂ ਵਲੋਂ ਆ ਰਹੀ ਭਿਖਾਰੀ ਦੀ ‘ਕਮੈਂਟਰੀ’ ਸੁਣ ਰਹੀ ਸੀ!

“ਭਾਈ ਆਹ ਤੁਹਾਡੇ ਗੁਆਢੀਂ ਤਾਂ ਬੜੇ ਕਮੀਨੇ ਨੇ। ਇਡੀ ਵੱਡੀ ਹਵੇਲੀ ਪਰ ਵਿੱਚ ਕੱਖ ਨਹੀ! ਬਹੁਤ ਹੰਕਾਰੀ ਨੇ ਇਹ ਤਾਂ! ਇਸ ਦੀ ਕੰਧ ਤਾਂ ਆਢ-ਗੁਆਂਢ ਉਪਰ ਵੀ ਡਿੱਗ ਕੇ ਨੁਕਸਾਨ ਕਰ ਸਕਦੀ ਹੈ। ਅਜਿਹੇ ਲੋਕ ਪਿੰਡ ਲਈ ਬਹੁਤ ਨੁਕਸਾਨ ਦੇਹ ਹੁੰਦੇ ਹਨ। ਘੋਰ ਕੱਲਯੁਗ ਹੈ! ਦਰ ਤੇ ਆਏ ਭਿਖਾਰੀ ਜਿਹੜਾ ਖਾਲੀ ਮੋੜੇ ਉਹ ਨਰਕਾਂ ਨੂੰ ਜਾਂਦਾ ਤੇ ਉਸ ਦੀਆਂ ਹਵੇਲੀਆਂ ਕਦੇ ਕਾਇਮ ਨਹੀ ਰਹਿੰਦੀਆਂ”। ਹਾਂਅ!

ਬਾਬੇ ਦੀ ਪਤਨੀ ਸੁਣ ਕੇ ਹੱਸ ਪਈ! ਉਹ ਹੈਰਾਨ ਸੀ ਕਿ ਇਹ ਕੁੱਝ ਦੇਰ ਪਹਿਲਾਂ ਵਾਲਾ ਹੀ ਭਿਖਾਰੀ ਹੈ…? ਉਸ ਬਾਬੇ ਨੂੰ ਦਸਿਆ। ਬਾਬਾ ਕਹਿਣ ਲੱਗਾ ਭਲੀਏ ਭਿਖਾਰੀ ਦਾ ਕੋਈ ਦੀਨ-ਈਮਾਨ ਨਹੀ ਹੁੰਦਾ, ਉਸ ਦਾ ਕੋਈ ਮਿੱਤਰ-ਦੁਸ਼ਮਣ ਨਹੀ ਹੁੰਦਾ, ਉਹ ਕਿਸੇ ਵੀ ਇੱਕ ਦਾ ਨਹੀ ਹੁੰਦਾ, ਉਹ ਭਟਕਦਾ ਅਤੇ ਲੀਡਰਾਂ ਵਾਂਗ ਦਲ ਬਦਲੂ ਲੰਡਰ ਕਿਸਮ ਦਾ ਭਿਖਾਰੀ ਹੁੰਦਾ ਹੈ। ਉਸ ਦਾ ਮੱਤਲਬ ਕੇਵਲ ਤੇ ਕੇਵਲ ਭਿਖਿਆ ਨਾਲ ਹੁੰਦਾ ਨਾ ਕਿ ਬੰਦੇ ਦੇ ਚੰਗੇ ਮੰਦੇ ਹੋਣ ਨਾਲ ਸੋ ਅਜਿਹੇ ‘ਵਿਚਾਰਿਆਂ’ ਦਾ ਕੋਈ ਗੁੱਸਾ ਨਹੀ ਕਰਨਾ ਬਣਦਾ।

ਨਜੂਮੀ

ਕੱਲ੍ਹ ਮੈ ਤੇ ਮੇਰਾ ਦੋਸਤ ਇੱਕ ਮੰਦਰ ਵਿੱਚ ਚਲੇ ਗਏ। ਅੱਗੇ ਅੰਨ੍ਹਾ ਆਦਮੀ ਬੈਠਾ ਸੀ। ਮੇਰੇ ਮਿੱਤਰ ਨੇ ਕਿਹਾ, ਵੇਖੋ! ਇਹ ਸਾਡੇ ਦੇਸ਼ ਦਾ ਸਭ ਤੋਂ ਵੱਡਾ ਸਿਆਣਾ ਹੈ।

ਮੈ ਅਪਣੇ ਮਿੱਤਰ ਨੂੰ ਉਥੇ ਛੱਡ ਕੇ ਆਪ ਉਸ ਅੰਨ੍ਹੇ ਪਾਸ ਚਲਾ ਗਿਆ ਤੇ ਦੁਆ ਸਲਾਮ ਕਰਕੇ ਉਸ ਨਾਲ ਗੱਲਾਂ ਕਰਨ ਲੱਗਾ। ਗੱਲਾਂ ਕਰਦਿਆਂ ਕਰਦਿਆਂ ਮੈ ਉਸ ਨੂੰ ਆਖਿਆ, ਮੈਨੂੰ ਖਿਮਾ ਕਰਨਾ ਇੱਕ ਸਵਾਲ ਮੈ ਤੁਹਾਤੋਂ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਕਦ ਤੋਂ ਅੰਨ੍ਹੇ ਹੋ?

ਉਸ ਨੇ ਕਿਹਾ ਜਨਮ ਤੋਂ ਹੀ।

ਮੈ ਕਿਹਾ ਤੁਸੀਂ ਕਿਸ ਮਜ੍ਹਬ ਨੂੰ ਮੰਨਣ ਵਾਲੇ ਹੋ?

ਉਸ ਨੇ ਕਿਹਾ ਮੈ ਇੱਕ ਨਜੂਮੀ ਹਾਂ।

ਫਿਰ ਉਸ ਨੇ ਛਾਤੀ ਤੇ ਹੱਥ ਮਾਰਿਦਆਂ ਬੜੀ ਸ਼ਾਨ ਨਾਲ ਕਹਿਣਾ ਸ਼ੁਰੂ ਕੀਤਾ,

“ਮੈ ਅਸਮਾਨ ਦੇ ਤਮਾਮ ਸੂਰਜ, ਚੰਦ ਤੇ ਸਿਤਾਰਿਆਂ ਦੀ ਚਾਲ ਨੂੰ ਦੇਖਦਾ ਰਹਿੰਦਾ ਹਾਂ। ਮੈ…

ਖ਼ਲੀਲ ਜਿਬਰਾਨ ਦੀ ਕਹਾਣੀ ਪੜ ਕੇ ਬਾਬਾ ਫੋਜਾ ਸਿੰਘ ਨੂੰ ਇੱਕ ਵੈਨਕੋਵਰ ਦੀ ਬੜੀ ਦਿਲਚਸਪ ਕਹਾਣੀ ਯਾਦ ਆ ਗਈ। ਸਰੀ ਵਾਲੇ ਗੁਰਦੁਆਰੇ ਇੱਕ ਸੂਰਮਾ ਯਾਨੀ ਅੰਨ੍ਹਾ ਰਾਗੀ ਆਇਆ। ਉਹ ਵੀ ਸ਼ਾਇਦ ਉਪਰ ਲਿਖੇ ਨਜੂਮੀ ਵਾਂਗ ਸੂਰਜ ਤਾਰਿਆਂ ਦੀ ਚਾਲ ‘ਦੇਖਦਾ’ ਰਹਿੰਦਾ ਸੀ ਕਿ ਉਸ ਦੇ ਚੁੰਗਲ ਵਿੱਚ ਲੋਕ ਆਮ ਹੀ ਫਸਣ ਲੱਗ ਪਏ। ਉਸਦੀ ਸਿਤਾਰਿਆਂ ਦੀ ਚਾਲ ਦੇਖ ਸਕਣ ਦੀ ‘ਸ਼ਕਤੀ’ ਉਸ ਵੇਲੇ ਜਾਹਰ ਹੋਈ ਜਦ ਉਸ ਇੱਕ ਬੀਬੀ ਦੇ ਨੋਟਾਂ ਨੂੰ ਚੱਕ ਕੁੱਝ ਜਿਆਦਾ ਹੀ ਵੱਡਾ ਮਾਰ ਲਿਆ। ਬੀਬੀ ਦਾ ਜਦ ਕੋਈ ਕਾਰਜ ਨਾ ਸੌਰਿਆ ਜਿਹੜਾ ਸੌਰਨਾ ਵੀ ਨਹੀ ਸੀ ਤਾਂ ਬੀਬੀ ਨੇ ਪੈਸੇ ਵਾਪਸ ਮੰਗ ਲਏ। ਬੱਅਸ! ਇਥੋਂ ਹੀ ਰੌਲਾ ਪੈ ਗਿਆ ਜਾਂ ਐਵੇਂ ਹੀ ਰੌਲਾ ਪੈ ਗਿਆ। ਪਰ ਫੋਜਾ ਸਿੰਘ ਬੜਾ ਪ੍ਰੇਸ਼ਾਨ ਸੀ ਕਿ ਹੱਦ ਹੋਗੀ! ਸੁਜਾਖਿਆ ਨੂੰ ਅੰਨ੍ਹੇ ਲੁੱਟੀ ਜਾਂਦੇ। ਘੋਰ ਕੱਲਯੁਗ ਕੋਈ ਸਿੰਗਾ ਵਾਲਾ ਥੋੜੋਂ, ਅੱਖਾਂ ਵਾਲੇ ਨੂੰ ਅੰਨ੍ਹਾ ਲੁਟ ਲਏ, ਇਸ ਤੋਂ ਵੱਡਾ ਘੋਰ ਕੱਲਯੁਗ ਕਿਹੜਾ ਹੋਊ?

