ਸ਼ਰਧਾ ਗੂੰਗੀ ਹੈ…?
ਬਿੱਲਕੁਲ ਸ਼ਰਧਾ ਗੂੰਗੀ ਹੈ। ਇਸ
ਵਿੱਚ ਕੋਈ ਸ਼ੱਕ ਨਹੀ! ਸਦੀਆਂ ਦੇ ਇਤਿਹਾਸ ਨੇ ਇਹੀ ਸਾਬਤ ਕੀਤਾ ਕਿ ਸ਼ਰਧਾ ਗੂੰਗੀ ਹੈ। ਸ਼ਰਧਾ ਹਰੇਕ
ਪੱਥਰ ਵੱਟੇ ਨੂੰ ਭਗਵਾਨ ਮੰਨਦੀ ਰਹੀ ਹੈ ਤੇ ਮੰਨ ਰਹੀ ਹੈ। ਸ਼ਰਧਾ ਨੂੰ ਕੋਈ ਫਰਕ ਨਹੀ ਪੈਂਦਾ
ਬ੍ਰਹਮਾ, ਇੰਦਰ ਜਾਂ ਵਿਸ਼ਨੂੰ ਚਾਹੇ ਬਲਾਤਕਾਰੀ ਹੀ ਕਿਉਂ ਨਾ ਹੋਣ ਉਹ ਉਨ੍ਹਾਂ ਨੂੰ ਹੁਣ ਤੱਕ ਭਗਵਾਨ
ਹੀ ਮੰਨਦੀ ਆ ਰਹੀ ਹੈ ਕਿਉਂਕਿ ਉਹ ਗੂੰਗੀ ਹੈ। ਸ਼ਰਧਾ ਲਈ ਕ੍ਰਿਸਨ ਰਾਮ ਸਭ ਰੱਬ ਹਨ, ਭਗਵਾਨ ਹਨ
ਚਾਹੇ ਜਿੰਨੀਆਂ ਮਰਜੀ ਗੋਪੀਆਂ ਨਾਲ ਰੰਗਰਲੀਆਂ ਮਨਾਉਂਣ, ਚਾਹੇ ਗਰਭਵਤੀ ਪਤਨੀ ਨੂੰ ਜੰਗਲ ਵਿੱਚ ਛੱਡ
ਦੇਣ ਪਰ ਸ਼ਰਧਾ ਨੇ ਕੇਵਲ ਸਿਰ ਝੁਕਾਉਂਣਾ ਹੈ ਕਿਉਂਕਿ ਉਹ ਗੁੰਗੀ ਹੈ।
ਸ਼ਰਧਾ ਲਈ ਇਹ ਗੱਲਾਂ ਕੋਈ ਮਾਇਨਾ ਨਹੀ ਰਖਦੀਆਂ ਰਹੀਆ ਕਿ ਉਸ ਦੀਆਂ ਧੀਆਂ ਭੈਣਾ ਚਾਹੇ ਨਾਦਰ ਲੈ ਜਾਏ
ਚਾਹੇ ਅਬਦਾਲੀ ਉਸ ਨੇ ਇਸ ਨੂੰ ਵੀ ਭਗਵਾਨ ਦਾ ਹੁਕਮ ਸਮਝਣਾ ਅਤੇ ਇੰਤਜਾਰ ਕਰਨੀ ਹੈ ਕਿ ਭਗਵਾਨ ਜੀ
ਸਾਡੇ ਦੁੱਖ ਹਰਨ ਲਈ ਫਿਰ ਅਵਤਾਰ ਲੈਣਗੇ। ਸ਼ਰਧਾ ਨੇ ਨਹੀ ਬੋਲਣਾ ਚਾਹੇ ਕਿਸੇ ਮਨੁੱਖੀ ਦੇਹੀ ਉਪਰ
ਸਿਰ ਹਾਥੀ ਦਾ ਹੀ ਕਿਉਂ ਨਾ ਲੱਗਾ ਹੋਵੇ। ਸ਼ਰਧਾ ਦਾ ਕੋਈ ਫਰਜ ਨਹੀ ਕਿ ਉਹ ਬੋਲੇ ਚਾਹੇ ਉਸ ਦੇ ਗੁਰੂ
ਨੂੰ ਕੋਈ ਲੋਕਾਂ ਦੀਆਂ ਔਰਤਾਂ ਨਾਲ ਕੰਧਾਂ ਹੀ ਕਿਉਂ ਨਾ ਟਾਪਈ ਫਿਰੇ। ਆਰਿਆਂ ਹੇਠ ਸਿਰ ਵਾਲਿਆਂ,
ਬੰਦ ਕਟਵਾਉਂਣ ਵਾਲਿਆਂ, ਦੇਗਾਂ ਵਿੱਚ ਉਬਲਣ ਵਾਲਿਆਂ ਸ਼ਰਧਾਵਾਨਾ ਸਾਹਵੇਂ ਜੇ ਉਨ੍ਹਾ ਦੇ ਹੱਥੀ
ਕੜੀਆਂ ਤੇ ਪੈਰੀ ਬੇੜੀਆਂ ਨਾ ਹੁੰਦੀਆਂ ਤਾਂ ਕੀ ਕੋਈ ਜੁਅਰਤ ਕਰ ਸਕਦਾ ਸੀ ਉਨ੍ਹਾ ਦੇ ਗੁਰੁ ਉਪਰ
ਅਜਿਹੇ ਘਟੀਆਂ ਇਲਜਾਮ ਲਾ ਜਾਂਦਾ? ਗਾਟਾ ਲਹਾ ਕੇ ਨਾ ਰੱਖ ਦਿੰਦੇ? ਜਾਂ ਘੱਟੋ ਘੱਟ ਕੀ ਚੁੱਪ ਕਰਕੇ
ਬੈਠਦੇ?