ਵੈਸੇ ਬਾਬਾ ਫੋਜਾ ਸਿੰਘ ਨੂੰ ਟਰੰਟੋ ਵਿੱਚ ਫਿਰਦੇ ‘ਘੋਰ ਕੱਲਯੁਗ’ ਦਾ ਵੀ ਪਤਾ ਜਿਥੋਂ ਦੇ ਕਈ ਗੁਰਦੁਆਰਿਆਂ ਵਿੱਚ ਕਿਸੇ ਭਾਈ ਦਾ ਦਾਤੀ ਦਾ ਧੰਦਾ ਚਲਦਾ, ਕਿਸੇ ਦੀਆਂ ਲਾਚੀਆਂ ਵਿੱਕ ਰਹੀਆਂ, ਕਿਸੇ ਦੀ ਤਾਂਬੇ ਵਾਲੀ ਗੜਵੀ ਦਾ ਪਾਣੀ ਅਤੇ ਕਿਸੇ ਦਾ ‘ਕਰਕੇ’ ਦਿੱਤਾ ਸਬਦ। ਬਾਬੇ ਫੋਜਾ ਸਿੰਘ ਨੂੰ ਜਾਪਦਾ ਹੈ ਕਿ ਇਹ ਅੰਨ੍ਹੇ ਨਜੂਮੀ ਸੁਜਾਖਿਆਂ ਨੂੰ ਉਨਾਂ ਚਿਰ ਲੁੱਟਦੇ ਹੀ ਰਹਿਣਗੇ ਜਦ ਤਾਂਈ ਅੱਖਾਂ ਵਾਲੇ ਅੱਖਾਂ ਖ੍ਹੋਲ ਕੇ ਨਹੀ ਚਲਣਗੇ।

ਪ੍ਰੇਤ ਅਤੇ ਘੋੜੇ

ਕਹਾਣੀ ਹੈ ਕਿ ਇੱਕ ਥਾਂ ਤੇ ਇੱਕ ਬੜਾ ਵੱਡਾ ਪ੍ਰੇਤ ਰਹਿੰਦਾ ਸੀ। ਉਧਰੋ ਜਦ ਵੀ ਕੋਈ ਲੰਘਦਾ ਤਾਂ ਉਹ ਮਾਰ ਦਿੰਦਾ। ਲੋਕ ਡਰ ਦੇ ਮਾਰੇ ਉਧਰ ਦੀ ਜਾਣੋਂ ਹੀ ਹੱਟ ਗਏ। ਦਹਿਸ਼ਤ ਸੀ ਓਸ ਇਲਾਕੇ ਵਿੱਚ ਪ੍ਰੇਤ ਦੀ। ਉਥੋਂ ਦਾ ਰਾਜਾ ਬੜਾ ਪ੍ਰੇਸ਼ਾਨ ਕਿ ਇਸ ਪ੍ਰੇਤ ਦਾ ਕੀ ਇਲਾਜ ਕੀਤਾ ਜਾਏ ਪਰਜਾ ਬੜੀ ਦੁਖੀ ਕੀਤੀ ਪਈ ਏਸ ਨੇ।

ਤੁਰਦਾ ਫਿਰਦਾ ਇੱਕ ਦਿਨ ਉਧਰ ਕੋਈ ‘ਸਿਆਣਾ’ ਨਿਕਲ ਆਇਆ। ਗੱਲ ਪੁੱਜਦੀ ਪੁੱਜਦੀ ਰਾਜੇ ਦੇ ਕੰਨੀ ਪਈ। ਰਾਜੇ ਨੇ ਉਸ ‘ਸਿਆਣੇ’ ਨੂੰ ਦਰਬਾਰ ਵਿੱਚ ਸੱਦਿਆ ਅਤੇ ਪ੍ਰੇਤ ਤੋਂ ਛੁਟਕਾਰਾ ਪਾਉਂਣ ਦਾ ਇਲਾਜ ਪੁੱਛਿਆ। ‘ਸਿਆਣਾ’ ਕਹਿਣ ਲਗਾ ਕਿ ਇਲਾਜ ਤਾਂ ਹੋ ਜੇ ਗਾ ਪਰ ਮੈਨੂੰ ਕੁੱਝ ਘੋੜਿਆਂ ਦੀ ਬਲੀ ਚਾਹੀਦੀ। ਰਾਜੇ ਨੇ ਖੁਸ਼ ਹੋ ਕੇ ਘੋੜੇ ਹਾਜਰ ਕਰ ਦਿਤੇ।

ਮਿਥੀ ਜਗ੍ਹਾ ਤੇ ਲੋਕ ਵੀ ਆਣ ਇਕੱਠੇ ਹੋਏ ਕਿ ਦੇਖੋ ਅੱਜ ਪ੍ਰੇਤ ਨਾਲ ਪੰਗਾ ਹੈ ਕੀ ਬਣਦਾ ਸਿਆਣਾ ਬੱਚਦਾ ਜਾਂ ਪ੍ਰੇਤ। ਆਖਰ ‘ਸਿਆਣੇ’ ਨੇ ਅਪਣੀ ਸਕੀਮ ਮੁਤਾਬਕ ਪ੍ਰੇਤ ਵਾਲੇ ਰਾਹ ਨੂੰ ਪਹਿਲਾਂ ਇੱਕ ਘੋੜਾ ਛੱਡਿਆ। ਘੋੜਾ ਜਦ ਪ੍ਰੇਤ ਵਾਲੇ ਇਲਾਕੇ ਵਿੱਚ ਦੀ ਲੰਘਿਆ ਤਾਂ ਪ੍ਰੇਤ ਨੇ ਘੋੜਾ ਮਾਰ ਦਿਤਾ। ‘ਸਿਆਣੇ’ ਨੇ ਹੁਣ ਦੋ ਘੋੜੇ ਉਧਰ ਨੂੰ ਤੋਰੇ। ਪ੍ਰੇਤ ਨੇ ਉਹ ਦੋਵੇਂ ਘੋੜੇ ਵੀ ਮਾਰ ਦਿੱਤੇ। ਹੁਣ ‘ਸਿਆਣੇ’ ਨੇ ‘ਹਾਰਸ ਪਾਵਰ’ ਵਧਾਉਂਦਿਆਂ ਘੋੜੇ ਤਿੰਨ ਕਰ ਦਿਤੇ। ਪ੍ਰੇਤ ਨੇ ਤਿੰਨੇ ਘੋੜੇ ਵੀ ਮਾਰ ਦਿਤੇ। ਲੋਕ ਵੀ ਅਤੇ ਰਾਜਾ ਵੀ ਪ੍ਰੇਸ਼ਾਨ ਕਿ ਇਹ ਤਾਂ ਬਿਨਾ ਵਜ੍ਹਾ ਘੋੜੇ ਮਰਵਾਈ ਜਾ ਰਿਹਾ। ਪਰ ‘ਸਿਆਣਾ’ ਕਹਿਣ ਲਗਾ ਕਿ ਤੁਸੀਂ ਇਲਾਜ ਕਰਾਉਂਣਾ ਕਿ ਨਹੀ? ਤਾਂ ਰਾਜਾ ਫਿਰ ਚੁੱਪ ਹੋ ਕੇ ਤਮਾਸ਼ਾ ਦੇਖਣ ਲੱਗ ਗਿਆ। ‘ਸਿਆਣੇ’ ਨੇ ਚਾਰ ਘੋੜੇ ਮਰਵਾਉਂਣ ਤੋਂ ਬਾਅਦ ਘੋੜਿਆਂ ਦੀ ਗਿਣਤੀ ਪੰਜ ਕਰ ਦਿੱਤੀ।

ਪੰਜ ਘੋੜੇ ਜਦ ਬੜੇ ਅਰਾਮ ਨਾਲ ਲੰਘ ਗਏ ਤਾਂ ਸਮੇਤ ਰਾਜੇ ਲੋਕ ਬੜੇ ਖੁਸ਼ ਹੋਏ। ਉਸ ਤੋਂ ਬਾਅਦ ਇੱਕ ਬੰਦਾ ਭੇਜ ਕੇ ਦੇਖਿਆ ਉਹ ਵੀ ਲੰਘ ਗਿਆ ਪ੍ਰੇਤ ਨੇ ਕੁੱਝ ਨਹ ਕਿਹਾ। ਤੇ ਆਖਰ ਲਾਂਘਾ ਖੁਲ੍ਹ ਗਿਆ। ਰਾਜਾ ਬੜਾ ਹੈਰਾਨ ਤੇ ਉਹ ‘ਸਿਆਣੇ’ ਨੂੰ ਪੁੱਛਣ ਲੱਗਾ ਕਿ ਆਖਰ ਰਹੱਸ ਕੀ ਹੈ। ਹੁਣ ਪ੍ਰੇਤ ਕਿਉਂ ਨਹੀ ਮਾਰਦਾ? ‘ਸਿਆਣਾ’ ਕਹਿਣ ਲੱਗਾ ਕਿ ਗੱਲ ਕੁੱਝ ਵੀ ਨਹੀ ਸੀ ਪ੍ਰੇਤ ਕੇਵਲ ਚਾਰ ‘ਹਾਰਸ ਪਾਵਰ’ ਦਾ ਸੀ ਆਪਾਂ ਪਹਿਲਾਂ ਉਸ ਨੂੰ ਥਕਾ ਲਿਆ ਤੇ ਮੁੜ ਪੰਜ ‘ਹਾਰਸ ਪਾਵਰ’ ਭੇਜ ਕੇ ਉਸ ਨੂੰ ਜਿੱਤ ਲਿਆ। ਹੁਣ ਜਿਵੇਂ ਮਰਜੀ ਜਾਓ ਆਓ ਕੁੱਝ ਨਹੀ ਕਰਨ ਜੋਗਾ।

ਬਾਬੇ ਫੋਜਾ ਸਿੰਘ ਨੂੰ ਇਹ ਕਹਾਣੀ ਬੜੀ ਦਿਲਚਸਪ ਲੱਗੀ ਜਿਹੜੀ ਹੈ ਤਾਂ ਕੇਵਲ ਕਹਾਣੀ ਹੀ ਪਰ ਸਿੱਖਿਆ ਸਾਨੂੰ ਇਹ ਦਿੰਦੀ ਕਿ ਕਿਸੇ ਬੂਬਨੇ, ਪੀਰ, ਸਯਦ ਤੋਂ ਡਰਨ ਦੀ ਬਜਾਇ ਤੁਸੀਂ ਅਪਣੀ ‘ਹਾਰਸ ਪਾਵਰ’ ਹੀ ਯਾਨੀ ਆਤਮ ਵਿਸਵਾਸ਼ ਕਿਉਂ ਨਹੀ ਇਨਾ ਵਧਾ ਲੈਂਦੇ ਕਿ ਹਰੇਕ ਹਵਾ ਦੇ ਬੁੱਲੇ ਜਾਂ ਛੋਟੇ ਜਿਹੇ ਦੁੱਖ ਤਕਲੀਫ ਤੋਂ ਡਰਕੇ ਇਨਾ ਦੀ ਪੈਰੀਂ ਡਿਗਣ ਦੀ ਬਜਾਇ ਗੁਰਬਾਣੀ ਤੋਂ ਅਗਵਾਈ ਲੈ ਕੇ ਖੁਦ ਅਪਣਾ ਮਸਲਾ ਹੱਲ ਕਰ ਲਿਆ ਜਾਵੇ।

ਸੰਸਕ੍ਰਿਤੀ

ਬਾਬਾ ਫੋਜਾ ਸਿੰਘ ਹਿੰਦੋਸਤਾਨੀ ਮੀਡੀਏ ਉਪਰ ਵੈਲੇਨਟਾਈਨ ਬਾਰੇ ਹਿੰਦੂਆਂ ਦੀ ਗੁੰਡਾਗਰਦੀ ਦੇਖ ਰਿਹਾ ਸੀ ਕਿ ਕਿਵੇਂ ਪੁਰਾਤਨ ਸੰਸਕ੍ਰਿਤੀ ਬਚਾਉਂਣ ਦੇ ਨਾਂ ਤੇ ਲੋਕਾਂ ਦੀਆਂ ਜਵਾਨ ਕੁੜੀਆਂ ਨਾਲ ਧੱਕਾ ਮੁੱਕੀ ਅਤੇ ਬੇਇੱਜਤੀ ਕੀਤੀ ਜਾ ਰਹੀ ਸੀ। ਪੁਲਿਸ ਵਾਲੇ ਇਨ੍ਹਾਂ ਸੰਸਕ੍ਰਿਤੀ ਬਚਾਉਂਣ ਵਾਲਿਆਂ ਦੀ ਗੁੰਡਾਗਰਦੀ ਨੂੰ ਤਮਾਸ਼ੇ ਵਾਂਗ ਦੇਖ ਰਹੇ ਮੁਸਕੜੀਆਂ ਹੱਸ ਰਹੇ ਸਨ। ਸਗੋਂ ਕੁੱਝ ਲੇਡੀਜ ਪੁਲਿਸ ਵਾਲੀਆਂ ਬੀਬੀਆਂ ਰਾਮ ਭਗਤਾਂ ਨਾਲੋਂ ਵੀ ਅਗੇ ਹੋ ਕੇ ਪਾਰਕਾਂ ਵਿੱਚ ਬੈਠੀਆਂ ਕੁੜੀਆਂ ਦਾ ਕੁਟਾਪਾ ਚ੍ਹਾੜ ਰਹੀਆਂ ਅਤੇ ਧੋਲ ਧੱਪਾ ਕਰਕੇ ਸੰਸਕ੍ਰਿਤੀ ਨੂੰ ਚਾਰ ਚੰਨ ਲਾ ਰਹੀਆਂ ਸਨ।

ਰਾਮ ਭਗਤਾਂ ਦੇ ਹੱਥਾਂ ਵਿੱਚ ਡਾਗਾਂ ਅਤੇ ਸਰੀਏ ਫੜੇ ਹੋਏ ਸਨ ਉਹ ਬੜੇ ਚਿੰਚਤ ਜਾਪ ਰਹੇ ਸਨ ਹਿੰਦੋਸਤਾਨ ਦੀ ਸੰਸਕ੍ਰਿਤੀ ਲਈ। ਬਾਬਾ ਫੋਜਾ ਸਿੰਘ ਸੋਚ ਰਿਹਾ ਸੀ ਕਿ ਇਸ ਸੰਸਕ੍ਰਿਤੀ ਨੂੰ ਬਚਾਉਂਣ ਲਈ ਵਿਚਾਰਿਆਂ ਹਿੰਦੂਆਂ ਦਾ ਦਰਿਆਵਾਂ ਦੇ ਦਰਿਆ ਲਹੂ ਡਲ੍ਹ ਚੁੱਕਿਆ ਹੈ। ਇਤਿਹਾਸ ਭਰਿਆ ਪਿਆ ਹੈ ਸੰਸਕ੍ਰਿਤੀ ਨੂੰ ਬਚਾਉਂਣ ਲਈ ਇਨ੍ਹਾਂ ਦੀਆਂ ਕੀਤੀਆਂ ਕੁਰਬਾਨੀਆਂ ਦਾ।