ਅਪਣੇ ਘਰ ਵਿੱਚ ਬੈਠਿਆਂ, ਅਰਾਮ ਦੀ ਜਿੰਦਗੀ ਜਿਉਂਦਿਆਂ, ਚੰਗਾ ਖਾਦਿਆਂ ਕਿੰਨਾ ਸਵਾਦ ਆਉਂਦਾ
ਚਰਖੜੀਆਂ ਤੇ ਚੜ੍ਹਨ ਵਾਲੇ, ਖੋਪਰੀਆਂ ਲੁਹਾਉਂਣ ਵਾਲੇ, ਘੋੜਿਆਂ ਦੀਆਂ ਕਾਠੀਆਂ ਤੇ ਸਾਉਂਣ ਵਾਲੇ
ਸੂਰਬੀਰਾਂ ਨਾਲ ਅਪਣੀ ਸ਼ਰਧਾ ਨੂੰ ‘ਮੈਚ’ ਕਰਦਿਆਂ ਪਰ ਮੈ ਖੜੋਤਾ ਕਿਥੇ ਹਾਂ? ਪੰਜਾਬ ਦਾ ਘਾਣ
ਮੇਰੀਆਂ ਕੀ ਅੱਖਾਂ ਸਾਹਵੇਂ ਨਹੀ ਹੋਇਆ? ਆਹੂ ਲਾਹ ਛੱਡੇ ਪੰਜਾਬ ਦੇ ਅਗਲਿਆਂ ਪਰ ਕਿਉਂਕਿ ਸ਼ਰਧਾ
ਗੂੰਗੀ ਹੈ ਮੈ ਕਿਉਂ ਬੋਲਾਂ? ਸ਼੍ਰ ਖਾਲੜੇ ਵਰਗੇ ਕੁੱਤਰਾ-ਕੁੱਤਰਾ ਹੋ ਕੇ ਮੱਛੀਆਂ ਦਾ ਭੋਜਨ ਬਣਨ।
ਮੈ ਤਾਂ ਕੇਵਲ ਸ਼ਰਧਾਵਾਨ ਹਾਂ! ਨਹੀ?
ਦਿੱਲੀ ਦੀਆਂ ਗਲੀਆਂ ਵਿੱਚ ਕੁੱਤਿਆਂ ਵਾਂਗ ਧੂਹ-ਧੂਹ ਕੇ ਮਾਰਿਆ ਮੇਰੇ ਭਰਾਵਾਂ ਨੂੰ, ਨੰਗੀਆਂ
ਕਰ-ਕਰ ਜਲੂਸ ਕੱਢੇ ਮੇਰੀਆਂ ਭੈਣਾਂ ਦੇ, ਮੇਰੀਆਂ ਧੀਆਂ ਦੇ ਸੜਕਾਂ ਤੇ ਬਲਾਤਕਾਰ ਹੋਏ। ਹਾਲੇ
ਤਾਰਕੁੰਡੇ ਵਰਗੇ ਜੱਜ ਲੋਕ ਤਾਂ ਬੋਲਣ ਪਰ ਮੈ ਕਿਉਂ? ਸ਼ਰਧਾ ਤਾਂ ਗੁੰਗੀ ਹੈ! ਪੰਜਾਬ ਦੀਆਂ ਰੋਹੀਆਂ
ਅਤੇ ਨਹਿਰਾਂ ਤੇ ਸਥਰ ਵਿਛਾ ਦਿੱਤੇ ਸਿੱਖ ਗਭਰੂਆਂ ਦੇ ਪਰ ਸ਼ਰਧਾ ਭੋਰਿਆਂ ਵਿੱਚ ਬੈਠ ਮਾਲਾ ਜਪਦੀ
ਰਹੀ? ਨਿੱਤ ਮੱਚਦੇ ਸਿਵੇ ਦੇਖ ਵੀ ਮੇਰੀ ਸ਼ਰਧਾ ਨੇ ਉਬਾਲਾ ਨਾ ਖਾਧਾ ਪਰ ਜਦ ਪੰਜਾਬ ਦੇ ਸਿਵੇ ਠੰਡੇ
ਹੋਏ ਤਾਂ ਸ਼ਰਧਾ ਜੀ ਵੀ ਚੁਮਟੇ ਢੋਲਕੀਆਂ ਲੈ ਮੇਰੇ ਆਣ ਦੁਆਲੇ ਹੋਈ ਅਤੇ ਲਗੀ ਦੇਹ ਤੇਰੀ ਦੀ ਸ਼ਰਧਾ