ਕਦੇ ਇਨ੍ਹਾਂ ਅਰੰਗਜੇਬ ਤੋਂ ਸੰਸਕ੍ਰਿਤੀ ਨੂੰ ਬਚਾਇਆ, ਕਦੇ ਨਾਦਰ ਕੋਲੋਂ ਗਜਨਵੀ ਕੁੜੀਆਂ ਭੇਜ ਕੇ ਸੰਸਕ੍ਰਿਤੀ ਨੂੰ ਕਾਬਲ ਤੋਂ ਲਿਆਦਾਂ, ਕਦੇ ਅਬਦਾਲੀ ਵਲੋਂ ਮੁੰਡੇ-ਕੁੜੀਆਂ ਦੇ ਵੱਗ ਲਈ ਜਾਂਦੇ ਛੁਡਾ ਕੇ ਸੰਸਕ੍ਰਿਤੀ ਨੂੰ ਬਚਾਇਆ। ਸੰਸਕ੍ਰਿਤੀ ਨੂੰ ਬਚਾਉਂਣ ਦਾ ਲੰਮਾ ਇਤਿਹਾਸ ਦੇਖ ਕੇ ਬਾਬੇ ਦਾ ਦਿਲ ਸੱਚਮੁਚ ਅਸ਼-ਅਸ਼ ਕਰ ਰਿਹਾ ਸੀ ਇਨ੍ਹਾ ਰਾਮ ਭਗਤਾਂ ਤੇ ਜਿਹੜੇ ਹਾਲੇ ਵੀ ਸੰਸਕ੍ਰਿਤੀ ਲਈ ਜਾਨਾ ਹੂਲਣੋਂ ਨਹੀ ਸਨ ਹਟੇ।

ਬਾਬੇ ਫੋਜਾ ਸਿੰਘ ਦਾ ਧਿਆਨ ਫਿਰ ਸੰਸਕ੍ਰਿਤੀ ਦੇ ਇਤਿਹਾਸ ਵਲ ਚਲੇ ਜਾਂਦਾ ਹੈ। ਵਿਸ਼ਨੂੰ ਭਗਵਾਨ ਜੀ ਜਲੰਧਰ ਨਾਲ ਜੰਗ ਜਿੱਤਣ ਲਈ ਉਸਦੀ ਪਤਨੀ ਦੀ ਸੰਸਕ੍ਰਿਤੀ ਭੰਗ ਕਰਦੇ ਹਨ, ਫਿਰ ਉਨ੍ਹਾ ਨੂੰ ਸੰਖਚ੍ਹੜ ਦੈਂਤ ਦੀ ਸੰਸਕ੍ਰਿਤੀ ਚੰਗੀ ਨਹੀ ਲੱਗੀ ਉਹ ਉਸ ਦੀ ਪਤਨੀ ਦੀ ਸੰਸਕ੍ਰਿਤੀ ਵੀ ਭੰਗ ਕਰਕੇ ਬੇਹੱਦ ਪੁੰਨ ਦਾ ਕੰਮ ਕਰਦੇ ਹਨ। ਇੰਦਰ ਜੀ ਮਹਾਰਾਜ ਤਾਂ ਹੈ ਹੀ ਇਸੇ ਕੰਮ ਤੇ ਸਨ ਕਿਉਂਕਿ ਉਹ ਰਿਗ ਵੇਦ ਮੁਤਾਬਕ ਪੂਰਾ ਸੰਢਾ ਖਾ ਜਾਂਦੇ ਅਤੇ ਘੜਾ ਸੋਮਰਸ ਦਾ ਛਕ ਜਾਦੇ ਸਨ ਉਹ ਬਾਬਿਆਂ ਦੇ ਖਾਧੇ ਕਾਜੂ-ਪਿਸਤਿਆਂ ਵਾਂਗ ਕਿਧਰੇ ਤਾਂ ਜਾਣਾ ਹੀ ਸੀ।

ਕ੍ਰਿਸ਼ਨ ਭਗਵਾਨ ਜੀ ਰੁਕਮਣੀ ਜੀ ਦੀ ਸੰਸਕ੍ਰਿਤੀ ਬਚਾਉਂਣ ਲਈ ਉਸ ਨੂੰ ਘੋੜੇ ਤੇ ਬੈਠਾ ਅੱਡੀ ਲਾ ਜਾਦੇ ਹਨ। ਗੋਪੀਆਂ ਦੀ ਸੰਸਕ੍ਰਿਤੀ ਨਾਲ ਤਾਂ ਉਨ੍ਹਾਂ ਦਾ ਜਿਆਦਾ ਹੀ ਮੋਹ ਸੀ। ਕਦੇ ਉਹ ਗੋਪੀਆਂ ਦੇ ਕੱਪੜੇ ਲੈ ਕੇ ਰੁੱਖ ਉਪਰ ਚੜ੍ਹ ਜਾਂਦੇ ਤੇ ਗੋਪੀਆਂ ਬਾਹਰ ਆਉਦੀਆਂ ਤਾਂ ਉਨ੍ਹਾਂ ਨੂੰ ਅਪਣੀ ਸੰਸਕ੍ਰਿਤੀ ਬਚਾਉਂਣ ਦੀ ਸ਼ਰਤ ਤੇ ਹੱਥ ਜੋੜ ਨਮਸ਼ਕਾਰ ਕਰਨ ਲਈ ਕਹਿੰਦੇ ਤਾਂ ਕਿ ਹੱਥਾਂ ਦੇ ਉਪਰ ਉਠਣ ਨਾਲ ਉਹ ਸੰਸਕ੍ਰਿਤੀ ਚੰਗੀ ਤਰ੍ਹਾਂ ਦੇਖ ਸਕਣ।

ਰਾਮ ਜੀ ਭਗਵਾਨ ਸੰਸਕ੍ਰਿਤੀ ਨੂੰ ਇਤਨਾ ਪਿਆਰ ਕਰਦੇ ਸਨ ਕਿ ਧੋਬੀ ਦੇ ਕਹਿਣ ਤੇ ਇੱਕ ਅਬਲਾ, ਜਿਸਦੇ ਕੁੱਝ ਚਿਰ ਨੂੰ ਬੱਚਾ ਹੋਣ ਵਾਲਾ ਹੈ ਉਸ ਨੂੰ ਘਰੋਂ ਕੱਢ ਕੇ ਜੰਗਲਾਂ ਵਿੱਚ ਛੱਡ ਦਿੰਦੇ ਹਨ। ਬ੍ਰਹਮਾ ਜੀ ਭਗਵਾਨ ਵੀ ਬਹੁਤ ਸੰਸਕ੍ਰਿਤੀ ਦੇ ਪ੍ਰੇਮੀ ਸਨ ਸ਼ਿਵ ਪੁਰਾਣ `ਚ ਉਨ੍ਹਾ ਦੀ ਸੰਸਕ੍ਰਿਤੀ ਨਾਲ ਮੁਹਬੱਤ ਦਾ ਬਹੁਤ ਦਿਲਚਚਸਪ ਵਰਨਨ ਹੈ ਕਿ ਉਹ ਵਿਚਾਰੇ ਸ਼ਿਵ ਜੀ ਦੇ ਫੇਰਿਆਂ ਵੇਲੇ ਪਾਰਬਤੀ ਦਾ ਕੇਵਲ ਪੈਰ ਹੀ ਦੇਖ ਕੇ ਹੀ ਅਜਿਹੇ ਨਿਹਾਲ ਹੋਏ ਕਿ ਸੰਸਕ੍ਰਿਤੀ ਪੈਰ ਤੋਂ ਕੁਰਬਾਨ ਕਰ ਛੱਡੀ।

ਬਾਬੇ ਫੋਜਾ ਸਿੰਘ ਨੂੰ ਪਤੈ ਕਿ ਇਹ ਸਾਰਾ ਕੁੱਝ ਉਹ ਖੁਦ ਨਹੀ ਸੋਚ ਰਿਹਾ ਬਲਕਿ ਜੋ ਬ੍ਰਹਾਮਣ ਨੇ ਅਪਣੇ ਗਰੰਥਾਂ ਰਾਂਹੀ ਪੜਾਇਆ ਉਹੀ ਸੋਚ ਰਿਹਾ ਪਰ ਉਸ ਸੰਸਕ੍ਰਿਤੀ ਦੇ ਇਸ ਲੰਮੇ ਇਤਿਹਾਸ ਬਾਰੇ ਅਗੋਂ ਸੋਚਣਾ ਬੰਦ ਕਰ ਦਿੱਤਾ। ਕੀ ਪਤਾ ਸੰਸਕ੍ਰਿਤੀ ਬਾਬੇ ਦੁਆਲੇ ਵੀ ਡਾਗਾਂ ਲੈ ਕੇ ਆਣ ਹੋਏ। ਉਹ ਬੀਬੀਆਂ ਤਾਂ ਚਲ ਜਵਾਨ-ਜਹਾਨ ਸਨ ਧੌਲ-ਧੱਪਾ ਝੱਲ ਗੀਆਂ ਪਰ ਬਾਬੇ ਕੋਲੋਂ ਥੋੜੋਂ ਬੁੱਢੇ ਹੱਡ ਕੁਟਵਾਏ ਜਾਣੇ ਸਨ ਇਸ ਲਈ ਬਾਬੇ ਨੇ ਸੰਸਕ੍ਰਿਤੀ ਵਾਲਾ ਚੈਪਟਰ ਹੀ ਬੰਦ ਕਰ ਦਿੱਤਾ।

ਸੱਪ ਅਤੇ ਡੱਡੂ

ਕਹਿੰਦੇ ਨੇ ਕਿ ਇੱਕ ਤਲਾਅ ਦੇ ਕੰਡੇ ਇੱਕ ਬੁੱਢਾ ਸੱਪ ਬੈਰਾਗੀ ਬਣ ਕੇ ਬੈਠ ਗਿਆ। ਉਸ ਨੂੰ ਇੰਝ ਸਮਾਧੀ ਲੀਨ ਦੇਖ ਇੱਕ ਡੱਡੂ ਬਾਹਰ ਆਇਆ ਤੇ ਪੁੱਛਣ ਲੱਗਾ ਕਿ ਮਾਮਾ ਜੀ! ਕੀ ਗੱਲ ਇੰਝ ਉਦਾਸ ਹੋਏ ਸਮਾਧੀ ਲਾਈ ਬੈਠੇ ਹੋ ਖੈਰ ਤਾਂ ਹੈ?

ਬੁੱਢਾ ਸੱਪ ਬੋਲਿਆ ਕਿ ਭਰਾਵਾ ਕੀ ਪੁੱਛਦਾ ਮੈਂ ਨਿਕਰਮਾ ਤਾਂ ਸਰਾਪਿਆ ਹੋਇਆ ਅਪਣਾ ਸਰਾਪ ਭੁਗਤਣ ਦੀ ਚਿੰਤਾ ਵਿੱਚ ਹਾਂ।

ਡੱਡੂ ਹੈਰਾਨ ਹੋਇਆ ਕਿ ਮਾਮਾ ਤੈਨੂੰ ਕੀ ਸਰਾਪ ਲੱਗ ਗਿਆ?

ਸੱਪ ਕਹਿਣ ਲੱਗਾ ਕਿ ਗੱਲ ਦਰਅਸਲ ਇੰਝ ਹੋਈ ਕਿ ਮੈ ਇੱਕ ਡੱਡੂ ਨੂੰ ਖਾਣ ਲਈ ਉਸ ਦੇ ਮਗਰ ਦੌੜਿਆ ਪਰ ਡੱਡੂ ਭੱਜ ਕੇ ਵੇਦ ਪਾਠੀ ਬ੍ਰਹਾਮਣਾ ਵਿੱਚ ਕਿਧਰੇ ਲੁੱਕ ਗਿਆ। ਮੈਂ ਇੱਕ ਬ੍ਰਹਾਮਣ ਦੇ ਮੁੰਡੇ ਦਾ ਅਗੂੰਠਾ ਦੇਖਿਆ ਤੇ ਡੱਡੂ ਦੇ ਭੁਲੇਖੇ ਮੈਂ ਉਸ ਨੂ ਡੰਗ ਕੱਢ ਮਾਰਿਆ ਤੇ ਮੁੰਡਾ ਮਰ ਗਿਆ। ਮੁੰਡੇ ਦੇ ਪਿਉ, ਦੁੱਖੀ ਹੋਏ ਬ੍ਰਹਾਮਣ ਨੇ ਮੈਨੂੰ ਸਰਾਪ ਦੇ ਦਿਤਾ ਕਿ ਜਾਹ ਦੁਸ਼ਟਾ ਇੱਕ ਡੱਡੂ ਪਿਛੇ ਤੂੰ ਮੇਰੇ ਮੁੰਡੇ ਦੀ ਜਾਨ ਲਈ ਹੈ ਹੁਣ ਤੂੰ ਡੱਡੂਆਂ ਦੀ ਸਵਾਰੀ ਬਣੇਗਾ ਤੇ ਉਹਨਾ ਨੂੰ ਅਪਣੀ ਪਿੱਠ ਤੇ ਬਹਾ ਕੇ ਹੂਟੇ ਦਿਆ ਕਰੇਂਗਾ ਤਾਂ ਤੇਰਾ ਭਲਾ ਹੋਵੇਗਾ ਤੇ ਤੇਰਾ ਖਾਣ-ਪੀਣ ਵੀ ਡੱਡੂ ਭਰਾਵਾਂ ਆਸਰੇ ਹੀ ਹੋਵੇਗਾ। ਸੋ ਭਰਾ ਮੈ ਤਾਂ ਇਸੇ ਚਿੰਤਾ ਵਿੱਚ ਹਾਂ ਕਿ ਡੱਡੂਆਂ ਨੂੰ ਅਪਣੀ ਪਿੱਠ ਤੇ ਸੈਰ ਕਰਾ ਕੇ ਸਰਾਪ ਕਿੰਝ ਪੂਰਾ ਕਰਾਂ।

ਬੁੱਢੇ ਸੱਪ ਦੀ ਗੱਲ ਸੁਣਕੇ ਡੱਡੂ ਫੋਰਨ ਤਲਾਅ ਵਿੱਚ ਗਿਆ ਤੇ ਉਸ ਅਪਣੇ ਭਾਈਬੰਦਾਂ ਨੂੰ ਸੱਪ ਵਲੋਂ ਸੁਣਾਈ ‘ਖੁਸ਼ਖ਼ਬਰੀ` ਦਸੀ। ਸੁਣ ਕੇ ਸਾਰੇ ਡੱਡੂ ਬੜੇ ਖੁਸ਼ ਹੋਏ ਕਿ ਇੱਕ ਤਾਂ ਸਾਡਾ ਜੱਦੀ ਦੁਸ਼ਮਣ ਸਾਡਾ ਮਿੱਤਰ ਬਣ ਗਿਆ ਦੂਜਾ ਸੱਪ ਦੀ ਸਵਾਰੀ ਦਾ ਅਨੰਦ ਮਾਣਿਆਂ ਕਰਾਂਗੇ।

ਝੂਟੇ ਲੈਂਦੇ ਡੱਡੂ ਬੜੇ ਖੁਸ਼ ਹੋਏ ਕਿ ਕਿੰਨੀ ਵੱਡੀ ਹਸਤੀ ਦੀ ਅਸੀਂ ਪਿੱਠ ਤੇ ਚੜੇ ਫਿਰਦੇ ਹਾਂ। ਉਹਨਾ ਹੋਰ ਜੀਵਾਂ ਨੂੰ ਸਗੋਂ ਦਿਖਾ-ਦਿਖਾ ਕੇ ਗੜੈਂ-ਗੜੈਂ ਕਰਿਆ ਕਰਨੀ। ਇੱਕ ਵਾਰੀ ਬੁੱਢੇ ਸੱਪ ਦਾ ਇੱਕ ਪੁਰਾਣਾ ਮਿੱਤਰ ਮਿਲਿਆ ਤੇ ਬੜਾ ਹੈਰਾਨ ਕਿ ਇਹ ਅਪਣਾ ‘ਖਾਜਾ` ਨਾਲ ਹੀ ਚੁੱਕੀ ਫਿਰਦਾ ਇਹ ਤਾਂ ‘ਇਨਕਲਾਬ` ਹੋ ਗਿਆ।