ਦਾ ਸਬਕ ਪੜਉਂਣ।
ਹੁਣ ਵੀ, ਹਾਲੇ ਵੀ, ਮੇਰੇ ਐਨ ਨੱਕ ਹੇਠ ਬਾਦਲ ਕੇ ਸ਼ਰੇਆਮ ਸਿੱਖ ਸਿਧਾਂਤਾ ਦੀਆਂ ਧੱਜੀਆਂ ਉਡਾ ਰਹੇ
ਹਨ, ਭਾਜਪਈਆਂ ਨਾਲ ਰਲਕੇ ਸਿੱਖੀ ਦੀਆਂ ਜੜ੍ਹਾਂ ਵਿੱਚ ਦਾਤੀ ਫੇਰ ਰਹੇ ਹਨ ਪਰ ਮੇਰੀ ਸ਼ਰਧਾ ਖਮੋਸ਼
ਹੈ। ਬੋਲੇ ਤਾਂ ਦਿਲਗੀਰ ਵਰਗਾ, ਘੱਗੇ ਵਰਗਾ, ਪ੍ਰੋ ਦਰਸ਼ਨ ਸਿੰਘ ਜਾਂ ਕੀਰਨੇ ਪਾਏ ਕੰਵਲ ਵਰਗਾ ਮੈ
ਕਿਉਂ ਬੋਲਾਂ? ਪਤਾ ਨਹੀ ਸ਼ਰਧਾ ਗੁੰਗੀ ਹੈ? ਦੁਆਲੇ ਮੇਰੇ ਘਾਣ ਹੋ ਰਿਹਾ ਉਸੇ ਗੁਰੂ ਦੇ ਸਿਧਾਤਾਂ ਦਾ
ਜਿਸ ਦੀ ਮੇਰੇ ਵਿੱਚ ਸ਼ਰਧਾ ਹੈ। ਕੋਈ ਗੁਰੂ ਨੂੰ ਕੰਧਾਂ ਟਪਾਈ ਜਾਏ, ਕੋਈ ਗੁਰੂ ਕੋਲੋਂ ਲੋਕਾਂ ਦੀਆਂ
ਪੱਗਾਂ ਵਿਕਵਾਈ ਜਾਏ, ਕੋਈ ਗੁਰੂ ਨਾਲ ਨਾਲੇ ਬੰਨਣ ਤੇ ਖ੍ਹੋਲਣ ਵਾਲੀਆਂ ਕਹਾਣੀਆਂ ਜੋੜੀ ਜਾਏ, ਕੋਈ
ਅਸਲੀਲ ਪੁੱਸਤਕ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਬਰਬਾਰ ਖੜੀ ਕਰੀ ਜਾਏ ਮੈ ਕੀ ਲੈਣਾ, ਮੈ ਤਾਂ
ਸ਼ਰਧਾਵਾਨ ਸਿੱਖ ਹਾਂ ਤੇ ਸ਼ਰਧਾ ਗੁੰਗੀ ਹੈ। ਮੈ ਇਹ ਸੱਚਮੁੱਚ ਜਾਣ ਲਿਆ ਹੈ ਕਿ ਸ਼ਰਧਾ ਗੁੰਗੀ ਹੈ, ਇਸ
ਨੂੰ ਗੁੰਗੀ ਕਹਿਣ ਵਿੱਚ ਹੀ ਮੇਰਾ ਬਚਾਅ ਹੈ, ਮੇਰੀ ਭਲਿਆਈ ਹੈ। ਜੇ ਮੈ ਇਸ ਨੂੰ ਬੋਲਦੀ ਕਹਿ ਦਿਤਾ
ਤਾਂ ਮੇਰੀ ਸਾਰੀ ਜਿੰਦਗੀ ਵਿੱਚ ਖੜੀ ਕੀਤੀ ‘ਸੋਨੇ ਦੀ ਲੰਕਾ’ ਬਾਂਦਰ ਸੈਨਾ ਕੀ ਉਜਾੜ ਨਾ ਦਏਗੀ? ਇਸ
ਦੇ ਬੋਲਣ ਨਾਲ ਮੈ ਸੜਕ ਤੇ ਨਾ ਆ ਜਾਵਾਂਗਾ?