ਤੇ ਆਖਰ ਤਲਾਅ ਤੋਂ ਦੂਰ ਲਿਜਾ ਕੇ ਸੱਪ ਨੇ ਡੱਡੂਆਂ ਦਾ ‘ਬਰੇਕ-ਫਾਸਟ` ‘ਡਿਨਰ` ਆਦਿ ਇਹ ਕਹਿ ਕੇ ਕਰਨਾ ਸ਼ੁਰੂ ਕਰ ਦਿਤਾ ਕਿ ਦੇਖੋ ਭਰਾਵੋ ਬ੍ਰਹਮਾਣ ਦੇ ਸਰਾਪ ਵਿੱਚ ਇਹ ਗੱਲ ਵੀ ਸ਼ਾਮਲ ਸੀ ਕਿ ਤੇਰਾ ਖਾਣਾ-ਦਾਣਾ ਡੱਡੂਆਂ ਦੀ ‘ਕ੍ਰਿਪਾ` ਨਾਲ ਚਲਿਆ ਕਰੇਗਾ।

ਬਾਬਾ ਫੋਜਾ ਸਿੰਘ ਨੇ ਜਦ ਇਹ ਕਹਾਣੀ ਪੜੀ ਤਾਂ ਉਸ ਨੂੰ ਅਪਣੇ ੧੯੪੭ ਤੋਂ ਲੈ ਕੇ ਹੁਣ ਤੱਕ ਦੇ ਸਾਰੇ ਮੂਰਖ ‘ਡੱਡੂ` ਯਾਦ ਆ ਗਏ ਜਿਹੜੇ ਨਿਗੂਣੀਆਂ ਜਿਹੀਆਂ ਕੁਰਸੀਆਂ ਦੇ ਹੂਟਿਆਂ ਉਪਰ ਹੀ ਸਾਰੀ ਉਮਰ ਗੜੈ-ਗੜੈਂ ਕਰਦੇ ਮਰ ਗਏ ਪਰ ਬਾਕੀ ਕੌਮ ਨੂੰ ਸੱਪਾਂ ਦਾ ਖਾਜਾ ਬਣਨ ਛੱਡ ਗਏ।

ਬਾਬਾ ਹੋਰ ਵੀ ਹੈਰਾਨ ਸੀ ਕਿ ਉਹਨਾ ‘ਡੱਡੂਆਂ` ਤੋਂ ਅੱਜ ਦੇ ਸਿੱਖਾਂ ਦੇ ਰਾਜਨੀਤਕ ‘ਡੱਡੂਆਂ` ਕੋਈ ਸਬਕ ਨਹੀ ਲਿਆ ਤੇ ਉਹ ਵੀ ਕੀ ਬਾਹਰ ਤੇ ਕੀ ਪੰਜਾਬ ਵਿੱਚ ਸੱਪਾਂ ਦੀਆਂ ਪਿੱਠਾਂ ਤੇ ਛੋਟੇ-ਛੋਟੇ ਝੁਟਿਆਂ ਨੂੰ ਹੀ ਅਪਣੀ ਬੜੀ ਵੱਡੀ ਪ੍ਰਾਪਤੀ ਸਮਝਦੇ ਫਿਰ ਰਹੇ ਹਨ ਬਿਨਾ ਇਹ ਜਾਣੇ ਕਿ ਇਹ ਲੋਕ ਮੋਮੋਠੱਗਣੀਆਂ ਮਾਰ ਕੇ ਕੌਮ ਦਾ ‘ਬਰੇਕਫਾਸਟ` ਕਰੀ ਜਾ ਰਹੇ ਹਨ।

ਪ੍ਰਧਾਨਾ ਦੇ ਅਸਤੀਫੇ

ਲਿਸ਼ਕਦੀ ਤਲਵਾਰ, ਚਿਹਰੇ ਤੇ ਰੋਅਬ, ਬੋਲਾਂ ਵਿੱਚ ਜੋਸ਼ ਤੇ ਗੁਰੂ ਜੀ ਨੇ ਭਰਵੀ ਅਵਾਜ ਵਿੱਚ ਸਿਰ ਮੰਗਿਆ। ਇੱਕ ਦਮ ਸਨਾਟਾ ਛਾ ਗਿਆ। ਕੌਣ ਰੱਖੇ ਤਿੱਖੀ ਧਾਰ ਹੇਠ ਸਿਰ। ਮਸੰਦ ਤੇ ਡਰਪੋਕ ਪੰਡਾਲ ਛਡ ਕੇ ਦੌੜ ਗਏ। ਹੱਦ ਹੋ ਗਈ! ਇਹ ਕੀ ਗੁਰੂ ਹੋਇਆ ਬਈ! ਬਿਲਾ ਵਜਾਹ ਸਿਰ ਵੱਡਣੇ ਸ਼ੁਰੂ ਕਰ ਦਿਤੇ। ਅਸੀਂ ਦਸ ਕੋਈ ਬੱਕਰੇ ਆਂ ਜਿਹੜੇ ਬਲੀ ਚ੍ਹਾੜਨੇ ਨੇ?

ਪਰ ਇੱਕ ਸਿਦਕੀ ਯੋਧਾ ਉਠਿਆ। ਫਿਰ ਦੂਜਾ ਫਿਰ ਤੀਜਾ ਤੇ ਇੰਝ ਪੰਜ ਸਿਰ ਗੁਰੂ ਦੀ ਭੇਟ ਹੋ ਗਏ। ਗੁਰੂ ਬਾਗੋ-ਬਾਗ ਗੁਰਸਿਖਾਂ ਦੇ ਮੂੰਹ ਪਿਆ ਚੁੰਮੇ, ਅਸੀਸਾਂ ਦੇਵੇ ਤੇ ਘੁੱਟ ਘੁੱਟ ਹਿੱਕ ਨਾਲ ਪਿਆ ਲਾਵੇ। ਗੁਰੂ ਦੀ ਖੁਸ਼ੀ ਡੁਲ੍ਹ ਡੁਲ ਪਈ ਪਵੇ।

ਬਾਬੇ ਫੋਜਾ ਸਿੰਘ ਨੇ ਜਦ ਇਹ ਗੁਰ ਇਤਿਹਾਸ ਸੁਣਿਆਂ ਤਾਂ ਉਸ ਦਾ ਮਨ ਭਰ ਆਇਆ। ਉਸ ਤੋਂ ਬਾਅਦ ਦਾ ਇਤਿਹਾਸ ਅੱਖ ਦੇ ਫੋਰ ਵਿੱਚ ਦੀ ਉਸਦੀਆਂ ਅੱਖਾਂ ਅੱਗੋਂ ਗੁਜਰ ਗਿਆ। ਚਰਖੜੀਆਂ, ਟੋਕੇ, ਰੰਬੀਆਂ, ਮੰਨੂੰ ਦੀਆਂ ਚੱਕੀਆਂ, ਠਰੀਆਂ ਦੀਵਾਰਾਂ ਵਿੱਚ ਖੜੋਤੇ ਦੋ ਮਸੂਮ, ਚਮਕੌਰ ਵਿੱਚ ਪਿਉ ਦੇ ਸਾਹਵੇਂ ਟੋਟੇ-ਟੋਟੇ ਹੋ ਕੇ ਡਿੱਗਦੇ ਜਵਾਨ ਪੁੱਤਰ, ਫਾਸੀਆਂ ਦੇ ਰੱਸੇ, ਤੋਪਾਂ ਦੇ ਗੋਲੇ, ਮਾਲ ਮੰਡੀ ਦੇ ਕਸਾਖਾਨੇ, ਰੋਹੀਆਂ ਨਹਿਰਾਂ ਅਤੇ ਦਿੱਲੀ ਦੀਆਂ ਗਲੀਆਂ ਵਿੱਚ ਰੁਲਦੀਆਂ ਲਾਸ਼ਾਂ।

ਬਾਬਾ ਸੋਚੀਂ ਪਿਆ ਹੋਰ ਹੀ ਕਿਧਰੇ ਚਲਾ ਗਿਆ। ਗੁਰੂ ਜੀ ਇੱਕ ਵਾਰ ਫਿਰ ਤਲਵਾਰ ਖਿਚਕੇ ਪੰਡਾਲ ਵਿੱਚ ਆਉਂਦੇ ਹਨ। ਇਸ ਵਾਰੀ ਉਹਨਾ ਸੰਸਾਰ ਦੇ ਗੁਰੁਦਆਰਿਆਂ ਦੇ ਸਾਰੇ ਪ੍ਰਧਾਨਾ ਨੂੰ ਸੱਦਾ ਭੇਜਿਆ ਸੀ।

ਹਾਂ ਬਈ ਪ੍ਰਧਾਨੋ! ਬਹੁਤ ਹੋ ਗਿਆ, ਬਹੁਤ ਖੱਪ ਪਾ ਲਈ ਤੁਸੀਂ, ਬਹੁਤ ਲੁੱਟ ਮਾਰ ਕਰ ਲਈ, ਬੜੀ ‘ਇੱਜਤ’ ਕਰਾਈ ਤੁਸੀਂ ਕੌਮ ਦੀ, ਬੜਾ ਪੈਸਾ ਕੌਮ ਦਾ ਫੁਕ ਸੁੱਟਿਆ ਤੁਸਾਂ ਕੋਟਾਂ ਵਕੀਲਾਂ ਕੋਲੇ, ਬਹੁਤ ਢੋਕਲੀਆਂ ਕੁੱਟਣੇ ਸੱਦ-ਸੱਦ ਚਾਰ ਚੰਨ ਲਾ ਦਿਤੇ ਤੁਸਾਂ ਸਿੱਖੀ ਨੂੰ, ਲਿਆਉ ਹੁਣ ਅਪਣੇ ਅਸਤੀਫਿਆਂ ਦੀ ਬਲੀ ਤੇ ਗੁਰੁਦਆਰਿਆਂ ਵਿਚੋਂ ਦਫਾ ਹੋਵੋ। ਖਹਿੜਾ ਛੱਡੋ ਕੌਮ ਦਾ!

ਪ੍ਰਧਾਨੀ ਪੰਡਾਲ ਵਿੱਚ ਸਨਾਟਾ ਛਾ ਗਿਆ। ਉਹਨਾ ਤਾਂ ਮਸੰਦਾਂ ਵਾਂਗ ਸੋਚਿਆ ਸੀ ਗੁਰੂ ਜੀ ਨੇ ਸਾਨੂੰ ਸਿਰੋਪੇ ਦੇਣ ਲਈ ਸੱਦਿਆ ਹੈ ਪਰ ਇਥੇ ਤਾਂ ਕਹਾਣੀ ‘ਬਲੀ’ ਦੇਣ ਦੀ ਹੋ ਰਹੀ ਸੀ। ਹੁਣ ਕਿਹੜਾ ਮੈਦਾਨ ਵਿੱਚ ਆਏ। ਕਿਹੜਾ ਛੱਡੇ ਕੋਟਾਂ ਕਚਹਿਰੀਆਂ ਵਿੱਚ ਧੱਕੇ ਖਾ ਕੇ ਵਕੀਲਾਂ ਰਾਂਹੀ ਲਈ ਆਪਣੀ ‘ਬਾਦਸ਼ਾਹੀ’! ਥੋੜੇ ਸਨਾਟੇ ਬਾਅਦ ਪ੍ਰਧਾਨ ਸਾਹਿਬਾਨ ਦੀ ਸਭਾ ਸੰਭਲੀ ਅਤੇ ਉਹਨਾ ਵਿੱਚ ਘੁਸਰ ਮੁਸਰ ਸ਼ੁਰੂ ਹੋ ਗਈ। ਆਖਰ ਇੱਕ ਬੋਲਣ ਤੋਂ ਬਾਅਦ ਦੂਜਾ ਤੇ ਫਿਰ ਸਾਰੇ ਭੜਕ ਪਏ।

ਪਾਤਸ਼ਾਹ! ਤੁਹਾਨੂੰ ਨਹੀ ਪਤਾ ਗੁਰਦੁਆਰਿਆਂ ਦੇ ਪ੍ਰਬੰਧ ਕਿਵੇਂ ਚਲਦੇ ਨੇ ਅਸੀਂ ਤੁਹਾਡਾ ਬਣਦਾ ਸਤਿਕਾਰ ਕਰਾਂਗੇ ਪਰ ਕ੍ਰਿਪਾ ਕਰਕੇ ਸਾਡੇ ਮਸਲਿਆਂ ਵਿੱਚ ਨਾ ਆਉ। ਐਨੀ ਮਿਹਨਤ ਅਤੇ ਧੱਕੇ ਖਾ ਕੇ ਕਬਜਾ ਲਈਦਾ ਹੁਣ ਇੰਨਾ ਸੌਖਾ ਅਸਤੀਫਾ ਨਹੀ ਅਸੀਂ ਤੁਹਾਨੂੰ ਦੇਣ ਲਗੇ। ਜਾ ਕੇ ਕਿਸੇ ਵਕੀਲ ਨਾਲ ਗਲ ਕਰੋ ਅਸੀਂ ਗੁਰਦੁਆਰੇ ਚੁੱਕ ਕੇ ਨਹੀ ਲੈ ਚਲੇ। ਹਾਂਅ!

ਗੁਹਜ ਗਿਆਨ?

ਬਾਬਾ ਫੌਜਾ ਸਿੰਘ ਪਿੰਡ ਦੇ ਗੁਰਦੁਆਰਿਉਂ ਮੱਥਾ ਟੇਕਕੇ ਜਦ ਬਾਹਰ ਨਿਕਲਿਆ ਤਾਂ ਗੁਰਦੁਆਰੇ ਦੇ ਥੜੇ ਉਪਰ ਬੈਠਾ ਭਾਈ ਪਿਆਰਾ ਸਿੰਘ ਕੋਸੀ-ਕੋਸੀ ਧੁੱਪ ਵਿੱਚ ਸਵਾਦੋ-ਸਾਵਦ ਹੋਇਆ ਪੋਥੀ ਤੋਂ ਕੁੱਝ ਪੜ ਰਿਹਾ ਸੀ। ਬਾਬਾ ਦਸੌਂਧਾਂ ਸਿੰਘ ਨੂੰ ਜਾਪਿਆ ਕਿ ਭਾਈ ਜੀ ਹੁਰੀਂ ਬੜੇ ਪ੍ਰੇਮ ਵਿੱਚ ਭਿੱਜ ਕੇ ਬਾਣੀ ਗਾ ਰਹੇ ਹਨ ਤੇ ੳੇਹ ਵੀ ਕੁੱਝ ਸੁਣਨ ਦੇ ਇਰਾਦੇ ਨਾਲ ਭਾਈ ਜੀ ਹੁਰਾਂ ਕੋਲੇ ਜਾ ਬੈਠਿਆ। ਭਾਈ ਜੀ ਬਾਬੇ ਨੂੰ ਦੇਖ ਕੇ ਮੂੰਹ ਵਿੱਚ ਪ੍ਹੜਨ ਲਗ ਗਏ। ਬਾਬਾ ਫੋਜਾ ਸਿੰਘ ਭਾਈ ਜੀ ਨੂੰ ਚੱਪ ਕਰ ਗਿਆ ਦੇਖ ਬੋਲ ਪਿਆ, ਭਾਈ ਜੀ ਸਾਨੂੰ ਵੀ ਸੁਣਾਉ ਕੋਈ ਗੁਰੁ ਦੀ ਗਲ? ਭਾਈ ਜੀ ਦਾ ਮੂੰਹ ਨਿੱਕਾ ਜਿਹਾ ਹੋ ਗਿਆ। ਉਹ ਛੇਤੀ ਦੇਣੀ ਪੋਥੀ ਵਲੇਟਣ ਲਗਿਆ ਤਾਂ ਬਾਬੇ ਨੇ ਉਸਦਾ ਹੱਥ ਫੜ ਲਿਆ।