ਮੈ ਸਿਆਣਾ ਹਾਂ, ਸਮਝਦਾ ਹਾਂ ਭਲੀਭਾਂਤ ਕਿ ਗੁਰੂ ਨਾਨਕ ਸਾਹਿਬ ਬੋਲੇ, ਇੱਟਾਂ ਰੋੜੇ ਪਏ ਨਹੀ?
ਭੁਤਨਾ ਬੇਤਾਲਾ ਪਤਾ ਨਹੀ ਕੀ ਕੀ ਸੁਣਨਾ ਪਿਆ ਤੇ ਅਗਲਿਆਂ ਚੁੱਕ ਕੇ ਜ੍ਹੇਲ ਸੁੱਟ ਦਿੱਤਾ ਚੱਕੀ
ਪੀਹਣ ਨੂੰ? ਗੁਰੁ ਅਰਜਨ ਪਾਤਸ਼ਾਹ ਨੂੰ ਬੋਲ ਕੇ ਹੀ ਤਤੀਆਂ ਤਵੀਆਂ ਤੇ ਸੜਨਾ ਪਿਆ। ਗੁਰੂ ਤੇਗ ਬਹਾਦਰ
ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਅਨੰਦਪਰੁ ਉਜੜ ਗਿਆ, ਬੱਚੇ ਸ਼ਹੀਦ ਹੋ ਗਏ ਜੇ ਬ੍ਰਹਾਮਣ
ਭਗਵਾਨ ਵਾਂਗ ‘ਸ਼ਰਧਾਵਾਨ’ ਬਣ ਕੇ ਰਹਿੰਦੇ ਤਾਂ ਕੀ ਅਰਾਮ ਨਾਲ ਨਹੀ ਸਨ ਰਹਿ ਸਕਦੇ? ਫਿਰ ਮੈ ਸਿਆਣਾ
ਬਿਆਣਾ ਅਜਿਹੀ ਮੁਸ਼ਕਲ ਕਿਉਂ ਸਹੇੜਾਂ। ਸਿਰਦਾਰ ਕਪੂਰ ਸਿੰਘ ਬੋਲਿਆ, ਖਾਲੜਾ ਬੋਲਿਆ, ਭਿੰਡਰਾ ਵਾਲਾ
ਬੋਲਿਆ ਪਰ ਕੀ ਖੱਟਿਆ? ਇਸ ਲਈ ਬਿਹਤਰ ਨਹੀ ਕਿ ਸ਼ਰਧਾ ਗੁੰਗੀ ਹੀ ਚੰਗੀ ਹੈ?
ਪਰ ਨਹੀ! ਗੁਰੂ ਕਹਿੰਦੇ “ਬੋਲ ਵੇ ਧਰਮੀਅੜਿਆ ਮੋਨ ਕਤ ਧਾਰੀ ਰਾਮ”॥ ਇਹ ਗੁੰਗਿਆਂ ਦੀ ਕੌਮ ਨਹੀ।
ਗੁੰਗਿਆਂ ਪੱਥਰਾਂ ਅਤੇ ਗੁੰਗੀਆਂ ਸ਼ਰਧਾਂ ਵਿਚੋਂ ਗੁਰੂ ਨੇ ਸਿੱਖ ਨੂੰ ਕੱਢ ਦਿਤਾ ਸੀ। ਬਿਨਾ ਸ਼ੱਕ
ਸ਼ਰਧਾ ਦੇ ਨਾ ਤੇ ਸਿੱਖ ਨੂੰ ਫਿਰ ਤੋਂ ਗੁੰਗਾ ਬਣਨ ਲਈ ਪ੍ਰੇਰਿਆ ਜਾ ਰਿਹਾ ਪਰ ਸਿੱਖ ਗੁੰਗਾ ਨਹੀ
ਸਿੱਖ ਬੋਲੇਗਾ ਇਹ ਵੱਖਰੀ ਗੱਲ ਕਿ ਜਿੰਨਾ ਬੋਲ ਹੁੰਦਾ ਉਨਾ ਹੀ ਬੋਲੇ ਪਰ ਗੁੰਗਾ ਹੋਣ ਵਿੱਚ ਮਾਣ
ਮਹਿਸੂਸ ਨਾ ਕਰੇ।
ਗੁਰਦੇਵ ਸਿੰਘ ਸੱਧੇਵਾਲੀਆ