ਭਾਈ ਜੀ, ਨਰਾਜ ਹੋ? ਕਿਹੜੀ ਬਾਣੀ ਪ੍ਹੜ ਰਹੇ ਹੋ ਸਾਨੂੰ ਵੀ ਸੁਣਾਉ।

ਇਹ ਦਸਮੇ ਗੁਰੂ ਦੀ ਬਾਣੀ ਹੈ। ਫਿਰ ਕਿਤੇ ਸੁਣ ਲਿਆ ਜੇ ਹੁਣ ਤੁਸੀਂ ਕਾਹਲੀ ਵਿੱਚ ਲਗਦੇ ਹੋਂ।

ਸਾਨੂੰ ਬਿਲਕੁਲ ਕੋਈ ਕਾਹਲੀ ਨਹੀ ਹਾਲੇ ਬਹੁਤ ਸਮਾ ਹੈ ਸਾਡੇ ਮਰਨ ਦਾ, ਚਲੋ ਸੁਣਾਉ ਤੇ ਸਾਨੁੰ ਕ੍ਰਿਤਾਰਥ ਕਰੋ।

ਭਾਈ ਪਿਆਰਾ ਸਿੰਘ ਨੂੰ ਪਤਾ ਸੀ ਬਾਬਾ ਜਿੱਦੀ ਬੜਾ ਹੈ ਜੇ ਉਰੀ ਪਰੀ ਕੀਤੀ ਤਾਂ ਉਸ ਦੂਜੇ ਪਾਸੇ ਵਗ ਪੈਣਾਂ, ਉਹ ਕਸੂਤਾ ਫਸ ਗਿਆ।

ਜਦ ਉਸ ਦੇਖਿਆ ਕਿ ਬਾਬਾ ਨਹੀ ਗਲੋਂ ਲਹਿਣ ਵਾਲਾ ਤਾਂ ਉਹ ਆਲੇ ਦੁਆਲੇ ਡਰਿਆਂ ਵਾਂਗ ਦੇਖਣ ਲਗ ਪਿਆ। ਉਸ ਡਰੀ ਜਿਹੀ ਅਵਾਜ ਵਿੱਚ ਕਿਹਾ “ਆਹ ਬੱਚੀਆਂ ਗਈਆਂ ਅੰਦਰ ਮੱਥਾ ਟੇਕਣ ਇਹਨਾ ਨੂੰ ਜਾ ਲੈਣ ਦਿਉ। ਭਾਈ ਜੀ ਨੇ ਸੋਚਿਆ ਕਿ ਕੋਈ ਹੋਰ ਵੀ ਆਕੇ ਨਾ ਬੈਠ ਜਾਵੇ।

ਭਾਈ ਜੀ, ਹੱਦ ਹੋ ਗਈ ਸਾਡੀਆਂ ਬੱਚੀਆਂ ਕੀ ਗੁਰੁ ਦੀ ਗਲ ਨਹੀ ਸੁਣ ਸਕਦੀਆਂ? ਕੀ ਗੁਰੁ ਨੇ ਗਿਆਨ ਦੀਆਂ ਕੋਈ ਵੰਡੀਆਂ ਪਾਈਆਂ ਹੋਈਆਂ?

ਨਹੀ ਬਾਬਾ, ਇਹ ਗਲ ਨਹੀ, ਇਹ ਗੁਹਜ ਗਿਆਨ ਹੈ ਇਹ ਬੱਚੀਆਂ ਨਹੀ ਸੁਣ ਸਕਦੀਆਂ।

ਕਮਾਲ ਏ, ਸਾਨੂੰ ਅੱਜ ਪਤਾ ਲਗਾ ਕਿ ਗੁਰੂ ਸਾਡੇ ਨੇ ਕੋਈ ਅਜਿਹਾ ਗੁਹਜ ਗਿਆਨ ਵੀ ਬਖਸ਼ਸ਼ ਕੀਤਾ ਜਿਸਨੂੰ ਬੱਚੀਆਂ ਨਹੀ ਸੁਣ ਸਕਦੀਆਂ?

ਬਾਬੇ ਦੀ ਉਤਸੁਕਤਾ ਵਧ ਗਈ ਸੀ ਚੌਕੜਾ ਮਾਰ ਕੇ ਬੈਠ ਗਿਆ। ਚਲੋ ਭਾਈ ਜੀ ਅਸੀਂ ਵੀ ਸੁਣੀਏ ਗੁਰੁ ਅਪਣੇ ਗੁਰੂ ਦੀ ਗੁਹਜ ਕਥਾ।

ਭਾਈ ਨੇ ਕੰਬਦੇ ਹੱਥਾਂ ਨਾਲ ਪੋਥੀ ਖ੍ਹੋਲੀ ਤੇ ਵਰਕੇ ਇਧਰ-ਉਧਰ ਕਰਨ ਲਗਾ। ਕਈ ਚਿਰ ਇਦਾਂ ਕਰਦਿਆਂ ਦੇਖ ਬਾਬਾ ਖਿੱਝ ਗਿਆ ਤੇ ਜਿਥੇ ਸੀ ਉਥੋਂ ਹੀ ਕਰਨ ਦਾ ਉਸ ਹੁਕਮ ਚ੍ਹਾੜ ਦਿਤਾ।

ਭਾਈ ਜੀ ਕੰਬਦੀ ਅਵਾਜ ਵਿੱਚ ਪ੍ਹੜਨ ਲਗੇ-

“ਭਗ ਸੋ ਲਿੰਗ ਦਿਯੋ ਰਾਜਾ ਜਬ।। ਰੁਚ ਉਪਜੀ ਤਰਨੀ ਕੇ ਜਿਸ ਤਬ।। ਲਪਟਿ ਲਪਟਿ ਆਸਨ ਤਰ ਗਈ।। ਚੁੰਬਨ ਕਰਨ ਭੁਪ ਤੇ ਭਈ।। ੨੫।। ਗਹਿ ਗਹਿ……

ਭਾਈ ਜਰਾ ਰੁਕੋ, ਬਾਬੇ ਦਾ ਹੱਥ ਖੂੰਡੇ ਉਪਰ ਪੀਚਿਆ ਗਿਆ, “ਇਸਦੇ ਅਰਥ ਵੀ ਸਮਝਾ ਦਿਉ ਜਰਾ” ਬਾਬੇ ਨੇ ਅਨਜਾਣ ਬਣਦੇ ਕਿਹਾ। ਭਾਈ ਜੀ ਕੰਬੀ ਜਾ ਰਹੇ ਸਨ ਪਰ ਬੋਲੇ ਕੁੱਝ ਨਾ। ਬਾਬੇ ਨੇ ਉਸਦੀ ਹਾਲਤ ਦੇਖ ਅਗਲਾ ਸਵਾਲ ਕੀਤਾ। “ਚਲੋ ਭਾਈ ਜੀ, ਇਨਾ ਹੀ ਦਸ ਦਿਉ ਕਿ ਇਹ ਦਸਮ ਗੁਰੁ ਦੀ ਬਾਣੀ ਹੈ”?

ਜੀ, ਜੀ ਇਹ ਤਾਂ ਵ੍ਹਡੇ……ਹਾਲੇ ਭਾਈ ਜੀ ਨੇ ਵਾਕ ਪੂਰਾ ਹੀ ਨਹੀ ਸੀ ਕੀਤਾ ਕਿ ਬਾਬੇ ਖੂੰਡਾ ਚੁੱਕ ਲਿਆ। ਉਏ ਤੇਰਾ ਬੇੜਾ ਬਹਿਜੇ ਸਾਧਾ, ਉਏ ਪੂਜਾ ਦਾ ਧਾਨ ਖਾਣਿਉ ਤੁਹਾਡਾ ਬੇੜਾ ਗਰਕ ਜੇ, ਆਹ ਮੇਰੇ ਗੁਰੁ ਦੇ ਮੱਥੇ ਮੜ ਰਹੇ ਹੋ, ਖੜ ਜਾ ਤੇਰਾ ਰਹੇ ਕੱਖ ਨਾ ਜਾਈਂ ਨਾ. . ਭਾਈ ਜੀ ਅਗੇ-ਅਗੇ ਬਾਬਾ ਪਿੱਛੇ। ਪਰ ਭਾਈ ਜਿਆਦਾ ਭੱਜ ਲੈਂਦਾ ਕਰਕੇ ਪੋਥੀ ਵਿਚੇ ਛੱਡੀ ਛੂਟਾਂ ਵੱਟ ਗਿਆ।

ਗੁਰਦੇਵ ਸਿੰਘ ਸੱਧੇਵਾਲੀਆ




.